ਕੀ ‘‘ਸਿਖੀ, ਸਿਖਿਆ ਗੁਰ ਵੀਚਾਰਿ॥’’ ਤੁਕ ’ਚ ‘ਸਿਖੀ’ ਦਾ ਅਰਥ ‘ਸਿੱਖ-ਵਿਚਾਰਧਾਰਾ’ ਹੈ ?

0
1033

ਕੀ ‘‘ਸਿਖੀ, ਸਿਖਿਆ ਗੁਰ ਵੀਚਾਰਿ॥’’ ਤੁਕ ’ਚ ‘ਸਿਖੀ’ ਦਾ ਅਰਥ ‘ਸਿੱਖ-ਵਿਚਾਰਧਾਰਾ’ ਹੈ ?

ਵਿਚਾਰ: ਗੁਰਬਾਣੀ; ਦਾ ਸਰੋਤ ਗੁਰਮਤਿ (ਗੁਰੂ ਦੀ ਮਤਿ) ਹੈ, ਨਾ ਕਿ ‘ਸਿੱਖ ਮੱਤ’ ਕਿਉਂਕਿ ‘ਸਿਖ’; ਸਿੱਖਿਆਰਥੀ (ਸ਼ਗਿਰਦ) ਹੁੰਦਾ ਹੈ, ਜਿਸ ਦੀ ਮਰਨ ਤੱਕ ਵੀ ਆਪਣੀ ਕੋਈ ਸਥਿਰ ਵਿਚਾਰਧਾਰਾ (ਮੱਤ) ਨਹੀਂ ਹੋਣੀ ਚਾਹੀਦੀ।

ਗੁਰੂ ਨਾਨਕ ਸਾਹਿਬ ਜੀ ਨੇ ਹਥਲੇ ਸ਼ਬਦ ’ਚ ਅਨਮਤ ਦੀ ਮਿਸਾਲ ਨਾਲ ਗੁਰਮਤਿ ਦਾ ਇਹ ਵਿਸ਼ਾ ਕਿ ‘ਕੁਦਰਤ ਨੂੰ ਬਣਾਉਣ ਵਾਲਾ ਹੀ ਸੇਵਕ ਨੂੰ ਕੁਦਰਤ ’ਚੋਂ ਪਾਰ ਲੰਘਾਉਂਦਾ ਹੈ’, ਸਪਸ਼ਟ ਕੀਤਾ ਹੈ। ਸ਼ਬਦ ਦਾ ਸਾਰ-ਅੰਸ਼, ਜੋ ਸਾਡੇ ਲਈ ਉਪਦੇਸ਼ ਹੈ, ਉਹ ਇਨ੍ਹਾਂ ਤੁਕਾਂ ’ਚ ਹੈ: ‘‘ਨਿਰਭਉ ਨਿਰੰਕਾਰੁ ਸਚੁ ਨਾਮੁ ॥ ਜਾ ਕਾ ਕੀਆ ਸਗਲ ਜਹਾਨੁ ॥ ਸੇਵਕ ਸੇਵਹਿ; ਕਰਮਿ ਚੜਾਉ ॥ ਭਿੰਨੀ ਰੈਣਿ; ਜਿਨ੍ਾ ਮਨਿ ਚਾਉ ॥ ਸਿਖੀ; ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ; ਲਘਾਏ ਪਾਰਿ ॥’’ (ਆਸਾ ਕੀ ਵਾਰ/ਮ: ੧/੪੬੫)

ਅਰਥ: ਰੱਬ ਆਕਾਰ ਰਹਿਤ, ਨਿਡਰ ਤੇ ਸਦੀਵੀ ਸਥਿਰ ਵਡਿਆਈ ਵਾਲਾ ਹੈ (ਨਿਰਭਉ ਨਿਰੰਕਾਰੁ ਸਚੁ ਨਾਮੁ॥), ਜਿਸ ਨੇ ਸਾਰੀ ਕੁਦਰਤ ਸਾਜੀ ਹੈ (ਜਾ ਕਾ ਕੀਆ ਸਗਲ ਜਹਾਨੁ॥)। ਸੇਵਕ (ਉਸ ਨੂੰ) ਸਿਮਰਦੇ ਹਨ (ਬਦਲੇ ’ਚ ਉਸ ਦੀ) ਮਿਹਰ ਨਾਲ ਚੜ੍ਹਦੀ ਕਲਾ ਮਾਣਦੇ ਹਨ (ਸੇਵਕ ਸੇਵਹਿ; ਕਰਮਿ ਚੜਾਉ ॥) ਜਿਨ੍ਹਾਂ ਦੇ ਹਿਰਦੇ ’ਚ ਖਿੜਾਓ ਹੈ (ਉਨ੍ਹਾਂ ਦੀ ਜ਼ਿੰਦਗੀ ਰੂਪੀ) ਰਾਤ ਅਨੰਦਮਈ ਬਣ ਗਈ (ਭਿੰਨੀ ਰੈਣਿ; ਜਿਨ੍ਾ ਮਨਿ ਚਾਉ ॥) ਸੋ ਸਿੱਖਾਂ ਨੂੰ ਗੁਰੂ ਦੀ ਵਿਚਾਰ, ਗੁਰੂ ਦੀ ਸਿੱਖਿਆ ਹੀ ਬਖ਼ਸ਼ਣਹਾਰ (ਰੱਬ) ਦੀ ਮਿਹਰ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦੀ ਹੈ (ਸਿਖੀ; ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ; ਲਘਾਏ ਪਾਰਿ ॥)।

ਉਕਤ ਵਿਚਾਰ ਦਾ ਤੱਤ-ਸਾਰ ਹੈ ਕਿ ਬਖ਼ਸ਼ਹਾਰ ਨੇ ਕੁਦਰਤ ਸਾਜੀ ਹੈ ਅਤੇ ਗੁਰੂ-ਸ਼ਬਦ ਵਿਚਾਰ ਉਪਰੰਤ ਉਸ ਦੀ ਮਿਹਰ ਨੇ ਹੀ ਸਿੱਖਾਂ ਨੂੰ ਪਾਰ ਲੰਘਾਉਣਾ ਹੈ ਭਾਵ ਜਿਸ ਨੇ ਕੁਦਰਤ ਬਣਾਈ ਉਸ ਦੀ ਮਿਹਰ ਨਾਲ ਹੀ ਕੁਦਰਤ ’ਚੋਂ ਸੇਵਕ ਨੇ ਕਾਦਿਰ ’ਚ ਲੀਨ ਹੋਣਾ ਹੈ।

ਹੁਣ ਇਸ ਸ਼ਬਦ ’ਚ ਕਿੱਥੇ ਲਿਖਿਆ ਹੈ ਕਿ ‘ਸਿਖ’ ਦਾ ਅਰਥ ‘ਸਿੱਖ ਦੀ ਵਿਚਾਰਧਾਰਾ’ ਹੈ; ਜਿਵੇਂ ਕਿ ਇਸ ਵੀਡੀਓ ’ਚ ਭਾਈ ਸਾਹਿਬ ਕਹਿ ਰਿਹਾ ਹੈ। ਕਿੰਨਾ ਭੁਲੇਖਾ ਹੈ ‘ਗੁਰ ਵਿਚਾਰਿ’ ਸਮਝਣ ’ਚ। ਸ਼ਬਦ ਵੀ ਓਹੀ ਵਰਤੇ ਗਏ ਜਿਨ੍ਹਾਂ ’ਚ ਮਨਮਤ ਨੂੰ ਕੋਈ ਸਥਾਨ ਨਹੀਂ, ਪਰ ਫਿਰ ਵੀ ਮਨਮਤ ਕਾਇਮ ਰੱਖੀ ਗਈ।

ਇਸ ਸੰਪੂਰਨ ਸ਼ਬਦ ’ਚ ‘ਗੁਰਮਤਿ’ ਤੋਂ ਪਹਿਲਾਂ ਅਤੇ ਬਾਅਦ ’ਚ ਮਿਸਾਲ ਵਜੋਂ ਲਈ ਗਈ ਅਨਮਤ ਇਹ ਹੈ:

ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨਿ੍ ਸਿਰ ॥ ਉਡਿ ਉਡਿ ਰਾਵਾ, ਝਾਟੈ ਪਾਇ ॥ ਵੇਖੈ ਲੋਕੁ, ਹਸੈ ਘਰਿ ਜਾਇ ॥ ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ ਪਛਾੜਹਿ ਧਰਤੀ ਨਾਲਿ ॥ ਗਾਵਨਿ ਗੋਪੀਆ, ਗਾਵਨਿ ਕਾਨ੍ ॥ ਗਾਵਨਿ ਸੀਤਾ, ਰਾਜੇ ਰਾਮ ॥ ‘‘ਨਿਰਭਉ ਨਿਰੰਕਾਰੁ ਸਚੁ ਨਾਮੁ ਜਾ ਕਾ ਕੀਆ ਸਗਲ ਜਹਾਨੁ ਸੇਵਕ ਸੇਵਹਿ; ਕਰਮਿ ਚੜਾਉ ਭਿੰਨੀ ਰੈਣਿ; ਜਿਨ੍ਾ ਮਨਿ ਚਾਉ ਸਿਖੀ; ਸਿਖਿਆ ਗੁਰ ਵੀਚਾਰਿ ਨਦਰੀ ਕਰਮਿ; ਲਘਾਏ ਪਾਰਿ ’’ ਕੋਲੂ ਚਰਖਾ ਚਕੀ ਚਕੁ ॥ ਥਲ ਵਾਰੋਲੇ ਬਹੁਤੁ ਅਨੰਤੁ ॥ ਲਾਟੂ ਮਾਧਾਣੀਆ ਅਨਗਾਹ ॥ ਪੰਖੀ ਭਉਦੀਆ ਲੈਨਿ ਨ ਸਾਹ ॥ ਸੂਐ ਚਾੜਿ ਭਵਾਈਅਹਿ ਜੰਤ ॥ ਨਾਨਕ ਭਉਦਿਆ ਗਣਤ ਨ ਅੰਤ ॥ ਬੰਧਨ ਬੰਧਿ ਭਵਾਏ, ਸੋਇ ॥ ਪਇਐ ਕਿਰਤਿ, ਨਚੈ ਸਭੁ ਕੋਇ ॥ ਨਚਿ ਨਚਿ ਹਸਹਿ; ਚਲਹਿ ਸੇ ਰੋਇ ॥ ਉਡਿ ਨ ਜਾਹੀ; ਸਿਧ ਨ ਹੋਹਿ ॥ ਨਚਣੁ ਕੁਦਣੁ; ਮਨ ਕਾ ਚਾਉ ॥ ਨਾਨਕ! ਜਿਨ੍ ਮਨਿ ਭਉ; ਤਿਨ੍ਾ ਮਨਿ ਭਾਉ ॥ (ਆਸਾ ਕੀ ਵਾਰ/ਮ: ੧/੪੬੫)

ਭਾਵ : ਅਖੌਤੀ ਗੁਰੂ ਨੱਚਦੇ ਹਨ ਅਤੇ ਚੇਲੇ (ਸਾਜ) ਵਜਾਉਂਦੇ ਹਨ। ਸਿਰ ਅਤੇ ਪੈਰਾਂ ਨਾਲ ਕਲਾ ਵਿਖਾਉਂਦੇ ਹਨ। ਪੈਰਾਂ ਨਾਲ ਰੇਤਾ ਉੱਡ ਕੇ ਸਿਰ ਦੇ ਕੇਸਾਂ ’ਚ ਪੈਂਦਾ ਹੈ। ਲੋਕ (ਪ੍ਰਭਾਵਤ ਹੋਣ ਦੀ ਬਜਾਇ) ਘਰ ਜਾ ਕੇ ਹੱਸਦੇ ਹਨ ਕਿ ਇਹ ਸਭ ਰੋਟੀਆਂ ਲਈ ਸੀ। ਧਰਤੀ ’ਤੇ ਘੁੰਮਦਿਆਂ ਡਿੱਗਣਾ, ਕ੍ਰਿਸ਼ਨ-ਗੋਪੀਆਂ, ਰਾਮ ਚੰਦ੍ਰ ਤੇ ਸੀਤਾ ਆਦਿ ਦੇ ਪ੍ਰਸੰਗ ਗਾਉਣੇ; ਇਉਂ ਸਨ; ਜਿਵੇਂ ਤੇਲ ਕੱਢਣ ਵਾਲੇ ਕੋਹਲੂ, ਰੂੰ ਪਿੰਜਣ ਵਾਲੇ ਚਰਖੇ, ਆਟਾ ਪੀਹਣ ਵਾਲੀ ਚੱਕੀ, ਘੁੰਮਿਆਰ ਦੇ ਚੱਕ, ਵਾ-ਵਰੋਲ਼ੇ, ਲਾਟੂ, ਦੁੱਧ ਰਿੜਕਣ ਵਾਲੀਆਂ ਮਧਾਣੀਆਂ, ਅਕਾਸ਼ ’ਚ ਨਿਰੰਤਰ ਇੱਧਰ-ਓਧਰ ਉੱਡਦੇ ਪੰਛੀ, ਕਸ਼ਟਾਂ ’ਤੇ ਚਾੜ੍ਹ ਕੇ ਜੀਵ-ਜੰਤ ਆਦਿ ਘੁੰਮਦੇ ਹਨ, ਇਨ੍ਹਾਂ ਘੁੰਮਦਿਆਂ ਦੀ ਬਿਲਕੁਲ ਗਿਣਤੀ ਨਹੀਂ ਹੋ ਸਕਦੀ।

ਉਹ ਰੱਬ; ਮਾਯਾ-ਬੰਧਨਾ ’ਚ ਬੰਨ੍ਹ ਕੇ ਘੁੰਮਾਉਂਦਾ ਹੈ। ਸਾਰੇ ਆਪਣੀ-ਆਪਣੀ ਕਿਰਤ (ਨਸੀਬ) ਮੁਤਾਬਕ ਨੱਚਦੇ ਪਏ ਹਨ ਭਾਵ ਅਖੌਤੀ ਗੁਰੂ-ਚੇਲੇ ਦਾ ਨੱਚਣਾ ਉਨ੍ਹਾਂ ਦਾ ਹੀ ਬੀਜਿਆ ਹੋਇਆ ਨਸੀਬ ਹੈ। ਭਾਵੇਂ ਕਿ ਇਹ ਇੱਥੇ ਨੱਚਦੇ ਅਤੇ ਹੱਸਦੇ ਹਨ ਪਰ ਅੰਤ ਨੂੰ ਰੋਣਗੇ ਕਿਉਂਕਿ ਉੱਚਾ ਮੁਕਾਮ; ਉੱਡ ਕੇ ਹਾਸਲ ਨਹੀਂ ਹੁੰਦਾ। ਨੱਚਣਾ-ਕੁੱਦਣਾ ਕੇਵਲ ਮਨ-ਪਰਚਾਵਾ ਹੀ ਹੈ (ਜੀਵਨ ’ਚ ਬਦਲਾਅ ਹੋਣਾ ਨਹੀਂ), ਹੇ ਨਾਨਕ! ਜਿਨ੍ਹਾਂ ਦੇ ਮਨ ’ਚ ਰੱਬ ਦਾ ਡਰ-ਅਦਬ ਹੁੰਦਾ ਹੈ ਉਨ੍ਹਾਂ ਅੰਦਰ ਹੀ ਉਸ ਲਈ ਪ੍ਰੇਮ ਜਾਗਦਾ ਹੈ।

ਰੱਬ ਆਕਾਰ ਰਹਿਤ, ਨਿਡਰ ਤੇ ਸਦੀਵੀ ਸਥਿਰ ਵਡਿਆਈ ਵਾਲਾ ਹੈ (ਨਿਰਭਉ ਨਿਰੰਕਾਰੁ ਸਚੁ ਨਾਮੁ॥), ਜਿਸ ਨੇ ਸਾਰੀ ਕੁਦਰਤ ਸਾਜੀ ਹੈ (ਜਾ ਕਾ ਕੀਆ ਸਗਲ ਜਹਾਨੁ॥)। ਸੇਵਕ (ਉਸ ਨੂੰ) ਸਿਮਰਦੇ ਹਨ (ਬਦਲੇ ’ਚ ਉਸ ਦੀ) ਮਿਹਰ ਨਾਲ ਚੜ੍ਹਦੀ ਕਲਾ ਮਾਣਦੇ ਹਨ (ਸੇਵਕ ਸੇਵਹਿ; ਕਰਮਿ ਚੜਾਉ ॥) ਜਿਨ੍ਹਾਂ ਦੇ ਹਿਰਦੇ ’ਚ ਖਿੜਾਓ ਹੈ (ਉਨ੍ਹਾਂ ਦੀ ਜ਼ਿੰਦਗੀ ਰੂਪੀ) ਰਾਤ ਅਨੰਦਮਈ ਬਣ ਗਈ (ਭਿੰਨੀ ਰੈਣਿ; ਜਿਨ੍ਾ ਮਨਿ ਚਾਉ ॥) ਸੋ ਸਿੱਖਾਂ ਨੂੰ ਗੁਰੂ ਦੀ ਵਿਚਾਰ, ਗੁਰੂ ਦੀ ਸਿੱਖਿਆ ਹੀ ਬਖ਼ਸ਼ਣਹਾਰ (ਰੱਬ) ਦੀ ਮਿਹਰ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦੀ ਹੈ (ਸਿਖੀ; ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ; ਲਘਾਏ ਪਾਰਿ ॥)।

ਉਕਤ ਵਿਚਾਰ ਦਾ ਮਤਲਬ ਸਿੱਖਾਂ ਦੁਆਰਾ ‘ਗੁਰ ਵਿਚਾਰਿ’ ਬਾਰੇ ਨਜ਼ਰੀਆ ਭਿੰਨ-ਭਿੰਨ ਹੋਣ ਇਹ ਕਾਰਨ ਹੁੰਦਾ ਹੈ ਕਿ ਗੁਰਬਾਣੀ ਅਨੁਸਾਰ ਆਪਣੀ ਸੋਚ ਬਦਲਣ ਦੀ ਬਜਾਇ ਅਹੰਕਾਰ ਆਪਣੀ ਸੋਚ ਮੁਤਾਬਕ ‘ਗੁਰ ਵਿਚਾਰਿ’ ਦੇ ਅਰਥ ਕਰਵਾ ਦਿੰਦਾ ਹੈ।

ਅੰਤ ਚ ਉਕਤ ਵਿਚਾਰ ਦਾ ਸਾਰ-ਅੰਸ਼ ਇਹੀ ਹੈ ਕਿ ਸਿਖ, ਸਿਖਾਂਦਰੂ (Student) ਹੀ ਹੈ। ਇਹ, ਗੁਰੂ ਵਾਙ ਅਗਵਾਈ ਕਰਨਯੋਗ ਕਦੇ ਨਹੀਂ ਬਣ ਸਕਦਾ, ਤਾਹੀਓਂ ਗੁਰਬਾਣੀ ਨੂੰ ਗੁਰਮਤਿ ਕਿਹਾ ਜਾਂਦਾ ਹੈ, ਨਾ ਕਿ ਸਿਖ ਮੱਤ।

ਗਿਆਨੀ ਅਵਤਾਰ ਸਿੰਘ