ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਤੀਜਾ)
ਗਿਆਨੀ ਅਵਤਾਰ ਸਿੰਘ
ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਪਹਿਲਾ)
ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’ (ਭਾਗ ਦੂਜਾ)
ਪਿਛਲੇ ਦੋ ਭਾਗਾਂ ’ਚ ਸੰਸਾਰ ਦੇ ਦੋ ਪ੍ਰਮੁੱਖ ਮਜ਼੍ਹਬਾਂ (ਆਰੀਅਨ ਤੇ ਇਬਰਾਨੀ) ਦੇ ਸਿਧਾਂਤਕ ਪੱਖ ਨੂੰ ਵਿਚਾਰਿਆ ਗਿਆ ਸੀ, ਜਿਨ੍ਹਾਂ ’ਚੋਂ ਆਰੀਅਨ ਸਿਧਾਂਤ (ਵੈਦਿਕ ਤੇ ਪਾਰਸੀ ਧਰਮ ਰਾਹੀਂ) ਭਾਰਤੀ ਲੋਕਾਂ ਦੁਆਰਾ ਅਪਣਾਇਆ ਗਿਆ ਤੇ ਇਬਰਾਨੀ ਸਿਧਾਂਤ (ਯਹੂਦੀ, ਈਸਾਈ ਤੇ ਇਸਲਾਮ ਧਰਮ ਰਾਹੀਂ) ਫ਼ਲਸਤੀਨੀ, ਕੁਰੈਸ਼ੀ ਕਬੀਲਿਆਂ ਦੇ ਰੂਪ ’ਚ ‘ਅਰਬ, ਇਜ਼ਰਾਈਲ, ਫ਼ਲਸਤੀਨ, ਰੋਮ (ਇਟਲੀ), ਮਿਸਰ’ ਆਦਿ ਦੇਸ਼ਾਂ ’ਚ ਆਪਣਾ ਅਸਤਿਤਵ ਕਾਇਮ ਕਰਨ ’ਚ ਸਫਲ ਹੋਇਆ।
ਪਹਿਲਾਂ ਕੀਤੀ ਗਈ ਵਿਚਾਰ ਕਿ ਧਰਮ ਦੀ ਵਿਲੱਖਣਤਾ ਲਈ ਕੁਝ ਨੁਕਤਿਆਂ ਨੂੰ ਵਿਚਾਰਨਾ ਜ਼ਰੂਰੀ ਹੁੰਦਾ ਹੈ; ਜਿਵੇਂ ਕਿ
(1). ਧਾਰਮਿਕ ਆਗੂ (ਪੈਗ਼ੰਬਰ, ਰਸੂਲ, ਨਬੀ, ਗੁਰੂ ਆਦਿ) ਨੂੰ ਇਹ ਬੋਧ; ਉਮਰ ਦੇ ਕਿਸ ਪੜਾਅ ’ਚ, ਕਿਸ ਦੁਆਰਾ ਤੇ ਕਿਵੇਂ ਪ੍ਰਾਪਤ ਹੋਇਆ ?
(2). ਧਾਰਮਿਕ ਆਗੂ ਨੇ ਆਪਣੇ ਇਸ਼ਟ (ਰੱਬ, ਈਸ਼ਵਰ) ਦੀ ਕੀ ਪਰਿਭਾਸ਼ਾ ਬਿਆਨ ਕੀਤੀ ਹੈ ?
(3). ਮੁਕਤੀ ਤੋਂ ਕੀ ਭਾਵ ਹੈ ?
(4). ਆਤਮਾ (ਰੂਹ) ਦਾ ਮਾਰਗ (ਪੈਂਡਾ) ਕੀ ਹੈ ? ਕਿਉਂਕਿ ‘ਧਰਮ’ ਰੂਹਾਨੀਅਤ ਦਾ ਵਿਸ਼ਾ ਹੈ, ਜਿਸ ਨੇ ਸਮਾਜਿਕ ਬੁਰਾਈਆਂ ਨਾਲ਼ ਲੜਦਿਆਂ ਆਪਣੀ ਮੰਜ਼ਲ ਫ਼ਤਿਹ ਕਰਨੀ ਹੁੰਦੀ ਹੈ।
(5). ਇਸ ਵਿਚਾਰਧਾਰਾ ਰਾਹੀਂ ਮਾਨਵਤਾ ਨੂੰ ਕੀ ਕੀ ਸੁਤੰਤਰਤਾ ਜਾਂ ਸਮਾਨਤਾ ਮਿਲੀ ?
(6). ਉਤਰਾਧਿਕਾਰੀ ਦੀ ਨਿਯੁਕਤੀ ਕਿਸ ਦ੍ਰਿਸ਼ਟੀਕੋਣ ਨਾਲ਼ ਹੋਈ ਤੇ ਕਿੰਨੀ ਕੁ ਸਫਲ ਰਹੀ ?
ਨੋਟ : ਕਿਸੇ ਮਹਾਤਮਾ ਦੀ ਘਾਲਣਾ ਦਾ ਵਿਕਾਸ, ਢੁਕਵੇਂ ਸਮੇਂ ’ਤੇ ਲਏ ਗਏ ਦਰੁਸਤ ਨਿਰਣੈ ’ਤੇ ਨਿਰਭਰ ਹੁੰਦਾ ਹੈ, ਜਿਸ ਵਿੱਚ ਆਪਣੇ ਉਤਰਾਧਿਕਾਰੀ ਦੀ ਨਿਯੁਕਤੀ ਵੀ ਸ਼ਾਮਲ ਹੈ ਕਿਉਂਕਿ ਇੱਕ ਭੀ ਗਲਤ ਨਿਰਣਾ, ਮੂਲ ਸਿਧਾਂਤ ਦੀ ਪਰਿਭਾਸ਼ਾ ਬਦਲ ਸਕਦਾ ਹੈ।
(7). ਉਸ ਸਿਧਾਂਤ ਨੂੰ ਲਿਖਤੀ ਰੂਪ ’ਚ ਕਿਵੇਂ ਤੇ ਕਿਸ ਦੁਆਰਾ ਸੰਭਾਲ਼ਿਆ ਗਿਆ ?, ਆਦਿ।
ਹਰ ਮਨੁੱਖ ਲਈ ਆਪਣੇ ਜੀਵਨ ਕਾਲ ਦਾ ਸਰਬੋਤਮ ਕਾਰਜ ਆਪਣੀ ਰੂਹਾਨੀਅਤ ਖ਼ੁਰਾਕ ਪ੍ਰਾਪਤ ਕਰਨਾ ਹੈ ਤਾਂ ਜੋ ਲੋਕ ਪ੍ਰਲੋਕ ’ਚ ਸ੍ਰਿਸ਼ਟੀ ਦੇ ਰਚੇਤਾ ਨਾਲ਼ ਨੇੜਤਾ ਬਣੀ ਰਹੇ। ਇਹ ਸੁਭਾਗੀ ਮਨੁੱਖਾ ਘੜੀ ਤੇ ਖ਼ੁਰਾਕ; ਮਰਨ ਉਪਰੰਤ ਦੁਬਾਰਾ ਨਹੀਂ ਮਿਲਣੀ। ਧਰਮ ਦੇ ਨਾਂ ’ਤੇ ਅਣਗਿਣਤ ਮਨੁੱਖਾਂ ਨੇ ਆਪਣੇ ਪੂਰਵਜਾਂ ਦੁਆਰਾ ਅਪਣਾਈਆਂ ਵੰਸ਼ਜ ਰਹੁ-ਰੀਤਾਂ ਨਾਲ਼ ਇਸ ਸਮੇਂ ਨੂੰ ਸੰਭਾਲ਼ਿਆ ਭੀ ਤੇ ਅਜਾਈਂ ਭੀ ਗਵਾਇਆ। ਇਸ ਲਈ ਧਰਮ ਦੇ ਸਾਰਥਕ ਤੇ ਨਿਰਾਰਥਕ ਅਸੂਲਾਂ ਦੇ ਭਿੰਨ-ਭੇਦ ਨੂੰ ਸਮਝਣਾ ਅਤਿ ਜ਼ਰੂਰੀ ਹੈ। ਹਥਲੀ ਵਿਸ਼ਾ-ਲੜੀ ਦੀ ਅਗਲੀ ਵਿਚਾਰ ਕਰਨ ਤੋਂ ਪਹਿਲਾਂ ਪਿਛਾਂਹ ਕੀਤੀ ਵਿਚਾਰ ਨੂੰ ਸੰਖੇਪ ’ਚ ਥੋੜ੍ਹਾ ਚੇਤੇ ਕਰਨਾ ਜ਼ਰੂਰੀ ਹੈ :
(1). ਵੈਦਿਕ ਧਰਮ : 4 ਵੇਦ (ਜੋ ਵੈਦਿਕ ਸਿਧਾਂਤ ਦਾ ਆਧਾਰ ਹਨ) ਦਾ ਨਿਚੋੜ ਇਹ ਹੈ ਕਿ ਮਨੁੱਖਾ ਜੀਵਨ ਦੇ ਤਿੰਨ ਸ੍ਰੇਸ਼ਟ ਕਾਰਜ ਹਨ ‘ਉਪਾਸ਼ਨਾ (ਪੂਜਾ), ਉਸਤਤ ਤੇ ਪ੍ਰਾਰਥਨਾ’। ਇਸ ਮੱਤ ਦਾ ਈਸ਼ਵਰ ‘ਚੰਦ੍ਰਮਾ, ਸੂਰਜ, ਤਾਰੇ, ਦਰਖ਼ਤ, ਜਾਨਵਰ, ਪੰਛੀ, ਦੇਵਤੇ, ਪੱਥਰ ਮੂਰਤੀ’ ਆਦਿ ਯਾਨੀ ਆਕਾਰ ਹੈ, ਜਿਸ ਦੀ ਪੂਜਾ, ਗੁਣ ਗਾਉਣਾ ਤੇ ਇਨ੍ਹਾਂ ਅੱਗੇ ਬੇਨਤੀ (ਪ੍ਰਾਰਥਨਾ, ਆਰਤੀ) ਕਰਨਾ ਹੀ ‘ਵੈਦਿਕ ਧਰਮ’ ਹੈ।
ਭਾਰਤ ਦੇ ਰਾਸ਼ਟਰਪਤੀ ਤੇ ਫ਼ਿਲਾਸਫ਼ਰ ਡਾਕਟਰ ਰਾਧਾ ਕ੍ਰਿਸ਼ਨਨ ਜੀ ਦਾ ਇਸ ਮੱਤ ਬਾਰੇ ਨਿਰਣਾ ਹੈ ਕਿ ‘ਵੈਦਿਕ ਰਿਸ਼ੀ ਆਰੰਭ ’ਚ ਕੁਦਰਤ ਦੇ ਉਪਾਸ਼ਕ, ਫਿਰ ਬਹੁ ਦੇਵ ਪੂਜਾ ਤੇ ਅੰਤ ’ਚ ਇੱਕ ਈਸ਼ਵਰ (ਦੇਵ) ਦੇ ਪੂਜਾਰੀ ਹਨ। ਆਤਮਾ ਤੇ ਕੁਦਰਤ ਦਾ ਜੁੜਨਾ ਹੀ ਦੇਵ ਪੂਜਾ ਹੈ।’ (ਡਾ. ਰਾਧਾ ਕ੍ਰਿਸ਼ਨਨ)
ਨੋਟ : ਉਕਤ ਇੱਕ ਈਸ਼ਵਰ ਤੋਂ ਭਾਵ ਆਕਾਰ ਹੈ, ਨਾ ਕਿ ਨਿਰਾਕਾਰ ਕਿਉਂਕਿ ਨਿਰਾਕਾਰ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ ਗਈ।
ਰਵਿੰਦਰ ਨਾਥ ਟੈਗੋਰ ਮੁਤਾਬਕ ਵੇਦ ਇਤਿਹਾਸਿਕ ਯਾਦਗਾਰ ਹਨ ਭਾਵ ਇਰਾਨੀਆਂ ਦੇ ਸਮਾਜਿਕ ਯੁੱਧ ਦਾ ਵਰਣਨ ਹੈ, ਜੋ ਉਨ੍ਹਾਂ ਭਾਰਤ ਦੇ ਮੂਲ ਨਿਵਾਸੀ ਦਰਾਵੜਾਂ ਨਾਲ਼ ਲੜਿਆ, ਜਿਨ੍ਹਾਂ ਨੂੰ ਛੋਟੀ ਜਾਤੀ ਨਾਂ ਦਿੱਤਾ ਗਿਆ।
(2). ਪਾਰਸੀ ਧਰਮ : ਇਰਾਨੀਆਂ ਦੀ ਇੱਕ ਜਮਾਤ, ਜਿਸ ਦੇ ਧਾਰਮਿਕ ਆਗੂ ਜ਼ਰਤੁਸ਼ਤ (ਜਨਮ 600 ਪੂਰਵ ਈਸਵੀ) ਸਨ, ਜੋ ਦੇਵਤੇ ਅਤੇ ਮੂਰਤੀ ਪੂਜਾ ਦੇ ਵਿਰੁਧ ਸਨ, ਪਰ ਆਪ ਅਗਨੀ ਦੇਵਤੇ ਦੇ ਉਪਾਸ਼ਕ ਭੀ ਰਹੇ। ਇਹ ਸਿਧਾਂਤ ਉਪਨਿਸ਼ਦਾਂ ਅਤੇ ਸ਼ਾਸਤਰਾਂ ਦੀ ਉਪਜ ਹੈ, ਜਿਨ੍ਹਾਂ ’ਚ ਇੱਕ ਈਸ਼ਵਰੀ ਸੰਕੇਤ ਭੀ ਮਿਲਦਾ ਹੈ।
ਜ਼ਰਤੁਸ਼ਤ ਜੀ ਦੀ 15 ਸਾਲ ’ਚ ਸ਼ਾਦੀ ਹੋਈ ਕੁਝ ਸਮਾਂ ਗ੍ਰਿਹਸਤੀ ਜੀਵਨ ’ਚ ਰਹੇ, ਫਿਰ ਇੱਕ ਲੜਕਾ ਤੇ ਇੱਕ ਲੜਕੀ ਨੂੰ ਛੱਡ 15 ਸਾਲ ਇਕਾਂਤ ’ਚ ਰਹਿ ਕੇ ਜੋ ਅਨੁਭਵ ਹੋਇਆ, ਉਸ ਦਾ ਪਹਿਲਾ ਅਨੁਯਾਈ (ਸ਼ਿਸ਼/ਚੇਲਾ) ਚਾਚੇ ਦਾ ਲੜਕਾ ਬਣਿਆ। ਤਦ ਇਨ੍ਹਾਂ ਦੀ ਉਮਰ ਲਗਭਗ 45 ਸਾਲ ਸੀ। ਬਾਅਦ ’ਚ ਕੁਝ ਰਾਜਿਆਂ ਤੇ ਵਜ਼ੀਰਾਂ ਨੇ ਇਨ੍ਹਾਂ ਅਸੂਲਾਂ ਨੂੰ ਅਪਣਾਇਆ, ਜਿਸ ਕਾਰਨ ਵਿਰੋਧੀ ਰਾਜੇ ਨੇ ਹਮਲਾ ਕਰ ਦਿੱਤਾ ਤੇ ਇਹ 70 ਵਰ੍ਹਿਆਂ ਦੀ ਉਮਰ ’ਚ ਆਪਣੇ 80 ਸਾਥੀਆਂ ਸਮੇਤ ਇਰਾਨ ’ਚ ਮਾਰੇ ਗਏ।
(3). ਜੈਨ ਧਰਮ : ਭਗਵਾਨ ਮਹਾਂਵੀਰ ਜੀ (ਜਨਮ 599 ਪੂਰਵ ਈਸਵੀ) ਨੇ 30 ਸਾਲ ਦੀ ਉਮਰ ’ਚ ਆਪਣੇ 2 ਬੱਚੇ ਹੋਣ ਦੇ ਬਾਵਜੂਦ ਗ੍ਰਿਹਸਤ ਜੀਵਨ ਤਿਆਗ ਜੰਗਲ਼ ’ਚ ਜਾ ਕੇ ਇਕਾਂਤ ਨਿਵਾਸ ਕਰ ਲਿਆ ਤੇ 12 ਸਾਲ ਦੀ ਕਠਿਨ ਤਪੱਸਿਆ ਉਪਰੰਤ ਜੋ ਅਨੁਭਵ ਹੋਇਆ, ਉਸ ਮੁਤਾਬਕ ‘ਆਤਮਾ; ਜੋ ਚੇਤਨ ਗਿਆਨ ਸਰੂਪ, ਕਰਮ ਭੋਗੀ, ਜਨਮ ਲੈਣ ਵਾਲ਼ਾ, ਮੋਕਸ਼ ਦਾ ਹੱਕਦਾਰ ਤੇ ਨਿੱਤ ਰਹਿਣ ਵਾਲ਼ਾ’ ਹੈ, ਬਾਰੇ ਚਾਨਣਾ ਪਾਇਆ। ‘ਮੋਕਸ਼ਧਾਰੀ ਆਤਮਾ’ ਹੀ ਮੁਕਤੀ ਪੁਰਸ਼, ਤੀਰਥਾਂਕਰ (ਗੁਰੂ) ਤੇ ਈਸ਼ਵਰ ਹੈ, ਕੋਈ ਹੋਰ ਅਦ੍ਰਿਸ਼ ਸ਼ਕਤੀ ਨਹੀਂ। ਇਨ੍ਹਾਂ ਦੀ ਕੁੱਲ ਉਮਰ 72 ਵਰ੍ਹੇ ਸੀ।
ਨੋਟ : ਇਸ ਸਿਧਾਂਤ ’ਚ ਇਹ ਸਪਸ਼ਟ ਨਹੀਂ ਕਿ ਜਨਮ ਲੈਣ ਵਾਲ਼ਾ ਆਤਮਾ ਤਾਂ ਜੂਨਾਂ ’ਚ ਜਾਂਦਾ ਹੈ, ਪਰ ਮੋਕਸ਼ਧਾਰੀ ਆਤਮਾ ਦਾ ਮਰਨ ਉਪਰੰਤ ਕੀ ਅਸਤਿਤਵ ਹੈ, ਜਿਸ ਨੂੰ ਨਿੱਤ ਰਹਿਣ ਵਾਲ਼ਾ ਭੀ ਕਿਹਾ ਗਿਆ ਹੈ ?
ਗ੍ਰਿਹਸਤੀ ਜੀਵਨ ਤਿਆਗ ਜੰਗਲ ’ਚ ਜਾਣ ਵਾਲ਼ੇ ਲਈ ਗੁਰਮਤਿ ਫ਼ੁਰਮਾਨ ਹੈ, ‘‘ਕਾਹੇ ਰੇ ! ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ; ਤੋਹੀ ਸੰਗਿ ਸਮਾਈ ॥’’ (ਮਹਲਾ ੯/੬੮੪) ਯਾਨੀ ਜੰਗਲ਼ ’ਚ ਕਿਸ ਨੂੰ ਲੱਭਣ ਗਿਆ ਹੈਂ, ਪਰਮਾਤਮਾ ਤਾਂ ਸਾਰਿਆਂ ਦੇ ਅੰਦਰ ਵੱਸਦਾ ਹੈ।
ਭਗਵਾਨ ਮਹਾਂਵੀਰ ਜੀ ਦੇ 6 ਸਾਲ ਸ਼ਿਸ਼ ਰਹੇ ਗੋਸ਼ਲ ਜੀ ਨੇ ਇਨ੍ਹਾਂ ਦਾ ਸਾਥ ਛੱਡ ਕੇ ਆਪਣਾ ਨਵਾਂ ‘ਅਜੀਵਕ’ ਮੱਤ ਚਲਾਇਆ, ਜਿਸ ਅਨੁਸਾਰ ਕੁਦਰਤ ’ਚ ਸਭ ਕੁਝ ਪਹਿਲਾਂ ਤੋਂ ਹੀ ਨਿਰਧਾਰਿਤ ਹੈ, ਪਰ ਇਨ੍ਹਾਂ ਵਿਚਾਰਾਂ ਨਾਲ਼ ਮਹਾਂਵੀਰ ਜੀ ਸਹਿਮਤ ਨਾ ਹੋਏ, ਜਿਸ ਕਾਰਨ ਗੋਸ਼ਲ ਤੇ ਗੁਰੂ ਮਹਾਂਵੀਰ ਜੀ ਦਰਮਿਆਨ ਸਿਧਾਂਤਕ ਮਤਭੇਦ ਖੜੇ ਹੋ ਗਏ।
(4). ਬੋਧ ਧਰਮ: ਗੌਤਮ ਸਿਧਾਰਥ (ਮਹਾਤਮਾ ਬੁੱਧ, ਜਨਮ 566 ਪੂਰਵ ਈਸਵੀ) ਨੇ 28 ਸਾਲ ਦੀ ਉਮਰ ’ਚ ਆਪਣਾ ਇੱਕ ਬੱਚਾ ਹੋਣ ਦੇ ਬਾਵਜੂਦ ਗ੍ਰਿਹਸਤ ਜੀਵਨ ਛੱਡ ਜੰਗਲ਼ ’ਚ ਜਾ ਇਕਾਂਤ ਨਿਵਾਸ ਕੀਤਾ ਤੇ 7 ਸਾਲ ਦੀ ਕਠਿਨ ਤਪੱਸਿਆ ਉਪਰੰਤ ਜੋ ਅਨੁਭਵ ਹੋਇਆ, ਉਸ ਅਵਸਥਾ ਨੂੰ ‘ਜੋਤੀ, ਬੋਧੀ, ਨਿਰਵਾਣ, ਮਧ ਮਾਰਗ’ ਕਿਹਾ।
ਧਾਰਮਿਕ ਨਿਯਮ : ਅਹਿੰਸਾ, ਸਤ੍ਯ, ਅਸ਼ੇਯ (ਭਾਵ ਚੋਰੀ ਨਾ ਕਰਨਾ), ਬ੍ਰਹਮਚਰਜ (ਵਾਸ਼ਨਾਵਾਂ ’ਤੇ ਕਾਬੂ), ਅਪਗ੍ਰਹਿ (ਲੋਭ ਰਹਿਤ), ਸੋਚ-ਪਵਿੱਤ੍ਰਤਾ, ਸੰਤੋਖ, ਤਪ (ਦੁੱਖ-ਸੁੱਖ ਦਾ ਅਭਾਵ), ਹੰਕਾਰ ਤੇ ਵਿਖਾਵਾ ਰਹਿਤ ਜੀਵਨ ਹੀ ਅਸਲ ਮੁਕਤੀ ਹੈ। ਇਨ੍ਹਾਂ ਅਨੁਸਾਰ ਕੋਈ ਅਦ੍ਰਿਸ਼ ਸ਼ਕਤੀ ਈਸ਼ਵਰ ਨਹੀਂ। ਇਨ੍ਹਾਂ ਦੀ ਕੁੱਲ ਉਮਰ 80 ਵਰ੍ਹੇ ਸੀ।
(5). ਸ਼ੰਕਰ ਦਾ ਮਤ ਜਾਂ ਵੈਸ਼ਨਵ ਮਤ : ਇਸ ਸਿਧਾਂਤ ਦਾ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ‘ਭਗਤ ਰਾਮਾਨੰਦ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ’ ਵਰਗੇ ਮਹਾਂ ਪੁਰਸ਼ਾਂ ਦਾ ਨਾਂ ਇਸ ਮੱਤ ਨਾਲ਼ ਜੁੜਦਾ ਹੈ।
ਸ਼ੰਕਰਾਚਾਰਯ ਜੀ ਦਾ ਜੀਵਨ ਸੰਨ 789-820 ਈਸਵੀ ਸੀ, ਜੋ ਰਾਮਚੰਦ੍ਰ ਤੇ ਕ੍ਰਿਸ਼ਨ ਜੀ ਨੂੰ ਈਸ਼ਵਰ ਮੰਨਦੇ ਸਨ। ਇਨ੍ਹਾਂ ਦੇ 6ਵੇਂ ਉਤਰਾਧਿਕਾਰੀ ਸਨ : ‘ਰਾਘਵਾਨੰਦ ਜੀ’, ਜੋ ਭਗਤ ਰਾਮਾਨੰਦ ਜੀ ਦੇ ਗੁਰੂ ਦੱਸੇ ਗਏ। ਇੱਕ ਵਾਰ ਰਾਮਾਨੰਦ ਜੀ ਨੇ ਆਪਣੇ ਗੁਰੂ ਨੂੰ ਕਿਹਾ ਕਿ ਇੱਕ ਈਸ਼ਵਰ ਦੀ ਭਗਤੀ ਕਰਨ ਨਾਲ਼ ਵਰਣ-ਆਸ਼ਰਮ, ਜਾਤ-ਪਾਤ ਆਦਿ ਬੰਧਨ ਟੁੱਟ ਜਾਂਦੇ ਹਨ। ਇਨ੍ਹਾਂ ਵਿਚਾਰਾਂ ਨਾਲ਼ ਗੁਰੂ (ਰਾਘਵਾਨੰਦ ਜੀ) ਸਹਿਮਤ ਨਾ ਹੋਏ ਤੇ ਉਨ੍ਹਾਂ ਅਲੱਗ ਸੰਪ੍ਰਦਾਇ ਚਲਾਉਣ ਲਈ ਕਿਹਾ, ਜੋ ਵੈਰਾਗੀ ਸੰਪ੍ਰਦਾਇ ਅਖਵਾਈ, ਪਰ ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ; ਭਗਤ ਜੀ ਦੇ ਆਪਣੇ ਬਚਨ ਹਨ, ‘‘ਗੁਰ ਕਾ ਸਬਦੁ; ਕਾਟੈ ਕੋਟਿ ਕਰਮ ॥’’ (ਭਗਤ ਰਾਮਾਨੰਦ/੧੧੯੫) ਯਾਨੀ ਕਿ ਇਨ੍ਹਾਂ ਨੇ ਕਿਸੇ ਨੂੰ ਗੁਰੂ ਧਾਰਿਆ ਸੀ। ਇਹ ਵਿਚਾਰ ਉਕਤ ਇਤਿਹਾਸ ਨੂੰ ਝੁਠਲਾਉਂਦਾ ਹੈ। ਰੱਬ (ਨਿਰਾਕਾਰ) ਦੇ ਹਰ ਭਗਤ ਨੂੰ ਬ੍ਰਾਹਮਣੀ ਵਰਣ ਵੰਡ ’ਚ ਕੈਦ ਕਰਨਾ, ਰੂੜ੍ਹੀਵਾਦੀ ਸੋਚ (ਨੀਤੀ) ਦਾ ਭਾਗ ਰਿਹਾ ਹੈ। ਅਗਰ ਇਨ੍ਹਾਂ ਦਾ ਸ਼ਬਦ, ਗੁਰਬਾਣੀ ’ਚ ਦਰਜ ਨਾ ਹੁੰਦਾ ਤਾਂ ਰਾਮਾਨੰਦ ਜੀ ਨਾਲ਼ ਭੀ ਕਦੇ ਇਨਸਾਫ਼ ਨਾ ਹੁੰਦਾ।
(6). ਯਹੂਦੀ ਧਰਮ : ਇਬਰਾਨੀ ਕੌਮ ਦੇ ਪ੍ਰਮੁੱਖ ਸਨ ‘ਪੈਗ਼ੰਬਰ ਇਬਰਾਹੀਮ’, ਜਿਨ੍ਹਾਂ ਦੀ ਕੁੱਲ ਉਮਰ 175 ਵਰ੍ਹੇ ਸੀ। ਇਨ੍ਹਾਂ ਦੇ ਹੀ ਵੰਸ਼ ’ਚ ਸੰਨ 1571 ਪੂਰਵ ਈਸਵੀ ਮੂਸਾ ਜੀ ਦਾ ਜਨਮ ਹੋਇਆ, ਜੋ 40 ਸਾਲ ਦੀ ਉਮਰ ’ਚ ਇੱਕ ਪਹਾੜ ’ਤੇ ਗਏ, ਜਿੱਥੇ ਅੱਗ ਵਰਗੀ ਲਾਟ ਵੇਖੀ, ਜਿਸ ਨੇ ਪਹਿਲੀ ਵਾਰ ਖ਼ੁਦਾਈ ਪੈਗ਼ਾਮ ਸੁਣਾਇਆ, ਜੋ ਇਸਰਾਈਲੀ ਕਬੀਲੇ ਦੀ ਮਦਦ ਲਈ ਸੀ। ਆਪਣੇ ਕਬੀਲੇ ਦੀ ਰੱਖਿਆ ਕਰਨਾ ਹੀ ‘ਯਹੂਦੀ ਧਰਮ’ ਹੈ। ਹਜ਼ਰਤ ਮੂਸਾ ਜੀ ਦੀ ਕੁੱਲ ਉਮਰ 120 ਸਾਲ ਸੀ।
(7). ਈਸਾਈ ਧਰਮ : 6 ਪੂਰਵ ਈਸਵੀ ਈਸਾ ਮਸੀਹ ਦਾ ਜਨਮ ਹੋਇਆ। 30 ਸਾਲ ਦੀ ਉਮਰ ’ਚ ਜਦ ਇਨ੍ਹਾਂ ਨੇ ਬਪਤਿਸਮਾ (ਅੰਮ੍ਰਿਤ ਜਲ) ਲਿਆ ਤਦ ਰੂਹ-ਉਲ-ਕੁਦਸ (ਭਾਵ ਰੱਬੀ ਆਤਮਾ) ਕਬੂਤਰ ਦੀ ਸ਼ਕਲ ’ਚ ਇਨ੍ਹਾਂ ਉੱਤੇ ਉਤਰੀ। ਇਸ ਤੋਂ ਬਾਅਦ ਜੋ ਅਨੁਭਵ ਹੋਇਆ ਉਸ ਦਾ ਪ੍ਰਚਾਰ; ਤਿੰਨ ਕੁ ਸਾਲ ਕੀਤਾ ਤੇ 33 ਸਾਲ ਦੀ ਉਮਰ ’ਚ ਸੂਲੀ ’ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤੇ ਗਏ ਕਿਉਂਕਿ ਇਨ੍ਹਾਂ ਨੇ ਆਪਣੇ ਆਪ ਨੂੰ ਖ਼ੁਦਾ ਦਾ ਇਕਲੌਤਾ ਪਿਆਰਾ ਪੁੱਤਰ ਐਲਾਨ ਕਰ ਦਿੱਤਾ ਸੀ।
(8). ਇਸਲਾਮ ਧਰਮ : ਈਸਾ ਮਸੀਹ ਜੀ ਦੇ ਦੇਹਾਂਤ ਤੋਂ 543 ਸਾਲ ਬਾਅਦ (15 ਅਪ੍ਰੈਲ 570 ਈਸਵੀ) ਮੁਹੰਮਦ ਸਾਹਿਬ ਦਾ ਜਨਮ ਹੋਇਆ। 39 ਸਾਲ ਦੀ ਉਮਰ ’ਚ ਇਨ੍ਹਾਂ ਨੇ ਰੱਬੀ ਪੈਗ਼ਾਮ ਪਹਿਲੀ ਵਾਰ ਸੁਣਿਆ, ਜੋ ਉਸ ਦੇਵ ਪੂਜਾ, ਮੂਰਤੀ ਪੂਜਾ ਦੇ ਖ਼ਿਲਾਫ਼ ਸੀ, ਜੋ ਤਦ ਮੱਕੇ ’ਚ ਹੁੰਦੀ ਸੀ। ਇਨ੍ਹਾਂ ਦੀ ਕੁੱਲ ਉਮਰ 62 ਸਾਲ ਸੀ। ਹਜ਼ਰਤ ਮੁਹੰਮਦ ਸਾਹਿਬ ਜੀ ਅਣਪੜ੍ਹ ਸਨ। ਇਸ ਲਈ ਇਨ੍ਹਾਂ ਨੂੰ ਨਾਜ਼ਿਲ ਹੋਏ ਇਲਾਹੀ ਪੈਗ਼ਾਮ ਬਾਅਦ ’ਚ ਹੀ ਲਿਖੇ ਗਏ ।
ਮੁਹੰਮਦ ਸਾਹਿਬ ਦੇ ਦਾਮਾਦ ਹਜ਼ਰਤ ਅਲੀ ਦੇ ਪੈਰੋਕਾਰ (ਸ਼ੀਆ ਮੁਸਲਮਾਨਾਂ) ਦਾ ਸੁੰਨੀ ਮੁਸਲਮਾਨਾਂ ਉੱਪਰ ਆਰੋਪ ਹੈ ਕਿ ਉਨ੍ਹਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੁਆਰਾ ਜੋ ਇਲਾਹੀ ਪੈਗ਼ਾਮ ਹਜ਼ਰਤ ਅਲੀ ਜੀ ਨੂੰ ਸੁਣਾਏ, ਉਹ ਕੁਰਾਨ ਸ਼ਰੀਫ਼ ’ਚ ਦਰਜ ਨਹੀਂ ਹੋਣ ਦਿੱਤੇ ਗਏ ਬਲਕਿ ਉਨ੍ਹਾਂ ਨੂੰ ‘ਰਾਫ਼ਜ਼ੀ’ ਯਾਨੀ ਕਿ ਝੂਠਾ ਕਿਹਾ ਗਿਆ। ਸ਼ੀਆ ਮੁਸਲਮਾਨਾਂ ਦੀ ਹੀ ਇੱਕ ਪ੍ਰਸਿੱਧ ਜਮਾਤ ਹੈ ‘ਸੂਫ਼ੀ’।
ਸੁੰਨੀ ਮੁਸਲਮਾਨਾਂ ਦੀ ਬੇਇਨਸਾਫ਼ੀ ਕਾਰਨ ਹੀ ਭਗਤ ਕਬੀਰ ਜੀ ਨੂੰ ਕਹਿਣਾ ਪਿਆ ‘‘ਛਾਡਿ ਕਤੇਬ; ਰਾਮੁ ਭਜੁ ਬਉਰੇ ! ਜੁਲਮ ਕਰਤ ਹੈ ਭਾਰੀ ॥ (ਤਾਹੀਓਂ) ਕਬੀਰੈ (ਨੇ) ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ॥’’ (ਭਗਤ ਕਬੀਰ/੪੭੭)
ਨੋਟ : ਉਕਤ ਤਿੰਨੇ ਮਜ਼੍ਹਬਾਂ (ਯਹੂਦੀ, ਈਸਾਈ ਤੇ ਇਸਲਾਮ) ਦਾ ਧਾਰਮਿਕ ਸਿਧਾਂਤ ਪੈਗ਼ੰਬਰੀ ਬਚਨਾਂ ’ਤੇ ਵਿਸ਼ਵਾਸ ਕਰਨਾ ਤੇ ਇੱਕ ਅੱਲ੍ਹਾ (ਈਸ਼ਵਰ) ਦੀ ਬੰਦਗੀ ਕਰਨਾ ਹੈ, ਜੋ ਸੱਤ ਆਕਾਸ਼ ਉੱਪਰ ਹੈ। ਮਰਨ ਉਪਰੰਤ ਰੂਹ ਕਿਆਮਤ ਤੱਕ ਕਬਰ ’ਚ ਰਹੇਗੀ ਬੇਸ਼ੱਕ ਬੰਦਗੀ ਕੀਤੀ ਹੈ ਜਾਂ ਨਹੀਂ। ਇਸ ਲਈ ਰੂਹ ਦਾ ਪੈਂਡਾ ਆਵਾਗਮਣ ਨਹੀਂ ਮੰਨਿਆ ਗਿਆ।
ਉਕਤ ਸਾਰੇ ਵਿਚਾਰ ਦਾ ਨਿਚੋੜ ਇਹ ਮਿਲਦਾ ਹੈ :
(1). ਸਾਰੇ ਧਾਰਮਿਕ ਆਗੂਆਂ ਦੇ ਵਿਚਾਰ 1500 ਪੂਰਵ ਈਸਵੀ ਤੋਂ ਸੰਨ 630 ਦਰਮਿਆਨ ਪ੍ਰਾਪਤ ਹੋਏ ਯਾਨੀ ਇਹ ਸਭ 3100 ਕੁ ਵਰ੍ਹਿਆਂ ਦੇ ਅੰਦਰ-ਅੰਦਰ ਲਿਖੇ ਗਏ; ਜਿਵੇਂ ਕਿ ਸਭ ਤੋਂ ਪੁਰਾਣੇ ਗ੍ਰੰਥ (ਰਿਗ ਵੇਦ) ਨੂੰ ਰਿਸ਼ੀਆਂ ਨੇ 6-7 ਪੀੜ੍ਹੀਆਂ ’ਚ 1520-1420 ਪੂਰਵ ਈਸਵੀ (100 ਸਾਲਾਂ) ’ਚ ਪੂਰਾ ਕੀਤਾ, ਮੰਨਿਆ ਗਿਆ, ਜਦਕਿ ਜੀਵ ਵਿਗਿਆਨ ਮੁਤਾਬਕ ਮਨੁੱਖ 8 ਲੱਖ ਤੋਂ 4 ਲੱਖ ਸਾਲ ਪਹਿਲਾਂ ਸਨ। ਹੋਮੋ ਇਰੈਕਟਸ, ਪਹਿਲੀ ਮਨੁੱਖਾ ਜਾਤੀ ਨੂੰ ਅੱਗ ਲਗਾਉਣ ਦੀ ਸਮਝ ਸੀ ਤੇ ਉਹ ਔਜ਼ਾਰਧਾਰੀ ਭੀ ਸੀ।
ਨੋਟ : 1500 ਪੂਰਵ ਈਸਵੀ ਤੋਂ ਪਹਿਲਾਂ ਦਾ ਸਾਰਾ ਹੀ ਇਤਿਹਾਸ; ਕਾਲਪਨਿਕ (ਮਿਥਿਹਾਸ) ਹੈ, ਜਿਸ ਵਿੱਚ ਨਾ-ਮਾਤਰ ਸਚਾਈ ਮਿਲਣੀ ਵੀ ਮੁਸ਼ਕਲ ਹੈ; ਜਿਵੇਂ ਕਿ ‘ਬਾਬਾ ਆਦਮ’ ਦੀ ਉਮਰ 930 ਸਾਲ, ‘ਨੂਹ’ ਦੀ 900 ਸਾਲ, ਵਾਲਮੀਕਿ ਰਾਮਾਇਣ ਮੁਤਾਬਕ ਰਾਮਚੰਦ੍ਰ ਨੇ 10, 000 ਵਰ੍ਹੇ ਰਾਜ ਕੀਤਾ ਜਦਕਿ ਰਾਮਚੰਦ੍ਰ ਦੇ ਗੁਰੂ (ਵਸ਼ਿਸ਼ਟ ਰਿਸ਼ੀ) ਤੇ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਦੇਣ ਵਾਲ਼ੇ ਉਸਤਾਦ ‘ਵਿਸ਼ਵਾਮਿਤਰ’ 1500 ਈਸਵੀ ਪੂਰਵ ਪੈਦਾ ਹੋਏ ਹਨ। ਹਨੁਮਾਨ (ਹਣਵੰਤਰ) ਤ੍ਰੇਤਾ ਯੁੱਗ ’ਚ ਰਾਮਚੰਦ੍ਰ ਜੀ ਦਾ ਸੈਨਾਪਤੀ ਸੀ ਤੇ ਦੁਆਪਰ ’ਚ ਕ੍ਰਿਸ਼ਨ ਜੀ ਦਾ ਸਹਿਯੋਗੀ ਭੀ ਰਿਹਾ ਯਾਨੀ ਕਿ ਹਨੁਮਾਨ ਦੀ ਉਮਰ ਭੀ ਹਜ਼ਾਰਾਂ ਸਾਲ ਹੋਏਗੀ, ਆਦਿ।
(2). ਸਭ ਤੋਂ ਪੁਰਾਣੇ ਵੈਦਿਕ ਧਰਮ ਦਾ ਪਿਛੋਕੜ ਇਰਾਨ ਦੇਸ਼ ਨਾਲ਼ ਹੈ, ਜਿੱਥੇ ਦੇਵ ਪੂਜਾ, ਨਛੱਤਰ ਪੂਜਾ, ਬਨਸਪਤੀ (ਦਰਖ਼ਤ) ਪੂਜਾ, ਮੂਰਤੀ ਪੂਜਾ, ਸਤੀ ਪ੍ਰਥਾ, ਕੁਰਬਾਨੀ ਦੇਣਾ ਆਦਿ ਕਰਮ ਪ੍ਰਧਾਨ ਰਹੇ ਹਨ, ਜਿਨ੍ਹਾਂ ਨੂੰ ਸਵੀਕਾਰਨਾ ਤੇ ਨਕਾਰਨਾ ਹੀ ਕਈ ਧਰਮਾਂ ਦੀ ਬੁਨਿਆਦ ਬਣ ਗਿਆ। ਜੈਨੀ, ਬੋਧੀ ਆਦਿ ਮੱਤਾਂ ਨੇ ਇਨ੍ਹਾਂ ਨੂੰ ਨਕਾਰਿਆ ਭੀ ਤੇ ਕਿਸੇ ਗ਼ੈਬੀ (ਅਲੌਕਿਕ) ਸ਼ਕਤੀ ਤੋਂ ਭੀ ਮੁਨਕਰ ਰਹੇ ਯਾਨੀ ਇਨ੍ਹਾਂ ਕੋਲ਼ ਪੰਜ ਗਿਆਨ ਇੰਦ੍ਰਿਆਂ ਵਾਲ਼ਾ ਸਮਾਜਿਕ-ਗਿਆਨ ਹੀ ਸੀ। ਦੂਸਰੇ ਪਾਸੇ ਇਬਰਾਨੀਆਂ ਨੇ ਉਕਤ ਕਰਮਕਾਂਡਾਂ ਨੂੰ ਨਕਾਰਿਆ ਅਤੇ ਗ਼ੈਬੀ ਸ਼ਕਤੀ (ਅੱਲ੍ਹਾ) ਨੂੰ ਸੱਤ ਆਕਾਸ਼ ’ਤੇ ਮੰਨਿਆ ਹੈ। ਇਹ ਭੀ ਸਚਾਈ ਹੈ ਕਿ ਆਰੀਅਨ ਫ਼ਲਸਫ਼ੇ ਦਾ ਪ੍ਰਭਾਵ ਸਭ ਧਰਮਾਂ ਉੱਤੇ ਜ਼ਰੂਰ ਵੇਖਣ ਨੂੰ ਮਿਲਦਾ ਹੈ। ਵੈਸੇ ਸਾਰੇ ਹੀ ਧਰਮ ਸਮਾਜਿਕ ਇਨਸਾਫ਼ ਦੇਣ ਦੇ ਹੱਕ ’ਚ ਹਨ।
(3). ਆਪਣੇ ਪੈਗ਼ੰਬਰੀ ਵਿਚਾਰਾਂ ਨਾਲ਼ ਉਨ੍ਹਾਂ ਦੇ ਪੈਰੋਕਾਰਾਂ ਦੀ ਅਸਹਿਮਤੀ ਭੀ ਰਹੀ; ਜਿਵੇਂ ਕਿ ਬ੍ਰਹਮਾ ਨੂੰ ਜਗਤ ਰਚੇਤਾ ਭੀ ਮੰਨਿਆ ਅਤੇ ਆਪਣੀ ਲੜਕੀ ’ਤੇ ਮੋਹਿਤ ਹੋਣ ਵਾਲ਼ਾ ਕਾਮੀ ਭੀ ਕਿਹਾ। ਈਸਾ ਮਸੀਹ ਨੂੰ ਪ੍ਰਮੁੱਖ ਚੇਲੇ ਪੀਟਰ ਵੱਲੋਂ ਲਾਹਨਤਾਂ ਪਾਉਣੀਆਂ, ਭਗਵਾਨ ਮਹਾਂਵੀਰ ਦੇ ਵਿਚਾਰਾਂ ਨਾਲ਼ ਪ੍ਰਮੁੱਖ ਚੇਲੇ ਗੋਸ਼ਲ ਦੀ ਅਸਹਿਮਤੀ, ਰਾਘਵਾਨੰਦ ਜੀ ਨਾਲ਼ ਰਾਮਾਨੰਦ ਜੀ ਦਾ ਵਿਰੋਧਾਭਾਸ, ਪੈਗ਼ੰਬਰ ਹਜਰਤ ਜੀ ਪਾਸੋਂ ਸੁਣੇ ਹਜ਼ਰਤ ਅਲੀ ਜੀ ਦੇ ਵਿਚਾਰਾਂ ਨੂੰ ਝੂਠਾ ਕਹਿਣਾ, ਆਦਿ।
ਗੁਰਬਾਣੀ ਨੇ ਈਸ਼ਵਰ ਦੀ ਪਰਿਭਾਸ਼ਾ ਸਰਬ ਵਿਆਪਕ ਮੰਨੀ ਹੈ ਜਦਕਿ ਬ੍ਰਾਹਮਣ ਇਸ ਤੋਂ ਭਿੰਨ ਕੁਦਰਤ ਦਾ ਉਪਾਸ਼ਕ ਹੈ ਤੇ ਆਪਣੇ ਇਸ਼ਟ ਦੇਵ ’ਤੇ ਭੀ ਪੂਰਾ ਵਿਸ਼ਵਾਸ ਨਹੀਂ ਕਰਦਾ, ਜਿਸ ਕਾਰਨ ਹਿੰਦੂ ਨੂੰ ਦੋਵੇਂ ਅੱਖਾਂ ਤੋਂ ਅੰਨ੍ਹਾ ਕਿਹਾ ਜਦਕਿ ਮੁਸਲਮਾਨ; ਸਰਬ ਵਿਆਪਕ ਖ਼ੁਦਾ ਤੋਂ ਮੁਨਕਰ ਹੈ ਤੇ ਪੈਗ਼ੰਬਰੀ ਬਚਨਾਂ ’ਤੇ ਪੂਰਾ ਯਕੀਨ ਰੱਖਣ ਕਾਰਨ ਕੇਵਲ ਇੱਕ ਅੱਖੋਂ ਕਾਣਾ ਦੱਸਿਆ ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ॥’’ ਕਿਉਂਕਿ ‘‘ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ; ਜਹ ਦੇਹੁਰਾ ਨ ਮਸੀਤਿ ॥’’ (ਭਗਤ ਨਾਮਦੇਵ/੮੭੫) ਪਰ ਬੇਇਨਸਾਫ਼ੀ ਵੇਖੋ ਕਿ ਵਿਦਿਅਕ ਪੰਡਿਤ ਨੇ ਆਪਣੇ ਅਸ਼ਰਧਕ ਇਸ਼ਟ ਵਾਙ ਨਾਮਦੇਵ ਜੀ ਨੂੰ ਹੀ ਪੱਥਰ ਪੂਜਕ ਸਾਬਤ ਕਰਨਾ ਚਾਹਿਆ।
ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਰੱਬ (ਨਿਰਾਕਾਰ) ਦੇ ਅਨੇਕਾਂ ਨਾਮ ਹਨ। ਉਹੀ ਜਗਤ ਰਚਨਾ (ਆਕਾਰ, ਕੁਦਰਤ) ਬਣਾਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਇਸ ਨੂੰ ਖ਼ਤਮ ਕਰਨ ਵਾਲ਼ਾ ਹੈ। ਪ੍ਰਮਾਤਮਾ ਇੱਕ ਸਮੁੰਦਰ ਦੀ ਤਰ੍ਹਾਂ ਹੈ ਤੇ ਸਾਰੇ ਜੀਵ; ਉਸ ਸਮੁੰਦਰ ਦੀਆਂ ਬੂੰਦਾਂ ਹਨ। ਇਨ੍ਹਾਂ ਬੂੰਦਾਂ ਨੂੰ ਆਤਮਾ (ਜ਼ਿੰਦਗੀ) ਕਿਹਾ, ਜੋ ਅਕਾਲ ਪੁਰਖ ਦਾ ਅਨਿੱਖੜਵਾਂ ਅੰਗ ਹੋਣ ਕਾਰਨ ਕਦੇ ਮਰਦਾ ਨਹੀਂ ‘‘ਇਆ ਮੰਦਰ ਮਹਿ; ਕੌਨ ਬਸਾਈ ? ॥ ਤਾ ਕਾ ਅੰਤੁ; ਨ ਕੋਊ ਪਾਈ ॥੧॥ ਰਹਾਉ ॥…. ਨਾ ਇਸੁ ਪਿੰਡੁ; ਨ ਰਕਤੂ ਰਾਤੀ ॥ ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤਰੀ)॥੨॥… ਇਸੁ ਮਰਤੇ ਕਉ; ਜੇ ਕੋਊ ਰੋਵੈ ॥ ਜੋ ਰੋਵੈ; ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ; ਮੈ ਡਗਰੋ (ਸਹੀ ਮਾਰਗ) ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥ ਕਹੁ ਕਬੀਰ ! ਇਹੁ (ਆਤਮਾ) ਰਾਮ ਕੀ ਅੰਸੁ ॥ ਜਸ (ਜੈਸੇ) ਕਾਗਦ ਪਰ; ਮਿਟੈ ਨ ਮੰਸੁ (ਸਿਆਹੀ)॥੪॥’’ (ਭਗਤ ਕਬੀਰ/੮੭੧) ਯਾਨੀ ਕਾਗਜ਼ ਨੂੰ ਜਲਾਉਣ ’ਤੇ ਸਿਆਹੀ (ਜਿਸ ਨਾਲ਼ ਅੱਖਰ ਲਿਖੀਦੇ ਹਨ) ਨਾਲ਼ ਹੀ ਮਿਟਦੀ ਹੈ, ਕਾਗਜ਼ ਤੋਂ ਭਿੰਨ ਨਹੀਂ ਹੁੰਦੀ। ਇਸੇ ਤਰ੍ਹਾਂ ਆਤਮਾ ਤੇ ਪਰਮਾਤਮਾ ਕਦੇ ਭਿੰਨ ਨਹੀਂ ਹੋ ਸਕਦੇ।
ਆਤਮਾ ਦਾ ਪੈਂਡਾ; ਅਕਾਲ ਪੁਰਖ ’ਚ ਲੀਨ ਹੋਣਾ ਹੈ ਜਾਂ ਕਿਆਮਤ ਤੱਕ ਮਨ ਦੀਆਂ ਵਾਸ਼ਨਾਵਾਂ ਨੂੰ ਕਿਸੇ ਦੂਸਰੇ ਜਨਮ ’ਚ ਫਿਰ ਸਹਾਰਾ ਦੇਣਾ ਹੈ; ਜਿਵੇਂ ਕਿ ਭਾਈ ਗੁਰਦਾਸ ਜੀ ਦੇ ਬੋਲ ਹਨ, ‘‘ਜੁਗਿ ਜੁਗਿ (’ਚ) ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ। ਫਿਰਿ ਫਿਰਿ ਫੇਰਿ ਵਟਾਈਐ; ਗਿਆਨੀ ਹੋਇ, ਮਰਮੁ (ਭੇਤ) ਕਉ ਪਾਵੈ। ਸਤਿਜੁਗ ਦੂਜਾ ਭਰਮੁ ਕਰਿ; ਤ੍ਰੇਤੇ ਵਿਚਿ ਜੋਨੀ ਫਿਰ ਆਵੈ। ਤ੍ਰੇਤੇ ਕਰਮਾ ਬਾਂਧਤੇ; ਦੁਆਪਰਿ ਫਿਰਿ ਅਵਤਾਰ ਕਰਾਵੈ। ਦੁਆਪਰਿ (’ਚ) ਮਮਤਾ ਅਹੰਕਾਰ; ਹਉਮੈ ਅੰਦਰਿ ਗਰਬਿ ਗਲਾਵੈ। ਤ੍ਰਿਹੁ ਜੁਗਾ ਕੇ ਕਰਮ ਕਰਿ; ਜਨਮ ਮਰਨ ਸੰਸਾ ਨ ਚੁਕਾਵੈ। ਫਿਰਿ ਕਲਿਜੁਗ ਅੰਦਰਿ ਦੇਹ ਧਰਿ (ਕੇ); ਕਰਮਾਂ ਅੰਦਰਿ ਫੇਰ ਫਸਾਵੈ। ਅਉਸਰੁ (ਸਮਾਂ) ਚੁਕਾ; ਹਥ ਨ ਆਵੈ ॥੧੫॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੧੫)
ਅਕਾਲ ਪੁਰਖ ਆਪ ਅਜੂਨੀ ਹੈ। ਉਸ ਦੇ ਹੁਕਮ ’ਚ ਆਵਾਗਮਣ ਵਜੋਂ ਕੁਦਰਤ ਦਾ ਵਿਕਾਸ ਹੁੰਦਾ ਹੈ। ਇਸ ਇਲਾਹੀ ਹੁਕਮ ਤੋਂ ਮੁਨਕਰ ਕੋਈ ਨਹੀਂ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ) ਮੈਂ ਹੁਕਮ ’ਚ ਚੱਲ ਰਿਹਾ ਹਾਂ, ਨੂੰ ਮੰਨਣਾ ਜਾਂ ਸਵੀਕਾਰਨਾ ਹੀ ਵਾਸ਼ਨਾਵਾਂ ਤੋਂ ਮੁਕਤ ਹੋਣਾ ਹੈ ਕਿਉਂਕਿ ਐਸੀ ਸੋਚ; ਮਨੁੱਖ ਨੂੰ ਹਰ ਕੰਮ ਦਾ ਮਹੱਤਵ ਆਪਣੇ ’ਤੇ ਲੈਣ ਤੋਂ ਰੋਕਦੀ ਹੈ ਤੇ ਮਾਲਕ ਦੇ ਗੁਣ ਗਾਉਣ ਲਈ ਪ੍ਰੇਰਦੀ ਹੈ ‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਨ ਹੂੰ ॥’’ (੧੩੭੫) ਭਾਵ ਹੇ ਸਿਰਜਣਹਾਰ ! ਹਰ ਕੰਮ ਤੂੰ ਹੀ, ਤੂੰ ਹੀ ਕਰਾਉਂਦਾ ਹੈਂ, ਐਸਾ ਕਹਿਣ ਨਾਲ਼ ਮੇਰੇ ਅੰਦਰੋਂ ਆਪਣਾਪਣ ਮਰਦਾ ਹੈ। ਇਹੀ ‘ਕੂੜ ਦੀ ਪਾਲ (ਕੰਧ) ਹੈ, ਜਨਮ ਮਰਨ ਦਾ ਮੈਲ਼ ਹੈ, ਮਨ ਦੀ ਵਾਸ਼ਨਾ ਹੈ’।
ਭਾਵੇਂ ਕਿ ਹਰ ਕੋਈ; ਅਕਾਲ ਪੁਰਖ ਦੇ ਹੁਕਮ ’ਚ ਹੈ, ਪਰ ਕਰਮਾਂ ਦਾ ਫਲ਼; ਜੀਵ ਦਾ ਆਪਣਾ ਨਸੀਬ ਹੈ, ਜੋ ਆਤਮਾ ਉੱਪਰ ਚੜ੍ਹੀ ਮੈਲ਼ (ਮੈਲ਼ਾ ਅੰਤਹਿਕਰਣ; ਧੁੰਧ ਵਾਙ) ਹੈ, ‘‘ਸਤਿਗੁਰੁ ਨਾਨਕੁ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭) ਗੁਰੂ ਆਪ ਨਿਰਾ ਨੂਰ ਹੈ, ਜੋ ਸ਼ਰਧਾਵਾਨ ਨੂੰ ਧੁੰਧ (ਮੈਲ਼/ਵਾਸ਼ਨਾ) ਹੇਠ ਮੌਜੂਦ ਆਤਮਾ (ਰੱਬੀ ਜੋਤ, ਨੂਰ) ਦੀ ਸੋਝੀ ਦਿੰਦਾ ਹੈ ਯਾਨੀ ਸਵੈ ਪੜਚੋਲ ਕਰਾ ਕਰਾ ਮੈਲ਼ੇ ਅੰਤਹਿਕਰਣ ਨੂੰ ਪਾਰਦਰਸ਼ੀ ਕਰਾਉਂਦਾ ਹੈ। ਇਹੀ ਮੁਕਤੀ ਹੈ, ਸਚਖੰਡ ਹੈ, ਬੇਗ਼ਮਪੁਰਾ ਹੈ। ਇਹ ਆਤਮ ਪ੍ਰਕਾਸ਼ ਜਾਂ ਬਲ ਜਾਂ ਅਨੁਭਵ; ਗੁਰੂ ਹੀ ਭਰ ਸਕਦਾ ਹੈ, ਨਾ ਕਿ ਅਕਾਸ਼ ’ਚ ਚੜ੍ਹੇ ਹਜ਼ਾਰਾਂ ਚੰਦ-ਸੂਰਜ ਕਰ ਸਕਦੇ ਹਨ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ॥’’ (ਮਹਲਾ ੨/੪੬੩) ਪਾਰਦਰਸ਼ੀ ਅੰਤਹਿਕਰਣ ਵਾਲ਼ੇ ਯਾਨੀ ਰੱਬ ਦੇ ਦਰਸ਼ਨ ਕਰ ਚੁੱਕੇ ਭਗਤ; ਮਰਨ ਉਪਰੰਤ ਅਕਾਲ ਪੁਰਖ ’ਚ ਲੀਨ ਹੋ ਜਾਂਦੇ ਹਨ; ਜਿਵੇਂ ਨਦੀਆਂ-ਨਾਲੇ ਸਮੁੰਦਰ ’ਚ ਪੈ ਕੇ ਆਪਣਾ ਪਿਛਲਾ ਵਜੂਦ ਕਿ ਮੈ ਗੰਗਾ, ਮੈ ਯਮਨਾ, ਮੈ ਪੰਡਿਤ, ਮੈ ਸ਼ੂਦਰ; ਖ਼ਤਮ ਕਰ ਲੈਂਦੇ ਹਨ, ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ (’ਚ), ਨ ਜਾਣੀਅਹਿ ॥’’ (ਜਪੁ)
ਗੁਰਬਾਣੀ ਅਨੁਸਾਰ ਜਗਤ ਰਚਨਾ; ਅਕਾਲ ਪੁਰਖ ਦੀ ਇੱਕ ਖੇਡ ਹੈ। ਮਾਲਕ ਇਹ ਖੇਡ; ਨਿਰੰਤਰ ਖੇਡਣਾ ਚਾਹੁੰਦਾ ਹੈ। ਇਹ ਤਾਂ ਹੀ ਸੰਭਵ ਹੈ, ਜੇ ਜੀਵਾਂ ਦਾ ਸੁਭਾਅ ਮਾਲਕ ਵਰਗਾ ਨਾ ਹੋਵੇ। ਵੈਦਿਕ ਸੋਚ; ਇਸ ਮੈਲ਼ੇ ਸੁਭਾਅ ਨੂੰ ਪਾਪ-ਪੁੰਨ ਕਰਮਾਂ ’ਚ ਵੰਡਦੀ ਹੈ ਜਦਕਿ ਗੁਰਬਾਣੀ ਅਨੁਸਾਰ ਇਹ ਨਿਰਾ ਭਰਮ ਹੈ, ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ (ਮੂਲ ਖਬਰ) ਨ ਜਾਣੀ ॥’’ (ਮਹਲਾ ੩/੯੨੦) ਯਾਨੀ ਜੀਵ ਦੇ ਚੰਗੇ-ਮੰਦੇ ਕਰਮਾਂ (ਪਾਪ-ਪੁੰਨ) ਨੂੰ ਸਿਰਮੌਰ ਮੰਨਿਆਂ ਕਰਤਾਰ ਦਾ ਪਿੱਛੇ ਵਾਪਰਦਾ ‘ਹੁਕਮ’ ਭੁੱਲ ਜਾਈਦਾ ਹੈ।
ਜਗਤ ਰਚਨਾ ’ਚੋਂ ਜੀਵ ਨੇ ਦੋ ਤਰ੍ਹਾਂ ਮੁਕਤ ਹੋਣਾ ਹੈ ‘ਕਿਆਮਤ ਉਪਰੰਤ ਜਾਂ ਗੁਰੂ ਕਿਰਪਾ ਨਾਲ਼ ਮਾਲਕ ਦੀ ਸੋਝੀ ਪਾ ਕੇ’। ਰੱਬ ਨੂੰ ਯਾਦ ਕੀਤਿਆਂ ਮਨੁੱਖ ਦਾ ਭੀ ਭਲਾ ਹੈ, ਨਾ ਕਿ ਮਾਲਕ ਨੂੰ ਕੋਈ ਲਾਭ ਕਿਉਂਕਿ ਉਹ ਆਪਣੀ ਵਡਿਆਈ ਸੁਣ ਕੇ ਮਨੁੱਖ ਵਾਙ ਫੁੱਲਦਾ ਨਹੀਂ ਅਤੇ ਨਾ ਯਾਦ ਕਰਨ ਨਾਲ਼ ਘਟਦਾ ਨਹੀਂ ‘‘ਵਡਾ ਨ ਹੋਵੈ; ਘਾਟਿ ਨ ਜਾਇ ॥’’ (ਮਹਲਾ ੧/੯)
ਸਾਰੇ ਜੀਵ; ਰੱਬ ਦੀ ਜੋਤ ’ਚ ਪ੍ਰੋਏ ਹੋਏ ਹੋਣ ਕਾਰਨ ਨਸਲ, ਜਾਤ ਜਾਂ ਲਿੰਗ ਆਦਿ ਭੇਦ-ਭਾਵ ਕਰਨਾ ਮਨਮਤ ਹੈ, ਇਸ ਲਈ ਗੁਰਮਤਿ ਨੇ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਨੂੰ ਪਹਿਲ ਦਿੱਤੀ ਤਾਂ ਜੋ ਆਪਸੀ ਪਿਆਰ ਵਧੇ।
ਗੁਰੂ ਕੇਵਲ ਅਧਿਆਪਕ ਜਾਂ ਵਿੱਦਿਅਕ ਦਾਤਾ ਨਹੀਂ ਬਲਕਿ ਅੰਤਹਿਕਰਣ ਦੀ ਪੂਰਨ ਸਫ਼ਾਈ ਹੋਣ ਤੱਕ ਭਰੋਸੇ ਨੂੰ ਕਾਇਮ ਭੀ ਰੱਖਵਾਉਂਦਾ ਹੈ ਤਾਂ ਕਿ ਮੰਜ਼ਲ ਮਿਲੇ, ਸਰਬ ਵਿਆਪਕ-ਪ੍ਰਕਾਸ਼ ਦੇ ਦਰਸ਼ਨ ਹੋਣ। ਇਹ ਗੁਰੂ-ਧਾਰਨ ਦਾ ਅਸਲ ਮਨੋਰਥ ਹੈ। ਗੁਰੂ ਨੂੰ ਅੰਗ-ਸੰਗ ਮਹਿਸੂਸ ਕੀਤਿਆਂ ‘‘ਗੁਰੁ ਮੇਰੈ ਸੰਗਿ; ਸਦਾ ਹੈ ਨਾਲੇ ॥’’ (ਮਹਲਾ ੫/੩੯੪) ਦਿਲੋਂ ਗੁਰੂ ਅੱਗੇ ਬੇਨਤੀ ਨਿਕਲਦੀ ਹੈ ‘‘ਗੁਰੂ, ਗੁਰੂ, ਗੁਰੁ ਕਰਿ, ਮਨ ਮੋਰ (ਮੇਰੇ) ! ॥ ਗੁਰੂ ਬਿਨਾ; ਮੈ ਨਾਹੀ ਹੋਰ ॥ ਗੁਰ ਕੀ ਟੇਕ ਰਹਹੁ; ਦਿਨੁ ਰਾਤਿ ॥ ਜਾ ਕੀ; ਕੋਇ ਨ ਮੇਟੈ ਦਾਤਿ (ਮਿਹਰ)॥’’ (ਮਹਲਾ ੫/੮੬੪)
ਗੁਰੂ ਗ੍ਰੰਥ ਸਾਹਿਬ ’ਚ ਵਿਰਾਜਮਾਨ 35 ਮਹਾਂ ਪੁਰਸ਼ਾਂ ’ਚੋਂ ਦੋ ਗੁਰਸਿੱਖ (ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ) ਨੇ ਗੁਰੂ ਸ਼ਖ਼ਸੀਅਤ (ਗੁਰੂ ਅਮਰਦਾਸ ਜੀ) ਦੀ ਉਪਮਾ; ਸਤਿਯੁਗ ’ਚ ਸਮੁੰਦਰ ਰਿੜਕ ਕੇ ਕੱਢੇ, ਮੰਨੇ ਗਏ 14 ਰਤਨਾਂ ਨਾਲ਼ ਕੀਤੀ ‘‘ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥’’ (ਬਲਵੰਡ ਸਤਾ/੯੬੮)
11 ਭੱਟ ਸਾਹਿਬਾਨ ਦੀ ਬਾਣੀ ਭੀ ਗੁਰੂ ਉਪਮਾ ਬਾਰੇ ਹੈ; ਜਿਵੇਂ ਕਿ ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਜੋਤ ਬਾਰੇ ਇਉਂ ਕਿਹਾ ‘‘ਸਤਜੁਗਿ (’ਚ) ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ (’ਚ) ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ (’ਚ) ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ॥ ਕਲਿਜੁਗਿ (’ਚ) ਪ੍ਰਮਾਣੁ ਨਾਨਕ ਗੁਰੁ; ਅੰਗਦੁ ਅਮਰੁ ਕਹਾਇਓ ॥’’ (ਭਟ ਕਲੵ /੧੩੯੦) ਕਿਉਂਕਿ ਗੁਰੂ ਅਤੇ ਅਕਾਲ ਪੁਰਖ ਦੀ ਜੋਤ/ਨੂਰ ’ਚ ਅੰਤਰ ਨਹੀਂ ‘‘ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ ॥’’ (ਭਟ ਮਥੁਰਾ/੧੪੦੯) ਤੇ ਗੁਰੂ ਨਾਨਕ ਜੀ ਪੈਦਾਇਸ਼ ਤੋਂ ਹਰੀ-ਜੋਤ ਹਨ, ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮)
ਗੁਰਬਾਣੀ ਦੇ ਮੂਲ ਸਿਧਾਂਤ; ਜਿਵੇਂ ਕਿ ਨਿਰਾਕਰੀ ਹੋਂਦ ਦੀ ਵਿਆਖਿਆ, ਗੁਰੂ ਦੀ ਅਹਿਮੀਅਤ, ਗੁਰੂ ਅਤੇ ਅਕਾਲ ਪੁਰਖ ਦੀ ਮਨੁੱਖਾਂ ’ਤੇ ਹੁੰਦੀ ਮਿਹਰ, ਮੁਕਤੀ, ਮਰਨ ਉਪਰੰਤ ਆਤਮਾ ਦਾ ਮਾਰਗ, ਆਦਿ ਵਿਸ਼ਿਆਂ ਬਾਰੇ ਗੁਰੂ ਗ੍ਰੰਥ ਸਾਹਿਬ ’ਚ ਵਿਰਾਜਮਾਨ 35 ਮਹਾਂ ਪੁਰਖਾਂ ਦੇ ਵਿਚਾਰ ਇੱਕ ਸਮਾਨ ਹਨ; ਜਿਵੇਂ ਕਿ
(1). ਅਕਾਲ ਪੁਰਖ ਦੀ ਸਰਬ ਵਿਆਪਕਤਾ ਬਾਰੇ 15 ਭਗਤਾਂ ਦੇ ਵਿਚਾਰ :
ਕਹਤ ਨਾਮਦੇਉ ਹਰਿ ਕੀ ਰਚਨਾ; ਦੇਖਹੁ ਰਿਦੈ ਬੀਚਾਰੀ ॥ ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥ (ਭਗਤ ਨਾਮਦੇਵ/485)
ਜੇ ਕੋ ਮੂੰ ਉਪਦੇਸੁ ਕਰਤੁ ਹੈ; ਤਾ ਵਣਿ ਤ੍ਰਿਣਿ (’ਚ) ਰਤੜਾ ਨਾਰਾਇਣਾ ॥ (ਭਗਤ ਤ੍ਰਿਲੋਚਨ/੯੨)
ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ; ਸਹਜੇ ਹੋਇ, ਸੁ ਹੋਈ ॥ (ਭਗਤ ਰਵਿਦਾਸ/658)
ਮਸਤਕਿ (’ਤੇ) ਪਦਮੁ, ਦੁਆਲੈ ਮਣੀ ॥ (ਜਿਸ) ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥ (ਭਗਤ ਬੇਣੀ/੯੭੪) ਭਾਵ ਮੱਥੇ ’ਤੇ ਕੰਵਲ ਫੁੱਲ (ਪਾਰਦਰਸ਼ੀ ਅੰਤਹਿਕਰਨ ਉਪਰੰਤ ਉਪਜਦਾ ਵਿਵੇਕ) ਹੈ, ਉਸ ਦੁਆਲੇ ਮਣੀ (ਭਾਵ ਰੱਬੀ ਗੁਣ), ਉਸ ਅੰਦਰ ਤ੍ਰਿਲੋਕ ਦੇ ਮਾਲਕ ਦਾ ਨਿਵਾਸ ਹੈ।
ਫਰੀਦਾ ! ਜੰਗਲੁ ਜੰਗਲੁ ਕਿਆ ਭਵਹਿ ? ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ (ਹਿਰਦੇ ’ਚ); ਜੰਗਲੁ ਕਿਆ ਢੂਢੇਹਿ ? ॥ (ਭਗਤ ਫਰੀਦ/੧੩੭੮)
ਰਾਮਾਨੰਦ (ਦਾ) ਸੁਆਮੀ ਰਮਤ ਬ੍ਰਹਮ (ਸਰਬ ਵਿਆਪਕ)॥ ਗੁਰ ਕਾ ਸਬਦੁ; ਕਾਟੈ ਕੋਟਿ ਕਰਮ (ਕਰੋੜਾਂ ਅੰਧਵਿਸ਼ਵਾਸ ਕਿ ਰੱਬ ਸਰਬ ਵਿਆਪਕ ਨਹੀਂ)॥ (ਭਗਤ ਰਾਮਾਨੰਦ/੧੧੯੫)
ਸੋ ਸਾਹਿਬੁ; ਰਹਿਆ ਭਰਪੂਰਿ ॥ ਸਦਾ ਸੰਗਿ; ਨਾਹੀ ਹਰਿ ਦੂਰਿ ॥ (ਭਗਤ ਕਬੀਰ/੩੩੦)
ਜੋਲਾਹੇ ਘਰੁ ਅਪਨਾ ਚੀਨ੍ਹਾਂ (ਸਵੈ ਪੜਚੋਲ ਕੀਤੀ ਤਾਂ); ਘਟ ਹੀ ਰਾਮੁ ਪਛਾਨਾਂ ॥ (ਭਗਤ ਕਬੀਰ/੪੮੪)
ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ ਸੋ ਪਾਵੈ ॥ ਪੀਪਾ ਪ੍ਰਣਵੈ ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ (ਸੋਝੀ ਮਿਲਦੀ)॥ (ਭਗਤ ਪੀਪਾ/੬੯੫)
ਕਹੁ ਭੀਖਨ ! ਦੁਇ ਨੈਨ ਸੰਤੋਖੇ; ਜਹ ਦੇਖਾਂ ਤਹ ਸੋਈ ॥ (ਭਗਤ ਭੀਖਨ/੬੫੯)
(2). ਗੁਰੂ (ਗੁਰਮਤਿ) ਤੇ ਗੁਰੂ ਸੰਗਤ ਦੀ ਅਹਿਮੀਅਤ ਬਾਰੇ 15 ਭਗਤਾਂ ਦੇ ਵਿਚਾਰ :
ਪੂਜਨ ਚਾਲੀ ਬ੍ਰਹਮ ਠਾਇ ॥ (ਪਰ) ਸੋ ਬ੍ਰਹਮੁ ਬਤਾਇਓ; ਗੁਰਿ (ਨੇ), ਮਨ ਹੀ ਮਾਹਿ ॥ (ਭਗਤ ਰਾਮਾਨੰਦ/੧੧੯੫)
ਸਤਿਗੁਰ ! ਮੈ ਬਲਿਹਾਰੀ ਤੋਰ (ਤੇਰੇ ਤੋਂ) ॥ ਜਿਨਿ, ਸਕਲ ਬਿਕਲ (ਸਭ ਔਖੇ) ਭ੍ਰਮ, ਕਾਟੇ ਮੋਰ (ਮੇਰੇ) ॥ (ਭਗਤ ਰਾਮਾਨੰਦ/੧੧੯੫)
ਗੁਰਮਤਿ (ਗੁਰੂ ਰਾਹੀਂ) ਰਾਮੁ ਕਹਿ; ਕੋ ਕੋ ਨ ਬੈਕੁੰਠਿ (’ਚ) ਗਏ ? ॥ (ਭਗਤ ਨਾਮਦੇਵ/718) ਭਾਵ ਸਾਰੇ ਚਲੇ ਜਾਂਦੇ ਹਨ।
ਕਹੁ ਬੇਣੀ ! ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ, ਬਾਟ (ਸਹੀ ਰਾਹ) ਨ ਪਾਵੈ ॥ (ਭਗਤ ਬੇਣੀ/੧੩੫੧)
ਸਾਧ ਸੰਗਤਿ ਬਿਨਾ, ਭਾਉ (ਪ੍ਰੇਮ) ਨਹੀ ਊਪਜੈ; ਭਾਵ (ਪ੍ਰੇਮ) ਬਿਨੁ, ਭਗਤਿ ਨਹੀ ਹੋਇ ਤੇਰੀ ॥ (ਭਗਤ ਰਵਿਦਾਸ/੬੯੪)
ਬੋਲੀਐ ਸਚੁ ਧਰਮੁ; ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ; ਮੁਰੀਦਾ ਜੋਲੀਐ (ਮੁਰੀਦ/ਸਿੱਖ ਬਣ ਚੱਲਣਾ ਹੈ) ॥ (ਬਾਬਾ ਫ਼ਰੀਦ/488)
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ; ਇਹ ਮਾਨਸ ਦੇਹੀ ਪਾਈ ॥ (ਭਗਤ ਕਬੀਰ/੯੭੦) ਭਾਵ ਤਾਂ ਹੀ ਮਨੁੱਖਾ ਦੇਹੀ ਸਫਲ ਹੋਈ, ਜੇ ਗੁਰੂ ਰਾਹੀਂ ਸੇਵਾ-ਭਗਤੀ ਕੀਤੀ ਜਾਏ।
ਗਿਆਨ ਪ੍ਰਵੇਸੁ ਗੁਰਹਿ (ਨੇ) ਧਨੁ ਦੀਆ; ਧਿਆਨੁ ਮਾਨੁ ਮਨ ਏਕ ਮਏ ॥ (ਭਗਤ ਧੰਨਾ/੪੮੭) ਭਾਵ ਗੁਰੂ ਨੇ ਜਦ ਗਿਆਨ-ਧਨ ਦਿੱਤਾ ਤਾਂ ਇਕਾਗਰ ਚਿਤ ਹੋ ਭਗਤ; ਰੱਬ ’ਚ ਲੀਨ ਹੋ ਗਿਆ।
ਗੁਰ ਪਰਸਾਦਿ ਕਹੈ ਜਨੁ ਭੀਖਨੁ; ਪਾਵਉ ਮੋਖ ਦੁਆਰਾ ॥ (ਭਗਤ ਭੀਖਨ/੬੫੯)
(ਹੇ ਬੰਦੇ ! ਤੈਥੋਂ) ਹਿੰਸਾ ਤਉ ਮਨ ਤੇ ਨਹੀ ਛੂਟੀ; ਜੀਅ ਦਇਆ ਨਹੀ ਪਾਲੀ ॥ ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ ਨ ਚਾਲੀ (ਚੰਗੀ ਗੱਲ ਨਾ ਸੁਣੀ) ॥ (ਭਗਤ ਪਰਮਾਨੰਦ/੧੨੫੩) ਸੋ ਗੁਰੂ ਸਾਹਿਬਾਨ ਵਾਙ 15 ਭਗਤ ਜਨ ਭੀ ਗੁਰੂ ਅਤੇ ਸੰਗਤ ਦੇ ਰੋਲ ਨੂੰ ਅਹਿਮ ਮੰਨਦੇ ਹਨ।
(3). ਮਨੁੱਖ ਉੱਤੇ ਹੁੰਦੀ ਗੁਰੂ ਤੇ ਰੱਬ ਦੀ ਮਿਹਰ ਬਾਰੇ 15 ਭਗਤਾਂ ਦੇ ਵਿਚਾਰ :
ਕ੍ਰਿਪਾ ਕਰੀ ਜਨ ਅਪੁਨੇ ਊਪਰ; ਨਾਮਦੇਉ ਹਰਿ ਗੁਨ ਗਾਏ ॥ (ਭਗਤ ਨਾਮਦੇਵ/੬੯੩)
ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ; ਪੈਜ ਰਾਖਹੁ ਰਾਜਾ ਰਾਮ ! ਮੇਰੀ ॥ (ਭਗਤ ਰਵਿਦਾਸ/੬੯੪)
ਕਹਿ ਰਵਿਦਾਸ, ਸਰਨਿ ਪ੍ਰਭ ! ਤੇਰੀ ॥ ਜਿਉ ਜਾਨਹੁ; ਤਿਉ ਕਰੁ ਗਤਿ ਮੇਰੀ ॥ (ਭਗਤ ਰਵਿਦਾਸ/੭੯੩)
ਤੇਰੀ ਪਨਹ ਖੁਦਾਇ ! ਤੂ ਬਖਸੰਦਗੀ ॥ ਸੇਖ ਫਰੀਦੈ (ਲਈ) ਖੈਰੁ; ਦੀਜੈ ਬੰਦਗੀ ॥ (ਸ਼ੇਖ਼ ਫਰੀਦ/੪੮੮)
ਕਹੁ ਕਬੀਰ, ਪ੍ਰਭ ! ਕਿਰਪਾ ਕੀਜੈ ॥ ਹਾਰਿ ਪਰੇ; ਅਬ ਪੂਰਾ (ਭਰੋਸਾ) ਦੀਜੈ ॥ (ਭਗਤ ਕਬੀਰ/੩੨੬)
ਅਬ ਕੀ ਬਾਰ, ਬਖਸਿ ਬੰਦੇ ਕਉ; ਬਹੁਰਿ ਨ ਭਉਜਲਿ ਫੇਰਾ ॥ (ਭਗਤ ਕਬੀਰ/੧੧੦੪)
ਰਾਮ ਰਾਇ ! ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥ (ਭਗਤ ਭੀਖਨ/੬੫੯)
ਗੋਪਾਲ ! ਤੇਰਾ ਆਰਤਾ (ਮੰਗਤਾ)॥ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ (ਤੂੰ) ਕਾਜ ਸਵਾਰਤਾ ॥ (ਭਗਤ ਧੰਨਾ/੬੯੫)
ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ॥ ਕਹਿ ਰਵਿਦਾਸ ! ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥ (ਭਗਤ ਰਵਿਦਾਸ/੬੯੪)
(4). ਭਗਤ ਸਾਹਿਬਾਨ ਦੁਆਰਾ ਰੱਬ ਦੀ ਪ੍ਰੇਮਾ-ਭਗਤੀ ਕਰਨ ਦਾ ਜ਼ਿਕਰ :
ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ ਨਾਮੁ; ਤੇ ਭੁਇ (’ਤੇ) ਭਾਰੁ ਥੀਏ (ਧਰਤੀ ’ਤੇ ਬੋਝ ਬਣੇ)॥ (ਸ਼ੇਖ਼ ਫਰੀਦ/੪੮੮)
ਕਹਾ ਭਇਓ ? ਜਉ ਤਨੁ ਭਇਓ ਛਿਨੁ ਛਿਨੁ ॥ ਪ੍ਰੇਮੁ ਜਾਇ; ਤਉ ਡਰਪੈ ਤੇਰੋ ਜਨੁ ॥੧॥ ਪ੍ਰੇਮ ਕੀ ਜੇਵਰੀ; ਬਾਧਿਓ ਤੇਰੋ ਜਨ ॥ ਕਹਿ ਰਵਿਦਾਸ ! ਛੂਟਿਬੋ ਕਵਨ ਗੁਨ ? ॥੩॥ (ਭਗਤ ਰਵਿਦਾਸ/੪੮੭)
(ਰੱਬ ਦੀ) ਪ੍ਰੀਤਿ ਬਿਨਾ; ਕੈਸੇ ਬਧੈ ਸਨੇਹੁ (ਪਿਆਰ) ? ॥ ਜਬ ਲਗੁ ਰਸੁ; ਤਬ ਲਗੁ ਨਹੀ ਨੇਹੁ (ਪ੍ਰੇਮ)॥ (ਭਗਤ ਕਬੀਰ/੩੨੮)
ਜੋ ਜਨੁ ਭਾਉ ਭਗਤਿ (ਪ੍ਰੇਮਾ-ਭਗਤੀ) ਕਛੁ ਜਾਨੈ; ਤਾ ਕਉ ਅਚਰਜੁ ਕਾਹੋ (ਉਸ ਦਾ ਕਿਰਦਾਰ ਅਨੋਖਾ)॥ (ਭਗਤ ਕਬੀਰ/੬੯੨)
(5). ਭਗਤ ਸਾਹਿਬਾਨ ਦੁਆਰਾ ਮੌਤ ਉਪਰੰਤ ਆਤਮਾ (ਰੂਹ/ਹੰਸੁ/ਜਿੰਦ) ਦੇ ਪੈਂਡੇ ਦਾ ਜ਼ਿਕਰ :
ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ ॥ (ਬਾਬਾ ਫਰੀਦ/੭੯੪)
ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥ (ਬਾਬਾ ਫਰੀਦ/੧੩੭੭)
ਲਟ ਛਿਟਕਾਏ ਤਿਰੀਆ (ਕੇਸ ਖੋਲ੍ਹ ਕੇ ਵਹੁਟੀ) ਰੋਵੈ; ਹੰਸੁ ਇਕੇਲਾ ਜਾਈ ॥ (ਭਗਤ ਕਬੀਰ/੪੭੮)
ਮਰਹਟ ਲਗਿ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਮਿਲਿ; (ਅੱਗੇ) ਹੰਸੁ ਇਕੇਲਾ ਜਾਇ ॥ (ਭਗਤ ਕਬੀਰ/੧੧੨੪), ਆਦਿ।
(6). ਗੁਰਬਾਣੀ ਮੁਤਾਬਕ ਰੱਬੀ ਡਰ-ਅਦਬ ’ਚ ਰਿਹਾਂ ਵਿਕਾਰਾਂ ਤੋਂ ਬਚਣਾ ਤੇ ਪ੍ਰੇਮਾ ਭਗਤੀ ਕਰਨੀ ਹੀ ਜੀਵਦਿਆਂ ਮੁਕਤੀ ਹੈ, ਜੋ ਮਰਨ ਉਪਰੰਤ ਰੱਬ ’ਚ ਸਦੀਵੀ ਲੀਨ ਕਰਵਾ ਕੇ ਆਵਾਗਮਣ ਤੋਂ ਮੁਕਤ ਕਰਵਾਏਗੀ, ਪਰ ਰੱਬ ਦੀ ਮਿਹਰ ਨਾਲ਼ ਸੰਭਵ ਹੈ, ‘‘ਜੀਵਤ ਮਰਣਾ ਸਭੁ ਕੋ ਕਹੈ (ਪਰ); ਜੀਵਨ ਮੁਕਤਿ ਕਿਉ (ਕਿਵੇਂ) ਹੋਇ ? ॥ (ਜਵਾਬ, ਰੱਬੀ) ਭੈ ਕਾ ਸੰਜਮੁ ਜੇ ਕਰੇ; ਦਾਰੂ ਭਾਉ (ਪ੍ਰੇਮ) ਲਾਏਇ ॥ ਅਨਦਿਨੁ ਗੁਣ ਗਾਵੈ ਸੁਖ ਸਹਜੇ; ਬਿਖੁ ਭਵਜਲੁ ਨਾਮਿ (ਰਾਹੀਂ) ਤਰੇਇ ॥ (ਪਰ ਤਾਂ ਹੀ ਸੰਭਵ ਜੇ) ਨਾਨਕ ! ਗੁਰਮੁਖਿ ਪਾਈਐ; ਜਾ ਕਉ ਨਦਰਿ ਕਰੇਇ ॥’’ (ਮਹਲਾ ੩/੯੪੮) ਐਸੀ ਰੂਹ ਦਾ ਵਿਸ਼ਲੇਸ਼ਣ, ‘‘ਤੈਸਾ ਮਾਨੁ; ਤੈਸਾ ਅਭਿਮਾਨੁ ॥ ਤੈਸਾ ਰੰਕੁ; ਤੈਸਾ ਰਾਜਾਨੁ ॥ ਜੋ ਵਰਤਾਏ; ਸਾਈ ਜੁਗਤਿ ॥ ਨਾਨਕ ! ਓਹੁ ਪੁਰਖੁ ਕਹੀਐ; ਜੀਵਨ ਮੁਕਤਿ ॥’’ (ਮਹਲਾ ੫/੨੭੫)
ਗੁਰਬਾਣੀ ਦਾ ਇਹ ਪੱਖ ਵੀ ਵਿਲੱਖਣ ਹੈ ਕਿ ਰੱਬ ਆਪ ਹੀ ਜੀਵ ਰੂਪ ਹੋ ਕੇ ਸਭ ਕੁਝ ਕਰ ਰਿਹਾ ਹੈ ਤੇ ਭੋਗ ਰਿਹਾ ਹੈ; ਜਿਵੇਂ ਕਿ
(1). (ਗੁਰੂ ਨਾਨਕ ਜੀ) : ‘‘ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ (ਤੋਹੀ)॥ ਸਹਸ ਪਦ ਬਿਮਲ, ਨਨ ਏਕ ਪਦ (ਪੈਰ); ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ॥’’ (ਮਹਲਾ ੧/੧੩) ਭਾਵ ਹੇ ਨਿਰਾਕਾਰ ! ਇਹ ਬੜਾ ਅਦਭੁਤ ਹੈ ਕਿ ਤੂੰ ਨਿਰਾਕਾਰ ਵਜੋਂ ਅੱਖ, ਸ਼ਕਲ, ਪੈਰ, ਨੱਕ ਤੋਂ ਬਿਨਾਂ ਹੈਂ, ਪਰ ਸਰਗੁਣ (ਸਰਬ ਵਿਆਪਕ) ਹੋਣ ਕਾਰਨ ਤੇਰੇ ਹਜ਼ਾਰਾਂ ਅੱਖਾਂ, ਹਜ਼ਾਰਾਂ ਸ਼ਕਲਾਂ, ਹਜ਼ਾਰਾਂ ਸੁੰਦਰ ਪੈਰ, ਹਜ਼ਾਰਾਂ ਨੱਕ ਹਨ ਭਾਵ ਤੂੰ ਨਿਰਾਕਾਰ ਹੋ ਕੇ ਪ੍ਰੇਰ ਰਿਹਾ ਹੈਂ ਤੇ ਆਕਾਰ ਰੂਪ ਹੋ ਕੇ ਸਭ ਕੁੱਝ ਕਰ ਰਿਹਾ ਹੈਂ ਤੇ ਭੋਗ ਰਿਹਾ ਹੈਂ।
(2). (ਗੁਰੂ ਅੰਗਦ ਜੀ): ਕਿਸ ਨੋ ਕਹੀਐ ? ਨਾਨਕਾ ! ਸਭੁ ਕਿਛੁ ਆਪੇ ਆਪਿ ॥ (ਮਹਲਾ ੨/੪੭੫)
(3). (ਗੁਰੂ ਅਮਰਦਾਸ ਜੀ): ਆਪੇ ਕਰਿ ਕਰਿ ਵੇਖਦਾ; ਆਪੇ ਸਭੁ ਸਚਾ ॥ ਜੋ ਹੁਕਮੁ ਨ ਬੂਝੈ ਖਸਮ ਕਾ; ਸੋਈ ਨਰੁ ਕਚਾ ॥ (ਮਹਲਾ ੩/੧੦੯੪)
(4). (ਗੁਰੂ ਰਾਮਦਾਸ ਜੀ): ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ ! ॥ ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ (’ਚ) ਚਲਾਈ ॥ ਨਾਨਕ ! (ਜੋ) ਹਰਿ ਭਾਵੈ, ਸੋ ਕਰੇ (ਓਹੀ ਜੀਵ ਕਰਦਾ); ਸਭ ਚਲੈ ਰਜਾਈ ॥ (ਮਹਲਾ ੪/੧੨੫੧)
(5). (ਗੁਰੂ ਅਰਜਨ ਸਾਹਿਬ ਜੀ): ਆਪੇ ਕੀਤੋ ਰਚਨੁ (ਜਗਤ); ਆਪੇ ਹੀ ਰਤਿਆ (ਭਾਵ ਮਾਇਆਧਾਰੀ)॥ ਆਪੇ ਹੋਇਓ ਇਕੁ (ਨਿਰਾਕਾਰ); ਆਪੇ ਬਹੁ ਭਤਿਆ (ਬਹੁ ਭਾਂਤੀ, ਆਕਾਰ)॥ ਆਪੇ ਸਭਨਾ ਮੰਝਿ (ਵਿੱਚ); ਆਪੇ ਬਾਹਰਾ (ਨਿਰਲੇਪ; ਕਿਸੇ ਨਾਸਤਕ ’ਚ ਬੈਠਾ)॥ ਆਪੇ ਜਾਣਹਿ ਦੂਰਿ (ਭਗਤ ਬਣ); ਆਪੇ ਹੀ ਜਾਹਰਾ (ਅੰਗ ਸੰਗ ਜਾਣਦਾ)॥ (ਮਹਲਾ ੫/੯੬੬) ਆਦਿ ਸਿਧਾਂਤ ਨੂੰ ਸੰਖੇਪ ’ਚ ਇਉਂ ਕਿਹਾ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ)
(7). ਭਗਤ ਸਾਹਿਬਾਨ ਦੁਆਰਾ ਅਨਮਤ ਧਰਮ ਨੂੰ ਅਰਥਹੀਣ ਸਿੱਧ ਕਰਨ ਦਾ ਜ਼ਿਕਰ :
ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ; ਧਰੀਐ ਪਾਉ ॥ ਜੇ ਓਹੁ ਦੇਉ (ਦੇਵਤਾ); ਤ ਓਹੁ ਭੀ ਦੇਵਾ ॥ ਕਹਿ ਨਾਮਦੇਉ; ਹਮ ਹਰਿ ਕੀ ਸੇਵਾ ॥ (ਭਗਤ ਨਾਮਦੇਵ/੫੨੫)
ਮਾਥੇ ਤਿਲਕੁ, ਹਥਿ ਮਾਲਾ ਬਾਨਾਂ (ਗੇਰੂ ਰੰਗਾ ਬਸਤਰ)॥ ਲੋਗਨ, ਰਾਮੁ ਖਿਲਉਨਾ ਜਾਨਾਂ ॥ (ਭਗਤ ਕਬੀਰ/੧੧੫੮)
ਬੁਤ ਪੂਜਿ ਪੂਜਿ (ਕੇ) ਹਿੰਦੂ ਮੂਏ; ਤੁਰਕ ਮੂਏ ਸਿਰੁ ਨਾਈ (ਨਿਵਾ ਕੇ, ਕੋਈ ਮੁਰਦੇ ਨੂੰ)॥ ਓਇ ਲੇ ਜਾਰੇ, ਓਇ ਲੇ ਗਾਡੇ; ਤੇਰੀ ਗਤਿ ਦੁਹੂ ਨ ਪਾਈ ॥ (ਭਗਤ ਕਬੀਰ/੬੫੪)
ਪੰਡਿਤ ਮੁਲਾਂ; ਜੋ ਲਿਖਿ ਦੀਆ ॥ ਛਾਡਿ ਚਲੇ ਹਮ; ਕਛੂ ਨ ਲੀਆ ॥ (ਭਗਤ ਕਬੀਰ/੧੧੫੯)
ਕਾਇ ਜਪਹੁ ਰੇ ! ਕਾਇ ਤਪਹੁ ਰੇ ! ਕਾਇ ਬਿਲੋਵਹੁ ਪਾਣੀ ? ॥ ਲਖ ਚਉਰਾਸੀਹ ਜਿਨਿ੍ ਉਪਾਈ; ਸੋ ਸਿਮਰਹੁ ਨਿਰਬਾਣੀ ॥੩॥ ਕਾਇ ਕਮੰਡਲੁ ਕਾਪੜੀਆ ਰੇ ! ਅਠਸਠਿ ਕਾਇ ਫਿਰਾਹੀ ? ॥ ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ! ਕਣ (ਦਾਣੇ) ਬਿਨੁ, ਗਾਹੁ ਕਿ (ਕਿਉਂ) ਪਾਹੀ ? ॥੪॥ (ਭਗਤ ਤ੍ਰਿਲੋਚਨ/੫੨੬)
ਜਹਾ ਜਾਈਐ; ਤਹ ਜਲ ਪਖਾਨ ॥ (ਭਗਤ ਰਾਮਾਨੰਦ/1195)
ਭਾਵ ਜਿੱਥੇ ਜਿੱਥੇ ਜਾਂਦੇ ਹਾਂ ਉੱਥੇ ਉੱਥੇ ਪਾਣੀ-ਤੀਰਥ ਜਾਂ ਪੱਥਰ ਹਨ (ਰੱਬ ਦੀ ਭਗਤੀ ਨਹੀਂ ਹੁੰਦੀ)।
ਕੂਪੁ (ਖੂਹ) ਭਰਿਓ ਜੈਸੇ ਦਾਦਿਰਾ (ਡੱਡੂਆਂ ਨਾਲ਼); ਕਛੁ ਦੇਸੁ ਬਿਦੇਸੁ ਨ ਬੂਝ (ਸਮਝਦਾ)॥ (ਭਗਤ ਰਵਿਦਾਸ/੩੪੬)
ਯਾਨੀ ਕਿ ਮਨੁੱਖ ਦੀ ਸੋਚ ਨੇ ਧਰਮ ਦਾ ਲਾਭ ਨਾ ਖੱਟਿਆ, ਕੇਵਲ ਮਾਇਆ ’ਚ ਮਗਨ ਰਹੇ।
ਪਾਰੁ ਕੈਸੇ ਪਾਇਬੋ ਰੇ ? ॥ ਮੋ ਸਉ (ਮੈਨੂੰ); ਕੋਊ ਨ ਕਹੈ ਸਮਝਾਇ ॥ ਜਾ ਤੇ (ਜਿਸ ਨਾਲ਼); ਆਵਾਗਵਨੁ ਬਿਲਾਇ (ਖ਼ਤਮ ਹੋਵੇ) ॥ (ਭਗਤ ਰਵਿਦਾਸ/੩੪੬)
ਤੈ ਨਰ ! ਕਿਆ ਪੁਰਾਨੁ ਸੁਨਿ ਕੀਨਾ (ਕੀਤਾ)॥ ਅਨਪਾਵਨੀ (ਸਥਿਰ ਕਰਨ ਵਾਲ਼ੀ) ਭਗਤਿ ਨਹੀ ਉਪਜੀ; ਭੂਖੈ ਦਾਨੁ ਨ ਦੀਨਾ ॥1॥ ਰਹਾਉ ॥ ਕਾਮੁ ਨ ਬਿਸਰਿਓ, ਕ੍ਰੋਧੁ ਨ ਬਿਸਰਿਓ; ਲੋਭੁ ਨ ਛੂਟਿਓ ਦੇਵਾ (ਹੇ ਪੰਡਿਤ) ! ॥ ਪਰ ਨਿੰਦਾ ਮੁਖ ਤੇ ਨਹੀ ਛੂਟੀ; ਨਿਫਲ ਭਈ ਸਭ ਸੇਵਾ ॥੧॥ (ਭਗਤ ਪਰਮਾਨੰਦ/੧੨੫੩)
ਰੇ ਜੀਅ ਨਿਲਜ (ਬੇਸ਼ਰਮ) ! ਲਾਜ ਤੁੋਹਿ ਨਾਹੀ ॥ ਹਰਿ ਤਜਿ, ਕਤ ਕਾਹੂ ਕੇ ਜਾਂਹੀ ? ॥੧॥ ਰਹਾਉ ॥ ਜਾ ਕੋ ਠਾਕੁਰੁ; ਊਚਾ ਹੋਈ ॥ ਸੋ ਜਨੁ; ਪਰ ਘਰ ਜਾਤ ਨ ਸੋਹੀ (ਸ਼ੋਭਦਾ)॥੧॥ ਸੋ ਸਾਹਿਬੁ; ਰਹਿਆ ਭਰਪੂਰਿ ॥ ਸਦਾ ਸੰਗਿ; ਨਾਹੀ ਹਰਿ ਦੂਰਿ ॥੨॥. ਕਹੈ ਕਬੀਰੁ ਪੂਰਨ ਜਗ (ਜਗਤ ’ਚ) ਸੋਈ ॥ ਜਾ ਕੇ ਹਿਰਦੈ, ਅਵਰੁ ਨ ਹੋਈ ॥੫॥ (ਭਗਤ ਕਬੀਰ/੩੩੦) ਆਦਿ।
(8). ਗੁਰੂ ਸਾਹਿਬਾਨ; ਭਗਤ ਸਾਹਿਬਾਨ ਦੇ ਉਕਤ ਵਿਚਾਰਾਂ ਕਾਰਨ ਉਨ੍ਹਾਂ ਨੂੰ ਅਸਲ ਭਗਤ ਮੰਨਦੇ ਹਨ; ਜਿਵੇਂ ਕਿ
ਨਾਮਾ ਛੀਬਾ ਕਬੀਰੁ ਜੁੋਲਾਹਾ; ਪੂਰੇ ਗੁਰ ਤੇ ਗਤਿ ਪਾਈ ॥ ਬ੍ਰਹਮ ਕੇ ਬੇਤੇ (ਜਾਣੂ), ਸਬਦੁ ਪਛਾਣਹਿ; ਹਉਮੈ ਜਾਤਿ ਗਵਾਈ ॥ ਸੁਰਿ ਨਰ, ਤਿਨ ਕੀ ਬਾਣੀ ਗਾਵਹਿ; ਕੋਇ ਨ ਮੇਟੈ ਭਾਈ ! ॥ (ਮਹਲਾ ੩/੬੭)
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ (ਦਿਆਲੂ ਨੂੰ) ॥ (ਮਹਲਾ ੪/੮੩੫)
ਧੰਨੈ (ਨੇ) ਸੇਵਿਆ ਬਾਲ ਬੁਧਿ ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ (ਸਫਲਤਾ)॥ ਬੇਣੀ ਕਉ ਗੁਰਿ (ਨੇ) ਕੀਓ ਪ੍ਰਗਾਸੁ ॥ ਰੇ ਮਨ ! ਤੂ ਭੀ ਹੋਹਿ ਦਾਸੁ ॥੫॥ ਕਬੀਰਿ (ਨੇ) ਧਿਆਇਓ ਏਕ ਰੰਗ ॥ ਨਾਮਦੇਵ, ਹਰਿ ਜੀਉ ਬਸਹਿ ਸੰਗਿ ॥ ਰਵਿਦਾਸ ਧਿਆਏ ਪ੍ਰਭ ਅਨੂਪ ॥ ਗੁਰ ਨਾਨਕ ਦੇਵ, ਗੋਵਿੰਦ ਰੂਪ ॥੮॥ (ਮਹਲਾ ੫/੧੧੯੨)
ਨੋਟ : ਭਗਤ ਸਾਹਿਬਾਨ ਨੇ ਆਪਣੀ ਆਪਣੀ ਬਾਣੀ ’ਚ ਰੱਬ ਦੇ ਕਈ ਨਾਮ ਲਏ ਹਨ, ਪਰ ‘ਗੋਬਿੰਦ’ (ਧਰਤੀ ਦੀ ਰੱਖਿਆ ਕਰਨ ਵਾਲ਼ਾ) ਸ਼ਬਦ ਜ਼ਿਆਦਾਤਰ ਭਗਤਾਂ ਨੇ ਵਰਤਿਆ ਹੈ; ਜਿਵੇਂ ਕਿ
ਮੇਰੀ ਪ੍ਰੀਤਿ; ਗੋਬਿੰਦ ਸਿਉ ਜਿਨਿ (ਮਤਾਂ) ਘਟੈ ॥ (ਭਗਤ ਰਵਿਦਾਸ/੬੯੪)
ਸਭੁ ਗੋਬਿੰਦੁ ਹੈ, ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ, ਨਹੀ ਕੋਈ ॥ (ਭਗਤ ਨਾਮਦੇਵ/੪੮੫)
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ; ਸੋ ਸੁਖੁ, ਰਾਜਿ (ਰਾਜ-ਸੱਤਾ ’ਚ ਰਹਿ ਕੇ) ਨ ਲਹੀਐ ॥ (ਭਗਤ ਕਬੀਰ/੩੩੬)
ਸੰਤਹੁ (ਨੇ) ਬਨਜਿਆ ਨਾਮੁ ਗੋਬਿਦ ਕਾ; ਐਸੀ ਖੇਪ ਹਮਾਰੀ ॥ (ਭਗਤ ਕਬੀਰ/੧੧੨੩)
ਮਦਨ (ਸੁੰਦਰ) ਮੂਰਤਿ, ਭੈ ਤਾਰਿ ਗੋਬਿੰਦੇ ॥ ਸੈਨੁ ਭਣੈ; ਭਜੁ ਪਰਮਾਨੰਦੇ ॥ (ਭਗਤ ਸੈਣ ਜੀ/੬੯੫) ਤਾਹੀਓਂ ਭਗਤਾਂ ਦੇ ਸਬੰਧ ’ਚ ਗੁਰੂ ਅਰਜਨ ਸਾਹਿਬ ਜੀ ਨੇ ਭੀ ‘ਗੋਬਿੰਦ’ ਸ਼ਬਦ ਨੂੰ ਵਰਤਿਆ, ‘‘ਗੋਬਿੰਦ, ਗੋਬਿੰਦ, ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥’’ ਮਹਲਾ ੫/੪੮੮)
(9). ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਵਰਣ-ਵੰਡ ਮੁਤਾਬਕ ਅਕਾਲ ਪੁਰਖ ਦਾ ਨਾਂ ‘ਹਰਿ’ (ਭਾਵ ਸਾਡੇ ਔਗੁਣ ਚੁਰਾ ਲੈਣ ਵਾਲ਼ਾ, ਚੋਰ ਪ੍ਰਭੂ) ਲੈਣਾ ਛੋਟੀ ਜਾਤੀ ਨਾਲ਼ ਸਬੰਧਿਤ ਭਗਤਾਂ ਦੁਆਰਾ ਵਰਤਿਆ ਜਾਂਦਾ ਸੀ; ਜਿਵੇਂ ਕਿ ਭਗਤ ਰਵਿਦਾਸ ਜੀ ਦੇ ਬਚਨ ਹਨ, ‘‘ਹਰਿ ਹਰਿ, ਹਰਿ ਹਰਿ, ਹਰਿ ਹਰਿ ਹਰੇ ॥ ਹਰਿ ਸਿਮਰਤ; ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥ ਹਰਿ ਕੇ ਨਾਮ; ਕਬੀਰ ਉਜਾਗਰ ॥ ਜਨਮ ਜਨਮ ਕੇ; ਕਾਟੇ ਕਾਗਰ ॥੧॥’’ (ਭਗਤ ਰਵਿਦਾਸ/੪੮੭)
ਉਕਤ ਸੋਚ ਮੁਤਾਬਕ ਹੀ ਗੁਰੂ ਰਾਮਦਾਸ ਜੀ ਨੇ ਆਪਣੇ ਇੱਕ ਸ਼ਬਦ ’ਚ ਨੀਚ ਕਹੇ ਜਾਂਦੇ ਭਗਤਾਂ ਦੀ ਤਾਰੀਫ਼ ਕਰਦਿਆਂ 9 ਵਾਰ ਕੇਵਲ ‘ਹਰਿ’ ਸ਼ਬਦ ਵਰਤਿਆ, ‘‘ਨੀਚ ਜਾਤਿ ‘ਹਰਿ’ ਜਪਤਿਆ; ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ ਸੁਤੈ (ਨੂੰ); ਕਿਸਨੁ ਉਤਰਿਆ, ਘਰਿ ਜਿਸੁ ਜਾਇ ॥੧॥ ‘ਹਰਿ’ ਕੀ ਅਕਥ ਕਥਾ, ਸੁਨਹੁ ਜਨ ਭਾਈ ! ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ ਰਵਿਦਾਸੁ ਚਮਾਰੁ ਉਸਤਤਿ ਕਰੇ; ‘ਹਰਿ’ ਕੀਰਤਿ, ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ; ਚਾਰਿ ਵਰਨ ਪਏ ਪਗਿ (ਚਰਨੀਂ) ਆਇ ॥੨॥ ਨਾਮਦੇਅ ਪ੍ਰੀਤਿ ਲਗੀ ‘ਹਰਿ’ ਸੇਤੀ (ਨਾਲ਼); ਲੋਕੁ ਛੀਪਾ ਕਹੈ ਬੁਲਾਇ ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ; ‘ਹਰਿ’ (ਨੇ) ਨਾਮਦੇਉ ਲੀਆ ਮੁਖਿ (ਨਾਲ਼) ਲਾਇ ॥੩॥ ਜਿਤਨੇ ਭਗਤ ‘ਹਰਿ’ (ਦੇ) ਸੇਵਕਾ; ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ; ਜੇ ਕ੍ਰਿਪਾ ਕਰੇ ‘ਹਰਿ’ ਰਾਇ ॥੪॥’’ (ਮਹਲਾ ੪/੭੩੩)
ਉਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬਾਨ ਨੇ ਕਿਸੇ ਸਰੀਰਕ ਰੰਗ-ਭੇਦ ਨੂੰ ਨਾ ਵੇਖਦਿਆਂ ਸਿਧਾਂਤ ਨੂੰ ਸਰਬੋਤਮ ਮੰਨਿਆ। ਆਪਣੇ ਹਮ ਖ਼ਿਆਲੀ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਜਗ੍ਹਾ ਜਗ੍ਹਾ ਤੋਂ ਇਕੱਠਾ ਕਰ ਗੁਰੂ ਗ੍ਰੰਥ ਸਾਹਿਬ ਰੂਪ ਮਾਲ਼ਾ ’ਚ ਪ੍ਰੋਇਆ, ਤਾਂ ਜੋ ਰਹਿੰਦੀ ਦੁਨੀਆਂ ਤੱਕ ਮਾਨਵਤਾ ਲਾਭ ਲੈਂਦੀ ਰਹੇ। ਬ੍ਰਾਹਮਣ ਦੀ ਸੋਚ ਕਿ ਕੇਵਲ ਬ੍ਰਹਮਾ ਦੇ ਮੂੰਹ ’ਚੋਂ ਪੈਦਾ ਹੋਣ ਵਾਲ਼ਾ ਪੰਡਿਤ ਹੀ ਧਰਮ ਦੀ ਗੱਲ ਕਰੇਗਾ, ਝੂਠਾ ਸਿੱਧ ਕਰ ਦਿੱਤਾ। ਇਨ੍ਹਾਂ ਸ਼੍ਰੋਮਣੀ ਭਗਤਾਂ ਨੂੰ ਵਰਣ-ਵੰਡ ਮੁਤਾਬਕ ਨੀਚ ਬਣਾ ਕੇ ਪਿਛਲੇ ਜਨਮ ’ਚ ਉੱਚ ਜਾਤੀ (ਦੇਵਤਿਆਂ) ਦੇ ਅਸ਼ੀਰਵਾਦ ਨਾਲ਼ ਪੈਦਾ ਹੋਏ, ਸਿੱਧ ਕਰਨ ਵਾਲ਼ੀਆਂ ਗ਼ਲਤ ਤੇ ਮਨ-ਘੜਤ ਕਹਾਨੀਆਂ ਨੂੰ ਰੱਦ ਕਰਨ ਲਈ ਗੁਰੂ ਸਾਹਿਬਾਨ ਨੇ ਆਪਣੇ ਸ਼ਬਦਾਂ ਰਾਹੀਂ ਸਪਸ਼ਟ ਕਰ ਦਿੱਤਾ ਕਿ ਇਨ੍ਹਾਂ ਨੇ ਗੁਰੂ ਦੀ ਰਾਹੀਂ ਸਰਬ ਵਿਆਪਕ ਈਸ਼ਵਰ ਦੀ ਬੰਦਗੀ ਕਤੀ ਹੈ, ਨਾ ਕਿ ਕਿਸੇ ਅਖੌਤੀ ਦੇਵਤੇ ਦੇ ਅਸ਼ੀਰਵਾਦ ਨਾਲ਼।
ਜਿਸ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ’ ’ਚ ਬਿਰਾਜਮਾਨ 6 ਗੁਰੂ ਸਾਹਿਬਾਨ ਤੋਂ ਇਲਾਵਾ 29 ਹੋਰ ਮਹਾਂ ਪੁਰਸ਼ਾਂ ਨੂੰ ਵਿਸ਼ੇਸ਼ਤਾ ਮਿਲੀ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਤਿਸੰਗੀ ਰਬਾਬੀ (ਭਾਈ ਮਰਦਾਨਾ ਜੀ) ਦਾ ਨਾਂ ਆਪਣੀ ਬਾਣੀ ’ਚ (3 ਸ਼ਬਦਾਂ ਦੇ ਸਿਰਲੇਖ ਵਜੋਂ) ਦਰਜ ਕਰਕੇ ਉਨ੍ਹਾਂ ਦੀ ਗੁਰੂ ਨਾਲ਼ ਨੇੜਤਾ ਨੂੰ ਇਤਿਹਾਸਕ ਬਣਾ ਦਿੱਤਾ। ਮਰਦਾਨਾ ਜੀ ਮੁਸਲਮਾਨ ਜਾਤੀ ਨਾਲ਼ ਸਬੰਧਿਤ ਸਨ, ਜਿਨ੍ਹਾਂ ਦਾ ਧਾਰਮਿਕ ਵਿਸ਼ਵਾਸ ਬਹਿਸ਼ਤ ’ਚ ਸੋਮਰਸ (ਸ਼ਰਾਬ) ਪਿਲਾਉਂਦਾ ਹੈ। ਗੁਰੂ ਸਾਹਿਬ ਨੇ ਤਿੰਨੇ ਸ਼ਬਦਾਂ ’ਚ ਭੀ ਸਦੀਵੀ ਨਸ਼ਾ ਦੇਣ ਵਾਲ਼ੀ ਮਸਤੀ (ਨਾਮ ਰਸ) ਨੂੰ ਮਿਸਾਲ ਬਣਾਇਆ। ਇਨ੍ਹਾਂ ਸ਼ਬਦਾਂ ਦੇ ਸਿਰਲੇਖ ’ਚ ਭਾਵੇਂ ‘ਮਰਦਾਨਾ’ ਸ਼ਬਦ ਹੈ, ਪਰ ਸ਼ਬਦ ਦੇ ਅੰਤ ’ਚ ‘ਨਾਨਕ’ ਮੋਹਰ ਹੀ ਹੈ; ਜਿਵੇਂ ਕਿ
(1). ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ, ਕਾਮੁ ਮਦੁ; ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ (ਮੋਹ ਨਾਲ਼) ਭਰੀ; ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ; ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ, ਸਤੁ ਗੁੜੁ; ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ ਕਰਿ ਸੀਲੁ ਘਿਉ; ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ! ਖਾਧੈ ਜਾਹਿ ਬਿਕਾਰ ॥੧॥ ਪਦ ਅਰਥ : ਕਲਿ ਕਲਵਾਲੀ-ਕਲਿਯੁਗੀ ਸ਼ਰਾਬ ਮੱਟੀ। ਮਦੁ-ਸ਼ਰਾਬ। ਮਜਲਸ-ਮਹਿਫ਼ਲ। ਸਰਾ-ਸ਼ਰਾਬ। ਸਾਰੁ-ਸ੍ਰੇਸ਼ਟ। ਮੰਡੇ-ਰੋਟੀ। ਸੀਲੁ-ਸਹਿਨਸ਼ੀਲਤਾ। ਸਰਮੁ-ਮਿਹਨਤ।
(2+3 ਸਲੋਕ). ਮਰਦਾਨਾ ੧ ॥ ਕਾਇਆ ਲਾਹਣਿ, ਆਪੁ ਮਦੁ; ਮਜਲਸ ਤ੍ਰਿਸਨਾ ਧਾਤੁ॥ ਮਨਸਾ ਕਟੋਰੀ ਕੂੜਿ ਭਰੀ; ਪੀਲਾਏ ਜਮਕਾਲੁ ॥ ਇਤੁ ਮਦਿ+ਪੀਤੈ (ਨਾਲ਼) ਨਾਨਕਾ ! ਬਹੁਤੇ ਖਟੀਅਹਿ ਬਿਕਾਰ ॥ ਗਿਆਨੁ ਗੁੜੁ, ਸਾਲਾਹ ਮੰਡੇ, (ਰੱਬੀ) ਭਉ ਮਾਸੁ ਆਹਾਰੁ ॥ ਨਾਨਕ ! ਇਹੁ ਭੋਜਨੁ ਸਚੁ ਹੈ; ਸਚੁ ਨਾਮੁ ਆਧਾਰੁ ॥੨॥ ਕਾਂਯਾਂ ਲਾਹਣਿ, ਆਪੁ ਮਦੁ; ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ; ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਬਿਕਾਰ ॥੩॥ (ਮਹਲਾ ੧/੫੫੩) ਪਦ ਅਰਥ : ਆਪੁ ਮਦੁ-ਹੰਕਾਰ ਸ਼ਰਾਬ। ਤ੍ਰਿਸਨਾ ਧਾਤੁ- ਤ੍ਰਿਸਨਾ ਦੀ ਖਿੱਚ। ਇਤੁ ਮਦਿ+ਪੀਤੈ-ਇਹ ਨਸ਼ਾ ਪੀਣ ਨਾਲ਼। ਗਿਆਨੁ ਗੁੜੁ-ਰੱਬੀ ਗਿਆਨ ਗੁੜ। ਮੰਡੇ-ਰੋਟੀ।
ਬ੍ਰਾਹਮਣ ਵਰਗੀ ਅਵਿਕਸਤ ਸੰਤ ਸਮਾਜ ਸੋਚ ਨੇ ਉਕਤ ਤਿੰਨੇ ਸ਼ਬਦ ‘ਮਰਦਾਨਾ’ ਜੀ ਦੀ ਰਚਨਾ ਮੰਨੇ ਹਨ ਜਦਕਿ ‘ਨਾਨਕ’ ਮੋਹਰ ਸਪਸ਼ਟ ਸੰਕੇਤ ਦਿੰਦੀ ਹੈ ਕਿ ਇਹ ਬਾਣੀ ਗੁਰੂ ਨਾਨਕ ਜੀ ਦੀ ਹੈ। ਗੁਰਬਾਣੀ ਅੰਦਰ ਭਗਤ ਸੂਰਦਾਸ ਜੀ ਦੇ ਸਬੰਧ ’ਚ ਭੀ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਬਦ ਹੈ। ਜਿਸ ਦੇ ਸਿਰਲੇਖ ਅਤੇ ਸਮਾਪਤੀ ਯਾਨੀ ਦੋਵੇਂ ਜਗ੍ਹਾ ‘ਸੂਰਦਾਸ’ ਮੋਹਰ ਹੈ, ਫਿਰ ਭੀ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੀ ਮੰਨਿਆ ਜਾਂਦਾ ਹੈ, ਜੋ ਕਿ ਸਹੀ ਭੀ ਹੈ; ਜਿਵੇਂ ਕਿ ਸਿਰਲੇਖ ਹੈ, ‘‘ਸਾਰੰਗ ਮਹਲਾ ੫ ਸੂਰਦਾਸ ॥’’ ਅਤੇ ਸ਼ਬਦ ਦੇ ਅੰਤ ’ਚ ਹੈ ‘‘ਸੂਰਦਾਸ ! ਮਨੁ ਪ੍ਰਭਿ+ਹਥਿ (’ਚ) ਲੀਨੋ; ਦੀਨੋ ਇਹੁ ਪਰਲੋਕ ॥’’ (ਮਹਲਾ ੫/੧੨੫੩) ਸੋ ਇੱਥੇ ‘ਨਾਨਕ’ ਮੋਹਰ ਨਹੀਂ, ਫਿਰ ਭੀ ਸ਼ਬਦ; ਗੁਰੂ ਅਰਜਨ ਸਾਹਿਬ ਜੀ ਦਾ ਮੰਨਿਆ ਗਿਆ, ਜੋ ਕਿ ਸਹੀ ਹੈ, ਪਰ ਉਕਤ ਤਿੰਨੇ ਸ਼ਬਦਾਂ ਦੇ ਕੇਵਲ ਸਿਰਲੇਖ ’ਚ ‘ਸਲੋਕ ਮਰਦਾਨਾ ੧’ ਹੈ, ਫਿਰ ਭੀ ਤਿੰਨੇ ਸ਼ਬਦ ਮਰਦਾਨਾ ਜੀ ਦੇ ਮੰਨ ਲਏ, ਜੋ ਸਿੱਖ ਦੀ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਹੈ। ਅਸਲ ’ਚ ਇਹ ਸਿਰਲੇਖ ਹੈ ‘ਸਲੋਕ ਮਰਦਾਨਾ, ਮਹਲਾ ੧’ । ਜੇਕਰ ‘ਮਰਦਾਨਾ ਪਹਿਲਾ’ ਸਮਝੀਏ ਤਾਂ ‘ਮਰਦਾਨਾ ਦੂਜਾ’ ਜਾਂ ਤੀਜਾ ਭੀ ਹੋਣਾ ਚਾਹੀਦਾ ਸੀ, ਜੋ ਕਿ ਨਹੀਂ ਹੈ।
ਭਾਈ ਮਰਦਾਨਾ ਜੀ ਵਾਙ ਆਪਣੇ ਇੱਕ ਹੋਰ ਸਤਿਸੰਗੀ ਭਾਈ ਲਾਲੋ ਜੀ ਦੇ ਵਜੂਦ ਨੂੰ ਭੀ ਇਤਿਹਾਸਕ ਬਣਾਉਣ ਲਈ ਗੁਰੂ ਨਾਨਕ ਸਾਹਿਬ ਨੇ ਆਪਣੇ ਇੱਕ ਸ਼ਬਦ ’ਚ 7 ਵਾਰ ‘ਵੇ ਲਾਲੋ’ ਕਿਹਾ ਹੈ। ਇਨ੍ਹਾਂ ਨੂੰ ਭੀ ਬ੍ਰਾਹਮਣੀ ਸੋਚ ਤਰਖਾਣ (ਨੀਚ) ਮੰਨਦੀ ਹੈ, ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ ! ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ, ਵੇ ਲਾਲੋ ! ॥ ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ ! ॥ ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ (ਫੇਰੇ, ਨਿਕਾਹ) ਪੜੈ ਸੈਤਾਨੁ, ਵੇ ਲਾਲੋ ! ॥ ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ, ਵੇ ਲਾਲੋ ! ॥ ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ, ਵੇ ਲਾਲੋ ! ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ! ਰਤੁ (ਖ਼ੂਨ) ਕਾ ਕੁੰਗੂ (ਕੇਸਰ) ਪਾਇ, ਵੇ ਲਾਲੋ ! ॥’’ ਮਹਲਾ ੧/੭੨੩)
ਸੋ ਗੁਰੂ ਸਾਹਿਬਾਨ ਨੇ ਜਿੱਥੇ ਨਿਰੋਲ ਸੱਚ-ਸਿਧਾਂਤ ਨੂੰ ਮਨੁੱਖਤਾ ਦੇ ਭਲੇ ਲਈ ਪ੍ਰਗਟ ਕੀਤਾ, ਓਥੇ ਕਈ ਹਮਖ਼ਿਆਲੀ ਭਗਤਾਂ ਤੇ ਭੱਟਾਂ ਦੀ ਬਾਣੀ ਅਤੇ ਆਪਣੇ ਕੁੱਝ ਅਤਿ ਪਿਆਰਿਆਂ ਦੀ ਯਾਦ ਨੂੰ ਭੀ ਸੰਭਾਲ਼ਿਆ ਹੈ। ‘ਗੁਰੂ ਗ੍ਰੰਥ ਸਾਹਿਬ’ ਦਾ ਮੁਕੰਮਲ ਵਿਸ਼ਲੇਸ਼ਣ ਕਰਨਾ ਬੜਾ ਮੁਸ਼ਕਲ ਹੈ, ਪਰ ਸੰਖੇਪ ’ਚ ਇਹੀ ਕਹਿ ਸਕਦੇ ਹਾਂ ਕਿ ਮਨੁੱਖ ਦੇ ਜਨਮ ਤੋਂ ਲੈ ਕੇ ਮੁਕਤੀ ਤੱਕ ਦੇ ਸਫ਼ਰ ਨੂੰ ਸੁਖਾਲਾ ਤੇ ਸਫਲ ਬਣਾਇਆ ਗਿਆ ਹੈ ਤਾਂ ਜੋ ਮਨੁੱਖ; ਆਪਣੇ ਅਧਿਕਾਰਾਂ ਨੂੰ ਸਮਝੇ, ਇੱਜ਼ਤ ਨਾਲ਼ ਪਰਵਾਰਕ ਤੇ ਸਮਾਜਿਕ ਫ਼ਰਜ਼ ਨਿਭਾ ਸਕੇ। ਇਸ ਧਰਤੀ ’ਤੇ ਮਨੁੱਖ ਹੀ ਸਿਰਮੌਰ ਪ੍ਰਾਣੀ ਹੈ, ‘‘ਅਵਰ ਜੋਨਿ; ਤੇਰੀ ਪਨਿਹਾਰੀ (ਸੇਵਾ ਕਰਨ ਲਈ) ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ (ਚੌਧਰੀ)॥’’ (ਮਹਲਾ ੫/੩੭੪)
ਸਮੂਹ ਗੁਰਬਾਣੀ ਨੂੰ ਸੰਪਾਦਨਾ ਕਰਨ ਉਪਰੰਤ ਭੀ ਅੰਤ ’ਚ ਕਰਤਾਰ ਦਾ ਧੰਨਵਾਦ ਕੀਤਾ ਗਿਆ ਹੈ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ॥’’ (ਮਹਲਾ ੫/੧੪੨੯) ਭਾਵੇਂ ਕਿ ਇਹ ਬੋਲ; ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਬੋਲਾਂ ‘‘ਸਭਿ ਗੁਣ (ਉਪਕਾਰ) ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ (ਮਿਹਰ) ਕੀਤੇ; ਭਗਤਿ ਨ ਹੋਇ ॥’’ (ਜਪੁ) ਨਾਲ਼ ਵਰਗੇ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ’ਚ ਇਨ੍ਹਾਂ ਨੂੰ ਦੁਹਰਾਉਣਾ, ਸਿੱਧ ਕਰਦਾ ਹੈ ਕਿ ਗੁਰੂ ਸਾਹਿਬਾਨ ਹਰ ਕਾਰਜ ਦਾ ਮਹੱਤਵ; ਸਭ ਕੁੱਝ ਕਰਨ ਤੇ ਕਰਾਉਣ ਵਾਲ਼ੇ ਮਾਲਕ ਨੂੰ ਹੀ ਦੇਣਾ ਚਾਹੁੰਦੇ ਹਨ ਤਾਂ ਜੋ ਰਹਿੰਦੀ ਦੁਨੀਆਂ ਤੱਕ ਮਨੁੱਖ; ਰੱਬ ਦੀ ਰਜ਼ਾ ਨੂੰ ਸਵੀਕਾਰਨਾ ਚੇਤੇ ਰੱਖਣ।
ਇਨ੍ਹਾਂ ਤਿੰਨੇ ਭਾਗਾਂ ’ਚ ਵਿਚਾਰੇ ਗਏ ਸਾਰੇ ਅਨਧਰਮਾਂ ਦੇ ਰਹਿਬਰਾਂ ਨੂੰ ਰੱਬੀ ਨਾਦ, ਉਮਰ ਦੇ ਲਗਭਗ 40 ਸਾਲਾਂ ਉਪਰੰਤ ਨਾਜ਼ਿਲ ਹੋਏ, ਪਰ ਗੁਰੂ ਨਾਨਕ ਸਾਹਿਬ ਜੀ ਨੇ 11 ਸਾਲ ਦੀ ਉਮਰ ’ਚ ਪਿਤਾ-ਪੁਰਖੀ ਰਹੁ-ਰੀਤ (ਜਨੇਊ ਧਾਰਨ) ਨੂੰ ਅਸਵੀਕਾਰ ਕਰਕੇ ਆਪਣੀ ਚੇਤਨਾ ਨੂੰ ਸਮੂਹ ਸਮਾਜਿਕ ਭਾਈਚਾਰੇ ਦੇ ਸਨਮੁਖ ਸਾਬਤ ਕਰ ਦਿੱਤਾ ਸੀ। ਇਸ ਤੋਂ ਭੀ ਪਹਿਲਾਂ 3 ਅਧਿਆਪਕਾਂ (7 ਸਾਲ ਦੀ ਉਮਰ ’ਚ ਗੋਪਾਲ ਪੰਡਿਤ ਪਾਸੋਂ ਹਿੰਦੀ ਪੜ੍ਹਨ ਸਮੇਂ, 9 ਸਾਲ ਦੀ ਉਮਰ ’ਚ ਪੰਡਿਤ ਬ੍ਰਿਜਲਾਲ ਪਾਸੋਂ ਸੰਸਕ੍ਰਿਤ ਪੜ੍ਹਨ ਸਮੇਂ ਅਤੇ 13 ਸਾਲ ਦੀ ਉਮਰ ’ਚ ਫ਼ਾਰਸੀ ਤਾਲੀਮ ਲੈਣ ਲਈ ਮੌਲਵੀ ਕੁਤਬੁਦੀਨ) ਪਾਸੋਂ ਭੀ ‘ਬ੍ਰਹਮ ਗਿਆਨੀ ਨਾਨਕ’ ਦੀਆਂ ਰਿਪੋਰਟਾਂ ਪਿਤਾ ਜੀ ਨੂੰ ਮਿਲੀ ਰਹੀਆਂ ਸਨ। 23 ਅਗਸਤ 1507 ਈ: ਭਾਵ 38 ਸਾਲ ਦੀ ਉਮਰ ’ਚ ਵੇਈ ਨਦੀ ਵਾਲ਼ੀ ਘਟਨਾ ਉਪਰੰਤ ਤਾਂ ਬਾਬੇ ਨਾਨਕ ਨੂੰ ‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।’’ ਦੀ ਪੁਕਾਰ ਸੁਣਾਈ ਦਿੰਦੀ ਪਈ ਸੀ।
ਰਵਾਇਤੀ ਧਾਰਮਿਕ ਗ੍ਰੰਥਾਂ ਅਤੇ ਗੁਰੂ ਗ੍ਰੰਥ ਸਾਹਿਬ ’ਚ ਮੂਲ ਅੰਤਰ ਇਹ ਹੈ ਕਿ ਅਨ ਧਰਮਾਂ ਦੇ ਕਿਸੇ ਭੀ ਰਹਿਬਰ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ ਤੇ ਨਾ ਹੀ ਆਪਣਾ ਕੋਈ ਉਤਰਾਧਿਕਾਰੀ ਥਾਪਿਆ ਜਦਕਿ ਗੁਰਬਾਣੀ ਸਪਸ਼ਟ ਕਰਦੀ ਹੈ ਕਿ ਗੁਰੂ ਨਾਨਕ ਜੀ ਤੋਂ ਇਲਾਵਾ ਸਾਰੇ ਹੀ ਬਾਣੀਕਾਰਾਂ ਨੇ ਗੁਰੂ ਧਾਰਨ ਕੀਤਾ ਹੈ। ਨਾਨਕ ਜੋਤਿ ਨੇ ਆਪਣੇ 10 ਉੱਤਰਾਧਿਕਾਰੀ ਜੀਵਦਿਆਂ ਹੀ ਚੁਣੇ ਹਨ, ‘‘ਸਹਿ (ਨੇ) ਟਿਕਾ ਦਿਤੋਸੁ; ਜੀਵਦੈ ॥’’ (ਬਲਵੰਡ ਸਤਾ ਜੀ/੯੬੬) ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਾਰੀ ਊਰਜਾ (ਰੂਹਾਨੀਅਤ ਪ੍ਰਕਾਸ਼, ਬਲ); ਬਾਕੀ ਗੁਰੂ ਸਾਹਿਬਾਨ ਦੁਆਰਾ ਕੀਤੀ ਗੁਰਮਤਿ ਦੀ ਕਮਾਈ ’ਚ ਬਦਲਿਆ ਹੈ ਭਾਵੇਂ ‘ਗੁਰੂ’ ਸਰੀਰ ਹੋਣ ਜਾਂ ‘ਗੁਰੂ ਗ੍ਰੰਥ ਸਾਹਿਬ’। ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੋਈ ਵੀ ਧਰਮ; ਰੱਬ ਨੂੰ ‘ਕਣ ਕਣ ’ਚ ਵਿਆਪਕ’ ਨਹੀਂ ਮੰਨਦਾ, ਜਿਸ ਦੀ ਮਿਹਰ ਤੇ ਹੁਕਮ ਨਾਲ਼ ਜਗਤ ਵਿਕਾਸ ਕਰਦਾ ਹੈ। ਇਹ ਅਲੌਕਿਕ ਗਿਆਨ ਭੀ ਸਮੂਹ ਬਾਣੀਕਾਰਾਂ ਨੇ ਖ਼ੁਦ ਕਲਮਬੱਧ ਕੀਤਾ ਜਦਕਿ ਬਾਕੀ ਧਰਮਾਂ ਦੇ ਰਹਿਬਰ ਇਹ ਕਾਰਜ ਕਰਨ ’ਚ ਅਸਫਲ ਰਹੇ।










