ਅਹਿੰਸਾ ਦੇ ਪੁਜਾਰੀ :- ਭਗਵਾਨ ਮਹਾਂਵੀਰ ਜੀ

0
472

 (29 ਮਾਰਚ ਮਹਾਂਵੀਰ ਜੈਅੰਤੀ)

ਅਹਿੰਸਾ ਦੇ ਪੁਜਾਰੀ :- ਭਗਵਾਨ ਮਹਾਂਵੀਰ ਜੀ

-ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ( ਹੈਬੋਵਾਲ),ਲੁਧਿਆਣਾ      ਮੋਬ: 94631-32719

ਸੰਸਾਰ ਵਿੱਚ ਸਮੇਂ-ਸਮੇਂ ਅਜਿਹੇ ਮਹਾਂ ਪੁਰਸ਼ਾਂ ਦਾ ਆਗਮਨ ਹੁੰਦਾ ਰਹਿੰਦਾ ਹੈ, ਜਿਹੜੇ ਆਪਣੀ ਨਿਵੇਕਲੀ ਅਤੇ ਸਰਬ-ਕਲਿਆਣੀ ਵਿਚਾਰਧਾਰਾ ਦੀ ਬਦੌਲਤ ਨਾ ਸਿਰਫ਼ ਆਮ ਤੋਂ ਖ਼ਾਸ ਹੋ ਨਿਬੜਦੇ ਸਗੋਂ ਆਪਣੇ ਲੋਕ-ਹਿਤਕਾਰੀ ਅਮਲਾਂ ਸਦਕਾ ਲੋਕਾਈ ਦੇ ਸਦੀਵੀ ਸਤਿਕਾਰ ਦੇ ਪਾਤਰ ਵੀ ਬਣੇ ਰਹਿੰਦੇ ਹਨ। ਮੋਹ-ਮਾਇਆ ਤੋਂ ਨਿਰਲੇਪ ਅਤੇ ਹਉਮੈ ਰਹਿਤ ਜੀਵਨ ਇਨ੍ਹਾਂ ਮਹਾਂ ਪੁਰਸ਼ਾਂ ਦਾ ਵੱਡਮੁੱਲਾ ਸਰਮਾਇਆ ਹੁੰਦਾ ਹੈ। ਇਹ ਸਰਮਾਇਆ, ਇਨ੍ਹਾਂ ਮਹਾਂ ਪੁਰਸ਼ਾਂ ਦੇ ਪ੍ਰਲੋਕ-ਗਮਨ ਕਰਨ ਤੋਂ ਬਾਅਦ ਵੀ ਇਨ੍ਹਾਂ ਨੂੰ ਲੋਕਾਈ ਦੇ ਚੇਤਿਆਂ ਵਿੱਚ ਵਸਾਈ ਰੱਖਦਾ ਹੈ। ਇਸ ਵਸੇਬੇ ਕਾਰਨ ਹੀ ਇਨ੍ਹਾਂ ਪਰਮ ਪੁਰਖਾਂ ਨੂੰ ਲੋਕ ਸਮੇਂ-ਸਮੇਂ ਯਾਦ ਕਰਦੇ ਰਹਿੰਦੇ ਹਨ। ਇਨ੍ਹਾਂ ਯਾਦ ਕੀਤੀਆਂ ਜਾਣ ਵਾਲੀਆਂ ਹਸਤੀਆਂ ਵਿੱਚ ਹੀ ਸ਼ਾਮਲ ਹੈ, ਜੈਨ ਧਰਮ ਦੇ ਚੌਵੀਵੇਂ ਤੀਰਥੰਕਰ ‘ਮਹਾਂਵੀਰ ਜੈਨ ਦਾ ਨਾਮ’।

ਸਭ ਧਰਮਾਂ ਤੋਂ ਪੁਰਾਤਨ ਧਰਮ ਕਰ ਕੇ ਜਾਣੇ ਜਾਂਦੇ ਜੈਨ ਧਰਮ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਵਾਲੇ ਮਹਾਂਵੀਰ ਜੈਨ ਦਾ ਜਨਮ 599 ਈਸਵੀ ਪੂਰਵ ਨੂੰ ਇੱਕ ਰਾਜ ਘਰਾਣੇ ਵਿੱਚ ਪਿਤਾ ਸਿਧਾਰਥ ਅਤੇ ਮਾਤਾ ਤ੍ਰਿਸ਼ਲਾ ਦੇ ਘਰ ਹੋਇਆ। ਇਹ ਘਰਾਣਾ ਭਾਰਤ ਦੇ ਸੂਬੇ ਬਿਹਾਰ ਦੇ ਵੈਸ਼ਾਲੀ (ਹੁਣ ਬਾਸਾੜ) ਸ਼ਹਿਰ ਦੇ ਨੇੜਲੇ ਸਥਾਨ ਕੁੰਡ ਗ੍ਰਾਮ ਵਿਖੇ ਵਸਦਾ ਸੀ। ਮਹਾਂਵੀਰ ਗਯਾਤ੍ਰੀ ਕਬੀਲੇ ਦਾ ਕਸ਼ਤ੍ਰੀ ਸੀ ਅਤੇ ਕਸ਼ਯਪ ਗੋਤ੍ਰ ਨਾਲ ਸਬੰਧਿਤ ਸੀ। ਮਹਾਂਵੀਰ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਤ੍ਰਿਸ਼ਲਾ ਨੂੰ ਚੌਦਾਂ ਸੁਫਨੇ ਆਏ ਸਨ, ਇਨ੍ਹਾਂ ਸੁਫਨਿਆਂ ਵਿੱਚ ਇਹ ਭਵਿਖਬਾਣੀ ਕੀਤੀ ਗਈ ਸੀ ਕਿ ਉਨ੍ਹਾਂ ਦੀ ਕੁੱਖ ਤੋਂ ਜਨਮ ਲੈਣ ਵਾਲਾ ਬੱਚਾ (ਮਹਾਂਵੀਰ) ਮਹਾਂ ਮਨੁੱਖ ਹੋਣ ਦੇ ਨਾਲ-ਨਾਲ ਆਪਣੀ ਕਹਿਣੀ ਅਤੇ ਕਰਨੀ ਦਾ ਵੀ ਪੂਰਾ ਹੋਵੇਗਾ। ਇਸ ਪੂਰਨਤਾ ਕਾਰਨ ਹੀ ਉਹ ਅਧਿਆਤਮਕ ਉੱਚਤਾ ਦਾ ਮਾਲਕ ਸਾਬਤ ਹੋਵੇਗਾ।

ਆਪਣੇ ਵਿਲੱਖਣ ਅਤੇ ਵਿਸ਼ੇਸ਼ ਗੁਣਾਤਮਿਕ ਪ੍ਰਗਟਾਵੇ ਕਾਰਨ ਮਹਾਂਵੀਰ ਨੂੰ ਜਿਨ, ਸਿਧ ਅਤੇ ਅਰਹਤ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਜੇਕਰ ਮਹਾਂਵੀਰ ਦੇ ਸ਼ਬਦੀ ਅਰਥ ਕੀਤੇ ਜਾਣ ਤਾਂ ਇਸ ਦਾ ਅਰਥ ਉਸ ‘ਮਹਾਨ ਨਾਇਕ’ ਤੋਂ ਲਿਆ ਜਾਂਦਾ ਹੈ, ਜਿਸ ਨੇ ਲੋਕ ਭਲਾਈ ਦੇ ਕਾਰਜ ਕਰਦਿਆਂ ਲੋਕਾਈ ਦੇ ਦਿਲਾਂ ’ਤੇ ਗਹਿਰਾ ਅਸਰ ਪਾਇਆ ਹੋਵੇ ਅਤੇ ਇਸ ਅਸਰ ਸਦਕਾ ਲੋਕ ਉਨ੍ਹਾਂ ਦੇ ਪੂਰਨਿਆਂ ’ਤੇ ਚੱਲਣ ਲਈ ਤਿਆਰ ਹੋਣ। ਜੇਕਰ ‘ਜਿਨ’ ਸ਼ਬਦ ਦਾ ਭਾਵ-ਅਰਥ ਕੀਤਾ ਜਾਵੇ ਤਾਂ ਇਸ ਦਾ ਅਰਥ ਉਸ ਜੇਤੂ ਤੋਂ ਲਿਆ ਜਾਂਦਾ ਹੈ, ਜਿਸ ਨੇ ਆਪਣਾ ਮਨ ਜਿੱਤ ਲਿਆ ਹੋਵੇ। ‘ਸਿਧ’ ਉਹ ਪੁਰਸ਼ ਹੁੰਦੇ ਹਨ, ਜਿਨ੍ਹਾਂ ਨੇ ਅਧਿਆਤਮਕ ਜੀਵਨ ਵਿੱਚ ਸੰਪੂਰਨਤਾ ਪ੍ਰਾਪਤ ਕਰ ਲਈ ਹੋਵੇ। ‘ਅਰਹਤ’ ਉਹ ਲੋਕ ਹਨ, ਜਿਨ੍ਹਾਂ ਨੇ ਸਾਦਾ ਜੀਵਨ ਬਤੀਤ ਕਰਨ ਦੇ ਨਾਲ-ਨਾਲ ਕਸ਼ਾਯਾਂ (ਇੰਦ੍ਰਿਆਂ) ’ਤੇ ਕੰਟਰੋਲ ਕੀਤਾ ਹੁੰਦਾ ਹੈ।

ਮਹਾਂਵੀਰ ਨੂੰ ‘ਵਰਧਮਾਨ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ਹੁੰਦਾ ਹੈ ‘ਸੁਭਾਗਸ਼ਾਲੀ’, ਇਨ੍ਹਾਂ ਅਰਥਾਂ ਕਾਰਨ ਹੀ ਮਹਾਂਵੀਰ ਜੈਨ ਨੂੰ ‘ਵਰਧਮਾਨ’ ਦਾ ਖ਼ਿਤਾਬ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਆਗਮਨ ਨਾਲ ਪਿਤਾ ਸਿਧਾਰਥ ਦੇ ਰਾਜ-ਭਾਗ ਵਿੱਚ ਧਨ ਅਤੇ ਅਨਾਜ ਵਿੱਚ ਭਰਪੂਰ ਵਾਧਾ ਹੋਇਆ ਸੀ।

ਮਹਾਂਵੀਰ ਜੈਨ ਦਾ ਬਚਪਨ-ਕਾਲ ਬਹੁਤ ਹੀ ਦਲੇਰੀ ਅਤੇ ਬਹਾਦਰੀ ਭਰਿਆ ਰਿਹਾ ਹੈ। ਇਕ ਵਾਰ ਉਹ ਆਪਣੇ ਸੰਗੀਆਂ ਨਾਲ ਖੇਡ ਰਹੇ ਸਨ ਕਿ ਉਨ੍ਹਾਂ ਨੂੰ ਇਕ ਸੱਪ ਦਿਖਾਈ ਦਿੱਤਾ। ਸੱਪ ਦੀ ਦਹਿਸ਼ਤ ਕਾਰਨ ਉਨ੍ਹਾਂ ਦੇ ਸਾਰੇ ਸੰਗੀ ਭੱਜ ਗਏ ਪਰ ਆਪਣੀ ਦਲੇਰੀ ਦਾ ਸਬੂਤ ਦਿੰਦਿਆਂ ਉਨ੍ਹਾਂ ਨੇ ਸੱਪ ਨੂੰ ਫੜ ਕੇ ਦੂਰ ਸੁੱਟ ਦਿੱਤਾ।

ਉਮਰ ਦੇ ਤੀਜੇ ਦਹਾਕੇ ਦੇ ਅਖੀਰਲੇ ਸਮੇਂ ਮਹਾਂਵੀਰ ਨੇ ਘਰ-ਬਾਰ ਛੱਡ ਕੇ ਤਪੱਸਿਆ ਕਰਨ ਲਈ ਜੰਗਲਾਂ ਵਿੱਚ ਜਾਣ ਲਈ ਤਿਆਰੀ ਕਰ ਲਈ ਪਰ ਵੱਡੇ ਭਰਾ ਨੰਦੀ ਵਰਧਨ ਨੇ ਕੁੱਝ ਵਕਤ ਹੋਰ ਠਹਿਰਨ ਲਈ ਆਖ ਦਿੱਤਾ। ਇਸ ਸਮੇਂ ਦੌਰਾਨ ਹੀ ਮਹਾਂਵੀਰ ਜੈਨ ਦਾ ਵਿਆਹ ਯਸ਼ੋਧਾ ਨਾਲ ਹੋਇਆ ਅਤੇ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਬੇਟੀ ਪ੍ਰਿਯਦਰਸ਼ਨਾ ਨੇ ਜਨਮ ਲਿਆ।  ਜਦੋਂ ਮਹਾਂਵੀਰ ਤੀਹ ਕੁ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ-ਪਿਤਾ ਸੰਸਾਰ ਤੋਂ ਕੂਚ ਕਰ ਗਏ। ਆਪਣੇ ਮਾਪਿਆਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਹ ਪਰਮ ਸ਼ਾਂਤੀ ਦੀ ਭਾਲ ਵਿੱਚ ਜੰਗਲਾਂ ਵੱਲ ਚਲੇ ਗਏ ਅਤੇ ਕਠਿਨ ਸਾਧਨਾ ਕਰਨ ਲੱਗੇ। ਉਨ੍ਹਾਂ ਨੇ ਕੱਪੜੇ ਪਹਿਨਣੇ ਘਰੋਂ ਤੁਰਨ ਸਮੇਂ ਹੀ ਤਿਆਗ ਦਿੱਤੇ ਸਨ ਅਤੇ ਪ੍ਰਸ਼ਾਦੇ-ਪਾਣੀ ਦਾ ਸੇਵਨ ਜੰਗਲਾਂ ਵਿੱਚ ਜਾ ਕੇ ਛੱਡ ਦਿੱਤਾ। ਦੇਵਤਿਆਂ ਦੁਆਰਾ ਬਖ਼ਸ਼ਸ਼ ਕੀਤੇ ਬਸਤਰ ਪਹਿਨ ਕੇ ਇਸ ਦੈਵੀ ਪੁਰਖ ਨੇ ਬਾਰ੍ਹਾਂ ਸਾਲ ਜੰਗਲ ਵਿੱਚ ਘੋਰ ਤਪੱਸਿਆ ਕੀਤੀ। ਇਨ੍ਹਾਂ ਬਾਰ੍ਹਾਂ ਸਾਲਾਂ ਵਿੱਚ ਮਹਾਂਵੀਰ ਦਾ ਮਨ ਸਦਾਚਾਰ ਦੀ ਪ੍ਰਾਪਤੀ ਅਤੇ ਵਾਸ਼ਨਾਵਾਂ ਤੋਂ ਮੁਕਤੀ ਵੱਲ ਲੱਗਾ ਰਿਹਾ। ਇਸ ਘੋਰ ਤਪੱਸਿਆ ਦੇ ਫਲਸਰੂਪ, ਉਨ੍ਹਾਂ ਨੂੰ 42 ਸਾਲ ਦੀ ਉਮਰ ਵਿੱਚ ਰਿਜਪਾਲਿਕਾ ਨਦੀ ਦੇ ਕਿਨਾਰੇ ਉੱਚਤਮ ਗਿਆਨ/ਨਿਰਵਾਣ ਦੀ ਪ੍ਰਾਪਤੀ ਹੋ ਗਈ।  ਜੈਨ ਧਰਮ ਵਿੱਚ ਗਿਆਨ ਦੀ ਇਸ ਉੱਚਤਮ ਅਵਸਥਾ ਨੂੰ ‘ਕੇਵਲਯ ਗਿਆਨੋ’ ਦਾ ਨਾਮ ਦਿੱਤਾ ਜਾਂਦਾ ਹੈ, ਜਿਸ ਦੀ ਪ੍ਰਾਪਤੀ ਹਰੇਕ ਜੈਨ ਮੁਨੀ ਦੀ ਇੱਛਾ ਅਤੇ ਉਦੇਸ਼ ਹੁੰਦਾ ਹੈ। ਜੈਨ ਸਮਾਜ ਵੱਲੋਂ ਇਸ ਸੁਭਾਗੇ (ਨਿਰਵਾਣ ਪ੍ਰਾਪਤੀ ਦੇ) ਦਿਨ ਨੂੰ ਦੀਵਾਲੀ ਵਾਲੇ ਦਿਨ ਵਿਸ਼ੇਸ਼ ਤੌਰ ’ਤੇ ਚੇਤੇ ਕੀਤਾ ਜਾਂਦਾ ਹੈ। ਇਸ ਪ੍ਰਾਪਤੀ ਤੋਂ ਬਾਅਦ ਮਹਾਂਵੀਰ ਨੇ ਤੀਹ ਸਾਲ ਤੱਕ ਇਸ ਗਿਆਨ ਦਾ ਪ੍ਰਚਾਰ ਕਰ ਕੇ ਲੋਕਾਂ (ਵਿਸ਼ੇਸ਼ ਕਰਕੇ ਜੈਨ ਸਮਾਜ) ਨੂੰ ਸੱਚ ਦੇ ਮਾਰਗ ’ਤੇ ਤੋਰਿਆ ਅਤੇ 72 ਸਾਲ ਦੀ ਆਯੂ ਵਿੱਚ ਪਾਵਾਪੁਰੀ ਨਾਮਕ ਸਥਾਨ ’ਤੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਬੁਲਾ ਗਏ। ਚੌਵੀਵੇਂ ਤੀਰਥੰਕਰ ਦੇ ਰੂਪ ਵਿੱਚ ਉਨ੍ਹਾਂ ਦੀਆਂ ਸਿੱਖਿਆਵਾਂ ਜੈਨ ਭਾਈਚਾਰੇ ਦਾ ਅਟੁੱਟ ਅੰਗ ਮੰਨੀਆਂ ਜਾਂਦੀਆਂ ਹਨ।

———-0——-