ਪ੍ਰਕਾਸ਼ ਸਿੰਘ ਬਾਦਲ ਪਿੱਛੋਂ ਸ੍ਰੋਮਣੀ ਅਕਾਲੀ ਦਲ ਦਾ ਭਵਿੱਖ

0
418

ਪ੍ਰਕਾਸ਼ ਸਿੰਘ ਬਾਦਲ ਪਿੱਛੋਂ ਸ੍ਰੋਮਣੀ ਅਕਾਲੀ ਦਲ ਦਾ ਭਵਿੱਖ

ਕਿਰਪਾਲ ਸਿੰਘ ਬਠਿੰਡਾ

ਸ: ਪ੍ਰਕਾਸ਼ ਸਿੰਘ ਬਾਦਲ ਦਾ ਲੰਬਾ ਸਮਾਂ ਰਾਜਨੀਤਕ ਅਤੇ ਪੰਥਕ ਰਾਜਨੀਤੀ ’ਤੇ ਛਾਏ ਰਹਿਣ ਦਾ ਮੁੱਖ ਕਾਰਨ ਉਨ੍ਹਾਂ ਦਾ ਸੁਭਾਉ ’ਚ ਬਹੁਤ ਹੀ ਨਿੰਮ੍ਰਤਾ, ਹਲੀਮੀ ਅਤੇ ਮਿੱਠ ਬੋਲੜੇ ਹੋਣਾ ਹੈ। ਉਨ੍ਹਾਂ ਦੀ ਫੀਲਡ ਵਰਕ ਕਰਨ ਦੀ ਸਮਰੱਥਾ ਅਤੇ ਯਾਦਦਾਸ਼ਤ ਬਹੁਤ ਹੀ ਤੇਜ ਹੋਣ ਸਦਕਾ ਉਹ ਸਾਰੇ ਪੰਜਾਬ ਦੇ ਤਹਿਸੀਲ ਲੈਵਲ ਦੇ ਪਾਰਟੀ ਅਹੁਦੇਦਾਰਾਂ ਤੱਕ ਦੇ ਨਾਮ ਤੋਂ ਜਾਣੂ ਸਨ। ਲੰਬੀ ਹਲਕੇ ਦੇ ਆਪਣੇ ਸਮਰਥਕ ਵੋਟਰਾਂ ਦੇ ਦੁੱਖ/ਸੁੱਖ ਮੌਕੇ ਉਨ੍ਹਾਂ ਦੀ ਗਮੀ ਖ਼ੁਸ਼ੀ ਸਾਂਝੀ ਕਰਦੇ ਰਹਿਣ ਸਦਕਾ ਸਭ ਨਾਲ ਅਪਣੱਤ ਭਾਵਨਾ ਬਣਾਈ ਰੱਖਦੇ ਸਨ। ਉਨ੍ਹਾਂ ਕੋਲ, ਕੋਈ ਸਿਆਸੀ ਵਿਰੋਧੀ ਵੀ ਨਿੱਜੀ ਕੰਮ ਲਈ ਆਉਂਦਾ ਤਾਂ ਉਸ ਨਾਲ ਵੀ ਨਿੰਮ੍ਰਤਾ ਅਤੇ ਸਿਸ਼ਟਾਚਾਰ ਨਾਲ ਪੇਸ਼ ਆਉਂਦੇ। ਬਾਦਲ ਸਰਕਾਰ ਹੁੰਦਿਆਂ ਦੋ ਵੱਖ ਵੱਖ ਮੌਕਿਆਂ ’ਤੇ ‘ਕਾਂਗਰਸ’ ਅਤੇ ‘ਆਪ’ ਦੇ ਆਗੂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਅੱਗੇ ਧਰਨਾ ਦੇਣ ਆਏ ਤਾਂ ਸ: ਬਾਦਲ ਨੇ ਉਨ੍ਹਾਂ ਦਾ ਗੇਟ ਉੱਤੇ ਆ ਕੇ ਸਵਾਗਤ ਕੀਤਾ। ਉਨ੍ਹਾਂ ਦੀ ਗੱਲ ਸੁਣੀ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਉਹ ਧੁਰ ਵਿਰੋਧੀ ਨੂੰ ਵੀ ਆਪਣਾ ਬਣਾ ਲੈਂਦੇ ਸਨ। ਸਰਕਾਰੀ ਅਫਸਰਾਂ ਨਾਲ ਵੀ ਗੱਲ ਕਰਦੇ ਸਮੇਂ ਜਾਂ ਉਨ੍ਹਾਂ ਨੂੰ ਕਿਸੇ ਸਰਕਾਰੀ ਕੰਮ ਲਈ ਹਿਦਾਇਤ ਕਰਦੇ ਸਮੇਂ ਕਦੀ ਵੀ ਕੌੜੇ ਸ਼ਬਦਾਂ ਦੀ ਵਰਤੋਂ ਨਹੀਂ ਸਨ ਕਰਦੇ, ਇਸੇ ਕਾਰਨ ਵਿਰੋਧੀ ਸਰਕਾਰ ਦੇ ਹੁੰਦਿਆਂ ਵੀ ਉਨ੍ਹਾਂ ਦੇ ਨਿੱਜੀ ਕੰਮ ਪਹਿਲ ਦੇ ਆਧਾਰ ’ਤੇ ਹੋ ਜਾਇਆ ਕਰਦੇ ਸਨ। ਇੰਨੇ ਗੁਣ ਹੁੰਦਿਆਂ ਵੀ ਕੀ ਕਾਰਨ ਹਨ ਕਿ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਨਮੋਸ਼ੀ ਭਰੀ ਹਾਰ ਹੋਈ। ਪ੍ਰਕਾਸ਼ ਸਿੰਘ ਬਾਦਲ ਦੀ ਆਪਣੇ ਹਲਕੇ ’ਚ ਹਰਮਨ ਪਿਆਰਤਾ ਅਤੇ ਪ੍ਰਭਾਵ ਨੂੰ ਵੇਖਦੇ ਹੋਏ ਕੋਈ ਸੁਪਨੇ ’ਚ ਵੀ ਸੋਚ ਨਹੀਂ ਸੀ ਸਕਦਾ ਕਿ ਉਹ ਆਪਣੇ ਲੰਬੀ ਹਲਕੇ ’ਚੋਂ ‘ਆਪ’ ਦੇ ਇੱਕ ਸਧਾਰਨ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਥੋਂ ਅਤੇ ਉਨ੍ਹਾਂ ਦਾ ਪੁੱਤਰ ਅਤੇ 2008 ਤੋਂ ਲਗਤਾਰ ਚਲੇ ਆ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਨਿੱਜੀ ਹਲਕੇ ਜਲਾਲਾਬਾਦ ਤੋਂ ਚੋਣ ਹਾਰ ਜਾਵੇਗਾ।

ਸੰਨ 2022 ਦੀ ਸੰਗਰੂਰ ਲੋਕ ਸਭਾ ਉਪ ਚੋਣ ’ਚ ਪਾਰਟੀ ਨੇ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲੀ ਭੈਣ ਕਮਲਦੀਪ ਕੌਰ ਨੂੰ ਉਮੀਦਵਾਰ ਬਣਾਇਆ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦਾ ਪੱਤਾ ਖੇਡਣ ਦੇ ਬਾਵਜੂਦ ਉਹ ਪੰਜਵੇਂ ਸਥਾਨ ’ਤੇ ਆਈ ਅਤੇ ਜਮਾਨਤ ਜ਼ਬਤ ਹੋ ਗਈ। ਭਾਜਪਾ ਉਮੀਦਵਾਰ ਨਾਲੋਂ ਵੀ ਘੱਟ ਵੋਟਾਂ ਪ੍ਰਾਪਤ ਕਰਨਾ ਤਾਂ ਹੋਰ ਵੀ ਨਮੋਸ਼ੀਜਨਕ ਹੈ।  100 ਸਾਲ ਪੁਰਾਣੀ ਪਾਰਟੀ ਸ੍ਰੋਮਣੀ ਅਕਾਲੀ ਦਲ, ਜਿਸ ਦਾ ਗੁਰਦੁਆਰਾ ਸੁਧਾਰ ਲਹਿਰ, ਦੇਸ਼ ਦੀ ਅਜ਼ਾਦੀ ਲਹਿਰ ਅਤੇ ਉਸ ਤੋਂ ਪਿੱਛੋਂ ਵੀ ਤਕਰੀਬਨ ਪੰਜ ਦਹਾਕੇ ਤੱਕ ਪੂਰਾ ਦਬਦਬਾ ਰਿਹਾ, ਉਸ ਦੇ 2022 ਦੀਆਂ ਚੋਣਾਂ ’ਚ ਇੰਨੀ ਮਾੜੀ ਹਾਲਤ ’ਚ ਪਹੁੰਚ ਜਾਣ ਦੇ ਕੁਝ ਹੇਠ ਲਿਖੇ ਕਾਰਨ ਹਨ, ਜਿਨ੍ਹਾਂ ਦਾ ਪਾਰਟੀ ਦੀ ਮੁੜ ਸੁਰਜੀਤੀ ਲਈ ਵਿਸ਼ਲੇਸ਼ਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਦੀ ਸਖ਼ਤ ਜ਼ਰੂਰਤ ਹੈ।

ਸਿੱਖ ਬੁੱਧੀਜੀਵੀ ਵਰਗ ਤਾਂ ਸ: ਬਾਦਲ ਦੀ 1996 ਤੋਂ ਹੀ ਹੇਠ ਲਿਖੇ ਕਾਰਨਾ ਕਰਕੇ ਅਲੋਚਨਾ ਕਰ ਰਿਹਾ ਹੈ :

  1. 1996 ’ਚ ਜਦੋਂ ਦੇਸ਼ ਦੀ ਕੇਂਦਰੀ ਸਿਆਸਤ ’ਚ ਸਿਆਸੀ ਖਲਾਅ ਪੈਦਾ ਹੋਣ ’ਤੇ ਜਿਸ ਵੇਲੇ ਦੇਸ਼ ’ਚ ਫੈਡਰਲ ਢਾਂਚਾ ਲਾਗੂ ਕਰਨ ਤੇ ਸੂਬਿਆਂ ਨੂੰ ਵੱਧ ਅਧਿਕਾਰਾਂ ਦੀਆਂ ਚਾਹਵਾਨ ਖੇਤਰੀ ਪਾਰਟੀਆਂ ਦਾ ਗੱਠਜੋੜ ਬਣਾਉਣ ਦੀ ਗੱਲ ਚੱਲ ਰਹੀ ਸੀ ਤਾਂ ਸ: ਬਾਦਲ ਨੇ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਭਾਜਪਾ ਨੂੰ ਬਿਨਾਂ ਸ਼ਰਤ ਮਦਦ ਦੇਣ ਦਾ ਐਲਾਨ ਕਰਕੇ ਉਨ੍ਹਾਂ ਮੰਗਾਂ ਦਾ ਆਪ ਹੀ ਭੋਗ ਪਾ ਦਿੱਤਾ, ਜਿਨ੍ਹਾਂ ਮੰਗਾਂ ਲਈ ਸ੍ਰੋਮਣੀ ਅਕਾਲੀ ਦਲ ਚਿਰਾਂ ਤੋਂ ਮੋਰਚੇ ਲਾ ਰਿਹਾ ਸੀ।
  2. ਸਿੱਖ ਧਰਮ ਦੇ ਪ੍ਰਚਾਰ ਪਾਸਾਰ ਅਤੇ ਪੰਥਕ ਹਿੱਤਾਂ ਦੀ ਪੂਰਤੀ ਲਈ ਹੋਂਦ ’ਚ ਆਏ ਸ੍ਰੋਮਣੀ ਅਕਾਲੀ ਦਲ ਨੂੰ ਸ: ਬਾਦਲ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ ਅਕਾਲੀ ਕਾਨਫਰੰਸ ’ਚ ਧਰਮ ਨਿਰਪੱਖ ‘ਪੰਜਾਬੀ ਪਾਰਟੀ’ ਐਲਾਨ ਕੇ ਖ਼ੁਦ ਹੀ ਅਕਾਲੀ ਦਲ ਦਾ ਅਕਸ਼ ਵਿਗਾੜਿਆ।
  3. ਸੂਬਿਆਂ ਲਈ ਵੱਧ ਅਧਿਕਾਰਾਂ (ਅਨੰਦਪੁਰ ਸਾਹਿਬ ਦਾ ਮਤਾ), ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਖੇਤਰ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਲਈ ਉਸਾਰੀ ਗਈ ਰਾਜਧਾਨੀ ਚੰਡੀਗੜ੍ਹ ਅਤੇ ਰਾਇਪੇਰੀਅਨ ਕਾਨੂੰਨ ਮੁਤਾਬਕ ਪੰਜਾਬ ਦੇ ਦਰਿਆਈ ਪਾਣੀਆਂ ਦਾ ਕੰਟਰੋਲ ਪੰਜਾਬ ਨੂੰ ਸੌਂਪਣ ਲਈ ਮੋਰਚੇ ਲਾਉਣ ਵਾਲੇ ਅਕਾਲੀ ਦਲ ਦੀ ਵਾਗਡੋਰ ਜਦੋਂ ਤੋਂ ਪੂਰੀ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਆਈ ਅਤੇ ਭਾਜਪਾ ਨਾਲ ਗੱਠਜੋੜ ਦੀ ਮਜਬੂਤ ਸਰਕਾਰ ਪੰਜਾਬ, ਹਰਿਆਣਾ ਅਤੇ ਕੇਂਦਰ ਤਿੰਨਾਂ ਵਿੱਚ ਹੀ ਰਹੀ ਉਸ ਸਮੇਂ ਆਪਣੀਆਂ ਉਕਤ ਮੰਗਾਂ ਨੂੰ ਉਹ ਬਹੁਤ ਹੀ ਆਸਾਨੀ ਨਾਲ ਪੂਰੀਆਂ ਕਰਵਾ ਸਕਦਾ ਸੀ, ਪਰ ਐਸਾ ਨਾ ਕਰਕੇ ਅਤੇ ਸੀਨੀਅਰ ਅਕਾਲੀ ਆਗੂਆਂ ਨੂੰ ਪਿੱਛੇ ਧੱਕ ਕੇ ਕੇਵਲ ਆਪਣੇ ਪੁੱਤਰ ਤੇ ਨੂੰਹ ਨੂੰ ਕੇਂਦਰ ’ਚ ਮੰਤਰੀ ਨਿਯੁਕਤ ਕਰਨ ਦੀਆਂ ਮੰਗਾਂ ਹੀ ਪ੍ਰਧਾਨ ਮੰਤਰੀਆਂ ਤੋਂ ਪੂਰੀਆਂ ਕਰਵਾਉਂਦਾ ਰਿਹਾ।
  4. ਨਹਿਰੂ-ਗਾਂਧੀ ਪਰਵਾਰਵਾਦ ਵਿਰੁੱਧ ਜੋਰਦਾਰ ਅਵਾਜ਼ ਉਠਾਉਣ ਵਾਲੇ ਸ: ਬਾਦਲ ਨੇ ਆਪਣਾ ਪਰਵਾਰਵਾਦ ਉਸਾਰਿਆ, ਉਸ ਦੀ ਉਦਾਹਰਨ ਹੈ: ਇੱਕ ਸਮੇਂ ਉਹ ਖ਼ੁਦ ਮੁੱਖ ਮੰਤਰੀ, ਨੂੰਹ ਕੇਂਦਰੀ ਮੰਤਰੀ, ਪੁੱਤਰ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਭਤੀਜਾ ਵਿਤ ਮੰਤਰੀ, ਜੁਆਈ ਖੁਰਾਕ ਮੰਤਰੀ ਅਤੇ ਪੁੱਤਰ ਦਾ ਸਾਲ਼ਾ ਮਾਲ ਮੰਤਰੀ।
  5. ਜਿਸ ਆਰ.ਐੱਸ.ਐੱਸ. ਨੂੰ ਸਿੱਖ ਬੁੱਧੀਜੀਵੀ ਸਿਧਾਂਤਕ ਤੌਰ ’ਤੇ ਸਿੱਖ ਧਰਮ ਦੇ ਵਿਰੁੱਧ ਦੱਸਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਨੂੰ ਪੰਥ ਵਿਰੋਧੀ ਐਲਾਨਿਆ ਹੈ, ਉਸ ਆਰ.ਐੱਸ.ਐੱਸ. ਅਤੇ ਉਸ ਦੇ ਰਾਜਨੀਤਕ ਵਿੰਗ ਭਾਜਪਾ ਦੇ ਪੰਜਾਬ ’ਚ ਪੈਰ ਜਮਾਉਣ ਦਾ ਸ: ਪ੍ਰਕਾਸ਼ ਸਿੰਘ ਮੁੱਖ ਦੋਸ਼ੀ ਹੈ। ਹੁਣ ਉਹੀ ਭਾਜਪਾ ਸ੍ਰੋਮਣੀ ਅਕਾਲੀ ਦਲ ਨੂੰ ਖੋਰਾ ਲਾਉਣ ਦੀ ਪੂਰੀ ਵਾਹ ਲਾ ਰਹੀ ਹੈ।
  6. ਜਿਸ ਤਰ੍ਹਾਂ ਸ: ਬਾਦਲ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਰਾਹੀਂ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਆਪਣੇ ਸਿਆਸੀ ਸੁਆਰਥ ਲਈ ਵਰਤਿਆ, ਇਸ ਨਾਲ ਸਿੱਖ ਕੌਮ ਦੀਆਂ ਸ਼ਾਨਾਮੱਤੀ ਸੰਸਥਾਵਾਂ ਦੇ ਮਾਨ ਸਤਿਕਾਰ ਨੂੰ ਮਿੱਟੀ ’ਚ ਰੋਲ ਦਿੱਤਾ।
  7. ਕਿਸਾਨ ਹਿਤੈਸ਼ੀ ਅਖਵਾਉਣ ਦੇ ਬਾਵਜੂਦ 2020 ’ਚ ਤਿੰਨ ਕਿਸਾਨ ਵਿਰੋਧੀ ਕਾਲ਼ੇ ਆਰਡੀਨੈਂਸ ਜਾਰੀ ਕਰਨ ਲਈ ਪਹਿਲਾਂ ਤਾਂ ਸਹਿਮਤੀ ਦਿੱਤੀ; ਉਸ ਦੇ ਹੱਕ ’ਚ ਪ੍ਰਚਾਰ ਕਰਕੇ ਕਿਸਾਨਾਂ ਨੂੰ ਮਨਾਉਣ ਦਾ ਯਤਨ ਕਰਦੇ ਰਹੇ ਪਰ ਬਾਅਦ ’ਚ ਕਿਸਾਨ ਮੋਰਚੇ ਦੀ ਏਕਤਾ ਦੀ ਮਜਬੂਤੀ ਵੇਖ ਕੇ ਹਰਸਿਮਰਤ ਕੌਰ ਨੂੰ ਕੈਬਿਨਿਟ ’ਚੋਂ ਅਸਤੀਫ਼ਾ ਦੇਣਾ ਪਿਆ ਅਤੇ ਭਾਜਪਾ ਨਾਲੋਂ ਢਾਈ ਦਹਾਕਿਆਂ ਤੋਂ ਚੱਲ ਰਿਹਾ ਅਖੌਤੀ ਨਹੁੰ ਮਾਸ ਦਾ ਰਿਸ਼ਤਾ ਤੋੜਨਾ ਪਿਆ ਪਰ ਉਸ ਸਮੇਂ ਪਾਣੀ ਸਿਰ ਤੋਂ ਲੰਘ ਚੁੱਕਾ ਸੀ ਅਤੇ ਅਕਾਲੀ ਨਾ ਘਰ ਦੇ ਰਹੇ, ਨਾ ਘਾਟ ਦੇ।
  8. ਕੁਝ ਵੋਟਾਂ ਦੀ ਖਾਤਰ ਜਿਸ ਤਰ੍ਹਾਂ ਪੰਥਕ ਕਹਾਉਣ ਵਾਲੀ ਪਾਰਟੀ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਲਾਉਣ ਵਾਲੇ ਡੇਰੇਦਾਰਾਂ ਨੂੰ ਵਧਣ ਫੁੱਲਣ ਲਈ ਜਮੀਨ ਮੁਹੱਈਆ ਕਰਵਾਈ, ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ, ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਉਤਾਰਨ ਵਾਲੇ ਸੌਦਾ ਸਾਧ ਵਿਰੁੱਧ ਚੱਲ ਰਿਹਾ ਕੇਸ ਬਠਿੰਡਾ ਦੀ ਅਦਾਲਤ ’ਚੋਂ ਵਾਪਸ ਲਿਆ, ਜਥੇਦਾਰਾਂ ਨੂੰ ਆਪਣੀ ਕੋਠੀ ਚੰਡੀਗੜ੍ਹ ਸੱਦ ਕੇ ਬਿਨਾਂ ਮਾਫ਼ੀ ਮੰਗਿਆਂ ਹੀ ਮਾਫ਼ੀ ਦੇਣ ਲਈ ਮਜਬੂਰ ਕੀਤਾ, ਉਸ ਮਾਫ਼ੀਨਾਮੇ ਨੂੰ ਲੋਕਾਂ ਤੋਂ ਮੰਨਵਾਉਣ ਲਈ ਗੁਰੂ ਦੀ ਗੋਲਕ ’ਚੋਂ 92 ਲੱਖ ਦੇ ਇਸ਼ਤਿਹਾਰ ਛਪਵਾਏ।
  9. ਸੰਨ 2015 ’ਚ ਪਿੰਡ ਬੁਰਜ ਜਵਾਹਰਕੇ ਦੇ ਗੁਰਦੁਆਰਾ ਸਹਿਬ ’ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਅਤੇ ਬਰਗਾੜੀ ਵਿਖੇ ਬੇਅਦਬੀ ਕਰਨ ਵਾਲੇ ਸੌਦਾ ਸਾਧ ਦੇ ਚੇਲਿਆਂ ਨੂੰ ਬਚਾਉਣ ਲਈ ਹਰ ਹੀਲਾ ਵਰਤਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਾਉਣ ਵਾਲੇ ਸਿੰਘਾਂ ’ਤੇ ਪੁਲਿਸ ਵੱਲੋਂ ਅੰਨ੍ਹੇਵਾਹ ਗੋਲ਼ੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਅਤੇ ਦਰਜਨਾਂ ਹੋਰਨਾਂ ਨੂੰ ਸਖ਼ਤ ਫੱਟੜ ਕਰ ਦਿੱਤਾ। ਇਸ ਬੇਅਦਬੀ ਅਤੇ ਗੋਲ਼ੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾਈ; ਇਹ ਗੈਰ ਪੰਥਕ ਕਾਰਵਾਈਆਂ ਬਾਦਲ ਪਰਵਾਰ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਗਿਰਾਵਟ ਦੇ ਮੁੱਖ ਕਾਰਨ ਹਨ; ਜਿਸ ਦੇ ਨਤੀਜੇ ਇਨ੍ਹਾਂ 2022 ਦੀਆਂ ਵਿਧਾਨ ਸਭਾ ਅਤੇ ਸੰਗਰੂਰ ਲੋਕ ਸਭਾ ਦੀ ਉਪ ਚੋਣ ’ਚ ਭੁਗਤ ਲਏ ਹਨ ਅਤੇ ਐਸੇ ਹੀ ਨਤੀਜੇ ਜਲੰਧਰ ਲੋਕ ਸਭਾ ਉਪ ਚੋਣ ਦੇ ਸਾਹਮਣੇ ਆਉਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ।

ਸਭ ਕੁਝ ਲੁਟਾ ਕੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਅਪੀਲਾਂ ਕਰਵਾਈਆਂ ਜਾ ਰਹੀਆਂ ਹਨ ਕਿ ਪੰਜਾਬ ਦੀ ਸਿਆਸਤ ’ਚ ਸ੍ਰੋਮਣੀ ਅਕਾਲੀ ਦਲ ਦੀ ਗੈਰ ਮੌਜੂਦਗੀ ਘਾਤਕ ਸਿੱਧ ਹੋਵੇਗੀ ਇਸ ਲਈ ਸ੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਸਾਰੇ ਮੱਤਭੇਦ ਭੁਲਾ ਕੇ ਸਿੱਖ ਇੱਕ ਝੰਡੇ ਹੇਠ ਇਕੱਠੇ ਹੋ ਜਾਣ।

ਭਾਵੇਂ ਸਿੱਖੀ ਸੋਚ ਵਾਲਾ ਹਰ ਸਿੱਖ ਅਤੇ ਪੰਜਾਬ ਹਿਤਕਾਰੀ ਹਰ ਪੰਜਾਬੀ ਇਸ ਗੱਲ ਤੋਂ ਮੁਨਕਰ ਨਹੀਂ ਹੈ ਕਿ ਪੰਜਾਬ ਅਤੇ ਸਿੱਖ ਪੰਥ ਨੂੰ ਇੱਕ ਮਜਬੂਤ ਖੇਤਰੀ ਪਾਰਟੀ (ਸ੍ਰੋਮਣੀ ਅਕਾਲੀ ਦਲ) ਦੀ ਅਤਿਅੰਤ ਲੋੜ ਹੈ ਪਰ ਕੀ ਜਥੇਦਾਰ ਸਾਹਿਬ ਦੀਆਂ ਇਨ੍ਹਾਂ ਅਪੀਲਾਂ ਨੂੰ ਸੁਣ ਕੇ ਸਿੱਖ ਮੁੜ ਉਸ ਪਰਵਾਰ ਦੀ ਅਗਵਾਈ ਕਬੂਲਣ ਲਈ ਤਿਆਰ ਹੋ ਸਕਦੇ ਹਨ; ਜਿਨ੍ਹਾਂ ਨੇ ਪਹਿਲਾਂ ਹੀ ਸਿਆਸੀ ਲਾਹੇ ਲੈਣ ਲਈ ਪੰਥ ਅਤੇ ਇਸ ਦੀਆਂ ਸ਼ਾਨਾਮੱਤੀ ਸਰਬਉੱਚ ਸੰਸਥਾਵਾਂ ਦਾ ਵੱਡਾ ਨੁਕਸਾਨ ਕੀਤਾ ਹੈ ? ਹਾਲ ਦੀ ਘੜੀ ਇਹ ਸੰਭਵ ਨਹੀਂ ਜਾਪਦਾ ਕਿਉਂਕਿ

I. ਜਦੋਂ ਪ੍ਰਕਾਸ਼ ਸਿੰਘ ਬਾਦਲ ਸਿਆਸੀ ਤੌਰ ’ਤੇ ਮਜਬੂਤ ਸੀ ਉਸ ਸਮੇਂ ਸਾਰੇ ਅਕਾਲੀ ਦਲਾਂ ਨੂੰ ਇੱਕ ਝੰਡੇ ਹੇਠ ਇਕੱਠੇ ਕਰਨ ਦੇ ਯਤਨ ਕਰਨ ਵਾਲੇ ਕਾਰਜਕਾਰੀ ਜਥੇਦਾਰ ਪ੍ਰੋ: ਮਨਜੀਤ ਸਿੰਘ ਦੀ ਬਾਦਲ ਦੇ ਗੁਰਗਿਆਂ ਨੇ ਦਸਤਾਰ ਉਤਾਰੀ, ਕਮੀਜ ਫਾੜੀ ਅਤੇ ਉਸ ਨੇ ਬਾਥਰੂਮ ’ਚ ਆਪਣੇ ਆਪ ਨੂੰ ਬੰਦ ਕਰਕੇ ਜਾਨ ਬਚਾਈ ਸੀ।

II. 15 ਅਪ੍ਰੈਲ 1999 ਤੱਕ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਨੂੰ ਆਪਣੇ ਆਪਣੇ ਅਹੁੱਦਿਆਂ ’ਤੇ ਰਹਿੰਦੇ ਹੋਏ ਮਿਲ ਕੇ ਖ਼ਾਲਸੇ ਦੀ ਸਿਰਜਣਾ ਸ਼ਤਾਬਦੀ ਮਨਾਉਣ ਦੀ ਸਲਾਹ ਦੇਣ ਵਾਲੇ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਗੁਰਚਰਨ ਸਿੰਘ ਟੌਹੜਾ ਦੋਵਾਂ ਨੂੰ ਹੀ ਬੇਆਬਰੂ ਕਰਕੇ ਉਨ੍ਹਾਂ ਦੇ ਅਹੁੱਦਿਆਂ ਤੋਂ ਲਾਹ ਦਿੱਤਾ ਗਿਆ ਸੀ।

III. ਸੌਦਾ ਸਾਧ ਨੂੰ ਮਾਫ਼ੀ ਦੇਣ ਤੋਂ ਮਨ੍ਹਾ ਕਰਨ ਵਾਲੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਰਾਤ 11 ਵਜੇ ਸੁੱਤੇ ਪਏ ਨੂੰ ਜਗਾ ਕੇ ਅਸਤੀਫ਼ੇ ’ਤੇ ਦਸਤਖ਼ਤ ਕਰਵਾ ਲਏ ਸਨ।

IV. ਆਪਣੇ ਤੋਂ ਪਹਿਲੇ ਇਨ੍ਹਾਂ ਜਥੇਦਾਰ ਦਾ ਹਸ਼ਰ ਵੇਖ ਕੇ ਗਿਆਨੀ ਗੁਰਬਚਨ ਸਿੰਘ ਦੀ ਜਥੇਦਾਰੀ ਹੇਠ ਪੰਜੇ ਸਿੰਘ ਸਾਹਿਬਾਨਾਂ ਨੂੰ ਸੌਦਾ ਸਾਧ ਨੂੰ ਮਾਫ਼ੀ ਦੇਣ ਲਈ ਮਜਬੂਰ ਹੋਣਾ ਪਿਆ, ਜਿਸ ਦਾ ਹਸ਼ਰ ਉਨ੍ਹਾਂ ਸਾਰਿਆਂ ਨੂੰ ਹੁਣ ਤੱਕ ਭੁਗਤਣਾ ਪੈ ਰਿਹਾ ਹੈ।

ਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਮੁੜ ਉਸੇ ਤਰ੍ਹਾਂ ਦੇ ਸ੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨਾ ਚਾਹੁੰਦੇ ਹਨ ਤਾਂ ਇਹ ਹਾਲ ਦੀ ਘੜੀ ਅਸੰਭਵ ਜਾਪ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਅਖੌਤੀ ਅਕਾਲੀ, ਜਿਹੜੇ ਕਦੀ ਮਾਣ ਨਾਲ ਛੋਟੇ ਸਾਹਿਬਜ਼ਾਦਿਆਂ ਦੀਆਂ ਕਥਾਵਾਂ ਉੱਚੀਆਂ ਬਾਹਾਂ ਚੁੱਕ ਕੇ ਸੁਣਾਉਂਦੇ ਸਨ, ਪਰ ਅੱਜ ਸੱਤਾ ਦੇ ਲਾਲਚ ਜਾਂ ਪੁਰਾਣੇ ਭ੍ਰਿਸ਼ਟਾਚਾਰ ਦੇ ਕੇਸਾਂ ਤੋਂ ਬਚਣ ਲਈ ਧੜਾ ਧੜ ਭਾਜਪਾ ’ਚ ਸ਼ਾਮਲ ਹੋ ਗਏ ਹਨ ਅਤੇ ਹੋ ਰਹੇ ਹਨ ਜਾਂ ਭਾਜਪਾ ਨਾਲ ਮੁੜ ਗੱਠਜੋੜ ਕਰਨ ਲਈ ਕਾਹਲ਼ੇ ਪਏ ਹੋਏ ਹਨ, ਉਨ੍ਹਾਂ ਸੁਆਰਥੀ ਅਕਾਲੀਆਂ ਨੂੰ ਇੱਕ ਝੰਡੇ ਹੇਠ ਇਕੱਤਰ ਕਰਕੇ ਕੌਮ ਨੂੰ ਕੋਈ ਲਾਭ ਮਿਲਣ ਵਾਲਾ ਨਹੀਂ ਹੈ।

ਫਿਰ ਦੁਹਰਾ ਦੇਵਾਂ ਕਿ ਪੰਥਕ ਰਵਾਇਤਾਂ ਅਤੇ ਗੁਰੂਆਂ ਦੀ ਧਰਤੀ ਪੰਜਾਬ ਦੇ ਆਰਥਿਕ ਹੱਕਾਂ ਦੀ ਬਹਾਲੀ ਦਾ ਚਾਹਵਾਨ ਹਰ ਸਿੱਖ ਮਜਬੂਤ ਸ੍ਰੋਮਣੀ ਅਕਾਲੀ ਦਲ ਦੀ ਬਹੁਤ ਹੀ ਸ਼ਿਦਤ ਨਾਲ ਲੋੜ ਮਹਿਸੂਸ ਕਰ ਰਿਹਾ ਹੈ ਖਾਸ ਕਰ ਜਦੋਂ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ 6 ਮਈ ਦੇ ਜੱਗਬਾਣੀ ਅਖ਼ਬਾਰ ’ਚ ਧਮਕੀ ਭਰਪੂਰ ਲੇਖ ਲਿਖ ਰਿਹਾ ਹੋਵੇ, ਜਿਸ ਦੀਆਂ ਸ਼ੁਰਆਤੀ ਲਾਈਨਾਂ ਇਹ ਹਨ: ‘ਸ. ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੋਂ ਅਕਾਲੀ ਦਲ ਚੁੱਪ ਚਾਪ ਮੋਦੀ ਨਾਲ ਗੱਲ ਕਰੇ ਅਤੇ ਭਾਜਪਾ ਦਾ ਪੱਲਾ ਫੜ ਲਵੇ। ਕੱਲ੍ਹ ਤੱਕ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ’ਚ ਸੀ। ਅੱਜ ਭਾਜਪਾ ਦਾ ਪਲੜਾ ਭਾਰੀ ਹੈ। ਕੱਲ੍ਹ ਤੱਕ ਸ: ਪ੍ਰਕਾਸ਼ ਸਿੰਘ ਬਾਦਲ ਸਭ ਦੇ ਮੰਨਣਯੋਗ ਨੇਤਾ ਸਨ। ਅੱਜ ਸ: ਸੁਖਬੀਰ ਸਿੰਘ ਬਾਦਲ ਇਕੱਲੇ ਪੈ ਚੁੱਕੇ ਹਨ। ਕੱਲ੍ਹ ਤੱਕ ਸ੍ਰੋਮਣੀ ਅਕਾਲੀ ਦਲ ਨੂੰ ਮਾਣ ਸੀ ਕਿ ਭਾਜਪਾ ਦੀ ਹੋਂਦ ਸਾਡੇ ਕਰਕੇ ਹੈ। ਅੱਜ ਹਰ ਵੱਡਾ ਛੋਟਾ ਨੇਤਾ ਭਾਜਪਾ ’ਚ ਸ਼ਾਮਲ ਹੋ ਰਿਹਾ ਹੈ। ਕੱਲ੍ਹ ਤੱਕ ‘ਆਪ’ ਦਾ ਕੋਈ ਵਜੂਦ ਨਹੀਂ ਸੀ ਅੱਜ ਭਗਵੰਤ ਮਾਨ ਮੁੱਖ ਮੰਤਰੀ ਹਨ। ਕੱਲ੍ਹ ਤੱਕ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦਾ ਸ਼ਿੰਗਾਰ ਸੀ ਅੱਜ ‘ਆਪ’ ਦੇ ਰਾਜ ’ਚ ਪੂਰੀ ਤਰ੍ਹਾਂ ਅਰਾਜਕਤਾ ਹੈ।’ ਇਸੇ ਲੇਖ ਦੇ ਅਖੀਰਲੇ ਪਹਿਰੇ ’ਚ ਮਾ: ਮੋਹਨ ਲਾਲ ਜੀ ਲਿਖ ਰਹੇ ਹਨ : ‘ਸ. ਸੁਖਬੀਰ ਬਾਦਲ ਕਿਉਂ ਨਹੀਂ ਸਮਝਦੇ ਕਿ ਸਾਰੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਭਾਜਪਾ ’ਚ ਸ਼ਾਮਲ ਹੋ ਚੁੱਕੀ ਹੈ। ਸਾਬਕਾ ਕਾਂਗਰਸ ਪ੍ਰਧਾਨ, ਕਾਂਗਰਸ ਦੇ ਮੰਤਰੀ ਭਾਜਪਾ ਦਾ ਪੱਲਾ ਫੜ ਚੁੱਕੇ ਹਨ ਇਸ ਲਈ ਸ. ਸੁਖਬੀਰ ਸਿੰਘ ਇਸ ਤੋਂ ਸਬਕ ਲੈਣ।’

ਮਾ: ਮੋਹਨ ਲਾਲ ਦੀ ਲਿਖਤ ਦੇ ਪਹਿਲੇ ਅਤੇ ਅਖੀਰਲੇ ਪਹਿਰੇ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਦਾ ਗੁਮਾਨ ਕੇਂਦਰ ’ਚ ਸਰਕਾਰ ਹੋਣ ਕਾਰਨ ਕਿਸ ਅਸਮਾਨ ਨੂੰ ਛੂਹ ਰਿਹਾ ਹੈ। ਮਾ: ਮੋਹਨ ਲਾਲ ਨੂੰ ਇਹ ਸਵਾਲ ਹੈ ਕਿ ਉਹ ਕਿਉਂ ਨਹੀਂ ਸਮਝ ਰਹੇ; ਕਿਸੇ ਸਮੇਂ ਅਕਾਲੀ ਭਾਜਪਾ ਗੱਠਜੋੜ ਹੁੰਦਿਆਂ ਭਾਜਪਾ 19 ਵਿਧਾਨ ਸਭਾ ਹਲਕਿਆਂ ਤੋਂ ਜੇਤੂ ਰਹੀ ਸੀ ਪਰ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਸਾਰੀ ਕਾਂਗਰਸ ਪਾਰਟੀ ਵੱਲੋਂ ਭਾਜਪਾ ਦਾ ਪੱਲਾ ਫੜਨ ਪਿੱਛੋਂ ਵੀ ਕੇਵਲ 2 ਸੀਟਾਂ ਹਾਸਲ ਕਰ ਸਕੇ ਅਤੇ ਕੈਪਟਨ ਅਮਰਿੰਦਰ ਸਿੰਘ ਖ਼ੁਦ ਆਪਣੀ ਸੀਟ ਵੱਡੇ ਫਰਕ ਨਾਲ ਹਾਰ ਗਏ ਅਤੇ ਬਹੁਤੇ ਮਹਾਂਰਥੀ ਆਪਣੀ ਜ਼ਮਾਨਤ ਤੱਕ ਜ਼ਬਤ ਕਰਵਾ ਬੈਠੇ। ਤੁਸੀਂ ਬੰਗਾਲ ਵਿੱਚ ਵੀ ਈ.ਡੀ. ਅਤੇ ਸੀ.ਬੀ.ਆਈ. (ਆਦਿਕ ਏਜੰਸੀਆਂ) ਦੀ ਮਦਦ ਨਾਲ ਟੀ.ਐੱਮ.ਸੀ., ਕਾਂਗਰਸ ਅਤੇ ਸੀ.ਪੀ.ਐੱਮ. ਦੇ ਧੁਰੰਤਰ ਵੀ ਭਾਜਪਾ ’ਚ ਸ਼ਾਮਲ ਕਰਵਾ ਲਏ ਸਨ ਪਰ ਬੰਗਾਲ ਦੇ ਅਣਖੀ ਵੋਟਰਾਂ ਨੇ ਭਾਜਪਾ ਨੂੰ ਮੁੱਧੇ ਮੂੰਹ ਸੁੱਟ ਦਿੱਤਾ। ਉਹੀ ਹਾਲ ਤੁਹਾਡਾ ਪੰਜਾਬ ’ਚ ਹੋਣਾ ਹੈ ਕਿਉਂਕਿ ਪੰਜਾਬ ਦੇ ਵੋਟਰ ਵੀ ਉਨ੍ਹਾਂ ਭ੍ਰਿਸ਼ਟ ਕਾਂਗਰਸ ਅਤੇ ਅਕਾਲੀ ਆਗੂਆਂ ਦੇ ਚਿਹਰੇ ਪਛਾਣ ਚੁੱਕੇ ਹਨ ਜਿਹੜੇ ਕੱਲ੍ਹ ਤੱਕ ਆਪਣੀਆਂ ਮਾਂ ਪਾਰਟੀਆਂ ’ਚ ਸੱਤਾ ਦਾ ਸੁੱਖ ਮਾਣਦੇ ਰਹੇ ਅਤੇ ਅੱਜ ਭਾਜਪਾ ਦਾ ਪੱਲਾ ਫੜ ਕੇ ਆਪਣਾ ਸੁਆਰਥ ਪੂਰਾ ਕਰਨਾ ਲੋਚ ਰਹੇ ਹਨ। ਜਿਸ ਮਾ: ਮੋਹਨ ਲਾਲ ਜੀ ਨੂੰ ‘ਆਪ’ ਦੇ ਰਾਜ ’ਚ ਅੱਜ ਪੰਜਾਬ ’ਚ ਅਰਾਜਕਤਾ ਦਿੱਸ ਰਹੀ ਹੈ ਕੀ ਉਹ ਧਮਕੀ ਦੇਣਾ ਚਾਹੁੰਦੇ ਹਨ ਕਿ ਜਿਸ ਵੀ ਸੂਬੇ ’ਚ ਭਾਜਪਾ ਸਰਕਾਰ ਨਾ ਬਣੀ ਉਸ ਰਾਜ ’ਚ ਅਰਾਜਕਤਾ ਫੈਲੇਗੀ ? ਮਾਸਟਰ ਜੀ ਇਹ ਦੱਸਣ ਕਿ ਜਿੱਥੇ ਤੁਹਾਡੇ ਹਰਮਨ ਪਿਆਰੇ ਭਾਜਪਾ ਆਗੂ ਅਦਿੱਤਿਆ ਨਾਥ ਯੋਗੀ ਦਾ ਰਾਜ ਹੈ ਉਸ ਰਾਜ ’ਚ ਤੁਹਾਡਾ ਕੇਂਦਰੀ ਗ੍ਰਹਿ ਰਾਜ ਮੰਤਰੀ ਬਾਹੂਬਲੀ ਅਜੈ ਮਿਸ਼ਰਾ ਟੈਨੀ ਵੱਲੋਂ ਆਪਣੇ ਪਿਛੋਕੜ ਦੀ ਜਾਣਕਾਰੀ ਦੇਣ ਪਿੱਛੋਂ ਕਿਸਾਨਾਂ ਨੂੰ ਹਸ਼ਰ ਭੁਗਤਣ ਦੀ ਵੰਗਾਰ ਪਾਉਂਦਾ ਹੈ ਅਤੇ ਤੁਰੰਤ ਬਾਅਦ ਉਸ ਦਾ ਪੁੱਤਰ ਅਸ਼ੀਸ਼ ਮਿਸ਼ਰਾ; 4 ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਗੱਡੀਆਂ ਹੇਠ ਦਰੜ ਕੇ ਖਤਮ ਕਰ ਦਿੰਦਾ ਹੈ; ਹਾਥਰਸ ’ਚ ਇੱਕ ਦਲਿਤ ਲੜਕੀ ਦਾ ਸਮੂਹਕ ਬਲਾਤਕਾਰ ਕਰਨ ਪਿੱਛੋਂ ਅੱਗ ਲਾ ਦਿੱਤੀ ਜਾਂਦੀ ਹੈ। ਜੋ ਕੁਝ ਦਿਨਾਂ ਪਿੱਛੋਂ ਜੀਵਨ ਦੀ ਜੰਗ ਹਰ ਜਾਂਦੀ ਹੈ; ਦੋਸ਼ੀ ਦਰਿੰਦੇ ਉਸ ਪੀੜਤ ਲੜਕੀ ਦੇ ਪਰਵਾਰ ਨੂੰ ਨਤੀਤੇ ਭੁਗਤਣ ਦੀਆਂ ਚਿਤਾਵਨੀਆਂ ਦੇ ਰਹੇ ਹੁੰਦੇ ਹਨ। ਯੋਗੀ ਸਰਕਾਰ ਪੀੜਤ ਪਰਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਬਜਾਏ ਪਰਵਾਰ ਨੂੰ ਦਿਲਾਸਾ ਦੇਣ ਗਏ ਸਭ ਆਗੂਆਂ ਨੂੰ ਹਵਾਲਾਤਾਂ ’ਚ ਬੰਦ ਕਰ ਦਿੰਦੀ ਹੈ। ਉਸ ਕੇਸ ਦੀ ਰਿਪੋਰਟਿੰਗ ਕਰਨ ਜਾ ਰਹੇ ਪੱਤਰਕਾਰਾਂ ਸਿੱਦਿੱਕੀ ਕੱਪਣ, ਅਤੀਕੁਰ ਰਹਿਮਾਨ ਅਤੇ ਦੋ ਹੋਰਨਾਂ ਨੂੰ ਕੌਮੀ ਸੁਰੱਖਿਆ ਐਕਟ ਹੇਠ ਗ੍ਰਿਫ਼ਤਾਰ ਕਰਕੇ ਬਿਨਾਂ ਕਿਸੇ ਸੁਣਵਾਈ ਦੇ ਲਗਭਗ ਦੋ ਸਾਲ ਜੇਲ੍ਹ ’ਚ ਰੱਖਦੀ ਹੈ।

ਹਾਲੀ ਪਿੱਛਲੇ ਮਹੀਨੇ ਦੀ ਗੱਲ ਹੈ ਪੁਲਿਸ ਦੀ ਨਿਗਰਾਨੀ ਹੇਠ ਅਤੀਕ ਅਹਿਮਦ ਅਤੇ ਉਸ ਦੇ ਭਰਾ ਨੂੰ ਲਾਈਵ ਵੀਡੀਓ ਰਿਕਾਰਡਿੰਗ ਦੌਰਾਨ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕੀ ਮੋਹਨ ਲਾਲ ਲਈ ਇਹ ਅਰਾਜਕਤਾ ਨਹੀਂ ਹੈ ? ਦੇਸ਼ ਲਈ ਮੈਡਲ ਜਿੱਤ ਕੇ ਮਾਣ ਵਧਾਉਣ ਵਾਲੀਆਂ ਪਹਿਲਵਾਨ ਲੜਕੀਆਂ ਦਾ ਭਾਜਪਾ ਦਾ ਬਾਹੂਬਲੀ ਲੋਕ ਸਭਾ ਮੈਂਬਰ ਤੇ ਕੁਸ਼ਤੀ ਫੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਜਿਨਸੀ ਸ਼ੋਸ਼ਨ ਕਰਦਾ ਹੈ, ਜਿਸ ਸੰਬੰਧੀ 7 ਪਹਿਲਵਾਨ ਲੜਕੀਆਂ ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ, ਪੁਲਿਸ ਕੋਲ ਲਿਖਤੀ ਸ਼ਿਕਾਇਤ ਕਰਦੀਆਂ ਹਨ; ਜਨਵਰੀ ਮਹੀਨੇ ਤੋਂ ਜੰਤਰ ਮੰਤਰ ਗਰਾਊਂਡ ’ਚ ਪ੍ਰਦਰਸ਼ਨ ਕਰ ਰਹੀਆਂ ਹਨ ਪਰ ਦਿੱਲੀ ਪੁਲਿਸ ਨੇ ਉਸੇ ਸਮੇਂ ਤੱਕ ਐੱਫ.ਆਈ.ਆਰ. ਦਰਜ ਨਹੀਂ ਕੀਤੀ ਜਦ ਤੱਕ ਸੁਪਰੀਮ ਕੋਰਟ ਨੇ ਝਾੜ ਨਾ ਪਾਈ। ਪੋਸਕੋ ਐਕਟ ਲੱਗੇ ਹੋਣ ਦੇ ਬਾਵਜੂਦ ਹਾਲੀ ਤੱਕ ਬ੍ਰਿਜ ਭੂਸ਼ਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਦੋਂ ਕਿ ਦੂਸਰੇ ਪਾਸੇ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਮਹਿਲਾ ਪਹਿਲਵਾਨਾਂ ਨਾਲ ਦਿੱਲੀ ਪੁਲਿਸ ਨੇ 4 ਮਈ ਦੀ ਅੱਧੀ ਰਾਤ, ਜੋ ਬਦਸਲੂਕੀ ਕੀਤੀ ਇਸ ਨੂੰ ਵੇਖ ਕੇ ਹਰ ਭਾਰਤੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਪਰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਡਾਇਲਾਗ ਸੁਣਾਉਣ ਵਾਲੇ ਮੋਦੀ ਦੀ ਸਿਹਤ ’ਤੇ ਇਸ ਮੰਦਭਾਗੀ ਘਟਨਾ ਸੰਬੰਧੀ ਜ਼ਬਾਨ ਤੱਕ ਨਹੀਂ ਖੁੱਲ੍ਹੀ। ਇਨ੍ਹਾਂ ਦੀ ਡਬਲ ਇੰਜਨ ਸਰਕਾਰ ਵਾਲੀ ਤੀਜੀ ਉਦਾਹਰਨ ਮਨੀਪੁਰ ਦੀ ਹੈ, ਜਿੱਥੇ ਇੱਕ ਸਮੁਦਾਇ ਵੱਲੋਂ 27 ਅਪ੍ਰੈਲ ਨੂੰ ਪ੍ਰਦਰਸ਼ਨ ਕੀਤੇ ਜਾਣ ’ਤੇ ਐਸੀ ਅੱਗ ਸੁਲਘੀ ਕਿ ਮਨੀਪੁਰ ਲਗਾਤਾਰ ਤਿੰਨ ਦਿਨ ਅੱਗ ’ਚ ਸੜਦਾ ਰਿਹਾ, ਜਿਸ ਨਾਲ਼ 50 ਕੀਮਤੀ ਮਨੁੱਖੀ ਜਾਨਾਂ ਚਲੀਆਂ ਗਈਆਂ ਅਤੇ ਤਕਰੀਬਨ 10,000 ਲੋਕ ਜਾਨਾਂ ਬਚਾਉਣ ਲਈ ਘਰੋਂ ਬੇਘਰ ਹੋ ਕੇ ਕੈਂਪਾਂ ’ਚ ਰਹਿਣ ਲਈ ਮਜਬੂਰ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ; ਕਰਨਾਟਕਾ ਚੋਣਾਂ ’ਚ ਮਸ਼ਰੂਫ ਹਨ, ਜਿਨ੍ਹਾਂ ਨੇ ਹਾਲੀ ਤੱਕ ਇਸ ਕਾਨੂੰਨ ਵਿਵਸਥਾ ਸੰਬੰਧੀ ਇੱਕ ਵੀ ਸ਼ਬਦ ਨਾ ਬੋਲਿਆ। ਦੂਜੇ ਮਾਸਟਰ ਮੋਹਨ ਲਾਲ ਜੀ ਹਨ ਜਿਨ੍ਹਾਂ ਨੂੰ ਕੇਵਲ ਪੰਜਾਬ ਅਤੇ ਉਨ੍ਹਾਂ ਸੂਬਿਆਂ ਜਿੱਥੇ ਵਿਰੋਧੀ ਧਿਰਾਂ ਦੀ ਸਰਕਾਰ ਹੈ ’ਚ ਅਰਾਜਕਤਾ ਦਿੱਸਦੀ ਹੈ, ਪਰ ਯੂ.ਪੀ., ਮਨੀਪੁਰ ਅਤੇ ਦਿੱਲੀ ’ਚ ਨਹੀਂ।

ਮੇਰਾ ਮਨ ਨਹੀਂ ਮੰਨਦਾ ਕਿ ਪੰਜਾਬ ਦੇ ਲੋਕ ਕਿਸਾਨ ਮੋਰਚੇ ਦੌਰਾਨ ਅਤੇ ਹੁਣ ਯੂ.ਪੀ., ਦਿੱਲੀ ਆਦਿਕ ਸੂਬਿਆਂ ’ਚ ਭਾਜਪਾ ਦਾ ਤਾਨਾਸ਼ਾਹੀ ਰਵੱਈਆ ਵੇਖਣ ਤੋਂ ਬਾਅਦ ਵੀ ਭਾਜਪਾ ਨੂੰ ਮੂੰਹ ਲਾਉਣਗੇ! ਇਸ ਲਈ ਸ੍ਰੋ. ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਦੀਆਂ ਧਮਕੀਆਂ ਅਤੇ ਮੋਹ; ਦੋਵਾਂ ਦਾ ਤਿਆਗ ਕਰ ਨਿਰੋਲ ਪੰਜਾਬ ਦੀਆਂ ਆਰਥਿਕ ਮੰਗਾ ਤੇ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ’ਤੇ ਪਹਿਰਾ ਦੇਣ ਵਾਲੇ ਪੰਥਕ ਆਗੂਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਨ ਲਈ ਹੰਭਲਾ ਮਾਰਨ ਅਤੇ ਕੇਂਦਰ ਵਿੱਚ ਬਦਲ ਰਹੇ ਸਮੀਕਰਨਾਂ ਨੂੰ ਮੁੱਖ ਰੱਖ ਕੇ ਘੱਟੋ ਘੱਟ ਪ੍ਰੋਗਰਾਮ ਹੇਠ ਗੈਰ ਭਾਜਪਾ ਉਸ ਗੱਠਜੋੜ ’ਚ ਸ਼ਾਮਲ ਹੋਵੇ ਜਿਹੜਾ ਸੂਬਿਆਂ ਲਈ ਵੱਧ ਅਧਿਕਾਰਾਂ ਦੇ ਹਾਮੀ ਹਨ। ਮੈਂ ਤਾਂ ਇੱਥੋਂ ਤੱਕ ਕਹਿਣਾ ਚਾਹੁੰਦਾ ਹਾਂ ਕਿ ਜੇ ਦੇਸ਼ ’ਚ ਫੈਡਰਲ ਢਾਂਚਾ ਲਾਗੂ ਕਰਨ ਲਈ ਕਾਂਗਰਸ ਸਹਿਮਤੀ ਦੇਵੇ ਤਾਂ ਉਸ ਨਾਲ ਵੀ ਗੱਠਜੋੜ ਕਰਨ ਤੋਂ ਕੋਈ ਗੁਰੇਜ ਨਹੀਂ ਕਰਨਾ ਚਾਹੀਦਾ ਕਿਉਂਕਿ ਸਿਆਸਤ ’ਚ ਨਾ ਕੋਈ ਪੱਕਾ ਦੁਸ਼ਮਨ ਹੁੰਦਾ ਹੈ ਅਤੇ ਨਾ ਹੀ ਮਿੱਤਰ। ਕੇਵਲ ਆਪਣੀ ਕੌਮ ਤੇ ਸੂਬੇ ਦੇ ਲਾਭ ਹਾਣ ਨੂੰ ਵੇਖ, ਮੌਕੇ ’ਤੇ ਢੁਕਵੇਂ ਫੈਸਲੇ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਾਂਗਰਸ ਨੂੰ ਪੱਕੇ ਤੌਰ ’ਤੇ ਦੁਸ਼ਮਣ ਬਣਾ ਭਾਜਪਾ ਦੀ ਝੋਲ਼ੀ ’ਚ ਡਿੱਗਣ ਨਾਲ ਪੰਜਾਬ ਅਤੇ ਪੰਥ ਦਾ ਹੁਣ ਤੱਕ ਜੋ ਨੁਕਸਾਨ ਕਰਵਾਇਆ ਹੈ ਇਹ ਸਭ ਦੇ ਸਾਹਮਣੇ ਹੈ, ਪਰ ਜੋ ਲਾਭ ਮਿਲਿਆ ਤਾਂ ਉਹ ਕੇਵਲ ਭਾਜਪਾ ਨੂੰ। ਪਰ ਹਾਲ ਦੀ ਘੜੀ ਇਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਕਦਾਚਿਤ ਸੰਭਵ ਨਹੀਂ ਜਾਪਦਾ ਕਿਉਂਕਿ ਰਾਜਨੀਤਕ ਅਤੇ ਧਾਰਮਿਕ ਤੌਰ ’ਤੇ ਜਿਸ ਧਰਾਤਲ ਵੱਲ ਵੱਡੇ ਬਾਦਲ ਨੇ ਭਾਜਪਾ ਨਾਲ ਗੱਠਜੋੜ ਕਰਕੇ ਧੱਕਿਆ ਹੈ ਉਹ ਜਖ਼ਮ ਹਾਲੀ ਅੱਲੇ ਹਨ ਅਤੇ ਲੋਕ ਉਸ ਦੇ ਪਰਵਾਰ ਨੂੰ ਦੂਜਾ ਮੌਕਾ ਨਹੀਂ ਦੇਣਾ ਚਾਹੁੰਦੇ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਚਾਹੀਦਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਤੋਂ ਅਸਤੀਫ਼ਾ ਮੰਗਣ ਅਤੇ ਸਿੱਖੀ ਸੋਚ ਵਾਲੇ ਸਾਰੇ ਰਾਜਨੀਤਕ, ਧਾਰਮਿਕ, ਬੁੱਧੀਜੀਵੀ, ਲੇਖਕਾਂ ਨੂੰ ਇੱਕ ਝੰਡੇ ਹੇਠ ਇਕੱਤਰ ਹੋ ਕੇ ਆਪਣਾ ਪ੍ਰਧਾਨ ਚੁਣਨ ਦਾ ਆਦੇਸ਼ ਦੇਣ। ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬਾਨ ਵੱਲੋਂ ਕੀਤੇ ਜਾਣ ਵਾਲੇ ਫੈਸਲਿਆਂ ’ਚ ਸਿੱਧੀ ਦਖ਼ਲਅੰਦਾਜ਼ੀ ਕੀਤੇ ਜਾਣ ਦੇ ਬੱਜਰ ਗੁਨਾਹਾਂ ਦੀ ਸਿੱਖੀ ਰਵਾਇਤਾਂ ਅਨੁਸਾਰ ਯੋਗ ਤਨਖ਼ਾਹ ਲਾਈ ਜਾਵੇ। ਮਿਸਾਲ ਵਜੋਂ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਹੀ ਮਾਫ਼ੀ ਦੇਣ ਲਈ ਪੰਜ ਸਿੰਘ ਸਾਹਿਬਾਨ ਨੂੰ ਮਜਬੂਰ ਕਰਨਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ’ਚ ਮਤਾ ਪਾਸ ਹੋਣ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਪਿੱਛੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਕੇਵਲ ਦੋ ਮੈਂਬਰੀ (ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ) ਕਮੇਟੀ ਦੀ ਅਖੌਤੀ ਰਿਪੋਰਟ ਦੇ ਆਧਾਰ ’ਤੇ ਰੱਦ ਕੀਤਾ ਗਿਆ। (ਸ੍ਰੋ.ਗੁ.ਪ੍ਰ.ਕ. ਦੇ ਤਤਕਾਲੀ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਨੁਸਾਰ ਉਨ੍ਹਾਂ ਦੇ ਮੰਗ ਕਰਨ ’ਤੇ ਵੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ’ਚ ਉਹ ਰਿਪੋਰਟ ਰੱਖੀ ਨਹੀਂ ਗਈ ਤੇ ਕੇਵਲ ਬਾਦਲ ਸਾਹਿਬ ਦਾ ਹੁਕਮ ਕਹਿ ਕੇ ਮੈਂਬਰਾਂ ਨੂੰ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਸੀ; ਇਸ ਦੇ ਬਾਵਜੂਦ ਤਿੰਨ ਮੈਂਬਰਾਂ ਨੇ ਇਸ ’ਤੇ ਦਸਤਖ਼ਤ ਨਹੀਂ ਕੀਤੇ ਅਤੇ ਸ: ਭੌਰ ਨੇ ਇਸ ਤੇ ਬਕਾਇਦਾ ਵਿਰੋਧੀ ਨੋਟ ਲਿਖਿਆ ਸੀ।)

ਜੇ ਸੁਖਬੀਰ ਸਿੰਘ ਬਾਦਲ ਜਥੇਦਾਰ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਲਾਈ ਸਜਾ ਭੁਗਤਣ ਲਈ ਤਿਆਰ ਹੋਵੇ ਤਾਂ ਬੇਸ਼ੱਕ ਤਨਖ਼ਾਹ ਪੂਰੀ ਕਰਨ ਪਿੱਛੋਂ ਸ: ਸੁਖਬੀਰ ਸਿੰਘ ਨੂੰ ਹੀ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਜਾਵੇ, ਫਿਰ ਸ਼ਾਇਦ ਕਿਸੇ ਨੂੰ ਇਤਰਾਜ਼ ਨਾ ਹੋਵੇ ਪਰ ਜੇ ਜਥੇਦਾਰ ਨਾਲ ਉਹੀ ਸਲੂਕ ਕਰਦਾ ਹੈ, ਜੋ ਇਸ ਦੇ ਮਹਿਰੂਮ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਤਤਕਾਲੀ ਜਥੇਦਾਰਾਂ (ਭਾਈ ਰਣਜੀਤ ਸਿੰਘ, ਪ੍ਰੋ: ਮਨਜੀਤ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆਦਿਕ) ਨਾਲ ਕੀਤਾ ਸੀ ਤਾਂ ਉਸ ਦੀ ਪ੍ਰਧਾਨਗੀ ਕਿਸੇ ਨੂੰ ਮਨਜੂਰ ਨਹੀਂ ਹੋਵੇਗੀ ਤੇ ਪੰਥ ਨੂੰ ਕਿਸੇ ਨਵੇਂ ਪੰਥਕ ਆਗੂ ਦੀ ਤਲਾਸ਼ ਕਰਨੀ ਚਾਹੀਦੀ ਹੈ।