ਬਾਬਾ ਰਵਿਦਾਸ ਜੀ ਦੇ ਸਰਬ ਸਾਂਝੇ ਉਪਦੇਸ਼

0
789

ਬਾਬਾ ਰਵਿਦਾਸ ਜੀ ਦੇ ਸਰਬ ਸਾਂਝੇ ਉਪਦੇਸ਼

ਅਵਤਾਰ ਸਿੰਘ ਮਿਸ਼ਨਰੀ (5104325827)

ਭਗਤ ਬਾਬਾ ਰਵਿਦਾਸ ਜੀ ਨੇ ਪ੍ਰਭੂ ਸਿਮਰਨ ’ਤੇ ਹੀ ਜੋਰ ਦਿੱਤਾ। ਸਿਮਰਨ ਭਾਵ ਪ੍ਰਭੂ ਨੂੰ ਹਰ ਵੇਲੇ ਯਾਦ ਰੱਖਣਾ। ਗ੍ਰਹਿਸਤ ਮਾਰਗ ’ਚ ਰਹਿੰਦਿਆਂ ਕਿਰਤ ਕਮਾਈ ਕਰਨੀ, ਵੰਡ ਛੱਕਣਾ ਤੇ ਪ੍ਰਭੂ ਦੀ ਯਾਦ ਹੀ ਅਸਲ ਭਗਤੀ ਹੈ। ਉਹ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ- ‘‘ਕਹਿ ਰਵਿਦਾਸ; ਹਾਥ ਪੈ ਨੇਰੈ.. ॥’’ (ਭਗਤ ਰਵਿਦਾਸ/੬੫੮) ਜਿਵੇਂ ਸੋਨੇ ਅਤੇ ਉਸ ਦੇ ਬਣੇ ਗਹਿਣੇ ਵਿੱਚ ਅੰਤਰ ਨਹੀਂ ਇਵੇਂ ਹੀ ਆਤਮਾ ਤੇ ਪ੍ਰਮਾਤਮਾ ਦਾ ਅਸਲਾ ਵੀ ਇੱਕ ਹੈ; ਜਿਵੇਂ ਗਹਿਣੇ ਸੋਨੇ ਦੀ ਸਜਾਵਟ ਹਨ ਉਵੇਂ ਹੀ ਭਗਤ, ਭਗਵਾਨ ਦੀ ਸੁੰਦਰਤਾ ਹਨ। ਜਿਵੇਂ ਪਾਣੀ ਤੋਂ ਪੈਦਾ ਹੋਇਆ ਬੁਲਬੁਲਾ ਤੇ ਪਾਣੀ ਇੱਕ ਹੀ ਹਨ, ਫ਼ਰਕ ਕੇਵਲ ਵੱਖਰੀ ਬਣਤਰ ਦਾ ਹੀ ਹੈ, ਇਉਂ ਭਗਤ ਦੇ ਰੱਬ ਦਾ ਸੁਮੇਲ ਹੁੰਦਾ ਹੈ, ‘‘ਤੋਹੀ ਮੋਹੀ, ਮੋਹੀ ਤੋਹੀ; ਅੰਤਰੁ ਕੈਸਾ ?॥  ਕਨਕ ਕਟਿਕ; ਜਲ ਤਰੰਗ ਜੈਸਾ ॥ (ਭਗਤ ਰਵਿਦਾਸ/੯੩) ਮਨੁੱਖਾ ਜਨਮ ਦੁਰਲੱਭ ਜਨਮ ਹੈ- ‘‘ਦੁਲਭ ਜਨਮੁ ਪੁੰਨ ਫਲ ਪਾਇਓ … ॥’’ (ਭਗਤ ਰਵਿਦਾਸ/੬੫੮) ਸਭ ਮਨੁੱਖ ਬਰਾਬਰ ਹਨ, ਕੋਈ ਜਾਤ-ਪਾਤ ਕਰਕੇ ਉੱਚਾ ਨੀਵਾਂ ਨਹੀਂ ਸਗੋਂ ਕਰਮਾਂ ਕਰਕੇ ਨੀਚ ੳੂਚ ਹਨ। ਗੋਬਿੰਦ ਹੀ ਨੀਵਿਆਂ ਨੂੰ ਉੱਚਾ ਕਰਨਯੋਗ ਹੈ, ‘‘ਨੀਚਹ ਊਚ ਕਰੈ ਮੇਰਾ ਗੋਬਿੰਦੁ.. ॥’’ (ਭਗਤ ਰਵਿਦਾਸ/੧੧੦੬) ਸੁੱਚ-ਭਿੱਟ ਛੂਆ-ਛਾਤ ਵਿੱਚ ਵਿਸ਼ਵਾਸ ਨਹੀਂ ਰੱਖਣਾ ਕਿਉਂਕਿ ਇਹ ਚਲਾਕ ਬ੍ਰਾਹਮਣ ਦੁਆਰਾ ਪੈਦਾ ਕੀਤੀ ਹੋਈ ਹੈ। ਪ੍ਰਭੂ ਭਗਤ ਨੇ ਸਫ਼ਾਈ ਰੱਖਣੀ ਹੈ, ਨਾ ਕਿ ਸੁੱਚ ਭਿੱਟ ਭਾਵੇਂ ਕਿ ਕਈ ਗੁਰਦੁਆਰਿਆਂ ਵਿੱਚ ਵੀ ਸੁੱਚ ਭਿੱਟ ਦੇਖੀ ਜਾ ਸਕਦੀ ਹੈ। ਧੂਪਾਂ ਦੀਪਾਂ ਜੋਤਾਂ ਨਾਲ ਪ੍ਰਭੂ ਦੀ ਆਰਤੀ ਨਹੀਂ ਕੀਤੀ ਜਾ ਸਕਦੀ। ਪ੍ਰਭੂ ਦਾ ਨਾਮ ਹੀ ਸੱਚੀ ਆਰਤੀ ਹੈ, ‘‘ਨਾਮੁ ਤੇਰੋ ਆਰਤੀ.. ॥’’ (ਭਗਤ ਰਵਿਦਾਸ/੬੯੪) ਵਹਿਮਾਂ ਭਰਮਾਂ, ਥਿਤਾਂ ਵਾਰਾਂ ਦੀ ਪੂਜਾ ਬ੍ਰਾਹਮਣੀ ਕਰਮਕਾਂਡ ਹਨ। ਭਗਤ ਲਈ ਪੂਜਾ ਕੇਵਲ ਸੁੱਚੀ ਕਿਰਤ ਤੇ ਨਾਮ ਜਪਣਾ ਹੀ ਹੈ, ‘‘.. ਕਲਿ ਕੇਵਲ ਨਾਮ ਅਧਾਰ ॥’’ (ਭਗਤ ਰਵਿਦਾਸ/੩੪੬)

ਪਸ਼ੂ ਪੰਛੀਆਂ ਵਿੱਚ ਇੱਕ-ਇੱਕ ਦੋਖ ਹੈ ਪਰ ਇਸਤਰੀ ਪੁਰਸ਼ ਵਿੱਚ ਪੰਜੇ ਇਕੱਠੇ ਹਨ, ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ॥  ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ॥’’ (ਭਗਤ ਰਵਿਦਾਸ/੪੮੬) ਜਿਵੇਂ ਚੰਦਨ ਦੇ ਨਿਕਟ ਵਸਣ ਵਾਲੇ ਰਿੰਡ ’ਚੋਂ ਵੀ ਖੁਸ਼ਬੋ ਆਉਣ ਲੱਗ ਜਾਂਦੀ ਹੈ ਤਿਵੇਂ ਗੁਣਹੀਣ ਮਨੁੱਖ ਵੀ ਗੁਣੀ ਪ੍ਰਭੂ ਦੇ ਗੁਣਾਂ ਦੀ ਖੁਸ਼ਬੋ ਨਾਲ ਭਰ ਜਾਂਦੇ ਹਨ, ‘‘ਨੀਚ ਰੂਖ ਤੇ ਊਚ ਭਏ ਹੈ; ਗੰਧ ਸੁਗੰਧ ਨਿਵਾਸਾ ॥’’ (ਭਗਤ ਰਵਿਦਾਸ/੪੮੬) ਸਭ ਵਸਤੂਆਂ ਜੂਠੀਆਂ ਹੋ ਸਕਦੀਆਂ ਹਨ ਪਰ ਪ੍ਰਭੂ ਦਾ ਨਾਮ ਸਦਾ ਸੁੱਚਾ ਰਹਿੰਦਾ ਹੈ ਜਿਵੇਂ ਦੁੱਧ ਵੱਛੇ ਦੇ ਥਣ ਚੁੰਘਣ ਨਾਲ, ਫੁੱਲ਼ ਭੰਵਰੇ ਦੇ ਬਾਸ ਲੈਣ ਨਾਲ ਅਤੇ ਪਾਣੀ ਮੱਛੀ ਦੇ ਰਹਿਣ ਕਰਕੇ ਝੂਠੇ ਹੋ ਜਾਂਦੇ ਹਨ, ‘‘ਦੂਧੁ ਤ ਬਛਰੈ ਥਨਹੁ ਬਿਟਾਰਿਓ ॥  ਫੂਲੁ ਭਵਰਿ; ਜਲੁ ਮੀਨਿ ਬਿਗਾਰਿਓ ॥’’ (ਭਗਤ ਰਵਿਦਾਸ/੫੨੫) ਬ੍ਰਾਹਮਣ ਭਾਵੇਂ ਖਟ ਕਰਮ ਕਰੇ ਫਿਰ ਵੀ ਨੀਚ ਹੀ ਹੈ ਜੇ ਉਸ ਅੰਦਰ ਰੱਬ ਪ੍ਰਤੀ ਪਿਆਰ ਨਹੀਂ, ‘‘ਖਟੁ ਕਰਮ ਕੁਲ ਸੰਜੁਗਤੁ ਹੈ; ਹਰਿ ਭਗਤਿ ਹਿਰਦੈ ਨਾਹਿ ॥’’ (ਭਗਤ ਰਵਿਦਾਸ/੧੧੨੪) ਜੇ ਕਹੇ ਜਾਂਦੇ ਪਾਪੀ ਅਜਾਮਲ ਤੇ ਪਾਪਣ ਪਿੰਗਲਾ ਵਰਗੇ ਚੰਗੀ ਸੰਗਤ ਕਰ, ਨਾਮ ਜਪ ਕੇ ਤਰ ਗਏ ਫਿਰ ਚਮਾਰ ਵਰਗੇ ਨੀਵੀਂ ਜਾਤ ਦੇ ਕਿਵੇਂ ਨਹੀਂ ਤਰਨਗੇ, ‘‘ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ ॥  ਐਸੇ ਦੁਰਮਤਿ ਨਿਸਤਰੇ; ਤੂ ਕਿਉ ਨ ਤਰਹਿ ਰਵਿਦਾਸ? ॥’’ (ਭਗਤ ਰਵਿਦਾਸ/੧੧੨੪) ਜਿਸ ਦੇ ਅੰਦਰ ਦਰਦ ਨਹੀਂ ਉਹ ਦੂਜਿਆਂ ਦਾ ਦਰਦ ਕਿਵੇਂ ਮਹਿਸੂਸ ਕਰ ਸਕਦਾ ਹੈ, ‘‘ਸੋ ਕਤ ਜਾਨੈ ਪੀਰ ਪਰਾਈ ॥  ਜਾ ਕੈ ਅੰਤਰਿ; ਦਰਦੁ ਨ ਪਾਈ ॥੧॥ ਰਹਾਉ ॥’’ (ਭਗਤ ਰਵਿਦਾਸ/੭੯੩) ਚੰਮ ਤੋਂ ਬਣਿਆਂ ਹੋਣ ਕਰਕੇ ਸਾਰਾ ਸੰਸਾਰ ਹੀ ਚਮਾਰ ਹੈ ਫਿਰ ਵਖਰੇਵਾਂ ਕਾਹਦਾ? ਬ੍ਰਾਹਮਣ ਦਾ ਸਰੀਰ ਵੀ ਚੰਮ ਦਾ ਹੀ ਹੈ, ਨਾ ਕਿ ਸੋਨੇ ਦਾ। ਮੋਹ ’ਚ ਫਸਿਆ ਜੀਵ ਸਰੀਰ ਰੂਪੀ ਜੁੱਤੀ ਦੀ ਹੀ ਗੰਢ-ਤੁੱਪ ਕਰਦਾ ਕਰਾਉਂਦਾ ਰਹਿੰਦਾ ਹੈ, ‘‘ਲੋਗੁ ਗਠਾਵੈ ਪਨਹੀ ॥੧॥ ਰਹਾਉ ॥’’ (ਭਗਤ ਰਵਿਦਾਸ/੬੫੯) ਪਨਹੀ (ਜੁੱਤੀ) ਇਹ ਸੰਸਾਰ ਬਿਨਸਨਹਾਰ ਹੈ, ‘‘ਜੋ ਦਿਨ ਆਵਹਿ; ਸੋ ਦਿਨ ਜਾਹੀ ॥  ਕਰਨਾ ਕੂਚੁ; ਰਹਨੁ ਥਿਰੁ ਨਾਹੀ ॥’’ (ਭਗਤ ਰਵਿਦਾਸ/੭੯੩) ਪਤੀ ਦੀ ਸਾਰ ਸੁਹਾਗਣ (ਗੁਰਮੁਖ ਇਸਤਰੀ) ਹੀ ਪ੍ਰਮਾਤਮਾ ਪਤੀ ਨੂੰ ਜਾਣ-ਪਹਿਚਾਣ ਸਕਦੀ ਹੈ, ‘‘ਸਹ ਕੀ ਸਾਰ, ਸੁਹਾਗਨਿ ਜਾਨੈ ॥’’ (ਭਗਤ ਰਵਿਦਾਸ/੭੯੩) ਗਿਆਨ ਦੀ ਪ੍ਰਾਪਤੀ ਲਈ ਕਰਮ ਅਭਿਆਸ ਕਰਨਾ ਹੈ, ਜਦ ਗਿਆਨ ਹੋ ਜਾਵੇ ਤਾਂ ਤੋਤਾ ਰਟਨੀ ਛੱਡਣੀ ਚਾਹੀਦੀ ਹੈ; ਜਿਵੇਂ ਅਸੀਂ ਪਹਿਲੀ ਜਮਾਤ ਦੇ ਕੈਦੇ ਕਿਤਾਬਾਂ ਤੋਂ ਉੱਪਰ ਉੱਠਦੇ-2 ਜਾਂਦੇ ਹਾਂ ਇਵੇਂ ਹੀ ਕਰਮ ਜਾਲ ਤੋਂ ਉੱਪਰ ਉੱਠਣਾ ਹੈ, ‘‘ਗਿਆਨੈ ਕਾਰਨ ਕਰਮ ਅਭਿਆਸੁ ॥  ਗਿਆਨੁ ਭਇਆ; ਤਹ ਕਰਮਹ ਨਾਸੁ ॥’’ (ਭਗਤ ਰਵਿਦਾਸ/੧੧੬੭) ਨਸ਼ਿਆਂ ਦਾ ਤਿਆਗ ਕਰਨਾ ਹੈ, ਸ਼ਰਾਬ ਭਾਵੇਂ ਪਵਿੱਤਰ ਕਹੇ ਜਾਂਦੇ ਗੰਗਾ ਆਦਿਕ ਦੇ ਜਲ ਤੋਂ ਵੀ ਤਿਆਰ ਕੀਤੀ ਗਈ ਹੋਵੇ, ਗ੍ਰਹਿਣ ਨਹੀਂ ਕਰਨੀ, ‘‘ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ; ਸੰਤ ਜਨ ਕਰਤ ਨਹੀ ਪਾਨੰ ॥’’ (ਭਗਤ ਰਵਿਦਾਸ/੧੨੯੩) ਸੁਰਸਰੀ-ਗੰਗਾ, ਬਾਰੁਨੀ-ਸ਼ਰਾਬ, ਪਾਨੰ-ਪੀਣਾ। ਜੇ ਨੀਚ ਜਾਤ ਜੀਵ ਪ੍ਰਭੂ ਦੀ ਸ਼ਰਨ ਆ ਜਾਵੇ ਤਾਂ ਉੱਚ ਜਾਤੀਏ ਵੀ ਡੰਡਾਉਤਾਂ ਕਰਦੇ ਹਨ, ‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥’’ (ਭਗਤ ਰਵਿਦਾਸ/੧੨੯੩) ਭਗਤ ਹਿਰਦੇ ਰੂਪੀ ਦੀਵੇ ਵਿੱਚ ਨਾਮ ਦੀ ਜੋਤਿ ਜਗਾਉਂਦੇ ਹਨ, ਨਾ ਕਿ ਕਿਸੇ ਘਿਉ ਦੀ, ‘‘ਨਾਮ ਤੇਰੇ ਕੀ ਜੋਤਿ ਲਗਾਈ..॥’’ (ਭਗਤ ਰਵਿਦਾਸ/੬੯੪) ਵਹਿਮ, ਭਰਮ, ਸਵਰਗ ਤੇ ਨਰਕ ਦੇ ਡਰਾਵੇ ਫ਼ਜ਼ੂਲ ਹਨ, ‘‘ਮਾਧਵੇ! ਕਿਆ ਕਹੀਐ ? ਭ੍ਰਮੁ ਐਸਾ ॥  ਜੈਸਾ ਮਾਨੀਐ; ਹੋਇ ਨ ਤੈਸਾ ॥੧॥ ਰਹਾਉ ॥’’ (ਭਗਤ ਰਵਿਦਾਸ/੬੫੭) ਐਸਾ ਰਾਜ ਹੋਵੇ ਜਿੱਥੇ ਕੋਈ ਚਿੰਤਾ ਫਿਕਰ, ਗ਼ਮ, ਖ਼ੌਫ ਆਦਿਕ ਨਾ ਹੋਣ। ਸਭ ਦੇ ਹੱਕ ਬਾਰਬਰ ਹੋਣ, ਕਿਸੇ ਬੇਕਸੂਰ ਨੂੰ ਤੰਗ ਨਾ ਕੀਤਾ ਜਾਵੇ। ਜਿੱਥੇ ਸਭ ਦੀ ਖ਼ੈਰ ਮੰਗੀ ਜਾਵੇ, ਜਿੱਥੇ ਕੋਈ ਗ਼ੁਲਾਮ ਨਾ ਹੋਵੇ, ਜਿੱਥੇ ਹਰੇਕ ਅਜ਼ਾਦੀ ਦਾ ਨਿੱਘ ਮਾਣ ਸਕੇ, ਜਿੱਥੇ ਹਰ ਸ਼ਹਿਰੀ ਨਾਲ ਮਿਤਰਤਾ ਭਾਵ ਵਾਲਾ ਸਲੂਕ ਕੀਤਾ ਜਾਵੇ, ਜਿੱਥੇ ਸਭ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਹੋਵੇ ਅਤੇ ਸਭ ਨੂੰ ਕੰਮ ਭਾਵ ਰੁਜ਼ਗਾਰ ਮਿਲੇ। ਜਿੱਥੇ ਕਿਸੇ ਨਾਲ ਵਿਤਕਰਾ ਆਦਿਕ ਨਾ ਕੀਤਾ ਜਾਵੇ, ‘‘ਬੇਗਮ ਪੁਰਾ ਸਹਰ ਕੋ ਨਾਉ ॥  ਦੂਖੁ ਅੰਦੋਹੁ ਨਹੀ; ਤਿਹਿ ਠਾਉ ॥  ਨਾਂ ਤਸਵੀਸ; ਖਿਰਾਜੁ ਨ ਮਾਲੁ ॥  ਖਉਫੁ ਨ ਖਤਾ; ਨ ਤਰਸੁ ਜਵਾਲੁ ॥੧॥  ਅਬ ਮੋਹਿ; ਖੂਬ ਵਤਨ ਗਹ ਪਾਈ ॥  ਊਹਾਂ ਖੈਰਿ ਸਦਾ; ਮੇਰੇ ਭਾਈ! ॥੧॥ ਰਹਾਉ ॥  ਕਾਇਮੁ ਦਾਇਮੁ ਸਦਾ ਪਾਤਿਸਾਹੀ ॥  ਦੋਮ ਨ ਸੇਮ; ਏਕ ਸੋ ਆਹੀ ॥  ਆਬਾਦਾਨੁ ਸਦਾ ਮਸਹੂਰ ॥  ਊਹਾਂ ਗਨੀ ਬਸਹਿ; ਮਾਮੂਰ ॥੨॥  ਤਿਉ ਤਿਉ ਸੈਲ ਕਰਹਿ; ਜਿਉ ਭਾਵੈ ॥  ਮਹਰਮ ਮਹਲ ਨ ਕੋ ਅਟਕਾਵੈ ॥  ਕਹਿ ਰਵਿਦਾਸ; ਖਲਾਸ ਚਮਾਰਾ ॥  ਜੋ ਹਮ ਸਹਰੀ; ਸੁ ਮੀਤੁ ਹਮਾਰਾ ॥੩॥’’ (ਭਗਤ ਰਵਿਦਾਸ/੩੪੫) ਹਰੀ ਰੂਪੀ ਹੀਰੇ ਨੂੰ ਛੱਡ ਕੇ ਕਰੋੜਾਂ ’ਤੇ ਆਸ ਲਾ ਬੈਠਣਾ ਭਾਵ ਸ਼ਬਦ ਗੁਰੂ ਪ੍ਰਮੇਸ਼ਰ ਤੋਂ ਬਿਨਾਂ ਹੋਰਾਂ ਦੇ ਚਰਨੀਂ ਡਿੱਗਦੇ ਫਿਰਨਾ, ਨਰਕ ਦਾ ਮਾਰਗ ਹੈ, ‘‘ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥’’ (ਭਗਤ ਕਬੀਰ/੧੩੭੭)

ਐਸੇ ਕ੍ਰਾਂਤੀਕਾਰੀ, ਕਲਿਆਣਕਾਰੀ, ਅਗਾਂਹਵਧੂ ਵਿਚਾਰਾਂ ਵਾਲੇ ਭਗਤ ਬਾਬਾ ਰਵਿਦਾਸ ਜੀ ਬਾਰੇ ਭਾਈ ਗੁਰਦਾਸ ਜੀ ਇਉਂ ਦਰਜ ਕਰਦੇ ਹਨ, ‘‘ਭਗਤੁ ਭਗਤੁ ਜਗਿ ਵਜਿਆ; ਚਹੁੰ ਚਕਾਂ ਦੇ ਵਿਚਿ ਚਮਿਰੇਟਾ।’’ (ਭਾਈ ਗੁਰਦਾਸ ਜੀ/ਵਾਰ ੧੦ ਪਉੜੀ ੧੭) ਗੁਰੂ ਅਰਜਨ ਸਾਹਿਬ ਜੀ ਵੀ ਭਗਤ ਰਵਿਦਾਸ ਜੀ ਦੀ ਭਗਤੀ ਭਾਵਨਾ ਦਾ ਆਧਾਰ ਸਾਧ ਸੰਗਤ ਨੂੰ ਮੰਨਦੇ ਹਨ, ਨਾ ਕਿ ਕਿਸੇ ਦੇਵ ਜਾਂ ਪੱਥਰ ਪੂਜਾ ਨੂੰ, ‘‘ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥  ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥’’ (ਮਹਲਾ ੫/੪੮੭) ਐਸੇ ਗਿਆਨੀ, ਪਰਉਪਕਾਰੀ, ਸੇਵਾ ਸਿਮਰਨ ਵਾਲੇ, ਨਿਰਭੈਤਾ ਅਤੇ ਅਜ਼ਾਦ ਵਿਚਾਰਾਂ ਵਾਲੀ ਪ੍ਰਤਿਮਾਂ ਦੇ ਰੂਪ ਸਨ, ਭਗਤ ਲੜੀ ਦੇ ਅਨਮੋਲ ਹੀਰੇ ਭਗਤ ਗੁਰੂ ਰਵਿਦਾਸ ਜੀ!