ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਸੰਕਲਪ
ਪਰਵਿੰਦਰ ਕੌਰ ਲਤਾਲਾ
ਗੁਰੂ ਨਾਨਕ ਬਾਣੀ ਦਾ ਅਧਿਐਨ ਕਰਨ ’ਤੇ ਸਪੱਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਦੀ ਹੈ, ਜੋ ਮਨੁੱਖ ਨੂੰ ਆਪੇ ਤੇ ਬ੍ਰਹਿਮੰਡ ਨਾਲ ਜੋੜਦੀ ਹੋਈ ਪਰਮਾਰਥ ਦਾ ਮਾਰਗ ਦਿਖਾਉਂਦੀ ਹੈ। ਗੁਰੂ ਨਾਨਕ ਬਾਣੀ ਜਿੱਥੇ ਆਪਣੇ ਸਮੇਂ ਦੇ ਸਾਮੰਤਵਾਦ ਦੀ ਕੱਟੜ ਨੀਤੀ ਤੇ ਆਰਥਿਕ ਲੁੱਟ-ਖਸੁੱਟ ਦਾ ਵਿਰੋਧ ਕਰਦੀ ਹੋਈ ਮਨੁੱਖ ਨੂੰ ਚੇਤੰਨ ਕਰਦੀ ਹੈ, ਉੱਥੇ ਹੀ ਸਮੁੱਚੀ ਲੋਕਾਈ ਨੂੰ ਕਰਮਕਾਂਡਾਂ, ਆਡੰਬਰਾਂ ਤੇ ਪਾਖੰਡਾਂ ਤੋਂ ਮੁਕਤ ਕਰਦੀ ਹੋਈ ‘ਈਸ਼ਵਰਵਾਦ’ ਦੇ ਸਿਧਾਂਤ ਨਾਲ ਜੋੜਦੀ ਹੈ।
ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਮਨੁੱਖ ਤੇ ਸਮਾਜ ਦੀ ਸਥਾਪਨਾ ਲਈ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੇ ਤਿੰਨ ਮੁੱਖ ਉਪਦੇਸ਼ ਦਿੱਤੇ, ਜੋ ਸਮਾਜ ਦੇ ਅਰਥਚਾਰੇ ਤੇ ਸਮਾਜਿਕ ਸਾਂਝੀਵਾਲਤਾ ਦੇ ਸੰਕਲਪ ਹਨ। ਗੁਰੂ ਨਾਨਕ ਦੇਵ ਜੀ ਕਿਰਤ ਦੀ ਮਹੱਤਤਾ ਬਾਰੇ ਦੱਸਦੇ ਹਨ ਕਿ ਕਿਰਤ ਨੂੰ ਸਿਰਫ਼ ਪਦਾਰਥਕ ਖ਼ੁਸ਼ਹਾਲੀ ਦਾ ਆਧਾਰ ਨਹੀਂ ਮੰਨਣਾ ਚਾਹੀਦਾ, ਸਗੋਂ ਸੱਚੀ ਕਿਰਤ ਦੁਆਰਾ ਜਿੱਥੇ ਅਸੀਂ ਸਮਾਜ ਦਾ ਆਰਥਿਕ ਤੌਰ ’ਤੇ ਵਿਕਾਸ ਕਰਦੇ ਹਾਂ ਉੱਥੇ ਹੀ ਸੱਚ ਦਾ ਰਾਹ ਵੀ ਕਿਰਤ ਦੁਆਰਾ ਪਛਾਣਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਖ਼ੁਦ ਖੇਤੀਬਾੜੀ ਦਾ ਕਿੱਤਾ ਕਰ ਕੇ ਕਿਰਤ ਦੀ ਮਹੱਤਤਾ ਨੂੰ ਦਰਸਾਇਆ। ਕਿੱਤਾ ਕੋਈ ਵੀ ਹੋਵੇ, ਉਸ ਨੂੰ ਕਰਦਿਆਂ ਹੀਣਤਾ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਸਮਾਜ ਦੇ ਸਦੀਵੀ ਵਿਕਾਸ ਲਈ ਉਪਕਾਰ ਭਰੇ ਕਾਰਜ ਕਰਨੇ ਚਾਹੀਦੇ ਹਨ। ਭਗਤ ਨਾਮਦੇਵ ਜੀ ਨੇ ਕੱਪੜਾ ਰੰਗਣ, ਭਗਤ ਰਵਿਦਾਸ ਜੀ ਨੇ ਜੁੱਤੀਆਂ ਗੰਢਣ, ਭਗਤ ਕਬੀਰ ਜੀ ਨੇ ਕੱਪੜਾ ਬੁਣਨ ਦੀ ਕਿਰਤ ਕਰਦਿਆਂ ਜਿੱਥੇ ਸਮਾਜ ਲਈ ਕਈ ਉਪਕਾਰ ਭਰੇ ਕਾਰਜ ਕੀਤੇ, ਉੱਥੇ ਹੀ ਨਾਮ ਸਿਮਰਨ ਦੁਆਰਾ ਬ੍ਰਹਮ ਨੂੰ ਵੀ ਪ੍ਰਾਪਤ ਕੀਤਾ। ਗੁਰੂ ਜੀ ਅਨੁਸਾਰ ਮਨੁੱਖ ਆਪਣੇ ਨਿੱਤ ਦੇ ਕਾਰ ਵਿਹਾਰ ਦੌਰਾਨ ਸੱਚੀ ਕਿਰਤ ਕਰਦਾ ਹੋਇਆ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਅਸਲ ਤੇ ਉੱਤਮ ਕਰਮ ਸੱਚੀ ਕਿਰਤ ਤੇ ਪ੍ਰਭੂ-ਭਗਤੀ ਹੈ, ਜੋ ਮਨੁੱਖੀ ਜੀਵਨ ਦਾ ਮੁੱਖ ਮਨੋਰਥ, ਬੁਨਿਆਦ ਤੇ ਮਾਰਗ ਹੈ।
ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਵੰਡ ਛਕਣ ਦੀ ਵੀ ਗੱਲ ਕਰਦੇ ਹਨ। ਜੋ ਮਨੁੱਖ ਆਪਣੀ ਕਿਰਤ ਕਮਾਈ ਵਿੱਚੋਂ ਵੰਡ ਛਕਣ ਦੇ ਸਿਧਾਂਤ ਨੂੰ ਅਪਣਾਅ ਕੇ ਲੋੜਵੰਦਾਂ ਦੀ ਵੀ ਸਹਾਇਤਾ ਕਰਦਾ ਹੈ, ਉਹੀ ਮਨੁੱਖ ਕਰਮਸ਼ੀਲ ਹੋ ਸਕਦਾ ਹੈ। ਵੰਡ ਛਕਣ ਦਾ ਸਿਧਾਂਤ ਸਾਂਝੀਵਾਲਤਾ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ ਤੇ ਮਨੁੱਖ ਦੇ ਅੰਦਰੋਂ ਹਉਮੈ ਨੂੰ ਵੀ ਸਦੀਵੀ ਤੌਰ ’ਤੇ ਨਸ਼ਟ ਕਰਦਾ ਹੈ।
ਵੰਡ ਛਕਣ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨਾਮ-ਸਿਮਰਨ ਦੇ ਸੰਕਲਪ ਨੂੰ ਵੀ ਵਿਸਥਾਰਮਈ ਰੂਪ ਵਿੱਚ ਪ੍ਰਗਟਾਉਂਦੇ ਹਨ ਕਿ ਕਿਰਤ ਦਾ ਆਦਰਸ਼ ਰੂਪ; ਨਾਮ ਦੀ ਕਿਰਤ ਕਰਨਾ ਹੈ। ਉਨ੍ਹਾਂ ਅਨੁਸਾਰ ਜੋ ਮਨੁੱਖ ਗ੍ਰਹਿਸਥੀ ਜੀਵਨ ਵਿੱਚ ਸੱਚੀ ਕਿਰਤ ਕਰਦਾ ਹੈ, ਉਸ ਕਿਰਤ ਨੂੰ ਰੱਬੀ ਨਾਮ ਜਪਣ ਨਾਲ਼ ਤੁਰੰਤ ਫਲ਼ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਬੰਦਾ ਹਲੇਮੀ ’ਚ ਰਹਿ ਕੇ ਰੱਬੀ ਬੰਦਗੀ ਕਰਦਾ ਹੈ। ਮਨੁੱਖ ਨੂੰ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਜੇ ਸਿਰਫ਼ ਕਿਰਤ ਨੂੰ ਹੀ ਜ਼ਿੰਦਗੀ ਦਾ ਮੁੱਖ ਆਧਾਰ ਮੰਨ ਕੇ ਚੱਲਾਂਗੇ ਤਾਂ ਉਹ ਵਪਾਰ ਬਣ ਜਾਵੇਗੀ ਅਤੇ ਜੇ ਸਿਰਫ਼ ਨਾਮ ਜਪਣ ਹੀ ਹੈ ਤਾਂ ਉਸ ਨਾਲ ਸਰੀਰਕ ਭੁੱਖ ਦੂਰ ਨਹੀਂ ਹੋ ਸਕੇਗੀ। ਇਸ ਲਈ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਸਹਿਜੇ ਰੂਪ ਵਿੱਚ ਢਾਲਣਾ ਜ਼ਰੂਰੀ ਹੈ। ਮਨੁੱਖ ਦੁਆਰਾ ਕੀਤਾ ਗਿਆ ਸੁੱਚਾ ਕਰਮ ਉਸ ਦੇ ਅੰਦਰ ਗਿਆਨ ਦੀ ਸੋਝੀ ਪੈਦਾ ਕਰਦਾ ਹੈ। ਕਰਮ ਅਤੇ ਸ਼ਬਦ ਗਿਆਨ ਦੇ ਪ੍ਰਕਾਸ਼ ਦੁਆਰਾ ਹੀ ਆਦਰਸ਼ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਜੇ ਅਸੀਂ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਤਾਂ ਇਸ ਨਾਲ ਸਾਨੂੰ ਅਮਨ, ਚੈਨ, ਸ਼ਾਂਤੀ, ਸੱਚ, ਨਿਆਂ, ਮੋਕਸ਼ ਤੇ ਆਨੰਦ ਸਦੀਵੀ ਤੌਰ ’ਤੇ ਪ੍ਰਾਪਤ ਹੋ ਸਕਦੇ ਹਨ। ਸਮਾਜਿਕ ਵਿਵਸਥਾ ਅਧੀਨ ਕਈ ਅਜਿਹੇ ਮਸਲੇ ਹਨ, ਜਿਨ੍ਹਾਂ ਦਾ ਹੱਲ ਗੁਰੂ ਨਾਨਕ ਸਾਹਿਬ ਦੀ ਬਾਣੀ ਸਮੇਤ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਹੁੰਦਾ ਹੈ। ਇਸ ਨੂੰ ਫਰੋਲਣ (ਘੋਖਣ) ਦੀ ਲੋੜ ਹੈ ਕਿਉਂਕਿ ਇਹ ਉਹ ਰਚਨਾ ਹੈ, ਜੋ ਮਨੁੱਖੀ ਜ਼ਿੰਦਗੀ ਨੂੰ ਅਧਿਆਤਮਕਤਾ ਨਾਲ ਜੋੜ ਕੇ ਸੱਚ ਦਾ ਮਾਰਗ ਦਰਸਾਉਂਦੀ ਹੈ।