ਸੂਰਬੀਰਤਾ ਦੇ ਪੁੰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ

0
138

ਸੂਰਬੀਰਤਾ ਦੇ ਪੁੰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਡਾ. ਸ਼ੁਭਕਰਨ ਸਿੰਘ, ਰਿਸਰਚ ਸਕਾਲਰ, ਗੁਰੂ ਗੋਬਿੰਦ ਸਿੰਘ ਚੇਅਰ,

ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ (ਪਟਿਆਲਾ)-9463136265

ਸੂਰਬੀਰਤਾ ਦੇ ਸਿਧਾਂਤ ਅਤੇ ਵਿਹਾਰ ਨੇ ਸਿੱਖ ਧਰਮ ਨੂੰ ਵਿਲੱਖਣ ਬਣਾਈ ਰੱਖਿਆ ਹੈ। ਇਸ ਦੀ ਅਦੁੱਤੀ ਦੇਣ ਨੇ ਜੀਵਨ ਦੇ ਹਰ ਖੇਤਰ ’ਚ ਇਨਸਾਨ ਦੀ ਸਹੀ ਰਹਿਨੁਮਾਈ ਕੀਤੀ ਅਤੇ ਲੋਕਹਿੱਤਾਂ ਦੀ ਰਾਖੀ ਲਈ ਸੂਰਬੀਰਾਂ ਦੀ ਉੱਤਪਤੀ ਕੀਤੀ, ਜੋ ਕਿਸੇ ਵੀ ਖੇਤਰ ’ਚ ਹੋ ਰਹੇ ਜਬਰ ਜੁਲਮ, ਬੇ-ਇਨਸਾਫ਼ੀ, ਅੱਤਿਆਚਾਰ, ਲੁੱਟ-ਖਸੁੱਟ ਅਤੇ ਹੋਰ ਬੁਰਿਆਈਆਂ ਵਿਰੁੱਧ ਡਟ ਕੇ ਮੁਕਾਬਲਾ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਸੂਰਮਿਆਂ ਅੰਦਰ ਪੈਦਾ ਹੋਈ ਸੂਰਬੀਰਤਾ ਦੀ ਭਾਵਨਾ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਇਨਕਲਾਬੀ ਸੂਰਬੀਰ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ ਜ਼ੁਲਮ ਦੀਆਂ ਮਾਰਾਂ ਸਹਿ ਰਹੇ ਸਮਾਜ ਵਿੱਚ ਨਵੀਂ ਚੇਤਨਾ ਪੈਦਾ ਕੀਤੀ। ਉਨ੍ਹਾਂ ਨੇ ਲੋਕਾਂ ਦੇ ਮਨਾਂ ’ਚੋਂ ਹਕੂਮਤੀ ਜਬਰ ਤੇ ਸਹਿਮ ਨੂੰ ਦੂਰ ਕਰਨ ਲਈ ਹਥਿਆਰਬੰਦ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ। ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ ਸਵੈਮਾਣ ਨਾਲ ਜ਼ਿੰਦਗੀ ਜਿੳੂਣ ਲਈ ਪ੍ਰੇਰਿਆ। ਗੁਰੂ ਜੀ ਦੇ ਇਸ ਇਨਕਲਾਬੀ ਮਿਸ਼ਨ ਨੂੰ ਕੱਟੜ ਮੁਗ਼ਲ ਹਕੂਮਤ ਸਹਾਰ ਨਾ ਸਕੀ। ਜ਼ੁਲਮ ਕਰਨ ਵਾਲੀ ਹਕੂਮਤ ਦੇ ਖ਼ਿਲਾਫ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਹਾਦਰ ਸਿੱਖਾਂ ਨਾਲ ਚੌਦਾਂ ਜੰਗ ਕੀਤੇ ਅਤੇ ਸਾਰੀਆਂ ਜੰਗਾਂ ਵਿੱਚ ਫਤਿਹ ਹਾਸਲ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਆਮ ਜਨਤਾ ਨੂੰ ਸੂਰਮਾ ਬਣਾਉਣਾ ਅਤੇ ਅੱਤਿਆਚਾਰੀਆਂ ਨੂੰ ਮਾਰ ਮੁਕਾਉਣ ਦਾ ਸੀ, ਜਿਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਸੂਰਬੀਰਤਾ ਭਰਨ ਲਈ ਖ਼ਾਲਸਾ ਪੰਥ ਸਾਜਿਆ।

ਅਜੋਕੇ ਸੰਸਾਰ ’ਚ ਸੂਰਬੀਰਤਾ ਅਤਿ ਲੋੜੀਂਦਾ ਤੱਤ ਹੈ, ਜੋ ਕਿ ਹਰ ਖੇਤਰ ’ਚ ਵਿਦਮਾਨ ਹੈ। ਮਨੁੱਖ ਇਸ ਤੋਂ ਬਗੈਰ ਸੁਚੱਜਾ ਜੀਵਨ ਨਹੀਂ ਜੀਅ ਸਕਦਾ। ਸੂਰਬੀਰਤਾ ਦਾ ਘੇਰਾ ਬਹੁਤ ਵਿਸ਼ਾਲ ਹੈ। ਇਸ ਦੇ ਅਰਥਾਂ, ਸਮਾਨਅਰਥੀ ਸ਼ਬਦਾਂ ਤੋਂ ਇਲਾਵਾ ਪਰਿਭਾਸ਼ਾਵਾਂ ਬਾਰੇ ਜਾਣਨਾ ਅਤਿ ਜ਼ਰੂਰੀ ਹੈ ਤਾਂ ਜੋ ਇਸ ਵਿਸ਼ੇ ਸੰਬੰਧੀ ਯੋਗ ਜਾਣਕਾਰੀ ਹੋ ਸਕੇ। ਗੁਰਬਾਣੀ ’ਚ ਸੂਰੱਤਣ ਸ਼ਬਦ ਬਹਾਦਰੀ ਲਈ ਵਰਤਿਆ ਗਿਆ ਹੈ ‘‘ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ (ਮਹਲਾ /੪੬੭), ਖਤ੍ਰੀ ਕਰਮ ਕਰੇ ਸੂਰਤਣੁ ਪਾਵੈ (ਮਹਲਾ /੧੬੪), ਮਨੂਆ ਜੀਤੈ ਹਰਿ ਮਿਲੈ; ਤਿਹ ਸੂਰਤਣ ਵੇਸ ’’ (ਮਹਲਾ /੨੫੬)

ਭਾਈ ਕਾਨ੍ਹ ਸਿੰਘ ਨਾਭਾ ਸੂਰਬੀਰਤਾ ਬਾਰੇ ਲਿਖਦਾ ਹੈ, ‘ਜੋ ਪੁਰਸ਼ ਕਾਯਰਤਾ ਨੂੰ ਮਨ ’ਚ ਕਦੇ ਨਹੀਂ ਆਉਣ ਦਿੰਦੇ ਅਤੇ ਜੰਗ ’ਚ ਸ਼ਤ੍ਰੂ ਨੂੰ ਪਿੱਠ ਨਹੀਂ ਦਿਖਾਉਂਦੇ ਔਰ ਵਿਸ਼ਯ ਵਿਕਾਰਾਂ ਉੱਤੇ ਫਤਿਹ ਪਾਉਂਦੇ ਹਨ ਉਹ ਸਭ ਤੋਂ ਸਨਮਾਨ ਯੋਗ ਸੂਰਬੀਰ ਹਨ।’ ਸੂਰਬੀਰਤਾ ਲਈ ‘ਸੂਰਤਣ’ ਸ਼ਬਦ ਵੀ ਮਿਲਦਾ ਹੈ। ਸੂਰਬੀਰਤਾ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਸ਼ੋਰਯਮ’ ਤੋਂ ਬਣਿਆ ਹੈ, ਜਿਸ ਦੇ ਅਰਥ ‘ਬਹਾਦਰੀ, ਦਲੇਰੀ, ਨਿਡਰਤਾ, ਤਾਕਤ, ਬਲ, ਸ਼ਕਤੀ’ ਆਦਿ ਹਨ। ਅੰਗਰੇਜ਼ੀ ’ਚ ਸੂਰਮਗਤੀ ਦੇ ‘Bravery, Courage, Valor, Heroism’ ਸਮਾਨ ਅਰਥੀ ਸ਼ਬਦ ਹਨ। Aristotle ਅਨੁਸਾਰ “Courage as the mean (meson) with regard to feeling of fear and confidence describing as ‘rash’ the person who exceeds in Confidence and as ‘Cowardly’ he who exceeds in fear and falls short in confi.” ਇਸੇ ਤਰ੍ਹਾਂ ਇਕ ਹੋਰ ਵਿਦਵਾਨ Alich Hardener ਆਖਦਾ ਹੈ, “Courage which seems especially to belong to a highly civilzed society – intellectual courage. By this is to be understood the power and determination to follow loyally and reasonably one’s own belief and principles, irrespective not only of the disapproval of neighbor, but also of painful disturbance in one’s own mind.”

ਉਪਰੋਕਤ ਵਿਦਵਾਨਾਂ ਦੇ ਆਧਾਰਿਤ ਅਸੀਂ ਇਹ ਕਹਿ ਸਕਦੇ ਹਾਂ ਕਿ ਸੂਰਬੀਰਤਾ ਮਨੁੱਖ ਦੇ ਸਦਾਚਾਰਕ ਗੁਣਾਂ ਦਾ ਕੇਂਦਰੀ ਤੱਤ ਹੈ। ਜਿਸ ਕਰਕੇ ਇਨ੍ਹਾਂ ਗੁਣਾਂ ਦੀ ਹੋਂਦ ਸਦੀਵੀ ਕਾਇਮ ਰਹਿੰਦੀ ਹੈ। ਗੁਰਬਾਣੀ ਅਨੁਸਾਰ ਸੂਰਬੀਰਤਾ ਦਾ ਮੂਲ ਤੱਤ ‘ਸੱਚ’ ਹੈ। ਸੋ ਸਭ ਤੋਂ ਪਹਿਲਾਂ ਆਪਣੇ ਅੰਦਰਲੇ ਵੈਰੀ (ਪੰਜ ਵਿਕਾਰਾਂ) ਨੂੰ ਕਾਬੂ ਕਰਨਾ ਹੈ ਅਤੇ ਸੱਚ ਦੀ ਗਵਾਹੀ ਭਰਨੀ, ਜਬਰ ਜ਼ੁਲਮ ਖ਼ਿਲਾਫ਼ ਆਵਾਜ਼ ਉਠਾਣੀ/ਲੜਨਾ ਹੀ ਸੂਰਬੀਰਤਾ ਦਾ ਵਿਹਾਰ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੂਰਬੀਰਤਾ ਦੀ ਨਿਰੰਤਰਤਾ ਅਤੇ ਪਵਿਤਰਤਾ ਲਈ ਠੋਸ ਪਰਿਵਰਤਨ ਕੀਤਾ। ਸਿੱਖ ਧਰਮ ’ਚ ਪ੍ਰਵੇਸ਼ ਕਰਨ ਲਈ ਚਰਣ ਪਾਹੁਲ ਦਾ ਨਿਯਮ ਗੁਰੂ ਨਾਨਕ ਪਾਤਸ਼ਾਹ ਤੋਂ ਪ੍ਰਚਲਿਤ ਸੀ। ਇਸ ਅਧੀਨ ਗੁਰੂ ਪਾਤਸ਼ਾਹ ਜਾਂ ਅਧਿਕਾਰੀ ਸੱਜਣਾਂ ਵੱਲੋਂ ਬਾਣੀ ਪੜ੍ਹ ਕੇ ਜਗਿਆਸੂ ਨੂੰ ਬਾਣੀ ਦੇ ਚਰਨਾਂ ਨਾਲ ਜੋੜਨਾ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ. ਵਿਸਾਖੀ ਵਾਲੇ ਦਿਨ ਚਰਨ ਪਾਹੁਲ ਦੀ ਮਰਿਆਦਾ ਨੂੰ ਖੰਡੇ ਦੀ ਪਾਹੁਲ ਵਿੱਚ ਬਦਲ ਦਿੱਤਾ। ਸਿੱਖਾਂ ਦੇ ਵਿਸ਼ਾਲ ਇੱਕਠ ਵਿੱਚੋਂ ਗੁਰੂ ਜੀ ਨੇ ਪੂਰੇ ਜਲਾਲ ’ਚ ਆ ਕੇ ਪੰਜ ਸਿਰਾਂ ਦੀ ਮੰਗ ਕੀਤੀ। ਸਾਰੀ ਖਲਕਤ ਵਿੱਚ ਸੰਨਾਟਾ ਛਾ ਗਿਆ। ਅਜਿਹਾ ਕਰਨ ਦਾ ਮਨੋਰਥ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ ਗਲੀ ਮੇਰੀ ਆਉ ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਕੀਜੈ ’’ (ਮਹਲਾ /੧੪੧੨) ਵਾਲੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਦਾ ਸੀ। ਗੁਰੂ ਜੀ ਦੀ ਮੰਗ ’ਤੇ ਪੰਜ ਸੂਰਬੀਰ ਇੱਕ-ਇੱਕ ਕਰਕੇ ਆਪਣੇ ਸੀਸ ਭੇਂਟ ਕਰਨ ਲਈ ਹਾਜ਼ਰ ਹੋਏ, ਜਿਨ੍ਹਾਂ ਨੂੰ ਪੰਜ ਪਿਆਰੇ ਆਖ ਕੇ ਸਤਿਕਾਰਿਆ ਗਿਆ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਖੰਡੇ ਦੀ ਪਾਹੁਲ ਸਦਕਾ ਸਿੱਖਾਂ ਵਿੱਚ ਬੀਰਤਾ ਦਾ ਵਿਕਾਸ ਹੋਇਆ।  ਜੂਝਾਰੂ, ਮਰਜੀਵੜੇ, ਉੱਤਮ ਪੁਰਖ, ਸੂਰਬੀਰ ਯੋਧੇ ਸਿੱਖ ਕੌਮ ਦੀ ਸ਼ਾਨ ਬਣਨ ਲੱਗੇ ਤੇ ਗੁਰੂ ਦੇ ਸਿਧਾਂਤਾ ’ਤੇ ਚੱਲਣ ਲਈ ਤਿਆਰ-ਬਰ-ਤਿਆਰ ਹੋਏ। ਖਾਲਸੇ ਨੂੰ ਆਦੇਸ਼ ਦਿੱਤਾ ‘‘ਜਹਾ ਤਹਾ ਤੁਮ ਧਰਮ ਬਿਥਾਰੋ ਦੁਸਟ ਦੋਖਯਨਿ ਪਕਰਿ ਪਛਾਰੋ ੪੨’’ (ਬਚਿਤ੍ਰ ਨਾਟਕ)

ਖਾਲਸੇ ਦੀ ਸਿਰਜਨਾ ਜ਼ੁਲਮ ਖਿਲਾਫ਼ ਇਕ ਜੰਗੀ ਐਲਾਨ ਸੀ। ਜਿਸ ਬਾਰੇ ਡਾ. ਸ਼ੇਰ ਸਿੰਘ ਲਿਖਦਾ ਹੈ ‘ਇਹ ਸਿਰ-ਲੱਥ ਸੂਰਬੀਰਾਂ ਦੀ ਜਥੇਬੰਦੀ ਜੋ ਖਾਲਸਾ ਪੰਥ ਦੇ ਨਾਉਂ ਨਾਲ ਪ੍ਰਸਿੱਧ ਹੋਈ। ਇਸ ਅੰਮ੍ਰਿਤ ਨੇ ਸਿੰਘਾਂ ਦਾ ਹੁਲੀਆ ਅੰਦਰੋਂ ਮਨ ਦਾ ਅਤੇ ਬਾਹਰੋਂ ਸਰੀਰ ਦਾ ਬਿਲਕੁਲ ਬਦਲ ਦਿੱਤਾ। ਉਨ੍ਹਾਂ ਦਾ ਨਵਾਂ ਜਨਮ ਹੋਇਆ। ਕਾਇਰਤਾ ਭਰਮਾਂ-ਵਹਿਮਾਂ ਤੇ ਨਿਰਾਸ਼ਤਾ ਭਰਿਆ ਜੀਵਨ ਖਤਮ ਕੀਤਾ ਤੇ ਨਵਾਂ ਜੀਵਨ ਨਵੇਂ ਸੁਪਨੇ ਨਵੇਂ ਨਿਸ਼ਾਨ ਤੇ ਨਵੇਂ ਸਰੂਪ ਨਾਲ ਹੀ ਆ ਗਏ। ਗਿਦੜਾਂ ਤੋਂ ਸ਼ੇਰ ਬਣ ਗਏ ਚਿੜੀਆਂ ਬਾਜਾਂ ਵਿੱਚ ਬਦਲ ਗਈਆਂ।’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਮੁਰਦਾ ਹੋ ਚੁੱਕੀ ਮਨੁੱਖਤਾ ਅੰਦਰ ਜਾਨ ਪਾ ਕੇ ਬੇਮਿਸਾਲ ਤਾਕਤ ਵਾਲੇ ਸੂਰਮਿਆਂ ਦੀ ਜੱਥੇਬੰਦੀ ਨੂੰ ਹੋਂਦ ’ਚ ਲਿਆਂਦਾ। ਇਹ ਸੂਰਮੇ ਦੇਖਣ ਨੂੰ ਤਾਂ ਗਰੀਬ, ਨਿਮਾਣੇ, ਕਮਜੋਰ ਲੱਗਦੇ ਹਨ, ਪਰ ਇਨ੍ਹਾਂ ਦਾ ਬਲ ਸ਼ੇਰ ਤੋਂ ਵੀ ਕਿਤੇ ਜਿਆਦਾ ਹੁੰਦਾ ਹੈ, ਜਿਸ ਬਾਰੇ ਕੁਇਰ ਸਿੰਘ ‘ਗੁਰਸ਼ੋਭਾ’ ’ਚ ਲਿਖਦੇ ਹਨ ਮੈ ਅਸਿਪਾਨਿਜ ਤਬ ਲਖੋ, ਕਰੋ ਐਸ ਯੌ ਕਾਮ ਚਿੜੀਅਨ ਬਾਜ ਤੁਰਾਯ ਹੌ, ਸਸੇ ਕਰੋ ਸਿੰਘ ਸਾਮ ਬਾਜ ਚਿੜੀ ਕਹੁ ਮਾਰ ਹੈ, ਪ੍ਰਭਤਾ ਕਛ ਨਾਹ ਤਾਤੈ ਕਾਲ ਕੀਓ ਇਹੈ, ਬਾਜ ਹਨੈ ਚਿੜੀਆਹ

ਇਸ ਐਲਾਨ ਨਾਲ ਸਿੱਖਾਂ ਵਿੱਚ ਸੂਰਮਗਤੀ ਦਾ ਜੋਸ਼ ਹੋਰ ਪ੍ਰਚੰਡ ਹੋਇਆ, ਜਿਸ ਦੀਆਂ ਸਿੱਖ ਇਤਿਹਾਸ ’ਚੋਂ ਅਨੇਕਾਂ ਮਿਸਾਲਾਂ ਮਿਲ ਸਕਦੀਆਂ ਹਨ। ਇੱਥੇ ਅਸੀਂ ਦ੍ਰਿਸ਼ਟਾਂਤ ਵਜੋਂ ਭਾਈ ਬਚਿੱਤਰ ਸਿੰਘ ਦੀ ਸਾਖੀ ਲੈ ਰਹੇ ਹਾਂ। ਬਚਿੱਤਰ ਸਿੰਘ ਅਤੇ ਭਾਈ ਦੁਨੀ ਚੰਦ ਵਾਲੀ ਘਟਨਾ ਵਿੱਚ ਸੂਰਮੇ ਅਤੇ ਡਰਪੋਕ ਵਿਚਲਾ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ। ਅਨੰਦਪੁਰ ਸਾਹਿਬ ਵਿਖੇ ਮੁਗ਼ਲਾਂ ਦੀ ਭਾਰੀ ਫੌਜ ਨੇ ਹਮਲਾ ਕੀਤਾ। ਕਿਲ੍ਹਾ ਲੋਹਗੜ੍ਹ ਦੇ ਜੰਗ ਵਿੱਚ ਤਾਂ ਰਾਜਿਆਂ ਨੇ ਇਥੋਂ ਤੱਕ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ‘ਇਕ ਹਾਥੀ ਨੂੰ ਸ਼ਰਾਬ ਪਿਲਾ ਕੇ ਮਸਤ ਕਰਕੇ ਅਨੰਦਪੁਰ ’ਤੇ ਹਮਲੇ ਲਈ ਤਿਆਰ ਕੀਤਾ ਗਿਆ।’ ਜਿਸ ’ਤੇ ਫੌਲਾਦੀ ਤਵੇ ਬੰਨੇ ਹੋਏ ਸਨ ਤੇ ਸੁੰਡ ਦੇ ਨਾਲ ਨੰਗੀਆਂ ਤੇਜ਼ਧਾਰ ਤਲਵਾਰਾਂ ਦੀ ਨਸਬ ਕੀਤੀ। ਉਸ ਨੂੰ ਸ਼ਰਾਬ ਪਿਲਾ ਕੇ ਕਿਲ੍ਹੇ ਦਾ ਬੂਹਾ ਤੋੜਨ ਲਈ ਬੜੇ ਜ਼ੋਰ-ਸ਼ੋਰ ਨਾਲ ਅੱਗੇ ਵਧਾਇਆ। ਅਨੇਕਾਂ ਬਹਾਦਰ ਸਿੱਖ ਵੈਰੀਆਂ ਵਿਰੁੱਧ ਦ੍ਰਿੜਤਾ ਨਾਲ ਡਟੇ ਰਹੇ ਤੇ ਮੁਗਲਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।

ਗੁਰੂ ਜੀ ਨੇ ਪਹਿਲਾਂ ਦੁਨੀ ਚੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਤੇ ਬੀਰਤਾ ਵਿਖਾਉਣ ਲਈ ਕਿਹਾ, ਪਰ ਦੁਨੀ ਚੰਦ ਡਰ ਕਾਰਨ ਭੱਜ ਨਿਕਲਿਆ ਤੇ ਕਿਲ੍ਹੇ ਦੀ ਦੀਵਾਰ ਟੱਪਣ ਸਮੇਂ ਆਪਣੀ ਲੱਤ ਤੁੜਵਾ ਬੈਠਾ ਯੌਂ ਸੁਨ ਦੁਨੀ ਚੰਦ ਘਰ ਆਯੋ ਨਿਜ ਸੰਗਤ ਮਨ ਮਤਾ ਪਕਾਯੋ  ਚਲਾ ਭਾਜ ਕੈ ਬਿਲਮ ਕਈ ਗਿਰਿ ਤੇ ਖਿਸਕ ਟਾਂਗ ਟੁਟ ਗਈ ਫਿਰ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਥਾਪੜਾ ਦੇ ਕੇ ਆਪਣੀ ਤਰਫੋਂ ਹਾਥੀ ਦਾ ਮੁਕਾਬਲਾ ਕਰਨ ਲਈ ਕਿਹਾ। ਜਿਵੇਂ ਹੀ ਗੁਰੂ ਜੀ ਨੇ ਹੁਕਮ ਦਿੱਤਾ ਸੁਣਦੇ ਸਾਰ ਹੀ ਗੁਰੂ ਦਾ ਯੋਧਾ ਨਿਰਭੈ ਹੋ ਕੇ ਗੁਰੂ ਕੋਲੋਂ ਆਗਿਆ ਲੈਣ ਲਈ ਖਤਰਨਾਕ ਹਾਥੀ ਦੇ ਮੁਕਾਬਲੇ ਲਈ ਖੁਸ਼ੀ ਮਹਿਸੂਸ ਕਰ ਰਿਹਾ ਸੀ ਕਿਉਕਿ ਗੁਰੂ ਜੀ ਨੇ ਆਪ ਉਸ ਅੰਦਰ ਅਥਾਹ ਬਲ ਦੇ ਕੇ ਬੀਰਤਾ ਵਿਖਾਉਣ ਲਈ ਕਿਲ੍ਹੇ ਤੋਂ ਬਾਹਰ ਭੇਜਿਆ, ਜਿਸ ਬਾਰੇ ਕੁਇਰ ਸਿੰਘ ਲਿਖਦਾ ਹੈ ਤਾਹਿ ਭਾਗ ਜਾਗੇ ਜਾਨੀਐ ਗੁਰ ਬੋਲ ਲੀਨਾ ਤਾਹਿ ਸਭ ਕਹੀ ਤਾਕੋ ਬਾਨੀਆ, ਬਲ ਦੀਨ ਤਾ ਬਪੁ ਮਾਹਿ ਕਹਯੋ ਬਿਜੈ ਕੋ ਪਧਾਰੀਐ, ਜਿਹ ਪੌਰ ਕੋ ਗਜ ਆਹਿ ਨਿਰਭੈ ਹਨੋ ਤਿਹ ਭਾਲ ਭੱਲਾ ਤੁਰਕ ਨਾਸ ਪਲਾਹਿ

ਕਿਲ੍ਹੇ ’ਚੋਂ ਭਾਈ ਬਚਿੱਤਰ ਸਿੰਘ ਜੀ, ਜੋ ਹੱਦ ਦਰਜੇ ਦਾ ਫੁਰਤੀਲਾ ਸੂਰਬੀਰ ਯੋਧਾ ਸੀ, ਨੂੰ ਗੁਰੂ ਜੀ ਨੇ ਆਪ ਨਾਗਣੀ ਫੜਾ ਕੇ ਭੇਜਿਆ। ਘੋੜੇ ਉੱਤੇ ਚੜ੍ਹ ਕੇ ਭਾਈ ਸਾਹਿਬ ਨੇ ਨਾਗਣੀ ਦਾ ਅਜਿਹਾ ਭਰਪੂਰ ਤੇ ਤੁਲਵਾਂ ਵਾਰ ਕੀਤਾ ਕਿ ਉਹ ਹਾਥੀ; ਸਿੱਖਾਂ ਨੂੰ ਕੁਲਚਣ ਦੀ ਬਜਾਇ ਜ਼ਾਲਮਾਂ ਤੇ ਅੱਤਿਆਚਾਰੀ ਸੈਨਿਕਾਂ ਨੂੰ ਕੁਚਲਦਾ ਹੋਇਆ ਪਿੱਛੇ ਮੁੜ ਗਿਆ। ਜਿਸ ਦਾ ਜ਼ਿਕਰ ਸੰਤੋਖ ਸਿੰਘ ਚੂੜਾਮਣੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਰਦੇ ਹਨ ਪ੍ਰੇਰਤਿ ਘਨੇ ਮੋਰਿਬੋ ਗਜ ਕੋ ਜਹਿਂ ਦੇਖਤਿ ਨਿਜ ਨੇਰੇ ਰਿਸ ਤੇ ਸੁੰਡ ਫੇਰਤੋ ਮਾਰਤਿ ਸੈਫ ਸਾਥ ਗਨ ਗੇਰੇ ਰਹਯੋ ਖਾਲਸਾ ਮਾਰਨ ਤੇ ਕਿਤ, ਇਕ ਮਤੰਗ ਹੀ ਮਾਰੈ ਇਸ ਤਰ੍ਹਾਂ ਭਾਈ ਬਚਿੱਤਰ ਸਿੰਘ ਜੀ ਨੇ ਗੁਰੂ ਦਾ ਥਾਪੜਾ ਲੈ ਕੇ ਭਿਆਨਕ ਤੇ ਖ਼ਤਰਨਾਕ ਹਾਥੀ ਨੂੰ ਮੁਗਲ ਫੌਜਾਂ ਵਿਰੁੱਧ ਭਜਾ ਕੇ ਸੂਰਬੀਰਤਾ ਦੀ ਅਦੁੱਤੀ ਮਿਸਾਲ ਸੰਸਾਰ ਸਾਹਮਣੇ ਰੱਖੀ। ਬਚਿੱਤਰ ਸਿੰਘ ਜੀ ਦੀ ਸੂਰਬੀਰਤਾ ਪਿੱਛੇ ਦਸਮੇਸ਼ ਪਿਤਾ ਦੇ ਉਪਦੇਸ਼ ਕੰਮ ਕਰਦੇ ਸਨ।

ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧਾਂ ’ਤੇ ਡੂੰਘੀ ਵਿਚਾਰ ਕਰਨ ਤੋਂ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਗੁਰੂ ਗੋਬਿੰਦ ਜੀ ਦੇ ਸਮੁੱਚੇ ਜੀਵਨ ਸੰਘਰਸ਼ ਦਾ ਉਦੇਸ਼ ਸੱਚ, ਧਰਮ ਦੀ ਸਥਾਪਨਾ ਲਈ, ਮਜ਼ਲੂਮਾਂ, ਨਿਤਾਣਿਆਂ ਦੀ ਰਾਖੀ ਅਤੇ ਹਰ ਤਰ੍ਹਾਂ ਦੇ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਸੀ। ਉਨ੍ਹਾਂ ਦੀਆਂ ਜੰਗਾਂ ਦਾ ਮਨੋਰਥ ਵੀ ਲੋਕਾਂ ਨਾਲ ਹੋ ਰਹੇ ਜ਼ਬਰ ਧੱਕੇਸ਼ਾਹੀ ਤੇ ਅਨਿਆਂ ਨੂੰ ਠੱਲ੍ਹ ਪਾਉਣਾ ਸੀ, ਜੋ ਕਿ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਦੇ ਅਸੂਲ ’ਤੇ ਆਧਾਰਤ ਸੀ ਅਤੇ ਇਹੀ ਸਿੱਖ ਸੂਰਬੀਰਤਾ ਦੇ ਮੁੱਖ ਲੱਛਣ ਹਨ। ਇਸੇ ਸੂਰਬੀਰਤਾ ਨੂੰ ਸਿੱਖਾਂ ਵਿੱਚ ਹਮੇਸ਼ਾ ਭਰਨ ਲਈ ਲੋਕਾਂ ਦੀ ਗੁਲਾਮ ਮਾਨਸਿਕਤਾ ਨੂੰ ਅਜ਼ਾਦ ਕਰਨ ਲਈ ਅਤੇ ਸੁੱਤੀ ਹੋਈ ਅਣਖ ਨੂੰ ਜਗਾਉਣ ਲਈ, ਮਨਾਂ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਭਰਨ ਲਈ ਖ਼ਾਲਸੇ ਦੀ ਸਾਜਣਾ ਕੀਤੀ। ਜਿਹੜੇ ਲੋਕ ਹਕੂਮਤੀ ਕਰਿੰਦਿਆਂ ਦੇ ਸਾਹਮਣੇ ਵੀ ਜ਼ੁਬਾਨ ਖੋਲ੍ਹਣ ਦੀ ਹਿੰਮਤ ਨਹੀਂ ਰੱਖਦੇ ਸਨ, ਉਨ੍ਹਾਂ ਦੇ ਹੱਥਾਂ ਵਿੱਚ ਤੇਗਾਂ, ਖੰਡੇ ਫੜਾ ਕੇ ਯੋਧੇ ਬਣਾ ਦਿੱਤਾ। ਆਪਣੀ ਦੂਰ ਅੰਦੇਸ਼ ਅਗਵਾਈ ਦੁਆਰਾ ਹੋਲੇ ਮੁਹੱਲੇ ਦੀ ਪਰੰਪਰਾ ਸ਼ੁਰੂ ਕਰਕੇ ਦਬੇ-ਕੁਚਲੇ ਅਤੇ ਸਾਹਸਹੀਣ ਲੋਕਾਂ ਨੂੰ ਜ਼ਬਰ ਜ਼ੁਲਮ ਦੇ ਖ਼ਿਲਾਫ ਜੂਝਣ ਦੇ ਸਮਰੱਥ ਬਣਾ ਦਿੱਤਾ।

ਸਿੱਖਾਂ ਵਿੱਚ ਬੀਰਤਾ ਭਰਨ ਅਤੇ ਜ਼ੁਲਮੀ ਦਾ ਅੰਦਰ ਹਿਲਾਉਣ ਲਈ ਗੁਰੂ ਜੀ ਨੇ ਰਣਜੀਤ ਨਗਾਰਾ ਤਿਆਰ ਕੀਤਾ। ਗੁਰੂ ਦਰਬਾਰ ਵਿੱਚ ਇਸ ’ਤੇ ਚੋਟ ਲਗਾਉਣੀ ਸ਼ੁਰੂ ਕੀਤੀ, ਜੋ ਕਿ ਮਹਾਨ ਯੋਧੇ ਦੀ ਬੀਰਤਾ ਦਾ ਪ੍ਰਤੀਕ ਹੁੰਦਾ ਹੈ।

ਰਣਜੀਤ ਨਗਾਰੇ ਤੋਂ ਇਲਾਵਾ ਪ੍ਰਸਾਦੀ ਹਾਥੀ ਰੱਖਣਾ, ਕਿਲ੍ਹੇ ਬਣਾਉਣੇ, ਸਿਰ ’ਤੇ ਸੁਨਹਿਰੀ ਕਲਗ਼ੀ ਸਜਾਉਣੀ, ਅਤਿ ਕੀਮਤੀ ਸਿੰਘਾਸਣ ਤਿਆਰ ਕਰਨਾ, ਉਸ ਸਮੇਂ ਅਤਿ ਕਠਿਨ ਕਾਰਜ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹੇ ਕਾਰਜ ਆਮ ਕਾਰਜਾਂ ਵਾਂਗ ਹੀ ਲੱਗਦੇ ਸਨ, ਜੋ ਕਿ ਸੂਰਬੀਰ ਯੋਧੇ ਦੀ ਬੀਰਤਾ ਦਾ ਪੂਰਨ ਪ੍ਰਗਟਾਅ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਯੁੱਧ; ਮੁਗ਼ਲਾਂ ਦੀ ਦਸ ਗੁਣੀ ਫੌਜ ਦੇ ਮੁਕਾਬਲੇ ਕੁੱਝ ਕੁ ਬਹਾਦਰ ਸਿੰਘਾਂ ਦੇ ਨਾਲ ਹੀ ਹੁੰਦੇ ਰਹੇ ਹਨ। ਸੰਸਾਰ ਦਾ ਅਨੋਖਾ ਯੁੱਧ ਚਮਕੌਰ ਸਾਹਿਬ ਦਾ ਯੁੱਧ ਸੀ, ਜਿੱਥੇ ਇਕ ਪਾਸੇ ਚਾਲ਼ੀ ਭੁੱਖੇ ਤਿਹਾਏ ਸਿੰਘ ਸਨ ਤੇ ਦੂਜੇ ਪਾਸੇ ਦਸ ਲੱਖ ਦੀ ਫੌਜ। ਪਰ ਬੀਰਤਾ ਐਸੀ ਦ੍ਰਿੜ੍ਹ ਹੋ ਚੁੱਕੀ ਸੀ ਕਿ ਗਿਣਤੀ ਤੇ ਸ਼ਕਤੀ; ਡਰਾ ਨਹੀਂ ਸੀ ਸਕਦੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਚੜ੍ਹਦੀ ਕਲਾ ’ਚ ਰੱਖਣ ਲਈ ਨਾਮ ਦਾ ਸਹਾਰਾ ਦਿੱਤਾ। ਕੱਚੀ ਗੜ੍ਹੀ ਦੇ ਅੰਦਰ ਸਿਰਫ਼ ਗੁਰੂ ਸਾਹਿਬ ਤੇ ਉਨ੍ਹਾਂ ਦੇ ਵੱਡੇ ਦੋ ਸਹਿਬਜ਼ਾਦਿਆਂ ਤੋਂ ਇਲਾਵਾ ਗੁਰੂ ਕੇ ਬਹਾਦਰ ਸਿੰਘ ਸਨ। ਇੱਥੇ ਗੁਰੂ ਜੀ ਨੇ ਸਵਾ ਲੱਖ ਨਾਲ ਇੱਕ ਨੂੰ ਲੜਾਉਣ ਵਾਲੀ ਗੱਲ ਸਿੱਧ ਕਰਕੇ ਵਿਖਾਈ। ਅੰਦਰੋਂ ਬੜੀ ਦਲੇਰੀ ਨਾਲ ਦੁਸ਼ਮਣ ਦਾ ਮੁਕਬਲਾ ਕਰਨ ਲੱਗੇ। ਇਸ ਮੁਕਾਬਲੇ ਦੌਰਾਨ ਉਨ੍ਹਾਂ ਨੇ ਬੜੀ ਅਮੋਘ ਤੀਰਾਂ ਦੇ ਨਿਸਾਨਿਆਂ ਦੀ ਐਸੀ ਝੜੀ ਲਗਾਈ ਕਿ ਵਿਰੋਧੀ ਸਰਦਾਰ ਨਾਹਰ ਖ਼ਾਨ ਆਦਿ ਵਰਗੇ ਅਨੇਕਾਂ ਹੀ ਧਰਤੀ ’ਤੇ ਹਮੇਸ਼ਾ ਲਈ ਸੌਂ ਗਏ। ਇਧਰੋਂ ਗੁਰੂ ਸਾਹਿਬ ਦੇ ਦੋ ਪੁੱਤਰ ਅਜਿਹੀ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਉਂਦੇ ਗਏ ਅਤੇ ਬੇਅੰਤ ਜ਼ਾਲਮਾਂ ਨੂੰ ਮਾਰਦੇ ਹੋਏ ਆਪਣੇ ਸਰੀਰ ’ਤੇ ਅਨੇਕਾਂ ਫੱਟ ਖਾ ਕੇ ਸ਼ਹੀਦ ਹੁੰਦੇ ਗਏ। ਗੁਰੂ ਜੀ ਨੇ ਇਹ ਨਜ਼ਾਰਾ ਆਪ ਆਪਣੇ ਅੱਖੀਂ ਵੇਖਿਆ ਤੇ ਗੜ੍ਹੀ ਵਿੱਚੋਂ ਜੈਕਾਰਾ ਛੱਡਿਆ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ‘‘ਤੇਰਾ ਤੁਝ ਕਉ ਸਉਪਤੇ; ਕਿਆ ਲਾਗੈ ਮੇਰਾ  ?’’ (ਭਗਤ ਕਬੀਰ/੧੩੭੫) ਵਾਲੀ ਸਚਾਈ ਪ੍ਰਗਟ ਕਰ ਵਿਖਾਈ। ਇਸ ਜੰਗ ਵਿੱਚ ਤੀਹ ਸਿੰਘ, ਸ਼ਹੀਦੀ ਜਾਮ ਪੀ ਗਏ ਸਨ। ਫਿਰ ਸਿੰਘਾਂ ਨੇ ਪੰਜ ਪਿਆਰਿਆਂ ਦਾ ਰੂਪ ਲੈ ਕੇ ਗੁਰੂ ਸਾਹਿਬ ਨੂੰ ਗੜ੍ਹੀ ਵਿੱਚੋਂ ਬਾਹਰ ਨਿਕਲਣ ਲਈ ਆਖਿਆ ਕਿਉਂਕਿ ‘ਕਈ ਵਾਰ ਤਾਂ ਜੀਵਨ ਦੀ ਚੰਗਿਆੜੀ ਨੂੰ ਬਚਾ ਲੈਣਾ ਵੀ ਸਭ ਤੋਂ ਵੱਡੀ ਨਿੱਜੀ ਕੁਰਬਾਨੀ ਹੁੰਦੀ ਹੈ। ਅਜਿਹੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਅੱਕ ਦੇ ਪੱਤੇ ਖਾ ਕੇ ਝੱਟ ਲੰਘਾਉਣਾ ਤੇ ਮੌਤ ਦੀ ਥਾਂ ਆਪਣੇ ਆਪ ਨੂੰ ਜੀਵਤ ਰੱਖ ਸਕਣਾ ਹੀ ਸਭ ਤੋਂ ਪਵਿੱਤਰ ਤੇ ਸ਼ੁੱਧ ਮਨੁੱਖੀ ਕਾਰਜ ਸੀ।’

ਸਿੱਖ ਸੂਰਮਿਆਂ ਲਈ ਚਮਕੌਰ ਸਾਹਿਬ ਦੇ ਘਮਸਾਨ ਯੁੱਧ ’ਚ ਸ਼ਹਾਦਤ ਦਾ ਜਾਮ ਪੀਣਾ ਸੌਖਾ ਸੀ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪੁੱਤਰਾਂ ਅਤੇ ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਆਪਣੇ ਆਪ ਨੂੰ ਜੀਵਤ ਰੱਖਣਾ ਵੱਡੀ ਸੂਰਬੀਰਤਾ ਸੀ ਕਿਉਂਕਿ ਅਜਿਹੀ ਅਵਸਥਾ ’ਚ ਵਿਚਰਨਾ ਆਮ ਇਨਸਾਨ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਗੁਰੂ ਜੀ ‘ਆਪੇ ਗੁਰ ਚੇਲਾ’ ਦੀ ਮਰਿਆਦਾ ਨੂੰ ਨਿਭਾਉਂਦੇ ਹੋਏ ਗੜ੍ਹੀ ’ਚੋਂ ਬਾਹਰ ਆ ਗਏ, ਤਾਂ ਜੋ ਸਿੱਖ ਪੰਥ ਦਾ ਮੁੜ ਵਿਕਾਸ ਕੀਤਾ ਜਾ ਸਕੇ। ਸਿੱਖੀ ਖੰਡੇ ਦੀ ਧਾਰ ਉੱਪਰ ਚੱਲਣ ਸਮਾਨ ਹੈ ਭਾਵ ਇਸ ਮਾਰਗ ਉੱਪਰ ਪੈਰ ਪੈਰ ’ਤੇ ਅਸਹਿ ਅਤੇ ਅਕਹਿ ਕਸ਼ਟ ਤੂਫਾਨ ਦੀ ਰਫ਼ਤਾਰ ਨਾਲ ਆ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵੱਲ ਰਵਾਨਾ ਹੋਣ ਦੇ ਬਿਰਤਾਂਤ ਨੂੰ ਤੇਜਾ ਸਿੰਘ, ਗੰਡਾ ਸਿੰਘ ਇਸ ਤਰਾਂ ਲਿਖਦੇ ਹਨ ‘‘ਗੁਰੂ ਜੀ ਦੇ ਥਾਂ ਥਾਂ ਘੁੰਮਣ ਦੀ ਕਹਾਣੀ ਰੌਂਗਟੇ ਖੜੇ ਕਰ ਦੇਣ ਵਾਲਾ ਇਕ ਸਾਕਾ ਹੈ। ਇਨ੍ਹਾਂ ਦਿਨਾਂ ਵਿੱਚ ਗੁਰੂ ਜੀ ਮਾਛੀਵਾੜੇ ਦੇ ਕੰਡਿਆਲੇ ਜੰਗਲ ਵਿੱਚ ਨੰਗੇ ਪੈਰੀ ਘੁੰਮਦੇ ਫਿਰੇ ਅਤੇ ਉਨ੍ਹਾਂ ਨੇ ਦਸੰਬਰ ਦੀਆਂ ਠੰਡੀਆਂ ਰਾਤਾਂ ਅਕਾਸ਼ ਦੇ ਥੱਲੇ ਟਿਮਟਮਾਉਂਦੇ ਤਾਰਿਆਂ ਵੇਖਦਿਆਂ ਲੰਘਾਈਆਂ। ਕਈ ਦਿਨਾਂ ਤੱਕ ਉਨ੍ਹਾਂ ਨੂੰ ਖਾਣ ਨੂੰ ਕੁਝ ਨਹੀਂ ਮਿਲਿਆ ਅਤੇ ਉਨ੍ਹਾਂ ਨੇ ਅੱਕ ਦੇ ਪੱਤਿਆਂ ਨੂੰ ਖਾ ਕੇ ਹੀ ਗੁਜਾਰਾ ਕੀਤਾ ਅਤੇ ਅਣਹੋਣੀ ਦਸ਼ਾ ਵਿੱਚ ਮਿੱਟੀ ਦੇ ਢੇਲੇ ਨੂੰ ਆਪਣਾ ਸਰ੍ਹਾਣਾ ਅਤੇ ਨੰਗੀ ਧਰਤੀ ਨੂੰ ਆਪਣਾ ਬਿਸਤਰ ਬਣਾਇਆ।’

ਗੁਰੂ ਜੀ ਦੁਸ਼ਮਣਾਂ ਨੂੰ ਲਲਕਾਰਦੇ ਚਮਕੌਰ ਸਾਹਿਬ ਤੋਂ ਮਾਛੀਵਾੜੇ ਨੂੰ ਰਵਾਨਾ ਹੋਏ। ਇਸ ਜੰਗ ਵਿੱਚ ਦਸਮੇਸ਼ ਪਿਤਾ ਦੀ ਸੂਰਬੀਰਤਾ ਇਹ ਸੀ ਕਿ ਇੱਕ ਤਾਂ ਗੁਰੂ ਜੀ ਨੇ ਵੱਡੀ ਭਾਰੀ ਫੌਜ ਵਿਰੁੱਧ ਡਟ ਕੇ ਹਮਲਾ ਕੀਤਾ ਤੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾ ਕੇ ਅਨੰਦ ਮਹਿਸੂਸ ਕੀਤਾ ਅਤੇ ਪੰਥ ਦੇ ਭਲੇ ਲਈ ਜੰਗ ’ਚ ਲਲਕਾਰਦੇ ਹੋਏ ਸਹੀ ਸਲਾਮਤ ਨਿਕਲ ਗਏ। ਉਧਰ ਗੁਰੂ ਜੀ ਦੇ ਛੋਟੇ ਲਾਲਾਂ ਨੇ ਜ਼ੁਲਮੀ ਹਕੂਮਤ ਸਾਹਮਣੇ ਅਣਖ ਨਾਲ ਸ਼ਹੀਦੀ ਪ੍ਰਾਪਤ ਕਰ ਲਈ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਜਿਸ ਨੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਕਿਲ੍ਹੇ ਦੇ ਬੁਰਜ ਵਿੱਚ ਕੈਦ ਕਰ ਦਿੱਤਾ। ਵਜ਼ੀਰ ਖਾਂ ਨੇ ਕਈ ਤਰ੍ਹਾਂ ਦੇ ਲਾਲਚ ਤੇ ਡਰਾਵੇ ਦੇ ਕੇ ਮਾਸੂਮ ਬੱਚਿਆਂ ਨੂੰ ਇਸਲਾਮ ਕਬੂਲ ਕਰਨ ਲਈ ਪ੍ਰੇਰਿਆ। ਪ੍ਰੰਤੂ ਸ਼ੇਰ ਦੇ ਬੱਚਿਆਂ ਨੇ ਗੱਜ ਕੇ ਉਸ ਨੂੰ ਨਾਹ ਵਿੱਚ ਜਵਾਬ ਦਿੱਤਾ। ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਲਗਭਗ 9 ਸਾਲ ਤੇ ਬਾਬਾ ਫ਼ਤਿਹ ਸਿੰਘ ਦੀ 7 ਕੁ ਸਾਲ ਸੀ ਨਉ ਸਾਲ ਅਵਸਥਾ ਜ਼ੋਰਾਵਰ ਸਿੰਘ ਜੀ ਭਏ ਸਾਢੇ ਸੱਤ ਸਾਲ ਅਵਸਥਾ ਫਤੇ ਸਿੰਘ ਜੀ ਭਏ

‘ਵਜ਼ੀਰ ਖਾਂ ਪਹਿਲਾਂ ਹੀ ਇਸ ਗੱਲੋਂ ਖਿੱਝਿਆ ਹੋਇਆ ਸੀ ਕਿ ਉਸ ਦੇ ਅਨੇਕਾਂ ਜਤਨਾਂ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਬਚ ਕੇ ਨਿਕਲ ਗਏ ਸਨ। ਹੁਣ ਛੋਟੇ ਬੱਚਿਆਂ ਦੇ ਮੂੰਹੋਂ ਕਰਾਰੇ ਜੁਆਬ ਸੁਣ ਕੇ ਉਸ ਨੂੰ ਰੋਹ ਚੜ੍ਹ ਗਿਆ ਤੇ ਉਹਨੇ ਮਾਸੂਮ ਬੱਚਿਆਂ ਨੂੰ ਜੀਉਂਦਿਆਂ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ। ਸੂਬੇਦਾਰ ਅੰਤ ਤੱਕ ਉਨ੍ਹਾਂ ਨੂੰ ਇਸਲਾਮ ਕਬੂਲ ਕਰ ਲੈਣਾ ਦੀ ਯੋਜਨਾ ਬਣਾਉਂਦਾ ਰਿਹਾ, ਪਰ ਸ਼ੇਰ ਦੇ ਬੱਚਿਆਂ ਨੇ ਧਰਮ ਛੱਡਣਾ ਪਰਵਾਨ ਨਾ ਕੀਤਾ ਤੇ ਖਿੜੇ ਮੱਥੇ ਕੁਰਬਾਨ ਹੋ ਗਏ। ਜਿਸ ਵੇਲੇ ਕੰਧ ਸਿਰ ਤੱਕ ਪਹੁੰਚੀ, ਬੱਚੇ ਬੇਹੋਸ਼ ਹੋ ਗਏ, ਤਾਂ ਕਤਲ ਕਰ ਦਿੱਤੇ ਗਏ। ਮਾਤਾ ਗੁਜਰੀ ਜੀ ਨੂੰ ਵੀ ਠੰਡੇ ਬੁਰਜ ’ਚੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਤੇ ਮੌਤ ਦੇ ਘਾਟ ਉਤਾਰ ਦਿੱਤਾ।’

ਛੋਟੇ ਛੋਟੇ ਬੱਚਿਆਂ ਦੀ ਸ਼ਹੀਦੀ ਨਾਲ ਲੋਕਾਂ ਵਿੱਚ ਬੀਰਤਾ ਦੀ ਨਵੀਂ ਭਾਵਨਾ ਜਾਗ ਪਈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਕਰਦੇ ਹੋਇਆ ਭਾਰਤ ਦੇ ਰਾਸ਼ਟਰ-ਕਵੀ ਮੈਥਲੀ ਸ਼ਰਨ ਗੁਪਤ ਨੇ ਕਿੰਨਾ ਸੋਹਣਾ ਲਿਖਿਆ ਹੈ ਜਿਸ ਕੁਲ, ਜਾਤ, ਕੌਮ ਕੇ ਬੱਚੇ, ਯੂੰ ਦੇ ਸਕਤੇ ਬਲੀਦਾਨ ਉਸ ਕਾ ਵਰਤਮਾਨ ਹੋ ਕੁਛ ਭੀ, ਭਵਿਸ਼ ਹੈ ਬੜਾ ਮਹਾਨ

ਗੁਰੂ ਅਧਿਆਤਮਕ ਗਿਆਨ ਦੀ ਪ੍ਰਾਪਤੀ ਲਈ ਮਾਰਗ ਪ੍ਰਦਰਸ਼ਕ ਦੀ ਅਵੱਸ਼ਕਤਾ ਹੁੰਦੀ ਹੈ ਤੇ ਗੁਰਬਾਣੀ ਅਨੁਸਾਰ ਗੁਰੂ ਹੀ ਇਹ ਮਾਰਗ ਪ੍ਰਦਰਸ਼ਕ ਹੈ। ਗੁਰੂ ਪਦ ਦੇ ਸ਼ਾਬਦਿਕ ਅਰਥ ਹਨ, ਹਨ੍ਹੇਰਾ ਦੂਰ ਕਰਕੇ ਰੌਸ਼ਨੀ (ਪ੍ਰਕਾਸ਼) ਕਰਨ ਵਾਲਾ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ‘ਧਰਮ ਉਪਦੇਸ, ਧਾਰਮਿਕ ਸਿਖਯਾ ਦੇਣ ਵਾਲਾ ਆਚਾਰਯ, ਮਤ ਦਾ ਆਚਾਰਯਾ, ਕਿਸੇ ਮਤ ਦਾ ਚਲਾਉਣ ਵਾਲਾ, ਪਤਿ (ਭਰਤਾ) ਅੰਤਹਿਕਰਣ (ਮਨ) ਪੂਜਯ ਤੇ ਵੱਡਾ (ਪ੍ਰਧਾਨ) ਗੁਰੂ ਹੈ।’ ਜਿਸ ਦਾ ਪ੍ਰਕਾਸ਼ ਅੰਧਕਾਰ ਨੂੰ ਦੂਰ ਕਰਦਾ ਹੈ ਅਤੇ ਗੁਰੂ ਮਨੁੱਖੀ ਜੀਵਨ ਦੇ ਅਗਿਆਨ ਨੂੰ ਦੂਰ ਕਰਦਾ ਹੈ ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ, ਸਮਝ ਆਵੈ (ਸਵਈਏ ਮਹਲੇ ਚਉਥੇ ਕੇ/ਭਟ ਨਲ/੧੩੯੯), ਗਿਆਨ ਅੰਜਨੁ ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ’’ (ਸੁਖਮਨੀ/ਮਹਲਾ /੨੯੩)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਸਰੂਪ ਬਿਆਨ ਕੇ ਉਸ ਦੀ ਪ੍ਰਾਪਤੀ ਦਾ ਸਾਧਨ ਮੁੱਖ ਰੂਪ ’ਚ ਸਤਿਗੁਰੂ ਨੂੰ ਸਰਬੋਤਮ ਦਰਜਾ ਦਿੱਤਾ ਇਸੇ ਲਈ ਮੂਲਮੰਤਰ ਦੇ ਅਖੀਰ ’ਚ ‘ਗੁਰ ਪ੍ਰਸਾਦਿ’ ਲਿਖਿਆ ਹੈ ਤਾਂ ਜੋ ਪਰਮਾਤਮਾ ਨਾਲ ਇਕਸੁਰ ਹੋਇਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ’ਚ ਹੀ ਗੁਰੂ ਜੀ ਦੀ ਪ੍ਰਮੁੱਖਤਾ ਬਾਰੇ ਸੇਧ ਮਿਲਦੀ ਹੈ। ਗੁਰੂ ਤੋਂ ਬਿਨਾਂ ਸ੍ਰੇਸ਼ਟ ਬੁੱਧੀ ਨਹੀਂ ਮਿਲ ਸਕਦੀ। ਸੱਚਾ ਗੁਰੂ ਆਪਣੇ ਸਿੱਖ ਨੂੰ ਪਰਮਾਤਮਾ ’ਚ ਵਿਸ਼ਵਾਸ ਦੀ ਐਸੀ ਜੁਗਤਿ ਸਮਝਾਉਂਦਾ ਹੈ, ਜਿਸ ਸਦਕਾ ਉਹ ਬਹਾਦਰੀ ਦੀ ਅਜਿਹੀ ਮਿਸਾਲ ਪੈਦਾ ਕਰਦਾ ਹੈ, ਜੋ ਪਹਿਲਾਂ ਕਦੇ ਨਾ ਵਾਪਰੀ ਹੋਵੇ। ਇਹੀ ਵਿਸ਼ਵਾਸ ਬਹਾਦਰੀ ਨੂੰ ਜਨਮ ਦਿੰਦਾ ਹੈ ਜਿਸ ਬਾਰੇ ਨਿਰਮਲ ਕੁਮਾਰ ਜੈਨ ਲਿਖਦਾ ਹੈ  ‘ਪਰਮਾਤਮਾ ਵਿਚ ਡੂੰਘਾ ਵਿਸ਼ਵਾਸ ਉਸ ਨੂੰ ਕਠਿਨ ਪਰਸਥਿਤੀਆਂ ਵਿਚੋਂ ਬਚਾ ਸਕਦਾ ਹੈ। ਸੱਚੇ ਵਿਸ਼ਵਾਸ਼ ਵਿਚੋਂ ਬਹਾਦਰੀ ਅਤੇ ਨਿਡਰਤਾ ਉਤਪੰਨ ਹੁੰਦੀ ਹੈ।’ ਸਿੱਖ ਸੂਰਮਿਆਂ ਦੀ ਗਾਥਾ ਤੋਂ ਪਤਾ ਚੱਲਦਾ ਹੈ ਕਿ ਸਿੱਖ ਕਦੇ ਵੀ ‘ੴ’ ਤੋਂ ਵੱਖ ਨਹੀਂ ਹੁੰਦੇ ਭਾਵ ਉਹ ਸਰਬ ਸ਼ਕਤੀਮਾਨ ਅਕਾਲ ਪੁਰਖ ਨਾਲ ਰੋਜ਼ਾਨਾ ਸਾਂਝ ਪਾਉਂਦੇ ਹਨ। ਇਸੇ ਸਾਂਝ ’ਚੋਂ ਸਿੱਖ ਸੂਰਬੀਰਤਾ ਦਾ ਬੀਜ ਫੁੱਟਦਾ ਅਤੇ ਵਿਗਸਦਾ ਹੈ। ਗੁਰੂ ਦਾ ਰੁਤਬਾ ਸਿਰਮੌਰ ਹੈ। ‘ੴ’ ਅਤੇ ਸਿੱਖ ਦੀ ਆਪਸੀ ਸਾਂਝ ਦੀ ਮੁਖ ਕੜੀ ‘ਗੁਰੂ’ ਹੈ। ਇਸ ਲਈ ਸਿੱਖ ਸੂਰਮਗਤੀ ਦੇ ਮੁੱਖ ਸ੍ਰੋਤ ਵਜੋਂ ਗੁਰੂ ਹੀ ਸਾਰਥਕ ਹੁੰਦਾ ਹੈ। ਸੂਰਬੀਰਤਾ ਦਾ ਜਜ਼ਬਾ ਉਸ ਵਿਚੋਂ ਹੀ ਪੈਦਾ ਹੋਵੇਗਾ ਜੋ ਖੁਦ ਸੂਰਮਾ ਹੋਵੇ। ਗੁਰਬਾਣੀ ਇਹ ਗੱਲ ਸਿੱਧ ਕਰਦੀ ਹੈ ਕਿ ਗੁਰੂ ਅਕਾਲ ਪੁਰਖ ਦੀ ਤਰ੍ਹਾਂ ਹੀ ਸੂਰਬੀਰ ਹੈ ‘‘ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ’’ (ਮਹਲਾ /੧੬੩)  ਗੁਰੂ ਸੂਰਮਾ ਇਸ ਕਰਕੇ ਹੈ ਕਿਉਂਕਿ ਗੁਰੂ ਨੇ ਵਿਕਾਰ ਰੂਪੀ ਸਤਰੂਆਂ ਉੱਪਰ ਚਿਰੰਕਾਲ ਲਈ ਜਿੱਤ ਪ੍ਰਾਪਤ ਕੀਤੀ ਹੁੰਦੀ ਹੈ। ਉਹ ਕਰਨੀ ਅਤੇ ਕਥਨੀ ਵਿੱਚ ਪੱਕੇ ਰਹਿੰਦੇ ਹਨ, ਜਿਨ੍ਹਾਂ ਤੋਂ ਸਿੱਖ ਹਮੇਸ਼ਾ ਬਲਿਹਾਰ ਜਾਂਦਾ ਹੈ ‘‘ਹਉ ਬਲਿਹਾਰੀ ਸਤਿਗੁਰ ਪੂਰੇ   ਸਰਣਿ ਕੇ ਦਾਤੇ ਬਚਨ ਕੇ ਸੂਰੇ ’’ (ਮਹਲਾ /੧੦੭੩)

ਗੁਰੂ ਸੂਰਬੀਰਤਾ ਲਈ ਪਥ-ਪ੍ਰਦਰਸ਼ਕ ਹੈ। ਗੁਰੂ ਤੋਂ ਬਿਨਾਂ ਨਾ ਤਾਂ ਭਗਤੀ ਦੀ ਜਾਚ ਆਉਂਦੀ ਹੈ ਅਤੇ ਨਾ ਸ਼ਕਤੀ ਨੂੰ ਵਿਹਾਰਕ ਰੂਪ ਵਿੱਚ ਲਿਆਂਦਾ ਜਾ ਸਕਦਾ ਹੈ। ਸਿੱਖ ਚਿੰਤਨ ਵਿੱਚ ਗੁਰੂ ਅਤੇ ਅਕਾਲ ਪੁਰਖ ਇਕਮਿਕ ਰਹਿੰਦੇ ਹਨ। ਇਸ ਤੋਂ ਮਗਰੋਂ ਗੁਰੂ ਅਤੇ ਸਿੱਖ ਦੇ ਆਪਣੇ ਆਪਸੀ ਦੁਵੱਲੇ ਪ੍ਰੇਮ ਸਦਕਾ ਇਕਮਿਕ ਹੋ ਕੇ ਵਿਚਰਦੇ ਹਨ। ਜਦੋਂ ਗੁਰੂ ਆਪਣੇ ਸਿੱਖ ਨੂੰ ਅਵਾਜ਼ ਮਾਰਦਾ ਹੈ ਤਾਂ ਸਿੱਖ ਪੂਰੇ ਉਤਸ਼ਾਹ ਨਾਲ ਗੁਰੂ ਵੱਲ ਦੌੜਦਾ ਹੈ। ਗੁਰੂ ਦੇ ਹੁਕਮ ਨੂੰ ਮੰਨ ਲੈਣ ਵਿੱਚ ਸਿੱਖ ਦੀ ਬਹਾਦਰੀ ਪ੍ਰਗਟ ਹੁੰਦੀ ਰਹੀ ਹੈ। ਉਦਾਹਰਨ ਵਜੋਂ ਕੁਝ ਦ੍ਰਿਸ਼ਟਾਂਤ ਸਿੱਖ ਇਤਿਹਾਸ ’ਚੋਂ ਲੈ ਸਕਦੇ ਹਾਂ; ਜਿਵੇਂ ਕਿ ਭਾਈ ਜੋਗਾ ਸਿੰਘ ਗੁਰੂ ਦੇ ਲਾਡਲੇ ਸਿੱਖ ਨੇ ਬੜੀ ਦਲੇਰੀ ਨਾਲ ਗੁਰੂ ਦਾ ਹੁਕਮ ਪੂਰਾ ਕੀਤਾ। ‘ਭਾਈ ਜੋਗੇ ਨੂੰ ਗੁਰੂ ਨੇ ਵਾਪਸ ਬੁਲਾਇਆ ਹੈ ਇਹ ਹੁਕਮ ਉਦੋਂ ਮਿਲਿਆ ਜਦੋਂ ਜੋਗਾ ਸਿੰਘ ਆਪਣੀਆਂ ਆਨੰਦ ਕਾਰਜ ਦੀਆਂ ਰਸਮਾਂ ਨਿਭਾ ਰਿਹਾ ਸੀ। ਲਾਵਾਂ ਲੈਂਦਿਆਂ ਹੀ ਇੱਕ ਸਿੰਘ ਹਲਕਾਰੇ ਰਾਹੀਂ ਅਨੰਦਪੁਰ ਵਾਪਸ ਮੁੜਨ ਦਾ ਹੁਕਮ ਪਹੁੰਚ ਗਿਆ। ਕਲਗੀਧਰ ਦੇ ਲਿਖੇ ਅੱਖਰ ਵੇਖ ਕੇ ਜੋਗਾ ਸਿੰਘ ਵਿਆਹ ਨੂੰ ਅੱਧ-ਵਿਚਕਾਰੇ ਛੱਡ ਕੇ ਅਨੰਦਪੁਰ ਵੱਲ ਚੱਲ ਪਿਆ।’ ਭਾਈ ਜੋਗੇ ਨੇ ਇਹ ਗੱਲ ਸਿੱਧ ਕੀਤੀ ਕਿ ਗੁਰੂ ਦੇ ਹੁਕਮ ਨੂੰ ਪੂਰਾ ਕਰਨ ਲਈ ਜ਼ਰਾ ਵੀ ਆਲਸ ਨਹੀਂ ਕਰਨੀ ਚਾਹੀਦੀ। ਸੁਖ ਦੁਖ ਦੀ ਪਰਵਾਹ ਕੀਤੇ ਬਿਨ੍ਹਾਂ ਗੁਰੂ ਦੇ ਸਨਮੁੱਖ ਹੋਣਾ ਹੀ ਸੂਰਬੀਰਤਾ ਦੀ ਮਿਸਾਲ ਹੈ। ਸਿੱਖ ਸੂਰਬੀਰਤਾ ਦੀ ਅਸਚਰਜਤਾ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਗੁਰੂ ਨੇ ਆਪਣੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਪਰਖਣ ਲਈ ਵੀ ਸਿੱਖ ਨੂੰ ਬੰਦੂਕ ਅੱਗੇ ਹੋਣ ਲਈ ਆਖਿਆ ਤਾਂ ਸਿੱਖ ਮੌਤ ਤੋਂ ਬੇਪਰਵਾਹ ਹੋ ਕੇ ਇੱਕ ਦੂਸਰੇ ਤੋਂ ਪਹਿਲਾਂ ਗੋਲੀ ਅੱਗੇ ਖੜ੍ਹਨ ਨੂੰ ਤਵੱਜੋ ਦਿੰਦੇ ਹਨ।  ਸੂਰਬੀਰਤਾ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਡੱਲੇ ਨੂੰ ਆਵਾਜ਼ ਮਾਰ ਕੇ ਗੁਰੂ ਗੋਬਿੰਦ ਸਿੰਘ ਜੀ ਬੋਲੇ ‘ਡੱਲਿਆ ! ਤੂੰ ਆਪਣੇ ਸੂਰਬੀਰਾਂ ਵਿੱਚੋਂ ਚੁਣੇ ਹੋਏ ਯੋਧੇ ਮੇਰੇ ਸਾਹਮਣੇ ਖੜ੍ਹੇ ਕਰ, ਉਨ੍ਹਾਂ ਪਰ ਇਹ ਬੰਦੂਕ ਚਲਾ ਕੇ ਪਰਖਣੀ ਹੈ। ਦੇਖੀਏ ਗੋਲੀ ਦੋਹਾਂ ਵਿੱਚੋਂ ਨਿਕਲਦੀ ਹੈ ਕਿ ਨਹੀਂ ? ਇਹ ਸੁਣ ਕੇ ਡੱਲੇ ਦੇ ਸਭ ਸੂਰਮੇ ਭੱਜ ਨਿਕਲੇ। ਦੂਜੇ ਪਾਸੇ ਜਦੋਂ ਗੁਰੂ ਨੇ ਮੇਵੜੇ ਨੂੰ ਹੁਕਮ ਦਿੱਤਾ ਕਿ ਜਾ ਕੇ ਬਾਹਰੋਂ ਸਿੱਖਾਂ ਨੂੰ ਇਸ ਪਰਖ ਲਈ ਬੁਲਾਵੋ ਉਦੋਂ ਇਹ ਹੁਕਮ ਸੁਣਦੇ ਸਾਰ ਦੋ ਮਜ਼ਬੀ ਸਿੱਖ ਦਸਤਾਰ ਸਜਾਉਂਦੇ ਅੱਧ ਵਿੱਚੋਂ ਹੀ ਦੋੜ ਆਏ। ਗੁਰੂ ਜੀ ਕੇ ਸਨਮੁਖ ਆ ਖੜੇ ਹੋਏ। ਇੱਕ ਦੂਜੇ ਨੂੰ ਧੱਕਾ ਮਾਰ ਕੇ ਪਿਛਾਂਹ ਨੂੰ ਕਰੇ ਤੇ ਆਪ ਅੱਗੇ ਹੋ ਕੇ ਆਖੇ ਕਿ ਗੁਰੂ ਜੀ ਮੈਂ ਪਹਿਲਾਂ ਆਇਆ ਮੈਨੂੰ ਪਹਿਲੇ ਆਪਣੀ ਬੰਦੂਕ ਦਾ ਨਿਸ਼ਾਨਾ ਬਣਾਓ।’ ਸੋ ਗੁਰੂ ਅਤੇ ਸਿੱਖਾਂ ਦਾ ਆਪਸੀ ਦੁਵੱਲਾ ਪ੍ਰੇਮ ਬੇਮਿਸਾਲ ਨਿਧੱੜਕ ਮਰਜੀਵੜੀਆਂ ਦੀ ਉੱਤਪਤੀ ਦਾ ਰਹੱਸ ਹੈ। ਅਜਿਹੇ ਵਿਸ਼ਵਾਸ ਧਾਰਨੀਆਂ ਦੀ ਸਿੱਖ ਇਤਿਹਾਸ ’ਚ ਗਿਣਤੀ ਬੇਅੰਤ ਹੈ। ਪੂਰਨ ਵਿਸ਼ਵਾਸ ਅੰਤਮ ਸਚਾਈ ਨਾਲ ਇਕਮਿਕ ਹੋਣ ਦਾ ਸਰਵਉਚ ਮਾਧਿਅਮ ਹੈ ਅਤੇ ਸਿੱਖਾਂ ’ਚ ਦ੍ਰਿੜ੍ਹ ਵਿਸ਼ਵਾਸ ਹੁੰਦਾ ਹੈ ਕਿ ਗੁਰੂ ਹਰ ਮੁਸੀਬਤ ’ਚ ਉਸ ਦੇ ਅੰਗ-ਸੰਗ ਹੋ ਕੇ ਰੱਖਿਆ ਕਰਦਾ ਹੈ ਜਿਸ ਦੀ ਟੇਕ ਉਸ ਨੂੰ ਜ਼ੁਲਮ ਖ਼ਤਮ ਕਰਨ ਲਈ ਲੱਖਾਂ ਵੈਰੀਆਂ ਸਾਹਮਣੇ ਚਾਉ ਨਾਲ ਉੱਠ ਖੜ੍ਹਨ ਦਾ ਬਲ ਬਖ਼ਸ਼ਦਾ ਹੈ। ਉਸ ਦਾ ਇਹ ਨਿਸ਼ਚਾ ਹੁੰਦਾ ਹੈ ਕਿ ਜੇ ਗੁਰੂ ਉਸ ਦੇ ਵੱਲ ਹੈ ਤਾਂ ਲੱਖਾਂ ਬਾਹਾਂ ਹਥਿਆਰ ਫੜ ਕੇ ਮੇਰਾ ਮੁਕਾਬਲਾ ਕਰਨ ਤਾਂ ਵੀ ਉਸ ਦਾ ਵਾਲ ਵਿੰਗਾ ਨਹੀਂ ਹੋ ਸਕਦਾ ‘‘ਜਾਮਿ ਗੁਰੂ ਹੋਇ ਵਲਿ; ਲਖ ਬਾਹੇ ਕਿਆ ਕਿਜਇ  ?’’ (ਸਵਈਏ ਮਹਲੇ ਚਉਥੇ ਕੇ/ਭਟ ਨਲ/੧੩੯੯) ਭਾਵ ਗੁਰੂ ਆਪਣੇ ਸਿੱਖ ਨੂੰ ਆਤਮਿਕ ਬਲ ਬਖਸ਼ ਕੇ ਮਾਨਸਿਕ ਪੱਖੋਂ ਉੱਚਾ ਚੁੱਕਦਾ ਹੈ, ਜਿਸ ਸਦਕਾ ਸਰੀਰ ’ਚ ਕਈ ਗੁਣਾਂ ਤਾਕਤ ਆਪਣਾ ਵੇਗ ਵਹਾਅ ਜਾਂਦੀ ਹੈ। ਗੁਰੂ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਸਰੀਰ ਦੇ ਰਸਾਇਣ ਬਦਲ ਦਿੰਦਾ ਹੈ। ਚਿੜੀਆਂ ਬਾਜ਼ ਨਾਲ ਟੱਕਰ ਲੈਣ ਲਈ ਸਮਰੱਥ ਹੋ ਜਾਂਦੀਆਂ ਹਨ। ਸਾਕਾ ਚਮਕੌਰ ’ਚ ਅਜਿਹਾ ਹੀ ਵਾਪਰਿਆ ਹੈ। ਉਪਰੋਕਤ ਚਰਚਾ ’ਚ ਧਰਮ ਅਤੇ ਸੂਰਬੀਰਤਾ ਦੇ ਆਪਸੀ ਸੰਬੰਧ ਦੇ ਮੁੱਖ ਸਾਧਨ ਪਰਮਾਤਮਾ, ਗੁਰੂ ਅਧਿਆਤਮਿਕਤਾ, ਨੈਤਿਕਤਾ, ਵਿਸ਼ਵਾਸ ਹਨ, ਜਿਨ੍ਹਾਂ ਰਾਹੀਂ ਪਰਮ ਸੱਚ ਨੂੰ ਪਾਉਣਾ ਸਿੱਖ ਦਾ ਮਨੋਰਥ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੈਵੀ ਸਰਪਰਸਤੀ ਨੇ ਸਿੱਖਾਂ ਅੰਦਰ ਸੂਰਬੀਰਤਾ ਦੀ ਭਾਵਨਾ ਨੂੰ ਦ੍ਰਿੜ੍ਹਤਾ ਬਖ਼ਸ਼ੀ।  ਸੰਨ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ਹਮੇਸ਼ਾ ਲਈ ਬਖ਼ਸ਼ ਦਿੱਤੀ। ਗੁਰੂ ਜੀ ਸਿੱਖਾਂ ਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਜੋੜ ਕੇ ਗੁਰੂ ਨਾਨਕ ਜੀ ਦੇ ਮਿਸ਼ਨ ਨੂੰ ਨੇਪਰੇ ਚਾੜ੍ਹ ਗਏ ਅਤੇ ਸੂਰਬੀਰਤਾ ਦੇ ਅਰਥ ਬਦਲਦਿਆਂ ਪਵਿੱਤਰਤਾ ਪ੍ਰਾਪਤ ਹੋਈ।

ਡਾ. ਸ਼ੁਭਕਰਨ ਸਿੰਘ* ਦਸਮੇਸ਼ ਗੁਰਮਤਿ ਵਿਦਿਆਲਾ, ਟਾਰਨੇਟ, ਅਸਟ੍ਰੇਲੀਆ