ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਪੂਰਨਮਾਸ਼ੀ ਦੀ ਬਜਾਏ 1 ਵੈਸਾਖ ਨੂੰ ਤਰਜੀਹ ਦੇਣ ਦੇ ਕੁਝ ਕਾਰਨ :
- ਕਰਤਾਰਪੁਰ ਵਾਲੀ ਬੀੜ ਅਤੇ ਹੋਰ ਹੱਥ ਲਿਖਤ ਉਤਾਰਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ਸੰਮਤ ੧੫੯੬ ਬਿਕ੍ਰਮੀ ਦਰਜ ਹੈ ਜੋ ਸੂਰਜੀ ਸੰਗਰਾਂਦ ਦੇ ਹਿਸਾਬ ੮ ਅੱਸੂ, ਸੰਮਤ ੧੫੯੬ ਦਿਨ ਐਤਵਾਰ ਬਣਦਾ ਹੈ। ਇਸ ਤਰੀਖ ਨੂੰ ਅਜੋਕੇ ਵਿਦਵਾਨ ਵੀ ਠੀਕ ਮੰਨਦੇ ਹਨ। ਸਾਰੇ ਵਿਦਵਾਨ ਗੁਰੂ ਜੀ ਦੀ ਉਮਰ 70 ਸਾਲ 5 ਮਹੀਨੇ 7 ਦਿਨ ਮੰਨਦੇ ਹਨ। ਜੋਤੀ ਜੋਤ ਸਮਾਉਣ ਦੀ ਮਿਤੀ ੮ ਅੱਸੂ, ੧੫੯੬ ਬਿਕ੍ਰਮੀ ’ਚੋਂ ਗੁਰੂ ਜੀ ਦੀ ਉਮਰ ਘਟਾਉਣ ਨਾਲ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੀ ਮਿਤੀ ਬਣਦੀ ਹੈ = ੧ ਵੈਸਾਖ, ਸੰਮਤ ੧੫੨੬ ਬਿਕ੍ਰਮੀ ਚੇਤ ਸੁਦੀ ਪੂਰਨਮਾਸ਼ੀ, ਦਿਨ ਸੋਮਵਾਰ, 27 ਮਾਰਚ 1469 ਸਾਂਝਾ ਸਾਲ (ਜੂਲੀਅਨ)।
- ਭਾਈ ਗੁਰਦਾਸ ਜੀ ਵਾਰ ੧ ਪਉੜੀ ੨੭ ਵਿੱਚ ਲਿਖਦੇ ਹਨ: ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ, ਅੰਧੇਰੁ ਪਲੋਆ। ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ; ਨ ਧੀਰਿ ਧਰੋਆ। ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ।’’
ਭਾਈ ਕਾਨ੍ਹ ਸਿੰਘ ਨਾਭਾ ਨੇ ‘ਵਸੋਆ’ ਦੇ ਅਰਥ (1) ਵੈਸਾਖੀ, ਵੈਸਾਖ ਮਹੀਨੇ ਦੀ ਸੰਕ੍ਰਾਂਤੀ (2) ਸਾਲ ਦਾ ਨਵਾਂ ਦਿਨ (ਨੌਰੋਜ਼) ਕੀਤੇ ਹਨ ਭਾਵ ਜਦੋਂ ਸਤਿਗੁਰੁ ਨਾਨਕ ਪ੍ਰਗਟ ਹੋਏ ਤਾਂ ਜਿਵੇਂ ਸੂਰਜ ਦੇ ਚੜ੍ਹਿਆਂ ਤਾਰੇ ਛਿਪਦੇ ਤੇ ਅੰਧੇਰਾ ਨੱਸਦਾ ਹੈ, ਇਸੇ ਤਰ੍ਹਾਂ ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ; ਜਿਵੇਂ ਸ਼ੇਰ ਦੇ ਭਬਕਿਆਂ, ਹਰਨਾਂ ਦੀ ਡਾਰ ਭੱਜਦੀ ਜਾਂਦੀ ਹੈ ਤੇ ਧੀਰਜ ਨਹੀਂ ਧਰਦੀ ਇਉਂ ਹੀ ਪਾਪਾਂ ਨੂੰ ਨੱਸ ਜਾਂਦੇ ਹਨ। ਘਰ ਘਰ ਵਿਖੇ ਧਰਮਸਾਲਾਂ ਹੋਈਆਂ ਅਤੇ ਕੀਰਤਨ ਹੋਣ ਲੱਗਾ (ਮਾਨੋ) ਸਦਾ ਵਿਸਾਖੀ ਰਹਿੰਦੀ ਹੈ। ਸੋ ਇਸ ਦਾ ਭਾਵ ਇਹ ਹੋਇਆ ਕਿ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1 ਵੈਸਾਖ ਦਾ ਮੰਨਦੇ ਹਨ।
- ਗੁਰੂ ਜੀ ਦੇ ਆਗਮਨ ਸੰਬੰਧੀ ਭਾਈ ਗੁਰਦਾਸ ਜੀ ਵੱਲੋਂ ‘ਵਸੋਆ’ ਸ਼ਬਦ ਦੀ ਵਰਤੋਂ; ਗੁਰੂ ਅਮਰਦਾਸ ਜੀ ਵੱਲੋਂ ਬਾਉਲੀ ਸਾਹਿਬ ਤਿਆਰ ਕਰਵਾਉਣ ਉਪਰੰਤ ‘ਵਸੋਆ’ ਪੁਰਬ ਮਨਾਉਣ ਦੀ ਆਗਿਆ; ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਵਿਸਾਖੀ ਦੇ ਦਿਹਾੜੇ ਨੂੰ ਖਾਲਸਾ ਪੰਥ ਦੀ ਸਿਰਜਣਾ ਲਈ ਚੁਣਨਾ ਸਿੱਧ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਤਰੀਖ 1 ਵੈਸਾਖ ਹੋਵੇਗੀ।
- ਪ੍ਰਸਿੱਧ ਲਿਖਾਰੀ ਅਤੇ ਵਿਦਵਾਨ ਜੋ ਵੈਸਾਖ ਮਹੀਨੇ ਦੀ ਤਾਰੀਖ਼ ਨਾਲ ਸਹਿਮਤ ਹਨ: 1. ਸ. ਕਰਮ ਸਿੰਘ ਹਿਸਟੋਰੀਅਨ 2. ਭਾਈ ਕਾਨ੍ਹ ਸਿੰਘ ਨਾਭਾ 3. ਡਾ. ਗੰਡਾ ਸਿੰਘ 4. ਪ੍ਰਿੰ. ਸਤਬੀਰ ਸਿੰਘ 5. ਪ੍ਰੋ. ਸਾਹਿਬ ਸਿੰਘ 6. ਡਾ. ਹਰੀ ਰਾਮ ਗੁਪਤਾ 7. ਐਮ. ਏ. ਮੈਕਾਲਿਫ਼।
- ਜਨਮ ਸਾਖੀਆਂ ਜੋ ਵੈਸਾਖ ਦੀ ਤਾਰੀਖ ਦਿੰਦਿਆਂ ਹਨ: 1. ਮੇਹਰਬਾਨ ਵਾਲੀ ਜਨਮ ਸਾਖੀ 2. ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ 3. ਬੀ-40 ਜਨਮ ਸਾਖੀ 4. ਪੁਰਾਤਨ ਜਨਮ ਸਾਖੀ 5. ਪੱਥਰ ਦੇ ਛਾਪੇ ਵਾਲੀ ਜਨਮ ਸਾਖੀ ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ।
- ਮੈਕਾਲਿਫ਼ ਅਨੁਸਾਰ ਸੰਨ 1817 ਤੱਕ ਗੁਰ ਪੁਰਬ ਨਨਕਾਣਾ ਸਾਹਿਬ ਵਿਖੇ ਵੈਸਾਖ ਵਿੱਚ ਹੀ ਮਨਾਇਆ ਜਾਂਦਾ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਸਮੇਂ ਅੰਮ੍ਰਿਤਸਰ ਵਿੱਚ ਰਹਿ ਰਹੇ ਭਾਈ ਸੰਤ ਸਿੰਘ ਗਿਆਨੀ, ਜਿਸ ਦਾ ਮਹਾਰਾਜੇ ਦੇ ਮਨ ’ਚ ਬੜਾ ਸਤਿਕਾਰ ਸੀ; ਨੇ ਸਿੱਖਾਂ ਨੂੰ ਹਿੰਦੂਆਂ ਦੇ ਤੀਰਥ ‘ਰਾਮ ਤੀਰਥ’ ਵਿਖੇ ਕੱਤਕ ਦੀ ਪੂਰਨਮਾਸ਼ੀ ਮੌਕੇ ਲੱਗ ਰਹੇ ਮੇਲੇ ’ਤੇ ਜਾਣ ਤੋਂ ਰੋਕਣ ਲਈ ਸੰਨ 1816 ਤੋਂ ਕੱਤਕ ਪੂਰਨਮਾਸ਼ੀ ਨੂੰ ਮਨਾਉਣਾ ਅਰੰਭ ਕਰ ਦਿੱਤਾ।
- ਹੈਰਾਨੀ ਦੀ ਗੱਲ ਹੈ ਕਿ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਮਾਂ ਕਾਰਤਿਕ ਪੂਰਨਮਾਸ਼ੀ ਸੰਮਤ ੧੫੨੬; ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦ ਸੰਮਤ ੧੫੯੬ ਅਤੇ ਉਪਰੋਕਤ ਤਾਰੀਖਾਂ ਨਾਲ ਮੇਲ ਨਾਂਹ ਖਾਣ ਵਾਲੀ ਆਯੂ 70 ਸਾਲ 5 ਮਹੀਨੇ ਅਤੇ 7 ਦਿਨ ਦਿੱਤੀ ਹੈ ਜੋ ਕਿ ਤਰੀਖਾਂ ਦੀ ਪ੍ਰਮਾਣਿਕਤਾ ਨੂੰ ਸ਼ੱਕੀ ਕਰਦੀ ਹੈ, ਇਸ ਦੇ ਬਾਵਜੂਦ ਸਾਰੇ ਸੰਪਰਦਾਈ ਅਤੇ ਡੇਰਾਵਾਦੀ ਸੋਚ ਵਾਲੇ ਸਿੱਖ, ਇਨ੍ਹਾਂ ਤਰੀਖਾਂ ਨੂੰ ਸਹੀ ਮੰਨਦੇ ਹਨ ਜਦ ਕਿ ਪ੍ਰਕਾਸ਼ ਸਮਾ ੧ ਵੈਸਾਖ (ਚੇਤ ਸੁਦੀ ਪੂਰਨਮਾਸ਼ੀ) ਸੰਮਤ ੧੫੨੬ ਅਤੇ ਜੋਤੀ ਜੋਤ ਸਮਾਉਣ ਦੀ ਮਿਤੀ ੮ ਅੱਸੂ (ਅੱਸੂ ਵਦੀ ੧੦) ਸੰਮਤ ੧੫੯੬ ਮੰਨੇ ਜਾਣ ਤਾਂ ਸਾਰੇ ਤੱਥ ਮੇਲ ਖਾ ਜਾਂਦੇ ਹਨ।
- ਗੁਰੂ ਜੀ ਦਾ ਪ੍ਰਕਾਸ਼ ਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਕੱਤਕ ਪੂਰਨਮਾਸ਼ੀ ਅਤੇ ਜੋਤੀ ਜੋਤ ਪੁਰਬ ਅੱਸੂ ਵਦੀ 10 ਮਨਾਉਣ ਨਾਲ ਇਹ ਹਮੇਸ਼ਾਂ ਬਦਲਵੀਆਂ ਤਰੀਖਾਂ ਨੂੰ ਆਉਂਦੇ ਰਹਿੰਦੇ ਹਨ ਜਦੋਂ ਕਿ ਪ੍ਰਕਾਸ਼ ਪੁਰਬ ਸੂਰਜੀ ਤਰੀਖਾਂ ੧ ਵੈਸਾਖ ਅਤੇ ਜੋਤੀ ਜੋਤ ਪੁਰਬ ੮ ਅੱਸੂ ਮਨਾਉਣ ਨਾਲ ਇਹ ਹਮੇਸ਼ਾਂ ਨਿਸ਼ਚਿਤ ਤਰੀਖ਼ਾਂ ਨੂੰ ਕਰਮਵਾਰ 14 ਅਪ੍ਰੈਲ ਅਤੇ 22 ਸਤੰਬਰ ਨੂੰ ਹੀ ਆਉਂਦੇ ਰਹਿਣਗੇ ਪਰ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹਿਣ ਨਾਲ ਵੈਸਾਖੀ 1469 ਵਿੱਚ 27 ਮਾਰਚ, 1699 ਵਿੱਚ 29 ਮਾਰਚ ਨੂੰ ਆਈ ਸੀ ਅਤੇ ਅੱਜ ਕੱਲ੍ਹ 13-14 ਅਪ੍ਰੈਲ ਨੂੰ ਆ ਰਹੀ ਹੈ, ਅਗਲੀ ਸਦੀ ਵਿੱਚ 14-15 ਅਪ੍ਰੈਲ ਨੂੰ ਅਤੇ 1100 ਸਾਲ ਬਾਅਦ ਮਈ ਮਹੀਨੇ ਦੇ ਅਖੀਰ ’ਚ ਆਉਣ ਲੱਗੇਗੀ।
ਨੋਟ: ਹੋਰ ਜਾਣਕਾਰੀ ਲਈ ਇਸ ਲਿੰਕ http://www.purewal.biz/ParkashDateGuruNanakSahib.pdfਤੋਂ ਸ: ਪਾਲ ਸਿੰਘ ਪੁਰੇਵਾਲ ਜੀ ਦਾ ਖੋਜ ਭਰਪੂਰ ਲੇਖ ਪੜ੍ਹਿਆ ਜਾ ਸਕਦਾ ਹੈ।
ਗੁਰੂ ਨਾਨਕ ਸਾਹਿਬ ਜੀ ਦੇ 551ਵੇਂ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਪੰਥ ਦੇ 321ਵੇਂ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ।
ਵੱਲੋਂ: ਕਿਰਪਾਲ ਸਿੰਘ ਬਠਿੰਡਾ 88378-13661