ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਸੰਬੰਧੀ ਸਵਾਲ-ਜਵਾਬ (ਭਾਗ ਦੂਜਾ)

0
177

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਸੰਬੰਧੀ ਸਵਾਲ-ਜਵਾਬ (ਭਾਗ ਦੂਜਾ)

ਕਿਰਪਾਲ ਸਿੰਘ (ਬਠਿੰਡਾ)-88378-13661 

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਪੂਰਨਮਾਸ਼ੀ ਜਾਂ ੧ ਵੈਸਾਖ  ?

ਸਵਾਲ :  ਕਰਮ ਸਿੰਘ ਹਿਸਟੋਰੀਅਨ ਦੁਆਰਾ ਕੱਢੀ ਗਈ ਗੁਰੂ ਨਾਨਕ ਸਾਹਿਬ ਜੀ ਦੀ ਆਗਮਨ ਮਿਤੀ 15 ਅਪ੍ਰੈਲ; ਸਿੱਖ ਸਮਾਜ ’ਚ ਤਕਰੀਬਨ ਪ੍ਰਚਲਿਤ ਹੋ ਚੁੱਕੀ ਹੈ, ਜੋ ਨਾਨਕਸ਼ਾਹੀ ਕੈਲੰਡਰ ਦੀ ੧ ਵੈਸਾਖ/14 ਅਪ੍ਰੈਲ ਨਾਲੋਂ ਕੇਵਲ ਇੱਕ ਦਿਨ ਦੇ ਫ਼ਰਕ ਨਾਲ਼ ਹੈ। ਹੁਣ ਵਿਚਾਰ ਦਾ ਵਿਸ਼ਾ ਹੈ ਕਿ ਜੇਕਰ 15 ਅਪ੍ਰੈਲ ਨੂੰ ਹੀ ਸਹੀ ਮੰਨ ਲਈਏ ਤਾਂ ਕੀ ਫ਼ਰਕ ਪੈ ਜਾਣਾ ਸੀ ?

ਜਵਾਬ : ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ਕੱਢੀ ਗਈ ੨੦ ਵੈਸਾਖ, ਸੰਮਤ ੧੫੨੬ ਨੂੰ ਜੂਲੀਅਨ ਕੈਲੰਡਰ ’ਚ ਤਬਦੀਲ ਕੀਤਿਆਂ ਹੀ 15 ਅਪ੍ਰੈਲ ਜੂਲੀਅਨ ਬਣਦਾ ਹੈ; ਜਿਵੇਂ ਕਿ ਪਿਛਲੇ ਲੇਖ ਵਿੱਚ ਦੱਸੇ ਕਾਰਨਾਂ ਕਰਕੇ ਸ: ਪਾਲ ਸਿੰਘ ਪੁਰੇਵਾਲ ਨੇ ੧ ਵੈਸਾਖ ਸੰਮਤ ੧੫੨੬/ 27 ਮਾਰਚ 1947 ਜੂਲੀਅਨ ਕੱਢੀ ਹੈ। ਸਿੱਖ ਧਰਮ ਦਾ ਜੂਲੀਅਨ ਕੈਲੰਡਰ ਨਾਲ ਕੋਈ ਸੰਬੰਧ ਨਹੀਂ, ਇਸ ਲਈ ਜੂਲੀਅਨ ਦੀਆਂ ਤਾਰੀਖ਼ਾਂ ਦੀ ਥਾਂ ਚੇਤ, ਵੈਸਾਖ ਆਦਿ ਮਹੀਨਿਆਂ ਦੇ ਪ੍ਰਵਿਸ਼ਟਿਆਂ ਨੂੰ ਧਿਆਨ ’ਚ ਰੱਖਿਆ ਗਿਆ ਹੈ।  ਇਸੇ ਕਾਰਨ ੧ ਵੈਸਾਖ ਨਿਸ਼ਚਿਤ ਕੀਤਾ ਗਿਆ ਹੈ, ਜੋ ਕਿ ਹਰ ਸਾਲ 14 ਅਪ੍ਰੈਲ ਨੂੰ ਆਇਆ ਕਰੇਗਾ। ਜੇ ੨੦ ਵੈਸਾਖ ਨਿਸ਼ਚਿਤ ਕੀਤਾ ਜਾਂਦਾ ਤਾਂ 1 ਦਿਨ ਦੇ ਫ਼ਰਕ ਦੀ ਥਾਂ 19 ਦਿਨਾਂ ਦਾ ਫਰਕ ਹੁੰਦਾ।

ਸਵਾਲ : ‘੧ ਵੈਸਾਖ’ ਨਾਲ਼ ਅਸਹਿਮਤ ਕਈ ਸਿੱਖ, ਸਵਾਲ ਕਰਦੇ ਹਨ ਕਿ ਕਿਸੇ ਵੀ ਜਨਮਸਾਖੀ ’ਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ; ੧ ਵੈਸਾਖ ਨਹੀਂ ਲਿਖਿਆ, ਤਾਂ ਫਿਰ ਗੁਰ ਪੁਰਬ ‘੧ ਵੈਸਾਖ’ ਨੂੰ ਕਿਉਂ ਮੰਨੀਏ  ?

ਜਵਾਬ : ਜਨਮ ਸਾਖੀਆਂ ਨਾਲੋਂ ਭਾਈ ਗੁਰਦਾਸ ਜੀ ਦੀ ਰਚਨਾ ਵਧੇਰੇ ਭਰੋਸਾ ਕਰਨਯੋਗ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਹੀ ਵਾਰ ’ਚ ਗੁਰੂ ਨਾਨਕ ਸਾਹਿਬ ਜੀ ਦਾ ਸੰਖੇਪ ਸ਼ਬਦਾਂ ’ਚ ਜੀਵਨ ਵੇਰਵਾ ਦਰਜ ਹੈ; ਜਿਵੇਂ ਕਿ

ਅਰੰਭਕ ਪਉੜੀ ਮੰਗਲਾਚਰਨ ਵਜੋਂ ਹੈ, ਜਿਸ ਵਿਚ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਗਈ ਹੈ :

ਨਮਸਕਾਰ ਗੁਰਦੇਵ ਕੋ; ਸਤਿ ਨਾਮ ਜਿਸ ਮੰਤ੍ਰ ਸੁਣਾਇਆ

ਭਵਜਲ ਵਿਚੋਂ ਕਢਿ ਕੇ; ਮੁਕਤਿ ਪਦਾਰਥ ਮਾਹਿ ਸਮਾਇਆ

ਜਨਮ ਮਰਣ ਭਉ ਕਟਿਆ; ਸੰਸਾ ਰੋਗ ਵਿਯੋਗ ਮਿਟਾਇਆ.

ਅਰਥ ਗੁਰਦੇਵ (ਗੁਰੂ ਨਾਨਕ ਸਾਹਿਬ) ਨੂੰ ਨਮਸਕਾਰ ਹੈ, ਜਿਸ ਨੇ ‘ਸਤਿ ਨਾਮ’ ਰੂਪ ਉਪਦੇਸ਼-ਮੰਤ੍ਰ ਸੁਣਾਇਆ (ਉਚਾਰਿਆ) ਹੈ। (ਇਸ ਮੰਤ੍ਰ ਨੇ ਸਿੱਖ ਨੂੰ) ਸੰਸਾਰ ਸਮੁੰਦਰ ’ਚੋਂ ਕੱਢ ਕੇ ਜੀਵਨ ਮੁਕਤ ਅਵਸਥਾ ’ਚ ਪਹੁੰਚਾ ਦਿੱਤਾ। ਜਨਮ ਮਰਣ ਦਾ ਡਰ ਦੂਰ ਕਰ ਰੋਗ ਤੇ ਵਿਯੋਗ ਦਾ ਸੰਸਾ ਹੀ ਮਿਟਾ ਦਿੱਤਾ।

ਦੂਜੀ ਪਉੜੀ ’ਚ ਜਗਤ ਰਚਨਾ ਬਣਨ ਦਾ ਜ਼ਿਕਰ ਹੈ, ‘‘ਪ੍ਰਿਥਮੈ ਸਾਸ ਮਾਸ ਸਨ; ਅੰਧ ਧੁੰਧ ਕਛੁ ਖਬਰ ਪਾਈ ਰਕਤ ਬਿੰਦ ਕੀ ਦੇਹਿ ਰਚਿ; ਪਾਂਚ ਤਤ ਕੀ ਜੜਤ ਜੜਾਈ ਚਉਰਾਸੀਹ ਲਖ ਜੋਨਿ ਉਪਾਈ ’’

ਇਹੀ ਪ੍ਰਸੰਗ ਚੱਲਦਾ-ਚੱਲਦਾ 23ਵੀਂ ਪਉੜੀ ’ਚ ਮਨੁੱਖਤਾ ਦੇ ਕਲਿਆਣ ਲਈ ਕਰਤਾਰ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਮਨੁੱਖੀ ਸਰੀਰ ’ਚ ਭੇਜਣ ਬਾਰੇ ਜ਼ਿਕਰ ਹੈ, ‘‘ਸੁਣੀ ਪੁਕਾਰਿ ਦਾਤਾਰ ਪ੍ਰਭਿ (ਨੇ), ਗੁਰੁ ਨਾਨਕ ਜਗ ਮਾਹਿ ਪਠਾਇਆ..੨੩’’

24ਵੀਂ ਪਉੜੀ ’ਚ ਗੁਰੂ ਸਾਹਿਬ ਨੂੰ ਅਕਾਲ ਪੁਰਖ ਵੱਲੋਂ ਪ੍ਰਾਪਤ ਹੋਈਆਂ ਸਾਰੀਆਂ ਸ਼ਕਤੀਆਂ ਦਾ ਵੇਰਵਾ ਦਰਜ ਹੈ :

ਪਹਿਲਾ, ਬਾਬੇ ਪਾਯਾ ਬਖਸੁ ਦਰਿ; ਪਿਛੋ ਦੇ ਫਿਰਿ ਘਾਲਿ ਕਮਾਈ

ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ

ਬਾਝਹੁ ਗੁਰੂ, ਗੁਬਾਰ ਹੈ; ਹੈ ਹੈ ਕਰਦੀ ਸੁਣੀ ਲੁਕਾਈ

ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤਿ ਚਲਾਈ

ਚੜ੍ਹਿਆ ਸੋਧਣਿ ਧਰਤਿ ਲੁਕਾਈ ੨੪

 ਅਰਥ : ਗੁਰੂ ਬਾਬੇ ਨੇ ਪਹਿਲਾਂ (ਅਕਾਲ ਪੁਰਖ ਦੇ) ਦਰ ਤੋਂ ਬਖ਼ਸ਼ਸ਼ ਪ੍ਰਾਪਤ ਕੀਤੀ, ਬਾਅਦ ’ਚ ‘ਸਤਿ ਨਾਮ’ ਮੰਤ੍ਰ ਦੀ ਕਮਾਈ ਆਪ ਕਰਨ ਅਤੇ ਹੋਰਾਂ ਤੋਂ ਕਰਾਉਣ ਲਈ ਘਾਲਣਾ ਘਾਲੀ। ਬਾਬੇ ਨੇ ਆਪਣੇ ਤੇਜ਼ ਪ੍ਰਤਾਪ ਨਾਲ ਦੇਖਿਆ ਤਾਂ ਸਾਰੀ ਪ੍ਰਿਥਵੀ ਸੜਦੀ ਨਜ਼ਰ ਆਈ ਭਾਵ ਪਾਪਾਂ ’ਚ ਗ੍ਰਸਤ ਪ੍ਰਤੀਤ ਹੋਈ ਕਿਉਂਕਿ ਗੁਰੂ ਤੋਂ ਬਿਨਾਂ ਅਗਿਆਨਤਾ ਦਾ ਘੁੱਪ ਹਨ੍ਹੇਰਾ ਹੈ ਤਾਹੀਓਂ ਮਾਨਵਤਾ ਕੁਰਲਾ ਰਹੀ ਹੈ। [ਸਤਿਗੁਰੂ ਜੀ ਦੇ ਮਿਲਣ ਨਾਲ਼ ਉਪਜਦੇ ਐਸੇ ਹੀ ਆਤਮ-ਪ੍ਰਕਾਸ਼ ਦਾ ਜ਼ਿਕਰ ਗੁਰੂ ਅੰਗਦ ਸਾਹਿਬ ਨੇ ਕੀਤਾ ਹੈ, ‘‘ਜੇ ਸਉ ਚੰਦਾਗਵਹਿ; ਸੂਰਜ ਚੜਹਿ ਹਜਾਰ ਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ’’ (ਮਹਲਾ /੪੬੩)]

ਬਾਬੇ ਨੇ ਸਨਿਆਸੀ ਲਿਬਾਸ ਧਾਰਨ ਕਰ (ਭਰਮਣ ਕਰਦਿਆਂ) ਮਾਯਾ ਤੋਂ ਨਿਰਮੋਹ ਕਰਨ ਵਾਲ਼ੀ ਰੀਤ ਚਲਾ ਦਿੱਤੀ ਭਾਵ ਰੱਬ ਦੀ ਬੰਦਗੀ ਕਰਨ ਲਗਾ ਦਿੱਤਾ। ਮਾਨਵਤਾ ਨੂੰ ਸਹੀ ਰਾਹ ਪਾਉਣ ਲਈ ਹਰ ਪਾਸੇ ਉਦਾਸੀਆਂ ਸ਼ੁਰੂ ਕਰ ਦਿੱਤੀਆਂ।

ਮਨੁੱਖਤਾ ਦੇ ਕਲਿਆਣ ਹਿਤ ਚੱਲਦੀ ਇਸ ਕੜੀ ’ਚ ਅਗਾਂਹ 27ਵੀਂ ਪਉੜੀ ਵਿੱਚ ‘ਵਿਸੋਆ’ (ਵਿਸਾਖ) ਸ਼ਬਦ ਭੀ ਦਰਜ ਹੈ :

ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ

ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪੇ, ਅੰਧੇਰੁ ਪਲੋਆ

ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ; ਧੀਰਿ ਧਰੋਆ

ਜਿਥੇ ਬਾਬਾ ਪੈਰ ਧਰੇ; ਪੂਜਾਸਣੁ ਥਾਪਣਿ ਸੋਆ

ਅਰਥ : (ਜਦ) ਸਤਿਗੁਰ ਨਾਨਕ ਜੀ (ਇਸ ਦੁਨੀਆਂ ’ਚ) ਪ੍ਰਗਟ ਹੋਏ ਤਾਂ ਅਗਿਆਨਤਾ/ਹਨ੍ਹੇਰਾ ਮਿਟਾ ਕੇ ਮਨੁੱਖੀ ਹਿਰਦਿਆਂ ’ਚ ਇਉਂ ਚਾਨਣ ਹੋ ਗਿਆ; ਜਿਵੇਂ ਸੂਰਜ ਦੇ ਚੜ੍ਹਿਆਂ ਤਾਰੇ ਛਿਪ ਜਾਂਦੇ ਹਨ ਤੇ ਹਨ੍ਹੇਰਾ ਅਲੋਪ ਹੋ ਜਾਂਦਾ ਹੈ। (ਗੁਰੂ ਜੀ ਦੀ ਸ਼ਰਨ ਪਾ ਕੇ ਅਗਿਆਨਤਾ ਦਾ ਹਨ੍ਹੇਰਾ ਇਉਂ ਚਲਾ ਗਿਆ ਜਿਵੇਂ) ਸ਼ੇਰਾਂ ਦੀ ਦਹਾੜ ਨਾਲ਼ ਹਿਰਨ ਭਾਵ ਵਿਕਾਰ ਭੱਜ ਜਾਂਦੇ ਹਨ ਕਿਉਂਕਿ ਉਹ, ਸ਼ੇਰਾਂ ਦੇ ਤੇਜ਼ ਨੂੰ ਸਹਾਰ ਨਹੀਂ ਸਕਦੇ। ਸੋ ਜਿੱਥੇ ਭੀ ਬਾਬਾ ਚਰਨ ਪਾਉਂਦਾ ਓਹੀ ਸਥਾਨ ਪੂਜਾ ਦਾ ਕੇਂਦਰ ਬਣਦਾ ਜਾਂਦਾ।

ਸਿਸਣਿ ਸਭਿ ਜਗਤ ਦੇ; ਨਾਨਕ ਆਦਿ ਮਤੇ ਜੇ ਕੋਆ

ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾਵਿਸੋਆ

ਅਰਥ : ਜਿਵੇਂ ਸਿੱਧਾਂ ਦੇ ਗੋਰਖ ਮੱਤੇ ਦੀ ਥਾਂ ਨਾਨਕ ਮਤਾ ਬਣਿਆ; ਇਸੇ ਤਰ੍ਹਾਂ ਜਗਤ ਦੇ ਸਾਰੇ ਪ੍ਰਸਿੱਧ ਅਸਥਾਨ, ਨਾਨਕ ਦੇ ਨਾਮ ਨਾਲ਼ ਜਾਣੇ ਜਾਣ ਲੱਗੇ ਭਾਵ ਜੋਗੀਆਂ ਆਦਿ ਦੀ ਮਰਯਾਦਾ ਦੀ ਥਾਂ ਨਾਨਕ ਦੀ ਮਰਯਾਦਾ ਸ਼ੁਰੂ ਹੋ ਗਈ। ਘਰ ਘਰ ਵਿਖੇ ਪ੍ਰਭੂ ਦੀ ਕੀਰਤੀ ਹੋਣ ਲੱਗੀ (ਮਾਨੋ) ਸਦਾ ਵਿਸਾਖੀ ਬਣੀ ਰਹਿੰਦੀ ਹੈ। [ਨੋਟ : ਇੱਥੇ ਵਿਸੋਆਭਾਵ ਵੈਸਾਖੀ ਜਾਂ ‘੧ ਵੈਸਾਖ’; ਉਸ ਖੁਸ਼ੀਆਂ ਭਰੇ ਮਹੌਲ ਵੱਲ ਸੰਕੇਤਿਕ ਹੈ, ਜਦ ਗੁਰੂ ਨਾਨਕ ਸਾਹਿਬ ਜੀ ਦੇ ਪੈਦਾ ਹੋਣ ਸਮੇਂ ਮਹਿਤਾ ਕਾਲ਼ੂ ਜੀ ਦੇ ਘਰ ਖ਼ੁਸ਼ੀ ਮਨਾਈ ਗਈ ਸੀ ਕਿਉਂਕਿ ਘਰ ਘਰ ਅੰਦਰ ਪ੍ਰਭੂ ਦੀ ਕੀਰਤੀ ਹੋਣ ਨਾਲ ਸਤਸੰਗੀਆਂ ਦੇ ਮਨ ਹਮੇਸ਼ਾਂ ਅਨੰਦਿਤ ਹੋਣ ਲੱਗੇ; ਮਾਨੋ ਮਹਿਤਾ ਕਾਲ਼ੂ ਜੀ ਦੇ ਘਰ ‘੧ ਵੈਸਾਖ’ ਵਾਲਾ ਖ਼ੁਸ਼ੀ ਦਾ ਮਾਹੌਲ ਬਣ ਗਿਆ]।

ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ

ਗੁਰਮਖਿ, ਕਲਿ ਵਿਚ ਪਰਗਟੁ ਹੋਆ ੨੭

ਬਾਬੇ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ, 9 ਖੰਡ ਪ੍ਰਿਥਵੀ ਭਾਵ ਸਾਰੀ ਮਾਨਵਤਾ; ਸੱਚ ਦੀ ਟੇਕ ਲੈਣ ਲੱਗੀ। ਕਲਿਜੁਗ ’ਚ ਸ੍ਰੋਮਣੀ ਗੁਰੂ (ਨਾਨਕ ਜੋ) ਪ੍ਰਗਟ ਹੋਇਆ (ਤੇ ਵਿਕਾਰਾਂ ’ਚ ਸੜਦੀ-ਤਪਦੀ ਲੁਕਾਈ ਦੇ ਹਿਰਦੇ ’ਚ ਠੰਢ ਪਈ)।

ਅਗਾਂਹ 28ਵੀਂ ਪਉੜੀ ’ਚ ਸੁਮੇਰ ਪਰਬਤ ’ਤੇ ਸਿੱਧਾਂ ਨਾਲ ਚਰਚਾ ਕਰਨ ਦਾ ਜ਼ਿਕਰ ਹੈ : ‘‘ਬਾਬੇ ਡਿਠੀ ਪਿਰਥਮੀ, ਨਵੈ ਖੰਡਿ ਜਿਥੈ ਤਕਿਹੀ ਫਿਰਿ ਜਾਇ ਚੜ੍ਹਿਆ ਸੁਮੇਰ ਪਰ, ਸਿਧ ਮੰਡਲੀ ਦ੍ਰਿਸਟੀ.. ੨੮’’

ਅਗਾਂਹ 35ਵੀਂ ਪਉੜੀ ’ਚ ਬਗ਼ਦਾਦ ਪ੍ਰਚਾਰ ਫੇਰੀ ਦਾ ਜ਼ਿਕਰ ਹੈ : ‘‘ਫਿਰਿ ਬਾਬਾ ਗਇਆ ਬਗਦਾਦ ਨੋ; ਬਾਹਰਿ ਜਾਇ ਕੀਆ ਅਸਥਾਨਾ ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ ….੩੫’’ ਅਰਥ : ਫੇਰ ਬਾਬਾ ਜੀ ਬਗ਼ਦਾਦ ਵੱਲ ਚਲੇ ਗਏ, ਜਿੱਥੇ ਬਾਹਰ ਜਾ ਡੇਰਾ ਲਾਇਆ। ਇਕ ਅਕਾਲ ਰੂਪ ਬਾਬਾ (ਗੁਰੂ ਨਾਨਕ) ਸੀ ਅਤੇ ਦੂਜਾ ਨਾਲ਼ ਰਬਾਬੀ ਮਰਦਾਨਾ ਸੀ। ….

ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ’ਚ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ (ਪ੍ਰਚਾਰ ਫੇਰੀਆਂ) ਦੌਰਾਨ ਕੇਵਲ ਰਬਾਬੀ ਮਰਦਾਨਾ ਜੀ ਦਾ ਹੀ ਜ਼ਿਕਰ ਹੈ, ਕਿਸੇ ਬਾਲੇ ਦਾ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ’ਚ ਭਾਈ ਬਾਲੇ ਨਾਂ ਦਾ ਫਰਜੀ ਪਾਤਰ ਘੜ ਕੇ ਉਸ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਮਰ ਭਰ ਦਾ ਸਾਥੀ ਦਰਸਾਇਆ ਗਿਆ ਹੈ, ਜਿਸ ਨੇ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਅੱਖੀਂ ਡਿੱਠਾ ਸਾਰਾ ਜੀਵਨ ਵੇਰਵਾ ਸੁਣਾਇਆ ਅਤੇ ਉਸ ਨੂੰ ਮੋਖਾ ਪੈੜਾ ਨਾਲੋ ਨਾਲ ਲਿਖਦਾ ਗਿਆ। ਕੇਵਲ ਬਾਲੇ ਵਾਲੀ ਜਨਮ ਸਾਖੀ ’ਚ ਹੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਲਿਖਿਆ ਹੈ, ਜਿਸ ਨੂੰ ਸ: ਕਰਮ ਸਿੰਘ ਹਿਸਟੋਰੀਅਨ ਅਤੇ ਡਾ: ਗੁਰਬਚਨ ਕੌਰ ਆਦਿਕ ਖੋਜੀ ਵਿਦਵਾਨਾਂ ਨੇ ਇਸ ਦੀਆਂ ਅੰਦਰਲੀਆਂ ਗਵਾਹੀਆਂ ਨਾਲ ਰੱਦ ਕੀਤਾ ਹੈ।

ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਪਹਿਲੀ ਪਉੜੀ ਤੋਂ ਲੈ ਕੇ 44ਵੀਂ ਪਉੜੀ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰਕ ਯਾਤਰਾ ਦਾ ਸੰਖੇਪ ਜਿਹਾ ਵਰਣਨ ਹੈ ਅਤੇ ਫਿਰ 45ਵੀਂ ਪਉੜੀ ’ਚ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਬਖ਼ਸ਼ਣ ਦਾ ਜ਼ਿਕਰ ਹੈ : ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕ ਨਿਰਮਲ ਪੰਥ ਚਲਾਇਆ ਥਾਪਿਆ ਲਹਿਣਾ ਜੀਵਦੇ; ਗੁਰਿਆਈ ਸਿਰਿ ਛਤ੍ਰ ਫਿਰਾਇਆ੪੫’’  (ਭਾਈ ਗੁਰਦਾਸ ਜੀ/ਵਾਰ , ਪਉੜੀ ੪੫)

ਸੋ ਉਕਤ ਕੀਤੀ ਗਈ ਸੰਖੇਪ ਵਿਚਾਰ ਵਿੱਚੋਂ 27ਵੀਂ ਪਉੜੀ ਵਿੱਚ ਅਚਾਨਕ ‘ਵਿਸੋਅ’ (ਵਿਸਾਖੀ) ਸ਼ਬਦ ਦਾ ਜ਼ਿਕਰ ਹੋਣਾ, ਗੁਰੂ ਸਾਹਿਬ ਜੀ ਦੇ ਜਨਮ ਦਿਨ ਨਾਲ਼ ਹੀ ਸੰਬੰਧਿਤ ਹੋ ਸਕਦਾ ਹੈ, ਨਹੀਂ ਤਾਂ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਸਿੱਖਾਂ ਵੱਲੋਂ ਖੁਸ਼ੀ ਪ੍ਰਗਟਾਉਣ ਦਾ ਕੋਈ ਹੋਰ ਕਾਰਨ ਨਹੀਂ ਜਾਪਦਾ। ਇਸ ਤੋਂ ਇਲਾਵਾ ਪੰਚ ਖ਼ਾਲਸਾ ਦੀਵਾਨ, ਸਿੰਘ ਸਭਾ ਭਸੌੜ ਵੱਲੋਂ ਭੀ ਤਕਰੀਬਨ 100 ਸਾਲ ਤੋਂ, ਪਹਿਲਾਂ ਤੇਜਾ ਸਿੰਘ ਰਿਟਾਇਰਡ ਐੱਸਡੀਓ ਵੱਲੋਂ ਲਿਖੀ ‘ਖ਼ਾਲਸਾ ਰਹਿਤ ਪ੍ਰਕਾਸ਼’ ਨਾਮ ਦੀ ਪੁਸਤਕ ਦੇ ਪੰਨਾ ਨੰ: 63 ’ਤੇ ਭੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ‘੧ ਵੈਸਾਖ’, ਸੰਮਤ ੧੫੨੬ ਦਿਨ ਐਤਵਾਰ/27 ਮਾਰਚ 1468 ਲਿਖਿਆ ਮਿਲਦਾ ਹੈ (ਭਾਵੇਂ ਕਿ ਇੱਥੇ ਦਿਨ ਸੋਮਵਾਰ ਤੇ ਸੰਨ 1469 ਚਾਹੀਦਾ ਸੀ। ਐਸੀ ਗ਼ਲਤੀ ਟਾਈਪ ਕਰਨ ’ਚ ਹੋਣੀ ਸੁਭਾਵਕ ਹੈ ਜਾਂ ਉਨ੍ਹਾਂ ਤੋਂ ਤਰੀਖ਼ਾਂ ਤਬਦੀਲ ਕਰਦੇ ਸਮੇਂ ਹੋਈ ਹੋਣੀ)।

ਇੱਕ ਹੋਰ ਪੁਸਤਕ, ਜੋ ਅੰਗਰੇਜ਼ੀ ’ਚ ਲਗਭਗ 1880 ਸੀਈ ’ਚ ਛਪੀ ਸੀ, ਉਸ ਦੇ ਇੱਕ ਪੰਨੇ ਦੀ ਫੋਟੋ ਭੀ ਮੈਨੂੰ ਸਵ: ਸ. ਪਾਲ ਸਿੰਘ ਜੀ ਪੁਰੇਵਾਲ ਨੇ ਭੇਜੀ, ਜਿਸ ਵਿੱਚ ਲਿਖਿਆ ਸੀ ਕਿ ‘ਬਹੁਤ ਸਾਰੇ ਲੇਖਕ ਗੁਰੂ ਨਾਨਕ ਸਾਹਿਬ ਜੀ ਦਾ ਜਨਮ ੧ ਵੈਸਾਖ ਸੰਮਤ ੧੫੨੬ ਮੰਨਦੇ ਹਨ’। ਇਸ ਲਈ ਜ਼ਰੂਰੀ ਹੈ ਕਿ ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ‘੧ ਵੈਸਾਖ’ ਅਵੱਸ਼ ਲਿਖਿਆ ਮਿਲਦਾ ਸੀ ਤਾਹੀਓਂ ਉਕਤ ਕਈ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਲਿਖੀ ਹੋਵੇਗੀ। ਇਹ ਵੀ ਠੀਕ ਹੈ ਕਿ ਸਾਡੀ ਕੌਮ ਜੰਗਾਂ ਯੁੱਧਾਂ ਦੇ ਚੱਲਦਿਆਂ ਬਹੁਤ ਸਾਰਾ ਇਤਿਹਾਸ ਲਿਖ ਜਾਂ ਸੰਭਾਲ਼ ਨਾ ਸਕੀ, ਇਸ ਲਈ ਜੇ ਅਜੋਕੇ ਸਮੇਂ ਕਿਸੇ ਪੁਰਾਣੀ ਲਿਖਤ ’ਚ ‘੧ ਵੈਸਾਖ’ ਲਿਖਿਆ ਨਹੀਂ ਮਿਲਦਾ ਤਾਂ ਵੀ ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿਉਂਕਿ ਕੈਲੰਡਰ ਵਿਗਿਆਨ ਅਤੇ ਮਿਲਣਯੋਗ ਇਤਿਹਾਸਕ ਤੱਥਾਂ ਦੀ ਕਸਵੱਟੀ ’ਤੇ ਪੂਰਾ ਉਤਰਦਾ ਹੈ।

ਸਵਾਲ : ਭਾਈ ਗੁਰਦਾਸ ਜੀ ਦੇ ਕਬਿੱਤ ਨੰ: 345 ’ਚ ਕੱਤਕ ਦੀ ਪੂਰਨਮਾਸ਼ੀ ਦਾ ਭੀ ਜ਼ਿਕਰ ਹੈ। ਕੁੱਝ ਸਿੱਖ ਇਸ ਕਬਿੱਤ ਦਾ ਸੰਬੰਧ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ਼ ਜੋੜਦੇ ਹਨ; ਇਸ ਸੰਬੰਧੀ ਸਪਸ਼ਟ ਕੀਤਾ ਜਾਵੇ ?

ਜਵਾਬ : ਕਬਿੱਤ ਨੰ: 345 ਦੀ ਮੁਕੰਮਲ ਵਿਚਾਰ ਕੀਤਿਆਂ ਜਵਾਬ ਮਿਲ ਜਾਣਾ ਹੈ, ਜੋ ਕਿ ਇਸ ਤਰ੍ਹਾਂ ਹੈ :

ਕਾਰਤਕ ਮਾਸ, ਰੁਤਿ ਸਰਦ, ਪੂਰਨਮਾਸੀ, ਆਠ ਜਾਮ ਸਾਠਿ ਘਰੀ; ਆਜੁ ਤੇਰੀ ਬਾਰੀ ਹੈ

ਅਰਥ : ਹੇ ਸਖੀ  ! ਇਸੇ ਜਨਮ ’ਚ ਤੇਰੇ ਕੋਲ਼ ਸਫਲ ਹੋਣ ਦਾ ਸਮਾਂ ਹੈ। ਵੇਖ ਕੱਤਕ ਦਾ ਮਹੀਨਾ, ਸਰਦ ਰੁੱਤ ਅਤੇ ਪੁੰਨਿਆ ਦਾ ਦਿਨ ਭਾਵ ਪੂਰਨਮਾਸ਼ੀ ਆ ਗਈ ਯਾਨੀ ਬਾਹਰ ਚਾਨਣ ਅਤੇ ਠੰਢਕ ਹੈ, ਪਰ ਤੇਰੇ ਅੰਦਰ ਅਗਿਆਨਤਾ ਦਾ ਹਨ੍ਹੇਰਾ ਤੇ ਵਿਕਾਰਾਂ ਦੀ ਤਪਸ਼ ਹੈ, ਜੋ ਅੱਠੇ ਪਹਿਰ ਅਤੇ 60 ਘੜੀਆਂ (ਭਾਵ ਹਰ ਸਮੇਂ) ਰਹਿੰਦੀ ਹੈ। ਐਸਾ ਹੀ ਉਪਦੇਸ਼ ਗੁਰੂ ਅਰਜਨ ਸਾਹਿਬ ਨੇ ਇਉਂ ਦਿੱਤਾ ਹੈ : ‘‘ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ’’ (ਮਹਲਾ /੧੨)

ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ; ਰੂਪ ਗੁਨ ਜੋਬਨ ਸ਼ਿੰਗਾਰ ਅਧਿਕਾਰੀ ਹੈ

ਅਰਥ : ਸੁੰਦਰ ਲਗਨ ਦਾ ਸਮਾਂ (ਮੌਕਾ) ਹੈ। ਅਣਗਿਣਤ ਪਤਨੀਆਂ ਵਾਲ਼ੇ ਪਤੀ (ਪ੍ਰਭੂ) ਦੀ ਪਤਨੀ ਬਣ ਕੇ ਉਸ ਦੇ ਗੁਣਾਂ ਨਾਲ਼ ਸੁੰਦਰ ਰੂਪ ਤੇ ਸੁੰਦਰ ਸ਼ਿੰਗਾਰ ਬਣਾ ਭਾਵ ਅੰਦਰੋਂ ਭੀ ਬਾਹਰ ਵਾਲੀ ਚਾਨਣੀ ਰਾਤ ਵਾਙ ਸੁੰਦਰ ਹੋ ਜਾਹ।

ਨੋਟ : ਇਥੇ ‘ਬਹੁ ਨਾਇਕ ਕੀ ਨਾਇਕਾਦਾ ਭਾਵਾਰਥ ਜਾਣਨਾ ਭੀ ਜ਼ਰੂਰੀ ਹੈ ਗੁਰਬਾਣੀ ਅਨੁਸਾਰ ਜਗਤ ਅੰਦਰ ਕੇਵਲ ਇਕੋ ਪ੍ਰਭੂ ਹੀ ਪੁਰਖ ਹੈ, ਨਾਇਕ ਹੈ, ਮਾਲਕ ਹੈ; ਬਾਕੀ ਸਭ ਜੀਵ-ਜੰਤ ਜੀਵ-ਇਸਤਰੀਆਂ ਹਨ, ‘‘ਇਸੁ ਜਗ ਮਹਿ ਪੁਰਖੁਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧) ਤਾਹੀਓਂ ਜਗਿਆਸੂ ਲਈ ਗੁਰਬਾਣੀ ’ਚ ਅਕਸਰ ਇਸਤ੍ਰੀ ਵਾਚਕ ਨਾਂਵ ਹੁੰਦੇ ਹਨ ‘ਧਨ, ਸਾਧਨ (ਔਰਤ), ਮਾਇ, ਸੁਹਾਗਣਿ, ਕਾਮਣਿ (ਔਰਤ), ਕੁਲਖਣੀ, ਸੁਲਖਣੀ, ਸੁੰਦਰਿ, ਨਾਰਿ, ਸੀਲਵੰਤਿ’ ਆਦਿ।

ਉਕਤ ਪੰਕਤੀ ’ਚ ‘ਅਉਸਰ ਅਭੀਚ’ ਦਾ ਅਰਥ ‘ਸੁੰਦਰ ਅਭੀਚ ਨਛੱਤਰ’ ਭੀ ਕੀਤਾ ਜਾਂਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ‘ਅਭੀਚ’ ਨੂੰ ‘ਅਭਿਜਿਤ’ ਸ਼ਬਦ ਮੰਨਦੇ ਹੋਏ ਲਿਖਦੇ ਹਨ ਕਿ ‘ਕਈ ਅਭਿਜਿਤ ਨੂੰ ਨਛਤ੍ਰ ਸਮਝਦੇ ਹਨ, ਪਰ ਇਹ ਇੱਕ ਲਗਨ ਹੈ, ਨਛੱਤਰ ਨਹੀਂ। ਇਸ ਲਗਨ ਵਿੱਚ ਅਭਿ (ਸਾਮ੍ਹਣੇ ਹੋ ਕੇ) ਵੈਰੀ ਨੂੰ ਜਿੱਤੀਦਾ ਹੈ’। ਗੁਰਬਾਣੀ ’ਚ ਦੋ ਵਾਰ ‘ਅਭੀਚੁ’ ਸ਼ਬਦ ਹੈ, ਜਿਸ ਦੇ ਇਹੀ ਅਰਥ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਕਰਦੇ ਹਨ। ਭਾਈ ਗੁਰਦਾਸ ਜੀ ਨੇ ਭੀ ਇਹ ਸ਼ਬਦ ਆਪਣੇ ਕਬਿੱਤਾਂ ’ਚ 5 ਵਾਰ ਵਰਤਿਆ ਹੈ, ਇਸ ਲਈ ਇੱਕ ਹੋਰ ਜਗ੍ਹਾ ਭੀ ਇਸ ਦੇ ਅਰਥ ਵਿਚਾਰਨੇ ਜ਼ਰੂਰੀ ਹਨ, ‘‘ਗੰਧਰਬ ਨਗਰ ਗਤ ਰਜਨੀ ਬਿਹਾਤ ਜਾਤ; ਆਸੁਰ ਅਭੀਚ ਅਤਿ ਦੁਲਭ ਕੈ ਜਾਨੀਐ’’ (ਕਬਿੱਤ ੬੫੯) ਅਰਥ : ਧੂੰਏਂ ਦੇ ਪਹਾੜ/ਗ਼ੁਬਾਰ ਵਾਙ ਜਲਦੀ ਹੀ ਜੀਵਨ-ਰਾਤ ਬੀਤ ਜਾਂਦੀ ਹੈ। ਸਹੀ ਲਗਨ (ਮੌਕਾ ਭਾਵ ਜ਼ਿੰਦਗੀ) ਮੁਸ਼ਕਲ ਨਾਲ਼ ਮਿਲੀ ਹੋਈ ਸਮਝਣੀ ਹੈ ਭਾਵ ਕਈ ਜੂਨਾਂ ਤੋਂ ਬਾਅਦ ਮਿਲੇ ਇਸ ਮਨੁੱਖਾ ਸਰੀਰ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।

ਸੋ ਉਕਤ ਪੰਕਤੀਆਂ ਦੇ ਇਹ ਅਰਥ ਕਰਨੇ ਕਿ ‘ਹੇ ਗੁਰੂ ਨਾਨਕ ਸਾਹਿਬ ਜੀ  ! ਕੱਤਕ ਮਹੀਨੇ ਦੀ ਸਰਦ ਰੁੱਤ ’ਚ ਪੂਰਨਮਾਸ਼ੀ ਵਾਲੇ ਦਿਨ ਸ਼ੁਭ ਅਭੀਚ ਨਛੱਤਰ ਨੂੰ ਜਨਮ ਲੈ ਕੇ ਜਗਤ ਦਾ ਉਧਾਰ ਕਰਨ ਦੀ ਹੁਣ ਤੇਰੀ ਵਾਰੀ ਹੈ’; ਚੱਲਦੇ ਪ੍ਰਸੰਗ ਦੇ ਵਿਪਰੀਤ ਮਨਮਤੀ ਅਰਥ ਹਨ। ਜਿਨ੍ਹਾਂ ਨੇ ਐਸੇ ਅਰਥ ਕੀਤੇ, ਉਹ; ਸਤਜੁਗ, ਤ੍ਰੇਤਾ, ਦੁਆਪਰ ਆਦਿ ਯੁਗਾਂ ’ਚ ਹੋਰਾਂ ਅਵਤਾਰਾਂ ਵੱਲੋਂ ਧਾਰੇ ਜਨਮ ਦੇ ਹਵਾਲੇ ਉਪਰੰਤ ਹੀ ਮੰਨਦੇ ਹਨ ਕਿ ਹੁਣ ਇਸ ਕਲਜੁਗ ਵਿੱਚ ਨਾਨਕ ਦੇ ਜਨਮ ਲੈਣ ਦੀ ਵਾਰੀ ਹੈ ਭਾਵ ਜੋ ਉਹ ਨਾ ਕਰ ਸਕੇ, ਉਹ ਹੁਣ ਤੈਂ ਕਰਨਾ ਹੈ, ਆਦਿ। ਜੇਕਰ ਇਹ ਅਰਥ ਸਹੀ ਮੰਨ ਭੀ ਲਈਏ ਤਾਂ ਭਾਈ ਗੁਰਦਾਸ ਜੀ ਦੁਆਰਾ ਕੀਤੀ ਗਈ ਇਨ੍ਹਾਂ ਕਬਿੱਤਾਂ ਦੀ ਰਚਨਾ ਸਮੇਂ ਉਨ੍ਹਾਂ ਨਾਲ਼ ਤੀਜੇ, ਚੌਥੇ, ਪੰਜਵੇਂ ਪਾਤਿਸ਼ਾਹ (ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ) ਦਾ ਸਾਥ ਰਿਹਾ ਹੈ, ਨਾ ਕਿ ਗੁਰੂ ਨਾਨਕ ਸਹਿਬ ਜੀ ਦਾ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਜਾਵੇ ਕਿ ‘ਹੇ ਨਾਨਕ  ! ‘ਆਜੁ’ ਭਾਵ ਹੁਣ (ਕਲਿਯੁਗ ਵਿਚ) ਜਨਮ ਲੈਣ ਦੀ ਤੇਰੀ ਵਾਰੀ ਹੈ’ ਜਾਂ ਇਉਂ ਕਹਿ ਸਕਦੇ ਹਾਂ ਕਿ ‘ਹੇ ਗੁਰੂ ਅਰਜਨ ਸਾਹਿਬ ਜੀ  !  ਹੁਣ (ਜਨਮ ਲੈ ਕੇ ਜਗਤ ਦਾ ਉਧਾਰ ਕਰਨ ਦੀ) ਤੇਰੀ ਵਾਰੀ ਹੈ’। ਧਿਆਨ ਰਹੇ ਕਿ ਭਾਈ ਗੁਰਦਾਸ ਜੀ ਦਾ ਜਨਮ; ਗੁਰੂ ਨਾਨਕ ਸਾਹਿਬ ਜੀ ਦੇ ਸੰਨ 1539 ਨੂੰ ਜੋਤੀ ਜੋਤ ਸਮਾਉਣ ਤੋਂ 12 ਸਾਲ ਬਾਅਦ ਸੰਨ 1551 ਵਿਚ ਹੋਇਆ ਹੈ।

ਇਹ ਵਿਚਾਰ ਭੀ ਧਿਆਨ ਮੰਗਦੀ ਹੈ ਕਿ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ਼ ਸੰਬੰਧਿਤ ਆਪਣੀ ਪਹਿਲੀ ਵਾਰ ’ਚ ਵਾਰ ਵਾਰ ‘ਗੁਰੂ, ਨਾਨਕ ਜਾਂ ਬਾਬਾ’ ਸ਼ਬਦ; ਸਤਿਕਾਰ ਵਜੋਂ ਵਰਤੇ ਹਨ, ਜੋ ਇਸ ਕਬਿੱਤ ਨੰ: 345 ਸਮੇਤ ਇਸ ਤੋਂ ਅਗਾਂਹ ਪਿਛਾਂਹ ਭੀ ਕਿਤੇ ਦਰਜ ਨਹੀਂ ਹਨ। ਸੋ ਕੇਵਲ ‘ਕੱਤਕ, ਪੂਰਨਮਾਸੀ ਜਾਂ ਅਭੀਚਸ਼ਬਦਾਂ ਨੂੰ ਵੇਖ ਕਬਿੱਤ ’ਚ ਚੱਲਦੇ ਵਿਸ਼ੇ ਨੂੰ ਗੁਰੂ ਸਾਹਿਬ ਦੇ ਜਨਮ ਵੱਲ ਉਲਥਾਉਣਾ, ਸਹੀ ਨਹੀਂ।

ਜੋਤਿਸ਼ ਅਨੁਸਾਰ ਅਭੀਚ (ਅਭਿਜਿਤ) ਦਾ ਅਰਥ ਹੈ ‘ਜੋ ਜਿੱਤਿਆ ਨਾ ਜਾ ਸਕੇ’ ਕਿਉਂਕਿ ਅਭੀਚ ਨਛੱਤਰ ਨੂੰ ਜਨਮ ਲੈਣ ਵਾਲੇ ਬਹੁਤ ਭਾਗਸ਼ਾਲੀ ਮੰਨੇ ਜਾਂਦੇ ਹਨ। ਗੂਗਲ ’ਤੇ ਅਭੀਚ ਨਛੱਤਰ ਦੀ ਅੰਗਰੇਜ਼ੀ ’ਚ ਇਹ ਪਰਿਭਾਸ਼ਾ ਦਿੱਤੀ ਮਿਲਦੀ ਹੈ “In ancient times – as against the modern times when only 27 Nakshatras are counted – there was a 28th Nakshatra called Abhijit, which lies from 6°40” to 10°53”  in Capricorn in the Sidereal Zodiac. This overlaps the last phase of the 21st Nakshatra Uttarashada and the early phase of the 22nd Nakshatra, Shravan”. ਇਸ ਦਾ ਪੰਜਾਬੀ ਤਰਜ਼ੁਮਾ ਇਉਂ ਹੈ: ਆਧੁਨਿਕ ਸਮੇਂ ’ਚ ਸਿਰਫ 27 ਨਛੱਤਰ ਗਿਣੇ ਜਾਂਦੇ ਹਨ, ਪਰ ਇਸ ਦੇ ਉਲ਼ਟ ਪੁਰਾਣੇ ਸਮਿਆਂ ’ਚ ਅਭਿਜੀਤ ਨਾਮਕ ਇੱਕ 28ਵਾਂ ਨਛੱਤਰ ਭੀ ਸੀ, ਜੋ ਕਿ ਮਕਰ ਰਾਸ਼ੀ ਵਿੱਚ 6 ਡਿਗਰੀ 40 ਮਿੰਟ ਤੋਂ 10 ਡਿਗਰੀ 53 ਮਿੰਟ ਤੱਕ ਹੁੰਦਾ ਸੀ। ਇਹ, 21ਵੇਂ ਨਛੱਤਰ ਉੱਤਰਾਸ਼ਾਡਾ ਦੇ ਆਖਰੀ ਪੜਾਅ ਅਤੇ 22ਵੇਂ ਨਛੱਤਰ ਸ਼ਰਵਣ ਦੇ ਸ਼ੁਰੂਆਤੀ ਪੜਾਅ, ਨੂੰ ਓਵਰ ਲੈਪ ਕਰਦਾ ਹੈ।

ਹੁਣ ਜੇ ਇਸ ਪਰਿਭਾਸ਼ਾ ਨੂੰ ਸਹੀ ਮੰਨੀਏ ਤਾਂ ਮਕਰ ਰਾਸ਼ੀ ’ਚ ਤਾਂ ਮਾਘ ਦਾ ਮਹੀਨਾ ਹੁੰਦਾ ਹੈ, ਨਾ ਕਿ ਕੱਤਕ ਦਾ। ਤਾਂ ਤੇ ਕੱਤਕ ਦੀ ਪੂਰਨਮਾਸ਼ੀ ਨੂੰ ‘ਅਭਿਜਿਤ ਨਛੱਤਰ’ ਆ ਹੀ ਨਹੀਂ ਸਕਦਾ। ਜੇਕਰ ਫਿਰ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੨੬ ਨੂੰ ਮੰਨੀਏ ਤਾਂ ਉਸ ਦਿਨ ‘ਅਸ਼ਵਨੀ ਨਛੱਤਰ’ ਸੀ, ਨਾ ਕਿ ‘ਅਭੀਚ ਨਛੱਤਰ’।

ਸੋ ਭਾਈ ਗੁਰਦਾਸ ਜੀ ਦੀ ਰਚਨਾ ’ਚ ‘ਕਾਰਤਕ ਮਾਸ, ਰੁਤਿ ਸਰਦ, ਪੂਰਨਮਾਸੀ, ਅਉਸਰ ਅਭੀਚਆਦਿ ਸ਼ਬਦ ਕੇਵਲ ਅਲੰਕਾਰ ਮਾਤਰ ਹਨ। ਜਿਨ੍ਹਾਂ ਦੀ ਰਾਹੀਂ ਸੁਹਾਵਣੇ ਕੁਦਰਤੀ ਮੌਸਮ ਦੀ ਮਿਸਾਲ ਨਾਲ਼ ਅੰਦਰਲੇ ਗੁਣਾਂ ਨੂੰ ਪ੍ਰਫੁਲਿਤ ਕੀਤਾ ਹੈ, ਨਾ ਕਿ ਇਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਵੇਰਵਾ ਜਾਂ ਜਨਮ ਦਿਨ ਵੱਲ ਕੋਈ ਸੰਕੇਤ ਹੈ। ਆਪਣੀ ਅਗਿਆਨਤਾ ਭਰਪੂਰ ਮਨਹਠ ਨੂੰ ਗੁਰਬਾਣੀ ਜਾਂ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ ਨਾਲ਼ ਸਹੀ ਨਹੀਂ ਠਹਿਰਾਇਆ ਜਾ ਸਕਦਾ। ਇਸ 345ਵੇਂ ਕਬਿੱਤ ਦੀਆਂ ਅੰਤਮ ਪੰਕਤੀਆਂ ਹਨ :

ਚਾਤਿਰ ਚਤੁਰ ਪਾਠ, ਸੇਵਕ ਸਹੇਲੀ ਸਾਠਿ, ਸੰਪਦਾ ਸਮਗ੍ਰੀ, ਸੁਖ ਸਹਜ ਸਚਾਰੀ ਹੈ

ਅਰਥ : ਹੇ ਸਖੀ  ! ਤੂੰ ਵਿਦਿਆ ਵਿੱਚ ਪ੍ਰਬੀਨ ਹੈਂ, ਹੁਸ਼ਿਆਰ ਹੈਂ।  60 ਸਹੇਲੀਆਂ ਭਾਵ 60 ਨਾੜੀਆਂ ਵਾਲ਼ਾ ਸਰੀਰ ਭੀ ਤੇਰਾ ਆਗਿਆਕਾਰੀ ਹੈ। ਸਹਿਜ, ਸੁੱਖ ਰੂਪ ਧਨ-ਸੰਪਤੀ ਦਾ ਸੁਭਾਗ ਭੀ ਤੈਨੂੰ ਪ੍ਰਾਪਤ ਹੈ ਭਾਵ ਤੇਰੇ ਕੋਲ਼ ਦਾਤੇ ਦੀਆਂ ਬਖ਼ਸ਼ੀਆਂ ਸਾਰੀਆਂ ਦਾਤਾਂ ਭੀ ਹਨ, ਫਿਰ ਭੀ ਤੂੰ ਉਸ ਮਾਲਕ ਨੂੰ ਕਿਉਂ ਨਹੀਂ ਯਾਦ ਕਰਦੀ  ?

ਸੁੰਦਰ ਮੰਦਰ, ਸੁਭ ਲਗਨ, ਸੰਜੋਗ ਭੋਗ, ਜੀਵਨ ਜਨਮ ਧੰਨਿ, ਪ੍ਰੀਤਮ ਪਿਆਰੀ ਹੈ ੩੪੫

ਅਰਥ : ਹੇ ਸਖੀ  ! ਇਸ ਸ਼ੁੱਭ ਲਗਨ ਸਮੇਂ ਸਰੀਰ ਰੂਪੀ ਸੁੰਦਰ ਮੰਦਿਰ ਦੀ (ਹਿਰਦੇ ਰੂਪ) ਸੇਜਾ ਉੱਤੇ ਪਿਆਰੇ ਪ੍ਰੀਤਮ ਨਾਲ਼ ਭੋਗ-ਬਿਲਾਸ ਮਾਣਨ ਨਾਲ਼ ਤੇਰਾ ਮਨੁੱਖਾ ਜੀਵਨ ਧੰਨਤਾਯੋਗ ਹੋ ਜਾਣਾ ਹੈ ਕਿਉਂਕਿ ਤੂੰ ਪਿਆਰੇ ਪ੍ਰੀਤਮ ਦੀ ਪਿਆਰੀ ਇਸਤਰੀ ਬਣ ਜਾਣਾ ਹੈ।

ਨੋਟ : ਇਥੇ ‘ਅਭੀਚ’ ਦੇ ਅਰਥ ‘ਸੁਭ ਲਗਨ’ ਹੋਣ ਕਾਰਨ ਸਪਸ਼ਟ ਹੋ ਗਿਆ ਕਿ ਉਕਤ (ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ) ਸਮੇਂ ਭੀ ਇਸ ਦਾ ਅਰਥ ਕੋਈ ਨਛੱਤਰ ਨਹੀਂ ਸੀ ਬਲਕਿ ਮੌਕਾ ਸੀ, ਸਮਾਂ ਸੀ; ਜੋ ਮਨੁੱਖਾ ਜਨਮ ਵਜੋਂ ਮਿਲਿਆ ਹੋਇਆ ਹੈ। ਸੋ ਗੁਰੂ ਨਾਨਕ ਸਾਹਿਬ ਜੀ ਦਾ ਜਨਮ; ‘੧ ਵਿਸਾਖ’ ਦੀ ਥਾਂ ‘ਕੱਤਕ ਦੀ ਪੂਰਨਮਾਸ਼ੀ’ ਮੰਨਣਾ, ਨਿਰੀ ਮਨ ਦੀ ਕਠੋਰਤਾ ਅਤੇ ਅਗਿਆਨਤਾ ਹੈ, ਜਿਸ ਨੂੰ ਛੁਪਾਉਣ ਲਈ ਕੀਤੀ ਗਈ ਹਰ ਨਵੀਂ ਖੋਜ ਦਾ ਵਿਰੋਧ ਹੋ ਰਿਹਾ ਹੈ।