ਗੁਰਬਾਣੀ ’ਚ ‘ਸੰਤ/ਸੰਤੁ/ਸੰਤਿ’ ਸ਼ਬਦ; ਪੈਰੋਕਾਰ, ਗੁਰੂ ਅਤੇ ਰੱਬ ਦੇ ਲਖਾਇਕ
ਗਿਆਨੀ ਅਵਤਾਰ ਸਿੰਘ
ਗੁਰਬਾਣੀ ਸ਼ਬਦ ਵਿਚਾਰ ਨਾਲ਼ ਗਹਿਰੀ ਰੁਚੀ ਰੱਖਣ ਵਾਲ਼ੇ ਗੁਰਸਿੱਖ, ਇਹ ਭਲੀ-ਭਾਂਤ ਜਾਣਦੇ ਹਨ ਕਿ ਗੁਰਬਾਣੀ ’ਚ ਵਰਤਿਆ ਗਿਆ ਅਜਿਹਾ ਕੋਈ ਸ਼ਬਦ, ਜੋ ਵਿਸ਼ੇਸ਼ ਵਿਅਕਤੀ, ਗੁਰੂ ਜਾਂ ਰੱਬ ਪ੍ਰਥਾਇ ਹੋਵੇ, ਉਸ ਨੂੰ ਆਪਣੇ ਲਈ ਨਾ ਵਰਤਿਆ ਜਾਵੇ ਕਿਉਂਕਿ ਇਸ ਨਾਲ਼ (ਭਾਵ ਬੰਦੇ ਦਾ ਕਿਰਦਾਰ ਵੇਖ) ਸੰਗਤਾਂ ’ਚ ਉਸ ਸ਼ਬਦ ਦੇ ਭਾਵਾਰਥਾਂ ਬਾਰੇ ਦੁਬਿਧਾ, ਨਾ ਪੱਖੀ ਸੋਚ ਜਾਂ ਵਿਵਾਦ ਜਨਮ ਲੈ ਸਕਦਾ ਹੈ। ਕੋਈ ਵੀ ਕੌਮ ਅਜਿਹੀ ਇਜਾਜ਼ਤ ਨਹੀਂ ਦੇਵੇਗੀ ਕਿ ਇੱਕ ਆਮ ਵਿਅਕਤੀ; ਕਿਸੇ ਸਿਧਾਂਤਕ ਸਤਿਕਾਰਮਈ ਸ਼ਬਦ ਦੀ ਦੁਰਵਰਤੋਂ ਨਾਲ਼ ਆਪ ਵਿਸ਼ੇਸ਼ ਬਣਨ ਦਾ ਯਤਨ ਕਰੇ। ਇਹ ਵੀ ਸੱਚ ਹੈ ਕਿ ਬੰਦਾ ਉਸੇ ਸ਼ਬਦ ਦਾ ਦੁਰਪ੍ਰਯੋਗ ਕਰਨਾ ਲੋਚਦਾ ਹੈ, ਜੋ ਮਨੁੱਖਤਾ ਦੀ ਆਸਥਾ ’ਚ ਅਹਿਮ ਸਥਾਨ ਰੱਖਦਾ ਹੋਵੇ; ਜਿਵੇਂ ਕਿ ‘ਸੰਤ, ਭਗਤ, ਬ੍ਰਹਮਗਿਆਨੀ, ਗੁਰੂ, ਮਹਾਤਮਾ ਆਦਿ। ਅਜਿਹੇ ਬੰਦੇ ਆਪਣੇ ਲਈ ‘ਪਾਖੰਡੀ, ਕਰਮਕਾਂਡੀ, ਪੂਜਾਰੀ, ਮਸੰਦ’ ਆਦਿਕ ਨਾ ਪੱਖੀ ਸ਼ਬਦ ਨਹੀਂ ਚੁਣਦੇ ਭਾਵੇਂ ਕਿ ਇਨ੍ਹਾਂ ’ਚੋਂ ਕੁਝ ਸ਼ਬਦ ਵੀ ਗੁਰਮਤਿ ’ਚ ਖ਼ਾਸ ਮਹੱਤਵ ਰੱਖਦੇ ਹਨ; ਜਿਵੇਂ ਕਿ ‘ਪਾਖੰਡੀ’ ਭਾਵ ਪਾਪਾਂ ਨੂੰ ਖੰਡਨ (ਨਾਸ਼) ਕਰਨ ਵਾਲ਼ਾ, ‘ਪੂਜਾਰੀ’ ਭਾਵ ਰੱਬ ਦਾ ਆਸ਼ਕ; ਜਿਵੇਂ ਕਿ
(1). ਸੋ ਪਾਖੰਡੀ; ਜਿ ਕਾਇਆ ਪਖਾਲੇ ॥ ਕਾਇਆ ਕੀ ਅਗਨਿ; ਬ੍ਰਹਮੁ ਪਰਜਾਲੇ॥ (ਮਹਲਾ ੧/੯੫੨) ਭਾਵ ਅਸਲ ਓਹੀ ਪਾਖੰਡੀ ਹੈ ਜੋ ਆਪਣੇ ਸਰੀਰ (ਅੰਦਰੋਂ) ਪਾਪ ਧੋਂਦਾ ਅਤੇ ਅੰਦਰ ਰੱਬੀ ਜੋਤਿ ਜਗਾਂਦਾ ਹੈ।
(2). ਠਾਕੁਰ ਕਾ ਸੇਵਕੁ ਆਗਿਆਕਾਰੀ ॥ ਠਾਕੁਰ ਕਾ ਸੇਵਕੁ, ਸਦਾ ਪੂਜਾਰੀ ॥’’ (ਸੁਖਮਨੀ/ਮਹਲਾ ੫/ ਪੰਨਾ ੨੮੫)
ਗੁਰਮਤਿ ’ਚ ‘ਸੰਤ’ ਸ਼ਬਦ ਦੀ ਵਰਤੋਂ ‘ਭਗਤ, ਗੁਰੂ ਅਤੇ ਰੱਬ’ ਪ੍ਰਥਾਇ ਹੈ। ਸਿਧਾਂਤਕ ਪੱਖੋਂ ਵੇਖਿਆਂ ਜਾਪਦਾ ਹੈ ਕਿ ਜੇ ਇੱਕੋ ਸ਼ਬਦ ‘ਪੈਰੋਕਾਰ’ (ਭਾਵ ਪਿੱਛੇ ਚੱਲਣ ਵਾਲ਼ੇ ਜਾਂ ਚੇਲੇ/ਸਿੱਖ), ‘ਰਹਿਨੁਮਾ’ (ਭਾਵ ਅੱਗੇ ਚੱਲਣ ਵਾਲ਼ੇ ਜਾਂ ਗੁਰੂ) ਅਤੇ ‘ਰੱਬ’ ਬਾਰੇ ਸਾਂਝਾ ਵਰਤਿਆ ਜਾ ਰਿਹਾ ਹੋਵੇ ਤਾਂ ਉਹ ਕਿਸੇ ਪੈਂਡੇ ਦਾ ਸੰਕੇਤਕ ਨਹੀਂ ਹੁੰਦਾ ਬਲਕਿ ‘ਰੂਹਾਨੀਅਤ ਦੀ ਮੰਜ਼ਲ’ ਦਾ ਪ੍ਰਤੀਕ ਹੁੰਦਾ ਹੈ, ਇਸ ਤੋਂ ਉਤਾਂਹ ਕੋਈ ਹੋਰ ਰੂਹਾਨੀਅਤ ਪੜਾਅ ਨਹੀਂ ਬਚਦਾ; ਜਿਵੇਂ ਕਿ ਭਗਤ ਕਬੀਰ ਜੀ ਆਪਣੇ ਲਈ ‘ਸੰਤ’ ਸ਼ਬਦ ਵਰਤਦੇ ਹੋਏ ਆਪਣੇ ਰੂਹਾਨੀਅਤ ਪੜਾਅ (ਆਤਮਕ ਅਵਸਥਾ) ਨੂੰ ਚੌਥੇ ਪਦ ਤੱਕ ਪਹੁੰਚਿਆ ਦਰਸਾ ਰਹੇ ਹਨ, ‘‘ਕਿਆ ਅਪਰਾਧੁ ਸੰਤਿ (ਨੇ) ਹੈ ਕੀਨ੍ਾ ॥ ਬਾਂਧਿ ਪੋਟ; ਕੁੰਚਰ ਕਉ ਦੀਨ੍ਾ ॥… ਕਹਿ ਕਬੀਰ ਹਮਰਾ ਗੋਬਿੰਦੁ ॥ ਚਉਥੇ ਪਦ ਮਹਿ; ਜਨ ਕੀ ਜਿੰਦੁ ॥’’ (ਭਗਤ ਕਬੀਰ/੮੭੦), ਇਹ ਵੀ ਸੱਚ ਹੈ ਕਿ ‘ਸੰਤ’ ਪਦ ਦੀ ਦੁਰਵਰਤੋਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਵੀ ਪਹਿਲਾਂ ਤੋਂ ਹੁੰਦੀ ਆਈ ਹੈ; ਜਿਵੇਂ ਕਿ ਭਗਤ ਕਬੀਰ ਜੀ ‘ਭਗਵੇ ਬ੍ਰਾਹਮਣੀ-ਸੰਤ’ ਬਾਰੇ ਬਿਆਨ ਕਰਦੇ ਹਨ ‘‘ਓਇ ਹਰਿ ਕੇ ਸੰਤ ਨ ਆਖੀਅਹਿ; ਬਾਨਾਰਸਿ ਕੇ ਠਗ ॥੧॥ ਐਸੇ ਸੰਤ; ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥’’ (ਭਗਤ ਕਬੀਰ/੪੭੬), ‘ਸੰਤ’ ਪ੍ਰਥਾਇ ਭਗਤ ਜੀ ਦੀ ਅਜਿਹੀ ਨਕਾਰਾਤਮਿਕ ਸੋਚ ਕਿਉਂ ਬਣੀ ? ਕਿਉਂਕਿ ਲੁਕਾਈ ਨੇ ‘ਸੰਤ’ ਨੂੰ ਅਥਾਹ ਮਾਣ-ਸਤਿਕਾਰ ਨਾਲ਼ ਵੇਖਿਆ ਸੀ; ਜਿਵੇਂ ਕਿ ਭੱਟ ਭਿੱਖਾ ਜੀ ‘ਸੰਤ’ ਦੀ ਤਲਾਸ਼ ਕਰਦੇ-ਕਰਦੇ ਗੁਰੂ ਦੀ ਸ਼ਰਨ ’ਚ ਆਉਂਦੇ ਫ਼ੁਰਮਾਉਂਦੇ ਹਨ ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥’’ (ਸਵਈਏ ਮਹਲੇ ਤੀਜੇ ਕੇ /ਭਟ ਭਿਖਾ/੧੩੯੬), ਸੋ ਸੰਗਤਾਂ ’ਚ ਵਿਸ਼ੇਸ਼ ਬਣਨ ਲਈ ਬ੍ਰਾਹਮਣੀ ਸੰਤ ਸਮਾਜ ਵਾਙ ਸਿੱਖ ਭਾਈਚਾਰੇ ’ਚ ਵੀ ‘ਸੰਤ’ ਪਦ ਦੀ ਦੁਰਵਰਤੋਂ ਹੋਣ ਲੱਗ ਪਈ ਹੈ। ਭਗਤ ਕਬੀਰ ਜੀ ਵਾਙ ਕਈ ਗੁਰਸਿੱਖ; ਅਖੌਤੀ ਸੰਤਾਂ ਦੀਆਂ ਊਣਤਾਈਆਂ ਨੂੰ ਵੀ ਉਜਾਗਰ ਕਰਦੇ ਆ ਰਹੇ ਹਨ।
ਕੁਝ ਸਿੱਖਾਂ ਦਾ ਮੰਨਣਾ ਹੈ ਕਿ ਗੁਰਬਾਣੀ ’ਚ ‘ਸੰਤ’ ਸ਼ਬਦ ਕੇਵਲ ‘ਗੁਰੂ’ ਅਤੇ ‘ਰੱਬ’ ਪ੍ਰਥਾਇ ਹੀ ਹੈ, ਜੋ ਕਿ ਸਹੀ ਨਹੀਂ ਕਿਉਂਕਿ ਗੁਰਬਾਣੀ ’ਚ ‘ਪੈਰੋਕਾਰ’ (ਚੇਲੇ) ਲਈ ਵੀ ‘ਸੰਤ’ ਸ਼ਬਦ ਵਰਤਿਆ ਮਿਲਦਾ ਹੈ; ਜਿਵੇਂ ਕਿ ‘‘ਪੂਰਾ ਗੁਰੁ; ਅਖੵਓ ਜਾ ਕਾ ਮੰਤ੍ਰ ॥ ਅੰਮ੍ਰਿਤ ਦ੍ਰਿਸਟਿ ਪੇਖੈ; ਹੋਇ ਸੰਤ ॥’’ (ਸੁਖਮਨੀ/ਮਹਲਾ ੫/੨੮੭), ਇਸੇ ਦਾ ਫ਼ਾਇਦਾ ਅਖੌਤੀ ਸੰਤ ਉਠਾਉਂਦੇ ਹਨ। ਭਾਵੇਂ ਕਿ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਆਪ ਹੀ ਕਰਦੀ ਹੈ, ਪਰ ਇਹ ਰਾਜ਼ ਵੀ ਓਹੀ ਸਮਝਦਾ ਹੈ, ਜੋ ਗੁਰਬਾਣੀ ਲਿਖਤ ਨਿਯਮਾਂ ਬਾਰੇ ਥੋੜ੍ਹੀ ਜਾਣਕਾਰੀ ਰੱਖਦਾ ਹੋਵੇ।
ਕੁਝ ਕੁ ਗੁਰਬਾਣੀ ਲਿਖਤ ਨਿਯਮ: ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ ਸਦਾ ਅੰਤ ਔਂਕੜ (‘ਨਾਨਕੁ’ ਵਾਙ) ਹੁੰਦਾ ਹੈ। ਸੰਬੰਧਕੀ ਚਿੰਨ੍ਹ (ਕਾ, ਕੇ, ਕੈ, ਕੀ, ਦਾ, ਦੈ, ਦੀ, ਨਾਲਿ, ਵਿਚਿ, ਅੰਦਰਿ, ਅੰਤਰਿ, ਊਪਰਿ, ਸੰਗਿ, ਕਉ, ਪਹਿ, ਹੂ, ਵਿਹੂਣਾ, ਬਿਨਾ, ਬਾਝੁ ਆਦਿ) ‘ਨਾਨਕੁ’ ਨੂੰ ਅੰਤ ਮੁਕਤਾ (ਨਾਨਕ) ਕਰ ਦਿੰਦੇ ਹਨ ਜਾਂ ਸੰਬੋਧਨ ਪੱਖੋਂ ‘ਹੇ ਨਾਨਕ !’ ਪੁਕਾਰਿਆਂ ਵੀ ‘ਨਾਨਕੁ’ ਤੋਂ ‘ਨਾਨਕ’ ਸਰੂਪ ਹੋ ਜਾਂਦਾ ਹੈ।
ਇੱਕ ਵਚਨ ਪੁਲਿੰਗ ਸ਼ਬਦ ਕੁਝ ਕਾਰਨਾਂ ਕਰਕੇ ਅੰਤ ਸਿਹਾਰੀ ਬਣ ਜਾਂਦਾ ਹੈ, ਤਦ ਇਸ ’ਚੋਂ 4 ਸੰਬੰਧਕੀ (ਨੇ, ਨਾਲ਼/ਰਾਹੀਂ, ਵਿੱਚ/ਉੱਤੇ, ਤੋਂ) ਚਿੰਨ੍ਹ ਮਿਲਦੇ ਹਨ; ਜਿਵੇਂ ਕਿ
‘ਗੁਰਿ+ਨਾਨਕਿ’ (ਨੇ) ਮੇਰੀ ਪੈਜ ਸਵਾਰੀ ॥ (ਮਹਲਾ ੫/੮੦੬)
‘ਨਾਨਕਿ’ (ਨੇ) ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥ (ਬਲਵੰਡ ਸਤਾ/੯੬੬)
ਗੁਰ ‘ਪ੍ਰਸਾਦਿ’॥ (ਭਾਵ ਗੁਰੂ ਦੀ ਮਿਹਰ ਨਾਲ਼)
ਗਾਵੀਐ ਸੁਣੀਐ; ‘ਮਨਿ’ (’ਚ) ਰਖੀਐ ਭਾਉ ॥ (ਜਪੁ)
ਮੰਨੈ; ‘ਮੁਹਿ’ (ਉੱਤੇ) ਚੋਟਾ ਨਾ ਖਾਇ ॥ (ਜਪੁ)
ਜੈ ‘ਤਨਿ’ (ਤੋਂ) ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥ (ਮਹਲਾ ੧/੬੬੧)
ਹਿਰਦੈ ਨਾਮੁ, ਦੁਬਿਧਾ ‘ਮਨਿ’ (ਤੋਂ) ਭਾਗੀ; ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥ (ਮਹਲਾ ੩/੧੧੩੧) ਆਦਿ।
ਚੇਤੇ ਰਹੇ ਕਿ ਉਕਤ ਸਾਰੇ ਅੰਤ ਸਿਹਾਰੀ ਸ਼ਬਦ ਬਾਣੀ ’ਚ ਅੰਤ ਔਂਕੜ ਵੀ ਹਨ; ਜਿਵੇਂ ‘ਗੁਰੁ, ਨਾਨਕੁ, ਪ੍ਰਸਾਦੁ, ਮਨੁ, ਮੁਹੁ, ਤਨੁ’। ਭਾਵੇਂ ਕਿ ਅੰਤ ਸਿਹਾਰੀ ਉਕਤ ਸ਼ਬਦਾਂ ’ਚੋਂ 4 ਸੰਬੰਧਕੀ ਚਿੰਨ੍ਹ ਮਿਲ ਰਹੇ ਹਨ, ਪਰ ਆਮ ਤੌਰ ’ਤੇ ਵਿਅਕਤੀ ਵਿਸ਼ੇਸ਼ ਨਾਂਵ ’ਚੋਂ ਜ਼ਿਆਦਾਤਰ ‘ਨੇ’ ਹੀ ਮਿਲਦਾ ਹੈ; ਜਿਵੇਂ ‘ਗੁਰਿ’ (594 ਵਾਰ) ਭਾਵ ‘ਗੁਰੂ ਨੇ’, ‘ਨਾਨਕਿ’ (23 ਵਾਰ) ਭਾਵ ‘ਨਾਨਕ ਨੇ’ ਜਾਂ ‘ਰਾਮਿ’ (7 ਵਾਰ) ਭਾਵ ‘ਰਾਮ ਨੇ’, ‘ਪ੍ਰਭਿ’ (263 ਵਾਰ) ਭਾਵ ‘ਪ੍ਰਭੂ ਨੇ’ ਆਦਿ। ‘ਮਨੁ’ ਅਤੇ ‘ਧੁਰੁ’ ਵਿਅਕਤੀ ਵਿਸ਼ੇਸ਼ ਨਹੀਂ, ਇਸ ਲਈ ਆਮ ਤੌਰ ’ਤੇ ‘ਮਨਿ’ (1430 ਵਾਰ) ’ਚੋਂ ‘ਮਨ ਵਿੱਚ’ ਅਤੇ ‘ਧੁਰਿ’ (194 ਵਾਰ) ’ਚੋਂ ‘ਧੁਰ ਤੋਂ’ ਅਰਥ ਮਿਲਦੇ ਹਨ। ਕੁਝ ਹੋਰ ਇਹ ਵਿਚਾਰ ਕਰਨੀ ਵੀ ਜ਼ਰੂਰੀ ਹੈ:
(1). ਅੰਤ ਔਂਕੜ (ਨਾਨਕੁ) ਤੇ ਅੰਤ ਸਿਹਾਰੀ (ਨਾਨਕਿ) ਇੱਕ ਵਚਨ ਪੁਲਿੰਗ ਨਾਂਵ ਹਨ, ਨਾ ਕਿ ‘ਬਹੁ ਵਚਨ’ ਜਾਂ ‘ਇਸਤਰੀ ਲਿੰਗ’।
(2). ਅੰਤ ਔਂਕੜ (ਪੁਰਖੁ), ਅੰਤ ਸਿਹਾਰੀ (ਪੁਰਖਿ) ਵਾਙ ਅੰਤ ਦੁਲਾਵਾਂ (ਪੁਰਖੈ) ਸ਼ਬਦ ਵੀ ਇੱਕ ਵਚਨ ਪੁਲਿੰਗ ਹੀ ਹੁੰਦਾ ਹੈ ਅਤੇ ਅੰਤ ਸਿਹਾਰੀ ਵਾਙ ਅੰਤ ਦੁਲਾਵਾਂ ’ਚੋਂ ਵੀ ਚਾਰੋਂ ਸੰਬੰਧਕੀ (ਨੇ, ਨਾਲ਼, ਵਿੱਚ, ਤੋਂ) ਮਿਲਦੇ ਹਨ। ਮਿਸਾਲ ਵਜੋਂ ਸੰਖੇਪ ’ਚ ਕੇਵਲ ‘ਨੇ’ :
‘ਸਤਿਗੁਰਿ+ਪੁਰਖਿ’ (ਨੇ) ਮਿਲਾਇਆ; ਇਕੋ ਸਜਣੁ ਸੋਇ (ਉਹ ਰੱਬ)॥ (ਮਹਲਾ ੫/੪੨)
ਜਿਨਿ ਰਚਿ ਰਚਿਆ ‘ਪੁਰਖਿ+ਬਿਧਾਤੈ’ (ਨੇ); ਨਾਲੇ ਹਉਮੈ ਪਾਈ ॥ (ਮਹਲਾ ੫/੯੯੯)
ਇਸਤ੍ਰੀ ‘ਪੁਰਖੈ’ (ਨੇ) ਅਤਿ ਨੇਹੁ; ਬਹਿ ਮੰਦੁ ਪਕਾਇਆ ॥ (ਮਹਲਾ ੪/੧੨੫੦)
ਤਿਨਿ ‘ਕਰਤੈ’ (ਨੇ) ਇਕੁ ਖੇਲੁ ਰਚਾਇਆ ॥ (ਮਹਲਾ ੩/੧੧੭)
ਕਾਇਆ ਹੰਸ ਧੁਰਿ (ਤੋਂ) ਮੇਲੁ; ‘ਕਰਤੈ’ (ਨੇ) ਲਿਖਿ ਪਾਇਆ ॥ (ਮਹਲਾ ੩/੯੫੪)
ਗੁਰ ਅੰਗਦ ਦੀ ਦੋਹੀ ਫਿਰੀ; ਸਚੁ ‘ਕਰਤੈ’ (ਨੇ) ਬੰਧਿ ਬਹਾਲੀ ॥ (ਬਲਵੰਡ ਸਤਾ/੯੬੭)
(3). ਗੁਰਬਾਣੀ ’ਚ ਅੰਤ ਔਂਕੜ ‘ਭਗਤੁ’ (64 ਵਾਰ) ਪੁਲਿੰਗ ਹੈ, ਪਰ ਅੰਤ ਸਿਹਾਰੀ ‘ਭਗਤਿ’ (656 ਵਾਰ) ਇਸਤਰੀ ਲਿੰਗ। ਅਜਿਹੇ ਆਪਾ-ਵਿਰੋਧੀ ਲਿੰਗਾਂ ’ਚ ‘ਭਗਤਿ’ ਨੂੰ ਪੁਲਿੰਗ ਸਮਝ ਕੇ ਸੰਬੰਧਕੀ (ਨੇ, ਨਾਲ, ਵਿੱਚ, ਤੋਂ) ਅਰਥ ਨਹੀਂ ਲੈ ਸਕਦੇ।
(4). ਇੱਕ ਵਚਨ ਪੁਲਿੰਗ ਅੰਤ ਸਿਹਾਰੀ ‘ਗੁਰਮੁਖਿ’ (1615 ਵਾਰ) ਹੈ, ਫਿਰ ਵੀ ‘ਗੁਰਮੁਖ ਨੇ’ ਅਰਥ ਨਹੀਂ ਮਿਲਦੇ ਕਿਉਂਕਿ ਇੱਕ ਵਚਨ ਪੁਲਿੰਗ ਅੰਤ ਔਂਕੜ ‘ਗੁਰਮੁਖੁ’ ਹੋਣਾ ਜ਼ਰੂਰੀ ਸੀ, ਜੋ ਇੱਕ ਵਾਰ ਵੀ ਨਹੀਂ ਹੈ।
ਸੋ ਭਾਵੇਂ ਕਿ ‘ਭਗਤੁ, ਗੁਰਮੁਖਿ, ਸੰਤੁ, ਸਿਖੁ’ ਸ਼ਬਦ ਵਿਅਕਤੀ ਵਿਸ਼ੇਸ਼ ਲਈ ਅਤੇ ਇੱਕ ਵਚਨ ਪੁਲਿੰਗ ਹਨ, ਪਰ ‘ਪੈਰੋਕਾਰਾਂ’ ਦੇ ਸੰਬੰਧ ’ਚ ਵਰਤਦਿਆਂ ਇਨ੍ਹਾਂ ਦੇ ਅਰਥਾਂ ਨੂੰ ਬਹੁਤ ਸੀਮਤ ਰੱਖਿਆ ਗਿਆ ਹੈ ਭਾਵ ਇਨ੍ਹਾਂ ’ਚੋਂ ‘ਭਗਤ ਨੇ ਜਾਂ ਭਗਤ ਰਾਹੀਂ, ਗੁਰਮੁਖ ਨੇ ਜਾਂ ਗੁਰਮੁਖ ਰਾਹੀਂ, ਸੰਤ ਨੇ ਜਾਂ ਸੰਤ ਰਾਹੀਂ, ਸਿਖ ਨੇ ਜਾਂ ਸਿਖ ਰਾਹੀਂ’ ਅਰਥ ਨਹੀਂ ਲਏ ਗਏ। ਸੰਗਤਾਂ ਇਸ ਬੋਧ ਤੋਂ ਬੇਖ਼ਬਰ ਹਨ, ਇਸ ਦਾ ਫ਼ਾਇਦਾ ਉਠਾਉਂਦਿਆਂ ਇੱਕ ਪੈਰੋਕਾਰ; ਰਾਤੋ ਰਾਤ ਆਪਣੇ ਲਈ ‘ਭਗਤ, ਗੁਰਮੁਖ, ਸੰਤ, ਬ੍ਰਹਮਗਿਆਨੀ’ ਡਿਗਰੀ ਵਰਤ ਕੇ ਆਮ ਤੋਂ ‘ਗੁਰੂ’ ਵਾਙ ਵਿਸ਼ੇਸ਼ ਬਣ ਬੈਠਦਾ ਹੈ।
ਗੁਰਬਾਣੀ ’ਚ ਜਿਵੇਂ ‘ਗੁਰਿ, ਨਾਨਕਿ, ਪ੍ਰਭਿ, ਰਾਮਿ, ਪੁਰਖਿ, ਕਬੀਰਿ’ ਸ਼ਬਦਾਂ ’ਚੋਂ ‘ਨੇ, ਨਾਲ਼/ਰਾਹੀਂ’ ਅਰਥ ਲੈ ਕੇ ਵਿਸ਼ੇਸ਼ ਕਾਰਜ ਹੁੰਦੇ ਵਿਖਾਏ ਗਏ ਹਨ; ਜਿਵੇਂ ਕਿ ‘ਗੁਰੂ ਰਾਹੀਂ ਉਪਦੇਸ਼ ਮਿਲਿਆ, ਨਾਨਕ ਨੇ ਸੱਚ ਦੀ ਸਥਾਈ ਨੀਂਵ ਰੱਖੀ, ਪ੍ਰਭੂ ਨੇ ਬਖ਼ਸ਼ਸ਼ ਕੀਤੀ, ਰਾਮ ਨੇ ਸ੍ਰਿਸ਼ਟੀ ਬਣਾਈ, (ਆਦਿ-ਪੁਰਖਿ) ਪੁਰਖ ਨੇ ਇਕ ਕੌਤਕ ਵਰਤਾਇਆ, ਕਬੀਰ ਨੇ ਨਾਮ-ਵਸਤੂ ਲੋਕਾਂ ਨੂੰ ਦਿੱਤੀ ਆਦਿ ਉਪਦੇਸ਼ ਮਿਲੇ ਜਾਂ ਬਖ਼ਸ਼ਸ਼ਾਂ ਹੋਈਆਂ, ਪਰ ਇਸ ਤਰ੍ਹਾਂ ਆਮ (ਪੈਰੋਕਾਰ) ਲਈ ਵਰਤੇ ਜਾਂਦੇ ‘ਸੰਤੁ, ਭਗਤੁ’ ਸ਼ਬਦ; ‘ਸੰਤਿ, ਭਗਤਿ’ ਸਰੂਪ ’ਚ ਬਦਲ ਕੇ ਪੈਰੋਕਾਰ ਨੂੰ (ਗੁਰੂ, ਪ੍ਰਭੂ ਵਾਙ) ਖ਼ਾਸ ਨਹੀਂ ਬਣਨ ਦਿੰਦੇ ਭਾਵ ‘ਪੈਰੋਕਾਰ-ਸੰਤ ਨੇ ਨਾਮ-ਰਤਨ ਦਿੱਤਾ, ਪੈਰੋਕਾਰ-ਭਗਤ ਰਾਹੀਂ ਰੱਬ ਨਾਲ਼ ਜੁੜਿਆ, ਪੈਰੋਕਾਰ-ਸਿੱਖ ਨੇ ਸੰਗਤ ਸਥਾਪਤ ਕੀਤੀ, ਪੈਰੋਕਾਰ-ਬ੍ਰਹਮਗਿਆਨੀ ਨੇ ਗੁਰੂ ਨਾਲ਼ ਜੋੜਿਆ’ ਵਰਗੇ ਉਪਦੇਸ਼ ਗੁਰਮਤ ਨਹੀਂ।
ਗੁਰਬਾਣੀ ’ਚ ‘ਸੰਤ’ ਸ਼ਬਦ 704 ਵਾਰ, ‘ਸੰਤੁ’ 48 ਵਾਰ ਅਤੇ ‘ਸੰਤਿ’ ਮਾਤਰ 6 ਵਾਰ ਹੀ ਹੈ, ਜਿਨ੍ਹਾਂ ਦੀ ਵਰਤੋਂ ਇਸ ਪ੍ਰਕਾਰ ਹੈ:
(ੳ). ਅੰਤ ਸਿਹਾਰੀ ‘ਸੰਤਿ’ ਕੇਵਲ ‘ਗੁਰੂ’ ਲਈ ਹੈ:
1./2. ਜੋ ਜੋ ‘ਸੰਤਿ’ (ਨੇ) ਸਰਾਪਿਆ; ਸੇ ਫਿਰਹਿ ਭਵੰਦੇ ॥ (ਮਹਲਾ ੪/੩੦੬,੩੧੭)
3. ਹਰਿ ਕਾ ਮਾਰਗੁ ‘ਗੁਰਿ+ਸੰਤਿ’ (ਨੇ) ਬਤਾਇਓ; ‘ਗੁਰਿ’ (ਨੇ) ਚਾਲ ਦਿਖਾਈ ਹਰਿ ਚਾਲ ॥ (ਮਹਲਾ ੪/੯੭੮) (ਨੋਟ: ਇੱਥੇ ਬਾਣੀ ’ਚ ‘ਗੁਰ ਸੰਤਿ’ ਹੈ; ਕੁਝ ਹੱਥ ਲਿਖਤਾਂ ’ਚ ‘ਗੁਰਿ ਸੰਤਿ’ ਮਿਲਦਾ ਹੈ।)
4. ਮਾਰਗੁ ਪ੍ਰਭ ਕੋ ‘ਸੰਤਿ’ (ਨੇ) ਬਤਾਇਓ; ਦ੍ਰਿੜੀ ਨਾਨਕ ਦਾਸ ! ਭਗਤਿ ਹਰਿ ਜਸੂਆ (ਹਰੀ ਜਸ)॥ (ਮਹਲਾ ੫/੨੦੬)
5. ਨਿਰਭਉ ਭਏ ‘ਸੰਤਿ’ (ਨੇ) ਭ੍ਰਮੁ ਡਾਰਿਓ (ਖ਼ਤਮ ਕੀਤਾ); ਪੂਰਨ ਸਰਬਾਗਿਓ (ਸਰਵ ਵਿਆਪਕ ਅੰਤਰਯਾਮੀ ਦਾ ਰੂਪ ਹੋ ਗਏ)॥ (ਮਹਲਾ ੫/੨੧੫) (ਨੋਟ: ਇੱਥੇ ਬਾਣੀ ’ਚ ‘ਸੰਤ’ ਹੈ; ਹੱਥ ਲਿਖਤਾਂ ’ਚ ‘ਸੰਤਿ’ ਮਿਲਦਾ ਹੈ।)
6. ਗੁਰੁ ਪੂਰਾ ਆਰਾਧਿਆ, ਹੋਏ ਕਿਰਪਾਲ ॥ ਮਾਰਗੁ ‘ਸੰਤਿ’ (ਨੇ) ਬਤਾਇਆ, ਤੂਟੇ ਜਮ ਜਾਲ ॥ (ਮਹਲਾ ੫/੮੧੯)
7. ਬਿਨਵੰਤਿ ਨਾਨਕੁ; ਸਭ, ‘ਸੰਤਿ’ (ਨੇ) ਮੇਲੀ; ਪ੍ਰਭੁ ਕਰਣ ਕਾਰਣ ਜੋਗੋ ॥ (ਮਹਲਾ ੫/੮੪੬)
ਗੁਰਮਤਿ ਦਾ ਸਰੋਤ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਹੈ, ਪਰ ਉਕਤ ਤੁਕਾਂ ’ਚ ਉਨ੍ਹਾਂ ਦੁਆਰਾ ਰਚੀ ਹੋਈ ਇੱਕ ਵੀ ਪੰਕਤੀ ਨਹੀਂ।
(ਅ). ਗੁਰਬਾਣੀ ’ਚ ਸੰਤੁ (ਅੰਤ ਔਂਕੜ) 48 ਵਾਰ ਹੈ, ਜਿਨ੍ਹਾਂ ਦੀ ਵੰਡ ਇਸ ਤਰ੍ਹਾਂ ਹੈ:
(1). ‘ਸੰਤੁ’ 3 ਵਾਰ ‘ਰੱਬ’ ਲਈ ਹੈ; ਜੋ ਕਿ ਕੇਵਲ ਗੁਰੂ ਅਰਜਨ ਸਾਹਿਬ ਜੀ ਦੁਆਰਾ ਵਰਤਿਆ ਗਿਆ:
ਭਾਗੁ ਹੋਆ; ਗੁਰਿ (ਨੇ), ‘ਸੰਤੁ’ ਮਿਲਾਇਆ ॥ (ਮਹਲਾ ੫/੯੭)
ਵੈਸਾਖੁ ਸੁਹਾਵਾ ਤਾਂ ਲਗੈ; ਜਾ, ‘ਸੰਤੁ’ ਭੇਟੈ ਹਰਿ ਸੋਇ (ਭਾਵ ਜਦੋਂ ਉਹ ਸੰਤ-ਹਰੀ ਮਿਲੈ)॥ (ਮਾਝ ਬਾਰਹਮਾਹਾ/ਮਹਲਾ ੫/੧੩੪)
ਸਤਿਗੁਰਿ (ਨੇ) ‘ਸੰਤੁ’ ਮਿਲਾਇਆ; ਮਸਤਕਿ (’ਤੇ) ਧਰਿ ਕੈ, ਹਥੁ ॥ (ਮਹਲਾ ੫/੯੫੮)
(ਨੋਟ: ਉਕਤ ਤਿੰਨੇ ਤੁਕਾਂ ’ਚ ‘ਸੰਤੁ’ ਦਾ ਅਰਥ ਹੈ: ‘ਹਰੀ, ਚੌਥਾ ਪਦ, ਤੁਰੀਆਵਸਥਾ, ਸਚਖੰਡਿ, ਬੇਗਮਪੁਰਾ, ਸੋ ਦਰੁ, ਸੋ ਘਰੁ’ ਆਦਿ ਭਾਵ ਇਸ ਤੋਂ ਉਤਾਂਹ ਕੋਈ ਹੋਰ ਰੁਹਾਨੀਅਤ ਪੜਾਅ ਨਹੀਂ, ਜਿੱਥੇ ਪਹੁੰਚਣ ਬਾਰੇ ਗੁਰੂ ਜੀ ਉਪਦੇਸ਼ ਦੇਣ। ਇਹੀ ਭਗਤ ਦੀ ਮੰਜ਼ਲ ਹੈ। ਆਮ ਮਨੁੱਖੀ ਜ਼ਿੰਦਗੀ ਤੋਂ ਇਸ ਅੰਤਮ ਪੜਾਅ ਤੱਕ ਦੇ ਜਾਣਨਹਾਰ; ਗੁਰੂ ਜੀ ਹੀ ਹਨ, ਜਿਨ੍ਹਾਂ ਦਾ ਅਨੁਭਵ ਹੀ ਮਨੁੱਖ ਲਈ ਮਾਰਗ, ਸਹਾਰਾ, ਵਿਸ਼ਵਾਸ ਬਣਦਾ ਹੈ।)
(2). ‘ਸੰਤੁ’ 24 ਵਾਰ ‘ਗੁਰੂ’ ਲਈ ਹੈ, ਜਿਨ੍ਹਾਂ ’ਚੋਂ 3 ਵਾਰ ਕਬੀਰ ਜੀ ਦੁਆਰਾ, ਇੱਕ ਵਾਰ ਗੁਰੂ ਨਾਨਕ ਜੀ ਦੁਆਰਾ ਆਪਣੇ ਲਈ, 7 ਵਾਰ ਗੁਰੂ ਰਾਮਦਾਸ ਜੀ ਦੁਆਰਾ ਅਤੇ 13 ਵਾਰ ਗੁਰੂ ਅਰਜਨ ਸਾਹਿਬ ਜੀ ਦੁਆਰਾ ਦਰਜ ਹੈ। ਚੇਤੇ ਰਹੇ ਕਿ (ੳ). ਇਨ੍ਹਾਂ ਤੁਕਾਂ ’ਚ ਸੰਤ-ਗੁਰੂ ਰਾਹੀਂ ਰੱਬ ਨਾਲ਼ ਮਿਲਣ ਜਾਂ ਰੱਬੀ ਨਾਮ ਮਿਲਣ ਦੇ ਸੰਕੇਤ ਮਿਲਦੇ ਹਨ (ਅ). ਇਹ ਤੁਕਾਂ ਜ਼ਿਆਦਾਤਰ ‘ਰਹਾਉ’ (ਸ਼ਬਦ ਵਿਸ਼ੇ ਦੇ ਸਾਰ) ਬੰਦ ’ਚ ਹਨ:
ਨਾਨਕ ! ‘ਸੰਤੁ’ (ਗੁਰੂ) ਮਿਲੈ ਸਚੁ ਪਾਈਐ; ਸਹਜ ਭਾਇ ਜਸੁ ਲੇਉ ॥ (ਸਿਧ ਗੋਸਟਿ/ਮਹਲਾ ੧/੯੩੮)
ਕਬੀਰ ! ਸੇਵਾ ਕਉ ਦੁਇ ਭਲੇ; ਏਕੁ ‘ਸੰਤੁ’ ਇਕੁ ਰਾਮੁ ॥ ਰਾਮੁ ਜੁ ਦਾਤਾ ਮੁਕਤਿ ਕੋ; ‘ਸੰਤੁ’ ਜਪਾਵੈ ਨਾਮੁ ॥ (ਭਗਤ ਕਬੀਰ/੧੩੭੩)
ਅੰਕਸੁ ਗੵਾਨੁ ਰਤਨੁ ਹੈ; ਖੇਵਟੁ (ਮਲਾਹ) ਬਿਰਲਾ ‘ਸੰਤੁ’ (ਗੁਰੂ)॥ (ਭਗਤ ਕਬੀਰ/੧੩੭੬)
ਕੋਈ ‘ਸਜਣੁ+ਸੰਤੁ’ ਮਿਲੈ ਵਡਭਾਗੀ; ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥ (ਮਹਲਾ ੪/੯੪)
ਵਡਭਾਗੀ; ਹਰਿ (ਨੇ) ‘ਸੰਤੁ’ ਮਿਲਾਇਆ ॥ (ਉਸ) ਗੁਰਿ+ਪੂਰੈ (ਨੇ); ਹਰਿ ਰਸੁ, ਮੁਖਿ (’ਚ) ਪਾਇਆ ॥ (ਮਹਲਾ ੪/੯੫)
ਹਰਿ ਕਾ ‘ਸੰਤੁ+ਸਤਗੁਰੁ’ ਸਤ ਪੁਰਖਾ; ਜੋ ਬੋਲੈ ਹਰਿ ਹਰਿ ਬਾਨੀ ॥… ਐਸਾ ‘ਸੰਤੁ+ਸਾਧੁ’ ਜਿਨ ਪਾਇਆ; ਤੇ ਵਡ ਪੁਰਖ ਵਡਾਨੀ ॥ (ਮਹਲਾ ੪/੬੬੭)
ਨਾਨਕ ! ‘ਸੰਤੁ’ ਮਿਲੈ ਹਰਿ ਪਾਈਐ; ਜਨੁ ਹਰਿ (ਹਰੀ ਜਨ-ਗੁਰੂ ਨੂੰ), ਭੇਟਿਆ ਰਾਮੁ ਹਜੂਰਿ (ਅੰਗ-ਸੰਗ ਰਾਮ ਮਿਲਿਆ ਹੁੰਦੈ)॥ (ਮਹਲਾ ੪/੧੧੯੮)
‘ਸਤਿਗੁਰੁ+ਸੰਤੁ’ ਮਿਲੈ ਸਾਂਤਿ ਪਾਈਐ; ਕਿਲਵਿਖ ਦੁਖ ਕਾਟੇ ਸਭਿ ਦੂਰਿ ॥ (ਮਹਲਾ ੪/੧੧੯੮)
ਹਰਿ ਕਾ ‘ਸੰਤੁ’ ਮਿਲੈ ਗੁਰ ਸਾਧੂ; ਲੈ ਤਿਸ ਕੀ ਧੂਰਿ, ਮੁਖਿ (ਨਾਲ਼) ਲਾਈ ॥ (ਮਹਲਾ ੪/੧੨੬੩)
ਕੋਈ ਐਸਾ ‘ਸੰਤੁ’ ਸਹਜ ਸੁਖਦਾਤਾ; ਮੋਹਿ, ਮਾਰਗੁ ਦੇਇ ਬਤਾਈ ॥੧॥ ਰਹਾਉ ॥ (ਮਹਲਾ ੫/੨੦੪)
ਪਾਇ ਲਗਉ, ਮੋਹਿ ਕਰਉ ਬੇਨਤੀ; ਕੋਊ ‘ਸੰਤੁ’ ਮਿਲੈ ਬਡਭਾਗੀ ॥੧॥ ਰਹਾਉ ॥ (ਮਹਲਾ ੫/੨੦੪)
ਆਸ ਪਿਆਸੀ, ਚਿਤਵਉ ਦਿਨੁ ਰੈਨੀ; ਹੈ ਕੋਈ ‘ਸੰਤੁ’, ਮਿਲਾਵੈ ਨੇਰਾ (ਭਾਵ ਰੱਬ ਨੂੰ ਨੇੜੇ ਵਿਖਾ ਦੇਵੇ)॥੧॥ ਰਹਾਉ ॥ (ਮਹਲਾ ੫/੨੦੪)
(ਰੱਬ ਨਾਲ਼) ਜੋੜਣਹਾਰਾ ‘ਸੰਤੁ’ ਨਾਨਕ ! ਪਾਧਰੁ ਪਧਰੋ (ਰਸਤਾ ਸਿੱਧਾ)॥ (ਮਹਲਾ ੫/੩੨੧)
ਦਰਸਨ ਕੀ ਮਨਿ (’ਚ) ਆਸ ਘਨੇਰੀ; ਕੋਈ ਐਸਾ ‘ਸੰਤੁ’ ਮੋ ਕਉ ਪਿਰਹਿ (ਪਤੀ ਨਾਲ਼) ਮਿਲਾਵੈ ॥੧॥ ਰਹਾਉ ॥ (ਮਹਲਾ ੫/੩੭੫)
ਸਾਜਨ ! ਐਸੋ ‘ਸੰਤੁ’ ਸਹਾਈ ॥ ਜਿਸੁ ਭੇਟੇ, ਤੂਟਹਿ ਮਾਇਆ ਬੰਧ; ਬਿਸਰਿ ਨ ਕਬਹੂੰ ਜਾਈ ॥੧॥ ਰਹਾਉ ॥ (ਮਹਲਾ ੫/੪੯੯)
ਕੋਈ ਐਸੋ ਰੇ ! ਭੇਟੈ ‘ਸੰਤੁ’; ਮੇਰੀ ਲਾਹੈ ਸਗਲ ਚਿੰਤ; ਠਾਕੁਰ ਸਿਉ ਮੇਰਾ ਰੰਗੁ ਲਾਵੈ ॥ (ਮਹਲਾ ੫/੬੮੭)
ਹਰਿ ਕਾ ‘ਸੰਤੁ’ ਪਰਾਨ ਧਨ; ਤਿਸ ਕਾ ਪਨਿਹਾਰਾ (ਪਾਣੀ ਭਰਨ ਵਾਲ਼ਾ)॥ ਭਾਈ ਮੀਤ ਸੁਤ ਸਗਲ ਤੇ; ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥ (ਮਹਲਾ ੫/੭੪੫)
‘ਗੁਰੁ+ਸੰਤੁ’ ਪਾਇਆ, ਪ੍ਰਭੁ ਧਿਆਇਆ; ਸਗਲ ਇਛਾ ਪੁੰਨੀਆ ॥ (ਮਹਲਾ ੫/੭੭੯)
ਸੋਈ ‘ਸੰਤੁ’; ਜਿ ਭਾਵੈ ਰਾਮ (ਨੂੰ, ਕਿਉਂਕਿ)॥ ਸੰਤ ਗੋਬਿੰਦ ਕੈ ਏਕੈ ਕਾਮ (ਭਾਵ ਸੰਤ ਤੇ ਰੱਬ ਦੇ ਕੰਮ-ਭਾਵਨਾਵਾਂ ਬਰਾਬਰ ਹਨ)॥੧॥ ਰਹਾਉ ॥ (ਮਹਲਾ ੫/੮੬੭)
ਐਸਾ ਕੋਈ ਭੇਟੈ ‘ਸੰਤੁ’; ਜਿਤੁ (ਜਿਸ ਰਾਹੀਂ) ਹਰਿ ਹਰੇ ਹਰਿ ਧਿਆਈਐ ॥ (ਮਹਲਾ ੫/੧੦੦੫)
ਸਿਦਕੁ ਸਬੂਰੀ ‘ਸੰਤੁ’ ਨ ਮਿਲਿਓ; ਵਤੈ ਆਪਣ ਭਾਣੀਆ (ਭਾਵ ਆਪਣੀ ਮਨ-ਮਰਜ਼ੀ ਅਨੁਸਾਰ ਫਿਰਦੈ) ॥ (ਮਹਲਾ ੫/੧੦੨੦)
ਜਤਨ ਕਰਉ ਇਹੁ ਮਨੁ ਨਹੀ ਧੀਰੈ; ਕੋਊ ਹੈ ਰੇ ! ‘ਸੰਤੁ’ (ਰੱਬ ਨਾਲ਼) ਮਿਲਾਈ (ਮਿਲਾ ਦੇਵੇ) ॥ (ਮਹਲਾ ੫/੧੨੦੭)
(3). ‘ਸੰਤੁ’ 21 ਵਾਰ ‘ਪੈਰੋਕਾਰ’ ਲਈ ਹੈ, ਜਿਨ੍ਹਾਂ ’ਚੋਂ 5 ਵਾਰ ਕਬੀਰ ਜੀ ਦੁਆਰਾ, 7 ਵਾਰ ਗੁਰੂ ਰਾਮਦਾਸ ਜੀ ਦੁਆਰਾ ਅਤੇ 9 ਵਾਰ ਗੁਰੂ ਅਰਜਨ ਸਾਹਿਬ ਜੀ ਦੁਆਰਾ ਦਰਜ ਹੈ। ਚੇਤੇ ਰਹੇ ਕਿ (ੳ). ਇਨ੍ਹਾਂ ਤੁਕਾਂ ’ਚ ਸੰਤੁ; ਕਿਸੇ ਦਾ ਰੱਬ ਨਾਲ਼ ਮਿਲਾਪ ਕਰਾਵੇ ਜਾਂ ਰੱਬੀ ਨਾਮ ਦੇਵੇ, ਅਜਿਹਾ ਪ੍ਰਤੀਤ ਨਹੀਂ ਹੁੰਦਾ। (2). ਇਹ ਤੁਕਾਂ ‘ਰਹਾਉ’ ਬੰਦ ’ਚ ਵੀ ਨਹੀਂ ਹਨ :
‘ਸੰਤੁ’ ਮਿਲੈ; ਕਿਛੁ ਸੁਨੀਐ ਕਹੀਐ ॥ ਮਿਲੈ ਅਸੰਤੁ; ਮਸਟਿ (ਚੁੱਪ) ਕਰਿ ਰਹੀਐ ॥ (ਭਗਤ ਕਬੀਰ/੮੭੦)
ਕੋਈ ਹੈ ਰੇ ‘ਸੰਤੁ’ ਸਹਜ ਸੁਖ ਅੰਤਰਿ; ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥ (ਭਗਤ ਕਬੀਰ/੯੬੯)
ਹਮਰੋ ਭਰਤਾ ਬਡੋ ਬਿਬੇਕੀ; ਆਪੇ ‘ਸੰਤੁ’ ਕਹਾਵੈ ॥ ਓਹੁ ਹਮਾਰੈ ਮਾਥੈ ਕਾਇਮੁ; ਅਉਰੁ, ਹਮਰੈ ਨਿਕਟਿ ਨ ਆਵੈ॥ (ਭਗਤ ਕਬੀਰ/੪੭੬) ਭਾਵ ਮਾਯਾ ਆਖਦੀ ਹੈ ਕਿ ਮੇਰਾ ਖ਼ਸਮ ਵੱਡਾ ਪਾਰਖੂ (ਬੰਦਾ) ਹੀ ਬਣ ਸਕਦਾ ਹੈ, ਉਹ ਆਪਣੇ ਆਪ ਨੂੰ (ਲੋਕ ਤੋਂ) ‘ਸੰਤ’ ਅਖਵਾਉਂਦਾ ਹੈ। ਓਹੀ ਮੇਰੇ ਸਿਰ ’ਤੇ ਖਸਮ ਬਣ ਬੈਠਦਾ ਹੈ, ਕੋਈ ਹੋਰ ਤਾਂ ਮੇਰੇ (ਪ੍ਰਭਾਵ ਦੇ) ਨੇੜੇ-ਤੇੜੇ ਵੀ ਨਹੀਂ ਰੁਕ ਸਕਦਾ।
ਹਰਿ ਕਾ ‘ਸੰਤੁ’ ਮਰੈ ਹਾੜੰਬੈ; ਤ ਸਗਲੀ ਸੈਨ ਤਰਾਈ ॥ (ਭਗਤ ਕਬੀਰ/੪੮੪)
ਕਬੀਰ ! ‘ਸੰਤੁ’ ਨ ਛਾਡੈ ਸੰਤਈ; ਜਉ ਕੋਟਿਕ ਮਿਲਹਿ ਅਸੰਤ ॥ (ਭਗਤ ਕਬੀਰ/੧੩੭੩)
ਹਰਿ ਕੇ ਸੰਤ! ਜਪਹੁ ਹਰਿ ਜਪਣਾ; ਹਰਿ ‘ਸੰਤੁ’ ਚਲੈ ਹਰਿ ਨਾਲੀ ॥ (ਮ: ੪/੬੬੭)
ਤਿਉ ਹਰਿ ਬਿਨੁ, ‘ਸੰਤੁ’ ਨ ਜੀਵਈ; ਬਿਨੁ ਹਰਿ ਨਾਮੈ, ਮਰਿ ਜਾਇ ॥ (ਮਹਲਾ ੪/੭੫੯)
ਸੰਤੈ (ਨੂੰ) ‘ਸੰਤੁ’ ਮਿਲੈ ਮਨੁ ਬਿਗਸੈ; ਜਿਉ ਜਲ ਮਿਲਿ, ਕਮਲ ਸਵਾਰੇ ॥ (ਮਹਲਾ ੪/੯੮੩)
(ਜੋ, ਗੁਰੂ) ਸਬਦੁ ਪਛਾਣਿ (ਕੇ), ਰਾਮ ਰਸੁ ਪਾਵਹੁ; ਓਹੁ ਊਤਮੁ ‘ਸੰਤੁ’ ਭਇਓ ਬਡ ਬਡਨਾ ॥ (ਮਹਲਾ ੪/੮੬੦)
ਹਉ ਕਾਟਉ, ਕਾਟਿ ਬਾਢਿ ਸਿਰੁ ਰਾਖਉ; ਜਿਤੁ (ਜਿਸ ’ਤੇ) ਨਾਨਕ ‘ਸੰਤੁ’ ਚੜਿ ਆਵੈ ॥ (ਮਹਲਾ ੪/੮੮੧)
ਸੋ ਧੰਨੁ ਧਨੁ ਹਰਿ (ਦਾ) ‘ਸੰਤੁ+ਸਾਧੂ’; ਜੋ ਹਰਿ ਪ੍ਰਭ ਕਰਤੇ ਭਾਵਏ (ਕਰਤਾਰ ਨੂੰ ਪਸੰਦ)॥ (ਮਹਲਾ ੪/੧੧੧੫)
ਹਰਿ ਕਾ ‘ਸੰਤੁ’ ਹਰਿ ਕੀ ਹਰਿ ਮੂਰਤਿ; ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥ (ਮਹਲਾ ੪/੧੧੩੪)
ਞਾਣਤ ਸੋਈ, ‘ਸੰਤੁ’ ਸੁਇ; (ਜਿਹੜਾ) ਭ੍ਰਮ ਤੇ ਕੀਚਿਤ (ਕੀਤਾ) ਭਿੰਨ ॥ (ਬ.ਅ./ਮਹਲਾ ੫/੨੫੫)
ਜਿਸ ਕਉ ਹਰਿ ਪ੍ਰਭੁ; ਮਨਿ+ਚਿਤਿ (’ਚ) ਆਵੈ ॥ ਸੋ ‘ਸੰਤੁ’ ਸੁਹੇਲਾ; ਨਹੀ ਡੁਲਾਵੈ ॥ (ਸੁਖਮਨੀ/ਮਹਲਾ ੫/੨੮੧)
ਜਿਨਾ ਸਾਸਿ ਗਿਰਾਸਿ ਨ ਵਿਸਰੈ; ਹਰਿ ਨਾਮਾਂ ਮਨਿ (’ਚ) ਮੰਤੁ ॥ ਧੰਨੁ ਸਿ ਸੇਈ ਨਾਨਕਾ ! ਪੂਰਨੁ ਸੋਈ ‘ਸੰਤੁ’ ॥ (ਮਹਲਾ ੫/੩੧੯)
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ; ਸੋਈ ‘ਸੰਤੁ’, (ਰੱਬੀ) ਗੁਣ ਗਾਵੈ ॥ (ਮਹਲਾ ੫/੬੨੮) (ਨੋਟ: ਇੱਥੇ ‘ਸੰਤੁ ਗੁਣ’ ਦੇ ‘ਸੰਤ ਦੇ ਗੁਣ’ ਅਰਥ ਨਹੀਂ ਕਰ ਸਕਦੇ ਕਿਉਂਕਿ ‘ਸੰਤੁ ਨੂੰ ਔਂਕੜ ਹੈ, ਜੋ ‘ਦੇ’ ਸੰਬੰਧਕੀ ਦੀ ਇਜਾਜ਼ਤ ਨਹੀਂ ਦਿੰਦਾ।)
ਕਹੁ ਨਾਨਕ ! (ਜਿਸ ’ਤੇ) ਦਇਆਲ ਸੁਆਮੀ; ‘ਸੰਤੁ+ਭਗਤੁ+ਜਨੁ’ ਸੋਈ ॥ (ਮਹਲਾ ੫/੬੮੦)
ਹਰਿ ਭਗਤਨ ਕੋ ਨਾਮੁ ਅਧਾਰੁ ॥ ਸੰਤੀ (ਸੰਤਾਂ ਨੇ) ਜੀਤਾ ਜਨਮੁ ਅਪਾਰੁ ॥ (ਅਜਿਹਾ) ਹਰਿ ‘ਸੰਤੁ’ (ਜੋ) ਕਰੇ; ਸੋਈ ਪਰਵਾਣੁ ॥ ਨਾਨਕ ! ਦਾਸੁ ਤਾ ਕੈ, ਕੁਰਬਾਣੁ ॥ (ਮਹਲਾ ੫/੮੮੯)
‘ਸਾਧੂ+ਸੰਤੁ’ ਸੁਜਾਣੁ ਸੋਈ; ਜਿਸਹਿ (ਨੂੰ) ਪ੍ਰਭ ਜੀ ਮਾਨਈ (ਆਦਰ-ਮਾਣ ਦੇਵੇ)॥ (ਮਹਲਾ ੫/੯੨੫)
ਕੋਟਿ ਮਧੇ ਕੋਈ ‘ਸੰਤੁ’ ਦਿਖਾਇਆ ॥ ਨਾਨਕੁ ਤਿਨ ਕੈ ਸੰਗਿ ਤਰਾਇਆ (ਭਾਵ ਸੰਸਾਰ-ਸਾਗਰ ਤੋਂ ਤਰਦਿਆਂ ਉਹ ਨਾਨਕ ਦਾ ਸਾਥੀ ਬਣਿਆ)॥੮॥ (ਮਹਲਾ ੫/੧੩੪੮)
ਪ੍ਰੇਮ ਭਗਤਿ ਉਧਰਹਿ ਸੇ, ਨਾਨਕ ! ਕਰਿ ਕਿਰਪਾ ‘ਸੰਤੁ’ ਆਪਿ ਕਰਿਓ ਹੈ ॥ (ਸਵਈਏ ਸ੍ਰੀ ਮੁਖਬਾਕੵ/ਮਹਲਾ ੫/੧੩੮੮)
ਉਕਤ ਕੀਤੀ ਵਿਚਾਰ ਕਿ ਗੁਰਮਤਿ ਦਾ ਸਰੋਤ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਹੈ, ਪਰ ਉਕਤ 48 ਤੁਕਾਂ ’ਚ ਵੀ ਕੇਵਲ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਸਿੱਧ ਗੋਸਟਿ ’ਚ ਆਪਣੇ ਲਈ ‘ਸੰਤੁ’ ਸ਼ਬਦ ਵਰਤ ਰਹੇ ਹਨ ਭਾਵੇਂ ਕਿ ਗੁਰੂ ਨਾਨਕ ਜੀ ਤੋਂ ਪਹਿਲਾਂ ਕਬੀਰ ਜੀ ‘ਸੰਤੁ’ ਸ਼ਬਦ ਨੂੰ ਆਪਣੀ ਰਚਨਾ ’ਚ ਸਕਾਰਾਤਮਕ ਅਤੇ ਨਕਾਰਾਤਮਕ ਪੱਖੋਂ ਸ਼ਾਮਲ ਕਰ ਚੁੱਕੇ ਹਨ। ਗੁਰੂ ਨਾਨਕ ਸਾਹਿਬ ਜੀ ਇਸ ਰੋਗ (ਸੰਤ ਪਦ ਦਾ ਦੁਰਪ੍ਰਯੋਗ) ਤੋਂ ਭਲੀ-ਭਾਂਤ ਜਾਣੂ ਸਨ।
ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ (ਖ਼ਾਸਕਰ ਗੁਰੂ ਅਰਜਨ ਸਾਹਿਬ) ਦੀ ਬਾਣੀ ’ਚ ‘ਸੰਤੁ’ ਪਦ ਦੀ ਵਧੇਰੇ ਵਰਤੋਂ ਦਾ ਕਾਰਨ ਭੱਟ ਸਾਹਿਬਾਨ ਜੀ ਦੁਆਰਾ ‘ਗੁਰੂ’ ਨੂੰ ‘ਸੰਤੁ’ ਵਜੋਂ ਵੇਖਣਾ ਰਿਹਾ ਹੈ; ਜਿਵੇਂ ਕਿ ‘‘ਰਹਿਓ ‘ਸੰਤ’ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ; ਮੁਖਹੁ ਏ ਪੰਡਿਤ ਮਿਠੇ ॥ ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਨ ਆਯਉ ॥’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬), ਭੱਟ ਸਾਹਿਬਾਨ; ਗੁਰੂ ਰਾਮਦਾਸ ਜੀ ਸਮੇਂ ਹੀ ਗੁਰੂ-ਸ਼ਰਨ ’ਚ ਆ ਚੁੱਕੇ ਸਨ। ਇਹ ਸੰਕੇਤ ਭੱਟ ਹਰਬੰਸ ਜੀ ਨੇ ਵਚਨਾਂ ਤੋਂ ਮਿਲਦਾ ਹੈ, ‘‘ਮਿਲਿ ਨਾਨਕ ਅੰਗਦ ਅਮਰ ਗੁਰ; ਗੁਰੁ ਰਾਮਦਾਸੁ ਹਰਿ ਪਹਿ ਗਯਉ ॥ ਹਰਿਬੰਸ ਜਗਤਿ ਜਸੁ ਸੰਚਰੵਉ; ਸੁ ਕਵਣੁ ਕਹੈ ? ਸ੍ਰੀ ਗੁਰੁ (ਰਾਮਦਾਸ) ਮੁਯਉ ॥’’ (ਸਵਈਏ ਮਹਲੇ ਪੰਜਵੇਂ ਕੇ/ਭਟ ਹਰਿਬੰਸ/੧੪੦੯) ਭਾਵ ਗੁਰੂ ਰਾਮਦਾਸ ਜੀ ਨੂੰ ਜੋਤਿ ਜੋਤ ਸਮਾਇਆਂ ਬਹੁਤਾ ਸਮਾਂ ਨਹੀਂ ਹੋਇਆ ਸੀ, ਇਸੇ ਕਾਰਨ ‘ਸੰਤ’ ਪਦ ਗੁਰੂ ਰਾਮਦਾਸ ਜੀ ਨੇ ਵੀ ਕਈ ਵਾਰ ਵਰਤਿਆ।
ਗੁਰੂ ਅਰਜਨ ਸਾਹਿਬ ਜੀ ਨੇ ‘ਗੁਰੂ’ ਰੁਤਬੇ ਨੂੰ ‘ਸੰਤੁ’ ਅਤੇ ‘ਸੰਤਿ’ ਸ਼ਬਦਾਂ ’ਚ ਰੱਖ ਕੇ ਜਿੱਥੇ ‘ਗੁਰੂ’ (ਆਪ ਨੂੰ) ‘ਪੂਰਨ ਸੰਤੁ’ ਸਿੱਧ ਕੀਤਾ ਓਥੇ ਪੈਰੋਕਾਰ ਨੂੰ ਵੀ ‘ਸੰਤੁ’ ਬਣਾਉਣ ਦੀ ਸਮਰੱਥਾ (ਵੈਸੇ ਹੀ) ਵਿਖਾਈ, ‘‘ਪੂਰਾ ਗੁਰੁ; ਅਖੵਓ ਜਾ ਕਾ ਮੰਤ੍ਰ ॥ ਅੰਮ੍ਰਿਤ ਦ੍ਰਿਸਟਿ ਪੇਖੈ; ਹੋਇ ਸੰਤ ॥’’ (ਗਉੜੀ ਸੁਖਮਨੀ/ਮਹਲਾ ੫/੨੮੭); ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ‘ਜਪੁ’ ਅਤੇ ਆਸਾ ਕੀ ਵਾਰ ’ਚ ਮਨੁੱਖ ਨੂੰ ਗੁਰੂ ਸਿੱਖਿਆ ਨਾਲ਼ ਦੇਵਤੇ (ਹਿੰਦੂ ਸਤਿਕਾਰਯੋਗ ਪਦ) ਬਣਾਉਂਦੇ ਵਿਖਾਇਆ ਹੈ, ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ॥ ਜਿਨਿ (ਜਿਸ ਨੇ) ਮਾਣਸ ਤੇ ਦੇਵਤੇ ਕੀਏ; ਕਰਤ ਨ ਲਾਗੀ ਵਾਰ ॥ (ਮਹਲਾ ੧/੪੬੨), ਸੁਣਿਐ (ਗੁਰੂ ਸਿੱਖਿਆ ਨਾਲ਼); ਈਸਰੁ ਬਰਮਾ ਇੰਦੁ (ਬਣ ਜਾਈਦੈ)॥’’ (ਜਪੁ) ਭਾਵ ਗੁਰੂ; ਸਧਾਰਨ ਬੰਦੇ ਨੂੰ ‘ਸੰਤ, ਦੇਵਤਾ’ ਬਣਾ ਸਕਦਾ ਹੈ। ਹੁਣ ਜੇ ਕੋਈ ‘ਸੰਤੁ’ ਪਦ ਦਾ ਦੁਰਪ੍ਰਯੋਗ ਕਰੇ; ਬਦਲੇ ’ਚ ਦੂਸਰਾ ਸਿੱਖ ਕਹੇ ਕਿ ਗੁਰਬਾਣੀ ’ਚ ‘ਸੰਤੁ’ ਸ਼ਬਦ ਪੈਰੋਕਾਰ ਲਈ ਨਹੀਂ ਤਾਂ ਇਹ ‘ਗੁਰੂ’ ਸ਼ਕਤੀ ਨੂੰ ਘਟਾਉਣਾ ਹੋ ਸਕਦਾ ਹੈ ਕਿਉਂਕਿ ਫਿਰ ਇਹ ਵੀ ਮੰਨਣਾ ਪਏਗਾ ਕਿ ਗੁਰੂ; ਕਿਸੇ ਨੂੰ ‘ਸੰਤ’ ਬਣਾਉਣ ਯੋਗ ਨਹੀਂ ਹਨ।
(ੲ). ਗੁਰਬਾਣੀ ’ਚ ਸੰਤ (ਅੰਤ ਮੁਕਤਾ) 704 ਵਾਰ ਹੈ, ਇਨ੍ਹਾਂ ਦੀ ਸੰਖੇਪ ਜਿਹੀ ਵਿਚਾਰ ਇਸ ਤਰ੍ਹਾਂ ਹੈ:
ਗੁਰੂ ਸਾਹਿਬਾਨ ਦਾ ਟੀਚਾ ਰਿਹਾ ਹੈ ਕਿ ਇੱਕ ਦਿਨ ਸਿੱਖ ਭਾਈਚਾਰੇ ਦੀ ਸਰੀਰਕ ਪੱਖੋਂ ਅਗਵਾਈ ‘ਪੰਜ ਪਿਆਰਿਆਂ’ ਨੇ ਕਰਨੀ ਹੈ ਕਿਉਂਕਿ ਗੁਰੂ; ਸਦੀਵੀ ਸਰੀਰਕ-ਜਾਮੇ ’ਚ ਨਹੀਂ ਰਹਿਣਗੇ। ਪਹਿਲਾਂ ਤੋਂ ਹੀ ਕਿਸੇ ਇੱਕ ਬੰਦੇ (ਸੰਤੁ, ਸਾਧ ਆਦਿ) ਨੂੰ ਨਹੀਂ ਬਲਕਿ ‘ਸੰਗਤਿ’ ਨੂੰ ‘ਗੁਰੂ’ ਸਮਾਨ ਦਰਜਾ ਦਿੱਤਾ ਗਿਆ। ਸੰਗਤ; ਸੰਗਤ ’ਚ ਵੀ ਫ਼ਰਕ ਹੁੰਦਾ ਹੈ। ਸੰਗਤ ਉਹੀ ਹੈ, ਜਿੱਥੇ ਕੇਵਲ ਰੱਬ ਨੂੰ ਯਾਦ ਕਰੀਦਾ ਹੈ, ‘‘ਸਤ ਸੰਗਤਿ ਕੈਸੀ ਜਾਣੀਐ ?॥ ਜਿਥੈ ਏਕੋ ਨਾਮੁ; ਵਖਾਣੀਐ ॥’’ (ਮਹਲਾ ੧/੭੨) ਅਤੇ ‘ਗੁਰੂ’ ਉੱਤੇ ਰੱਬ ਵਾਂਙ ਭਰੋਸਾ ਹੋਵੇ, ‘‘ਸਿਖੀ ਅਤੈ ਸੰਗਤੀ; (ਸਿੱਖ-ਸੰਗਤਾਂ ਨੇ, ਰਾਮਦਾਸ ਜੀ ਨੂੰ) ਪਾਰਬ੍ਰਹਮੁ ਕਰਿ ਨਮਸਕਾਰਿਆ ॥’’ (ਬਲਵੰਡ ਸਤਾ/੯੬੮) ਕਿਉਂਕਿ ‘‘ਪਾਰਬ੍ਰਹਮ ਗੁਰ; ਨਾਹੀ ਭੇਦ ॥ (ਮਹਲਾ ੫/੧੧੪੨), ਗੁਰੁ ਪਰਮੇਸਰੁ ਏਕੁ ਹੈ..॥’’ (ਮਹਲਾ ੫/੫੩) ਅਜਿਹੀ ਆਭਾ-ਜਲਾਲ ’ਚ ਰੱਬ ਵੱਸਦਾ ਹੈ, ‘‘ਵਿਚਿ ਸੰਗਤਿ; ਹਰਿ ਪ੍ਰਭੁ ਵਰਤਦਾ.. ॥’’ (ਮਹਲਾ ੪/੧੩੧੪), ਉਹ (ਗੁਰੂ ਵਾਙ) ਪੱਥਰ-ਦਿਲਾਂ ਨੂੰ ਤਾਰ ਸਕਦੀ ਹੈ, ‘‘ਜਿਉ ਕਾਸਟ ਸੰਗਿ, ਲੋਹਾ ਬਹੁ ਤਰਤਾ; ਤਿਉ ਪਾਪੀ, ਸੰਗਿ ਤਰੇ ਸਾਧ ਸਾਧ ਸੰਗਤੀ.. ॥ (ਮਹਲਾ ੪/੧੨੯੭); ਸੋ ਗੁਰੂ ਨਾਨਕ ਸਾਹਿਬ ਜੀ; ‘ਸੰਗਤਿ’ ਨੂੰ ‘ਸੰਤ ਸਭਾ’ ਨਾਂ ਵਧੇਰਾ ਦਿੰਦੇ ਹਨ ਜਦਕਿ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ; ‘ਸੰਗਤਿ’ ਲਈ ‘ਸੰਤ ਜਨਾਂ’ ਸੰਯੁਕਤ ਸ਼ਬਦ ਵਧੇਰੇ ਵਰਤਦੇ ਹਨ :
(1). ਗੁਰੂ ਨਾਨਕ ਸਾਹਿਬ ਜੀ:
‘ਸੰਤ ਸਭਾ’ ਸੁਖੁ ਊਪਜੈ; ਗੁਰਮੁਖਿ ਨਾਮ ਅਧਾਰੁ ॥ (ਮਹਲਾ ੧/੫੮)
ਸਭਿ ਸੁਖ ਹਰਿ ਰਸ ਭੋਗਣੇ; ‘ਸੰਤ ਸਭਾ’ ਮਿਲਿ ਗਿਆਨੁ ॥ (ਮਹਲਾ ੧/੨੧)
ਤੁਰੀਆਵਸਥਾ ਗੁਰਮੁਖਿ ਪਾਈਐ; ‘ਸੰਤ ਸਭਾ’ ਕੀ ਓਟ ਲਹੀ ॥ (ਮਹਲਾ ੧/੩੫੬)
‘ਸਿਧ ਸਭਾ’ ਕਰਿ ਆਸਣਿ ਬੈਠੇ; ‘ਸੰਤ ਸਭਾ’ ਜੈਕਾਰੋ ॥ (ਸਿਧ ਗੋਸਟਿ/ਮਹਲਾ ੧/੯੩੮)
ਰਾਮ ਨਾਮੁ; ਗੁਰ ਬਚਨੀ ਬੋਲਹੁ ॥ ‘ਸੰਤ ਸਭਾ’ ਮਹਿ; ਇਹੁ ਰਸੁ ਟੋਲਹੁ ॥ (ਮਹਲਾ ੧/੧੦੩੦)
‘ਗੁਰ ਸੰਤ ਸਭਾ’; ਦੁਖੁ ਮਿਟੈ ਰੋਗੁ ॥ (ਮਹਲਾ ੧/੧੧੭੦)
‘ਸੰਤ ਸਭਾ’; ਗੁਣ ਗਿਆਨੁ ਬੀਚਾਰੁ ॥ (ਮਹਲਾ ੧/੧੩੪੩)
‘ਸੰਤ ਸਭਾ’ ਜੈਕਾਰੁ ਕਰਿ; ਗੁਰਮੁਖਿ ਕਰਮ ਕਮਾਉ ॥ (ਮਹਲਾ ੧/੧੪੧੧)
(ਨੋਟ: ਗੁਰੂ ਨਾਨਕ ਸਾਹਿਬ ਜੀ ਨੇ ‘ਗੁਰ ਸੰਗਤਿ/ਸਤਿ ਸੰਗਤਿ’ ਦੇ ਸੰਬੰਧ ’ਚ ਹੀ ‘ਸੰਤ ਸਭਾ’ ਸ਼ਬਦਾਂ ਦੀ ਨਿਵੇਕਲੀ ਖੋਜ ਕੀਤੀ ਹੈ ਭਾਵੇਂ ਕਿ ਕੁਝ ਕੁ ‘ਸੰਤ ਜਨਾ’ ਸੰਯੁਕਤ ਸ਼ਬਦ ਵੀ ਅਪਣਾਏ ਹਨ। ਗੁਰਬਾਣੀ; ਕਾਵਿਮਈ ਰਚਨਾ ਹੋਣ ਕਾਰਨ ‘ਸੰਤ ਜਨਾ’ ਸ਼ਬਦ ਹੀ ਕਿਤੇ-ਕਿਤੇ ‘ਸੰਤ ਜਨ’ ਬਣ ਜਾਂਦੇ ਹਨ। ਸਮੁੱਚੀ ਗੁਰਬਾਣੀ ’ਚ ਇੱਕ ਪੰਕਤੀ ਹੀ ਕੇਵਲ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਹੋਈ ਮਿਲਦੀ ਹੈ, ਜਿਸ ਵਿੱਚ ‘ਸੰਤ ਸਭਾ’ ਅਤੇ ‘ਸੰਤ ਜਨਾ’ ਨੂੰ ਸਮਾਨਤਾ ਮਿਲੀ ਹੈ, ‘‘ਭਾਈ ਰੇ ! ‘ਸੰਤ ਜਨਾ’ ਕੀ ਰੇਣੁ ॥ ‘ਸੰਤ ਸਭਾ’ ਗੁਰੁ ਪਾਈਐ; ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ (ਮਹਲਾ ੧/੧੮) ਭਾਵ ਹੇ ਭਾਈ! (ਸਤਿ ਸੰਗਤਿ ਭਾਵ) ਸੰਤ ਜਨਾਂ ਦੀ ਚਰਨ-ਧੂੜ ਬਣ ਕਿਉਂਕਿ ਇਸੇ ਸੰਤ ਸਭਾ ’ਚੋਂ ਗੁਰੂ-ਮਿਲਾਪ ਹੁੰਦਾ ਹੈ, ਜੋ ਸਭ ਇੱਛਾ ਪੂਰੀਆਂ ਕਰਨ ਵਾਲ਼ੀ ਕਾਮਧੇਨ-ਗਾਂ ਹੈ, ਮੁਕਤੀ ਦਾ ਸੋਮਾ ਹੈ।
ਗੁਰੂ ਨਾਨਕ ਸਾਹਿਬ ਜੀ; ਆਪਣੀ ਬਾਣੀ ’ਚ ‘ਸੰਤ’ ਸ਼ਬਦ ਦੀ ਬਹੁਤ ਹੀ ਸੰਕੋਚਵੀਂ ਵਰਤੋਂ ਕਰਦੇ ਹਨ। ਉਨ੍ਹਾਂ ਨੇ ‘ਸੰਤੁ’ ਇੱਕ ਵਾਰ, ‘ਸੰਤ ਸਭਾ’ 9 ਵਾਰ, ‘ਸੰਤ ਜਨਾ’ 6 ਵਾਰ ਅਤੇ ‘ਸੰਤ ਜਨ’ 2 ਵਾਰ ਹੀ ਦਰਜ ਕੀਤਾ ਹੈ:
‘ਸੰਤ ਜਨਾ’ ਕਉ ਮਿਲਿ ਰਹੈ; ਧਨੁ ਧਨੁ ਜਸੁ ਗਾਏ ॥ (ਮਹਲਾ ੧/੪੨੨)
‘ਸੰਤ ਜਨਾ’ ਮਿਲੁ ਸੰਗਤੀ; ਗੁਰਮੁਖਿ ਤੀਰਥੁ ਹੋਇ ॥ (ਮਹਲਾ ੧/੫੯੭)
ਸਾਚੁ ਕਹਉ ਅਰਦਾਸਿ ਹਮਾਰੀ; ਹਉ ‘ਸੰਤ ਜਨਾ’ ਬਲਿ ਜਾਓ ॥ (ਗੋਸਟਿ/ਮਹਲਾ ੧/੯੩੮)
‘ਸੰਤ ਜਨਾ’ ਕੀ ਨਿੰਦਾ ਵਿਆਪਸਿ; ਪਸੂ ਭਏ, ਕਦੇ ਹੋਹਿ ਨ ਨੀਕੇ ॥ (ਮਹਲਾ ੧/੧੧੨੬)
ਘਟਿ ਘਟਿ ਗੁਪਤੁ ਉਪਾਏ ਵੇਖੈ; ਪਰਗਟੁ ਗੁਰਮੁਖਿ ‘ਸੰਤ ਜਨਾ’ ॥ (ਮਹਲਾ ੧/੧੧੭੧)
ਊਤਮ ‘ਜਨ ਸੰਤ’ ਭਲੇ ਹਰਿ ਪਿਆਰੇ ॥ (ਮਹਲਾ ੧/੧੦੩੮)
ਨਾਨਕ ! ਰੇਣ ‘ਸੰਤ ਜਨ’ ਸੰਗਤਿ; ਹਰਿ ਗੁਰ ਪਰਸਾਦੀ ਪਾਇਆ ॥ (ਮਹਲਾ ੧/੧੦੩੮) ਜਦ ਕਿ ਗੁਰੂ ਰਾਮਦਾਸ ਜੀ ਨੇ
‘ਸੰਤ ਜਨਾ/ਸੰਤ ਜਨ’ ਸ਼ਬਦ 38+9 ਵਾਰ ਅਤੇ ਗੁਰੂ ਅਰਜਨ ਸਾਹਿਬ ਜੀ ਨੇ ‘ਸੰਤ ਜਨਾ/ਸੰਤ ਜਨ’ ਸ਼ਬਦ 40+5 ਵਾਰ ਦਰਜ ਕੀਤੇ ਹਨ।)
(2). ਗੁਰੂ ਰਾਮਦਾਸ ਜੀ :
‘ਸੰਤ ਜਨਾ’ ਵਿਣੁ ਭਾਈਆ; ਹਰਿ ਕਿਨੈ ਨ ਪਾਇਆ ਨਾਉ ॥ (ਮਹਲਾ ੪/੮੨)
ਮਿਲਿ ‘ਸੰਤ ਜਨਾ’; ਰੰਗੁ ਮਾਣਿਹ ਰਲੀਆ ਜੀਉ ॥ (ਮਹਲਾ ੪/੧੭੩)
‘ਸੰਤ ਜਨਾ’ ਮਿਲਿ ਪਾਇਆ, ਮੇਰੇ ਗੋਵਿਦਾ ! ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥ (ਮਹਲਾ ੪/੧੭੪)
ਧਨੁ ਧਨੁ ਭਾਗ ਤਿਨਾ ‘ਸੰਤ ਜਨਾ’; ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥ (ਮਹਲਾ ੪/੬੪੯)
‘ਸੰਤ ਜਨਾ’ ਕੀ ਜਾਤਿ ਹਰਿ ਸੁਆਮੀ; ਤੁਮ੍ ਠਾਕੁਰ ਹਮ ਸਾਂਗੀ (ਭਾਵ ਪਿੱਛੇ ਤੁਰਨ ਵਾਲ਼ੇ/ਪੈਰੋਕਾਰ)॥ (ਮਹਲਾ ੪/੬੬੭)
ਮਨ ! ਮਿਲਿ ‘ਸੰਤ ਜਨਾ’ ਜਸੁ ਗਾਇਓ ॥ (ਮਹਲਾ ੪/੭੧੯) ਆਦਿ।
(ਨੋਟ: ਧਿਆਨ ਰਹੇ ਕਿ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ‘ਸੰਤ ਸਭਾ’ ਸੰਯੁਕਤ ਸ਼ਬਦ ਇਕ ਵਾਰ ਵੀ ਦਰਜ ਨਹੀਂ ਹਨ।)
(3). ਗੁਰੂ ਅਰਜਨ ਸਾਹਿਬ ਜੀ:
‘ਸੰਤ ਜਨਾ’ ਮਿਲਿ ਪਾਈਐ; ਰਸਨਾ ਨਾਮੁ ਭਣਾ ॥ (ਮਾਝ ਬਾਰਹਮਾਹਾ/ਮਹਲਾ ੫/੧੩੩)
‘ਸੰਤ ਜਨਾ’ ਕੀ ਚਰਣੀ ਲਾਗੁ ॥ (ਮਹਲਾ ੫/੧੭੭)
‘ਸੰਤ ਜਨਾ’ ਕੈ ਮਨਿ; ਬਿਸ੍ਰਾਮੁ ॥ (ਸੁਖਮਨੀ/ਮਹਲਾ ੫/੨੬੪)
‘ਸੰਤ ਜਨਾ’ ਮਿਲਿ; ਕਰਹੁ ਬੀਚਾਰੁ ॥ (ਸੁਖਮਨੀ/ਮਹਲਾ ੫/੨੮੮)
‘ਸੰਤ ਜਨਾ’ ਕੈ ਹਿਰਦੈ; ਸਭਿ ਧਰਮ ॥ (ਸੁਖਮਨੀ/ਮਹਲਾ ੫/੨੯੪)
‘ਸੰਤ ਜਨਾ’ ਕੀ ਧੂਰਿ; ਮਨ ! ਮੰਗ ॥ (ਸੁਖਮਨੀ/ਮਹਲਾ ੫/੨੯੫)
ਜਾਗਹਿ ‘ਸੰਤ ਜਨਾ’; ਮੇਰੇ ਰਾਮ ਪਿਆਰੇ ॥ (ਮਹਲਾ ੫/੪੫੯)
ਮਿਲਿ ਗਾਵਹਿ ‘ਸੰਤ ਜਨਾ’; ਪ੍ਰਭ ਕਾ ਜੈਕਾਰੋ ਰਾਮ ॥ (ਮਹਲਾ ੫/੫੪੫)
‘ਸੰਤ ਜਨਾ’ ਸਿਉ ਸੰਗੁ; ਪਾਈਐ ਵਡੈ ਪੁਨ ॥ (ਮਹਲਾ ੫/੭੦੯)
ਪੂਰਨ; ‘ਸੰਤ ਜਨਾ’ ਕੇ ਕਾਮਾ ॥ (ਮਹਲਾ ੫/੭੭੯)
ਤੇਰਿਆ ‘ਸੰਤ ਜਨਾ’ ਕੀ, ਬਾਛਉ ਧੂਰਿ ॥ (ਮਹਲਾ ੫/੧੧੮੩) ਆਦਿ।
(ਨੋਟ: ਅਧਿਆਪਕ; ਬੱਚਿਆਂ ਨੂੰ ਹੱਲਾਸ਼ੇਰੀ ਦੇਣ ਲਈ ਕਈ ਵਾਰ ‘ਗੁਣ ਵਾਚਕ’ ਸ਼ਬਦ ਵਰਤ ਲੈਂਦੇ ਹਨ; ਇਉਂ ਹੀ ਗੁਰੂ ਜੀ; ਪਹਿਲੇ ਪੜਾਅ ਤੱਕ ਆਏ ਸਿੱਖ ਨੂੰ ਸੰਬੋਧਨ ਕਰਦਿਆਂ ‘ਸਿਧ/ਸੰਤ’ ਸ਼ਬਦਾਂ ਨਾਲ਼ ਨਿਵਾਜ ਦਿੰਦੇ ਹਨ। ਵੈਸੇ ‘ਸੰਤ’ ਦਾ ਅਰਥ ‘ਚੌਥਾ ਪਦ’ ਅਤੇ ‘ਸਿਧ’ ਦਾ ਅਰਥ ‘ਮਨ ਨੂੰ ਕਾਬੂ ਕਰਨ ’ਚ ਪਾਈ ਪੂਰਨ ਸਫਲਤਾ’, ਹੁੰਦਾ ਹੈ, ‘‘ਸਾਧੋ ! ਮਨ ਕਾ ਮਾਨੁ ਤਿਆਗਉ ॥’’ (ਮਹਲਾ ੯/੨੧੯), ਕੀ ਇੱਥੇ ਇਹ ਕਹੀਏ ਕਿ ਜਿਸ ਨੇ ਮਨ ਦਾ ਹੰਕਾਰ ਨਹੀਂ ਛੱਡਿਆ ਓਹ ‘ਸਾਧ’ ਹੁੰਦਾ ਹੈ ?, ਨਹੀਂ।
ਜਿਸ ਨੇ ਅਜੇ ਗੁਰੂ ਸਿੱਖਿਆ ਨਹੀਂ ਸੁਣੀ, ਗੁਰੂ ਰਾਮਦਾਸ ਜੀ ਉਸ ਨੂੰ ‘ਸੰਤ’ ਕਹਿ ਰਹੇ ਹਨ, ‘‘ਹਰਿ ਕੇ ਸੰਤ ! ਸੁਣਹੁ ਜਨ ਭਾਈ ! ਹਰਿ ਸਤਿਗੁਰ ਕੀ ਇਕ ਸਾਖੀ (ਸਿੱਖਿਆ)॥’’ (ਮਹਲਾ ੪/੮੭), ਸੋ ਗੁਰਬਾਣੀ ’ਚ ਆਮ ਪੈਰੋਕਾਰ ਨੂੰ ਹੱਲਾਸ਼ੇਰੀ ਦੇਣ ਲਈ ਵੀ ‘ਸੰਤ/ਸਾਧ’ ਸ਼ਬਦ ਵਰਤੇ ਗਏ ਹਨ।)
ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ‘ਗੁਰੂ ਦੀ ਕਿਰਪਾ ਨਾਲ’ ਅਰਥ ਲੈਣ ਲਈ ‘ਗੁਰ ਪ੍ਰਸਾਦਿ’ ਸ਼ਬਦ ਵਰਤੇ, ਓਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ‘ਸੰਤ ਪ੍ਰਸਾਦਿ’ (41 ਵਾਰ) ਵਰਤਦੇ ਹਨ। ਚੇਤੇ ਰਹੇ ਕਿ ‘ਸੰਤ ਪ੍ਰਸਾਦਿ’ ਸ਼ਬਦ ਕਿਸੇ ਹੋਰ ਗੁਰੂ ਸਾਹਿਬਾਨ ਨੇ ਨਹੀਂ ਵਰਤੇ ਹਨ:
‘ਸੰਤ ਪ੍ਰਸਾਦਿ’; ਜਪੈ ਹਰਿ ਨਾਉ ॥ (ਮਹਲਾ ੫/੧੮੩)
‘ਸੰਤ ਪ੍ਰਸਾਦਿ’; ਹਰਿ ਕੀਰਤਨੁ ਗਾਉ ॥ (ਮਹਲਾ ੫/੧੮੩)
‘ਸੰਤ ਪ੍ਰਸਾਦਿ’; ਬੰਧਨ ਤੇ ਛੁਟੇ ॥ (ਮਹਲਾ ੫/੧੮੩)
‘ਸੰਤ ਪ੍ਰਸਾਦਿ’; ਭਇਓ ਪਰਗਾਸੁ ॥ (ਮਹਲਾ ੫/੧੮੩)
‘ਸੰਤ ਪ੍ਰਸਾਦਿ’; ਜਨਮ ਮਰਣ ਤੇ ਛੋਟ ॥ (ਮਹਲਾ ੫/੧੮੯)
‘ਸੰਤ ਪ੍ਰਸਾਦਿ’, ਭਏ ਕਿਰਪਾਲਾ; ਹੋਏ ਆਪਿ ਸਹਾਇ ॥ (ਮਹਲਾ ੫/੩੭੮)
‘ਸੰਤ ਪ੍ਰਸਾਦਿ’ ਤਰੇ ਭਵਜਲੁ; ਪੂਰਬਿ ਲਿਖਿਆ ਪਾਇਆ ॥ (ਮਹਲਾ ੫/੫੪੪)
‘ਸੰਤ ਪ੍ਰਸਾਦਿ’, ਪਾਇਓ ਸਚ ਬੋਹਿਥੁ; ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ ॥ (ਮਹਲਾ ੫/੬੧੮)
‘ਸੰਤ ਪ੍ਰਸਾਦਿ’, ਮਹਾ ਸੁਖੁ ਪਾਇਆ; ਸਗਲੇ ਬੰਧਨ ਕਾਟੇ ॥ (ਮਹਲਾ ੫/੬੭੩)
‘ਸੰਤ ਪ੍ਰਸਾਦਿ’; ਵਸੈ ਮਨ ਮਾਹੀ ॥ (ਮਹਲਾ ੫/੭੪੧)
‘ਸੰਤ ਪ੍ਰਸਾਦਿ’; ਨਿਹਚਲੁ ਘਰੁ ਪਾਇਆ ॥ (ਮਹਲਾ ੫/੭੪੪)
‘ਸੰਤ ਪ੍ਰਸਾਦਿ’; ਸਗਲ ਫਲ ਪਾਏ ॥ (ਮਹਲਾ ੫/੮੬੫)
ਹਰਿ ਗੁਣ ਗਾਵੈ; ‘ਸੰਤ ਪ੍ਰਸਾਦਿ’ ॥ (ਮਹਲਾ ੫/੮੬੭)
‘ਸੰਤ ਪ੍ਰਸਾਦਿ’; ਕਿਲਵਿਖ ਸਭਿ ਗਏ ॥ (ਮਹਲਾ ੫/੮੬੯)
ਨਾਮੁ ਨ ਵਿਸਰੈ; ‘ਸੰਤ ਪ੍ਰਸਾਦਿ’ ॥ (ਮਹਲਾ ੫/੧੧੪੪)
‘ਸੰਤ ਪ੍ਰਸਾਦਿ’, ਮਿਲਿਓ ਸੁਖਦਾਤਾ; ਬਿਨਸੀ ਹਉਮੈ ਹੂਹ ॥ (ਮਹਲਾ ੫/੧੨੨੭)
‘ਸੰਤ ਪ੍ਰਸਾਦਿ’, ਤਰੇ ਕੁਲ ਲੋਗਾ; ਨਾਨਕ ! ਲਿਪਤ ਨ ਮਾਇਓ ॥ (ਮਹਲਾ ੫/੧੨੯੯)
‘ਸੰਤ ਪ੍ਰਸਾਦਿ’, ਕਮਲੁ ਬਿਗਸੈ; ਗੋਬਿੰਦ ਭਜਉ ਪੇਖਿ ਨੇਰੈ ॥ (ਮਹਲਾ ੫/੧੩੦੧) ਆਦਿ।
ਗੁਰਬਾਣੀ ’ਚ ‘ਸੰਤ ਪ੍ਰਸਾਦਿ’ (ਸੰਯੁਕਤ ਸ਼ਬਦ) ਕੁੱਲ 42 ਵਾਰ ਹਨ, ਜਿਨ੍ਹਾਂ ’ਚੋਂ ਕੇਵਲ ਇੱਕ ਵਾਰ ‘ਸੰਤ ਪ੍ਰਸਾਦਿ’ ਭਗਤ ਕਬੀਰ ਜੀ ਦੁਆਰਾ ਵਰਤਿਆ ਗਿਆ ਹੈ, ‘ਸੰਤ ਪ੍ਰਸਾਦਿ’, ਭਏ ਮਨ ਨਿਰਮਲ; ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥’’ (ਥਿਤੀ/ਭਗਤ ਕਬੀਰ/੩੪੩) ‘ਗੁਰ ਪ੍ਰਸਾਦਿ’ ਅਤੇ ‘ਸੰਤ ਪ੍ਰਸਾਦਿ’ ਦੇ ਅਰਥ ਸਮਾਨ ਹਨ ਭਾਵ ‘ਗੁਰੂ ਦੀ ਕਿਰਪਾ ਨਾਲ਼’।
ਹੁਣ ਇਹ ਸਮਝਣਾ ਕਿ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ’ਚ ‘ਸੰਤ ਕੈ ਦੋਖਿ, ਸੰਤ ਕੈ ਸੰਗਿ, ਸੰਤ ਕੈ ਨਿੰਦਕਿ’ ਸ਼ਬਦ ਕਿਨ੍ਹਾਂ ਲਈ ਵਰਤੇ ਹਨ, ਮੁਸ਼ਕਲ ਨਹੀਂ ਹੋਣਾ ਚਾਹੀਦਾ :
ਸੰਤ ਕੈ ਦੂਖਨਿ; ਤੇਜੁ ਸਭੁ ਜਾਇ ॥ (ਸੁਖਮਨੀ/ਮਹਲਾ ੫/੨੭੯) ਭਾਵ ਸੰਤ-ਗੁਰੂ ਦੀ ਨਿੰਦਿਆ ਕਰਨ ਨਾਲ਼ (ਬੰਦੇ ਦੀ) ਅਕਲ ਮਰ ਜਾਂਦੀ ਹੈ।
ਸੰਤ ਕੈ ਦੋਖਿ; ਨ ਤ੍ਰਿਸਟੈ ਕੋਇ ॥ (ਸੁਖਮਨੀ/ਮਹਲਾ ੫/੨੮੦) ਭਾਵ ਸੰਤ-ਗੁਰੂ ਦੀ ਨਿੰਦਿਆ ਨਾਲ਼ ਕੋਈ (ਬੰਦਾ) ਸ਼ਾਂਤ ਨਹੀਂ ਰਹਿੰਦਾ।
ਸੰਤ ਕੈ ਸੰਗਿ; ਬਸੈ ਦਿਨੁ ਰਾਤਿ ॥ (ਮਹਲਾ ੫/੮੬੭) (ਰੱਬ ਆਪਣੇ) ਸੰਤ-ਗੁਰੂ ਦੇ ਸਦਾ ਅੰਗ-ਸੰਗ ਵਸਦਾ ਹੈ।
ਉਕਤ ਤੁਕਾਂ ’ਚ ਵਿਸ਼ੇਸ਼ ਧਿਆਨ ਮੰਗਦਾ ਹੈ ਕਿ ‘ਸੰਤ ਕੈ’ ਸ਼ਬਦਾਂ ’ਚ ‘ਸੰਤ’ ਇੱਕ ਵਚਨ ‘ਸੰਤੁ’ ਸਰੂਪ ਹੈ, ਜੋ ਕਿ ‘ਗੁਰੂ’ ਪ੍ਰਥਾਇ ਹੈ, ਨਾ ਕਿ ‘ਸੰਤ’; ਬਹੁ ਵਚਨ, ਤਾਂ ਜੋ ‘ਸੰਤਾਂ’ ਜਾਂ ‘ਸੰਗਤ’ ਪ੍ਰਥਾਇ ਮੰਨ ਲਈਏ। ਸੋ ਗੁਰਬਾਣੀ ’ਚ ‘ਸੰਤ’ ਸ਼ਬਦ ਭਾਵੇਂ ਕਿ ‘ਪੈਰੋਕਾਰ, ਗੁਰੂ ਅਤੇ ਰੱਬ’ ਲਈ ਸਾਂਝੇ ਵਰਤੇ ਮਿਲਦੇ ਹਨ ਪਰ ‘ਸੰਤੁ, ਸੰਤਿ, ਸੰਤ’ ਸ਼ਬਦਾਂ ਨੂੰ ਭਿੰਨ-ਭਿੰਨ ਵੰਡ ਕੇ ਵਿਚਾਰਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ
(1). ‘ਸੰਤੁ’ (ਅੰਤ ਔਂਕੜ) ਸ਼ਬਦ ਰੱਬ ਲਈ ਕੇਵਲ ਤਿੰਨ ਵਾਰ ਦਰਜ ਹੈ, ਨਾ ਕਿ ‘ਸੰਤ’ ਜਾਂ ‘ਸੰਤਿ’ ਸਰੂਪ ਰੱਬ ਲਈ ਹਨ।
(2). ‘ਗੁਰੂ’ ਲਈ ਵਰਤਿਆ ‘ਸੰਤਿ/ਸੰਤੁ/ਸੰਤ’; ਆਮ ਬੰਦੇ ’ਤੇ ਕਿਰਪਾ ਕਰਦਾ ਹੈ, ਨਾਮ ਦੀ ਦਾਤ ਦਿੰਦਾ ਹੈ ਅਤੇ ਰੱਬ ਬਾਰੇ ਜਾਣਕਾਰੀ ਦੇ ਕੇ ਉਸ ਨਾਲ਼ ਮਿਲਾਉਂਦਾ ਹੈ।
(3). ‘ਪੈਰੋਕਾਰ’ ਲਈ ਵਰਤਿਆ ‘ਸੰਤੁ’ (ਅੰਤ ਔਂਕੜ/ਇੱਕ ਵਚਨ); ਕਿਸੇ ਹੋਰ ਸਿੱਖ ਨੂੰ ਗੁਰੂ ਨਾਲ਼ ਜਾਂ ਰੱਬ ਨਾਲ਼ ਨਹੀਂ ਜੋੜਦਾ ਅਤੇ ‘ਸੰਤਿ’ (ਅੰਤ ਸਿਹਾਰੀ/ਇੱਕ ਵਚਨ) ਵੀ ‘ਪੈਰੋਕਾਰ’ ਲਈ ਨਹੀਂ ਭਾਵ ਕੇਵਲ ‘ਗੁਰੂ’ ਬਾਬਤ ਹਨ।
(4). ਸੰਗਤੀ ਰੂਪ ਲਈ ‘ਸੰਤ’ ਸ਼ਬਦ ਨੂੰ ‘ਸੰਤ ਸਭਾ’ ਅਤੇ ‘ਸੰਤ ਜਨਾਂ’ ਆਦਿ ਨਾਂ ਦਿੱਤੇ ਗਏ ਹਨ ਅਤੇ ‘ਗੁਰੂ’ ਵਾਙ ਵਿਸ਼ੇਸ਼ ਅਧਿਕਾਰ ਵੀ ਮਿਲੇ ਹੋਏ ਹਨ ਭਾਵ ‘ਗੁਰੂ’ ਵਾਙ ‘ਸੰਤ-ਸੰਗਤ’ ਵੀ ਨਾਮ ਦਾਨ ਦੇ ਕੇ ਬੰਦੇ ਨੂੰ ‘ਗੁਰੂ’ ਅਤੇ ‘ਰੱਬ’ ਨਾਲ ਜੋੜ ਸਕਦੀ ਹੈ।
(5). ‘ਸੰਤ’ ਸ਼ਬਦ ਦੀ ਵਰਤੋਂ ਗੁਰਬਾਣੀ ’ਚ ਭਗਤ ਅਤੇ ਭੱਟ ਸਾਹਿਬਾਨ ਰਾਹੀਂ ਆਈ, ਪ੍ਰਤੀਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਕਿਸੇ ਵਿਅਕਤੀ ਵਿਸ਼ੇਸ਼ ਲਈ ਇਨ੍ਹਾਂ ਸ਼ਬਦਾਂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਦੇ ਹਨ।