ਕੋਵਿਡ ਅਪਡੇਟ ਅਤੇ ਉਸ ਦੇ ਟੀਕਾਕਰਨ ਦਾ ਕੱਚ ਸੱਚ

0
286

      ਕੋਵਿਡ ਅਪਡੇਟ ਅਤੇ ਉਸ ਦੇ ਟੀਕਾਕਰਨ ਦਾ ਕੱਚ ਸੱਚ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਸੰਨ 1846 ਦੀ ਗੱਲ ਹੈ। ਹੰਗਰੀ ਵਿੱਚ ਡਾ. ਇਗਨਾਜ਼ ਸੈੱਮਲਵੀ ਵਿਏਨਾ ਜਨਰਲ ਹਸਪਤਾਲ ਵਿੱਚ ਕੰਮ ਕਰਦਾ ਸੀ। ਉਸ ਨੇ ਵੇਖਿਆ ਕਿ ਮੁਰਦਾਘਰ ਵਿੱਚ ਲਾਸ਼ਾਂ ਦੀ ਕੱਟ-ਵੱਢ ਕਰਨ ਬਾਅਦ ਡਾਕਟਰ ਨਾਲ ਲੱਗਦੇ ਜੱਚਾ ਵਿਭਾਗ ਵਿੱਚ ਰਾਊਂਡ ਕਰਨ ਜਾ ਰਹੇ ਹਨ। ਉਸ ਵਿਭਾਗ ਵਿੱਚ ਮੌਤ ਦਰ, ਬਾਕੀਆਂ ਨਾਲੋਂ ਕਈ ਗੁਣਾਂ ਵੱਧ ਸੀ।

ਜਿਹੜੇ ਵਾਰਡਾਂ ਨੇੜੇ ਕੋਈ ਮੁਰਦਾਘਰ ਨਹੀਂ ਸੀ, ਉੱਥੇ ਮੌਤ ਦਰ ਬਹੁਤ ਘੱਟ ਸੀ। ਉਸ ਨੇ ਲਗਾਤਾਰ ਇਸ ਪੱਖ ਉੱਤੇ ਖੋਜ ਕਰ ਕੇ ਨਤੀਜਾ ਕੱਢਿਆ ਕਿ ਲਾਸ਼ਾਂ ਦੀ ਕੱਟ-ਵੱਢ ਕਰਦਿਆਂ ਹੱਥਾਂ ਉੱਤੇ ਬਰੀਕ ਕਣ ਲੱਗੇ ਰਹਿ ਜਾਂਦੇ ਸਨ। ਉਹੀ ਹੱਥ ਜਦੋਂ ਜੱਚਾ ਦੀ ਚੈੱਕਅੱਪ ਕਰਦੇ ਸਨ ਤਾਂ ਉਨ੍ਹਾਂ ਵਿੱਚ ਬੁਖ਼ਾਰ ਹੋਣ ਲੱਗ ਪੈਂਦਾ ਸੀ। ਇਹੀ ਉਨ੍ਹਾਂ ਦੀ ਮੌਤ ਦਰ, ਵਧਾ ਰਿਹਾ ਸੀ।

ਇਸ ਦਾ ਮਤਲਬ ਉਸ ਨੇ ਇਹ ਕੱਢਿਆ ਕਿ ਲਾਸ਼ਾਂ ਵਿਚਲੇ ਕਣ ਕੁੱਝ ਖ਼ਰਾਬੀ ਕਰ ਰਹੇ ਹਨ। ਡਾ. ਸੈੱਮਲਵੀ ਨੇ ਉਸ ਵਾਰਡ ਵਿੱਚ ਦਾਖ਼ਲ ਹੋਣ ਵਾਲੇ ਡਾਕਟਰਾਂ ਲਈ ਇੱਕ ਵੱਖ ਕਾਨੂੰਨ ਲਾਗੂ ਕਰ ਦਿੱਤਾ। ਉਸ ਦੇ ਕਹਿਣ ਮੁਤਾਬਕ ਸਾਰੇ ਡਾਕਟਰ ਕਲੋਰੀਨ ਨਾਲ ਹੱਥ ਧੋ ਕੇ ਵਾਰਡ ਵਿੱਚ ਆਉਣ ਲੱਗ ਪਏ। ਸਿਰਫ਼ ਏਨੇ ਨਾਲ ਹੀ ਇੱਕ ਮਹੀਨੇ ਵਿੱਚ ਮੌਤ ਦਰ 10 ਫੀਸਦੀ ਤੋਂ ਘੱਟ ਕੇ ਦੋ ਫੀਸਦੀ ਰਹਿ ਗਈ। ਇਸ ਗੱਲ ਨਾਲ ਉਸ ਦੀ ਚੁਫ਼ੇਰੇ ਲੋਕਾਂ ਵਿੱਚ ਸ਼ੋਭਾ ਫੈਲ ਗਈ। ਸਾਥੀ ਡਾਕਟਰਾਂ ਨੂੰ ਇਸ ਗੱਲ ਦਾ ਬਹੁਤ ਸਾੜਾ ਲੱਗਿਆ। ਲਹੂ ਦਾ ਘੁੱਟ ਪੀ ਕੇ ਬੈਠੇ ਡਾਕਟਰਾਂ ਨੇ ਉਸ ਵਿਰੁੱਧ ਸਾਜਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਸੰਨ 1861 ਵਿੱਚ ਡਾਕਟਰ ਸੈੱਮਲਵੀ ਨੇ ਆਪਣੀ ਖੋਜ ਛਾਪੀ ਜੋ ਇਤਿਹਾਸ ਮੁਤਾਬਕ ਸੈਨੇਟਾਈਜੇਸ਼ਨ ਬਾਰੇ ਪਹਿਲੀ ਖੋਜ ਸੀ। ਇਸ ਦੀ ਚਰਚਾ ਏਨੀ ਜ਼ਿਆਦਾ ਹੋ ਗਈ ਕਿ ਸਾਥੀ ਡਾਕਟਰਾਂ ਨੇ ਆਪਣੇ ਸਾੜੇ ਸਦਕਾ ਸਿਆਸੀ ਲੀਡਰਾਂ ਦੀ ਮਦਦ ਨਾਲ ਵਿਚਾਰੇ ਬੇਗੁਨਾਹ ਡਾਕਟਰ ਸੈੱਮਲਵੀ ਨੂੰ ਹਸਪਤਾਲ ਵਿੱਚੋਂ ਬਾਹਰ ਕੱਢਵਾ ਦਿੱਤਾ। ਜਦੋਂ ਏਨੇ ਬਾਅਦ ਵੀ ਉਸ ਦੀ ਸ਼ੋਭਾ ਘੱਟ ਨਾ ਹੋਈ ਤਾਂ ਹੋਰ ਤਸੀਹੇ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਸ ਵਿਰੁੱਧ ਉਸ ਦੀ ਪਤਨੀ ਦੇ ਵੀ ਕੰਨ ਭਰ ਦਿੱਤੇ ਗਏ, ਜੋ ਉਸ ਨੂੰ ਪਾਗਲ ਮੰਨ ਕੇ ਛੱਡ ਕੇ ਚਲੀ ਗਈ। ਸਾਥੀ ਡਾਕਟਰਾਂ ਨੇ ਲੋਕਾਂ ਵਿੱਚ ਵੀ ਉਸ ਨੂੰ ਪਾਗਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅਖ਼ੀਰ ਸਿਆਸੀ ਲੀਡਰਾਂ ਦੀ ਮਦਦ ਨਾਲ ਧੱਕੋਜ਼ੋਰੀ ਹੀ ਉਸ ਨੂੰ ਸੰਨ 1865 ਵਿੱਚ ਪਾਗਲਖ਼ਾਨੇ ਡੱਕ ਦਿੱਤਾ ਗਿਆ। ਉੱਥੇ ਲਾਸ਼ਾਂ ਕੱਟਣ ਵਾਲੇ ਵਰਤੇ ਹੋਏ ਔਜ਼ਾਰ ਵੀ ਰੱਖ ਦਿੱਤੇ ਗਏ ਤੇ 14 ਦਿਨਾਂ ਦੇ ਅੰਦਰ ਹੀ ਇਨਫੈਕਸ਼ਨ ਨਾਲ ਅਤੇ ਗਾਰਡਾਂ ਵੱਲੋਂ ਬੇਤਹਾਸ਼ਾ ਕੀਤੀ ਮਾਰ ਕੁਟਾਈ ਸਦਕਾ ਉਸ ਦੀ ਮੌਤ ਹੋ ਗਈ।

ਉਸ ਦੀ ਮੌਤ ਤੋਂ ਕੁੱਝ ਸਾਲਾਂ ਬਾਅਦ ਲੂਈ ਪਾਸਚਰ ਨੇ ਕੀਟਾਣੂਆਂ ਤੇ ਉਨ੍ਹਾਂ ਤੋਂ ਹੁੰਦੀਆਂ ਬੀਮਾਰੀਆਂ ਬਾਰੇ ਚੇਤੰਨ ਕੀਤਾ ਅਤੇ ਡਾ. ਸੈੱਮਲਵੀ ਦੀ ਖੋਜ ਨੂੰ ਸੱਚ ਸਾਬਤ ਕਰ ਦਿੱਤਾ। ਡੇਢ ਸੌ ਸਾਲ ਬਾਅਦ ਡਾ. ਸੈੱਮਲਵੀ ਦੇ ਨਾਂ ਉੱਤੇ ਬਣੀ ਸੈੱਮਲਵੀ ਯੂਨੀਵਰਸਿਟੀ ਵਿਖੇ ਡਾਕਟਰਾਂ ਨੂੰ ਤੇ ਆਮ ਲੋਕਾਂ ਨੂੰ ਹੱਥ ਸੈਨੇਟਾਈਜ਼ ਕਰਨ ਦੇ ਢੰਗ ਪਹਿਲੀ ਵਾਰ ਸਿਖਾਏ ਗਏ। ਉਹੀ ਢੰਗ ਹੁਣ ਤੱਕ ਸਹੀ ਸਾਬਤ ਹੋ ਰਹੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਬਚਣ ਲਈ ਸਭ ਤੋਂ ਬਿਹਤਰ ਤਰੀਕਾ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣੇ ਹਨ। ਬਾਕੀ ਹਰ ਤਰ੍ਹਾਂ ਦੇ ਸੈਨੇਟਾਈਜ਼ਰ ਬਾਅਦ ਵਿੱਚ ਆਉਂਦੇ ਹਨ। ਨੋਵਲ ਕੋਰੋਨਾ ਸਾਰਸ ਕੋਵ-2 ਵਿੱਚ ਵੀ ਸਭ ਤੋਂ ਵੱਧ ਅਸਰਦਾਰ ਸਾਬਣ ਨਾਲ ਹੱਥ ਧੋਣਾ ਹੀ ਸਾਬਤ ਹੋ ਚੁੱਕਿਆ ਹੈ।

ਕੋਵਿਡ ਬੀਮਾਰੀ ਬਾਰੇ ਵਿਸ਼ਵਭਰ ਵਿੱਚ ਖੋਜਾਂ ਲਗਾਤਾਰ ਜਾਰੀ ਹਨ। ਇਸ ਬਾਰੇ ਹੌਲੀ-ਹੌਲੀ ਸਮਝ ਵਿੱਚ ਵਾਧਾ ਹੋ ਰਿਹਾ ਹੈ। ਤਾਜ਼ਾ ਖੋਜਾਂ ਮੁਤਾਬਕ ਕੋਵਿਡ ਪੀੜਤ ਮਰੀਜ਼ਾਂ ਵਿੱਚ ਨੱਕ ਤੋਂ ਲਏ ਟੈਸਟ 30 ਫੀਸਦੀ ਕੇਸਾਂ ਵਿੱਚ ਹੀ ਪਾਜ਼ੀਟਿਵ ਮਿਲੇ ਹਨ। ਗਲੇ ਤੋਂ ਲਏ ਸੈਂਪਲ ਵਿੱਚ 50 ਫੀਸਦੀ ਕੇਸਾਂ ਵਿੱਚ ਟੈਸਟ ਪਾਜ਼ੀਟਿਵ ਮਿਲਿਆ, ਬਲਗਮ ਵਿੱਚ 70 ਫੀਸਦੀ ਅਤੇ ਫੇਫੜਿਆਂ ਅੰਦਰਲੇ ਪਾਣੀ ਵਿੱਚ 90 ਫੀਸਦੀ ਮਰੀਜ਼ਾਂ ਵਿੱਚ।

ਸ਼ੁਰੂਆਤੀ ਦੌਰ ਵਿੱਚ ਟੈਸਟ ਪਾਜ਼ੀਟਿਵ ਹੋਣ ਦੇ ਆਸਾਰ ਵੱਧ ਹੁੰਦੇ ਹਨ। ਜਿਉਂ ਹੀ ਬੀਮਾਰੀ ਦੇ ਲੱਛਣ ਵੱਧਣ ਤਾਂ ਟੈਸਟ ਨੈਗੇਟਿਵ ਹੋ ਸਕਦਾ ਹੈ। ਬੱਚਿਆਂ ਵਿੱਚ ਆਮ ਤੌਰ ਉੱਤੇ ਟੈਸਟ ਨੈਗੇਟਿਵ ਹੁੰਦਾ ਹੈ।

ਆਮ ਹੋ ਰਿਹਾ ਟੈਸਟ, ਜੋ ਕੋਵਿਡ ਬੀਮਾਰੀ ਲਈ ਕੀਤਾ ਜਾ ਰਿਹਾ ਹੈ, ਆਰ. ਟੀ. ਪੀ. ਸੀ. ਆਰ. ਹੈ, ਜੋ ਜਿਊਂਦੇ ਅਤੇ ਮਰ ਚੁੱਕੇ ਕੋਰੋਨਾ ਵਾਇਰਸ ਵਿੱਚ ਫ਼ਰਕ ਨਹੀਂ ਦੱਸ ਸਕਦਾ। ਇਸ ਦਾ ਮਤਲਬ ਇਹ ਹੈ ਕਿ ਪਾਜ਼ੀਟਿਵ ਟੈਸਟ ਵਿੱਚ ਵੀ ਬੀਮਾਰੀ ਹੋਣ ਦਾ ਖ਼ਤਰਾ ਨਾ ਬਰਾਬਰ ਹੋ ਸਕਦਾ ਹੈ।

ਇਹੀ ਟੈਸਟ ਬੀਮਾਰੀ ਖ਼ਤਮ ਹੋ ਜਾਣ ਬਾਅਦ ਵੀ ਮਹੀਨਿਆਂ ਬੱਧੀ ਪਾਜ਼ੀਟਿਵ ਰਹਿ ਸਕਦਾ ਹੈ। ਏਸੇ ਲਈ ਦੁਬਾਰਾ ਟੈਸਟ ਕਰਵਾਉਣ ਦਾ ਬਹੁਤਾ ਫ਼ਾਇਦਾ ਨਹੀਂ ਹੁੰਦਾ ਹੈ। ਦਸ ਦਿਨਾਂ ਦੀ ਬੀਮਾਰੀ ਤੋਂ ਬਾਅਦ ਕਿਸੇ ਮਰੀਜ਼ ਕੋਲੋਂ ਹੋਰਨਾਂ ਤੱਕ ਬੀਮਾਰੀ ਫੈਲਣ ਦਾ ਖ਼ਤਰਾ ਨਾ ਬਰਾਬਰ ਹੁੰਦਾ ਹੈ।

ਬੀਮਾਰ ਮਰੀਜ਼ ਦੇ ਗਲੇ ਵਿੱਚੋਂ ਸਭ ਤੋਂ ਵੱਧ ਵਾਇਰਸ ਫੈਲਣ ਦਾ ਖ਼ਤਰਾ ਚੌਥੇ ਦਿਨ ਹੁੰਦਾ ਹੈ। ਉਸ ਤੋਂ ਬਾਅਦ ਗਲੇ ਵਿੱਚੋਂ ਫੈਲਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਮਰੀਜ਼ ਦੀ ਬਲਗਮ ਵਿੱਚ ਵਾਇਰਸ ਚੌਥੇ ਤੋਂ ਨੌਵੇਂ ਦਿਨ ਤੱਕ ਰਹਿੰਦਾ ਹੈ ਤੇ ਗਿਆਰਵੇਂ ਦਿਨ ਤੱਕ ਖ਼ਤਮ ਹੋ ਜਾਂਦਾ ਹੈ। ਟੱਟੀ ਰਾਹੀਂ ਇਹ ਵਾਇਰਸ ਤਿੰਨ ਹਫ਼ਤੇ ਤੱਕ ਬਾਹਰ ਨਿਕਲਦਾ ਰਹਿੰਦਾ ਹੈ।

ਇਸ ਦੌਰਾਨ ਜੇ ਮਰੀਜ਼ ਨੂੰ ਕੋਈ ਲੱਛਣ ਨਹੀਂ ਹੈ ਤਾਂ ਉਹ ਘਰ ਹੀ ਆਰਾਮ ਨਾਲ ਰਹਿ ਸਕਦਾ ਹੈ। ਘਰ ਅੰਦਰ ਇੱਕ ਮਰੀਜ਼ ਤੋਂ ਦੂਜੇ ਨੂੰ ਵਾਇਰਸ ਫੈਲਣ ਦਾ ਖ਼ਤਰਾ 30 ਫੀਸਦੀ ਹੈ, ਜੋ ‘ਸਾਰਸ’ ਅਤੇ ‘ਮਰਸ’ ਵਾਇਰਸ ਤੋਂ ਕਿਤੇ ਵੱਧ ਹੈ। ਇਸੇ ਲਈ ਘੱਟ ਲੱਛਣਾਂ ਵਾਲੇ ਮਰੀਜ਼ ਨੂੰ ਘਰ ਵਿੱਚ ਵੀ ਵੱਖ ਕਮਰੇ ਵਿੱਚ ਰੱਖਣਾ ਚਾਹੀਦਾ ਹੈ।

ਕੋਰੋਨਾ ਵਾਇਰਸ ਪਲਾਸਟਿਕ ਉੱਤੇ 72 ਘੰਟੇ ਜ਼ਿੰਦਾ ਰਹਿ ਜਾਂਦਾ ਹੈ, ਸਟੀਲ ਉੱਤੇ 48 ਘੰਟੇ, ਤਾਂਬੇ ਉੱਤੇ 4 ਘੰਟੇ, ਗੱਤੇ ਉੱਤੇ 24 ਘੰਟੇ ਤੇ ਨਿੱਛ ਰਾਹੀਂ ਹਵਾ ਵਿੱਚ ਤਿੰਨ ਘੰਟੇ। ਜੇ ਹਵਾ ਵਿੱਚ ਨਮੀ 40 ਫੀਸਦੀ ਹੋਵੇ ਤਾਂ 7 ਦਿਨ ਤੱਕ ਵਾਇਰਸ ਜ਼ਿੰਦਾ ਰਹਿ ਜਾਂਦਾ ਹੈ।

ਜੇ ਤਾਪਮਾਨ 22 ਡਿਗਰੀ ਸੈਂਟੀਗਰੇਡ ਹੋਵੇ ਅਤੇ ਨਮੀ 65 ਫੀਸਦੀ ਹੋਵੇ ਤਾਂ ਅਖ਼ਬਾਰੀ ਕਾਗਜ਼ ਉੱਤੇ ਤਿੰਨ ਘੰਟੇ, ਲੱਕੜ ਅਤੇ ਕੱਪੜੇ ਉੱਤੇ ਦੋ ਦਿਨ, ਸ਼ੀਸ਼ੇ ਅਤੇ ਬੈਂਕ ਦੇ ਨੋਟਾਂ ਉੱਤੇ 4 ਦਿਨ, ਪਲਾਸਟਿਕ ਅਤੇ ਸਟੀਲ ਉੱਤੇ 7 ਦਿਨ ਤੱਕ ਵਾਇਰਸ ਜ਼ਿੰਦਾ ਰਹਿ ਜਾਂਦਾ ਹੈ।

ਸਭ ਤੋਂ ਵੱਧ ਜ਼ਰੂਰੀ ਨੁਕਤਾ ਇਹ ਸਾਹਮਣੇ ਆ ਚੁੱਕਿਆ ਹੈ ਕਿ ਮਰੀਜ਼ ਦੇ ਸਰੀਰ ਅੰਦਰਲੀਆਂ ਐਂਟੀਬਾਡੀਜ਼ ਦੂਜੀ ਵਾਰ ਕੋਰੋਨਾ ਦੇ ਹੱਲੇ ਨੂੰ ਪੂਰੀ ਤਰ੍ਹਾਂ ਰੋਕਣ ਦੇ ਸਮਰੱਥ ਨਹੀਂ ਹਨ।

ਹਰਡ ਇਮਿਊਨਿਟੀ :- ਜਦੋਂ ਵੱਡੀ ਗਿਣਤੀ ਲੋਕ ਕਿਸੇ ਕਿਸਮ ਦੀ ਬੀਮਾਰੀ ਤੋਂ ਬਚ ਜਾਣ ਅਤੇ ਉਨ੍ਹਾਂ ਦੇ ਸਰੀਰ, ਉਸ ਬੀਮਾਰੀ ਵਿਰੁੱਧ ਐਂਟੀਬਾਡੀਜ਼ ਤਿਆਰ ਕਰ ਲੈਣ ਤਾਂ ਉਨ੍ਹਾਂ ਦਾ ਇਮਿਊਨ ਸਿਸਟਮ ਏਨਾ ਤਗੜਾ ਹੋ ਜਾਂਦਾ ਹੈ ਕਿ ਕੀਟਾਣੂ ਦੁਬਾਰਾ ਹੱਲਾ ਕਰ ਹੀ ਨਹੀਂ ਸਕਦੇ।

ਇਹੋ ਜਿਹਾ ਹਾਲ ਤਾਂ ਹੀ ਹੋ ਸਕਦਾ ਹੈ ਜੇ ਟੀਕਾਕਰਨ ਹੋ ਜਾਵੇ ਜਾਂ ਵੱਡੀ ਗਿਣਤੀ ਲੋਕ ਉਸ ਬੀਮਾਰੀ ਨੂੰ ਸਹੇੜ ਚੁੱਕੇ ਹੋਣ ਤੇ ਕੁਦਰਤੀ ਤੌਰ ਉੱਤੇ ਉਨ੍ਹਾਂ ਦੀ ਬੀਮਾਰੀ ਨਾਲ ਲੜਨ ਦੀ ਤਾਕਤ ਕਈ ਗੁਣਾਂ ਵੱਧ ਜਾਵੇ। ਇੰਜ ਬੀਮਾਰੀ ਹੋਰ ਫੈਲ ਨਹੀਂ ਸਕਦੀ। ਇਸੇ ਨੂੰ ਹਰਡ ਇਮਿਊਨਿਟੀ ਕਹਿੰਦੇ ਹਨ।

ਨਵਜੰਮੇਂ ਬੱਚੇ ਦਾ ਆਪਣਾ ਇਮਿਊਨ ਸਿਸਟਮ ਤਗੜਾ ਨਹੀਂ ਹੁੰਦਾ ਅਤੇ ਉਸ ਦੇ ਸਰੀਰ ਅੰਦਰ ਮਾਂ ਦੇ ਸਰੀਰ ਵੱਲੋਂ ਬਣੀਆਂ ਬਣਾਈਆਂ ਐਂਟੀਬਾਡੀਜ਼ ਪਹੁੰਚ ਜਾਂਦੀਆਂ ਹਨ ਜਿਸ ਸਦਕਾ ਟੀਕਾ ਲਾਉਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ।

ਜਦੋਂ ਦੁਨੀਆਭਰ ਵਿੱਚ ਹਰਡ ਇਮਿਊਨਿਟੀ ਹੋ ਜਾਵੇ ਤਾਂ ਉਹ ਬੀਮਾਰੀ ਹਮੇਸ਼ਾ ਲਈ ਖ਼ਤਮ ਹੋ ਜਾਂਦੀ ਹੈ ਜਿਵੇਂ ਸਮਾਲ ਪਾਕਸ (ਵੱਡੀ ਮਾਤਾ)। ਅਫ਼ਸੋਸ ਕਿ ਅੱਜ ਵੀ ਪਿੰਡਾਂ ਵਿੱਚ ਲੋਕਾਂ ਨੂੰ ਮੂਰਖ ਬਣਾ ਕੇ ਕਈ ਨੀਮ ਹਕੀਮ ਹਰ ਤਰ੍ਹਾਂ ਦੇ ਬੁਖ਼ਾਰ ਨੂੰ ਵੱਡੀ ਮਾਤਾ ਕਹਿ ਕੇ ਲੋਕਾਂ ਨੂੰ ਲੁੱਟਦੇ ਜਾ ਰਹੇ ਹਨ ਜਦਕਿ ਇਹ ਰੋਗ ਪੂਰੀ ਦੁਨੀਆ ਵਿੱਚੋਂ ਖ਼ਤਮ ਹੋ ਚੁੱਕਿਆ ਹੈ।

ਕੋਵਿਡ ਬੀਮਾਰੀ ਵਿੱਚ ਹਾਲੇ ਹਰਡ ਇਮਿਊਨਿਟੀ ਨਹੀਂ ਬਣੀ ਕਿਉਂਕਿ 60 ਫੀਸਦੀ ਲੋਕਾਂ ਵਿੱਚ ਹਾਲੇ ਇਮਿਊਨਿਟੀ ਨਹੀਂ ਹੈ ਅਤੇ ਇਹ ਤੱਥ ਵੀ ਹਾਲੇ ਖੋਜ ਅਧੀਨ ਹੈ ਕਿ ਕੋਵਿਡ ਬੀਮਾਰੀ ਤੋਂ ਬਾਅਦ ਬਣੀਆਂ ਐਂਟੀਬਾਡੀਜ਼ ਕਿੰਨਾ ਕੁ ਚਿਰ ਅਸਰਦਾਰ ਰਹਿਣਗੀਆਂ !

ਹੁਣ ਤੱਕ ਦੀਆਂ ਖੋਜਾਂ ਵਿੱਚ ਇਹ ਪਤਾ ਲੱਗਿਆ ਹੈ ਕਿ 20 ਫੀਸਦੀ ਲੋਕਾਂ ਵਿੱਚ ਬੀਮਾਰੀ ਤੋਂ ਬਾਅਦ ਐਂਟੀਬਾਡੀਜ਼, ਨਾ ਬਰਾਬਰ ਹੀ ਬਚੀਆਂ ਹਨ। ਇਸੇ ਲਈ ਹਾਲੇ ਤੱਕ ਕੋਈ ਅਸਰਦਾਰ ਟੀਕਾ ਬਣ ਨਹੀਂ ਸਕਿਆ ਅਤੇ ਹਾਲੇ ਟੈਸਟ ਹੀ ਚੱਲ ਰਹੇ ਹਨ।

ਉਪਰੋਕਤ ਸਾਰੇ ਤੱਥ ਵੱਖੋ-ਵੱਖ ਅੰਤਰਰਾਸ਼ਟਰੀ 56 ਖੋਜਾਂ ਉੱਤੇ ਆਧਾਰਿਤ ਹਨ ਜਿਨ੍ਹਾਂ ਵਿੱਚ ਬਹੁਤੀਆਂ ਚੀਨ ਅਤੇ ਜਪਾਨ ਵਿੱਚ ਹੋਈਆਂ ਹਨ, ਬਾਕੀ ਫਿਨਾਡੈਲਫੀਆ, ਇੰਗਲੈਂਡ, ਵਿਸ਼ਵ ਸਿਹਤ ਸੰਸਥਾ, ਸਿੰਗਾਪੁਰ ਆਦਿ ਵਿੱਚ ਵੀ ਹੋਈਆਂ ਹਨ ਅਤੇ ਚੋਟੀ ਦੇ ਅੰਤਰਰਾਸ਼ਟਰੀ ਰਸਾਲਿਆਂ, ਜਿਵੇਂ ਨੇਚਰ, ਲੈਨਸਟ ਤੇ ਸਾਇੰਸ ਵਿੱਚ ਛਪ ਚੁੱਕੀਆਂ ਹਨ।

ਕੋਵਿਡ ਵਿੱਚ ਇਮਿਊਨ ਸਿਸਟਮ ਦਾ ਰੋਲ :-

ਸਰੀਰ ਅੰਦਰ ਦੋ ਤਰ੍ਹਾਂ ਦੇ ਸਿਸਟਮ ਇਮਿਊਨਿਟੀ ਬਣਾਉਂਦੇ ਹਨ- ‘ਟੀ ਸੈੱਲ’ ਤੇ ‘ਬੀ ਸੈੱਲ’। ‘ਟੀ ਸੈੱਲ’ ਸਰੀਰ ਵਿਚਲੇ ਥਾਈਮਸ ਗਲੈਂਡ ਵਿੱਚ ਹੁੰਦੇ ਹਨ ਅਤੇ ਸੈੱਲਾਂ ਰਾਹੀਂ ਬੀਮਾਰੀ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ। ‘ਬੀ ਸੈੱਲ’ ਹੱਡੀਆਂ ਦੇ ਮਾਦੇ ਵਿੱਚ ਹੁੰਦੇ ਹਨ ਅਤੇ ਇਮਿਊਨਿਟੀ ਵਧਾਉਣ ਲਈ ਐਂਟੀਬਾਡੀ ਬਣਾਉਂਦੇ ਹਨ। ਇਹ ਐਂਟੀਬਾਡੀਜ਼ ‘ਆਈ. ਜੀ. ਐਮ.’ ਅਤੇ ‘ਆਈ. ਜੀ. ਜੀ.’ ਹੁੰਦੀਆਂ ਹਨ। ਬੀਮਾਰੀ ਹੋਣ ਤੋਂ 6 ਤੋਂ 15 ਦਿਨਾਂ ਅੰਦਰ ਸਰੀਰ ਵਿੱਚ ਇਹ ਤਿਆਰ ਹੋ ਜਾਂਦੀਆਂ ਹਨ। ਲਗਭਗ 12 ਤੋਂ 52 ਹਫ਼ਤਿਆਂ ਦੇ ਵਿੱਚ ਇਹ ਐਂਟੀਬਾਡੀਜ਼ ਘੱਟ ਜਾਂਦੀਆਂ ਹਨ। ‘ਸਾਰਸ ਕੋਵ ਇਕ’ ਦੀਆਂ ਐਂਟੀਬਾਡੀਜ਼ ਦੋ ਤੋਂ ਤਿੰਨ ਸਾਲ ਤੱਕ ਚੁਸਤ ਰਹਿੰਦੀਆਂ ਹਨ।

ਕੋਵਿਡ ਬੀਮਾਰੀ ਵਿੱਚ ‘ਟੀ’ ਜਾਂ ‘ਬੀ’ ਸੈੱਲ ਵਿੱਚੋਂ ਕਿਹੜੇ ਸੈੱਲ ਵੱਧ ਇਮਿਊਨਿਟੀ ਦੇ ਰਹੇ ਹਨ, ਬਾਰੇ ਖੋਜਾਂ ਜਾਰੀ ਹਨ। ਹੁਣ ਤੱਕ ਦੇ ਮਰੀਜ਼ਾਂ ਨੂੰ ਘੋਖਣ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਇਮਿਊਨਿਟੀ ਬਹੁਤੀ ਤਕੜੀ ਨਹੀਂ ਹੈ ਤੇ ਨਾ ਹੀ ਲੰਮੇ ਸਮੇਂ ਲਈ ਬਣ ਰਹੀ ਹੈ। ਇਸੇ ਲਈ ਦੁਬਾਰਾ ਕੋਵਿਡ ਦਾ ਹੱਲਾ ਹੋ ਸਕਦਾ ਹੈ।

ਕੋਵਿਡ ਤੋਂ ਬਚਣ ਲਈ ਟੀਕੇ :-

ਹੁਣ ਤੱਕ ਦੀਆਂ ਖੋਜਾਂ ਤੋਂ ਬਾਅਦ ਤਿਆਰ ਕੀਤੇ ਟੀਕੇ ਲਗਭਗ 26 ਕਿਸਮਾਂ ਦੇ ਹਨ। ਇਹ ਧਿਆਨ ਰਹੇ ਕਿ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਸਾਰਸ, ਮਰਸ ਤੇ ਜ਼ੀਕਾ ਵਾਇਰਸ; ਵਿਰੁੱਧ ਇੱਕ ਵੀ ਅਸਰਦਾਰ ਟੀਕਾ ਨਹੀਂ ਬਣ ਸਕਿਆ ਹੈ।

ਮੌਜੂਦਾ ਖੋਜਾਂ ਵਿਚਲੇ ਟੀਕੇ :-

  1. ਆਕਸਫੋਰਡ ਵੱਲੋਂ ਤਿਆਰ ਹੋਇਆ ਟੀਕਾ-ਕੋਵੀ ਸ਼ੀਲਡ ਜੋ ਲਗਭਗ 1000 ਰੁਪਏ ਦਾ ਹੈ।
  2. ਕੋਵੈਕਸਿਨ :- ਭਾਰਤ ਵੱਲੋਂ ਤਿਆਰ ਕੀਤਾ ਟੀਕਾ ਹੈ।
  3. ਮੌਡਰਨਾ ਟੀਕਾ-ਅਮਰੀਕਾ ਵੱਲੋਂ ਤਿਆਰ ਹੋਇਆ, ਜੋ ਆਰ. ਐਨ. ਏ., ਵਾਇਰਸ ਉੱਤੇ ਆਧਾਰਿਤ ਹੈ।
  4. ਸਾਈਨੋਵੈਕ (ਚੀਨ)-ਇਸ ਦੀਆਂ ਸਭ ਤੋਂ ਵੱਧ ਖੋਜਾਂ ਹੋ ਚੁੱਕੀਆਂ ਹਨ।
  5. ਬਾਇਓ ਐਨ. ਟੈਕ. (ਜਰਮਨੀ)- ਆਰ. ਐਨ. ਏ. ਉੱਤੇ ਆਧਾਰਿਤ ਹੈ।
  6. ਇਨੋਵੀਓ ਟੀਕਾ- ਡੀ. ਐਨ. ਏ. ਉੱਤੇ ਆਧਾਰਿਤ ਹੈ।
  7. ਸਾਈਨੋਫਾਰਮ- (ਬੀਜਿੰਗ ਇਨਸਟੀਚਿਊਟ)।
  8. ਕੈਨਸੀਨੋ – (ਬੀਜਿੰਗ ਇਨਸਟੀਚਿਊਟ)।
  9. ਆਈ. ਐਨ. ਓ. 4800
  10. ਇੰਮਪੀਰੀਅਲ ਕਾਲਜ ਲੰਡਨ ਵੱਲੋਂ ਤਿਆਰ ਕੀਤਾ ਟੀਕਾ ਹੈ। ਇਨ੍ਹਾਂ ਤੋਂ ਇਲਾਵਾ ਵੀ ਕਈ ਹੋਰ ਤਰ੍ਹਾਂ ਦੇ ਟੀਕੇ ਈਜਾਦ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਟੈਸਟ ਹਾਲੇ ਜਾਰੀ ਹਨ। ਲੋਕਾਂ ਨੂੰ ਇਹ ਟੀਕੇ ਲਾ ਕੇ ਉਨ੍ਹਾਂ ਵਿੱਚ ਟੀਕਿਆਂ ਦੇ ਮਾੜੇ ਅਸਰ, ਚੰਗੇ ਅਸਰ, ਐਂਟੀਬਾਡੀ ਕਿੰਨੀ ਦੇਰ ਵਿੱਚ ਬਣਨ ਅਤੇ ਟਿਕਣ, ਬੀਮਾਰੀ ਤੋਂ ਬਚਣ ਦਾ ਕਿੰਨਾ ਅਸਰ ਆਦਿ ਵੇਖੇ ਜਾ ਰਹੇ ਹਨ।

ਲਗਭਗ 140 ਤੋਂ ਵੱਧ ਟੀਕੇ ਹਾਲੇ ਹੋਰ ਤਿਆਰ ਹੋ ਰਹੇ ਹਨ। ਪਹਿਲੇ ਆ ਚੁੱਕਿਆਂ ਵਿੱਚੋਂ 19 ਕਿਸਮਾਂ ਦੀ ਹਾਲੇ ਪਹਿਲੇ ਚਰਨ ਦੀ ਟੈਸਟਿੰਗ ਚੱਲ ਰਹੀ ਹੈ, ਜੋ ਤਿੰਨ ਚਰਨ ਤੱਕ ਚੱਲਣੀ ਹੁੰਦੀ ਹੈ। ਹੁਣ ਤੱਕ 13 ਕਿਸਮਾਂ ਦੇ ਟੀਕੇ ਚਰਨ ਦੋ ਤੱਕ ਪਹੁੰਚ ਚੁੱਕੇ ਹਨ ਤੇ 4 ਤਰ੍ਹਾਂ ਦੇ ਤੀਜੇ ਚਰਨ ਵਿੱਚ ਹਨ। ਚੀਨ ਦੀ ਫ਼ੌਜ ਵੱਲੋਂ ਬਣਿਆ ਟੀਕਾ- ‘ਕੈਨ ਸਾਈਨੋ’ ਹੀ ਹਾਲੇ ਤੱਕ ਦੁਨੀਆ ਦਾ ਪਹਿਲਾ ਟੀਕਾ ਹੈ, ਜੋ ਸਾਰੀ ਚੀਨੀ ਫ਼ੌਜ ਨੂੰ ਲਾਇਆ ਜਾਣ ਲੱਗ ਪਿਆ ਹੈ, ਪਰ ਇਸ ਦੇ ਲੰਮੇ ਸਮੇਂ ਤੱਕ ਕੀ ਅਸਰ ਲੱਭਦੇ ਹਨ, ਇਸ ਬਾਰੇ ਹਾਲੇ ਤੱਕ ਪਤਾ ਨਹੀਂ ਹੈ।

ਹੁਣ ਤੱਕ ਦੇ ਬਣੇ ਟੀਕੇ; ਕੋਰੋਨਾ ਵਾਇਰਸ ਦੇ ਵੱਖੋ-ਵੱਖਰੇ ਹਿੱਸਿਆਂ ਵਿਰੁੱਧ ਬਣਾਏ ਗਏ ਹਨ। ਕੁੱਝ ਆਰ. ਐਨ. ਏ. ਅਤੇ ਕੁੱਝ ਡੀ. ਐਨ. ਏ. ਉੱਤੇ ਆਧਾਰਿਤ ਹਨ, ਕੁੱਝ ਵਾਇਰਸ ਨੂੰ ਅਧਮਰਿਆ ਕਰ ਕੇ ਤੇ ਕੁੱਝ ਵਾਇਰਸ ਨੂੰ ਕਮਜ਼ੋਰ ਕਰ ਕੇ ਬਣਾਏ ਗਏ ਹਨ। ਅਸਟ੍ਰੇਲੀਆ ਵਿੱਚ ਬੀ. ਸੀ. ਜੀ. ਦੇ ਟੀਕੇ ਦਾ ਹੀ ਅਸਰ ਕੋਰੋਨਾ ਉੱਤੇ ਘੋਖਿਆ ਜਾ ਰਿਹਾ ਹੈ।

ਅਮਰੀਕਾ ਦੀ ਬੈਟ ਕੰਪਨੀ ਨੇ ਤਮਾਕੂ ਵਿੱਚ ਮਿਲਾ ਕੇ ਟੀਕਾ ਬਣਾਉਣਾ ਸ਼ੁਰੂ ਕੀਤਾ ਹੈ। ਖੋਜ ਅਧੀਨ ਇੱਕ ਹੋਰ ਟੀਕਾ ਹੈ, ਜੋ ਸੂਈ ਰਾਹੀਂ ਲਾਉਣ ਦੀ ਥਾਂ; ਬੂੰਦਾਂ ਰਾਹੀਂ ਪਿਆਇਆ ਜਾ ਸਕੇਗਾ। ਇਸ ਦਾ ਨਾਂ ‘ਵੈਕਸਾਰਟ’ ਹੈ।

ਜਾਨਸਨ ਐਂਡ ਜਾਨਸਨ ਕੰਪਨੀ ਇਜ਼ਰਾਈਲ ਵਿੱਚ ਐਡੀਨੋ ਵਾਇਰਸ ਵਰਤ ਕੇ ਕੋਰੋਨਾ ਵਿਰੁੱਧ ਟੀਕਾ ਤਿਆਰ ਕਰ ਰਹੀ ਹੈ। ਇਸ ਤੋਂ ਪਹਿਲਾਂ ਇਹੀ ਢੰਗ ਵਰਤ ਕੇ ਉਹ ਈਬੋਲਾ ਵਾਇਰਸ ਵਿਰੁੱਧ ਵੀ ਟੀਕਾ ਬਣਾ ਚੁੱਕੇ ਹਨ।

ਉਮੀਦ ਹੈ ਕਿ ਇੱਕ ਸਾਲ ਦੇ ਅੰਦਰ-ਅੰਦਰ ਕਈ ਤਰ੍ਹਾਂ ਦੇ ਟੀਕੇ ਬਜ਼ਾਰ ਵਿੱਚ ਆ ਜਾਣਗੇ, ਪਰ ਹਾਲੇ ਤੱਕ ਇਹ ਪਤਾ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕਿੰਨਿਆਂ ਦਾ ਅਸਰ ਕਿੰਨੇ ਲੰਬੇ ਸਮੇਂ ਤੱਕ ਰਹੇਗਾ ਕਿਉਂਕਿ ਫਲੂ ਦਾ ਟੀਕਾ ਹਰ ਸਾਲ ਲਵਾਉਣਾ ਪੈਂਦਾ ਹੈ ਤੇ ਉਹ ਵਾਇਰਸ ਸ਼ਕਲ ਤਬਦੀਲ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਕੋਰੋਨਾ ਕੀ ਰੰਗ ਵਿਖਾਏਗੀ, ਆਉਣ ਵਾਲਾ ਸਮਾਂ ਹੀ ਦੱਸੇਗਾ।

ਇਸ ਵੇਲੇ ਸਿਆਸੀ ਗਲਿਆਰਿਆਂ ਵਿੱਚ ਕੋਰੋਨੇ ਦਾ ਭੈਅ ਚਰਮ ਸੀਮਾ ਉੱਤੇ ਹੈ ਅਤੇ ਉਹ ਲੋਕ ਭਲਾਈ ਦੇ ਕੰਮ-ਕਾਰ ਤੋਂ ਭੱਜ ਕੇ ਏ. ਸੀ. ਘੁਰਨਿਆਂ ਦੇ ਵਿੱਚ ਦਫ਼ਨ ਹੋ ਚੁੱਕੇ ਹਨ। ਦੂਜੇ ਪਾਸੇ ‘ਕੋਰੋਨਾ ਵਾਰੀਅਰਜ਼’ ਉੱਤੇ ਵਾਧੂ ਭਾਰ ਪਾਉਣ ਦੇ ਨਾਲ-ਨਾਲ ਤਨਖ਼ਾਹਾਂ ਨਾ ਮਿਲਣੀਆਂ ਅਤੇ ਹਿੰਸਾ ਦਾ ਸ਼ਿਕਾਰ ਹੋ ਜਾਣ ਸਦਕਾ ਭਾਰੀ ਨਿਰਾਸ਼ਾ ਵੇਖਣ ਵਿੱਚ ਆ ਰਹੀ ਹੈ। ਰੱਬ ਹੀ ਰਾਖਾ ਆਉਣ ਵਾਲੇ ਸਮੇਂ ਦਾ !