ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ
ਕਿਰਪਾਲ ਸਿੰਘ ਬਠਿੰਡਾ 88378-13661
ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾਉਣ’ ਦੀ ਘਟਨਾ ਅਤੇ ਸਾਕਾ ਸਰਹਿੰਦ ਦਾ ਆਪਸ ’ਚ ਬੜਾ ਗਹਿਰਾ ਤੇ ਅਟੁੱਟ ਰਿਸ਼ਤਾ ਹੈ। ਸਰਹਿੰਦ ਜਿੱਥੋਂ ਦੇ ਸੂਬਾਦਾਰ ਵਜੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ’ਚ ਚਿਣਵਾ ਦਿੱਤਾ ਸੀ; ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇੱਕ ਲਹੂ-ਭਿੱਜਿਆ ਕਾਂਡ ਸਾਡੇ ਜ਼ਿਹਨ ’ਚ ਉੱਭਰ ਆਉਂਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ-ਕੰਬਾਊ ਘਟਨਾ ਨੇ ਸਿੱਖ ਮਾਨਸਿਕਤਾ ’ਤੇ ਡੂੰਘਾ ਅਸਰ ਪਾਇਆ ਹੈ। ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤੱਕ ਸਹਿਣ ਨਹੀਂ ਕੀਤੀ ਜਾਂਦੀ; ਕਿਵੇਂ ਨਾ ਕਿਵੇਂ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਜ਼ੁਲਮ ਦਾ ਸਾਮ੍ਹਣਾ ਕਰਨ ਲਈ ਕੋਈ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ। ਮੌਕਾ ਮਿਲਦਿਆਂ ਹੀ ਗੁਰੂ ਸਾਹਿਬ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਸਤੰਬਰ 1708 ’ਚ ਨਾਂਦੇੜ ਵਿਖੇ ਬੰਦਾ ਸਿੰਘ ਬਹਾਦਰ ਦੀ ਚੋਣ ਕੀਤੀ। ਗੁਰੂ ਸਾਹਿਬ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਅਤੇ ‘ਬੰਦਾ ਸਿੰਘ ਬਹਾਦਰ’ ਦਾ ਖ਼ਿਤਾਬ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਅਕਤੂਬਰ 1708 ਦੇ ਆਸ-ਪਾਸ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਸ਼ੀਰਵਾਦ ਲੈ ਕੇ ਪੰਜਾਬ ਵੱਲ ਰਵਾਨਗੀ ਪਾਈ। ਦਿੱਲੀ ਪੁੱਜਣ ਤੱਕ ਉਸ ਨਾਲ ਗਿਣਤੀ ਦੇ ਸਿੰਘ ਸਨ। ਦਿੱਲੀ ਲੰਘਦਿਆਂ ਹੀ, ਗੁਰੂ ਸਾਹਿਬ ਦੇ ਹੁਕਮਨਾਮਿਆਂ ਅਤੇ ਬੰਦਾ ਸਿੰਘ ਬਹਾਦਰ ਦੀ ਚੁੰਬਕੀ ਖਿੱਚ ਕਾਰਨ ਮਾਲਵਾ ਖੇਤਰ ਦੇ ਲਿਤਾੜੇ ਹੋਏ ਹਲ-ਵਾਹਕ ਵੱਡੀ ਗਿਣਤੀ ’ਚ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ। ਬੰਦਾ ਸਿੰਘ ਬਹਾਦਰ ਨੇ ਹਰਿਆਣਾ ਰਾਜ ਦੇ ਪਿੰਡ ਸਿਹਰੀ ਖਾਂਡਾ ’ਚ ਮੁਗਲਾਂ ਵਿਰੁੱਧ ਲੜਾਈ ਦਾ ਆਪਣਾ ਪਹਿਲਾ ਬਿਗਲ ਵਜਾਇਆ। ਇੱਕ ਖੋਜ ਅਨੁਸਾਰ ਬੰਦਾ ਸਿੰਘ ਬਹਾਦਰ ਇਸ ਪਿੰਡ ’ਚ 1709 ਨੂੰ ਆਏ ਅਤੇ ਪਿੰਡ ’ਚ ਸਥਿਤ ਵੈਰਾਗੀ ਮਹੰਤ ਕਿਸੋਰ ਦਾਸ ਦੇ ਡੇਰੇ ’ਤੇ ਠਹਿਰੇ ਅਤੇ ਸਿੱਖਾਂ ਨੂੰ ਇਕਜੁੱਟ ਕਰਨ ਲਈ ਕਰੀਬ 9 ਮਹੀਨੇ ਇੱਥੇ ਰਹੇ। ਇਸ ਦੌਰਾਨ ਬੰਦਾ ਸਿੰਘ ਬਹਾਦਰ ਨੇ ਆਪਣੇ 500 ਸਿੱਖਾਂ ਦਾ ਪਹਿਲਾ ਜਥਾ ਤਿਆਰ ਕੀਤਾ। ਇਹ ਉਨ੍ਹਾਂ ਦਾ ਪਹਿਲਾ ਮਿਲਟਰੀ ਕੈਂਪ ਸੀ। ਇਸ ਜਥੇ ਦੀ ਸਹਾਇਤਾ ਨਾਲ ਸੋਨੀਪਤ ਅਤੇ ਕੈਥਲ ’ਤੇ ਕਬਜ਼ਾ ਕਰ ਲਿਆ। ਸੋਨੀਪਤ ਦਾ ਮੁਗ਼ਲ ਖ਼ਜ਼ਾਨਾ ਲੁਟਿਆ ਤੇ ਗਰੀਬਾਂ ’ਚ ਵੰਡ ਦਿੱਤਾ। ਕੈਥਲ ਦੇ ਆਮਿਲ (ਮਾਲ ਮਹਿਕਮੇ ’ਚ ਇੱਕ ਅਹੁਦਾ) ਨੂੰ ਈਨ ਮੰਨਵਾ ਕੇ ਉਸ ਪਾਸੋਂ ਅਸਲਾ ਘੋੜੇ ਅਤੇ ਬਹੁਤ ਸਾਰਾ ਮਾਲ ਹਥਿਆ ਲਿਆ। ਕੈਥਲ ਵਿਖੇ ਸ਼ਾਹੀ ਖ਼ਜ਼ਾਨਾ, ਜੋ ਦਿੱਲੀ ਲਿਜਾਇਆ ਜਾ ਰਿਹਾ ਸੀ, ਲੁਟ ਕੇ ਗਰੀਬਾਂ ਤੇ ਲੋੜਵੰਦਾਂ ’ਚ ਵੰਡ ਦਿੱਤਾ। ਇੱਥੇ ਖ਼ਬਰ ਮਿਲੀ ਕਿ ਮੁਗਲਾਂ ਵੱਲੋਂ ਭੇਜੇ ਦੋ ਪਠਾਣਾਂ ਨੇ ਗੁਰੂ ਸਾਹਿਬ ’ਤੇ ਵਾਰ ਕਰ ਦਿੱਤਾ। ਇਹ ਖ਼ਬਰ ਸੁਣਦੇ ਸਾਰ ਬੰਦਾ ਸਿੰਘ ਬਹਾਦਰ ’ਚ ਗੁੱਸੇ ਦੀ ਅੱਗ ਹੋਰ ਤੇਜ਼ ਹੋ ਕੇ ਭੜਕੀ।
ਬੰਦਾ ਸਿੰਘ ਦਾ ਮੁੱਖ ਟੀਚਾ ਸਰਹੰਦ ਦੇ ਵਜੀਰ ਨੂੰ ਮਾਰਨਾ ਸੀ। ਸਰਹਿੰਦ ਇਕ ਤਾਕਤਵਰ ਸੂਬਾ ਸੀ। ਉਸ ਦੀ ਆਪਣੀ ਫ਼ੌਜ ਵੀ ਕਾਫ਼ੀ ਸੀ; ਲੋੜ ਪੈਣ ’ਤੇ ਉਹ ਆਲੇ-ਦੁਆਲੇ ਤੋਂ ਮਦਦ ਲੈ ਲੈਂਦਾ ਸੀ। ਬੰਦਾ ਸਿੰਘ ਬਹਾਦਰ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਆਲੇ-ਦੁਆਲੇ ਦੀਆਂ ਬਾਂਹਾਂ ਕੱਟ ਦਿੱਤੀਆਂ ਜਾਣ। ਇਸ ਲਈ ਸਭ ਤੋਂ ਪਹਿਲਾਂ ਉਹ ਸਮਾਣਾ ਪੁੱਜਾ। ਇਹ, ਮੁਗ਼ਲ ਰਾਜ ਦੀ ਧਾਰਮਿਕ ਅਤੇ ਰਾਜਨੀਤਿਕ ਸ਼ਕਤੀ ਦਾ ਕੇਂਦਰ ਸੀ। ਇੱਥੇ ਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉਲ-ਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸਨ। ਸਯਦਾਂ ਦਾ ਤਕੜਾ ਗੜ੍ਹ ਅਤੇ ਮਹੱਤਵ ਪੂਰਨ ਅਸਥਾਨ ਸੀ। ਇੱਥੇ 22 ਸਯਦ ਪਰਵਾਰ ਰਹਿੰਦੇ ਸਨ। ਹਰ ਇਕ ਕੋਲ ਆਪੋ-ਆਪਣੀ ਫ਼ੌਜ ਸੀ, ਜਿਸ ਨੂੰ ਜਿੱਤਣਾ ਸੌਖਾ ਨਹੀਂ ਸੀ। ਇੱਥੇ ਘਮਸਾਨ ਦਾ ਯੁੱਧ ਹੋਇਆ। ਹਜ਼ਾਰਾਂ ਮੁਗ਼ਲ ਫ਼ੌਜੀ; ਸਿੰਘਾਂ ਦੀਆਂ ਤਲਵਾਰਾਂ ਦੀ ਭੇਟ ਚੜ੍ਹੇ। 24 ਘੰਟਿਆਂ ਦੇ ਅੰਦਰ-ਅੰਦਰ ਸਮਾਣੇ ’ਤੇ ਕਬਜ਼ਾ ਕਰ ਲਿਆ। ਤਿੰਨਾਂ ਜਲਾਦਾਂ ਨੂੰ ਆਪਣੀ ਕਰਨੀ ਦੀ ਸਜ਼ਾ ਦੇ ਕੇ ਕਤਲ ਕਰ ਦਿੱਤਾ। ਭਾਈ ਫ਼ਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿੱਤਾ।
ਇਨ੍ਹਾਂ ਸਾਰੀਆਂ ਜਿੱਤਾਂ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਬਹੁਤ ਲੋਕ, ਜੋ ਮੁਗ਼ਲ ਹਕੂਮਤ ਤੋਂ ਦੁਖੀ ਸਨ, ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਬੰਦਾ ਸਿੰਘ ਬਹਾਦਰ ਦੇ ਆਉਣ ਨਾਲ ਪਹਿਲੀ ਵਾਰੀ ਪੰਜਾਬ ਦੀ ਸਿਆਸਤ ’ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਬਾਰੇ ਮੁਸਲਮਾਨ ਲਿਖਾਰੀ ‘ਅਜਲ ਬਲਾ’ (ਮੌਤ ਦਾ ਸਮਾਂ) ਲਿਖਦੇ ਹਨ। ਪੰਜਾਬ ਦੀ ਸਿਆਸਤ ’ਚ ਉਹ ਹਲਚਲ ਮਚਾਈ ਕਿ ਇਕ ਵਾਰੀ ਤਾਂ ਧਰਤੀ ਨੂੰ ਕਾਂਬਾ ਛਿੜ ਗਿਆ। ਉੱਥੋਂ ਸਢੋਰੇ ਵੱਲ ਨੂੰ ਤੁਰ ਪਏ। ਇੱਥੋਂ ਦੇ ਹਾਕਮ ਓਸਮਾਨ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿੱਤਰ ਪੀਰ ਬੁੱਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕੀਤਾ ਸੀ। ਕਹਿੰਦੇ ਹਨ ਕਿ ਓਸਮਾਨ ਖ਼ਾਨ ਨੂੰ ਉਸ ਦੀ ਕਰਨੀ ਦੀ ਬੜੀ ਭਿਆਨਕ ਸਜ਼ਾ ਦਿੱਤੀ। ਮੁਖਲਿਸ ਗੜ੍ਹ ਦਾ ਕਿਲ੍ਹਾ ਫ਼ਤਿਹ ਕਰ ਲਿਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ।
ਇਸ ਤੋਂ ਬਾਅਦ ਅੰਬਾਲਾ-ਛਤ-ਬਨੂੜ, ਜੋ ਜ਼ੁਲਮ ਤੇ ਜ਼ਬਰ ਦੇ ਗੜ੍ਹ ਸੀ, ’ਤੇ ਕਬਜ਼ਾ ਕਰ ਲਿਆ। ਫਿਰ ਉਹ ਖਰੜ ਵੱਲ ਨੂੰ ਤੁਰ ਪਏ। ਬੰਦਾ ਸਿੰਘ ਦਾ ਆਉਣਾ ਸੁਣ ਕੇ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ। ਮਾਝੇ ਅਤੇ ਦੁਆਬੇ ਦੇ ਸਿੱਖਾਂ ਨੇ ਮੁਗ਼ਲ ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ। ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਸਰਹਿੰਦ ਵੱਲ ਕੂਚ ਕਰ ਦਿੱਤਾ। ਇਹ ਸਾਰੀਆਂ ਜਿੱਤਾਂ ਆਉਣ ਵਾਲੀ ਸਰਹਿੰਦ ਦੀ ਵੱਡੀ ਮੁਹਿੰਮ ਦਾ ਆਧਾਰ ਬਣੀਆਂ। ਜਿੱਤਾਂ ਦੇ ਇਸ ਲੰਬੇ ਸਿਲਸਿਲੇ ਨੂੰ ਸੁਣ ਕੇ ਸਰਹਿੰਦ ਦੇ ਸੂਬੇਦਾਰ ਵਜੀਰ ਖ਼ਾਨ ਨੂੰ ਇਕ ਵਾਰ ਕਾਂਬਾ ਛਿੜ ਗਿਆ ਹਾਲਾਂ ਕਿ ਉਹ ਖ਼ੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ, ਕੁਸ਼ਲ ਪ੍ਰਬੰਧਕ ਸੀ। ਉਸ ਕੋਲ 48 ਤੋਪਾਂ 200 ਹਾਥੀ, 10,000 ਘੋੜ ਸਵਾਰ, 5000 ਪਿਆਦਾ ਫ਼ੌਜ, ਅਣਗਿਣਤ ਬੰਦੂਕਾਂ, ਦਾਰੂ ਸਿੱਕਾ ਅਤੇ ਰਸਦ ਦੇ ਭੰਡਾਰ ਇਕੱਠੇ ਕੀਤੇ ਹੋਏ ਸਨ। ਰਾਜੇ ਰਜਵਾੜਿਆਂ ਨੂੰ ਬੁਲਾ ਲਿਆ, ਜ਼ਿਹਾਦ ਦਾ ਨਾਅਰਾ ਲਗਾ ਕੇ ਨਵਾਬਾਂ ਅਤੇ ਜਗੀਰਦਾਰਾਂ ਦੀਆਂ ਫ਼ੌਜਾਂ ਇਕੱਠੀਆਂ ਕਰ ਲਈਆਂ। ਸਰਹਿੰਦ ਨੂੰ ਬਚਾਉਣ ਲਈ ਹਿਸਾਰ ਤੋਂ ਲੈ ਕੇ ਗੁਜਰਾਤ ਤੱਕ ਦੇ 5000 ਗਾਜ਼ੀ ਪਹੁੰਚ ਗਏ। ਰੋਪੜ ਦੇ ਸਥਾਨ ’ਤੇ ਸਿੰਘਾਂ ਨਾਲ ਸ਼ਾਹੀ ਫ਼ੌਜ ਦੀ ਪਹਿਲੀ ਲੜਾਈ ਹੋਈ। ਵਜ਼ੀਰ ਖ਼ਾਨ ਦੇ ਹੁਕਮ ’ਤੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖ਼ਾਨ ਨੇ ਆਪਣੇ ਭਰਾ (ਖ਼ਿਜ਼ਰ ਖ਼ਾਨ) ਅਤੇ ਭਤੀਜਿਆਂ (ਨੁਸਰਤ ਖ਼ਾਨ ਤੇ ਵਲੀ ਮੁਹੰਮਦ ਖ਼ਾਨ) ਨੂੰ ਨਾਲ਼ ਲੈ ਕੇ ਸਿੱਖਾਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ। ਮੁਗ਼ਲ ਸਰਕਾਰੀ ਤੰਤਰ ਦੇ ਖ਼ਬਰਾਂ ਲਿਖਣ ਵਾਲੇ ਲਿਖਾਰੀਆਂ, ਜਿਨ੍ਹਾਂ ਨੂੰ ਵਾਕਯ ਨਵੀਸ, ਵਾਕਯ ਨਗਾਰ, ਅਖ਼ਬਾਰ ਨਵੀਸ ਆਦਿ ਆਖਿਆ ਜਾਂਦਾ ਸੀ; ਜੋ ਖ਼ਬਰ ਲਿਖ ਕੇ (ਲਿਖਤੀ ਰੂਪ ’ਚ) ਸ਼ਾਹੀ ਰਾਜਧਾਨੀ ਦਿੱਲੀ ਮੁਗ਼ਲ ਬਾਦਿਸ਼ਾਹ ਨੂੰ ਦਿਨ ਪ੍ਰਤੀ ਦਿਨ ਭੇਜਿਆ ਕਰਦੇ ਸਨ; ਉਨ੍ਹਾਂ ਅਨੁਸਾਰ 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 (ਤਬਦੀਲ ਕੀਤਿਆਂ ੧੫ ਜੇਠ ਬਿਕ੍ਰਮੀ ਸੰਮਤ ੧੭੬੭/13 ਮਈ 1710 ਜੂਲੀਅਨ) ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ’ਚ ਇੱਕ ਫ਼ੈਸਲਾਕੁਨ ਯੁੱਧ ਹੋਇਆ। ਜੰਗ ਦੇ ਪਹਿਲੇ ਪੜਾਅ ’ਚ ਸ਼ਾਹੀ ਫੌਜਾਂ ਦਾ ਪਲੜਾ ਭਾਰੀ ਰਿਹਾ। ਬਾਜ਼ੀ ਜਾਂਦੀ ਵੇਖ ਬੰਦਾ ਸਿੰਘ ਬਹਾਦਰ ਝੱਟ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ’ਚ ਆ ਗਏ। ਖ਼ੂਨ ਡੋਲ੍ਹਵੀਂ ਲੜਾਈ ’ਚ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ।
੧੬ ਜੇਠ ਬਿਕ੍ਰਮੀ ਸੰਮਤ ੧੭੬੭/14 ਮਈ 1710 ਨੂੰ ਸਿੱਖ ਜੇਤੂਆਂ ਦੀ ਸ਼ਕਲ ’ਚ ਸਰਹਿੰਦ ਵਿੱਚ ਦਾਖਲ ਹੋ ਗਏ। ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਤੇ ਦੋਸ਼ੀਆਂ ਦਾ ਅਜਿਹਾ ਹਾਲ ਕੀਤਾ ਕਿ ਜ਼ੁਲਮ ਕਰਨ ਵਾਲੀਆਂ ਪੀੜ੍ਹੀਆਂ ਸਦਾ ਯਾਦ ਰੱਖਣਗੀਆਂ।
ਸਰਹਿੰਦ ’ਤੇ ਕਬਜ਼ਾ ਕਰਨ ਪਿੱਛੋਂ ਬੰਦਾ ਸਿੰਘ ਬਹਾਦਰ ਨੇ ਆਪਣੇ ਜਰਨੈਲ ਭਾਈ ਰਾਮ ਸਿੰਘ ਨੂੰ ਥਨੇਸਰ ਦਾ ਅਤੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਲਗਾ ਭਾਈ ਆਲੀ ਸਿੰਘ ਨੂੰ ਉਨ੍ਹਾਂ ਦਾ ਡਿਪਟੀ ਥਾਪ ਦਿੱਤਾ। ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਇਸ ਨੂੰ ‘ਲੋਹਗੜ੍ਹ’ ਦਾ ਨਾਂ ਦਿੱਤਾ। ਇਸੇ ਚੜ੍ਹਤ ਦੌਰਾਨ ਉਸ ਨੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਸਿੱਕਾ ਜਾਰੀ ਕਰ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ। ਸੱਤ ਸੌ ਸਾਲਾਂ ਤੋਂ ਪਏ ਗ਼ੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਬੰਦਾ ਸਿੰਘ ਬਹਾਦਰ (ਸੰਨ 1670-1716) ਨੇ ਸ਼ੁਰੂਆਤ ਕੀਤੀ।
ਚੱਪੜਚਿੜੀ ਦੇ ਮੈਦਾਨ ’ਚ ਸੂਬੇਦਾਰ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਘਟਨਾ ਨੇ ਮੁਗ਼ਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਾ ਦਿੱਤਾ ਤੇ ਗਜ਼ਨਵੀ, ਤੈਮੂਰ ਤੇ ਬਾਬਰ ਦੇ ਖ਼ਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ’ਚ ਮਿਲਾ ਦਿੱਤਾ।
ਸਿੱਖਾਂ ਨੇ ਇਤਿਹਾਸ ਦੇ ਹਰ ਪੰਨੇ ਨੂੰ ਆਪਣੇ ਲਹੂ ਨਾਲ ਸ਼ਿੰਗਾਰਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਜਿੱਤ ਪ੍ਰਾਪਤ ਕਰ ਕੇ ‘ਰਾਜ ਕਰੇਗਾ ਖਾਲਸਾ’ ਦੀ ਜਿਹੜੀ ਜੋਤ ਸਿੱਖ ਮਨਾਂ ਅੰਦਰ ਜਗਾਈ ਸੀ, ਉਹ ਝੱਖੜਾਂ-ਤੂਫਾਨਾਂ ਦਾ ਸਾਮ੍ਹਣਾ ਖੜ੍ਹਦੀ ਹੋਈ ਅੱਜ ਵੀ ਹਰ ਸਿੱਖ ਦੇ ਸੀਨੇ ਵਿੱਚ ਇੱਕ ਸੂਹੀ ਲਾਟ ਬਣ ਕੇ ਮਚ ਰਹੀ ਹੈ ਤੇ ਸੰਕਟ ਕਾਲ ਦੌਰਾਨ ਸਿੱਖਾਂ ਦਾ ਮਾਰਗ-ਦਰਸ਼ਨ ਕਰਦੀ ਹੈ।