ਸਿੱਖ ਕਲਚਰ ਭਾਵ ਸਿੱਖ ਸਭਿਆਚਾਰ

0
702

ਸਿੱਖ ਕਲਚਰ ਭਾਵ ਸਿੱਖ ਸਭਿਆਚਾਰ

ਡਾ. ਪੁਸ਼ਪਿੰਦਰ ਸਿੰਘ (ਲੁਧਿਆਣਾ) – 91 98141-17180

ਕਲਚਰ ਦਾ ਅਰਥ ਤਹਿਜ਼ੀਬ (ਚੰਗਾ ਵਿਹਾਰ/ਸ਼ਿਸ਼ਟਾਚਾਰ) ਜਾਂ ਸਭਿਅਤਾ (ਰਹਿਣ ਸਹਿਣ ਦਾ ਢੰਗ) ਨਹੀਂ, ਇਸ ਦਾ ਅਰਥ ਹੁੰਦਾ ਹੈ : ਸਭਿਆਚਾਰ (ਸੰਸਿਤੀ)। ਉਹ ਮਨੋਭਾਵ ਹੈ ਜੋ ਕਿਸੇ ਕੌਮ ਦਾ ਸਾਹਿਤ, ਹੁਨਰ ਜਾਂ ਫ਼ਲਸਫ਼ੇ ਦੀਆਂ ਲੀਹਾਂ ਅਧੀਨ ਕੰਮ ਕਰ ਰਿਹਾ ਹੁੰਦਾ ਹੈ; ਜਿਵੇਂ ਕਿ ਹੱਥ ਧੋ ਕੇ ਰੋਟੀ ਖਾਣੀ, ਸਿਰ ਕੱਜ ਕੇ ਜਾਂ ਸਿਰੋਂ ਨੰਗਾ ਹੋ ਕੇ ਕਿਸੇ ਜੋੜ-ਮੇਲੇ ਵਿੱਚ ਬੈਠਣਾ, ਪੱਗ ਬੰਨ੍ਹਣੀ ਜਾਂ ਛੁਰੀ-ਕਾਂਟੇ ਨਾਲ ਰੋਟੀ ਖਾਣੀ, ਇਹ ਨਿਸ਼ਾਨੀਆਂ ਆਪੋ ਆਪਣੀ ਤਹਿਜ਼ੀਬ ਦੀਆਂ ਹਨ, ਪਰ ਰਾਗਾਂ ਲਈ ਸਮੇਂ ਦਾ ਮੁਕਰਰ ਹੋਣਾ, ਇਮਾਰਤੀ ਹੁਨਰ ਵਿੱਚ ਚੌਰਸ ਜਾਂ ਗੋਲ ਡਾਟਾਂ ਦਾ ਵਰਤਿਆ ਜਾਣਾ ਜਾਂ ਰੰਗ ਘੱਟ-ਵੱਧ ਭਰਨੇ, ਫ਼ਲਸਫ਼ੇ ਵਿੱਚ ਰੱਬ ਨੂੰ ਕੁਦਰਤ ਦੇ ਅੰਦਰ ਜਾਂ ਕੁਦਰਤ ਤੋਂ ਬਾਹਰ ਕਰ ਕੇ ਮੰਨਣਾ। ਇਹ ਨਿਸ਼ਾਨੀਆਂ ‘ਸਭਿਆਚਾਰ’ ਜਾਂ ਕਲਚਰ ਦੀਆਂ ਹਨ। ਹਰ ਇੱਕ ਕੌਮ ਦੀ ਆਪੋ-ਆਪਣੀ ਰੂਹ ਹੁੰਦੀ ਹੈ, ਆਪੋ-ਆਪਣੀ ਅੰਦਰਲੀ ਬਿਰਤੀ ਹੁੰਦੀ ਹੈ, ਜਿਸ ਅਨੁਸਾਰ ਉਸ ਦੇ ਭਾਵ ਢਲ਼ਦੇ ਹਨ, ਇਸ ਨੂੰ ਕਲਚਰ ਆਖਦੇ ਹਨ। ਭਾਵੇਂ ਸਵਰਾਜ ਦੇ ਆਉਣ ਨਾਲ ਹਿੰਦ ਦੀ ਹਰ ਕੌਮ ਤੇ ਹਰ ਫਿਰਕੇ ਲਈ ਜ਼ਰੂਰੀ ਹੋ ਗਿਆ ਕਿ ਆਪਣੀ ਕੌਮੀ ਜ਼ਿੰਦਗੀ ਨੂੰ ਇੱਕ ਸਾਂਝੇ ਅਫਿਰਕੂ ਸੰਚੇ ਵਿੱਚ ਢਾਲ਼ੇ, ਪਰ ਇਸ ਨਵੀਂ ਜੀਵਨ-ਪੱਧਤੀ ਲਈ ਅੱਤ ਜ਼ਰੂਰੀ ਹੈ ਕਿ ਜਿੰਨਾ ਅੰਸ਼ਾਂ ਨੂੰ ਢਾਲ਼ ਕੇ ਇੱਕ ਕਰਨਾ ਹੈ, ਓਨਾ ਦੇ ਪਰਸਪਰ ਵਖਰੇਵੇਂ ਦੇਖ-ਭਾਲ ਕੇ ਦੂਰ ਕੀਤੇ ਜਾਣ। ਇਉਂ ਨਾ ਹੋਵੇ ਕਿ ਜਿੱਥੇ ਵਖਰੇਵੇਂ ਨਹੀਂ ਉੱਥੇ ਵਖਰੇਵੇਂ ਪਏ ਦੇਖੀਏ ਤੇ ਜਿੱਥੇ ਵਖਰੇਵੇਂ ਹੋਣ ਉੱਥੇ ਉਨ੍ਹਾਂ ਦੀ ਅਣਹੋਂਦ ਮੰਨ ਕੇ ਖ਼ਾਹ-ਮਖ਼ਾਹ ਇੱਕ-ਦੂਜੇ ਨੂੰ ਪਏ ਚਿੜ੍ਹਾਈਏ, ਜਿਸ ਨਾਲ ਪਹਿਲਾਂ ਦੇ ਪਏੇ ਹੋਏ ਵਖਰੇਵੇਂ ਹੋਰ ਪੱਕੇ ਹੋ ਜਾਣ।

ਸਭਿਆਚਾਰ ਜਾਂ ਸੰਸਕ੍ਰਿਤੀ ਵਧੀਆ ਸੰਤੁਲਤ ਸੁਘੜ ਜੀਵਨ-ਜਾਚ ਹੈ, ਜੋ ਸਾਨੂੰ ਮਨ, ਬਾਣੀ, ਕਰਮ ਕਰ ਕੇ ਸਹੀ ਤੇ ਸੋਹਣਾ ਕੰਮ ਸੁਚੱਜੇ ਤਰੀਕੇ ਨਾਲ ਕਰਨਾ ਸਿਖਾਉਂਦੀ ਹੈ। ਇਹ ਬਾਣੀ ਦੇ ਬਗੀਚੇ ਵਿੱਚੋਂ ਉੱਠੀ ਟਹਿਕ-ਮਹਿਕ ਹੀ ਹੈ, ਜਿਸ ਨੇ ਸਿੱਖੀ ਨੂੰ ਰਸਰੰਗ-ਰੱਤਾ ਤੇ ਮਾਣ-ਮੱਤਾ ਬਣਾਇਆ ਹੈ। ਇਸ ਨੇ ਸਾਨੂੰ ਖ਼ਾਸ ਰਹਿਣੀ-ਬਹਿਣੀ, ਚਾਲ-ਢਾਲ, ਰਸਮਾਂ-ਰੀਤਾਂ, ਖਾਣ-ਪਹਿਨਣ ਤੇ ਬੋਲ-ਬਾਣੀ ਵੀ ਬਖ਼ਸ਼ੀ ਹੈ, ਜੋ ਨਿਰਾਲੇ ਹੋਣ ਦੀ ਝਲਕ ਦਿਖਾਉਂਦੀ ਹੈ। ਸਿੱਖ ਸਭਿਆਚਾਰ ਕੇਸਾਧਾਰੀ, ਦਸਤਾਰਧਾਰੀ, ਸਿਮਰਨ-ਸੇਵਾਧਾਰੀ, ਖੜਗਧਾਰੀ, ਰਾਜ-ਜੋਗੀ ਸਭਿਆਚਾਰ ਹੈ, ਜੋ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਜਿਹੇ ਉਚੇਰੇ ਨਿਸ਼ਾਨੇ ਰੱਖਦਾ ਹੈ। ਰੂਹਾਨੀ ਚੜ੍ਹਦੀ ਕਲਾ ਇਸ ਲਈ ਮੰਗੀ ਗਈ ਹੈ ਤਾਂ ਕਿ ਪਦਾਰਥਕ ਮਾਰੂਥਲ ਦੀ ਮਾਰ ਤੋਂ ਬਚਿਆ ਜਾ ਸਕੇ ਤੇ ‘ਸਰਬੱਤ ਦਾ ਭਲਾ’ ਇਸ ਲਈ ਨਿਸ਼ਾਨਾ ਬਣਾਇਆ ਹੈ ਤਾਂ ਕਿ ਮਨੁੱਖ ਹਉਮੈ ਤੇ ਸਵਾਰਥ ਦਾ ਸ਼ਿਕਾਰ ਹੋ ਕੇ, ਸੀਮਤ ਹੋ ਕੇ ਨਾ ਰਹਿ ਜਾਵੇ। ਇਸ ਲਈ ਬੁਰੀਆਂ ਆਦਤਾਂ ਦਾ ਤਿਆਗ ਜ਼ਰੂਰ ਕਰਨਾ ਹੀ ਹੈ ਅਤੇ ਸੰਸਾਰ ਤੇ ਪਰਿਵਾਰ ਮਾਤਰ ਦਾ ਤਿਆਗ ਕਰ ਕੇ ਭਗੌੜੇ ਨਹੀਂ ਹੋਣਾ, ਸਗੋਂ ‘‘ਅੰਜਨ ਮਾਹਿ ਨਿਰੰਜਨਿ’’ ਦੀ ਜੀਵਨ-ਜਾਚ ਇਉਂ ਅਪਣਾਉਣੀ ਹੈ; ਜਿਵੇਂ ਕਿ ਪਾਣੀ ਵਿੱਚ ਕਮਲ ਅਲੇਪ ਰਹਿ ਕੇ ਖਿੜਦਾ-ਵਿਗਸਦਾ ਹੈ। ਸੰਸਾਰੀ ਹਾਸ-ਬਿਲਾਸ ਜ਼ਿੰਦਗੀ ਦੀ ਰਾਸ ਹਨ, ਇਨ੍ਹਾਂ ਤੋਂ ਬੇਮੁੱਖ ਜਾਂ ਉਦਾਸ ਹੋ ਕੇ ਬਨਵਾਸ ਨਹੀਂ ਲੈਣਾ।  ਯਤਨ ਅਜਿਹਾ ਕਰਨਾ ਹੈ ਕਿ ਸਤਿਗੁਰੂ ਦੀ ਦੱਸੀ ਜੀਵਨ ਜੁਗਤਿ ਨੂੰ ਅਪਣਾਅ ਕੇ ਗ੍ਰਹਿਸਤ ਵਿੱਚ ਨਿਰਲੇਪ ਰਹਿ ਕੇ ਰਾਜ-ਯੋਗ ਦੋਹਾਂ ਦਾ ਆਨੰਦ ਮਾਣਿਆ ਜਾ ਸਕੇ।

ਇਹ ਕੰਮ ਔਖਾ ਜ਼ਰੂਰ ਹੈ ਪਰ ਗੁਰੂ ਸਾਹਿਬਾਨ ਨੇ ਲੰਮੀ ਘਾਲਣਾ ਭਰਪੂਰ ਜ਼ਿੰਦਗੀ ਜੀਅ ਕੇ ਸਮਝਾ ਦਿੱਤਾ ਹੈ ਕਿ ਮਨੁੱਖ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਔਗੁਣ ਤਿਆਗ ਦੇਣਾ ਅਤੇ ਧਰਮ ਦੀ ਕਮਾਈ ਕਰ ਕੇ ਵੰਡ ਛੱਕਣ ਦੀ ਰੀਤ ਪਾਉਣੀ ਹੈ ਤਾਂ ਕਿ ਕੋਈ ਭੁੱਖਾ-ਨੰਗਾ ਨਾ ਰਹੇ।

‘‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥’’ (ਆਸਾ ਕੀ ਵਾਰ, ਮ: ੧, ਪੰਨਾ ੪੭੪) ਸੁਨਹਿਰੀ ਸਿਧਾਂਤ ਹੈ ਤੇ ‘‘ਘਾਲਿ ਖਾਇ ਕਿਛੁ ਹਥਹੁ ਦੇਇ ॥’’ (ਸਾਰੰਗ ਕੀ ਵਾਰ, ਮ: ੧, ਪੰਨਾ ੧੨੪੫)  ਦੀ ਸਿੱਖਿਆ ਇਸ ਵਿੱਚ ਸੋਨੇ ਤੇ ਸੁਹਾਗੇ ਦਾ ਕੰਮ ਕਰਦਿਆਂ ਹੋਇਆਂ ਆਪਣੇ ਜੀਵਨ ਤੇ ਸਮਾਜ ਵਿੱਚ ਸੁਗੰਧੀ ਭਰਨ ਵਾਲੀ ਹੈ।

ਲੇਕਿਨ ਫਿਰ ਇਹ ਵੀ ਸਮਝਾਇਆ ਗਿਆ ਹੈ ਕਿ ਸਰਬੱਤ ਦਾ ਭਲਾ ਕਰ ਕੇ ਵੀ ਇਸ ਉੱਤੇ ਹੰਕਾਰ ਨਹੀਂ ਕਰਨਾ। ਦੇਗ਼ ਨਾਲ ਤੇਗ਼ ਦੀ ਫ਼ਤਿਹ ਦੀ ਮੰਗ ਅਰਦਾਸ ਵਿੱਚ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਅੰਨ-ਪਾਣੀ ਤਾਂ ਸਭ ਦੀ ਜ਼ਰੂਰਤ ਹੈ। ਧੱਕਾ-ਖੋਰ ਲੋਕ, ਸਭ ਨੂੰ ਬਰਾਬਰ ਦਾ ਵਰਤਾਰਾ ਲੈਣ ਨਹੀਂ ਦਿੰਦੇ। ਵੱਡੇ ਸਾਮਰਾਜ, ਛੋਟੇ-ਛੋਟੇ ਦੇਸ਼ਾਂ ਜਾਂ ਕੌਮਾਂ ਨੂੰ ਸਦਾ ਦਬੇਲ ਬਣਾਉਣ ਵਿੱਚ ਲੱਗੇ ਰਹਿੰਦੇ ਹਨ। ਇਸ ਲਈ ਤੇਗ ਦੀ ਫ਼ਤਿਹ ਵੀ ਮੰਗੀ ਗਈ ਹੈ ਤਾਂ ਕਿ ਕੋਈ ਕਿਤੇ ਧੱਕਾ ਨਾ ਹੋਵੇ, ਸਭ ਦਾ ਆਤਮ-ਸਨਮਾਨ ਕਾਇਮ ਰਹੇ। ਖ਼ਾਲਸੇ ਨੂੰ ਦੇਗ਼-ਤੇਗ਼ ਦਾ ਵਰਦਾਨ ਅਤੇ ਪੰਥ ਕੀ ਜੀਤ ਦੀ ਅਸੀਸ ਇਸੇ ਲਈ ਦਿੱਤੀ ਗਈ ਹੈ ਤਾਂ ਕਿ ਉਹ ਸਰਬੱਤ ਦੇ ਭਲੇ ਦਾ ਮਿਸ਼ਨ ਲੈ ਕੇ ਹਰ ਕਿਸਮ ਦੇ ਅਨਿਆਂ ਵਿਰੁੱਧ ਸੰਗਰਾਮ ਰਚਾਵੇ ਤੇ ਇਸ ਧਰਤੀ ਨੂੰ ਬੈਕੁੰਠ ਰੂਪ ਬਣਾਵੇ। ਕੇਸਰੀ ਨਿਸ਼ਾਨ ਸਾਹਿਬ (ਝੰਡਾ) ਇਸੇ ਖੇੜੇ ਦਾ ਪ੍ਰਤੀਕ ਹੈ। ਅੱਜ ਸਾਡੀ ਆਪਣੀ ਮਾਤ-ਭੂਮੀ, ਪੁੰਨ-ਭੂਮੀ ਪੰਜਾਬ, ਅਜਿਹੀਆਂ ਬੇਇਨਸਾਫ਼ੀਆਂ ਦਾ ਸ਼ਿਕਾਰ ਹੈ ਕਿ ਲੋਕ-ਰਾਜ ਹੋਣ ਦੇ ਬਾਵਜੂਦ ਲੋਕਰਾਜੀ ਪਰੰਪਰਾਵਾਂ ਗ਼ਾਇਬ ਹਨ, ਲੋਕਾਂ ਨੂੰ ਆਪਣਾ ਸਨਮਾਨ, ਸੁਤੰਤਰਤਾ ਅਤੇ ਸਮਾਜਕ ਨਿਆਂ ਪ੍ਰਾਪਤ ਨਹੀਂ। ਬਹੁ ਗਿਣਤੀ ਆਪਣੇ ਅਧਿਕਾਰਾਂ ਤੋਂ ਤਾਂ ਵਾਕਿਫ਼ ਹੈ ਪਰ ਜ਼ਿੰਮੇਵਾਰੀਆਂ ਭਾਵ ਕਰਤੱਵਾਂ ਤੋਂ ਗ਼ਾਫ਼ਲ ਹੈ, ਜਿਸ ਕਰ ਕੇ ਸਾਰੇ ਦੇਸ਼ ਵਿੱਚ ਬੇਚੈਨੀ, ਅਸੰਤੁਸ਼ਟਤਾ ਤੇ ਅਨਿਆਂ ਦੀ ਹਨ੍ਹੇਰ-ਗਰਦੀ ਮੱਚੀ ਹੋਈ ਹੈ ਤੇ ਪਿਛਲੇ ਸਮੇਂ ’ਚ ਪੰਜਾਬ ਸਭ ਤੋਂ ਵੱਧ ਸੰਤਾਪ ਦਾ ਸ਼ਿਕਾਰ ਰਿਹਾ ਹੈ। ਇਸ ਵਿਰੁੱਧ ਸੰਗਠਿਤ ਹੋ ਕੇ ਸਿਆਸੀ ਸੂਝ-ਬੂਝ ਨਾਲ ਸਭ ਪਾਸਿਆਂ ਤੋਂ ਜੂਝਣ ਦੀ ਲੋੜ ਹੈ। ਕੇਵਲ ਮਾਰੂ ਹਥਿਆਰ ਹੀ ਵਿਗੜੀ ਨਹੀਂ ਸੰਵਾਰ ਸਕਦੇ। ਇਹ ਵੀ ਧਿਆਨ ਗੋਚਰੇ ਕਰਨ ਵਾਲੀ ਗੱਲ ਹੈ ਕਿ ਸਾਡਾ ਸ਼ਾਨਦਾਰ ਸਭਿਆਚਾਰ, ਕੇਵਲ ਰਾਜਨੀਤੀ ਅਤਿਆਚਾਰ ਦੀ ਮਾਰ ਹੇਠ ਹੀ ਨਹੀਂ ਸਗੋਂ ਇਹ ਪਦਾਰਥਵਾਦ, ਕੱਟੜਵਾਦ, ਅਗਿਆਨਵਾਦ, ਦੰਭ-ਪ੍ਰਪੰਚਵਾਦ ਤੇ ਫ਼ੈਸ਼ਨਵਾਦ ਦਾ ਵੀ ਸ਼ਿਕਾਰ ਹੈ। ਇਸ ਕਰ ਕੇ ਸਾਰੇ ਪਾਸਿਆਂ ਤੋਂ ਸਾਵਧਾਨੀ ਵਰਤਣ ਦੀ ਲੋੜ ਹੈ, ਤਾਂ ਹੀ ਇਸ ਸ੍ਰੇਸ਼ਟ ਸਭਿਆਚਾਰ ਨੂੰ ਬਚਾਇਆ ਜਾ ਸਕਦਾ ਹੈ।

ਸਭਿਆਚਾਰ ਵਿੱਚ ਜਿਊਂਦਾ ਮਨੁੱਖ ਦੁਨਿਆਵੀ ਜੀਵਨ ਵਿੱਚ ਕੋਈ ਵਾਧ ਘਾਟ ਆਵੇ ਜਾਂ ਅਣਭਾਉਂਦੀ ਗੱਲ ਵਾਪਰੇ ਤਾਂ ਉਹ ਉਸ ਨੂੰ ਰੱਬ ਦਾ ਭਾਣਾ ਜਾਂ ਗੁਰੂ ਦੀ ਖੇਡ ਕਹਿ ਕੇ ਝਲਦਾ ਜਾਂਦਾ ਹੈ ਪਰ ਉਸ ਦਾ ਨਿਸ਼ਚਾ ਹੈ ਕਿ ਗੁਰੂ ਘਰ ਵਿੱਚ ਆ ਕੇ ਸੱਚੀ ਬਾਣੀ ਸੁਣ ਕੇ ਸੁੱਖਾਂ-ਭਰੀ ਸੰਗਤ ਦੇ ਦੀਦਾਰ ਪਾ ਕੇ ਖ਼ੁਸ਼ੀਆਂ ਮਿਲਦੀਆਂ ਹਨ, ਕੋਈ ਦੁੱਖ ਕਲੇਸ਼ ਰਹਿ ਹੀ ਨਹੀਂ ਜਾਂਦਾ। ਇਹ ਬੜਾ ਆਸ਼ਾਵਾਦੀ ਦ੍ਰਿਸ਼ਟੀਕੋਣ ਹੈ। ਕ੍ਰਿਤੱਗਤਾ (ਕੀਤੇ ਨੂੰ ਨਾ ਭੁੱਲਣਾ) ਤਾਂ ਐਸਾ ਇਕ ਹੀ ਹੋਰ ਗੁਣ ਹੈ ਕਿ ਉਹ ਮਾਲਕ ਨੂੰ ਸਦਾ ਸਲਾਹੁੰਦਾ ਨਹੀਂ ਥੱਕਦਾ। ਜੇ ਨਵਾਬ ਮਲੇਰਕੋਟਲਾ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਹਾਅ ਦਾ ਨਾਅਰਾ ਮਾਰਿਆ ਗਿਆ ਤਾਂ ਦਲ ਖ਼ਾਲਸਾ ਦੀ ਖ਼ੂਬੀ ਇਹ ਰਹੀ ਕਿ ਕਦੀ ਉਨ੍ਹਾਂ ਕੋਟਲੇ ’ਤੇ ਚੜ੍ਹਾਈ ਨਹੀਂ ਕੀਤੀ। ਇਹ ਸਿੱਖਾਂ ਦੇ ਕੌਮੀ ਕਿਰਦਾਰ ਦੀ ਖ਼ੂਬਸੂਰਤੀ ਹੈ।  ਉਹ ਚੜ੍ਹਦੀ ਕਲਾ ਦੇ ਨਾਲ ਸਰਬੱਤ ਦਾ ਭਲਾ ਵੀ ਮੰਗਦਾ ਹੈ, ‘ਨਾ ਕੋ ਬੈਰੀ ਨਾਹਿ ਬਿਗਾਨਾ’ ਇਹ ਬਚਨ ਕੇਵਲ ਗਾਉਣ ਲਈ ਹੀ ਨਹੀਂ, ਸਗੋਂ ਹਰ ਘੜੀ ਕਮਾਉਣ ਲਈ ਹਨ। ਇਸੇ ਕਰ ਕੇ ਅਨੰਦਪੁਰ ਦੀ ਬਿਖੜੀ ਜੰਗ ਵਿੱਚ ਭਾਈ ਘਨ੍ਹੱਈਏ ਨੇ ਆਪਣੀ ਮਸ਼ਕ ਦਾ ਅੰਮ੍ਰਿਤ ਜਲ, ਹਰ ਜ਼ਖ਼ਮੀ ਦੇ ਬੁੱਲ੍ਹਾਂ ਨੂੰ ਛੁਹਾਇਆ-ਚਾਹੇ ਉਹ ਤੁਰਕ ਸੀ, ਚਾਹੇ ਸਿੱਖ ਭਾਈ। ਕੀਰਤਪੁਰ ਇੱਕ ਨਿਹੰਗ ਸਿੰਘ, ਸੰਗਤ ਦੇ ਲੰਘਣ ਲਈ ਇੱਧਰੋਂ ਉੱਧਰੋਂ ਮਿੱਟੀ ਪੱਧਰ ਕਰ ਕੇ ਕਿਤੇ ਕੱਚਾ ਰਸਤਾ ਤਿਆਰ ਕਰ ਰਿਹਾ ਸੀ ਤਾਂ ਅਚਾਨਕ ਅੰਗ੍ਰੇਜ਼ ਅਫ਼ਸਰ ਆ ਗਿਆ, ਉਸ ਨੇ ਆਉਂਦਿਆਂ ਹੀ ਸਵਾਲ ਕੀਤਾ….‘‘ਸਿੰਘ ਜੀ ! ਇਸ ਕੰਮ ’ਤੇ ਤੁਹਾਨੂੰ ਕਿਸ ਨੇ ਲਾਇਆ ਹੈ ਤੇ ਕਿੰਨੀ ਮਜ਼ੂਰੀ ਮਿਲੇਗੀ ?’’ ਨਿਹੰਗ ਸਿੰਘ ਸੁਣ ਕੇ ਜੋਸ਼ ਵਿੱਚ ਆ ਗਿਆ, ਕਹਿਣ ਲੱਗਾ, ‘‘ਖ਼ਾਲਸਾ ਖੁਦ ਬਾਦਸ਼ਾਹ ਹੈ, ਇਸ ਨੂੰ ਮਜ਼ੂਰੀ ਦੀ ਕੀ ਲੋੜ ਹੈ, ਮੈਂ ਤਾਂ ਆਉਣ ਵਾਲੀਆਂ ਸੰਗਤਾਂ ਦੇ ਲੰਘਣ ਲਈ ਇਹ ਸੇਵਾ ਕਰ ਰਿਹਾ ਹਾਂ ਤੇ ਬਸ।’’

ਸੋ ਸਿੱਖ ਸਭਿਆਚਾਰ ਨੇ ਸਦਾ-ਸਦਾ ਸੇਵਕ ਬਣ ਕੇ ਸੇਵਾ-ਟਹਿਲ ਕਰ ਕੇ ਅਨੰਦਿਤ ਰਹਿਣ ਦੀ ਜੀਵਨ-ਜਾਚ ਸਿਖਾਈ ਹੈ ਇਸ ਕਰ ਕੇ ਮਨ ਕਦੀ ਢਹਿੰਦੀ ਕਲਾ ਵੱਲ ਜਾਂਦਾ ਹੀ ਨਹੀਂ। ਫਿਰ ਇਹ ਅਵਸਥਾ ਆਪਣੇ-ਆਪ ਹੀ ਨਹੀਂ ਆ ਜਾਂਦੀ, ਇਸ ਲਈ ਇੱਕ ਖ਼ਾਸ ਕਿਸਮ ਦੇ ਅਭਿਆਸ ਵਿੱਚੋਂ ਲੰਘਣਾ ਪੈਂਦਾ ਹੈ। ਜਿਸ ਨੂੰ ਅਸੀਂ ਗੁਰਮਤਿ ਦਾ ਤ੍ਰੈ-ਨੁਕਤੀਆ ਪ੍ਰੋਗਰਾਮ ‘‘ਗੁਰਮਤਿ ਨਾਮੁ ਦਾਨੁ ਇਸ਼ਨਾਨੁ’’ ਕਰ ਕੇ ਆਖਦੇ ਹਾਂ, ਜਿਸ ਦਾ ਭਾਵ ਹੈ-ਆਤਮਕ ਪਵਿਤ੍ਰਤਾ, ਸੱਭ ਨਾਲ ਵੰਡਣ ਦੀ ਬਿਰਤੀ ਦੇ ਧਾਰਨੀ ਹੋਣਾ ਅਤੇ ਮਾਨਸਿਕ ਸ਼ੁੱਧਤਾ, ਸਰੀਰਕ ਸ੍ਵਛੱਤਾ।  ਸੋ ਸਿੱਖ ਆਪਣਾ ਦਿਨ ਇਸ਼ਨਾਨ ਤੇ ਰੱਬੀ ਧਿਆਨ ਨਾਲ ਅਰੰਭ ਕਰਦਾ ਹੈ, ਤਾਂ ਉਹ ‘‘ਜੀਅਹੁ ਨਿਰਮਲ ਬਾਹਰਹੁ ਨਿਰਮਲ’’ ਹੁੰਦਾ ਹੋਇਆ ਪੂਰੀ ਤਰ੍ਹਾਂ ਤਿਆਰ-ਬਰ ਤਿਆਰ ਹੋ ਜਾਂਦਾ ਹੈ।

ਇਹ ਧਿਆਨ-ਯੋਗ ਨੁਕਤਾ ਹੈ ਕਿ ਸਭਿਆਚਾਰ ਕੇਵਲ ਧਾਰਮਕ ਸਿੱਖਿਆ ’ਤੇ ਹੀ ਨਿਰਭਰ ਨਹੀਂ ਬਲਕਿ ਇਸ ਨੂੰ ਕਲਾ ਦੇ ਪੱਖ ਤੋਂ ਵੀ ਨਿਪੁੰਨਤਾ ਤੇ ਮਹਾਰਤ ਮਿਲਣੀ ਚਾਹੀਦੀ ਹੈ। ਇਸ ਪੱਖ ਤੋਂ ਗੁਰਬਾਣੀ ਦੀ ਸਾਹਿਤਕਾਰੀ, ਸੰਗੀਤਕਾਰੀ ਦਾ ਵਿਰਸਾ ਇੰਨਾ ਭਰਪੂਰ ਤੇ ਵਿਸ਼ਾਲ ਹੈ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਨੇ ਆਚਰਣ ਦੇ ਨਿਰਮਾਣ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ। ਚਿੱਤਰਕਾਰੀ ਦਾ ਯੋਗਦਾਨ ਵੀ ਅਣਡਿੱਠ ਕਰਨ ਵਾਲਾ ਨਹੀਂ।  ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਹੱਥ ਲਿਖਤ ਬੀੜਾਂ ਦਾ ਹਰ ਸਫਾ ਭਾਂਤ-ਭਾਂਤ ਦੇ ਫੁੱਲ ਬੂਟਿਆਂ ਨਾਲ ਸ਼ਿੰਗਾਰਿਆ ਹੁੰਦਾ ਸੀ ਤੇ ਸਿੱਖ ਸਰਦਾਰ ਇਸ ਦੀ ਕਦਰ ਕਰਦੇ ਸਨ। ਇਸ ਤਰ੍ਹਾਂ ਗੁਰਧਾਮਾਂ ਦੀ ਚਿੱਤਰਕਾਰੀ ਤੇ ਹਰਿਮੰਦਰ ਦੀ ਉੱਚ-ਪੱਧਰੀ ਕਾਰੀਗਰੀ ਦੁਨੀਆਂ ਦੇ ਕ੍ਰਿਸ਼ਮਿਆਂ ਵਿੱਚੋਂ ਗਿਣੀ ਜਾਂਦੀ ਹੈ। ਇਸੇ ਤਰ੍ਹਾਂ ਸਿੱਖ ਦਾ ਜਿਹੜਾ ਬਾਹਰਲਾ ਸਰੂਪ ਹੈ, ਉਹ ਵੀ ਵਿਲੱਖਣ ਹੋਣ ਕਰ ਕੇ ਹਰੇਕ ਲਈ ਆਕਰਸ਼ਣ ਦਾ ਕਾਰਨ ਹੈ। ਖ਼ਾਸ ਕਰ ਕੇ ਟੋਪ-ਟੋਪੀਆਂ ਦੀ ਬਹੁ-ਗਿਣਤੀ ਵਾਲੇ ਸੰਸਾਰ ਵਿੱਚ ਸਿੱਖ ਦੀ ਦਸਤਾਰ ਦੀ ਆਪਣੀ ਵੱਖਰੀ ਲਿਸ਼ਕਾਰ ਹੈ।

ਅਜੋਕੇ ਬਿਖੜੇ ਸਮੇਂ ਵਿੱਚ ਅਜੀਬੋ-ਗ਼ਰੀਬ ਹਾਲਤ ਇਹ ਹੈ ਕਿ ਇਹ ਉਚ-ਆਚਾਰੀ ਵਿਲੱਖਣ ਸਭਿਆਚਾਰ, ਸੰਸਾਰ ਸਭਿਆਚਾਰ ਦੇ ਵਿਗੜੇ ਵਿਹਾਰ ਵਿਰੁੱਧ ਬਿਲਕੁਲ ਕੱਲਮ-ਕੱਲਾ ਟਾਕਰੇ ਉੱਤੇ ਖੜੋਤਾ ਹੈ : ਸਾਰੀ ਦੁਨੀਆਂ ਤੰਬਾਕੂ-ਨੋਸ਼ੀ, ਸ਼ਰਾਬ-ਨੋਸ਼ੀ ਤੇ ਸਮੈਕ ਆਦਿਕ ਨਸ਼ਿਆਂ ਦੀ ਸ਼ਿਕਾਰ ਹੈ ਲੇਕਿਨ ਸਿੱਖ ਸਭਿਆਚਾਰ ਇਸ ਨੂੰ ‘ਜਗਤ ਜੂਠ’ ਕਹਿ ਕੇ ਤਿਰਸਕਾਰਦਾ ਆ ਰਿਹਾ ਹੈ। ਸਾਰੀ ਦੁਨੀਆਂ ‘ਲਿੰਗ ਸੁਤੰਤਰਤਾ’ ਨੂੰ ਕੁਦਰਤੀ ਅਧਿਕਾਰ ਦੱਸ ਕੇ ਬੇਹਯਾਈ ਨਾਲ ਵਿਭਚਾਰ ਦਾ ਪ੍ਰਚਾਰ-ਪ੍ਰਸਾਰ ਕਰ ਰਹੀ ਹੈ ਤੇ ਏਡਜ਼ ਵਰਗੀਆਂ ਬੀਮਾਰੀਆਂ ਦੀ ਮਾਰ ਖਾ ਰਹੀ ਹੈ ਲੇਕਿਨ ਸਿੱਖ ਸਭਿਆਚਾਰ ਹਦਾਇਤ ਕਰ ਰਿਹਾ ਹੈ:

ਦੇਖਿ ਪਰਾਈਆਂ ਚੰਗੀਆਂ; ਮਾਵਾਂ, ਧੀਆਂ, ਭੈਣਾਂ ਜਾਣੈ। (ਭਾਈ ਗੁਰਦਾਸ)

ਅਜੋਕੀ ਸਿਆਣੀ ਦੁਨੀਆਂ ‘ਨਾਸਤਿਕਤਾ’  ਨੂੰ ਅਗਾਂਹ ਵਧੂ ਹੋਣ ਦਾ ਲੱਛਣ ਮੰਨ ਕੇ ਅਪਣਾਅ ਰਹੀ ਹੈ ਲੇਕਿਨ ਸਿੱਖ ਸਭਿਆਚਾਰ ‘ਨਾਮ ਦੀ ਚੜ੍ਹਦੀ ਕਲਾ’ ਦੀ ਜੈ-ਜੈ ਕਾਰ ਕਰ ਰਿਹਾ ਹੈ। ਇਸ ਤਰ੍ਹਾਂ ਸਿੱਖ ਸਭਿਆਚਾਰ ਦਾ ਝੰਡਾ ਚੁੱਕਣਾ, ਸਾਰੀਆਂ ਦੁਨੀਆਂ ਨਾਲ ਮੱਥਾ ਲਾਉਣ ਵਾਲੀ ਗੱਲ ਹੈ।