ਬਲਦੇਵ ਸੜਕਨਾਮੇ ਦੇ ਨਾਵਲ “ਸੂਰਜ ਦੀ ਅੱਖ” ਵਿਵਾਦ ਸਬੰਧੀ ਪਾਠਕਾਂ ਵਿਰੁੱਧ ਸ਼ਿਕਾਇਤ ਕਰਤਾਵਾਂ ਨਾਲ ਹੋਈ ਗੱਲਬਾਤ ਦੇ ਸੰਖੇਪ ਸਾਰ
ਕਿਰਪਾਲ ਸਿੰਘ ਬਠਿੰਡਾ
ਸਾਰੇ ਸ਼ਿਕਾਇਤ ਕਰਤਾਵਾਂ ਚੋਂ ਅੱਧੋਂ ਵੱਧ ਜਿਨ੍ਹਾਂ ਦੇ ਮੈਨੂੰ ਟੈਲੀਫੋਨ ਨੰ: ਮਿਲ ਸਕੇ ਉਨ੍ਹਾਂ ਸਾਰਿਆਂ ਨੂੰ ਵਾਰੀ ਵਾਰੀ ਫ਼ੋਨ ਕਰ ਕੇ ਹੇਠ ਲਿਖੇ ਸਵਾਲ ਕੀਤੇ ਜਿਨ੍ਹਾਂ ਦੇ ਜਵਾਬ ਸੁਣ ਕੇ ਸਿਰਫ ਕੇਵਲ ਮੈਂ ਹੀ ਹੈਰਾਨ ਨਹੀਂ ਹੋਇਆ ਬਲਕਿ ਸੁਣਨ ਵਾਲਾ ਹਰ ਵਿਅਕਤੀ ਹੈਰਾਨ ਹੋਵੇਗਾ :-
1. ਕੀ ਤੁਸੀਂ ਸੂਰਜ ਦੀ ਅੱਖ ਨਾਵਲ ਪੜ੍ਹਿਆ ਹੈ ? ਇੱਕ ਦਾ ਜਵਾਬ ਹਾਂ ਵਿੱਚ ਸੀ, ਇੱਕ ਨੇ ਦੱਸਿਆ ਕਿ ਅੱਧਾ ਪੜ੍ਹ ਲਿਆ ਹੈ ਤੇ ਬਾਕੀ ਪੜ੍ਹ ਰਿਹਾ ਹਾਂ ਜਦੋਂ ਕਿ ਬਾਕੀ ਸਾਰਿਆ ਦਾ ਜਵਾਬ ਨਾਂਹ ਵਿੱਚ ਸੀ।
2. ਪੁੱਛਿਆ ਕਿ ਤੁਸੀਂ ਫੇਸ ਬੁੱਕ ’ਤੇ ਗੁਰਸੇਵਕ ਸਿੰਘ ਚਾਹਲ ਵੱਲੋਂ ਕੀਤਾ ਰੀਵਿਊ, ਪੁੱਛੇ ਗਏ ਹੋਰ ਸਵਾਲ ਅਤੇ ਲਿਖੀਆਂ ਅਪੱਦਰ ਗਾਲਾਂ ਜਾਂ ਧਮਕੀਆਂ ਪੜ੍ਹੀਆਂ ਹਨ ? ਜਵਾਬ ਪਹਿਲਾਂ ਨਾਲੋਂ ਵੀ ਵਧ ਹੈਰਾਨੀਜਨਕ ਸੀ 4 ਸ਼ਿਕਾਇਤ ਕਰਤਾਵਾਂ ਨੇ ਕਿਹਾ ਉਹ ਤਾਂ ਫੇਸ ਬੁੱਕ ਖੋਲ੍ਹਣੀ ਵੀ ਨਹੀਂ ਜਾਣਦੇ, 3 ਨੇ ਕਿਹਾ ਫੇਸ ਬੁੱਕ ਤਾਂ ਵਰਤਦੇ ਹਨ ਪਰ ਉਨ੍ਹਾਂ ਕਦੀ ਗੁਰਸੇਵਕ ਸਿੰਘ ਦਾ ਪੇਜ਼ ਨਹੀਂ ਵੇਖਿਆ, ਇੱਕ ਨੇ ਕਿਹਾ ਮੈਂ ਇਸ ਵੇਲੇ ਚੰਡੀਗੜ੍ਹ ਹਾਂ 2 ਦਿਨਾਂ ਵਾਅਦ ਆਵਾਂਗਾ ਤਾਂ ਬੈਠ ਕੇ ਗੱਲ ਕਰਾਂਗੇ ਫ਼ੋਨ ’ਤੇ ਮੈਂ ਕੋਈ ਗੱਲਬਾਤ ਨਹੀਂ ਕਰਾਂਗਾ।
3. ਪੁੱਛਿਆ ਗਿਆ ਕਿ ਜੇ ਤੁਸੀਂ ਵਿਵਾਦਤ ਨਾਵਲ ਨਹੀਂ ਪੜ੍ਹਿਆ, ਉਸ ਉਪਰ ਕੀਤਾ ਰੀਵਿਊ ਨਹੀਂ ਪੜ੍ਹਿਆ, ਪੁੱਛੇ ਗਏ ਸਵਾਲ ਵੀ ਨਹੀਂ ਪੜ੍ਹੇ, ਤੁਹਾਡੇ ਵੱਲੋਂ ਲਾਏ ਜਾ ਰਹੇ ਦੋਸ਼ ਅਨੁਸਾਰ ਉਸ ਵੱਲੋਂ ਲਿਖੀਆਂ ਗਾਲਾਂ ਤੇ ਧਮਕੀਆਂ ਵੀ ਨਹੀਂ ਪੜ੍ਹੀਆਂ ਜਦੋਂ ਕਿ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਕੇਵਲ ਪਾਠਕ ਦੇ ਤੌਰ ’ਤੇ ਰੀਵਿਊ ਲਿਖਿਆ ਸੀ ਤੇ ਪੜ੍ਹਦੇ ਸਮੇਂ ਉਸ ਦੇ ਮਨ ਵਿੱਚ ਸ਼ੰਕਾ ਪੈਦਾ ਹੋਈ ਕਿ ਲੇਖਕ ਵੱਲੋਂ ਸੋਚੀ ਸਮਝੀ ਨੀਤੀ ਤਹਿਤ ਬਿਨਾਂ ਇਤਿਹਾਸਕ ਹਵਾਲੇ ਦਿੱਤਿਆਂ ਇਤਿਹਾਸ ਨੂੰ ਗਲਤ ਰੰਗਤ ਦਿੱਤੀ ਗਈ ਹੈ ਤਾਂ ਉਸ ਨੇ ਨਾਵਲ ਵਿੱਚ ਦਿਤੇ ਗਏ ਗਲਤ ਤੱਥਾਂ ਦੇ ਕੇਵਲ ਇਤਿਹਾਸਕ ਹਵਾਲੇ ਮੰਗੇ ਸਨ ਤੇ ਹੋਰ ਕਈ ਸਵਾਲ ਪੁੱਛੇ ਸਨ ਜਦੋਂ ਕਿ ਕਦੀ ਵੀ ਕੋਈ ਗਾਲ਼ ਜਾਂ ਧਮਕੀ ਨਹੀਂ ਲਿਖੀ; ਤਾਂ ਤੁਸੀਂ ਕਿਸ ਤਰ੍ਹਾਂ ਉਸ ਨੂੰ ਮੁੱਖ ਦੋਸ਼ੀ ਦੇ ਤੌਰ ’ਤੇ ਪੇਸ਼ ਕਰਕੇ ਉਸ ਵਿਰੁੱਧ ਸ਼ਿਕਾਇਤ ਲੈ ਕੇ ਡੀ ਸੀ ਕੋਲ ਗਏ। ਜਵਾਬ ਸੀ ਕਿ ਉਨ੍ਹਾਂ ਨੂੰ ਅਤਰਜੀਤ ਨੇ ਫ਼ੋਨ ਕਰਕੇ ਬੁਲਾਇਆ ਸੀ ਉਸ ਨੇ ਦੱਸਿਆ ਕਿ ਉਸ ਨੇ ਨਾਵਲ ਪੜ੍ਹਿਆ ਹੈ ਜੋ ਨਿਰੋਲ ਤੱਥਾਂ ’ਤੇ ਅਧਾਰਤ ਸੱਚ ਹੈ ਪਰ ਇਹ ਫ਼ਾਸ਼ੀਵਾਦੀ ਤੇ ਫ੍ਰਿਕਾ ਪ੍ਰਸਤ ਲੋਕ ਲੇਖਕ ਦੀ ਕਲਮ ਦੀ ਅਜਾਦੀ ਖੋਹਣ ਲਈ ਉਸ ਨੂੰ ਧਮਕੀਆਂ ਤੇ ਗਾਲਾਂ ਕੱਢ ਰਹੇ ਹਨ ਜਿਸ ਦੀਆਂ ਕੁਝ ਸਕਰੀਨ ਸ਼ਾਟ ਦੀਆਂ ਉਸ ਪਾਸ ਫੋਟੋ ਕਾਪੀਆਂ ਵੀ ਸਨ। ਇਹ ਪੁੱਛਣ ’ਤੇ ਕੀ ਉਨ੍ਹਾਂ ਸਕਰੀਨ ਸ਼ਾਟਾਂ ਵਿੱਚੋਂ ਤੁਸੀਂ ਗੁਰਸੇਵਕ ਸਿੰਘ ਵੱਲੋਂ ਕੱਢੀਆਂ ਗਾਲ਼ਾਂ ਜਾਂ ਧਮਕੀਆਂ ਦੀ ਫੋਟੋ ਕਾਪੀ ਸਬੂਤ ਵਜੋਂ ਵਿਖਾ ਸਕਦੇ ਹੋ ਤਾਂ ਉਨ੍ਹਾਂ ਕਿਹਾ ਕਿ ਇਹ ਕੇਵਲ ਅਤਰਜੀਤ ਨੇ ਦੂਰੋਂ ਵਿਖਾ ਕੇ ਦੱਸਿਆ ਸੀ ਸਬੂਤ ਵਜੋਂ ਇਹ ਉਨ੍ਹਾਂ ਪਾਸ ਮੌਜੂਦ ਹਨ ਜੋ ਮੈਮੋਰੰਡਮ ਨਾਲ ਵੀ ਲਾਈਆਂ ਗਈਆਂ ਹਨ ਪਰ ਅਸੀਂ ਖੁਦ ਨਹੀਂ ਪੜ੍ਹੀਆਂ; ਤੁਸੀਂ ਸਬੂਤ ਅਤਰਜੀਤ ਪਾਸੋਂ ਵੇਖ ਸਕਦੇ ਹੋ। ਸਵਾਲ ਕੀਤਾ ਕਿ ਜੇ ਤੁਸੀਂ, ਨਾ ਨਾਵਲ ਪੜ੍ਹਿਆ ਹੈ, ਨਾ ਰੀਵਿਊ ਪੜ੍ਹਿਆ ਹੈ, ਨਾ ਗੁਰਸੇਵਕ ਸਿੰਘ ਵੱਲੋਂ ਕੱਢੀਆਂ ਗਾਲਾਂ ਅਤੇ ਦਿੱਤੀਆਂ ਧਮਕੀਆਂ ਦਾ ਸਬੂਤ ਤੁਸੀਂ ਆਪਣੇ ਅੱਖੀਂ ਵੇਖਿਆ ਹੈ ਪਰ ਕੇਵਲ ਅਤਰਜੀਤ ਦੇ ਕਹੇ ਨੂੰ ਸੱਚ ਮੰਨ ਲਿਆ ਹੈ। ਕੀ ਐਸਾ ਨਹੀਂ ਹੋ ਸਕਦਾ ਕਿ ਤੁਹਾਡੇ ਵਾਂਗ ਹੀ ਬਲਦੇਵ ਸੜਕਨਾਮੇ ਨੇ ਵੀ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੇ ਵਿਰੋਧੀਆਂ ਵੱਲੋਂ ਕਿਸੇ ਮਕਸਿਦ ਅਧੀਨ ਫੈਲਾਈਆਂ ਗਈਆਂ ਝੂਠੀਆਂ ਅਫਵਾਹਾਂ ਨੂੰ ਸੱਚ ਮੰਨ ਕੇ ਇਤਿਹਾਸ ਦੇ ਤੌਰ ’ਤੇ ਪੇਸ਼ ਕਰ ਦਿੱਤਾ ਹੋਵੇ ਜਿਸ ਦਾ ਇਤਿਹਾਸਕ ਹਵਾਲਾ ਡੇਢ ਮਹੀਨੇ ਤੋਂ ਲਗਾਤਾਰ ਪੁੱਛੇ ਜਾਣ ਤੋਂ ਵਾਅਦ ਵੀ ਨਹੀਂ ਦੇ ਸਕਿਆ, ਪਰ ਹੈਰਾਨੀ ਹੈ ਤੁਹਾਡੇ ਸਾਹਿਤਕਾਰਾਂ ਤੇ ਇਨਸਾਫ ਪਸੰਦ ਜਥੇਬੰਦੀਆਂ ਦੇ ਜਿਹੜੇ ਕਲਮ ਦੀ ਅਜਾਦੀ ਦਾ ਢੰਡੋਰਾ ਪਿਟਦੇ ਹੋਏ ਝੂਠੇ ਬੰਦੇ ਦਾ ਸਾਥ ਦੇਣ ਲਈ ਕੇਵਲ ਸਵਾਲ ਕਰਤਾਵਾਂ ਦੀ ਕਲਮ ਦੀ ਅਜਾਦੀ ਖੋਹਣ ਲਈ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਲੈ ਕੇ ਡੀ ਸੀ ਦੇ ਦਰਬਾਰ ਵਿੱਚ ਪਹੁੰਚ ਗਏ। ਕੇਵਲ ਤਿੰਨ ਵਿਅਕਤੀਆਂ ਨੂੰ ਛੱਡ ਕੇ ਬਾਕੀਆਂ ਨੇ ਕਿਹਾ ਜੀ, ਉਹ ਤਾਂ ਜਥੇਬੰਦੀ ਨਾਲ ਖੜ੍ਹੇ ਹਨ ਤੁਸੀਂ ਅਤਰਜੀਤ ਨੂੰ ਮਿਲੋ ਉਹ ਤੁਹਾਨੂੰ ਸਬੂਤ ਵੀ ਵਿਖਾ ਦੇਣਗੇ ਤੇ ਸੰਵਾਦ ਰਚਾਉਣ ਲਈ ਤਿਆਰ ਹਨ ਇਸ ਲਈ ਤੁਸੀਂ ਉਨਹਾਂ ਨਾਲ ਸੰਵਾਦ ਰਚਾਓ, ਮਸਲਾ ਹੱਲ ਹੋ ਜਾਵੇਗਾ। ਸਾਡਾ ਤਾਂ ਸਿਰਫ ਇਹੋ ਭਾਵ ਹੈ ਕਿ ਬੋਲਣ ਲਿਖਣ ਦੀ ਹਰ ਇੱਕ ਨੂੰ ਅਜਾਦੀ ਹੈ ਪਰ ਗਾਲਾਂ ਕੱਢਣ ਤੇ ਧਮਕੀਆ ਦੇਣੀਆਂ ਲੇਖਕਾਂ ਦੇ ਜਮਹੂਰੀ ਹੱਕਾਂ ’ਤੇ ਡਾਕਾ ਹੈ। ਕਿਸੇ ਨੂੰ ਵੀ ਇਸ ਹੱਕ ’ਤੇ ਡਾਕਾ ਮਾਰਨ ਦੀ ਖੁੱਲ੍ਹ ਨਹੀਂ ਹੋਣੀ ਚਾਹੀਦੀ। ਹਾਂ ਤਿੰਨ ਵਿਅਕਤੀਆਂ ਨੇ ਜਰੂਰ ਕਿਹਾ ਕਿ ਉਹ ਸਾਰੇ ਕੇਸ ਦੀ ਸਟੱਡੀ ਕਰਕੇ ਇਸ ਮਸਲੇ ’ਤੇ ਮੁੜ ਵੀਚਾਰ ਕਰਨਗੇ।
4. ਆਖਰੀ ਸਵਾਲ ਪੁੱਛੇ ਗਏ :
(i ) ਕੀ ਸਵਾਲ ਕਰਨੇ ਅਤੇ ਉਨ੍ਹਾਂ ਦੇ ਉੱਤਰ ਦੇਣੇ ਸੰਵਾਦ ਦਾ ਹਿੱਸਾ ਨਹੀਂ ? ਉੱਤਰ ਦੇਣ ਤੋਂ ਕੌਣ ਭੱਜ ਰਿਹਾ ਹੈ ?
(ii ) ਕੀ ਤੁਸੀਂ ਸਾਹਿਤਕਾਰ ਦੀ ਕਲਮ ਦੀ ਅਜਾਦੀ ਦਾ ਢੰਡੋਰਾ ਪਿੱਟਣ ਵਾਲੇ ਉਨ੍ਹਾਂ ਦੇ ਪਾਠਕਾਂ ਦੀ ਕਲਮ ਦੀ ਅਜਾਦੀ ਖੋਹਣ ਲਈ ਕਮਰਕਸੇ ਨਹੀਂ ਕਰੀ ਫਿਰਦੇ ?
(iii ) ਸਾਹਿਤਕਾਰ ਵੱਲੋਂ ਲਗਾਤਾਰ ਡੇਢ ਮਹੀਨੇ ਤੋਂ ਜਵਾਬ ਦੇਣ ਤੋਂ ਵੱਟੀ ਘੇਸਲ ਨੂੰ ਵੇਖ ਕੇ ਜੇ ਕਿਸੇ ਜਜ਼ਬਾਤੀ ਨੇ ਗੁਰਸੇਵਕ ਸਿੰਘ ਵੱਲੋਂ ਪਾਈ ਪੋਸਟ ’ਤੇ ਕੁਮੈਂਟ ਕਰਦੇ ਸਮੇਂ ਕੋਈ ਗਾਲ ਕੱਢ ਵੀ ਦਿੱਤੀ ਤਾਂ ਇਸ ਲਈ ਗੁਰਸੇਵਕ ਸਿੰਘ ਜਿੰਮੇਵਾਰ ਕਿਵੇਂ ਹੋਇਆ ? ਨਾਲੇ ਉਨ੍ਹਾਂ ਨੇ ਕਿਹੜਾ ਕਿਸੇ ਤਲਵਾਰ, ਏ ਕੇ 47 ਜਾਂ ਤੋਪਾਂ ਵਾਲੇ ਟੈਂਕ ਦੀ ਵਰਤੋਂ ਕੀਤੀ ਹੈ; ਵਰਤੀ ਤਾਂ ਉਨ੍ਹਾਂ ਨੇ ਵੀ ਕਲਮ ਹੀ ਨਾਂ ! ਕੀ ਇਸ ਕਲਮ ਦੀ ਅਜਾਦੀ ਖੋਹਣਾ ਜਮਹੂਰੀ ਹੱਕਾਂ ’ਤੇ ਡਾਕਾ ਮਾਰਨਾ ਨਹੀਂ ਹੈ ?
(iv) ਬਿਨਾਂ ਕਿਸੇ ਸਬੂਤ ਤੋਂ ਕਿਸੇ ਨੂੰ ਨੌਕਰ ਦਾ ਨਜ਼ਾਇਜ਼ ਪੁੱਤਰ ਲਿਖ ਦੇਣਾ ਕੀ ਇਹ ਗਾਲ਼ ਨਹੀਂ ਹੈ ? ਜੇ ਨਹੀਂ ਯਕੀਨ ਤਾਂ ਤੁਹਾਨੂੰ ਕਹਿ ਕੇ ਵੇਖ ਲੈਂਦੇ ਹਾਂ ?
ਇਨ੍ਹਾਂ ਕਿਸੇ ਵੀ ਸਵਾਲ ਦਾ ਉਨ੍ਹਾਂ ਪਾਸ ਕੋਈ ਜਵਾਬ ਨਹੀਂ ਸੀ ਕੇਵਲ ਇੱਕ ਰੱਟ ਲਾਈ ਸੀ ਕਿ ਗਾਲ਼ਾਂ ਕੱਢਣੀਆਂ ਗਲਤ ਹਨ ਬੈਠ ਕੇ ਸੰਵਾਦ ਰਚਾਉਣਾ ਚਾਹੀਦਾ ਹੈ । ਜ਼ਾਹਰ ਹੈ ਕਿ ਇਹ ਲੋਕ ਕਲਮ ਦੀ ਅਜਾਦੀ ਅਤੇ ਸੰਵਾਦ ਦੇ ਅਰਥ ਹੀ ਭੁੱਲ ਚੁੱਕੇ ਹਨ।
ਉਕਤ ਸਾਰੀ ਵਾਰਤਾ ਵਿੱਚੋਂ ਇਹੀ ਸਮਝ ਆਈ ਕਿ ਅਤਰਜੀਤ ਤੇ ਉਸ ਦੇ ਇੱਕ ਦੋ ਹੋਰ ਸਾਥੀ ਜਿਨ੍ਹਾਂ ਦੇ ਫ਼ੋਨ ਨੰ: ਮੇਰੇ ਪਾਸ ਨਾ ਹੋਣ ਕਰਕੇ ਉਨ੍ਹਾਂ ਨਾਲ ਮੇਰਾ ਸੰਪਰਕ ਨਾ ਹੋ ਸਕਿਆ ਹੋਵੇ; ਹੀ ਸਾਰੀ ਖੇਡ੍ਹ ਦੇ ਸੂਤਰਧਾਰ ਹਨ ਅਤੇ ਬਾਕੀ ਪਤਾ ਨਹੀਂ ਕਿਸ ਮਜਬੂਰੀ ਵਿੱਚ ਉਸ ਦੇ ਵਾੜੇ ਦੀਆਂ ਭੇਡਾਂ ਵਾਲਾ ਰੋਲ ਨਿਭਾ ਰਹੇ ਹਨ। ਅਤਰਜੀਤ ਨਾਲ ਸੰਵਾਦ ਰਚਾਉਣ ਦਾ ਕੋਈ ਅਰਥ ਹੀਂ ਨਹੀਂ ਹੈ ਕਿਉਂਕਿ ਸੰਵਾਦ ਕੇਵਲ ਨਾਵਲ ਦੇ ਲੇਖਕ ਨਾਲ ਹੀ ਹੋ ਸਕਦਾ ਹੈ ਜਿਸ ਤੋਂ ਸੜਕਨਾਮਾ ਪਿਛਲੇ ਡੇਢ ਮਹੀਨੇ ਤੋਂ ਭੱਜਿਆ ਹੋਇਆ ਹੈ ਅਤੇ ਹੁਣ ਕੋਈ ਲੋੜ ਵੀ ਨਹੀਂ ਰਹੀ ਕਿਉਂਕਿ ਉਸ ਦੇ ਝੂਠ ਦਾ ਪਰਦਾ ਫ਼ਾਸ਼ ਹੋ ਚੁੱਕਾ ਹੈ ਤੇ ਉਸ ਨੂੰ ਕਾਨੂੰਨੀ ਨੋਟਿਸ ਜਾ ਚੁੱਕਾ ਹੈ; ਜਿਸ ਦਾ ਜਵਾਬ ਆਪੇ ਉਹ ਅਦਾਲਤ ਵਿੱਚ ਦੇਵੇਗਾ ਜਿੱਥੇ ਉਸ ਨੂੰ ਕਰਾਸ ਅਗਜ਼ਾਮਨ ਕੀਤਾ ਜਾਵੇਗਾ। ਅਤਰਜੀਤ ਦਾ ਫ਼ੋਨ ਨੰ: ਭਾਵੇਂ ਮੈਨੂੰ ਮਿਲ ਗਿਆ ਸੀ ਪਰ ਉਹ ਪਹਿਲਾਂ ਹੀ ਸੁਰਜੀਤ ਗੱਗ ਦੀ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਵਰਤੀ ਅਤਿ ਘਟੀਆ ਕਾਰਵਾਈ ਦਾ ਸਮਰਥਨ ਕਰਕੇ ਅਤੇ ਹੁਣ ਸੜਕਨਾਮੇ ਦੇ ਕੇਸ ਵਿੱਚ ਨਿਭਾਏ ਰੋਲ ਰਾਹੀਂ ਆਪਣਾ ਅਸਲੀ ਚਿਹਰਾ ਵਿਖਾ ਚੁੱਕਾ ਹੈ ਇਸ ਲਈ ਉਸ ਨਾਲ ਗੱਲ ਕਰਨ ਦੀ ਕੋਈ ਤੁਕ ਨਹੀਂ ਸਮਝੀ।
ਬਾਕੀ ਪਾਠਕ ਆਪ ਹੀ ਸਿਆਣੇ ਹਨ ਉਹ ਅਗਲਾ ਫੈਸਲਾ ਆਪ ਕਰ ਸਕਦੇ ਹਨ ਪਰ ਇੱਕ ਸਲਾਹ ਜਰੂਰ ਹੈ ਕਿ ਕਿਸੇ ਏਜੰਸੀ ਲਈ ਕੰਮ ਕਰ ਰਹੇ ਐਸੇ ਟੁੱਕੜਬੋਚ ਸਾਹਿਤਕਾਰਾਂ ਦੀਆਂ ਚਾਲਾਂ ਤੋਂ ਬਚਣ ਲਈ ਜਜ਼ਬਾਤਾਂ ’ਤੇ ਕੰਟਰੋਲ ਰੱਖੋ, ਗਾਲ਼ੀ-ਗਲੋਚ ਤੇ ਧਮਕੀਆਂ ਦੇਣ ਤੋਂ ਪੂਰੀ ਤਰ੍ਹਾਂ ਸੰਕੋਚ ਕਰੋ, ਕਲਮ ਦਾ ਟਾਕਰਾ ਕਲਮ ਨਾਲ ਕਰਨ ਦੀ ਜਾਚ ਸਿੱਖੋ ਜਿਹੜੀ ਕਿ ਕੇਵਲ ਗੁਰੂ ਅੱਗੇ ਅਰਦਾਸ ਅਤੇ ਵੱਧ ਤੋਂ ਵੱਧ ਗੁਰਬਾਣੀ ਅਤੇ ਆਪਣਾ ਇਤਿਹਾਸ ਪੜ੍ਹ, ਵੀਚਾਰ ਕੇ ਇਸ ਤੋਂ ਸੇਧ ਲੈ ਕੇ ਵਿਰੋਧੀਆਂ ਵੱਲੋਂ ਲਿਖੀ ਹਰ ਪੁਸਤਕ ’ਤੇ ਗੰਭੀਰਤਾ ਨਾਲ ਕਰੜੀ ਨਜ਼ਰ ਰੱਖਣ ਨਾਲ ਹੀ ਸੰਭਵ ਹੋ ਸਕਦੀ ਹੈ।