ਗੁਰਬਾਣੀ ਪਾਠ ਦੌਰਾਨ ਜਾਣੇ ਅਣਜਾਣੇ ਰਹਿ ਜਾਂਦੀ ਜਾਂ ਅਗਾਂਹ-ਪਿਛਾਂਹ ਉਚਾਰੀ ਜਾਂਦੀ ਲਗ ਧੁਨੀ ਦੀ ਵਿਚਾਰ
ਕਿਰਪਾਲ ਸਿੰਘ (ਬਠਿੰਡਾ) 88378-13661
ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਲਈ ਸਭ ਤੋਂ ਪਹਿਲਾ ਨਿਯਮ ਹੈ ਕਿ ਸ਼ਬਦ ਦਾ ਹਰ ਇਕ ਅੱਖਰ ਅਤੇ ਇਨ੍ਹਾਂ ਨੂੰ ਲੱਗੀਆਂ ਲਗਾਂ ਮਾਤਰਾਂ; ਆਪਣੇ ਸਹੀ ਰੂਪ ਵਿੱਚ ਅਤੇ ਸਹੀ ਥਾਂ ’ਤੇ ਉਚਾਰੀਆਂ ਜਾਣ ਪਰ ਆਮ ਤੌਰ ’ਤੇ ਵੇਖਿਆ ਜਾਂਦਾ ਹੈ ਕਿ ਬੇਧਿਆਨੀ ਜਾਂ ਕਾਹਲੀ ਵਿੱਚ ਕੀਤੇ ਜਾਂਦੇ ਪਾਠ ਕਾਰਨ ਸ਼ਬਦਾਂ ਦੇ ਅੱਖਰਾਂ ਨੂੰ ਲੱਗੀ ਲਗ ਨੂੰ ਅਗੇਤਰ ਜਾਂ ਪਿਛੇਤਰ ਅੱਖਰ ਨਾਲ ਹੀ ਲਾ ਕੇ ਹੀ ਉਚਾਰ ਦਿੱਤਾ ਜਾਂਦਾ ਹੈ ਜਿਸ ਨਾਲ ਸ਼ਬਦ ਉਚਾਰਨ ਅਤੇ ਅਰਥ; ਦੋਵੇਂ ਗਲਤ ਹੋ ਜਾਂਦੇ ਹਨ। ਅੱਜ ਕੱਲ੍ਹ ਸਕੂਲਾਂ ’ਚ ਪੰਜਾਬੀ ਦੇ ਵਿਦਿਆਰਥੀਆਂ ਨੂੰ ਮੁਹਾਰਨੀ ਦਾ ਅਭਿਆਸ ਨਾ ਕਰਵਾਉਣਾ, ਵੀ ਇਨਾਂ ਲਗਾਂ ਮਾਤਰਾਂ ਲਈ ਸਹੀ ਉਚਾਰਨ ਬਾਰੇ ਸਾਡੀ ਇਸ ਮੁਸ਼ਕਲ ਵਿਚ ਹੋਰ ਵਾਧਾ ਕਰ ਦਿੰਦਾ ਹੈ । ਮੁਹਾਰਨੀ ਲਿਖਤ ਨਿਯਮ ਇਸ ਤਰ੍ਹਾਂ ਹਨ :-
ਅ ਆ ਇ ਈ ਉ ਊ ਏ ਐ ਓ ਔ ਅੰ ਆਂ
ਮੁਹਾਰਨੀ ਦੀ ਇਸ ਤਰਤੀਬ ਅਨੁਸਾਰ ਇਸ ਲੇਖ ਵਿੱਚ ਸਭ ਤੋਂ ਪਹਿਲਾਂ ਅੰਤ ਮੁਕਤਾ ਅਤੇ ਅੰਤ ਕੰਨਾ ਵਾਲੇ ਸ਼ਬਦਾਂ ਵਿੱਚੋਂ ਉਦਾਹਰਨ ਦੇ ਤੌਰ ’ਤੇ ਹੇਠ ਲਿਖੇ ਸ਼ਬਦਾਂ ਦੀ ਵਿਚਾਰ ਕਰਦੇ ਹਾਂ।
1. ਅਸ, ਆਸ, ਅਸਾ, ਆਸਾ :
ਅਸ = (i) ਅਜੇਹੇ, (ii) ਘੋੜੇ। ਆਸ = ਉਮੀਦ । ਆਸਾ = (i) ਆਸਾਂ (ii) ਉਮੀਦਾਂ, (iii) ਸੋਟਾ, (iv) ਇੱਕ ਰਾਗੁ ਦਾ ਨਾਮ। ਅਸਾ = (v) ਅਸਾਂ, ਅਸੀਂ। ਹੁਣ ਜੇ ਅਸੀਂ ਬੇਧਿਆਨੀ ਅਤੇ ਕਾਹਲੀ ਵਿੱਚ ਕੀਤੇ ਪਾਠ ਕਾਰਨ ਸ਼ਬਦਾਂ ਦੇ ਅੱਖਰਾਂ ਨੂੰ ਲੱਗੇ ਕੰਨੇ ਦਾ ਉਚਾਰਨ ਛੱਡ ਜਾਈਏ ਜਾਂ ਅਗੇਤਰ/ਪਿਛੇਤਰ ਅੱਖਰ ਨਾਲ ਹੀ ਲਾ ਕੇ ਉਚਾਰ ਦੇਈਏ ਭਾਵ ‘ਅਸ’ ਨੂੰ ‘ਆਸ’, ‘ਆਸ’ ਨੂੰ ‘ਅਸਾ’ ਜਾਂ ‘ਆਸਾ’ ਜਾਂ ਇਸ ਤੋਂ ਉਲਟੇ ਕ੍ਰਮ ਵਿੱਚ ਪੜ੍ਹੀਏ ਤਾਂ ਖ਼ੁਦ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਰਥ ਕਿੰਨੇ ਬਦਲ ਜਾਣਗੇ। ਉਦਾਹਰਨ ਦੇ ਤੌਰ ’ਤੇ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਵੀਚਾਰਨਯੋਗ ਹਨ :-
(ੳ) ਰਾਮ ਰਾਇ, ਸੋ ਦੂਲਹੁ ਪਾਇਓ ; ‘ਅਸ’ ਬਡਭਾਗ ਹਮਾਰਾ ॥ (ਕਬੀਰ ਜੀ/੪੮੨) ਅਸ ਬਡ = ਅਜਿਹੇ ਵੱਡੇ। ਮੇਰੇ ਅਜੇਹੇ ਭਾਗ ਜਾਗੇ ਹਨ ਕਿ ਮੈਨੂੰ ਜਗਤ ਦੇ ਮਾਲਕ-ਪਰਮਾਤਮਾ ਵਰਗਾ ਲਾੜਾ ਮਿਲ ਗਿਆ ਹੈ ।
(ਅ) ‘ਅਸਪਤਿ’ ਗਜਪਤਿ, ਨਰਹ ਨਰਿੰਦ ॥ (ਨਾਮਦੇਵ ਜੀ/੭੨੭)=ਅਸ੍ਵ =ਘੋੜਾ। ਅਸਪਤਿ = ਘੋੜਿਆਂ ਦਾ ਮਾਲਕ। (ਹੇ ਪ੍ਰਭੂ) ਤੂੰ ਘੋੜਿਆਂ ਦਾ ਸੁਆਮੀ (ਸੂਰਜ), ਹਾਥੀਆਂ ਦਾ ਸੁਆਮੀ (ਇੰਦਰ) ਅਤੇ ਇਨਸਾਨਾਂ ਦਾ ਰਾਜਾ (ਬ੍ਰਹਮਾ) ਹੈ।
(ੲ) ਏਕੋ ਸਬਦੁ ਵੀਚਾਰੀਐ ; ਅਵਰ ਤਿਆਗੈ ‘ਆਸ’ ॥ (ਮ: ੧/੧੮) (ਹੇ ਭਾਈ!) ਇਕ (ਰਾਜ਼ਕ) ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਵਿਚਾਰਨਯੋਗ ਹੈ (ਜੋ ਸਿਫ਼ਤ-ਸਾਲਾਹ ਕਰਦਾ ਹੈ ਉਹ) ਹੋਰ ਹੋਰ ਆਸਾਂ ਛੱਡ ਦੇਂਦਾ ਹੈ।
(ਸ) ‘ਅਸਾ’ ਜੋਰੁ ਨਾਹੀ, ਜੇ ਕਿਛੁ ਕਰਿ ਹਮ ਸਾਕਹ ; ਜਿਉ ਭਾਵੈ, ਤਿਵੈ ਬਖਸਿ ॥ (ਮ: ੪/੭੩੬) ਅਸਾ = ਅਸਾਂ। ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ। ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮਿਹਰ ਕਰ ।
(ਹ) ‘ਆਸਾ’ ਸਭੇ ਲਾਹਿ ਕੈ ; ਇਕਾ ਆਸ ਕਮਾਉ ॥ (ਮ: ੫/੪੩) ਆਸਾ = ਆਸਾਂ। ਮੈਂ (ਦੁਨੀਆ ਦੀਆਂ) ਸਾਰੀਆਂ ਆਸਾਂ ਮਨ ਵਿਚੋਂ ਦੂਰ ਕਰ ਕੇ ਇਕ ਪਰਮਾਤਮਾ ਦੀ ਆਸ (ਉਮੀਦ ਆਪਣੇ ਅੰਦਰ) ਪੱਕੀ ਕਰਦਾ ਹਾਂ।
(ਕ) ‘ਆਸਾ’ ਹਥਿ, ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ। (ਭਾਈ ਗੁਰਦਾਸ ਜੀ, ਵਾਰ ੧ ਪਉੜੀ ੩੨ )=ਆਸਾ – ਸੋਟਾ। (ਮੱਕੇ ਮਦੀਨੇ ਜਾਣ ਸਮੇਂ) ਗੁਰੂ ਨਾਨਕ ਸਾਹਿਬ ਜੀ ਦੇ ਹੱਥ ਵਿਚ ਸੋਟਾ ਹੈ, ਕੱਛ ਵਿਚ ਕਿਤਾਬ, ਪਾਣੀ ਵਾਲਾ ਲੋਟਾ ਤੇ ਬਾਂਗ (ਦੇਣ ਵਾਲਾ ਮੁਸੱਲਾ=) ਆਸਣ ਵੀ ਹੈ/ਸੀ।
(ਖ) ਪੁਨਿ ਗਾਵਹਿ ‘ਆਸਾ’, ਗੁਨ ਗੁਨੀ ॥ (ਰਾਗਮਾਲਾ/੧੪੩੦) =ਇੱਕ ਰਾਗ ਦਾ ਨਾਮ=ਰਾਗੁ ਆਸਾ।
2. ਜਮ, ਜਾਮ, ਜਾਮਾ :
ਜਮ = ਜਮਦੂਤ। ਜਾਮ = (i) ਜਮ (ii) ਜੰਮਦਾ ਹੈ (iii) ਪਹਿਰ। ਜਾਮਾ = ਕਮੀਜ਼, ਪੁਸ਼ਾਕ।
(ੳ) ਮੰਨੈ, ‘ਜਮ’ ਕੈ ਸਾਥਿ ਨ ਜਾਇ ॥ (ਮ: ੧/੩) (ਗੁਰੂ ਸਿਖਿਆ) ਮੰਨਣ ਨਾਲ ਜਮਰਾਜ ਦੇ ਨਾਲ ਵਾਹ ਨਹੀਂ ਪੈਂਦਾ (ਭਾਵ ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ)।
(ਅ) ਪ੍ਰਭ ਸੁਆਮੀ ਕੰਤ ਵਿਹੂਣੀਆ; ਮੀਤ ਸਜਣ ਸਭਿ ‘ਜਾਮ’ ॥ (ਮ: ੫/੧੩੩) ਜਾਮ = ਜਮ, ਜਿੰਦ ਦੇ ਵੈਰੀ। (ਤਿਵੇਂ) ਮਾਲਕ ਖਸਮ-ਪ੍ਰਭੂ (ਦੀ ਯਾਦ) ਤੋਂ ਬਿਨਾ ਸਾਰੇ ਸੱਜਣ ਮਿਤ੍ਰ ਜਿੰਦ ਦੇ ਵੈਰੀ ਹੋ ਢੁੱਕਦੇ ਹਨ।
(ੲ) ਅਨਿਕ ਜੋਨਿ, ਜਨਮੈ ਮਰਿ ‘ਜਾਮ’ ॥ (ਮ: ੫/੨੬੪) ਜਾਮ = ਜੰਮਦਾ (ਜੀਵ)। ਅਨੇਕਾਂ ਜੂਨਾਂ ਵਿਚ ਜੰਮਦਾ ਹੈ, ਮਰ ਕੇ (ਫਿਰ) ਜੰਮਦਾ ਹੈ (ਏਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ)।
(ਹ) ਆਠ ‘ਜਾਮ’, ਚਉਸਠਿ ਘਰੀ ; ਤੁਅ ਨਿਰਖਤ ਰਹੈ ਜੀਉ ॥ (ਕਬੀਰ ਜੀ/੨੩੫/੧੩੭੭) ਜਾਮ = ਪਹਿਰ। ਆਠ ਜਾਮ = ਅੱਠ ਪਹਿਰ (ਹੇ ਸਖੀ! ਮੈਂ ਸਿਰਫ਼ ਪ੍ਰਭੂ-ਪਤੀ ਨੂੰ ਹੀ ਆਖਦੀ ਹਾਂ ਕਿ ਹੇ ਪਤੀ!) ਅੱਠੇ ਪਹਿਰ ਹਰ ਘੜੀ ਮੇਰੀ ਜਿੰਦ ਤੈਨੂੰ ਹੀ ਤੱਕਦੀ ਰਹਿੰਦੀ ਹੈ।
(ਕ) ਜੇ ਰਤੁ ਲਗੈ ਕਪੜੈ ; ‘ਜਾਮਾ ਹੋਇ ਪਲੀਤੁ’ ॥ (ਮ: ੧/੧੪੦) ਜੇ ਜਾਮੇ (ਕਮੀਜ਼) ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ ।
3. ਕਲ, ਕਾਲ, ਕਾਲਾ:
ਕਲ = ਤਾਕਤ, ਕਲਾ, ਸਤਿਆ। ਕਾਲ = ਮੌਤ । ਕਾਲਾ = ਕਾਲ਼ਾ ਰੰਗ।
(ੳ) ਰਚਿ ਰਚਨਾ, ਅਪਨੀ ‘ਕਲ ਧਾਰੀ’ ॥ (ਮ: ੫/੨੮੮) ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ।
(ਅ) ਆਪਣੀ ਕਲਾ, ਆਪੇ ਹੀ ਜਾਣੈ ॥ (ਮ: ੩/੧੫੯) ਪਰਮਾਤਮਾ ਆਪਣੀ ਇਹ ਗੁਝੀ ਤਾਕਤ ਆਪ ਹੀ ਜਾਣਦਾ ਹੈ।
(ੲ) ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ; ਸੇ ਭਾਗਹੀਣ ਵਸਿ ਕਾਲ ॥ (ਮ: ੪/੪੦) ਵਸਿ ਕਾਲ = ਕਾਲ ਦੇ ਵੱਸ ਵਿਚ, ਆਤਮਕ ਮੌਤ ਦੇ ਕਾਬੂ ਵਿਚ। ਜਿਨ੍ਹਾਂ ਮਨੁੱਖਾਂ ਨੂੰ ਅਕਾਲ-ਪੁਰਖ ਦਾ ਰੂਪ ਸਤਿਗੁਰੂ ਕਦੇ ਨਹੀਂ ਮਿਲਿਆ, ਉਹ ਮੰਦ-ਭਾਗੀ ਹਨ ਉਹ ਆਤਮਕ ਮੌਤ ਦੇ ਵੱਸ ਵਿਚ ਰਹਿੰਦੇ ਹਨ।
(ਸ) ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ; ‘ਕਾਲਾ’ ਹੋਆ ਸਿਆਹੁ ॥ (ਮ: ੪/੬੫੧) ਕਈ ਜਨਮਾਂ ਦੀ ਇਸ ਮਨ (ਅੰਤਹਿਕਰਣ) ਨੂੰ ਮੈਲ਼ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲ਼ਾ ਹੋਇਆ ਪਿਆ ਹੈ (ਚਿੱਟਾ ਨਹੀਂ ਹੋ ਸਕਦਾ)
4. ਜਲ, ਜਲਾ, ਜਾਲ :
ਜਲ = (i) ਪਾਣੀ (ii) ਸੜ ਜਾਣਾ । ਜਲਾ = ਜਲ = ਪਾਣੀ। ਜਾਲ = (i) ਮੱਛੀਆਂ ਜਾਂ ਪੰਛੀ ਫੜਨ ਵਾਲਾ ਜਾਲ।
(ੳ) ‘ਜਲ’ ਤੇ ਤ੍ਰਿਭਵਣੁ ਸਾਜਿਆ ; ਘਟਿ ਘਟਿ ਜੋਤਿ ਸਮੋਇ ॥ (ਮ: ੧/੧੯) ਪਵਣ ਤੋਂ ਪਾਣੀ ਹੋਂਦ ਵਿਚ ਆਇਆ, ਪਾਣੀ ਤੋਂ ਸਾਰਾ ਜਗਤ ਰਚਿਆ ਗਿਆ (ਤੇ ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।
(ਅ) ਜਿਹ ਪ੍ਰਸਾਦਿ, ਪੀਵਹਿ ਸੀਤਲ ‘ਜਲਾ’ ॥ (ਮ: ੫/੨੬੭) ਜਿਸ ਦੀ ਮਿਹਰ ਨਾਲ ਤੂੰ ਠੰਢਾ ਪਾਣੀ ਪੀਂਦਾ ਹੈਂ।
(ੲ) ਹਉਮੈ ‘ਜਲਤੇ’ ਜਲਿ ਮੁਏ ; ਭ੍ਰਮਿ ਆਏ ਦੂਜੈ ਭਾਇ ॥ (ਮ: ੪/੬੪੩) (ਸੰਸਾਰੀ ਜੀਵ) ਹਉਮੈ ਵਿਚ ਸੜਦੇ ਹੋਏ ਸੜ ਮੁਏ ਸਨ ਤੇ ਮਾਇਆ ਦੇ ਮੋਹ ਵਿਚ ਭਟਕ-ਭਟਕ ਕੇ ਗੁਰੂ ਦੇ ਦਰ ਤੇ ਆਏ।
(ਸ) ਮਮਤਾ ਜਾਲ ਤੇ, ਰਹੈ ਉਦਾਸਾ ॥ (ਮ: ੧/੮੪੦) ਉਹ ਮਨੁੱਖ (ਮਾਇਆ ਦੀ) ਮਮਤਾ ਦੇ ਜਾਲ ਤੋਂ ਵੱਖਰਾ ਰਹਿੰਦਾ ਹੈ।
ਮਲ = (i) ਮੱਲ, ਪਹਿਲਵਾਨ (ii) ਮੈਲ਼ । ਮਾਲ = (i) ਸ਼ਰਮਾਇਆ, (ii) ਮਾਲ੍ਹ।
(ੳ) ‘ਮਲ’ ਲਥੇ ਲੈਦੇ ਫੇਰੀਆ ॥ (ਮ: ੫/੭੪) ਮਲ = ਮੱਲ, ਪਹਿਲਵਾਨ। ਪਹਿਲਵਾਨ ਆ ਇਕੱਠੇ ਹੋਏ ਹਨ (ਪਿੜ ਦੇ ਦੁਆਲੇ, ਜਗਤ-ਅਖਾੜੇ ਵਿਚ) ਫੇਰੀਆਂ ਲੈ ਰਹੇ ਹਨ।
(ਅ) ‘ਮਲ’ ਪਾਪ ਕਲਮਲ, ਦਹਨ ॥ (ਮ: ੫/੮੩੭) (ਰੱਬੀ ਨਾਮ ਜਪਣ ਹੀ) ‘ਅਨੇਕਾਂ ਪਾਪਾਂ ਵਿਕਾਰਾਂ ਦੀ ਮੈਲ ਸਾੜਨ (ਦਾ ਕਾਰਨ ਬਣਦਾ) ਹੈ।
(ੲ) ਮਿਥਿਆ ਰਾਜ, ਜੋਬਨ, ਧਨ, ‘ਮਾਲ’ ॥ (ਮ: ੫/੨੬੮) ਰਾਜ, ਜੁਆਨੀ ਤੇ ਧਨ ਮਾਲ ਸਭ ਨਾਸਵੰਤ ਹਨ।
(ਸ) ਕਰ ਹਰਿਹਟ, ‘ਮਾਲ’ ਟਿੰਡ ਪਰੋਵਹੁ ; ਤਿਸੁ ਭੀਤਰਿ ਮਨੁ ਜੋਵਹੁ ॥ (ਮ: ੧/੧੧੭੧) (ਕਿਸਾਨ ਆਪਣੀ ਪੈਲ਼ੀ ਦੇ ਕਿਆਰੇ ਸਿੰਜਣ ਵਾਸਤੇ ਆਪਣੇ ਬਲਦ ਜੋਅ ਕੇ ਖੂਹ ਚਲਾਂਦਾ ਹੈ ਤੇ ਪਾਣੀ ਨਾਲ ਕਿਆਰੇ ਭਰਦਾ ਹੈ, ਇਸੇ ਤਰ੍ਹਾਂ ਹੇ ਬ੍ਰਾਹਮਣ!) ਹੱਥੀਂ ਸੇਵਾ ਕਰਨ ਨੂੰ ਹੀ ਹਰ੍ਹਟ, ਹਰ੍ਹਟ ਦੀ ਮਾਲ੍ਹ ਤੇ ਉਸ ਮਾਲ੍ਹ ਵਿਚ ਟਿੰਡਾਂ ਜੋੜਨਾ ਬਣਾ।
ਉਕਤ ਸਾਰੀ ਵਿਚਾਰ ਤੋਂ ਸਾਨੂੰ ਹੇਠ ਲਿਖੀਆਂ ਸੇਧਾਂ ਮਿਲਦੀਆਂ ਹਨ :-
- ਪਾਠ ਕਰਦੇ ਸਮੇਂ ਸਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਕਿਸੇ ਅੱਖਰ ਨੂੰ ਨਾ ਫਾਲਤੂ ਕੰਨਾ ਲਾਉਣਾ ਹੈ, ਨਾ ਕਿਸੇ ਲੱਗੇ ਹੋਏ ਕੰਨੇ ਦਾ ਉਚਾਰਨ ਛੱਡਣਾ ਹੈ ਅਤੇ ਨਾ ਹੀ ਲੱਗੇ ਹੋਏ ਕੰਨੇ ਦਾ ਸਥਾਨ ਬਦਲ ਕੇ ਅਗਲੇ ਪਿਛਲੇ ਅੱਖਰ ਨੂੰ ਵਾਧੂ ਕੰਨਾ ਲਾ ਕੇ ਉਚਾਰਨ ਕਰਨਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸ਼ਬਦ ਦੇ ਅਰਥ ਬਦਲ ਜਾਂਦੇ ਹਨ।
- ਕਈ ਵਾਰ ਕਾਵਿ ਤੋਲ ਦੇ ਪ੍ਰਭਾਵ ਅਧੀਨ ਸ਼ਬਦ ਦੀ ਅਸਲ ਬਣਤਰ ਨਾਲ ਵਾਧੂ ਕੰਨਾ ਲਾਇਆ ਵੀ ਮਿਲਦਾ ਹੈ ਅਤੇ ਕਈ ਥਾਂ ਉਤਾਰਿਆ ਹੋਇਆ ਵੀ, ਇਉਂ ਸ਼ਬਦ ਦੇ ਅਰਥਾਂ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ; ਜਿਵੇਂ ਉਕਤ ਨੰਬਰ 2 ਦੇ (ੳ) ਤੇ (ਅ) ਵਿਚ ਜਾਮ ਦੀ ਥਾਂ ਜਮ ਹੋਵੇ ਜਾਂ ਜਮ ਦੀ ਥਾਂ ਜਾਮ ਹੋਵੇ; ਦੋਵੇਂ ਥਾਂ ਹੀ ਅਰਥ ਹੋਵੇਗਾ ਜਿੰਦ ਦੇ ਵੈਰੀ- ਜਮ, ਇਸੇ ਤਰ੍ਹਾਂ ਨੰਬਰ 4. ਦੇ (ੳ) ਤੇ (ਅ) ਵਿਚ ਜਲ ਅਤੇ ਜਲਾ ਦਾ ਇੱਕੋ ਅਰਥ ਹੈ ‘ਪਾਣੀ’ । ਅਜੇਹੇ ਸ਼ਬਦਾਂ ਦੇ ਭਾਵੇਂ ਅਰਥਾਂ ਵਿੱਚ ਕੋਈ ਫਰਕ ਨਹੀਂ ਪੈਂਦਾ ਪਰ ਫਿਰ ਵੀ ਉਚਾਰਨ ਸਮੇਂ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਗੁਰਬਾਣੀ ਕਾਵਿ ਰੂਪ ਵਿਚ ਹੋਣ ਕਾਰਨ ਕਾਵਿ ਤੋਲ ਵੀ ਬੜਾ ਅਹਿਮ ਹੁੰਦਾ ਹੈ ਅਤੇ ਗ਼ਲਤ ਪਾਠ ਕਰਦੇ ਸਮੇਂ ਸ਼ਬਦ ਧੁਨੀ ਦੀ ‘ਲੈ’ ਮਰ ਜਾਂਦੀ ਹੈ।