ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ

0
242

ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਸਵਾਲ-1 : ਮਾਸਕ ਕਿਹੜਾ ਠੀਕ ਹੈ ?

ਜਵਾਬ : ਸੂਤੀ ਕੱਪੜੇ ਦਾ ਮਾਸਕ ਆਮ ਲੋਕਾਂ ਲਈ ਵਧੀਆ ਹੈ ਪਰ ਦੂਹਰੀ ਪਰਤ ਹੋਣੀ ਜ਼ਰੂਰੀ ਹੈ। ਆਮ ਹੀ ਚੁੰਨੀ ਜਾਂ ਜਾਲੀਦਾਰ ਮਾਸਕ ਲਾ ਕੇ ਲੋਕਾਂ ਨੇ ਮਾਸਕ ਨੂੰ ਖ਼ੂਬਸੂਰਤੀ ਦਾ ਚਿੰਨ੍ਹ ਬਣਾ ਲਿਆ ਹੈ। ਕੁੱਝ ਲੋਕ ਠੋਡੀ ਹੇਠਾਂ ਜਾਂ ਨੱਕ ਨੂੰ ਬਾਹਰ ਰੱਖ ਕੇ ਮਾਸਕ ਪਾ ਕੇ ਫਿਰਦੇ ਹਨ। ਕੁੱਝ ਐਨ-95 ਮਾਸਕ ਘਰਾਂ ਅੰਦਰ ਹੀ ਲਾਈ ਫਿਰਦੇ ਹਨ। ਇਹ ਸਾਰੇ ਹੀ ਰੁਝਾਨ ਗ਼ਲਤ ਹਨ। ਮਾਸਕ ਦਾ ਕੰਮ ਹੈ ਵਾਇਰਸ ਨੂੰ ਫੈਲਣ ਤੋਂ ਰੋਕਣਾ। ਇਕਹਰੀ ਪਰਤ ਵਾਇਰਸ ਨੂੰ ਫੈਲਣ ਤੋਂ ਰੋਕਣ ਤੋਂ ਅਸਮਰਥ ਹੈ ਕਿਉਂਕਿ ਉਸ ਰਾਹੀਂ ਵਾਇਰਸ ਆਰਾਮ ਨਾਲ ਆਰ-ਪਾਰ ਲੰਘ ਸਕਦੀ ਹੈ।

ਕੱਪੜੇ ਨੂੰ ਰੌਸ਼ਨੀ ਵੱਲ ਕਰਕੇ ਵੇਖ ਲਵੋ। ਜੇ ਵਿੱਚੋਂ ਆਰ-ਪਾਰ ਦਿੱਸ ਰਿਹਾ ਹੈ ਤਾਂ ਦੂਹਰਾ ਕਰਨ ਦੀ ਲੋੜ ਹੈ। ਜੇ ਦੂਹਰੇ ਵਿੱਚੋਂ ਵੀ ਸਾਫ਼ ਦਿੱਸ ਰਿਹਾ ਹੈ ਤਾਂ ਕੱਪੜਾ ਬਦਲ ਕੇ ਮੋਟਾ ਲੈ ਲੈਣਾ ਚਾਹੀਦਾ ਹੈ। ਇੱਕ ਮਾਈਕਰੋਮੀਟਰ ਤੋਂ ਵੀ ਬਰੀਕ ਵਾਇਰਸ ਤਾਂ ਮੋਟੇ ਮਾਸਕ ਦੇ ਪਾਸਿਆਂ ਵੱਲ ਬਚੀ ਵਿਰਲ ਰਾਹੀਂ ਵੀ ਸੌਖਿਆਂ ਅੰਦਰ ਲੰਘ ਸਕਦੀ ਹੈ। ਸੋ ਮਾਸਕ ਦਾ ਗੱਲ਼ਾਂ ਨਾਲ ਪੂਰੀ ਤਰ੍ਹਾਂ ਜੁੜੇ ਹੋਣਾ ਜ਼ਰੂਰੀ ਹੈ।

ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਮਾਸਕ ਰਾਹੀਂ ਸੌਖਿਆਂ ਸਾਹ ਆਉਂਦਾ ਰਹੇ। ਇਸੇ ਲਈ ਆਮ ਲੋਕਾਂ ਵਾਸਤੇ ਕੌਟਨ ਦੇ ਕੱਪੜੇ ਦਾ ਦੂਹਰਾ ਮਾਸਕ ਬਹੁਤ ਵਧੀਆ ਰਹਿੰਦਾ ਹੈ।

ਸਵਾਲ-2 :  ਕੀ ਜ਼ਿੰਕ ਖਾਣ ਦੀ ਲੋੜ ਹੈ ?

ਜਵਾਬ : ਜ਼ਿੰਕ ਮਿਨਰਲ ਸੈੱਲਾਂ ਨੂੰ ਬੈਕਟੀਰੀਆ ਅਤੇ ਵਾਇਰਸ ਕੀਟਾਣੂਆਂ ਨਾਲ ਲੜਨ ਦੀ ਤਾਕਤ ਬਖ਼ਸ਼ਦਾ ਹੈ। ਇਹ ਸੈੱਲਾਂ ਦੇ ਜੈਨੇਟਿਕ ਤੱਤ ਡੀ. ਐਨ. ਏ. ਨੂੰ ਬਣਾਉਣ ਵਿੱਚ ਮਦਦ ਕਰਦਾ ਹੈ, ਜ਼ਖ਼ਮ ਭਰਨ ਵਿੱਚ ਮਦਦ ਕਰਦਾ ਹੈ, ਸੁੰਘਣ ਅਤੇ ਸੁਆਦ ਦੱਸਣ ਵਾਲੇ ਸੈੱਲਾਂ ਨੂੰ ਰਵਾਂ ਕਰਦਾ ਹੈ ਅਤੇ ਬੱਚਿਆ ਦੇ ਵੱਧਣ ਫੁੱਲਣ ਵਿੱਚ ਵੀ ਸਹਾਇਤਾ ਕਰਦਾ ਹੈ।

ਇੱਕ ਜਵਾਨ ਬੰਦੇ ਨੂੰ 11 ਮਿਲੀਗ੍ਰਾਮ ਜ਼ਿੰਕ ਰੋਜ਼ਾਨਾ ਚਾਹੀਦਾ ਹੁੰਦਾ ਹੈ ਅਤੇ ਔਰਤ ਨੂੰ 8 ਮਿਲੀਗ੍ਰਾਮ, ਗਰਭਵਤੀ ਔਰਤ ਨੂੰ 12 ਮਿਲੀਗ੍ਰਾਮ ਅਤੇ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਦੋ ਤੋਂ 11 ਮਿਲੀਗ੍ਰਾਮ।

ਆਮ ਤੌਰ ਉੱਤੇ ਰੋਜ਼ ਦੀ ਖ਼ੁਰਾਕ ਰਾਹੀਂ ਲੋੜੀਦਾ ਜ਼ਿੰਕ ਸਰੀਰ ਅੰਦਰ ਪਹੁੰਚ ਜਾਂਦਾ ਹੈ ਪਰ ਜੇ ਕਿਸੇ ਦਾ ਢਿੱਡ ਜਾਂ ਅੰਤੜੀਆਂ ਦਾ ਅਪਰੇਸ਼ਨ ਹੋਇਆ ਹੋਵੇ, ਵਾਧੂ ਸ਼ਰਾਬ ਪੀਤੀ ਜਾ ਰਹੀ ਹੋਵੇ, ਅੰਤੜੀਆਂ ’ਚ ਸੋਜਿਸ਼ ਹੋਵੇ, ਕਰੋਹਨ ਬੀਮਾਰੀ ਹੋਵੇ ਜਾਂ ਸ਼ੁੱਧ ਸ਼ਾਕਾਹਾਰੀ ਭੋਜਨ ਲੈ ਰਿਹਾ ਹੋਵੇ ਤਾਂ ਜ਼ਿੰਕ ਦੀ ਕਮੀ ਹੋ ਸਕਦੀ ਹੈ।

ਜ਼ਿੰਕ ਦੀ ਕਮੀ ਸਦਕਾ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਟੱਟੀਆਂ ਲੱਗ ਸਕਦੀਆਂ ਹਨ। ਚਮੜੀ ਖੁਰਦਰੀ ਹੋ ਜਾਂਦੀ ਹੈ। ਭੁੱਖ ਮਰ ਜਾਂਦੀ ਹੈ ਤੇ ਵੀਰਜ ਵਿਚਲੇ ਸ਼ਕਰਾਣੂਆਂ ਉੱਤੇ ਵੀ ਅਸਰ ਪੈਂਦਾ ਹੈ।

ਚਮੜੀ ਨੂੰ ਵਾਇਰਸ ਤੇ ਬੈਕਟੀਰੀਆ ਕੀਟਾਣੂਆਂ ਤੋਂ ਬਚਾਉਣ ਵਿੱਚ ਜ਼ਿੰਕ ਮਦਦ ਕਰਦਾ ਹੈ ਤੇ ਕਿੱਲ ਮੁਹਾਂਸਿਆਂ ਤੋਂ ਵੀ ਬਚਾਉਂਦਾ ਹੈ। ਜ਼ੁਕਾਮ ਛੇਤੀ ਠੀਕ ਕਰਨ ਵਿੱਚ ਵੀ ਜ਼ਿੰਕ ਮਦਦ ਕਰਦਾ ਹੈ। ਅੱਖਾਂ ਵਿਚਲੇ ਪਰਦੇ ਨੂੰ ਸਹੀ ਰੱਖਣ ਵਿੱਚ ਵੀ ਜ਼ਿੰਕ ਦਾ ਰੋਲ ਲੱਭਿਆ ਗਿਆ ਹੈ।

ਜ਼ਿੰਕ ਲਾਲ ਮੀਟ, ਚਿਕਨ, ਫਲੀਆਂ, ਕੱਦੂ ਦੇ ਬੀਜ, ਕਾਜੂ, ਬਦਾਮ, ਛਾਣਬੂਰੇ ਵਾਲਾ ਆਟਾ, ਦੁੱਧ, ਪਨੀਰ, ਸ਼ੈੱਲ ਮੱਛੀ, ਦਾਲ਼ਾਂ, ਅੰਡੇ, ਮੋਤੀ ਵਾਲੀ ਸੀਪ ਆਦਿ ਵਿੱਚ ਹੁੰਦਾ ਹੈ। ਸੀਪ ਵਿੱਚ 74 ਮਿਲੀਗ੍ਰਾਮ ਜ਼ਿੰਕ ਹੁੰਦਾ ਹੈ। ਜੇ ਲੋੜੋਂ ਵੱਧ ਜ਼ਿੰਕ ਖਾ ਲਿਆ ਜਾਵੇ (40 ਮਿਲੀਗ੍ਰਾਮ ਤੋਂ ਵੱਧ) ਤਾਂ ਢਿੱਡ ਵਿੱਚ ਕੜਵੱਲ, ਸਿਰ ਪੀੜ, ਦਿਲ ਕੱਚਾ ਹੋਣਾ, ਇਮਿਊਨ ਸਿਸਟਮ ਦਾ ਘੱਟ ਕੰਮ ਕਰਨਾ ਆਦਿ ਹੋ ਸਕਦਾ ਹੈ।

ਸਵਾਲ-3 :- ਹਲਦੀ ਕਿੰਨੀ ਅਸਰਦਾਰ ਹੈ ?

ਜਵਾਬ : ਲੋੜੋਂ ਵੱਧ ਹਲਦੀ ਦੇ ਮਾੜੇ ਅਸਰ ਹੁੰਦੇ ਹਨ। ਇਸੇ ਲਈ ਫ਼ਾਇਦਿਆਂ ਤੋਂ ਪਹਿਲਾਂ ਇਸ ਦੇ ਮਾੜੇ ਅਸਰਾਂ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ। ਭਾਵੇਂ ਸਦੀਆਂ ਤੋਂ ਜ਼ਖ਼ਮ ਭਰਨ ਅਤੇ ਖੰਘ ਜ਼ੁਕਾਮ ਲਈ ਹਲਦੀ ਅਸਰਦਾਰ ਸਾਬਤ ਹੋ ਚੁੱਕੀ ਹੈ ਪਰ ਇਸ ਵਿੱਚ ਦੋ ਫੀਸਦੀ ਓਗਜ਼ਾਲੇਟ ਹੁੰਦੇ ਹਨ ਜੋ ਲੋੜੋਂ ਵੱਧ ਮਾਤਰਾ ਵਿੱਚ ਲੈਣ ਨਾਲ ਗੁਰਦੇ ਦੀਆਂ ਪਥਰੀਆਂ ਬਣਨ ਵਿੱਚ ਮਦਦ ਕਰ ਦਿੰਦੇ ਹਨ। ਅੱਜ ਕੱਲ੍ਹ ਪੀਸੀ ਹੋਈ ਹਲਦੀ ਵਿੱਚ ਕਸਾਵਾ ਮਾਇਆ, ਬਾਜਰਾ, ਆਟਾ ਜਾਂ ਰਾਈ ਵੀ ਮਿਲਾ ਦਿੱਤੇ ਜਾਂਦੇ ਹਨ ਜੋ ਸੀਲੀਅਕ ਬੀਮਾਰੀ ਜਾਂ ਕਣਕ ਤੋਂ ਹੋ ਰਹੀ ਐਲਰਜੀ ਵਾਲਿਆਂ ਲਈ ਹਾਣੀਕਾਰਕ ਸਾਬਤ ਹੋ ਸਕਦਾ ਹਨ।

ਕੁੱਝ ਕਿਸਮ ਦੇ ਰੰਗ ਵੀ ਹਲਦੀ ਵਿੱਚ ਮਿਲਾਏ ਜਾਂਦੇ ਹਨ, ਜਿਵੇਂ ‘ਏਸਿਡ ਪੀਲਾ 36’ ਜਾਂ ਮੈਟਾਨਿਲ ਪੀਲਾ। ਇਸ ਦੀ ਵਰਤੋਂ ਅਮਰੀਕਾ ਤੇ ਯੂਰਪ ’ਚ ਪੂਰਨ ਰੂਪ ਵਿੱਚ ਬੰਦ ਕੀਤੀ ਗਈ ਹੈ ਕਿਉਂਕਿ ਇਹ ਕੈਂਸਰ ਕਰਦਾ ਹੈ ਅਤੇ ਦਿਮਾਗ਼ ਦੀਆਂ ਨਸਾਂ ਉੱਤੇ ਮਾੜਾ ਅਸਰ ਛੱਡਦਾ ਹੈ। ਕੁੱਝ ਹਲਦੀ ਪਾਊਡਰਾਂ ਵਿੱਚ ਸਿੱਕਾ ਮਿਲਾਇਆ ਹੁੰਦਾ ਹੈ, ਜੋ ਦਿਮਾਗ਼ ਦਾ ਬੇੜਾ ਗਰਕ ਕਰ ਦਿੰਦਾ ਹੈ। ਜ਼ਿਆਦਾ ਹਲਦੀ ਖਾਣ ਨਾਲ ਢਿੱਡ ਅੰਦਰ ਅਫਾਰਾ, ਤੇਜ਼ਾਬ ਬਣਨਾ ਜਾਂ ਟੱਟੀਆਂ ਲੱਗਦੀਆਂ ਵੇਖੀਆਂ ਗਈਆਂ ਹਨ। ਅਜਿਹਾ 1000 ਮਿਲੀਗ੍ਰਾਮ (1 ਗਰਾਮ) ਹਲਦੀ ਖਾਣ ਨਾਲ ਹੁੰਦਾ ਹੈ। ਕੁੱਝ ਜਣਿਆਂ ਨੂੰ 450 ਮਿਲੀਗ੍ਰਾਮ ਹਲਦੀ ਖਾਣ ਨਾਲ ਹੀ ਸਿਰ ਪੀੜ ਤੇ ਜੀਅ ਕੱਚਾ ਹੋਣ ਲੱਗ ਪੈਂਦਾ ਹੈ। ਕੁੱਝ ਲੋਕਾਂ ਵਿੱਚ ਚਮੜੀ ਉੱਤੇ ਦਾਣੇ ਨਿਕਲੇ ਵੀ ਵੇਖੇ ਗਏ ਹਨ ਖ਼ਾਸ ਕਰ ਜਿਹੜੇ ਕੱਚੀ ਹਲਦੀ ਭਾਰੀ ਮਾਤਰਾ ਵਿੱਚ ਰੋਜ਼ ਖਾਂਦੇ ਰਹਿਣ।

ਚੂਹਿਆਂ ਵਿੱਚ 2600 ਮਿਲੀਗ੍ਰਾਮ (ਪ੍ਰਤੀ ਕਿੱਲੋ ਚੂਹੇ ਦੇ ਭਾਰ ਮੁਤਾਬਕ) ਖਾਣ ਨਾਲ ਜਾਨ ਨੂੰ ਖ਼ਤਰਾ ਵੀ ਹੋਇਆ ਹੈ ਕਿਉਂਕਿ ਜਿਗਰ ਦਾ ਵਧ ਜਾਣਾ, ਢਿੱਡ ਵਿੱਚ ਅਲਸਰ, ਅੰਤੜੀਆਂ ਤੇ ਜਿਗਰ ਦੇ ਕੈਂਸਰ ਵਰਗੀਆਂ ਬੀਮਾਰੀਆਂ ਚੂਹਿਆਂ ਨੂੰ ਹੋ ਗਈਆਂ ਹਨ।

ਇਸੇ ਲਈ ਥੋੜ੍ਹੇ ਦਿਨਾਂ ਲਈ ਹਲਦੀ ਵੱਧ ਖਾਣੀ ਤਾਂ ਮਨੁੱਖੀ ਸਰੀਰ ਜਰ ਸਕਦਾ ਹੈ। ਘੱਟ ਮਾਤਰਾ ਵਿੱਚ ਸਬਜ਼ੀ ਦਾਲ ਵਿੱਚ ਰੋਜ਼ ਖਾਂਦੇ ਰਹਿਣ ਨਾਲ ਕੋਈ ਨੁਕਸਾਨ ਹੁੰਦਾ ਨਹੀਂ ਦਿੱਸਿਆ। ਇਸ ਦਾ ਮਤਲਬ ਹੈ ਤਿੰਨ ਮਿਲੀਗ੍ਰਾਮ ਪ੍ਰਤੀ ਕਿੱਲੋ ਤੋਂ ਵੱਧ ਖਾਣੀ ਨੁਕਸਾਨਦੇਹ ਹੋ ਸਕਦੀ ਹੈ।

ਹਲਦੀ ਵਿਚਲਾ ਸਿਰਫ਼ ਤਿੰਨ ਫੀਸਦੀ ਹਿੱਸਾ ਕੁਰਕੁਮਿਨ ਹੁੰਦਾ ਹੈ ਜੋ ਸਾਰੇ ਫ਼ਾਇਦੇ ਦਿੰਦਾ ਹੈ-ਸੋਜਿਸ਼ ਘਟਾਉਣੀ, ਐਂਟੀਆਕਸੀਡੈਂਟ ਅਸਰ, ਬਲੱਡ ਪੈ੍ਰੱਸ਼ਰ ਘਟਾਉਣਾ, ਕੈਂਸਰ, ਐਲਜ਼ੀਮਰ ਆਦਿ। ਕੁਰਕੁਮਿਨ ਦੇ ਅਸਰ ਲੈਣ ਵਾਸਤੇ ਇਹ ਇੱਕ ਗ੍ਰਾਮ ਤੋਂ ਵੱਧ ਖਾਣੀ ਪੈਂਦੀ ਹੈ ਜੋ ਨਾਰਮਲ ਤਰੀਕੇ ਖਾਣੀ ਅਸੰਭਵ ਹੈ। ਕੁਰਕੁਮਿਨ ਸਾਡੀਆਂ ਅੰਤੜੀਆਂ ਰਾਹੀਂ ਪੂਰੀ ਹਜ਼ਮ ਨਹੀਂ ਹੁੰਦੀ। ਜੇ ਇਸ ਨਾਲ ਕਾਲੀ ਮਿਰਚ ਅਤੇ ਘਿਓ ਲਏ ਜਾਣ ਤਾਂ ਹੀ ਅੰਤੜੀਆਂ ਰਾਹੀਂ ਹਜ਼ਮ ਹੁੰਦੀ ਹੈ।

ਦੋ ਕੱਪ ਪਾਣੀ ਵਿੱਚ 1 ਚਮਚ ਹਲਦੀ ਤੇ ਅੱਧਾ ਚਮਚ ਕਾਲੀ ਮਿਰਚ ਪਾ ਕੇ 10 ਮਿੰਟ ਹਲਕੀ ਅੱਗ ਉੱਤੇ ਉਬਾਲ ਕੇ ਉਸ ਵਿੱਚ ਨਿੰਬੂ ਤੇ ਸ਼ਹਿਦ ਪਾ ਕੇ ਪੀਤਾ ਜਾ ਸਕਦਾ ਹੈ।

ਕੱਚੀ ਹਲਦੀ ਨੂੰ ਪੀਹ ਕੇ ਵੀ ਖਾਧਾ ਜਾ ਰਿਹਾ ਹੈ। ਪੀਸੀ ਹੋਈ ਹਲਦੀ ਪਾਊਡਰ ਦੇ ਇੱਕ ਵੱਡੇ ਚਮਚ ਵਿੱਚ 200 ਮਿਲੀਗ੍ਰਾਮ ਹਲਦੀ ਹੁੰਦੀ ਹੈ। ਇਸ ਦਾ ਮਤਲਬ ਹੈ ਉਸ ਵਿੱਚ ਸਿਰਫ਼ 6 ਫੀਸਦੀ ਕੁਰਕੁਮਿਨ ਹੈ। ਸੋਜਿਸ਼ ਘਟਾਉਣ ਲਈ 500 ਤੋਂ 1000 ਮਿਲੀਗ੍ਰਾਮ ਕੁਰਕੁਮਿਨ ਰੋਜ਼ ਖਾਣੀ ਪੈਂਦੀ ਹੈ। ਪੰਜ ਸੌ ਮਿਲੀਗ੍ਰਾਮ ਤੋਂ ਉੱਤੇ ਕੱਚੀ ਹਲਦੀ ਖਾਣ ਨਾਲ ਬਥੇਰਿਆਂ ਨੂੰ ਢਿੱਡ ਵਿੱਚ ਅਫਾਰਾ ਹੋਣ ਲੱਗ ਪੈਂਦਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕੁਰਕੁਮਿਨ ਹਲਦੀ ਵਿੱਚੋਂ ਉਦੋਂ ਹੀ ਨਿਕਲ ਕੇ ਵੱਧ ਅਸਰ ਵਿਖਾਉਂਦੀ ਹੈ ਜਦੋਂ ਇਸ ਨੂੰ ਸਬਜ਼ੀ ਜਾਂ ਦਾਲ਼ ਵਿੱਚ ਰਿੰਨ੍ਹ ਲਿਆ ਜਾਵੇ।

ਜੇ ਗੁਰਦੇ ਵਿੱਚ ਪੱਥਰੀ ਹੋਵੇ ਤਾਂ ਹਲਦੀ ਨੂੰ ਨਹੀਂ ਖਾਣਾ ਚਾਹੀਦਾ। ਜੋੜਾਂ ਦੇ ਦਰਦ ਦੇ ਮਰੀਜ਼ਾਂ ਵਿੱਚ 8 ਗ੍ਰਾਮ ਕੁਰਕੁਮਿਨ ਵੱਧੋ ਵੱਧ ਦੋ ਮਹੀਨਿਆਂ ਤੱਕ ਖੁਆਉਣ ਬਾਅਦ ਇਸ ਦੇ ਮਾੜੇ ਅਸਰ ਦਿਸਣੇ ਸ਼ੁਰੂ ਹੋ ਜਾਂਦੇ ਹਨ। ਇਸੇ ਲਈ ਥੋੜ੍ਹੀ ਮਾਤਰਾ ਵਿੱਚ ਰੋਜ਼ ਸਬਜ਼ੀਆਂ ਦਾਲਾਂ ਵਿੱਚ ਖਾਂਦੇ ਰਹਿਣਾ ਚਾਹੀਦਾ ਹੈ।

ਦੁੱਧ ਵਿੱਚ ਉਬਾਲ ਕੇ ਪੀਣ ਲਈ ਵੀ ਇੱਕ ਕੱਪ ਦੁੱਧ ਤੇ ਇੱਕ ਕੱਪ ਪਾਣੀ ਵਿੱਚ ਪੀਸੀ ਹਲਦੀ ਇੱਕ ਚਮਚ ਤੇ ਅੱਧਾ ਚਮਚ ਕਾਲੀ ਮਿਰਚ ਪਾ ਕੇ ਹਲਕੀ ਅੱਗ ਤੇ 20 ਮਿੰਟ ਉਬਾਲਣ ਬਾਅਦ ਹੀ ਫ਼ਾਇਦਾ ਲਿਆ ਜਾ ਸਕਦਾ ਹੈ। ਤੇਜ਼ ਅੱਗ ’ਤੇ ਉਬਾਲਣ ਨਾਲ ਕੁਰਕੁਮਿਨ ਖ਼ਤਮ ਹੋ ਜਾਂਦੀ ਹੈ।

ਕੈਪਸੂਲਾਂ ਰਾਹੀਂ 500 ਮਿਲੀਗ੍ਰਾਮ ਦੇ ਰੋਜ਼ ਚਾਰ ਕੈਪਸੂਲ ਖਾਣ ਲਈ ਕਿਹਾ ਜਾਂਦਾ ਹੈ, ਜਿਸ ਨਾਲ ਬਹੁਤਿਆਂ ਵਿੱਚ ਚੱਕਰ, ਘਬਰਾਹਟ, ਟੱਟੀਆਂ ਲੱਗਣੀਆਂ, ਦਿਲ ਕੱਚਾ ਹੋਣਾ ਵੇਖਣ ਵਿੱਚ ਆਇਆ ਹੈ। ਸੋ ਬਿਹਤਰ ਹੈ ਸਬਜ਼ੀ ਦਾਲ਼ ਵਿੱਚ ਪਕਾ ਕੇ ਹੀ ਲੈ ਲਈ ਜਾਵੇ। ਨਾ ਹੱਦੋਂ ਵੱਧ ਉਬਾਲਣੀ, ਰਿੰਨਣੀ ਤੇ ਨਾ ਹੀ ਉੱਕਾ ਕੱਚੀ ਖਾਣੀ।

ਸਵਾਲ-4 : ਸੈਨੇਟਾਈਜ਼ਰ ਨੁਕਸਾਨਦੇਹ ਤਾਂ ਨਹੀਂ ਹਨ  ?

ਜਵਾਬ : ਅਮਰੀਕਾ ਵਿੱਚ ਐਫ. ਡੀ. ਏ. ਨੇ ਵਾਰਨਿੰਗ ਜਾਰੀ ਕਰ ਦਿੱਤੀ ਹੈ ਕਿ ਬਹੁਤ ਸਾਰੇ ਸੈਨੇਟਾਈਜ਼ਰਾਂ ਵਿੱਚ ਮੀਥਾਨੋਲ ਪਾ ਕੇ ਉਸ ਨੂੰ 80 ਫੀਸਦੀ ਐਲਕੋਹਲ ਲਿਖ ਕੇ ਵੇਚਿਆ ਜਾ ਰਿਹਾ ਹੈ, ਜੋ ਹੱਥਾਂ ਨੂੰ ਤਕੜਾ ਨੁਕਸਾਨ ਕਰਨ ਦੇ ਨਾਲ ਦਿੱਲ ਕੱਚਾ ਹੋਣਾ, ਸਿਰ ਪੀੜ, ਨਜ਼ਰ ਧੁੰਧਲੀ ਹੋਣੀ, ਨਿਗਾਹ ਘਟਣੀ, ਦੌਰੇ ਪੈਣੇ, ਅੰਨੇ੍ਹ ਹੋਣਾ, ਦਿਮਾਗ਼ੀ ਨਸਾਂ ਦਾ ਨੁਕਸਾਨ ਆਦਿ ਕਰ ਸਕਦੇ ਹਨ। ਇਸੇ ਲਈ ਸਾਬਣ ਨਾਲ ਹੱਥ ਧੋਣੇ ਬਿਹਤਰ ਹਨ।

ਸਵਾਲ-5 :  ਦਿਨ ਵਿੱਚ ਕਿੰਨੀ ਵਾਰ ਫੱਟੇ, ਕੁਰਸੀਆਂ, ਮੇਜ਼ ਸਾਫ਼ ਕੀਤੇ ਜਾਣ ?

ਜਵਾਬ : ਰੋਜ਼ ਇੱਕ ਵਾਰ ਸਾਰੇ ਘਰ ਦੇ ਦਰਵਾਜ਼ੇ ਖਿੜਕੀਆਂ ਖੋਲ੍ਹ ਕੇ ਹਵਾ ਲੁਆ ਲੈਣੀ ਚਾਹੀਦੀ ਹੈ। ਝਾੜ ਪੂੰਝ, ਸਾਫ਼ ਸਫ਼ਾਈ ਰੋਜ਼ ਇੱਕ ਵਾਰ ਜ਼ਰੂਰ ਹੋਣੀ ਚਾਹੀਦੀ ਹੈ, ਖ਼ਾਸ ਕਰ ਬਾਹਰੋਂ ਆਉਣ ਲੱਗਿਆਂ ਹੈਂਡਲ, ਮੋਬਾਈਲ ਫ਼ੋਨ ਆਦਿ ਜ਼ਰੂਰ ਇੱਕ ਵਾਰ ਸਾਫ਼ ਕਰ ਲੈਣੇ ਚਾਹੀਦੇ ਹਨ।

ਸਵਾਲ-6 : ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕੀ ਧਿਆਨ ਰੱਖਿਆ ਜਾਵੇ ?

ਜਵਾਬ : ਹਸਪਤਾਲੋਂ ਛੁੱਟੀ ਹੋਣ ਤੋਂ ਬਾਅਦ ਬਹੁਤ ਸਾਰੇ ਮਰੀਜ਼ਾਂ ਨੂੰ ਸਰੀਰਕ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ। ਕਈਆਂ ਨੂੰ ਮਾਨਸਿਕ ਨਿਤਾਣਾਪਣ ਮਹਿਸੂਸ ਹੋਣ ਲੱਗ ਪੈਂਦਾ ਹੈ। ਇਸੇ ਲਈ ਇਨ੍ਹਾਂ ਨੂੰ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਤਾਂ ਜੋ ਛੇਤੀ ਨਾਰਮਲ ਰੂਟੀਨ ਵਿੱਚ ਪਹੁੰਚ ਸਕਣ।

ਸਵਾਲ-7 :  ਨੌਜਵਾਨਾਂ ਵਿੱਚ ਕੋਰੋਨਾ ਵਧਣ ਦਾ ਕੀ ਕਾਰਨ ਹੈ ?

ਜਵਾਬ : ਮਾਸਕ ਨਾ ਪਾ ਕੇ, ਇੱਕ ਦੂਜੇ ਤੋਂ ਪੂਰੀ ਵਿੱਥ ਨਾ ਰੱਖਣ ਅਤੇ ਘਰੋਂ ਬਾਹਰ ਨਿਕਲਦੇ ਰਹਿਣ ਕਾਰਨ ਨੌਜਵਾਨ (20 ਤੋਂ 39 ਸਾਲ ਦੇ) ਕੋਰੋਨਾ ਦੇ ਵੱਧ ਸ਼ਿਕਾਰ ਹੋਣ ਲੱਗ ਪਏ ਹਨ। ਇਸ ਵੇਲੇ ਅਮਰੀਕਾ ਦੇ 20 ਲੱਖ ਦੇ ਕਰੀਬ 18 ਤੋਂ 29 ਸਾਲਾਂ ਦੇ ਨੌਜਵਾਨ ਕੋਰੋਨਾ ਪੀੜਤ ਹਨ।

ਸਵਾਲ-8 :  ਕੀ ਕਾਰ ਵਿੱਚ ਮਾਸਕ ਪਾਉਣਾ ਚਾਹੀਦਾ ਹੈ ?

ਜਵਾਬ : ਜੇਕਾਰ ਹੋਰ ਅਣਜਾਣ ਬੰਦੇ ਵਿੱਚ ਹੋਣ ਤਾਂ ਪਾਉਣਾ ਬਿਹਤਰ ਹੈ। ਜੇ ਇਕੱਲੇ ਹੋ ਅਤੇ ਕਾਰ ਦੇ ਸ਼ੀਸ਼ੇ ਬੰਦ ਹਨ ਤਾਂ ਅਮਰੀਕਾ ਦੇ ਪਬਲਿਕ ਹੈਲਥ ਵਿਭਾਗ ਅਨੁਸਾਰ ਮਾਸਕ ਬਿਲਕੁਲ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਦੇ ਤਿਲਕਣ ਦੇ ਆਸਾਰ ਹੁੰਦੇ ਹਨ ਜੋ ਅੱਖਾਂ ਅੱਗੇ ਇਕਦਮ ਰੋਕ ਲਾ ਸਕਦੇ ਹਨ ਤੇ ਐਕਸੀਡੈਂਟ ਹੋ ਸਕਦਾ ਹੈ। ਇੰਜ ਹੀ ਇਸ ਨਾਲ ਐਨਕਾਂ ਦੇ ਸ਼ੀਸ਼ੇ ਧੁੰਧਲੇ ਹੋ ਸਕਦੇ ਹਨ।

ਸਵਾਲ-9 :  ਇਮਿਊਨਿਟੀ ਵਧਾਉਣ ਲਈ ਖ਼ੁਰਾਕ ਕਿਹੜੀ ਖਾਈਏ ?

ਜਵਾਬ : ਬੈਰੀਆਂ, ਹਦਵਾਣਾ, ਖੁੰਭਾਂ, ਪੁੰਗਰੀ ਕਣਕ, ਸਪਰੇਟੇ ਦੁੱਧ ਦਾ ਦਹੀਂ, ਪਾਲਕ, ਸ਼ਕਰਕੰਦੀ, ਬਰੌਕਲੀ (ਵਿਟਾਮਿਨ ਏ, ਸੀ. ਤੇ ਗਲੂਟਾਥਾਇਓਨ ਭਰਪੂਰ), ਗਾਜਰ, ਥੋਮ (ਕੱਚੀਆਂ ਤੁਰੀਆਂ ਵੀ ਲਈਆਂ ਜਾ ਸਕਦੀਆਂ ਹਨ), ਸੋਇਆਬੀਨ, ਮੁਰਗਾ, ਅਨਾਰ, ਅਦਰਕ (ਚਾਹ ਵਿੱਚ ਜਾਂ ਸਬਜ਼ੀ ਵਿੱਚ), ਕਾਜੂ, ਬਦਾਮ ਆਦਿ।

ਸਵਾਲ-10 : ਕੀ ਕੋਰੋਨਾ ਲਈ ਅਸਰਦਾਰ ਦਵਾਈ ਆ ਚੁੱਕੀ ਹੈ ?

ਜਵਾਬ : ਹੁਣ ਤੱਕ ਸਿਰਫ਼ ਉਹ ਦਵਾਈਆਂ ਵਰਤੀਆਂ ਜਾ ਰਹੀਆਂ ਹਨ ਜਿਹੜੀਆਂ ਕਿਸੇ ਹੋਰ ਬੀਮਾਰੀ ਲਈ ਪਹਿਲਾਂ ਵਰਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦਾ ਕੁੱਝ ਅਸਰ ਕਿਸੇ ਮਰੀਜ਼ ਉੱਤੇ ਵੱਧ ਤੇ ਕਿਸੇ ਉੱਤੇ ਘੱਟ ਨਜ਼ਰ ਆ ਰਿਹਾ ਹੈ। ਕੋਈ ਅਜਿਹੀ ਖੋਜ ਹਾਲੇ ਤੱਕ 100 ਫੀਸਦੀ ਅਸਰਦਾਰ ਹੋਣ ਦਾ ਦਾਅਵਾ ਨਹੀਂ ਕਰ ਸਕੀ ਕਿ ਕਿਹੜੀ ਦਵਾਈ ਹਰ ਮਰੀਜ਼ ਵਾਸਤੇ ਸਹੀ ਸਾਬਤ ਹੋਵੇਗੀ। ਸੋ ਹਾਲੇ ਤੱਕ ਕੋਈ ਇਕ ਦਵਾਈ ਪ੍ਰਮਾਣਿਕ ਨਹੀਂ ਕੀਤੀ ਜਾ ਸਕੀ ਕਿ ਇਹ ਇਕੱਲੀ ਦਵਾ ਹਰ ਤਰ੍ਹਾਂ ਦੇ ਕੋਰੋਨਾ ਦੇ ਮਰੀਜ਼ ਨੂੰ ਠੀਕ ਕਰ ਸਕਦੀ ਹੈ।

ਸਵਾਲ-11 :  ਸ਼ੱਕਰ ਰੋਗੀਆਂ ’ਤੇ ਕੋਵਿਡ ਦਾ ਕੀ ਅਸਰ ਪੈਂਦਾ ਹੈ ?

ਜਵਾਬ : ਸ਼ੱਕਰ ਰੋਗੀਆਂ ਉੱਤੇ ਕੋਰੋਨਾ ਵਾਇਰਸ ਮਾੜਾ ਅਸਰ ਪਾਉਂਦਾ ਹੈ। ਕੁੱਝ ਵਿੱਚ ਤਣਾਓ ਸਦਕਾ ਤੇ ਕੁੱਝ ਮਰੀਜ਼ਾਂ ਵਿੱਚ ਵਾਇਰਸ ਦੇ ਹੱਲੇ ਸਦਕਾ ਲਹੂ ਵਿੱਚ ਸ਼ੱਕਰ ਦੀ ਮਾਤਰਾ ਵੱਧ ਜਾਂਦੀ ਹੈ। ਪੈਨਕਰੀਆਜ਼ ਦੇ ਕੰਮ ਕਾਰ ਨੂੰ ਵੀ ਕੋਰੋਨਾ ਖ਼ਰਾਬ ਕਰ ਦਿੰਦੀ ਹੈ। ਇਸੇ ਲਈ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸ਼ੱਕਰ ਰੋਗ ਹੋਵੇ, ਉਨ੍ਹਾਂ ਉੱਤੇ ਵੱਧ ਮਾਰੂ ਅਸਰ ਪੈਂਦਾ ਹੈ। ਜਿਹੜੇ ਪ੍ਰੀ-ਡਾਇਆਬਿਟਿਕ ਹੋਣ, ਉਨ੍ਹਾਂ ਉੱਤੇ ਵੀ ਮਾੜਾ ਅਸਰ ਦੇਖਿਆ ਗਿਆ ਹੈ।

ਸਵਾਲ-12 : ਦਿਲ ਦੇ ਰੋਗੀਆਂ ਉੱਤੇ ਕੋਰੋਨਾ ਦਾ ਕੀ ਅਸਰ ਪੈਂਦਾ ਹੈ ?

ਜਵਾਬ : ਸੈਂਕੜੇ ਕੋਰੋਨਾ ਦੇ ਮਰੀਜ਼ਾਂ ਉੱਤੇ ਹੁਣ ਤੱਕ ਦੀ ਖੋਜ ਕਰਨ ਬਾਅਦ ਪਤਾ ਲੱਗਿਆ ਹੈ ਕਿ ਜਿਨ੍ਹਾਂ ਨੂੰ ਦਿਲ ਦੀ ਪਹਿਲਾਂ ਤੋਂ ਤਕਲੀਫ਼ ਹੋਵੇ, ਉਨ੍ਹਾਂ ਵਿੱਚ ਕੋਵਿਡ-19 ਦੌਰਾਨ ਹਾਰਟ ਅਟੈਕ ਹੋਣ ਦਾ ਖ਼ਤਰਾ 10 ਗੁਣਾਂ ਵੱਧ ਹੁੰਦਾ ਹੈ। ਕਾਰਨ ਸਿਰਫ਼ ਦਿਲ ਦੇ ਰੋਗ ਨਹੀਂ ਹਨ ਬਲਕਿ ਡਰ ਅਤੇ ਤਣਾਅ ਵੱਧ ਮਾਰੂ ਅਸਰ ਵਿਖਾਉਂਦੇ ਹਨ।

ਸਵਾਲ-13 :  ਕੀ ਇੱਕ ਵਾਰ ਕੋਰੋਨਾ ਦੀ ਬੀਮਾਰੀ ਤੋਂ ਬਾਅਦ ਦੁਬਾਰਾ ਕੋਰੋਨਾ ਹੱਲਾ ਬੋਲ ਸਕਦੀ ਹੈ ?

ਜਵਾਬ : ਚੀਨ ਦੇ ਹਸਪਤਾਲ ਵਿੱਚ ਹੋਈ ਖੋਜ ਅਨੁਸਾਰ ਕੋਵਿਡ 19 ਐਂਟੀਬਾਡੀਜ਼ ਸਰੀਰ ਅੰਦਰੋਂ 2 ਤੋਂ ਤਿੰਨ ਮਹੀਨਿਆਂ ਅੰਦਰ ਖ਼ਤਮ ਹੋ ਜਾਂਦੀਆਂ ਹਨ। ਖੋਜ ਵਿੱਚ ਅਜਿਹੇ 37 ਮਰੀਜ਼ ਚੁਣੇ ਗਏ, ਜਿਨ੍ਹਾਂ ਨੂੰ ਕੋਵਿਡ ਬੀਮਾਰੀ ਹੋਈ ਪਰ ਲੱਛਣ ਨਹੀਂ ਸਨ ਅਤੇ 37 ਉਹ ਮਰੀਜ਼ ਲਏ ਗਏ, ਜਿਨ੍ਹਾਂ ਨੂੰ ਸੀਰੀਅਸ ਬੀਮਾਰੀ ਸਦਕਾ ਹਸਪਤਾਲ ਦਾਖ਼ਲ ਕਰਨਾ ਪਿਆ ਸੀ। ਅੱਠ ਹਫ਼ਤਿਆਂ ਬਾਅਦ 40 ਫੀਸਦੀ ਬਿਨ੍ਹਾਂ ਲੱਛਣਾਂ ਵਾਲਿਆਂ ਦੇ ਅਤੇ 13 ਫੀਸਦੀ ਲੱਛਣਾਂ ਵਾਲੇ ਮਰੀਜ਼ਾਂ ਦੀਆਂ ਐਂਟੀਬਾਡੀਜ਼ ਖ਼ਤਮ ਹੋ ਚੁੱਕੀਆਂ ਸਨ। ਇਹ ਖੋਜ ‘ਨੇਚਰ’ ਜਰਨਲ ਵਿੱਚ ਛਪ ਚੁੱਕੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੋਰੋਨਾ ਦਾ ਹੱਲਾ ਦੁਬਾਰਾ ਹੋ ਸਕਦਾ ਹੈ।

ਸਾਰ : ਇਹ ਸਿਰਫ਼ ਜੂਨ 2020 ਤੱਕ ਹੋਈਆਂ ਖੋਜਾਂ ਦਾ ਨਿਚੋੜ ਹੈ। ਜੇ ਅੱਗੋਂ ਕੋਈ ਹੋਰ ਖੋਜ ਕੋਵਿਡ-19 ਦੇ ਨਵੇਂ ਲੱਛਣ, ਕੋਰੋਨਾ ਵਾਇਰਸ ਦੀ ਨਵੀਂ ਕਿਸਮ, ਕੋਈ ਨਵੀਂ ਦਵਾਈ ਜਾਂ ਟੀਕੇ ਦੀ ਈਜਾਦ ਬਾਰੇ ਚਾਨਣਾ ਪਾਉਂਦੀ ਹੋਵੇਗੀ ਤਾਂ ਉਹ ਇਸ ਲੇਖ ਤੋਂ ਅਗਲੇ ਲੇਖ ਵਿੱਚ ਸ਼ਾਮਲ ਕਰ ਲਿਆ ਜਾਵੇਗਾ।