ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਪਿਛੋਕੜ ਕਾਰਨ

0
1201

ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਪਿਛੋਕੜ ਕਾਰਨ

ਗਿਆਨੀ ਅਵਤਾਰ ਸਿੰਘ

ਜ਼ਮੀਨੀ ਸੰਘਰਸ਼ ਤੇ ਸ਼ਹਾਦਤਾਂ : ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ (9 ਜੂਨ 1716) ਤੋਂ ਬਾਅਦ ਵੀ ਦਿੱਲੀ ਦੇ ਬਾਦਸ਼ਾਹ ਫ਼ਾਰੁਖ਼ਸੀਅਰ ਨੇ ਸਿੱਖਾਂ ਨੂੰ ਖ਼ਤਮ ਕਰਨ ਲਈ ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ ਨੂੰ ਵਧੇਰੇ ਅਧਿਕਾਰ ਦਿੱਤੇ ਸਨ; ਜਿਵੇਂ ਕਿ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾਉਣ ਦੇ 10 ਰੁਪਏ, ਸਿਰ ਲਿਆਉਣ ਦੇ 25 ਰੁਪਏ ਤੇ ਜਿਊਂਦਾ ਫੜਨ ਦੇ 100 ਰੁਪਏ ਇਨਾਮ ਵਜੋਂ ਦੇ ਰਿਹਾ ਸੀ। ਚਾਪਲੂਸ ਮੁਸਲਮਾਨ ਤੇ ਹਿੰਦੂ ਇਹ ਇਨਾਮ ਪਾਉਣ ਲਈ ਰੋਜ਼ਾਨਾ ਸਿੱਖਾਂ ਦੀ ਭਾਲ ਵਿੱਚ ਰਹਿੰਦੇ ਸਨ। ਸਿੱਖਾਂ ਕੋਲ਼ ਪੰਜਾਬ ਨੂੰ ਛੱਡ ਕੇ ਲੱਖੀ ਜੰਗਲ਼ (ਜ਼ਿਲ੍ਹਾ ਕਰਾਚੀ) ’ਚ ਜਾਂ ਮਾਲਵੇ ਦੇ ਰੇਗਿਸਥਾਨ ’ਚ ਜਾਣ ਤੋਂ ਇਲਾਵਾ ਕੋਈ ਜਗ੍ਹਾ ਨਾ ਰਹੀ। ਮਾਤਾਵਾਂ ਨੂੰ ਪੁੱਛਣ ’ਤੇ ਕਿ ਤੁਹਾਡੇ ਕਿੰਨੇ ਬੱਚੇ ਹਨ, ਦਾ ਜਵਾਬ ਇਹੀ ਮਿਲਦਾ ਸੀ ਕਿ ਪਹਿਲਾਂ 4 ਸਨ ਪਰ ਹੁਣ 3 ਰਹਿ ਗਏ ਕਿਉਂਕਿ ਇੱਕ ਸਿੱਖ ਬਣ ਗਿਆ। ਅਜਿਹਾ ਜ਼ੁਲਮ ਦੁਨੀਆ ਦੇ ਇਤਿਹਾਸ ਵਿੱਚ ਸੰਨ 1939 ਤੋਂ 1945 ਤੱਕ ਯਹੂਦੀਆਂ ਵਿਰੁਧ ਹਿਟਲਰ ਦਾ ਵੀ ਨਹੀਂ ਸੀ। ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ ਦੇ ਸਿੱਖਾਂ ਉੱਤੇ ਜ਼ੁਲਮ ਦਾ ਜ਼ਿਕਰ ਕਰਦਿਆਂ ਮੁੰਤਖ਼ਬੁ-ਉਲ-ਲੁਬਾਬ ਕਹਿੰਦਾ ਹੈ ਕਿ ‘ਉਸ ਨੇ ਪੰਜਾਬ ਦੀ ਧਰਤੀ ਨੂੰ (ਸਿੱਖਾਂ ਦੇ) ਖ਼ੂਨ ਨਾਲ਼ ਰੰਗ ਦਿੱਤਾ।’, ਹਕੀਕਤ ਦੇ ਲੇਖਕ ਅਨੁਸਾਰ ਸਿੱਖਾਂ ਦੇ ਕਤਲੇਆਮ ਬਦਲੇ ਅਬਦੁਸ ਸਮਦ ਖ਼ਾਨ ਨੂੰ 6000 ਦਾ ਮਨਸਬ (ਉਸ ਸਮੇਂ ਦਾ ਸਭ ਤੋਂ ਵੱਡਾ ਰੁਤਬਾ), ਜੜਾਊ ਪਾਲਕੀ, ਹਾਥੀ, ਘੋੜੇ, ਸੋਨੇ ਦੇ ਕਈ ਗਹਿਣੇ, ਸੋਨੇ ਦੀ ਪੱਟੀ ਵਾਲ਼ੀ ਜੜਾਊ ਦਸਤਾਰ, ਹੀਰਿਆਂ ਦਾ ਹਾਰ ਅਤੇ ਪੰਜਾਬ ਦੇ ਕਈ ਪਰਗਨੇ ਇਨਾਮ ਵਜੋਂ ਦਿੱਤੇ ਗਏ ਸਨ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ 2 ਸਾਲ 9 ਮਹੀਨੇ ਬਾਅਦ ਬਾਦਸ਼ਾਹ ਫ਼ਾਰੁਖ਼ਸੀਅਰ ਦਾ ਵੀ ਬਾਬਾ ਬੰਦਾ ਸਿੰਘ ਵਾਙ ਅੱਖਾਂ ਕੱਢ ਕੇ 28 ਫ਼ਰਵਰੀ 1719 ਨੂੰ ਕਤਲ ਕੀਤਾ ਸੀ। ਉਸ ਮਗਰੋਂ ਉਸ ਦਾ ਪੋਤਾ ਸ਼ਮਸ-ਉਦ-ਦੀਨ (ਰਫ਼ੀ-ਉਦ-ਅਰਜਾਤ) 8 ਮਈ 1719 ਨੂੰ ਇੱਕ ਧੜੇ ਵੱਲੋਂ ਦਿੱਲੀ ਦਾ ਬਾਦਸ਼ਾਹ ਬਣਾਇਆ ਗਿਆ, ਜਿਸ ਨੂੰ ਦੂਜੇ ਧੜੇ ਨੇ 13 ਦਿਨ ਬਾਅਦ 25 ਮਈ ਨੂੰ ਹਟਾ ਦਿੱਤਾ। 27 ਮਈ ਨੂੰ ਉਸ ਦੇ ਭਰਾ ਸ਼ਾਹ ਜਹਾਨ ਦੂਜਾ (ਰਫ਼ੀ-ਉਦ-ਦੌਲਾ) ਨੇ ਹਕੂਮਤ ਸੰਭਾਲੀ। ਇਸ ਨੂੰ ਵੀ ਤਿੰਨ ਮਹੀਨੇ ਬਾਅਦ 8 ਸਤੰਬਰ 1719 ਨੂੰ ਸਈਅਦ ਭਰਾਵਾਂ (ਜਰਨੈਲ ਹੁਸੈਨ ਅਲੀ ਖ਼ਾਨ ਤੇ ਜਰਨੈਲ ਅਬਦੁੱਲਾ ਖ਼ਾਨ) ਨੇ ਮਰਵਾ ਦਿੱਤਾ। ਔਰੰਗਜ਼ੇਬ ਦੇ ਪੋਤੇ ਨੇਕੁਸਿਆਰ (ਜੋ ਔਰੰਗਜ਼ੇਬ ਦੇ ਚੌਥੇ ਪੁੱਤਰ ਅਕਬਰ ਦਾ ਬੇਟਾ ਸੀ, ਜਿਸ ਦੀ ਮੌਤ 1704 ਨੂੰ ਹੋ ਚੁੱਕੀ ਸੀ) ਨੂੰ ਇੱਕ ਧੜੇ ਵੱਲੋਂ ਬਾਦਸ਼ਾਹ ਐਲਾਨਿਆ ਗਿਆ, ਪਰ ਉਹ ਤਖ਼ਤ ’ਤੇ ਨਾ ਬੈਠ ਸਕਿਆ। ਅੰਤ 28 ਸਤੰਬਰ 1719 ਨੂੰ ਔਰੰਗਜ਼ੇਬ ਦੇ ਦੂਜੇ ਪੁੱਤਰ ਬਹਾਦਰ ਸ਼ਾਹ ਦਾ ਪੋਤਾ ਰੌਸ਼ਨ ਅਖ਼ਤਰ (ਮੁਹੰਮਦ ਸ਼ਾਹ ਰੰਗੀਲਾ) ਬਾਦਸ਼ਾਹ ਬਣਾਇਆ ਗਿਆ। ਇਨ੍ਹਾਂ ਦਿਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰਨ ਵਾਲਾ ਮੁਹੰਮਦ ਅਮੀਨ ਖ਼ਾਨ ਦਿੱਲੀ ਦਾ ਦੂਜਾ ਬਖ਼ਸ਼ੀ (ਸੈਨਾਪਤੀ) ਸੀ, ਜਿਸ ਨੇ ਬਾਦਸ਼ਾਹ ਨੂੰ ਭਰੋਸੇ ਵਿੱਚ ਲੈ ਕੇ ਸਈਅਦ ਭਰਾਵਾਂ (ਹੁਸੈਨ ਅਲੀ ਖ਼ਾਨ ਨੂੰ ਧੋਖੇ ਨਾਲ਼ 8 ਅਕਤੂਬਰ 1720 ਨੂੰ ਅਤੇ ਅਬਦੁੱਲ ਖ਼ਾਨ ਨੂੰ ਇੱਕ ਯੁੱਧ ਵਿੱਚ 13 ਨਵੰਬਰ 1720 ਨੂੰ) ਕਤਲ ਕਰ ਦਿੱਤਾ।

ਮੁਹੰਮਦ ਸ਼ਾਹ ਰੰਗੀਲਾ ਅਤੇ ਸਿੱਖ : ਬਾਦਸ਼ਾਹ ਫ਼ਾਰੁਖ਼ਸੀਅਰ ਦੀ ਮੌਤ ਤੋਂ 7 ਮਹੀਨੇ ਬਾਅਦ ਬਣੇ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਸਿੱਖਾਂ ਨਾਲ਼ ਲੜਨਾ ਜ਼ਰੂਰੀ ਨਾ ਸਮਝਿਆ। ਦਿੱਲੀ ’ਚ 7 ਮਹੀਨੇ ਤੱਕ ਰਿਹਾ। ਸਿਆਸੀ, ਪਰਵਾਰਕ ਸੰਘਰਸ਼ ਅਤੇ ਦਿੱਲੀ ਵੱਲੋਂ ਸੂਬੇਦਾਰ ਲਹੌਰ ਨੂੰ ਕੋਈ ਫ਼ੰਡ ਨਾ ਮਿਲਣ ਕਾਰਨ ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ ਨੂੰ ਵੀ ਕੁਝ ਸਮਾਂ ਚੁੱਪ ਰਹਿਣਾ ਪਿਆ। ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ 26 ਸਤੰਬਰ 1709 ਨੂੰ ਸਮਾਣਾ ਤੋਂ ਸ਼ੁਰੂ ਹੋਈ ਸਿੱਖਾਂ ਅਤੇ ਮੁਗ਼ਲਾਂ ਦੀ ਲੜਾਈ ’ਚ ਮਾਰਚ 1715 ਤੱਕ 25-30 ਹਜ਼ਾਰ ਸਿੱਖ ਸ਼ਹੀਦ ਹੋ ਚੁੱਕੇ ਸਨ। ਸੰਨ 1719 ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸਿੱਖ ਸੰਗਤ ਇਕੱਤਰ ਹੋਣੀ ਸ਼ੁਰੂ ਹੋਈ। ਭਾਈ ਮਨੀ ਸਿੰਘ ਜੀ ਨੂੰ ਅਪਰੈਲ 1698 ਤੋਂ ਇੱਥੇ ਬਤੌਰ ਗ੍ਰੰਥੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਿਯੁਕਤ ਕੀਤਾ ਹੋਇਆ ਸੀ ਕਿਉਂਕਿ ਪ੍ਰਿਥੀ ਚੰਦ ਦੇ ਵਾਰਸ ਦਰਬਾਰ ਸਾਹਿਬ ਦੀ ਸੇਵਾ ਛੱਡ ਗਏ ਸਨ। ਸੰਨ 1709 ’ਚ ਦਰਬਾਰ ਸਾਹਿਬ ’ਤੇ ਹੋਏ ਮੁਗ਼ਲ ਹਮਲੇ ਅਤੇ 1713 ਵਿੱਚ ਫ਼ਾਰੁਖ਼ਸੀਅਰ ਵੱਲੋਂ ਸਿੱਖਾਂ ਖ਼ਿਲਾਫ਼ ਲੰਬੀ ਮੁਹਿਮ ਛੇਡਣ ਸਮੇਂ ਕਈ ਵਾਰ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਛੱਡ ਕੇ ਮਾਝੇ ਦੇ ਪਿੰਡਾਂ ਵੱਲ ਵੀ ਜਾਣਾ ਪਿਆ ਸੀ।

ਤਾਰਾ ਸਿੰਘ ਡੱਲਵਾਂ ਦੀ ਸ਼ਹੀਦੀ : ਭਾਵੇਂ ਕਿ ਫ਼ਾਰੁਖ਼ਸੀਅਰ ਦੀ ਮੌਤ ਤੋਂ ਬਾਅਦ ਸਿੱਖਾਂ ਉੱਤੇ ਹਮਲੇ ਘਟ ਗਏ ਸਨ, ਪਰ ਫਿਰ ਵੀ ਕਦੇ ਕਦਾਈਂ ਮੁਗ਼ਲ ਸਰਕਾਰ; ਸਿੱਖਾਂ ਨੂੰ ਦਬਾਅ ਕੇ ਰੱਖਣ ਲਈ ਛੋਟੇ-ਮੋਟੇ ਹਮਲੇ ਕਰਵਾਉਂਦੀ ਰਹਿੰਦੀ ਸੀ। ਪੱਟੀ ਦੇ ਨਵਾਬ ਨੂੰ ਵੀ ਸਿੱਖਾਂ ਉੱਤੇ ਥੋੜ੍ਹੀ ਸਖ਼ਤੀ ਰੱਖਣ ਲਈ ਕਿਹਾ ਗਿਆ ਸੀ। ਭਾਈ ਤਾਰਾ ਸਿੰਘ ਦੇ ਪਿੰਡ ਡੱਲ ਅਤੇ ਵਾਂ; ਪੱਟੀ ਅਤੇ ਅੰਮ੍ਰਿਤਸਰ ਦੇ ਵਿਚਕਾਰ ਸਨ। ਇਨ੍ਹਾਂ ਪਿੰਡਾਂ ਦੇ ਨੇੜੇ ਹੀ ਪੰਨੂ ਜੱਟ ਮੁਸਲਮਾਨ ਦਾ ਪਿੰਡ ਨੌਸ਼ਹਿਰਾ ਸੀ, ਜਿਸ ਨੂੰ ਹੁਣ ਨੌਸ਼ਹਿਰਾ ਪੰਨੂਆਂ ਆਖਦੇ ਹਨ। ਇੱਥੋਂ ਦਾ ਚੌਧਰੀ ‘ਸਾਹਿਬ ਰਾਏ’ ਬੜਾ ਜਾਲਮ ਸੀ। ਉਸ ਦੇ ਘੋੜੇ ਚਰਦੇ-ਚਰਦੇ ਗ਼ਰੀਬ ਕਿਸਾਨਾਂ ਦੇ ਖੇਤਾਂ ’ਚ ਜਾ ਵੜਦੇ। ਭੜਾਣਾ ਪਿੰਡ ਦੇ ਦੋ ਸਿੱਖ (ਭਾਈ ਮਾਛੀ ਸਿੰਘ ਤੇ ਭਾਈ ਗੁਰਬਖ਼ਸ਼ ਸਿੰਘ) ਵੀ ਸਾਹਿਬ ਰਾਏ ਦੇ ਇਸ ਧੱਕੇ ਦਾ ਸ਼ਿਕਾਰ ਸਨ। ਆਪਣੀ ਫ਼ਸਲ ਦਾ ਨੁਕਸਾਨ ਵੇਖ ਉਨ੍ਹਾਂ ਨੇ ਸਾਹਿਬ ਰਾਏ ਅੱਗੇ ਘੋੜਿਆਂ ਨੂੰ ਬੰਨ੍ਹ ਕੇ ਰੱਖਣ ਲਈ ਬੇਨਤੀ ਕੀਤੀ, ਪਰ ਅਹੰਕਾਰੀ ਚੌਧਰੀ ਨੇ ਕਿਹਾ ਕਿ ਤੁਹਾਡੇ ਕੇਸ ਮੁੰਨ ਕੇ ਉਸ ਦੇ ਰੱਸੇ ਵੱਟ ਕੇ ਮੈਂ ਘੋੜਿਆਂ ਨੂੰ ਬੰਨ੍ਹਾਂਗਾ। ਦੋਵੇਂ ਸਿੱਖਾਂ ਨੇ ਇਹ ਗੱਲ ਪਿੰਡ ਭਸਿਓਂ (ਭੁੱਸਾ) ਦੇ ਸਰਦਾਰ ਬਘੇਲ ਸਿੰਘ ਤੇ ਅਮਰ ਸਿੰਘ ਢਿੱਲੋਂ ਸਮੇਤ ਭਾਈ ਤਾਰਾ ਸਿੰਘ ਡੱਲ-ਵਾਂ ਨਾਲ ਸਾਂਝੀ ਕੀਤੀ। ਤਾਰਾ ਸਿੰਘ ਜੀ ਮੁਸਾਫ਼ਰਾਂ ਲਈ ਲੰਗਰ ਤਿਆਰ ਕਰਿਆ ਕਰਦੇ ਸਨ। ਸਿੱਖਾਂ ਨੇ ਰਾਇ ਬਣਾਈ ਕਿ ਜਦ ਚੌਧਰੀ ਦੇ ਘੋੜੇ ਖੇਤਾਂ ’ਚ ਵੜਨ ਤਾਂ ਉਨ੍ਹਾਂ ਨੂੰ ਫੜ ਕੇ ਦੂਰ ਕਿਧਰੇ ਵੇਚ ਦਿੱਤਾ ਜਾਵੇ। ਅਗਲੇ ਦਿਨ ਜਦ ਸਾਹਿਬ ਰਾਏ ਦੀ ਇੱਕ ਘੋੜੀ; ਸਿੱਖਾਂ ਦੇ ਖੇਤ ਚਰ ਰਹੀ ਸੀ ਤਾਂ ਅਮਰ ਸਿੰਘ ਢਿੱਲੋਂ ਭਰਾਵਾਂ ਸਮੇਤ ਕੁਝ ਸਿੰਘਾਂ ਨੇ ਉਸ ਨੂੰ ਪਕੜ ਕੇ ਦੂਰ ਵੇਚ ਦਿੱਤਾ ਤੇ ਰਕਮ ਭਾਈ ਤਾਰਾ ਸਿੰਘ ਦੁਆਰਾ ਚਲਾਏ ਜਾਂਦੇ ਲੰਗਰ ’ਚ ਪਾ ਦਿੱਤੀ। ਸਾਹਿਬ ਰਾਏ ਨੂੰ ਪਤਾ ਲੱਗਣ ’ਤੇ ਉਹ ਕੁਝ ਬੰਦੇ ਲੈ ਕੇ ਤਾਰਾ ਸਿੰਘ ਕੋਲ਼ ਆ ਕੇ ਘੋੜੀ ਚੋਰਾਂ (ਸਿੱਖਾਂ) ਨੂੰ ਗ੍ਰਿਫ਼ਤਾਰ ਕਰਵਾਉਣ ਲਈ ਕਿਹਾ, ਪਰ ਤਾਰਾ ਸਿੰਘ ਨੇ ਚੌਧਰੀ ਦੀ ਗ਼ਲਤੀ ਚੇਤੇ ਕਰਵਾਈ ਤੇ ਉਹ ਆਪਣੀ ਤਾਕਤ ਘੱਟ ਵੇਖ ਵਾਪਸ ਚਲਾ ਗਿਆ। ਉਹ ਪੱਟੀ ਦੇ ਫ਼ੌਜਦਾਰ ਕੋਲ਼ ਗਿਆ ਤੇ ਤਾਰਾ ਸਿੰਘ ਕੋਲ ਬਾਗ਼ੀ ਸਿੱਖਾਂ ਦੇ ਆਉਣ ਦੀ ਰਿਪੋਰਟ ਕੀਤੀ। ਫ਼ੌਜਦਾਰ ਨੇ ਆਪਣੇ ਭਤੀਜੇ ਦੀ ਅਗਵਾਈ ’ਚ 80 ਪੈਦਲ ਸਿਪਾਹੀ ਤੇ 25 ਘੋੜ ਸਵਾਰ; ਸਾਹਿਬ ਰਾਏ ਨਾਲ਼ ਭੇਜੇ ਤਾਂ ਜੋ ਸਾਰੇ ਸਿੱਖ ਗ੍ਰਿਫ਼ਤਾਰ ਕੀਤੇ ਜਾ ਸਕਣ, ਪਰ ਰਸਤੇ ਵਿੱਚ ਹੀ ਬਘੇਲ ਸਿੰਘ ਸਮੇਤ ਕੁਝ ਸਿੰਘਾਂ ਨਾਲ ਹੋਈ ਲੜਾਈ ’ਚ ਫ਼ੌਜਦਾਰ ਦਾ ਭਤੀਜਾ ਮਾਰਿਆ ਗਿਆ ਤੇ ਸਾਹਿਬ ਰਾਏ ਜਾਨ ਬਚਾ ਕੇ ਭੱਜ ਗਿਆ। ਫ਼ੌਜਦਾਰ ਨੂੰ ਜਦ ਆਪਣੇ ਭਤੀਜੇ ਦੇ ਮਰਨ ਦੀ ਖ਼ਬਰ ਮਿਲੀ ਤਾਂ ਉਸ ਨੇ ਫ਼ੌਜੀ ਕਮਾਂਡਰ ਮੋਮਨ ਖ਼ਾਨ ਕਸੂਰੀ ਨੂੰ ਹਾਥੀ ਦੇ ਕੇ ਜਰਨੈਲ ਤਕੀ ਖ਼ਾਨ (ਜਿਸ ਨੇ ਜਿਸਮ ’ਤੇ ਸੰਜੋਅ ਪਹਿਨਿਆ ਹੋਇਆ ਸੀ) ਸਮੇਤ 900 ਸਿਪਾਹੀ ਦੇ ਕੇ 9 ਜੂਨ 1726 ਨੂੰ ਡੱਲ ਵਾਂ ਪਿੰਡ ਵੱਲ ਭੇਜ ਦਿੱਤਾ (ਕੇਸਰ ਸਿੰਘ ਛਿਬਰ 900 ਸਿਪਾਹੀ ਲਿਖਦਾ ਹੈ ਤੇ ਰਤਨ ਸਿੰਘ ਭੰਗੂ 2200)। ਅਗਾਂਹ ਤਾਰਾ ਸਿੰਘ ਸਮੇਤ ਕੁੱਲ 22 ਸਿੰਘ ਸਨ, ਜਿਨ੍ਹਾਂ ਨਾਲ਼ ਗਹਿ-ਗੱਚ ਲੜਾਈ ਹੋਈ। ਭੀਮ ਸਿੰਘ ਨੇ ਮੋਮਨ ਖ਼ਾਨ ਦੇ ਹਾਥੀ ਦੇ ਮਹਾਵਤ ਦਾ ਸਿਰ ਤਲਵਾਰ ਨਾਲ਼ ਵੱਡ ਦਿੱਤਾ ਤੇ ਤਾਰਾ ਸਿੰਘ ਨੇ ਸੰਜੋਅ ਪਹਿਨੇ ਜਰਨੈਲ ਤਕੀ ਖ਼ਾਨ ਦੇ ਮੂੰਹ ’ਚ ਨੇਜ਼ਾ ਮਾਰਿਆ (ਇੱਥੇ ਇੱਕ ਨਾਟਕੀ ਪ੍ਰਸੰਗ ਵੀ ਜੁੜਿਆ ਹੈ ਕਿ ਫ਼ੌਜ ਕਮਾਂਡਰ ਮੋਮਨ ਖ਼ਾਨ ਨੇ ਜਰਨੈਲ ਤਕੀ ਖ਼ਾਨ ਦੇ ਮੂੰਹੋਂ ਲਾਲ (ਖ਼ੂਨ) ਵੇਖ ਕਿਹਾ ਕਿ ਪਾਨ ਖਾ ਰਹੇ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਤਾਰਾ ਸਿੰਘ ਪਾਨ ਵੰਡ ਰਿਹਾ ਹੈ, ਆਪ ਵੀ ਲੈ ਲਓ। ‘ਵੰਡ ਰਿਹਾ ਹੈ’ ਸ਼ਬਦਾਂ ਤੋਂ ਸਪਸ਼ਟ ਹੈ ਕਿ ਤਾਰਾ ਸਿੰਘ ਮੁਸਾਫ਼ਰਾਂ ਲਈ ਲੰਗਰ ਵੰਡਦੇ ਸਨ)। ਦੋ ਦਿਨ ਤੱਕ ਚੱਲੀ ਇਸ ਲੜਾਈ ’ਚ ਸੈਂਕੜੇ ਮੁਗ਼ਲ ਸਿਪਾਹੀ ਮਾਰ ਕੇ ਸਾਰੇ ਸਿੰਘ ਸ਼ਹੀਦ ਹੋ ਗਏ। ਭਾਈ ਤਾਰਾ ਸਿੰਘ ਡੱਲ-ਵਾਂ ਦੀ ਇਸ ਸ਼ਹੀਦੀ ਨੇ ਸਿੱਖਾਂ ਨੂੰ ਮੁੜ ਸੰਘਰਸ਼ ਲਈ ਤਿਆਰ ਕਰ ਦਿੱਤਾ। ਸਿੱਖਾਂ ਨੇ ਗੁਰਮਤਾ ਕਰ 3 ਫ਼ੈਸਲੇ ਲਏ (1). ਸ਼ਾਹੀ ਖ਼ਜ਼ਾਨੇ ਲੁੱਟੇ ਜਾਣ (2). ਘੋੜੇ ਅਤੇ ਹਥਿਆਰ ਖੋਹੇ ਜਾਣ (3). ਮੁਗ਼ਲ ਹਕੂਮਤ ਦੇ ਮੁਖ਼ਬਰਾਂ ਅਤੇ ਮਦਦਗਾਰਾਂ ਨੂੰ ਸੋਧਿਆ ਜਾਵੇ।

ਜੁਲਾਈ-ਅਗਸਤ 1726 ਨੂੰ ਸਿੱਖਾਂ ਨੇ ਕਸੂਰ ਤੋਂ ਲਹੌਰ ਜਾਂਦਾ ਖ਼ਜ਼ਾਨਾ (5 ਲੱਖ ਰੁਪਏ) ਘੋੜੇ ਤੇ ਹਥਿਆਰ ਖੋਹ ਲਏ। ਸਤੰਬਰ 1726 ਨੂੰ ਸਿੱਖਾਂ ਨੇ ਮੁਰਤਜਾ ਖ਼ਾਨ ਦੇ ਘੋੜਿਆਂ ਦਾ ਕਾਫ਼ਲਾ ਲੁੱਟ ਲਿਆ। ਬੁੱਧ ਸਿੰਘ ਸੁਕਰਚੱਕੀਆ ਤੇ ਬਾਘ ਸਿੰਘ ਹੱਲੋਵਾਲੀਆ ਨੇ ਬਿਆਸ ਦਰਿਆ ਦੇ ਕੰਢੇ ’ਤੇ (ਗੋਇੰਦਵਾਲ ਕੋਲ਼) ਦਿੱਲੀ ਤੋਂ ਪਿਸ਼ਾਵਰ ਜਾਂਦਾ 700 ਘੋੜਿਆਂ ਦਾ ਕਾਫ਼ਲਾ ਲੁੱਟ ਲਿਆ, ਜਿਸ ਨਾਲ਼ ਸਿੱਖਾਂ ਦੇ ਹੱਥ ਸੋਨਾ, ਚਾਂਦੀ ਤੇ ਹੋਰ ਕੀਮਤੀ ਸਮਾਨ ਆ ਗਿਆ, ਆਦਿ।

ਸਿੱਖ, ਇਹ ਸਭ ਕੁਝ ਮੁਗ਼ਲ ਸਰਕਾਰ ਨੂੰ ਕਮਜ਼ੋਰ ਕਰਨ ਅਤੇ ਆਪਣਾ ਪ੍ਰਭਾਵ ਵਧਾਉਣ ਲਈ ਕਰ ਰਹੇ ਸਨ। ਸੰਨ 1727 ’ਚ ਸਿੱਖਾਂ ਨੇ ਹਰਿਗੋਬਿੰਦਪੁਰ ਕੋਲ ਇੱਕ ਸਰਕਾਰੀ ਕਾਫ਼ਲਾ ਸਮਝ ਕੇ ਲੁੱਟ ਲਿਆ ਜਦ ਕਿ ਉਹ ਸਮਾਨ ਮੁਗ਼ਲ ਸਰਕਾਰ ਨੂੰ ਅਜੇ ਵੇਚਣਾ ਸੀ। ਜਦ ਸਿੱਖਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਅਸਲ ਮਾਲਕ ਲਾਲਾ ਪਰਤਾਪ ਚੰਦ ਸਿਆਲਕੋਟ ਨੂੰ ਲੱਭ ਕੇ ਖੋਹਿਆ ਹੋਇਆ ਸਾਰਾ ਸਮਾਨ, ਉਸ ਦੇ ਘਰ ਪਹੁੰਚਾ ਦਿੱਤਾ। ਇਹ ਸਾਰੇ ਐਕਸ਼ਨ ਸੰਨ 1726-27 ਦਰਮਿਆਨ ਕੀਤੇ ਗਏ ਸਨ।

ਦਿੱਲੀ ਦੇ ਹਾਕਮਾਂ ਨੇ ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ (ਜੋ 1713 ਤੋਂ ਇਸ ਪਦ ’ਤੇ ਸੀ) ਨੂੰ 1726 ’ਚ ਹਟਾ ਕੇ ਮੁਲਤਾਨ ਦਾ ਗਵਰਨਰ ਲਗਾ ਦਿੱਤਾ (ਜਿਸ ਕਾਰਨ ਉਹ; ਸਿੱਖਾਂ ਹੱਥੋਂ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣੋ ਬਚ ਗਿਆ। ਸੰਨ 1737 ’ਚ ਮਰ ਗਿਆ)। ਉਸ ਦੀ ਥਾਂ ’ਤੇ ਉਸ ਦੇ ਪੁੱਤਰ ਜ਼ਕਰੀਆ ਖ਼ਾਨ (ਜੋ 1713 ਤੋਂ 1720 ਤੱਕ ਜੰਮੂ ਦਾ ਸੂਬੇਦਾਰ ਤੇ 1720 ਤੋਂ 1726 ਤੱਕ ਕਸ਼ਮੀਰ ਦਾ ਸੂਬੇਦਾਰ ਸੀ) ਨੂੰ ਲਹੌਰ ਦਾ ਸੂਬੇਦਾਰ ਬਣਾ ਦਿੱਤਾ। ਉਸ ਨੇ 20 ਹਜ਼ਾਰ ਫ਼ੌਜੀਆਂ ਦੀ ‘ਗਸ਼ਤੀ ਫ਼ੌਜ’ ਭਰਤੀ ਕੀਤੀ, ਜਿਨ੍ਹਾਂ ’ਚੋਂ 10 ਹਜ਼ਾਰ ਨੂੰ ਆਪਣੇ ਕੋਲ਼ ਰੱਖਿਆ ਅਤੇ 10 ਹਜ਼ਾਰ ਨੂੰ ਇੱਕ-ਇੱਕ ਹਜ਼ਾਰ ਦੀਆਂ ਟੁਕੜੀਆਂ ’ਚ ਵੰਡ ਕੇ ਉਨ੍ਹਾਂ ਲਈ 10 ਕਮਾਂਡਰ ਨਿਯੁਕਤ ਕਰ ਦਿੱਤੇ।

ਇਸ ਵੇਲ਼ੇ ਸਿੱਖ ਫ਼ੌਜਾਂ ਦੇ ਜਥੇਦਾਰ ਬਾਬਾ ਦਰਬਾਰਾ ਸਿੰਘ ਸਨ (ਜੋ ਭਾਈ ਨਾਨੂੰ ਸਿੰਘ ਦਿਲਵਾਲੀ ‘ਸ਼ਹੀਦ ਚਮਕੌਰ ਜੰਗ’ ਦੇ ਬੇਟੇ ਸਨ)। ਮੀਤ ਜਥੇਦਾਰ; ਸਰਦਾਰ ਕਪੂਰ ਸਿੰਘ ਫ਼ੈਜ਼ਲਾਪੁਰੀਆ ਨੂੰ ਬਣਾਇਆ ਗਿਆ। ਸਰਦਾਰ ਕਪੂਰ ਸਿੰਘ ਗੁਰੀਲਾ ਜੰਗ ’ਚ ਮਾਹਰ ਸਨ, ਜਿਸ ਕਾਰਨ ਉਨ੍ਹਾਂ ਨੇ ਪੰਜਾਬ ਦੀਆਂ ਸਾਰੀਆਂ ਮੁਗ਼ਲ ਕਾਰਵਾਈਆਂ ਨੂੰ ਬੇਅਸਰ ਕਰ ਕੇ ਰੱਖਿਆ। ਇਹ ਸੰਘਰਸ਼ 7 ਸਾਲ (1726-1732) ਤੱਕ ਚੱਲਦਾ ਰਿਹਾ। ਸਿੱਖਾਂ ਅਤੇ ਮੁਗ਼ਲਾਂ ਦੀ ਅਹਿਮ ਲੜਾਈ ਸੰਨ 1732 ’ਚ ਤਦ ਹੋਈ ਜਦ ਮੰਞ ਰਾਜਪੂਤ, ਮਲੇਰਕੋਟਲੇ ਦੇ ਪਠਾਨ ਜਮਾਲ ਖ਼ਾਨ ਅਤੇ ਜਲੰਧਰ ਦੁਆਬਾ ਦੇ ਫ਼ੌਜਦਾਰ ਸਈਅਦ ਅਸਦ ਅਲੀ ਖ਼ਾਨ ਨੇ ਮਿਲ ਕੇ ਬਰਨਾਲਾ ਵਿਖੇ ਆਲਾ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਪਹੂਵਿੰਡੀਆ ਦੀ ਅਗਵਾਈ ’ਚ ਸਿੱਖ ਫ਼ੌਜਾਂ ਨੇ ਮੁਗ਼ਲਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਯੁਧ ਤੋਂ ਬਾਅਦ ਦਿੱਲੀ ਹਕੂਮਤ ਸਿੱਖਾਂ ਤੋਂ ਮੁੜ ਡਰਨ ਲੱਗ ਪਈ; ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਡਰਦੀ ਸੀ।

ਸਿੱਖਾਂ ਨੂੰ ਜਾਗੀਰ ਦੇਣ ਦੀ ਪੇਸ਼ਕਸ਼ : ਸਿੱਖਾਂ ਤੋਂ ਜ਼ਕਰੀਆ ਖ਼ਾਨ ਵੀ ਤੰਗ ਆ ਗਿਆ, ਉਸ ਨੇ ਸਿੱਖਾਂ ਨਾਲ਼ ਟੱਕਰ ਲੈਣ ਦੀ ਬਜਾਇ ਨਵਾਂ ਰਸਤਾ ਲੱਭਿਆ। ਉਸ ਦਾ ਮੰਨਣਾ ਸੀ ਕਿ ਜੇ ਕਿਸੇ ਨੂੰ ਸ਼ਰਬਤ ਪਿਆ ਕੇ ਮਾਰਿਆ ਜਾ ਸਕਦਾ ਹੈ ਤਾਂ ਜ਼ਹਰ ਪਿਲਾਉਣ ਲਈ ਸਾਰਾ ਜ਼ੋਰ ਕਿਉਂ ਲਾਇਆ ਜਾਵੇ ? ਲਹੌਰ ਦੇ ਫ਼ੌਜਦਾਰ ਅਸਲਮ ਖ਼ਾਨ ਨੇ ਵੀ ਸੂਬੇਦਾਰ ਜ਼ਕਰੀਆ ਖ਼ਾਨ ਨੂੰ ਸਿੱਖਾਂ ਨਾਲ਼ ਸੁਲ੍ਹਾ ਕਰਨ ਦੀ ਸਲਾਹ ਦਿੱਤੀ। ਸਿੱਖਾਂ ਨਾਲ਼ ਗੱਲਬਾਤ ਕਰਨ ਲਈ ਜ਼ਕਰੀਆ ਖ਼ਾਨ; ਹਿੰਦੂ ਵਜ਼ੀਰ ਲਖਪਤ ਰਾਏ ਨੂੰ ਭੇਜਣਾ ਚਾਹੁੰਦਾ ਸੀ, ਪਰ ਉਹ ਸਿੱਖਾਂ ਕੋਲ਼ ਜਾਣ ਤੋਂ ਡਰਦਾ ਸੀ। ਇਸ ਕੰਮ ਲਈ ਜੰਭਰ ਪਿੰਡ ਦੇ ਭਾਈ ਸੁਬੇਗ ਸਿੰਘ ਦੀ ਮਦਦ ਲਈ ਗਈ, ਜੋ ਮੁਗ਼ਲਾਂ ਬਾਰੇ ਨਰਮ ਦਿਲ ਸਨ।

ਭਾਈ ਸੁਬੇਗ ਸਿੰਘ ਨੂੰ ਸਿੱਖ ਸੰਗਤ ਨਾਲ਼ ਗੱਲਬਾਤ ਕਰਨ ਲਈ ਅੰਮ੍ਰਿਤਸਰ ਭੇਜਿਆ ਗਿਆ ਤਾਂ ਜੋ ਉਹ ਗੁਰੂ ਦਾ ਚੱਕ ਅਤੇ ਇਸ ਦੇ ਆਸ-ਪਾਸ ਦੇ ਸਾਰੇ ਪਰਗਨਿਆਂ ਦੀ ਜਾਗੀਰ ਲੈ ਲੈਣ, ਪਰ ਮੁਗ਼ਲ ਸਰਕਾਰ ਵਿਰੁਧ ਸੰਘਰਸ਼ ਨਾ ਕਰਨ। ਜਦ ਭਾਈ ਸੁਬੇਗ ਸਿੰਘ ਜੀ 29 ਮਈ 1733 ਨੂੰ ਦਰਬਾਰ ਸਾਹਿਬ ਪੁੱਜੇ ਤਾਂ ਦੀਵਾਨ ਲੱਗਿਆ ਹੋਇਆ ਸੀ। ਭਾਈ ਸੁਬੇਗ ਸਿੰਘ ਨੇ ਪਹਿਲਾਂ ਤਾਂ ਮੁਗ਼ਲਾਂ ਨਾਲ਼ ਨੇੜਤਾ ਰੱਖਣ ਦੀ ਤਨਖ਼ਾਹ ਲਵਾਈ, ਮਗਰੋਂ ਜ਼ਕਰੀਆ ਖ਼ਾਨ ਵੱਲੋਂ ਜਾਗੀਰ ਦੀ ਪੇਸ਼ਕਸ਼ ਬਾਰੇ ਦੱਸਿਆ ਤੇ ਇਸ ਨੂੰ ਕਬੂਲਣ ਲਈ ਕਿਹਾ। ਇਸ ਪੇਸ਼ਕਸ਼ ਬਾਰੇ ਬਾਬਾ ਦਰਬਾਰਾ ਸਿੰਘ ਦੇ ਬੋਲ, ਰਤਨ ਸਿੰਘ ਭੰਗੂ ਨੇ ਇਉਂ ਕਲਮਬੰਦ ਕੀਤੇ: ‘ਹਮ ਪਾਤਿਸ਼ਾਹੀ ਸਤਿਗੁਰ ਦਈ। ਹੰਨੈ ਹੰਨੈ ਲਾਇ। ਜਹਿਂ ਜਹਿਂ ਬਹੈਂ ਜ਼ਮੀਨ ਮਲ। ਤਹਿਂ ਤਹਿਂ ਤਖ਼ਤ ਬਨਾਇ।39॥ ਇਸੀ ਭਾਂਤ ਬਹੁ ਸਿੱਖਣ ਕਹੀ। ਹਮ ਕੋ ਲੋੜ ਨਿਬਾਬੀ ਨਹੀਂ। ਉਨ ਮਾਂਗੀ ਕਬ ਦਈ ਪਾਤਿਸ਼ਾਹੀ। ਪੰਥ ਛਡ ਬਹਿਯੋ, ਕਬ ਉਨ ਕੇ ਪਾਹੀ।40॥ ਪੰਥ ਤੁਰਕਨ ਕੋ ਐਸੋ ਮੇਲ। ਬਰੂਦ ਅਗਨ ਕੋ ਜੈਸੋ ਖੇਲ।’ (ਰਤਨ ਸਿੰਘ ਭੰਗੂ, ਸਫ਼ਾ 213)

ਸਿੰਘਾਂ ਦੀ ਐਸੀ ਸੋਚ ਹੋਣ ਦੇ ਬਾਵਜੂਦ ਭੀ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬੱਤ ਖ਼ਾਲਸਾ ਨੇ ਜਾਗੀਰ ਦੀ ਪੇਸ਼ਕਸ਼ ਕਬੂਲ ਕਰਨ ਦਾ ਗੁਰਮਤਾ ਪਾਸ ਕਰ ਲਿਆ। ਇਸ ਤੋਂ ਮਗਰੋਂ ਜਦ ਨਵਾਬੀ ਲਈ ਆਗੂ ਚੁਣਨ ਦਾ ਸਵਾਲ ਆਇਆ ਤਾਂ ਭਾਈ ਮਨੀ ਸਿੰਘ ਜੀ ਅਤੇ ਬਾਬਾ ਦਰਬਾਰਾ ਸਿੰਘ ਨੇ ਨਵਾਬੀ ਕਬੂਲ ਕਰਨ ਤੋਂ ਨਾ ਕਰ ਦਿੱਤੀ। ਅਖ਼ੀਰ ਜ਼ੋਰ ਦੇਣ ’ਤੇ ਖ਼ਾਲਸਾ ਫ਼ੌਜਾਂ ਦੇ ਡਿਪਟੀ ਚੀਫ਼ ਕਪੂਰ ਸਿੰਘ, ਜੋ ਇੱਕ ਤਕੜੇ ਜਰਨੈਲ ਅਤੇ ਜਥੇਬੰਦਕ ਆਗੂ ਸਨ, ਨੇ ਨਵਾਬੀ ਕਬੂਲ ਕਰਨਾ ਮੰਨ ਲਿਆ। ਮੁਗ਼ਲਾਂ ਵੱਲੋਂ ਆਈ ਦਸਤਾਰ, ਜਾਮਾ-ਜੋੜਾ ਤੇ ਕਮਰਕੱਸਾ ਉਨ੍ਹਾਂ ਨੂੰ ਭੇਂਟ ਕੀਤਾ ਗਿਆ, ਪਰ ਇਸ ਦੇ ਨਾਲ ਹੀ ਸਰਬੱਤ ਖ਼ਾਲਸਾ ਨੇ ਜਕਰੀਆ ਖ਼ਾਨ ਲਈ ਸੁਨੇਹਾ ਭੇਜਿਆ ਕਿ ਨਵਾਬ ਕਪੂਰ ਸਿੰਘ ਜਾਂ ਕੋਈ ਵੀ ਹੋਰ ਸਿੱਖ ਨੁਮਾਇੰਦਾ; ਮੁਗ਼ਲ ਦਰਬਾਰ ਵਿੱਚ ਪੇਸ਼ ਨਹੀਂ ਹੋਇਆ ਕਰੇਗਾ।

ਸਿੱਖਾਂ ਵੱਲੋਂ ਜਾਗੀਰ ਕਬੂਲਣ ਨਾਲ਼ ਮਾਲੀ ਹਾਲਤ ਕੁਝ ਬੇਹਤਰ ਹੋ ਗਈ, ਜੋ ਗੁਰੂ ਦਾ ਚੱਕ (ਅੰਮ੍ਰਿਤਸਰ) ਤੋਂ ਇਲਾਵਾ ਚੂਹਣੀਆਂ, ਝਬਾਲ, ਕੰਗਣਵਾਲ ਅਤੇ ਦੀਪਾਲਪੁਰ ਪਰਗਨਿਆਂ (18 ਪਿੰਡ) ’ਚੋਂ ਇੱਕ ਸਾਲ ਦਾ ਇੱਕ ਲੱਖ ਰੁਪਏ ਮਾਲੀਆ ਸਿੱਖਾਂ ਨੂੰ ਦਿੰਦੀ ਸੀ। ਉਸ ਸਮੇਂ ਇਹ ਰਕਮ ਬਹੁਤ ਵੱਡੀ ਸੀ।

ਖ਼ਾਲਸਾ ਫ਼ੌਜ ਨੂੰ ਤਰੁਣਾ ਦਲ ਅਤੇ ਬੁੱਢਾ ਦਲ ਵਿੱਚ ਵੰਡਣਾ: ਸਿੱਖ ਕੌਮ ਨੂੰ ਜਥੇਬੰਦ ਕਰਨ ਲਈ ਇੱਕ ਵੱਡਾ ਇਕੱਠ ਅਕਾਲ ਤਖ਼ਤ ਸਾਹਿਬ ’ਤੇ ਬੁਲਾਇਆ ਗਿਆ। ਸਾਰੀ ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਵਡੇਰੀ ਉਮਰ ਵਾਲ਼ੇ ਸਿੱਖਾਂ ਨੂੰ ਬੁੱਢਾ ਦਲ ਵਿੱਚ ਅਤੇ ਨੌਜਵਾਨ ਸਿੱਖਾਂ ਦਾ ਤਰੁਣਾ ਦਲ ਬਣਾਇਆ ਗਿਆ। ਜਿਨ੍ਹਾਂ ਦੇ ਅਗਾਂਹ 5-5 ਜਥੇ ਬਣਾ ਕੇ ਉਨ੍ਹਾਂ ਲਈ 5-5 ਮੁੱਖੀ ਥਾਪੇ। ਬੁੱਢਾ ਦਲ ਦੇ ਪੰਜ ਮੁੱਖੀ ਸਨ : (1). ਬਾਬਾ ਦੀਪ ਸਿੰਘ ਜੀ ਪਹੂਵਿੰਡੀਆ (2). ਜੀਵਨ ਸਿੰਘ ਤੇ ਬੀਰ ਸਿੰਘ (3). ਕਾਹਨ ਸਿੰਘ ਤੇ ਭਾਈ ਬਿਨੋਦ ਸਿੰਘ ਗੋਇੰਦਵਾਲ (4). ਧਰਮ ਸਿੰਘ ਤੇ ਕਰਮ ਸਿੰਘ ਗੁਰੂ ਦਾ ਚੱਕ ਅੰਮ੍ਰਿਤਸਰ ਵਾਲ਼ੇ (5). ਦਸੌਂਧਾ ਸਿੰਘ ਕੋਟ ਬੁੱਢਾ ਵਾਲ਼ਾ, ਇਨ੍ਹਾਂ ਪੰਜਾਂ ਦਾ ਡੇਰਾ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਵਿੱਚ ਰੱਖਿਆ ਗਿਆ।

ਤਰੁਣਾ ਦਲ ਦੇ ਪੰਜ ਜਥਿਆਂ ਦੇ ਮੁੱਖੀ ਸਨ : (1). ਸੁੱਖਾ ਸਿੰਘ ਮਾੜੀ ਕੰਬੋ (2). ਗੁਰਬਖ਼ਸ਼ ਸਿੰਘ ਰੋੜਾਂਵਾਲੀ (3). ਬਾਘ ਸਿੰਘ ਹਲੋਵਾਲੀਆ (4). ਗੁਰਦਿਆਲ ਸਿੰਘ ਡਲੇਵਾਲ (5). ਸ਼ਾਮ ਸਿੰਘ ਨਾਰੋਕੀ, ਇਨ੍ਹਾਂ ਪੰਜਾਂ ਦਾ ਡੇਰਾ ਪੰਜ ਸਰੋਵਰਾਂ (ਰਾਮਸਰ, ਬਿਬੇਕਸਰ, ਲਛਮਣਸਰ, ਸੰਤੋਖਸਰ, ਕੌਲਸਰ) ਵਾਲ਼ੀਆਂ ਥਾਂਵਾਂ ’ਤੇ ਰੱਖਿਆ ਗਿਆ। ਸਮੁੱਚੀ ਸਿੱਖ ਫ਼ੌਜ ਦੀ ਸਾਂਝੀ ਕਮਾਂਡ ਨਵਾਬ ਕਪੂਰ ਸਿੰਘ ਨੂੰ ਸੌਂਪੀ ਗਈ। ਸਿੱਖ ਫ਼ੌਜ ਦੇ ਮੁੱਖੀ ਬਾਬਾ ਦਰਬਾਰਾ ਸਿੰਘ ਜੀ ਦੀਆਂ ਸਰਗਰਮੀਆਂ ਕੁਝ ਘਟਾਈਆਂ ਗਈਆਂ ਕਿਉਂਕਿ ਉਹ ਕਾਫ਼ੀ ਬਜ਼ੁਰਗ ਹੋ ਚੁੱਕੇ ਸਨ, ਜੋ 16 ਕੁ ਮਹੀਨਿਆਂ ਬਾਅਦ ਜੁਲਾਈ-ਅਗਸਤ 1734 ਵਿੱਚ ਚੜ੍ਹਾਈ ਕਰ ਗਏ। ਗੁਰਮਤਿ ਪ੍ਰਚਾਰ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ਼ ਦਾ ਜ਼ਿੰਮਾ ਬੁੱਢਾ ਦਲ ਨੂੰ ਸੌਂਪਿਆ ਗਿਆ ਅਤੇ ਕੌਮੀ ਹਿਫ਼ਾਜ਼ਤ ਦਾ ਜ਼ਿੰਮਾ ਤਰੁਣਾ ਦਲ ਨੂੰ ਦਿੱਤਾ ਗਿਆ। ਇਸ ਸਮੇਂ ਸਿੱਖਾਂ ਵੱਲੋਂ ਨੀਲੇ ਰੰਗ ਦੇ ਪੰਜ ਨਿਸ਼ਾਨ ਸਾਹਿਬ ਅਕਾਲ ਤਖ਼ਤ ਸਾਹਿਬ ’ਤੇ ਲਹਿਰਾਏ ਗਏ ਸਨ।

ਭਾਵੇਂ ਕਿ ਜਾਗੀਰ ਦੀ ਰਕਮ ਨਾਲ਼ ਸਿੱਖ ਫ਼ੌਜਾਂ ਕੋਲ਼ ਕਾਫ਼ੀ ਘੋੜੇ ਅਤੇ ਅਸਲਾ ਆ ਚੁੱਕਾ ਸੀ, ਪਰ ਇਹ ਅਹਿਸਾਸ ਵੀ ਸਿੱਖਾਂ ਨੂੰ ਹੋਣ ਲਗਾ ਕਿ ਸ਼ਾਇਦ ਉਨ੍ਹਾਂ ਨੇ ਕੋਈ ਗ਼ਲਤੀ ਕਰ ਦਿੱਤੀ ਹੈ। ਉਨ੍ਹਾਂ ਮੁਤਾਬਕ ਜਾਗੀਰ; ਜ਼ਾਲਮ ਸਰਕਾਰ ਨਾਲ਼ ਭਾਈਵਾਲ ਪਾਉਣ ਵਾਲ਼ੀ ਹਰਕਤ ਹੈ। ਸੋ ਜਾਗੀਰ 4-5 ਮਹੀਨੇ (29 ਮਾਰਚ ਤੋਂ ਅਗਸਤ 1733 ਤੱਕ) ਹੀ ਰੱਖੀ ਗਈ।  ਗੁੱਸੇ ਤੇ ਪਛਤਾਵੇ ਦੀ ਹਾਲਤ ਵਿੱਚ ਤਰੁਣਾ ਦਲ ਫ਼ੌਜਾਂ ਨੇ ਫਿਰ ਸ਼ਾਹੀ ਇਲਾਕਿਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਜਦ ਇਹ ਖ਼ਬਰਾਂ ਲਹੌਰ ਦੇ ਸੂਬੇਦਾਰ ਕੋਲ਼ ਪਹੁੰਚੀਆਂ ਤਾਂ ਉਸ ਨੇ ਸਿੱਖਾਂ ਦੀ ਜਾਗੀਰ ਜ਼ਬਤ ਕਰਨ ਦਾ ਐਲਾਨ ਕਰ ਦਿੱਤਾ। ਕੁਝ ਇਤਿਹਾਸਕ ਸੋਮਿਆਂ ਦਾ ਮੰਨਣਾ ਹੈ ਕਿ ਜ਼ਕਰੀਆਂ ਖ਼ਾਨ ਨੂੰ ਇਹ ਉਮੀਦ ਸੀ ਕਿ ਸਿੱਖ ਜਾਗੀਰ ਮਿਲਣ ਨਾਲ਼ ਲਾਲਚੀ ਹੋ ਜਾਣਗੇ, ਇਸ ਲਈ ਥੋੜ੍ਹਾ ਅਮਨ ਹੁੰਦਾ ਵੇਖ ਸਿੱਖਾਂ ਨੂੰ ਕਿਹਾ ਗਿਆ ਕਿ ਹੁਣ ਅਮਨ-ਅਮਾਨ ਹੋ ਚੁੱਕਾ ਹੈ। ਤੁਸੀਂ ਆਪੋ-ਆਪਣੇ ਘਰੋ-ਘਰੀਂ ਜਾ ਕੇ ਖੇਤੀ ਕਰੋ, ਪਰ ਇਹ ਸੁਣ ਕੇ ਸਿੱਖਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

ਜ਼ਕਰੀਆ ਖ਼ਾਨ ਨੇ ਲਖਪਤ ਰਾਏ ਨੂੰ ਫ਼ੌਜ ਦੇ ਕੇ ਅੰਮ੍ਰਿਤਸਰ ’ਤੇ ਹਮਲਾ ਕਰਨ ਲਈ ਕਿਹਾ। ਇਸ ਹਮਲੇ ਨੇ ਬੁੱਢਾ ਦਲ ਨੂੰ ਦਰਬਾਰ ਸਾਹਿਬ ਛੱਡਣ ਲਈ ਮਜਬੂਰ ਕਰ ਦਿੱਤਾ। ਭਾਈ ਮਨੀ ਸਿੰਘ ਜੀ ਫਿਰ ਇੱਕ ਵਾਰ ਦਰਬਾਰ ਸਾਹਿਬ ਛੱਡ ਕੇ ਚਲੇ ਗਏ, ਜੋ ਕੁਝ ਸਮਾਂ ਮਾਝੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਕਰਦੇ ਰਹੇ। 26 ਅਕਤੂਬਰ 1733 ਨੂੰ ਦੀਵਾਲੀ ਦਾ ਦਿਨ ਸੀ। ਭਾਈ ਮਨੀ ਸਿੰਘ ਜੀ ਨੇ ਇਸ ਦਿਨ ਸਰਬੱਤ ਖ਼ਾਲਸਾ ਅੰਮ੍ਰਿਤਸਰ ਬੁਲਾਉਣ ਦਾ ਫ਼ੈਸਲਾ ਲਿਆ। ਇਸ ਇਕੱਠ ਲਈ 20 ਤੋਂ 26 ਤਾਰੀਕ ਮੁਕਰੱਰ ਕੀਤੀ ਗਈ। ਸਿੱਖਾਂ ਅਤੇ ਮੁਗ਼ਲ ਹਾਕਮਾਂ ਦਰਮਿਆਨ ਦਰਬਾਰ ਸਾਹਿਬ ਦੀ ਜਾਗੀਰ ਵਾਲ਼ਾ ਇਕਰਾਰ ਅਜੇ ਤਾਜ਼ਾ-ਤਾਜ਼ਾ ਹੀ ਟੁੱਟਿਆ ਸੀ। ਜ਼ਕਰੀਆ ਖ਼ਾਨ ਨੇ ਲਖਪਤ ਰਾਏ ਨੂੰ ਫ਼ੌਜ ਦੇ ਕੇ ਰਾਮ ਤੀਰਥ ਵਾਲ਼ੀ ਥਾਂ ’ਤੇ ਬਿਠਾ ਦਿੱਤਾ ਤਾਂ ਜੋ ਸਰਬੱਤ ਖ਼ਾਲਸਾ ’ਚ ਆਉਣ ਵਾਲ਼ੇ ਸਿੱਖਾਂ ’ਤੇ ਹਮਲਾ ਕੀਤਾ ਜਾ ਸਕੇ। ਦੂਸਰੇ ਪਾਸੇ ਭਾਈ ਮਨੀ ਸਿੰਘ ਤੋਂ ਸਰਬੱਤ ਖ਼ਾਲਸਾ ਇਕੱਠ ਕਰਨ ਬਦਲੇ 10 ਹਜ਼ਾਰ ਰੁਪਏ (ਜਜ਼ੀਏ/ਜਜ਼ੀਆ ਟੈਕਸ, ਜੋ ਗ਼ੈਰ ਇਸਲਾਮਿਕ ਧਾਰਮਿਕ ਸਥਾਨਾਂ ’ਤੇ ਲਗਾਇਆ ਜਾਂਦਾ ਹੈ) ਦੀ ਮੰਗ ਕੀਤੀ ਗਈ। ਮੁਗ਼ਲਾਂ ਦੇ ਦਖ਼ਲ ਦੇਣ ਕਾਰਨ ਦਰਬਾਰ ਸਾਹਿਬ ਵਿਖੇ ਸਿੱਖ ਬਹੁਤ ਘੱਟ ਪਹੁੰਚੇ । ਭਾਈ ਮਨੀ ਸਿੰਘ ਨੇ ਵੀ ਸਿੱਖਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਉਹ ਦਰਬਾਰ ਸਾਹਿਬ ਨਾ ਆਉਣ।

ਦੀਵਾਲੀ ਤੋਂ ਬਾਅਦ ਭਾਈ ਮਨੀ ਸਿੰਘ ਤੋਂ 10 ਹਜ਼ਾਰ ਦੀ ਮੰਗ ਕੀਤੀ ਗਈ, ਪਰ ਚੜ੍ਹਾਵਾ ਨਾ ਚੜ੍ਹਨ ਕਾਰਨ ਉਨ੍ਹਾਂ ਨੇ ਵਿਸਾਖੀ 1734 ਤੱਕ ਦੀ ਮੁਹਲਤ ਹੋਰ ਮੰਗ ਲਈ ਤੇ ਜ਼ਕਰੀਆ ਖ਼ਾਨ ਨੇ ਦੇ ਦਿੱਤੀ। ਦਰਅਸਲ ਮੁਗ਼ਲਾਂ ਲਈ 10 ਹਜ਼ਾਰ ਇੱਕ ਬਹਾਨਾ ਮਾਤਰ ਸੀ। ਮਾਰਚ 1734 (ਵਿਸਾਖੀ) ਨੂੰ ਵੀ ਮੁਗ਼ਲਾਂ ਨੇ ਫਿਰ ਸਿੱਖਾਂ ’ਤੇ ਹਮਲੇ ਦੀ ਵਿਓਂਤ ਬਣਾਈ। ਸੂਹੀਆਂ ਰਾਹੀਂ ਭਾਈ ਮਨੀ ਸਿੰਘ ਜੀ ਮਿਲੀ ਜਾਣਕਾਰੀ ਤੋਂ ਬਾਅਦ ਉਨ੍ਹਾਂ ਨੇ ਸਿੱਖਾਂ ਨੂੰ ਦਰਬਾਰ ਸਾਹਿਬ ਆਉਣ ਤੋਂ ਫਿਰ ਰੋਕ ਦਿੱਤਾ, ਜਿਸ ਕਾਰਨ ਚੜ੍ਹਾਵਾ ਫਿਰ ਨਾ ਚੜ੍ਹ ਸਕਿਆ।

ਭਾਈ ਮਨੀ ਸਿੰਘ ਜੀ ਨੂੰ ਸੂਹੀਏ ਰਾਹੀਂ ਮਿਲੀ ਜਾਣਕਾਰੀ ਨੂੰ ਕਵੀ ਸੇਵਾ ਸਿੰਘ ਇਉਂ ਲਿਖਦੇ ਹਨ : ‘ਸੂਹੀਏ ਪਹਿਲੋਂ ਖ਼ਬਰ ਪੁਚਾਈ। ਸੂਬੇ ਕੀ ਸਬ ਦੇਖ ਖੁਟਾਈ। ਲੱਖੂ ਭੇਜਿਆ ਓਸ ਵਜੀਰ। ਤੀਰਥ ਰਾਮ ਸੁਧਾ ਸਰ ਤੀਰ। ਦੋਖੀ ਦੁਸ਼ਟ ਜਿਸੀ ਮਨ ਮੈਲ। ਤੁਰਕ ਫ਼ੌਜ ਲੈ ਆਯੋ ਗੈਲ। ਕਾਰਣ ਇਸੀ, ਸਿੰਘ ਨਹੀਂ ਆਏ। ਮਨੀ ਸਿੰਘ ਦੀਏ ਬੰਦ ਕਰਾਏ। ਭਾਈ ਸਾਹਿਬ ਇਮ ਕਹਯੋ ਅਲਾਈ। ਹਮਰਾ ਸਮਾਂ ਪਹੁੰਚਯੋ ਆਈ। ਧਰਮ ਹੇਤ ਹਮ ਦੇਹੈਂ ਪ੍ਰਾਨ। ਨਹੀਂ ਤੁਰਕ ਕੀ, ਮਾਨੈ ਕਾਨ। ਸੇਵਾ ਹਰੀ ਗਾਥ ਇਹ ਭਈ। ਲੱਖੂ ਦੁਸ਼ਟ ਇਤ ਆਯੋ ਨਹੀਂ।’ (ਸੇਵਾ ਸਿੰਘ, ਸ਼ਹੀਦ ਬਿਲਾਸ, ਬੰਦ 188)

ਅਪਰੈਲ 1734 ਤੱਕ ਜਜ਼ੀਆ ਰਕਮ ਨਾ ਦੇਣ ਕਾਰਨ 90 ਸਾਲਾਂ ਦੇ ਬਜ਼ੁਰਗ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਲਖਪਤ ਰਾਏ ਫ਼ੌਜ ਲੈ ਕੇ ਅੰਮ੍ਰਿਤਸਰ ਆ ਗਿਆ ਤੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨਾਲ਼ ਉਨ੍ਹਾਂ ਦੇ ਭਰਾ ਭਾਈ ਜਗਤ ਸਿੰਘ, ਉਨ੍ਹਾਂ ਦੇ ਦੋਵੇਂ ਪੁੱਤਰ ਚਿੱਤਰ ਸਿੰਘ ਤੇ ਗੁਰਬਖ਼ਸ਼ ਸਿੰਘ; ਗੁਰਬਖ਼ਸ਼ ਸਿੰਘ ਦੀ ਸਿੰਘਣੀ ਬੀਬੀ ਬਸੰਤ ਕੌਰ, ਗੁਲਜ਼ਾਰ ਸਿੰਘ, ਰਣ ਸਿੰਘ, ਸੰਗਤ ਸਿੰਘ, ਭੂਪਤ ਸਿੰਘ ਆਦਿਕ ਸਾਰੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਲਹੌਰ ਜ਼ਕਰੀਆ ਖ਼ਾਨ ਦੇ ਦਰਬਾਰ ਵਿੱਚ ਪੇਸ਼ ਕੀਤੇ ਗਏ। ਸੂਬੇਦਾਰ ਨੇ ਮਾਮਲਾ ਨਾ ਉਤਾਰਨ ਬਾਰੇ ਪੁੱਛਿਆ ਤਾਂ ਭਾਈ ਮਨੀ ਸਿੰਘ ਨੇ ਕਿਹਾ ਕਿ ਇਸ ਦਾ ਜ਼ਿੰਮੇਵਾਰ ਲਖਪਤ ਰਾਏ ਹੈ, ਜਿਸ ਨੇ ਸੰਗਤ ਇਕੱਠੀ ਨਾ ਹੋਣ ਦਿੱਤੀ। ਮੁਗ਼ਲਾਂ ਦਾ ਨਿਸ਼ਾਨਾ ਤਾਂ ਸਿੱਖਾਂ ਨੂੰ ਖ਼ਤਮ ਕਰਨਾ ਸੀ ਤੇ ਭਾਈ ਮਨੀ ਸਿੰਘ ਵਰਗਾ ਮੋਹਤਬਰ ਸਿੱਖ ਤਾਂ ਉਸ ਨੂੰ ਵਧੇਰੇ ਰੜਕਦਾ ਸੀ। ਭਾਵੇਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਕਾਰਨ 10 ਹਜ਼ਾਰ ਰੁਪਏ ਨਾ ਦੇਣਾ ਕਿਹਾ ਗਿਆ, ਪਰ ਫਿਰ ਵੀ ਸਿੱਖਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਇਸਲਾਮ ਕਬੂਲ ਕਰਨ ਦੀ ਸੂਰਤ ਵਿੱਚ ਛੱਡ ਦਿੱਤਾ ਜਾਏਗਾ। ਇਹ ਸ਼ਰਤ ਕਿਸੇ ਸਿੱਖ ਨੇ ਸਵੀਕਾਰ ਨਾ ਕੀਤੀ। ਆਖ਼ਿਰ 24 ਜੂਨ 1734 ਨੂੰ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਗੁਲਜ਼ਾਰ ਸਿੰਘ ਦੀ ਪੁੱਠੀ ਖੱਲ ਲਾਹੀ ਗਈ। ਭੂਪਤ ਸਿੰਘ ਦੀਆਂ ਪਹਿਲਾਂ ਅੱਖਾਂ ਕੱਢੀਆਂ ਗਈਆਂ, ਫਿਰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਬਾਕੀ ਸਾਰੇ ਪਰਵਾਰਿਕ ਮੈਂਬਰਾਂ ਨੂੰ ਵੀ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।