ਸ਼ਹੀਦ ਊਧਮ ਸਿੰਘ ਦੀ ਬੇਮਿਸਾਲ ਦ੍ਰਿੜ੍ਹਤਾ ਤੇ ਸਮਾਜ ਲਈ ਕੁੱਝ ਕਰਨ ਦਾ ਜਜ਼ਬਾ।
ਗਿਆਨੀ ਅਵਤਾਰ ਸਿੰਘ
ਭਾਰਤ ਦੇ ਇਤਿਹਾਸ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਂ ਸਰਬੋਤਮ ਰਾਸ਼ਟਰੀ ਸ਼ਹੀਦਾਂ ਦੀ ਗਿਣਤੀ ’ਚ ਸ਼ਾਮਲ ਹੈ, ਜੋ ਕਿ ਨੌਜਵਾਨੀ ਲਈ ਹਮੇਸ਼ਾਂ ਪ੍ਰੇਰਨਾ ਸ੍ਰੋਤ ਬਣੇ ਰਹੇ ਤੇ ਬਣੇ ਰਹਿਣਗੇ। ਸ਼ਹੀਦ ਊਧਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਸ਼ਹਿਰ ਵਿਖੇ ਇੱਕ ਦਲਿਤ ਪਰਵਾਰ ’ਚ ਮਿਤੀ 26 ਦਸੰਬਰ 1899 ਨੂੰ ਹੋਇਆ, ਜੋ ਕਿ ਸਿੱਖ ਧਰਮ ਦਾ ਅਨੁਯਾਈ ਸੀ। ਅੰਗਰੇਜ਼ੀ ਹਕੂਮਤ ਵੱਲੋਂ ਨਿਯੁਕਤ ਕੀਤੇ ਗਏ ਪੰਜਾਬ ਦੇ ਉੱਪ ਰਾਜਪਾਲ ਜਨਰਲ ਡਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ 370 ਲੋਕਾਂ ਦੀ ਹੋਈ ਮੌਤ ਤੇ 1200 ਤੋਂ ਵੱਧ ਜ਼ਖ਼ਮੀ ਲੋਕਾਂ ਦਾ ਬਦਲਾ ਲੈਣ ਦੀ ਲਪਟ ਇਸ ਨੇ ਆਪਣੇ ਮਨ ਵਿੱਚ 20 ਸਾਲ (ਭਾਵ 13 ਅਪ੍ਰੈਲ 1919 ਤੋਂ 31 ਜੁਲਾਈ 1940 ਸ਼ਹੀਦੀ) ਤੱਕ ਬੁਝਣ ਨਹੀਂ ਦਿੱਤੀ। ਇੰਨਾ ਲੰਮਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ’ਚ ਬਲ਼ਦਾ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਨ ਹੈ। ਇਸ ਘਟਨਾ ਦਾ ਪਿਛੋਕੜ ਇਹ ਸੀ ਕਿ ਪਹਿਲੇ ਵਿਸ਼ਵ ਯੁੱਧ ਕਾਰਨ ਅਰਥਵਿਵਸਥਾ ਨੂੰ ਲੱਗੇ ਧੱਕੇ ਦੇ ਵਿਰੋਧ ਵਿੱਚ ਭਾਰਤੀਆਂ ਦੀਆਂ ਮੀਟਿਗਾਂ ਅਤੇ ਮੁਜ਼ਾਹਰਿਆਂ ਉੱਤੇ ਜਨਰਲ ਡਾਇਰ ਨੇ ਰੋਕ ਲਗਾ ਦਿੱਤੀ ਸੀ। 13 ਅਪ੍ਰੈਲ 1919 ਨੂੰ ਸ਼ਰਧਾਲੂਆਂ ਦੀ ਭੀੜ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਅਮ੍ਰਿਤਸਰ ਵਿੱਚ ਇਕੱਠੀ ਹੋਈ। ਦੁਪਹਿਰ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਿਸਾਖੀ ਮਨਾਉਣ ਲਈ ਜਲਿਆਂ ਵਾਲ਼ੇ ਬਾਗ ਵਿੱਚ ਇਕੱਠੇ ਹੋਏ। ਇਹ ਮੈਦਾਨ ਚਾਰੋਂ ਤਰਫ਼ ਵੱਡੀਆਂ ਕੰਧਾਂ ਨਾਲ਼ ਘਿਰਿਆ ਹੋਇਆ ਸੀ, ਸਿਰਫ਼ ਅੰਦਰ ਆਉਣ ਲਈ ਹੀ ਇੱਕ ਤੰਗ ਗਲੀ ਸੀ।
ਜਨਰਲ ਡਾਇਰ ਖ਼ੁਦ ਫ਼ੌਜ ਲੈ ਕੇ ਉਸ ਜਗ੍ਹਾ ’ਤੇ ਪਹੁੰਚਿਆ ਅਤੇ ਬਿਨਾਂ ਕੋਈ ਚੇਤਾਵਨੀ ਦਿੱਤਿਆਂ ਆਪਣੇ ਬੰਦਿਆਂ ਤੋਂ ਗੋਲ਼ੀਬਾਰੀ ਸ਼ੁਰੂ ਕਰਵਾ ਦਿੱਤੀ। ਜਿਸ ਨਾਲ਼ 370 ਲੋਕਾਂ ਦੀ ਮੌਤ ਹੋ ਗਈ ਤੇ 1200 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਬਹੁਤ ਲੋਕਾਂ ਨੇ ਗੋਲ਼ੀਆਂ ਤੋਂ ਬਚਣ ਲਈ ਇੱਕ ਖੂਹ ਵਿੱਚ ਵੀ ਛਾਲਾਂ ਮਾਰੀਆਂ। ਇਹ ਘਟਨਾ ਸ. ਊਦਮ ਸਿੰਘ ਨੇ ਆਪਣੇ ਅੱਖੀਂ ਵੇਖੀ, ਜਿਨ੍ਹਾਂ ਦੀ ਉਮਰ ਉਸ ਵਕਤ ਮਾਤ੍ਰ 18 ਸਾਲ ਸੀ।
ਸਿੱਖ ਧਰਮ ਦਾ ਇਹ ਉਪਦੇਸ਼ ਕਿ ਭਗਤ ਦੀ ਕੋਈ ਜਾਤ ਜਾਂ ਕੋਈ ਇੱਕ ਧਰਮ ਨਹੀਂ ਹੁੰਦਾ, ਅਨੁਸਾਰ ਅੰਗਰੇਜ਼ਾਂ ਦੇ ਪੁੱਛਣ ਉਪਰੰਤ ਇਸ ਨੇ ਆਪਣਾ ਨਾਂ ‘ਰਾਮ ਮੁਹੰਮਦ ਸਿੰਘ ਆਜ਼ਾਦ’ ਦੱਸਿਆ, ਜਿਸ ਦਾ ਮਤਲਬ ਹਿੰਦੂਆਂ ਦਾ ‘ਰਾਮ’, ਮੁਸਲਮਾਨਾਂ ਦਾ ‘ਮੁਹੰਮਦ’, ਸਿੱਖਾਂ ਲਈ ‘ਸਿੰਘ’ ਤੇ ਕ੍ਰਾਂਤੀਕਾਰਾਂ ਲਈ ਗ਼ੁਲਾਮ ਨਹੀਂ ਬਲਕਿ ‘ਆਜ਼ਾਦ’। ਅਜਿਹੀ ਸੋਚ ਨੂੰ ਰਾਸ਼ਟਰੀ ਏਕਤਾ ਤੇ ਦੇਸ਼ ਪਿਆਰ ਦਾ ਪ੍ਰਤੀਕ ਕਹਿਣਾ ਦਰੁਸਤ ਹੋਵੇਗਾ। ਸ਼ਹੀਦ ਊਧਮ ਸਿੰਘ ਨੇ ਇਹੀ ਨਾਂ ‘ਕਤਲ ਕੇਸ’ ਸਮੇਂ ਕਚਹਿਰੀ ਵਿੱਚ ਦੱਸਿਆ ਸੀ।
ਜਨਰਲ ਡਾਇਰ ਦੀ ਮੌਤ: 13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ਼ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ (ਜਨਰਲ ਡਾਇਰ) ਨੇ ਬੁਲਾਰੇ ਵਜੋਂ ਭਾਸਣ ਦੇਣਾ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਉੱਤੇ ਗੋਲ਼ੀਆਂ ਦਾਗ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਨੂੰ ਵਿਸ਼ਵ ਪੱਧਰ ਦੀਆਂ ਅਖਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗ਼ੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ। ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ, ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ।’’ ਸੁਭਾਸ ਚੰਦਰ ਬੋਸ ਨੇ ਇਸ ਕਾਰਨਾਮੇ ਦੀ ਪ੍ਰਸੰਸਾ ਕੀਤੀ, ਪਰ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ।
ਆਪਣੇ ਇਰਾਦੇ ਪ੍ਰਤਿ ਦ੍ਰਿੜ੍ਹਤਾ: ਸ਼ਹੀਦ ਊਧਮ ਸਿੰਘ ਦੀ ਸੂਰਮਗਤੀ ਵਾਲੀ ਦ੍ਰਿੜ੍ਹਤਾ ਇਸ ਗੱਲ ਤੋਂ ਹੋਰ ਵੀ ਪ੍ਰਮਾਣਿਤ ਹੁੰਦੀ ਹੈ ਕਿ ਉਹ ਡਾਇਰ ਦੇ ਕਤਲ ਮਗਰੋਂ ਆਪਣੇ ਜੁਰਮ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦਾ ਹੈ ਤੇ ਹਿਰਾਸਤ ਵਿੱਚ ਲੈਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ਕੀ ਦੂਜਾ ਦੋਸ਼ੀ ਜੈਟਲੈਂਡ ਵੀ ਮਾਰਿਆ ਗਿਆ ? ਕਿਉਂਕਿ ਉਹ ਵੀ ਮੌਤ ਦਾ ਹੱਕਦਾਰ ਸੀ ਤੇ ਮੈਂ ਉਸ ਉੱਤੇ ਵੀ ਦੋ ਰੌਂਦ ਮਾਰੇ ਸਨ।
ਕ੍ਰਾਂਤੀਕਾਰੀ ਵਿਚਾਰਧਾਰਾ: ਸ਼ਹੀਦ ਊਧਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ ’ਤੇ 1919 ਦੀ ਘਟਨਾ ਨਾਲ ਜੋੜ ਕੇ ਹੀ ਵੇਖਿਆ ਜਾਂਦਾ ਹੈ, ਜਿਸ ਨਾਲ ਉਸ ਦੀ ਹੋਰ ਕ੍ਰਾਂਤੀਕਾਰੀ ਭਾਵਨਾ ਅਣਡਿੱਠ ਰਹਿ ਜਾਂਦੀ ਹੈ। ਸ਼ਹੀਦ ਭਗਤ ਸਿੰਘ ਵਾਙ ਹੀ ਸ. ਊਧਮ ਸਿੰਘ ਵੀ ਵਿਚਾਰਧਾਰਕ ਪੱਖੋਂ ਪ੍ਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ। ਸੰਨ 1924 ਤੋਂ ਭਾਰਤ ਦੀ ਆਜ਼ਾਦੀ ਦੀ ਲੜਾਈ (ਵਿਦੇਸੀ ਮੁਲਕਾਂ ’ਚ) ਲੜਨ ਵਾਲੀ ਗਦਰ ਪਾਰਟੀ ਦੀ ਲਹਿਰ ’ਚ ਵੀ ਊਦਮ ਸਿੰਘ ਸਰਗਰਮ ਰਿਹਾ। ਭਗਤ ਸਿੰਘ ਨਾਲ ਉਸ ਦੇ ਕਾਫ਼ੀ ਨੇੜਲੇ ਸੰਬੰਧ ਸਨ, ਜਿਨ੍ਹਾਂ ਤੋਂ ਉਹ ਕਾਫ਼ੀ ਪ੍ਰਭਾਵਤ ਸੀ। ਭਗਤ ਸਿੰਘ ਦੇ ਹੁਕਮ ਅਨੁਸਾਰ (25 ਹੋਰ ਸਾਥੀਆਂ ਸਮੇਤ) 27 ਜੁਲਾਈ 1927 ਨੂੰ ਉਹ ਭਾਰਤ ਵਾਪਸ ਪਰਤ ਆਇਆ, ਜਿਸ ਦੌਰਾਨ ਕੁਝ ਗੋਲ਼ੀ-ਸਿੱਕਾ ਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਰਿਹਾ। 30 ਅਗਸਤ 1927 ਨੂੰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਤੇ 5 ਸਾਲ ਦੀ ਕੈਦ ਹੋ ਗਈ। ਮਿਤੀ 23 ਮਾਰਚ 1931 ਨੂੰ ਜਦ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲੱਗੀ ਤਦ ਇਹ ਵੀ ਜੇਲ੍ਹ ਵਿੱਚ ਹੀ ਬੰਦ ਸਨ।
ਡਾਇਰ ਨੂੰ ਮਾਰਨ ਕਾਰਨ ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਲੰਡਨ ਦੀ ਅਦਾਲਤ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ। ਮੁਕੱਦਮੇ ਦੀ ਸੁਣਵਾਈ ਚੱਲਦੀ ਰਹੀ ਤੇ 4 ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਇਸ ਕਤਲ ਬਦਲੇ ਊਧਮ ਸਿੰਘ ਨੂੰ ਪੁੱਛਿਆ ਕਿ ਉਹ ਦੱਸੇ ਕਿ ਉਸ ਨੂੰ ਫਾਂਸੀ ਦੀ ਸਜ਼ਾ ਕਿਉਂ ਨਾ ਦਿੱਤੀ ਜਾਵੇ ?
ਜੱਜ ਤੇ ਊਧਮ ਸਿੰਘ ਦੇ ਵਿਚਕਾਰ ਹੋਈ ਗੱਲਬਾਤ ਦਾ ਸ਼ਾਰਟਹੈਂਡ ਵਿੱਚ ਲਿਖਿਆ ਸਾਰ ਇਸ ਪ੍ਰਕਾਰ ਹੈ :
ਜੱਜ ਵੱਲ ਨੂੰ ਮੂੰਹ ਕਰਕੇ ਉਹ ਲਲਕਾਰਿਆ, ਮੈਂ ਕਹਿੰਦਾ ਹਾ ਬ੍ਰਿਟਿਸ਼ ਸਾਮਰਾਜਵਾਦ ਮੁਰਾਦਾਬਾਦ। ਤੁਸੀਂ ਕਹਿੰਦੇ ਹੋ ਭਾਰਤ ਵਿੱਚ ਸ਼ਾਂਤੀ ਨਹੀਂ ਹੈ। ਤੁਸੀਂ ਤਾਂ ਸਾਡੇ ਪੱਲੇ ਸਿਰਫ ਗ਼ੁਲਾਮੀ ਹੀ ਪਾਈ ਹੈ। ਤੁਹਾਡੀਆਂ ਪੁਸ਼ਤਾਂ ਨੇ ਸੱਭਿਆਚਾਰਿਕ ਸਮਾਜ ਨੂੰ ਭ੍ਰਿਸ਼ਟਾਚਾਰ ਅਤੇ ਗ਼ੁਰਬਤ (ਕੰਗਾਲੀ) ਹੀ ਦਿੱਤੀ ਹੈ। ਜੋ ਕਿ ਇਨਸਾਨੀਅਤ ਵਿੱਚ ਹੋਰ ਕਿਧਰੋਂ ਨਹੀਂ ਆਈ। ਤੁਸੀਂ ਸਿਰਫ ਆਪਣਾ ਹੀ ਇਤਿਹਾਸ ਪੜ੍ਹਦੇ ਹੋ। ਜੇ ਤੁਹਾਡੇ ਵਿੱਚ ਰੱਤਾ ਭਰ ਵੀ ਇਨਸਾਨੀਅਤ ਦੀ ਕਣੀ ਬਚੀ ਹੈ ਤਾਂ ਤੁਹਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਤੁਹਾਡੇ ਅਖੌਤੀ ਪੰਡਿਤ ਵੀ ਬੇਰਹਿਮ ਅਤੇ ਲਹੂਪੀਣੇ ਹਨ। ਜਿਹੜੇ ਆਪਣੇ ਆਪ ਨੂੰ ਦੁਨੀਆਂ ਦੇ ਸ਼ਾਸਕ ਦੱਸਦੇ ਹਨ। ਅਸਲ ਵਿੱਚ ਜ਼ਰੂਰ ਕਿਸੇ ਹਰਾਮ ਦੇ ਤੁਖ਼ਮ (ਵੀਰਜ) ਹਨ।
ਜੱਜ ਐਟਕਿਨਸਨ : ਮੈਂ ਤੇਰੀ ਸਿਆਸੀ ਤਕਰੀਰ ਨਹੀਂ ਸੁਣਾਂਗਾ, ਜੇ ਕੋਈ ਕੇਸ ਨਾਲ ਸੰਬੰਧਿਤ ਗੱਲ ਹੈ, ਤਾਂ ਕਹਿ ਲੈ।
ਊਧਮ ਸਿੰਘ : ਜਿਹੜੇ ਕਾਗਜ਼ ਤੋਂ ਉਹ ਪੜ੍ਹਦਾ ਸੀ, ਉਹਨੇ ਹਵਾ ’ਚ ਲਹਿਰਾਉਂਦੇ ਕਿਹਾ, ‘ਮੈਂ ਤਾਂ ਇਹ ਕਹਿ ਕੇ ਹੀ ਹਟਾਂਗਾ, ਮੈਂ ਆਪਣਾ ਰੋਸ ਪ੍ਰਗਟ ਕਰਨਾ ਹੈ।’
ਜੱਜ ਐਟਕਿਨਸਨ : ਆਹ ਅੰਗ੍ਰੇਜ਼ੀ ਵਿੱਚ ਹੀ ਹੈ, ਜੱਜ ਨੇ ਕਾਗਜ਼ਾਂ ਵੱਲ ਇਸ਼ਾਰਾ ਕਰਕੇ ਪੁੱਛਿਆ ?
ਊਧਮ ਸਿੰਘ : ਤੂੰ ਫ਼ਿਕਰ ਨਾ ਕਰ, ਜੋ ਮੈਂ ਕਹਿਣਾ ਹੈ ਉਹ ਤੂੰ ਸਮਝ ਲਏਂਗਾ।
ਜੱਜ ਐਟਕਿਨਸਨ : ਜੇ ਤੂੰ ਪੜ੍ਹਨ ਲਈ ਇਹ ਮੈਨੂੰ ਦੇ ਦੇਵੇਂ ਤਾਂ ਮੈਂ ਅੱਛੀ ਤਰ੍ਹਾਂ ਸਮਝ ਸਕਾਂਗਾ।
(ਇਸੇ ਵੇਲੇ ਸਰਕਾਰੀ ਵਕੀਲ, ਜੀ. ਬੀ. ਮਕਲੈਅਰ ਨੇ ਜੱਜ ਨੂੰ ਯਾਦ ਕਰਾਇਆ ਕਿ ਉਹ ਐਮਰਜੈਂਸੀ ਪਾਵਰ ਐਕਟ ਦੀ ਧਾਰਾ ਛੇ ਤਹਿਤ, ਦੋਸ਼ੀ ਨੂੰ ਪੜ੍ਹਨੋ ਰੋਕ ਸਕਦਾ ਹੈ।)
ਜੱਜ ਐਟਕਿਨਸਨ : ਤੂੰ ਇਹ ਜਾਣ ਲੈ ਕਿ ਜੋ ਕੁਝ ਵੀ ਪੜ੍ਹਨਾ ਹੈ ਇਹ ਅਖਬਾਰਾਂ ਵਿੱਚ ਨਹੀਂ ਛਪ ਸਕਣਾ। ਇਸ ਕਰਕੇ ਸਿਰਫ਼ ਕੰਮ ਦੀ ਗੱਲ ਕਰੀਂ। ਚੱਲ ਹੁਣ, ਜੋ ਕਹਿਣਾ ਹੈ, ਕਹਿ।
ਊਧਮ ਸਿੰਘ : ਮੈਂ ਤਾਂ ਰੋਸ ਪ੍ਰਗਟ ਕਰਨਾ ਸੀ ਤੇ ਇਹੋ ਹੀ ਮੇਰਾ ਇਰਾਦਾ ਹੈ। ਉਸ ਪਤੇ (ਇਸ ਇਸ਼ਾਰੇ ਬਾਰੇ ਕੋਈ ਜਾਣਕਾਰੀ ਨਹੀਂ) ਬਾਰੇ ਮੈਨੂੰ ਨਹੀਂ ਪਤਾ; ਮੈਂ ਬਿਲਕੁਲ ਅਣਭੋਲ ਹਾਂ। ਜਿਊਰੀ ਨੂੰ ਉਸ ਪਤੇ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ। ਮੈਨੂੰ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹੁਣ ਮੈਂ ਆਹ ਪੜ੍ਹਾਂਗਾ।
ਜੱਜ ਐਟਕਿਨਸਨ : ਚੱਲ ਫਿਰ ਪੜ੍ਹ।
(ਜਦ ਊਧਮ ਸਿੰਘ ਕਾਗਜ਼ ਦੇਖ ਰਿਹਾ ਸੀ ਤਾਂ ਜੱਜ ਨੇ ਯਾਦ ਕਰਵਾਇਆ ਕਿ ਉਹ ਸਿਰਫ਼ ਇਸ ਬਾਰੇ ਹੀ ਬੋਲੇ ਕਿ ਕਾਨੂੰਨ ਦੇ ਹਿਸਾਬ ਨਾਲ ਉਸ ਨੂੰ ਸਜ਼ਾ ਕਿਉਂ ਨਾ ਹੋਵੇ ?)
ਊਧਮ ਸਿੰਘ ਜ਼ੋਰ ਨਾਲ : ‘ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ ਹਾਂ। ਰੱਤੀ ਭਰ ਵੀ ਨਹੀਂ ਡਰਦਾ। ਮੈਨੂੰ ਮਰ ਜਾਣ ਦੀ ਕੋਈ ਪ੍ਰਵਾਹ ਨਹੀਂ। ਮੈਨੂੰ ਭੋਰਾ ਵੀ ਫ਼ਿਕਰ ਨਹੀਂ ਹੈ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ। ਕਟਹਿਰੇ ’ਤੇ ਹੱਥ ਮਾਰਦਿਆਂ ਉਹ ਚੀਕਿਆ, ਅਸੀਂ ਅੰਗਰੇਜ਼ਾਂ ਦੀ ਅਧੀਨਗੀ ਹੇਠ ਜੂਨ ਭੋਗ ਰਹੇ ਹਾਂ। ਫਿਰ ਜ਼ਰਾ ਕੁ ਠੰਡਾ ਹੋ ਕੇ ਕਹਿਣ ਲੱਗਾ ‘ਮੈਂ ਮਰਨ ਤੋਂ ਨਹੀਂ ਡਰਦਾ ਸਗੋਂ ਮੈਨੂੰ ਇਸ ਤਰ੍ਹਾਂ ਮਰਨ ’ਤੇ ਮਾਣ ਹੈ ਕਿ ਮੈਂ ਆਪਣੀ ਦੇਸ਼ ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਵਾਲੇ ਰਾਹ ’ਤੇ ਚੱਲ ਕੇ ਤਹਾਨੂੰ ਕੁੱਤਿਆਂ ਨੂੰ ਉੱਥੋਂ ਭਜਾਉਣਗੇ ਤੇ ਮੇਰਾ ਦੇਸ਼ ਆਜ਼ਾਦ ਹੋ ਜਾਵੇਗਾ।
ਮੈਂ ਅੰਗ੍ਰੇਜ਼ ਜਿਊਰੀ ਸਾਹਮਣੇ ਖੜ੍ਹਾ ਹਾਂ, ਇਹ ਅਦਾਲਤ ਵੀ ਅੰਗ੍ਰੇਜ਼ੀ ਸਾਮਰਾਜ ਦੀ ਹੈ; ਤੁਸੀਂ ਭਾਰਤ ਤੋਂ ਵਾਪਸ ਆਉਂਦੇ ਹੋ ਤੁਹਾਨੂੰ ਇਨਾਮ ਸਨਮਾਨ ਮਿਲਦੇ ਹਨ। ਪਾਰਲੀਮੈਂਟ ’ਚ ਸੀਟ ਵੀ ਮਿਲ ਜਾਂਦੀ ਹੈ, ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਮੌਤ ਦੀ ਸਜ਼ਾ ਮਿਲਦੀ ਹੈ।
ਮੇਰਾ ਹੋਰ ਕੋਈ ਇਰਾਦਾ ਨਹੀਂ ਸੀ, ਮੈਂ ਇਹ ਸਜ਼ਾ ਸਿਰ ਮੱਥੇ ਝੱਲਾਂਗਾ ਤੇ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਸਮਾਂ ਆਉਣ ਹੀ ਵਾਲਾ ਹੈ ਜਦੋਂ ਤੁਹਾਡੇ ਕੁੱਤਿਆ ਦਾ ਉੱਥੋਂ ਸਫਾਇਆ ਕਰ ਦਿੱਤਾ ਜਾਣਾ ਹੈ। ਤੁਹਾਡਾ ਸਾਰਾ ਸਾਮਰਾਜ ਹੀ ਢਹਿ ਢੇਰੀ ਕਰ ਦਿੱਤਾ ਜਾਵੇਗਾ। ਜਿੱਥੇ ਕਿਤੇ ਵੀ ਤੁਹਾਡੀ ਅਖੌਤੀ ਜਮਹੂਰੀਅਤ (ਲੋਕਤੰਤਰ) ਦਾ ਝੰਡਾ ਹੈ, ਉੱਥੇ ਤੁਹਾਡੀਆਂ ਮਸ਼ੀਨਗੰਨਾਂ ਹਜ਼ਾਰਾਂ ਨਿਹੱਥੇ ਔਰਤਾਂ ਤੇ ਬੱਚਿਆਂ ਦੇ ਸੱਥਰ ਵਿਛਾਉਂਦੀਆਂ ਹਨ। ਇਨ੍ਹੇ ਤੁਹਾਡੇ ਕੁਕਰਮ, ਹਾਂ ਹਾਂ, ਤੁਹਾਡੇ ਹੀ ਕੁਕਰਮ। ਮੈਂ ਅੰਗ੍ਰੇਜ਼ ਸਾਮਰਾਜ ਦੀ ਗੱਲ ਕਰ ਰਿਹਾ ਹਾਂ। ਮੇਰੀ ਅੰਗ੍ਰੇਜ਼ ਲੋਕਾਈ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਗੋਂ ਭਾਰਤੀਆਂ ਨਾਲੋਂ ਮੇਰੇ ਗੋਰੇ ਵਧੇਰੇ ਦੋਸਤ ਹਨ ਅਤੇ ਮੇਰੀ ਗੋਰੇ ਮਜ਼ਦੂਰਾਂ ਨਾਲ ਪੂਰੀ ਹਮਦਰਦੀ ਹੈ। ਮੈਂ ਤਾਂ ਸਿਰਫ ਅੰਗ੍ਰੇਜ਼ੀ ਸਾਮਰਾਜਵਾਦ ਦੇ ਖਿਲਾਫ ਹਾਂ।
ਊਧਮ ਸਿੰਘ ਗੋਰੇ ਮਜ਼ਦੂਰਾਂ ਨੂੰ ਮੁਖ਼ਾਤਬ ਹੋ ਕੇ ਬੋਲਿਆ: ‘ਮਜ਼ਦੂਰੋ ! ਤੁਸੀਂ ਵੀ ਇਨ੍ਹਾਂ ਸਾਮਰਾਜੀ ਕੁੱਤਿਆ ਤੋਂ ਦੁੱਖ ਰਹਿੰਦੇ ਹੋ ਤੇ ਅਸੀਂ ਵੀ ਦੁੱਖੀ ਹਾਂ, ਇਹ ਸਭ ਪਾਗ਼ਲ ਹੈਵਾਨ ਹਨ। ਭਾਰਤ ਗ਼ੁਲਾਮ ਹੈ, ਉੱਥੇ ਸਾਮਰਾਜ ਨੇ ਮੌਤ, ਕੱਟ-ਵੱਡ ਤੇ ਤਬਾਹੀ ਮਚਾਈ ਹੋਈ ਹੈ। ਵਲੈਤ ਵਿੱਚ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ, ਪਰ ਸਾਨੂੰ ਤਾਂ ਪਤਾ ਹੈ ਕਿ ਭਾਰਤ ਵਿੱਚ ਕੀ ਹੁੰਦਾ ਹੈ।’
ਜੱਜ ਐਟਕਿਨਸਨ: ਮੈਂ ਆਹ ਨਹੀਂ ਸੁਣਾਂਗਾ।
ਊਧਮ ਸਿੰਘ : ਤੂੰ ਇਹ ਇਸ ਕਰਕੇ ਨਹੀਂ ਸੁਣ ਸਕਦਾ ਕਿਉਂਕਿ ਤੂੰ ਇਸ ਤੋਂ ਅੱਕ ਗਿਆ ਹੈਂ, ਅਜੇ ਤਾਂ ਮੈਂ ਹੋਰ ਬੜਾ ਕੁਝ ਕਹਿਣਾ ਹੈ।
ਜੱਜ ਐਟਕਿਨਸਨ : ਮੈਂ ਤੇਰੀ ਤਕਰੀਰ ਹੋਰ ਨਹੀਂ ਸੁਣਾਂਗਾ।
ਊਧਮ ਸਿੰਘ : ਤੂੰ ਮੈਨੂੰ ਪੁੱਛਿਆ ਸੀ ਕਿ ਮੈਂ ਕੀ ਕੀ ਕਹਿਣਾ ਹੈ ? ਹੁਣ ਮੈਂ ਉਹੀ ਕੁਝ ਕਹਿ ਰਿਹਾ ਹਾਂ। ਦਰਅਸਲ, ਤੁਸੀਂ ਬੜੀ ਹੀ ਗੰਦੀ ਜ਼ਹਿਨੀਅਤ (ਮਾਨਸਿਕਤਾ) ਦੇ ਹੋ। ਤੁਸੀਂ ਭਾਰਤ ’ਚ ਕੀਤੇ ਕੁਕਰਮਾਂ ਬਾਰੇ ਮੈਥੋਂ ਸੁਣ ਹੀ ਨਹੀਂ ਸਕਦੇ।
ਊਧਮ ਸਿੰਘ ਨੇ ਆਪਣੀਆਂ ਐਨਕਾਂ ਜੇਬ ਵਿੱਚ ਪਾਉਂਦਿਆਂ ਹਿੰਦੀ ਵਿੱਚ ਤਿੰਨ ਨਾਹਰੇ ਮਾਰੇ ਤੇ ਫਿਰ ਲਲਕਾਰਿਆ, ਸਾਮਰਾਜਵਾਦ ਮੁਰਦਾਬਾਦ। ਅੰਗ੍ਰੇਜ਼ ਕੁੱਤੇ ਮੁਰਦਾਬਾਦ।
ਜਦੋਂ ਉਹ ਕਟਹਿਰੇ ’ਚੋਂ ਬਾਹਰ ਨਿਕਲਿਆ ਤਾਂ ਉਸ ਨੇ ਸਰਕਾਰੀ ਵਕੀਲਾਂ ਦੀ ਮੇਜ ’ਤੇ ਥੁੱਕਿਆ। ਊਧਮ ਸਿੰਘ ਦੇ ਬਾਹਰ ਜਾਣ ਬਾਅਦ ਜੱਜ ਐਟਕਿਨਸਨ ਨੇ ਪ੍ਰੈੱਸ ਨੂੰ ਮੁਖ਼ਾਤਬ ਹੋ ਕੇ ਕਿਹਾ ਕਿ ਮੇਰਾ ਹੁਕਮ ਹੈ ਕਿ ਇਹ ਬਿਆਨ ਕਿਧਰੇ ਵੀ ਨਾ ਛਾਪਿਆ ਜਾਵੇ ਤੇ ਫਿਰ ਪੱਕਾ ਕਰਨ ਲਈ ਪੁੱਛਿਆ, ਕੀ ਇਹ ਗੱਲ ਸਮਝ ਲਈ ਹੈ ?
ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਮਿਤੀ 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ।
ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ’ਤੇ ਜਿੱਥੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ ਉੱਥੇ ਸਿੱਖ ਕੌਮ ਦਾ ਗੌਰਵ ਵੀ ਵਧਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ਹੀਦ ਊਧਮ ਸਿੰਘ ਵਰਗੇ ਸੂਰਮਿਆਂ ਦੀ ਕੁਰਬਾਨੀ ਉਪਰੰਤ ਭਾਰਤ ’ਚ ਕੁੱਝ ਬਦਲਿਆ ਮਹਿਸੂਸ ਹੁੰਦਾ ਹੈ ? ਜਾਂ ਅਸੀਂ ਪਿੰਜਰੇ ’ਚ ਬੰਦ ਤੋਤੇ ਦੀ ਮਾਨਸਿਕਤਾ ਵਾਙ ਆਜ਼ਾਦ ਹਾਂ, ਆਜ਼ਾਦ ਹਾਂ, ਦੀ ਦੁਹਾਈ ਦੇਂਦੇ ਹੋਏ ਗ਼ੁਲਾਮੀ ਨਾਲ ਸਮਝੌਤੇ ਕਰਦੇ ਜਾ ਪਏ ਹਾਂ ?