ਸਿੱਖ ਧਰਮ ਵਿਚ ਵੱਧ ਰਿਹਾ ਡੇਰਾਵਾਦ ਦਾ ਜਾਲ

0
229

ਸਿੱਖ ਧਰਮ ਵਿਚ ਵੱਧ ਰਿਹਾ ਡੇਰਾਵਾਦ ਦਾ ਜਾਲ

ਹਰਮਿੰਦਰ ਸਿੰਘ, ਬਿਸਨਗੜ੍ਹ (ਬਈਏਵਾਲ) ਸੰਗਰੂਰ- 99140-62205

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਬਾਬੇ ਨਾਨਕ ਨੇ ਸੱਚੇ ਸੌਦੇ ਦੀ ਗੱਲ ਕੀਤੀ ਤੇਰਾ-ਤੇਰਾ ਬੋਲ ਸਭ ਨੂੰ ਬਰਾਬਰ ਤੋਲਿਆ, ਨਾ ਹੀ ਬਾਬੇ ਨਾਨਕ ਨੇ ਕਿਸੇ ਕੋਲੋਂ ਰਿਸ਼ਵਤ ਲਈ ਤੇ ਨਾ ਹੀ ਮੱਥਾ ਟਿਕਾਇਆ। ਸਰਬ ਧਰਮਾਂ ਨੂੰ ਏਕਤਾ ਦਾ ਸੰਦੇਸ ਦੇਣ ਵਾਲੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਸਬੰਧ ਤਾਂ ਸਿੱਧਾ ਰੂਹਾਨੀਅਤ ਨਾਲ ਹੈ। ਬਾਬੇ ਨਾਨਕ ਨੇ ਪੰਡਤਾਂ ਨੂੰ ਸੂਰਜ ਲਈ ਪਾਣੀ ਦੇਣ ਤੋ ਵਰਜਿਆ, ਪਰ ਅਜੋਕੇ ਸਮੇਂ ਦਾ ਸਿੱਖ ਤਾਂ ਜਿਹੜੇ ਵੀ ਤੀਰਥ ਅਸਥਾਨਾਂ ’ਤੇ ਜਾਂਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਏ ਤੋਂ ਬਿਨਾਂ ਸਰੋਵਰ ਵਿਚੋਂ ਇਸ਼ਨਾਨ ਕਰ ਸਰੋਵਰ ਤੋਂ ਹੀ ਜਲ ਦੀ ਕੈਂਨੀ ਭਰ ਲੈਂਦੇ ਹਨ। ਸਿੱਖੀ ਨਾਲ ਸਬੰਧਿਤ ਇਤਿਹਾਸਿਕ ਥਾਵਾਂ ’ਤੇ ਇਹੋ ਜਿਹਾ ਇਤਿਹਾਸ ਨਿਰੰਤਰ ਸਿਰਜਿਆ ਜਾ ਰਿਹਾ ਹੈ। ਜਿਸ ਨਾਲ ਸਿੱਖ ਇਤਿਹਾਸ ਦਾ ਝੁਕਾਅ ਬ੍ਰਾਹਮਣਵਾਦ ਤੇ ਪਰੋਹਤਵਾਦ ਵੱਲ ਨੂੰ ਜਾਂਦਾ ਸਿੱਧਾ ਨਜ਼ਰ ਆਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਪਾਂਡੇ ਨੂੰ ਇਹੋ ਜਿਹਾ ਜਨੇਊ ਪਾਉਣ ਲਈ ਕਿਹਾ ਸੀ ਜਿਸ ਵਿਚ ਸਬਰ, ਸੰਤੋਖ ਹੋਵੇ ਪਰ ਅੱਜ ਦਾ ਸਿੱਖ ਤਾਂ ਸਿੱਧਾ ਹੀ ਬਾਣੀ ਤੇ ਬਾਣੇ ਦਾ ਘਾਣ ਕਰਦਾ ਨਜ਼ਰ ਆਉਂਦਾ ਹੈ। ਕਈ ਗੁਰਧਾਮਾਂ ਤੇ ਗੁਰਦੁਆਰਿਆਂ ਵਿਚ ਆਮ ਤੌਰ ’ਤੇ ਹੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਪੂਰੇ ਸਿੰਘ ਸੱਜੇ ਗ੍ਰੰਥੀ ਸਿੰਘ ਹੀ ਲੋਕਾਂ ਨੂੰ ਧੂਫ਼, ਪੇੜੇ, ਮਿਸ਼ਰੀ ਤੇ ਇਲਾਇਚੀ ਆਦਿ ਕਰ ਕੇ ਦਿੰਦੇ ਦੇਖੇ ਜਾ ਸਕਦੇ ਹਨ ਇਹ ਦੇਖ ਗੁਰੂ ਦੇ ਪੂਰਨ ਰਹਿਤ ਮਰਿਆਦਾ ਵਾਲੇ ਸਿੱਖ ਨੂੰ ਤਾਂ ਬੜਾ ਦੁੱਖ ਹੁੰਦਾ ਹੋਵੇਗਾ। ਇੰਜ ਜਾਪਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਅਜੋਕਾ ਸਿੱਖ ਆਪਣੀ ਤੋਰੀ ਫੁਲਕਾ ਚਲਾਉਣ ਲਈ ਇਹੋ ਜਿਹਾ ਢੌਂਗ ਵੀ ਰਚਾਉਂਦਾ ਜਾ ਰਿਹਾ ਹੈ।

ਅਸੀਂ ਵਿਗਿਆਨ ਦੇ ਯੁੱਗ ਵਿਚ ਜੀਅ ਰਹੇ ਹਾਂ ਜੋ ਕਿ ਤਕਨਾਲੋਜੀ ਦੇ ਯੁੱਗ ਵਜੋਂ ਜਾਣਿਆ ਜਾਂਦਾ ਹੈ ਆਦਮੀ/ਮਨੁੱਖ ਨੇ ਮੰਗਲ ਗ੍ਰਹਿ ਤੇ ਧਰਤੀ ਦੇ ਪਾਣੀ ਦੀ ਖੋਜ ਤੱਕ ਕਰ ਲਈ ਹੈ ਪਰ ਫੇਰ ਵੀ ਅਜੋਕੀ ਨਵੀਂ ਪੜ੍ਹੀ ਲਿਖੀ ਸਿੱਖ ਨੋਜੁਆਨ ਪੀੜੀ ਵਹਿਮਾਂ ਭਰਮਾਂ ਵਿਚ ਫਸ ਡੇਰਾਵਾਦ ਦੇ ਪਿੱਛੇ ਲੱਗ ਤੁਰੀ ਹੈ। ਥਾਂ ਥਾਂ ’ਤੇ ਇਨ੍ਹਾਂ ਠੱਗਾਂ ਨੇ ਧਰਮ ਦੇ ਨਾਂ ’ਤੇ ਆਪਣੀਆਂ ਦੁਕਾਨਾਂ ਖੋਲ੍ਹ ਰੱਖੀਆਂ ਹਨ। ਮਾਮੂਲੀ ਜ਼ਿੰਦਗੀ ਤੋਂ ਦੁਖੀ ਹੋਇਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨ ਕਰਨ ਵਾਲਾ ਆਮ ਆਦਮੀ ਅੱਜ ਭਗਵਾਨ ਦਾ ਦਰਜਾ ਪ੍ਰਾਪਤ ਕਰੀ ਬੈਠਾ ਹੈ। ਅਜਿਹੇ ਅਖੌਤੀ ਬਾਬਿਆਂ ਨੂੰ ਮਿਲਣ ਲਈ ਮੂਰਖ ਲੋਕ ਲੱਖਾਂ ਰੁਪਏ ਬਰਬਾਦ ਕਰਦੇ ਜਾ ਰਹੇ ਹਨ ਅਜਿਹੇ ਅਖੌਤੀ ਬਾਬੇ ਜੋ ਆਪਣੀ ਜ਼ਿੰਦਗੀ ਤੇ ਆਪਣਿਆਂ ਨੂੰ ਪਰੇਸ਼ਾਨ ਕਰਨ ਵਾਲੇ, ਕੰਮ ਤੋਂ ਵਿਹਲਿਆਂ ਨੇ ਅਣਖੀ ਸਿੱਖ ਨੌਜੁਆਨ ਪੀੜੀ ਨੂੰ ਡੇਰਾਵਾਦ ਵੱਲ ਭਰਮਾਉਣ ਦਾ ਬਾਖ਼ੂਬੀ ਰੋਲ ਨਿਭਾਇਆ ਹੈ। ਇਹ ਅਖੌਤੀ ਬਾਬੇ ਦੋ ਵੇਲੇ ਦੀ ਰੋਟੀ ਤੋਂ ਭੁੱਖੇ ਅੱਜ ਅਰਬਾਂ ਪਤੀ ਬਣੇ ਪਏ ਹਨ। ਇਹਨਾਂ ਦੀਆਂ ਇਹ ਦੁਕਾਨਾਂ ਸ਼ਹਿਰਾਂ ਤੇ ਪਿੰਡਾਂ ਵਿਚ ਆਪਣਾ ਰੋਲ ਬਾਖ਼ੂਬੀ ਨਿਭਾ ਰਹੀਆਂ ਹਨ। ਜੇਕਰ ਇਹਨਾਂ ਦੇ ਚਰਿੱਤਰ ਵੱਲ ਜਾਂ ਪਿਛੋਕੜ ਵੱਲ ਧਿਆਨ ਦਿੱਤਾ ਜਾਵੇ ਤਾਂ ਉਹ ਵੀ ਕੋਈ ਜ਼ਿਆਦਾ ਚੰਗਾ ਨਹੀਂ ਹੁੰਦਾ। ਸਿੱਖ ਪੀੜੀ ਦਾ ਝੁਕਾਅ ਦਿਨ ਪ੍ਰਤੀ ਦਿਨ ਇਹਨਾਂ ਵੱਲ ਵਧਦਾ ਜਾ ਰਿਹਾ ਹੈ ਜੋ ਕਿ ਅਤਿ ਚਿੰਤਾ ਦਾ ਵਿਸ਼ਾ ਹੈ ਅੱਜ ਡੇਰਿਆਂ ਵਿਚ ਲੱਖਾਂ ਪੜ੍ਹੇ ਲਿਖੇ ਤੇ ਅੰਮ੍ਰਿਤਧਾਰੀ ਸਿੱਖ ਤੇ ਬੀਬੀਆਂ ਆਮ ਹੀ ਅਜਿਹੇ ਅਖੌਤੀ ਬਾਬਿਆਂ ਦੇ ਗੋਡੇ ਘੁੱਟਦੇ ਨਜ਼ਰ ਆਉਂਦੇ ਹਨ ਕਿਸੇ ਨੇ ਬਾਹਰ ਜਾਣਾ ਹੋਵੇ, ਵਿਆਹ ਨਾ ਹੁੰਦਾ ਹੋਵੇ , ਨੌਕਰੀ ਵਿਚ ਤਰੱਕੀ ਨਾ ਹੁੰਦੀ ਹੋਵੇ ਆਦਿ ਹੋਰ ਕੰਮਾਂ ਲਈ ਥਾਂ ਥਾਂ ਖੁੱਲ੍ਹੇ ਜੋਤਿਸ਼ ਕੇਂਦਰਾਂ ਵਿਚ ਜਨਤਾ ਦਾ ਇਕੱਠ ਆਮ ਦੇਖਣ ਨੂੰ ਮਿਲ ਜਾਂਦਾ ਹੈ ਜਿਸ ਵਿਚ ਵੱਡੀ ਗਿਣਤੀ ਗੁਰੂ ਦੇ ਸਜੇ ਸਿੰਘਾਂ ਦੀ ਵੀ ਹੁੰਦੀ ਹੈ। ਚਾਰ ਕਿਤਾਬਾਂ ਲਈ ਬੈਠੇ ਪਾਂਡੇ ਕਾਗਜ਼ ਤੇ ਪੈੱਨ ਨਾਲ ਚਾਰ ਲੀਕਾਂ ਵਾਹ ਅਜਿਹੇ ਭਰਮਾਂ ਵਿਚ ਪਾਉਂਦੇ ਹਨ ਕਿ ਉਸ ਤੋਂ ਬਾਅਦ ਬੰਦੇ ਦੀ ਪੂਰੀ ਮੁੰਜ ਲਾ ਛੱਡਦੇ ਹਨ। ਇਸੇ ਕਾਰਨ ਕਰ ਕੇ ਸਿੱਖ ਪਰਿਵਾਰਾਂ ਦਾ ਝੁਕਾਅ ਬ੍ਰਾਹਮਣਵਾਦ ਡੇਰਾਵਾਦ ਵੱਲ ਵਧਦਾ ਜਾਣਾ ਦੁੱਖ ਜਾ ਵਿਸ਼ਾ ਬਣਦਾ ਜਾ ਰਿਹਾ ਹੈ। ਕੀ ਸਾਡਾ ਬਾਬੇ ਨਾਨਕ ਦੀ ਬਾਣੀ ਉੱਤੋਂ ਵਿਸ਼ਵਾਸ ਤੇ ਯਕੀਨ ਹੀ ਉੱਠ ਚੁੱਕਾ ਹੈ ?

ਡੇਰਾਵਾਦ ਵੱਲ ਝੁਕਾਅ ਕਾਰਨ ਪਿਛਲੇ ਕਈ ਸਾਲਾਂ ਵਿਚ ਮੰਗਤਾਵਾਦ ਵਿਚ ਵੀ ਬਹੁਤ ਵਾਧਾ ਹੋਇਆ ਹੈ ਪਿੰਡਾ ਤੇ ਸ਼ਹਿਰਾਂ ਵਿਚ ਜਾਤ ਪਾਤ ਬਰਾਦਰੀਆਂ ਦੇ ਆਪਣੇ ਅਲੱਗ-ਅਲੱਗ ਗੁਰੂ ਘਰ ਹਨ ਇਹਨਾਂ ਗੁਰਦੁਆਰਿਆਂ ਦੇ ਨਾਮ ’ਤੇ ਅਸੀਂ ਆਮ ਦੇਖਦੇ ਹਾਂ ਕਿ ਪਿੰਡਾ ਤੇ ਸ਼ਹਿਰਾਂ ਵਿਚ ਵੱਖ ਵੱਖ ਸੁਸਾਇਟੀਆਂ ਵਾਲੇ ਚੰਦਾ ਇਕੱਠਾ ਕਰਦੇ ਹਨ। ਕੀ ਇਕੱਠਾ ਹੋਇਆ ਚੰਦਾ ਅਨਾਜ ਕੱਪੜਾ-ਲੱਤਾ ਉਨ੍ਹਾਂ ਗੁਰਦੁਆਰਿਆਂ ਵਿਚ ਹੀ ਲਗਾਇਆ ਜਾਂਦਾ ਹੈ ? ਜਵਾਬ ਹੋਵੇਗਾ ਨਹੀਂ….। ਸਾਡੇ ਬਾਬੇ ਨਾਨਕ ਨੇ ਤਾਂ ਮਿਹਨਤ ਕਰ ਤੇ ਵੰਡ ਛੱਕਣ ਦਾ ਫੁਰਮਾਣ ਦਿੱਤਾ, ਨਾ ਕਿ ਮੰਗ ਕੇ ਖਾਣ ਦਾ……। ਕੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਸਿੰਘ ਡੇਰਾਵਾਦ ਦਾ ਪ੍ਰੇਮੀ ਹੁੰਦਾ ਜਾ ਰਿਹਾ ਹੈ ? ਗੁਰੂ ਜੀ ਨੇ ਤਾਂ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਣ ਲਈ ਕਿਹਾ ਹੈ ਫਿਰ ਉਸ ਦਾ ਸਿੱਖ ਕਿਉਂ ਮੜ੍ਹੀਆਂ ਮਸਾਣੀਆਂ ਦਾ ਪੁਜਾਰੀ ਬਣਦਾ ਜਾ ਰਿਹਾ ਹੈ ? ਕਿਉਂ ਬ੍ਰਾਹਮਣਾਂ ਤੇ ਪੰਡਤਾਂ ਦੇ ਚੱਕਰ ਕੱਢ ਰਿਹਾ ਹੈ  ? ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਅਜੋਕੇ ਯੁੱਗ ਵਿਚ ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਕਿ ਉਹ ਗੁਰੂ ਜੀ ਦੇ ਪੰਜ ਕੱਕੇ ਧਾਰਨ ਕਰ ਸਕੇ, ਰਹਿਤ ਮਰਿਆਦਾ ਰੱਖ ਸਕੇ, ਦਸਵੰਧ ਕੱਢ ਸਕੇ, ਨਸ਼ੇ ਤਿਆਗ ਸਕੇ, ਸਵੇਰੇ ਉੱਠ ਪੰਜਾਂ ਬਾਣੀਆਂ ਦਾ ਪਾਠ ਕਰ ਸਕੇ, ਸ਼ਾਮ ਨੂੰ ਚੈਨ ਨਾਲ ਬੈਠ ਰਹਰਾਸਿ ਸਾਹਿਬ ਦਾ ਪਾਠ ਕਰ ਸਕੇ ਪਰ ਡੇਰਾਵਾਦ ਵਿਚ ਕੁੱਝ ਵੀ ਵਰਜਿਤ ਨਹੀਂ। ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਕੌਮ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਲੜਾਈ ਤੇ ਰਾਜਨੀਤੀ ਨੂੰ ਪਹਿਲ ਦੇਣ ਦੀ ਥਾਂ ਧਰਮ-ਪ੍ਰਚਾਰ ਵੱਲ ਧਿਆਨ ਦੇਣ। ਸਿੱਖ ਮਰਿਆਦਾ ਨੂੰ ਸਭ ਤੋਂ ਵੱਧ ਠੇਸ ਉਦੋਂ ਪਹੁੰਚਦੀ ਹੈ ਜਦੋਂ ਗੁਰਦੁਆਰਿਆਂ ਅੰਦਰ ਹੀ ਵੱਖ ਵੱਖ ਥਾਵਾਂ ’ਤੇ ਅਲੱਗ ਜਗਾ ਬਣਾ ਕਰਮਕਾਂਡ ਤੇ ਪਾਖੰਡ ਬਣਾਏ ਜਾਂਦੇ ਹਨ । ਗੁਰਦੁਆਰਿਆਂ ਅੰਦਰ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਜੁੱਤੀਆਂ ਚੋਲ੍ਹਿਆਂ ਅਤੇ ਹੋਰ ਸਮਾਨ ਨੂੰ ਮਨਮਤ ਅਨੁਸਾਰ ਪੂਜਿਆ ਜਾਂਦਾ ਹੈ ਇਹ ਚੀਜ਼ਾਂ ਇਤਿਹਾਸ ਵਾਂਗ ਸਜਾ ਕੇ ਰੱਖੀਆਂ ਜਾਂਦੀਆਂ ਹਨ। ਸ਼੍ਰੋਮਣੀ ਕਮੇਟੀ ਦੇ ਹੇਠਾਂ ਚੱਲ ਰਹੀਆਂ ਬੇਅੰਤ ਕਮੇਟੀਆਂ ਵੱਲੋਂ ਵੀ ਕਈ ਅਜਿਹੇ ਕਦਮ ਚੁੱਕੇ ਗਏ ਜਿਸ ਨੇ ਸਿੱਖ ਨੂੰ ਸਿੱਖੀ ਤੋਂ ਦੂਰ ਕਰਨ ਵਿਚ ਅਹਿਮ ਰੋਲ ਨਿਭਾਇਆ ਹੈ । ਇਨ੍ਹਾਂ ਕਮੇਟੀਆਂ ਨੇ ਮਰਿਆਦਾ ਨਾ ਨਿਭਾਏ ਜਾਣ ਦੇ ਨਾਂ ’ਤੇ ਕਈ ਸਿੱਖ ਪਰਿਵਾਰਾਂ ਦੇ ਘਰੋਂ ਗੁਰੂ ਸਾਹਿਬ ਦੇ ਸਰੂਪ ਚੁੱਕੇ ਤੇ ਪਰਿਵਾਰਾਂ ਨੂੰ ਬੇਇੱਜ਼ਤ ਵੀ ਕੀਤਾ। ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਸੰਸਾਰ ਵਿਚ ਕਿੰਨੇ ਸਿੱਖ ਪਰਿਵਾਰ ਸਿੱਖੀ ਨਾਲ ਜੁੜ ਸਕਣਗੇ, ਜੋ ਪੂਰੀ ਸਿੱਖ ਰਹਿਤ ਮਰਿਆਦਾ ਨਿਭਾ ਸਕਣ ? ਸੰਗਤ ਜੀ ਕਹਿਣ ਦੇਣਾ ਬਲਕਿ ਹੋਣਾ ਤਾਂ ਇੰਜ ਚਾਹੀਦਾ ਸੀ ਕਿ ਹਰ ਸਿੱਖ ਦੇ ਘਰ ਗੁਰੂ ਸਾਹਿਬ ਦਾ ਸਰੂਪ ਹੋਵੇ ਚਾਹੇ ਉਹ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਤੇ ਚਾਹੇ ਸੈਂਚੀਆਂ ਦੇ ਰੂਪ ਵਿਚ ਹੀ ਅਤੇ ਉਸ ਦੀ ਸਾਂਭ ਸੰਭਾਲ ਲਈ ਪੂਰਨ ਮਰਿਆਦਾ ਦੀ ਜਾਣਕਾਰੀ ਦੇਣਾ ਪਹਿਲ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ। ਉਸ ਦੇ ਰੱਖਣ ਲਈ ਸਾਫ਼ ਸੁਥਰੇ ਰੁਮਾਲੇ ਉਚਿਤ ਸਾਫ਼ ਸੁਥਰੇ ਅਸਥਾਨ ਵਾਲਾ ਕਮਰਾ। ਡੇਰਾਵਾਦ ਦੁਆਰਾ ਹੋ ਰਿਹਾ ਸਿੱਖੀ ਦਾ ਘਾਣ ਰੋਕਣ ਲਈ ਹਰ ਅਹਿਮ ਕਦਮ ਉੱਠਾਏ ਜਾਣੇ ਚਾਹੀਦੇ ਹਨ ਇਸ ਸਬੰਧੀ ਸਿੱਖ ਕੌਮ ਨੂੰ ਜਾਗਰਿਤ ਕਰਨ ਲਈ ਢਾਡੀ ਵਾਰਾਂ, ਵੀਰ-ਰਸ ਨਾਟਕ ਕਰਵਾਏ ਜਾਣੇ ਚਾਹੀਦੇ ਹਨ । ਬਾਬੇ ਨਾਨਕ ਦੇ ਸੱਚੇ ਸੌਦੇ ਵਾਲੀ ਦੁਕਾਨ ਤੋਂ ਭਟਕੇ ਸਿੱਖਾਂ ਤੋਂ ਡੇਰਾਵਾਦ, ਵਹਿਮ, ਭਰਮ, ਧਾਗੇ, ਤਵੀਤ, ਕਾਲੇ ਜਾਦੂ ਵਰਗੇ ਸੌਦੇ ਲੈਣ ਤੋਂ ਰੋਕਿਆ ਜਾਵੇ ਤੇ ਇਹ ਕਦਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਦੁਆਰਾ ਜਾਂ ਸਿੱਖ ਪ੍ਰਚਾਰਕਾਂ ਦੁਆਰਾ ਸਿੱਖੀ ਮਰਿਆਦਾ, ਸਿੱਖੀ ਇਤਿਹਾਸ ਬਾਰੇ ਜਾਗਰੂਕ ਕਰਨ ਦੇ ਫ਼ੈਸਲਿਆਂ ਉੱਪਰ ਨਿਰਭਰ ਕਰਦਾ ਹੈ। ਜੇਕਰ ਕੌਮ ਨੂੰ ਦਿਸ਼ਾ ਦੇਣ ਵਾਲੇ ਜਥੇਦਾਰਾਂ ਤੇ ਪ੍ਰਚਾਰਕਾਂ ਵੱਲੋਂ ਸਖ਼ਤ ਫ਼ੈਸਲੇ ਲਏ ਜਾਣ ਤਾਂ ਹੀ ਸਿੱਖਾਂ ਨੂੰ ਡੇਰਾਵਾਦ ਤੇ ਪੰਡਿਤ ਵਾਦ ਤੋਂ ਮੋੜਿਆ ਜਾ ਸਕਦਾ ਹੈ। ਸਿੱਖ ਸੰਗਤ ਨੂੰ ਬੇਨਤੀ ਹੈ ਕਿ ਡੇਰਾਵਾਦ ਤੇ ਪੰਡਤ ਵਾਦ ਤੋਂ ਮੁਕਤ ਹੋ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਬਾਣੀ ਦੁਆਰਾ ਆਪਣੀਆਂ ਸਮੱਸਿਆਵਾਂ ਦਾ ਹੱਲ, ਰੱਬੀ ਭਾਣੇ ਵਿਚ ਰਹਿ ਕਿ ਲੱਭਣਾ ਚਾਹੀਦਾ ਹੈ।