ਗੁਰਇਤਿਹਾਸ ਦੀ ਭੂਮਿਕਾ ਵਿੱਚ ਸੂਰਬੀਰ ਮਾਤਾ ਭਾਗ ਕੌਰ

0
425

ਗੁਰਇਤਿਹਾਸ ਦੀ ਭੂਮਿਕਾ ਵਿੱਚ ਸੂਰਬੀਰ ਮਾਤਾ ਭਾਗ ਕੌਰ

ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ, ਵੱਟਸਅਪ ਸੰਪਰਕ : 1-631-455-5164

ਗੁਰਮਤਿ ਫ਼ਿਲਾਸਫ਼ੀ ਅਤੇ ਗੁਰ ਇਤਿਹਾਸ ਦੇ ਸੱਚ ਦੀ ਸੋਝੀ ਰੱਖਣ ਵਾਲੇ ਲਗਭਗ ਸਾਰੇ ਹੀ ਗੁਰਸਿੱਖ ਵਿਦਵਾਨ ਮੰਨਦੇ ਹਨ ਕਿ ਸਿੱਖ ਇਤਿਹਾਸ ਦੇ ਪੁਰਾਤਨ ਸੋਮਿਆਂ ਵਿੱਚੋਂ ਹੁਣ ਐਸਾ ਕੋਈ ਵੀ ਦਸਤਾਵੇਜ਼, ਗ੍ਰੰਥ ਜਾਂ ਪੁਸਤਕ ਨਹੀਂ, ਜਿਸ ਨੂੰ ਗੁਰਬਾਣੀ ਦੇ ਚਾਨਣ ਵਿੱਚ ਸੰਪੂਰਨ ਤੌਰ ’ਤੇ ਗੁਰਮਤਿ ਅਨੁਸਾਰੀ ਤੇ ਗੁਰਸਿੱਖੀ ਅਚਾਰ-ਵਿਹਾਰ ਦੇ ਅਨੁਕੂਲ ਮੰਨਿਆ ਜਾ ਸਕੇ। ਇਸ ਦੇ ਕਾਰਨਾਂ ਸੰਬੰਧੀ ‘ਸਿੱਖ ਇਤਿਹਾਸ ਦੇ ਸੋਮੇ’ ਪੁਸਤਕ ਲੜੀ ਦੀ ਭੂਮਿਕਾ ਵਿੱਚ ਸ. ਸੋਹਣ ਸਿੰਘ ‘ਸੀਤਲ’ ਲਿਖਦੇ ਹਨ ‘‘ਪਰਦੇਸੀ ਲੇਖਕ ਸਾਡੀ ਸੱਭਯਤਾ ਅਤੇ ਧਾਰਮਿਕ ਵਿਚਾਰਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਸਨ। ਮੁਸਲਮਾਨਾਂ ਨੇ ਸਾਡੇ ਗੁਣਾਂ ਨੂੰ ਘਟਾ ਕੇ ਅਤੇ ਕਮਜ਼ੋਰੀਆਂ ਨੂੰ ਵਧਾ ਕੇ ਦੱਸਿਆ ਹੈ। (ਹਿੰਦੂ ਮਤ ਦੇ ਪ੍ਰਭਾਵ ਹੇਠ ਵਿਚਰਨ ਵਾਲੇ) ਸਨਾਤਨੀ ਸਿੱਖਾਂ ਅਤੇ ਹਿੰਦੂਆਂ ਦੀ ਲਿਖਤਾਂ ਵਿੱਚ ਸਾਰਾ ਜ਼ੋਰ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਫ਼ਿਰਕਾ ਸਿੱਧ ਕਰਨ ਵਾਸਤੇ ਲਾਇਆ ਗਿਆ ਹੈ, ਪਰ ਇਹਨਾਂ ਸਾਰੀਆਂ ਲਿਖਤਾਂ ਨੂੰ ਸਾਮ੍ਹਣੇ ਰੱਖ ਕੇ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਸੱਚ ਤੱਕ ਪਹੁੰਚਿਆ ਜਾ ਸਕਦਾ ਹੈ।’’ (ਪੰ. 16)

21ਵੀਂ ਸਦੀ ਦੇ ਆਰੰਭ ਤੋਂ ਸਾਡੇ ਜਾਗਰੂਕ ਅਖਵਾਉਣ ਵਾਲੇ ਕੁਝ ਗੁਰਸਿੱਖ ਵਿਦਵਾਨਾਂ ਅਤੇ ਪ੍ਰਚਾਰਕ ਵੀਰਾਂ ਦਾ ਸਾਰਾ ਜ਼ੋਰ ਇਤਿਹਾਸ ਦੇ ਉਪਰੋਕਤ ਸੋਮਿਆਂ ਵਿੱਚੋਂ ਸੱਚ ਨੂੰ ਪ੍ਰਗਟਾਉਣ ਦੀ ਥਾਂ ਉਨ੍ਹਾਂ ਨੂੰ ਮੁੱਢੋਂ ਹੀ ਰੱਦ ਕਰਨ ’ਤੇ ਕਿਉਂ ਲੱਗ ਰਿਹਾ ਹੈ, ਸਮਝ ਤੋਂ ਬਾਹਰ ਹੈ। ਸਾਡੀ ਹਾਲਤ ਉਸ ਵਿਅਕਤੀ ਵਾਲੀ ਹੈ, ਜਿਸ ਨੇ ਇੱਕ ਦਰਿਆ ਦੇ ਕਿਨਾਰੇ ਚਿੱਕੜ ਨਾਲ ਲੱਥ-ਪੱਥ ਬੱਚੇ ਨੂੰ ਧੋਂਦਿਆਂ ਆਪਣਾ ਬੱਚਾ ਹੀ ਰੋੜ ਲਿਆ ਸੀ।  ‘ਸੀਤਲ’ ਜੀ ਦੇ ਉਪਰੋਕਤ ਲੇਖ ਵਿੱਚ ਇਹ ਵੀ ਲਫ਼ਜ਼ ਹਨ ‘‘ਜੋ ਵੀ ਹੈ, ਇਨ੍ਹਾਂ ਗ੍ਰੰਥਾਂ ਵਿੱਚੋਂ ਹੀ ਸਾਨੂੰ ਸਹੀ ਮਸਾਲਾ ਲੱਭਣਾ ਪਵੇਗਾ । ਇਨ੍ਹਾਂ ਬਿਨਾਂ ਸਾਡਾ ਗੁਜ਼ਾਰਾ ਵੀ ਨਹੀਂ । ਇਤਿਹਾਸ; ਕੌਮਾਂ ਦੀ ਜਿੰਦ ਜਾਨ ਹੁੰਦਾ ਹੈ । ਅੱਜ ਇਸ ਗੱਲ ਦੀ ਲੋੜ ਹੈ ਕਿ ਅਸੀਂ ਆਪਣਾ ਸੋਧਿਆ ਹੋਇਆ ਇਤਿਹਾਸ ਲੋਕਾਂ ਸਾਮ੍ਹਣੇ ਪੇਸ਼ ਕਰੀਏ।’’

‘ਗੁਰ ਪ੍ਰਰਤਾਪ ਸੂਰਜ’ ਦਾ ਹੀ ਪ੍ਰਚਲਿਤ ਤੇ ਸੰਖੇਪ ਪੰਜਾਬੀ ਨਾਂ ਹੈ ‘ਸੂਰਜ ਪ੍ਰਕਾਸ਼’, ਜੋ ਕਵੀ ਭਾਈ ਸੰਤੋਖ ਸਿੰਘ ‘ਨਿਰਮਲੇ’ (ਸੰਨ 1788-1843) ਦੀ ਕਿਰਤ ਹੈ। ਸਾਰੇ ਜਾਣਦੇ ਹਨ ਕਿ ਖ਼ਾਲਸਾ ਰਾਜ ਵੇਲੇ ਉਹ ਸ੍ਰੀ ਦਰਬਾਰ ਸਾਹਿਬ ਦੇ ਉਸ ਮੁੱਖ ਗ੍ਰੰਥੀ ਗਿਆਨੀ ਸੰਤ ਸਿੰਘ ਨਿਰਮਲੇ ਦਾ ਵਿਦਿਆਰਥੀ ਰਿਹਾ ਸੀ, ਜਿਸ ਦੇ ਘਰ ਦੇ ਬਾਹਰਲੇ ਮੁੱਖ ਦਰਵਾਜ਼ੇ ਉੱਤੇ ਗਣੇਸ਼ ਦੀ ਮੂਰਤੀ ਵੀ ਸਥਾਪਿਤ ਸੀ।  ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਦੇ ਅੰਦਰਾਜ਼ ‘ਸੰਤੋਖ ਸਿੰਘ’ ਵਿੱਚ ਲਿਖਿਆ ਹੈ ਕਿ ਕੈਥਲਪਤਿ ਭਾਈ ਉਦਯ ਸਿੰਘ ਜੀ ਦੇ ਨੌਕਰ ਪੰਡਿਤਾਂ ਦੀ ਸਹਾਇਤਾ ਨਾਲ ਕਵੀ ਜੀ ਨੇ ਨੌਂ ਸਤਿਗੁਰਾਂ ਦੀ ਪਵਿਤ੍ਰ ਜੀਵਨਕਥਾ ‘ਗੁਰ ਪ੍ਰਤਾਪ ਸੂਰਯ’ ਨਾਮਕ ਗ੍ਰੰਥ ਵਿੱਚ ਲਿਖੀ, ਜੋ ਸੰਮਤ 1900 (ਸੰਨ 1841) ਹੋਇਆ। ਇਸੇ ਸਾਲ ਹੀ ਉਹ (ਗ੍ਰੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਥ ਨੂੰ ਸਮਰਪਤ ਕਰਨ ਉਪਰੰਤ) ਕੈਥਲ ਵਿੱਚ ਹੀ ਗੁਰਪੁਰਿ ਪਧਾਰੇ। ਅਸਲ ਵਿੱਚ ਅਜਿਹੀ ਵਿਓਂਤਬੰਦੀ ਹੀ ਉਹ ਮੁੱਖ ਸਾਧਨ ਬਣੀ, ਜਿਸ ਕਰਕੇ ਗਿ. ਸੰਤ ਸਿੰਘ ਜੀ ਰਾਹੀਂ ਇਸ ਗ੍ਰੰਥ ਦੀ ਗੁਰਦੁਆਰਾ ਸਾਹਿਬਾਨ ਵਿੱਚ ਕਥਾ ਸ਼ੁਰੂ ਹੋਈ । ਇਸੇ ਹੀ ਅੰਦਰਾਜ਼ ਵਿੱਚ ‘ਨਾਭਾ’ ਜੀ ਦੀ ਹੇਠ ਲਿਖੀ ਹੂ-ਬਹੂ ਵਾਰਤਾ ਹੈ :

‘‘ਭਾਈ ਸਾਹਿਬ ਨੂੰ ਗੁਰੁਮਤ ਵਿੱਚ ਪੂਰੀ ਸ਼੍ਰੱਧਾ ਅਤੇ ਪ੍ਰੇਮ ਸੀ, ਪਰ ਪੰਡਿਤਾਂ ਦੀ ਸੰਗਤਿ ਅਤੇ ਪ੍ਰੇਰਣਾ ਦ੍ਵਾਰਾ ਕਿ ਜੇ ਆਪ ਗੁਰੂਆਂ ਦੀ ਕਥਾ ਨੂੰ ਪੁਰਾਣ ਰੀਤੀ ਅਨੁਸਾਰ ਅਵਤਾਰਾਂ ਜੇਹੀ ਲਿਖੋਗੇ ਅਤੇ ਸ਼ਾਸਤ੍ਰਾਂ ਤੋਂ ਵਿਰੁੱਧ ਆਪ ਦੇ ਪੁਸਤਕ ਨਹੀਂ ਹੋਣਗੇ, ਤਾਂ ਉਨ੍ਹਾਂ ਦਾ ਬਹੁਤ ਪ੍ਰਚਾਰ ਹੋਊ ਅਤੇ ਸਭ ਆਪ ਦੀ ਰਚਨਾ ਨੂੰ ਆਦਰ ਨਾਲ ਪੜ੍ਹਨਗੇ, ਕਈ ਥਾਈਂ ਟੱਪਲਾ ਖਾ ਗਏ ਹਨ।’’

ਸ੍ਰ ਗੁਰਬਖ਼ਸ਼ ਸਿੰਘ ‘ਕਾਲਾ ਅਫ਼ਗਾਨਾ’ ਨੇ ਜਦੋਂ ‘ਗੁਰ ਬਿਲਾਸ ਪਾਤਸ਼ਾਹੀ 6ਵੀਂ’ ’ਤੇ ਆਧਾਰਿਤ ਸਿੱਖ ਇਤਿਹਾਸ ਦੇ ਮੁੱਢਲੇ ਸ੍ਰੋਤਾਂ ਵਿੱਚ ਬਿਪਰਵਾਦ ਦੀ ਮਿਲਾਵਟ ਦਾ ਮਸਲਾ ਉਭਾਰਿਆ ਤਾਂ ਸ. ਮਨਜੀਤ ਸਿੰਘ ਕਲਕੱਤੇ ਦੀ ਸਲਾਹ ਮੰਨ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਰਜ ਪ੍ਰਕਾਸ਼ ਵਿੱਚੋਂ ਬਿਪਰਵਾਦੀ ਟੱਪਲੇ ਦੂਰ ਕਰਨ ਦੀ ਸੇਵਾ ਪ੍ਰਸਿੱਧ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਹੁਰਾਂ ਨੂੰ ਸੌਂਪੀ ਗਈ; ਕਿਉਂਕਿ ਗੁਰਦੁਆਰਿਆਂ ਵਿੱਚ ਇਸ ਦੀ ਕਥਾ ਹੋਣ ਕਰਕੇ ਸਿੱਖਾਂ ਵਿੱਚ ਇਸ ਗ੍ਰੰਥ ਦੀ ਬਾਕੀਆਂ ਨਾਲੋਂ ਵਧੇਰੇ ਮਾਨਤਾ ਹੈ। ਇਸ ਨੂੰ ਆਧਾਰ ਬਣਾ ਕੇ ਹੀ ਬਾਕੀ ਦੇ ਕਈ ਇਤਿਹਾਸਕ ਪੱਖ ਲਿਖੇ ਗਏ। ਇਹੀ ਕਾਰਨ ਹੈ ਕਿ ਇਸ ਵਿੱਚ ਰਲ਼ਗੱਡ ਵੀ ਵਧੇਰੇ ਹੋਈ ਹੈ, ਪਰ ਦੁੱਖ ਦੀ ਗੱਲ ਹੈ ਕਿ ਸ. ਕਲਕੱਤਾ ਜੀ ਦੀ ਉਪਰੋਕਤ ਰੀਝ; ਗੁਰਮਤੀ ਸੂਝ ਦੀ ਸਹਾਇਕ ਘਾਟ ਅਤੇ ਸਿੱਖ ਆਗੂਆਂ ਦੀ ਰਾਜਨੀਤਕ ਸਾਂਝ ਦੇ ਪ੍ਰਭਾਵ ਹੇਠ ਡਾ. ਸਾਹਿਬ ਦੇ ਚਲਾਣੇ ਕਾਰਨ ਪੂਰੀ ਵੀ ਨਾ ਹੋ ਸਕੀ।

18ਵੀਂ ਸਦੀ ਦੇ ਅੰਤ ਅਤੇ ਸਿੱਖ ਮਿਸਲਾਂ ਦੇ ਜ਼ਮਾਨੇ ਪਿੰਡ ਭਾਦਸੋਂ (ਪਰਗਨਾ ਥਨੇਸਰ) ਦੇ ਵਸਨੀਕ ਭਾਈ ਕੇਸਰ ਸਿੰਘ ਭੱਟ ਦੇ ਦੋ ਵਿਦਵਾਨ ਸਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਸੀ ਭਾਈ ਸਰੂਪ ਸਿੰਘ ‘ਕੌਸ਼ਿਸ਼’। ਉਸ ਨੇ ਆਪਣੇ ਬਜ਼ੁਰਗਾਂ ਦੀਆਂ ਗੁਰੂ ਸਾਹਿਬਾਨ ਸੰਬੰਧੀ ਲਿਖੀਆਂ ਭੱਟ ਵਹੀਆਂ ਦੀ ਫਰੋਲ਼ਾ-ਫਰਾਲ਼ੀ ਕਰਕੇ ਭਟਾਖਰੀ ਲਿੱਪੀ ਵਿੱਚ ਸੰਨ 1790 ਵਿਖੇ ‘ਗੁਰੂ ਕੀਆਂ ਸਾਖੀਆਂ’ ਨਾਂ ਦੀ ਪੁਸਤਕ ਤਿਆਰ ਕੀਤੀ ।   70-80 ਸਾਲ ਬਾਅਦ ਭਾਈ ਛੱਜੂ ਸਿੰਘ ਭੱਟ ਨੇ ਉਪਰੋਕਤ ਪੁਸਤਕ ਨੂੰ ਭਟਾਖਰੀ ਤੋਂ ਗੁਰਮੁਖੀ ਲਿਖਤ ਵਿੱਚ ਲਿਆਂਦਾ। ਚੰਗੇ ਭਾਗਾਂ ਨੂੰ ਸਾਹਿਤਕ ਖੋਜੀ ਪ੍ਰ੍ਰੋ. ਪਿਆਰਾ ਸਿੰਘ ‘ਪਦਮ’ ਹੁਰਾਂ ਨੂੰ ‘ਸ਼ਹੀਦ ਬਿਲਾਸ’ ਭਾਈ ਮਨੀ ਸਿੰਘ ਦੇ ਕਰਤਾ ਗਿ: ਗਰਜਾ ਸਿੰਘ ਜੀ ਦੁਆਰਾ ‘ਗੁਰੂ ਕੀਆਂ ਸਾਖੀਆਂ’ ਦੀ ਕੀਤੀ ਇੱਕ ਨਕਲ ਉਨ੍ਹਾਂ ਪਾਸੋਂ ਪ੍ਰਾਪਤ ਹੋਈ, ਜੋ ਪਦਮ ਜੀ ਨੇ ਸੰਨ 1986 ਵਿੱਚ ਸੋਧ-ਸੰਵਾਰ ਕੇ ਸੰਪਾਦਿਤ ਕੀਤੀ ਅਤੇ ਛਪਵਾਈ।  ਅਜਿਹੀ ਗੌਰਵਤਾ ਭਰਪੂਰ ਪੁਸਤਕ ਨੇ ਹੀ ਸਭ ਤੋਂ ਪਹਿਲਾਂ ਪਿੰਡ ਝਬਾਲ (ਪੱਟੀ, ਸ੍ਰੀ ਅੰਮ੍ਰਿਤਸਰ) ਦੀ ਜੰਮਪਲ ਮਾਤਾ ਭਾਗ ਕੌਰ (ਮਾਈ ਭਾਗੋ) ਜੀ ਦਾ ਪਤਾ ਦਿੱਤਾ ਹੈ। ਲਿਖਿਆ ਹੈ ਕਿ ਉਹ ਮਾਝੇ ਦੇ ਪੱਟੀ ਨਗਰ ਤੋਂ ਇਕੱਠੇ ਹੋ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸ਼ਹੀਦ ਹੋਣ ਦੀ ਮਾਤਮੀ ਪ੍ਰਚਾਵਨੀ ਲਈ ਅਤੇ ਗੁਰੂ ਜੀ ਦਾ ਹਕੂਮਤ ਨਾਲ ਸਮਝੌਤਾ ਕਰਵਾਉਣ ਦੇ ਇਰਾਦੇ ਨਾਲ ਇੱਕ ਪੰਚਾਇਤ ਦੇ ਰੂਪ ’ਚ ਜਿਹੜੇ 40 ਸਿੱਖ ਚੱਲੇ, ਉਨ੍ਹਾਂ ਨਾਲ ਮਾਤਾ ਭਾਗ ਕੌਰਾਂ 41ਵੇਂ ਸਨ । ਇਸ ਪੁਸਤਕ ਵਿੱਚ ਹੀ ਮਾਈ ਜੀ ਵੱਲੋਂ ਗੁਰੂ ਜੀ ਤੋਂ ਬੇਮੁਖ ਹੋ ਰਹੇ ਆਪਣੇ ਗੁਰਸਿੱਖ ਭਾਈਆਂ ਨੂੰ ਦਿੱਤੇ ਜ਼ੋਰਦਾਰ ਹਲੂਣੇ, ਲਲਕਾਰ ਅਤੇ ਉਨ੍ਹਾਂ ਦੇ ਖਦਰਾਣੇ (ਸ੍ਰੀ ਮੁਕਤਸਰ) ਦੀ ਜੰਗ ਵਿੱਚ ਜੂਝਣ, ਘਾਇਲ ਹੋਣ ਅਤੇ ਮਝੈਲਾਂ ਦੇ ਸਿੱਖੀ ਤੋਂ ਪੰਚਾਇਤੀ ਬੇਦਾਵੇ ਦਾ ਵਿਸਥਾਰ ਪੂਰਵਕ ਵਰਣਨ ਹੈ, ਜੋ 90 ਨੰ. ਸਾਖੀ ਤੋਂ ਇਲਾਵਾ 91 ਤੇ 92 ਨੰ. ਸਾਖੀ ਵਿੱਚ ਇਸ ਪ੍ਰਕਾਰ ਹੈ :

  1. ਸਾਖੀ ਖਿਦਰਾਣਾ ਢਾਬ ਕੇ ਜੰਗ ਕੀ ਚਾਲੀ : ਸਤਿਗੁਰਾਂ ਕੇ (ਰੂਪੇਆਣੇ ਪਿੰਡ ਦੀ ਰੋਹੀ ਤੋਂ ਅੱਗੇ) ਚਲੇ ਜਾਣ ਬਾਦ ਮਾਤਾ ਭਾਗ ਕੌਰਾਂ, ਜੋ ਭਾਗ ਸਿੰਘ ਤੇ ਦਿਲਬਾਗ ਸਿੰਘ (ਝਬਾਲੀਏ) ਕੀ ਬੜੀ ਬਹਿਨ (ਭੈਣ) ਤੇ ਨਿਧਾਨ ਸਿੰਘ ਵੜੈਚ (ਪੱਟੀ) ਕੀ ਪਤਨੀ ਸੀ, ਇਸ ਸਭ ਕੀ ਤਰਫ ਮੁਖ ਕਰਕੇ ਇੰਜ ਕਹਾ- ਆਗੇ ਤਾਂ ਰਾਤ ਸਮੇਂ ਦੁਨੀ ਚੰਦ ਕੇ ਗੈਲ ਚਾਰ ਪਾਂਚ ਮਝੈਲ ਸਿੰਘ ਕਿਲਾ ਅਨੰਦਗਢ ਸੇ ਦੀਵਾਰ ਸੇ ਰੱਸਾ ਬਾਂਧ ਭਾਗ ਆਇਆਂ ਕਾ ਕਲੰਕ ਹਮਾਰੇ ਮਾਥੇ ਲਾਗਾ ਹੂਆ ਹੈ, ਉਹ ਨਹੀਂ ਭੂਲਾ । ਅਬ ਤਾਂ ਸਤਿਗੁਰਾਂ ਕੇ ਸਾਮ੍ਹੇ ਲਿਖ ਦੀਆ ਹੈ, ਹੁਣ ਕਿਹੜਾ ਮੁਖ ਲੈ ਕੇ ਵਾਪਸ ਵਤਨ ਕੇ ਜਾਓਗੇ ?

ਮਾਤਾ ਨੇ ਫਿਰ ਕਹਾ ਕਿ ਘਰ ਗਇਆਂ ਕੋ ਸਵਾਣੀਆਂ ਕੀ ਕਹਿਣਗੀਆਂ ਕਿ ਇਹ ਸਿਖ ਸਤਿਗੁਰਾਂ ਕੇ ਦਰਸ਼ਨ ਪਾਇ ਕੇ ਆਏ ਹੈਂ  ? ਲੋਕੀਂ ਲਾਨ੍ਹਤਾਂ ਪਾਉਣਗੇ, ਫੇਰ ਕਿਹੜਾ ਮੁਖ ਲੈ ਕੇ ਘਰ ਬਾਹਰ ਫਿਰੋਗੇ  ? ਉਠੋ ਸ਼ੇਰੋ ! ਹੰਭਲਾ ਮਾਰੋ, ਗੁਰੂ ਜੀ ਬਖਸ਼ਨ ਜੋਗ ਹੈਂ, ਅਸਾਂ ਕੋ ਬਖਸ਼ ਦੇਂਗੇ, ਤਿਆਰੀ ਕਰੀਏ । ਮਾਤਾ ਨੇ ਖਲੀ ਹੋਇ ਪੱਲੂ ਫੇਰਿਆ । ਫਿਰ ਕੀ ਸੀ ਭਾਈ ਭਾਗ ਸਿੰਘ ਆਦਿ ਚਾਲੀ ਸਿੱਖਾਂ ਕਮਰਕੱਸੇ ਕਰ ਗੁਰੂ ਜੀ ਕੇ ਪਾਛੇ ਜਾਨੇ ਕੀ ਤਿਆਰੀ ਕੀ। ਸਭ ਸਿਖ ‘ਸਤਿ ਸ੍ਰੀ ਅਕਾਲ’ ਕਾ ਜੈਕਾਰਾ ਛੋਰ ਅਰਾਕੀਆਂ (ਘੋੜਿਆਂ) ਤੇ ਸਵਾਰ ਹੋਇ ਸਤਿਗੁਰਾਂ ਕੇ ਪਾਛੇ ਰਮਾਂ-ਰਮੀਂ ਖਿਦਰਾਣਾ ਨਗਰ ਕੀ ਢਾਬ ਕੇ ਕੰਢੇ ਆਏ ਖਲੇ ਹੂਏ । ਇਹ ਸਾਰੇ ਪੂਰਬ ਦਿਸ਼ਾ ਵਲ ਜਿਸ ਪਾਸੇ ਸੇ ਤੁਰਕ ਫੌਜ ਆਇ ਰਹੀ ਸੀ ਖਲੇ ਹੂਏ।

(ਸੰਖੇਪ-ਘਮਸਾਨ ਦਾ ਜੁੱਧ ਹੋਇਆ । ਸਾਰੇ ਸਿੰਘ ਸ਼ਹੀਦ ਹੋਏ ਜਾਣ ਕੇ ਸ਼ਾਮ ਵੇਲੇ ਜਦੋਂ ਵਜ਼ੀਰ ਖਾਂ ਸੂਬਾ ਸਰਹਿੰਦ ਆਪਣੀ ਫੌਜ ਲੈ ਕੇ ਵਾਪਸ ਮੁੜਿਆ ਤਾਂ ਦਸਵੇਂ ਪਾਤਿਸ਼ਾਹ ਭਾਈ ਮਾਨ ਸਿੰਘ ਨੂੰ ਲੈ ਕੇ ਢਾਬ ਦੇ ਕਿਨਾਰੇ ਆਏ । ਸ਼ਹੀਦ ਸਿੰਘਾਂ ਦੇ ਪਾਵਨ ਸਰੀਰ ਉਠਵਾਏ ਤੇ ਆਪਣੇ ਰੁਮਾਲ ਨਾਲ ਉਨ੍ਹਾਂ ਤੋਂ ਘੱਟਾ ਮਿੱਟੀ ਝਾੜ ਕੇ ਸੰਵਾਰਿਆ। ਹਜ਼ੂਰ ਨੇ ਉਨ੍ਹਾਂ ’ਚੋਂ ਕਿਸੇ ਨੂੰ ਦਸ ਹਜ਼ਾਰੀ, ਕਿਸੇ ਨੂੰ ਬੀਸ ਹਜ਼ਾਰੀ ਤੇ ਕਿਸੇ ਨੂੰ ਪੰਜਾਹ ਹਜ਼ਾਰੀ ਕਹਿ ਕੇ ਨਿਵਾਜਿਆ।)

  1. ਸਾਖੀ ਸਿੰਘਾਂ ਕਾ ਬੇਦਾਵਾ ਪਾੜਨੇ ਕੀ ਚਾਲੀ : ਇਨ ਚਾਲੀ ਸਿਖੋਂ ਮੇਂ ਸੇ ਤੀਨ ਸਿਖ ਭਾਈ ਰਾਇ ਸਿੰਘ (ਬੇਟਾ ਸ਼ਹੀਦ ਭਾਈ ਮਨੀ ਸਿੰਘ), ਸੁੰਦਰ ਸਿੰਘ ਤੇ ਮਹਾਂ ਸਿੰਘ (ਬੇਟਾ ਭਾਈ ਰਾਇ ਸਿੰਘ) ਅਜੇ ਸਹਿਕਦੇ ਸਨ। ਸ੍ਰੀ ਸਤਿਗੁਰਾਂ ਅੰਤਮ ਸਮੇਂ ਇਨ ਕੇ ਮੁਖ ਮੇਂ ਚੁਆਇਆ ਤੇ ਰੁਮਾਲ ਸੇ ਮੁਖ ਝਾੜੇ। ਇਨ ਤੀਨ ਸਿਖਾਂ ਕੇ ਇਲਾਵਾ ਚੌਥੀ ਮਾਤਾ ਭਾਗ ਕੁਇਰਾਂ ਘਾਇਲ ਹੋ ਗਈ ॥ ਏਕ ਕਰੀਰ ਕੇ ਬੂਟੇ ਕੇ ਨਜ਼ਦੀਕ ਵਣ ਕੇ ਨੀਚੇ ਪੜੀ ਸੀ । ਇਨ ਕੀ ਬਾਂਈਂ ਰਾਂਦ ਮੇਂ ਗੋਲੀ ਕਾ ਜ਼ਖਮ ਥਾ, ਜਿਸ ਸੇ ਨਿਢਾਲ ਹੋਇ ਕੇ ਇਹ ਮੁੱਖ ਥੀਂ ਸ੍ਰੀ ਵਾਹਿਗੁਰੂ ਕਾ ਜਾਪ ਜਪ ਰਹੀ ਸੀ। ਇਸੇ ਮਾਨ ਸਿੰਘ ਆਦਿ ਸਿਖਾਂ ਚੁੱਕ ਕੇ ਗੁਰੂ ਜੀ ਪਾਸ ਲਿਆਂਦਾ। ਗੁਰੂ ਜੀ ਨੇ ਪੂਛਾ, ਬੇਟੀ ! ਤੇਰੀ ਕਿਆ ਦਸ਼ਾ ਹੈ। ਇਸ ਕਹਾ ਮਹਾਰਾਜ! ਤੇਰੀ ਮਿਹਰ ਸੇ ਠੀਕ ਹਾਂ, ਮੁਝੇ ਏਕ ਹੀ ਜ਼ਖਮ ਹੈ ਔਰ ਕਾਈ ਨਹੀਂ।

ਸਤਿਗੁਰਾਂ ਰਾਇ ਸਿੰਘ ਆਦਿ ਤੀਨ ਸਿਖੋਂ ਕੀ ਤਰਫ ਦੇਖਾ, ਪੂਛਾ, ਆਪ ਕਿਆ ਚਾਹਤੇ ਹੋ ? ਇਨ ਮੇਂ ਰਾਇ ਸਿੰਘ ਬੋਲਾ, ਗਰੀਬਨਿਵਾਜ਼! ਜੇ ਆਪ ਅਸਾਂ ਤੇ ਤਰੁਠੇ ਹੋ, ਤਾਂ ਆਪ ਅਸਾਂ ਕਾ ਲਿਖਾ ਸਿਖੀ ਸੇ ਪੰਚਾਇਤੀ ਬੇਦਾਵਾ ਪਾੜ ਕੇ ਸਿਖੀ ਦਾਨ ਬਖਸ਼ੀਏ । ਸਤਿਗੁਰਾਂ ਤੀਨ ਦਫਾ ਸ੍ਰੀ ਮੁਖ ਥੀਂ ‘ਧੰਨ ਸਿੱਖੀ, ਧੰਨ ਸਿਖੀ, ਧੰਨ ਸਿਖੀ’ ਕਹਿ ਕੇ ਖੀਸੇ ਸੇ ਬੇਦਾਵਾ ਕਾਗਜ਼ ਨਿਕਾਲ ਕਰ ਲੀਰੋ ਲੀਰ ਕਰ ਦੀਆ । ਗੁਰੂ ਜੀ ਪਹਿਰ ਰਾਤ ਬਿਤੀਤ ਹੋਇ ਜਾਨੇ ਤੀਕ ਇਸ ਸਿਖੋਂ ਕੇ ਗੈਲ ਬਚਨ ਬਿਲਾਸ ਕਰਤੇ ਰਹੇ। ਪ੍ਰਿਥਮੇ ਭਾਈ ਸੁੰਦਰ ਸਿੰਘ ਝਲੀਆਂ ਵਾਲਾ, ਬਾਦ ਮੇਂ ਦੋਹਾਂ ਸਿਖਾਂ ਪ੍ਰਾਣ ਤਿਆਗ ਦੀਏ। ਇਹ ਘਟਨਾ ਸੰਮਤ ਸਤਰਾਂ ਸੈ ਬਾਸਠ (ਸੰਨ 1705) ਪੋਖ ਮਾਸੇ ਤੀਸ ਰਵੀਵਾਰ ਕੇ ਦਿਹੁੰ ਕੀ ਹੈ। ਗੁਰੂ ਜੀ ਨੇ ਇਨ੍ਹਾਂ ਚਾਲੀ ਸ਼ਹੀਦ ਸਿਖਾਂ ਕੋ ਮੁਕਤਿਆਂ ਕਾ ਵਰ ਦੀਆ।

ਮਹਾਨ ਕੋਸ਼ ਦੇ ‘ਭਾਗੋਮਾਈ’ ਦੇ ਅੰਦਰਾਜ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ : ਢਿੱਲੋ ਗੋਤ ਦੀ ਉੱਚ ਆਚਾਰ ਵਾਲੀ ਇਸਤ੍ਰੀ, ਪਿੰਡ ਚੁਭਾਲ (ਝਬਾਲ) ਜਿਲ੍ਹਾ ਅੰਮ੍ਰਿਤਸਰ ਦੀ ਵਸਨੀਕ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦੇ ਅਨੰਨ ਸਿੱਖ ਭਾਈ ਲੰਗਾਹ ਦੇ ਭਾਈ ਪੇਰੋਸ਼ਾਹ ਦੀ ਔਲਾਦ ਵਿੱਚੋਂ ਸੀ । ਸੰਮਤ ੧੭੬੨ (ਸੰਨ 1705) ਵਿੱਚ ਭਾਗੋ ਮਾਈ ਸਿੰਘਾਂ ਨਾਲ ਸ਼ਾਮਿਲ ਹੋ ਕੇ ਮੁਕਤਸਰ ਦੇ ਜੰਗ ਵਿੱਚ ਵਡੀ ਬਹਾਦੁਰੀ ਨਾਲ ਲੜੀ ਅਤੇ ਬਹੁਤ ਘਾਇਲ ਹੋਈ, ਦਸਮੇਸ਼ ਨੇ ਇਸ ਦਾ ਇਲਾਜ ਕਰਵਾ ਕੇ ਰਾਜੀ ਕੀਤਾ ਅਰ ਅੰਮ੍ਰਿਤ ਛਕਾ ਕੇ ਭਾਗ ਕੌਰ ਬਣਾਈ। ਇਹ ਮਰਦਾਵਾਂ ਭੇਸ ਧਾਰ ਕੇ ਸਤਿਗੁਰੂ ਦੀ ਸਦਾ ਅੜਦਲ ਵਿੱਚ ਰਹਿਂਦੀ ਸੀ। ਜਦ ਕਲਗੀਧਰ ਅਬਿਚਲਨਗਰ ਅੰਤਰਧਾਨ (ਲੋਪ) ਹੋ ਗਏ, ਤਦ ਇਹ ਉਦਾਸ ਹੋ ਕੇ ਬਿਦਰ ਚਲੀ ਗਈ ਅਰ ਉਸੇ ਥਾਂ ਦੇਹ ਤਿਆਗੀ। ਇਸ ਦੇ ਨਾਮ ਦਾ ਅਬਿਚਲਨਗਰ ਵਿੱਚ ਇੱਕ ਬੁੰਗਾ ਹੈ, ਜਿਸ ਵਿੱਚ ਦਰਬਾਰ ਦਾ ਵਡਾ ਪੁਜਾਰੀ ਰਹਿਂਦਾ ਹੈ। ਇਸ ਦੇ ਬਰਛੇ ਦਾ ਫਲ ਗੁਰੂ ਸਾਹਿਬ ਦੇ ਸਿੰਘਾਸਨ ਤੇ ਹੁਣ ਤੀਕ ਸਨਮਾਨ ਪਾ ਰਿਹਾ ਹੈ, ਜਿਸ ਨੂੰ ਅਣਜਾਣ (ਲੋਕ); ਅਸਭੁਜੀ ਦੇਵੀ ਆਖਦੇ ਹਨ।

ਭਾਈ ਸੰਤੋਖ ਸਿੰਘ ਦੇ ਰਚਿਤ ‘ਗੁਰ ਪ੍ਰਤਾਪ ਸੂਰਜ’ ਦੇ ਐਨ 1 ਅਸੂ 13 ਤੇ 22 ਵਿੱਚ ਮਾਈ ਭਾਗੋ ਦਾ ਜ਼ਿਕਰ ਹੈ, ਜਿਸ ਦੇ ਕਾਵਿਕ ਪਦਾਂ ਮੁਤਾਬਕ ਸੰਖੇਪ ਵਾਰਤਾ ਇੰਝ ਬਣਦੀ ਹੈ :-

ਇਕ ਸਿੱਖ ਨੇ ਆ ਕੇ ਦੱਸਿਆ ਕਿ ਇੱਕ ਥਾਂ ਇੱਕ ਇਸਤ੍ਰੀ (ਮਾਈ ਭਾਗੋ) ਜ਼ਖਮੀ ਪਈ ਹੈ। ਗੁਰੂ ਜੀ ਨੇ ਜਾ ਕੇ ਤੱਕਿਆ ਤੇ ਕਿਹਾ-‘‘ਉਠ ਤੂੰ ਚਲੀਅਹਿ ਸੰਗ ਹਮਾਰੇ। ਚਹੈ ਮਨੋਰਥ ਪੁਰਵੈਂ ਸਾਰੇ ।5।’’ ਮਾਈ ਭਾਗੋ ਨੇ ਦੱਸਿਆ, ‘‘ਮਾਝੇ ਦੇ ਸਿੰਘਾਂ ਨਾਲ ਮੈਂ ਪੁੱਤਰ ਦੀ ਲਾਲਸਾ ਰੱਖ ਕੇ ਆਈ ਸਾਂ। ਏਥੇ ਆ ਕੇ ਲੜਾਈ ਵਿੱਚ ਸ਼ਾਮਲ ਹੋ ਗਈ ਸਾਂ। ਮੈਂ ਸਾਂਗ ਨਾਲ ਵੈਰੀਆਂ ਨੂੰ ਮਾਰਿਆ। ਇੱਕ ਨੇ ਮੈਨੂੰ ਜ਼ਖਮੀ ਕਰ ਦਿੱਤਾ । ਤੁਸਾਂ ਬਚਾ ਲਿਆ ।  ਹੁਣ ਕੋਈ ਇੱਛਿਆ ਨਹੀਂ ਰਹੀ ।’’

ਅੰਸੂ 22 ਦੀ ਕਾਵਿ ਮੁਤਾਬਕ ਵਾਰਤਾ ਹੈ :-

ਸ੍ਰੀ ਮੁਕਤਸਰ ਤੋਂ ਲੈ ਕੇ ਮਾਤਾ ਭਾਗੋ ਗੁਰੂ ਜੀ ਦੇ ਹਜ਼ੂਰ ਹੀ ਰਹੀ । (ਇਥੇ ਕਵੀ ਜੀ ਲਿਖਦੇ ਹਨ : )

‘‘ਕਥਾ ਬੇਦ ਮਹਿਂ ਜਿਸ ਕੀ ਅਹੇ । ਨਾਮ ‘ਗਾਰਗੀ’ ਨਗਨ ਸੁ ਰਹੇ ।

ਪਰਮਹੰਸਨੀ ਬਡ ਅਵਧੂਤਾ । ਤਿਮ ਭਾਗੋ ਗੁਰ ਢਿਗ ਅਵਧੂਤਾ ।37।

ਮਾਤਾ ਭਾਗੋ ਹੱਥ ਵਿੱਚ ਸਾਂਗ (ਬਰਛੀ) ਰੱਖਦੀ ਤੇ ਕਈ ਮਹੀਨੇ ‘ਨਗਨ’ ਹੀ ਰਹੀ । ਫਿਰ ਗੁਰੂ ਜੀ ਨੇ ਆਖਿਆ ਮਾਈ ਭਾਗੋ ਸਚਿਆਰੀ! ਸੁਣ । ਇਹ ਠੀਕ ਹੈ ਤੂੰ ਇੱਕ ਰਸ ਲਿਵ ਲਗਣ ਕਾਰਨ ਪਰਮਹੰਸ ਅਵਸਥਾ ਪ੍ਰਾਪਤ ਕਰ ਲਈ ਹੈ। ‘‘ਰਹਿਨ ਦਿਗੰਬਰ (ਨਗਨ) ਤੁਝ ਬਣ ਆਈ । ਇਕ ਰਸ ਬ੍ਰਿਤਿ ਭਈ ਲਿਵ ਲਾਈ ।40। ਫਿਰ ਵੀ ਤੂੰ ਸਾਡੇ ਸੰਗ ਰਹਿੰਦੀ ਹੈਂ, ਇਸ ਲਈ ਤੂੰ ਤੇੜ ਕਛਹਿਰਾ, ਸਿਰ ’ਤੇ ਦਸਤਾਰ ਤੇ ਬਾਕੀ ਦੀ ਦੇਹ ਢੱਕਣ ਲਈ ਕੋਈ ਚਾਦਰ ਲੈ ਲਿਆ ਕਰ । ਇਸ ਪ੍ਰਕਾਰ ਸਤਿਗੁਰੂ ਜੀ ਦੇ ਕਹਿਣ ’ਤੇ ਉਸ ਨੇ ਬਸਤਰ ਪਹਿਣ ਲਏ।

ਅੰਸੂ 22 ਦੇ ਉਪਰੋਕਤ 37ਵੀਏਂ ਪਦੇ ਬਾਰੇ ਟਿਪਣੀ ਕਰਦਿਆਂ ਮਹਾਨਕੋਸ਼ ਵਿੱਚਲੀ ਜਾਣਕਾਰੀ ਮੁਤਾਬਕ ਸ. ਸੋਹਣ ਸਿੰਘ ਸੀਤਲ ਲਿਖਦੇ ਹਨ :

‘‘ਅਵਧੂਤ ਦਾ ਅਰਥ ਹੈ, ਸਾਧੂ, ਸੰਨਿਆਸੀ, ਤਿਆਗੀ । ਏਥੇ ਇਸ ਦਾ ਅਰਥ ਨਗਨ ਰਹਿਣ ਵਾਲੇ ਤੋਂ ਲਿਆ ਹੈ। ‘ਗਾਰਗੀ’ ਗਰਗ ਮੁਨੀ ਦੀ ਵਿਦਵਾਨ ਪੁੱਤਰੀ ਸੀ, ਜੋ ਸਾਰੀ ਉਮਰ ਬ੍ਰਹਮਚਾਰੀ ਰਹੀ । ਮਿਥਲਾ ਦੇ ਜਨਕ ਰਾਜ ਦੀ ਸਭਾ ਵਿੱਚ ‘ਵੇਦਾਂਤ ਚਰਚਾ’ ਵਿੱਚ ਉਸ ਨੇ ਸਭ ਨੂੰ ਪ੍ਰਭਾਵਤ ਕੀਤਾ ਸੀ । ਉਸ ਦੀ ਕਥਾ ‘ਬ੍ਰਿਹਦਾਰਣ੍ਯਕ ਉਪਨਿਸ਼ਦ’ ਵਿੱਚ ਆਈ ਹੈ। ਕਵੀ ਜੀ ਨੇ ਉਸ ਨੂੰ ‘ਨਗਨ ਰਹਿਣ ਵਾਲੀ’ ਲਿਖਿਆ । ਪਤਾ ਨਹੀਂ, ਇਹ ਕਿਸ ਗ੍ਰੰਥ ਤੋਂ ਲਿਆ ਹੈ।’’ ਇਸ ਲਈ ਸਪਸ਼ਟ ਸਮਝ ਪੈਂਦਾ ਹੈ ਕਿ ਮਾਈ ਭਾਗੋ ਦੇ ਗਾਰਗੀ ਵਾਂਗ ਨਗਨ ਰਹਿਣ ਵਾਲੀ ਗੱਲ ਵੀ ਕਵੀ ਦੀ ਕਪੋਲ (ਜ਼ਬਾਨੀ) ਕਲਪਨਾ ਹੈ ਕਿਉਂਕਿ ਆਪ ਹੀ ਉਹ ਲਿਖਦੇ ਹਨ ਕਿ ਗੁਰੂ ਜੀ ਦੇ ਕਹਿਣ ’ਤੇ ਮਾਈ ਨੇ ਬਸਤ੍ਰ ਧਾਰਨ ਕਰ ਲਏ ਸਨ। ਸੀਤਲ ਜੀ ਦਾ ਵੀ ਇਹੀ ਮਤ ਹੈ । ਗੁਰੂ ਨਾਨਕ ਦ੍ਰਿਸ਼ਟੀ ਵਿੱਚ ‘‘ਮੁਖਿ ਝੂਠ ਬਿਭੂਖਣ ਸਾਰੰ’’ ਦੀ ਸਮਰੱਥਾ ਰੱਖਣ ਵਾਲੇ ਬ੍ਰਾਹਮਣ ਦੀ ਚਲਾਕੀ ਇਹ ਹੈ ਕਿ ਪੌਰਾਣਿਕ ਮਾਈ ਗਾਰਗੀ ਦੀ ਕਲਪਿਤ ਕਹਾਣੀ ਦੇ ਸਹਾਰੇ ਮਾਈ ਭਾਗੋ ਜੀ ਦੀ ਉਸਤਤਿ ਕਰਨ ਦੇ ਰੂਪ ਵਿੱਚ ਨਿੰਦਾ ਹੀ ਕਰਵਾ ਦਿੱਤੀ ਹੈ।

ਇੱਥੇ ਗੰਭੀਰਤਾ ਸਹਿਤ ਵਿਚਾਰਨ ਵਾਲਾ ਪੱਖ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਬੇਅੰਤ ਬ੍ਰਹਮਗਿਆਨੀ ਤੇ ਬ੍ਰਹਮਲੀਨ ਸਿੱਖ ਸਿੱਖਣੀਆਂ ਹੋਏ, ਪਰ ਉਨ੍ਹਾਂ ਵਿੱਚੋਂ ਕੋਈ ਵੀ ਨਾਮ ਰੰਗ ਦੀ ਖ਼ੁਮਾਰੀ (ਮਸਤੀ) ਵਿੱਚ ਬੇਸੁੱਧ (ਬੇਹੋਸ਼) ਹੋ ਕੇ ਨਾ ਤਾਂ ਸਰਮਦ (ਇੱਕ ਫ਼ਕੀਰ, ਜਿਸ ਨੂੰ ਨੰਗਾ ਰਹਿਣ ਦੇ ਅਪਰਾਧ ਕਾਰਨ ਔਰੰਗਜ਼ੇਬ ਨੇ 1661 ਈ. ’ਚ ਕਤਲ ਕੀਤਾ) ਵਰਗੇ ਸੂਫ਼ੀ ਫ਼ਕੀਰਾਂ, ਨਾਂਗੇ ਜੋਗੀਆਂ, ਸੰਨਿਆਸੀਆਂ ਤੇ ਦਿੰਗਬਰ ਜੈਨੀਆਂ ਵਾਂਗ ਨਗਨ ਹੋਇਆ ਅਤੇ ਨਾ ਹੀ ਕੋਈ ਮੀਰਾਂ ਵਰਗੇ ਵੈਸ਼ਨਵ ਭਗਤਾਂ ਵਾਂਗ ਨੱਚਿਆ ਟੱਪਿਆ ਤੇ ਹੋਰ ਖ਼ਰਮਸਤੀ ਕੀਤੀ ਭਾਵੇਂ ਕਿ ਉਨ੍ਹਾਂ ਵਿੱਚੋਂ ਕਈ ਭਾਈ ਮਰਦਾਨਾਂ, ਭਾਈ ਬੁੱਢਾ, ਭਾਈ ਮਾਨ ਸਿੰਘ ਤੇ ਪੰਜ ਪਿਆਰਿਆਂ ’ਚੋਂ ਭਾਈ ਦਇਆ ਸਿੰਘ ਵਾਂਗ ਸਾਰੀ ਹੀ ਉਮਰ ਗੁਰੂ ਜੀ ਕੇ ਅੰਗ-ਸੰਗ ਰਹੇ ਕਿਉਂਕਿ ਉਨ੍ਹਾਂ ਗੁਰਬਾਣੀ ਦੁਆਰਾ ਸਮਝ ਲਿਆ ਸੀ ਕਿ ਉਪਰੋਕਤ ਕਿਸਮ ਦੇ ਵਰਤਾਰੇ; ਭਗਤੀ ਸਾਧਨਾ ਨਹੀਂ ਸਗੋਂ ਅਗਿਆਨਤਾ ਭਰਪੂਰ ਅੰਨ੍ਹਿਆਂ ਵਾਲੇ ਕੰਮ ਹਨ। ਉਹ ਜਾਣ ਚੁੱਕੇ ਸਨ ਕਿ ਰੱਬੀ ਰੰਗ ਵਿੱਚ ਰੰਗੀਜ ਕੇ ਅਤੇ ਰੱਬ ਨਾਲ ਸਾਂਝ ਪਾ ਕੇ ਜੀਊਣ ਵਾਲੇ ਬ੍ਰਹਮਗਿਆਨੀ ਲੋਕ ਸਦਾ ਹੀ ਚੇਤੰਨ ਅਤੇ ਵਿਕਾਰਾਂ ਵੱਲੋਂ ਸਾਵਧਾਨ ਰਹਿ ਕੇ ਆਪਣੀਆਂ ਪਰਿਵਾਰਕ, ਸਮਾਜਕ ਤੇ ਧਾਰਮਿਕ ਜ਼ਿਮੇਂਵਾਰੀਆਂ ਵੀ ਜਾਗਰੂਕਤਾ ਸਹਿਤ ਬਖ਼ੂਬੀ ਨਿਭਾਉਂਦੇ ਹਨ। ਕਾਰਨ ਇਹ ਹੈ ਕਿ ਉਪਰੋਕਤ ਕਿਸਮ ਦੀ ਗੁਰਮਤੀ ਸੂਝ ਬਖ਼ਸ਼ਣ ਵਾਲੇ ਹੇਠ ਲਿਖੇ ਗੁਰਵਾਕ ਸਦਾ ਹੀ ਉਨ੍ਹਾਂ ਦੀ ਸੁਰਤ ਵਿੱਚ ਟਿਕੇ ਰਹਿੰਦੇ ਹਨ :

ਗਿਆਨੀ ਹੋਇ, ਸੁ ਚੇਤੰਨੁ ਹੋਇ; ਅਗਿਆਨੀ ਅੰਧੁ ਕਮਾਇ ॥ (ਮ: ੩, ਪੰਨਾ ੫੫੬)

ਚਰਨ ਕਮਲ ਉਰ ਧਾਰੇ ਚੀਤ ॥  ਚਿਰੁ ਜੀਵਨੁ, ਚੇਤਨੁ ਨਿਤ ਨੀਤ ॥ (ਰਾਮਕਲੀ ਓਅੰਕਾਰ, ਮ: ੧,ਪੰਨਾ ੯੩੨)

ਬ੍ਰਹਮ ਗਿਆਨੀ, ਸਦਾ ਸਦ ਜਾਗਤ ॥ (ਗਉੜੀ ਸੁਖਮਨੀ, ਮ: ੫, ਪੰਨਾ ੨੭੩)

ਮਾਤਾ ਭਾਗ ਕੌਰ ਜੀ ਦਾ ਪ੍ਰਸੰਗ ਲਿਖਦਿਆਂ ਤੇ ਸੁਣਾਉਂਦਿਆਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੇ ਉਸ ਅਨਿੰਨ ਸੇਵਕ ਸਿੱਖ ਭਾਈ ਲੰਗਾਹ (ਢਿੱਲੋਂ ਚਉਧਰੀ) ਦੀ ਪੋਤਰੀ ਸੀ, ਜੋ ਸਖੀ ਸਰਵਰ ਦੀ ਉਪਾਸ਼ਨਾ ਛੱਡ ਕੇ ਗੁਰੂ ਦਾ ਸਿੱਖ ਬਣਿਆ, ਜਿਸ ਨੇ ਸ੍ਰੀ ਅੰਮ੍ਰਿਤਸਰ ਵਸਾਉਣ ਵੇਲੇ ਤਨ, ਮਨ ਤੇ ਧਨ ਨਾਲ਼ ਸੇਵਾ ਕਰ ਵੱਡਾ ਹਿੱਸਾ ਪਾਇਆ, ਜਿਸ ਨੇ ਗੁਰੂ ਅਰਜਨ ਪਾਤਿਸ਼ਾਹ ਦੀ ਸ਼ਹੀਦੀ ਵੇਲੇ ਗੁਰੂ ਜੀ ਦੇ ਨਾਲ ਲਹੌਰ ਦੀ ਜੇਲ੍ਹ ਵਿੱਚ ਅਸਹਿ ਕਸ਼ਟ ਸਹਾਰੇ ਸਨ। ਇਹੀ ਕਾਰਨ ਸਨ ਕਿ ਭਾਈ ਗੁਰਦਾਸ ਜੀ ਨੇ ਵੀ ‘‘ਪਟੀ ਅੰਦਰਿ ਚਉਧਰੀ; ਢਿਲੋਂ ਲਾਲੁ ਲੰਗਾਹੁ ਸੁਹੰਦਾ।’’ (ਭਾਈ ਗੁਰਦਾਸ ਜੀ, ਵਾਰ ੧੧ ਪਉੜੀ ੨੨) ਕਹਿ ਕੇ ਉਸ ਨੂੰ ਮਹਾਨ ਸਿੱਖ ਸੇਵਕਾਂ ਵਿੱਚ ਸ਼ੁਮਾਰ ਕਰ ਦਿੱਤਾ ਹੈ।

ਇਹ ਪੱਖ ਵੀ ਸਦਾ ਸਾਡੇ ਧਿਆਨ ’ਚ ਰਹਿਣਾ ਚਾਹੀਦਾ ਹੈ ਕਿ ਉਹ ਦਸਮ ਪਾਤਸ਼ਾਹ ਦੇ ਸੂਰਬੀਰ ਸਿੱਖ ਭਾਈ ਭਾਗ ਸਿੰਘ ਤੇ ਦਿਲਬਾਗ ਸਿੰਘ ਝੁਬਾਲੀਏ ਦੀ ਵੱਡੀ ਭੈਣ ਸੀ, ਪੱਟੀ ਦੇ ਭਾਈ ਸੁਲਤਾਨ ਸਿੰਘ ਵੜੈਚ ਦੀ ਭਰਜਾਈ ਸੀ, ਜਿਸ ਦੇ ਉਪਰੋਕਤ ਦੋਵੇਂ ਭਰਾ ਅਤੇ ਜੇਠ ਸ੍ਰੀ ਮੁਕਤਸਰ ਦੇ ਜੁੱਧ ਵਿੱਚ ਸ਼ਹੀਦ ਹੋ ਕੇ ਗੁਰੂ ਜੀ ਤੋਂ ਨਿਸ਼ਾਵਰ ਹੋ ਗਏ ਸਨ ਭਾਵੇਂ ਕਿ ਉਹ ਸਾਰੇ ਚੌਧਰੀ ਪਰਿਵਾਰਾਂ ਦੇ ਹੋਣ ਕਰਕੇ ਸਰਕਾਰੀ ਅਸਰ ਰਸੂਖ ਵਾਲੇ ਸਨ ਅਤੇ ਗੁਰੂ ਜੀ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਉਨ੍ਹਾਂ ਦੀ ਪੱਟੀ ਤੇ ਝੁਬਾਲ ਦੀ ਚੌਧਰਤਾ ਤੇ ਸਰਕਾਰੀ ਜਗੀਰਾਂ ਖੁੱਸਣ ਦਾ ਖ਼ਤਰਾ ਵੀ ਉਨ੍ਹਾਂ ਦੇ ਸਿਰਾਂ ’ਤੇ ਮੰਡਰਾਅ ਰਿਹਾ ਸੀ, ਪਰ ਉਨ੍ਹਾਂ ਨੇ ਕਿਸੇ ਵੀ ਕਿਸਮ ਦੀ ਕੋਈ ਪ੍ਰਵਾਹ ਨਾ ਕੀਤੀ, ਆਦਿ ਵਿਸ਼ਿਆਂ ਪੱਖਾਂ ਨੂੰ ਗੰਭੀਰਤਾ ਸਹਿਤ ਵਿਚਾਰਿਆ ਜਾਵੇ ਤਾਂ ਇਹ ਕੋਈ ਛੋਟੀ ਜਿਹੀ ਕੁਰਬਾਨੀ ਨਹੀਂ ਹੋਵੇਗੀ।

ਮਾਤਾ ਭਾਗ ਕੌਰ ਉਹ ਵਡਭਾਗਣ, ਸਚਿਆਰ ਤੇ ਮਰਦ ਔਰਤ ਸੀ, ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਦਸ਼ਾਹ-ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਹੱਥੋਂ ਅੰਮ੍ਰਿਤ ਛੱਕਣ ਅਤੇ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਵਰਗੇ ਆਪਣੇ ਹੋਰ ਮਰਦ ਗੁਰਭਾਈਆਂ ਦੇ ਬਰਾਬਰ ਗੁਰੂ ਜੀ ਦੇ ਵਿਸ਼ੇਸ਼ ਸੁਰੱਖਿਆ (ਅੜਦਲੀ) ਦਸਤੇ ਦਾ ਮੈਂਬਰ ਬਣਨ ਦਾ ਸੁਭਾਗ ਹਾਸਲ ਹੋਇਆ ਸੀ। ਗੁਰੂ ਜੀ ਦਾ ਇਹ ਇੱਕ ਪਹਿਲਾ ਤੇ ਮਹਾਨ ਕ੍ਰਾਂਤੀਕਾਰੀ ਕਦਮ ਸੀ। ਔਰਤ ਨੂੰ ਸ਼ੂਦਰ ਦੇ ਪੈਰਾਂ ਦੀ ਜੁੱਤੀ ਸਮਝਣ ਵਾਲੇ ਹਿੰਦੋਸਤਾਨ ਦੇ ਇਤਿਹਾਸ ਵਿੱਚ, ਜਿਸ ਨੇ ਬ੍ਰਾਹਮਣੀ ਸੋਚ ਨੂੰ ਮਿੱਟੀ ਵਿੱਚ ਮਿਲਾ ਰੱਖਿਆ ਸੀ। ਅਸਲ ਵਿੱਚ ਇਹੀ ਸਾੜਾ ਸੀ ਉਸ ਮੰਨੂਵਾਦੀ ਬ੍ਰਾਹਮਣਾਂ ਦੇ ਈਰਖਾਲੂ ਹਿਰਦੇ ਵਿੱਚ, ਜਿਸ ਅਧੀਨ ਉਨ੍ਹਾਂ ਨੇ ਕਵੀ ਸੰਤੋਖ ਸਿੰਘ ਜੀ ਪਾਸੋਂ ਚਲਾਕੀ ਜਾਂ ਧੋਖੇ ਨਾਲ਼ ਕਿਸੇ ਪੌਰਾਣਿਕ ਔਰਤ ‘ਗਾਰਗੀ’ ਦੇ ਹਵਾਲੇ ਨਾਲ ਉਪਮਾ ਦੇਣ ਦੇ ਬਹਾਨੇ ਮਾਈ ਭਾਗ ਕੌਰ ਜੀ ਨੂੰ ਅਵਧੂਤ-ਮਈ ਨਗਨ ਅਵਸਥਾ ਵਿੱਚ ਘੁੰਮਦੀ ਦੱਸਿਆ ਅਤੇ ਗੁਰੂ ਜੀ ਦੇ ਉੱਚੇ-ਸੁੱਚੇ ਆਚਰਨ ਨੂੰ ਵੀ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਸੋ ਸਾਨੂੰ ਆਪਣੇ ਇਤਿਹਾਸ ਵਿੱਚ ਹੋਈ ਮਿਲਾਵਟ ਜਾਂ ਕੀਤੀ ਗਈ ਰਲ਼ਗੱਡ ਨੂੰ ਗੁਰਮਤਿ ਦੀ ਕਸੌਟੀ ਲਾ ਕੇ ਤੁਰੰਤ ਵੱਖ ਕਰਨ ਦੀ ਜ਼ਰੂਰਤ ਹੈ ਤਾਂ ਜੋ ਆਧੁਨਿਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਵਿੱਚ ਕੋਈ ਦੁਚਿੱਤੀ ਨਾ ਰਹੇ। ਇਸ ਸੰਵੇਦਨਸ਼ੀਲ ਕਾਰਜ ਵਿੱਚ ਕੀਤੀ ਗਈ ਦੇਰੀ, ਅਜੋਕੇ ਸਾਇੰਸ ਯੁਗ ’ਚ ਕੌਮ ਦੀ ਏਕਤਾ ਲਈ ਘਾਤਕ ਬਣਦੀ ਜਾਏਗੀ।

ਭੁੱਲ-ਚੁੱਕ ਮੁਆਫ਼ ।