ਕੁਦਰਤ ਦੀ ਅਦਭੂਤ ਰਚਨਾ (ਪਸ਼ੂਆਂ ਦੀ ਪੂਛ)

0
491

ਕੁਦਰਤ ਦੀ ਅਦਭੂਤ ਰਚਨਾ (ਪਸ਼ੂਆਂ ਦੀ ਪੂਛ)

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ, ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- 99155-15436

ੴ ਸਤਿ ਗੁਰ ਪ੍ਰਸਾਦਿ

ਅਕਾਲ ਪੁਰਖ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਅਨੇਕਾਂ ਹੀ ਪ੍ਰਾਣੀ ਹਨ ਜਿਹਨਾਂ ਦੀ ਗਿਣਤੀ ਦਾ ਅੰਦਾਜ਼ਾ ਲਾ ਸਕਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਪੁਰਾਤਨ ਗ੍ਰੰਥਾਂ ਵਿੱਚ ਇਹਨਾਂ ਦੀ ਗਿਣਤੀ 84 ਲੱਖ ਕੀਤੀ ਗਈ ਹੈ ਪ੍ਰੰਤੂ ਗੁਰਮਤਿ ਨੇ ਇਸ ਗਿਣਤੀ ਨੂੰ ਪ੍ਰਵਾਨ ਨਹੀਂ ਕੀਤਾ। ਅਕਾਲ ਪੁਰਖ ਦੀ ਇਸ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਪੁ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ‘‘ਇਹ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥’’

ਗਿਣਤੀ ਦੀ ਗੱਲ ਨੂੰ ਇੱਕ ਪਾਸੇ ਰੱਖ ਦੇਈਏ ਤਾਂ ਜੀਵਾਂ ਦੀ ਰਚਨਾ ਵੇਖ ਕੇ ਹੀ ਅਕਾਲ ਪੁਰਖ ਅੱਗੇ ਸਿਰ ਝੁਕ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਉਸ ਨੇ ਹਰ ਜੀਵ ਦੀ ਰਚਨਾ ਕੀਤੀ ਹੈ ਤੇ ਕਿਵੇਂ ਉਸ ਦੀ ਖ਼ੁਰਾਕ ਦਾ ਪ੍ਰਬੰਧ ਅਤੇ ਉਸ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਸਰੀਰ ਦੀ ਬਣਤਰ ਇਸ ਤਰ੍ਹਾਂ ਹੈ ਕਿ ਹਰ ਮੌਸਮ ਵਿੱਚ ਉਹ ਨੰਗੇ ਰਹਿ ਕੇ ਹੀ ਆਪਣਾ ਬਚਾਅ ਕਰਦੇ ਹਨ। ‘ਆਸਾ ਕੀ ਵਾਰ’ ਵਿੱਚ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ, ‘‘ਵਿਸਮਾਦੁ ਰੂਪ ਵਿਸਮਾਦੁ ਰੰਗ ॥  ਵਿਸਮਾਦੁ ਨਾਗੇ ਫਿਰਹਿ ਜੰਤ ॥’’ (ਮ: ੧/੪੬੪)

ਸਾਰੇ ਜੀਵਾਂ ਦੇ ਅੰਗ ਵੇਖਣ ਨੂੰ ਭਾਵੇਂ ਆਮ ਮਨੁੱਖ ਲਈ ਓਪਰੇ ਹੀ ਲੱਗਦੇ ਹੋਣ ਪਰ ਹਰ ਅੰਗ ਦੀ ਆਪਣੀ ਖ਼ਾਸ ਮਹੱਤਤਾ ਹੈ। ਪੂਛ ਦੀ ਗੱਲ ਹੀ ਲੈ ਲਈਏ ਤਾਂ ਇਹ ਪਸ਼ੂਆਂ ਲਈ ਓਨੀ ਹੀ ਮਹੱਤਵ ਪੂਰਨ ਹੈ ਜਿੰਨੀ ਕਿ ਬਾਕੀ ਸਰੀਰ ਦੇ ਹੋਰ ਅੰਗ ਹਨ। ਪੂਛ ਦਾ ਨਾਂ ਲੈਂਦਿਆਂ ਹੀ ਸਾਡੇ ਸਾਹਮਣੇ ਗਾਂ, ਮੱਝ ਆਦਿ ਦੀ ਪੂਛ ਦਾ ਖ਼ਿਆਲ ਆ ਜਾਂਦਾ ਹੈ ਜੋ ਆਪਣੇ ਸਰੀਰ ਉੱਤੇ ਬੈਠੀ ਹਰ ਮੱਖੀ ਮੱਛਰ ਨੂੰ ਬਿਨਾਂ ਵੇਖੇ ਉਡਾਈ ਜਾਂਦੀ ਹੈ। ਪ੍ਰਮਾਤਮਾ ਨੇ ਅਲੱਗ-ਅਲੱਗ ਜਾਨਵਰਾਂ ਵਿੱਚ ਪੂਛ ਦਾ ਅਕਾਰ ਤੇ ਉਸ ਦਾ ਕੰਮ ਕਰਨ ਦਾ ਢੰਗ ਵੱਖ-ਵੱਖ ਰੱਖੇ ਹੋਏ ਹਨ।

ਵਿਗਿਆਨੀਆਂ ਅਨੁਸਾਰ ਪੂਛ ਸਰੀਰ ਦੇ ਉਸ ਭਾਗ ਨੂੰ ਕਿਹਾ ਜਾਂਦਾ ਹੈ ਜੋ ਸਾਡੇ ਸਰੀਰ ਦੇ ਅਰੰਭਕ ਮਲ ਦੁਆਰ ਤੋਂ ਬਾਅਦ ਹੁੰਦਾ ਹੈ। ਇਸ ਦਾ ਸ਼ੁਰੂ ਦਾ ਹਿੱਸਾ ਸਰੀਰ ਦੀ ਰੀੜ੍ਹ ਦੀ ਹੱਡੀ ਦਾ ਭਾਗ ਵੀ ਹੁੰਦਾ ਹੈ ਅਤੇ ਬਾਕੀ ਸਾਰੀ ਪੂਛ ਮਜਬੂਤ ਮਾਸ ਪੇਸ਼ੀਆਂ ਦੀ ਬਣੀ ਹੁੰਦੀ ਹੈ। ਅਸੀਂ ਆਮ ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਜੀਵ ਵੀ ਵੇਖਦੇ ਹਾਂ ਜੋ ਪੂਛ ਦੀ ਨਾਂ ਮੌਜੂਦਗੀ ਵਿੱਚ ਵੀ ਪੂਛ ਦੇ ਸਾਰੇ ਕੰਮ ਕਰਦੇ ਹਨ। ਇਹ ਕੰਮ ਉਹ ਪੂਛ ਵਰਗੀਆਂ ਰਚਨਾਵਾਂ ਤੋਂ ਲੈਂਦੇ ਹਨ ਜੋ ਕਿ ਵੇਖਣ ਵਿੱਚ ਬਿਲਕੁਲ ਪੂਛ ਵਰਗੀਆਂ ਲੱਗਦੀਆਂ ਹਨ।

ਉੱਚ ਕੋਟੀ ਦੇ ਜੀਵਾਂ ਵਿੱਚ ਪਾਏ ਜਾਣ ਵਾਲੀ ਪੂਛ ਹੀ ਅਸਲੀ ਪੂਛ ਹੈ ਅਤੇ ਨਿਮਨ ਕੋਟੀ ਦੇ ਜੀਵ ਜਿਵੇਂ ਬਿੱਛੂ, ਗੰਡਗਡੋਆ ਤੇ ਫੀਤਾ ਕਿਰਮ ਆਦਿ ਵਿੱਚ ਸਰੀਰ ਦਾ ਕੋਈ ਨਾ ਕੋਈ ਹਿੱਸਾ ਪੂਛ ਵਰਗੀ ਸ਼ਕਲ ਬਣਾ ਲੈਂਦਾ ਹੈ ਅਤੇ ਸਾਰੇ ਜ਼ਰੂਰੀ ਕਾਰਜ ਕਰਦਾ ਹੈ। ਪੂਛ ਦੇ ਮੂਲ ਕੰਮ ਇੱਕੋ ਜਿਹੇ ਹੋਣ ਦੇ ਬਾਵਜੂਦ ਵੀ, ਇਸ ਦੀ ਮਹੱਤਤਾ ਵੱਖ-ਵੱਖ ਪ੍ਰਾਣੀਆਂ ਵਿੱਚ ਵੱਖ-ਵੱਖ ਹੈ।

ਮੱਛੀ ਵਿੱਚ ਪੂਛ ਤੈਰਨ ਦਾ ਕੰਮ ਕਰਦੀ ਹੈ। ਜਦੋਂ ਮੱਛੀਆਂ ਨੇ ਮੁੜਨਾ ਹੁੰਦਾ ਹੈ ਤਾਂ ਇਹ ਪੂਛ ਦੀ ਸਹਾਇਤਾ ਨਾਲ ਪਾਣੀ ਨੂੰ ਉਲਟ ਦਿਸ਼ਾ ਵਿੱਚ ਧੱਕਦੀਆਂ ਹਨ ਅਤੇ ਪਾਣੀ ਦੀ ਪ੍ਰਤੀ ਕਿਰਿਆ ਨਾਲ ਇਹ ਅੱਗੇ ਚਲੀਆਂ ਜਾਂਦੀਆਂ ਹਨ। ਕੁੱਝ ਮੱਛੀਆਂ ਵਿੱਚ ਪੂਛ, ਤੈਰਨ ਤੋਂ ਇਲਾਵਾ ਦੁਸ਼ਮਨ ਦਾ ਮੁਕਾਬਲਾ ਕਰਨ ਅਤੇ ਉਸ ਨੂੰ ਚਕਮਾ ਦੇਣ ਵਿੱਚ ਵੀ ਸਹਾਇਤਾ ਕਰਦੀ ਹੈ।

ਛਿਪਕਲੀ ਆਪਣੀ ਪੂਛ ਰਾਹੀਂ ਦੂਜੇ ਜਾਨਵਰਾਂ ਤੋਂ ਆਪਣਾ ਬਚਾਅ ਬੜੇ ਅਨੋਖੇ ਢੰਗ ਨਾਲ ਕਰਦੀ ਹੈ। ਸ਼ਿਕਾਰੀ ਦੀ ਪਕੜ ਨੂੰ ਘੱਟ ਕਰਨ ਲਈ ਇਹ ਆਪਣੀ ਪੂਛ ਤੋੜ ਲੈਂਦੀ ਹੈ। ਸ਼ਿਕਾਰੀ ਘਬਰਾ ਜਾਂਦਾ ਹੈ ਕਿਉਂਕਿ ਟੁੱਟੀ ਹੋਈ ਪੂਛ ਲਗਾਤਾਰ ਗਤੀ ਕਰਦੀ ਰਹਿੰਦੀ ਹੈ ਅਤੇ ਛਿਪਕਲੀ ਭੱਜ ਜਾਂਦੀ ਹੈ। ਕੁੱਝ ਦਿਨਾਂ ਬਾਅਦ ਇਹ ਪੂਛ ਦੁਬਾਰਾ ਉੱਗ ਪੈਂਦੀ ਹੈ ਅਤੇ ਸਮੇਂ ਨਾਲ ਪੂਰੇ ਅਕਾਰ ਦੀ ਪੂਛ ਵਿੱਚ ਬਦਲ ਜਾਂਦੀ ਹੈ।

ਸੱਪਾਂ ਵਿੱਚ ਪੂਛ ਜਾਨਵਰਾਂ ਨੂੰ ਪਕੜਨ ’ਚ ਸਹਾਇਕ ਹੁੰਦੀ ਹੈ। ਸੱਪ ਆਪਣੀ ਪੂਛ ਨਾਲ ਸ਼ਿਕਾਰ ਦੇ ਦੁਆਲੇ ਲਪੇਟੇ ਖਾ ਕੇ, ਉਸ ਨੂੰ ਏਨੀ ਜ਼ੋਰ ਦੀ ਜਕੜ ਲੈਂਦਾ ਹੈ ਕਿ ਉਹ ਇਸ ਪਕੜ ਨੂੰ ਛੁਡਾ ਨਹੀਂ ਸਕਦਾ। ਇਸ ਤਰ੍ਹਾਂ ਸ਼ਿਕਾਰੀ ਜਾਂ ਸ਼ਿਕਾਰ ਉਸ ਦੀ ਪਕੜ ਅਤੇ ਜ਼ਹਿਰ ਨਾਲ ਮਰ ਜਾਂਦਾ ਹੈ। ਅਜ਼ਗਰ ਤਾਂ ਕੇਵਲ ਆਪਣੀ ਮਜ਼ਬੂਤ ਪਕੜ ਨਾਲ ਹੀ ਸ਼ਿਕਾਰ ਕਰਦਾ ਹੈ ਕਿਉਂਕਿ ਉਸ ਵਿੱਚ ਜ਼ਹਿਰ ਬਿਲਕੁਲ ਨਹੀਂ ਹੁੰਦੀ।

ਪਾਣੀ ਵਿੱਚ ਰਹਿਣ ਵਾਲੇ ਸੱਪਾਂ ਵਿੱਚ ਇਹੀ ਪੂਛ ਤੈਰਨ ਅਤੇ ਦਿਸ਼ਾ ਬਦਲਣ ਦਾ ਕੰਮ ਕਰਦੀ ਹੈ। ਦਰਖ਼ਤਾਂ ’ਤੇ ਰਹਿਣ ਵਾਲੇ ਸੱਪਾਂ ਵਿੱਚ, ਪੂਛ ਇੱਕ ਟਹਿਣੀ ਤੋਂ ਦੂਜੀ ਟਹਿਣੀ ਤੱਕ ਰੀਂਗਣ ਵਿੱਚ ਸਹਾਇਤਾ ਕਰਦੀ ਹੈ।

ਪੰਛੀਆਂ ਦੀ ਪੂਛ ਬਾਰੇ ਤਾਂ ਬੱਚਾ-ਬੱਚਾ ਜਾਣਦਾ ਹੈ ਕਿ ਉਹ ਕਿੰਨੀ ਮਹੱਤਵ ਪੂਰਨ ਹੈ। ਪੰਛੀਆਂ ਦੀ ਪੂਛ ਤਾਂ ਛੋਟੀ ਹੁੰਦੀ ਹੈ, ਪਰ ਉਸ ਦੇ ਖੰਭ ਏਨੇ ਲੰਮੇ ਹੁੰਦੇ ਹਨ ਕਿ ਉਹ ਕਈ ਮੀਲ ਦੀ ਲੰਬੀ ਉਡਾਨ ਸਹਿਜੇ ਹੀ ਭਰ ਸਕਦੇ ਹਨ। ਮੋਰ ਦੀ ਸੁੰਦਰਤਾ ਅਤੇ ਪ੍ਰਸੰਸਾ ਦਾ ਰਾਜ, ਉਸ ਦੀ ਪੂਛ ਹੀ ਹੈ। ਇਹ ਆਪਣੀ ਸੁੰਦਰ ਪੂਛ ਕਾਰਨ ਹੀ ਮੋਰਨੀ ਨੂੰ ਆਪਣੇ ਵੱਲ ਖਿੱਚਦਾ ਹੈ।

ਕੰਗਾਰੂ ਨਾਂ ਦਾ ਜਾਨਵਰ ਜੋ ਬਰਫ਼ੀਲੀਆਂ ਥਾਵਾਂ ’ਤੇ ਰਹਿੰਦਾ ਹੈ, ਆਪਣੀਆਂ ਦੋ ਲੱਤਾਂ ਨਾਲ ਛਾਲਾਂ ਮਾਰਦੇ ਹੋਏ ਚੱਲਦਾ ਹੈ। ਇਹਨਾਂ ਛਾਲਾਂ ਦੇ ਦੌਰਾਨ, ਇਸ ਦੀ ਪੂਛ ਅੱਗੇ ਪਿੱਛੇ ਸੰਤੁਲਨ ਬਣਾਏ ਰੱਖਣ ਵਿੱਚ ਸਹਾਇਤਾ ਕਰਦੀ ਹੈ, ਜਿਸ ਕਾਰਨ ਇਹ ਅਸਾਨੀ ਨਾਲ ਚੱਲਦਾ ਰਹਿੰਦਾ ਹੈ।

ਬਾਂਦਰਾਂ ਵਿੱਚ ਵੀ ਪੂਛ, ਉਹਨਾਂ ਦਾ ਸੰਤੁਲਨ ਬਣਾਏ ਰੱਖਣ ਵਿੱਚ ਸਹਾਇਤਾ ਕਰਦੀ ਹੈ। ਉਹ ਇੱਕ ਦਰਖ਼ਤ ਤੋਂ ਦੂਜੇ ਦਰਖ਼ਤ ਤੱਕ ਜਾਣ ਸਮੇਂ, ਟਹਿਣੀਆਂ ਪਕੜਣ ਅਤੇ ਪਕੜ ਨੂੰ ਮਜ਼ਬੂਤ ਬਣਾਉਣ ਲਈ, ਪੂਛ ਹੀ ਉਹਨਾਂ ਦੀ ਸਹਾਇਤਾ ਕਰਦੀ ਹੈ। ਕਈ ਬਾਂਦਰ ਤਾਂ ਚਾਰੇ ਲੱਤਾਂ ਦੀ ਥਾਂ, ਪੂਛ ਦੀ ਸਹਾਇਤਾ ਨਾਲ ਹੀ ਟਹਿਣੀਆਂ ਤੇ ਲਟਕਦੇ ਰਹਿੰਦੇ ਹਨ।

ਖ਼ਰਗੋਸ਼ ਅਤੇ ਕਈ ਹੋਰ ਉੱਚ ਕੋਟੀ ਦੇ ਛੋਟੇ ਜਾਨਵਰਾਂ ਵਿੱਚ ਪੂਛ ਦੀ ਵਿਸ਼ੇਸ਼ ਭੂਮਿਕਾ ਹੈ। ਇੱਕ ਖ਼ਰਗੋਸ਼ ਆਪਣੇ ਝੁੰਡ ਦੇ ਹੋਰ ਖ਼ਰਗੋਸ਼ਾਂ ਨੂੰ ਦੁਸ਼ਮਣ ਤੋਂ ਸੁਚੇਤ ਕਰਨ ਲਈ, ਵੱਖ-ਵੱਖ ਤਰੀਕਿਆਂ ਨਾਲ ਆਪਣੀ ਪੂਛ ਦੀ ਗਤੀ ਕਰਦਾ ਹੈ। ਪੂਛ ਦੁਆਰਾ ਦਿੱਤੇ ਗਏ ਇਹ ਸਿਗਨਲ, ਬਾਕੀ ਖ਼ਰਗੋਸ਼ ਸਮਝ ਲੈਂਦੇ ਹਨ ਅਤੇ ਪਲਾਂ ਵਿੱਚ ਹੀ ਤਿੱਤਰ ਬਿੱਤਰ ਹੋ ਜਾਂਦੇ ਹਨ।

ਉੱਚ ਕੋਟੀ ਦੇ ਬਾਕੀ ਸਾਰੇ ਜਾਨਵਰਾਂ ਜਿਵੇਂ ਗਾਂ, ਮੱਝ, ਘੋੜਾ ਆਦਿ ਵਿੱਚ ਪੂਛ ਇਹਨਾਂ ਦਾ ਮੱਖੀ, ਮੱਛਰ ਆਦਿ ਤੋਂ ਬਚਾਅ ਕਰਦੀ ਹੈ ਅਤੇ ਸਰੀਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਸਹਾਇਤਾ ਕਰਦੀ ਹੈ।

ਕਈ ਵਾਰ ਮਨੁੱਖ ਆਪਣੇ ਅਤੇ ਹੋਰ ਜੀਵਾਂ (ਜਾਨਵਰਾਂ) ਦੇ ਕੁੱਝ ਅੰਗਾਂ ਨੂੰ ਦੇਖ ਕੇ ਇਹ ਸੋਚਦਾ ਹੈ ਕਿ ਪ੍ਰਮਾਤਮਾ ਨੇ ਕੁੱਝ ਅੰਗ ਫ਼ਾਲਤੂ ਲਾਏ ਹਨ ਪਰ ਇਹਨਾਂ ਸਭ ਦਾ ਆਪਣਾ ਹੀ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਇੱਕ ਵਾਰ ਇੱਕ ਹਿਰਨ ਸ਼ੀਸ਼ੇ ਵਿੱਚ ਆਪਣੇ ਸਰੀਰ ਨੂੰ ਦੇਖ ਕੇ ਸੋਚਣ ਲੱਗਾ ਕਿ ਮੇਰੇ ਸਿੰਗ ਕਿੰਨੇ ਸੋਹਣੇ ਹਨ। ਲੋਕ ਇਹਨਾਂ ਦੀ ਵਰਤੋਂ ਕਰਦੇ ਹਨ, ਘਰਾਂ ਵਿੱਚ ਸਜਾਉਂਦੇ ਹਨ, ਪਰ ਅਚਾਨਕ ਉਸ ਦੀ ਨਜ਼ਰ ਆਪਣੀਆਂ ਲੱਤਾਂ ਤੇ ਜਾਂਦੀ ਹੈ, ਜਿਹੜੀਆਂ ਭੱਦੀਆਂ ਤੇ ਪਤਲੀਆਂ ਸਨ, ਜਿਸ ਨੂੰ ਦੇਖ ਕੇ ਉਹ ਸੋਚਦਾ ਹੈ ਕਿ ਪ੍ਰਮਾਤਮਾ ਨੇ ਜਿੱਥੇ ਮੈਨੂੰ ਸੁੰਦਰ ਸਿੰਗ ਦਿੱਤੇ ਹਨ ਉੱਥੇ ਭੈੜੀਆਂ ਲੱਤਾਂ ਵੀ ਲਾਈਆਂ ਹਨ। ਹਾਲੇ ਸੋਚ ਹੀ ਰਿਹਾ ਸੀ ਕਿ ਉੱਥੇ ਸ਼ਿਕਾਰੀ ਆ ਪੁੱਜਦਾ ਹੈ, ਜਿਸ ਤੋਂ ਬਚਣ ਲਈ ਹਿਰਨ ਤੇਜ਼ੀ ਨਾਲ ਦੌੜਦਾ ਹੈ ਪਰ ਅਚਾਨਕ ਉਸ ਦੇ ਸਿੰਗ ਝਾੜੀਆਂ ਵਿੱਚ ਫਸ ਜਾਂਦੇ ਹਨ। ਹੁਣ ਝਾੜੀਆਂ ਵਿੱਚ ਫਸਿਆ ਹਿਰਨ ਸੋਚਦਾ ਹੈ ਕਿ ਪ੍ਰਮਾਤਮਾ ਨੇ ਜੋ ਕੁੱਝ ਵੀ ਮੈਨੂੰ ਦਿੱਤਾ ਹੈ, ਉਸ ਦੀ ਆਪਣੀ ਮਹੱਤਤਾ ਹੈ। ਕੋਈ ਵੀ ਅੰਗ ਸੁੰਦਰ ਜਾਂ ਭੈੜਾ ਨਹੀਂ ਹੈ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਜੀਅ ਜੰਤ ਸਭਿ, ਤੁਧੁ ਉਪਾਏ ॥  ਜਿਤੁ ਜਿਤੁ ਭਾਣਾ, ਤਿਤੁ ਤਿਤੁ ਲਾਏ ॥  ਸਭ ਕਿਛੁ ਕੀਤਾ ਤੇਰਾ ਹੋਵੈ, ਨਾਹੀ ਕਿਛੁ ਅਸਾੜਾ ਜੀਉ ॥’’ (ਮ: ੫/੧੦੩)