ਤੇ ਕੱਢ ਕੇ ਹੀ ਛੱਡੀ ਉਨ੍ਹਾਂ ਨੇ ਮੇਰੇ ਸਾਈਕਲ ਦੇ ਟਾਇਰਾਂ ਦੀ ਫੂਕ

0
393

(ਵਿਅੰਗ) ਤੇ ਕੱਢ ਕੇ ਹੀ ਛੱਡੀ ਉਨ੍ਹਾਂ ਨੇ ਮੇਰੇ ਸਾਈਕਲ ਦੇ ਟਾਇਰਾਂ ਦੀ ਫੂਕ

-ਰਮੇਸ਼ ਬੱਗਾ ਚੋਹਲਾ, ਗਲੀ ਨੰਬਰ 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-9463132719 

     ਰੋਜ਼ ਸਵੇਰੇ ਚਾਹ ਪੀਤੇ ਤੋਂ ਬਗ਼ੈਰ ਸਾਡੀ ਮੈਡਮ ਦੀ ਅੱਖ ਨਹੀਂ ਖੁੱਲ੍ਹਦੀ ਤੇ ਅੱਖ ਖੁੱਲਣ ਤੋਂ ਬਗ਼ੈਰ ਉਸ ਦਾ ਮੂਡ ਨਹੀਂ ਬਣਦਾ। ਸੋ ਉਸ ਦੇ ਮੂਡ ਨੂੰ ਬਣਾਉਣ ਲਈ ਮੈਨੂੰ ਨਿੱਤਨੇਮ ਨਾਲ ਅੰਮ੍ਰਿਤ ਵੇਲੇ ਉੱਠਣਾ ਪੈਂਦਾ ਹੈ ਅਤੇ ਸੰਧੂ ਦੀ ਡੇਅਰੀ ਤੋਂ ਦੁੱਧ ਲਿਆ ਕੇ ਚਾਹ ਦਾ ਜੁਗਾੜ ਕਰਨਾ ਪੈਂਦਾ ਹੈ। ਕਰਫ਼ਿਊ/ਲਾਕਡੌਨ ਕਾਰਨ ਹਾਲਾਤ ਭਾਵੇਂ ਕੁੱਝ ਅਣਸੁਖਾਵੇਂ ਹੋ ਗਏ ਸਨ ਪਰ ਮੇਰੇ ਵੱਲੋਂ ਇਹ (ਦੁੱਧ ਲਿਆਉਣ ਦੀ ਅਤੇ ਚਾਹ ਬਣਾਉਣ ਦੀ) ਸੇਵਾ ਨਿਰਵਿਘਨ ਜਾਰੀ ਸੀ। ਇਹ ਸੇਵਾ-ਭਾਵਨਾ ਮੈਨੂੰ ਆਪਣੀ ਮੈਡਮ ਦੀ ਖ਼ੁਸ਼ੀ ਦਾ ਪਾਤਰ ਬਣਾ ਰਹੀ ਸੀ, ਉਹ ਵੀ ਉਸ ਵੇਲੇ ਜਦੋਂ ਬੂਹੇ ਤੋਂ ਬਾਹਰ ਨਿਕਲਣਾ (ਕੋਰੋਨਾ ਕਰਕੇ) ਖ਼ਤਰੇ ਤੋਂ ਖ਼ਾਲੀ ਨਹੀਂ ਸੀ ਸਮਝਿਆ ਜਾਂਦਾ। ਚੰਗੇ-ਭਲੇ ਦਿਨ ਲੰਘ ਰਹੇ ਸਨ ਪਰ ਇੱਕ ਦਿਨ ਖ਼ਾਕੀ ਵਰਦੀ ਵਾਲਿਆਂ ਨੇ ਚੰਮ ਦੀ ਚਲਾ ਕੇ ਸਾਡੀ ਇਸ ਸੇਵਾ ਵਿੱਚ ਵਿਘਨ ਪਾਉਣ ਦਾ ਭਰਪੂਰ ਜਤਨ ਕੀਤਾ। ਉਨ੍ਹਾਂ ਵੱਲੋਂ ਕੀਤਾ ਇਹ ਕੋਝਾ ਜਤਨ ਮੈਨੂੰ ਆਰਥਿਕ ਢਾਹ ਤਾਂ ਲਗਾ ਗਿਆ ਪਰ ਮੇਰੀ ਸੇਵਾ-ਭਾਵਨਾ ਨੂੰ ਢਾਹ ਨਾ ਲਗਾ ਸਕਿਆ।

ਗੱਲ ਕਰਫ਼ਿਊ/ਲਾਕਡੌਨ ਦੇ ਦੂਸਰੇ ਸਪਤਾਹ ਦੀ ਹੈ ਜਦੋਂ ਕਰਫ਼ਿਊ ਵਿੱਚ ਕੁੱਝ ਕੁ ਸਮੇਂ ਦੀ ਢਿੱਲ ਮਿਲੀ ਹੋਈ ਸੀ। ਇਸ ਢਿੱਲ ਦਾ ਲਾਭ ਉਠਾਉਂਦੇ ਹੋਏ ਮੈਂ ਆਪਣੇ ਦੋ ਚੱਕਰੇ ਉਰਫ਼ ਸਾਈਕਲ ਉੱਪਰ ਰੋਜ਼ਾਨਾ ਦੀ ਤਰ੍ਹਾਂ ਸੰਧੂ ਮਝੈਲ ਦੀ ਡੇਅਰੀ ਤੋਂ ਲਿਫ਼ਾਫੇ ਵਿੱਚ ਦੁੱਧ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਮੈਂ ਕੁੱਝ ਲੋਕਾਂ ਨੂੰ ਇੱਕ ਹਰੀ-ਭਰੀ ਪਾਰਕ ਵਿੱਚ ਸੈਰ ਕਰਦੇ ਦੇਖਿਆ। ਮਨ ਵਿੱਚ ਆਇਆ ਕਿ ਪਾਰਕ ਵਿੱਚ ਦੋ ਕੁ ਭਲਵਾਨੀ ਗੇੜੇ ਦੇ ਕੇ ਤਾਜ਼ਾਤਰੀਨ ਆਕਸੀਜਨ ਦੇ ਕੁੱਝ ਘੁੱਟ ਭਰ ਲਏ ਜਾਣ ਤਾਂ ਜੋ ਬਾਕੀ ਦਾ ਸਾਰਾ ਦਿਨ ਚੁਸਤੀ-ਫ਼ੁਰਤੀ ਬਣੀ ਰਹੇ ਅਤੇ ਸਰੀਰ ਵਿਚਲੀ ਸ਼ੂਗਰ ਦਾ ਪੱਧਰ ਵੀ ਕਾਬੂ ਵਿੱਚ ਰਹੇ।

ਆਪਣੀ ਸਿਹਤਮੰਦ ਸੋਚ ਨੂੰ ਅਮਲ ਵਿੱਚ ਲਿਆਉਣ ਲਈ ਮੈਂ (ਸਮੇਤ ਸਾਈਕਲ) ਉਸ ਪਾਰਕ ਵਿੱਚ ਪ੍ਰਵੇਸ਼ ਕਰ ਗਿਆ। ਸਾਈਕਲ ਦਾ ਸਟੈਂਡ ਪਾਰਕ ਦੀ ਉਸ ਜਗ੍ਹਾ ’ਤੇ ਲਗਾ ਦਿੱਤਾ ਜਿੱਥੋਂ ਹੈਂਡਲ ਨਾਲ ਟੰਗੇ ਹੋਏ ਲਿਫ਼ਾਫ਼ੇ ’ਤੇ ਦੂਰ ਤੱਕ ਨਜ਼ਰ ਬਣੀ ਰਹੇ। ਇਸ ਸਮੇਂ ਦੌਰਾਨ ਦੋ ਕੁ ਲਫ਼ੰਡਰ ਕਿਸਮ ਦੇ ਕੁੱਤੇ ਵੀ ਲਾਡੀਆਂ-ਪਾਡੀਆਂ ਕਰਦੇ ਹੋਏ ਪਾਰਕ ਵਿੱਚ ਘੁਸਪੈਂਠ ਕਰ ਗਏ। ਉਨ੍ਹਾਂ ਦੀ ਇਸ ਆਮਦ ਨਾਲ ਦੁੱਧ ਵਾਲੇ ਲਿਫ਼ਾਫ਼ੇ ਨੂੰ ਕੁੱਝ ਖ਼ਤਰਾ ਭਾਸਣ ਲੱਗ ਪਿਆ। ਇਸ ਖ਼ਤਰੇ ਤੋਂ ਬਚਣ ਲਈ ਮੈਂ ਆਪਣੇ ਮੂੰਹ ਵਾਲਾ ਰੁਮਾਲ ਲਿਫ਼ਾਫ਼ੇ ਦੇ ਇਰਦ-ਗ਼ਿਰਦ ਵਲੇਟ ਦਿੱਤਾ। ਇਕੱਲਾ ਰੁਮਾਲ ਦੇ ਭਰੋਸੇ ’ਤੇ ਨਾ ਰਹਿੰਦੇ ਹੋਏ ਆਪਣੀ ਪੈਨੀ ਨਜ਼ਰ ਵੀ ਉਨ੍ਹਾਂ ਦੀਆਂ ਹਰਕਤਾਂ ਵੱਲ ਘੁਮਾਅ ਛੱਡੀ, ਪਰ ਉਸ ਸਮੇਂ ਉਨ੍ਹਾਂ ਦਾ ਧਿਆਨ ਪੀਣ-ਖਾਣ ਵੱਲ ਨਾ ਹੋ ਸਿਰਫ਼ ਲਾਡ-ਲਡਾਣ ਵੱਲ ਹੀ ਸੀ ਅਤੇ ਉਹ ਇਸ ਸਮੇਂ ਦਾ ਪੂਰਨ ਆਨੰਦ ਲੈ ਰਹੇ ਸਨ। ਉਨ੍ਹਾਂ ਵੱਲੋਂ ਨਜ਼ਰ ਹਟਾ ਕੇ ਮੈਂ ਸੈਰ ਦਾ ਲੁਤਫ਼ ਉਠਾਉਣ ਲੱਗਾ। ਅਜੇ ਦੂਜਾ ਗੇੜਾ ਪੂਰਾ ਵੀ ਨਹੀਂ ਸੀ ਹੋਇਆ ਕਿ ਲਾਊਡ-ਸਪਕੀਰ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ ‘ਉਸ ਸਾਈਕਲ ਦੀ ਹਵਾ ਕੱਢ ! ਹਵਾ ਕੱਢ ! !’

ਕੰਨਾਂ ਦੇ ਨਾਲ-ਨਾਲ ਜਦੋਂ ਮੈਂ ਇਸ ਆਵਾਜ਼ ਵੱਲ ਅੱਖਾਂ ਘੁੰਮਾਈਆਂ ਤਾਂ ਇਹ ਆਵਾਜ਼ ਕਿਤੋਂ ਦੂਰ ਤੋਂ ਨਹੀਂ ਸਗੋਂ ਖ਼ਾਕੀ ਵਰਦੀ ਵਾਲਿਆਂ ਦੀ ਗੱਡੀ ਉੱਪਰ ਲੱਗੇ ਹੋਏ ਸਪੀਕਰ ਵਿੱਚੋਂ ਆ ਰਹੀ ਸੀ। ਗੱਡੀ ਰੁੱਕਣ ’ਤੇ ਇੱਕ ਸਪਾਹਟਾ ਉਤਰ ਕੇ ਮੇਰੇ ਦੋ ਚੱਕਰੇ ਦੇ ਟਾਇਰਾਂ ਵਿੱਚੋਂ ਹਵਾ ਕੱਢਣ ਲਈ ਤੇਜ਼ ਗਤੀ ਨਾਲ ਪਾਰਕ ਵੱਲ ਆ ਰਿਹਾ ਸੀ। ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਵੀ ਆਪਣੇ ਸਾਈਕਲ ਕੋਲ ਪਹੁੰਚ ਗਿਆ। ਇਸ ਸਮੇਂ ਦੌਰਾਨ ਪਾਰਕ ਵਿੱਚ ਸੈਰ ਕਰ ਰਹੇ ਬਾਕੀ ਲੋਕ ਪਤਰਾ ਵਾਚ ਗਏ ।

ਜਦੋਂ ਮੈਂ ਸਾਈਕਲ ਨੂੰ ਲੈ ਕੇ ਬਾਹਰ ਨਿਕਲਣ ਲੱਗਾ ਤਾਂ ਉਸ ਨੌਜਵਾਨ ਸਪਾਹਟੇ ਨੇ ਹੈਂਡਲ ਨੂੰ ਹੱਥ ਪਾ ਲਿਆ। ‘ਸਾਈਕਲ ਦੇ ਟਾਇਰਾਂ ਵਿੱਚੋਂ ਹਵਾ ਕੱਢ।’ ਉਸ ਨੇ ਪੂਰੇ ਪੁਲਿਸੀਏ ਰੋਅਬ ਨਾਲ ਕਿਹਾ।

ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਦੁੱਧ ਲੈ ਕੇ ਲੰਘ ਰਿਹਾ ਸੀ। ਮਿੱਠੇ ਦਾ ਮਰੀਜ਼ ਹੋਣ ਕਰਕੇ ਡਾਕਟਰ ਨੇ ਸੈਰ ਲਾਜ਼ਮੀ ਕੀਤੀ ਹੋਈ ਹੈ, ਇਸ ਲਈ ਇੱਕ ਦੋ ਰਾਉਂਡ ਮਾਰਨ ਲਈ ਪਾਰਕ ਵਿੱਚ ਆ ਗਿਆ, ਪਰ ਉਸ ਨੇ ਮੇਰੀ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ।

ਕਾਨੂੰਨ ਦਾ ਉਹ ਰਾਖਾ ਵਾਰ-ਵਾਰ ਹਵਾ ਕੱਢਣ ਲਈ ਕਹਿ ਰਿਹਾ ਸੀ। ਇਸ ਤਰ੍ਹਾਂ ਕਰਕੇ ਸ਼ਾਇਦ ਉਹ ਆਪਣੇ ਬੌਸ (ਗੱਡੀ ਵਿੱਚ ਬੈਠੇ ਠਾਣੇਦਾਰ) ਤੋਂ ਸ਼ਾਬਾਸ਼ ਲੈਣੀ ਚਾਹੁੰਦਾ ਸੀ। ਮੈਂ ਆਪਣੇ ਸਾਈਕਲ ਵਿੱਚੋਂ ਹਵਾ ਕੱਢਣ ਲਈ ਰਾਜ਼ੀ ਨਹੀਂ ਸੀ ਹੋ ਰਿਹਾ ਕਿਉਂਕਿ ਇਹ ਹਵਾ ਮੈਂ ਅਜੇ ਇੱਕ ਦਿਨ ਪਹਿਲਾਂ ਹੀ ਭਰੀ ਸੀ ਤੇ ਉਹ ਵੀ (ਬਾਜ਼ਾਰ ਬੰਦ ਹੋਣ ਕਰਕੇ) ਚਾਰ ਮੀਲ ਦੀ ਦੂਰੀ ’ਤੇ ਜਾ ਕੇ।

ਗੱਲ ਕਿਸੇ ਸਿਰੇ ਨਾ ਲੱਗਦੀ ਦੇਖ ਕੇ ਮੈਂ ਉਸ ਸਪਾਹਟੇ ਨੂੰ ਕਿਹਾ ਕਿ ਚੱਲ ਮੈਂ ਤੇਰੇ ਸਾਹਬ ਨਾਲ ਹੀ ਗੱਲ ਕਰ ਲੈਂਦਾ ਹਾਂ। ਇਸ ਸੋਚ ਨਾਲ ਕਿ ਸ਼ਾਇਦ ਅਫ਼ਸਰ ਮੇਰੀ ਗੱਲ ਨੂੰ ਸਮਝ ਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਵੇਗਾ। ਮੈਂ ਦੁੱਧ ਸਮੇਤ ਆਪਣਾ ਸਾਈਕਲ ਗੱਡੀ ਦੇ ਕੋਲ ਹੀ ਲੈ ਗਿਆ। ਮੇਰੀ ਉਮੀਦ ਦੇ ਉਲਟ ਉਸ ਦਾ ਸਾਹਬ ਉਸ ਤੋਂ ਵੀ ਦੋ ਕਦਮ ਅੱਗੇ ਨਿਕਲ ਗਿਆ। ਮੇਰੀ ਉਮਰ ਦਾ ਲਿਹਾਜ਼ ਨਾ ਕਰਦਿਆਂ ਹੋਇਆਂ ਉਸ ਨੇ ਮੈਨੂੰ ਕਈ ਤੱਤੀਆਂ-ਠੰਢੀਆਂ ਸੁਣਾਈਆਂ ਅਤੇ ਟਾਇਰਾਂ ਵਿੱਚੋਂ ਫੂਕ ਕੱਢਣ ਲਈ ਆਪਣੇ ਉਸ ਮੁਲਾਜ਼ਮ ਨੂੰ ਫੂਕ ਮਾਰ ਦਿੱਤੀ। ਆਪਣੇ ਸਾਹਬ ਤੋਂ ਫੂਕ ਛੱਕ ਕੇ ਉਸ ਸਿਪਾਹੀ ਨੇ ਮੇਰੇ ਸਾਈਕਲ ਦੀਆਂ ਦੋਵਾਂ ਟਿਊਬਾਂ ਵਿੱਚੋਂ ਝੱਟ ਫੂਕ ਕੱਢ ਦਿੱਤੀ। ਫੂਕ ਨਿਕਲਦੇ ਸਾਰ ਹੀ ਦੋਵੇਂ ਚੱਕੇ ਹੈਂਡੀਕੈਪਡ ਹੋ ਗਏ ਅਤੇ ਰੇਂਜਰ ਸਾਈਕਲ ਹੇਠਾਂ ਡਿੱਗ ਪਿਆ। ਸਾਇਕਲ ਦੇ ਡਿੱਗਣ ਨਾਲ ਹੈਂਡਲ ਨਾਲ ਟੰਗਿਆਂ ਦੁੱਧ ਦਾ ਲਿਫ਼ਾਫਾ ਵੀ ਆਪਣੇ ਸਵਾਸ ਛੱਡ (ਫੱਟ) ਗਿਆ ਅਤੇ ਦੁੱਧ ਮਿੱਟੀ ਵਿੱਚ ਮਿਲ ਗਿਆ।

ਖ਼ਾਕੀ ਵਾਲਿਆਂ ਦੀ ਇਹ ਧੱਕੇਸ਼ਾਹੀ ਬੇਸ਼ੱਕ ਮੇਰਾ ਦੂਹਰਾ ਨੁਕਸਾਨ ਕਰ ਗਈ ਪਰ ਮੇਰੇ ਪਤਨੀ-ਪ੍ਰੇਮ ਨੂੰ ਨਾ ਘਟਾ ਸਕੀ। ਪੰਜਾਬ ਪੁਲਿਸ ਦੇ ਇਸ ਕੌੜੇ ਭਾਣੇ ਨੂੰ ਮੰਨ ਕੇ ਮੈਂ ਮੁੜ ਦੁਕਾਨ ’ਤੇ ਗਿਆ ਅਤੇ ਨਵਾਂ ਦੁੱਧ ਦਾ ਪੈਕਟ ਖਰੀਦ ਲਿਆ। ਇਸ ਪੈਕਟ ਵਾਲੇ ਦੁੱਧ ਨਾਲ ਚਾਹ ਬਣਾ ਕੇ ਮੈਂ ਆਪਣੀ ਸ਼੍ਰੀ ਮਤੀ ਦਾ ਮੂਡ ਬਣਾਉਣ ਵਿੱਚ ਕਾਮਯਾਬ ਰਿਹਾ।