ਸਾਕਾ ਸ੍ਰੀ ਨਨਕਾਣਾ ਸਾਹਿਬ ਦਾ ਮਨੋਵਿਗਿਆਨ ਤੇ ਕੌਮੀ ਸੰਦੇਸ਼
ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ, ਮਿਤੀ 10 ਫਰਵਰੀ 2021
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਿਹ।
ਕਾਦਰ ਦੀ ਕੁਦਰਤ ਦਾ ਇੱਕ ਅਟੱਲ ਨਿਯਮ ਹੈ ਕਿ ਹਰੇਕ ਵਸਤੂ ਆਪਣੇ ਕੇਂਦਰ ਨਾਲ ਜੁੜ ਕੇ ਅਤੇ ਆਪਣੀ ਬਝਵੀਂ ਚਾਲ ਵਿੱਚ ਤੁਰ ਕੇ ਹੀ ਆਪਣੀ ਹੋਂਦ ਨੂੰ ਕਾਇਮ ਰੱਖ ਸਕਦੀ ਹੈ । ਪ੍ਰਤੱਖ ਤੌਰ ’ਤੇ ਵੇਖਿਆ ਜਾ ਸਕਦਾ ਹੈ ਕਿ ਅਕਾਸ਼ ਮੰਡਲ ਦਾ ਕੋਈ ਸਿਤਾਰਾ ਜਦੋਂ ਆਪਣੇ ਧੁਰੇ ਤੋਂ ਟੁੱਟਦਾ ਤੇ ਬਝਵੀਂ ਚਾਲੋਂ ਭਟਕਦਾ ਹੈ ਤਾਂ ਉਹ ਧਰਤੀ ਦੀ ਗਰੂਤਾ ਖਿੱਚ ਦਾ ਖਿੱਚਿਆ ਧਰਤੀ ਵੱਲ ਵਧਦਾ ਤੇ ਹਵਾਵਾਂ ਦੇ ਲਫੇੜੇ ਖਾਂਦਾ ਸੜ ਕੇ ਸੁਆਹ ਹੋ ਜਾਂਦਾ ਹੈ । ‘ਬਲਿਹਾਰੀ ਕੁਦਰਤਿ ਵਸਿਆ’ ਦਾ ਇਲਾਹੀ ਨਗ਼ਮਾ ਗਾਉਣ ਵਾਲੇ ਗੁਰੂ ਨਾਨਕ ਸਾਹਿਬ ਨੇ ਕੁਦਰਤ ਦੇ ਉਪਰੋਕਤ ਨਿਯਮ ਨੂੰ ਮਾਨਵੀ ਜੀਵਨ ਨਾਲ ਸੰਬੰਧਿਤ ਕਰਦਿਆਂ ਬੜੇ ਹੀ ਸੁਖਾਲੇ ਢੰਗ ਨਾਲ ਸਮਝਾਇਆ ਹੈ। ਹਜ਼ੂਰ ਕਹਿੰਦੇ ਹਨ, ਬੜੀ ਵਿਸਮਾਦ ਜਨਕ ਘਟਨਾ ਹੈ ਕਿ ਜਦੋਂ ਕੋਈ ਵਿਅਕਤੀ ਚੱਕੀ ਦੇ ਦੋਵੇਂ ਪੁੜ ਰੱਖ ਕੇ ਦਾਣਿਆਂ ਨੂੰ ਪੀਹਣ ਲਈ ਆ ਬੈਠਦਾ ਹੈ ਤਾਂ ਜਿਹੜੇ ਦਾਣੇ ਦਰ ਨਾਲ, ਧੁਰੇ ਨਾਲ ਭਾਵ ਕਿੱਲੀ ਦੇ ਨੇੜੇ ਰਹਿੰਦੇ ਹਨ, ਉਹ ਪੱਥਰਾਂ ’ਚ ਦਬਣ ਤੋਂ (ਪੀਸਣੋਂ) ਬਚ ਜਾਂਦੇ ਹਨ ਪਰੰਤੂ ਜੋ ਕਿੱਲੀ ਨੂੰ ਛੱਡ ਕੇ ਪੁੜਾਂ ਹੇਠ ਆ ਜਾਂਦੇ ਹਨ, ਉਹ ਪੀਸ ਕੇ ਆਟਾ ਬਣ ਜਾਂਦੇ ਹਨ; ਉਵੇਂ ਹੀ ਜਿਹੜੇ ਮਨੁੱਖ ਪ੍ਰਭੂ ਦੇ ਦਰ ’ਤੇ ਟਿਕੇ ਰਹਿੰਦੇ ਹਨ, ਉਹ ਜੀਵਨ ਪੰਧ ਵਿੱਚ ਵਿਕਾਰਾਂ ਦੇ ਪੁੜਾਂ ਦੀ ਮਾਰ ਤੋਂ ਬਚੇ ਰਹਿੰਦੇ ਹਨ। ਗੁਰਵਾਕ ਹੈ ‘‘ਦੁਇ ਪੁੜ ਚਕੀ ਜੋੜਿ ਕੈ; ਪੀਸਣ ਆਇ ਬਹਿਠੁ ॥ ਜੋ ਦਰਿ ਰਹੇ, ਸੁ ਉਬਰੇ; ਨਾਨਕ ! ਅਜਬੁ ਡਿਠੁ ॥’’ (ਮਹਲਾ ੧/੧੪੨)
ਸ਼ਾਇਰੇ-ਮਸ਼ਰਿਕ ਮੌਲਾਨਾ ਮੁਹੰਮਦ ਇਕਬਾਲ (ਨਵੰਬਰ 1877-ਅਪ੍ਰੈਲ 1938) ਦਾ ਕਥਨ ਹੈ ਕਿ ਕੌਮਾਂ ਲਈ ਆਪਣੇ ਕੇਂਦਰੀ ਧੁਰੇ (ਮਰਕਜ਼) ਤੋਂ ਵੱਖ ਹੋਣਾ ਮੌਤ ਤੁੱਲ ਹੈ ਅਤੇ ਆਪਣੇ ਮਰਕਜ਼ ਨਾਲ ਜੁੜੇ ਰਹਿਣ ਦਾ ਫ਼ਖ਼ਰ ਖ਼ੁਦਾਈ ਤੁਲ। ਭਾਵ ਰੱਬ ਵਰਗੀ ਮਲਕੀਅਤ ਦਾ ਗੌਰਵ । ਉਸ ਦਾ ਪ੍ਰਸਿੱਧ ਸ਼ੇਅਰ ਹੈ ‘ਕੌਮੇਂ ਕੇ ਲੀਏ ਮੌਤ ਹੈ, ਮਰਕਜ਼ ਸੇ ਜੁਦਾਈ । ਹੋ ਸਾਹਿਬਿ ਮਰਕਜ਼, ਤੋ ਖ਼ੁਦੀ ਕਿਆ ਹੈ ? ਖ਼ੁਦਾਈ ।’ ਇਹੀ ਕਾਰਨ ਹੈ ਕਿ ਜਦੋਂ ਵੀ ਕੋਈ ਹਕੂਮਤ ਸਿੱਖ ਕੌਮ ’ਤੇ ਹਮਲਾਵਰ ਹੋਈ, ਉਸ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਕੇਂਦਰੀ ਧਰਮ ਸਥਾਨ ਮੰਨਦਿਆਂ ਗੁਰਸਿੱਖਾਂ ਨੂੰ ਗੁਰਦੁਆਰੇ ਨਾਲੋਂ ਤੋੜਣ ਦਾ ਯਤਨ ਕੀਤਾ ਪਰੰਤੂ ਇਤਿਹਾਸ ਗਵਾਹ ਹੈ ਕਿ ਗੁਰਸਿੱਖਾਂ ਨੇ ਵੀ ਜਾਨਾਂ ਹੂਲ ਕੇ ਵੀ ਸਦਾ ਗੁਰਦੁਆਰੇ ਨਾਲ ਜੁੜੇ ਰਹਿਣ ਨੂੰ ਪਹਿਲ ਦਿੱਤੀ ਕਿਉਂਕਿ ‘‘ਗੁਰ ਤੇ ਬੂਝੈ; ਤਾ ਦਰੁ ਸੂਝੈ ॥’’ (ਮਹਲਾ ੩/੧੦੪੪) ਅਥਵਾ ‘‘ਖੋਜਤ ਖੋਜਤ ਦੁਆਰੇ ਆਇਆ ॥ ਤਾ ਨਾਨਕ ! ਜੋਗੀ ਮਹਲੁ ਘਰੁ ਪਾਇਆ ॥’’ (ਮਹਲਾ ੫/੮੮੬) ਆਦਿਕ ਗੁਰਵਾਕਾਂ ਦੇ ਚਾਨਣ ਵਿੱਚ ਗੁਰੂ ਦਾ ਦਰ (ਗੁਰਦੁਆਰਾ) ਹੀ ਉਨ੍ਹਾਂ ਨੂੰ ਰੱਬੀ ਦਰ ਦਿੱਸਦਾ ਹੈ। ਇਸੇ ਲਈ ਗੁਰੂ-ਕਾਲ ਤੋਂ ਲੈ ਕੇ ਹੁਣ ਤਕ ਪੰਥ ਗੁਰੂ-ਚਰਨ-ਛੋਹ ਪ੍ਰਾਪਤ ਇਤਿਹਾਸਕ ਗੁਰਧਾਮਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸਾਹਿਬਾਨ ਨਾਲ ਜੁੜਿਆ ਆ ਰਿਹਾ ਹੈ; ਭਾਵੇਂ ਕਿ ਉਸ ਨੂੰ ਅਤਿਅੰਤ ਮੁਸੀਬਤਾਂ ਦਾ ਸਾਹਮਣਾ ਵੀ ਕਰਨ ਪਿਆ ਹੈ।
ਅਠਾਰਵੀਂ ਸਦੀ ਵਿੱਚ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਹੁਰਮਤੀ ਕਰਨ ਵਾਲੇ ਚੌਧਰੀ ਮੱਸੇ ਰੰਘੜ ਨੂੰ ਸੋਧਣਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਤੇ ਜਥੇਦਾਰ ਬਾਬਾ ਗੁਰਬਖ਼ਸ਼ ਸਿੰਘ ਵਰਗਿਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਅਬਦਾਲੀ ਤੇ ਦੁਰਾਨੀ ਵਰਗੇ ਅਨਮਤੀਆਂ ਦੇ ਕਬਜ਼ੇ ’ਚੋਂ ਮੁਕਤ ਕਰਾਉਣ ਲਈ ਸਿਰ ਤਲੀ ’ਤੇ ਧਰ ਕੇ ਜੂਝਣਾ, ਉਪਰੋਕਤ ਹਕੀਕਤ ਦੀਆਂ ਅਕੱਟ ਗਵਾਹੀਆਂ ਹਨ। ਸਿੱਖ ਰਾਜ ਦੇ ਪਤਨ ਅਤੇ ਅੰਗਰੇਜ਼ੀ ਹਕੂਮਤ ਹੋਣ ਉਪਰੰਤ ਕੌਮੀ ਜਾਗ੍ਰਤੀ ਲਈ ਸੰਨ 1873 ਵਿੱਚ ਉਪਜੀ ‘ਸਿੰਘ ਸਭਾ ਲਹਿਰ’ ਅਤੇ ਉਸ ’ਚੋਂ ਪ੍ਰਗਟ ਹੋਈ ਗੁਰਦੁਆਰਾ ਪ੍ਰਬੰਧ-ਸੁਧਾਰ ਲਹਿਰ (ਅਕਾਲੀ ਲਹਿਰ) ਨੂੰ ਵੀ ਉਪਰੋਕਤ ਭਾਵ ’ਚ ਹੀ ਵਿਚਾਰਨ ਦੀ ਲੋੜ ਹੈ, ਨਾ ਕਿ ਅਕਾਲੀਆਂ ਦੁਆਰਾ ਗੁਰਦੁਆਰਿਆਂ ’ਤੇ ਕਾਬਜ਼ ਹੋਣ ਦੀਆਂ ਘਟਨਾਵਾਂ ਦੇ ਰੂਪ ਵਿੱਚ। ਅਸਲੀਅਤ ਇਹ ਹੈ ਕਿ ਹਕੂਮਤਾਂ ਵੀ ਗੁਰਬਾਣੀ ਵਿੱਚ ਪ੍ਰਗਾਏ ਸਿੱਖ-ਮਨੋਵਿਗਿਆਨ ਨੂੰ ਸਮਝਦੀਆਂ ਸਨ ਕਿ ‘‘ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ, ਗੁਰ ਬਿਨੁ ਮਰਿ ਜਾਈ ॥’’ (ਮਹਲਾ ੪/੭੫੭) ਅਤੇ ਗੁਰਸਿੱਖ ਵੀ ਆਪਣਾ ਜੀਵਨ ਗੁਰਬਾਣੀ ਗੁਰੂ ਦੇ ਪਾਠ-ਦੀਦਾਰ ਵਿੱਚ ਹੀ ਵੇਖਦੇ ਸਨ ਕਿਉਂਕਿ ‘‘ਗੁਰ ਕਾ ਦਰਸਨੁ; ਦੇਖਿ ਦੇਖਿ ਜੀਵਾ ॥’’ (ਮਹਲਾ ੫/੨੩੯) ਦੇ ਇਲਾਹੀ ਸੰਗੀਤ ਦੀ ਝੁਣਕਾਰ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਸਦਾ ਹੀ ਰੁਮਕਦੀ ਰਹਿੰਦੀ ਹੈ। ਦਸਾਂ ਪਾਤਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਦੀਦਾਰ ਦਾ ਧਿਆਨ ਧਰ ਕੇ ਵਾਹਿਗੁਰੂ ਨਾਲ ਜੁੜਣ ਦੀ ਤਾਂਘ ਵੀ ਉਪਰੋਕਤ ਰੂਹਾਨੀ ਧਾਰਨਾ ਵਿੱਚੋਂ ਪ੍ਰਗਟ ਹੋਈ ਹੈ, ਜੋ ਹੁਣ ਪੰਥਕ ਅਰਦਾਸ ਦਾ ਇੱਕ ਮਹੱਤਵ ਪੂਰਨ ਭਾਗ ਬਣ ਚੁੱਕੀ ਹੈ।
ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿਤਸਰ ਅਤੇ ਦਸੰਬਰ 1920 ਨੂੰ ‘ਸ਼੍ਰੋਮਣੀ ਅਕਾਲੀ ਦਲ’ ਦੀ ਸਥਾਪਨਾ ਦਾ ਅਸਲ ਮਨੋਰਥ ਵੀ ਉਪਰੋਕਤ ਅਕਾਲੀ ਲਹਿਰ ਨੂੰ ਹੋਰ ਸੁਚਾਰੂ ਢੰਗ ਨਾਲ ਸਫਲਤਾ ਦੇ ਸਿਖਰ ਵੱਲ ਵਧਾਉਣ ਦੀ ਪ੍ਰਕਿਰਿਆ ਹੀ ਮੰਨਿਆ ਜਾਂਦਾ ਹੈ। ਇਸ ਦਾ ਮੁਖ ਕਾਰਨ ਹੈ ਕਿ ਅਕਾਲੀ ਸਿੱਖ ਗੁਰਦੁਆਰਿਆਂ ’ਚੋਂ ਮੂਰਤੀਆਂ ਦੇ ਰੂਪ ਵਿੱਚ ਦੇਵ-ਪੂਜਾ ਤੇ ਛੂਤ-ਛਾਤ ਵਰਗੀਆਂ ਬ੍ਰਾਹਮਣੀ ਰੀਤਾਂ ਰਸਮਾਂ ਨੂੰ ਹਟਾ ਕੇ ਗੁਰਮਤਿ ਮਰਯਾਦਾ ਲਾਗੂ ਕਰਨੀ ਚਹੁੰਦੇ ਸਨ। ਉਹ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਸਰਦਾਰਾਂ ਦੁਆਰਾ ਗੁਰਧਾਮਾਂ ਦੀਆਂ ਲੋੜਾਂ ਦੀ ਪੂਰਤੀ ਲਈ ਦਿੱਤੀਆਂ ਜ਼ਮੀਨਾਂ ਤੇ ਸਾਲਾਨਾ ਜਾਗੀਰਾਂ ਨੂੰ ਪੰਥ ਦੀ ਸਾਂਝੀ ਸੰਪਤੀ ਬਣਾਉਣ ਦੇ ਇਛੁਕ ਸਨ ਕਿਉਂਕਿ ਕਾਬਜ਼ ਪੁਜਾਰੀ ਮਹੰਤ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਉਨ੍ਹਾਂ ਨੂੰ ਆਪਣੀ ਮਲਕੀਅਤ ਸਮਝ ਕੇ ਵੰਡ ਵੇਚ ਰਹੇ ਸਨ। ਇਸ ਤੋਂ ਇਲਾਵਾ ਕਈ ਮਹੰਤ ਮਾਇਆ ਮਦ ਵਿੱਚ ਆਚਰਨ, ਨੈਤਿਕਤਾ ਗਵਾ ਕੇ ਅਯਾਸ਼ਪੁਣੇ ਵੱਲ ਵਧ ਰਹੇ ਸਨ।
ਉਸ ਵੇਲੇ ਸਭ ਤੋਂ ਵਧੇਰੇ ਜ਼ਮੀਨ ਤੇ ਜਗੀਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਾਨਕਾਣਾ ਸਾਹਿਬ ਦੇ ਨਾਂ ਸੀ। ਇਕ ਵੇਰਵੇ ਮੁਤਾਬਕ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਰਾਇ ਬੁਲਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੀ ਗਈ ਕੁੱਲ ਜ਼ਮੀਨ 18750 ਏਕੜ ਹੈ ਅਤੇ ਸਿੱਖ ਰਾਜ ਵੇਲੇ ਦੀ ਇੱਕ ਲੱਖ ਦੀ ਸਾਲਾਨਾ ਜਾਗੀਰ ਵੀ ਹੈ। ਅਕਾਲੀਆਂ ਨੇ ਸ਼ਾਂਤਮਈ ਸੰਘਰਸ਼ ਦੀ ਵਿਓਂਤਬੰਦੀ ਕੀਤੀ ਅਤੇ ਸਾਰੇ ਮਹੰਤਾਂ ਨੂੰ ਅਦਬ ਸਹਿਤ ਕੁਰੀਤੀਆਂ ਦੂਰ ਕਰਕੇ ਗੁਰਦੁਆਰਾ ਪ੍ਰਬੰਧ ਸੁਧਾਰਨ ਲਈ ਸੁਹਿਰਦ ਸੁਨੇਹੇ ਵੀ ਭੇਜੇ। ਬਹੁਤ ਸਾਰੇ ਮਹੰਤ ਤਾਂ ਉਪਰੋਕਤ ਸ਼ਰਤਾਂ ਪ੍ਰਵਾਨ ਕਰਕੇ ਆਪਣੀਆਂ ਸੇਵਾਵਾਂ ਜਾਰੀ ਰੱਖਣਾ ਚਾਹੁੰਦੇ ਸਨ, ਪਰ ਸਰਕਾਰ ਅਜਿਹਾ ਨਹੀਂ ਸੀ ਚਾਹੁੰਦੀ। ਇਹੀ ਕਾਰਨ ਸੀ ਕਿ 26 ਜਨਵਰੀ 1921 ਨੂੰ ਗੁਰਦੁਆਰਾ ਤਰਨਤਾਰਨ ਸਾਹਿਬ ਦਾ ਪ੍ਰਬੰਧ ਤਾਂ ਭਾਵੇਂ 15 ਮੈਂਬਰੀ ਸਥਾਨਕ ਕਮੇਟੀ ਰਾਹੀਂ ਸ਼੍ਰੋਮਣੀ ਕਮੇਟੀ ਦੇ ਅਧੀਨ ਹੋ ਗਿਆ। ਪਰੰਤੂ ਆਪਸੀ ਫ਼ੈਸਲੇ ਦੇ ਬਾਵਜੂਦ ਵੀ ਉਥੋਂ ਦੇ ਗੁੰਡੇ ਮਹੰਤਾਂ ਪਾਸੋਂ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਨਾਂ ਦੇ ਦੋ ਸਿੰਘਾਂ ਨੂੰ ਸ਼ਹੀਦ ਹੋਣਾ ਪਿਆ ਤੇ 17 ਦੇ ਲੱਗਭਗ ਅਕਾਲੀਆਂ ਨੂੰ ਸਰੀਰਾਂ ਦੇ ਕਰਾਰੇ ਫੱਟ ਸਹਿਣੇ ਪਏ। ਅਜਿਹਾ ਹੋਣ ’ਤੇ ਬਾਕੀ ਗੁਰੂ ਸਥਾਨਾਂ ਦੇ ਮਹੰਤ ਵੀ ਚੁਕੰਨੇ ਹੋ ਗਏ। ਉਨ੍ਹਾਂ ਨੇ ਅਖਾੜਿਆਂ ਦੇ ਰੂਪ ਵਿੱਚ ਜਿੱਥੇ ਆਪਣੇ ਟਿਕਾਣੇ ਬਣਾਉਣੇ ਸ਼ੁਰੂ ਕੀਤੇ, ਉੱਥੇ ਆਪੋ ਆਪਣੇ ਕਬਜ਼ੇ ਜਮਾਈ ਰੱਖਣ ਲਈ ਗੈਰਸਿੱਖ ਪ੍ਰੈਸ ਤੇ ਅਣਸਿੱਖ ਸੰਸਥਾਵਾਂ ਦਾ ਸਹਿਯੋਗ ਹਾਸਲ ਕਰਨ ਦੇ ਕੋਝੇ ਯਤਨ ਵੀ ਆਰੰਭ ਦਿੱਤੇ । ਮਹੰਤ ਨਰੈਣੂ ਨੇ ਲਾਲਾ ਲਾਜਪਤ ਰਾਇ ਦੀ ਅਖ਼ਬਾਰ ‘ਬੰਦੇ ਮਾਤਰਮ’ ਲਈ 3000 ਰੁਪੈ ਦਾ ਸਹਾਇਤਾ ਫੰਡ ਦਿੱਤਾ ਸੀ ਅਤੇ ਉਸ ਦੀ ਸਲਾਹ ਮੁਤਾਬਕ ਗੁਰਦੁਆਰਾ ਜਨਮ ਅਸਥਾਨ ਨਾਨਕਾਣਾ ਸਾਹਿਬ ਤੇ ਇਸ ਨਾਲ ਸੰਬੰਧਿਤ ਹੋਰ ਜਾਇਦਾਦ ਦਾ ਇੱਕ ਟ੍ਰਸਟ ਬਣਾਉਣਾ ਵੀ ਪ੍ਰਵਾਨ ਕਰ ਲਿਆ।
ਸੋ ਇਸ ਪ੍ਰਕਾਰ ਇੱਕ ਪਾਸੇ ਅੰਗਰੇਜ਼ ਹਾਕਮ ਸੰਨ 1877 ਤੋਂ ਮਹੰਤਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਕੇਂਦਰੀ ਅਸਥਾਨਾਂ ਨੂੰ ਨੀਲਾਮ ਕਰਕੇ ਗੈਰਸਿੱਖਾਂ ਨੂੰ ਮਾਲਕ ਬਣਾਉਣ ਦੀਆਂ ਸਕੀਮਾਂ ਘੜ ਰਹੇ ਸਨ। ਦੂਜੇ ਪਾਸੇ ਉਨ੍ਹਾਂ ਦੇ ਸਹਿਯੋਗੀ ਬਣ ਕੇ ਆਰੀਆ ਸਮਾਜੀ ਹਿੰਦੂ ਕੁਟਿਲ ਚਾਲਾਂ ਚੱਲ ਰਹੇ ਸਨ ਤਾਂ ਕਿ ਗੁਰਸਿੱਖੀ ਨੂੰ ਬਿਪਰਵਾਦ ਦੇ ਖਾਰੇ ਸਮੁੰਦਰ ਵਿੱਚ ਗਰਕ ਕਰ ਲਿਆ ਜਾਏ। ਅਜਿਹੀ ਖ਼ਤਰਨਾਕ ਸਥਿਤੀ ਵਿੱਚ ਅਤਿਅੰਤ ਜ਼ਰੂਰੀ ਸੀ ਕਿ ਸਿੱਖੀ ਦੇ ਸੋਮੇ ਮੰਨੇ ਜਾਂਦੇ ਗੁਰਧਾਮਾਂ ਨੂੰ ਉਪਰੋਕਤ ਕਿਸਮ ਦੇ ਲੋਕਾਂ ਦੀ ਗ੍ਰਿਫ਼ਤ ’ਚੋਂ ਛੇਤੀ ਅਜ਼ਾਦ ਕਰਵਾਇਆ ਜਾਏ। ਕੇਂਦਰੀ ਗੁਰ ਅਸਥਾਨ ਸ੍ਰੀ ਦਰਬਾਰ ਅੰਮ੍ਰਿਤਸਰ ਤੋਂ ਪਿੱਛੋਂ ਸਭ ਤੋਂ ਮਹੱਤਵ ਪੂਰਨ ਗੁਰਧਾਮ ਸੀ ‘ਜਨਮ ਅਸਥਾਨ ਸ੍ਰੀ ਨਾਨਕਾਣਾ ਸਾਹਿਬ’। ਇਸ ਆਸ਼ੇ ਨੂੰ ਮੁਖ ਰੱਖ ਕੇ ਉੱਥੋਂ ਦੇ ਮੁਖੀ ਮਹੰਤ ਨਰਾਇਣ ਦਾਸ ਦੀ ਸਲਾਹ ਨਾਲ 5 ਤੇ 6 ਮਾਰਚ ਨੂੰ ਉੱਥੇ ਇੱਕ ਵਿਸ਼ੇਸ਼ ਅਕਾਲੀ ਕਾਨਫਰੰਸ ਸੱਦੀ ਗਈ। ਇਸ ਦਾ ਮਨੋਰਥ ਸੀ ਮਹੰਤਾਂ ਸਮੇਤ ਸਾਰੀਆਂ ਧਿਰਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦੇਣਾ ਤਾਂ ਕਿ ਸਾਰੇ ਗੁਰਧਾਮਾਂ ਦਾ ਪ੍ਰਬੰਧ ਸ਼ਾਂਤੀਪੂਰਵਕ ਤੇ ਸੁਭਾਵਕ ਹੀ ਸ਼੍ਰੋਮਣੀ ਕਮੇਟੀ ਦੇ ਅਧੀਨ ਹੋ ਜਾਵੇ।
ਚਾਲਬਾਜ਼ ਮਹੰਤ ਨੇ ਅਕਾਲੀਆਂ ਨਾਲ ਸੁਲ੍ਹਾ ਦੀ ਗੱਲਬਾਤ ਵੀ ਜਾਰੀ ਰੱਖੀ ਅਤੇ ਸਰਕਾਰ ਦੀ ਸਰਪ੍ਰਸਤੀ ਹੇਠ ਕਾਨਫਰੰਸ ਮੌਕੇ ਮੁਖੀ ਅਕਾਲੀਆਂ ਨੂੰ ਕਤਲ ਕਰਵਾਉਣ ਦੀ ਵਿਓਂਤਬੰਦੀ ਵੀ ਸ਼ੁਰੂ ਕਰ ਦਿੱਤੀ। ਅਜਿਹੀ ਖ਼ਤਰਨਾਕ ਸੂਹ ਜਦੋਂ ਭਾਈ ਕਰਤਾਰ ਸਿੰਘ ‘ਝੱਬਰ’ ਤੱਕ ਪਹੁੰਚੀ ਤਾਂ ਉਸ ਨੇ ਬਾਰ ਖ਼ਾਲਸਾ ਦੀਵਾਨ ਦੇ ਜਥੇਦਾਰ ਲਛਮਣ ਸਿੰਘ ਤੇ ਭਾਈ ਟਹਿਲ ਸਿੰਘ ਧਾਰੋਵਾਲ, ਭਾਈ ਬੂਟਾ ਸਿੰਘ ਤੇ ਸੰਤ ਤੇਜਾ ਸਿੰਘ ਲਾਇਲਪੁਰ ਅਤੇ ਭਾਈ ਦਲੀਪ ਸਿੰਘ ਸਾਹੋਵਾਲ ਵਰਗੇ ਆਪਣੇ ਸਾਥੀਆਂ ਨਾਲ ਗੁਪਤ ਫ਼ੈਸਲਾ ਕੀਤਾ ਕਿ ਪੰਜ ਕੁ ਹਜ਼ਾਰ ਸਿੰਘਾਂ ਦੇ ਜਥੇ ਨਾਲ 20 ਫ਼ਰਵਰੀ ਨੂੰ ਗੁਰਦੁਆਰਾ ਜਨਮ ਅਸਥਾਨ ਦਾ ਕਬਜ਼ਾ ਲੈ ਲਿਆ ਜਾਵੇ ਕਿਉਂਕਿ ਉਸ ਦਿਨ ਮਹੰਤ ਲਹੌਰ ਵਿਖੇ ‘ਸਨਾਤਨ ਸਿੱਖ ਕਾਨਫਰੰਸ’ ਵਿੱਚ ਸ਼ਾਮਲ ਹੋਵੇਗਾ। 18 ਫ਼ਰਵਰੀ ਦੇ ਲਗਭਗ ਲਾਇਲਪੁਰ ਵਿਖੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਤੇ ਸ੍ਰ. ਤੇਜਾ ਸਿੰਘ ‘ਸਮੁੰਦਰੀ’ ਨੂੰ ਜਦੋਂ ਝੱਬਰ ਜੀ ਅਤੇ ਮਹੰਤ ਦੀ ਵਿਓਂਤਬੰਦੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਭੱਜ-ਦੌੜ ਕਰਕੇ ਥਾਉਂ-ਥਾਈਂ ਜਥਿਆਂ ਨੂੰ ਰੋਕਣ ਦਾ ਯਤਨ ਕੀਤਾ। ਭਾਈ ਦਲੀਪ ਸਿੰਘ ਸਾਹੋਵਾਲ ਦੀ ਰਾਹੀਂ ਉਹ ਜਥੇਦਾਰ ਲਛਮਣ ਸਿੰਘ ਧਾਰੋਵਾਲ ਨੂੰ ਛੱਡ ਕੇ ਬਾਕੀ ਦੇ ਸਾਰੇ ਜਥਿਆਂ ਨੂੰ ਰੋਕਣ ਵਿੱਚ ਸਫਲ ਹੋ ਗਏ ।
ਸਿੱਟੇ ਵਜੋਂ 20 ਫ਼ਰਵਰੀ ਨੂੰ ਗੁਰਦੁਆਰਾ ਜਨਮ ਸਥਾਨ ਸ੍ਰੀ ਨਾਨਕਾਣਾ ਸਾਹਿਬ ਵਿਖੇ 150 ਦੇ ਲਗਭਗ ਸਿੰਘਾਂ ਨੂੰ ਸ਼ਹੀਦੀ ਜਾਮ ਪੀਣਾ ਪਿਆ। ਉਨ੍ਹਾਂ ’ਚੋਂ ਕੇਵਲ 86 ਸਿੰਘਾਂ ਦੇ ਨਾਵਾਂ ਦੀ ਹੀ ਪਛਾਣ ਹੋ ਸਕੀ, ਜਿਨ੍ਹਾਂ ਦੇ ਨਾਵਾਂ ਦੀ ਪਲੇਟ ਸ਼ਹੀਦ ਗੰਜ ਦੇ ਮੁੱਖ ਦਰਵਾਜ਼ੇ ਨਾਲ ਲੱਗੀ ਹੋਈ ਹੈ ਪਰੰਤੂ 21 ਫ਼ਰਵਰੀ ਨੂੰ ਸਰਕਾਰ ਨੇ ਗੁਰਦੁਆਰੇ ਦੀਆਂ ਚਾਬੀਆਂ ਜਥੇਦਾਰ ਕਰਤਾਰ ਸਿੰਘ ਝੱਬਰ ਰਾਹੀਂ ਸਿੱਖ ਕੌਮ ਨੂੰ ਸੌਂਪ ਦਿੱਤੀਆਂ। ਸ਼ਹੀਦਾਂ ਦੀ ਅੰਤਮ ਅਰਦਾਸ ਮੌਕੇ ਗਾਂਧੀ ਨੇ ਇਸ ਸ਼ਹੀਦੀ ਸਾਕੇ ਨੂੰ ਜਲਿਆਂਵਾਲੇ ਬਾਗ਼ ਤੋਂ ਵੀ ਖ਼ੌਫਨਾਕ ਦੱਸਿਆ। ਲੁਧਿਆਣੇ ਦੇ ਤੇਜ਼-ਤਰਾਰ ਅਕਾਲੀ ਬਜ਼ੁਰਗ ਸ੍ਰ ਹਰਜੀਤ ਸਿੰਘ ਪਾਸੋਂ ਮੈਂ ਇਹ ਵੀ ਸੁਣਿਆਂ ਸੀ ਕਿ 12 ਅਕਤੂਬਰ 1921 ਨੂੰ ਮਹੰਤ ਤੇ ਉਸ ਦੇ ਕੁਝ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਵੀ ਸੁਣਾਈ ਗਈ ਤੇ ਕੁਝ ਨੂੰ ਸੱਤਾਂ ਸਾਲਾਂ ਲਈ ਕਾਲੇ ਪਾਣੀ ਜੇਲ੍ਹ ਵਿੱਚ ਵੀ ਭੇਜਿਆ, ਪਰ ਮਹੰਤ ਦੇ ਖ਼ਾਸ ਸਲਾਹਕਾਰ ਲਾਲਾ ਲਾਜਪਤ ਰਾਇ ਦੀ ਗਵਾਹੀ ਦੇ ਬਹਾਨੇ ਉਸ ਨੂੰ ਚੁੱਪ-ਚਪੀਤੇ ਰਿਹਾਅ ਕਰ ਦਿੱਤਾ ਅਤੇ ਦੇਸ਼ ਦੀ ਅਜ਼ਾਦੀ ਪਿੱਛੋਂ ਭਾਰਤ ਸਰਕਾਰ ਨੇ 1971 ਵਿੱਚ ਉਸ ਦੀ ਮੌਤ ਤਕ ਉਤਰਾਖੰਡ ਦੇ ਕਿਸੇ ਇਲਾਕੇ ਵਿੱਚ ਸੁਰਖਿਅਤ ਰੱਖਿਆ। ਕਿਸੇ ਅਖ਼ਬਾਰ ਵਿੱਚ ਮੈਂ ਇਹ ਵੀ ਪੜ੍ਹਿਆ ਸੀ ਕਿ ਉਸ ਦੀ ਮੌਤ ਡੇਰ੍ਹਾਦੂਨ (ਯੂ.ਪੀ) ਵਿਖੇ ਹੋਈ ।
ਇਸ ਸ਼ਹੀਦੇ ਸਾਕੇ ਨੇ 17ਵੀਂ ਤੇ 18ਵੀਂ ਸਦੀ ਦੇ ਉਨ੍ਹਾਂ ਸ਼ਹੀਦ ਸਿੱਖਾਂ ਦੀ ਯਾਦ ਨੂੰ ਮੁੜ ਤਾਜ਼ਾ ਕਰ ਦਿੱਤਾ, ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਦੇਗਾਂ ਵਿੱਚ ਉਬਾਲ਼ੇ ਖਾਧੇ, ਬੰਦ ਬੰਦ ਕਟਵਾਏ ਤੇ ਚਰਖੜੀਆਂ ਤੇ ਚੜੇ੍ਹ। ਸਿੱਖ ਚਿੰਤਕਾਂ ਦਾ ਮੱਤ ਹੈ ਕਿ 20ਵੀਂ ਸਦੀ ਦੇ ਆਰੰਭਕ ਦਹਾਕਿਆਂ ਦੇ ਅਕਾਲੀਆਂ ਦੀ ਗੁਰਦੁਆਰਾ ਪ੍ਰਬੰਧ-ਸੁਧਾਰ ਲਹਿਰ ਨਾਲ ਸੰਬੰਧਿਤ ਉਪਰੋਕਤ ਘਟਨਾਵਾਂ ਦਾ ਸਹੀ ਲਾਭ ਤਾਂ ਹੀ ਉਠਾਇਆ ਜਾ ਸਕਦਾ ਹੈ, ਜੇਕਰ ਉਨ੍ਹਾਂ ਤੋਂ ਸੇਧ ਲੈ ਕੇ ਅਜੋਕੇ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਦਿਆਂ ਸਿੱਖ ਜਥੇਬੰਦੀਆਂ ਵਿੱਚ ਆਪਸੀ ਤਾਲਮੇਲ ਤੇ ਪ੍ਰਬੰਧ ਪੈਦਾ ਕੀਤਾ ਜਾ ਸਕੇ। ਜੇ ਪੰਥ-ਦਰਦੀ ਦ੍ਰਿਸ਼ਟੀ ਤੋਂ ਮੁਤਾਲਿਆ ਕੀਤਾ ਜਾਵੇ ਤਾਂ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਜੋਕੇ ਗੁਰਦੁਆਰਾ ਸਾਹਿਬਾਨ ਗੁਰਮਤਿ ਪ੍ਰਚਾਰ ਕੇਂਦਰ ਨਾ ਹੋ ਕੇ ਕੇਵਲ ਧੜੇਬੰਦੀ, ਰਾਜਨੀਤੀ ਦੇ ਅੱਡੇ ਬਣ ਕੇ ਰਹਿ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪ੍ਰਮੁਖ ਸੰਵਿਧਾਨਕ ਸੰਸਥਾਵਾਂ ਕੇਵਲ ਰਾਜਸੀ-ਸੱਤਾ ਪ੍ਰਾਪਤੀ ਦਾ ਪੜੁੱਲ ਬਣ ਚੁੱਕੀਆਂ ਹਨ। ਗੁਰਦੁਆਰਿਆਂ ਦੇ ਅਹੁਦੇਦਾਰ ਆਗੂ ਗੁਰੂ ਕੀ ਗੋਲਕ ਨੂੰ ਮਹੰਤਾਂ ਵਾਂਗ ਆਪਣੇ ਧੜਿਆਂ ਦੀ ਮਜ਼ਬੂਤੀ ਤੇ ਅਯਾਸ਼ਪੁਣੇ ਲਈ ਵਰਤਣ ਤੋਂ ਵੀ ਸੰਕੋਚ ਨਹੀਂ ਕਰਦੇ। ਅਜਿਹੇ ਵੋਟ ਬਟੋਰੂ ਸਿੱਖ ਆਗੂਆਂ ਦੀ ਬਦੌਲਤ ਦੇਹਧਾਰੀ ਗੁਰੂ-ਦੰਭ ਦੇ ਪ੍ਰਚਾਰਕ ਸਿੱਖ ਡੇਰੇਦਾਰ, ਗੁਰਦੁਆਰਿਆਂ ਦੇ ਨਾਂ ਹੇਠ ਆਪਣੇ ਆਪਣੇ ਵਿਅਕਤੀਗਤ ਡੇਰਿਆਂ ਨੂੰ ਪ੍ਰਫੁਲਿਤ ਕਰੀ ਜਾ ਰਹੇ ਹਨ। ਇਹ ਇੱਕ ਐਸਾ ਪੰਥ-ਧ੍ਰੋਹੀ ਧੋਖਾ ਹੈ, ਜਿਸ ਪ੍ਰਤੀ ਸਿੱਖ ਸੰਗਤ ਲਈ ਜਾਗਰੂਕ ਹੋਣਾ ਅਤੇ 20ਵੀਂ ਸਦੀ ਦੇ ਅਰੰਭਕ ਦੌਰ ਵਾਲੀ ਗੁਰਦੁਆਰਿਆਂ ਦੀ ਪ੍ਰਬੰਧਕੀ ਸੁਧਾਰ ਲਹਿਰ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਲਾਜ਼ਮੀ ਹੈ।
ਹੁਣ ਜਦੋਂ ਸੰਸਾਰਭਰ ਦੀ ਸਮੁੱਚੀ ਸਿੱਖ ਸੰਗਤ ਸ੍ਰੀ ਨਾਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾਉਣ ਦੀ ਤਿਆਰੀ ਵਿੱਚ ਹੈ ਤਾਂ ਉਸ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਸ਼ਹੀਦੀ ਸਾਕੇ ਦੇ ਕੌਮੀ ਸੁਨੇਹਿਆਂ ਨੂੰ ਜ਼ਰੂਰ ਧਿਆਨ ਵਿੱਚ ਰੱਖੇ। ਸਭ ਤੋਂ ਪਹਿਲਾ ਸੁਨੇਹਾ ਇਹੀ ਮਿਲਦਾ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਪੰਥਕ ਮਰਯਾਦਾ ਅਤੇ ਮਨੋਰਥ ਦੀ ਪੂਰਤੀ ਕੇਵਲ ਉਨ੍ਹਾਂ ਗੁਰਸਿੱਖਾਂ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੋ ਸਕਦੀ ਹੈ ਜਿਹੜੇ ਗੁਰਮਤਿ ਦੇ ਧਾਰਨੀ ਹੋਣ, ਨਾ ਕਿ ਸਾਬਤ-ਸੂਰਤ ਸਿੱਖਾਂ ਦੇ ਭੇਖ ਵਿੱਚ ਉਦਾਸੀਆਂ, ਰਾਮਰਾਈਆਂ ਤੇ ਮੀਣਿਆਂ ਵਰਗੇ ਡੇਰੇਦਾਰਾਂ ਜਾਂ ਲਾਲਾ ਲਾਜਪਤ ਰਾਇ ਵਰਗੇ ਪੰਥ-ਵਿਰੋਧੀ ਅਨਮਤੀ ਅਨੁਯਾਈਆਂ ਦੇ ਪ੍ਰਬੰਧ ਹੇਠ, ਜੋ ਆਪਣਾ ਕਬਜ਼ਾ ਜਮਾਈ ਰੱਖਣ ਲਈ ਨਰੈਣੂ ਮਹੰਤ ਵਾਂਗ ਸਮਕਾਲੀ ਹਾਕਮਾਂ ਦੇ ਹੱਥ ਠੋਕੇ ਬਣ ਕੇ ਵਰਤਣ।
ਦੂਜਾ ਸਥਾਨਕ ਸਿੱਖ ਜਥਿਆਂ ਲਈ ਪੰਥ-ਪ੍ਰਸਤ ਸਿਰਮੌਰ ਜਥੇਬੰਦੀ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਅਤੇ ਵਿਰੋਧੀ ਧਿਰ ਦੀ ਸ਼ਕਤੀ ਤੇ ਤਿਆਰੀ ਬਾਰੇ ਪੂਰਨ ਜਾਣਕਾਰੀ ਹਾਸਲ ਕਰਕੇ ਹੋਸ਼ ਪੂਰਵਕ ਕੋਈ ਕਾਰਵਾਈ ਕਰਨੀ ਚਾਹੀਦੀ ਹੈ, ਨਾ ਕਿ ਕੇਵਲ ਪੰਥਕ ਜੋਸ਼ ਤੇ ਜਜ਼ਬੇ ਅਧੀਨ ਜਿਸ ਨਾਲ ਵਧੇਰੇ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਵਧਣ।
ਤੀਜਾ ਤੇ ਸਭ ਤੋਂ ਅਹਿਮ ਨੁਕਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁੱਢਲੀ ਸਥਾਪਨਾ ਵੇਲੇ ਅਪਣਾਈ ਸਰਬਤ ਖ਼ਾਲਸੇ ਵਾਲੀ ਪ੍ਰੰਪਰਾਗਤ ਪੰਥਕ-ਜੁਗਤਿ ਅਧੀਨ ਸਿੱਖ ਆਗੂ ਉਹ ਚੁਣੇ ਜਾਣ, ਜਿਹੜੇ ਜਥੇਦਾਰ ਕਰਤਾਰ ਸਿੰਘ ‘ਝੱਬਰ’ ਵਾਂਗ ਗੁਰਦੁਆਰਿਆਂ ਦੇ ਪ੍ਰਬੰਧਕੀ ਪੱਖ ਨੂੰ ਸੁਧਾਰਨ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਤੋਂ ਵੀ ਨਾ ਝਿਜਕਣ, ਗੁਰਮਤਿ ਸਿਧਾਂਤਾਂ ਨੂੰ ਭਲੀਭਾਂਤ ਸਮਝਣ ਅਤੇ ਪੰਥਕ ਫ਼ੈਸਲਿਆਂ ਨੂੰ ਮੰਨਣ ਦੇ ਪਾਬੰਦ ਵੀ ਹੋਣ ਪਰੰਤੂ ਇਹ ਵੀ ਸੱਚ ਹੈ ਕਿ ਹੁਣ ਜਦੋਂ ਪੰਥਕ ਤੌਰ ’ਤੇ ਪ੍ਰਵਾਨ ਕੀਤੇ ਦੇਸ਼ ਦੇ ਸੰਵਿਧਾਨਕ ਤੇ ਇਲੈਕਸ਼ਨ ਸਿਸਟਿਮ ਅਧੀਨ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਸਿਰ ’ਤੇ ਹਨ ਤਾਂ ਅਜਿਹੇ ਮੌਕੇ ਹੰਗਾਮੀ ਤੌਰ ’ਤੇ ਉਪਰੋਕਤ ਕਿਸਮ ਦਾ ਗੁਰਮਤੀ ਸਲੈਕਸ਼ਨ ਸਿਸਟਿਮ ਅਪਣਉਣਾ ਜੇ ਅਸੰਭਵ ਹੈ ਤਾਂ ਘੱਟੋ-ਘੱਟ ਐਸਾ ਕੌਮੀ ਯਤਨ ਤਾਂ ਜ਼ਰੂਰ ਹੋਵੇ ਕਿ ਉਹੀ ਗੁਰਸਿੱਖ ਵਿਅਕਤੀ ਮੈਂਬਰ ਚੁਣੇ ਜਾਣ, ਜਿਹੜੇ ਲਿਖਤੀ ਐਲਾਨ ਕਰਨ ਕਿ ਉਹ ਆਪਣੀ ਸੇਵਾ ਦਰਮਿਆਨ ਕੋਈ ਵੀ ਰਾਜਸੀ ਚੋਣ ਨਹੀਂ ਲੜਣਗੇ ਅਤੇ ਨਾ ਹੀ ਕਿਸੇ ਲਾਭਦਾਇਕ ਰਾਜਸੀ ਅਹੁਦੇ ਲਈ ਨਾਮਜ਼ਦ ਹੋਣਗੇ। ਬਰਾਦਰੀਵਾਦ ਤੇ ਪਰਵਾਰਵਾਦ ਤੋਂ ਮੁਕਤ ਰਹਿਣਗੇ। ਕੌਮੀ ਸੰਪਤੀ ਨੂੰ ਧੜੇਬੰਦਕ ਟ੍ਰਸਟ ਬਣਾ ਕੇ ਨਹੀਂ ਹੜੱਪਣਗੇ ਭਾਵੇਂ ਕਿ ਇਹ ਪੱਖ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਚੋਣ ਸਿਸਟਿਮ ਕੋਈ ਵੀ ਹੋਵੇ, ਉਹ ਸਫਲ ਤਾਂ ਹੀ ਹੋ ਸਕਦਾ ਹੈ ਜੇ ਸਾਰੇ ਵੋਟਰ ਹਰੇਕ ਪੱਖੋਂ ਜਾਗਰੂਕ ਹੋਣ ਤੇ ਧਰਮ ਨੂੰ ਧੜਾ ਬਣਾਉਣ । ਗੁਰਵਾਕ ਹੈ ‘‘ਹਮ ਹਰਿ ਸਿਉ ਧੜਾ ਕੀਆ, ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ; ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥’’ (ਮਹਲਾ ੪/੩੬੬)
ਭੁੱਲ-ਚੁੱਕ ਮੁਆਫ਼ ਕਰਨੀ ਜੀ !