ਸੰਗਰਾਂਦ

0
1700

ਸੰਗਰਾਂਦ

ਕਿਰਪਾਲ ਸਿੰਘ ਬਠਿੰਡਾ ੮੮੩੭੮-੧੩੬੬੧

ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਦਾ ਪੰਜਾਬੀ ਤਦਭਵ ਹੈ, ਜਿਸ ਦਾ ਅਰਥ ਹੈ ‘ਉਹ ਦਿਨ, ਜਿਸ ਵਿੱਚ ਸੂਰਜ, ਭਾਰਤੀ ਜੋਤਿਸ਼ ਅਨੁਸਾਰ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰੇ।’ ਇਹ ਦਿਨ ਹਰ ਭਾਰਤੀ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਤਰ੍ਹਾਂ ਸਾਲ ਵਿੱਚ ਬਾਰ੍ਹਾਂ ਸੰਗਰਾਦਾਂ ਹੁੰਦੀਆਂ ਹਨ।  ਹਿੰਦੂ ਧਰਮ ਵਿੱਚ ਸੰਗਰਾਂਦ ਦੇ ਦਿਨ ਦਾ ਬਹੁਤ ਹੀ ਮਹੱਤਵ ਹੈ ਤੇ ਪਵਿੱਤਰ ਦਿਹਾੜਾ ਮੰਨਿਆ ਜਾਂਦਾ ਹੈ। ਸੰਗਰਾਂਦ ਖ਼ਾਸ ਕਰ ਕੇ ਵੈਸਾਖ ਅਤੇ ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਖ਼ਾਸ ਤੀਰਥਾਂ ਦੇ ਇਸ਼ਨਾਨ ਨੂੰ ਹਿੰਦੂ ਲੋਕ ਬਹੁਤ ਹੀ ਫਲ਼ਦਾਇਕ ਮੰਨਦੇ ਹਨ, ਜਿਸ ਕਾਰਨ ਤੀਰਥਾਂ ਉੱਤੇ ਬਹੁਤ ਵੱਡੇ-ਵੱਡੇ ਮੇਲੇ ਲਗਦੇ ਹਨ।

ਸਿੱਖ ਧਰਮ ਦਾ ਬੇਸ਼ੱਕ ਅਜਿਹੀ ਸੰਗਰਾਂਦ ਨਾਲ ਕੋਈ ਸਬੰਧ ਨਹੀਂ ਹੈ ਪਰ ਫਿਰ ਵੀ ਗੁਰੂ ਸਾਹਿਬਾਨ ਦੇ 4 ਕੁ ਗੁਰ ਪੁਰਬ ਮਨਾਉਣ ਨੂੰ ਛੱਡ ਕੇ ਬਾਕੀ ਦੇ ਸਾਰੇ ਗੁਰ ਪੁਰਬ ਮਨਾਉਣੇ ਤਕਰੀਬਨ ਭੁੱਲ ਹੀ ਚੁੱਕੇ ਹਨ ਪਰ ਸੰਗਰਾਂਦ ਮਨਾਉਣੇ ਕਦੇ ਨਹੀਂ ਭੁੱਲਦੇ ਅਤੇ ਉਸ ਦਿਨ ਸੰਗਰਾਂਦ ਦੀ ਉਕਤ ਲਿਖੀ ਵਿਆਖਿਆ ਨੂੰ ਬੜੇ ਹੀ ਸਟਾਇਲ ਨਾਲ ਮਸਾਲੇਦਾਰ ਸ਼ਬਦਾਵਲੀ ਬਣਾ ਕੇ ਸੁਣਾਇਆ ਜਾਂਦਾ ਹੈ। ਇੱਥੋਂ ਤੱਕ ਕਿ ਜਿਸ ਦਿਨ ਨਾਨਕਸ਼ਾਹੀ ਕੈਲੰਡਰ ਦੇ ਮਹੀਨੇ ਦੇ ਅਰੰਭ ਹੋਣ ਵਾਲਾ ਦਿਨ ਬਿਕਰਮੀ ਕੈਲੰਡਰ ਦੀ ਸੰਗਰਾਂਦ ਤੋਂ ਇੱਕ ਦਿਨ ਅੱਗੇ ਪਿੱਛੇ ਹੋ ਜਾਵੇ ਤਾਂ ਵੀ ਉਹ ਲੋਕ ਰੌਲ਼ਾ ਪਾਉਂਦੇ ਵੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਸੰਗਰਾਂਦ ਤੋਂ ਬਿਨਾਂ ਦੇਸੀ ਮਹੀਨਿਆਂ ਦੀ ਕਿਸੇ ਇੱਕ ਵੀ ਤਰੀਖ ਦਾ ਕੋਈ ਪਤਾ ਨਹੀਂ ਹੁੰਦਾ ਕਿ ਅੱਜ ਕਿਹੜੀ ਤਰੀਖ ਹੈ। ਸੰਗਰਾਂਦ ਦਾ ਵੀ ਉਨ੍ਹਾਂ ਨੂੰ ਜਾਂ ਤਾਂ ਗੁਰਦੁਆਰੇ ਦੇ ਗ੍ਰੰਥੀ ਦੀ ਅਨਾਊਂਸਮੈਂਟ ਨੂੰ ਸੁਣ ਕੇ ਜਾਂ ਫਿਰ ਗੁਰਦੁਆਰਿਆਂ ਵਿੱਚ ਸੰਗਰਾਂਦਾਂ, ਮੱਸਿਆ ਅਤੇ ਪੂਰਨਮਾਸ਼ੀਆਂ ਦੀ ਸੂਚਨਾ ਦੇਣ ਲਈ ਵਿਸ਼ੇਸ਼ ਤੌਰ ’ਤੇ ਲੱਗੇ ਬੋਰਡਾਂ ਤੋਂ ਪੜ੍ਹ ਕੇ ਹੀ ਪਤਾ ਲੱਗਦਾ ਹੈ ਜਾਂ ਫਿਰ ਜੇ ਕੋਈ ਆਪਣੇ ਆਪ ਨੂੰ ਜ਼ਿਆਦਾ ਗਿਆਤਾ ਸਮਝਦਾ ਹੋਵੇ ਤਾਂ ਉਹ ਪੰਡਿਤ ਦੇਵੀ ਲਾਲ ਸ਼ਰਮਾਂ ਵੱਲੋਂ ਬਣਾਈਆਂ ਜੰਤਰੀਆਂ ਨੂੰ ਪੜ੍ਹ ਕੇ ਵੇਖਦਾ ਹੈ ਕਿ ਸੰਗਰਾਂਦ ਕਿਸ ਦਿਨ ਆਵੇਗੀ। ਇਹ ਗੱਲ ਮੈਂ ਮਨੋਕਲਪਿਤ ਤੌਰ ’ਤੇ ਨਹੀਂ ਬਲਕਿ ਆਪਣੇ ਤਾਜ਼ਾ ਨਿੱਜੀ ਤਜਰਬੇ ਦੇ ਆਧਾਰ ’ਤੇ ਲਿਖ ਰਿਹਾ ਹਾਂ।

ਨਿੱਜੀ ਤਜਰਬਾ ਇਸ ਤਰ੍ਹਾਂ ਹੋਇਆ ਕਿ ਬਠਿੰਡਾ ਸ਼ਹਿਰ ਵਿੱਚ ਅਸੀਂ ਕੁਝ ਸਿੰਘਾਂ ਨੇ ਰਲ਼ ਕੇ ਗੁਰਮਤਿ ਪ੍ਰਚਾਰ ਸਭਾ ਨਾਮ ਦੀ ਜਥੇਬੰਦੀ ਬਣਾਈ ਹੈ ਜਿਸ ਦਾ ਟੀਚਾ ਹੈ ਕਿ ਹਰ ਹਫ਼ਤੇ ਸ਼ਹਿਰ ਦੇ ਬਦਲਵੇਂ ਗੁਰਦੁਆਰਿਆਂ ਵਿੱਚ 2 ਘੰਟੇ ਦਾ ਸਮਾਗਮ ਜਿਸ ਵਿੱਚ ਬਿਨਾਂ ਕਿਸੇ ਭੇਟਾ ਦੇ ਇੱਕ ਘੰਟਾ ਕੀਰਤਨ ਅਤੇ ਇੱਕ ਘੰਟਾ ਗੁਰ ਸ਼ਬਦ ਦੀ ਵੀਚਾਰ ਰਾਹੀਂ ਸੰਗਤਾਂ ਨਾਲ ਸਾਂਝ ਪਾਉਣ ਦੀ ਨਿਮਾਣੀ ਜਿਹੀ ਕੋਸ਼ਸ਼ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਆਪਣੇ ਟੀਚੇ ਵਿੱਚ ਰੱਖਿਆ ਹੈ ਕਿ ਐਤਵਾਰ ਜਾਂ ਐਤਵਾਰ ਤੋਂ ਦੋ ਤਿੰਨ ਦਿਨ ਅੱਗੇ ਪਿੱਛੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਆਉਣ ਵਾਲੇ ਗੁਰ ਪੁਰਬ ਜਾਂ ਹੋਰ ਕੋਈ ਇਤਿਹਾਸਕ ਦਿਹਾੜਾ ਆਵੇ ਤਾਂ ਉਸ ਦਿਨ ਦੇ ਇਤਿਹਾਸ ਸਬੰਧੀ ਕੁਝ ਜਾਣਕਾਰੀ ਸੰਗਤਾਂ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਇਸ ਪ੍ਰੋਗਰਾਮ ਤਹਿਤ 9 ਸਤੰਬਰ ਦਿਨ ਐਤਵਾਰ ਨੂੰ ਇੱਕ ਗੁਰਦੁਆਰੇ ਵਿੱਚ ਹਫ਼ਤਾਵਾਰੀ ਸਮਾਗਮ ਸੀ। ਉਸ ਦਿਨ ਗੁਰਮਤਿ ਪ੍ਰਚਾਰ ਸਭਾ ਵੱਲੋਂ ਅਨਾਊਂਸ ਕੀਤਾ ਗਿਆ ਕਿ ਜਿਨ੍ਹਾਂ ਸੰਗਰਾਂਦਾਂ ਦਾ ਗੁਰਮਤਿ ਵਿੱਚ ਕੋਈ ਸਥਾਨ ਹੀ ਨਹੀਂ, ਉਹ ਤਾਂ ਅਸੀਂ ਹਰ ਮਹੀਨੇ ਬੜੇ ਉਤਸ਼ਾਹ ਨਾਲ ਮਨਾਉਂਦੇ ਹਾਂ ਪਰ ਅਗਲੇ ਐਤਵਾਰ ਮਿਤੀ 16 ਸਤੰਬਰ/ 2 ਅੱਸੂ ਨੂੰ ਤੀਸਰੇ, ਚੌਥੇ ਅਤੇ ਪੰਜਵੇਂ ਪਾਤਸ਼ਾਹ ਨਾਲ ਸਬੰਧਿਤ ਚਾਰ ਗੁਰ ਪੁਰਬ ਦਿਹਾੜੇ ਇਕੱਠੇ ਹੀ ਆ ਰਹੇ ਹਨ ਕਿਉਂਕਿ ਗੁਰੂ ਅਮਰਦਾਸ ਜੀ ਭਾਦੋਂ ਸੁਦੀ ਪੂਰਨਮਾਸ਼ੀ, ੨ ਅੱਸੂ ਬਿਕ੍ਰਮੀ ਸੰਮਤ ੧੫੩੧ (ਨਾਨਕਸ਼ਾਹੀ ਸੰਮਤ ੧੦੬)/ ੦੧ ਸਤੰਬਰ ੧੫੭੪ ਈਸਵੀ ਨੂੰ ਜੋਤੀ ਸਮਾਏ ਅਤੇ ਇਸ ਤੋਂ ਪਹਿਲਾਂ ਉਸੇ ਦਿਨ ਗੁਰੂ ਨਾਨਕ ਦੇ ਚੌਥੇ ਸਰੂਪ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੀ ਬਖ਼ਸ਼ਸ਼ ਹੋਈ।  ਠੀਕ 7 ਸਾਲ ਬਾਅਦ ਗੁਰੂ ਰਾਮਦਾਸ ਜੀ ਭਾਦੋਂ ਸੁਦੀ ੦੩, ੨ ਅੱਸੂ ਬਿਕ੍ਰਮੀ ਸੰਮਤ ੧੫੩੮ (ਨਾਨਕਸ਼ਾਹੀ ਸੰਮਤ ੧੧੩)/ ੦੧ ਸਤੰਬਰ ੧੫੮੧ ਈਸਵੀ ਨੂੰ ਜੋਤੀ ਸਮਾਉਣ ਤੋਂ ਪਹਿਲਾਂ ਉਸੇ ਦਿਨ ਗੁਰੂ ਨਾਨਕ ਦੇ ਪੰਜਾਵੇਂ ਸਰੂਪ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਦੀ ਬਖ਼ਸ਼ਸ਼ ਹੋਈ। ਇਸ ਲਈ ਜੇ ਸੰਗਤਾਂ ਅਤੇ ਪ੍ਰਬੰਧਕਾਂ ਦੀ ਆਗਿਆ ਹੋਵੇ ਤਾਂ ਆਓ ਆਪਾਂ ਮਿਲ ਕੇ 2 ਅੱਸੂ ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਮੇਸ਼ਾਂ ਹੀ 16 ਸਤੰਬਰ ਨੂੰ ਆਉਂਦਾ ਹੈ ਤੇ ਉਸ ਦਿਨ ਐਤਵਾਰ ਵੀ ਹੈ; ਨੂੰ ਚਾਰ ਗੁਰ ਪੁਰਬਾਂ ਨੂੰ ਸਮਰਪਤ ਸਮਾਗਮ ਮਨਾ ਕੇ ਤਿੰਨ ਗੁਰੂ ਸਾਹਿਬਾਨ ਦੇ ਇਤਿਹਾਸ ਅਤੇ ਉਪਦੇਸ਼ਾਂ ਦੀ ਜਾਣਕਾਰੀ ਪ੍ਰਾਪਤ ਕਰੀਏ।  09 ਸਤੰਬਰ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਗ੍ਰੰਥੀ ਸਮੇਤ ਸੰਗਤ ਵਿੱਚੋਂ ਕਿਸੇ ਵੀਰ/ਭੈਣ ਨੂੰ ਚੇਤਾ ਨਾ ਆਇਆ ਕਿ ਬਿਕਰਮੀ ਕੈਲੰਡਰ ਅਨੁਸਾਰ 16 ਸਤੰਬਰ ਨੂੰ 2 ਅੱਸੂ ਨਹੀਂ ਬਲਕਿ 31 ਭਾਦੋਂ ਹੈ ਇਸ ਲਈ ਪ੍ਰਧਾਨ ਜੀ ਨੇ ਤੁਰੰਤ ਹਾਂ ਕਰ ਦਿੱਤੀ। ਜਿਸ ਸਮੇਂ 16 ਸਤੰਬਰ/ 2 ਅੱਸੂ ਦਿਨ ਐਤਵਾਰ ਨੂੰ ਚਾਰ ਗੁਰ ਪੁਰਬ ਮਨਾਏ ਜਾਣ ਸਬੰਧੀ ਫਲੈਕਸ ਗੁਰਦੁਆਰਾ ਸਾਹਿਬ ਦੇ ਅੱਗੇ ਲੱਗ ਗਈ ਅਤੇ ਸੋਮਵਾਰ ਨੂੰ ਅੱਸੂ ਦੀ ਸੰਗਰਾਂਦ ਮਨਾਏ ਜਾਣ ਦੀ ਸੂਚਨਾ ਵੀ ਸੁਣ ਲਈ ਗਈ ਤਾਂ ਸ਼ਨੀਵਾਰ ਨੂੰ ਉਸੇ ਗੁਰਦੁਆਰੇ ਦੀ ਸੰਗਤ ਵਿੱਚੋਂ ਕੁਝ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਆਪਾਂ ਸੋਮਵਾਰ ਨੂੰ ਸੰਗਰਾਂਦ ਮਨਾ ਰਹੇ ਹਾਂ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ 2 ਅਸੂ ਕਿਵੇਂ ਬਣ ਗਿਆ ? ਪ੍ਰਧਾਨ ਦੇ ਕੁਝ ਸਮਝ ’ਚ ਨਹੀਂ ਆ ਰਿਹਾ ਸੀ ਕਿਉਂਕਿ ਉਨ੍ਹਾਂ ਨੂੰ ਅਸਲੀ ਨਾਨਕਸ਼ਾਹੀ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵਿਗਾੜਿਆ ਹੋਇਆ ਕੈਲੰਡਰ ਭਾਵੇਂ ਕਿ ਉਸ ਉੱਪਰ ਵੀ ਨਾਨਕਸ਼ਾਹੀ ਹੀ ਲਿਖਿਆ ਹੋਇਆ ਸੀ ਵਿਖਾਏ ਜਾ ਰਹੇ ਸਨ। ਇੱਕ ਕੈਲੰਡਰ ’ਤੇ 15 ਸਤੰਬਰ ਨੂੰ 1 ਅੱਸੂ ਲਿਖਿਆ ਸੀ ਅਤੇ ਦੂਸਰੇ ’ਤੇ 17 ਸਤੰਬਰ ਨੂੰ ਇੱਕ ਅੱਸੂ ਲਿਖਿਆ ਸੀ ਇਸ ਲਈ ਉਨ੍ਹਾਂ ਗੁਰਦੁਆਰਾ ਸਾਹਿਬ ਅੱਗੇ ਲੱਗੀ ਫਲੈਕਸ ਉੱਪਰ ਲਿਖੇ ਸ਼ਬਦ 2 ਅਸੂ ’ਤੇ ਚੇਪੀ ਲਵਾ ਦਿੱਤੀ।

ਐਤਵਾਰ ਦੇ ਸਮਾਗਮ ਦੀ ਸਮਾਪਤੀ ’ਤੇ ਪ੍ਰਬੰਧਕਾਂ ਸਮੇਤ ਸਮੁੱਚੀ ਸੰਗਤ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲਗਾ ਕਿ ਅੱਸੂ ਦੀ ਸੰਗਰਾਂਦ 15 ਸਤੰਬਰ ਨੂੰ ਨਹੀਂ ਬਲਕਿ 17 ਸਤੰਬਰ ਨੂੰ ਹੈ ?  ਸ਼੍ਰੋਮਣੀ ਕਮੇਟੀ ਦੇ ਜਿਸ ਕੈਲੰਡਰ ਨੂੰ ਵੇਖ ਕੇ ਤੁਹਾਨੂੰ ਪਤਾ ਲਗਦਾ ਹੈ; ਇਹ ਤਾਂ ਪੰਡਿਤ ਦੇਵੀ ਲਾਲ ਦੀ ਜੰਤਰੀ ਦੀ ਨਕਲ ਕਰ ਕੇ ਬਣਾਇਆ ਹੈ, ਜੋ ਆਪਣੀ ਜੋਤਿਸ਼ ਵਿਦਿਆ ਦੇ ਆਧਾਰ ’ਤੇ ਅੰਦਾਜ਼ੇ ਲਾ ਕੇ ਸੰਗਰਾਂਦਾਂ ਦੇ ਦਿਨ ਨਿਸ਼ਚਿਤ ਕਰਦਾ ਹੈ। ਜੋਤਿਸ਼ ਵਿਦਿਆ ਦੇ ਅਧਾਰ ’ਤੇ ਤਾਂ ਪਿਛਲੇ ਸਾਲ ਇਸੇ ਅੱਸੂ ਦੀ ਸੰਗਰਾਂਦ 16 ਸਤੰਬਰ ਨੂੰ ਸੀ ਤੁਸੀਂ ਦੱਸੋ ਅਗਲੇ ਸਾਲ ਇਸੇ ਅੱਸੂ ਦੀ ਸੰਗਰਾਂਦ ਕਿਸ ਤਰੀਖ ਨੂੰ ਆਵੇਗੀ ?  ਅਗਲੇ ਸਾਲ ਦੀ ਤਾਂ ਗੱਲ ਹੀ ਛੱਡੋ ਇਹੀ ਦੱਸ ਦਿਓ ਕਿ ਅਗਲੇ ਮਹੀਨੇ ਕੱਤਕ ਦੀ ਸੰਗਰਾਂਦ ਕਿਸ ਤਾਰੀਖ ਨੂੰ ਆਵੇਗੀ ?

ਅਗਲਾ ਸੁਆਲ ਪੁੱਛਿਆ ਕਿ ਸੂਰਜ ਦੇ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਵਾਲੇ ਦਿਨ ਸੰਗਰਾਂਦ ਹੋਣ ਦੀ ਜੋ ਪਰਿਭਾਸ਼ਾ ਗੁਰਦੁਆਰਿਆਂ ਵਿੱਚ ਸੁਣਾਈ ਜਾਂਦੀ ਹੈ; ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਗਰਾਂਦ ਜਾਂ ਸੰਕਰਾਂਤ ਨਾਮ ਦਾ ਜਾਂ ਇਨ੍ਹਾਂ ਦੇ ਸਮਾਨ ਅਰਥਾਂ ਵਾਲਾ ਕੋਈ ਸ਼ਬਦ ਹੀ ਨਹੀਂ ਹੈ। ‘ਰਾਸੀ’ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ੧੨ ਵਾਰ ਆਇਆ ਹੈ ਜਿਨ੍ਹਾਂ ਵਿੱਚੋਂ ੧੦ ਵਾਰੀ ਰਾਸੀ ਦਾ ਅਰਥ ਹੈ ਪੂੰਜੀ ਜਿਵੇਂ ਕਿ:- ‘‘ਵਿਣੁ ਰਾਸੀ ਵਾਪਾਰੀਆ;  ਤਕੇ ਕੁੰਡਾ ਚਾਰਿ ॥’’ (ਮ: ੧/੫੬)  ਭਾਵ ਪੂੰਜੀ ਤੋਂ ਬਿਨਾ ਵਪਾਰੀ (ਨਫ਼ੇ ਵਾਸਤੇ ਵਿਅਰਥ ਹੀ) ਚੌਹੀਂ ਪਾਸੀਂ ਤੱਕਦਾ ਹੈ। (ਨੋਟ: ਪੂੰਜੀ ਦੇ ਅਰਥਾਂ ਵਿੱਚ ਆਉਣ ਵਾਲੇ ਸ਼ਬਦ ‘ਰਾਸੀ’ ਦਾ ਸਹੀ ਉਚਾਰਨ ਹੈ=ਰਾਸ਼ੀ) ਅਤੇ ਦੋ ਵਾਰ ਰਾਸੀ ਦਾ ਅਰਥ ਹੈ ਰਾਸ ਆ ਜਾਣਾ ਜਾਂ ਮੁਆਫ਼ਕ (ਅਨੁਕੂਲ) ਹੋਣਾ ਜਿਵੇਂ ਕਿ:- ‘‘ਦੂਖ ਪਾਪ ਕਾ ਡੇਰਾ ਢਾਠਾ;   ਕਾਰਜੁ ਆਇਆ ਰਾਸੀ ਰਾਮ ॥’’ (ਮ: ੫/੭੮੧) ਭਾਵ  (ਜਦ ਮਨੁੱਖ ਅੰਦਰੋਂ) ਦੁੱਖਾਂ ਦਾ ਅਤੇ ਵਿਕਾਰਾਂ ਦਾ ਟਿਕਾਣਾ ਹੀ ਹਟ ਗਿਆ, ਉਸ ਮਨੁੱਖ ਦਾ ਜੀਵਨ-ਮਨੋਰਥ ਸਫਲ ਹੋ ਗਿਆ ਭਾਵ ਰਾਸ ਆ ਗਿਆ। (ਨੋਟ: ‘ਰਾਸ ਆਉਣਾ’ ਸ਼ਬਦਾਰਥਾਂ ’ਚ ‘ਰਾਸੀ’ ਦਾ ਉਚਾਰਨ ‘ਸ’ ਬਿਨਾਂ ਪੈਰ ਬਿੰਦੀ ਹੈ=ਰਾਸੀ ਹੋਏਗਾ। ਇੱਥੇ ਇਸ ਦਾ ‘ਰਾਸ਼ੀ’ ਪਾਠ ਕਰਨਾ ਗ਼ਲਤ ਹੈ।)

ਜਿਸ ਸੰਗਰਾਂਦ ਅਤੇ ਰਾਸ਼ੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ ਉਸ ਸੰਗਰਾਂਦ ਨੂੰ ਸਿੱਖ ਜਗਤ ਵਿੱਚ ਹਿੰਦੂਆਂ ਵਾਙ ਇੰਨਾ ਪਵਿੱਤਰ ਦਿਹਾੜਾ ਕਿਵੇਂ ਮੰਨਿਆ ਜਾਣ ਲੱਗ ਪਿਆ ਅਤੇ ਸੰਗਰਾਂਦ ਦੇ ਇੱਕ ਦੋ ਦਿਨ ਅੱਗੇ ਪਿੱਛੇ ਆ ਜਾਣ ਕਾਰਨ ਸਿੱਖਾਂ ’ਚ ਦੁਬਿਧਾ ਕਿਉਂ ਪੈਦਾ ਹੋ ਜਾਂਦੀ ਹੈ ਜਦੋਂ ਕਿ ਗੁਰਬਾਣੀ ਦੇ ਵਚਨ ਹਨ:

(੧).  ਹੇ ਮੇਰੇ ਵੀਰ !  ਸਿਰਫ਼ ਉਹੀ ਦਿਨ (ਮਨੁੱਖ ਵਾਸਤੇ) ਸੁਲੱਖਣਾ ਹੁੰਦਾ ਹੈ ਜਦੋਂ ਉਹ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ, ‘‘ਸੋਈ ਦਿਵਸੁ ਭਲਾ ਮੇਰੇ ਭਾਈ ! ॥ ਹਰਿ ਗੁਨ ਗਾਇ, ਪਰਮ ਗਤਿ ਪਾਈ ॥’’  (ਮ: ੫/ ੩੯੫)

(੨).  ਹੇ ਨਾਨਕ  ! ਉਹੀ ਦਿਨ ਚੰਗਾ ਸੋਹਣਾ ਹੈ, ਜਿਸ ਦਿਨ ਪਰਮਾਤਮਾ ਮਨ ਵਿੱਚ ਵਸੇ, ਜਿਸ ਦਿਨ ਰੱਬੀ ਯਾਦ ਭੁੱਲ ਜਾਏ, ਉਹ ਸਮਾਂ ਮੰਦਭਾਗਾ ਜਾਣੋ, ਫਿਟਕਾਰਯੋਗ ਹੈ, ‘‘ਨਾਨਕ  ! ਸੋਈ ਦਿਨਸੁ ਸੁਹਾਵੜਾ ;  ਜਿਤੁ, ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ;  ਫਿਟੁ ਭਲੇਰੀ ਰੁਤਿ ॥’’ (ਮ: ੫/੩੧੮)

(੩).  (ਪੰਡਿਤ) ਜੋਤਿਸ਼ (ਦੇ ਹਿਸਾਬ ਚੰਗੇ ਮਾੜੇ ਦਿਨਾਂ ਦੇ ਲੇਖੇ) ਬਣਾ-ਬਣਾ ਕੇ (ਕਿਸੇ ਜਜਮਾਨ ਦੇ ਬੱਚੇ ਦੀ) ਜਨਮ ਪੱਤ੍ਰੀ ਬਣਾਉਂਦਾ ਹੈ, (ਪੰਡਿਤ ਜੋਤਿਸ਼ ਵਿਦਿਆ ਆਪ) ਪੜ੍ਹਦਾ ਹੈ ਤੇ (ਆਪਣੇ ਜਜਮਾਨ ਨੂੰ) ਸੁਣਾਂਦਾ ਹੈ ਪਰ ਸਚਾਈ ਨੂੰ ਨਹੀਂ ਪਛਾਣਦਾ। (ਸ਼ੁਭ-ਅਸ਼ੁੱਭ ਦੀਆਂ) ਸਭ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਏ। ਮੈਂ (ਗੁਰੂ ਉਪਦੇਸ਼ ਦੇ ਮੁਕਾਬਲੇ ਕਿਸੇ) ਹੋਰ ਸ਼ੱਕ-ਸੰਦੇਹ ਦੀ ਪਰਵਾਹ ਨਹੀਂ ਕਰਦਾ, ਜੋ ਕਿ ਵਿਅਰਥ ਹੀ ਹਨ, ‘‘ਗਣਿ ਗਣਿ ਜੋਤਕੁ, ਕਾਂਡੀ ਕੀਨੀ ॥ ਪੜੈ, ਸੁਣਾਵੈ ; ਤਤੁ ਨ ਚੀਨੀ ॥ ਸਭਸੈ ਊਪਰਿ ; ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ; ਸਗਲੀ ਛਾਰੁ ॥’’ (ਮ: ੧/੯੦੪)

ਉਕਤ ਗੁਰਮਤਿ ਸੰਦੇਸ਼ ਮੌਜੂਦ ਹੋਣ ਦੇ ਬਾਵਜੂਦ ਫਿਰ ਕੀ ਕਾਰਨ ਹੈ ਕਿ ਸੰਗਰਾਂਦ ਦੇ ਦਿਹਾੜੇ ਨੂੰ ਅਸੀਂ ਪਵਿੱਤਰ ਜਾਣ ਕੇ ਆਪਸ ਵਿੱਚ ਉਲਝ ਜਾਂਦੇ ਹਾਂ ਅਤੇ ਗੁਰ ਪੁਰਬਾਂ ਨੂੰ ਸਹੀ ਤਿੱਥਾਂ ਮੁਤਾਬਕ ਮਨਾਉਣ ’ਚ ਪਿਛੇ ਰਹਿ ਜਾਂਦੇ ਹਾਂ ? ਇਹ ਹਰ ਗੁਰਸਿੱਖ ਨੂੰ ਵਿਚਾਰਨਾ ਜ਼ਰੂਰੀ ਹੈ।

ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਗੁਰ ਪੁਰਬਾਂ ਦੀ ਤਰੀਖਾਂ ਸੰਨ ੧੭੭੪ ਵਿੱਚ ਵੀ ੧ ਸਤੰਬਰ/ ੨ ਅੱਸੂ ਸੀ ੧੭੮੧ ਵਿੱਚ ਵੀ ੧ ਸਤੰਬਰ/ ੨ ਅੱਸੂ ਸੀ ਪਰ ਬਿਕ੍ਰਮੀ ਕੈਲੰਡਰ ਦੇ ਗਣਿਤ ਮੁਤਾਬਕ ਅੱਜ ਉਹੀ ੨ ਅੱਸੂ ੧੭ ਜਾਂ ੧੮ ਸਤੰਬਰ ਨੂੰ ਆ ਰਿਹਾ ਹੈ ਅਤੇ ਆਉਣ ਵਾਲੇ ੧੦੦੦ ਸਾਲ ਪਿੱਛੋਂ ਕਿੱਥੇ ਜਾਵੇਗਾ, ਕੀ ਇਸ ਦਾ ਕਦੇ ਅਸੀਂ ਅੰਦਾਜ਼ਾ ਲਾਵਾਂਗੇ ? ਪਰ ਅਗਰ ਇਸ ਦੀ ਬਜਾਇ ਮੂਲ ਨਾਨਕਸ਼ਾਹੀ ਕੈਲੰਡਰ ਅਪਣਾਅ ਲਿਆ ਜਾਵੇ ਤਾਂ ੨ ਅੱਸੂ ਹਮੇਸ਼ਾਂ ਲਈ ਹੀ ੧੬ ਸਤੰਬਰ ਨੂੰ ਆਉਂਦਾ ਰਹੇਗਾ ਤਾਂ ਇਸ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ?

ਸੰਗਤਾਂ ਦੇ ਅਜਿਹੇ ਸਵਾਲ ਕਿ ਫਿਰ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਕਿਉਂ ਨਹੀਂ ਕਰਦੀ ? ਇਸ ਦਾ ਸਹੀ ਜਵਾਬ ਤਾਂ ਸ਼੍ਰੋਮਣੀ ਕਮੇਟੀ ਹੀ ਦੇ ਸਕਦੀ ਹੈ, ਜੋ ਪੰਡਿਤ ਵੱਲੋਂ ‘ਜਨਮ ਪੱਤਰੀ’ ਲਈ ਲਾਏ ਜਾਂਦੇ ਗਣਿਤ ਵਾਙ ਵੋਟਾਂ ਦੀ ਗਿਣਤੀ ਮਿਣਤੀ ਕਰਦੇ ਰਹਿੰਦੇ ਹਨ ਕਿ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਨਾਲ ਸਿੱਖਾਂ ਦੀਆਂ ਕਿੰਨੀਆਂ ਵੋਟਾਂ ਮਿਲਣਗੀਆਂ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਕੇ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਵਾਉਣ ਦੇ ਹਮਾਇਤੀ ਡੇਰਾਵਾਦੀ ਸਿੱਖਾਂ ਦੀਆਂ ਕਿਤਨੀਆਂ ਵੋਟਾਂ ਹਨ, ਜੋ ਉਨ੍ਹਾਂ ਨੂੰ ਭੁਗਤਣਗੀਆਂ। 

ਵੋਟ ਸ਼ਕਤੀ ਦੇ ਅਜਿਹੇ ਗਣਿਤ ਤੋਂ ਵੱਧ ਹਰ ਸਿੱਖ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਰੋਮ ਚਰਚ ਵਾਲਿਆਂ ਨੇ ੧੫੮੨ ਵਿੱਚ ੧੦ ਦਿਨਾਂ ਦੀ ਸੋਧ ਇਸ ਲਈ ਕੀਤੀ ਸੀ ਕਿਉਂਕਿ ਉਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਸੰਨ ੩੨੫ ਈ: ’ਚ ਜੋ ਦਿਨ ਰਾਤ ੨੧ ਮਾਰਚ ਨੂੰ ਬਰਾਬਰ ਸੀ, ਹੁਣ ਉਹ ੧੧ ਮਾਰਚ ਨੂੰ ਬਰਾਬਰ ਹੋਣ ਲੱਗ ਪਿਆ, ਇਸ ਦਾ ਕਾਰਨ ਉਨ੍ਹਾਂ ਦੇ ਸਾਲ ਦੀ ਲੰਬਾਈ, ਰੁੱਤੀ ਸਾਲ ਨਾਲੋਂ ੧੧ ਕੁ ਮਿੰਟ ਵੱਧ ਸੀ। ਇਸ ਨੂੰ ਬਰਾਬਰ ਕਰਨ ਲਈ ਉਨ੍ਹਾਂ ਨੇ 4 ਅਕਤੂਬਰ 1582/ਦਿਨ ਵੀਰਵਾਰ ਤੋਂ ਅਗਲਾ ਦਿਨ ਸ਼ੁੱਕਰਵਾਰ 15 ਅਕਤੂਬਰ ਕਰ ਲਿਆ ਭਾਵ ਵੀਰਵਾਰ, ਸ਼ੁਕਰਵਾਰ ਲੜੀਵਾਰ ਦਰੁਸਤ ਰੱਖਣ ਲਈ ਜਾਂ ਸਹੀ ਮੰਨ ਕੇ ਤਰੀਖ ਸੰਖਿਆ ’ਚ 4 ਤੋਂ ਬਾਅਦ 15 ਤਾਰੀਖ ਕਰ ਦਿੱਤੀ, ਜਿਸ ਵਿੱਚੋਂ ਤਾਰੀਖ 5, 6, 7, 8, 9, 10, 11, 12, 13, 14 (ਭਾਵ 10 ਦਿਨਾਂ) ਨੂੰ ਸਮਾਪਤ ਕਰ ਦਿੱਤਾ।  ਅੱਗੇ ਤੋਂ ਇਹ ਫ਼ਰਕ ਨਾ ਪਵੇ ਇਸ ਲਈ ਆਪਣੇ ਪਹਿਲੇ ਮਿੱਥੇ ਗਏ ਸਾਲ ਦੀ ਲੰਬਾਈ ੩੬੫.੨੫ ਦਿਨਾਂ ਤੋਂ ਘਟਾ ਕੇ ੩੬੫.੨੪੨੫ ਦਿਨ ਵੀ ਕਰ ਦਿੱਤੀ, ਜੋ ਕਿ ਮੌਸਮੀ ਸਾਲ ਦੀ ਕੁੱਲ ਲੰਬਾਈ ੩੬੫.੨੪੨੨ ਦੇ ਬਹੁਤ ਹੀ ਨੇੜੇ ਆ ਗਈ ਭਾਵ ਕੇਵਲ ੨੬ ਕੁ ਸੈਕੰਡ ਦਾ ਅੰਤਰ ਰਹਿ ਗਿਆ।

ਉਕਤ ਸੋਧ ਨਾਲ ਜਿੱਥੇ ਪਹਿਲਾਂ 128 ਸਾਲਾਂ ’ਚ ਇੱਕ ਦਿਨ ਦਾ ਫ਼ਰਕ ਪੈਂਦਾ ਸੀ ਉੱਥੇ ਹੁਣ 3300 ਸਾਲ ’ਚ ਮਾਤਰ ਇੱਕ ਦਿਨ ਦਾ ਅੰਤਰ ਰਹੇਗਾ।  ਸੰਸਾਰ ਵਿੱਚ ਹੋਈਆਂ ਅਜਿਹੀਆਂ ਖੋਜਾਂ ਤੇ ਉਪਲਬਧੀਆਂ ਉਪਰੰਤ ਇਹ ਸੁਆਲ ਪੈਦਾ ਹੋਣਾ ਸੁਭਾਵਕ ਹੈ ਕਿ ਜਿਨ੍ਹਾਂ ਦੇ ਸਾਲ ਦਾ ਮੌਸਮੀ ਸਾਲ ਨਾਲੋਂ 11 ਕੁ ਮਿੰਟ ਦਾ ਫ਼ਰਕ ਸੀ ਉਨ੍ਹਾਂ ਨੂੰ ਤਾਂ 1582 ਵਿੱਚ ਹੀ ਆਈ ਸਮਝ ਕਾਰਨ ਇਸ ਦਾ ਬਦਲ (ਹੱਲ) ਲੱਭ ਲਿਆ ਪਰ ਜਿਨ੍ਹਾਂ ਦੇ ਕੈਲੰਡਰ ਵਿੱਚ 1964 ਤੱਕ 24 ਮਿੰਟ ਦਾ ਅੰਤਰ ਰਿਹਾ ਹੋਵੇ ਅਤੇ ਇਸ ਤੋਂ ਬਾਅਦ ਵੀ ਸੰਨ 1964 ਵਿੱਚ ਹਿੰਦੂ ਪੰਡਿਤਾਂ (ਵਿਦਵਾਨਾਂ) ਵੱਲੋਂ ਕੀਤੀ ਗਈ ਸੋਧ ਉਪਰੰਤ ਵੀ ਅੱਜ ਲਗਭਗ 20 ਮਿੰਟ ਦਾ ਫ਼ਰਕ ਦਿਸ ਰਿਹਾ ਹੋਵੇ ਉਨ੍ਹਾਂ ਨੂੰ ਪੰਜ ਸਦੀਆਂ (1582-2018) ਬੀਤ ਜਾਣ ਤੋਂ ਬਾਅਦ ਵੀ ਇਸ ਗੱਲ ਦੀ ਸਮਝ ਕਿਉਂ ਨਹੀਂ ਆ ਰਹੀ ? ਕੈਲੰਡਰ ਬੋਧ ਨਾਲ਼ ਰੁਚੀ ਰੱਖਣ ਵਾਲ਼ੇ ਸਿੱਖਾਂ ਦੀ ਜਾਣਕਾਰੀ ਲਈ ਇਹ ਸਮਝਣਾ ਵੀ ਬੜਾ ਜ਼ਰੂਰੀ ਹੈ:

1469 ਈ: ਵਿੱਚ ਸਭ ਤੋਂ ਵੱਡਾ ਦਿਨ 16 ਹਾੜ ਸੀ।

1699 ਈ: ਵਿੱਚ ਸਭ ਤੋਂ ਵੱਡਾ ਦਿਨ 13 ਹਾੜ ਸੀ।

1999 ਈ: ਵਿੱਚ ਸਭ ਤੋਂ ਵੱਡਾ ਦਿਨ 7 ਹਾੜ ਸੀ ਭਾਵ 530 (1469-1999) ਸਾਲਾਂ ਵਿੱਚ ਹੀ ਅਸੀਂ ਮੌਸਮੀ ਸਾਲ ਨਾਲੋਂ 9 ਦਿਨਾਂ ਦਾ ਫ਼ਰਕ ਪਾ ਬੈਠੇ ਜਦ ਕਿ ਇਸਾਈਆਂ ਦੁਆਰਾ ਸੁਧਾਈ ਕੀਤੇ ਗਏ ਕੈਲੰਡਰ ਸੰਨ 1582-325=1257 ਸਾਲਾਂ ਉਪਰੰਤ ਮਾਤਰ 10 ਦਿਨਾਂ ਦਾ ਹੀ ਫਰਕ ਪਿਆ ਸੀ। ਇਸ ਤੋਂ ਵੀ ਵਧ ਕੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਦਵਾਨਾਂ ਦੀ ਖੋਜ ਨੇ ਤਾਂ ਸਭ ਤੋਂ ਵੱਡਾ ਦਿਨ ਹਮੇਸ਼ਾਂ ਲਈ ਹੀ 7 ਹਾੜ/21 ਜੂਨ ਨਿਸ਼ਚਿਤ ਕਰ ਦਿੱਤਾ, ਇਸ ਦੇ ਬਾਵਜੂਦ ਅਗਰ ਅਸੀਂ ਗਿਆਨ ਗੁਰੂ ਦੇ ਅਨੁਯਾਈ ਅਖਵਾਉਂਦੇ ਹੋਏ ਵੀ ਇਸ ਖੋਜ ਦੀ ਹਮਾਇਤ ਕਰਨ ਦੀ ਬਜਾਇ ਵੋਟ ਗਣਿਤ ਰੱਖਣ ਵਾਲ਼ਿਆਂ ਨੂੰ ਅੱਗੇ ਕਰ ਕੇ ਹਰ ਪੰਥਕ ਸਮੱਸਿਆ ਵੇਖਣਾ ਜਾਰੀ ਰੱਖਿਆ ਹੈ ਤਾਂ ਇਸ ਸੋਚ ਬਾਰੇ ਸਮਝਦਾਰ ਬੰਦਾ ਕੀ ਅਨੁਮਾਨ ਲਗਾ ਸਕਦਾ ਹੈ ?

ਇਹ ਵੀ ਧਿਆਨ ਮੰਗਦਾ ਹੈ ਕਿ ਹਿੰਦੂ ਪੰਡਿਤਾਂ ਵੱਲੋਂ 1964 ’ਚ ਕੀਤੀ ਗਈ ਸੋਧ ਨੂੰ ਅਸੀਂ ਪ੍ਰਵਾਨ ਵੀ ਕਰ ਲਿਆ ਭਾਵ ਅਸੀਂ ਤਬਦੀਲੀ ਕਰਨ ਦੀ ਹਮਾਇਤ ਵਿੱਚ ਵੀ ਹਾਂ ਪਰ ਗ਼ੈਰ ਸਿੱਖਾਂ ਦੀ ਸਲਾਹ ਨਾਲ਼, ਨਾ ਕਿ ਆਪਣਿਆਂ ਦੁਆਰਾ ਕੀਤੀ ਗਈ ਅਣਥੱਕ ਘਾਲਣਾ ਉਪਰੰਤ। ਵਾਹ ਸਿੱਖਾ ! ਵਾਹ !