ਗੁਰੂ ਗੋਬਿੰਦ ਸਿੰਘ ਜੀ ਦੀਆਂ ਮਾਲਵੇ ਵਿਚ ਪੈੜਾਂ

0
1789

ਗੁਰੂ ਗੋਬਿੰਦ ਸਿੰਘ ਜੀ ਦੀਆਂ ਮਾਲਵੇ ਵਿਚ ਪੈੜਾਂ

-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਪੁਰਾਤਨ ਸਿੱਖ ਲਿਖਤਾਂ ਵਿਚ ਮਾਲਵੇ ਨੂੰ ਮਾਲਵਾ ਦੇਸ਼ ਲਿਖਿਆ ਵੀ ਮਿਲਦਾ ਹੈ। ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਇਲਾਕਾ ਹੈ, ਜਿਸ ਵਿਚ ਪੰਜਾਬ ਦੇ ਅਜੋਕੇ ਕੁੱਲ 22 ਜ਼ਿਲ੍ਹਿਆਂ ਵਿਚੋਂ 15 ਜ਼ਿਲ੍ਹੇ ਹਨ। ਪੰਜਾਬ ਦੀ ਧਰਤੀ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਕਿਉਕਿ ਇਸ ਦੇ ਜ਼ੱਰੇ-ਜ਼ੱਰੇ ਨੂੰ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੈ। ਪ੍ਰੋ. ਪੂਰਨ ਸਿੰਘ ਦੇ ਕਥਨ ਅਨੁਸਾਰ ਪੰਜਾਬ ਜਿਊਂਦਾ ਗੁਰਾਂ ਦੇ ਨਾਂਅ ’ਤੇ ਹੈ। ਵੈਸੇ ਤਾਂ ਪੰਜਾਬ ਦੇ ਪਹਿਲਾਂ ਕਈ ਟੁਕੜੇ ਹੋ ਚੁੱਕੇ ਹਨ, ਜਿਨ੍ਹਾਂ ਵਿਚ ਚੜ੍ਹਦਾ ਪੰਜਾਬ (ਭਾਰਤੀ) ਅਤੇ ਲਹਿੰਦਾ ਪੰਜਾਬ (ਪਾਕਿ)। ਇਸ ਤੋਂ ਬਾਅਦ ਹਰਿਆਣਾ, ਹਿਮਾਚਲ ਪ੍ਰਦੇਸ਼, ਇਹ ਵੀ ਪੰਜਾਬ ਦਾ ਹੀ ਹਿੱਸਾ ਸਨ ਪਰ ਨਵੇਂ ਪੰਜਾਬ, ਜਿਸ ਨੂੰ ਬੋਲੀ ਜਾਂ ਸੱਭਿਆਚਾਰ ਦੇ ਤੌਰ ’ਤੇ ਚਾਰ ਮੁੱਖ ਭਾਗਾਂ ਵਿਚ ਵੰਡਿਆ ਹੋਇਆ ਹੈ, ਜਿਸ ਵਿਚ ਮਾਲਵਾ ਇਸ ਪੰਜਾਬ ਦਾ ਬਹੁ ਆਕਾਰੀ ਹਿੱਸਾ ਹੈ।

ਮਾਲਵੇ ਦੀ ਧਰਤੀ ਨੂੰ ਚਾਰ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ) ਦੀ ਚਰਨ-ਛੋਹ ਪ੍ਰਾਪਤ ਹੈ।

ਸਮੇਂ-ਸਮੇਂ ਸਿਰ ਗੁਰੂ ਸਾਹਿਬਾਨ ਮਾਲਵੇ ਦੀ ਧਰਤੀ ’ਤੇ ਆਉਦੇ ਰਹੇ ਅਤੇ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਦੇ ਰਹੇ। ਗੁਰੂ ਸਾਹਿਬਾਨਾਂ ਦੀ ਯਾਦ ਵਿਚ ਬਣੇ ਪਵਿੱਤਰ ਗੁਰੂ-ਧਾਮ ਇਸ ਗੱਲ ਦੀ ਗਵਾਹੀ ਵੀ ਭਰਦੇ ਹਨ ਅਤੇ ਇਤਿਹਾਸ ਵਿਚ ਵੇਰਵੇ ਵੀ ਮਿਲਦੇ ਹਨ।

ਜੇਕਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਾਲਵੇ ਵਿਚ ਪਾਈਆਂ ਪੈੜਾਂ ਦਾ ਇਤਿਹਾਸ ਵੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਆਨੰਦਪੁਰ ਸਾਹਿਬ ਛੱਡਣ ਤੋਂ ਪਿੱਛੋਂ, ਚਮਕੌਰ ਸਾਹਿਬ ਦੀ ਜੰਗ ਫਤਹਿ ਕਰਨ ਮਗਰੋਂ ਗੁਰੂ ਸਾਹਿਬ ਮਾਲਵੇ ਵਿਚ ਪ੍ਰਵੇਸ਼ ਕਰਦੇ ਹਨ। ਮਾਛੀਵਾੜੇ ਤੋਂ ਦਮਦਮਾ ਸਾਹਿਬ ਤੱਕ ਦਾ ਸਫ਼ਰ ਮਾਲਵੇ ਇਲਾਕੇ ਦਾ ਹੈ। ਬੇਸ਼ੱਕ ਇਸ ਰਸਤੇ ਵਿਚ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਮੌਜੂਦ ਹਨ ਪਰ ਹੱਥਲੇ ਲੇਖ ਵਿਚ ਸਿਰਫ਼ ਉਨ੍ਹਾਂ ਸਥਾਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿੱਥੇ ਇਤਿਹਾਸਕ ਘਟਨਾਵਾਂ ਵਾਪਰੀਆਂ:-

ਮਾਛੀਵਾੜਾ ਸਾਹਿਬ : ਇਹ ਉਹ ਇਤਿਹਾਸਕ ਜਗ੍ਹਾ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਛੱਡਣ ਅਤੇ ਕਈ ਦਿਨਾਂ ਦੇ ਥਕੇਵੇਂ ਤੋਂ ਬਾਅਦ ਖੁੱਲ੍ਹੇ ਅਸਮਾਨ ਥੱਲੇ ਟਿੰਡ ਦਾ ਸਰ੍ਹਾਣਾ ਲਾ ਕੇ ਸੁੱਤੇ ਸਨ। ਇਤਿਹਾਸ ਵਿੱਚ ਇਸ ਜਗ੍ਹਾ ਦਾ ਅਹਿਮ ਰੋਲ ਬਣ ਗਿਆ, ਜਿੱਥੇ ਹੁਣ ਗੁਰਦੁਆਰਾ ਚਰਨ ਕੰਵਲ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਚਮਕੌਰ ਦੀ ਕੱਚੀ ਗੜ੍ਹੀ ’ਚੋਂ ਤਾੜੀ ਮਾਰ ਕੇ, ਆਪਣਾ ਕਲਗੀ-ਤੋੜਾ ਭਾਈ ਸੰਗਤ ਸਿੰਘ ਦੇ ਸਿਰ ’ਤੇ ਸਜਾ ਕੇ ਜ਼ਾਲਮਾਂ ਦੀ ਫੌਜ ਨੂੰ ਚਕਮਾ ਦੇ ਕੇ ਨਿਕਲੇ ਅਤੇ ਰਾਤ ਮਾਛੀਵਾੜੇ ਗੁਜ਼ਾਰੀ।

ਲੰਮੇ ਜੱਟਪੁਰੇ ਦਾ ਇਤਿਹਾਸ : ਇਸੇ ਸਥਾਨ ਤੋਂ ਦੋ ਮੁਸਲਮਾਨ ਭਰਾਵਾਂ ਗਨੀ ਖਾਂ ਅਤੇ ਨਬੀ ਖਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਮਾਲਵੇ ਦੇ ਪਿੰਡਾਂ ਵੱਲ ਤੋਰਿਆ ਸੀ। ਮਾਛੀਵਾੜੇ ਤੋਂ ਘੁੰਗਰਾਲੀ, ਲੱਲ੍ਹ, ਕਨੇਚ, ਹੇਰਾਂ, ਕਿਰਪਾਲ ਦਾਸ ਦੇ ਡੇਰੇ ਰਾਤ ਕੱਟਣ ਤੋਂ ਪਿੱਛੋਂ ਆਲਮਗੀਰ ਹੁੰਦੇ ਹੋਏ ਗੁਰੂ ਸਾਹਿਬ ਦਾ ਮਿਲਾਪ ਰਾਏ ਕੱਲ੍ਹੇ ਨਾਲ ਹੋਇਆ, ਜੋ ਗੁਰੂ ਸਾਹਿਬ ਨੂੰ ਲੰਮੇ ਜੱਟਪੁਰੇ ਇਕ ਸੁਰੱਖਿਅਤ ਥਾਂ ’ਤੇ ਪਹੁੰਚਾ ਕੇ ਆਏ। ਇਥੋਂ ਹੀ ਗੁਰੂ ਜੀ ਨੇ ਰਾਏ ਕੱਲ੍ਹੇ ਦੇ ਪਾਲੀ ਨੂਰੇ ਮਾਹੀ ਨੂੰ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਖ਼ਬਰ ਲੈ ਕੇ ਆਉਣ ਲਈ ਭੇਜਿਆ। ਜਦ ਇਕ ਹਫ਼ਤੇ ਬਾਅਦ ਨੂਰਾ ਵਾਪਿਸ ਮੁੜਿਆ ਤੇ ਸਾਰੀ ਵਿਥਿਆ ਸੁਣਾਈ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਪੁੱਟਿਆ ਅਤੇ ਕਿਹਾ, ‘ਤੁਰਕਾਂ ਦੀ ਜੜ੍ਹ ਪੁੱਟੀ ਗਈ’। ਇਸੇ ਅਸਥਾਨ ’ਤੇ ਗੁਰਦੁਆਰਾ ਪੰਜੋਆਣਾ ਸਾਹਿਬ ਸੁਸ਼ੋਭਿਤ ਹੈ।

ਦੀਨਾ ਕਾਂਗੜ ਵਿਖੇ ਜ਼ਫ਼ਰਨਾਮਾ ਲਿਖਣਾ : ਦੀਨਾ ਉਹ ਸਥਾਨ ਹੈ, ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇਕ ਪੱਤਰ ਲਿਖਿਆ ਸੀ, ਜੋ ‘ਜ਼ਫ਼ਰਨਾਮੇ’ ਦੇ ਨਾਂਅ ਨਾਲ ਪ੍ਰਸਿੱਧ ਹੈ, ਜਿਸ ਵਿਚ ਔਰੰਗਜ਼ੇਬ ਨੂੰ ਉਸ ਦੇ ਜ਼ੁਲਮਾਂ ਬਾਰੇ ਅਹਿਸਾਸ ਕਰਵਾਇਆ ਗਿਆ। ਜਿਸ ਵਿਚ ਲਿਖਿਆ ਸੀ ਕਿ ਤੂੰ ਕੁਰਾਨ ਦੀਆਂ ਝੂਠੀਆਂ ਸਹੁੰਆਂ ਖਾ ਕੇ, ਪੱਕਾ ਇਸਲਾਮੀ ਬਣਿਆ ਹੋਇਆ ਹੈ ਜਦਕਿ ਤੂੰ ਤਾਂ ਅੱਲਾ ਪਾਕ ਦੇ ਨੇੜੇ-ਤੇੜੇ ਵੀ ਨਹੀਂ। ਇਹ ਚਿੱਠੀ ਲੈ ਕੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਔਰੰਗਜ਼ੇਬ ਕੋਲ ਪਹੁੰਚੇ। ਇਤਿਹਾਸ ਗਵਾਹ ਹੈ ਕਿ ਇਹ ਚਿੱਠੀ ਪੜ੍ਹ ਕੇ ਔਰੰਗਜ਼ੇਬ ਕੰਬ ਉੱਠਿਆ ਅਤੇ ਆਪਣੇ ਕੀਤੇ ਪਾਪਾਂ ਦਾ ਪਸ਼ਚਾਤਾਪ ਕਰਦਿਆਂ ਉਸ ਦੀ ਮੌਤ ਹੋ ਗਈ।

ਗੁਰੂ ਸਾਹਿਬ ਦੀਨੇ ਦੀ ਧਰਤੀ ਤੋਂ ਇਸੇ ਪਿੰਡ ਦੇ ਤਰਖਾਣ ਸਿੱਖ ਭਾਈ ਦੇਸੂ ਦੇ ਚੁਬਾਰੇ ਵਿਚ ਠਹਿਰੇ ਸਨ ਅਤੇ ਇਸੇ ਪਿੰਡ ਦੇ ਚੌਧਰੀ ਲਖਮੀਰ, ਸ਼ਮੀਰ ਅਤੇ ਤਖ਼ਤ ਮੱਲ, ਜੋ ਗੁਰੂ ਸਾਹਿਬ ਦੇ ਸ਼ਰਧਾਲੂ ਸਨ, ਨੇ ਗੁਰੂ ਸਾਹਿਬ ਜੀ ਦੀ ਤਨੋਂ-ਮਨੋਂ ਸੇਵਾ ਕੀਤੀ।

ਖਿਦਰਾਣੇ ਦੀ ਢਾਬ : ਜਿਸ ਨੂੰ ਅੱਜ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਦੀਨੇ ਕਾਂਗੜ ਦੀ ਧਰਤੀ ਨੂੰ ਅਲਵਿਦਾ ਆਖ ਕਿਸੇ ਅਜਿਹੀ ਥਾਂ ਦੀ ਭਾਲ ਵਿਚ ਸਨ, ਜਿੱਥੇ ਦੁਸ਼ਮਣ ਦੀਆਂ ਫੌਜਾਂ ਨਾਲ ਟਾਕਰਾ ਕਰਦਿਆਂ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ ਕਿਉਕਿ ਗੁਰੂ ਸਾਹਿਬ ਦੇ ਦੀਨੇ ਠਹਿਰੇ ਹੋਣ ਦੀ ਭਿਣਕ ਵਜ਼ੀਰ ਖਾਂ ਨੂੰ ਪੈ ਚੁੱਕੀ ਸੀ ਅਤੇ ਉਹ ਗੁਰੂ ਸਾਹਿਬ ਉੱਪਰ ਹਮਲਾ ਕਰਨ ਦੀ ਪੂਰੀ ਤਿਆਰੀ ਵਿਚ ਸੀ। ਗੁਰੂ ਸਾਹਿਬ ਦੀਨੇ ਪਿੰਡ ਤੋਂ ਵਾਇਆ ਜਲਾਲ, ਭਗਤਾ, ਜੈਤੋ ਹੁੰਦੇ ਹੋਏ ਕਪੂਰੇ ਚੌਧਰੀ ਕੋਲ ਪਹੁੰਚੇ, ਜੋ ਉਸ ਸਮੇਂ ਚੁਰਾਸੀ ਪਿੰਡਾਂ ਦਾ ਮਾਲਕ ਸੀ, ਜਿਸ ਦੇ ਨਾਂਅ ’ਤੇ ਕੋਟਕਪੂਰਾ ਸ਼ਹਿਰ ਵਸਿਆ ਹੋਇਆ ਹੈ। ਗੁਰੂ ਸਾਹਿਬ ਨੇ ਕਪੂਰੇ ਕੋਲੋਂ ਕਿਲੇ ਦੀ ਮੰਗ ਕੀਤੀ ਪਰ ਕਪੂਰਾ ਇਕ ਪਾਸੇ ਗੁਰੂ ਜੀ ਪ੍ਰਤੀ ਸ਼ਰਧਾ ਰੱਖਦਾ ਸੀ ਪਰ ਦੂਜੇ ਪਾਸੇ ਸਰਕਾਰ ਦਾ ਬੰਦਾ ਹੋਣ ਕਰਕੇ ਮਨ ਹੀ ਮਨ ਅੰਦਰ ਡਰਦਾ ਗੁਰੂ ਜੀ ਨੂੰ ਕਿਲਾ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਸੋਹਣ ਸਿੰਘ ਸੀਤਲ ਦੇ ਕਥਨ ਮੁਤਾਬਕ, ਇਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਜੁੱਗ ਪਲਟਾਊ ਲਹਿਰਾਂ ਦੇ ਨਾਲ ਹਮਦਰਦੀ ਹੁੰਦਿਆਂ ਹੋਇਆਂ ਵੀ ਵੱਡੇ ਆਦਮੀ ਕਦੇ ਸਿੱਧਾ ਹਿੱਸਾ ਨਹੀਂ ਲਿਆ ਕਰਦੇ। ਜਾਇਦਾਦ ਦਾ ਮੋਹ ਉਨ੍ਹਾਂ ਦੇ ਅੰਦਰ ਧਰਮ, ਦੇਸ਼ ਅਤੇ ਆਪਣੀ ਜਾਨ ਨਾਲੋਂ ਵੀ ਵਧੇਰੇ ਹੁੰਦਾ ਹੈ। ਇਹੀ ਹਾਲਤ ਕਪੂਰੇ ਦੀ ਸੀ।

ਕਪੂਰੇ ਨੇ ਰਸਤਾ ਦੱਸਣ ਲਈ ਆਪਣਾ ਭਰੋਸੇਯੋਗ ਆਦਮੀ ਖਾਨਾ ਬਰਾੜ ਗੁਰੂ ਸਾਹਿਬ ਨਾਲ ਤੋਰਿਆ, ਜੋ ਗੁਰੂ ਸਾਹਿਬ ਨੂੰ ਖਿਦਰਾਣੇ ਦੀ ਢਾਬ ਉੱਪਰ ਪਹੁੰਚਾ ਆਇਆ। ਕਪੂਰੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ! ਅੱਗੇ ਸੰਘਣੇ ਬੀਆਬਾਨ ਇਲਾਕੇ ਵਿਚ ਖਿਦਰਾਣੇ ਦੀ ਢਾਬ ਹੈ, ਜੋ ਬੜੀ ਸੁਰੱਖਿਅਤ ਹੈ। (ਕਿਉਕਿ ਉਨ੍ਹਾਂ ਦਿਨਾਂ ਵਿਚ ਮਾਲਵੇ ਇਲਾਕੇ ਵਿਚ ਪਾਣੀ ਦੀ ਬੜੀ ਕਿੱਲਤ ਸੀ। ਇਹੀ ਕਾਰਨ ਹੈ ਕਿ ਮੁਕਤਸਰ ਦੇ ਸ਼ਹੀਦਾਂ ਦੀ ਯਾਦ ਵਿਚ ਲੱਗਣ ਵਾਲਾ ਮੇਲਾ ਤਰੀਖ਼ਾਂ ਦੇ ਮੁਤਾਬਕ ਤਾਂ ਮਈ ਵਿਚ ਹੁੰਦਾ ਹੈ ਪਰ ਮਨਾਇਆ ਮਾਘੀ ਦੇ ਦਿਨ ਜਾਂਦਾ ਹੈ।)

ਗੁਰੂ ਸਾਹਿਬ ਰਾਮੇਆਣੇ ਤੋਂ ਥੋੜ੍ਹੀ ਦੂਰ ਹੀ ਪਹੁੰਚੇ ਸਨ ਕਿ ਮਝੈਲੀਏ ਸਿੰਘ ਗੁਰੂ ਜੀ ਨੂੰ ਆ ਮਿਲੇ ਤੇ ਆਪਣੀਆਂ ਭੁੱਲਾਂ ਦੀ ਖ਼ਿਮਾ ਜਾਚਨਾ ਕੀਤੀ।

ਗੁਰੂ ਸਾਹਿਬ ਰਾਮੇਆਣੇ ਤੋਂ ਖਿਦਰਾਣੇ ਦੀ ਢਾਬ ’ਤੇ ਪੁੱਜੇ। ਢਾਬ ਬਿਲਕੁਲ ਸੁੱਕੀ ਸੀ। ਗੁਰੂ ਸਾਹਿਬ ਨੇ ਉੱਚੀ ਥਾਂ ’ਤੇ ਡੇਰਾ ਲਾ ਲਿਆ ਅਤੇ ਮੋਰਚਾ ਲੱਗ ਗਿਆ, ਜਿਥੇ ਅੱਜ ਕੱਲ੍ਹ ਗੁਰਦੁਆਰਾ ਟਿੱਬੀ ਸਾਹਿਬ ਮੌਜੂਦ ਹੈ।

ਮਾਝੇ ਦੇ ਸਿੱਖ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਢਾਬ ’ਤੇ ਜਾ ਪਹੁੰਚੇ। ਉਧਰ ਵਜ਼ੀਰ ਖਾਂ ਅੱਠ ਹਜ਼ਾਰ ਫੌਜਾਂ ਸਮੇਤ ਆ ਰਿਹਾ ਸੀ। ਸਿੰਘਾਂ ਨੇ ਆਪਣੇ ਬਸਤਰ ਝਾੜੀਆਂ ’ਤੇ ਪਾ ਦਿੱਤੇ ਤਾਂ ਕਿ ਪਿੱਛੋਂ ਆਉਦੀ ਮੁਗਲ ਫੌਜ ਨੂੰ ਤੰਬੂਆਂ ਦਾ ਭੁਲੇਖਾ ਪਵੇ। ਵਜ਼ੀਰ ਖਾਂ ਨਾਲ ਕੋਟਕਪੂਰੇ ਦਾ ਚੌਧਰੀ ਕਪੂਰਾ ਵੀ ਸੀ। ਅੰਦਰੋਂ ਉਹ ਗੁਰੂ ਸਾਹਿਬ ਦਾ ਹਮਾਇਤੀ ਸੀ ਪਰ ਸਰਕਾਰ ਦਾ ਬੰਦਾ ਹੋਣ ਕਰਕੇ ਵਜ਼ੀਰ ਖਾਂ ਨਾਲ ਤੁਰਨਾ ਉਸ ਦੀ ਮਜ਼ਬੂਰੀ ਸੀ। ਜਦੋਂ ਵਜ਼ੀਰ ਖਾਂ ਦੀ ਫੌਜ ਅੱਗੇ ਵਧੀ ਤਾਂ ਸਿੰਘਾਂ ਨੇ ਤੀਰਾਂ, ਗੋਲੀਆਂ ਦੀ ਵਾਛੜ ਕਰ ਦਿੱਤੀ ਅਤੇ ਫੌਜ ਨੂੰ ਅੱਗੇ ਨਾ ਵਧਣ ਦਿੱਤਾ ਪਰ ਜਦੋਂ ਗੋਲੀ-ਸਿੱਕਾ ਮੁੱਕ ਗਿਆ ਤਾਂ ਆਹਮੋ-ਸਾਹਮਣੀ ਟੱਕਰ ਵਿਚ ਕਈ ਸਿੰਘ ਸ਼ਹੀਦ ਹੋ ਗਏ ਅਤੇ ਵਜ਼ੀਰ ਖਾਂ ਦੀਆਂ ਫੌਜਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ। ਵਜ਼ੀਰ ਖਾਂ ਅੱਗੇ ਵਧਣਾ ਚਾਹੁੰਦਾ ਸੀ ਪਰ ਕਪੂਰੇ ਚੌਧਰੀ ਨੇ ਬਹਾਨੇ ਨਾਲ ਉਸ ਨੂੰ ਕਿਹਾ, ‘ਸਾਹਿਬ  ! ਅੱਗੇ ਰੋਹੀ-ਬੀਆਬਾਨ ਵਿਚ ਪਾਣੀ ਦੀ ਕਿੱਲਤ ਹੋਣ ਕਰਕੇ ਫੌਜ ਦਾ ਨੁਕਸਾਨ ਹੋ ਜਾਵੇਗਾ।’ ਇਸ ਕਰਕੇ ਸਾਨੂੰ ਅੱਗੇ ਨਹੀਂ ਵਧਣਾ ਚਾਹੀਦਾ। ਵਜ਼ੀਰ ਖਾਂ ਵੀ ਡਰ ਤੇ ਥੱਕ ਚੁੱਕਾ ਸੀ। ਉਹ ਹਾਰ ਮੰਨ ਕੇ ਪਿੱਛੇ ਮੁੜ ਪਿਆ ਅਤੇ ਆਪਣੇ ਜ਼ਖ਼ਮੀ ਸਿਪਾਹੀਆਂ ਦੀ ਸਾਰ ਲੈਣਾ ਵੀ ਉਸ ਨੇ ਵਾਜਬ ਨਾ ਸਮਝਿਆ।

ਉਧਰ ਗੁਰੂ ਸਾਹਿਬ ਇਹ ਨਜ਼ਾਰਾ ਉੱਚੀ ਟਿੱਬੀ ’ਤੇ ਬੈਠ ਕੇ ਵੇਖ ਰਹੇ ਸਨ। ਜਦੋਂ ਗੁਰੂ ਸਾਹਿਬ ਨੇ ਦੇਖਿਆ ਕਿ ਸਿੰਘ ਸ਼ਹੀਦ ਹੋ ਚੁੱਕੇ ਹਨ ਤਾਂ ਗੁਰੂ ਸਾਹਿਬ ’ਕੱਲੇ-’ਕੱਲੇ ਸਿੰਘ ਕੋਲ ਗਏ ਅਤੇ ਰੁਮਾਲ ਨਾਲ ਮੁੱਖ ਸਾਫ਼ ਕੀਤੇ। ਜਦੋਂ ਗੁਰੂ ਸਾਹਿਬ ਭਾਈ ਮਹਾਂ ਸਿੰਘ ਕੋਲ ਪਹੁੰਚੇ ਤਾਂ ਉਹ ਸਹਿਕ ਰਹੇ ਸਨ। ਗੁਰੂ ਸਾਹਿਬ ਨੇ ਮਹਾਂ ਸਿੰਘ ਦਾ ਸੀਸ ਆਪਣੀ ਗੋਦੀ ਵਿਚ ਰੱਖ ਕੇ ਕਿਹਾ, ‘ਮਹਾਂ ਸਿੰਘ  ! ਮੰਗ ਜੋ ਵੀ ਮੰਗਣੈ।’ ਤਾਂ ਮਹਾਂ ਸਿੰਘ ਨੇ ਕਿਹਾ, ‘ਸੱਚੇ ਪਾਤਸ਼ਾਹ ! ਤੁੱਠੇ ਹੋ ਤਾਂ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣਾ। ਬਾਅਦ ਵਿਚ ਗੁਰੂ ਸਾਹਿਬ ਨੇ ਤਮਾਮ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਅਤੇ ਖਿਦਰਾਣੇ ਦੀ ਧਰਤੀ ਨੂੰ ਮੁਕਤਸਰ ਦਾ ਖਿਤਾਬ ਦਿੱਤਾ। ਇਹ ਗੁਰੂ ਸਾਹਿਬ ਦੀ ਆਖ਼ਰੀ ਜੰਗ ਸੀ। ਇਸ ਵਿਚ ਵੀ ਗੁਰੂ ਸਾਹਿਬ ਜੇਤੂ ਰਹੇ। ਮੁਕਤਸਰ ਦੀ ਜੰਗ ਜਿੱਤਣ ਤੋਂ ਪਿੱਛੋਂ ਗੁਰੂ ਸਾਹਿਬ ਆਲੇ-ਦੁਆਲੇ ਦੇ ਪਿੰਡਾਂ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਾਬੋ ਕੀ ਤਲਵੰਡੀ ਵੱਲ ਨੂੰ ਆਏ।

ਤਲਵੰਡੀ ਸਾਬੋ : ਜੋ ਸਿੱਖ ਕੌਮ ਦੇ ਪੰਜਵੇਂ ਤਖ਼ਤ, ਸ੍ਰੀ ਦਮਦਮਾ ਸਾਹਿਬ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਸਮਿਆਂ ਵਿਚ ਤਲਵੰਡੀ ਸਾਬੋ ਰੇਤਲਾ ਇਲਾਕਾ ਸੀ। ਗੁਰੂ ਸਾਹਿਬ ਮਾਲਵੇ ਇਲਾਕੇ ਦਾ ਦੌਰਾ ਕਰਨ ਪਿੱਛੋਂ ਤਲਵੰਡੀ ਸਾਬੋ ਪਹੁੰਚ ਕੇ ਦਮ ਲਿਆ। ਇਸੇ ਕਰਕੇ ਇਸ ਧਰਤੀ ਦਾ ਨਾਂਅ ‘ਦਮਦਮਾ ਸਾਹਿਬ’ ਪੈ ਗਿਆ। ਇਸੇ ਅਸਥਾਨ ’ਤੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ (ਜੋ ਸਰਸਾ ਨਦੀ ’ਤੇ ਵਿਛੜ ਗਏ ਸਨ) ਭਾਈ ਮਨੀ ਸਿੰਘ ਜੀ ਨਾਲ ਆਣ ਮਿਲੇ। ਬੇਸ਼ੱਕ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਪਰ ਮਾਂ ਦੀ ਮਮਤਾ ਜਾਗ ਪਈ। ਜਦੋਂ ਗੁਰੂ ਸਾਹਿਬ ਤੋਂ ਪੁੱਛਿਆ ਕਿ, ‘ਸੁਆਮੀ ਜੀ  ! ਸੰਗਤ ਵਿਚ ਚਾਰ ਲਾਲ ਨਜ਼ਰ ਨਹੀਂ ਆਉਦੇ ?’ ਤਾਂ ਗੁਰੂ ਸਾਹਿਬ ਨੇ ਕਿਹਾ, ‘ਇਹ ਸਾਧ ਸੰਗਤ ਵੀ ਤੁਹਾਡੇ ਪੁੱਤਰ ਹੀ ਹਨ, ‘‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ॥ ਚਾਰ ਮੂਏ ਤੋ ਕਯਾ ਭਯਾ ਜੀਵਤ ਕਈ ਹਜ਼ਾਰ॥’’

ਤਲਵੰਡੀ ਸਾਬੋ ਦੀ ਧਰਤੀ ’ਤੇ ਹੀ ਭਾਈ ਡੱਲੇ ਦੀ ਪਰਖ ਗੁਰੂ ਸਾਹਿਬ ਨੇ ਅਨੋਖੇ ਢੰਗ ਨਾਲ ਕੀਤੀ, ਡੱਲਾ ਇਲਾਕੇ ਦਾ ਚੌਧਰੀ ਸੀ। ਕਪੂਰੇ ਵਾਂਗ ਉਹ ਵੀ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਪਰ ਸੀ ਉਹ ਵੀ ਸਰਕਾਰੀ ਬੰਦਾ। ਉਸ ਨੇ ਗੁਰੂ ਸਾਹਿਬ ਨਾਲ ਬੜੀ ਹਮਦਰਦੀ ਜਤਾਈ। ਚਮਕੌਰ ਦੀ ਜੰਗ ਸਮੇਂ ਜੇਕਰ ਗੁਰੂ ਜੀ ਸਾਨੂੰ ਯਾਦ ਕੀਤਾ ਹੁੰਦਾ ਤਾਂ ਅਸੀਂ ਦੁਸ਼ਮਣ ਦੀ ਫੌਜ ਅੱਗੇ ਹਿੱਕਾਂ ਡਾਹ ਦੇਣੀਆਂ ਸਨ ਪਰ ਜਦੋਂ ਇਕ ਬੰਦੂਕ ਦੀ ਪਰਖ ਕਰਨ ਵੇਲੇ ਡੱਲੇ ਦੇ ਸਿਪਾਹੀ ਤੇ ਖ਼ੁਦ ਡੱਲਾ, ਆਪਣੇ ਵਾਅਦੇ ਤੋਂ ਡੋਲਣ ਲੱਗੇ ਤਾਂ ਗੁਰੂ ਸਾਹਿਬ ਨੇ ਝੱਟ ਕਹਿ ਦਿੱਤਾ, ‘ਵਾਹ ਡੱਲਿਆ ! ਜੇ ਜੰਗ ਵਿਚ ਤੇਰੇ ਜਿਹੇ ਸਿਪਾਹੀ ਸਾਡੇ ਨਾਲ ਹੁੰਦੇ ਤਾਂ ਉਥੇ ਵੀ ਇਨ੍ਹਾਂ ਨੂੰ ਜਾਨ ਪਿਆਰੀ ਹੋ ਜਾਂਦੀ।’

ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਵਾਉਣਾ: ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਾਣੀ ਤੇ ਸਾਹਿਤ ਨਾਲ ਬਹੁਤ ਹੀ ਗੁੜ੍ਹਾ ਪਿਆਰ ਸੀ। ਇਸ ਲਈ ਉਨ੍ਹਾਂ ਪਾਉਂਟਾ ਸਾਹਿਬ (ਭਾਵ ਆਰੰਭ) ਤੋਂ ਹੀ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਹੋਏ ਸਨ ਜਿਨ੍ਹਾਂ ਨੇ ਭਿੰਨ ਭਿੰਨ ਵਿਸ਼ਿਆਂ ਉੱਤੇ ਸਾਹਿਤਕ ਰਚਨਾ ਰਚੀ। ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ‘ਆਦਿ ਗ੍ਰੰਥ’ ’ਚ ਦਰਜ ਕਰਨ ਉਪਰੰਤ ਕਈ ਉਤਾਰੇ ਵੀ ਕਰਵਾਏ ਸਨ, ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਸੁਭਾਇਮਾਨ ਹੈ। ਅਣਗਿਣਤ ਬਿਖੜੇ ਪੈਂਡਿਆਂ ਨੂੰ ਸਰ ਕਰਨ ਉਪਰੰਤ ਵੀ ਗੁਰੂ ਜੀ ਨੂੰ ਜਦ ਤਲਵੰਡੀ ਸਾਬੋ (ਜਿਲ੍ਹਾ ਬਠਿੰਡਾ) ਵਿੱਖੇ ਕੁਝ ਫ਼ੁਰਸਤ ਮਿਲੀ ਤਦ ਵੀ ਉਨ੍ਹਾਂ ਨੇ ਆਪਣੇ ਤਮਾਮ ਕਸ਼ਟਾਂ ਨੂੰ ਨਾ ਚਿਤਾਰਦਿਆਂ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਹੋਰ ਉਤਾਰੇ ਕਰਵਾਉਣ ਨੂੰ ਮਹੱਤਵ ਦਿੱਤਾ, ਜਿਵੇਂ ਕਿ ਬਾਬਾ ਦੀਪ ਸਿੰਘ ਜੀ ਦੁਆਰਾ ਲਿਖੇ ਗਏ 4 ਸਰੂਪਾਂ ਜਾ ਜ਼ਿਕਰ ਇਤਿਹਾਸ ਵਿੱਚ ਦਰਜ ਹੈ। ਭਾਈ ਮਨੀ ਸਿੰਘ ਜੀ ਦੁਆਰਾ ਵੀ ਕੁਝ ਉਤਾਰੇ ਕਰਵਾਏ ਗਏ, ਮੰਨੇ ਜਾਂਦੇ ਹਨ, ਇਨ੍ਹਾਂ ਸਰੂਪਾਂ ਦਾ ਨਾਮ ‘ਦਮਦਮੀ ਬੀੜਾਂ’ ਨਾਲ ਪ੍ਰਸਿੱਧ ਹੋਇਆ।

ਕੁਝ ਇਤਿਹਾਸਕਾਰ ਇਹ ਮੰਨਦੇ ਹਨ ਕਿ ਗੁਰੂ ਜੀ ਨੇ ‘ਆਦਿ ਬੀੜ’ ਨੂੰ ਕਰਤਾਰਪੁਰ ਤੋਂ ਲਿਆਉਣ ਦਾ ਯਤਨ ਕੀਤਾ ਪਰ ਧੀਰਮੱਲੀਆਂ ਨੇ ਜਵਾਬ ਦੇ ਦਿੱਤਾ, ਜਿਸ ਉਪਰੰਤ ਗੁਰੂ ਜੀ ਨੇ ਜ਼ੁਬਾਨੀ ਹੀ ਭਾਈ ਮਨੀ ਸਿੰਘ ਜੀ ਪਾਸੋਂ ਤਲਵੰਡੀ ਸਾਬੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ, ਜਿਸ ਵਿੱਚ ਪਹਿਲੀ ਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਦਰਜ ਕੀਤੀ ਗਈ, ਪਰ ਇਹ ਦਲੀਲ ਉਚਿਤ ਨਹੀਂ ਜਾਪਦੀ ਕਿਉਂਕਿ ‘ਆਦਿ ਗ੍ਰੰਥ’ ਦੀ ਸੰਪਾਦਨਾ ਸੰਨ 1604 ਈਸਵੀ ’ਚ (ਗੁਰੂ ਅਰਜਨ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੁਆਰਾ) ਮੁਕੰਮਲ ਹੋ ਚੁੱਕੀ ਸੀ ਤੇ ਦਮਦਮਾ ਸਾਹਿਬ ਪਹੁੰਚਣ ਦਾ ਸਮਾਂ ਸੰਨ 1708 ਈਸਵੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸ 104 ਸਾਲਾਂ ’ਚ ‘ਆਦਿ ਗ੍ਰੰਥ’ ਜੀ ਦਾ ਕੋਈ ਉਤਾਰਾ ਹੀ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਸਿੱਖ ‘ਗੁਰੂ’ ਦਾ ਦਰਜਾ ਵੀ ਦਿੰਦੇ ਹਨ।

ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਜਵੇਂ ਗੁਰੂ ਸਾਹਿਬਾਨ ਜੀ ਤੱਕ ਅਤੇ ਨੌਵੇਂ ਗੁਰੂ ਜੀ ਨੇ ਵੀ ਬਾਣੀ ਰਚੀ ਤੇ ਸੰਭਾਲ਼ੀ, ਇਸ ਨਿਯਮ ਦਾ ਪਾਲਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਨ 1675 (ਗੁਰਿਆਈ ਮਿਲਣ ਦੇ ਸੰਨ) ਤੋਂ ਲੈ ਕੇ ਸੰਨ 1708 ਤੱਕ (ਭਾਵ 33 ਸਾਲ) ਨਹੀਂ ਕੀਤਾ, ਜਿਨ੍ਹਾਂ ਦੀ ਸਾਹਿਤਕ ਰੁਚੀ ਵੀ ਕਾਬਲੇ-ਤਾਰੀਫ਼ ਹੈ ? ਅਗਰ ਗੁਰੂ ਜੀ ਕੁਦਰਤੀ ਨਿਯਮਾਂ ਮੁਤਾਬਕ ਪਿੱਛੇ ਹੀ ਸਰੀਰਕ ਵਿਛੋੜਾ ਦੇ ਜਾਂਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੌਣ ਦਰਜ ਕਰਦਾ ?

ਸੋ, ਗੁਰੂ ਜੀ ਨੇ ‘ਆਦਿ ਗ੍ਰੰਥ’ ਸਾਹਿਬ ਜੀ ਦੇ ਕਈ ਉਤਾਰੇ ਪਹਿਲਾਂ ਹੀ ਕਰਵਾ ਲਏ ਸਨ। ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਵੀ ਇਸ ਕਾਰਜ ਨੂੰ ਮੁੜ ਦੁਹਰਾਇਆ ਗਿਆ ਸੀ ਭਾਵ ਹੋਰ ਉਤਾਰੇ ਕੀਤੇ ਗਏ ਸਨ, ਜਿਨ੍ਹਾਂ ਲਈ ਪਹਿਲਾਂ ਤੋਂ ਕੀਤੇ ਗਏ ਉਤਾਰਿਆਂ ਦੀ ਮਦਦ ਲਈ ਗਈ, ਜੋ ਕਿ ਕਈ ਸਿੱਖਾਂ ਪਾਸ ਮੌਜੂਦ ਸਨ, ਨਾ ਕਿ ਗੁਰੂ ਜੀ ਨੇ ਕਿਸੇ ਸਿੱਖ ਨੂੰ ਧੀਰਮੱਲੀਆਂ ਪਾਸ ‘ਆਦਿ ਬੀੜ’ ਸਾਹਿਬ ਨੂੰ ਲੈਣ ਲਈ ਭੇਜਿਆ।

ਗੁਰੂ ਕਾਸ਼ੀ ਅਤੇ ਗੁਰੂ ਸਰ: ਇਕ ਦਿਨ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਕਲਮਾਂ ਘੜੀਆਂ ਅਤੇ ਇਧਰ-ਉਧਰ ਸੁਟਵਾ ਦਿੱਤੀਆਂ। ਗੁਰੂ ਸਾਹਿਬ ਦੇ ਮਨ ਅੰਦਰ ਵਿੱਦਿਆ ਪ੍ਰਤੀ ਅਥਾਹ ਪਿਆਰ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਇੱਥੋਂ ਬਹੁਤ ਸਾਰੇ ਲੋਕੀਂ ਵਿੱਦਿਆ ਪ੍ਰਾਪਤ ਕਰਕੇ ਮਹਾਨ ਵਿਦਵਾਨ ਬਣਨਗੇ। ਇਸ ਲਈ ਇਸ ਸਥਾਨ ਨੂੰ ‘ਗੁਰੂ ਕੀ ਕਾਸ਼ੀ’ ਕਿਹਾ ਜਾਂਦਾ ਹੈ।

ਗੁਰ-ਬਿਲਾਸ ਅਨੁਸਾਰ ਗੁਰੂ ਸਾਹਿਬ ਦਮਦਮਾ ਸਾਹਿਬ ਵਿਖੇ ਨੌਂ ਮਹੀਨੇ, ਨੌਂ ਦਿਨ, ਨੌਂ ਪਹਿਰ, ਨੌਂ ਪਲ ਗੁਜ਼ਾਰ ਕੇ ਕੱਤਕ ਸੁਦੀ ਪੰਚਮੀ ਸੰਮਤ 1763 ਬਿਕਰਮੀ ਨੂੰ ਅੰਮ੍ਰਿਤ ਵੇਲੇ ਦੱਖਣ ਵੱਲ ਰਵਾਨਾ ਹੋਏ: ‘ਨੌਂ ਪਲ ਮੂਰਤ ਚਸੇ ਦਿਨ ਨੌ ਹੀ ਮਾਸ ਨਿਹਾਰ, ਜਾਮ ਦਮਦਮੇ ਮੱਧਿ ਮੈਂ, ਬਸੈ ਸੁ ਦੀਨ ਦਯਾਰ।’

ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਭਾਈ ਮਨੀ ਸਿੰਘ ਨਾਲ ਦਿੱਲੀ ਰਵਾਨਾ ਕਰ ਦਿੱਤਾ ਗਿਆ ਅਤੇ ਆਪ ਦੱਖਣ ਵੱਲ ਕੂਚ ਕਰ ਗਏ।

ਤਦ ਤਲਵੰਡੀ ਸਾਬੋ ਦਾ ਇਲਾਕਾ, ਮਾਲਵੇ ’ਚ ਰੇਗਿਸਤਾਨ ਵਜੋਂ ਜਾਣਿਆ ਜਾਂਦਾ ਸੀ, ਜੋ ਸੁਰੱਖਿਆ ਦੇ ਪੱਖ ਤੋਂ ਕਾਫ਼ੀ ਮਹੱਤਵ ਪੂਰਨ ਸੀ ਕਿਉਕਿ ਆਸੇ-ਪਾਸੇ ਰੋਹੀ-ਬੀਆਬਾਨ ਸੀ ਪਰ ਅੱਜ ਦੇ ਮਾਲਵਾ ਇਲਾਕੇ ਵਿਚ ਪੁਆਧ ਦਾ ਇਲਾਕਾ ਵੀ ਸ਼ਾਮਲ ਹੈ, ਜਿਸ ਵਿਚ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਸ਼ਾਮਲ ਹਨ ਪਰ ਉਦੋਂ ਆਨੰਦਪੁਰ ਸਾਹਿਬ ਦਾ ਇਲਾਕਾ ਰਿਆਸਤੀ ਇਲਾਕਾ ਸੀ।