ਸਾਕਾ ਨਾਨਕਾਣਾ ਸਾਹਿਬ

0
997

ਸਾਕਾ ਨਾਨਕਾਣਾ ਸਾਹਿਬ

ਡਾਕਟਰ ਹਰਜਿੰਦਰ ਸਿੰਘ (ਇਤਿਹਾਸਕਾਰ)

ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ (ਨਾਨਕਾਣਾ ਸਾਹਿਬ) ਦਾ ਇੰਤਜ਼ਾਮ ਉਦਾਸੀ ਸਾਧੂਆਂ ਦੇ ਹੱਥ ਵਿੱਚ ਸੀ। ਉੱਨੀਵੀਂ ਸਦੀ ਦੇ ਸ਼ੁਰੂ ਤੱਕ ਇਹ ਇੰਤਜ਼ਾਮ ਠੀਕ ਚਲਦਾ ਰਿਹਾ, ਪਰ ਮਹੰਤ ਸਾਧੂ ਰਾਮ ਅਤੇ ਉਸ ਤੋਂ ਬਾਅਦ ਬਣੇ ਮਹੰਤ ਕਿਸ਼ਨ ਦਾਸ ਦੋਵੇਂ ਹੀ ਸ਼ਰਾਬੀ ਤੇ ਵਿਭਚਾਰੀ ਬੰਦੇ ਸਨ, ਜੋ ਬੱਚਿਆਂ ਦੇ ਵਿਆਹ ਆਦਿ ਖੁਸ਼ੀ ਦੇ ਸਮਾਗਮਾਂ ’ਤੇ ਗੁਰੂ ਘਰ ਵਿੱਚ ਭਾੜੇ ਦੀਆਂ ਔਰਤਾਂ ਲਿਆ ਕੇ ਨਚਾਉਂਦੇ ਰਹਿੰਦੇ। ਇਹ ਦੋਵੇਂ ਗੁਪਤ ਰੋਗ (ਏਡਜ਼) ਨਾਲ਼ ਹੀ ਮਰੇ ਸਨ।

ਮਹੰਤ ਕਿਸ਼ਨ ਦਾਸ ਦੇ ਇੱਕ ਵਿਧਵਾ ਔਰਤ ਨਾਲ਼ ਨਾਜਾਇਜ਼ ਸਬੰਧ ਸਨ, ਜਿਸ ਤੋਂ ਇੱਕ ਲੜਕਾ ਪੈਦਾ ਹੋਇਆ। ਇੱਕ ਦਿਨ ਇਹ ਆਪਣੇ ਘਰ (ਲਾਹੌਰ ਵਿਖੇ) ਸ਼ਰਾਬ ਨਾਲ਼ ਬੇਹੋਸ਼ ਪਿਆ ਸੀ ਤੇ ਇਸ ਦੇ ਚੇਲੇ ਨਰੈਣ ਦਾਸ (ਨਰੈਣੂ) ਨੇ ਓਥੇ ਜਾ ਕੇ ਇਸ ਦੀ ਜੇਬ੍ਹ ’ਚੋਂ ਗੁਰਦੁਆਰੇ ਦੀਆਂ ਚਾਬੀਆਂ ਕੱਢ ਲਿਆਇਆ ਤੇ ਆਪਣੇ ਆਪ ਨੂੰ ਨਾਨਕਾਣਾ ਸਾਹਿਬ ਦਾ ਮਹੰਤ ਘੋਸ਼ਿਤ ਕਰ ਲਿਆ।  ਕੁਝ ਚਿਰ ਬਾਅਦ ਮਹੰਤ ਕਿਸ਼ਨ ਦਾਸ ਮਰ ਗਿਆ, ਜਿਸ ਦੇ ਸੰਸਕਾਰ ’ਤੇ ਇਸ ਨੇ ਆਪਣੀਆਂ ਹਰਕਤਾਂ ਮਹੰਤ ਸਾਧੂ ਰਾਮ ਤੇ ਮਹੰਤ ਕਿਸ਼ਨ ਦਾਸ ਵਾਙ ਨਾ ਕਰਨ ਦਾ ਲਿਖਤੀ ਪ੍ਰਣ ਕੀਤਾ ਤਾਂ ਜੋ ਕਿਸੇ ਹੋਰ ਨੂੰ ਮਹੰਤ ਪਦ ਨਾ ਮਿਲੇ ।

ਨਰੈਣ ਦਾਸ ਕੁਝ ਚਿਰ ਤਾਂ ਠੀਕ ਰਿਹਾ ਪਰ ਛੇਤੀ ਹੀ ਇਹ ਵੀ ਉਨ੍ਹਾਂ ਵਰਗੀਆਂ ਹਰਕਤਾਂ ਕਰਨ ਲੱਗਾ। ਇਸ ਨੇ ਇੱਕ ਮੁਸਲਮਾਨ ਮਿਰਾਸਨ ਘਰ ਰੱਖ ਲਈ, ਜਿਸ ਤੋਂ ਦੋ ਮੁੰਡੇ ਤੇ ਦੋ ਕੂੜੀਆਂ ਜੰਮੀਆਂ, ਜਿਨ੍ਹਾਂ ਲਈ ਇਸ ਨੇ ਦੋ ਘਰ (ਇੱਕ ਨਾਨਕਾਣੇ ਵਿੱਚ ਅਤੇ ਇੱਕ ਲਾਹੌਰ ਵਿੱਚ) ਬਣਾ ਦਿੱਤੇ।  ਅਗਸਤ 1917 ਵਿੱਚ ਨਰੈਣ ਦਾਸ ਨੇ ਵੀ ਗੁਰਦੁਆਰੇ ਵਿੱਚ ਔਰਤਾਂ ਨੂੰ ਲਿਆ ਕੇ ਨਾਚ-ਗਾਣਾ ਕਰਵਾਇਆ। ਸਾਰੇ ਪਾਸੇ ਸਿੰਘ ਸਭਾਵਾਂ ਨੇ ਇਸ ਦੀ ਨਿੰਦਾ ਕੀਤੀ।  ਸੰਨ 1918 ’ਚ ਇੱਕ ਸਿੰਧੀ ਪਰਿਵਾਰ ਨਾਨਕਾਣਾ ਸਾਹਿਬ ਆਇਆ।  ਸ਼ਾਮ ਨੂੰ ਜਦ ਰਹਰਾਸਿ ਦਾ ਪਾਠ ਹੋ ਰਿਹਾ ਸੀ ਤਾਂ ਇਕ ਪੂਜਾਰੀ ਨੇ ਉਨ੍ਹਾਂ ਦੀ 13 ਸਾਲ ਦੀ ਧੀ ਨਾਲ਼ ਬਲਾਤਕਾਰ ਕੀਤਾ ਅਤੇ ਮਹੰਤ ਨੇ ਇਸ ’ਤੇ ਕੋਈ ਐਕਸ਼ਨ ਵੀ ਨਾ ਲਿਆ। ਇਸੇ ਸਾਲ ਦੇ ਅਖ਼ੀਰ ’ਚ ਜੜ੍ਹਾਂਵਾਲਾ ਦੀਆਂ ਛੇ ਔਰਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਈਆਂ।  ਮਹੰਤ ਤੇ ਪੂਜਾਰੀਆਂ ਨੇ ਇਨ੍ਹਾਂ ਛੇਆਂ ਨਾਲ਼ ਵੀ ਜਬਰ-ਜ਼ਨਾਹ ਕੀਤਾ।  ਅਜਿਹੀਆਂ ਹਰਕਤਾਂ ਹੋਰ ਵੀ ਕਈ ਵਾਰ ਹੋਈਆਂ ਪਰ ਲੋਕ ਇੱਜ਼ਤ ਦੇ ਡਰ ਪੱਖੋਂ ਦੱਸਦੇ ਨਹੀਂ ਸਨ।

ਇਸ ਮਾਹੌਲ ਵਿੱਚ 1, 2, 3 ਅਕਤੂਬਰ 1920 ਨੂੰ ਪਿੰਡ ਧਾਰੋਵਾਲੀ ਵਿੱਚ ਇੱਕ ਵੱਡਾ ਇਕੱਠ ਹੋਇਆ, ਜਿਸ ਵਿੱਚ ਡਾ. ਕਿਚਲੂ, ਆਗ਼ਾ ਸਫ਼ਦਰ ਤੇ ਹੋਰ ਗ਼ੈਰ ਸਿੱਖ ਆਗੂ ਵੀ ਸ਼ਾਮਲ ਹੋਏ। ਦੀਵਾਨ ਵਿੱਚ ਮਾਸਟਰ ਮੋਤਾ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਦਾਨ ਸਿੰਘ ਵਛੋਆ, ਜਸਵੰਤ ਸਿੰਘ ਝਬਾਲ ਤੇ ਹੋਰਨਾਂ ਨੇ ਲੈਕਚਰ ਦਿੱਤੇ ਅਤੇ ਨਾਨਕਾਣਾ ਸਾਹਿਬ ਦੇ ਹਾਲਤਾਂ ਬਾਰੇ ਚਿੰਤਾ ਜਤਾਈ।  ਇਸ ਦੀਵਾਨ ਨੇ ਨਾਨਕਾਣਾ ਸਾਹਿਬ ਦੇ ਗੁਰਦੁਆਰਾ ਸੁਧਾਰ ਬਾਰੇ ਮਤਾ ਪਾਸ ਕੀਤਾ ਤੇ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਨੇ ਨਾਨਕਾਣਾ ਸਾਹਿਬ ਦੇ ਸੁਧਾਰ ਲਈ ਸ਼ਹੀਦੀ ਜਥਾ ਬਣਾਉਣ ਦਾ ਐਲਾਨ ਵੀ ਕੀਤੀ।

ਦੀਵਾਨ ’ਚ ਪਾਸ ਕੀਤੇ ਗਏ ਮਤਿਆਂ ਦੀ ਖ਼ਬਰ ਮਹੰਤ ਨਰੈਣ ਦਾਸ ਨੂੰ ਵੀ ਪੁੱਜ ਗਈ। ਉਸ ਨੇ ਆਪਣੇ ਆਪ ਨੂੰ ਸੁਧਾਰਨ ਦੀ ਬਜਾਇ ਨਵੰਬਰ 1920 ਵਿੱਚ 400 ਗੁੰਡੇ ਤਨਖ਼ਾਹ ’ਤੇ ਰੱਖ ਲਏ, ਜਿਨ੍ਹਾਂ ’ਚ ਰਾਂਝਾ ਤੇ ਰਿਹਾਨਾ ਵਰਗੇ ਖ਼ੂੰਖਾਰ ਬਦਮਾਸ਼ ਤੇ ਕਾਤਲ ਸਨ। ਨਰੈਣ ਦਾਸ ਨੇ ਕਰਤਾਰ ਸਿੰਘ ਬੇਦੀ (ਭਤੀਜਾ ਖੇਮ ਸਿੰਘ ਬੇਦੀ) ਦੀ ਮਦਦ ਨਾਲ਼ ਮਹੰਤਾਂ, ਸਾਧੂਆਂ, ਬੇਦੀਆਂ ਦਾ ਇੱਕ ਇਕੱਠ 12 ਨਵੰਬਰ 1920 ਨੂੰ ਅਖਾੜਾ ਸੰਗਲ ਵਾਲਾ (ਨੇੜੇ ਦਰਬਾਰ ਸਾਹਿਬ ਅੰਮ੍ਰਿਤਸਰ) ਵਿੱਚ ਕੀਤਾ।  ਮਹੰਤ ਗੋਬਿੰਦ ਦਾਸ (ਜਮਸ਼ੇਰ) ਦੀ ਪ੍ਰਧਾਨਗੀ ਹੇਠ 53 ਮਹੰਤ ਇਸ ਇਕੱਠ ਵਿੱਚ ਸ਼ਾਮਲ ਹੋਏ। ਇੱਥੇ ਫ਼ੈਸਲਾ ਹੋਇਆ ਕਿ ਅਕਾਲੀਆਂ ਦਾ ਟਾਕਰਾ ਜ਼ੋਰ-ਸ਼ੋਰ ਨਾਲ਼ ਕੀਤਾ ਜਾਵੇ।  ਮਹੰਤ ਨਰੈਣ ਦਾਸ ਨੇ ਬੇਦੀ ਕਰਤਾਰ ਸਿੰਘ ਨਾਲ਼ ਰਲ਼ ਕੇ 60 ਹਜ਼ਾਰ ਰੁਪਏ ਇਕੱਠੇ ਕੀਤੇ ਤੇ ਲਾਹੌਰ ਤੋਂ ਹਫ਼ਤਾਵਰੀ ‘ਸੰਤ ਸੇਵਕ’ ਅਖ਼ਬਾਰ ਸ਼ੁਰੂ ਕੀਤਾ ਜੋ ਮੁਫ਼ਤ ਵਿੱਚ ਵੰਡਿਆ ਜਾਂਦਾ ਰਿਹਾ। ਇਸ ਦੇ ਨਾਲ਼ ਹੀ ਮਹੰਤ ਨੇ ਆਪਣੀ ਵੱਖਰੀ ‘ਗੁਰਦੁਆਰਾ ਕਮੇਟੀ’ ਬਣਾ ਲਈ।  ਜੋ ਮਾਤਰ ਵਿਖਾਏ ਲਈ ਸੀ, ਕੋਈ ਰੋਲ ਨਹੀਂ ਸੀ। ਇਸ ਕਮੇਟੀ ਦਾ ਪ੍ਰਧਾਨ ਮਹੰਤ ਨਰੈਣ ਦਾਸ ਅਤੇ ਸਕੱਤਰ ਬਸੰਤ ਦਾਸ ਮਾਣਕ ਨੂੰ ਬਣਾ ਲਿਆ।

ਮਹੰਤ ਨੇ ਨਵੰਬਰ 1920 ’ਚ ਅਕਾਲੀਆਂ ਵੱਲੋਂ ਗੁਰਦੁਆਰੇ ’ਤੇ ਕਬਜ਼ਾ ਕੀਤੇ ਜਾਣ ਦੇ ਖ਼ਦਸ਼ੇ ਨੂੰ ਸਾਹਵੇਂ ਰੱਖਦਿਆਂ ਜੋ 400 ਬੰਦੇ ਰੱਖੇ ਸਨ, ਉਨ੍ਹਾਂ ਨੂੰ ਹਥਿਆਰਾਂ ਸਮੇਤ 25-26 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਸਮੇਂ ਗੁਰਦੁਆਰੇ ਦੇ ਚਾਰੋਂ ਤਰਫ਼ ਤਾਇਨਾਤ ਕਰ ਦਿੱਤਾ, ਪਰ ਉਸ ਦਿਨ ਅਕਾਲੀਆਂ ਦਾ ਗੁਰਦੁਆਰੇ ’ਤੇ ਕਬਜ਼ਾ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ। ਇਸ ਦੇ ਬਾਵਜੂਦ ਉਸ ਦਿਨ ਮਹੰਤ ਨੇ ਕਿਸੇ ਵੀ ਸਿੱਖ ਨੂੰ ਕਿਰਪਾਨ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਨਾ ਜਾਣ ਦਿੱਤਾ। ਇਸ ਦਿਨ ਭਾਈ ਲਛਮਣ ਸਿੰਘ ਧਾਰੋਵਾਲੀ ਕੁਝ ਸਿੰਘਾਂ ਨੂੰ ਨਾਲ਼ ਲੈ ਕੇ ਗੁਰਦੁਆਰਾ ਸਾਹਿਬ ’ਚ ਆਏ। ਅਜੇ ਉਹ ਅੰਦਰ ਵੜੇ ਹੀ ਸਨ ਕਿ ਮਹੰਤ ਦੇ ਗੁੰਡਿਆਂ ਨੇ ਛਵ੍ਹੀਆਂ ਤੇ ਟਕੂਏ ਹੱਥਾਂ ’ਚ ਲੈ ਕੇ ਉਨ੍ਹਾਂ ਨੂੰ ਘੇਰ ਲਿਆ। ਉਸ ਵੇਲ਼ੇ ਡਿਪਟੀ ਕਮਿਸ਼ਨਰ ਅਤੇ ਸੁਪਰਡੈਂਟ (ਸੀ. ਆਈ. ਡੀ.) ਉੱਥੇ ਮੌਜੂਦ ਸਨ। ਇਸ ਕਾਰਨ ਇੱਕ ਵਾਰ ਤਾਂ ਵੱਡਾ ਸਾਕਾ ਹੋਣੋ ਰੁਕ ਗਿਆ, ਨਹੀਂ ਤਾਂ 20 ਫ਼ਰਵਰੀ 1921 ਵਾਲ਼ਾ ਸਾਕਾ 26 ਨਵੰਬਰ 1920 ਨੂੰ ਹੀ ਵਾਪਰ ਜਾਣਾ ਸੀ।

ਗੁਰ ਪੁਰਬ ਤੋਂ ਮਗਰੋਂ ਬਹੁਤੇ ਬੰਦੇ ਮਹੰਤ ਨੇ ਵਾਪਸ ਭੇਜ ਦਿੱਤੇ, ਪਰ ਰਾਂਝਾ, ਸਾਖੂ ਤੇ ਕਾਨ੍ਹਾ ਵਰਗੇ ਖ਼ੂੰਖਾਰ ਬੰਦੇ ਆਪਣੇ ਕੋਲ ਹੀ ਰੱਖੇ। ਇਸ ਤੋਂ ਮਗਰੋਂ ਮਹੰਤ ਨੇ ਨਾਨਕਾਣਾ ਸਾਹਿਬ ਦੀ ਕਿਲ੍ਹਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਗੁਰਦੁਆਰੇ ਨੂੰ ਹਰ ਪਾਸਿਓਂ ਜੰਗੀ ਹਮਲੇ ਵਾਲ਼ੀ ਹਿਫ਼ਾਜ਼ਤ ਦੇ ਹਿਸਾਬ ਨਾਲ਼ ਮਜ਼ਬੂਤ ਕਰ ਲਿਆ ਤੇ ਅੰਦਰ ਅਸਲੇ ਦਾ ਖ਼ਜ਼ਾਨਾ ਵੀ ਇਕੱਠਾ ਕਰ ਲਿਆ। ਇਸ ਦੀ ਖ਼ਬਰ ਕਮਿਸ਼ਨਰ ਕਿੰਗ, ਪੁਲਿਸ, ਸੀ. ਆਈ. ਡੀ.,  ਡਿਪਟੀ ਕਮਿਸ਼ਨਰ ਤੇ ਗਵਰਨਰ ਨੂੰ ਵੀ ਸੀ ਪਰ ਉਨ੍ਹਾਂ ਚੁੱਪੀ ਧਾਰੀ ਰੱਖੀ। (ਸੋਹਨ ਸਿੰਘ ਜੋਸ਼, ਸਫ਼ਾ 93-95) ਮਹੰਤ ਦੀ ਇਸ ਸਾਰੀ ਕਾਰਵਾਈ ਤੇ ਪਲਾਨਿੰਗ ਨੂੰ ਸਿੱਖ ਆਗੂ ਵੀ ਜਾਣਦੇ ਸਨ ਅਤੇ ਉਨ੍ਹਾਂ ਨੇ ਇਸ ਬਾਰੇ ਦੀਵਾਨਾਂ ਵਿੱਚ ਅਤੇ ਪ੍ਰੈਸ ਵਿੱਚ ਵੀ ਵਾਰਨਿੰਗ ਦਿੱਤੀ ਹੋਈ ਸੀ।

ਕਰਤਾਰ ਸਿੰਘ ਝੱਬਰ ਨੇ ਜਨਵਰੀ 1921 ਦੇ ਅੱਧ ਵਿੱਚ ਇੱਕ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਲਿਖੀ, ਜਿਸ ਵਿੱਚ ਕਿਹਾ ਗਿਆ ਕਿ ਮਹੰਤ ਦੀਆਂ ਕਾਰਵਾਈਆਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਵਰਨਾ ਕਿਤੇ ਅਜਿਹਾ ਨਾ ਹੋਵੇ ਕਿ ਸੰਗਤਾਂ ਆਪ ਹੀ ਨਾਨਕਾਣਾ ਸਾਹਿਬ ਵੱਲ ਚਾਲੇ ਪਾ ਦੇਣ।  21 ਜਨਵਰੀ ਨੂੰ ਸਕੱਤਰ ਨੇ ਇਹ ਚਿੱਠੀ ਸ਼੍ਰੋਮਣੀ ਕਮੇਟੀ ਦੇ 24 ਜਨਵਰੀ ਨੂੰ ਹੋਣ ਵਾਲੇ ਏਜੰਡੇ ਵਿੱਚ ਰੱਖ ਦਿੱਤੀ।

24 ਜਨਵਰੀ 1921 ਦੇ ਦਿਨ ਅਕਾਲ ਤਖ਼ਤ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਨਾਨਕਾਣਾ ਸਾਹਿਬ ਦੇ ਹਾਲਤ ’ਤੇ ਵਿਚਾਰਾਂ ਹੋਈਆਂ।  ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 4, 5, 6 ਮਾਰਚ 1921 ਦੇ ਦਿਨ ਨਾਨਕਾਣਾ ਸਾਹਿਬ ਵਿੱਚ ਇੱਕ ਦੀਵਾਨ ਕੀਤਾ ਜਾਵੇ ਅਤੇ ਮਹੰਤ ਨੂੰ ਆਪਣਾ ਸੁਧਾਰ ਕਰਨ ਲਈ ਕਿਹਾ ਜਾਏ।  ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ਵਿੱਚ ਇੱਕ ਚਿੱਠੀ ਵੀ ਜਾਰੀ ਕੀਤੀ, ਜਿਸ ਵਿੱਚ ਸਰਕਰਦਾ ਸਿੱਖਾਂ ਨੂੰ ਅਪੀਲ ਕੀਤੀ ਗਈ ਕਿ ਉਹ ਮਹੰਤ ਨੂੰ ਸਮਝਾਉਣ ਤਾਂ ਜੋ ਉਹ ਗੁਰਦੁਆਰਾ ਪੰਥ ਦੇ ਹਵਾਲੇ ਕਰ ਦੇਵੇ। ਇਹ ਚਿੱਠੀ ਪੰਜਾਬ ਸਰਕਾਰ, ਸਿੱਖ ਰਾਜਿਆਂ, ਸਰਕਾਰੀ ਅਫ਼ਸਰਾਂ ਤੇ ਸਰਕਰਦਾ ਸ਼ਖ਼ਸੀਅਤਾਂ ਨੂੰ ਭੇਜੀ ਗਈ।  6 ਫ਼ਰਵਰੀ ਨੂੰ ਸ਼੍ਰੋਮਣੀ ਕਮੇਟੀ ਨੇ ਭਾਈ ਲਛਮਣ ਸਿੰਘ ਧਾਰੋਵਾਲੀ, ਦਲੀਪ ਸਿੰਘ ਸਾਂਗਲਾ, ਤੇਜਾ ਸਿੰਘ ਸਮੁੰਦਰੀ, ਕਰਤਾਰ ਸਿੰਘ ਝੱਬਰ ਤੇ ਬਖ਼ਸ਼ੀਸ਼ ਸਿੰਘ ਦੀ ਕਮੇਟੀ ਬਣਾ ਦਿੱਤੀ ਤਾਂ ਜੋ ਉਹ 4, 5, 6 ਮਾਰਚ ਦੇ ਦੀਵਾਨ ਵਿੱਚ ਸ਼ਾਮਲ ਹੋਣ ਵਾਲ਼ੀਆਂ ਲੱਖਾਂ ਸੰਗਤਾਂ ਵਾਸਤੇ ਲੰਗਰ ਦਾ ਇਤਜ਼ਾਮ ਕਰੇ।

ਅਕਾਲੀ ਕਾਨਫ਼ਰੰਸ ਦੇ ਐਲਾਨ ਤੋਂ ਮਹੰਤ ਡਰ ਗਿਆ। ਉਸ ਨੇ ਜਥੇਦਾਰ ਝੱਬਰ ਨਾਲ਼ ਗੱਲਬਾਤ ਕਰਨ ਲਈ ਵਿਚੋਲੇ ਪਾਏ। ਮਹੰਤ ਨੇ ਆਪਣੀ ਤਰਫ਼ੋਂ ਪੇਸ਼ਕਸ਼ ਕੀਤੀ ਕਿ ਉਹ ਨਾਨਕਾਣਾ ਸਾਹਿਬ ਲਈ ਇੱਕ ਕਮੇਟੀ ਮੰਨਣ ਵਾਸਤੇ ਤਿਆਰ ਹੈ ਬਸ਼ਰਤੇ ਕਿ (1). ਉਸ ਨੂੰ ਕੱਢਿਆ ਨਾ ਜਾਵੇ। (2). ਉਹ ਵੀ ਕਮੇਟੀ ਦਾ ਮੈਂਬਰ ਬਣੇ। (3). ਉਸ ਨੂੰ ਤਨਖ਼ਾਹ ਦੇਣ ਦੀ ਬਜਾਇ ਆਮਦਨ ਦਾ ਇਕ ਹਿੱਸਾ ਦਿੱਤਾ ਜਾਵੇ ।  ਜਥੇਦਾਰ ਝੱਬਰ ਨੇ ਮਹੰਤ ਦੀ ਪਹਿਲੀ ਤੇ ਤੀਜੀ ਸ਼ਰਤ ਮੰਨ ਲਈ ਪਰ ਦੂਜੀ ਸ਼ਰਤ ਬਾਰੇ ਉਸ ਨੂੰ ਕਿਹਾ ਕਿ ਇਸ ਦਾ ਫ਼ੈਸਲਾ ਸ਼੍ਰੋਮਣੀ ਕਮੇਟੀ ਹੀ ਕਰ ਸਕਦੀ ਹੈ। ਜਦੋਂ ਇਸ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਗਈ ਤਾਂ ਕਮੇਟੀ ਨੇ ਮਹੰਤ ਨਾਲ਼ ਗੱਲਬਾਤ ਕਰਨ ਲਈ ਇੱਕ ਸਬ-ਕਮੇਟੀ ਬਣਾ ਦਿੱਤੀ। ਇਸ ਕਮੇਟੀ ਵਿੱਚ ਕਰਤਾਰ ਸਿੰਘ ਝੱਬਰ, ਭਾਈ ਜੋਧ ਸਿੰਘ, ਤੇਜਾ ਸਿੰਘ ਸਮੁੰਦਰੀ, ਬੂਟਾ ਸਿੰਘ ਵਕੀਲ ਤੇ ਕੇਹਰ ਸਿੰਘ ਪੱਟੀ ਸ਼ਾਮਲ ਸਨ। ਇਸ ਕਮੇਟੀ ਨੇ ਮਹੰਤ ਨੂੰ ਗੱਲਬਾਤ ਕਰਨ ਲਈ 7, 8, 9 ਫ਼ਰਵਰੀ 1921 ਦੇ ਦਿਨ ਗੁਰਦੁਆਰਾ ਖਰਾ ਸੌਦਾ ਵਿੱਚ ਬੁਲਾ ਲਿਆ।

ਮਹੰਤ ਨੇ ਸਿੱਖਾਂ ਦਾ ਧਿਆਨ ਗੱਲਬਾਤ ਵਿੱਚ ਲਾ ਕੇ ਜੰਗੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ। ਉਸ ਨੇ 28 ਪਠਾਣ ਪੱਕੇ ਤੌਰ ’ਤੇ ਤਨਖ਼ਾਹ ’ਤੇ ਰੱਖ ਲਏ।  ਮਹੰਤ ਦਾ ਭਤੀਜਾ ਮਾਝੇ ਦੇ ਹੋਰ ਇਲਾਕਿਆਂ ਤੋਂ ਖ਼ੂੰਖਾਰ ਕਾਤਲ ਭਾੜੇ ’ਤੇ ਲੈ ਆਇਆ। ਹੁਣ ਉਸ ਨੇ ਨਾਨਕਾਣਾ ਸਾਹਿਬ ਦਾ ਬਾਹਰਲਾ ਲੱਕੜ ਦਾ ਦਰਵਾਜ਼ਾ ਹਟਾ ਕੇ ਲੋਹੇ ਦਾ ਗੇਟ ਲਗਾ ਦਿੱਤਾ ਤੇ ਉਸ ਵਿੱਚੋਂ ਗੋਲ਼ੀਆਂ ਚਲਾਉਣ ਵਾਸਤੇ ਛੇਕ ਵੀ ਰੱਖ ਲਏ। ਇਸੇ ਤਰ੍ਹਾਂ ਗੁਰਦੁਆਰੇ ਦੇ ਚਾਰੋਂ ਤਰਫ਼ ਦੀਵਾਰਾਂ ’ਚੋਂ ਗੋਲ਼ੀਆਂ ਚਲਾਉਣ ਲਈ ਛੇਕ ਬਣਾਏ ਗਏ। ਇਹ ਸਭ ਕੁਝ ਕਰਦਿਆਂ ਮਹੰਤ ਨੂੰ ਉੱਤਮ ਸਿੰਘ ਕਾਰਖ਼ਾਨੇਦਾਰ ਨੇ ਵੇਖ ਲਿਆ ਸੀ, ਜਿਸ ਦੀ ਲਿਖਤੀ ਸ਼ਿਕਾਈਤ ਵੀ ਉਸ ਨੇ ਡਿਪਟੀ ਕਮਿਸ਼ਨਰ ਨੂੰ ਭੇਜੀ, ਜੋ ਮੰਨਿਆ ਜਾਂਦਾ ਹੈ ਕਿ ਸਾਕਾ ਵਾਪਰਨ ਤੋਂ ਬਾਅਦ ਉਸ ਨੂੰ ਮਿਲੀ।

 ਇਸ ਦੇ ਨਾਲ਼ ਹੀ ਮਹੰਤ ਨੇ ਬਾਕੀ ਮਹੰਤਾਂ, ਬੇਦੀਆਂ ਤੇ ਕੂਕਿਆਂ ਨਾਲ਼ ਵੀ ਰਾਬਤਾ ਬਣਾ ਲਿਆ।  7 ਫ਼ਰਵਰੀ 1921 ਦੇ ਦਿਨ ਮਹੰਤ ਨੇ ਆਪਣੇ ਬੰਦਿਆਂ ਤੇ ਹਮਾਇਤੀਆਂ ਦਾ ਇੱਕ ਇਕੱਠ ਗੁਰਦੁਆਰਾ ਜਨਮ ਸਥਾਨ ਦੀ ਹਦੂਦ ਵਿੱਚ ਬੁਲਾਇਆ। ਇਸ ਵਿੱਚ ਉਸ ਦੇ ਲਿਆਂਦੇ ਸਾਰੇ ਗੁੰਡੇ ਤੇ ਕਾਤਲਾਂ ਤੋਂ ਇਲਾਵਾ ਨਾਨਕਾਣਾ ਸਾਹਿਬ ਦੇ ਭੱਟੀ ਮੁਸਲਮਾਨ, ਬੇਦੀ ਕਰਤਾਰ ਸਿੰਘ, ਕੂਕਾ ਮੰਗਲ ਸਿੰਘ (ਨਾਮਧਾਰੀ) ਅਤੇ ਹੋਰ ਕਈ ਬੰਦੇ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਕਸਮਾਂ ਖਾਧੀਆਂ ਕਿ ਅਕਾਲੀਆਂ ਨਾਲ਼ ਲੜਾਈ ਦੀ ਸੂਰਤ ਵਿੱਚ ਉਹ ਸਾਰੇ ਮਹੰਤ ਦਾ ਸਾਥ ਦੇਣਗੇ।

7 ਫ਼ਰਵਰੀ ਨੂੰ ਮਹੰਤ ਨੇ ਇੱਕ ਪਾਸੇ ਆਪਣੀ ਇਹ ਖ਼ੁਫ਼ੀਆਂ ਮੀਟਿੰਗ ਬੁਲਾਈ ਹੋਈ ਸੀ ਤੇ ਦੂਜੇ ਪਾਸੇ ਉਸ ਨੇ ਅਕਾਲੀਆਂ ਨਾਲ਼ ਹੋਈ ਮੀਟਿੰਗ ਵਿੱਚ ਆਪ ਜਾਣ ਦੀ ਬਜਾਇ ਆਪਣੇ ਬੰਦਿਆਂ ਸੁੰਦਰ ਦਾਸ ਤੇ ਹਰੀ ਦਾਸ ਨੂੰ ਖਰਾ ਸੌਦਾ ਭੇਜ ਦਿੱਤਾ ਤੇ ਅਕਾਲੀਆਂ ਨੂੰ ਆਖਿਆ ਕਿ ਉਹ ਉਨ੍ਹਾਂ ਨੂੰ 15 ਫ਼ਰਵਰੀ ਨੂੰ ਸ਼ੇਖ਼ਪੁਰਾ ਵਿੱਚ ਮਿਲੇਗਾ।  ਜਥੇਦਾਰ ਝੱਬਰ ਜਦੋਂ 14 ਫ਼ਰਵਰੀ ਨੂੰ ਸ਼ੇਖ਼ਪੁਰਾ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਹੰਤ ਨਹੀਂ ਆ ਰਿਹਾ। ਮਹੰਤ ਦੇ ਸਾਥੀ ਜੀਵਨ ਦਾਸ ਨੇ ਝੱਬਰ ਨੂੰ ਦੱਸਿਆ ਕਿ ਮਹੰਤ ਉਨ੍ਹਾਂ ਨੂੰ ਅਤੇ ਬੂਟਾ ਸਿੰਘ ਨੂੰ ਲਾਹੌਰ ਮਿਲੇਗਾ। ਇਹ ਮੀਟਿੰਗ 15 ਫ਼ਰਵਰੀ ਸਵੇਰੇ 10 ਵਜੇ ਅਮਰ ਸਿੰਘ ਲਾਇਲ ਗਜ਼ਟ ਦੇ ਘਰ ਮਿੱਥੀ ਗਈ ਸੀ। ਮਹੰਤ ਇਸ ਮੀਟਿੰਗ ’ਚ ਵੀ ਨਾ ਆਇਆ।

ਦਰਅਸਲ, ਮਹੰਤ ਅਕਾਲੀਆਂ ਨੂੰ ਟਕਰਾ ਕੇ ਉਨ੍ਹਾਂ ਦਾ ਧਿਆਨ ਆਪਣੀ ਪਲਾਨਿੰਗ ਵੱਲੋਂ ਹਟਾਉਣਾ ਚਾਹੁੰਦਾ ਸੀ।  14 ਫ਼ਰਵਰੀ ਨੂੰ ਮਹੰਤ ਨੇ ਇੱਕ ਹੋਰ ਮੀਟਿੰਗ ਕੀਤੀ, ਜਿਸ ਵਿੱਚ 5 ਮਾਰਚ ਦੇ ਅਕਾਲੀ ਇਕੱਠ ਵਿੱਚ ਸਾਰੇ ਸਿੱਖ ਆਗੂਆਂ ਨੂੰ ਕਤਲ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। ਜਥੇਦਾਰ ਝੱਬਰ ਮੁਤਾਬਕ ਉਸ ਦਾ ਇੱਕ ਸੂਹੀਆ ਮਹੰਤ ਕੋਲ ਰਿਹਾ ਕਰਦਾ ਸੀ। ਉਸ ਨੇ ਮਹੰਤ ਦੀ ਇਸ ਸਾਜ਼ਸ਼ ਦੀ ਖ਼ਬਰ ਝੱਬਰ ਨੂੰ ਆ ਦੱਸੀ।  ਜਥੇਦਾਰ ਝੱਬਰ ਉਸੇ ਵੇਲ਼ੇ ਖਰਾ ਸੌਦਾ ਗਿਆ ਤੇ ਆਪਣੇ ਸਾਥੀਆਂ ਨਾਲ਼ ਵਿਚਾਰ ਕੀਤੀ। ਉਨ੍ਹਾਂ ਨੇ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਬੂਟਾ ਸਿੰਘ ਨੂੰ ਸੱਦਾ ਭੇਜਿਆ। ਇਹ ਸਾਰੇ ਜਣੇ 17 ਫ਼ਰਵਰੀ ਨੂੰ ਫਿਰ ਮਿਲੇ ਤੇ ਫ਼ੈਸਲਾ ਹੋਇਆ ਕਿ ਮਹੰਤ ਦੀ ਇਸ ਨਾਪਾਕ ਸਾਜ਼ਸ਼ ਨੂੰ ਫੇਲ੍ਹ ਕਰਨ ਵਾਸਤੇ 19-20 ਤਾਰੀਖ਼ ਦੀ ਰਾਤ ਨੂੰ ਨਾਨਕਾਣਾ ਸਾਹਿਬ ਪਹੁੰਚ ਕੇ 20 ਫ਼ਰਵਰੀ ਨੂੰ ਗੁਰਦੁਆਰੇ ’ਤੇ ਕਬਜ਼ਾ ਕਰ ਲਿਆ ਜਾਵੇ। ਉਨ੍ਹਾਂ ਨੂੰ ਪਤਾ ਸੀ ਕਿ ਮਹੰਤ ਸਿੱਖ-ਮੁਖ਼ਾਲਫ਼ਾਂ ਵੱਲੋਂ 19-20 ਫ਼ਰਵਰੀ ਨੂੰ ਲਾਹੌਰ ਵਿੱਚ ਹੋਣ ਵਾਲ਼ੀ ‘ਸਨਾਤਨੀ ਸਿੱਖ ਕਾਨਫ਼ਰੰਸ’ ਵਿੱਚ ਹਿੱਸਾ ਲੈਣ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਸਾਰੇ ਬੇਦੀ, ਸੋਢੀ, ਭੱਲੇ, ਉਦਾਸੀ, ਨਿਰਮਲੇ, ਨਾਮਧਾਰੀ, ਨਿਹੰਗ, ਅੱਡਣ ਸ਼ਾਹੀਏ, ਸੁਥਰਾ ਸ਼ਾਹੀਏ, ਗਹਿਰ ਗੰਭੀਰੀਏ, ਨਿਰੰਕਾਰੀ, ਚਰਨਦਾਸੀਏ, ਸਨਾਤਨੀ, ਮਹੰਤ ਤੇ ਸਾਧ ਬੁਲਾਏ ਗਏ ਸਨ।  ਇਸ ਮੀਟਿੰਗ ਦੀ ਪ੍ਰਧਾਨਗੀ ਕਰਤਾਰ ਸਿੰਘ ਬੇਦੀ ਨੇ ਕਰਨੀ ਸੀ। ਇਸ ਵਿੱਚ ਅਕਾਲੀਆਂ ਦਾ ਟਾਕਰਾ ਕਰਨ ਵਾਸਤੇ ਸਾਂਝੀ ਐਕਸ਼ਨ ਵਿਓਂਤ ਤਿਆਰ ਕੀਤੀ ਜਾਣੀ ਸੀ।

17 ਫ਼ਰਵਰੀ ਦੀ ਮੀਟਿੰਗ ਵਿੱਚ ਜਥੇਦਾਰ ਝੱਬਰ, ਲਛਮਣ ਸਿੰਘ ਤੇ ਬੂਟਾ ਸਿੰਘ ਸ਼ੇਖ਼ੂਪੁਰਾ ਨੇ ਯੋਜਨਾ ਬਣਾਈ ਕਿ ਬੂਟਾ ਸਿੰਘ 21 ਫ਼ਰਵਰੀ ਨੂੰ ਨਾਨਕਾਣਾ ਸਾਹਿਬ ਪੁੱਜ ਜਾਵੇ। ਉਸੇ ਰਾਤ ਲਛਮਣ ਸਿੰਘ ਦਾ ਜਥਾ ਚੰਦਰਕੋਟ ਪਹੁੰਚ ਜਾਵੇਗਾ। (ਚੰਦਰਕੋਟ ਨਾਨਕਾਣਾ ਸਾਹਿਬ ਤੋਂ ਕੁਝ ਕੁ ਕਿਲੋਮੀਟਰ ਹੀ ਦੂਰ ਹੈ) ਦੂਜੇ ਪਾਸਿਓਂ ਕਰਤਾਰ ਸਿੰਘ ਝੱਬਰ  ਦਾ ਜਥਾ ਆ ਜਾਵੇਗਾ ਤੇ ਦੋਵੇਂ ਜਥੇ 20 ਫ਼ਰਵਰੀ ਦੀ ਸਵੇਰ ਨੂੰ ਨਾਨਕਾਣਾ ਸਾਹਿਬ ਗੁਰਦੁਆਰੇ ਦਾ ਕਬਜ਼ਾ ਲੈ ਲੈਣਗੇ।  ਗੁਰਦੁਆਰੇ ਦਾ ਕਬਜ਼ਾ ਲੈਣਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਦੀ 24 ਜਨਵਰੀ 1921 ਦੀ ਮੀਟਿੰਗ ’ਚ ਲਏ ਗਏ ਫ਼ੈਸਲੇ ਮੁਤਾਬਕ ਇਨ੍ਹਾਂ ਨੇ 4, 5, 6 ਮਾਰਚ 1921 ਨੂੰ ਹੋਣ ਵਾਲ਼ੇ ਵੱਡੇ ਇਕੱਠ ਲਈ ਲੰਗਰ ਦਾ ਪ੍ਰਬੰਧ ਕਰਨਾ ਸੀ।  ਮੀਟਿੰਗ ਮਗਰੋਂ ਭਾਈ ਬੂਟਾ ਸਿੰਘ ਲਾਇਲਪੁਰ ਗਏ, ਕੁਝ ਸਾਥੀਆਂ ਨਾਲ਼ ਸਲਾਹ ਕੀਤੀ ਅਤੇ ਫਿਰ ਨਾਨਕਾਣੇ ਆ ਗਏ।  ਉਧਰ ਕੁਝ ਅਕਾਲੀਆਂ ਨੂੰ ਵੀ ਇਸ ਦੀ ਖ਼ਬਰ ਮਿਲ ਗਈ। ਹਰਚੰਦ ਸਿੰਘ, ਤੇਜਾ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਆਪਸ ਵਿੱਚ ਮਸ਼ਵਰਾ ਕਰ ਕੇ ਮੁੜ ਫ਼ੈਸਲਾ ਕੀਤਾ ਕਿ ਨਾਨਕਾਣਾ ਸਾਹਿਬ ’ਤੇ ਇੰਞ ਕਬਜ਼ਾ ਨਾ ਕੀਤਾ ਜਾਏ। ਉਨ੍ਹਾਂ ਨੇ ਹੋਰ ਆਗੂਆਂ ਨਾਲ਼ ਗੱਲਬਾਤ ਕਰਨ ਵਾਸਤੇ 19 ਫ਼ਰਵਰੀ ਨੂੰ ਲਾਹੌਰ ਵਿੱਚ ਵੀ ਮੀਟਿੰਗ ਬੁਲਾ ਲਈ। ਇਸ ਮੀਟਿੰਗ ਵਿੱਚ ਸਰਦੂਲ ਸਿੰਘ ਕਵੀਸ਼ਰ, ਸੁੰਦਰ ਸਿੰਘ ਲਾਇਲਪੁਰੀ, ਜਸਵੰਤ ਸਿੰਘ ਝਬਾਲ ਤੇ ਦਲੀਪ ਸਿੰਘ ਸਾਂਗਲਾ ਵੀ ਹਾਜ਼ਰ ਸਨ। ਇਸ ਮੀਟਿੰਗ ਨੇ ਫ਼ੈਸਲਾ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਦੀਵਾਨ (4, 5, 6 ਮਾਰਚ 1921) ਤੋਂ ਪਹਿਲਾਂ ਕੋਈ ਜਥਾ ਨਾਨਕਾਣਾ ਸਾਹਿਬ ’ਤੇ ਕਬਜ਼ਾ ਨਾ ਕਰੇ।  ਮੀਟਿੰਗ ਨੇ ਭਾਈ ਦਲੀਪ ਸਿੰਘ ਤੇ ਜਸਵੰਤ ਸਿੰਘ ਦੀ ਡਿਊਟੀ ਲਾਈ ਕਿ ਉਹ ਕਰਤਾਰ ਸਿੰਘ ਝੱਬਰ ਨੂੰ ਰੋਕਣ ਵਾਸਤੇ ਖਰਾ ਸੌਦਾ ਜਾਣ। ਜਦੋਂ ਭਾਈ ਦਲੀਪ ਸਿੰਘ ਖਰਾ ਸੌਦਾ ਪੁੱਜੇ ਤਾਂ ਜਥੇਦਾਰ ਝੱਬਰ ਉੱਥੋਂ ਜਾ ਚੁੱਕੇ ਸਨ। ਇੱਥੋਂ ਉਹ ਚੰਦਰਕੋਟ ਚਲੇ ਗਏ। ਉਧਰ ਤੇਜਾ ਸਿੰਘ ਨੜਾਲੀ ਵੀ 60 ਸਿੱਖਾਂ ਨੂੰ ਨਾਲ਼ ਲੈ ਕੇ ਜਥੇਦਾਰ ਝੱਬਰ ਨੂੰ ਜਾ ਮਿਲੇ ਤੇ ਉਨ੍ਹਾਂ ਸਭ ਨੂੰ ਰੋਕ ਲਿਆ ਗਿਆ।  ਜਥੇਦਾਰ ਝੱਬਰ ਨੇ ਦਲੀਪ ਸਿੰਘ ਤੇ ਵਰਿਆਮ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਦਿੱਤੀ ਤੇ ਕਿਹਾ ਕਿ ਲਛਮਣ ਸਿੰਘ ਨੂੰ ਵਿਖਾਉਣ ਤਾਂ ਜੋ ਉਹ ਵੀ ਅੱਗੇ ਨਾ ਜਾਵੇ।  ਦਲੀਪ ਸਿੰਘ ਨਾਨਕਾਣਾ ਸਾਹਿਬ ਪੁੱਜ ਕੇ ਉੱਤਮ ਸਿੰਘ ਕਾਰਖ਼ਾਨੇਦਾਰ ਦੇ ਘਰ ਚਲੇ ਗਏ ਤੇ ਵਰਿਆਮ ਸਿੰਘ ਦੀ ਡਿਊਟੀ ਲਾ ਗਏ ਕਿ ਉਹ ਨਾਨਕਾਣਾ ਸਾਹਿਬ ਦੇ ਬਾਹਰ ਫਾਟਕ ’ਤੇ ਲਛਮਣ ਸਿੰਘ ਨੂੰ ਰੋਕਣ। 

ਲਛਮਣ ਸਿੰਘ ਆਪਣੇ ਨਾਲ਼ 150 ਸਿੰਘ ਲੈ ਕੇ ਨਾਨਕਾਣਾ ਸਾਹਿਬ ਸ਼ਹਿਰ ਦੇ ਬਾਹਰ ਭੱਠੇ ਕੋਲ ਪੁੱਜ ਗਏ। ਇੱਥੇ ਆਪ ਨੂੰ ਵਰਿਆਮ ਸਿੰਘ ਨੇ ਦਲੀਪ ਸਿੰਘ ਦਾ ਸੁਨੇਹਾ ਦਿੱਤਾ, ਜਿਸ ਵਿੱਚ ਆਪ ਨੂੰ ਨਾਨਕਾਣਾ ਸਾਹਿਬ ’ਤੇ ਕਬਜ਼ਾ ਕਰਨ ਤੋਂ ਰੋਕਿਆ ਗਿਆ ਸੀ। ਲਛਮਣ ਸਿੰਘ ਨੇ ਚਿੱਠੀ ਪੜ੍ਹੀ ਤੇ ਵਾਪਸ ਮੁੜਨ ਦਾ ਫ਼ੈਸਲਾ ਕਰ ਲਿਆ, ਪਰ ਇਸ ਜਥੇ ਦੇ ਇੱਕ ਸਿੰਘ ਟਹਿਲ ਸਿੰਘ ਨੇ ਕਿਹਾ ਕਿ ਭਾਵੇਂ ਅਸੀਂ ਗੁਰਦੁਆਰੇ ’ਤੇ ਕਬਜ਼ਾ ਨਾ ਕਰੀਏ, ਪਰ ਸਾਨੂੰ ਗੁਰਦੁਆਰੇ ਦੇ ਦਰਸ਼ਨ ਕਰ ਲੈਣੇ ਚਾਹੀਦੇ ਹਨ।  ਟਹਿਲ ਸਿੰਘ ਦੇ ਇਹ ਕਹਿਣ ’ਤੇ ਜਥੇ ਨੇ ਗੁਰਦੁਆਰੇ ’ਤੇ ਕਬਜ਼ਾ ਕਰਨ ਦਾ ਇਰਾਦਾ ਤਾਂ ਛੱਡ ਦਿੱਤਾ, ਪਰ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਚਲ ਪਏ। ਉਹ ਸਵੇਰੇ 6 ਵਜੇ ਗੁਰਦੁਆਰਾ ਸਾਹਿਬ ਅੰਦਰ ਪਹੁੰਚ ਗਏ।  (ਅਕਾਲੀ ਮੋਰਚੇ ਤੇ ਝੱਬਰ, ਸਫ਼ੇ 75-76, 95, ਖਾਲਸਾ ਐਡਵੋਕੇਟ, 22 ਫ਼ਰਵਰੀ 1921, ਅਕਾਲੀ ਤੇ ਪ੍ਰਦੇਸੀ 21 ਫ਼ਰਵਰੀ 1923)

ਉਧਰ 19 ਫ਼ਰਵਰੀ 1921 ਨੂੰ ਮਹੰਤ ਨਾਨਕਾਣਾ ਸਾਹਿਬ ਦੇ ਸਟੇਸ਼ਨ ’ਤੇ ਸ਼ਾਮ ਪੌਣੇ ਚਾਰ ਵਜੇ ਲਾਹੌਰ ਜਾਣ ਵਾਲੀ ਗੱਡੀ ਫੜਨ ਵਾਸਤੇ ਪਹੁੰਚ ਚੁੱਕਾ ਸੀ, ਪਰ ਉੱਥੇ ਆ ਕੇ ਇੱਕ ਮੁਸਲਮਾਨ ਔਰਤ ਨੇ ਉਸ ਨੂੰ ਦੱਸਿਆ ਕਿ ਸਿੱਖਾਂ ਦਾ ਇੱਕ ਜਥਾ ਬੁੱਚੇਆਣਾ ਪਹੁੰਚ ਚੁੱਕਿਆ ਹੈ।  ਮਹੰਤ ਨੇ ਲਾਹੌਰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਅਤੇ ਵਾਪਸ ਆ ਕੇ ਆਪਣੇ ਬੰਦਿਆਂ ਨੂੰ ਤਿਆਰ ਰਹਿਣ ਨੂੰ ਕਿਹਾ ।  ਉਸ ਨੇ ਮਿੱਟੀ ਦਾ ਤੇਲ ਤੇ ਬਹੁਤ ਸਾਰੀ ਲੱਕੜੀ ਵੀ ਇਕੱਠੀ ਕਰ ਰੱਖੀ ਸੀ। ਉਸ ਕੋਲ ਚਾਰ ਬੰਦੂਕਾਂ ਸਨ, ਜਿਨ੍ਹਾਂ ਲਈ ਗੋਲ਼ੀਆਂ ਤੇ ਬਾਰੂਦ ਦਾ ਬੜਾ ਸਟਾਕ ਸੀ।

ਲਛਮਣ ਸਿੰਘ ਧਾਰੋਵਾਲੀ ਦਾ ਜਥਾ 20 ਫ਼ਰਵਰੀ ਨੂੰ ਸਵੇਰੇ 6 ਵਜੇ ਗੁਰਦੁਆਰਾ ਜਨਮ ਅਸਥਾਨ ਵਿੱਚ ਪਹੁੰਚਿਆ। ਉਨ੍ਹਾਂ ਅੰਦਰ ਪਹੁੰਚ ਕੇ ਮੱਥਾ ਟੇਕਿਆ ਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।  ਕੁਝ ਚਿਰ ਕੀਰਤਨ ਜਾਰੀ ਰਿਹਾ। ਏਨੇ ਚਿਰ ਵਿੱਚ ਮਹੰਤ ਨੇ ਗੁੰਡਿਆਂ ਨੂੰ ਅਸਲਾ ਦੇ ਕੇ ਪੁਜ਼ੀਸ਼ਨਾਂ ਸੰਭਾਲਣ ਲਈ ਕਿਹਾ। ਮਹੰਤ ਨੇ ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਬੰਦ ਕਰ ਦਿੱਤੇ। ਥੋੜ੍ਹੇ ਚਿਰ ਵਿੱਚ ਹੀ ਮਹੰਤ ਨੇ ਉਨ੍ਹਾਂ ਨੂੰ ਕਤਲੇਆਮ ਦਾ ਹੁਕਮ ਦੇ ਦਿੱਤਾ।  ਹੁਕਮ ਮਿਲਦਿਆਂ ਹੀ ਰਾਂਝਾ, ਰਿਹਾਨਾ ਅਤੇ ਦੋ ਹੋਰ ਕਾਤਿਲਾਂ ਨੇ ਸਿੱਖਾਂ ਨੂੰ ਗੋਲ਼ੀਆਂ ਨਾਲ਼ ਭੁੰਨਣਾ ਸ਼ੁਰੂ ਕਰ ਦਿੱਤਾ।  ਕੁਝ ਪਲਾਂ ਵਿੱਚ ਹੀ 25-26 ਸਿੰਘ ਸ਼ਹੀਦ ਹੋ ਗਏ। ਇਸ ਦੌਰਾਨ ਮਹੰਤ ਦੇ ਬਾਕੀ ਗੁੰਡੇ (ਪਠਾਣ) ਤੇ ਸਾਧੂ; ਸਿੱਖਾਂ ਉੱਤੇ ਪੱਥਰ ਤੇ ਇੱਟਾਂ ਦਾ ਮੀਂਹ ਵਰ੍ਹਾਉਂਦੇ ਰਹੇ। ਇਨ੍ਹਾਂ ਚਲੀਆਂ ਗੋਲ਼ੀਆਂ ’ਚੋਂ ਕੁਝ ਗੋਲ਼ੀਆਂ ਪ੍ਰਕਾਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗੀਆਂ। ਇਸ ਵੇਲ਼ੇ 60 ਦੇ ਕਰੀਬ ਸਿੱਖ ਚੌਖੰਡੀ ਵਾਲ਼ੇ ਹਿੱਸੇ ਵਿੱਚ ਸਨ। ਉਨ੍ਹਾਂ ਨੇ ਅੰਦਰੋਂ ਕੁੰਡੇ ਮਾਰ ਲਏ। ਮਹੰਤ ਦੇ ਗੁੰਡੇ ਦਰਸ਼ਨ ਡਿਊੜੀ ਦੀ ਛੱਤ ’ਤੇ ਆ ਗਏ ਅਤੇ ਹੇਠਾਂ ਨਜ਼ਰ ਆਉਂਦੇ ਹਰ ਇੱਕ ਸਿੱਖ ਨੂੰ ਗੋਲ਼ੀਆਂ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਵੇਖਿਆ ਕਿ ਸਾਰੇ ਸਿੱਖ ਜ਼ਖ਼ਮੀ ਜਾਂ ਸ਼ਹੀਦ ਹੋ ਚੁੱਕੇ ਹਨ ਤਾਂ ਉਹ ਛੱਤ ਤੋਂ ਹੇਠਾਂ ਉਤਰ ਆਏ। ਹੁਣ ਉਨ੍ਹਾਂ ਬਾਹਰਲੇ ਗੇਟ ਖੋਲ੍ਹ ਦਿੱਤੇ।  ਪੰਜ ਛੇ ਸਿੱਖ ਦਰਸ਼ਨੀ ਡਿਊੜੀ ਦੇ ਵਰਾਂਡੇ ਵਿੱਚ ਨਜ਼ਰ ਆਏ। ਉਨ੍ਹਾਂ ’ਤੇ ਵੀ ਗੋਲ਼ੀਆਂ ਚਲਾਈਆਂ ਗਈਆਂ। ਜੋ ਮਰਨੋ ਬਚ ਗਏ, ਉਨ੍ਹਾਂ ਨੂੰ ਛਵ੍ਹੀਆਂ ਤੇ ਟੋਕਿਆਂ ਨਾਲ਼ ਵੱਢ ਦਿੱਤਾ ਗਿਆ। ਇੱਕ ਹੋਰ ਕਮਰੇ ਵਿੱਚ 25 ਕੁ ਸਿੱਖ ਸਨ। ਉਹ ਵੀ ਕਤਲ ਕਰ ਦਿੱਤੇ ਗਏ। ਏਨੇ ਵਿੱਚ ਕੁਝ ਹੋਰ ਸਿੱਖ ਬਾਹਰੋਂ ਆ ਪਹੁੰਚੇ। ਮਹੰਤ ਦੇ ਹਥਿਆਰਬੰਦ ਗੁੰਡੇ ਕੋਠਿਆਂ ’ਤੇ ਫਿਰ ਚੜ੍ਹ ਗਏ ਤੇ ਉਨ੍ਹਾਂ ਗੇਟ ਵੱਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮੌਕੇ ’ਤੇ ਕੁਝ ਜ਼ਖ਼ਮੀ ਸਿੱਖ ਬਾਹਰ ਭੱਜਣ ਵਿੱਚ ਕਾਮਯਾਬ ਵੀ ਹੋ ਗਏ। ਦੋ ਸਿੱਖਾਂ ਨੂੰ ਪੌੜੀਆਂ ਚੜ੍ਹਦਿਆਂ ਜ਼ਖ਼ਮੀ ਕਰ ਕੇ ਕੋਠੇ ਤੋਂ ਸੁੱਟ ਕੇ ਮਾਰਿਆ ਗਿਆ। ਮਹੰਤ ਨਰੈਣ ਦਾਸ ਮੂੰਹ ’ਤੇ ਚਾਦਰ ਲਪੇਟੀ ਘੋੜੇ ’ਤੇ ਚੜ੍ਹਿਆ ਹੁਕਮ ਦੇ ਰਿਹਾ ਸੀ ਕਿ ਇੱਕ ਵੀ ਸਿੱਖ ਜਿਊਂਦਾ ਨਾ ਰਹਿਣ ਦਿੱਤਾ ਜਾਵੇ। ਏਨੇ ਵਿੱਚ ਕੁਝ ਹੋਰ ਸਿੱਖ ਬਾਹਰੋਂ ਆਏ। ਮਹੰਤ ਨੇ ਉਨ੍ਹਾਂ ਨੂੰ ਵੀ ਕਤਲ ਕਰਾ ਦਿੱਤਾ। ਮਹੰਤ ਨੇ ਆਪ ਵੀ ਪਿਸਤੌਲ ਨਾਲ਼ ਸਿੱਖਾਂ ਨੂੰ ਮਾਰਿਆ। ਇਸ ਤੋਂ ਬਾਅਦ ਰਾਂਝੇ ਅਤੇ ਸਾਧੂਆਂ ਨੇ ਬਚ ਕੇ ਬਾਹਰ ਭੱਜੇ ਸਿੱਖਾਂ ਦਾ ਪਿੱਛਾ ਕੀਤਾ ਤੇ ਰੇਲਵੇ ਲਾਇਨ ਕੋਲ ਤਿੰਨ ਸਿੱਖ ਮਾਰੇ ਗਏ। ਇੱਕ ਦੋ ਸਿੱਖ ਖੇਤਾਂ ’ਚ ਵੀ ਮਾਰੇ ਸਨ।  ਚੌਖੰਡੀ ਦਾ ਦਰਵਾਜ਼ਾ ਤੋੜ ਕੇ ਮਹੰਤ ਨੇ ਅੰਦਰ ਲੁਕੇ ਜਾਂ ਜ਼ਖ਼ਮੀ ਹੋਏ ਬਾਕੀ ਸਿੱਖ ਵੀ ਕਤਲ ਕਰਾ ਦਿੱਤੇ।  ਸਿਰਫ਼ ਇੱਕ 12 ਸਾਲ ਦਾ ਬੱਚਾ, ਜੋ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਹੇਠਾਂ ਲੁਕਿਆ ਸੀ, ਉਹੀ ਬਚ ਸਕਿਆ।

ਗੋਲ਼ੀਆਂ ਚੱਲਣ ਦੀ ਆਵਾਜ਼ ਸੁਣ ਕੇ ਦਲੀਪ ਸਿੰਘ ਸਾਹੋਵਾਲ ਅਤੇ ਭਾਈ ਵਰਿਆਮ ਸਿੰਘ, ਜੋ ਪੌਣਾ ਕਿਲੋਮੀਟਰ ਦੂਰ ਉੱਤਮ ਸਿੰਘ ਕਾਰਖ਼ਾਨੇਦਾਰ ਦੇ ਘਰ ਸਨ, ਭੱਜ ਕੇ ਗੁਰਦੁਆਰ ਸਾਹਿਬ ਪੁੱਜੇ ਤਦੋਂ ਮਹੰਤ ਬਾਹਰੋਂ ਆ ਰਹੇ ਸਿੱਖਾਂ ਨੂੰ ਕਤਲ ਕਰਵਾ ਰਿਹਾ ਸੀ।  ਭਾਈ ਦਲੀਪ ਸਿੰਘ ਨੇ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਿਆ, ਪਰ ਮਹੰਤ ਨੇ ਦਲੀਪ ਸਿੰਘ ਤੇ ਵਰਿਆਮ ਸਿੰਘ ਨੂੰ ਵੀ ਗੋਲ਼ੀ ਮਾਰਵਾ ਦਿੱਤੀ।

ਜਦੋਂ ਸਾਰੇ ਸਿੱਖ ਕਤਲ ਕਰ ਦਿੱਤੇ ਗਏ ਤਾਂ ਮਹੰਤ ਨੇ ਚਾਰ ਲਾਸ਼ਾਂ ਨੂੰ ਛੱਡ ਕੇ ਬਾਕੀ ਸਭ ਨੂੰ ਅੱਗ ਲਾਉਣ ਲਈ ਕਿਹਾ।  ਗੁੰਡਿਆਂ ਨੇ ਅੱਗ ਲਾਉਣ ਤੋਂ ਪਹਿਲਾਂ ਸਿੱਖਾਂ ਦੀ ਤਲਾਸ਼ੀ ਲਈ ਤੇ ਕੀਮਤੀ ਸਮਾਨ ਕੱਢ ਲਿਆ।  ਲੱਕੜਾਂ ਦੇ ਇਕੱਠੇ ਕੀਤੇ ਢੇਰ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਤੇ ਸਭ ਸ਼ਹੀਦ ਹੋਏ ਤੇ ਜ਼ਖ਼ਮੀਆਂ ਨੂੰ ਉਸ ਅੰਦਰ ਸੁੱਟਿਆ ਗਿਆ, ਜਿਨ੍ਹਾਂ ਵਿੱਚੋਂ ਕਈ ਜਿਊਂਦੇ ਵੀ ਸਨ।  ਜੋ ਬਾਹਰ ਨਿਕਲਣ ਦਾ ਯਤਨ ਕਰਦੇ ਉਨ੍ਹਾਂ ਨੂੰ ਦੁਬਾਰਾ ਵੱਢ ਕੇ ਅੱਗ ਵਿੱਚ ਸੁੱਟਿਆ ਜਾਂਦਾ ਸੀ।  ਬਾਹਰ ਖੇਤਾਂ ਵਿੱਚ ਪਈਆਂ ਲਾਸ਼ਾਂ ਨੂੰ ਇੱਕ ਘੁਮਿਆਰ ਦੀ ਭੱਠੀ ਵਿੱਚ ਸੁੱਟ ਕੇ ਸਾੜਿਆ ਗਿਆ। 

ਇੰਨਾ ਭਿਆਨਕ ਸਾਕਾ ਵਾਪਰਨ ਦੇ ਬਾਅਦ ਵੀ ਉਹ ਭੱਜੇ ਨਹੀਂ ਸਗੋਂ ਇਕੱਠੇ ਬੈਠ ਕੇ ਦਾਰੂ ਪੀਂਦੇ ਰਹੇ।  ਸ਼ਹਿਰ ਵਾਸੀਆਂ ਨੇ ਸਰਕਾਰ ਤੇ ਪੁਲਿਸ ਨੂੰ ਇਤਲਾਹ ਕੀਤੀ।  ਸਵੇਰੇ 8.15 ਵਜੇ ਐਨ. ਐਸ. ਸੰਧੂ, ਜੋ ਜ਼ਿਲ੍ਹਾ ਇੰਜੀਨੀਅਰ ਸੀ, ਨੇ ਇੱਕ ਬੰਦੇ ਨੂੰ ਘੋੜੇ ’ਤੇ ਡਿਪਟੀ ਕਮਿਸ਼ਨਰ ਨੂੰ ਸੂਚਨਾ ਦੇਣ ਭੇਜਿਆ, ਜੋ ਉਸ ਵਕਤ ਨਾਨਕਾਣਾ ਤੋਂ 19 ਕਿਲੋਮੀਟਰ ਦੂਰ ਪਿੰਡ ਮਾਂਗਟਵਾਲਾ ਵਿੱਚ ਠਹਿਰਿਆ ਹੋਇਆ ਸੀ। ਉੱਤਮ ਸਿੰਘ ਕਾਰਖ਼ਾਨੇਦਾਰ ਨੇ 9.12 ਮਿਟ ’ਤੇ ਗਵਰਨਰ, ਕਮਿਸ਼ਨਰ, ਡਿਪਟੀ ਕਮਿਸ਼ਨਰ (ਡੀ. ਸੀ.), ਐਸ. ਪੀ. ਅਤੇ ਕਈ ਮਸ਼ਹੂਰ ਸਿੱਖ ਆਗੂਆਂ ਨੂੰ ਤਾਰਾਂ ਭੇਜ ਕੇ ਸਾਕੇ ਬਾਰੇ ਜਾਣਕਾਰੀ ਦਿੱਤੀ।  ਇੰਨਾ ਵੱਡਾ ਸਾਕਾ ਵਾਪਰਨ ਦੇ ਬਾਵਜੂਦ ਵੀ ਡੀ. ਸੀ. 19 ਕਿਲੋਮੀਟਰ ਦੂਰ ਤੋਂ ਚਾਰ ਘੰਟੇ ਬਾਅਦ 12.30 ਵਜੇ ਨਾਨਕਾਣਾ ਸਾਹਿਬ ਪੁਜਿਆ, ਇਸ ਤੋਂ ਸਾਫ਼ ਹੈ ਕਿ ਸਰਕਾਰ ਵੱਲੋਂ ਮਹੰਤ ਨੂੰ ਸ਼ਹਿ ਹੀ ਨਹੀਂ ਮਿਲੀ ਸੀ ਬਲਕਿ ਉਸ ਦੀ ਮਦਦ ਲਈ ਡੀ. ਸੀ ਵੀ ਨੇੜੇ ਹੀ ਤਾਇਨਾਤ ਸੀ।

ਨਾਨਕਾਣਾ ਸਾਹਿਬ ਦੇ ਇਸ ਸਾਕੇ ’ਚ ਸ਼ਹੀਦ ਹੋਏ ਸਿੰਘਾਂ ਦੀ ਸਹੀ ਗਿਣਤੀ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਪੜਤਾਲ ਕਰਨ ਵਾਲੇ ਇੰਸਪੈਕਟਰ ਚਰਨ ਸਿੰਘ ਨੇ ਸ਼ਹੀਦਾਂ ਦੀ ਗਿਣਤੀ 156 ਦੱਸੀ ਸੀ, ਜਿਨ੍ਹਾਂ ਵਿੱਚੋਂ ਸਿਰਫ਼ 86 ਨਾਵਾਂ ਦੀ ਹੀ ਤਸਦੀਕ ਹੋ ਸਕੀ ਹੈ।