ਬੇਸ਼ੱਕ ਵਹਿਮੀ ਲੋਕ ਅੱਜ ਵੀ ਕੁੱਤੇ ਭੌਂਕਣ ਨੂੰ ਅਸ਼ੁੱਭ ਮੰਨਦੇ ਹਨ ਪਰ ਸਮਝਦਾਰ ਲੋਕ ਆਵਾਰਾਂ ਕੁੱਤਿਆਂ ਦੀ ਰਾਹੀਂ ਵੀ ਸਮਾਜ ਸੁਧਾਰ ਦੇ ਕਈ ਕੰਮ ਕਰ ਜਾਂਦੇ ਹਨ।

0
506

ਬੇਸ਼ੱਕ ਵਹਿਮੀ ਲੋਕ ਅੱਜ ਵੀ ਕੁੱਤੇ ਭੌਂਕਣ ਨੂੰ ਅਸ਼ੁੱਭ ਮੰਨਦੇ ਹਨ ਪਰ ਸਮਝਦਾਰ ਲੋਕ ਆਵਾਰਾਂ ਕੁੱਤਿਆਂ ਦੀ ਰਾਹੀਂ ਵੀ ਸਮਾਜ ਸੁਧਾਰ ਦੇ ਕਈ ਕੰਮ ਕਰ ਜਾਂਦੇ ਹਨ।

‘ਮੁਹਾਵਰਾ’ ਸ਼ਬਦਾਂ ਦੀ ਆਮ ਬੋਲਚਾਲ ’ਚ ਮਹੱਤਤਾ

ਅੱਜ ਵਿਗਿਆਨਿਕ ਯੁੱਗ ਵਿੱਚ ਮੈਡੀਕਲ ਸਾਇੰਸ ਇਸ ਗੱਲ ਨੂੰ ਮੰਨਦੀ ਹੈ ਕਿ ਬੋਲਣ ਨਾਲ ਉਤਨੀ ਐਨਰਜੀ ਬਰਬਾਦ ਨਹੀਂ ਹੁੰਦੀ ਜਿੰਨੀ ਸੋਚਣ ਨਾਲ ਖ਼ਤਮ ਹੁੰਦੀ ਹੈ ਭਾਵ ਬੋਲਣ ਤੋਂ ਪਹਿਲਾਂ ਬੰਦੇ ਨੂੰ ਸੋਚ-ਵੀਚਾਰ ਕਰਨ ਲਈ ਬਹੁਤ ਹੀ ਜ਼ਿਆਦਾ ਐਨਰਜੀ ਦੀ ਜ਼ਰੂਰਤ ਪੈਂਦੀ ਹੈ। ਪੁਰਾਤਨ ਸੋਚ ਦੇ ਧਾਰਨੀ ਬੰਦਿਆਂ ਨੇ ਇਸ ਦਾ ਇੱਕ ਢੁੱਕਵਾਂ ਹੱਲ ਕੱਢਿਆ ਸੀ, ਜਿਸ ਨੂੰ ਅਸੀਂ ‘ਮੁਹਾਵਰਾ’ ਬੋਲੀ ਕਹਿੰਦੇ ਹਾਂ। ‘ਮੁਹਾਵਰਾ’ ਅਰਬੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ‘ਸੀਮਤ ਸ਼ਬਦਾਂ ’ਚ ਦਿੱਤਾ ਗਿਆ ਸੰਕੇਤ’। ਇਸ ਨਕਸੇ-ਕਦਮ ’ਤੇ ਚੱਲਦਿਆਂ ਹੀ ਮੈਡੀਕਲ ਸਾਇੰਸ ਨੇ ਉਕਤ ਨਿਰਣਾ (ਭਾਵ ਕਿ ਬੋਲਣ ਤੋਂ ਵਧੀਕ ਐਨਰਜੀ ਸੋਚਣ ’ਤੇ ਖਰਚ ਹੁੰਦੀ ਹੈ) ਕੀਤਾ ਸੀ।

ਦਿੱਲੀ ਵਿੱਚ ਪਿਛਲੇ ਪਾਰਲੀਮੈਂਟ ਸੈਸਨ ਦੌਰਾਨ ਪੰਜਾਬ ਦੇ ਸੰਗਰੂਰ ਹਲਕੇ ਤੋਂ ਐਮ. ਪੀ. ਸ. ਭਗਵੰਤ ਮਾਨ ਜੀ ਦਾ ਇਹ ਕਹਿਣਾ ਵੀ ਇਸ ਦੀ ਪੜਚੋਲਤਾ ਕਰਦਾ ਹੈ ਕਿ ਲੋਕ ਸਭਾ ’ਚ ਸਾਡੇ 4 ਹੀ ਮੈਂਬਰ ਹੋਣ ਕਾਰਨ ਸਾਨੂੰ ਕੇਵਲ 6 ਮਿੰਟ ਹੀ ਬੋਲਣ ਦਾ ਸਮਾ ਮਿਲਦਾ ਹੈ, ਜਿਸ ਦੀ ਭਰਪਾਈ ਅਸੀਂ ‘ਮੁਹਾਵਰੇ’ ਬੋਲ ਕੇ ਕਰਦੇ ਹਾਂ, ਜੋ ਕਿ ਪੰਜਾਬੀ ਬੋਲੀ ਦੀ ਦੇਣ ਹੈ ਭਾਵ ਥੋੜੇ ਸਮੇਂ ’ਚ ਬਹੁਤ ਕੁਝ ਬੋਲਣਾ, ਆਪਣੀ ਐਨਰਜੀ ਅਤੇ ਸਮਾ ਬਚਾਉਣਾ। ਇਹ ‘ਮੁਹਾਵਰਾ’ ਬੋਲੀ ਪੰਜਾਬ ਦੀ ਵਿਸ਼ੇਸ਼ਤਾ ਦਾ ਅੱਜ ਭੀ ਵੈਸਾ ਹੀ ਪ੍ਰਤੀਕ ਹੈ ਜਿਹਾ ਕਿ ਸਦੀਆਂ ਪਹਿਲਾਂ।

ਬੇਸ਼ੱਕ ਇਹ ‘ਮੁਹਾਵਰੇ’ ਬਹੁਤ ਕੁਝ, ਆਪਣੇ ਕੁਝ ਕੁ ਸ਼ਬਦਾਂ ਰਾਹੀਂ ਹੀ ਕਹਿ ਜਾਂਦੇ ਹਨ ਪਰ ਅਗਰ ਇਨ੍ਹਾਂ ਮੁਹਾਵਰਿਆਂ ਦੀ ਪਿਛੋਕੜ ਭਾਵਨਾ ਦੀ ਸਮਝ ਨਾ ਹੋਵੇ ਤਾਂ ਇਸ ਦਾ ਕੋਈ ਸਾਰਥਿਕ ਲਾਭ ਵੀ ਨਹੀਂ ਹੁੰਦਾ, ਇਸ ਲਈ ਕੁਝ ਕੁ ਉਨ੍ਹਾਂ ਮੁਹਾਵਰਿਆਂ ਦੀ ਵੀਚਾਰ ਸਾਂਝੀ ਕਰਾਂਗੇ ਜਿਨ੍ਹਾਂ ਨੂੰ ਅੱਜ ਭੀ ਆਮ ਤੌਰ ’ਤੇ ਪੰਜਾਬ ਦੇ ਪਿੰਡਾਂ ਵਿੱਚ ਬੋਲਿਆ ਜਾਂਦਾ ਹੈ।

ਗੁਰਬਾਣੀ ਦੀ ਲਿਖਤ ਕਾਵਿ ਰੂਪ ’ਚ ਹੋਣ ਕਾਰਨ ਵੀ ਵਾਰਤਿਕ ਨਾਲੋਂ ਘੱਟ ਐਨਰਜੀ ਲੈਂਦੀ ਹੈ ਬੇਸ਼ੱਕ ਇਸ ਦੇ ਸਮੂਹ ਅਰਥ-ਭਾਵ ਤਮਾਮ ਵਾਰਤਿਕ ਲਿਖਤ ’ਚ, ਅੱਜ ਵੀ ਨਹੀਂ ਆ ਰਹੇ। ਗੁਰਬਾਣੀ ਦੀ ਕਾਵਿ ਲਿਖਤ ਵਿੱਚ ਭੀ ‘ਮੁਹਾਵਰਾ’ ਬੋਲੀ ਨੂੰ ਵਿਸ਼ੇਸ਼ ਸਥਾਨ ਉਪਲੱਭਦ ਹੈ, ਜਿਵੇਂ ਕਿ

(1). ਕੂੜ ਕਮਾਉਣਾ– ਭਾਵ ਝੂਠ ਦੀ ਕਮਾਈ ਨਾਲ ਬੱਚੇ ਪਾਲਣਾ, ਨੂੰ ਗੁਰੂ ਨਾਨਕ ਸਾਹਿਬ ਜੀ ਇਉਂ ਬਿਆਨ ਕਰ ਰਹੇ ਹਨ ‘‘ਕੂਕਰ ਕੂੜੁ ਕਮਾਈਐ, ਗੁਰ ਨਿੰਦਾ ਪਚੈ ਪਚਾਨੁ॥’’ (ਮ:੧/੨੧)

(2). ਉਚ ਦੁਮਾਲੜਾ– ਭਾਵ ਜਿੱਤਿਆ ਹੋਇਆ ਪਹਿਲਵਾਨ, ਨੂੰ ਗੁਰੂ ਅਰਜੁਨ ਸਾਹਿਬ ਜੀ ਇਉਂ ਬਿਆਨ ਕਰ ਰਹੇ ਹਨ ‘‘ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ, ਉਚ ਦੁਮਾਲੜਾ॥ ਸਭ ਹੋਈ ਛਿੰਝ ਇਕਠੀਆ, ਦਯੁ ਬੈਠਾ ਵੇਖੈ ਆਪਿ ਜੀਉ॥’’ (ਮ:੫/੭੪)

(3). ‘‘ਅਹਿ ਕਰੁ ਕਰੇ ਸੁ ਅਹਿ ਕਰ ਪਾਏ.॥’’ ਭਾਵ ਜਿਹੋ ਜਿਹਾ ਬੰਦਾ ਕੰਮ ਕਰਦਾ ਹੈ ਉਸ ਦਾ ਫਲ ਭੀ ਉਸ ਨੂੰ ਵੈਸੀ ਹੀ ਭੋਗਣਾ ਪੈਂਦਾ ਹੈ, ਨੂੰ ਗੁਰੂ ਅਰਜੁਨ ਸਾਹਿਬ ਜੀ ਇਉਂ ਬਿਆਨ ਕਰ ਰਹੇ ਹਨ ‘‘ਅਹਿ ਕਰੁ ਕਰੇ, ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ ਕਿਸੈ ਥਾਇ॥’’ (ਮ:੫/੪੦੬) ਆਦਿ।

ਕੁਝ ਕੁ ਉਹ ‘ਮੁਹਾਵਰੇ’, ਜੋ ਕਿ ਗੁਰਬਾਣੀ ਵਿੱਚ ਦਰਜ ਨਹੀਂ ਹਨ ਜਿਵੇਂ ਕਿ

(1). ‘ਛੂਹਣੀ ਖੜ੍ਹੀ ਕਰਨਾ’– ਭਾਵ ਹਮੇਸ਼ਾ ਹੀ ਲੜਾਈ ਨੂੰ ਤਰਜੀਹ ਦੇਣਾ।

ਵੈਸੇ ਇਸ ‘ਮੁਹਾਵਰੇ’ ਦੀ ਪਿਛੋਕੜ ਭਾਵਨਾ ਸੀ ਕਿ ਛੂਹਣੀ (ਝਾੜੂ) ਨਾਲ ਸਫਾਈ ਕਰਦਿਆਂ ਕੁਝ ਗੰਦ, ਸਫਾਈ ਪੂਰੀ ਹੋਣ ਤੋਂ ਉਪਰੰਤ ਭੀ ਲੱਗਾ ਰਹਿ ਜਾਂਦਾ ਹੈ, ਜਿਸ ਨੂੰ ਦੀਵਾਰ ਨਾਲ ਖੜ੍ਹਾ ਕੀਤਿਆਂ ਇਸ ਦੀ ਸਾਰੀ ਗੰਦਗੀ ਝਾੜੂ ਨੂੰ ਪਕੜਣ ਵਾਲੇ ਪਾਸੇ ਆ ਜਾਂਦੀ ਹੈ ਅਤੇ ਦੁਬਾਰਾ ਝਾੜੂ ਮਾਰਨ ਵਾਲੇ ਦਾ ਮਨ (ਹੱਥ ’ਚ ਫੜੇ ਗੰਦੇ ਝਾੜੂ ਕਾਰਨ) ਕੁਝ ਉਦਾਸ ਜਿਹਾ ਹੋ ਜਾਂਦਾ ਹੈ ਜੋ ਕਿ ਮਨ ਦੇ ਨਿਰਾਸ ਦਾ ਪ੍ਰਤੀਕ ਸੀ, ਲੜਾਈ ਦਾ ਪ੍ਰਤੀਕ ਸੀ।

(2). ‘ਮੂਤਰ ’ਚੋਂ ਮੱਛੀਆਂ ਲੱਭਣਾ’-ਇਸ ‘ਮੁਹਾਵਰੇ’ ਦੀ ਪਿਛੋਕੜ ਭਾਵਨਾ ਅੱਜ ਦੇ ਵਿਗਿਆਨਿਕ ਯੁੱਗ ’ਚ 100% ਪੂਰੀ ਉਤਰਦੀ ਹੈ।

ਵਿਗਿਆਨੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਮੱਛੀ ਮੂਤ੍ਰ ’ਚ ਨਹੀਂ ਰਹਿ ਸਕਦੀ ਪਰ ਕਿਉਂ? ਇਸ ਦਾ ਜਵਾਬ ਭੀ ਲਾ-ਜਵਾਬ ਹੈ, ਜੋ ਇਸ ਤਰ੍ਹਾਂ ਹੈ:

ਮੂਤ੍ਰ ਦੇ ਵਿੱਚ ਪਾਣੀ ਦੀ ਮਾਤਰਾ ਕੇਵਲ 95% ਹੀ ਹੁੰਦੀ ਹੈ ਬਾਕੀ ਉਸ ਵਿੱਚ ਉਹ ਪ੍ਰੋਟੀਨ ਤੱਤ ਹੁੰਦੇ ਹਨ ਜੋ ਸਰੀਰ ਨੇ ਆਪਣੀ ਗ੍ਰਹਿਣ ਕਰਨ ਵਾਲੀ ਸ਼ਕਤੀ ਤੋਂ ਵਾਧੂ ਸਮਝ ਕੇ ਬਾਹਰ ਕੱਢ ਦਿੱਤੇ ਹਨ ਇਸ ਲਈ ਕੁਝ ਬੰਦੇ ਆਪਣੇ ਪਿਸ਼ਾਬ ਨੂੰ ਦੁਬਾਰਾ ਪੀਣਾ ਪਸੰਦ ਕਰਦੇ ਹਨ ਤਾਂ ਜੋ ਬਾਕੀ ਰਿਹਾ ਪ੍ਰੋਟੀਨ ਵੀ ਸਰੀਰ ਦੇ ਅੰਦਰ ਹੀ ਚਲਾ ਜਾਵੇ ਪਰ ਇਹੀ ਵਾਧੂ ਪ੍ਰੋਟੀਨ ਮੱਛੀ ਦੀ ਖੁਰਾਕ ਨਾ ਹੋਣ ਕਾਰਨ ਉਸ ਦੀ ਮੌਤ ਦਾ ਕਾਰਨ ਬਣਦੇ ਹਨ। (ਇੱਕ ਲੀਟਰ ਪਿਸ਼ਾਬ ’ਚ 5% ਵਾਧੂ ਪ੍ਰੋਟੀਨ ਦਾ ਸਕੇਲ ਇਉਂ ਬਣਦਾ ਹੈ ‘ਯੂਰੀਆ-9.3 ਗ੍ਰਾਮ, ਕਲੋਰਾਈਡ-1.87 ਗ੍ਰਾਮ, ਸੋਡੀਅਮ-1.17 ਗ੍ਰਾਮ, ਪੋਟਾਸ਼ੀਅਮ (ਚਿੱਟੀ ਧਾਤੂ) 0.750 ਗ੍ਰਾਮ ਅਤੇ ਕ੍ਰੇਏਟਨੀਨ-0.670 ਗ੍ਰਾਮ।’)

ਇਸ ਲਈ ‘ਮੂਤਰ ਚੋਂ ਮੱਛੀਆਂ ਲੱਭਣਾ’ ਭਾਵ ਮੂਰਖਤਾ ਵਾਲਾ ਕੰਮ ਹੀ ਹੁੰਦਾ ਹੈ, ‘ਮੁਹਾਵਰਾ’ ਅਜੌਕੇ ਵਿਗਿਆਨਿਕ ਯੁੱਗ ’ਚ 100% ਸਹੀ ਢੁੱਕਦਾ ਹੈ।

(3). ‘ਕੁੱਤੇ ਭੌਂਕਣਾ’-ਇਸ ਭਾਵਨਾ ਦੇ ਪਿਛੋਕੜ ’ਚ ਬੜੀ ਹੀ ਰੋਮੈਂਟਿਕ (ਭਾਵੁਕ, ਵਿਚਿੱਤਰ) ਧਾਰਨਾ ਮਿਲਦੀ ਹੈ ਜੋ ਕਿ ਇਸ ਪ੍ਰਕਾਰ ਹੈ:

ਇੱਕ ਸਾਧੂ ਨੇ ਆਪਣੇ ਨਵੇਂ-2 ਬਣੇ ਸ਼ਰਧਾਲੂ ਨੂੰ ਸੁਭ੍ਹਾ ਇਕਾਂਤ ’ਚ ਰਾਮ ਦਾ ਸਿਮਰਨ ਕਰਨ ਲਈ ਕਿਹਾ ਪਰ ਉਸ ਸ਼ਰਧਾਲੂ ਦੇ ਘਰ ਨਜ਼ਦੀਕ ਮਹੌਲ ਕੁਝ ਯੋਗ (ਸ਼ਾਂਤ) ਨਹੀਂ ਸੀ ਕਿਉਂਕਿ ਉਸ ਮੁਹੱਲੇ ਦੇ ਲੋਕ ਦੇਰ ਰਾਤ ਤੱਕ ਇਕੱਠੇ ਹੋ ਕੇ ਸ਼ਰਾਬਾਂ ਪੀਂਦੇ, ਰੰਗ-ਰਲੀਆਂ ਮਨਾਉਂਦੇ, ਸ਼ੋਰ-ਸ਼ਰਾਬਾ ਕਰਦੇ ਅਤੇ ਬੇਅੰਤਾਂ ਦਾ ਜੂਠਾ ਖਾਣਾ ਗਲੀਆਂ ’ਚ ਖਿਲਾਰਦੇ। ਇਉਂ ਸ਼ੋਰ ਮਚਾਉਂਦਿਆਂ ਬਹੁਤੀ ਰਾਤ ਬੀਤ ਜਾਂਦੀ ਜਿਸ ਕਾਰਨ ਉਸ ਸ਼ਰਧਾਲੂ ਨੂੰ ਸੁਭ੍ਹਾ ਉੱਠਣ ’ਚ ਹਮੇਸ਼ਾ ਹੀ ਦੇਰੀ ਹੋ ਜਾਂਦੀ। ਉਸ ਨੇ ਇਸ ਅਸ਼ਾਂਤੀ ਨੂੰ ਬੰਦ ਕਰਵਾਉਣ ਲਈ ਕੁਝ ਮੁਹੱਲੇ ਦੇ ਸਿਆਣੇ ਬੰਦਿਆਂ ਦੀ ਮਦਦ ਲਈ ਪਰ ਕੋਈ ਢੁੱਕਵਾਂ ਹੱਲ ਨਾ ਨਿਕਲਦਾ ਵੇਖ ਕੇ ਇੱਕ ਦਿਨ ਆਪਣੇ ਗੁਰੂ (ਸਾਧੂ) ਕੋਲ ਆਪਣੀ ਦਿਲੀ ਪੀੜਾ ਸੁਣਾ ਦਿੱਤੀ।

ਸਾਧੂ ਨੇ ਉਸ ਸ਼ਰਧਾਲੂ ਨੂੰ ਇੱਕ ਪਾਲਤੂ ਵੱਡਾ ਕੁੱਤਾ ਪਾਲਣ ਲਈ ਕਿਹਾ ਅਤੇ ਉਸ ਨੂੰ ਭੌਂਕਣ ਦੀ ਸਿਖਲਾਈ ਵੀ ਵਿਸ਼ੇਸ਼ ਤੌਰ ’ਤੇ ਦੇਣ ਲਈ ਪ੍ਰੇਰਿਆ। ਜਦ ਸ਼ਰਧਾਲੂ ਨੇ ਇਹ ਕੰਮ ਆਪਣੇ ਗੁਰੂ (ਸਾਧੂ) ਦੇ ਕਹੇ ਅਨੁਸਾਰ ਮੁਕੰਬਲ ਕਰ ਲਿਆ ਤਾਂ ਅਗਲਾ ਆਦੇਸ ਲੈਣ ਲਈ ਉਹ ਸ਼ਰਧਾਲੂ ਫਿਰ ਆਪਣੇ ਗੁਰੂ (ਸਾਧੂ) ਕੋਲ ਆਇਆ।

ਸਾਧੂ ਨੇ ਉਸ (ਸ਼ਰਧਾਲੂ) ਨੂੰ ਇੱਕ ਦੋ ਦਿਨ ਰਾਮ ਦਾ ਸਿਮਰਨ ਨਾ ਕਰਕੇ ਆਪਣੇ ਪਾਲਤੂ ਕੁੱਤੇ ਸਮੇਤ ਮੁਹੱਲੇ ਦੇ ਵਿਚਕਾਰ ਕਿਸੇ ਉੱਚੀ ਜਗ੍ਹਾ ’ਤੇ ਜਾ ਕੇ ਤਦ ਆਪਣੇ ਵੱਲੋਂ ਦਿੱਤੀ ਗਈ ਸਿਖਲਾਈ ਅਨੁਸਾਰ ਕੁੱਤੇ ਨੂੰ ਭੌਂਕਣ ਲਈ ਉਤਸਾਹਿਤ ਕਰਨ ਲਈ ਕਿਹਾ ਜਦ ਉਸ ਮਹੱਲੇ ਦੇ ਲੋਕ ਥੱਕ-ਟੁੱਟ ਕੇ ਸੌਣ ਦੀ ਤਿਆਰੀ ਵਿੱਚ ਹੋਣ।

ਸ਼ਰਧਾਲ ਨੇ ਰਾਮ ਦਾ ਸਿਮਰਨ ਕੁਝ ਦਿਨ ਨਾ ਕਰ ਸਕਣ ਲਈ ਆਪਣੇ ਗੁਰੂ ਤੋਂ ਮਾਫੀ ਮੰਗੀ ਤੇ ਚੱਲ ਪਿਆ ਆਪਣੇ ਗੁਰੂ ਜੀ ਦੇ ਨਿਵੇਕਲੇ ਆਦੇਸ ਦਾ ਪਾਲਣ ਕਰਨ। ਜਦ ਅੱਧੀ ਰਾਤ ਬੀਤਦੀ ਸ਼ਰਧਾਲੂ, ਆਪਣੇ ਗੁਰੂ ਦੇ ਆਦੇਸ ਅਨੁਸਾਰ ਕੁੱਤੇ ਨੂੰ ਭੌਂਕਣ ਵੱਲ ਪ੍ਰੇਰਦਾ, ਜਿਸ ਦੀ ਆਵਾਜ਼ ਸੁਣ ਕੇ ਪਹਿਲਾਂ ਤੋਂ ਹੀ ਉਸ ਮੁਹੱਲੇ ’ਚ ਸੈਂਕੜਿਆਂ ਦੀ ਤਾਦਾਦ ’ਚ ਮੌਜ਼ੂਦ ਅਤੇ ਮੁਹੱਲੇ ਵਾਲਿਆਂ ਦਾ ਜੂਠਾ ਖਾਣਾ ਖਾ-ਖਾ ਕੇ ਮੋਟੇ ਹੋਏ ਕੁੱਤਿਆਂ ਨੇ ਆਪਣੀ-2 ਧੁਨੀ ਅਨੁਸਾਰ ਆਵਾਜ਼ਾਂ ਕੱਢਣੀਆਂ। ਜਦ ਤੱਕ ਬਾਕੀ ਕੁੱਤੇ ਭੌਂਕਦੇ ਸ਼ਰਧਾਲੂ ਆਪਣੇ ਕੁੱਤੇ ਨੂੰ ਆਰਾਮ ਕਰਵਾ ਲੈਂਦਾ। ਮੁਹੱਲੇ ਦੇ ਤਮਾਮ ਕੱੁਤਿਆਂ ਦੇ ਭੌਂਕਣ ਤੋਂ ਬੰਦ ਹੁੰਦਿਆਂ ਹੀ ਸ਼ਰਧਾਲੂ ਆਪਣੇ ਗੁਰੂ ਦੇ ਆਦੇਸ ਦਾ ਦੁਬਾਰਾ ਪਾਲਣ ਕਰਨ ਲਈ ਆਪਣੇ ਕੁੱਤੇ ਤੋਂ ਉਹੀ ਕਿਰਿਆ ਕਰਵਾਉਂਦਾ ਜਿਸ ਤੋਂ ਉਪਰੰਤ ਸ਼ਰਧਾਲੂ ਦੇ ਗੁਰੂ ਦਾ ਅਧੂਰਾ ਆਦੇਸ਼ ਮੁਹੱਲੇ ਦੇ ਬਾਕੀ ਤਮਾਮ ਕੁੱਤੇ ਪੂਰਾ ਕਰਦੇ।

ਕੁਝ ਦਿਨਾਂ ਦੀ ਅਜਿਹੀ ਸਥਿਤੀ ਤੋਂ ਉਪਰੰਤ ਮੁਹੱਲੇ ਦੇ ਥੱਕੇ-ਹਾਰੇ ਲੋਕ ਬੜੇ ਹੈਰਾਨ ਤੇ ਪ੍ਰੇਸ਼ਾਨ। ਉਨ੍ਹਾਂ ਨੇ ਤਮਾਮ ਕੁੱਤਿਆਂ ਨੂੰ ਮੁਹੱਲੇ ਤੋਂ ਦੂਰ ਛੱਡਣ ਦੀ ਯੋਜਨਾ ਬਣਾਈ ਪਰ ਫ੍ਰੀ ਦਾ ਖਾਣਾ ਖਾਣ ਦੇ ਆਦੀ ਹੋਏ ਸਾਰੇ ਹੀ ਕੁੱਤੇ ਵਾਰ-2 ਉਸ ਮੁਹੱਲੇ ਵਿੱਚ ਹੀ ਆ ਜਾਣ, ਜਿੱਥੇ ਉਨ੍ਹਾਂ ਦੀ ਉਡੀਕ ਅਗਲੀ ਰਾਤ ਲਈ ਸਾਧੂ ਦਾ ਚੇਲਾ (ਸ਼ਰਧਾਲੂ) ਕਰੀ ਜਾ ਰਿਹਾ ਸੀ। ਆਖਿਰ ਕਿਸੇ ਸਮਝਦਾਰ ਬੰਦੇ ਨੇ ਉਨ੍ਹਾਂ ਨੂੰ ਸਮਝਾਇਆ ਕਿ ਤੁਸੀਂ ਉਸ ਸਾਧੂ (ਗੁਰੂ) ਕੋਲ ਜਾਉ। ਸਾਧੂ ਪਹਿਲਾਂ ਹੀ ਇਹੀ ਚਾਹੁੰਦਾ ਸੀ।

ਸਾਧੂ ਦੀ ਪ੍ਰੇਰਨਾ ਨਾਲ ਮੁਹੱਲਾ ਨਿਵਾਸੀਆਂ ਨੇ ਰਾਤ ਨੂੰ ਰੰਗ-ਰਲੀਆਂ ਮਨਾਉਣੀਆਂ ਬੰਦ ਕਰ ਦਿੱਤੀਆਂ ਜਿਸ ਨਾਲ ਸ਼ਰਧਾਲੂ ਨੂੰ ਇੱਕਾਂਤ ’ਚ ਰਾਮ ਦਾ ਸਿਮਰਨ ਕਰਨ ਦਾ ਮੌਕਾ ਮਿਲ ਗਿਆ ਪਰ ਸ਼ਰਧਾਲੂ ਆਰਥਿਕ ਪੱਖੋਂ ਬੜਾ ਕਮਜ਼ੋਰ ਸੀ, ਜੋ ਪਾਲਤੂ ਕੁੱਤੇ ਨੂੰ ਹਮੇਸ਼ਾ ਲਈ ਸਾਂਭਣ ਤੋਂ ਅਸਮਰਥ ਸੀ। ਸ਼ਰਧਾਲੂ ਨੇ ਆਪਣੇ ਗੁਰੂ ਨੂੰ ਕਿਹਾ ਕਿ ਇਸ ਕੁੱਤੇ ਦਾ ਕੀ ਕੀਤਾ ਜਾਵੇ? ਸਾਧੂ ਨੇ ਸ਼ਰਧਾਲੂ ਨੂੰ ਕਿਹਾ ਬੇਸ਼ੱਕ ਮੁਹੱਲੇ ਵਿੱਚ ਕੁਝ ਸਮੇਂ ਤੋਂ ਸ਼ਾਂਤੀ ਹੈ ਪਰ ਇਹ ਲੋਕ ਸਦੀਆਂ ਤੋਂ ਆਪਣੀਆਂ ਕਮਜ਼ੋਰੀਆਂ ਦੇ ਆਦੀ ਹੋ ਚੁੱਕੇ ਹਨ ਤੇ ਕਦੇ ਭੀ ਦੁਬਾਰਾ ਵਾਲੀ ਸਥਿਤੀ ’ਚ ਆ ਸਕਦੇ ਹਨ ਇਸ ਲਈ ਕੁੱਤੇ ਦੀ ਜ਼ਰੂਰਤ ਹਮੇਸ਼ਾ ਪਵੇਗੀ। ਉਧਰ ਮੁਹੱਲੇ ਦੇ ਨੌਜਵਾਨ ਲੋਕ ਜਦ ਵੀ ਆਪਣੇ ਪਹਿਲਾਂ ਵਾਲੇ ਭੂਤ ਨੂੰ ਜਗਾਉਣ ਦਾ ਯਤਨ ਕਰਨ, ਸਿਆਣੇ ਲੋਕ ਮੁਹੱਲੇ ਵਿੱਚ ਘੁੰਮ ਰਹੇ ਤਮਾਮ ਕੁੱਤਿਆਂ ਤੋਂ ਡਰਾ ਦਿੰਦੇ।

ਸੋ, ‘ਕੁੱਤੇ ਭੌਂਕਣਾ’ ਪੰਜਾਬੀ ਮੁਹਾਵਰੇ ਨੂੰ ਬੇਸ਼ੱਕ ਵਹਿਮੀ ਲੋਕ ਅੱਜ ਭੀ ਅਸ਼ੁੱਭ ਦਿ੍ਰਸ਼ਟੀ ਨਾਲ ਵੇਖਦੇ ਹਨ ਪਰ ਸਮਝਦਾਰ ਲੋਕ ਆਵਾਰਾ ਕੁੱਤਿਆਂ ਦੀ ਰਾਹੀਂ ਭੀ ਸਮਾਜ ’ਚ ਸੁਧਾਰ ਦੇ ਕਈ ਕੰਮ ਕਰ ਜਾਂਦੇ ਹਨ।