ਬੇਜੋੜ ਤੇ ਆਸਾਵੀਂ ਜੰਗ-ਗੜ੍ਹੀ ਚਮਕੌਰ ਸਾਹਿਬ

0
110

ਬੇਜੋੜ ਤੇ ਆਸਾਵੀਂ ਜੰਗਗੜ੍ਹੀ ਚਮਕੌਰ ਸਾਹਿਬ

ਗੁਰਮੇਲ ਸਿੰਘ ਗਿੱਲ, ਗੁਰੂ ਤੇਗ ਬਹਾਦਰ ਨਗਰ,

ਵਾਰਡ ਨੰ: 1 (ਮਾਨਸਾ)-9872374523, 6239982884

ਚਮਕੌਰ ਅਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਦੀ ਨਾ ਭੁੱਲਣਯੋਗ ਤੇ ਅਦੁੱਤੀ ਦਾਸਤਾਨ ਵਿਸ਼ਵ ਦੇ ਧਰਮਾਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੀ ਗਈ ਹੈ। ਇਸ ਘਟਨਾ ਨੂੰ ਹਰ ਧਰਮ ਨਾਲ ਸੰਬੰਧ ਰੱਖਣ ਵਾਲੇ ਕਵੀਆਂ ਅਤੇ ਲੇਖਕਾਂ ਨੇ ਆਪਣੀਆਂ-2 ਰਚਨਾਵਾਂ ਵਿੱਚ ਕਲਮਬੰਦ ਕੀਤਾ ਹੈ ਤੇ ਹੋਏ ਜ਼ੁਲਮ ਵਿਰੁੱਧ ਹਾਅ ਦਾ ਨਾਹਰਾ ਵੀ ਮਾਰਿਆ ਹੈ। ਚਮਕੌਰ ਦੀ ਗੜ੍ਹੀ ਦੀ ਜੰਗ; ਸਿੱਖ ਇਤਿਹਾਸ ਵਿੱਚ ਬੜੀ ਮਹਾਨਤਾ ਰੱਖਦੀ ਹੈ। ਇਹ ਇੱਕ ਪਾਸੇ ਲੱਖਾਂ ਦੀ ਗਿਣਤੀ ਵਿੱਚ ਹਥਿਆਰਾਂ ਨਾਲ ਲੈੱਸ ਮੁਗ਼ਲ ਸੈਨਾ ਤੇ ਦੂਜੇ ਪਾਸੇ ਕਈ ਮਹੀਨਿਆਂ ਤੋਂ ਭੁੱਖੇ ਭਾਣੇ ਮੁੱਠੀ ਭਰ ਸਿੰਘਾਂ ਨਾਲ਼ ਹੋਇਆ ਜੁੱਧ ਹੈ। ਮੁਗ਼ਲ ਸੈਨਿਕ ਜਿਹੜੇ ਕਿ ਤਨਖ਼ਾਹ ਲੈ ਕੇ ਨੌਕਰੀ ਕਰਦੇ ਸਨ, ਦੂਜੇ ਪਾਸੇ ਨਿਸ਼ਕਾਮ ਸੇਵਾ ਤੇ ਕੁਰਬਾਨੀ ਦੀ ਸੇਵਾ ਭਾਵਨਾ ਰੱਖਣ ਵਾਲੇ ਧਰਮ ਦੇ ਰਖਵਾਲੇ ਮਰਜੀਵੜੇ ਸਿੰਘ। ਗੁਰੂ ਸਾਹਿਬ ਦੇ ਖਿਲਾਫ਼ ਨਾ ਸਿਰਫ਼ ਮੁਗ਼ਲ ਹਕੂਮਤ ਅਤੇ ਪਹਾੜੀ ਰਾਜੇ ਸਨ ਸਗੋਂ ਰੂੜ੍ਹੀਵਾਦੀ ਬ੍ਰਾਹਮਣ ਲੋਕ ਵੀ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਭੰਗਾਣੀ ਦਾ ਯੁੱਧ ਲੜਿਆ। ਅਨੰਦਪੁਰ ਸਾਹਿਬ ਨੂੰ ਪਾਏ ਘੇਰੇ ਸਮੇਂ ਪਹਾੜੀ ਰਾਜੇ ਤੇ ਸੂਬਾ ਸਰਹਿੰਦ; ਦੋਵੇਂ ਗੁਰੂ ਜੀ ਦੇ ਵਿਰੁੱਧ ਇੱਕ-ਜੁੱਟ ਸਨ। ਉਨ੍ਹਾਂ ਦੀਆਂ ਫ਼ੌਜਾਂ ਨੇ ਸਾਂਝੀ ਕਮਾਨ ਹੇਠ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਘੇਰਾ ਲੰਬਾ ਹੋਣ ’ਤੇ ਦੁਸ਼ਮਣਾਂ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ ਕਿ ਜੇਕਰ ਗੁਰੂ ਜੀ ਅਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ, ਪਰ ਅਨੰਦਰਪੁਰ ਛੱਡਦਿਆਂ ਹੀ ਪਿੱਛੋਂ ਆਪਣੀਆਂ ਕਸਮਾਂ ਭੁਲਾ ਕੇ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕਿਨਾਰੇ ਸੈਂਕੜੇ ਸਿੰਘਾਂ ਨੇ ਪਹਾੜੀ ਰਾਜਿਆਂ ਨਾਲ਼ ਲੜਦਿਆਂ ਸ਼ਹੀਦੀਆਂ ਪਾਈਆਂ। ਜਦੋਂ ਗੁਰੂ ਜੀ ਚਮਕੌਰ ਸਾਹਿਬ ਪਹੁੰਚੇ ਤਾਂ ਗੁਰੂ ਜੀ ਨਾਲ਼ ਕੇਵਲ 40 ਕੁ ਸਿੰਘ ਸਨ। ਪਿੱਛਾ ਕਰਦੇ ਆ ਰਹੇ ਲੱਖਾਂ ਦੀ ਤਾਦਾਦ ’ਚ ਸ਼ਾਹੀ ਲਸ਼ਕਰ ਨੇ ਸੂਬ੍ਹਾ ਤੱਕ ਗੜ੍ਹੀ ਨੂੰ ਘੇਰਾ ਪਾ ਲਿਆ।

੮ ਪੋਹ/7 ਦਸੰਬਰ ਨੂੰ ਦਿਨ ਚੜ੍ਹਦਿਆਂ ਹੀ ਸੰਸਾਰ ਦਾ ਇਹ ਭਿਆਨਕ ਯੁੱਧ ਆਰੰਭ ਹੋ ਗਿਆ। ਇੱਕ ਪਾਸੇ ਗੜ੍ਹੀ ਦੇ ਅੰਦਰ ਉਂਗਲਾਂ ’ਤੇ ਗਿਣੇ ਜਾਣ ਵਾਲੇ 40 ਸਿਦਕੀ ਸਿੰਘ ਤੇ ਦੂਜੇ ਪਾਸੇ ਦੁਸ਼ਮਣ ਦੀ ਹੰਕਾਰੀ 10 ਲੱਖ ਫ਼ੌਜ। ਗੁਰੂ ਸਾਹਿਬ ਨੇ ਗੜ੍ਹੀ ਦੀਆਂ ਚਾਰੇ ਬਾਹੀਆਂ ’ਤੇ ਅੱਠ-ਅੱਠ ਸਿੰਘ ਤਾਇਨਾਤ ਕਰ ਦਿੱਤੇ ਗਏ। ਦੋਵੇ ਵੱਡੇ ਸਾਹਿਬਜ਼ਾਦੇ, ਭਾਈ ਜੀਵਨ ਸਿੰਘ ਅਤੇ ਪੰਜ ਪਿਆਰੇ; ਗੜ੍ਹੀ ਦੀ ਮਮਟੀ ’ਤੇ ਗੁਰੂ ਜੀ ਦੇ ਨਾਲ਼ ਰਹੇ। ਦੁਸ਼ਮਣ ਵੱਲੋਂ ਨਾਹਰ ਖਾਂ, ਹੈਬਤ ਖਾਂ, ਇਸਮਾਇਲ ਖਾਂ, ਉਸਮਾਨ ਖਾਂ, ਸੁਲਤਾਨ ਖਾਂ, ਖਵਾਜਾ ਖਿਜਰ ਖਾਂ, ਜਹਾਂ ਖਾਂ, ਨਜੀਬ ਖਾਂ, ਮੀਆਂ ਖਾਂ, ਦਿਲਾਵਰ ਖਾਂ, ਸੈਦ ਖਾਂ, ਜਬਰਦਸਤ ਖਾਂ ਅਤੇ ਗੁਲਬੇਲ ਖਾਂ ਆਦਿ ਪ੍ਰਸਿੱਧ ਮੁਗ਼ਲ ਜਰਨੈਲ ਵਜੀਦ ਖਾਂ ਦੀ ਅਗਵਾਹੀ ਵਿੱਚ ਗੜ੍ਹੀ ਨੂੰ ਘੇਰਾ ਪਾ ਰਹੇ ਸਨ। ਢੰਡੋਰਾ ਪਿੱਟਵਾ ਕੇ ਗੁਰੂ ਜੀ, ਉਨ੍ਹਾਂ ਦੇ ਸਾਹਿਬਜ਼ਾਦਿਆਂ ਅਤੇ ਲਾਡਲੀਆਂ ਫ਼ੌਜਾਂ ਨੂੰ ਜਾਨਾਂ ਬਖ਼ਸ਼ਣ ਵਾਸਤੇ, ਆਤਮ-ਸਮੱਰਪਣ ਕਰ ਦੇਣ ਲਈ ਸ਼ਾਹੀ ਫ਼ੁਰਮਾਨ ਸੁਣਾਇਆ ਗਿਆ, ਪਰ ਗੁਰੂ ਜੀ ਨੇ ਜਬਰ, ਜ਼ੁਲਮ ਤੇ ਕੱਟੜਵਾਦ ਵਿਰੁੱਧ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਤੇ ਮਨੁਵਾਦ ਵਿਰੋਧਤਾ ਵਿਰੁੱਧ ਇਨਸਾਫ਼ ਦੀ ਜੰਗ ਵਜੋਂ ਢੰਡੋਰੇ ਦਾ ਜਵਾਬ ਬੰਦੂਕਾਂ ਦੀਆਂ ਗੋਲੀਆਂ, ਤੀਰਾਂ ਦੀ ਬੁਛਾੜ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਦਿੱਤਾ। ਭਾਂਵੇ ਮੁਗ਼ਲ ਫ਼ੌਜਾਂ ਵੱਲੋ ਵੀ ਤੀਰਾਂ ਅਤੇ ਗੋਲ਼ੀਆਂ ਦੀ ਬਾਰਸ਼ ਕੀਤੀ ਗਈ, ਪਰ ਗੜ੍ਹੀ ਦੇ ਨੇੜੇ ਹੋਣ ਦੀ ਹਿੰਮਤ ਕਿਸੇ ਦੀ ਵੀ ਨਹੀਂ ਸੀ। ਨਾਹਰ ਖਾਂ ਨੂੰ ਆਪਣੇ ਤੀਰ ਦਾ ਨਿਸ਼ਾਨਾਂ ਬਣਾਉਣ ਦੇ ਦ੍ਰਿਸ਼ ਦਾ ਵਰਣਨ ਗੁਰੂ ਜੀ ਇਸ ਤਰ੍ਹਾਂ ਕਰਦੇ ਹਨ :-

ਚੁ ਦੀਦਮ ਕਿ ਨਾਹਰ ਬਿਯਾਮਦ ਜੰਗ

ਚਸ਼ੀਦਹ ਯਕੇ ਤੀਰਿ ਮਨ ਬੇਦਰੰਗ ੨੯ (ਜ਼ਫ਼ਰਨਾਮਾ)

ਅਰਥ : (ਹੇ ਔਰੰਗਜ਼ੇਬ !) ਜਦੋਂ ਮੈਂ ਵੇਖਿਆ (ਕਿ ਤੇਰਾ ਸੈਨਾ ਨਾਇਕ) ਨਾਹਰ ਖ਼ਾਂ ਯੁੱਧ ਕਰਨ ਲਈ ਆਇਆ ਹੈ ਤਾਂ ਮੈਂ ਇੱਕ ਤੀਰ ਦਾ ਜਲਦੀ ਨਾਲ਼ (ਸੁਆਦ) ਚਖਾ ਦਿੱਤਾ ਭਾਵ ਮਾਰ ਦਿੱਤਾ

ਖਵਾਜਾ ਖਿਜ਼ਰ ਉਕਤ ਦ੍ਰਿਸ਼ ਦੇਖ ਕੇ ਗੜ੍ਹੀ ਦੀ ਕੰਧ ਓਹਲੇ ਲੁੱਕ ਗਿਆ। ਸਿੰਘਾਂ ਦੀ ਚੜ੍ਹਦੀ ਕਲਾ ਨੇ ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵਿੱਚ ਘਬਰਾਹਟ ਪਾ ਦਿੱਤੀ।  ਮਮਟੀ ਤੋਂ ਗੁਰੂ ਜੀ ਆਪ ਤੀਰਾਂ ਦੀ ਵਰਖਾ ਕਰਦੇ ਹੋਣ ਕਰਕੇ ਦੁਸ਼ਮਣ ਦੀਆਂ ਫ਼ੌਜਾਂ ਨੇੜੇ ਆਉਣ ਵਿੱਚ ਅਸਫਲ ਸਨ। ਸਿੰਘਾਂ ਦੀਆਂ ਗੋਲ਼ੀਆਂ ਤੇ ਤੀਰਾਂ ਦੀ ਵਰਖਾ ਦੇ ਨਾਲ ਇੰਝ ਲੱਗਦਾ ਜਿਵੇਂ ਅੰਬਰ ਫਟ ਰਿਹਾ ਹੋਵੇ। ਗੁਰੂ ਸਾਹਿਬ ਦੇ ਬਚਨ ਹਨ, ‘‘ਬਸੇ ਬਾਰ ਬਾਰੀਦ ਤੀਰੋ ਤੁਫ਼ੰਗ ਜ਼ਿਮੀ ਗਸ਼ਤ ਹਮ ਚੂੰ ਗੁਲੇ ਲਾਲਹ ਰੰਗ ੩੭

(ਜ਼ਫ਼ਰਨਾਮਾ) ਅਰਥ : ਤੀਰਾਂ ਅਤੇ ਬੰਦੂਕਾਂ (ਦੀਆਂ ਗੋਲ਼ੀਆਂ) ਦੀ ਬਹੁਤ ਵਰਖਾ ਹੋਈ, ਜਿਸ ਨਾਲ ਧਰਤੀ ਲਾਲਹ (ਭਾਵ ਪੋਸਤ) ਦੇ ਫੁੱਲ ਵਾਙ (ਲਾਲ) ਹੋ ਗਈ।

ਗੋਲ਼ੀ ਸਿੱਕੇ ਦੀ ਘਾਟ ਹੋਣ ’ਤੇ ਦੁਪਹਿਰ ਵੇਲੇ ਸਿੰਘਾਂ ਨੇ ਪੰਜ-ਪੰਜ ਦੇ ਜੱਥਿਆਂ ਵਿੱਚ ਗੜ੍ਹੀ ਤੋਂ ਬਾਹਰ ਆ ਕੇ ਦੁਸਮਣ ਨਾਲ ਟੱਕਰ ਲੈਣੀ ਸ਼ੁਰੂ ਕੀਤੀ। ਪਹਿਲਾ ਜਥਾ ਬੋਲੇ-ਸੋ-ਨਿਹਾਲ ਦੇ ਜੈਕਾਰੇ ਗੂੰਜਾ ਕੇ ਗੜ੍ਹੀ ਤੋਂ ਬਾਹਰ ਆਇਆ ਤੇ ਦੁਸ਼ਮਣ ’ਤੇ ਬਿਜਲੀ ਵਾਗੂੰ ਟੁੱਟ ਕੇ ਪੈ ਗਿਆ। ਸੈਂਕੜਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਇੱਕ ਹੋਰ ਜੱਥਾ ਜੰਗ ਦੇ ਮੈਦਾਨ ਵਿੱਚ ਆਇਆ। ਦੁਸ਼ਮਣ ਵਿੱਚ ਹਾਹਾਕਾਰ ਮੱਚੀ ਤੇ ਰੌਲਾ ਪੈ ਗਿਆ। ਅਸਮਾਨ ਗੂੰਜ ਉਠਿਆ ਤੇ ਲਹੂ ਮਿੱਝ ਦਾ ਚਿੱਕੜ ਹੋਣ ਲੱਗਾ। ਸਿੰਘਾਂ ਨੇ ਬਹਾਦਰੀ ਦੇ ਕਰਤੱਵ ਦਿਖਾਉਦਿਆਂ ਹਜ਼ਾਰਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਫਿਰ ਅਗਲਾ ਜਥਾ ਭੇਜਿਆ ਗਿਆ। ਡਟਵਾਂ ਮੁਕਾਬਲਾ ਕਰਦਿਆਂ ਤੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਦਿਆਂ ਉਹ ਵੀ ਸ਼ਹੀਦੀਆਂ ਪਾ ਗਿਆ। ਇਸ ਤਰ੍ਹਾਂ ਸਿੰਘ ਜਥਿਆਂ ਦੇ ਰੂਪ ’ਚ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਕੇ ਸ਼ਹੀਦ ਹੁੰਦੇ ਗਏ। ਗੁਰੂ ਜੀ ਨੂੰ ਸਲਾਹ ਦਿੱਤੀ ਗਈ ਕਿ ਸਾਹਿਬਜ਼ਾਦਿਆਂ ਸਮੇਤ ਤੁਸੀਂ ਗੜ੍ਹੀ ਨੂੰ ਛੱਡ ਜਾਓ, ਤਾਂ ਗੁਰੂ ਜੀ ਨੇ ਕਿਹਾ, ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸ਼ਾਹਿਬਜ਼ਾਦੇ ਹੋ।

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ। ਤੁਰੰਤ ਥਾਪੀ ਦਿੰਦਿਆਂ ਗੁਰੂ ਜੀ ਨੇ ਹੋਰ ਪੰਜ ਸਿੰਘਾਂ ਦਾ ਜਥਾ ਮੈਦਾਨੇ ਜੰਗ ਵਿੱਚ ਭੇਜਿਆ। ਗੜ੍ਹੀ ਵਿੱਚੋਂ ਨਿਕਲਦਿਆਂ ਹੀ ਸਿੰਘਾਂ ਨੇ ਜੈਕਾਰੇ ਗੁੰਜਾਏ। ਘੰਟਿਆਂ ਦੇ ਘਮਾਸਾਨ ਯੁੱਧ ਦੌਰਾਨ ਤੀਰਾਂ ਤੇ ਗੋਲੀਆਂ ਦੀ ਬੁਛਾੜ ਹੋਈ। ਅਨੇਕਾਂ ਮੁਗ਼ਲ ਸਿਪਾਹੀ ਮਾਰ ਮੁਕਾਏ। ਜੋ ਬਾਬਾ ਜੀ ਦੇ ਤੀਰ ਦਾ ਨਿਸ਼ਾਨਾਂ ਬਣਦਾ, ਉਹ ਅੱਲ੍ਹਾ-ਅੱਲ੍ਹਾ ਪੁਕਾਰ ਕੇ ਢੇਰੀ ਹੋ ਜਾਂਦਾ। ਸਪੁੱਤਰ ਨੂੰ ਸੂਰਬੀਰਤਾ ਨਾਲ ਜੂਝਦਿਆਂ ਵੇਖ ਕੇ ਦਸਮੇਸ਼ ਪਿਤਾ ਜੀ ਮਾਣ ਮਹਿਸੂਸ ਕਰਦੇ। ਉਨ੍ਹਾਂ ਹਾਲਾਤਾਂ ਨੂੰ ਕਵੀ ਅੱਲ੍ਹਾ ਯਾਰ ਖਾਂ ਯੋਗੀ ਨੇ ਇਸ ਤਰ੍ਹਾਂ ਕਲਮਬੰਦ ਕੀਤਾ :

ਬੜ੍ਹ ਚੜ੍ਹ ਕੇ ਤਵੱਕੋ ਸੇ ਸ਼ੁਜਾਅਤ ਜੋ ਦਿਖਾ ਦੀ,

ਸਤਿਗੁਰ ਨੇ ਵਹੀਂ ਕਿਲੇ ਸੇ ਬੱਚੇ ਕੋ ਨਿਦਾ (ਅਵਾਜ਼) ਦੀ।

ਸ਼ਾਬਾਸ਼ ਪਿਸਰ (ਪੁੱਤਰ) ਖ਼ੂਬ ਦਲੇਰੀ ਸੇ ਲੜੇ ਹੋ,

ਹਾਂ, ਕਿਯੋਂ ਨ ਹੋ, ਗੋਬਿੰਦ ਕੇ ਫ਼ਰਜ਼ੰਦ ਬੜੇ ਹੋ।

ਤੀਰ ਮੁੱਕਣ ’ਤੇ ਸਿੰਘਾਂ ਨੇ ਤਲਵਾਰਾਂ ਕੱਢ ਲਈਆਂ। ਇੱਕ ਮੁਗ਼ਲ ਜਰਨੈਲ ਦੇ ਨੇਜੇ ਦਾ ਵਾਰ ਸਾਹਿਬਜ਼ਾਦੇ ’ਤੇ ਹੋਇਆ। ਉਹ ਤਾਂ ਬਚ ਗਏ ਪਰ ਵਾਰ ਘੋੜੇ ’ਤੇ ਹੋ ਗਿਆ ਤਾਂ ਬਾਬਾ ਜੀ ਨੇ ਕਿਰਪਾਨ ਸੂਤ ਲਈ। ਲੜਦਿਆਂ-ਲੜਦਿਆਂ ਜੱਥੇ ਦੇ ਸਿੰਘ ਸ਼ਹੀਦ ਹੋ ਗਏ ਤਾਂ ਇਕੱਲਿਆਂ ਵੇਖ ਕੇ ਦੁਸ਼ਮਣ ਬਾਬਾ ਜੀ ’ਤੇ ਝਪਟ ਪਏ। ਬਸਤਰ ਵੀ ਖ਼ੂਨ ਨਾਲ ਸੂਹੇ ਹੋ ਗਏ। ਜਖ਼ਮਾਂ ਦੀ ਤਾਬ ਨਾਂ ਸਹਾਰਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਫਿਰ ਵੱਡੇ ਭਰਾ ਦੇ ਵਾਂਗ ਬਾਬਾ ਜੁਝਾਰ ਸਿੰਘ ਦਾ ਖ਼ੂਨ ਵੀ ਜੋਸ਼ ਵਿੱਚ ਉਬਾਲੇ ਖਾ ਰਿਹਾ ਸੀ। ਉਸ ਨੇ ਜੰਗ ਵਿੱਚ ਜਾਣ ਲਈ ਪਿਤਾ ਜੀ ਤੋਂ ਆਗਿਆ ਮੰਗੀ। ਪਿਤਾ ਜੀ ਨੇ ਸਾਹਿਬਜ਼ਾਦੇ ਦੀ ਦਲੇਰੀ ’ਤੇ ਫ਼ਖ਼ਰ ਮਹਿਸੂਸ ਕੀਤਾ। ਬਾਬਾ ਜੂਝਾਰ ਸਿੰਘ ਨੇ ਛੋਟੀ ਉਮਰ ਹੁੰਦਿਆਂ ਵੀ ਹੌਸਲੇ ਦਾ ਪ੍ਰਗਟਾਵਾ ਕੀਤਾ। ਪਿਤਾ ਜੀ ਨੇ ਪ੍ਰਸੰਨ ਹੋ ਕੇ ਸਾਹਿਬਜ਼ਾਦੇ ਨੂੰ ਸਮੇਤ ਪੰਜ ਸਿੰਘਾਂ ਮੈਦਾਨੇ ਜੰਗ ਲਈ ਤੋਰਿਆ। ਪਿਤਾ ਪੁੱਤਰ ਵਿਚਕਾਰ ਹੋਏ ਵਾਰਤਾਲਾਪ ਨੂੰ ਸੂਫ਼ੀ ਸ਼ਾਇਰ ਜੋਗੀ ਅੱਲ੍ਹਾ ਯਾਰ ਖਾਂ ਇਉਂ ਬਿਆਨ ਕਰਦੇ ਹਨ :-

ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ (ਪਿਤਾ) ਨੇ।

ਰੁਖ਼ਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ।

ਭਾਈ ਸੇ ਬਿਛੜ ਕਰ ਹਮੇਂ, ਜੀਨਾ ਨਹੀ ਆਤਾ।

ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ।  ਫਿਰ :-

ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ।

ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ।

ਸਰਬੰਸ ਦਾਨੀ ਪਿਤਾ ਨੇ ਦੂਜੇ ਪੁੱਤਰ ਦਾ ਹੌਸਲਾ ਦੇਖ ਕੇ ਉਸ ਨੂੰ ਵੀ ਜੰਗ ਵਿੱਚ ਜਾਣ ਲਈ ਆਪਣੇ ਹੱਥੀਂ ਤਿਆਰ ਕੀਤਾ ਤੇ ਤੋਰਦਿਆਂ ਅਸ਼ੀਰਵਾਦ ਦਿੱਤਾ :-

ਮਰਨੇ ਸੇ ਕਿਸੀ ਯਾਰ ਕੋ ਹਮ ਨੇ ਨਹੀਂ ਰੋਕਾ।

ਫ਼ਰਜ਼ੰਦ-ਏ-ਵਫ਼ਾਦਾਰ ਕੋ ਹਮ ਨੇ ਨਹੀਂ ਰੋਕਾ।

ਖੁਸ਼ਨੂਦੀ (ਖ਼ੁਸ਼ੀ)-ਏ-ਕਰਤਾਰ ਕੋ ਹਮ ਨੇ ਨਹੀਂ ਰੋਕਾ।

ਅਬ ਦੇਖੀਏ ਸਰਕਾਰ ਕੋ ਹਮ ਨੇ ਨਹੀਂ ਰੋਕਾ।

ਤੁਮ ਕੋ ਭੀ ਇਸੀ ਰਾਹ ਮੇਂ ਕੁਰਬਾਨ ਕਰੇਂਗੇ।

ਸਦ ਸ਼ੁਕਰ ਹੈ ਹਮ ਭੀ ਕਭੀ ਖ਼ੰਜਰ ਸੇ ਮਰੇਂਗੇ।

ਫਿਰ :-

ਲੋ ਜਾਓ, ਸਿਧਾਰੋ, ਤੁਮ੍ਹੇਂ ਅੱਲ੍ਹਾ ਕੋ ਸੌਂਪਾ।

ਮਰ ਜਾਓ ਯਾ ਮਾਰੋ, ਤੁਮ੍ਹੇਂ ਅੱਲ੍ਹਾ ਕੋ ਸੌਂਪਾ।

ਰੱਬ ਕੋ ਨ ਬਿਸਾਰੋ, ਤੁਮ੍ਹੇਂ ਅੱਲ੍ਹਾ ਕੋ ਸੌਂਪਾ।

ਸਿੱਖੀ ਕੋ ਉਭਾਰੋ, ਤੁਮ੍ਹੇਂ ਅੱਲ੍ਹਾ ਕੋ ਸੌਂਪਾ।

ਵਾਹਗੁਰੂ ਅਬ ਜੰਗ ਕੀ ਹਿੰਮਤ ਤੁਮ੍ਹੇਂ ਬਖ਼ਸ਼ੇ।

ਪਯਾਸੇ ਹੋ ਬਹੁਤ, ਜਾਮ-ਏ-ਸ਼ਹਾਦਤ ਤੁਮ੍ਹੇਂ ਬਖ਼ਸ਼ੇ।

ਬਾਬਾ ਅਜੀਤ ਸਿੰਘ ਤੇ ਸਿੰਘਾਂ ਦੀ ਸ਼ਹਾਦਤ ਹੋਣ ਕਰਕੇ ਜੱਥੇ ਦੇ ਸਿੰਘਾਂ ਵਿੱਚ ਕਾਫ਼ੀ ਜੋਸ਼ ਤੇ ਗੁੱਸਾ ਵੀ ਸੀ। ਦੁਸ਼ਮਣ ਦੀ ਫ਼ੌਜ ਵਿੱਚ ਵਧਦੇ ਹੋਏ ਜਥੇ, ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਬਾਬਾ ਜੁਝਾਰ ਸਿੰਘ ਤੇ ਉਨ੍ਹਾਂ ਦੇ ਜਥੇ ਨੂੰ ਹਮਲਾ ਕਰਨ ’ਤੇ ਵਾਰ-ਵਾਰ ਘੇਰਾ ਪੈ ਜਾਂਦਾ। ਮਮਟੀ ਵਿੱਚੋਂ ਗੁਰੂ ਜੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਕਰ ਦਿੰਦੇ ਤਾਂ ਦੁਸ਼ਮਣ ਦਾ ਘੇਰਾ ਟੁੱਟ ਜਾਂਦਾ। ਸਾਹਿਬਜ਼ਾਦੇ ਨੇ ਨੇਜੇ ਨਾਲ ਵੈਰੀਆਂ ਤੇ ਵਾਰ ਕਰਕੇ ਬਹਾਦਰੀ ਦੇ ਜੌਹਰ ਵਿਖਾਏ। ਹਕੂਮਤ ਦੀ ਲੱਖਾਂ ਦੀ ਤਾਦਾਤ ਵਿੱਚ ਫ਼ੌਜ ਅੱਗੇ ਮੁੱਠੀ ਭਰ ਲਾਡਲੀਆਂ ਫ਼ੌਜਾਂ ਆਖ਼ਿਰ ਕਿੰਨਾ ਕੁ ਸਮਾਂ ਟਿਕ ਸਕਦੀਆਂ ਸਨ। ਸਾਹਿਬਜ਼ਾਦੇ ਸਮੇਤ ਜੱਥੇ ਦੇ ਸਿੰਘ ਸਹੀਦੀਆਂ ਪਾ ਗਏ। ਪਿਤਾ ਜੀ ਨੇ ਖ਼ੁਦ ਮੁਕਾਬਲਾਂ ਕਰਦਿਆਂ ਲਾਡਲੇ ਸਿੰਘਾਂ ਤੇ ਦੋਵਾਂ ਪੁੱਤਰਾਂ ਦੇ ਬੀਰਤਾ ਦੇ ਜੌਹਰ ਅੱਖੀਂ ਦੇਖੇ। ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਜੈਕਾਰਿਆਂ ਨਾਲ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸੀਸ ਝੁਕਾਇਆ ਕਿ ਤੇਰੀ ਅਮਾਨਤ ਤੈਨੂੰ ਸੌਂਪ ਦਿੱਤੀ। ਜੋਗੀ ਅੱਲ੍ਹਾ ਯਾਰ ਖਾਂ ਲਿਖਦੇ ਹਨ :-

ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਯੇ।

ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ।

ਚਮਕ ਹੈ ਮਿਹਰ ਕੀ, ਚਮਕੌਰ ਤੇਰੇ ਜ਼ੱਰੋਂ ਮੇਂ।

ਯਹੀਂ ਸੇ ਬਨ ਕੇ ਸਤਾਰੇ ਗਏ ਸਮਾੱ ਕੇ ਲੀਯੇ।

ਗੁਰੂ ਕੀਆਂ ਸਾਖੀਆਂ ਵਿੱਚ ਜ਼ਿਕਰ ਹੈ ਕਿ ‘ਸਤਿਗੁਰਾਂ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਕੇ ਸ਼ਹਾਦਤ ਪਾਇ ਜਾਨੇ ਕੇ ਬਾਦ ਭਾਈ ਸੇਰ ਸਿੰਘ ਤੇ ਭਾਈ ਨਾਹਰ ਸਿੰਘ ਕੋ ਦਰਵਾਜੇ ਕੇ ਆਗੇ ਖਲਾ ਕੀਆ। ਸੂਰਜ ਅਸਤ ਹੋਇ ਜਾਨੇ ਤੀਕ ਦੋਵੇਂ ਸਾਹਿਬਜ਼ਾਦੇ ਤੇ ਭਾਈ ਨਾਨੂ ਸਿੰਘ ਅਤੇ ਕ੍ਰਿਪਾ ਸਿੰਘ ਆਦਿ ਅਠੱਤੀ ਸਿੱਖ ਗੜ੍ਹੀ ਸੇ ਬਾਹਰ ਨਿਕਲ ਸ਼ਹਾਦਤ ਪਾਇ ਗਏ।’

ਸ਼ਹੀਦ ਚਾਲੀ ਸਿੰਘਾਂ ਵਿੱਚੋ 11 ਸਿੰਘ ਭਾਈ ਸਾਹਿਬਾਨ ਧਰਮ ਸਿੰਘ, ਦਇਆ ਸਿੰਘ, ਸੰਗਤ ਸਿੰਘ, ਲੱਧਾ ਸਿੰਘ, ਦੇਵਾ ਸਿੰਘ, ਰਾਮ ਸਿੰਘ, ਸੰਤੋਖ ਸਿੰਘ, ਮਾਨ ਸਿੰਘ, ਕਾਠਾ ਸਿੰਘ, ਕੇਹਰ ਸਿੰਘ ਅਤੇ ਜੀਵਨ ਸਿੰਘ (ਜੈਯਤਾ ਜੀ) ਰਹਿ ਗਏ। ਮੌਕੇ ਤੇ ਨਾਮਜਦ ਕੀਤੇ ਪੰਜ ਪਿਅਰਿਆਂ ਦੇ ਗੁਰਮਤੇ ਨੂੰ ਪ੍ਰਵਾਨਗੀ ਦਿੰਦਿਆਂ, ਅਤਿ ਨਾਜ਼ਕ ਸਥਿਤੀ ਵਿੱਚ ਗੁਰੂ ਜੀ ਨੂੰ ਗੜ੍ਹੀ ਛੱਡਣੀ ਪਈ। ਆਪਣੀ ਪਵਿੱਤਰ ਕਲਗੀ ਤੇ ਪੁਸ਼ਾਕਾ ਭਾਈ ਸੰਗਤ ਸਿੰਘ ਜੀ ਨੂੰ ਪਹਿਨਾ ਕੇ ਆਪ ਤਿੰਨ ਸਿੰਘਾਂ ਸਮੇਤ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨਗੀ ਦਿੰਦੇ ਹੋਏ ਗੜ੍ਹੀ ਵਿੱਚੋਂ ਬਾਹਰ ਨਿਕਲ ਗਏ।