ਸਰਲ ਗੁਰਬਾਣੀ ਵਿਆਕਰਣ – ਭਾਗ 3 

0
119

ਸਰਲ ਗੁਰਬਾਣੀ ਵਿਆਕਰਣਭਾਗ

(ਨਾਉਂਪੁਲਿੰਗਬਹੁ ਵਚਨਅਕਾਰਾਂਤ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

‘ਮੰਮੀ ਜੀ ! ਜਿਵੇਂ ਗਿਆਨੀ ਜੀ ਨੇ ਸਮਝਾਇਆ ਹੈ ਕਿ ‘ਭਰੀਐ ਹਥੁ ਪੈਰੁ ਤਨੁ ਦੇਹ॥’ ਇਸ ਤੁੱਕ ਵਿਚ ਹਥੁ, ਪੈਰੁ ਤੇ ਤਨੁ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ ਹੋਈ ਹੈ ਤੇ ਇਸ ਔਂਕੜ ਨਾਲ ਇਸ ਦੇ ਅਰਥ ਇਕ ਹੱਥ, ਇਕ ਪੈਰ ਤੇ ਇਕ ਤਨ ਬਣ ਜਾਣਗੇ। ਮੇਰੇ ਦਿਮਾਗ ਵਿਚ ਇਕ ਵਿਚਾਰ ਬੜੀ ਤੇਜ਼ੀ ਨਾਲ ਚੱਕਰ ਲਗਾ ਰਿਹਾ ਹੈ ਕਿ ਗੁਰਬਾਣੀ ਵਿਚ ਇਹ ਸ਼ਬਦ ਬਿਨਾਂ ਔਂਕੜ ਤੋਂ ਵੀ ਆਏ ਨੇ ?’ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਦੀ ਕਲਾਸ ਤੋਂ ਬਾਅਦ ਮਿਹਰ ਸਿੰਘ ਨੇ ਸਵਾਲ ਕੀਤਾ।

‘ਤੂੰ ਤੇ ਸੁਖਦੀਪ ਦੋਵੇਂ ਗੁਰਬਾਣੀ ਵਿਆਕਰਣ ਦੇ ਬਹੁਤ ਸਵਾਲ ਕਰਨ ਲੱਗ ਪਏ ਹੋ। ਗਿਆਨੀ ਜੀ ਤੋਂ ਪੁੱਛ ਲਵੋ ਨਾ ਬੇਟਾ ਜੀਓ।’ ਮਾਂ ਨੇ ਆਪਣੇ ਲਾਡਲੇ ਮਿਹਰ ਸਿੰਘ ਦੇ ਸਿਰ ’ਤੇ ਹੱਥ ਰੱਖਦਿਆਂ ਬੜੇ ਪਿਆਰ ਨਾਲ ਕਿਹਾ।

‘ਪਹਿਲੀ ਗੱਲ, ਜਿੱਥੇ ਵੀਚਾਰ ਨੂੰ ਖਾਲੀ ਥਾਂ ਮਿਲੇਗੀ, ਉਥੇ ਹੀ ਚੱਕਰ ਲਗਾਏਗਾ ਨਾ ? ਦੂਜੀ ਗੱਲ, ਵਾਇਆ ਰਿੰਗ ਰੋਡ ਹੋ ਕੇ ਸਵਾਲ ਕਰਨ ਦੀ ਕੀ ਲੋੜ ਹੈ, ਸਿੱਧਾ ਸ਼ਾਰਟ-ਕੱਟ ਪੁੱਛ ਕਿ ਗੁਰਬਾਣੀ ਵਿਚ ਕੋਈ ਪੁਲਿੰਗ ਨਾਉਂ ‘ਉਕਾਰਾਂਤ’ ਤੋਂ ਇਲਾਵਾ ‘ਅਕਾਰਾਂਤ’ ਵੀ ਆ ਸਕਦਾ ਹੈ ?’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਚਿੜਾਦਿਆਂ ਕਿਹਾ ਤੇ ਆਲੇ-ਦੁਆਲੇ ਖੜੀਆਂ ਸੰਗਤਾਂ ਵੀ ਹੱਸ ਪਈਆਂ।

‘ਊਂਅ ! ਦੇਖੋ ਵੀਰ ਜੀ ਕਹਿ ਰਹੇ ਨੇ ਕਿ ਮੇਰਾ ਦਿਮਾਗ ਖਾਲੀ ਹੈ। ਉਤੋਂ ਹੋਰ ਹੀ ਉਕਾਰਾਂਤ-ਅਕਾਰਾਂਤ ਲੈ ਕੇ ਬਹਿ ਗਏ। ਭਲਾ ਇਹ ਕੀ ਚੀਜ਼ ਹੋਈ ?’ ਮਿਹਰ ਸਿੰਘ ਨੇ ਨਰਾਜ਼ਗੀ ਜਤਾਈ।

‘ਦੇਖ ਮਿਹਰ ! ਜਿਸ ਸ਼ਬਦ ਦੇ ਅਖੀਰਲੇ ਅੱਖਰ ਨੂੰ ਔਂਕੜ ਹੋਵੇ ਉਸ ਨੂੰ ਉਕਾਰਾਂਤ ਕਹਿੰਦੇ ਹਨ, ਜਿਵੇਂ : ਹਥੁ, ਪੈਰੁ, ਤਨੁ। ਜਿਸ ਸ਼ਬਦ ਦਾ ਆਖਰੀ ਅੱਖਰ ਮੁਕਤਾ ਹੋਵੇ, ਉਸ ਨੂੰ ਅਕਾਰਾਂਤ ਕਹਿੰਦੇ ਨੇ, ਜਿਵੇਂ: ਹਥ, ਪੈਰ, ਤਨ।’ ਸੁਖਦੀਪ ਸਿੰਘ ਨੇ ਸੌਖੇ ਤਰੀਕੇ ਨਾਲ ਸਮਝਾਇਆ।

‘ਮੈਂ ਸਮਝ ਗਿਆ, ਮੈਂ ਸਮਝ ਗਿਆ। ਉ ਦਾ ਮਤਲਬ ਔਂਕੜ। ਔਂਕੜ+ਅੱਖਰ+ਅੰਤ = ਉਕਾਰਾਂਤ। ਇਹਦਾ ਮਤਲਬ ਕਿ ਅਖੀਰਲੇ ਅੱਖਰ ਨੂੰ ਔਂਕੜ ਹੋਵੇ ਤਾਂ ਉਸ ਨੂੰ ਉਕਾਰਾਂਤ ਕਹਿ ਦਿੰਦੇ ਨੇ, ਜਿਵੇਂ ਭਗਤੁ, ਸੁਰਗੁ, ਗਿਆਨੁ।

ਇਸੇ ਤਰ੍ਹਾਂ ਅ ਦਾ ਮਤਲਬ ਹੈ ਮੁਕਤਾ। ਮੁਕਤਾ ਦਾ ਮਤਲਬ ਜਿਹੜਾ ਅੱਖਰ ਕੰਨਾ, ਸਿਹਾਰੀ, ਬਿਹਾਰੀ ਵਗੈਰਾ ਸਾਰੀਆਂ ਲਗਾਂ ਤੋਂ ਮੁਕਤ ਹੋਵੇ, ਉਸ ਨੂੰ ਮੁਕਤਾ ਕਹਿੰਦੇ ਨੇ। ਮੁਕਤਾ+ਅੱਖਰ+ਅੰਤ= ਅਕਾਰਾਂਤ। ਇਸ ਦਾ ਮਤਲਬ ਕਿ ਅਖੀਰਲਾ ਅੱਖਰ ਮੁਕਤਾ ਹੋਵੇ ਤਾਂ ਉਸ ਨੂੰ ਅਕਾਰਾਂਤ ਕਹਿ ਦਿੰਦੇ ਨੇ, ਜਿਵੇਂ: ਭਗਤ, ਸੁਰਗ, ਗਿਆਨ।’ ਮਿਹਰ ਸਿੰਘ ਜੇਤੂ ਅੰਦਾਜ਼ ਵਿਚ ਬੋਲਿਆ। ਸੰਗਤ ਵੀ ਇਸ ਵਾਰਤਾਲਾਪ ਨੂੰ ਬੜੇ ਧਿਆਨ ਨਾਲ ਸੁਣ ਰਹੀ ਸੀ।

‘ਕਿਆ ਬਾਤ ! ਬੜਾ ਤੇਜ਼ ਦਿਮਾਗ ਹੈ ਮਿਹਰ ਸਿੰਘ ਦਾ। ਕਿਉਂ ਪੁੱਤਰ ਸੁਖਦੀਪ ਸਿੰਘ ! ਤੁਸੀਂ ਮਿਹਰ ਸਿੰਘ ਦਾ ਦਿਮਾਗ ਖਾਲੀ ਸਮਝਿਆ ਸੀ, ਇਹਦੇ ਦਿਮਾਗ ਵਿਚ ਤਾਂ ਗੁਰਬਾਣੀ ਵਿਆਕਰਣ ਭਰੀ ਪਈ ਹੈ। ਚੱਲੋ ਹੁਣ ਤੁਸੀਂ ਦੱਸੋ ਕਿ ਜੇ ਕਿਸੇ ਸ਼ਬਦ ਦਾ ਆਖਰੀ ਅੱਖਰ ‘ਹੁ’ ਹੋਵੇ, ਤਾਂ ਉਸ ਨੂੰ ਕੀ ਕਹਿੰਦੇ ਨੇ।’ ਮੈਂ ਸੁਖਦੀਪ ਸਿੰਘ ਨੂੰ ਸਵਾਲ ਕੀਤਾ।

‘ਵੈਰੀ ਸਿੰਪਲ। ਉਹਨੂੰ ਹੁਕਾਰਾਂਤ ਕਹਿੰਦੇ ਨੇ। ਹੁ+ਅੱਖਰ+ਅੰਤ= ਹੁਕਾਰਾਂਤ। ਉਹ ਸ਼ਬਦ ਨਾਉਂ, ਕਿਰਿਆ ਕੋਈ ਵੀ ਹੋ ਸਕਦਾ ਹੈ, ਜਿਵੇਂ: ਸਚਹੁ, ਸੰਤਹੁ, ਗਾਵਹੁ, ਪਾਵਹੁ ਤੇ ਹੋਰ ਬਹੁਤ ਸ਼ਬਦ ਨੇ। ਕਿਸੇ ਸ਼ਬਦ ਦੇ ਆਖਰੀ ਅੱਖਰ ਨੂੰ ਜਿਸ ਤਰ੍ਹਾਂ ਦੀ ਲੱਗ ਹੋਵੇ, ਉਸੇ ਤਰ੍ਹਾਂ ਦਾ ਹੀ ਅਸੀਂ ਉਸ ਦਾ ਨਾਮ ਬਣਾ ਸਕਦੇ ਹਾਂ। ਉਦਾਹਰਣ ਦੇ ਤੌਰ ’ਤੇ :

ਅਕਾਰਾਂਤ = ਅ (ਮੁਕਤਾ) + ਅੱਖਰ + ਅੰਤ = ਸਚ

ਆਕਾਰਾਂਤ = ਆ (ਕੰਨਾ) + ਅੱਖਰ + ਅੰਤ = ਸਚਾ

ਇਕਾਰਾਂਤ = ਇ (ਸਿਹਾਰੀ) + ਅੱਖਰ + ਅੰਤ = ਸਚਿ

ਈਕਾਰਾਂਤ = ਈ (ਬਿਹਾਰੀ) + ਅੱਖਰ + ਅੰਤ = ਸਚੀ

ਉਕਾਰਾਂਤ = ਉ (ਔਂਕੜ) + ਅੱਖਰ + ਅੰਤ = ਸਚੁ

ਊਕਾਰਾਂਤ = ਊ (ਦੁਲੈਂਕੜ) + ਅੱਖਰ + ਅੰਤ = ਸਚੂ

ਏਕਾਰਾਂਤ = ਏ (ਲਾਂ) + ਅੱਖਰ + ਅੰਤ = ਸਚੇ

ਐਕਾਰਾਂਤ = ਐ (ਦੁਲਾਵਾਂ) + ਅੱਖਰ + ਅੰਤ = ਸਚੈ

ਓਕਾਰਾਂਤ = ਓ (ਹੋੜਾ) + ਅੱਖਰ + ਅੰਤ = ਸਚੋ

ਔਕਾਰਾਂਤ = ਔ (ਕਨੌੜਾ) + ਅੱਖਰ + ਅੰਤ = ਸਚੌ

ਇਸ ਤੋਂ ਇਲਾਵਾ ਆਖਰੀ ਅੱਖਰ ਨਾਲ ਲੱਗੀ ਹੋਈ ਲੱਗ ਨਾਲ ਸੰਬੰਧਤ ਹੋਰ ਨਾਮ ਵੀ ਦਿੱਤੇ ਜਾਂਦੇ ਹਨ, ਜਿਵੇਂ : ਉ-ਅੰਤ ਪੁਲਿੰਗ, ਮੁਕਤਾ-ਅੰਤ ਇਸਤਰੀ ਲਿੰਗ, ਹਿ-ਅੰਤ ਕਿਰਿਆ ਤੇ ਹੋਰ ਬਹੁਤ ਸਾਰੇ ਸ਼ਬਦ।’ ਸੁਖਦੀਪ ਸਿੰਘ ਨੇ ਬੜੀ ਸਿਆਣਪ ਨਾਲ ਜਵਾਬ ਦਿੱਤਾ।

‘ਵਾਹ ਜੀ ਵਾਹ ! ਲਗਦੈ ਇਹਨਾਂ ਬੱਚਿਆਂ ਨੇ ਗੁਰਬਾਣੀ ਵਿਆਕਰਣ ਦੇ ਨੇਮ ਪਾਣੀ ਵਿਚ ਘੋਲ ਕੇ ਪੀਤੇ ਹੋਏ ਨੇ। ਕਿੰਨੀ ਜਲਦੀ ਸਭ ਕੁੱਝ ਸਮਝ ਜਾਂਦੇ ਨੇ।’ ਸੰਗਤਾਂ ਨੇ ਵੀ ਵਾਰਤਾਲਾਪ ਵਿਚ ਸ਼ਾਮਲ ਹੁੰਦਿਆਂ ਬੱਚਿਆਂ ਦੀ ਸ਼ਲਾਘਾ ਕੀਤੀ।

‘ਬਿਲਕੁੱਲ ਜੀ, ਯਾਦਾਸ਼ਤ ਤਾਜ਼ੀ ਹੋਣ ਕਰਕੇ ਬੱਚੇ ਹਰ ਚੀਜ਼ ਨੂੰ ਬੜੀ ਜਲਦੀ ਸਮਝ ਜਾਂਦੇ ਨੇ। ਕਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਹਿੰਦੇ ਹਨ ਕਿ ਬੱਚਿਓ ! ਗਿਆਨੀ ਜੀ ਆਏ ਨੇ, ਇਹਨਾਂ ਨੂੰ ਫਲਾਣਾ ਗਾਣਾ ਗਾ ਕੇ ਸੁਣਾਉ। ਇਹਨਾਂ ਨੂੰ ਡਿਸਕੋ ਡਾਂਸ ਕਰਕੇ ਦਿਖਾਉ। ਮੈਂ ਉਹਨਾਂ ਤੋਂ ਪੁੱਛਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਸ਼ਬਦ ਨਹੀਂ ਸਿਖਾਇਆ ? ਉਹ ਝੱਟ ਕਹਿ ਦਿੰਦੇ ਨੇ ਕਿ ਛੱਡੋ ਗਿਆਨੀ ਜੀ ! ਅਜੇ ਅੰਞਾਣ ਬੱਚੇ ਹਨ, ਵੱਡੇ ਹੋ ਕੇ ਆਪੇ ਗੁਰਬਾਣੀ ਸਿੱਖ ਜਾਣਗੇ। ਮੈਂ ਕਹਿੰਦਾ ਹਾਂ ਕਿ ਬੱਚੇ ਵੱਡੇ ਹੋ ਕੇ ਕਿੰਨਾ ਕੁ ਗੁਰਬਾਣੀ ਸਿੱਖਦੇ ਹਨ, ਇਹ ਸਭ ਨੂੰ ਪਤਾ ਹੈ।  18 ਤੋਂ ਟੱਪੇ ਨਹੀਂ ਤੇ ਘਰਦਿਆਂ ਤੋਂ ਅੱਕੇ ਨਹੀਂ। ਜੇ ਬਚਪਨ ਵਿਚ ਨੀਂਹ ਗੁਰਮਤਿ ਅਨੁਸਾਰ ਰੱਖੀ ਹੁੰਦੀ ਤਾਂ ਬੱਚੇ ਘਰਦਿਆਂ ਦਾ ਵੀ ਸਤਿਕਾਰ ਕਰਦੇ।

ਅਸਲ ਵਿਚ ਅੰਞਾਣ ਬੱਚੇ ਨਹੀਂ ਹਨ, ਅੰਞਾਣ ਤਾਂ ਉਹ ਮਾਤਾ-ਪਿਤਾ ਹਨ, ਜਿਹੜੇ ਬੱਚਿਆਂ ਨੂੰ ਅੰਞਾਣ ਸਮਝਦੇ ਹਨ। ਬੱਚਿਆਂ ਕੋਲ ਤਾਜ਼ਾ ਦਿਮਾਗ ਤੇ ਨਰੋਈ ਯਾਦਾਸ਼ਤ ਹੁੰਦੀ ਹੈ। ਜਿਹੜਾ ਬੱਚਾ ਪੂਰਾ ਇਕ ਫਿਲਮੀ ਗੀਤ ਯਾਦ ਕਰ ਸਕਦਾ ਹੈ, ਕੀ ਉਹ ਗੁਰਬਾਣੀ ਦਾ ਇਕ ਸ਼ਬਦ ਨਹੀਂ ਯਾਦ ਕਰ ਸਕਦਾ ? ਜਿਹੜਾ ਬੱਚਾ ਹੀਰੋ-ਹੀਰੋਇਨਾਂ ਦੇ ਨਾਮ ਯਾਦ ਰੱਖ ਸਕਦਾ ਹੈ, ਕੀ ਉਹ ਗੁਰੂ ਸਾਹਿਬਾਨਾਂ ਦੇ ਨਾਮ ਨਹੀਂ ਯਾਦ ਰੱਖ ਸਕਦਾ ? ਜਿਸ ਬੱਚੇ ਨੂੰ ਗਾਇਕਾਂ ਦੇ ਨਾਮ ਰਟੇ ਹੋਏ ਹਨ, ਕੀ ਉਹ ਪੰਜ ਪਿਆਰਿਆਂ ਦੇ ਨਾਮ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਲਾਡਲੇ ਸਾਹਿਬਜ਼ਾਦਿਆਂ ਦੇ ਨਾਮ ਨਹੀਂ ਯਾਦ ਕਰ ਸਕਦਾ ? ਬੱਚੇ ਦੀ ਯਾਦਾਸ਼ਤ ਤਾਂ ਬਹੁਤ ਤੇਜ਼ ਹੈ। ਬਚਪਨ ਵਿਚ ਜੋ ਬੱਚੇ ਦੀ ਯਾਦਾਸ਼ਤ ਰੂਪੀ ਕੋਰੀ ਸਲੇਟ ’ਤੇ ਉਕਰ ਦਿਉਂਗੇ, ਉਹ ਸਾਰੀ ਜ਼ਿੰਦਗੀ ਉਸ ਨੂੰ ਯਾਦ ਰਹੇਗਾ।’ ਮੈਂ ਇੰਨਾ ਕੁ ਬੋਲ ਕੇ ਚੁੱਪ ਕਰ ਗਿਆ। ਸੰਗਤਾਂ ‘ਹਾਂ’ ਵਿਚ ਸਿਰ ਹਿਲਾ ਰਹੀਆਂ ਸਨ।

‘ਬਿਲਕੁੱਲ ਠੀਕ ਕਿਹਾ, ਸਾਨੂੰ ਆਪ ਹੀ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਪਵੇਗਾ। ਪਰ ਸੱਚ ਪੁੱਛੋ ਤਾਂ ਗਿਆਨੀ ਜੀ ! ਜਿਹੜਾ ਮਿਹਰ ਨੇ ਸਵਾਲ ਪੁੱਛਿਆ ਹੈ, ਉਸ ਦਾ ਜਵਾਬ ਤਾਂ ਸਾਨੂੰ ਵੀ ਨਹੀਂ ਪਤਾ। ਗੁਰਬਾਣੀ ਵਿਚ ਜੇ ਕੋਈ ਪੁਲਿੰਗ ਸ਼ਬਦ ‘ਉਕਾਰਾਂਤ’ (ਆਖਰੀ ਅੱਖਰ ਔਂਕੜ ਵਾਲਾ, ਇਕ ਵਚਨ) ਆਉਂਦਾ ਹੈ ਤਾਂ ਉਹੀ ਸ਼ਬਦ ‘ਅਕਾਰਾਂਤ’ (ਆਖਰੀ ਅੱਖਰ ਮੁਕਤਾ ਵਾਲਾ, ਬਹੁ ਵਚਨ) ਵੀ ਆ ਸਕਦਾ ਹੈ ?’ ਸੰਗਤ ਵਿਚੋਂ ਕਿਸੇ ਨੇ ਸਵਾਲ ਕੀਤਾ। ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਮਿਹਰ ਸਿੰਘ ਦੇ ਮੰਮੀ ਜੀ ਬੋਲ ਪਏ।

‘ਆਉਂਦਾ ਹੈ ਜੀ। ਹੁਣੇ ਤਾਂ ਅਸੀਂ ਗੁਰਬਾਣੀ ਦੀ ਸੰਥਿਆ ਵਿਚ ਐਸੇ ਕਈ ਸ਼ਬਦ ਪੜ ਕੇ ਆਏ ਹਾਂ। (ਮਿਹਰ ਸਿੰਘ ਵੱਲ ਇਸ਼ਾਰਾ ਕਰਦਿਆਂ) ਪੁੱਤਰ ਮਿਹਰ ! ਤੂੰ ਵੀ ਧਿਆਨ ਨਾਲ ਸੁਣ। ਗੁਰਬਾਣੀ ਵਿਚ ਕੋਈ ਵੀ ਪੁਲਿੰਗ ਨਾਉਂ ਉਕਾਰਾਂਤ ਤੋਂ ਇਲਾਵਾ ਅਕਾਰਾਂਤ ਵੀ ਆ ਸਕਦਾ ਹੈ। ਉਕਾਰਾਂਤ ਹੋਵੇ ਤਾਂ ਇਕ ਵਚਨ ਦੇ ਅਰਥ ਬਣਨਗੇ ਅਤੇ ਅਕਾਰਾਂਤ ਹੋਵੇ ਤਾਂ ਬਹੁ ਵਚਨ ਦੇ ਅਰਥ ਬਣ ਜਾਣਗੇ। ਜਿਵੇਂ: ‘ਭਰੀਐ ਹਥੁ ਪੈਰੁ ਤਨੁ ਦੇਹ॥’ ਇਸ ਤੁੱਕ ਵਿਚ ਹਥੁ, ਪੈਰੁ ਤੇ ਤਨੁ ਉਕਾਰਾਂਤ (ਆਖਰੀ ਅੱਖਰ ਔਂਕੜ ਨਾਲ) ਹਨ ਅਤੇ ਅਰਥ ਬਣ ਗਏ : ਇਕ ਹੱਥ, ਇਕ ਪੈਰ ਤੇ ਇਕ ਤਨ (ਸਰੀਰ)।

ਜਦੋਂ ਹੱਥ ਬਹੁਤੇ ਹੋ ਜਾਣਗੇ ਤਾਂ ‘ਹਥ’ ਉਕਾਰਾਂਤ (ਆਖਰੀ ਅੱਖਰ ਮੁਕਤਾ ਨਾਲ) ਲਿਖਿਆ ਆਏਗਾ। ਜਿਵੇਂ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ ਕਿ ਕੋਈ ਜੁਆਰੀਆ ਆਪਣੀ ਮਾਇਆ, ਘਰ ਦੇ ਭਾਂਡੇ, ਗਹਿਣੇ ਆਦਿ ਸਭ ਕੁਝ ਦਾਅ ’ਤੇ ਲਾ ਕੇ ਹਾਰ ਜਾਂਦਾ ਹੈ ਤੇ ਅਖੀਰ ਨੂੰ ਦੋਵੇਂ ਹੱਥ ਝਾੜ ਕੇ, ਪਛਤਾ ਕੇ ਤੁਰ ਪੈਂਦਾ ਹੈ। ਇਸੇ ਤਰ੍ਹਾਂ ਮਨੁੱਖ ਵੀ ਆਪਣੀ ਸਵਾਸਾਂ ਦੀ ਪੂੰਜੀ ਵਿਕਾਰਾਂ ਦੀ ਖੇਡ ਵਿਚ ਗਵਾ ਕੇ, ਪਛਤਾਉਂਦਾ ਹੋਇਆ, ਦੁਨੀਆਂ ਤੋਂ ਕੂਚ ਕਰ ਜਾਂਦਾ ਹੈ। ਜਦੋਂ ਗੁਰਬਾਣੀ ਵਿਚ ਦੋ ਹੱਥਾਂ ਦੀ ਗੱਲ ਆਈ ਤਾਂ ਬਹੁ ਵਚਨ ਹੱਥਾਂ ਲਈ ਅਕਾਰਾਂਤ ਸ਼ਬਦ ‘ਹਥ’ ਆ ਗਿਆ : 

ਕਹਿ ਕਬੀਰ ਕਿਛੁ ਗੁਨੁ ਬੀਚਾਰਿ

ਚਲੇ ਜੁਆਰੀ ਦੁਇ ਹਥ ਝਾਰਿ

ਇਕ ਵਚਨ ਪੁਲਿੰਗ ਲਈ ਉਕਾਰਾਂਤ ਸ਼ਬਦ ‘ਪੈਰੁ’ ਹੈ ਤੇ ਬਹੁ ਵਚਨ ਲਈ ਅਕਾਰਾਂਤ ‘ਪੈਰ’ ਸ਼ਬਦ ਆ ਗਿਆ :

ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ

ਇਸੇ ਤਰ੍ਹਾਂ ਇਕ ਵਚਨ ਪੁਲਿੰਗ ਲਈ ਉਕਾਰਾਂਤ ਸ਼ਬਦ ‘ਤਨੁ’ ਹੈ ਤੇ ਬਹੁ ਵਚਨ ਲਈ ਅਕਾਰਾਂਤ ‘ਤਨ’ ਸ਼ਬਦ ਆ ਗਿਆ :

ਹਰਿ ਸੰਗਿ ਰਾਤੇ ਮਨ ਤਨ ਹਰੇ

ਗੁਰ ਪੂਰੇ ਕੀ ਸਰਨੀ ਪਰੇ

ਜਦੋਂ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਹੋਵੇ ਤਾਂ ਉਸ ਦਾ ਅਰਥ ਇਕ ਵਚਨ ਵਿਚ ਕੀਤਾ ਜਾਂਦਾ ਹੈ ਅਤੇ ਜਦੋਂ ਆਖਰੀ ਅੱਖਰ ਮੁਕਤਾ ਹੋਵੇ, ਉਸ ਦਾ ਅਰਥ ਬਹੁ ਵਚਨ ਵਿਚ ਕੀਤਾ ਜਾਂਦਾ ਹੈ।’ ਮਿਹਰ ਸਿੰਘ ਦੀ ਮਾਂ ਨੇ ਬਹੁਤ ਸੁੰਦਰ ਤਰੀਕੇ ਨਾਲ ਸਮਝਾਇਆ।

‘ਕੀ ਹੋਰ ਵੀ ਪੁਲਿੰਗ ਸ਼ਬਦ ਹਨ, ਜੋ ਇਕ ਵਚਨ ਤੇ ਬਹੁ ਵਚਨ ਦੋਵਾਂ ਰੂਪ ਵਿਚ ਆਉਂਦੇ ਹਨ ?’ ਕਿਸੇ ਨੇ ਉਤਸੁਕਤਾ ਨਾਲ ਪੁੱਛਿਆ।

‘ਬਿਲਕੁੱਲ ਜੀ ! ਬਹੁਤ ਸਾਰੇ ਐਸੇ ਸ਼ਬਦ ਹਨ ਜੋ ਉਕਾਰਾਂਤ ਨਾਲ ਇਕ ਵਚਨ ਤੇ ਅਕਾਰਾਂਤ ਨਾਲ ਬਹੁ ਵਚਨ ਦੋਵਾਂ ਰੂਪਾਂ ਵਿਚ ਆਉਂਦੇ ਹਨ, ਜਿਵੇਂ ਗੁਰਬਾਣੀ ਵਿਚ ਭਗਤੁ, ਦਿਵਸੁ, ਭੋਜਨੁ, ਸੁਖੁ, ਨਰਕੁ, ਜਨੁ, ਪੰਡਿਤੁ, ਰਾਹੁ ਆਦਿ ਆਖਰੀ ਅੱਖਰ ਔਂਕੜ ਨਾਲ ਇਕ ਵਚਨ ਦੇ ਅਰਥਾਂ ਵਿਚ ਆਏ ਹਨ। ਉਦਾਹਰਣ ਦੇ ਤੌਰ ’ਤੇ :

ਹਰਿ ਕਾ ਭਗਤੁ ਪ੍ਰਗਟ ਨਹੀ ਛਪੈ

ਸੋਈ ਿਵਸੁ ਭਲਾ ਮੇਰੇ ਭਾਈ

ਤ੍ਰਿਪਤਿ ਭਈ ਸਚੁ ਭੋਜਨੁ ਖਾਇਆ

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ

ਭਗਤ ਕੀ ਨਿੰਦਾ ਨਰਕੁ ਭੁੰਚਾਵੈ

ਜਨੁ ਰਾਤਾ ਹਰਿ ਨਾਮ ਕੀ ਸੇਵਾ

ਪੰਡਿਤੁ ਸਾਸਤ ਸਿਮ੍ਰਿਤਿ ਪੜਿਆ

ਹੁਕਮੀ ਹੁਕਮੁ ਚਲਾਏ ਰਾਹੁ

ਇਹੀ ਸ਼ਬਦ ਬਹੁ ਵਚਨ ਦੇ ਅਰਥ ਕਰਨ ਲਈ ਅਕਾਰਾਂਤ ਰੂਪ ਵਿਚ ਵੀ ਆਏ ਹਨ। ਉਦਾਹਰਣ ਦੇ ਤੌਰ ’ਤੇ :

ਅਸੰਖ ਭਗਤ ਗੁਣ ਗਿਆਨ ਵੀਚਾਰ

ਸੁਭ ਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ

ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ

ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ

ਸਾਧ ਕੈ ਸੰਗਿ ਨਰਕ ਪਰਹਰੈ

ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ

ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ

ਰਾਹ ਦੋਵੈ ਖਸਮੁ ਏਕੋ ਜਾਣੁ

ਜਦੋਂ ਅਸੀਂ ਗੁਰਬਾਣੀ ਨੂੰ ਵੀਚਾਰ ਕੇ ਪੜ੍ਹਦੇ ਹਾਂ ਤਾਂ ਅਜਿਹੇ ਅਨੇਕਾਂ ਸ਼ਬਦ ਆ ਜਾਂਦੇ ਹਨ, ਜਿਹੜੇ ਪੁਲਿੰਗ ਨਾਉਂ ਆਖਰੀ ਅੱਖਰ ਨੂੰ ਔਂਕੜ ਲੱਗੀ ਹੋਣ ਕਰਕੇ ਇਕ ਵਚਨ ਦਾ ਅਰਥ ਦਿੰਦੇ ਹਨ ਤੇ ਔਂਕੜ ਲੱਥ ਜਾਣ ਨਾਲ ਬਹੁ ਵਚਨ ਦਾ ਅਰਥ ਦਿੰਦੇ ਹਨ।’ ਮਿਹਰ ਸਿੰਘ ਦੀ ਮਾਤਾ ਨੇ ਸਾਰੀ ਸੰਗਤ ਨੂੰ ਬਹੁਤ ਸੌਖੇ ਸ਼ਬਦਾਂ ਨਾਲ ਸਮਝਾਇਆ।

ਮੈਂ ਮਨ ਵਿਚ ਸੋਚ ਕੇ ਹੱਸ ਰਿਹਾ ਸਾਂ ਕਿ ਮੈਂ ਤਾਂ ਅੱਜ ਸੰਗਤਾਂ ਨੂੰ ਉਕਾਰਾਂਤ ਤੇ ਅਕਾਰਾਂਤ ਵਗੈਰਾ ਬਾਰੇ ਸਮਝਾਉਣਾ ਸੀ ਪਰ ਗੁਰਬਾਣੀ ਵਿਆਕਰਣ ਦਾ ਇਹ ਨੇਮ ਤਾਂ ਇਹ ਪਹਿਲਾਂ ਤੋਂ ਹੀ ਜਾਣਦੇ ਹਨ। ਸੰਗਤਾਂ ਗੁਰਬਾਣੀ ਪ੍ਰਤੀ ਬਹੁਤ ਜਾਗਰੂਕ ਹਨ, ਇਸ ਲਈ ਇਹ ਨੇਮ ਦੱਸਣਾ ਵੀ ਅੱਜ ਕੈਂਸਲ ਹੋ ਗਿਆ। ਅਗਲੀ ਵਾਰ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਜੇਕਰ ਪੁਲਿੰਗ ਨਾਉਂ ਦੀ ਔਂਕੜ ਲੱਥ ਜਾਏ ਤਾਂ ਬਹੁ ਵਚਨ ਤੋਂ ਇਲਾਵਾ ਉਸ ਦੇ ਹੋਰ ਵੀ ਬੜੇ ਪਿਆਰੇ ਅਰਥ ਬਣ ਜਾਂਦੇ ਹਨ। ਹੁਣ ਤੁਸੀਂ ਵੀ ਚੁੱਕ ਲਉ ਡਾਇਰੀ ਤੇ ਗੁਰਬਾਣੀ ਵਿਚੋਂ 10 ਐਸੇ ਪ੍ਰਮਾਣ (ਤੁੱਕਾਂ) ਲਿਖੋ, ਜਿਹਨਾਂ ਵਿਚ ਪੁਲਿੰਗ ਨਾਉਂ ਉਕਾਰਾਂਤ ਅਤੇ ਅਕਾਰਾਂਤ ਦੋਵੇਂ ਰੂਪਾਂ ਵਿਚ ਹੋਣ।