ਭਾਰਤ ਮਾਤਾ ਦੇ ‘ਹਵਸੀ ਕੁੱਤੇ’

0
783

ਭਾਰਤ ਮਾਤਾ ਦੇ ‘ਹਵਸੀ ਕੁੱਤੇ’

ਡਾ. ਹਰਸ਼ਿੰਦਰ ਕੌਰ (ਪਟਿਆਲਾ) – 0175-2216783

ਗੁਰੂ ਨਾਨਕ ਸਾਹਿਬ ਨੇ ਜਦੋਂ ‘‘ਏਤੀ ਮਾਰ ਪਈ ਕਰਲਾਣੇ; ਤੈਂ ਕੀ ਦਰਦੁ ਨ ਆਇਆ ॥’’ (ਮ: ੧/੩੬੦) ਉਚਾਰਿਆ ਸੀ ਤਾਂ ਲੋਕਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਗ਼ਰੀਬ ਲਾਚਾਰ ਬੇਕਸੂਰ ਔਰਤਾਂ ਦਾ ਬਲਾਤਕਾਰ ਕਰ ਕੇ, ਵੱਢ ਟੁੱਕ ਕੇ, ਨਿਰਬਸਤਰ ਕਰ ਕੇ ਸੁੱਟਣਾ ਸੰਗੀਨ ਜੁਰਮ ਹੈ। ਏਸੇ ਲਈ ਔਰਤ ਨੂੰ ਉਚੇਰਾ ਦਰਜਾ ਦੇਣ ਦੀ ਗੱਲ ਵੀ ਕੀਤੀ ਗਈ। ਲੋਕਾਂ ਨੂੰ ਸਹੀ ਰਾਹ ਦਿਖਾਉਣ ਲਈ ਜਿੰਨੀ ਦੂਰ ਤੱਕ ਪਹੁੰਚ ਸਕਦੇ ਸਨ, ਪਹੁੰਚੇ।

ਸਵਾਲ ਇਹ ਹੈ ਕਿ ਕੀ ਉਨ੍ਹਾਂ ਸਿੱਖਿਆਵਾਂ ਵਿੱਚੋਂ ਅੱਜ ਦੇ ਦਿਨ ਭਾਰਤ ਅੰਦਰ ਕੋਈ ਪੂਰੀ ਤਰ੍ਹਾਂ ਖਰਾ ਉਤਰ ਰਿਹਾ ਹੈ ? ਕੀ ਹਵਾ, ਪਾਣੀ, ਧਰਤੀ ਅੱਜ ਪਲੀਤ ਨਹੀਂ ਹੋ ਰਹੇ ? ਕੀ ਲੁੱਟ ਖਸੁੱਟ ਬੰਦ ਹੋ ਚੁੱਕੀ ਹੈ ? ਕੀ ਧਾਰਮਿਕ ਪਾਖੰਡਾਂ ਰਾਹੀਂ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾਇਆ ਜਾ ਰਿਹਾ ? ਕੀ ਗੁੰਡਾਗਰਦੀ ਮੁੱਕ ਚੁੱਕੀ ਹੈ ? ਕੀ ਹੁਣ ‘‘ਰਾਜੇ ਸੀਹ ਮੁਕਦਮ ਕੁਤੇ ॥’’ (ਮ: ੧/੧੨੮੮) ਨਹੀਂ ਰਹੇ ? ਕੀ ਲੋਕ ਹੁਣ ਰਾਜ ਕਰਨ ਵਾਲਿਆਂ ਹੱਥੋਂ ਨਪੀੜੇ ਨਹੀਂ ਜਾ ਰਹੇ ? ਕੀ ਲੋਕ ਬਹਿ ਕੇ ਆਪਣੀ ਕਿਸਮਤ ਉੱਤੇ ਝੁਰਦੇ ਸਭ ਕੁੱਝ ਸਹਿਣ ਤਾਂ ਨਹੀਂ ਕਰ ਰਹੇ ? ਜੇ ਸਭ ਕੁੱਝ ਉਸੇ ਤਰ੍ਹਾਂ ਹੈ ਤੇ ਮਲਕ ਭਾਗੋਆਂ ਦੀ ਪੂਰੀ ਚੜ੍ਹਤ ਹੈ ਤਾਂ ਫਿਰ ਔਰਤ ਨਾਲ ਹੋ ਰਹੇ ਜੁਰਮਾਂ ਵਿੱਚ ਘਾਟਾ ਕਿਵੇਂ ਹੋ ਸਕਦਾ ਹੈ ?

ਏਨੇ ਸਾਲਾਂ ਵਿੱਚ ਫ਼ਰਕ ਸਿਰਫ਼ ਇਹ ਪਿਆ ਹੈ ਕਿ ਬਾਕੀ ਗੱਲਾਂ ਵਿੱਚ ਤਾਂ ਅਸੀਂ ਢੀਠ ਬਣ ਕੇ ਓਨੀ ਹੀ ਧੁੰਧ ਵਿੱਚ ਗਰਕੇ ਪਏ ਹਾਂ ਪਰ ਜਿੱਥੋਂ ਤੱਕ ਔਰਤਾਂ ਪ੍ਰਤੀ ਹੁੰਦਾ ਜੁਰਮ ਸੀ, ਉਸ ਵਿੱਚ ਅਸੀਂ ਵੱਡਾ ਮਾਅਰਕਾ ਮਾਰਿਆ ਹੈ। ਉਹ ਸਿਖਰਾਂ ਛੂਹੀਆਂ ਹਨ ਕਿ ਪੂਰੀ ਦੁਨੀਆ ਨੂੰ ਮਾਤ ਪਾ ਦਿੱਤੀ ਹੈ। ਕੁੱਖੋਂ ਜੰਮਿਆ ਮਾਸ ਦਾ ਲੋਥੜਾ ਕਿੰਜ ਉਸੇ ਕੁੱਖ ਨੂੰ ਨੋਚ ਕੇ, ਕੱਟ ਵੱਢ ਕੇ ਚੀਥੜੇ ਉੱਡਾ ਰਿਹਾ ਹੈ, ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਭਾਰਤ ਮਾਤਾ ਦੇ ਹਵਸੀ ਕੁੱਤਿਆਂ ਨੇ ਹੈਵਾਨਾਂ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ।

ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਭਾਰਤ ਮਾਤਾ ਆਪਣੇ ਅੰਦਰ 33 ਕਰੋੜ ਦੇਵੀ ਦੇਵਤੇ ਸਮੋਈ ਬੈਠੀ ਹੈ। ਏਥੇ ਧਾਰਮਿਕ ਥਾਵਾਂ; ਸਕੂਲਾਂ ਅਤੇ ਕਾਲਜਾਂ ਤੋਂ ਵੱਧ ਹਨ। ਵਿਦਿਆ ਏਨੀ ਮਹਿੰਗੀ ਹੈ ਕਿ ਵੱਡੀ ਗਿਣਤੀ ਅਨਪੜ੍ਹ ਤੇ ਬੇਰੁਜ਼ਗਾਰ ਤਿਆਰ ਹੋ ਰਹੇ ਹਨ। ਕਾਨੂੰਨ ਵਿਚਲੀ ਢਿੱਲ ਤੇ ਰਾਜਨੀਤਕ ਸ਼ੈਅ ਹੇਠ ਤਿਆਰ ਹੋ ਰਹੇ ਗੁੰਡਾ ਅਨਸਰਾਂ ਦੀ ਗਿਣਤੀ ਦੁਗਣੀ ਚੌਗੁਣੀ ਹੋ ਚੁੱਕੀ ਹੈ। ਸਕੂਲਾਂ ਦੇ ਅੰਦਰ ਦੀ ਪੜ੍ਹਾਈ ਦਾ ਹਾਲ ਇਹ ਹੈ ਕਿ ਸਿਰਫ਼ ਇਨਸਾਨ ਬਣਨ ਤੋਂ ਬਗ਼ੈਰ ਬੱਚੇ ਹੋਰ ਸਭ ਕੁੱਝ ਹਾਸਲ ਕਰ ਲੈਂਦੇ ਹਨ।

ਅੱਠਵੀਂ ਜਮਾਤ ਵਿੱਚ ਪੜ੍ਹ ਰਿਹਾ ਮੁੰਡਾ ਸਭ ਜਾਣਦਾ ਹੈ ਕਿ ਕਿਵੇਂ ਉਸ ਨੇ ਦੂਜੀ ਜਾਂ ਛੇਵੀਂ ਜਮਾਤ ਵਿੱਚ ਪੜ੍ਹ ਰਹੀ ਬੱਚੀ ਦਾ ਬਲਾਤਕਾਰ ਕਰਨਾ ਹੈ। ਦੂਜੇ ਪਾਸੇ, ਕੀ ਮਾਪੇ ਤੇ ਕੀ ਅਧਿਆਪਕ, ਕੋਈ ਵੀ ਬੇਟੀਆਂ ਨੂੰ ‘ਚੰਗੀ ਛੋਹ-ਮਾੜੀ ਛੋਹ’ ਤੱਕ ਦੱਸਣ ਤੋਂ ਇਨਕਾਰੀ ਹਨ।  ਸਰੀਰਕ ਵਿਗਿਆਨ ਬਾਰੇ ਗੱਲ ਕਰਨੀ ਤਾਂ ਦੂਰ ਦੀ ਗੱਲ ਹੈ।

ਇਸੇ ਲਈ ਘਰਾਂ ਵਿੱਚ ਬੈਠੀਆਂ ਨਿੱਕੀਆਂ ਬਾਲੜੀਆਂ ਵੀ ਘਰ ਅੰਦਰਲੇ ਰਿਸ਼ਤੇਦਾਰਾਂ ਹੱਥੋਂ ਸੌਖੀਆਂ ਹੀ ਜਬਰ-ਜ਼ਿਨਾਹ ਦਾ ਸ਼ਿਕਾਰ ਹੋ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਸਿੱਖਿਆ ਸਿਰਫ਼ ਮਰਦ ਦੀ ਅਧੀਨਗੀ ਦੀ ਹੀ ਦਿੱਤੀ ਜਾਂਦੀ ਹੈ।

ਖ਼ਾਨਦਾਨ ਦੀ ਅਖੌਤੀ ਇੱਜ਼ਤ ਦੇ ਹਵਾਲੇ ਨਾਲ ਹਰ ਬਾਲੜੀ ਉੱਤੇ ਦੜ ਵੱਟ ਕੇ ਜ਼ੁਲਮ ਹੁੰਦਾ ਹੈ, ਇਸ ਦੇ ਵਿਰੁਧ ਨਾ ਕਦੇ ਆਵਾਜ਼ ਚੁੱਕੀ ਜਾਂਦੀ ਹੈ ਅਤੇ ਨਾ ਹੀ ਉਸ ਨੂੰ ਆਪਣੀ ਮਰਜ਼ੀ ਕਰਨ ਦਾ ਹੱਕ ਦਿੱਤਾ ਜਾਂਦਾ ਹੈ।

ਨਤੀਜਾ ਸਾਡੇ ਸਾਹਮਣੇ ਹੈ। ਪਹਿਲਾਂ ਮੰਦਰਾਂ ਵਿੱਚ ਦੇਵਦਾਸੀਆਂ ਬਣਾ ਕੇ ਅਤਿ ਦਾ ਨਰਕ ਭੋਗਦੀਆਂ ਅਣਗਿਣਤ ਬਾਲੜੀਆਂ ਹਵਸ ਦੇ ਲੋਭੀਆਂ ਹੱਥੋਂ ਗਰਭ ਠਹਿਰ ਜਾਣ ਬਾਅਦ ਉਨ੍ਹਾਂ ਹੀ ਪੁਜਾਰੀਆਂ ਦੀਆਂ ਲੱਤਾਂ ਦੇ ਠੇਡੇ, ਢਿੱਡਾਂ ਉੱਤੇ ਝੱਲਦੀਆਂ ਬੱਚੇਦਾਨੀ ਫਟ ਜਾਣ ਕਾਰਨ ਮੌਤ ਦੇ ਮੂੰਹ ਵਿੱਚ ਜਾਂਦੀਆਂ ਰਹੀਆਂ ਸਨ। ਅੱਜ ਵੀ ਬਣਾਏ ਸਹਾਰਾ ਘਰਾਂ ਵਿੱਚ ਬਥੇਰੀਆਂ ਅਜਿਹਾ ਨਰਕ ਭੋਗ ਰਹੀਆਂ ਹਨ।

ਵਿਧਵਾਵਾਂ ਦਾ ਜੋ ਹਾਲ ਕੀਤਾ ਜਾਂਦਾ ਰਿਹਾ ਹੈ ਜਾਂ ਹੁਣ ਤੱਕ ਵੀ ਹੋ ਰਿਹਾ ਹੈ, ਉਹ ਵੀ ਕਿਸੇ ਕੋਲੋਂ ਲੁਕਿਆ ਹੋਇਆ ਨਹੀਂ। ਅਣਖ ਨਾਲ ਆਪਣੀ ਰੋਜ਼ੀ ਰੋਟੀ ਕਮਾਉਂਦੀ ਇਕੱਲੀ ਔਰਤ ਨੂੰ ਭਾਰਤ ਮਾਤਾ ਦੀ ਧਰਤੀ ਉੱਪਰ ਗੁਨਾਹ ਮੰਨ ਲਿਆ ਗਿਆ ਹੈ।

ਡਾ. ਪ੍ਰਿਅੰਕਾ ਰੈਡੀ ਇਸ ਸੋਚ ਦੀ ਤਾਜ਼ਾ ਸ਼ਿਕਾਰ ਬਣ ਗਈ ਹੈ। ਇੱਕ ਖੁੱਦਦਾਰ 26 ਸਾਲਾ ਡਾਕਟਰ ਤੇਲੰਗਾਨਾ ਵਿੱਚ ਡਿਊਟੀ ਉੱਤੇ ਜਾਣ ਲਈ ਆਪਣੀ ਸਕੂਟੀ ਉੱਤੇ ਜੇ ਸ਼ਾਮ ਵੇਲੇ ਜਾਵੇ ਤਾਂ ਔਰਤ ਨੂੰ ਸਿਰਫ਼ ਸਰੀਰ ਮੰਨਣ ਵਾਲੇ ਹਵਸੀ ਉਸ ਦੇ ਸਰੀਰ ਉੱਤੇ ਕਬਜ਼ਾ ਕਰ ਕੇ, ਹੈਵਾਨੀਅਤ ਦਾ ਨੰਗਾ ਨਾਚ ਕਰਦੇ ਹਨ, ਗਲਾ ਘੋਟਦੇ ਹਨ ਤੇ ਆਪਣੇ ਕੁਕਰਮ ਨੂੰ ਲੁਕਾਉਣ ਲਈ ਉਸ ਦੇ ਜਿਸਮ ਨੂੰ ਸਾੜ ਵੀ ਦਿੰਦੇ ਹਨ।

ਇਹ ਇੱਕ ਆਮ ਘਟਨਾ ਮੰਨ ਕੇ ਉਸੇ ਦਿਨ ਅਨੇਕ ਹੋਰ ਵੀ ਹਲਕੇ ਕੁੱਤਿਆਂ ਨੇ ਆਪਣਾ ਰੂਪ ਜਗ ਜ਼ਾਹਿਰ ਕੀਤਾ ਸੀ। ਇਨ੍ਹਾਂ ਵਿੱਚੋਂ ਕੁੱਝ ਹਨ :-

  1. ਟਰਾਈਬਲ ਕਾਨੂੰਨ ਦੀ ਪੜ੍ਹਾਈ ਕਰਦੀ 25 ਸਾਲਾ ਵਿਦਿਆਰਥਣ ਨੂੰ ਰਾਂਚੀ ਦੇ ‘ਵੀ.ਈ.ਪੀ.’ ਇਲਾਕੇ ਵਿੱਚ ਪਿਸਤੌਲ ਵਿਖਾ ਕੇ ਚੁੱਕ ਲਿਆ ਗਿਆ ਤੇ 12 ਜਣਿਆ ਨੇ ਰਲ਼ ਕੇ ਇੱਟਾਂ ਦੇ ਭੱਠੇ ਅੰਦਰ ਕੈਦ ਕਰ ਕੇ ਉਸ ਦਾ ਬਲਾਤਕਾਰ ਕੀਤਾ।
  2. ਦਲਿਤ ਬੱਚੀ ਰੋਜਾ, ਜੋ 20 ਸਾਲ ਦੀ ਸੀ, ਦਾ ਬਲਾਤਕਾਰ ਕਰ ਕੇ ਹਵਸੀਆਂ ਨੇ ਉਸ ਨੂੰ ਦਰਖ਼ਤ ਨਾਲ ਟੰਗ ਕੇ ਕਾਂਚੀਪੁਰਮ (ਤਾਮਿਲ ਨਾਡੂ) ਵਿੱਚ ਆਪਣੀ ‘ਬਹਾਦਰੀ’ ਵਿਖਾਈ।
  3. ਬੱਤੀ ਸਾਲਾ ਔਰਤ ਕੁੱਡਾਲੋਰ (ਤਾਮਿਲ ਨਾਡੂ) ਵਿਖੇ ਆਪਣੇ ਰਿਸ਼ਤੇਦਾਰ ਨਾਲ ਸਕੂਟਰ ’ਤੇ ਘਰ ਮੁੜਦੀ ਨੂੰ 5 ਵੀਹ-ਵੀਹ ਸਾਲਾਂ ਦੇ ਬਲਾਤਕਾਰੀਆਂ ਨੇ ਇਹ ਸਜ਼ਾ ਸੁਣਾ ਕੇ ਚੂੰਢਿਆ ਕਿ ਘਰੋਂ ਬਾਹਰ ਪੈਰ ਧਰਨਾ ਔਰਤ ਲਈ ਭਾਰਤ ਮਾਤਾ ਦੀ ਧਰਤੀ ਉੱਤੇ ਗੁਨਾਹ ਹੈ।
  4. ਵਡੋਦਰਾ (ਗੁਜਰਾਤ) ਵਿਖੇ ਵੀ 14 ਸਾਲਾ ਬੱਚੀ ਦਾ ਦੋ ਮੁਸ਼ਟੰਡਿਆਂ ਨੇ ਉਸੇ ਹੀ ਦਿਨ ਬਲਾਤਕਾਰ ਕੀਤਾ।
  5. 88 ਸਾਲਾ ਔਰਤ ਦਾ ਬਲਾਤਕਾਰ ਉਸੇ ਦੇ ਘਰ ਟੂਟੀ ਠੀਕ ਕਰਨ ਆਏ ਵਹਿਸ਼ੀ ਨੇ ਕੀਤਾ।
  6. ਚੰਡੀਗੜ੍ਹ ਦਾ ਆਟੋ ਡਰਾਈਵਰ 11 ਸਾਲਾ ਬੱਚੀ ਨੂੰ ਤਿੰਨ ਦਿਨ ਘਰ ਅੰਦਰ ਡੱਕ ਕੇ ਲਗਾਤਾਰ ਬਲਾਤਕਾਰ ਕਰਦਾ ਰਿਹਾ।
  7. ਜੈਪੁਰ ਦੇ ਹਵਸੀ ਕੁੱਤੇ ਨੇ ਨਵਾਂ ਰਿਕਾਰਡ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੀ ਜਮਾਤ ਵਿੱਚ ਪੜ੍ਹਦੀ 6 ਸਾਲਾ ਬੱਚੀ ਨੂੰ ਟੌਂਕ (ਰਾਜਸਥਾਨ) ਵਿੱਚ ਸਕੂਲ ਅੰਦਰਲੇ ਫੰਕਸ਼ਨ ਤੋਂ ਤਿੰਨ ਵਜੇ ਬਾਹਰ ਨਿਕਲਣ ਲੱਗਿਆਂ ਉਸੇ ਥਾਂ ਦਬੋਚ ਲਿਆ ਤੇ ਬਲਾਤਕਾਰ ਕਰ ਕੇ ਉਸੇ ਦੀ ਸਕੂਲ ਦੀ ਬੈਲਟ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ ਪਿੰਡ ਦੀਆਂ ਝਾੜੀਆਂ ਵਿੱਚ ਸੁੱਟ ਦਿੱਤਾ ਤੇ ਮੁੱਛਾਂ ਨੂੰ ਤਾਅ ਦਿੰਦਾ ਉੱਥੋਂ ਤੁਰ ਗਿਆ।
  8. ਇਕ ਹੋਰ ਛੇ ਸਾਲਾ ਬੱਚੀ ਦੀ ਗਲੀ ਸੜੀ ਲਾਸ਼ ਰਾਮਪੁਰ ਵਿੱਚ ਇੱਕ ਟੁੱਟੇ ਹੋਏ ਘਰ ਦੀ ਚਾਰਦੀਵਾਰੀ ਅੰਦਰ ਮਿਲੀ, ਜਿਸ ਨੂੰ ਉਸੇ ਦੇ ਗਵਾਂਢੀ ਨੇ ਬਲਾਤਕਾਰ ਕਰ ਕੇ ਗਲਾ ਘੁੱਟ ਕੇ ਮਾਰ ਮੁਕਾਇਆ ਸੀ।
  9. ਦਿੱਲੀ ਵਿੱਚ ਇੱਕ ਨੌ ਸਾਲਾ ਬੱਚੀ ਦਾ ਉਧਾਲਾ ਉਸ ਦੇ ਆਪਣੇ ਸਕੇ ਪਿਓ ਨੇ ਕੀਤਾ। ਜ਼ਖ਼ਮਾਂ ਦੀ ਮਾਰ ਨਾ ਝੱਲਦੀ ਹੋਈ ਤੇ ਬੱਚੇਦਾਨੀ ਫੱਟਣ ਨਾਲ ਵਾਧੂ ਲਹੂ ਵਹਿ ਜਾਣ ਕਾਰਨ ਉਹ ਸੁਆਸ ਤਿਆਗ ਗਈ।
  10. ਹਰਿਆਣੇ ਵਿੱਚ ਇੱਕ ਵਿਧਵਾ ਔਰਤ ਨੂੰ ਦੋ ਜਣਿਆਂ ਨੇ ਘੜੀਸ ਕੇ ਨਸ਼ਾ ਪਿਆ ਕੇ ਖੇਤਾਂ ਵਿੱਚ ਲਿਜਾ ਕੇ ਤਿੰਨ ਘੰਟੇ ਬਲਾਤਕਾਰ ਕੀਤਾ।
  11. ਇੱਕ 6 ਸਾਲਾ ਬੱਚੀ ਦਾ ਸਮੂਹਕ ਬਲਾਤਕਾਰ ਉਸੇ ਦੇ ਸਕੂਲ ਵਿੱਚ ਪੜ੍ਹ ਰਹੇ 4 ਨਾਬਾਲਗ (12 ਤੋਂ 15 ਸਾਲਾਂ ਦੇ) ਮੁਸ਼ਟੰਡਿਆਂ ਨੇ ਕੀਤਾ।
  12. ਹਰਿਆਣੇ ਵਿੱਚ 19 ਸਾਲਾ ਬੱਚੀ ਦਾ ਬਲਾਤਕਾਰ ਉਸ ਨੂੰ ਜਬਰੀ ਚੁੱਕ ਕੇ ਨਸ਼ੇ ਦਾ ਟੀਕਾ ਲਾ ਕੇ ਕੀਤਾ ਗਿਆ। ਫੜੇ ਜਾਣ ਉੱਤੇ ਬਲਾਤਕਾਰੀ ਨੇ ਬਿਆਨ ਦਿੱਤਾ ਕਿ ਉਹ ਬੱਚੀ ਪੜ੍ਹਾਈ ਵਿੱਚ ਪਹਿਲੇ ਨੰਬਰ ਉੱਤੇ ਆਉਂਦੀ ਰਹੀ ਸੀ ਤੇ ਉਸ ਨੇ ਨੈਸ਼ਨਲ ਐਵਾਰਡ ਜਿੱਤਿਆ ਸੀ। ਇਸ ਵਾਸਤੇ ਇਹ ਸਜ਼ਾ ਦਿੱਤੀ ਗਈ ਤਾਂ ਜੋ ਉਸ ਨੂੰ ਵੇਖ ਕੇ ਕੋਈ ਹੋਰ ਬੱਚੀ ਅਗਾਂਹ ਪੜ੍ਹਨ ਦੀ ਹਿੰਮਤ ਨਾ ਕਰ ਸਕੇ।
  13. ਦਿੱਲੀ ਵਿੱਚ ਇਕ ਸੱਤ ਸਾਲਾ ਬੱਚੀ ਦਾ ਬਲਾਤਕਾਰ ਉਸ ਦੇ ਗੁਆਂਢੀ 45 ਸਾਲਾ ਹੈਵਾਨ ਨੇ ਕੀਤਾ। ਬਲਾਤਕਾਰ ਕਰਨਾ ਸੰਭਵ ਨਹੀਂ ਹੋ ਰਿਹਾ ਸੀ ਕਿਉਂਕਿ ਬੱਚੀ ਦੇ ਅੰਦਰੂਨੀ ਅੰਗ ਅਜੇ ਬਣੇ ਹੀ ਨਹੀਂ ਸੀ। ਇਸ ਲਈ ਉਸ ਨੇ ਲੋਹੇ ਦੀ ਵੱਡੀ ਚੌੜੀ ਪਾਈਪ ਉਸ ਦੀ ਬੱਚੇਦਾਨੀ ਅੰਦਰ ਪਾ ਕੇ ਪਾੜ ਦਿੱਤੀ ਤੇ ਇੰਜ ਹੀ ਬੇਸੁਰਤ ਲਹੂ ਵਹਿੰਦੀ ਨੂੰ ਹਵਸ ਮਿਟਾਉਣ ਬਾਅਦ ਗਲੀ ਵਿੱਚ ਸੁੱਟ ਕੇ ਤੁਰ ਗਿਆ। ਉਸ ਬੱਚੀ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਮਾਂ ਇਕੱਲੀ ਕਮਾਉਣ ਵਾਲੀ ਸੀ ਤੇ ਉਹ ਵੀ ਦਿਹਾੜੀਦਾਰ। ਪੈਸੇ ਦੀ ਕਮੀ ਹੋਣ ਸਦਕਾ ਬੱਚੀ ਦਾ ਆਈ.ਸੀ.ਯੂ. ਦਾ ਖ਼ਰਚਾ ਨਾ ਝੱਲ ਸਕੀ।
  14. ਇਸ ਬੱਚੀ ਵੇਲੇ ਤਾਂ ਹੱਦ ਹੀ ਟੱਪੀ ਗਈ ! ਕਰੂਰ ਮਾਨਸਿਕਤਾ ਦਾ ਚਿਹਰਾ ਸਭ ਸਾਹਮਣੇ ਸਪਸ਼ਟ ਹੋ ਗਿਆ। ਇਕ ਨਾਮਵਰ ਸਕੂਲ ਦੇ ਬੋਰਡਿੰਗ ਵਿੱਚ ਪੜ੍ਹ ਰਹੀ 10ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਨੂੰ ਉਸੇ ਦੇ ਕਲਾਸ ਵਿਚਲੇ ਨਾਲਾਇਕ 4 ਵਿਦਿਆਰਥੀਆਂ, ਜੋ ਵੱਡੇ ਘਰਾਂ ਦੇ ਕਾਕੇ ਸਨ, ਨੇ ਸਮੂਹਕ ਬਲਾਤਕਾਰ ਕੀਤਾ ਤੇ ਸਕੂਲ ਵਾਲਿਆਂ ਨੇ ਬੱਚੀ ਨੂੰ ਸਭ ਕੁੱਝ ਜਰ ਜਾਣ ਲਈ ਕਿਹਾ ਤਾਂ ਜੋ ਸਕੂਲ ਦਾ ਨਾਂ ਬਦਨਾਮ ਨਾ ਹੋ ਜਾਵੇ। ਜਦੋਂ ਗਰਭ ਠਹਿਰ ਗਿਆ ਤਾਂ ਗਰਭਪਾਤ ਵੀ ਚੁੱਪ ਚਪੀਤੇ ਸਕੂਲ ਅੰਦਰ ਹੀ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਹੀ ਮਾਪਿਆਂ ਨੂੰ ਪਤਾ ਲੱਗਿਆ ਤੇ ਗੱਲ ਮੀਡੀਆ ਤੱਕ ਪਹੁੰਚੀ।
  15. ਸੰਗਰੂਰ ਵਿੱਚ 65 ਸਾਲਾ ਮਾਈ ਭਾਗੋ ਦੇਵੀ ਦਾ ਸਮੂਹਕ ਬਲਾਤਕਾਰ ਬਾਅਦ ਕਤਲ ਕੀਤਾ ਹੋਇਆ ਸਰੀਰ ਖਨੌਰੀ ਪੁਲਿਸ ਨੂੰ ਲੱਭਿਆ। ਕਤਲ ਕਰਨ ਵਾਲੇ ਸ਼ਤਰਾਨੇ ਦੇ ਚਾਰ ਨੌਜਵਾਨ ਮੁਸ਼ਟੰਡਿਆਂ ਵਿੱਚੋਂ ਇੱਕ 15 ਵਰ੍ਹਿਆਂ ਦਾ ਸੀ। ਸਾਗਰ, ਬੰਟੀ ਤੇ ਬਿੱਟੂ ਨੇ ਮੰਨਿਆ ਕਿ ਉਨ੍ਹਾਂ ਚਾਰਾਂ ਨੇ ਵਾਰੋ ਵਾਰੀ ਰੱਜ ਕੇ ਬਜ਼ੁਰਗ ਬੀਬੀ ਦਾ ਬਲਾਤਕਾਰ ਕਰ ਕੇ ਗਲਾ ਘੁੱਟ ਕੇ ਮਾਰ ਕੇ ਉਸ ਦੇ ਘਰ ਲੁੱਟ ਮਾਰ ਕੀਤੀ ਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਵੀ ਲਾਹ ਲਈਆਂ ਸਨ। ਮਾਈ ਭਾਗੋ ਦੇਵੀ 20 ਸਾਲਾਂ ਤੋਂ ਇਕੱਲੀ ਰਹਿ ਰਹੀ ਸੀ ਕਿਉਂਕਿ ਉਸ ਦਾ ਪਤੀ ਮਰ ਚੁੱਕਿਆ ਸੀ ਤੇ ਪੁੱਤਰ ਵੱਖ ਰਹਿਣ ਤੁਰ ਗਏ ਸਨ।

ਜ਼ਰਾ ਧਿਆਨ ਦੇਣਾ ! ਇਨ੍ਹਾਂ ਵਿੱਚੋਂ ਇੱਕ ਮੁਸ਼ਟੰਡਾ 19 ਸਾਲਾ ਸਾਗਰ ਮਾਈ ਭਾਗੋ ਦੇ ਸਕੇ ਭਰਾ ਦਾ ਪੋਤਰਾ ਸੀ, ਜੋ ਖਨੌਰੀ ਦੇ ਐਸ.ਐਚ.ਓ. ਕਰਤਾਰ ਸਿੰਘ ਅਨੁਸਾਰ ਬਹੁਤ ਵਾਰ ਆਪਣੀ ਦਾਦੀ ਕੋਲ ਪਿੰਨੀਆਂ ਤੇ ਚੂਰੀ ਖਾਣ ਆਉਂਦਾ ਜਾਂਦਾ ਰਹਿੰਦਾ ਸੀ ! ਯਾਨੀ ਹੁਣ ਪੋਤਰੇ ਵੀ ਦਾਦੀ ਦਾ ਬਲਾਤਕਾਰ ਕਰ ਕੇ ਕਤਲ ਕਰ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਚੁਰਾ ਕੇ ਜਾਣ ਵੇਲੇ ਰੱਤਾ ਕਸਕ ਤੱਕ ਮਹਿਸੂਸ ਨਹੀਂ ਕਰਦੇ !  ਇਸ ਤੋਂ ਵੱਧ ਹੋਰ ਨਿਘਾਰ ਆ ਸਕਦਾ ਹੈ ? ਨਗਰ ਕੀਰਤਨ ਦੇ ਰੌਲੇ ਵਿੱਚ ਮਾਈ ਭਾਗੋ ਦੀ ਚੀਖ ਦੱਬ ਕੇ ਰਹਿ ਗਈ, ਪਰ ਹੋਰ ਮੰਦਭਾਗੀ ਗੱਲ ਤਾਂ ਇਹ ਹੈ ਕਿ ਹੁਣ ਸਾਗਰ ਨੂੰ ਬਚਾਉਣ ਲਈ ਉਸ ਦਾ ਪਿਓ ਵੀ ਆਪਣੀ ਹੀ ਮਾਂ ਦੇ ਵਿਰੁੱਧ ਗਵਾਹੀ ਦੇਣ ਨੂੰ ਤਿਆਰ ਹੈ।

  1. ਧੂਰੀ ਵਿਖੇ ਸਕੂਲ ਬਸ ਕੰਡਕਟਰ ਕਮਲ ਕੁਮਾਰ ਨੇ ਆਪਣੀ ਹੀ ਬਸ ਵਿੱਚ ਸਕੂਲ ਜਾਂਦੀ 4 ਸਾਲਾ ਬੱਚੀ ਨੂੰ ਸਕੂਲ ਦੀ ਹੱਦ ਅੰਦਰ ਲਿਜਾ ਕੇ, ਬਲਾਤਕਾਰ ਕਰ ਕੇ ਸਕੂਲ ਦੇ ਪਿਛਵਾੜੇ ਵਿੱਚ ਸੁੱਟ ਦਿੱਤਾ।

ਹੈ ਨਾ ਇੱਕ ਤੋਂ ਇੱਕ ਵੱਡੇ ਦਮਗਜੇ ਮਾਰੇ ਹੋਏ ? ਸਭ ਹਵਸੀ ਕੁੱਤੇ ਇੱਕ ਨਵਾਂ ਰਿਕਾਰਡ ਕਾਇਮ ਕਰਨ ਦੀ ਹੋੜ ਵਿੱਚ ਹਨ। ਨਵੇਂ ਤੋਂ ਨਵਾਂ ਜਨੂੰਨ ਔਰਤ ਦੇ ਜਿਸਮ ਨੂੰ ਹੰਢਾਉਣ ਦਾ ! ਉਸ ਦੀਆਂ ਮਿੱਠੀਆਂ ਲੋਰੀਆਂ ਤੇ ਗੋਦ ਵਿੱਚ ਖਿਡਾ ਕੇ ਆਪਣਾ ਦੁੱਧ ਪਿਆਉਣ ਦੇ ਜੁਰਮ ਦੀ ਸਜ਼ਾ ਦੇਣ ਦੇ ਦਿਲ ਕੰਬਾਊ ਢੰਗ !

ਇਹ ਸਭ ਹੋਇਆ ਇੱਕੋ ਦਿਨ ਪਰ ਇੱਕ ਖ਼ਾਸ ਵਰ੍ਹੇ ਵਿੱਚ ! ਇਸ ਵਰ੍ਹੇ ਪੂਰੀ ਦੁਨੀਆਂ ਵਿੱਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਔਰਤ ਦਾ ਬਿੰਬ ਉਚੇਰਾ ਚੁੱਕਣ ਦੇ ਅਣਥੱਕ ਯਤਨ ਕੀਤੇ ਸਨ। ਇੱਕ ਵੱਖ ਕਿਸਮ ਦਾ ਰਿਕਾਰਡ ਦੁਨੀਆ ਸਾਹਮਣੇ ਪੇਸ਼ ਕੀਤਾ ਗਿਆ। ਇਸ ਇੱਕ ਵਰ੍ਹੇ ਵਿੱਚ 38,947 ਬਲਾਤਕਾਰ ਰਿਕਾਰਡ ਕੀਤੇ ਗਏ, ਜਿਨ੍ਹਾਂ ਵਿੱਚੋਂ 2167 ਸਮੂਹਕ ਸਨ ਤੇ ਲਗਭਗ 60 ਫੀਸਦੀ ਨਾਬਾਲਗ ਬੱਚੀਆਂ ਦੇ ਸਨ, ਜਿਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਮੱਧ ਪ੍ਰਦੇਸ਼ ਵਿੱਚ 4882, ਉੱਤਰ ਪ੍ਰਦੇਸ ਵਿੱਚ 4616, ਮਹਾਰਾਸ਼ਟਰ ਵਿੱਚ 4189, ਰਾਜਸਥਾਨ ਵਿੱਚ 3656 ਤੇ ਦਿੱਲੀ ਵਿੱਚ 2155 ਬਲਾਤਕਰ ਹੋਏ।

ਦਿਨੋ ਦਿਨ ਦੁਗਣੀ ਚੌਗੁਣੀ ਹੁੰਦੀ ਇਨ੍ਹਾਂ ਰਾਖਸ਼ੀ ਬਿਰਤੀ ਵਾਲਿਆਂ ਦੀ ਗਿਣਤੀ ਨੇ ਔਰਤ ਜਾਤ ਲਈ ਕੋਈ ਸੁਰੱਖਿਅਤ ਥਾਂ ‘ਭਾਰਤ ਮਾਤਾ’ ਦੀ ਹੱਦ ਅੰਦਰ ਰੱਖੀ ਹੀ ਨਹੀਂ।

ਵਿਹਲੜ ਫਿਰਦੇ ਇਨ੍ਹਾਂ ਲਾਰ ਟਪਕਾਉਂਦੇ ਕੁੱਤਿਆਂ ਦਾ ਇੱਕੋ ਟੀਚਾ ਹੈ ਕਿ ਆਪਣੀ ਮਾਂ ਦੀ ਜਿਨਸ ਵਾਲੀਆਂ ਦੇ ਸਰੀਰਾਂ ਨੂੰ ਮਾਸ ਦਾ ਲੋਥੜਾ ਮੰਨ ਕੇ ਪਾੜ ਸੁੱਟਣਾ ਹੈ ਜਾਂ ਕਿਸੇ ਵੀ ਹਾਲ ਵਿੱਚ ਉਨ੍ਹਾਂ ਦੇ ਸਰੀਰਾਂ ਨੂੰ ਭੋਗ ਕੇ ਉਨ੍ਹਾਂ ਉੱਤੇ ਕਾਬਜ਼ ਹੋਣਾ ਹੈ ! ਅਜਿਹੀ ਹਾਲਤ ਵਿੱਚ ਕਿਹੜੀ ਔਰਤ ਇਹ ਮੰਨ ਸਕਦੀ ਹੈ ਕਿ ਉਹ ਘਰੋਂ ਨਿਕਲਣ ਤੋਂ ਬਾਅਦ ਵਾਪਸ ਸੁਰੱਖਿਅਤ ਘਰ ਪਹੁੰਚ ਜਾਵੇਗੀ ?

ਔਰਤ ਦੇ ਕੁੱਖੋਂ ਜੰਮਿਆ ਮਾਸ ਦਾ ਲੋਥੜਾ ਏਨਾ ਕਹਿਰੀ ਤੇ ਜ਼ਹਿਰੀ ਹੋ ਚੁੱਕਿਆ ਹੈ ਕਿ ਉਹ ਜੰਮਣ ਬਾਅਦ ਪਹਿਲਾ ਹੱਲਾ ਉਸੇ ਕੁੱਖ ਉੱਤੇ ਹੀ ਕਰਨ ਬਾਰੇ ਸੋਚਣ ਲੱਗ ਪਿਆ ਹੈ !

ਧਾਰਮਿਕ ਪਾਖੰਡਾਂ ਦੀ ਇਸ ਧਰਤੀ ’ਤੇ ਕੋਈ ਘਾਟ ਨਹੀਂ ਹੈ। ਕਮਾਲ ਇਹ ਹੈ ਕਿ ਮੰਦਰ ਦੀ ਚਾਰਦੀਵਾਰੀ ਅੰਦਰ ਵੀ ਨਿੱਕੀ ਬਾਲੜੀ ਦਾ ਬਲਾਤਕਾਰ ਹੋ ਜਾਂਦਾ ਹੈ ਤੇ ਉਸ ਧਰਮ ਦਾ ‘ਰੱਬ’ ਉੱਥੇ ਬੱਚੀਆਂ ਨੂੰ ਬਚਾਉਣ ਪਹੁੰਚਦਾ ਨਹੀਂ ! ਆਖ਼ਰ ਕਿਸ ਨੇ ਘੜ੍ਹਿਆ ਹੈ ਅਜਿਹਾ ਰੱਬ, ਜੋ ਸਿਰਫ਼ ਮਰਦਾਂ ਲਈ ਬਹੁੜਦਾ ਹੈ ਤੇ ਉਨ੍ਹਾਂ ਨੂੰ ਹੀ ਔਰਤ ਦਾ ਸਮੂਹਕ ਬਲਾਤਕਾਰ ਕਰ ਕੇ ਮਾਰ ਦੇਣ ਦਾ ਹੱਕ ਵੀ ਦੇ ਦਿੰਦਾ ਹੈ ?

ਕਿਉਂ ਰੱਬ ਦੇ ਘਰ ਸਾਰੀਆਂ ਬੰਦਸ਼ਾਂ ਸਿਰਫ਼ ਔਰਤ ਜਾਤ ਉੱਤੇ ਲੱਗਦੀਆਂ ਹਨ ? ਕੌਣ ਹੈ ਅਜਿਹੇ ਕਾਨੂੰਨ ਬਣਾਉਣ ਵਾਲਾ ਤੇ ਰੋਕਾਂ ਲਾਉਣ ਵਾਲਾ ? ਰੱਬ ਜਾਂ ਬੰਦੇ ਵੱਲੋਂ ਘੜਿਆ ਰੱਬ ਦਾ ਬੁੱਤ ? ਉਸ ਬੁੱਤ ਨੂੰ ਘੁਮਾਉਣ ਵਾਲਾ ਸ਼ੈਤਾਨੀ ਦਿਮਾਗ਼ ਕਿਸ ਦਾ ਹੈ ? ਕਿਉਂ ਔਰਤ ਨੂੰ ਹੀ ਵੱਧ ਧਾਰਮਿਕ ਵਲਗਣਾਂ ਵਿੱਚ ਘੇਰੀ ਰੱਖਣ ਦਾ ਯਤਨ ਲਗਾਤਾਰ ਜਾਰੀ ਹੈ ? ਕਿਉਂ ਬੱਚੀ ਨੂੰ ਚੰਗੀ ਜਾਂ ਮਾੜੀ ਛੋਹ ਸਮਝਾਉਣ ਵੇਲੇ ਵੱਡੀ ਗਿਣਤੀ ਮਰਦ ਸਮਾਜ ਹਾਲ ਦੁਹਾਈ ਪਾਉਣ ਲੱਗ ਜਾਂਦਾ ਹੈ ? ਕਿਉਂ ਖ਼ਾਨਦਾਨ ਦੀ ਇੱਜ਼ਤ ਦਾ ਭਾਰ ਸਿਰਫ਼ ਬਾਲੜੀ ਉੱਤੇ ਲੱਦ ਦਿੱਤਾ ਗਿਆ ਹੈ ?  ਜਦੋਂ ਖ਼ਾਨਦਾਨ ਦਾ ‘ਚਿਰਾਗ਼’ ਦੂਜੇ ਦੀ ਧੀ ਦਾ ਬਲਾਤਕਾਰ ਕਰਦਾ ਹੈ ਤਾਂ ਖ਼ਾਨਦਾਨ ਦੀ ਇੱਜ਼ਤ ਨੂੰ ਕੀ ਚਾਰ ਚੰਨ ਲੱਗ ਜਾਂਦੇ ਹਨ ?

ਕੀ ਇਸੇ ਨੂੰ ਅਖੌਤੀ ਇੱਜ਼ਤ ਦਾ ਨਾਂ ਦੇ ਦਿੱਤਾ ਗਿਆ ਹੈ ਕਿ ਔਰਤ ਨੂੰ ਸਦਾ ਚਰਨਾਂ ਦੀ ਦਾਸੀ ਬਣਾਈ ਰੱਖਣਾ ਹੈ ? ਕਦੋਂ ਅਸੀਂ ਆਪਣਾ ਦੋਗਲਾਪਣ ਛੱਡਾਂਗੇ ਤੇ ਔਰਤ ਨੂੰ ਔਰਤ ਦੀ ਦੁਸ਼ਮਨ ਕਹਿ ਕੇ ਪਾਸਾ ਵੱਟਦੇ ਰਹਾਂਗੇ ? ਇਨ੍ਹਾਂ ਸਾਰੇ ਬਲਾਤਕਾਰਾਂ ਤੋਂ ਬਾਅਦ ਕਿਸੇ ਥਾਂ ਤੋਂ ਆਵਾਜ਼ ਕਿਉਂ ਨਹੀਂ ਉੱਠੀ ਕਿ ਮਰਦ; ਔਰਤ ਦਾ ਦੁਸ਼ਮਣ ਹੈ ?

ਜਦੋਂ ਪੁੱਤਰ; ਪਿਓ ਦਾ ਕਤਲ ਕਰਦਾ ਹੈ ਜਾਂ ਕੋਈ ਮੁੰਡਾ ਆਪਣੀ ਹੀ ਜਿਨਸ ਵਾਲੇ ਨਾਲ ਬਦਫੈਲੀ ਕਰਦਾ ਹੈ ਤਾਂ ਕਿਉਂ ਮਰਦ ਹੀ ਮਰਦ ਦਾ ਦੁਸ਼ਮਣ ਹੈ, ਵਰਗੀ ਆਵਾਜ਼ ਨਹੀਂ ਚੁੱਕੀ ਜਾਂਦੀ ?

ਕੀ ਆਪਣੇ ਮੁਲਕ ਨੂੰ ‘ਭਾਰਤ ਮਾਤਾ’ ਕਹਿਣ ਦਾ ਅਡੰਬਰ ਹੁਣ ਤਿਆਗ ਨਹੀਂ ਦੇਣਾ ਚਾਹੀਦਾ ? ਕਿਉਂ ਧਾਰਮਿਕ ਸਥਾਨਾਂ ’ਤੇ ਔਰਤ ਦੀ ਵਡਿਆਈ ਕਰਨ ਦਾ ਪਾਖੰਡ ਰਚਿਆ ਜਾ ਰਿਹਾ ਹੈ ? ਕਿਉਂ ਏਨੇ ਭਿਆਨਕ ਢੰਗ ਨਾਲ ਹੋ ਰਹੇ ਬਾਲੜੀਆਂ ਦੇ ਉਧਾਲਿਆਂ ਦੀ ਖ਼ਬਰ ਸੁਣ ਕੇ ਕਦੇ ਵੀ ਨਿਆਂ ਦਵਾਉਣ ਵਾਸਤੇ ਭਾਰਤ-ਬੰਦ ਨਹੀਂ ਹੋਇਆ ? ਸਖ਼ਤ ਕਾਨੂੰਨਾਂ ਦੀ ਘਾਟ ਤੇ ਬਲਾਤਕਾਰੀਆਂ ਲਈ ਨਰਮ ਰਵੱਈਆ ਕਿਤੇ ਏਸੇ ਕਰਕੇ ਤਾਂ ਨਹੀਂ ਕਿ ਭਾਰਤ ਵਿੱਚ ਸੱਤਾ ਵਿੱਚ ਬੈਠੇ ਲੋਕ ਹੀ ਅਜਿਹੇ ਹਨ, ਜੋ ਅਸੈਂਬਲੀਆਂ ਅੰਦਰ ਪੋਰਨ ਵੇਖਦੇ ਹਨ, ਕੁੱਝ ਨੇ ਪਤਨੀਆਂ ਛੱਡੀਆਂ ਹੋਈਆਂ ਹਨ, ਕੁੱਝ ਨੇ ਧੀਆਂ ਕੁੱਖ ਵਿੱਚ ਮਾਰੀਆਂ ਹੋਈਆਂ ਹਨ, ਕੁੱਝ ਵਤਨੋਂ ਪਾਰ ਦੇ ਚੱਕਰਾਂ ਵਿੱਚ ਸਿਰਫ਼ ਗੋਰੀਆਂ ਨੂੰ ਰਾਤ ਭਰ ਹੰਢਾਉਣ ਜਾਂਦੇ ਹਨ ?

ਕਿਉਂ ਹਰ ਪਿਓ ਆਪਣੀ ਧੀ ਲਈ ਚਿੰਤਿਤ ਨਹੀਂ ? ਕਿਉਂ ਭਰਾ, ਆਪਣੀ ਭੈਣ ਦੀ ਸੁਰੱਖਿਆ ਲਈ ਆਵਾਜ਼ ਨਹੀਂ ਚੁੱਕ ਰਿਹਾ ? ਕਿਉਂ ਪੁੱਤਰ ਆਪਣੀ ਮਾਂ ਦੀ ਸੁਰੱਖਿਆ ਵਾਸਤੇ ਚੁੱਪੀ ਨਹੀਂ ਤੋੜ ਰਿਹਾ ? ਕਿਉਂ ਕਦੇ ਵੀ ਚੋਣਾਂ ਵੇਲੇ ਮਾਵਾਂ, ਭੈਣਾਂ ਤੇ ਧੀਆਂ ਦੀ ਸੁਰੱਖਿਆ ਦਾ ਮੁੱਦਾ ਨਹੀਂ ਚੁੱਕਿਆ ਜਾਂਦਾ ?

ਕੋਈ ਤਾਂ ਬੋਲੇ ਤੇ ਜਵਾਬ ਦੇਵੇ ਕਿ ਸਦੀਆਂ ਤੋਂ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਰਹੀ ਹੈ ਤੇ ਹਰ ਸਾਲ ਪਹਿਲਾਂ ਤੋਂ ਵੱਧ ਭਿਆਨਕ ਆਧੁਨਿਕ ਢੰਗਾਂ ਨਾਲ ਸਮੂਹਕ ਬਲਾਤਕਾਰ ਕਰਨ ਦੇ ਰਿਕਾਰਡ ਕਾਇਮ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਨੂੰ ਰੋਕਣ ਵਾਲੇ ਕਾਨੂੰਨ ਸਦਾ ਹੀ ਕਿਉਂ ਫੇਲ੍ਹ ਹੁੰਦੇ ਰਹੇ ਹਨ ?

ਕਿਉਂ ਸਾਡੇ ਮੁਲਕ ਦੇ ਸਿਪਾਹੀਆਂ ਨੂੰ ਆਮ ਵਸਨੀਕਾਂ ਦੀ ਸੁਰੱਖਿਆ ਨਾਲੋਂ ਸਿਰਫ਼ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੀ ਸੁਰੱਖਿਆ ਦੀ ਡਿਊਟੀ ਵੱਧ ਮਿਲਦੀ ਹੈ ? ਕਿਉਂ ਸਾਡੇ ਫਾਸਟ ਟਰੈਕ ਕੋਰਟਾਂ ਵਿੱਚੋਂ ਮਿਲੀਆਂ ਸਜ਼ਾਵਾਂ ਬਾਅਦ ਵੀ ਬੇਲ ਉੱਤੇ ਬਾਹਰ ਨਿਕਲ ਕੇ ਬਲਾਤਕਾਰੀਏ ਦੁਬਾਰਾ ਜਬਰ-ਜ਼ਿਨਾਹ ਕਰਦੇ ਫੜੇ ਜਾਂਦੇ ਹਨ ? ਕਿਉਂ ਵਕੀਲ ਵੀਰ ਜ਼ਮੀਰ ਨੂੰ ਛਿੱਕੇ ਟੰਗ ਕੇ ਇਨ੍ਹਾਂ ਬਲਾਤਕਾਰੀਆਂ ਦੀ ਬੇਲ ਦੀ ਅਰਜ਼ੀ ਪੇਸ਼ ਕਰਦੇ ਹਨ ? ਕਿਉਂ ਬਲਾਤਕਾਰ ਦੇ ਕੇਸਾਂ ਦਾ ਮੁਆਵਜ਼ਾ ਉਨ੍ਹਾਂ ਤੱਕ ਨਹੀਂ ਪਹੁੰਚ ਰਿਹਾ ? ਇਹ ‘ਫੰਡ’ ਕੌਣ ਹਜ਼ਮ ਕਰ ਰਿਹਾ ਹੈ ? ਨਿਰਭਆ ਫੰਡ ਕਿਉਂ ਹਾਲੇ ਤੱਕ ਸਹੀ ਢੰਗ ਨਾਲ ਨਹੀਂ ਵਰਤਿਆ ਗਿਆ ?

ਕਿਉਂ ਭਾਰਤ ਵਿੱਚ ਹੀ ਸਭ ਤੋਂ ਵੱਧ ਸਮੂਹਕ ਬਲਾਤਕਾਰ ਤੇ ਸਭ ਤੋਂ ਵੱਧ ਵਹਿਸ਼ੀਆਨਾ ਢੰਗ ਨਾਲ ਜਬਰ-ਜ਼ਿਨਾਹ ਹੋ ਰਹੇ ਹਨ ? ਕਿਉਂ ਸਿਰਫ਼ ਇਸੇ ਧਰਤੀ ’ਤੇ ਪਤੀ ਨੂੰ ਹਾਲੇ ਵੀ ‘ਪਤੀ-ਦੇਵ’ ਕਹਿ ਕੇ ਦੇਵਤੇ ਦਾ ਰੁਤਬਾ ਦੇ ਕੇ ਔਰਤ ਨੂੰ ਅਧੀਨਗੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ ? ਕਿਉਂ ਹਾਲੇ ਵੀ ਇਸ ਧਰਤੀ ’ਤੇ ਔਰਤ ਨੂੰ ਅੱਧੇ ਅੰਗਾਂ ਵਾਲੀ ‘ਅਰਧਾਂਗਨੀ’ ਕਹਿ ਕੇ ਬੇਬਸ ਦਰਸਾਇਆ ਜਾ ਰਿਹਾ ਹੈ ?

ਦੁਨੀਆਭਰ ਵਿੱਚ ਬਲਾਤਕਾਰੀਆਂ ਨੂੰ ਫਾਂਸੀ, ਉਮਰ ਭਰ ਕੈਦ, ਸਰੇ ਬਜ਼ਾਰ ਲੋਕਾਂ ਸਾਹਮਣੇ ਤਸੀਹੇ ਦੇਣੇ ਜਾਂ ਲੋਕਾਂ ਵਿਚਕਾਰ ਖੜ੍ਹਾ ਕਰ ਕੇ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਂਦਾ ਹੈ, ਅੰਗ ਵੱਢ ਦਿੱਤਾ ਜਾਂਦਾ ਹੈ ਜਾਂ ਸਿਰ ਵੱਢ ਦਿੱਤਾ ਜਾਂਦਾ ਹੈ। ਬਲਾਤਕਾਰੀਏ ਦੇ ਟੱਬਰ ਨਾਲ ਵੀ ਕਈ ਥਾਈਂ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ। ਕੇਵਲ ਭਾਰਤ ਹੀ ਹੈ, ਜਿੱਥੇ ਬਲਾਤਕਾਰੀਆਂ ਨੂੰ ਢਿੱਲ ਦਿੱਤੀ ਜਾਂਦੀ ਹੈ।

ਆਖ਼ਰੀ ਸਵਾਲ ਅਣਖੀ, ਸਵੈਮਾਨ ਭਰਪੂਰ ਪਿਓਆਂ, ਭਰਾਵਾਂ ਤੇ ਪੁੱਤਰਾਂ ਨੂੰ ਇਹੋ ਹੈ ਕਿ ਕਿਉਂ ਰਾਜੇ ਜੰਮਣ ਵਾਲੀ ਔਰਤ ਨੂੰ ਉਸ ਦੇ ਵਾਰਿਸ ਕੁੱਖਾਂ ਵਿੱਚ ਮਾਰਦੇ ਨੇ, ਤੰਦੂਰ ਵਿੱਚ ਸਾੜ੍ਹਦੇ ਨੇ, ’ਕੱਲੀ ਨੂੰ ਘੇਰ ਕੇ ਸਮੂਹਕ ਬਲਾਤਕਾਰ ਕਰਦੇ ਨੇ, ਰਾਹਾਂ ’ਚ ਛੇੜਦੇ ਨੇ ਤੇ ਕਿਉਂ ਹਰ ਆਸਿਫਾ, ਦਾਮਿਨੀ, ਕਿਰਨਜੀਤ, ਕਿਰਨਦੀਪ, 9 ਮਹੀਨਿਆਂ ਦੀ ਸ਼ਬਨਮ ਦੀ ਚੀਕ ਖਲਾਅ ’ਚ ਤੈਰਦੀ ਹੈ ਪਰ ਅਣਖੀ ਵਾਰਿਸਾਂ ਦੇ ਬੋਲ਼ੇ ਕੰਨਾਂ ਨੂੰ ਛੂਹ ਕੇ ਅਗਾਂਹ ਲੰਘ ਜਾਂਦੀ ਹੈ ? ਕਿਉਂ ਜਲਸਿਆਂ, ਜੈਕਾਰਿਆਂ ਦੇ ਰੌਲ਼ੇ ਰੱਪਿਆਂ ਹੇਠ ਔਰਤ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ?

ਅਖ਼ੀਰ ਵਿੱਚ ਸਲਾਮ ਹੈ ਉਨ੍ਹਾਂ ਸੱਚ, ਹੱਕ ਤੇ ਦਲੀਲ ਨਾਲ ਤੁਰਦੇ ਭਰਾ, ਪੁੱਤਰਾਂ ਤੇ ਵੀਰਾਂ ਨੂੰ, ਜਿਹੜੇ ਹਾਲੇ ਵੀ ਦਮ ਰੱਖਦੇ ਹਨ ਇਸ ਵਰਤਾਰੇ ਨੂੰ ਗਲਤ ਕਹਿਣ ਦਾ ਤੇ ਰੁਤਬਿਆਂ ਵਾਲਿਆਂ ਨੂੰ ਨੰਗੇ ਧੜ ਲਲਕਾਰਦੇ ਹਨ ਜਾਂ ਕਲਮ ਰਾਹੀਂ ਹਾਅ ਦਾ ਨਾਅਰਾ ਮਾਰਦੇ ਹਨ !

ਜੇ ਕਿਸੇ ਦੇ ਮਨ ਅੰਦਰ ਸਵਾਲ ਉੱਠਦਾ ਹੈ ਕਿ ਮੈਂ ਭਾਰਤ ਮਾਤਾ ਦੇ ਅਣਖੀ ਪੁੱਤਰਾਂ ਤਾਈਂ ਕਿਉਂ ਪਹੁੰਚ ਕਰ ਰਹੀ ਹਾਂ, ਤਾਂ ਮੇਰਾ ਸਿੱਧਾ-ਸਾਦਾ ਜਵਾਬ ਹੈ-ਸੋਮਨਾਥ ਦੇ ਮੰਦਰ ਦੇ ਗਰਭ ਵਿੱਚ ਬੈਠੇ ਪੰਡਤਾਂ ਵੱਲੋਂ ਰੱਬ ਨੂੰ ਲੱਖ ਵਾਰ ਬੁਲਾਉਣ ’ਤੇ ਵੀ ਉਨ੍ਹਾਂ ਨੂੰ ਬਚਾਉਣ ਰੱਬ ਨਹੀਂ ਬਹੁੜਿਆ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹੋਏ ਅਨੇਕਾਂ ਹੱਲਿਆਂ ਬਾਅਦ ਵੀ ਅਣਖੀ ਪੁੱਤਰ ਹੀ ਖੜ੍ਹੇ ਹੋਏ ਸਨ, ਅਰਸ਼ੋਂ ਕੋਈ ਨਹੀਂ ਉਤਰਿਆ ਸੀ। ਮੈਂ ਅਜਿਹੇ ਅਣਖੀ ਪੁੱਤਰਾਂ ਨੂੰ ਹੀ ਵੰਗਾਰ ਪਾਈ ਹੈ, ਹਲੂਣਾ ਦਿੱਤਾ ਹੈ ਕਿ ਜਾਗੋ ਤੇ ਔਰਤ ਜਾਤ ਦੇ ਹੱਕ ਵਿੱਚ ਨਿੱਤਰੋ !

ਇਹ ਉਨ੍ਹਾਂ ਅਣਖੀ ਪੁੱਤਰਾਂ ਸਦਕਾ ਹੀ ਹੈ ਕਿ ਹਾਲੇ ਤੱਕ ਇਸ ਧਰਤੀ ’ਤੇ ਔਰਤ ਦਾ ਵਜੂਦ ਖ਼ਤਮ ਨਹੀਂ ਹੋਇਆ ਤੇ ਹਾਲੇ ਵੀ ਮਾਂ; ਪੁੱਤਰ ਨੂੰ ਜੰਮਣਾ ਗੁਨਾਹ ਨਹੀਂ ਮੰਨ ਰਹੀ !

ਜੇ ਵੱਡੀ ਗਿਣਤੀ ਲੋਕ ਹਾਲੇ ਵੀ ਨਾ ਜਾਗੇ ਤਾਂ ਮੰਨਣਾ ਪਵੇਗਾ ਕਿ ਔਰਤ ਰਾਜੇ ਮਹਾਰਾਜਿਆਂ ਨੂੰ ਨਹੀਂ ਸਿਰਫ਼ ਹਵਸੀ ਕੁੱਤਿਆਂ ਨੂੰ ਜਨਮ ਦੇਣ ਲੱਗ ਪਈ ਹੈ।

ਮੈਂ ਸਾਰੇ ਕਿਸਮਾਂ ਤੇ ਨਸਲਾਂ ਦੇ ਕੁੱਤਿਆਂ ਤੋਂ ਖਿਮਾ ਮੰਗੇ ਬਗ਼ੈਰ ਇਸ ਲੇਖ ਦਾ ਅੰਤ ਨਹੀਂ ਕਰ ਸਕਦੀ ਕਿਉਂਕਿ ਮੈਂ ਹਵਸੀਆਂ ਨੂੰ ਉਨ੍ਹਾਂ ਨਾਲ ਮੇਚਿਆ ਹੈ। ਕਤੂਰੇ ਭਾਵੇਂ ਜਿਸ ਕੁੱਖੋਂ ਜੰਮੇ ਹੋਣ ਉਸੇ ਨਾਲ ਵੱਡੇ ਹੋ ਕੇ ਸਹਿਵਾਸ ਕਰ ਲੈਂਦੇ ਹਨ ਪਰ ਉਸ ਦੀ ਮਰਜ਼ੀ ਨਾਲ, ਨਾ ਕਿ ਕਦੇ ਵੀ ਸਮੂਹਕ ਤੌਰ ’ਤੇ ਜਾਂ ਉਸ ਦਾ ਭਿਆਨਕ ਤਰੀਕੇ ਕਤਲ ਕਰਦੇ ਹਨ !