ਕਿਤਿਓਂ ਰਾਵਣ ਨੂੰ ਹੀ ਲੱਭ ਲਿਆਓ

0
319

ਕਿਤਿਓਂ ਰਾਵਣ ਨੂੰ ਹੀ ਲੱਭ ਲਿਆਓ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਰਾਵਣ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਸ ਨੇ ਸੀਤਾ ਨੂੰ ਚੁੱਕਿਆ ਅਤੇ ਕੈਦ ਕਰ ਕੇ ਰੱਖਿਆ। ਕੈਦ ਵਿੱਚ ਵੀ ਸੀਤਾ ਦੀ ਮਾਨ ਮਰਿਆਦਾ ਦਾ ਖ਼ਿਆਲ ਰੱਖਦਿਆਂ ਉਸ ਦੀ ਮਰਜ਼ੀ ਤੋਂ ਬਗ਼ੈਰ ਉਸ ਨੂੰ ਹੱਥ ਵੀ ਨਹੀਂ ਲਾਇਆ।

ਦੂਜੇ ਪਾਸੇ ਪਤੀ ਭਗਵਾਨ ਰਾਮ ਵੱਲੋਂ ਇੱਕ ਧੋਬੀ ਦੇ ਕਹਿਣ ਉੱਤੇ ਸੀਤਾ ਨੂੰ ਅਗਨ ਪ੍ਰੀਖਿਆ ਵੱਲ ਧੱਕ ਦਿੱਤਾ ਗਿਆ। ਵੱਡੀ ਗਿਣਤੀ ਭਾਰਤੀ ਮਰਦ ਆਪਣੇ ਆਪ ਨੂੰ ਰਾਮ ਭਗਤ ਮੰਨਦਿਆਂ ਸਿਰਫ਼ ਇਹੀ ਇੱਕ ਨੁਕਤਾ ਯਾਦ ਰੱਖ ਕੇ ਆਪਣੀ ਪਤਨੀ ਕੋਲੋਂ ‘ਜੀ ਹਜ਼ੂਰੀ’ ਤਾਂ ਕਰਵਾਉਂਦੇ ਹੀ ਹਨ, ਆਪਣੀ ਚੌਧਰ ਵੀ ਮਰਦ ਪ੍ਰਧਾਨ ਸਮਾਜ ਵਿੱਚ ਜਤਾਉਂਦੇ ਹਨ, ਪਰ ਪਤਨੀ ਦੀ ਗ਼ਲਤੀ ਹੋਵੇ ਜਾਂ ਨਾ, ਸ਼ੱਕ ਦੇ ਆਧਾਰ ਉੱਤੇ ਹੀ ਉਸ ਵਿੱਚ ਕਸੂਰ ਕੱਢ ਕੇ ਅਗਨ ਪ੍ਰੀਖਿਆ ਲਈ ਸਮਾਜ ਦੇ ਹਵਾਲੇ ਕਰ ਦਿੰਦੇ ਹਨ। ਸਮਾਜ ਵੀ ਬੇਰਹਿਮ ਧੋਬੀ ਵਾਂਗ 100 ਫੀਸਦੀ ਗ਼ਲਤੀ ਔਰਤ ਦੀ ਹੀ ਕੱਢਦਾ ਹੈ ਭਾਵੇਂ ਬਾਲੜੀ ਦਾ ਹੀ ਬਲਾਤਕਾਰ ਕਿਉਂ ਨਾ ਹੋ ਗਿਆ ਹੋਵੇ।

ਇਹੀ ਕਾਰਨ ਹੈ ਕਿ ਮਰਦ ਪ੍ਰਧਾਨ ਸਮਾਜ ਔਰਤ ਨੂੰ ਹੋਰ ਦਬਾਉਂਦਾ, ਸੀਤਾ ਵਾਂਗ ਉਸ ਨੂੰ ਸਭ ਕੁੱਝ ਸਹਿ ਜਾਣ ਉੱਤੇ ਮਜਬੂਰ ਕਰਦਾ ਹੋਇਆ ਔਰਤ ਜਾਤ ਉੱਤੇ ਵੱਧ ਜ਼ੁਲਮ ਕਰਦਾ ਆ ਰਿਹਾ ਹੈ।

ਕੀ ਕਦੇ ਕਿਸੇ ਨੇ ਔਰਤ ਨੂੰ ਪੁੱਛਣਾ ਚਾਹਿਆ ਹੈ ਕਿ ਉਸ ਵਿੱਚ ਰਾਮ ਦੀ ਪੂਜਾ ਕਰਨ ਵਾਲੇ ਦੀ ਸ਼ਰਨ ਵਿੱਚ ਘਰੇਲੂ ਹਿੰਸਾ, ਬਲਾਤਕਾਰ ਜਾਂ ਲਗਾਤਾਰ ਮਾਰ ਕੁਟਾਈ ਸਹਿਣ ਦੀ ਹੋਰ ਹਿੰਮਤ ਬਚੀ ਹੈ ਜਾਂ ਉਹ ਰਾਵਣ ਵਰਗੇ ਕੋਲ ਸੁਰੱਖਿਅਤ ਮਹਿਸੂਸ ਕਰਦੀ ਹੈ ਜਿੱਥੇ ਉਸ ਦੇ ਅਰਮਾਨਾਂ ਦਾ ਸੰਘ ਨਹੀਂ ਘੋਟਿਆ ਜਾਂਦਾ ਅਤੇ ਉਸ ਦੀਆਂ ਇੱਛਾਵਾਂ ਵਿਰੁੱਧ ਕੁੱਝ ਵੀ ਨਹੀਂ ਕੀਤਾ ਜਾਂਦਾ ? ਮੇਰੇ ਇਨ੍ਹਾਂ ਕੌੜੇ ਸ਼ਬਦਾਂ ਪਿੱਛੇ ਕਾਰਨ ਕੀ ਹੈ, ਉਹ ਅਗਲੀ ਖ਼ਬਰ ਪੜ੍ਹਨ ਬਾਅਦ ਸੌਖਿਆਂ ਸਮਝ ਆ ਜਾਵੇਗੀ।

ਘਟਨਾ ਤਹਿਜ਼ੀਬ ਵਾਲਿਆਂ ਦੇ ਸੂਬੇ ਲਖਨਊ ਦੀ ਹੈ, ਜਿੱਥੇ ‘ਪਹਿਲੇ ਆਪ’ ‘ਪਹਿਲੇ ਆਪ’ ਕਰਦਿਆਂ ਲੋਕਾਂ ਦੇ ਮੂੰਹ ਸੁੱਕ ਜਾਂਦੇ ਹਨ। ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਪੁਲਿਸ ਵਾਲਿਆਂ ਨੇ ਦੋ ਬੰਦਿਆਂ ਨੂੰ ਥਾਣੇ ਵਿੱਚ ਫੜ ਕੇ ਰੱਖਿਆ। ਕਾਰਨ  ? ਉਨ੍ਹਾਂ ਨੇ ਇੱਕ 13 ਸਾਲਾਂ ਦੀ ਬੱਚੀ ਨੂੰ ਸਵੇਰੇ ਖੇਤਾਂ ਵਿੱਚ ਜਾਂਦੀ ਨੂੰ ਘੇਰ ਲਿਆ ਤੇ ਸਮੂਹਕ ਬਲਾਤਕਾਰ ਕੀਤਾ। ਜਦੋਂ ਬੱਚੀ ਨੇ ਚੀਕਣਾ ਚਾਹਿਆ ਤਾਂ ਉਸ ਦਾ ਗਲ਼ਾ ਘੁੱਟ ਦਿੱਤਾ। ਫੇਰ ਵੀ ਉਸ ਦੀ ਹਲਕੀ ਆਵਾਜ਼ ਨਿਕਲਣੀ ਬੰਦ ਨਾ ਹੋਈ ਤਾਂ ਤੇਜ਼ਧਾਰ ਹਥਿਆਰ ਨਾਲ ਜ਼ਬਾਨ ਵੱਢ ਦਿੱਤੀ। ਲਹੂ ਦੀਆਂ ਧਤੀਰੀਆਂ ਨਿਕਲ ਪਈਆਂ। ਆਵਾਜ਼ ਬੰਦ ਹੋ ਗਈ ਤਾਂ ਦੁਬਾਰਾ ਜਬਰਜ਼ਨਾਹ ਕੀਤਾ। ਉਸ ਦੀਆਂ ਹੰਝੂ ਕੇਰਦੀਆਂ ਅੱਖਾਂ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀਆਂ। ਇਸ ਲਈ ਚਾਕੂ ਨਾਲ ਦੋਵੇਂ ਅੱਖਾਂ ਵੀ ਕੱਢ ਦਿੱਤੀਆਂ। ਜਦੋਂ ਰੱਜ ਪੈ ਗਿਆ ਤਾਂ ਗਲ਼ਾ ਘੁੱਟ ਕੇ ਮਾਰ ਮੁਕਾ ਦਿੱਤਾ ਤੇ ਨਿਰਬਸਤਰ ਲਾਸ਼ ਨੂੰ ਗੰਨੇ ਦੇ ਖੇਤ ਵਿੱਚ ਸੁੱਟ ਕੇ ਮੁੱਛਾਂ ਨੂੰ ਤਾਅ ਦਿੰਦੇ ਭੱਜ ਗਏ।

ਜਦੋਂ ਦੁਪਿਹਰ ਤੱਕ ਬੱਚੀ ਨਾ ਮੁੜੀ ਤਾਂ ਪਿਤਾ ਦੀ ਸ਼ਿਕਾਇਤ ਉੱਤੇ ਡੀ. ਐਸ. ਪੀ. ਅਭਿਸ਼ੇਕ ਪ੍ਰਤਾਪ ਨੇ ਇਨ੍ਹਾਂ ਦੋਵਾਂ ਨੂੰ ਫੜ ਲਿਆ। ਹਦ ਤਾਂ ਇਹ ਹੈ ਕਿ ਆਜ਼ਾਦੀ ਦੇ ਜਸ਼ਨਾਂ ਤੋਂ ਇੱਕ ਦਿਨ ਪਹਿਲਾਂ ਯਾਨੀ 14 ਅਗਸਤ 2020 ਦੀ ਇਸ ਘਟਨਾ ਵਿੱਚ ਦਲਿਤ ਨਾਬਾਲਗ ਬੱਚੀ ਨਾਲ ਹੋਈ ਦਰਿੰਦਗੀ ਬਾਰੇ ਮਰਿਆਦਾ ਪੁਰਸ਼ ਭਗਵਾਨ ਰਾਮ ਨੂੰ ਮੰਨਣ ਵਾਲੇ ਇਸ ਮੁਲਕ ਵਿੱਚ ਹਾਹਾਕਾਰ ਕਿਉਂ ਨਹੀਂ ਮਚੀ ? ਕੀ ਉਹ ਨਾਬਾਲਗ ਬੱਚੀ ਦੇ ਨੁਕਸ ਲੱਭਣ ਵਿੱਚ ਸਮਾਂ ਲਾ ਰਹੇ ਹਨ ? ਉਹ ਇਕੱਲੀ ਖੇਤ ਵਿੱਚ ਕਿਉਂ ਗਈ ? ਉਹ ਦਲਿਤ ਸੀ ! ਉਸ ਦਾ ਸੂਟ ਘਸਿਆ ਹੋਇਆ ਕਿਉਂ ਸੀ ? ਉਹ ਚੀਕੀ ਕਿਉਂ ? ਉਸ ਨੇ ਬਲਾਤਕਾਰ ਵਿੱਚ ਮਜ਼ਾ ਕਿਉਂ ਨਾ ਲਿਆ ? ਅੱਖਾਂ ’ਚੋਂ ਹੰਝੂ ਕਿਉਂ ਡੇਗੇ ? ਹਾਲੇ ਹੋਰ ਬਥੇਰੇ ਸਵਾਲਾਂ ਦੇ ਜਵਾਬ ਬਾਕੀ ਹਨ, ਇਸੇ ਲਈ ਲੋਕਾਂ ਨੇ ਚੁੱਪ ਚੁਪੀਤੇ ਖ਼ਬਰ ਪੜ੍ਹ ਕੇ ਪਾਸੇ ਰੱਖ ਦਿੱਤੀ ਤੇ ਆਜ਼ਾਦੀ ਦੇ ਜਸ਼ਨਾਂ ਵਿੱਚ ਰੁੱਝ ਗਏ।

ਕੀ ਹੁਣ ਮਰਿਆਦਾ ਪੁਰਸ਼ ਨੂੰ ਮੰਨਣ ਵਾਲੇ ਨਾਬਾਲਗ ਬੱਚੀਆਂ ਦੇ ਉਧਾਲੇ ਤੇ ਕਤਲ ਨੂੰ ਜਾਇਜ਼ ਕਰਾਰ ਦੇਣਗੇ ? ਕੀ ਦਲਿਤ ਹੋਣਾ ਏਨਾ ਭਾਰੀ ਗੁਨਾਹ ਹੈ ਕਿ ਮੰਦਰ ਵਿੱਚ ਤਾਂ ਵੜਨ ਦੀ ਇਜਾਜ਼ਤ ਨਹੀਂ ਜਿੱਥੇ ਰੱਬ ਵੱਸਦਾ ਹੈ, ਪਰ ਉਸੇ ਦਲਿਤ ਦੀ ਇੱਜ਼ਤ ਤਾਰ-ਤਾਰ ਕਰਨ ਲੱਗਿਆਂ ਉੱਚੀ ਜਾਤ ਅੜਿੱਕਾ ਨਹੀਂ ਬਣਦੀ ? ਉਦੋਂ ਧਰਮ ਭ੍ਰਿਸ਼ਟ ਕਿਉਂ ਨਹੀਂ ਹੁੰਦਾ ? ਕਿਉਂ ਉੱਚੀ ਜਾਤ ਵਾਲੇ ਦਲਿਤ ਬੱਚੀ ਦਾ ਸਰੀਰ ਹੰਢਾਉਣ ਲੱਗਿਆਂ ਭਿੱਟ ਨਹੀਂ ਜਾਂਦੇ ? ਕੀ ਅਜਿਹੀ ਬੱਚੀ ਲਈ ਰਾਵਣ ਵਧੇਰੇ ਚੰਗਾ ਨਹੀਂ ਹੋਵੇਗਾ ਜੋ ਉਸ ਦੀ ਇੱਜ਼ਤ ਉੱਤੇ ਕਦੇ ਹੱਥ ਨਾ ਪਾਵੇ ?

ਹੁਣ ਇੱਕ ਹੋਰ ਖ਼ਬਰ ਵੱਲ ਧਿਆਨ ਕਰਿਓ। ਪੰਜਾਬ ਕੇਸਰੀ ਟੈਲੀਵਿਜ਼ਨ ਵਿੱਚ ਰਿਪੋਰਟ ਕੀਤੀ ਗਈ ਇਹ ਘਟਨਾ ਅਜਿਹੀ ਹੈ ਜਿਸ ਤੋਂ ਬਾਅਦ ਬਹੁਤਾ ਕੁੱਝ ਦੱਸਣ ਨੂੰ ਰਹਿ ਨਹੀਂ ਜਾਂਦਾ। ਗੱਲ ਦਿੱਲੀ ਦੀਆਂ ਉਨ੍ਹਾਂ ਗਲੀਆਂ ਦੀ ਹੈ ਜਿਨ੍ਹਾਂ ਨੇ ਨਿਹੱਥੇ ਸਿੱਖਾਂ ਉੱਤੇ ਦੰਗਾਈਆਂ ਵੱਲੋਂ ਕੀਤੇ ਹੱਲੇ ਵੇਖੇ ਅਤੇ ਅਨੇਕ ਸਿੱਖ ਬੱਚੀਆਂ ਦੇ ਸਮੂਹਕ ਬਲਾਤਕਾਰ ਹੁੰਦੇ ਵੇਖੇ। ਭਾਰਤ ਦੀ ‘ਰੇਪ ਕੈਪੀਟਲ’ ਵਜੋਂ ਜਾਣੀ ਜਾਂਦੀ ਦਿੱਲੀ ਦੀ ਗੀਤਾ ਕਲੋਨੀ ਵਿੱਚ ਇੱਕ ਨਾਬਾਲਗ ਬੱਚੀ ਨੂੰ ਪੁਲ ਹੇਠਾਂ ਨਿਰਬਸਤਰ ਖੜ੍ਹੀ ਨੂੰ ਵੇਖ ਕੇ ਇੱਕ ਸਿੱਖ ਨੌਜਵਾਨ ਸੁਰਿੰਦਰ ਸਿੰਘ, ਜੋ ਸਾਈਕਲ ਉੱਤੇ ਲੰਘਦਾ ਜਾ ਰਿਹਾ ਸੀ, ਰੁੱਕ ਗਿਆ। ਬੱਚੀ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਹੇਠਾਂ ਆਉਣ ਦਾ ਇਸ਼ਾਰਾ ਕੀਤਾ। ਜਿਉਂ ਹੀ ਸੁਰਿੰਦਰ ਸਿੰਘ ਪੁਲ ਦੇ ਹੇਠਾਂ ਉਤਰਿਆ ਤਾਂ ਚਾਰ ਮੁਸ਼ਟੰਡੇ ‘ਓਏ ਸਿਖੜੇ ਯੇ ਹਮਾਰਾ ਸ਼ਿਕਾਰ ਹੈ’ ਕਹਿ ਕੇ ਉਸ ਉੱਪਰ ਟੁੱਟ ਕੇ ਪੈ ਗਏ। ਸਭ ਨੂੰ ਘਸੁੰਨ ਮਾਰ ਪਰ੍ਹਾਂ ਕਰ ਸਭ ਤੋਂ ਪਹਿਲਾਂ ਉਸ ਨੇ ਬੱਚੀ ਨੂੰ ਆਪਣੀ ਕਮੀਜ਼ ਪਾਉਣ ਨੂੰ ਫੜਾ ਦਿੱਤੀ। ਫੇਰ ਪੁਲਿਸ ਨੂੰ ਬੁਲਾਇਆ। ਦੋ ਪੁਲਿਸ ਵਾਲੇ ਪਹੁੰਚੇ ਤਾਂ ਪਰ੍ਹਾਂ ਕਮਰੇ ਅੰਦਰੋਂ ਆਵਾਜ਼ਾਂ ਆ ਰਹੀਆਂ ਸਨ। ਪੁਲਿਸ ਵਾਲੇ ਡਰ ਕੇ ਪਿਛਾਂਹ ਹੋ ਗਏ ਕਿ ਰਾਈਫਲ ਲੈ ਕੇ ਆਵਾਂਗੇ, ਪਰ ਸੁਰਿੰਦਰ ਸਿੰਘ ਨੇ ਡਾਂਗ ਚੁੱਕ ਕੇ ਕਮਰੇ ਅੰਦਰ ਹੱਲਾ ਬੋਲ ਕੇ ਦੋ ਹੋਰ ਲੁਕੇ ਹੋਏ ਬਲਾਤਕਾਰੀਆਂ ਨੂੰ ਫੜ ਲਿਆ। ਫੇਰ ਪੀ. ਸੀ. ਆਰ. ਵੈਨ ਰਾਹੀਂ ਬੱਚੀ ਨੂੰ ਪਹਿਲਾਂ ਘਰ ਪਹੁੰਚਾਇਆ, ਫੇਰ ਸੁਰਿੰਦਰ ਸਿੰਘ ਆਪ ਮੁੜਿਆ।

ਇਹ ਖ਼ਬਰ ਸੁਣ ਕੇ ਦੋ ਗੱਲਾਂ ਇਤਿਹਾਸ ਵਿੱਚੋਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਪਹਿਲੀ ਕਾਬਲ, ਇਰਾਨ ਤੇ ਬਸਰੇ ਵੱਲੋਂ ਆਏ ਹਮਲਾਵਰਾਂ ਵੱਲੋਂ ਹਿੰਦੂ ਧੀਆਂ ਨੂੰ ਚੁੱਕ ਕੇ ਲਿਜਾਉਣ ਲੱਗਿਆਂ ਉਸ ਸਮੇਂ ਦੀਆਂ ਕੂਕਾਂ ਜੋ ਦਰਜ ਹਨ-‘ਮੋੜੀਂ ਬਾਬਾ ਕੱਛ ਵਾਲਿਆ, ਰੰਨ ਬਸਰੇ ਨੂੰ ਗਈ’ ਰਾਹੀਂ ਬੇਟੀਆਂ ਸਿੱਖਾਂ ਅੱਗੇ ਹਾੜੇ ਕੱਢਦੀਆਂ ਸਨ ਕਿ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਓ। ਸਿੱਖ ਅੱਗੇ ਆਏ ਤੇ ਉਨ੍ਹਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵੀ ਵਾਰੀਆਂ। ਦੂਜੀ ਇਤਿਹਾਸਕ ਗੱਲ ਇਹ ਹੈ ਕਿ ਏਸੇ ਦਿੱਲੀ ਵਿੱਚ ਸਿੱਖਾਂ ਦੀਆਂ ਧੀਆਂ ਦੀ ਪੱਤ ਰੋਲਣ ਲਈ ਦੰਗਾਈ ‘ਹਰ ਹਰ ਮਹਾਂਦੇਵ’ ਦੇ ਨਾਅਰੇ ਲਾਉਂਦਿਆਂ ਇਹ ਵੀ ਚੀਕਦੇ ਰਹੇ-‘ਫੂਕ ਦੋ ਸਰਦਾਰੋਂ ਕੋ, ਦੇਸ ਕੇ ਗਦਾਰੋਂ ਕੋ।’’

ਮੈਂ ਇਸ ਲੇਖ ਰਾਹੀਂ ਕੋਈ ਧਾਰਮਿਕ ਪਾੜ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਬੜੀ ਡੂੰਘੀ ਸਾਜ਼ਸ਼ ਬਾਰੇ ਚੇਤੰਨ ਕਰ ਰਹੀ ਹਾਂ। ਆਮ ਲੋਕਾਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਲਈ ਧਾਰਮਿਕ ਭਾਵਨਾਵਾਂ ਉਜਾਗਰ ਕਰ ਕੇ ਗੁੰਡੇ ਕਿਸੇ ਧਰਮ ਨੂੰ ਮੰਨਣ ਵਾਲਿਆਂ ਦੀਆਂ ਧੀਆਂ ਨੂੰ ਬਖ਼ਸ਼ ਨਹੀਂ ਰਹੇ। ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਧਰਮ ਕਦੇ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਦੀ ਗੱਲ ਨਹੀਂ ਕਰਦੇ।

ਪੱਤ ਲੁੱਟਣ ਵਾਲੇ ‘ਹਰ ਹਰ ਮਹਾਂਦੇਵ’ ਜਾਂ ‘ਅੱਲਾ ਹੂ ਅਕਬਰ’ ਦੇ ਨਾਅਰੇ ਲਾ ਕੇ ਸਿਰਫ਼ ਆਮ ਲੋਕਾਂ ਵਿੱਚ ਧਾਰਮਿਕ ਪਾੜ ਪਾ ਕੇ, ਲੋਕਾਂ ਦੇ ਮਨਾਂ ਵਿੱਚ ਦੂਰੀਆਂ ਵਧਾ ਕੇ, ਕਿਸੇ ਦੀ ਵੀ ਧੀ ਦੀ ਪਤ ਰੋਲ ਕੇ ਹੋਰ ਸ਼ਿਕਾਰ ਭਾਲਣ ਵਿੱਚ ਜੁਟ ਜਾਂਦੇ ਹਨ। ਇਨ੍ਹਾਂ ਗੁੰਡਾ ਅਨਸਰਾਂ ਦਾ ਧਰਮ ਨਾਲ ਦੂਰ-ਦੂਰ ਤੱਕ ਕੋਈ ਨਾਤਾ ਨਹੀਂ ਹੁੰਦਾ।

ਸਿੱਖ ਧਰਮ ਵਿੱਚ ਦੂਜਿਆਂ ਦੀਆਂ ਧੀਆਂ-ਭੈਣਾਂ ਦੀ ਪਤ ਬਚਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਧੀਆਂ-ਭੈਣਾਂ ਵਾਂਗ ਸਮਝਣ ਬਾਰੇ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਕਿਸੇ ਵੀ ਮੁਲਕ ਦੀ ਧੀ, ਕਿਸੇ ਦਸਤਾਰਧਾਰੀ ਕੋਲ ਇਕੱਲੀ ਖੜੀ ਸੁਰੱਖਿਅਤ ਮਹਿਸੂਸ ਕਰਦੀ ਹੈ। ਆਮ ਹਿੰਦੂ ਟੱਬਰ ਵੀ ਸਿੱਖਾਂ ਨੂੰ ਵੱਢਣ ਨੂੰ ਨਹੀਂ ਫਿਰਦੇ। ਪੰਜਾਬੀ ਮੁਸਲਮਾਨ ਵੀ ਸਿੱਖਾਂ ਦਾ ਪਾਕਿਸਤਾਨ ਵਿੱਚ ਦਿਲ ਖੋਲ੍ਹ ਕੇ ਸੁਆਗਤ ਕਰਦੇ ਹਨ।

ਸਿਆਸਤਦਾਨਾਂ ਦੇ ਪਾਲੇ ਗੁੰਡੇ ਅਨਸਰਾਂ ਤੋਂ ਅਸੀਂ ਕਦੇ ਤਾਂ ਬਚ ਕੇ ਆਪੋ ਵਿਚਲਾ ਪਿਆਰ ਬਹਾਲ ਕਰਾਂਗੇ। ਸਾਂਝੇ ਹੋ ਕੇ, ਹਿੰਦੂ, ਸਿੱਖ, ਮੁਸਲਮਾਨ ਦਾ ਵਿਤਕਰਾ ਛੱਡ ਕੇ ਸਾਂਝੀਆਂ ਧੀਆਂ-ਭੈਣਾਂ ਮੰਨ ਕੇ ਰਹਾਂਗੇ ਤਾਂ ਇਨ੍ਹਾਂ ਗੁੰਡਾ ਅਨਸਰਾਂ ਦੀ ਜੁਅਰਤ ਨਹੀਂ ਹੋਵੇਗੀ ਕਿ ਸਾਡੀਆਂ ਧੀਆਂ ਵੱਲ ਝਾਕ ਸਕਣ।

ਮੈਂ ਸ਼ੁਰੂ ਵਾਲੀ ਗੱਲ ਫਿਰ ਦੁਹਰਾਉਣਾ ਚਾਹੁੰਦੀ ਹਾਂ ਕਿ ਸਾਨੂੰ ਅੱਜ ਦੇ ਦਿਨ ਹਵਸੀ ਕੁੱਤਿਆਂ ਦੀ ਥਾਂ, ਜੋ ਧਰਮ ਦੀ ਆੜ ਹੇਠ ਬਲਾਤਕਾਰ ਕਰਦੇ ਆ ਰਹੇ ਹਨ; ਰਾਵਣਾਂ ਦੀ ਲੋੜ ਭਾਸਦੀ ਹੈ, ਜੋ ਧੀ ਚੁੱਕੇ ਜਾਣ ਉੱਤੇ ਵੀ ਉਸ ਦੀ ਇੱਜ਼ਤ ਉੱਤੇ ਹੱਥ ਨਾ ਪਾਉਣ ਬਲਕਿ ਉਸ ਦੀ ਮਾਣ ਮਰਿਆਦਾ ਦਾ ਪੂਰਾ ਖ਼ਿਆਲ ਰੱਖਣ !  ਜੇ ਨਹੀਂ ਤਾਂ ‘ਬਾਬੇ ਕੱਛ ਵਾਲਿਆਂ’ ਦੀ ਸਖ਼ਤ ਲੋੜ ਹੈ, ਜੋ ਹਰ ਧਰਮ ਵਾਲਿਆਂ ਦੀ ਧੀ ਨੂੰ ਆਪਣਾ ਮੰਨ ਕੇ, ਜਾਨ ਜੋਖ਼ਮ ਵਿੱਚ ਪਾ ਕੇ ਉਸ ਦੀ ਰਾਖੀ ਕਰਨ ਲਈ ਤਤਪਰ ਰਹਿੰਦੇ ਹਨ।

ਆਖ਼ਰੀ ਸਵਾਲ ਇਹ ਹੈ ਕਿ ਜੇ ਕਿਸੇ ਨੂੰ ਸਾਰੀ ਗੱਲ ਸਮਝ ਆ ਗਈ ਹੋਵੇ ਤਾਂ ਝੱਟ ਪਤਾ ਲਾਇਆ ਜਾ ਸਕਦਾ ਹੈ ਕਿ ਕੌਣ ਕੁਰਾਨ, ਗੀਤਾ ਜਾਂ ਗੁਰੂ ਗ੍ਰੰਥ ਸਾਹਿਬ ਸਾੜ ਰਹੇ ਹਨ ਤੇ ਕੌਣ ਧਾਰਮਿਕ ਥਾਂਵਾਂ ਸਾੜ ਕੇ ਗਾਂ ਦੀਆਂ ਪੂਛਾਂ ਸੁੱਟ ਰਹੇ ਹਨ !  ਜਾਗ ਜਾਓ ! ਹਾਲੇ ਵੀ ਵੇਲਾ ਹੈ। ਜੇ ਨਹੀਂ ਤਾਂ ਧਾਰਮਿਕ ਦੰਗੇ ਜੋ ਸ਼ੁਰੂ ਹੋਣਗੇ, ਉਸ ਦੀ ਆੜ ਹੇਠ ਹੋਰ ਕਿੰਨੀਆਂ ਧੀਆਂ ਦੀ ਪੱਤ ਲੁੱਟੀ ਜਾਣੀ ਹੈ, ਇਹ ਗਿਣਤੀ ਹੁਣੇ ਤੋਂ ਕਰਨੀ ਸ਼ੁਰੂ ਕਰ ਦਿਓ !