ਪਾਕਿਸਤਾਨ ਵਿਚ ਜਬਰੀ ਧਰਮ ਪਰਿਵਰਤਨ ਦੀ ਘਟਨਾ ਦਾ ਵਿਰੋਧ ਕਰੇ ਕੌਮਾਂਤਰੀ ਮੁਸਲਿਮ ਭਾਈਚਾਰਾ: ਪੰਥਕ ਤਾਲਮੇਲ ਸੰਗਠਨ

0
636

ਪਾਕਿਸਤਾਨ ਵਿਚ ਜਬਰੀ ਧਰਮ ਪਰਿਵਰਤਨ ਦੀ ਘਟਨਾ ਦਾ ਵਿਰੋਧ ਕਰੇ ਕੌਮਾਂਤਰੀ ਮੁਸਲਿਮ ਭਾਈਚਾਰਾ: ਪੰਥਕ ਤਾਲਮੇਲ ਸੰਗਠਨ

1 ਸਤੰਬਰ : ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਪਾਕਿਸਤਾਨ ਵਿੱਚ ਸਿੱਖ ਲੜਕੀ ਦੇ ਜਬਰੀ ਧਰਮ ਪਰਿਵਰਤਨ ਦੇ ਘਟਨਾਕ੍ਰਮ ਦੇ ਮੱਦੇ-ਨਜ਼ਰ ਕੌਮਾਂਤਰੀ ਮੁਸਲਿਮ ਭਾਈਚਾਰੇ ਵੱਲੋਂ ਵਿਰੋਧ ਦਰਜ ਕਰਾਉਣ ਦੀ ਮੰਗ ਕੀਤੀ ਹੈ ਕਿਉਂਕਿ ਇਸ ਮੌਕੇ ਕੌਮਾਂਤਰੀ ਪੱਧਰ ’ਤੇ ਵਸਦੇ ਹਿੰਦੂ-ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਦੀ ਲਹਿਰ ਹੈ ਤੇ ਇਸ ਲਹਿਰ ਨਾਲ ਮੁਸਲਿਮ ਭਾਈਚਾਰੇ ਵੱਲੋਂ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਪਾਕਿਸਤਾਨ ਸਰਕਾਰ ਸਾਵਧਾਨ ਹੋ ਕੇ ਭਵਿੱਖ ਵਿੱਚ ਕੋਝੇ ਰੁਝਾਨ ਨੂੰ ਨੱਥ ਪਾ ਸਕਦੀ ਹੈ। 

ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਘੱਟ-ਗਿਣਤੀਆਂ ਦਾ ਅਸੁਰੱਖਿਅਤ ਹੋਣਾ ਮਨੁੱਖਤਾ ਦਾ ਕਤਲ ਹੈ ਉਹ ਭਾਵੇਂ ਪਾਕਿਸਤਾਨ ਹੋਵੇ, ਭਾਰਤ ਹੋਵੇ ਜਾਂ ਕਿਸੇ ਹੋਰ ਖਿੱਤੇ ਵਿੱਚ ਹੋਵੇ। ਉਹਨਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਯਾਦ ਹੈ ਕਿ ਪਿਛਲੇ ਦਿਨੀਂ ਸਿੱਖ ਕੌਮ ਕਿਵੇਂ ਕਸ਼ਮੀਰੀ ਵਿਦਿਆਰਥੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਹਨਾਂ ਦੇ ਨਾਲ ਖੜ੍ਹੀ ਹੋਈ ਸੀ। ਇਵੇਂ ਹੀ ਹਰ ਇਨਸਾਫ਼-ਪਸੰਦ ਨੂੰ ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਨਾਲ ਹੁੰਦੇ ਧੱਕੇ ਵਿਰੁੱਧ ਆਵਾਜ਼ ਬੁਲੰਦ ਕਰ ਕੇ ਅਮਾਨਵੀ ਤਾਕਤਾਂ ਨੂੰ ਪਛਾੜਨਾ ਚਾਹੀਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚ ਹਿੰਦੂ ਲੜਕੀਆਂ ਨੂੰ ਜਬਰੀ ਅਗਵਾ ਕਰਕੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਵਿਰੁੱਧ ਕੌਮਾਂਤਰੀ ਮੁਸਲਿਮ ਭਾਈਚਾਰੇ ਵੱਲੋਂ ਆਵਾਜ਼ ਉਠਾਈ ਜਾਣੀ ਚਾਹੀਦੀ ਸੀ ਤਾਂ ਕਿ ਹਰ ਧਰਮ ਅਤੇ ਨਸਲ ਦੇ ਲੋਕ ਆਜ਼ਾਦੀ ਦਾ ਨਿੱਘ ਮਾਣ ਸਕਣ। ਹੱਦਾਂ-ਸਰਹੱਦਾਂ ’ਤੇ ਤਣਾਅ ਦੇ ਬਾਵਜੂਦ ਕਿਸੇ ਵੀ ਦੇਸ਼ ਅੰਦਰਲੇ ਨਾਗਰਿਕਾਂ ਨਾਲ ਸਰਕਾਰਾਂ ਵੱਲੋਂ ਵਿਤਕਰਾ ਤੇ ਦੁਰ-ਵਿਹਾਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸਰਕਾਰਾਂ ਵੱਲੋਂ ਨੈਤਿਕਤਾ ਦਾ ਰਸਤਾ ਅਖ਼ਤਿਆਰ ਕਰਨਾ ਹੀ ਮਾਨਵਤਾ ਦੇ ਹਿਤ ਵਿੱਚ ਹੈ।