ਹਿੰਦੋਸਤਾਨੀ ਹਿਟਲਰ

0
4390

ਹਿੰਦੋਸਤਾਨੀ ਹਿਟਲਰ

ਗੁਰਮੇਲ ਸਿੰਘ ਖਾਲਸਾ, ਪਿੰਡ ਗਿਆਸਪੁਰਾ (ਲੁਧਿਆਣਾ)- 99147-01469

ਹਿਟਲਰ ਜਰਮਨੀ ਦਾ ਤਾਨਾਸ਼ਾਹ ਰਾਜਾ ਸੀ । ਉਹ ਦਾ ਪੂਰਾ ਨਾਮ ਅੇਡੋਲਿਫ ਹਿਟਲਰ ਸੀ। ਇਸ ਨੂੰ ਇਤਿਹਾਸਕਾਰਾਂ ਨੇ ਦੂਜੀ ਸੰਸਾਰ ਜੰਗ ਦਾ ਖਲ ਨਾਇਕ ਘੋਸ਼ਿਤ ਕੀਤਾ ਹੈ। ਉਹ ਕਹਿੰਦੇ ਹਨ ਹਿਟਲਰ ਦੀ ਵਜਹ ਨਾਲ਼ 85 ਮਿਲੀਅਨ ਲੋਕਾਂ ਦਾ ਘਾਣ ਹੋਇਆ। ਦੂਜੀ ਸੰਸਾਰ ਜੰਗ 01-09-1939 ਤੋਂ 02-09-1945 ਤੱਕ ਚੱਲਦੀ ਰਹੀ ਸੀ। ਲਗਭਾਗ 30 ਦੇਸਾਂ ਨੇ ਇਸ ਜੰਗ ਵਿੱਚ ਭਾਗ ਲਿਆ ਸੀ। ਇੰਗਲੈਂਡ ਦੀ ਤਰਫੋਂ 1 ਲੱਖ ਭਾਰਤੀ ਫੌਜੀਆਂ ਨੇ ਵੀ ਇਸ ਜੰਗ ਵਿੱਚ ਭਾਗ ਲਿਆ ਸੀ। ਭਾਰਤੀ ਫੌਜੀਆਂ ਵਿੱਚ 85% ਸਿੱਖ ਫੌਜੀ ਸਨ। ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਜੇ ਇੰਗਲੈਂਡ ਦੀਆਂ ਫੌਜਾਂ ਵਿੱਚ ਸਿੱਖ ਨਾਂ ਹੁੰਦੇ ਤਾਂ ਜਰਮਨੀ ਦੀ ਫੌਜ ਨੇ ਇੰਗਲੈਂਡ ਦੀਆਂ ਸਾਰੀਆਂ ਬੰਦਰਗਾਹਾਂ ’ਤੇ ਕਬਜਾ ਕਰ ਲੈਣਾ ਸੀ। ਇਸ ਜੰਗ ਨੇ ਸੰਸਾਰ ਨੂੰ ਹੀਰੋਸੀਮਾ ਤੇ ਨਾਗਾਸਾਕੀ ਹਾਦਸਾ ਦਿੱਤਾ। ਆਉਸਵਿਤਿਸ ਦਿੱਤਾ, ਜੋ ਕਿ ਯਹੂਦੀਆਂ ਦੀ ਵਿਸਾਲ ਕਬਰਗਾਹ ਹੈ।

ਐਡੋਲਿਫ ਹਿਟਲਰ ਦਾ ਜਨਮ ਅਸਟਰੀਆ ਦੇ ਇੱਕ ਛੋਟੇ ਜਿਹੇ ਕਸਬੇ ਬਰਾਉਨਾਉ ਵਿੱਚ 20-09-1889 ਨੂੰ ਹੋਇਆ। ਹਿਟਲਰ ਇੱਕ ਛੋਟੇ ਕਿਸਾਨ ਦਾ ਬੇਟਾ ਸੀ। ਇੱਕ ਵਾਰ ਹਿਟਲਰ ਇੱਕ ਨਦੀ ਵਿੱਚ ਡੁੱਬ ਰਿਹਾ ਸੀ ਇੱਕ ਪਾਦਰੀ ਨੇ ਇਸ ਨੂੰ ਬਚਾ ਲਿਆ ਤਾਂ ਹਿਟਲਰ ਨੇ ਪਾਦਰੀ ਬਣਨ ਦਾ ਮਨ ਬਣਾ ਲਿਆ। 16 ਸਾਲਾਂ ਦੀ ਉਮਰ ਵਿੱਚ ਹਿਟਲਰ ਨੇ ਸਕੂਲ ਛੱਡ ਦਿੱਤਾ। 18 ਸਾਲਾਂ ਦੀ ਉਮਰ 12-01-1908 ਨੂੰ ਹਿਟਲਰ ਦੀ ਮਾਂ ਦੀ ਮੌਤ ਹੋ ਗਈ। ਹਿਟਲਰ ਫੌਜ ਵਿੱਚ ਭਰਤੀ ਹੋ ਗਿਆ ਅਤੇ ਡਿਸਪੈਚ ਰਾਈਡਰ (ਚਿੱਠੀਆਂ ਵੰਡਣ ਵਾਲਾ) ਲੱਗ ਗਿਆ। ਕੁੱਝ ਸਮੇਂ ਬਾਅਦ ਕਿਸੇ ਅਫਸਰ ਦਾ ਅੰਗ ਰੱਖਿਅਕ ਬਣ ਗਿਆ। ਹਿਟਲਰ ਦਾ ਪਹਿਲਾ ਪਿਆਰ ਇੱਕ ਯਹੂਦੀ ਲੜਕੀ ਸੀ। ਹਿਟਲਰ ਵਿੱਚ ਮਰਦਾਊ ਪੁਣੇ ਦੀ ਘਾਟ ਕਾਰਨ ਉਹ ਲੜਕੀ ਪਸੰਦ ਨਹੀਂ ਸੀ ਕਰਦੀ। ਹਿਟਲਰ ਖਿੱਝ ਗਿਆ ਅਤੇ ਸਾਰੇ ਯਹੂਦੀਆਂ ਨੂੰ ਨਫਰਤ ਕਰਨ ਲੱਗ ਪਿਆ। ਹਿਟਲਰ ਨੇ ਚੰਗੇ ਤਕੜੇ ਨੌਜੁਆਨਾਂ ਦੀ ਇੱਕ ਪਾਰਟੀ ਬਣਾਈ। ਹੌਲ਼ੀ-ਹੌਲ਼ੀ ਇਸ ਪਾਰਟੀ ਵਿੱਚ ਹੋਰ ਨੌਜੁਆਨ ਜੁੜਦੇ ਗਏ। ਇਸ ਪਾਰਟੀ ਦਾ ਨਾਮ ਨਾਜੀ ਪਾਰਟੀ ਰੱਖਿਆ ਗਿਆ। ਇਸ ਨੂੰ ਐਨ. ਐਸ. ਡੀ. ਏ. ਪੀ. ਪਾਰਟੀ ਕਿਹਾ ਗਿਆ। ਪਾਰਟੀ ਦੇ ਝੰਡੇ ਵਿੱਚ ਸੁਆਸਤਕ ਦਾ ਨਿਸ਼ਾਨ ਲਗਾਇਆ ਗਿਆ। ਭਾਰਤ ਵਾਲ਼ਿਆਂ ਨੇ ਇਸੇ ਸੁਆਸਤਕ ਦੇ ਨਿਸ਼ਾਨ ਨੂੰ ਆਪਣੀ ਵੋਟ ਮੋਹਰ ਬਣਾ ਲਿਆ। 1923 ਵਿੱਚ ਹਿਟਲਰ ਨੇ ਆਪਣੀ ਸੈਨਾ ਤਿਆਰ ਕਰ ਲਈ ਅਤੇ ਜਰਮਨੀ ਦਾ ਤਾਨਾਸ਼ਾਹ ਬਾਦਸ਼ਾਹ ਬਣ ਗਿਆ।

1936 ਨੂੰ ਜਰਮਨੀ ਦੇ ਬਰਲਿਨ ਵਿੱਚ ਉਲੰਪਕ ਖੇਡਾਂ ਸਨ। ਇਸ ਵਿੱਚ ਭਾਰਤੀ ਹਾਕੀ ਟੀਮ ਨੇ ਭੀ ਭਾਗ ਲਿਆ। ਇਸ ਟੀਮ ਵਿੱਚ ਜਿਆਦਾਤਰ ਸਿੱਖ ਸਨ। ਜਰਮਨੀ ਅਤੇ ਭਾਰਤੀ ਟੀਮ ਦਾ ਮੈਚ ਹਿਟਲਰ ਨੇ ਅੱਖੀਂ ਦੇਖਿਆ। ਭਾਰਤੀ ਟੀਮ ਦੇ ਸਿੱਖ ਖਿਡਾਰੀਆਂ ਦੀ ਅਲੱਗ ਹੀ ਪਹਿਚਾਣ ਸੀ। ਉਹ ਨੰਗੇ ਪੈਰੀਂ ਖੇਡ ਰਹੇ ਸਨ। ਭਾਰਤ ਨੇ ਜਰਮਨੀ ਨੂੰ 8-1 ਤੇ ਰੌਂਦ ਦਿੱਤਾ। ਹਿਟਲਰ ਨੇ ਭਾਰਤੀ ਟੀਮ ਨੂੰ ਰਾਤ ਦੇ ਖਾਣੇ ’ਤੇ ਬੁਲਾਇਆ। ਜਰਮਨੀ ਦੀ ਫੌਜ ਵਿੱਚ ਭਰਤੀ ਹੋਣ ਦੀ ਪੇਸ਼ਕਸ ਕੀਤੀ ਪਰ ਭਾਰਤੀ ਖਿਡਾਰੀਆਂ ਨੇ ਹਿਟਲਰ ਦੀ ਪੇਸ਼ਕਸ਼ ਠੁਕਰਾ ਦਿੱਤੀ। ਹਿਟਲਰ ਨੇ ਆਪਣਾ ਨਿਵਾਸ 30 ਫੁੱਟ ਗਹਿਰਾ ਧਰਤੀ ਦੇ ਹੇਠ ਬਣਾਇਆ ਹੋਇਆ ਸੀ। ਹਿਟਲਰ, ਯਹੂਦੀਆਂ ਨੂੰ ਬਹੁਤ ਨਫਰਤ ਕਰਦਾ ਸੀ। ਇਸ ਦੇ ਕਈ ਕਾਰਨ ਸਨ। ਜਿਵੇਂ ਕਿ ਈਸਾ ਮਸੀਹ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਾਲ਼ੇ ਯਹੂਦੀ ਸਨ। ਯਹੂਦੀ ਕਿਸੇ ਹੋਰ ਧਰਮ ਨਾਲ਼ ਮੇਲ਼ਜੋਲ਼ ਨਹੀਂ ਰੱਖਦੇ। ਯਹੂਦੀ ਹਰ ਦੇਸ਼ ਵਿੱਚ ਅਲਪ ਸੰਖਿਅਕ ਹਨ। ਪਹਿਲੇ ਸੰਸਾਰ ਯੁੱਧ ਵਿੱਚ ਜਰਮਨ ਦੀ ਹਾਰ ਦਾ ਕਾਰਨ ਯਹੂਦੀਆਂ ਨੂੰ ਮੰਨਿਆ ਗਿਆ ਆਦਿ। ਹਿਟਲਰ ਨੇ ਪ੍ਰਚਾਰ ਕਰਵਾਇਆ ਕਿ ਉਹ ਯਹੂਦੀਆਂ ਵਾਸਤੇ ਅਲੱਗ ਦੇਸ਼ ਪੋਲੈਂਡ ਵਿੱਚ ਵਸਾਉਣ ਦਾ ਬੰਦੋਬਸਤ ਕਰ ਰਿਹਾ ਹੈ ਤਾਂ ਕਿ ਯਹੂਦੀ ਵੀ ਅਜਾਦੀ ਦਾ ਨਿੱਘ ਮਾਣ ਸਕਣ। ਇਹ ਕਲੋਨੀ ਪੋਲੈਂਡ ਦੇ ਆਉਸਵਿਤਿਸ ਵਿੱਚ ਬਣਾਈ ਜਾ ਰਹੀ, ਪ੍ਰਚਾਰੀ ਗਈ। ਅਸਲ ਵਿੱਚ ਇਹ ਯਹੂਦੀਆਂ ਦੀ ਕਬਰਗਾਹ ਬਣ ਰਹੀ ਸੀ। ਇਸ ਕਬਰਗਾਹ ਵਿੱਚ ਕਈ ਮਿਲੀਅਨ ਯਹੂਦੀਆਂ ਨੂੰ ਹਾਈਡਰੋ ਸਾਈਨਾਈਡ ਗੈਸ ਨਾਲ਼ ਮਾਰ ਦਿੱਤਾ। ਅੱਜ-ਕੱਲ ਇਸ ਕਬਰਗਾਹ ਨੂੰ ਦੇਖਣ ਲਈ ਸਾਰੇ ਜਹਾਨ ਤੋਂ ਲੋਕ ਜਾਂਦੇ ਹਨ। ਇਹ ਕਬਰਗਾਹ ਮੀਲਾਂ ਲੰਬੀ ਅਤੇ ਮੀਲਾਂ ਚੌੜੀ ਬਣੀ ਹੈ। ਇਸ ਦੇ ਤਿੰਨ ਹਿੱਸੇ ਹਨ। ਇੱਕ ਪਾਸੇ ਯਹੂਦੀਆਂ ਨੂੰ ਠਹਿਰਾਇਆ ਜਾਂਦਾ ਸੀ। ਇੱਕ ਪਾਸੇ ਜਹਿਰੀਲੀ ਗੈਸ ਬਣਾਉਣ ਦਾ ਕਾਰਖਾਨਾ ਸੀ, ਜੋ ਹੁਣ ਵੀ ਉਵੇਂ ਹੀ ਮੌਜੂਦ ਹੈ ਅਤੇ ਇੱਕ ਪਾਸੇ ਮਿਊਜੀਅਮ ਹੈ ਜਿੱਥੇ ਯਹੂਦੀਆਂ ਨੂੰ ਮਾਰਿਆ ਗਿਆ। ਮਿਊਜੀਅਮ ਵਿੱਚ ਮਾਰੇ ਗਏ ਯਹੂਦੀਆਂ ਦੇ ਬੂਟ ਚੱਪਲਾਂ, ਬਟੂਏ ਆਦਿ ਦਾ ਢੇਰ ਲੱਗਿਆ ਹੋਇਆ ਹੈ। ਉਹਨਾਂ ਦੇ ਕੱਪੜੇ ਹੱਡੀਆਂ ਦੇ ਪਿੰਜਰ ਵੀ ਸੰਭਾਲ਼ੇ ਪਏ ਹਨ। ਟੂਰਿਸਟ ਰੋਂਦੇ ਅਤੇ ਅੱਖਾਂ ਪੂੰਝਦੇ ਚੁੱਪ ਹਾਲਤ ਵਿੱਚ ਬਾਹਰ ਨਿਕਲਦੇ ਹਨ। ਉਦੋਂ ਦਾ ਇੱਕ ਰੇਲਗੱਡੀ ਦਾ ਡੱਬਾ ਵੀ ਖੜ੍ਹਾ ਹੈ।

1939 ਤੋਂ 1945 ਤੱਕ ਦੂਜੀ ਸੰਸਾਰ ਜੰਗ ਦਰਮਿਆਨ ਬੇਅੰਤ ਮਨੁੱਖਾਂ ਦਾ ਘਾਣ ਹੋ ਚੁੱਕਾ ਸੀ। ਤਕਰੀਬਨ 85 ਮਿਲੀਅਨ ਲੋਕ ਮਾਰੇ ਜਾ ਚੁੱਕੇ ਸਨ। ਪਤਾ ਨਹੀਂ ਕੀ ਸੋਚ ਕੇ ਐਡੋਲਿਫ ਹਿਟਲਰ ਨੇ ਆਪਣੇ ਬੰਕਰ ਵਿੱਚ ਹੀ 29-04-1945 ਨੂੰ ਈਵਾ ਬ੍ਰਾਊਨ ਨਾਲ਼ ਵਿਆਹ ਕਰਵਾਇਆ ਸੀ। ਉਸੇ ਰਾਤ 30-04-1945 ਨੂੰ ਠੀਕ 12.10 ਮਿੰਟ (300010) ’ਤੇ ਹਿਟਲਰ ਨੇ ਆਪਣੇ ਹੀ ਪਿਸਤੌਲ ਨਾਲ਼ ਗੋਲ਼ੀ ਮਾਰ ਲਈ ਤੇ ਮਰ ਗਿਆ। ਈਵਾ ਬ੍ਰਾਊਨ ਨੇ ਵੀ ਜਹਿਰ ਖਾ ਲਈ। ਦੋਹਾਂ ਨੂੰ ਉਸੇ ਬੰਕਰ ਵਿੱਚ ਜਲਾਇਆ ਦਫਨਾਇਆ ਗਿਆ। ਕਾਫੀ ਦੇਰ ਤੱਕ ਬਾਹਰ ਇਹਨਾਂ ਦੇ ਮਰ ਜਾਣ ਦੀ ਭਾਫ ਵੀ ਨਹੀਂ ਨਿਕਲਣ ਦਿੱਤੀ। 06-08-1945 ਨੂੰ ਅਮਰੀਕਾ ਨੇ ਜਪਾਨ ਦੇ ਨਾਗਾਸਾਕੀ ’ਤੇ ਐਟਮ ਬੰਬ ਸੁੱਟਿਆ ਅਤੇ 09-08-1945 ਨੂੰ ਉਹਨਾਂ ਇੱਕ ਹੋਰ ਐਟਮ ਬੰਬ ਜਪਾਨ ਦੇ ਹੀਰੋਸਾਮਾ ’ਤੇ ਵੀ ਸੁੱਟਿਆ। ਜਪਾਨ ਨੇ ਹਾਰ ਮੰਨ ਲਈ। ਹਿਟਲਰ ਮਰ ਚੁੱਕਾ ਸੀ ਅਤੇ 02-09-1945 ਨੂੰ ਸੰਸਾਰ ਦੀ ਦੂਜੀ ਜੰਗ ਦਾ ਅੰਤ ਹੋ ਗਿਆ ।

ਦਿਲ ਚ ਪਾਪ ਹੋਣ ਤਾਂ ਬੰਦਾ ਹੱਥ ਮਿਲਾਉਣ ਵੇਲੇ ਭੀ ਦਿਲੋਂ ਮੁਸਕਰਾਉਂਦਾ ਹੈ।

ਭਾਰਤ ਵਿੱਚ ਉੱਚੇ ਨੀਵੇਂ ਮਨੁੱਖਾਂ ਦੀ ਵੰਡ ਸਦੀਆਂ ਤੋਂ ਚੱਲੀ ਆ ਰਹੀ ਹੈ। ਸੱਭ ਤੋਂ ਉੱਪਰ ਬ੍ਰਾਹਮਣ ਨੇ ਆਪਣੇ ਆਪ ਨੂੰ ਬੈਠਾਇਆ ਹੈ। ਬ੍ਰਾਹਮਣ ਨੇ ਇਹ ਵੀ ਵਹਿਮ ਪਾਲ਼ ਰੱਖਿਆ ਹੈ ਕਿ ਉਹ ਧਰਤੀ ਦੀ ਸੱਭ ਤੋਂ ਉੱਤਮ ਨਸਲ ਹੈ। ਆਪਣੀ ਨਸਲ ਦੀ ਰਾਖੀ ਲਈ ਦੂਜੇ ਨੰਬਰ ’ਤੇ ਖੱਤਰੀਆਂ ਨੂੰ ਰੱਖਿਆ ਹੈ। ਪੈਸੇ ਧੇਲੇ ਦੇ ਸਾਧਨ ਜੁਟਾਉਣ ਲਈ ਵੈਸ ਵੀ ਹਨ। ਸੱਭ ਤੋਂ ਹੇਠਾ ਸੱਭ ਦੇ ਸੇਵਾਦਾਰਾਂ ਦੇ ਤੌਰ ਤੇ ਸੂਦਰਾਂ ਨੂੰ ਰੱਖਿਆ ਹੈ। ਇਸ ਜਾਤ ਪ੍ਰਥਾ ਨੂੰ ਪੱਕੀ ਤਰ੍ਹਾਂ ਨਿਸ਼ਚਿਤ ਰੱਖਣ ਲਈ ਇੱਕ ਗ੍ਰੰਥ ਮੰਨੂ ਸਿਮਰਤੀ ਦੀ ਸਿਰਜਣਾ ਕੀਤੀ ਗਈ ਹੈ। ਇਸ ਮੰਨੂ ਸਿਮਰਤੀ ਨੂੰ ਮੰਨਣ ਵਾਲ਼ਿਆਂ ਨੂੰ ਮੰਨੂ ਵਾਦੀ ਕਿਹਾ ਗਿਆ ਹੈ। ਮਨੁੱਖਾਂ ਨੂੰ ਵਹਿਮਾਂ ਭਰਮਾਂ ਵਿੱਚ ਰੱਖ ਕੇ ਅਗਿਆਨਤਾ ਵਸ ਰੱਖਣ ਲਈ ਇਹਨਾਂ ਮੰਨੂਵਾਦੀਆਂ ਨੇ ਕਈ ਹੋਰ ਗ੍ਰੰਥ ਰਚੇ ਹੋਏ ਹਨ ਜਿਹਨਾਂ ਨੂੰ ਇਹ ਧਾਰਮਿਕ ਗ੍ਰੰਥ ਕਹਿੰਦੇ ਹਨ। ਮੁਗਲਾਂ ਨੇ ਡਾਂਗ ਦੇ ਜੋਰ ਨਾਲ਼ ਭਾਰਤ ਵਿੱਚ ਰਾਜ ਸਥਾਪਿਤ ਕਰ ਲਿਆ ਤਾਂ ਇਹ ਮੁਗਲਾਂ ਦੇ ਸਹਾਇਕ ਹੋ ਗਏ। ਮੁਗਲਾਂ ਨੂੰ ਇਹ ਮਲੇਸ਼ ਵੀ ਕਹਿੰਦੇ ਰਹੇ ਤੇ ਉਹਨਾਂ ਦੀ ਚਾਕਰੀ ਵੀ ਕਰਦੇ ਰਹੇ। ਇਸੇ ਸਮੇਂ ਭਾਰਤ ਵਿੱਚ ਇੱਕ ਯੁੱਗ ਪੁਰਸ਼ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਨੇ ਮੰਨੂਵਾਦੀਆਂ ਦੀ ਜਾਤੀ ਪ੍ਰਥਾ ਤੇ ਭਰਮਾਂ ’ਤੇ ਵਾਰ ਕੀਤਾ ਅਤੇ ਮੰਨੂਵਾਦੀਆਂ ਦੇ ਚਲਾਏ ਹੋਏ ਵਹਿਮਾਂ ਭਰਮਾਂ ਨੂੰ ਨੰਗਾ ਕੀਤਾ। ਏਸੇ ਕਾਰਨ ਕਰਕੇ ਮੰਨੂਵਾਦੀਆਂ ਨੇ ਬਾਬਰ ਕੋਲ਼ ਸਿਕਾਇਤ ਲਗਾਈ ਕਿ ਗੁਰੂ ਨਾਨਕ ਬਾਬਰ ਦੇ ਰਾਜ ਲਈ ਖਤਰਾ ਹੈ। ਬਾਬਰ ਨੇ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਬਾਬੇ ਦਾ ਅਤੇ ਬਾਬਰ ਕਿਆ ਦਾ ਅੰਤ ਤੱਕ ਵਿਰੋਧ ਚੱਲਦਾ ਰਿਹਾ। ਬਾਬਰ ਕਿਆਂ ਨੂੰ ਹਵਾ ਦੇਣ ਵਾਲ਼ੇ ਚੰਦੂ, ਗੰਗੂ ਆਦਿਕ ਹਮੇਸ਼ਾ ਤੋਂ ਸਰਗਰਮ ਰਹੇ ਸਨ/ਹਨ। ਅੰਗਰੇਜ਼ ਆ ਗਏ ਤਾਂ ਮੰਨੂਵਾਦੀ ਅੰਗਰੇਜ਼ਾਂ ਨਾਲ਼ ਹੋ ਕੇ ਸਿੱਖਾਂ ਨਾਲ਼ ਅੰਦਰੋ ਅੰਦਰੀ ਨਫਰਤ ਪਾਲ਼ਦੇ ਰਹੇ। ਦੇਸ਼ ਦੇ ਧੰਨ ਦੌਲਤ ਦੀ ਕੁੰਜੀ ਮੰਨੂਵਾਦੀਆਂ ਦੇ ਹੱਥ ਰਹੀ ਇਸ ਦੀ ਵਰਤੋਂ ਦੇ ਨਾਲ਼ ਅੰਗਰੇਜਾਂ ਨੂੰ ਸੁੱਖ ਸਹੂਲਤਾਂ ਦੇ ਸਾਧਨ ਜੁਟਾਉਂਦੇ ਰਹੇ। ਬੇਸ਼ੱਕ ਅੰਗਰੇਜ਼ਾਂ ਅਤੇ ਮੁਗਲਾਂ ਦਾ ਬੋਰੀਆ ਬਿਸਤਰਾ ਗੋਲ਼ ਕਰਨ ਵਾਲ਼ੇ ਸਿੱਖ ਹੀ ਸਨ। ਇਹਨਾਂ ਸਿੱਖਾਂ ਨਾਲ਼ ਝੂਠੇ ਵਾਅਦੇ ਆਦਿ ਕਰਕੇ ਭਾਰਤ ਦਾ ਰਾਜ ਹਥਿਆ ਲਿਆ ਸੀ। ਅਜਾਦੀ ਤੋਂ ਬਾਅਦ ਕਾਂਗਰਸ ਆ ਗਈ ਅਤੇ ਸਿੱਖਾਂ ਖਿਲਾਫ ਨਫਰਤ ਵੀ ਚੱਲਦੀ ਰਹੀ। ਸਿੱਖਾਂ ਨੂੰ ਬਰਬਾਦ ਕਰਨ ਲਈ ਇਥੋਂ ਤੱਕ ਕਿ ਧਰਤੀ ਤੋਂ ਹੀ ਖਤਮ ਕਰਨ ਲਈ ਕਾਂਗਰਸ ਨੂੰ ਉਕਸਾਇਆ ਗਿਆ। ਸਿੱਧੇ ਤੌਰ ਤੇ ਮੰਨੂਵਾਦੀਆਂ ਦਾ ਰਾਜ ਆ ਗਿਆ। ਇਕ ਵੇਰ ਮੰਨੂਵਾਦੀਆਂ ਦੇ ਸੱਭ ਤੋਂ ਉਪਰਲੇ ਮੰਤਰੀ, ਲੋਕਾਂ ਦੇ ਘੇਰੇ ਵਿੱਚ ਬੈਠਾ ਲੋਕਾਂ ਦੇ ਸੁਆਲਾਂ ਦੇ ਜੁਆਬ ਦੇ ਰਿਹਾ ਸੀ। ਕਿਸੇ ਨੇ ਪੁੱਛਿਆ ਅਡਵਾਨੀ ਜੀ ਇਹ ਸਿੱਖ ਸਮੱਸਿਆ ਦਾ ਕੀ ਹੱਲ ਹੈ ? ਅਡਵਾਨੀ ਨੇ ਆਲ਼ਾ ਦੁਆਲ਼ਾ ਦੇਖਿਆ ਜੁਆਬ ਦਿੱਤਾ, ‘ਬੱਸ  ! ਇੱਕ ਬੰਬ  ! ! ਇਹ ਤਾਂ ਇਹਨਾਂ ਦੀ ਸਿੱਖਾਂ ਪ੍ਰਤੀ ਸੋਚ ਹੈ  ! ! !

ਅੱਜ ਸੰਸਾਰ ਦੀ ਹਾਲਤ ਭਾਈ ਗੁਰਦਾਸ ਜੀ ਦੇ ਕਹਿਣ ਅਨੁਸਾਰ ‘‘ਜਲਤੀ ਸਭਿ ਪ੍ਰਿਥਵੀ ਦਿਸਿ ਆਈ।’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੨੪) ਵਾਲ਼ੀ ਗੱਲ ਹੋਈ ਪਈ ਹੈ। ਤੀਜੇ ਸੰਸਾਰ ਯੁੱਧ ਦੀਆਂ ਗੱਲਾਂ ਹੋ ਰਹੀਆਂ ਹਨ। ਸਹਾਰਾ ਰੇਗਿਸਤਾਨ ਦੇ ਲੋਕ ਸਦੀਆਂ ਤੱਕ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸਦੇ ਰਹੇ। ਆਪਣੇ ਬੋਤਿਆਂ ’ਤੇ ਘੁੰਮਦੇ ਰਹੇ। ਅੱਲਾ ਨੂੰ ਹਾਕਾਂ ਮਾਰਦੇ ਰਹੇ। ਬਾਂਗਾਂ ਦਿੰਦੇ ਰਹੇ। ਸਖਤ ਜਾਨ ਹੋ ਗਏ। ਕਈ ਦੇਸ਼ਾਂ ’ਚ ਕੁੱਝ ਕੁ ਨੂੰ ਬਾਂਗ ਨਾਲ਼ ਕੁੱਝ ਕੁ ਨੂੰ ਡਾਂਗ ਨਾਲ਼ ਅੱਲ੍ਹਾ ਵਾਲ਼ੇ ਬਣਾ ਲਿਆ। ਤਕਰੀਬਨ ਅੱਧੀ ਧਰਤੀ ’ਤੇ ਅੱਲ੍ਹਾ ਵਾਲ਼ਿਆਂ ਦਾ ਰਾਜ ਹੋ ਗਿਆ। ਸ਼ਾਇਦ ਅੱਲ੍ਹਾਂ ਨੇ ਉਹਨਾਂ ਦੀ ਬਾਂਗ ਸੁਣ ਕੇ ਧਰਤੀ ਹੇਠ ਪਾਣੀ ਦੀ ਥਾਂ ਤੇਲ ਭਰ ਦਿੱਤਾ। ਪਾਣੀ ਦੀ ਬਹੁਤਾਤ ਵਾਲ਼ੇ ਦੇਸ਼ ਉਹਨਾਂ ਦੇ ਤੇਲ ਵੱਲ਼ ਲਲਚਾਈਆਂ ਅੱਖਾਂ ਨਾਲ਼ ਝਾਕਣ ਲੱਗੇ। ਸੰਸਾਰ ਦੋ ਸ਼ਕਤੀਆਂ ਵਿੱਚ ਵੰਡਿਆ ਗਿਆ। ਦੋਨਾਂ ਦੀ ਚੋਰ ਅੱਖ ਉਹਨਾਂ ਦੇ ਤੇਲ ’ਤੇ ਸੀ। ਪਹਿਲੀ ਦੂਜੀ ਸੰਸਾਰ ਜੰਗ ਦਾ ਇੱਕ ਕਾਰਨ ਇਹ ਤੇਲ ਭਰੀ ਧਰਤੀ ਵੀ ਸੀ। ਹੁਣ ਅੱਲ੍ਹਾ ਵਾਲ਼ੇ ਵੀ ਦੋ ਹਿੱਸਿਆਂ ਵਿੱਚ ਵੰਡੇ ਗਏ। ਇੱਕ ਸੀਆ ਅਤੇ ਦੂਜਾ ਸੁੰਨੀ ਹੋ ਗਿਆ। ਇਹ ਦੋਨੋ ਇੱਕ ਦੂਜੇ ਨੂੰ ਮਰਨ ਮਾਰਨ ’ਤੇ ਤੁਲੇ ਹੋਏ ਹਨ। ਇਹਨਾਂ ਨੂੰ ਹਵਾ ਦੇਣ ਵਾਲ਼ੇ ਅਮਰੀਕੀ ਅਤੇ ਰੂਸੀ ਹਨ। ਸੰਸਾਰ ਬਰੂਦ ਦੇ ਢੇਰ ’ਤੇ ਬੈਠਾ ਹੈ। ਇੱਕ ਤੀਲੀ ਦੀ ਲੋੜ ਹੈ। ਹਿੰਦੋਸਤਾਨ ਵਿੱਚ ਇੱਕ ਹਿਟਲਰ ਦੀ ਭੂਮਿਕਾ ਨਿਭਾਉਣ ਵਾਲ਼ਾ ਪੈਦਾ ਹੋ ਗਿਆ ਹੈ। ਇਸ ਦਾ ਨਾਮ ਨਰਿੰਦਰ ਮੋਦੀ ਹੈ। ਇਹ ਆਰ. ਐਸ. ਐਸ. ਦਾ ਤਾਨਾਸਾਹ ਰਾਜਾ ਹੈ। ਜਦੋਂ ਇਹ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਸੀ। ਇਸ ਵਿੱਚ ਇਸ ਦੀ ਭੂਮਿਕਾ ਖਾਸ ਰਹੀ ਸੀ। ਏਸੇ ਯੋਗਤਾ ਕਰਕੇ ਇਹ ਗੁਜਰਾਤ ਦਾ 12 ਸਾਲ ਮੁੱਖ ਮੰਤਰੀ ਬਣਿਆ ਰਿਹਾ। ਮੋਦ ਆਰ. ਐਸ. ਐਸ. ਦਾ ਨਾਇਕ ਬਣ ਗਿਆ। ਆਰ. ਐਸ. ਐਸ. ਦਾ ਸਾਰੇ ਹਿੰਦੋਸਤਾਨ ’ਤੇ ਦਬਦਬਾ ਹੈ। ਇਹਨਾਂ ਦਾ ਇਕੋ ਇੱਕ ਨਿਸ਼ਾਨਾ ਹੈ ‘ਭਾਰਤ ਨੂੰ ਹਿੰਦੂ ਰਾਸਟਰ ਵਿੱਚ ਤਬਦੀਲ ਕਰਨਾ’ । ਇਹਨਾਂ ਲਈ ਮੋਦੀ ਤੋਂ ਵਧੀਆ ਨੇਤਾ ਹੋਰ ਕੋਈ ਨਹੀਂ ਹੈ। 2014 ਵਿੱਚ ਮੋਦੀ ਨੂੰ ਭਾਰੀ ਬਹੁਮੱਤ ਨਾਲ਼ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ। ਮੋਦੀ ਨੇ ਆਪਣੇ ਜਿਹੇ ਨਸਲਵਾਦੀ ਨੂੰ ਅਮਰੀਕਾ ਦੇ ਰਾਸਟਰਪਤੀ ਦੀ ਚੋਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਭਾਰਤ ਦੀ ਅਬਾਦੀ 125 ਕਰੋੜ ਹੈ। ਏਥੇ 25% ਦਲਿਤ ਹਨ। 20% ਮੁਸਲਮਾਨ ਹਨ। ਸਿੱਖ ਈਸਾਈ ਅਤੇ ਹੋਰ ਜੋ ਹਿੰਦੂ ਨਹੀਂ ਹਨ 5% ਤੋਂ ਵੱਧ ਹਨ। ਡਾ. ਭੀਮ ਰਾਓ ਸਾਹਿਬ ਨੇ ਲਿਖਿਆ ਕਿ ਦਲਿਤ ਹਿੰਦੂ ਨਹੀਂ ਹਨ। 13% ਬ੍ਰਾਹਮਣ ਅਤੇ ਖੱਤਰੀਆਂ ਨੇ ਰਾਜ ਕਰਨਾ ਹੈ। 37% ਪਛੜੀਆਂ ਜਾਤਾ ਵਿੱਚ ਹਿੰਦੂਤਵ ਦਾ ਜਨੂੰਨ ਭਰ ਕੇ ਰਾਜ ਕਰਨਾ ਹੈ। ਰਾਜ ਗੈਰ ਹਿੰਦੂਆਂ ’ਤੇ ਕਰਨਾ ਹੈ। ਨਰਿੰਦਰ ਮੋਦੀ ਆਪ ਵੀ ਪਛੜੀ ਜਾਤ ਵਿੱਚੋਂ ਤੇਲੀ ਹਨ। ਏਸੇ ਕਾਰਨ ਪਛੜੀਆਂ ਜਾਤਾਂ ਵਾਲ਼ੇ ਮੋਦੀ ਦੀ ਜੈ-ਜੈਕਾਰ ਕਰਦੇ ਹਨ। ਇਹਨਾਂ ਪਛੜੀਆਂ ਜਾਤਾਂ ਵਾਲ਼ਿਆਂ ਦੀ ਇਕੋ ਇੱਕ ਮੰਗ ਹੈ ਕਿ ਉਹਨਾਂ ਲਈ ਵੀ ਨੌਕਰੀ ਆਦਿ ਵਿੱਚ ਰਾਖਵਾਂ ਕਰਨ ਕੀਤਾ ਜਾਵੇ। ਪਛੜੀਆਂ ਜਾਤਾਂ ਵਾਲ਼ੇ ਪਟੇਲ ਅਤੇ ਹਰਿਆਣੇ ਦੇ ਜਾਟ ਜੋ ਕਿ ਜਮੀਨਾਂ ਦੇ ਮਾਲਕ ਵੀ ਹਨ ਰਾਖਵਾਂ ਕਰਨ ਲਈ ਖੌਰੂ ਪਾ ਚੁੱਕੇ ਹਨ। ਇਹਨਾਂ ਦੇਸ਼ ਦੀ ਬਹੁਤ ਸਾਰੀ ਜਾਇਦਾਦ ਦਾ ਨੁਕਸਾਨ ਕੀਤਾ ਹੈ। ਹਰਿਆਣੇ ਵਿੱਚ ਤਾਂ ਰਾਖਵੇਂ ਕਰਨ ਦੀ ਆੜ ਵਿੱਚ ਨਾਬਾਲਗ ਬੱਚੀਆਂ ਤੱਕ ਦੀ ਬੇਪਤੀ ਕੀਤੀ ਗਈ। ਪਹਿਲਾਂ ਆਰ. ਐਸ. ਐਸ ਦਾ ਕੰਮ ਕਾਂਗਰਸ ਕਰਦੀ ਸੀ। ਸਿੱਖ ਇਹਨਾਂ ਦੇ ਹਿੰਦੂ ਰਾਸਟਰ ਦੇ ਨਿਸ਼ਾਨੇ ਵਿੱਚ ਰੁਕਾਵਟ ਸਨ। ਕਾਂਗਰਸ ਨੇ ਸਿੱਖਾਂ ਨੂੰ ਹਰ ਪੱਖੋਂ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ। ਸਿੱਖਾਂ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ’ਤੇ ਜਲ-ਥਲ ਅਤੇ ਹਵਾਈ ਸੈਨਾ ਨਾਲ਼ ਹਮਲਾ ਕਰਵਾਇਆ। ਅਡਵਾਨੀ ਆਪਣੀ ਕਿਤਾਬ ਵਿੱਚ ਇਹ ਜਿੰਮੇਵਾਰ ਲੈਂਦਾ ਹੋਇਆ ਲਿਖਦਾ ਹੈ ਕਿ ਉਹਨਾਂ ਨੇ ਹੀ ਇੰਦਰਾਗਾਂਧੀ ’ਤੇ ਦਬਾਅ ਪਾ ਕੇ ਹਮਲਾ ਕਰਵਾਇਆ ਸੀ। ਸਿੱਖਾਂ ਦਾ ਸਿੱਧਾ ਕਤਲੇਆਮ ਰਾਜਧਾਨੀ ਦਿੱਲੀ ਤੋਂ ਸਾਰੀ ਦੁਨੀਆਂ ਦੇ ਸਾਹਮਣੇ ਸ਼ਰੇਆਮ ਕੀਤਾ ਸੀ। ਸਿੱਖਾਂ ਨੂੰ ਧਰਤੀ ਤੋਂ ਹੀ ਮਿਟਾਉਣ ਦੀਆਂ ਨੀਤੀਆਂ ਘੜੀਆਂ ਗਈਆਂ। ਇਹਨਾਂ ਆਰ. ਐਸ. ਐਸ. ਵਾਲ਼ਿਆਂ ਨੇ ਇਸ ਕੰਮ ਤੋਂ ਖੁਸ਼ ਹੋ ਕੇ ਕਾਂਗਰਸੀਆਂ ਨੂੰ 401 ਮੈਂਬਰ ਪਾਰਲੀਮੈਂਟ ਵਿੱਚ ਜਿੱਤਾ ਕੇ ਇਨਾਮ ਦਿੱਤਾ ਸੀ ਜੋ ਕਿ ਅੱਜ ਤੱਕ ਦਾ ਇਹ ਇੱਕ ਰਿਕਾਰਡ ਹੈ। ਭਾਰਤ ਦੀਆਂ ਸਾਰੀਆਂ ਸੰਵੇਦਨਸ਼ੀਲ ਪਦਵੀਆਂ ’ਤੇ ਆਰ. ਐਸ. ਐਸ. ਦੀ ਕੱਟੜ ਵੀਚਾਰਧਾਰਾ ਵਾਲ਼ੇ ਅਫਸਰ ਲਗਵਾਏ ਗਏ ਹਨ। ਅੱਜ ਭਾਰਤ ਪੂਰੀ ਤਰਾਂ ਆਰ. ਐਸ. ਐਸ. ਦੀ ਜਕੜ ਵਿੱਚ ਹੈ। ਅੱਜ ਕੱਲ ਸਿੱਖਾਂ ਨੂੰ ਖਤਮ ਕਰਨ ਲਈ ਇਹਨਾਂ ਨੇ ਨੀਤੀ ਬਦਲ ਲਈ ਹੈ। ਇਹਨਾਂ ਨੇ ਸਿੱਖਾਂ ਨੂੰ ਤਾਂ ਆਪਣੇ ਨਿਸ਼ਾਨੇ ਤੋਂ ਕਦੋਂ ਦਾ ਭਟਕਾ ਦਿੱਤਾ ਹੈ। ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਸਿੱਖਾਂ ਦਾ ਨਿਸ਼ਾਨਾ ਹੈ ਜੁਲਮ ਦਾ ਨਾਸ਼ ਕਰਨਾ। ਜੁਲਮ ਕੀਤਾ ਹੈ ਮੁਸਲਮਾਨਾਂ ਨੇ। ਸਿੱਖਾਂ ਨੇ ਮੁਸਲਮਾਨਾਂ ਨੂੰ ਆਪਣਾ ਦੁਸ਼ਮਣ ਮੰਨ ਲਿਆ। ਅਸਲ ਵਿੱਚ ਜਾਲਮ ਹਨ ਮੰਨੂ ਵਾਦੀ ਹੁਣ ਆਰ. ਐਸ. ਐਸ. ਵਾਲ਼ੇ। ਇਹਨਾਂ ਨੇ ਭਾਰਤ ਦੀ ਵਿਸ਼ਾਲ ਜੰਤਾ (ਦਲਿਤਾਂ) ’ਤੇ ਕਈ ਸਦੀਆਂ ਜੁਲਮ ਕੀਤਾ ਹੈ। ਮੁਸਲਮਾਨਾਂ ਦੇ ਰਾਜ ਵੇਲ਼ੇ ਤਾਂ ਭਗਤੀ ਲਹਿਰ ਚੱਲੀ ਸੀ। ਦਲਿਤ ਭਗਤਾਂ ਨੇ ਏਸੇ ਸਮੇਂ ਹੀ ਮੰਨੂੰ ਵਾਦੀਆਂ ਖਿਲਾਫ ਆਪਣੀ ਅਵਾਜ਼ ਬੁਲੰਦ ਕੀਤੀ ਸੀ। ਅਸਲ ਜੁਲਮ ਦਾ ਨਾਸ ਦਲਿਤ ਕਲਿਆਣ ਤੋਂ ਸ਼ੁਰੂ ਹੁੰਦਾ ਹੈ। ਜਦ ਤੱਕ ਸਿੱਖ ਆਪਣੇ ਅਸਲੀ ਨਿਸਾਨੇ ’ਤੇ ਨਹੀਂ ਆਉਂਦੇ ਇਹਨਾਂ ਮਾਰ ਖਾਂਦੇ ਰਹਿਣਾ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਸਦਕਾ ਹੀ ਬਚੇ ਹੋਏ ਹਨ। ਮੰਨੂ ਵਾਦੀਆਂ ਨੇ ਹੁਣ ਗੁਰੂ ਗ੍ਰੰਥ ਸਾਹਿਬ ਜੀ ’ਤੇ ਧਾਵਾ ਬੋਲ ਦਿੱਤਾ ਹੈ। ਮੋਦੀ ਦੇ ਰਾਜ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾੜ-ਪਾੜ ਸੁੱਟਿਆ ਜਾਣ ਲੱਗਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਸ਼ਰੀਕ ਗ੍ਰੰਥ ਨੂੰ ਲਿਆਉਣ ਲਈ ਤਰਲੋ ਮੱਛੀ ਹੋਏ ਫਿਰਦੇ ਹਨ। ਸੀਆ, ਸੁੰਨੀਆਂ ਵਾਂਗ ਸਿੱਖਾਂ ਨੂੰ ਵੀ ਅਲੱਗ ਅਲੱਗ ਕਰ ਰਹੇ ਹਨ ਤਾਂ ਕਿ ਇਹਨਾਂ ਨੂੰ ਆਪਸ ਵਿੱਚ ਹੀ ਲੜਾਇਆ ਜਾਵੇ। ਦੋਵੇਂ ਪਾਸੇ (ਗੁਰੂ ਗ੍ਰੰਥ ਸਾਹਿਬ ਵਾਲ਼ੇ ਪਾਸੇ ਵੀ ਅਤੇ ਵਿਰੋਧੀ ਪਾਸੇ ਭੀ) ਇਹਨਾਂ ਆਰ. ਐਸ. ਐਸ. ਵਾਲ਼ਿਆਂ ਦੀ ਘੁਸਪੈਠ ਹੋ ਚੁੱਕੀ ਹੈ। ਪਾਕਿਸਤਾਨ ਨੂੰ ਯੁੱਧ ਲਈ ਉਕਸਾਇਆ ਜਾ ਰਿਹਾ ਹੈ। ਪਹਿਲਾਂ ਜੰਮੂ ਕਸ਼ਮੀਰ ਵਿੱਚ ਮੁਸਲਮਾਨਾਂ ਦਾ ਘਾਣ ਕੀਤਾ। ਪੰਜਾਬ ਵਿੱਚ ਦੋ ਵਾਰੀ ਯੁੱਧ ਵਾਲ਼ੇ ਹਾਲਾਤ ਪੈਦਾ ਕੀਤੇ ਗਏ। ਇਹ ਚਾਹੁੰਦੇ ਹਨ ਕਿ ਪਾਕਿਸਤਾਨ ਪੰਜਾਬ ’ਤੇ ਪ੍ਰਮਾਣੂ ਬੰਬ ਨਾਲ਼ ਹਮਲਾ ਕਰੇ ਤਾਂ ਕਿ ਇਹ ਪਾਕਿਸਤਾਨ ’ਤੇ ਕਈ ਐਟਮ ਬੰਬ ਸੁੱਟਣ ਅਤੇ ਸਿੱਖਾਂ ਅਤੇ ਮੁਸਲਮਾਨਾਂ ਦੀ ਸਮੱਸਿਆ ਇੱਕੋ ਸਮੇਂ ਹੱਲ ਹੋ ਜਾਵੇ। ਪਤਾ ਹੋਣਾ ਚਾਹੀਦਾ ਹੈ ਕਿ ਦੂਜੇ ਸੰਸਾਰ ਯੁੱਧ ਵਿੱਚ ਅਮਰੀਕਾ ਚੁੱਪ ਬੈਠਾ ਸੀ। ਅਮਰੀਕਾ ਨੇ ਹੀ ਹੀਰੋਸੀਮਾ ਅਤੇ ਨਾਗਾਸਾਕੀ ’ਤੇ ਐਟਮ ਬੰਬ ਸੁੱਟਿਆ ਸੀ। ਹੁਣ ਗੱਲਾਂ ਹੋ ਰਹੀਆਂ ਹਨ ਕਿ ਪਾਕਿਸਤਾਨ ਨੇ ਚੀਨ ਨੂੰ ਪੀ. ਓ. ਕੇ ਦੇ ਦੇਣਾ ਹੈ ਤਾਂ ਕਿ ਚੀਨ ਆਪਣੀਆਂ ਪ੍ਰਮਾਣੂ ਭਰੀਆਂ ਮਿਜਾਈਲਾਂ ਓਥੇ ਬੀੜ ਲਵੇ। ਅਮਰੀਕਾ ਦਾ ਕੋਈ ਭਰੋਸਾ ਨਹੀਂ ਕਿ ਉਹ ਕਿੱਧਰ ਨੂੰ ਚੱਲ ਪਵੇ। ਬਦਕਿਸਮਤੀ ਨਾਲ਼ ਜੇ ਤੀਜਾ ਸੰਸਾਰ ਯੁੱਧ ਛਿੜ ਪਿਆ ਤਾਂ ਲੜਾਈ ਦਾ ਮੈਦਾਨ ਭਾਰਤ ਬਣੇਗਾ। ਸਾਰਾ ਭਾਰਤ ਪੋਲੈਂਡ ਦਾ ਆਉਤਵਿਤਿਸ ਅਤੇ ਪਾਕਿਸਤਾਨ ਦਾ ਹੀਰੋਸੀਮਾ ਅਤੇ ਨਾਗਾਸਾਕੀ ਬਣੇਗਾ। ਜਿਵੇਂ ਬਜਰੰਗ ਬਲੀ ਨੇ ਆਪਣੀ ਪੂੰਛ ਨੂੰ ਅੱਗ ਲਾ ਕੇ ਲੰਕਾ ਸਾੜੀ ਦੱਸੀ ਜਾਂਦੀ ਹੈ ਕਿਤੇ ਇਹ ਵੀ ਏਂਵੇਂ ਹੀ ਨਾ ਕਰੇ।

ਗੋਵਲਕਰ ਆਰ. ਐਸ. ਐਸ. ਮੁਖੀ ਨੇ ਹਿਟਲਰ ਨੂੰ ਬਹੁਤ ਸਲਾਹਿਆ ਸੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਗੋਵਲਕਰ ਦੀ ਨੀਤੀ ’ਤੇ ਚੱਲ ਰਿਹਾ ਲੱਗਦਾ ਹੈ। ਹਿਟਲਰ ਨੇ ਧਰਤੀ ਦੇ ਹੇਠ 30 ਫੁੱਟ ਗਹਿਰਾਈ ਵਿੱਚ ਆਪਣਾ ਘਰ ਬਣਾਇਆ ਸੀ ਤਾਂ ਕਿ ਉਹਨੂੰ ਕੋਈ ਮਾਰ ਨਾ ਸਕੇ। ਜਦੋਂ ਹਿਟਲਰ ਦੀ ਆਤਮਾ ਨੇ ਧਿਰਕਾਰਾਂ ਪਾਈਆਂ ਕਿ ਕਈ ਲੱਖ ਯਹੂਦੀਆਂ ਨੂੰ ਮਾਰਨ ਵਾਲ਼ਾ ਹਿਟਲਰ ਆਪਣੀ ਪਤਨੀ ਤੱਕ ਨੂੰ ਖੁਸ਼ ਕਰਨ ਤੋਂ ਅਸਮਰੱਥ ਹੈ ਤਾਂ ਉਸ ਨੇ ਆਪਣੀ ਪਿਸਤੌਲ ਨਾਲ਼ ਆਤਮ ਹੱਤਿਆ ਕਰ ਲਈ ਸੀ। ਇਹ ਗੱਲ ਏਥੋਂ ਸਿੱਧ ਹੁੰਦੀ ਹੈ ਜਦੋਂ ਹਿਟਲਰ ਨੇ 29-04-1945 ਨੂੰ ਭੋਰੇ ਵਿੱਚ ਹੀ ਵਿਆਹ ਕਰਵਾਇਆ ਸੀ ਅਤੇ 29.04.1945 ਨੂੰ ਹੀ ਰਾਤ ਦੇ ਠੀਕ 12 ਵਜੇ ਤੋਂ ਤੁਰੰਤ ਬਾਅਦ ਇਹ ਕਾਰਾ ਕੀਤਾ ਸੀ। ਨਰਿੰਦਰ ਮੋਦੀ ਜੀ  ! ਵਿਕਾਸ ਦਾ ਡਰਾਮਾ ਗੁਜਰਾਤ ਵਿੱਚ ਤਾਂ ਚੱਲ ਗਿਆ ਕਿਉਂਕਿ ਗੁਜਰਾਤ ਜਿਆਦਾ ਸਮੁੰਦਰ ਨਾਲ਼ ਘਿਰਿਆ ਹੋਣ ਕਰਕੇ ਟੈਕਸ ਚੋਰੀ ਦੀ ਸੰਭਾਵਨਾ ਜਿਆਦਾ ਹੈ ਇਸੇ ਨਾਲ਼ ਹੀ ਵਿਕਾਸ ਹੋਇਆ ਲੱਗਦਾ ਹੈ। ਪੂਰੇ ਭਾਰਤ ਵਰਸ਼ ਦੇ ਲੋਕਾਂ ਨੂੰ ਵਿਕਾਸ ਦੇ ਭਰਮ ਵਿੱਚ ਨਹੀਂ ਪਾਇਆ ਜਾ ਸਕਦਾ। ਰੱਬ, ਅੱਲ੍ਹਾ, ਭਗਵਾਨ, ਵਾਹਿਗੁਰੂ; ਸੱਭ ਨੂੰ ਦੇਖ ਰਿਹਾ ਹੈ। ਉਹ ਸੱਭ ਕੁੱਝ ਜਾਣਦਾ ਹੈ। ਤੁਹਾਨੂੰ ਸੁਨਹਿਰੀ ਮੌਕਾ ਮਿਲਿਆ ਹੈ। ਸਾਰੀ ਤਾਕਤ ਤੁਹਾਡੇ ਇਕੱਲਿਆਂ ਦੇ ਹੱਥ ਵਿੱਚ ਹੈ ਇਸ ਦੀ ਯੋਗ ਵਰਤੋਂ ਕਰੋ। ਸੰਸਾਰ ਨੂੰ ਤੀਲੀ ਲਗਾਉਣ ਤੋਂ ਗੁਰੇਜ ਕਰੋ। ਜੇ ਕੁੱਝ ਕਰਨਾ ਚਾਹੁੰਦੇ ਹੀ ਹੋ ਤਾਂ ਸਾਰੇ ਪ੍ਰਾਈਵੇਟ ਸਕੂਲ ਬੰਦ ਕਰਕੇ ਸਾਰਿਆਂ ਨੂੰ ਹਿੰਦੂ, ਮੁਸਲਮ, ਸਿੱਖ, ਈਸਾਈ, ਦਲਿਤਾਂ ਆਦਿ ਲਈ ਮੁਫਤ ਵਿੱਦਿਆ ਦਾ ਪ੍ਰਬੰਧ ਕਰੋ; ਜਿਵੇਂ ਕਿ ਗੁਰਬਾਣੀ ਦਾ ਫ਼ੁਰਮਾਨ ਹੈ: ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ (ਮ: ੫/੭੪੭) ਏਸੇ ਵਿੱਚ ਹੀ ਸਾਰਿਆਂ ਦੇ ਭਲੇ ਦਾ ਰਾਜ ਛੁੱਪਿਆ ਹੋਇਆ ਹੈ।