ਸਚਖੰਡਿ ਵਸੈ ਨਿਰੰਕਾਰੁ॥

0
1385

ਸਚਖੰਡਿ ਵਸੈ ਨਿਰੰਕਾਰੁ॥

ਰਣਜੀਤ ਸਿੰਘ, B.Sc., M.A., M.Ed.,ਹੈਡਮਾਸਟਰ (ਸੇਵਾ ਮੁਕਤ) (ਲੁਧਿਆਣਾ)-99155-15436

ਮਨੁੱਖਾ ਜੂਨ; ਪ੍ਰਮਾਤਮਾ ਵੱਲੋਂ ਸਾਜੀ ਹੋਈ ਸਰਵੋਤਮ ਜੂਨ ਹੈ। ਜੀਵਨ ਸਫਰ ਕਰਦਿਆਂ ਸਰੀਰਕ ਤੌਰ ’ਤੇ ਮਨੁੱਖ ਕਈ ਅਵਸਥਾਵਾਂ ਵਿੱਚੋਂ ਲੰਘਦਾ ਹੈ। ਮੋਟੇ ਤੌਰ ’ਤੇ ਅਸੀਂ ਤਿੰਨ ਅਵਸਥਾਵਾਂ ਬਾਰੇ ਹੀ ਜ਼ਿਕਰ ਕਰਦੇ ਹਾਂ ਤੇ ਉਹ ਹਨ: ‘ਬਚਪਨ, ਜਵਾਨੀ ਤੇ ਬੁਢੇਪਾ’। ਗੁਰੂ ਤੇਗ਼ ਬਹਾਦਰ ਜੀ ਫ਼ੁਰਮਾਉਂਦੇ ਹਨ : ‘‘ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥’’ (ਗੁਰੂ ਤੇਗ਼ ਬਹਾਦਰ ਜੀ/੧੪੨੮) ਪ੍ਰੰਤੂ ਇਹ ਜ਼ਰੂਰੀ ਨਹੀਂ ਕਿ ਹਰ ਮਨੁੱਖ ਉੱਤੇ ਇਹ ਤਿੰਨੇ ਅਵਸਥਾਵਾਂ ਆਉਣ। ਅਕਾਲ ਪੁਰਖ ਦੇ ਹੁਕਮ ਵਿੱਚ ਇਹ ਸਰੀਰ ਕਿਸੇ ਵੀ ਅਵਸਥਾ ਵਿੱਚ ਬਿਨਸ ਸਕਦਾ ਹੈ ਭਾਵੇਂ ਉਹ ਬਚਪਨ ਹੋਵੇ, ਜਵਾਨੀ ਜਾਂ ਬੁਢੇਪਾ। ਫਿਰ ਵੀ ਜੋ ਮਨੁੱਖ ਬੁਢੇਪੇ ਤੱਕ ਪਹੁੰਚੇ ਹਨ ਉਹਨਾਂ ਨੂੰ ਬਚਪਨ ਤੇ ਜਵਾਨੀ ਵਿੱਚੋਂ ਲੰਘਣਾ ਪੈਂਦਾ ਹੈ।

ਇਸੇ ਤਰ੍ਹਾਂ ਅਧਿਆਤਮਕ ਮਾਰਗ ਤੇ ਆਤਮਿਕ ਤੌਰ ’ਤੇ ਮਨੁੱਖ; ਗੁਰੂ ਦੇ ਰਾਹ ’ਤੇ ਚੱਲ ਕੇ ਵੱਖ ਵੱਖ ਅਵਸਥਾਵਾਂ ਪਾਰ ਕਰਦਾ ਹੋਇਆ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਸਚਖੰਡਿ ਵਾਲੀ ਅਵਸਥਾ ’ਤੇ ਪਹੁੰਚਣ ਵਿੱਚ ਕਾਮਯਾਬ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ‘ਜਪੁ’ ਬਾਣੀ ਵਿੱਚ ਇਸ ਸਿਖਰਲੀ ਅਵਸਥਾ ਭਾਵ ਸਹਿਜ ਅਵਸਥਾ ’ਤੇ ਪਹੁੰਚਣ ਲਈ ਪੰਜ ਪੜਾਵਾਂ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਪੰਜ ਖੰਡ ਕਿਹਾ ਗਿਆ ਹੈ। ਇਹ ਪੰਜ ਖੰਡ ਹਨ : ‘ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸਚਖੰਡਿ’। ਆਤਮਿਕ ਮਾਰਗ ਦਾ ਆਖਰੀ ਪੜਾਅ ਸਚਖੰਡਿ ਹੈ। ਇੱਥੇ ਪਹੁੰਚਣ ਲਈ ਸਰੀਰਕ ਉਮਰ ਦਾ ਕੋਈ ਤਕਾਜ਼ਾ ਨਹੀਂ। ਛੋਟੀ ਤੋਂ ਛੋਟੀ ਉਮਰ ਵਿੱਚ ਤੇ ਵੱਡੀ ਤੋਂ ਵੱਡੀ ਉਮਰ ਵਿੱਚ ਪਹੁੰਚਿਆ ਜਾ ਸਕਦਾ ਹੈ। ਧਰੂ ਭਗਤ ਤੇ ਪ੍ਰਹਿਲਾਦ ਭਗਤ ਨੂੰ ਬਚਪਨ ਵਿੱਚ ਹੀ ਇਸ ਅਵਸਥਾ ਦੀ ਸੋਝੀ ਹੋਈ, ਮੰਨੀ ਗਈ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਪੰਜ ਸਾਲ ਦੀ ਉਮਰ ਵਿੱਚ ਗੁਰਗੱਦੀ ’ਤੇ ਬਿਰਾਜਮਾਨ ਹੋ ਕੇ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦੇਣ ਲੱਗ ਪਏ ਸਨ। ਦੂਜੇ ਪਾਸੇ ਗੁਰੂ ਅਮਰਦਾਸ ਜੀ ਵਡੇਰੀ ਉਮਰ ਵਿੱਚ ਸੱਚਖੰਡਿ ਅਵਸਥਾ ਵਿੱਚ ਪਹੁੰਚ ਕੇ ਸੰਗਤਾਂ ਨੂੰ ਅਕਾਲ ਪੁਰਖ ਨਾਲ ਜੋੜਨ ਲੱਗੇ।

ਸੱਚ ਖੰਡ ਕੀ ਹੈ ? ਇਹ ਆਤਮਾ ਤੇ ਪ੍ਰਮਾਤਮਾ ਦਾ ਮੇਲ ਹੈ। ਇਹ ਆਤਮਕ ਮਾਰਗ ਦਾ ਸਿਖਰ ਹੈ। ਇਸ ਅਵਸਥਾ ’ਤੇ ਪਹੁੰਚੇ ਮਨੁੱਖ ਲਈ ਸਮੁੱਚੀ ਕਾਇਨਾਤ ਹੀ ਇਕ ਅਕਾਲ ਪੁਰਖ ਦਾ ਰੂਪ ਜਾਪਦੀ ਹੈ। ਉਸ ਨੂੰ ਹਰ ਇੱਕ ਵਿੱਚ ਉਸ ਦੀ ਜੋਤਿ ਦਿਸਦੀ ਹੈ। ਆਪਣੇ ਪਰਾਏ ਵਿੱਚ ਕੋਈ ਫ਼ਰਕ ਨਹੀਂ ਦਿਸਦਾ। ਇਸ ਅਵਸਥਾ ’ਤੇ ਪਹੁੰਚੇ ਮਨੁੱਖ ਲਈ ਦੁੱਖ, ਸੁੱਖ, ਮਿੱਟੀ, ਸੋਨਾ, ਤਖ਼ਤ ਜਾਂ ਤਖ਼ਤਾ ਸਭ ਇੱਕ ਸਮਾਨ ਹਨ। ਇਸ ਸਭ ਨੂੰ ਉਹ ਅਕਾਲ ਪੁਰਖ ਦਾ ਹੁਕਮ ਹੀ ਸਮਝਦਾ ਹੈ। ਫੁੱਲਾਂ ਦੀ ਸੇਜ ਅਤੇ ਕੰਡਿਆਂ ਦੀ ਵਾੜ ਉਸ ਲਈ ਇੱਕ ਸਮਾਨ ਹੁੰਦੀ ਹੈ। ਅਜਿਹੀ ਅਵਸਥਾ ਦਾ ਬਿਆਨ ਕਰਦੇ ਹੋਏ ਗੁਰੂ ਤੇਗ਼ ਬਹਾਦਰ ਜੀ ਫ਼ੁਰਮਾਉਂਦੇ ਹਨ : ‘‘ਜੋ ਨਰੁ; ਦੁਖ ਮੈ, ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ॥੧॥ ਰਹਾਉ ॥’’ (ਗੁਰੂ ਤੇਗ਼ ਬਹਾਦਰ ਜੀ/੬੩੩)

ਮਹਾਂਰਾਸ਼ਟਰ ਦੇ ਰਹਿਣ ਵਾਲੇ ਸੰਤ ਤੁੱਕਾ ਰਾਮ ਜੀ ਜਦੋਂ ਅਜਿਹੀ ਅਵਸਥਾ ਵਿੱਚ ਪਹੁੰਚੇ ਤਾਂ ਇੱਕ ਦਿਨ ਪਤਨੀ ਨਾਲ ਸਵੇਰ ਵੇਲੇ ਸੈਰ ਕਰ ਰਹੇ ਸਨ ਕਿ ਅੱਗੇ ਇੱਕ ਸੋਨੇ ਦਾ ਕੈਂਠਾ ਪਿਆ ਦੇਖਿਆ। ਉਹਨਾਂ ਦੇ ਮਨ ਵਿੱਚ ਖ਼ਿਆਲ ਆਇਆ ਕਿਤੇ ਉਹਨਾਂ ਦੀ ਪਤਨੀ ਸੋਨੇ ਦਾ ਕੈਂਠਾ ਵੇਖ ਕੇ ਲਲਚਾ ਨਾ ਜਾਵੇ। ਉਹਨਾਂ ਨੇ ਅੱਗੇ ਹੋ ਕੇ ਉਸ ਸੋਨੇ ਦੇ ਕੈਂਠੇ ’ਤੇ ਮਿੱਟੀ ਪਾ ਦਿੱਤੀ। ਪਿੱਛੋਂ ਉਹਨਾਂ ਦੀ ਪਤਨੀ ਜਿਸ ਦੀ ਆਤਮਕ ਅਵਸਥਾ ਬਹੁਤ ਉੱਚੀ ਹੋ ਚੁੱਕੀ ਸੀ ਆਪਣੇ ਪਤੀ ਨੂੰ ਕਹਿਣ ਲੱਗੀ ਸਵਾਮੀ ਜੀ  ! ਇਹ ਕੀ ਕਰ ਰਹੇ ਹੋ ? ਮਿੱਟੀ ਦੇ ਉੱਤੇ ਮਿੱਟੀ ਪਾ ਰਹੇ ਹੋ। ਇਹ ਸ਼ਬਦ ਸੁਣ ਕੇ ਸਵਾਮੀ ਨੇ ਆਪਣੀ ਪਤਨੀ ਦੇ ਚਰਨ ਫੜ ਲਏ।

ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ, ਜੋ ਮਨ ਦੀ ਅਵਸਥਾ ਅਨੰਦਪੁਰ ਸਾਹਿਬ ਵਿਖੇ ਸਜੇ ਹੋਏ ਦੀਵਾਨ ਵਿੱਚ ਸੀ, ਉਹੋ ਹੀ ਮਨ ਦੀ ਅਵਸਥਾ ਮਾਛੀਵਾੜੇ ਦੇ ਜੰਗਲ ਵਿੱਚ ਸੀ ਜਦੋਂ ਕਿ ਉਹਨਾਂ ਦੇ ਸਰੀਰ ’ਤੇ ਪਾਇਆ ਚੋਲ਼ਾ ਲੀਰੋ ਲੀਰ ਹੋ ਚੁੱਕਾ ਸੀ।  ਪੈਰਾਂ ਵਿੱਚ ਕੰਡੇ ਚੁੱਭੇ ਹੋਏ ਸਨ ਤੇ ਖ਼ੂਨ ਸਿਮ ਰਿਹਾ ਸੀ।

ਪ੍ਰਮਾਤਮਾ ਨਾਲ ਇੱਕ ਰੂਪ ਹੋਣ ਵਾਲੀ ਆਤਮਕ ਅਵਸਥਾ ਵਿੱਚ ਪਹੁੰਚੇ ਮਨੁੱਖ ਉੱਤੇ ਪ੍ਰਮਾਤਮਾ ਦੀ ਬਖ਼ਸ਼ਸ਼ ਦਾ ਦਰਵਾਜ਼ਾ ਖੁੱਲ੍ਹਦਾ ਹੈ। ਉਸ ਨੂੰ ਸਭ ਆਪਣੇ ਹੀ ਦਿੱਸਦੇ ਹਨ। ਹਰ ਪਾਸੇ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਹਮੇਸ਼ਾਂ ਪ੍ਰਭੂ ਦੀ ਸਿਫ਼ਤ ਸਲਾਹ ਵਿੱਚ ਜੁੜੀ ਰਹਿੰਦੀ ਹੈ। ਮਾਇਆ ਅਜਿਹੇ ਜੀਵਾਂ ਉੱਤੇ ਆਪਣਾ ਕੋਈ ਪ੍ਰਭਾਵ ਨਹੀਂ ਪਾ ਸਕਦੀ। ਉਸ ਦੀ ਆਤਮਾ ਏਨੀ ਬਲਵਾਨ ਹੋ ਜਾਂਦੀ ਹੈ ਕਿ ਜਨਮ ਅਤੇ ਮਰਨ ਵੀ ਉਸ ਨੂੰ ਬਰਾਬਰ ਹੀ ਜਾਪਦੇ ਹਨ ਤੇ ਉਹ ਦੋਹਾਂ ਹਾਲਾਤਾਂ ਨੂੰ ਪ੍ਰਮਾਤਮਾ ਦੀ ਰਜ਼ਾ, ਹੁਕਮ ਤੇ ਭਾਣਾ ਹੀ ਸਮਝਦਾ ਹੈ।

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦਾ ਸਪੁੱਤਰ ਬਾਬਾ ਅਟੱਲ ਰਾਏ ਜੀ 9 ਸਾਲ ਦੀ ਉਮਰ ਵਿੱਚ ਚੜ੍ਹਾਈ ਕਰ ਗਏ ਸਨ। ਗੁਰੂ ਸਾਹਿਬ ਦੇ ਚਿਹਰੇ ’ਤੇ ਜਲਾਲ ਉਸੇ ਤਰ੍ਹਾਂ ਹੀ ਕਾਇਮ ਸੀ। ਦਰਬਾਰ ਸਜਿਆ ਹੋਇਆ ਸੀ ਤੇ ਸੰਗਤਾਂ ਨੂੰ ਚੜ੍ਹਦੀ ਕਲਾ ਦਾ ਉਪਦੇਸ਼ ਦੇ ਰਹੇ ਸਨ। ਉਹਨਾਂ ਦੇ ਸਾਂਢੂ ਸਾਈਂ ਦਾਸ ਜੀ ਇਹ ਸਭ ਕੁੱਝ ਵੇਖ ਕੇ ਹੈਰਾਨ ਹੋ ਗਏ। ਉਹਨਾਂ ਤੋਂ ਰਿਹਾ ਨਾ ਗਿਆ ਤੇ ਪੁੱਛਿਆ ਸੱਚੇ ਪਾਤਸ਼ਾਹ  ! ਤੁਹਾਨੂੰ ਆਪਣੇ ਪੁੱਤਰ ਦੇ ਵਿਛੋੜੇ ਦਾ ਕੋਈ ਅਫ਼ਸੋਸ ਨਹੀਂ ਹੋਇਆ। ਗੁਰੂ ਪਾਤਸ਼ਾਹ ਨੇ ਸਮਝਾਉਣ ਲਈ ਸਾਈਂ ਦਾਸ ਜੀ ਨੂੰ ਕਿਹਾ ਕਿ ਜ਼ਮੀਨ ਦੇ ਉੱਤੇ ਇੱਕ ਲਕੀਰ ਖਿੱਚੋ। ਉਹਨਾਂ ਨੇ ਲਕੀਰ ਖਿੱਚ ਦਿੱਤੀ ਤੇ ਫਿਰ ਉਸ ਲਕੀਰ ਨੂੰ ਮਿਟਾਉਣ ਲਈ ਕਿਹਾ ਜਿਸ ਨੂੰ ਉਹਨਾਂ ਨੇ ਹੱਥ ਫੇਰ ਕੇ ਮਿਟਾ ਦਿੱਤਾ। ਫਿਰ ਗੁਰੂ ਪਾਤਸ਼ਾਹ ਨੇ ਸੁਆਲ ਕੀਤਾ ਕਿ ਸਾਈਂ ਦਾਸ ਜੀ  ! ਇਹ ਦੱਸੋ ਕਿ ਲਕੀਰ ਖਿੱਚਣ ਵੇਲੇ ਤੁਹਾਨੂੰ ਕਿੰਨੀ ਖ਼ੁਸ਼ੀ ਹੋਈ ਤੇ ਲਕੀਰ ਮੇਟਣ ਵੇਲੇ ਕਿੰਨੀ ਉਦਾਸੀ ਹੋਈ। ਸਾਈਂ ਦਾਸ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ  ! ਇਸ ਵਿੱਚ ਖ਼ੁਸ਼ੀ ਤੇ ਉਦਾਸੀ ਵਾਲੀ ਕਿਹੜੀ ਗੱਲ ਸੀ ? ਤੁਹਾਡੇ ਹੁਕਮ ਨਾਲ ਹੀ ਮੈਂ ਲਕੀਰ ਖਿੱਚੀ ਸੀ ਤੇ ਤੁਹਾਡੇ ਹੁਕਮ ਨਾਲ ਹੀ ਮਿਟਾ ਦਿੱਤੀ ਹੈ। ਫਿਰ ਗੁਰੂ ਪਾਤਸ਼ਾਹ ਨੇ ਸਮਝਾਉਂਦੇ ਹੋਏ ਕਿਹਾ ਕਿ ਸਾਈਂ ਦਾਸ ਜੀ ! ਬਾਬਾ ਅਟੱਲ ਰਾਏ ਵੀ ਅਕਾਲ ਪੁਰਖ ਦੇ ਹੁਕਮ ਨਾਲ ਇੱਕ ਲਕੀਰ ਦੀ ਨਿਆਈਂ ਆਏ ਸਨ ਤੇ ਉਸ ਦੇ ਹੁਕਮ ਵਿੱਚ ਹੀ ਲਕੀਰ ਮਿਟਣ ਸਮਾਨ ਚੜ੍ਹਾਈ ਕਰ ਗਏ ਸਨ। ਫਿਰ ਮਨ ਵਿੱਚ ਗਮੀ ਕਾਹਦੀ ਹੋਣੀ ਸੀ ?

ਸੋ ਇਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਦੀ ਆਤਮਕ ਅਵਸਥਾ ਏਨੀ ਉੱਚੀ ਹੋ ਜਾਂਦੀ ਹੈ ਕਿ ਉਸ ਉੱਤੇ ਕਿਸੇ ਵੀ ਘਟਨਾ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਮਨ ਹਮੇਸ਼ਾਂ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਭਾਈ ਭਿਖਾਰੀ ਦੀ ਉੱਚ ਆਤਮਕ ਅਵਸਥਾ ਨੂੰ ਇਤਿਹਾਸ ਨੇ ਕਲਮ ਬੰਦ ਕੀਤਾ ਹੈ। ਇੱਕ ਪਾਸੇ ਪੁੱਤਰ ਦੇ ਵਿਆਹ ਦੀ ਤਿਆਰੀ ਹੋ ਰਹੀ ਹੈ ਤੇ ਦੂਜੇ ਪਾਸੇ ਵਿਆਹ ਉਪਰੰਤ ਉਸ ਦੀ ਮੌਤ ਦਾ ਪਤਾ ਹੋਣ ’ਤੇ ਅੰਤਮ ਰਸਮਾਂ ਦੀ ਤਿਆਰੀ ਵਿੱਚ ਜੁਟੇ ਹੋਏ ਹਨ। ਪੁੱਛਣ ਵਾਲਿਆਂ ਨੂੰ ਦੱਸਿਆ ਕਿ ਇਹ ਸਭ ਕੁੱਝ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਸਚਖੰਡਿ ਕਿਸੇ ਖ਼ਾਸ ਅਸਥਾਨ ਜਾਂ ਵਸਤੂ ਦਾ ਨਾਮ ਨਹੀਂ ਸਗੋਂ ਇਹ ਉਹ ਅਵਸਥਾ ਹੈ ਜਦੋਂ ਭਗਤ ਦੇ ਅੰਦਰ ਸੱਚੇ ਪ੍ਰਭੂ ਦਾ ਹੀ ਨਿਰੋਲ ਪ੍ਰਭਾਵ ਰਹਿ ਜਾਂਦਾ ਹੈ, ਫਿਰ ਉਹ ਸੱਚ ਹੀ ਬੋਲਦਾ ਹੈ ਤੇ ਸਦਾ ਸੱਚਾ ਜੀਵਨ ਹੀ ਬਤੀਤ ਕਰਦਾ ਹੈ।

ਉਸ ਦੀ ਸਾਰੀ ਕਾਰ ਵਿਹਾਰ ਸੱਚ ਦਾ ਰੂਪ ਹੀ ਹੋ ਜਾਂਦੀ ਹੈ। ਉਸ ਦੇ ਕਰਮ ਇੰਦਰਿਆਂ ਅਤੇ ਗਿਆਨ ਇੰਦਰਿਆਂ ਵਿੱਚ ਸੱਚ ਦਾ ਹੀ ਪ੍ਰਕਾਸ਼ ਹੁੰਦਾ ਹੈ। ਉਸ ਦੀ ਸਾਰੀ ਕਾਰ ਵਿਹਾਰ, ਖਾਣਾ-ਪੀਣਾ, ਹੱਸਣਾ ਖੇਡਣਾ, ਗ੍ਰਹਿਸਤ ਵਿੱਚ ਰਹਿਣਾ, ਆਦਿ ਸਭ ਸੱਚ ’ਤੇ ਹੀ ਅਧਾਰਿਤ ਹੋ ਜਾਂਦਾ ਹੈ। ਉਹ ਪ੍ਰਮਾਤਮਾ ਨਾਲ ਇਸ ਤਰ੍ਹਾਂ ਇੱਕ ਮਿੱਕ ਹੋ ਜਾਂਦਾ ਹੈ; ਜਿਵੇਂ ਕਿ ਪਾਣੀ ਦਾ ਪਾਣੀ ਨਾਲ ਮਿਲਣਾ। ਗੁਰੂ ਤੇਗ਼ ਬਹਾਦਰ ਜੀ ਇਸ ਅਵਸਥਾ ਨੂੰ ਬਿਆਨ ਕਰਦੇ ਹੋਏ ਫ਼ੁਰਮਾਉਂਦੇ ਹਨ : ‘‘ਨਾਨਕ  ! ਲੀਨ ਭਇਓ ਗੋਬਿੰਦ ਸਿਉ; ਜਿਉ ਪਾਨੀ ਸੰਗਿ ਪਾਨੀ ॥੩॥੧੧॥’’ (ਸੋਰਠਿ/ਗੁਰੂ ਤੇਗ਼ ਬਹਾਦਰ ਜੀ/੬੩੩)

ਇਸ ਉੱਚੀ ਅਵਸਥਾ ’ਤੇ ਪਹੁੰਚੇ ਹੋਏ ਮਨੁੱਖ ਨੂੰ ਸੋਝੀ ਹੋ ਜਾਂਦੀ ਹੈ ਕਿ ਪ੍ਰਮਾਤਮਾ, ਸਾਰੇ ਜੀਵਾਂ ਦੀ ਕਿਵੇਂ ਸੰਭਾਲ ਕਰ ਰਿਹਾ ਹੈ। ਪਾਣੀ ਵਿੱਚ ਰਹਿਣ ਵਾਲੇ ਜੀਵ, ਧਰਤੀ ’ਤੇ ਰਹਿਣ ਵਾਲੇ, ਅਕਾਸ਼ ਵਿੱਚ ਉੱਡਣ ਵਾਲੇ ਅਤੇ ਧਰਤੀ ਦੇ ਅੰਦਰ ਰਹਿ ਰਹੇ ਜੀਵਾਂ ਦਾ ਉਹ ਕਿਵੇਂ ਪਾਲਣ ਪੋਸ਼ਣ ਕਰ ਰਿਹਾ ਹੈ। ਪ੍ਰਮਾਤਮਾ ਵੱਲੋਂ ਇੱਕ ਮਿੱਕ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਪ੍ਰਮਾਤਮਾ ਦੇ ਸਾਜੇ ਹੋਏ ਬ੍ਰਹਿਮੰਡ ਵਿੱਚ ਅਨੇਕਾਂ ਹੀ ਧਰਤੀਆਂ, ਸੂਰਜ, ਚੰਦ, ਬੇਅੰਤ ਮੰਡਲ, ਬੇਅੰਤ ਖੰਡ, ਬੇਅੰਤ ਖਾਣੀਆਂ ਤੇ ਬੇਅੰਤ ਕਿਸਮਾਂ ਦੇ ਜੀਵ ਹਨ। ਜੇ ਕੋਈ ਮਨੁੱਖ ਕੁਦਰਤ ਦੀ ਬੇਅੰਤਤਾ ਨੂੰ ਬਿਆਨ ਕਰਨਾ ਚਾਹੇ ਤਾਂ ਉਹ ਕਰ ਨਹੀਂ ਸਕਦਾ ਸਗੋਂ ਉਹ ਬਾਅਦ ’ਚ ਪਛਤਾਏਗਾ ਹੀ। ਇਸ ਸਚਖੰਡਿ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਨੂੰ ਬੇਅੰਤ ਭਵਨਾਂ ਅਤੇ ਅਕਾਰਾਂ ਦਾ ਅਨੁਭਵ ਹੁੰਦਾ ਹੈ, ਜਿਹਨਾਂ ਸਭਨਾਂ ਵਿੱਚ ਉਸ ਦੀ ਕਾਰ ਉਸੇ ਤਰ੍ਹਾਂ ਚੱਲ ਰਹੀ ਹੈ; ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ ਭਾਵ ਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਹੀ ਵਰਤਦੀ ਦਿੱਸਦੀ ਹੈ। ਉਸ ਨੂੰ ਪ੍ਰਤੱਖ ਦਿੱਸਦਾ ਹੈ ਕਿ ਪ੍ਰਮਾਤਮਾ ਆਪ ਸਭ ਜੀਵਾਂ ਦੀ ਸੰਭਾਲ਼ ਕਰ ਰਿਹਾ ਹੈ ਅਤੇ ਖ਼ੁਸ਼ ਹੁੰਦਾ ਹੈ। ਇਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕੇਵਲ ਮਹਿਸੂਸ ਹੀ ਕੀਤਾ ਜਾ ਸਕਦਾ ਹੈ; ਜਿਵੇਂ ਗੂੰਗਾ, ਮਿਠਾਈ ਦਾ ਸੁਆਦ ਨਹੀਂ ਸਮਝਾ ਸਕਦਾ, ਕੇਵਲ ਮਿੱਠਾ ਮਹਿਸੂਸ ਹੀ ਕਰਦਾ ਹੈ।

ਇਸ ਅਵਸਥਾ ਨੂੰ ਗੁਰਬਾਣੀ ਵਿੱਚ ਸਚਖੰਡਿ, ਬੇਗਮਪੁਰਾ, ਪਰਮ ਪਦ, ਚੌਥਾ ਪਦ, ਤੁਰੀਆ ਅਵਸਥਾ, ਸਹਿਜ ਅਵਸਥਾ ਅਤੇ ਅਨੰਦ ਦੀ ਅਵਸਥਾ ਨਾਲ ਵੀ ਦਰਸਾਇਆ ਗਿਆ ਹੈ। ਇਸ ਅਵਸਥਾ ’ਤੇ ਪਹੁੰਚਣ ਲਈ ਮਨੁੱਖ ਨੂੰ ਆਪਣੀ ਚੁਤਰਾਈ ਤੇ ਸਿਆਣਪ ਦਾ ਤਿਆਗ ਕਰਨਾ ਪੈਂਦਾ ਹੈ ਕਿਉਂਕਿ ਮਨ ਦੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ। ਗੁਰੂ ਨਾਨਕ ਦੇਵ ਜੀ ‘ਜਪੁ’ ਜੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ : ‘‘ਸਹਸ ਸਿਆਣਪਾ ਲਖ ਹੋਹਿ; ਤ ਇਕ ਨ ਚਲੈ ਨਾਲਿ ॥’’ (ਜਪੁ/ਗੁਰੂ ਨਾਨਕ ਸਾਹਿਬ/੧) ਅਤੇ ‘‘ਚਾਕਰੀਆ ਚੰਗਿਆਈਆ; ਅਵਰ ਸਿਆਣਪ ਕਿਤੁ ॥ ਨਾਨਕ  ! ਨਾਮੁ ਸਮਾਲਿ ਤੂੰ; ਬਧਾ ਛੁਟਹਿ ਜਿਤੁ ॥੬॥੧॥੩॥’’ (ਸੂਹੀ/ਗੁਰੂ ਨਾਨਕ ਸਾਹਿਬ/੭੨੯)

ਕੇਵਲ ਲਗਨ, ਪ੍ਰੇਮ ਤੇ ਸ਼ਰਧਾ ਨਾਲ ਹੀ ਗੁਰੂ ਉਪਦੇਸ਼ ਕਮਾ ਕੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਬਾਬਾ ਲਹਿਣਾ ਜੀ ਜਦੋਂ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਏ ਤਾਂ ਉਹਨਾਂ ਨੇ ਗੁਰੂ ਮੱਤ ਗ੍ਰਹਿਣ ਕਰਕੇ ਉਹ ਸਾਰੇ ਕਰਮਕਾਂਡ ਜਿਨ੍ਹਾਂ ਨੂੰ ਉਹ ਕਈ ਸਾਲਾਂ ਤੋਂ ਕਰਦੇ ਆ ਰਹੇ ਸਨ, ਦਾ ਤਿਆਗ ਕਰ, ਇਸ ਉੱਚੀ ਅਵਸਥਾ ’ਤੇ ਪਹੁੰਚ ਕੇ ਗੁਰੂ ਨਾਲ ਇਕਮਿਕ ਹੋ ਕੇ ਗੁਰੂ ਰੂਪ ਬਣ ਗਏ। ਇਸੇ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਕਈ ਸਾਲਾਂ ਤੋਂ ਨਿਭਾ ਰਹੇ ਵੈਸ਼ਨੋ ਮੱਤ ਦੇ ਕਰਮਕਾਂਡ ਛੱਡ ਕੇ ਗੁਰੂ ਅੰਗਦ ਦੇਵ ਜੀ ਦੀ ਸਿੱਖਿਆ ਨੂੰ ਮਨ ਵਿੱਚ ਵਸਾ ਕੇ ਆਪ ਵੀ ਗੁਰੂ ਰੂਪ ਹੀ ਹੋ ਗਏ।

ਇਸ ਸਚਖੰਡਿ ਅਵਸਥਾ ’ਤੇ ਪਹੁੰਚਣ ਦਾ ਸਫਰ ਕੁੱਝ ਦਿਨਾਂ, ਮਹੀਨਿਆਂ ਜਾਂ ਸਾਲਾਂ ਦਾ ਨਹੀਂ ਸਗੋਂ ਮਨੁੱਖ ਨੇ ਸਾਰਾ ਜੀਵਨ ਹੀ ਇਸ ਪਾਸੇ ਲਾਉਣਾ ਹੁੰਦਾ ਹੈ। ਇਸ ਅਵਸਥਾ ’ਤੇ ਪਹੁੰਚਣ ਲਈ ਮਨੁੱਖ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਆਪਾ ਤਿਆਗ ਕੇ ਆਪਣੀ ਮੱਤ ਦਾ ਤਿਆਗ ਕਰਨਾ ਪੈਂਦਾ ਹੈ।  ਜਪੁ ਜੀ ਸਾਹਿਬ ਦੀ ਬਾਣੀ ਵਿੱਚ ਇਸ ਸਚਖੰਡਿ ਅਵਸਥਾ ਦਾ ਵਰਨਣ ਇਸ ਤਰ੍ਹਾਂ ਕੀਤਾ ਗਿਆ ਹੈ, ‘‘ਸਚਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ; ਨਦਰਿ ਨਿਹਾਲ ॥ ਤਿਥੈ; ਖੰਡ ਮੰਡਲ ਵਰਭੰਡ ॥ ਜੇ ਕੋ ਕਥੈ; ਤ ਅੰਤ ਨ ਅੰਤ ॥ ਤਿਥੈ; ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥ ਵੇਖੈ ਵਿਗਸੈ; ਕਰਿ ਵੀਚਾਰੁ ॥ ਨਾਨਕ  ! ਕਥਨਾ ਕਰੜਾ ਸਾਰੁ ॥੩੭॥’’ (ਜਪੁ/ਗੁਰੂ ਨਾਨਕ ਸਾਹਿਬ/੮)

ਇਸ ਅਵਸਥਾ ’ਤੇ ਪਹੁੰਚਣ ਲਈ ਚਾਰ ਪੜਾਵਾਂ ਭਾਵ ਚਾਰ ਖੰਡਾਂ ਦਾ ਜ਼ਿਕਰ ਕੀਤਾ ਗਿਆ ਹੈ। ਉਹਨਾਂ ਵਿੱਚ ਪਹਿਲਾ ਖੰਡ ਹੈ, ‘ਧਰਮ ਖੰਡ, ਦੂਜਾ ਗਿਆਨਖੰਡ, ਤੀਜਾ ਸਰਮਖੰਡ ਅਤੇ ਚੌਥਾ ਕਰਮਖੰਡ। ਇਹਨਾਂ ਪੜਾਵਾਂ ਵਿੱਚੋਂ ਲੰਘਣ ਉਪਰੰਤ ਮਨੁੱਖ ਸਚਖੰਡਿ ਦੀ ਅਵਸਥਾ ਵਿੱਚ ਪਹੁੰਚਦਾ ਹੈ।

ਧਰਮਖੰਡ ਕੀ ਹੈ ? ਧਰਮ ਦੇ ਸ਼ਬਦ ਕੋਸ਼ ਅਰਥ ਹਨ ਫ਼ਰਜ਼ ਭਾਵ ਮਨੁੱਖ ਆਪਣੇ ਫ਼ਰਜ਼ ਨੂੰ ਪਛਾਣੇ। ਪ੍ਰਮਾਤਮਾ ਨੇ ਉਸ ਨੂੰ ਸੰਸਾਰ ਵਿੱਚ ਕਿਉਂ ਭੇਜਿਆ ਹੈ ? ਮਨੁੱਖ ਇੱਕ ਖ਼ਾਸ ਮਕਸਦ ਲੈ ਕੇ ਸੰਸਾਰ ਵਿੱਚ ਆਇਆ ਹੈ ਤੇ ਉਹ ਮਕਸਦ ਕੀ ਹੈ ? ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥’’ (ਸੋ ਪੁਰਖੁ/ਆਸਾ/ਗੁਰੂ ਅਰਜਨ ਸਾਹਿਬ/੧੨)

ਜਿਸ ਮਨੁੱਖ ’ਤੇ ਪ੍ਰਭੂ ਦੀ ਬਖ਼ਸ਼ਸ਼ ਹੋ ਜਾਂਦੀ ਹੈ ਉਸ ਨੂੰ ਸਮਝ ਪੈ ਜਾਂਦੀ ਹੈ ਕਿ ਉਹ ਸੰਸਾਰ ਵਿੱਚ ਕੀ ਕਰਨ ਆਇਆ ਹੈ। ਉਸ ਨੂੰ ਸੋਝੀ ਹੋ ਜਾਂਦੀ ਹੈ ਕਿ ਉਹ ਇਸ ਧਰਤੀ ’ਤੇ ਧਰਮ ਕਮਾਉਣ ਲਈ ਆਇਆ ਹੈ। ਧਰਮ ਕੀ ਹੈ ? ਇਹ ਮਨੁੱਖਾ ਜੀਵਨ ਲਈ ਇੱਕ ਮਾਰਗ ਹੈ। ਇਸ ਮਾਰਗ ’ਤੇ ਚੱਲ ਕੇ ਮਨੁੱਖ ਨੇ ਆਪਣੇ ਨਿਸ਼ਾਨੇ ’ਤੇ ਪਹੁੰਚਣਾ ਹੁੰਦਾ ਹੈ। ਨਿਸ਼ਾਨਾ ਹੈ ਪ੍ਰਭੂ ਪ੍ਰਾਪਤੀ। ਪ੍ਰਮਾਤਮਾ ਵਾਲੇ ਗੁਣ ਆਪਣੇ ਅੰਦਰ ਪੈਦਾ ਕਰਨੇ ਹਨ। ਮਨੁੱਖ ਤੇ ਪ੍ਰਮਾਤਮਾ ਦੇ ਆਪਸੀ ਸੰਬੰਧਾਂ ਨੂੰ ਹੀ ਧਰਮਖੰਡ ਕਿਹਾ ਗਿਆ ਹੈ। ਧਰਮ ਦੀ ਪਰਿਭਾਸ਼ਾ ਦੱਸਦੇ ਹੋਏ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’’ (ਗਉੜੀ ਸੁਖਮਨੀ/ਗੁਰੂ ਅਰਜਨ ਸਾਹਿਬ/੨੬੬)

ਪ੍ਰਮਾਤਮਾ ਨੇ ਇਹ ਧਰਤੀ ਪੈਦਾ ਕੀਤੀ ਹੀ ‘ਧਰਮ ਕਮਾਉਣ ਵਾਸਤੇ’ ਹੈ, ਜਿੱਥੇ ਬਾਕੀ ਜੀਵ ਇਸ ਧਰਤੀ ’ਤੇ ਰਹਿ ਕੇ ਮਨੁੱਖ ਦੀ ਸੇਵਾ ਕਰਦੇ ਹਨ, ਉੱਥੇ ਮਨੁੱਖ ਇੱਥੇ ਧਰਮ ਕਮਾਉਣ ਲਈ ਆਇਆ ਹੈ। ਬਾਕੀ ਜੀਵਾਂ ਲਈ ਧਰਤੀ ਰਹਿਣ ਦੀ ਥਾਂ ਹੈ ਪਰ ਮਨੁੱਖ ਲਈ ਇਹ ਧਰਤੀ ਧਰਮ ਕਮਾਉਣ ਦੀ ਥਾਂ ‘ਧਰਮਸ਼ਾਲ’ ਹੈ, ‘‘ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ; ਧਰਤੀ ਥਾਪਿ ਰਖੀ, ਧਰਮਸਾਲ ॥੩੪॥’’ (ਜਪੁ/ਗੁਰੂ ਨਾਨਕ ਸਾਹਿਬ/੭)

ਧਰਮਸ਼ਾਲ ਤੋਂ ਭਾਵ ਇਹੀ ਹੈ ਕਿ ਧਰਮ ਕਮਾਉਣ ਦੀ ਥਾਂ ਜਾਂ ਮਨ ਦੀ ਘਾੜਤ ਘੜਨ ਦੀ ਥਾਂ। ਧਰਮ ਦਾ ਉਦੇਸ਼ ਉਸ ਅਨੰਤ ਸ਼ਕਤੀ ਦੇ ਮਾਲਕ; ਪ੍ਰਭੂ ਨਾਲ ਇੱਕਮਿਕ ਹੋਣਾ ਹੈ। ਧਰਮ ਦੇ ਮਾਰਗ ’ਤੇ ਚੱਲਣ ਨਾਲ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪ੍ਰਮਾਤਮਾ ਨੇ ਇਸ ਧਰਮਸ਼ਾਲ ਜਾਂ ਧਰਤੀ ਦੀ ਸੰਭਾਲ਼ ਲਈ ਦਿਨ, ਰਾਤ, ਰੁੱਤਾਂ, ਹਵਾ, ਪਾਣੀ, ਅੱਗ, ਸੂਰਜ, ਤਾਰੇ, ਪ੍ਰਕਾਸ਼ ਅਤੇ ਪਾਤਾਲ ਪੈਦਾ ਕੀਤੇ ਹਨ। ਧਰਮ ਕਮਾਉਣ ਨਾਲ ਮਨੁੱਖ ਨੂੰ ਇਹ ਵੀ ਸਮਝ ਪੈਂਦੀ ਹੈ ਕਿ ਜੀਵਾਂ ਦੇ ਆਪੋ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਅਕਾਲ ਪੁਰਖ ਦੇ ਦਰ ’ਤੇ ਨਿਬੇੜਾ ਹੁੰਦਾ ਹੈ ਅਤੇ ਇਸ ਵਿੱਚ ਕੋਈ ਉਕਾਈ ਨਹੀਂ ਹੁੰਦੀ ਕਿਉਂਕਿ ਪ੍ਰਮਾਤਮਾ ਆਪ ਸੱਚਾ ਹੈ ਤੇ ਇਸ ਦਾ ਦਰਬਾਰ ਵੀ ਸੱਚਾ ਹੈ। ਉਸ ਦੇ ਦਰਬਾਰ ਵਿੱਚ ਧਰਮੀ ਪੁਰਖ ਆਦਰ ਪਾਉਂਦੇ ਹਨ। ਸੰਸਾਰ ਵਿੱਚ ਕੋਈ ਮਨੁੱਖ ਆਪਣੇ ਆਪ ਨੂੰ ਜਿੰਨਾ ਵੱਡਾ ਮਰਜ਼ੀ ਆਖ ਲਵੇ, ਧਰਮੀ ਅਖਵਾ ਲਵੇ, ਲੋਕਾਂ ਕੋਲੋਂ ਉਸਤਤ ਕਰਵਾ ਲਵੇ ਪਰ ਅਸਲ ਨਿਬੇੜਾ ਪ੍ਰਮਾਤਮਾ ਦੇ ਦਰ ’ਤੇ ਹੋਣਾ ਹੈ ਕਿ ਕੌਣ ਵੱਡਾ ਹੈ ਤੇ ਕੌਣ ਛੋਟਾ ਹੈ, ਕੌਣ ਧਰਮੀ ਹੈ ਤੇ ਕੌਣ ਅਧਰਮੀ ਹੈ।  ਧਰਮ ਦੇ ਰਾਹ ’ਤੇ ਚੱਲਣ ਨਾਲ ਹੀ ਮਨੁੱਖ ਨੂੰ ਸਮਝ ਪੈਂਦੀ ਹੈ ਕਿ ਕੱਚਾ ਕੌਣ ਤੇ ਪੱਕਾ ਕੌਣ ਹੈ ?, ‘‘ਕਚ ਪਕਾਈ ਓਥੈ ਪਾਇ ॥  ਨਾਨਕ  ! ਗਇਆ, ਜਾਪੈ ਜਾਇ ॥੩੪॥’’ (ਜਪੁ/ਗੁਰੂ ਨਾਨਕ ਸਾਹਿਬ/੭)

ਸੋ ਸਚਖੰਡਿ ਅਵਸਥਾ ’ਤੇ ਪਹੁੰਚਣ ਲਈ ਪਹਿਲਾ ਪੜਾਅ ਧਰਮਖੰਡ ਹੈ, ਜਿੱਥੇ ਆਤਮਕ ਜੀਵਨ ਦੀ ਉਸਾਰੀ ਸ਼ੁਰੂ ਹੁੰਦੀ ਹੈ। ਮਨੁੱਖ ਨੂੰ ਇਹ ਸਮਝ ਪੈਂਦੀ ਹੈ ਕਿ ਉਹ, ਇਸ ਸੰਸਾਰ ਵਿੱਚ ਕੀ ਕਰਨ ਆਇਆ ਹੈ, ‘‘ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ, ਲਗਹਿ ਅਨ ਲਾਲਚਿ; ਬਿਰਥਾ ਜਨਮੁ ਪਰਾਣੀ  !॥੧॥ ਰਹਾਉ ॥’’ (ਸਾਰੰਗ/ਗੁਰੂ ਅਰਜਨ ਸਾਹਿਬ/੧੨੧੯) ਇਸ ਮਾਰਗ ’ਤੇ ਚੱਲ ਕੇ ਮਨੁੱਖ ਨੂੰ ਸੋਝੀ ਹੋ ਜਾਂਦੀ ਹੈ ਕਿ ਉਸ ਨੇ ਜੀਵਨ ਵਿੱਚ ਕੀ ਕਰਨਾ ਹੈ, ‘‘ਪ੍ਰਾਣੀ  ! ਤੂੰ ਆਇਆ ਲਾਹਾ ਲੈਣਿ ॥  ਲਗਾ ਕਿਤੁ ਕੁਫਕੜੇ; ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥’’ (ਸਿਰੀਰਾਗੁ/ਗੁਰੂ ਅਰਜਨ ਸਾਹਿਬ/੪੩)

ਆਤਮਕ ਮਾਰਗ ਦੀ ਇਸ ਪਹਿਲੀ ਅਵਸਥਾ ਵਿੱਚ ਪਹੁੰਚਿਆ ਮਨੁੱਖ ਗੁਰੂ ਦਾ ਗਿਆਨ ਹਾਸਲ ਕਰਨ ਲਈ ਤਤਪਰ ਹੋ ਜਾਂਦਾ ਹੈ, ਜੋ ਆਤਮਕ ਮਾਰਗ ਦਾ ਦੂਜਾ ਪੜਾਅ ਹੈ, ਜਿਸ ਨੂੰ ਗਿਆਨਖੰਡ ਕਿਹਾ ਜਾਂਦਾ ਹੈ। ਗਿਆਨ ਦੀ ਪ੍ਰਾਪਤੀ ਲਈ ਮਨੁੱਖ ਨੂੰ ਕਠਿਨ ਘਾਲਣਾ ਘਾਲਣੀ ਪੈਂਦੀ ਹੈ। ਦੁਨਿਆਵੀ ਗਿਆਨ ਵੀ ਪ੍ਰਾਪਤ ਕਰਨਾ ਹੋਵੇ ਤਾਂ ਵਿਦਿਆਰਥੀ ਸਖ਼ਤ ਮਿਹਨਤ ਕਰਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਦੇ ਹਨ।  ਕੇਵਲ ਗੱਲਾਂ ਦੇ ਨਾਲ ਹੀ ਗਿਆਨ ਨਹੀਂ ਪ੍ਰਾਪਤ ਹੋ ਜਾਂਦਾ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਗਿਆਨੁ ਨ ਗਲੀਈ ਢੂਢੀਐ; ਕਥਨਾ ਕਰੜਾ ਸਾਰੁ ॥’’ (ਆਸਾ ਕੀ ਵਾਰ/ਗੁਰੂ ਨਾਨਕ ਸਾਹਿਬ/੪੬੫)

ਗਿਆਨ ਪ੍ਰਾਪਤੀ ਉਪਰੰਤ ਮਨੁੱਖ ਨੂੰ ਆਤਮਕ ਸੋਝੀ ਹੋ ਜਾਂਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਗਿਆਨ ਰਤਨਿ, ਸਭ ਸੋਝੀ ਹੋਇ ॥’’ (ਆਸਾ/ਗੁਰੂ ਅਮਰਦਾਸ ਜੀ/੩੬੪) ਜਦੋਂ ਪ੍ਰਭੂ ਦਾ ਗਿਆਨ ਪ੍ਰਾਪਤ ਹੋ ਜਾਵੇ ਤਾਂ ਮਨੁੱਖ ਦੀ ਖੋਟੀ ਮੱਤ ਕੰਚਨ ਵਰਗੀ ਹੋ ਜਾਂਦੀ ਹੈ। ਭਗਤ ਬੈਣੀ ਜੀ ਦਾ ਫ਼ੁਰਮਾਉਦੇ ਹਨ : ‘‘ਉਪਜੈ ਗਿਆਨੁ, ਦੁਰਮਤਿ ਛੀਜੈ ॥’’ (ਰਾਮਕਲੀ/ਭਗਤ ਬੇਣੀ ਜੀ/੯੭੪)

ਜਦ ਤੱਕ ਪ੍ਰਭੂ ਦਾ ਗਿਆਨ ਨਹੀਂ ਹੁੰਦਾ, ਮਨੁੱਖ ਮਾਇਆ ਵਿੱਚ ਹੀ ਮਸਤ ਰਹਿਣ ਕਰਕੇ ਆਪਣਾ ਜੀਵਨ ਆਪਣੇ ਪਰਿਵਾਰ ਤੱਕ ਹੀ ਸੀਮਤ ਰੱਖਦਾ ਹੈ। ਪਰਿਵਾਰ ਤੋਂ ਅੱਗੇ ਹੋਰ ਵੀਚਾਰ ਉਸ ਦੇ ਮਨ ਵਿੱਚ ਹੀ ਨਹੀਂ ਆਉਂਦੇ। ਵਿਦਿਆ ਤੇ ਵਿਚਾਰ ਦੇ ਬਲ ਨਾਲ ਬੇਅੰਤ ਕੁਦਰਤ ਦਾ ਨਕਸ਼ਾ ਅੱਖਾਂ ਅੱਗੇ ਆਉਣ ਲੱਗਦਾ ਹੈ। ਗਿਆਨ ਦੀ ਹਨੇਰੀ ਆ ਜਾਂਦੀ ਹੈ।  ਦੁਬਿਧਾ ਅਤੇ ਸਾਰੇ ਵਹਿਮ-ਭਰਮ ਉੱਡ ਪੁੱਡ ਜਾਂਦੇ ਹਨ, ‘‘ਦੇਖੌ ਭਾਈ  ! ਗ੍ਹਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥’’ (ਗਉੜੀ/ਭਗਤ ਕਬੀਰ ਜੀ/੩੩੧)

ਜਿਵੇਂ ਜਿਵੇਂ ਮਨੁੱਖ ਦੇ ਅੰਦਰ ਗੁਰਮਤਿ ਦੁਆਰਾ ਸਮਝ ਵਧਦੀ ਜਾਂਦੀ ਹੈ, ਤਿਉਂ ਤਿਉਂ ਉਹ ਅਨੰਦ ਮਿਲਣਾ ਸ਼ੁਰੂ ਹੋ ਜਾਂਦਾ ਹੈ ਜੋ ਮਾਇਕ ਪਦਾਰਥਾਂ ਨਾਲ਼ ਨਹੀਂ ਮਿਲਦਾ ਸੀ। ਆਤਮਕ ਮਾਰਗ ਵਿੱਚ ਇਸ ਅਵਸਥਾ ਨੂੰ ਹੀ ਜਪੁ ਜੀ ਸਾਹਿਬ ਵਿੱਚ ਗਿਆਨਖੰਡ ਕਿਹਾ ਗਿਆ ਹੈ। ਪ੍ਰਾਪਤ ਕੀਤੇ ਗਿਆਨ ਅਥਵਾ ਵਿੱਦਿਆ ਨੂੰ ਵਿਚਾਰਨ ਉਪਰੰਤ ਹੀ ਮਨੁੱਖ ਰੱਬੀ ਦਰ ’ਤੇ ਇੱਜ਼ਤ-ਮਾਨ ਪ੍ਰਾਪਤ ਕਰਦਾ ਹੈ। ਪ੍ਰਭਾਤੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ : ‘‘ਗੁਰ ਪਰਸਾਦੀ ਵਿਦਿਆ ਵੀਚਾਰੈ; ਪੜਿ ਪੜਿ ਪਾਵੈ ਮਾਨੁ ॥’’ (ਗੁਰੂ ਨਾਨਕ ਸਾਹਿਬ/੧੩੨੯), ਜਪੁ ਜੀ ਸਾਹਿਬ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਵਚਨ ਹਨ, ‘‘ਸੁਣਿਐ; ਪੜਿ ਪੜਿ ਪਾਵਹਿ ਮਾਨੁ ॥’’ (ਜਪੁ) ਜਿਵੇਂ ਦੁਨਿਆਵੀ ਵਿੱਦਿਆ ਦਾ ਅਸਲ ਮੁੱਲ ਰੁਜ਼ਗਾਰ ਪ੍ਰਾਪਤ ਕਰਨ ਉੱਪਰ ਪੈਂਦਾ ਹੈ ਇਸੇ ਤਰ੍ਹਾਂ ਪ੍ਰਾਪਤ ਕੀਤੇ ਆਤਮਕ ਗਿਆਨ ਦਾ ਮੁੱਲ ਲੋਕ ਤੇ ਪਰਲੋਕ ਦੋਹਾਂ ਵਿੱਚ ਪੈਂਦਾ ਹੈ।

ਮਨੁੱਖ ਦਾ ਆਪਣਾ ਗਿਆਨ ਸੀਮਤ ਹੈ। ਇਹ ਖੂਹ ਦੇ ਡੱਡੂ ਦੀ ਨਿਆਈਂ ਹੈ। ਡੱਡੂ ਖੂਹ ਵਿੱਚ ਨੱਚ-ਟੱਪ ਕੇ ਖ਼ੁਸ਼ ਹੁੰਦਾ ਹੈ ਤੇ ਸਮਝਦਾ ਹੈ ਕਿ ਇਹ ਸਾਰਾ ਖੂਹ ਹੀ ਮੇਰਾ ਹੈ ਤੇ ਮੈਂ ਇਸ ਬਾਰੇ ਜਾਣ ਲਿਆ, ਪਰ ਜਦੋਂ ਕਦੇ ਮੀਂਹ ਵੱਧ ਪੈਣ ਨਾਲ ਖੂਹ ਪਾਣੀ ਨਾਲ ਭਰ ਕੇ ਉਛਲਦਾ ਹੈ ਤੇ ਉਹ ਡੱਡੂ ਬਾਹਰ ਨਿਕਲ ਕੇ ਕਿਸੇ ਦਰਿਆ ਜਾਂ ਸਮੁੰਦਰ ਵਿੱਚ ਚਲਾ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਮੇਰਾ ਗਿਆਨ ਤਾਂ ਸੀਮਤ ਹੀ ਹੈ। ਇਸੇ ਤਰ੍ਹਾਂ ਮਨੁੱਖ ਜਦੋਂ ਤੱਕ ਆਪਣੇ ਬਲਬੂਤੇ ’ਤੇ ਹੀ ਆਪਣੇ ਗਿਆਨ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦੀ ਸਾਜੀ ਕੁਦਰਤ ਦੇ ਗਿਆਨ ਵੱਲ ਗੁਰੂ ਦੀ ਰਾਹੀਂ ਝਾਤੀ ਮਾਰਦਾ ਹੈ ਤਾਂ ਉਸ ਨੂੰ ਸੋਝੀ ਹੁੰਦੀ ਹੈ ਕਿ ਮੇਰਾ ਗਿਆਨ ਤਾਂ ਬਹੁਤ ਤੁੱਛ ਸੀ। ਉਸ ਨੂੰ ਕੁਦਰਤ ਦੇ ਅਸੀਮਤ ਗਿਆਨ ਦੀ ਸੋਝੀ ਹੋ ਜਾਂਦੀ ਹੈ।

ਗੁਰੂ ਦੀ ਬਖ਼ਸ਼ਸ਼ ਨਾਲ ਉਸ ਨੂੰ ਸੋਝੀ ਹੋ ਜਾਂਦੀ ਹੈ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਕਈ ਕਿਸਮ ਦੇ ਪਾਉਣ, ਪਾਣੀ ਅਤੇ ਅਗਨੀਆਂ ਹਨ। ਉਸ ਦੀ ਰਚਨਾ ਵਿੱਚ ਕਈ ਕ੍ਰਿਸ਼ਨ ਹਨ, ਕਈ ਸ਼ਿਵ ਹਨ ਤੇ ਕਈ ਬ੍ਰਹਮਾ ਪੈਦਾ ਕੀਤੇ ਹੋਏ ਹਨ ਜਿਨ੍ਹਾਂ ਦੇ ਕਈ ਰੂਪ, ਰੰਗ ਤੇ ਵੇਸ ਹਨ। ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਧਰਤੀਆਂ ਹਨ, ਬੇਅੰਤ ਮਾਰੂ ਪਰਬਤ, ਧਰੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਉਸ ਦੀ ਕਾਇਨਾਤ ਵਿੱਚ ਬੇਅੰਤ ਇੰਦਰ ਦੇਵਤੇ ਹਨ, ਬੇਅੰਤ ਚੰਦਰਮਾ ਹਨ, ਬੇਅੰਤ ਸੂਰਜ ਹਨ ਤੇ ਬੇਅੰਤ ਭਵਨ ਚੱਕਰ ਹਨ, ‘‘ਕੇਤੇ ਪਵਣ ਪਾਣੀ ਵੈਸੰਤਰ; ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ; ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ; ਮੇਰ ਕੇਤੇ, ਕੇਤੇ ਧੂ ਉਪਦੇਸ ॥ ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ॥੩੫॥’’ (ਜਪੁ)

ਜਿਉਂ ਜਿਉਂ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਮਨੁੱਖ ਨੂੰ ਸੋਝੀ ਹੁੰਦੀ ਜਾਂਦੀ ਹੈ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਦੇਵਤੇ, ਦੈਂਤ ਤੇ ਮੁਨੀ ਹਨ। ਅਨੇਕਾਂ ਪ੍ਰਕਾਰ ਦੇ ਰਤਨ ਤੇ ਰਤਨਾਂ ਦੇ ਸਮੁੰਦਰ ਹਨ। ਪਹਿਲਾਂ ਮਨੁੱਖ ਇਹੀ ਸਮਝਦਾ ਸੀ ਕਿ ਜੀਵ ਪੈਦਾ ਹੋਣ ਦੇ ਚਾਰ ਹੀ ਤਰੀਕੇ ਸਨ ਪਰ ਗੁਰੂ ਦੇ ਗਿਆਨ ਨਾਲ ਸੋਝੀ ਹੋ ਜਾਂਦੀ ਹੈ ਕਿ ਬੇਅੰਤ ਪ੍ਰਕਾਰ ਦੀਆਂ ਖਾਣੀਆਂ ਹਨ, ਜਿਨ੍ਹਾਂ ਨਾਲ ਜੀਵਾਂ ਦੀ ਉਤਪਤੀ ਹੁੰਦੀ ਹੈ। ਅਨੇਕਾਂ ਹੀ ਕਿਸਮ ਦੀਆਂ ਬੋਲੀਆਂ ਹਨ ਤੇ ਬੇਅੰਤ ਤਰ੍ਹਾਂ ਦੇ ਪਾਤਸ਼ਾਹ ਤੇ ਰਾਜੇ ਹਨ। ਕਈ ਤਰ੍ਹਾਂ ਦੇ ਧਿਆਨ ਹਨ, ਜੋ ਜੀਵ, ਮਨ ਦੁਆਰਾ ਲਾਉਂਦੇ ਹਨ ਅਤੇ ਸੇਵਕਾਂ ਦਾ ਵੀ ਕੋਈ ਅੰਤ ਨਹੀਂ, ‘‘ਕੇਤੇ ਦੇਵ ਦਾਨਵ ਮੁਨਿ ਕੇਤੇ; ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕ  ! ਅੰਤੁ ਨ ਅੰਤੁ ॥੩੫॥’’ (ਜਪੁ) ਇਸ ਤਰ੍ਹਾਂ ਜੀਵ ਸਮਝਦਾ ਹੈ ਕਿ ਪ੍ਰਮਾਤਮਾ ਦੀ ਕਾਇਨਾਤ ਦਾ ਕੋਈ ਅੰਤ ਨਹੀਂ। ਉਸ ਨੂੰ ਸਮਝ ਪੈ ਜਾਂਦੀ ਹੈ : ‘‘ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ, ਬਹੁਤਾ ਹੋਇ ॥੨੪॥’’ (ਜਪੁ)

ਵਿਗਿਆਨੀਆਂ ਨੇ ਆਪਣੇ ਦਿਮਾਗ਼ ਦੇ ਸਹਾਰੇ, ਜੋ ਹੁਣ ਤੱਕ ਗਿਆਨ ਪ੍ਰਾਪਤ ਕੀਤਾ ਹੈ ਉਸ ਵਿੱਚ ਉਨ੍ਹਾਂ ਨੇ ਸੂਰਜ ਦੇ ਦੁਆਲੇ ਘੁੰਮਣ ਵਾਲੇ 9 ਗ੍ਰਹਿਆਂ ਦੀ ਖੋਜ ਹੀ ਕੀਤੀ ਹੈ। ਕੁੱਝ ਕੁ ਹੋਰ ਨਵੇਂ ਗ੍ਰਹਿਆਂ ਬਾਰੇ ਉਹ ਜਾਣਕਾਰੀ ਹਾਸਲ ਕਰਨ ਵਿੱਚ ਸਮਰੱਥ ਹੋ ਗਏ ਹਨ ਪਰ ਇਹ ਗਿਆਨ ਹਮੇਸ਼ਾਂ ਹੀ ਅਧੂਰਾ ਰਹੇਗਾ। ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨਾਲ ਇਕਮਿਕ ਹੋ ਕੇ ਜੋ ਗਿਆਨ ਪ੍ਰਾਪਤ ਕੀਤਾ ਹੈ, ਉਸ ਦੇ ਸਾਹਮਣੇ ਅੱਜ ਸਾਰੇ ਮਹਾਨ ਵਿਗਿਆਨੀਆਂ ਦਾ ਸਿਰ ਝੁੱਕਦਾ ਹੈ, ‘‘ਕੇਤੇ ਮੰਡਲ ਦੇਸ’’ ਲਿਖ ਕੇ ਗੁਰੂ ਸਾਹਿਬ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਬ੍ਰਹਮੰਡ ਵਿੱਚ ਅਨੇਕਾਂ ਹੀ ਸੂਰਜ ਮੰਡਲ, ਤਾਰਾ ਮੰਡਲ ਤੇ ਗ੍ਰਹਿ ਹਨ, ਜੋ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਕਰੋੜਾਂ ਸਾਲਾਂ ਤੋਂ ਚੱਕਰ ਲਾ ਰਹੇ ਹਨ। ਆਪ ਜੀ ਦਾ ਫ਼ੁਰਮਾਨ ਹੈ : ‘‘ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥ ਕੋਹ ਕਰੋੜੀ, ਚਲਤ ਨ ਅੰਤੁ ॥੧॥’’ (ਆਸਾ ਕੀ ਵਾਰ/ਗੁਰੂ ਨਾਨਕ ਸਾਹਿਬ/੪੬੪) ਕੁਦਰਤ ਦੇ ਇਸ ਵਰਤਾਰੇ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਆਤਮਕ ਮਾਰਗ ਰੂਪ ਇਸ ਗਿਆਨਖੰਡ ਦੀ ਅਵਸਥਾ ਵਿੱਚ ਗਿਆਨ ਹੀ ਪ੍ਰਬਲ ਹੁੰਦਾ ਹੈ। ਇਸ ਅਵਸਥਾ ਵਿੱਚ ਕੁਦਰਤ ਦੇ ਸਭ ਰੰਗਾ ਤਮਾਸ਼ਿਆਂ ਤੇ ਕੌਤਕਾਂ ਦਾ ਅਨੰਦ ਆ ਜਾਂਦਾ ਹੈ। ਉਸ ਨੂੰ ਕਰਮਕਾਂਡਾਂ ਦੇ ਮੁਕਾਬਲੇ ਤਰਕ ਸੰਗਤ ਦਲੀਲ ਭਾਰੀ ਪੈਣ ਲੱਗ ਜਾਂਦੀ ਹੈ। ਇਸ ਪੜਾਅ ’ਤੇ ਪਹੁੰਚ ਕੇ ਮਨੁੱਖ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਜਿਵੇਂ ਕਿਸੇ ਅੰਨ੍ਹੇਂ ਮਨੁੱਖ ਨੂੰ ਅੱਖਾਂ ਮਿਲ ਗਈਆਂ ਹੋਣ।  ਮਨੁੱਖ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਪਾਪਾਂ ਤੇ ਵਿਕਾਰਾਂ ਨਾਲ ਭਰੀ ਹੋਈ ਮੱਤ ਕੰਚਨ ਵਰਗੀ ਪਵਿੱਤਰ ਹੋ ਗਈ ਹੈ। ਗਿਆਨ ਦਾ ਸੂਰਜ ਅੰਦਰ ਲੱਟ-ਲੱਟ ਕਰਦਾ ਲੱਗਦਾ ਹੈ। ਜਿਉਂ ਜਿਉਂ ਮਨੁੱਖ ਦੀ ਸੁਰਤ ਅਧਿਆਤਮਕ ਗਿਆਨ ਨਾਲ ਜੁੜਦੀ ਹੈ, ਤਿਉਂ ਤਿਉਂ ਉਸ ਦੇ ਅੰਦਰੋਂ ਸੁਆਰਥ ਦੀ ਗੰਢ ਖੁੱਲ੍ਹਦੀ ਜਾਂਦੀ ਹੈ ਤੇ ਉਹ ਸਮੁੱਚੇ ਸੰਸਾਰ ਨੂੰ ਹੀ ਆਪਣਾ ਪਰਿਵਾਰ ਸਮਝਣ ਲੱਗ ਜਾਂਦਾ ਹੈ।

ਇਸ ਗਿਆਨ ਪ੍ਰਾਪਤੀ ਉਪਰੰਤ ਮਨੁੱਖ ਇਸੇ ਨੂੰ ਆਪਣਾ ਨਿਸ਼ਾਨਾ ਨਹੀਂ ਸਮਝ ਲੈਂਦਾ। ਬਾਣੀ ਦੀ ਵਿਚਾਰ ਉਸ ਨੂੰ ਉਦਮ ਵੱਲ ਪ੍ਰੇਰਦੀ ਹੈ।  ਕੇਵਲ ਆਪਣੀ ਅਕਲ ਨਾਲ ਸਮਝ ਲੈਣਾ ਹੀ ਕਾਫ਼ੀ ਨਹੀਂ। ਮਨ ਦਾ ਸੁਭਾਅ ਅਤੇ ਪਹਿਲੇ ਕੀਤੇ ਕਰਮ; ਕੇਵਲ ਗਿਆਨ ਮਾਤਰ ਨਾਲ ਹੀ ਨਹੀਂ ਦੂਰ ਹੁੰਦੇ। ਪੁਰਾਣੇ ਵਿਚਾਰਾਂ ਨੂੰ ਤੋੜ ਕੇ ਨਵੇਂ ਵਿਚਾਰਾਂ ਦਾ ਪ੍ਰਕਾਸ਼ ਕਰਨ ਲਈ ਮਨੁੱਖ ਨੂੰ ਉੱਦਮ ਤੇ ਮਿਹਨਤ ਕਰਨੀ ਪੈਂਦੀ ਹੈ। ਅੰਮ੍ਰਿਤ ਵੇਲਾ ਸੰਭਾਲਣਾ ਇੱਕ ਗਿਆਨ ਹੈ ਪਰ ਇਸ ਦੇ ਲਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਬਾਣੀ ਪੜ੍ਹਨੀ ਤੇ ਸੰਗਤ ਕਰਨੀ ਇਹ ਮਿਹਨਤ ਤੇ ਉੱਦਮ ਦਾ ਕਰਮ ਹੈ। ਇਸ ਕਰਮ ਨੂੰ ਜਪੁ ਜੀ ਸਾਹਿਬ ਵਿੱਚ ਸਰਮਖੰਡ ਕਿਹਾ ਗਿਆ ਹੈ। ਗੁਰੂ ਰਾਮ ਦਾਸ ਜੀ ਇਸ ਉੱਦਮ ਦੇ ਕਰਮ ਪ੍ਰਤੀ ਫ਼ੁਰਮਾਉਂਦੇ ਹਨ : ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ, ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥੨॥’’ (ਗਉੜੀ ਕੀ ਵਾਰ/ਗੁਰੂ ਰਾਮਦਾਸ ਜੀ/੩੦੬) ਇਹ ਉਦਮ ਇੱਥੇ ਹੀ ਖ਼ਤਮ ਨਹੀਂ ਹੁੰਦਾ ਸਗੋਂ ਹੋਰਨਾਂ ਮਨੁੱਖਾਂ ਨੂੰ ਵੀ ਇਸ ਵੱਲ ਪ੍ਰੇਰਦਾ ਹੈ। ਗੁਰੂ ਸਾਹਿਬ ਅਜਿਹੇ ਉੱਦਮੀ ਸਿੱਖ ਤੋਂ ਬਲਿਹਾਰੇ ਜਾਂਦੇ ਹਨ ਤੇ ਫ਼ੁਰਮਾਉਂਦੇ ਹਨ : ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥੨॥’’ (ਗਉੜੀ ਕੀ ਵਾਰ/ਗੁਰੂ ਰਾਮਦਾਸ ਜੀ/੩੦੬)

ਧਰਮਖੰਡ ਤੇ ਗਿਆਨਖੰਡ ਦੀ ਆਤਮਕ ਅਵਸਥਾ ਦੀ ਸੋਝੀ ਹੋਣ ’ਤੇ ਪਤਾ ਲਗਦਾ ਹੈ ਕਿ ਕੁਦਰਤ ਦਾ ਸਾਰਾ ਪਸਾਰਾ ਇੱਕ ਨਿਯਮ ਵਿੱਚ ਬੰਨਿਆ ਪਿਆ ਹੈ ਤੇ ਮਨੁੱਖ ਨੇ ਆਪਣੇ ਆਪ ਨੂੰ ਉਸ ਨਿਯਮ ਅਨੁਸਾਰ ਢਾਲਣ ਲਈ ਸੰਘਰਸ਼ਮਈ ਜੀਵਨ ਵਿੱਚ ਪੈ ਕੇ ਸਰਮਖੰਡ ਦੇ ਪੜਾਅ ਵਿੱਚ ਪਹੁੰਚਦਾ ਹੈ। ਇਸ ਖੰਡ ਵਿੱਚ ਮਨੁੱਖ ਦੀ ਘਾੜਤ, ਸੁੰਦਰ ਘੜੀ ਜਾਂਦੀ ਹੈ। ਕੇਵਲ ਬਾਹਰ ਦੀ ਘਾੜਤ ਹੀ ਨਹੀਂ ਸਗੋਂ ਸੁਰਤਿ ਮਤਿ ਮਨਿ ਅਤੇ ਬੁਧਿ ਦੀ ਘਾੜਤ ਘੜੀ ਜਾਂਦੀ ਹੈ। ਇਸ ਤਰ੍ਹਾਂ ਮਨੁੱਖ; ਅੰਦਰੋਂ ਬਾਹਰੋਂ ਕੰਚਨ ਵਰਗਾ ਹੋ ਜਾਂਦਾ ਹੈ। ਇਸ ਆਈ ਹੋਈ ਤਬਦੀਲੀ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਬਿਆਨ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਅੰਤ ਪਛਤਾਉਂਦਾ ਹੀ ਹੈ। ਗੁਰੂ ਨਾਨਕ ਦੇਵ ਜੀ ਜਪੁ ਜੀ ਸਾਹਿਬ ਵਿੱਚ ਸਰਮਖੰਡ ਦੀ ਅਵਸਥਾ ਬਾਰੇ ਫ਼ੁਰਮਾਉਂਦੇ ਹਨ : ‘‘ਸਰਮਖੰਡ ਕੀ ਬਾਣੀ, ਰੂਪੁ ॥ ਤਿਥੈ; ਘਾੜਤਿ ਘੜੀਐ, ਬਹੁਤੁ ਅਨੂਪੁ ॥ ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ॥੩੬॥’’ (ਜਪੁ/ਗੁਰੂ ਨਾਨਕ ਸਾਹਿਬ/੮)

ਇਸ ਮਿਹਨਤ (ਸਰਮਖੰਡ) ਵਾਲੀ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਦੇ ਅੰਦਰ ਹੈਰਾਨੀਜਨਕ ਤਬਦੀਲੀ ਆਉਂਦੀ ਹੈ। ਮਨੁੱਖ ਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ। ਇੱਥੇ ਪਹੁੰਚ ਕੇ ਮਨੁੱਖ ਦੀ ਨਵੀਂ ਘਾੜਤ ਘੜੀ ਜਾਂਦੀ ਹੈ। ਜਿਵੇਂ ਇੱਕ ਪੈਨਸਿਲ ਨੂੰ ਘੜ ਦੇਈਏ ਤਾਂ ਉਹ ਲਿਖਣ ਯੋਗ ਹੋ ਕੇ ਗਿਆਨ ਦੀ ਸੰਭਾਲ ਕਰਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਸੁਰਤ, ਮਤ ਤੇ ਮਨ ਦੀ ਬੁੱਧੀ ਦੀ ਜਦੋਂ ਘਾੜਤ ਘੜੀ ਜਾਂਦੀ ਹੈ ਤਾਂ ਉਹ ਹੋਰਨਾਂ ਨੂੰ ਵੀ ਘੜਨ ਦੇ ਸਮਰੱਥ ਹੋ ਜਾਂਦਾ ਹੈ; ਜਿਵੇਂ ਕਿ ਜਗਦਾ ਹੋਇਆ ਦੀਵਾ ਹਜ਼ਾਰਾਂ ਦੀਵਿਆਂ ਨੂੰ ਰੁਸ਼ਨਾ ਸਕਦਾ ਹੈ ਪਰ ਹਜ਼ਾਰ ਬੁਝੇ ਹੋਏ ਦੀਵੇ ਇਕ ਦੀਵੇ ਨੂੰ ਨਹੀਂ ਰੁਸ਼ਨਾ ਸਕਦੇ। ਗੁਰੂ ਨਾਨਕ ਦੇਵ ਜੀ ਇਸ ਅਵਸਥਾ ਦਾ ਬਿਆਨ ਕਰਦੇ ਹੋਏ ਫ਼ੁਰਮਾਉਂਦੇ ਹਨ : ‘‘ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ ॥੩੬॥’’ (ਜਪੁ) ਜਿਵੇਂ ਜਿਵੇਂ ਮਨੁੱਖ ਗਿਆਨ ਭਰਪੂਰ ਹੋ ਕੇ ਇਸ ਅਵਸਥਾ ਵਿੱਚ ਪਹੁੰਚਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸ ਦੇ ਵੱਸ ਵਿੱਚ ਹੋ ਜਾਂਦੇ ਹਨ ਤੇ ਉਸ ਦੀ ਨਵੀਨ ਘਾੜਤ ਘੜੀ ਜਾਂਦੀ ਹੈ। ਗੁਰੂ ਦੀ ਸਿੱਖਿਆ ’ਤੇ ਅਮਲ ਕਰਨ ਨਾਲ ਉਸ ਦੀ ਮੱਤ ਵਿੱਚ ਮਾਨੋ ਹੀਰੇ ਜਵਾਹਰਾਤ ਪੈਦਾ ਹੋ ਜਾਂਦੇ ਹਨ, ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ; ਜੇ ਇਕ ਗੁਰ ਕੀ ਸਿਖ ਸੁਣੀ ॥’’ (ਜਪੁ)

ਜਿਵੇਂ ਮਿੱਟੀ ਘੜੀ ਜਾਵੇ ਤਾਂ ਉਸ ਤੋਂ ਭਾਂਡੇ ਬਣ ਜਾਂਦੇ ਹਨ। ਲੱਕੜ ਨੂੰ ਘੜ ਕੇ ਉਸ ਤੋਂ ਘਰ ਦਾ ਫ਼ਰਨੀਚਰ ਤਿਆਰ ਕੀਤਾ ਜਾਂਦਾ ਹੈ। ਸੋਨੇ ਨੂੰ ਘੜ ਕੇ ਉਸ ਦੇ ਗਹਿਣੇ ਬਣਾਏ ਜਾਂਦੇ ਹਨ ਇਸੇ ਤਰ੍ਹਾਂ ਮਨੁੱਖ ਦੀ ਘਾੜਤ ਘੜੀ ਜਾਂਦੀ ਹੈ ਤਾਂ ਉਹ ਅਕਾਲ ਪੁਰਖ ਦੇ ਦਰ ’ਤੇ ਪਰਵਾਨ ਹੋ ਜਾਂਦਾ ਹੈ, ਪਰ ਘਾੜਤ; ਬੜੀ ਕੀਮਤ ਅਤੇ ਮਿਹਨਤ ਮੰਗਦੀ ਹੈ। ਮਨੁੱਖ ਦੇ ਮਨ, ਸੁਰਤ, ਮਤ ਤੇ ਬੁੱਧ ਦੀ ਘਾੜਤ ਲਈ ਵੀ ਗੁਰੂ ਦੇ ਸ਼ਬਦ ਰਾਹੀਂ ਮਰਨਾ ਪੈਂਦਾ ਹੈ। ਜੋ ਮਨੁੱਖ ਗੁਰੂ ਸਬਦ ਰਾਹੀਂ ਮਰ ਜਾਂਦੇ ਹਨ ਉਹਨਾਂ ਨੂੰ ਕਦੀ ਵੀ ਦੁਬਾਰਾ ਨਹੀਂ ਮਰਨਾ ਪੈਂਦਾ, ‘‘ਐਸੀ ਮਰਨੀ ਜੋ ਮਰੈ; ਬਹੁਰਿ ਨ ਮਰਨਾ ਹੋਇ ॥’’ (ਭਗਤ ਕਬੀਰ ਜੀ/੫੫੫) ਅਤੇ ‘‘ਸਬਦਿ ਮਰਹੁ, ਫਿਰਿ ਜੀਵਹੁ ਸਦ ਹੀ; ਤਾ ਫਿਰਿ ਮਰਣੁ ਨ ਹੋਈ ॥’’ (ਗੁਰੂ ਅਮਰਦਾਸ ਜੀ/੬੦੪)

ਐਸੀ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਉੱਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਭਾਵ ਉਹ ਕਰਮਖੰਡ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਸੰਸਾਰੀ ਤੌਰ ’ਤੇ ਮਨੁੱਖ ਰਾਜਸੀ ਪਦਵੀ ਪ੍ਰਾਪਤ ਕਰਨ ਲਈ ਜਾਂ ਮਾਇਕ ਪਦਾਰਥਾਂ ਦੀ ਦੌੜ ਵਿੱਚ ਅੱਗੇ ਨਿਕਲਣ ਲਈ ਲੜਦਾ ਹੈ ਪਰ ਗੁਰਮੁਖ ਜਨ, ਸੰਤ ਜਨ ਜਾਂ ਭਲੇ ਪੁਰਸ਼ ਮਨ ਨੂੰ ਜਿੱਤਣ ਲਈ ਵਿਕਾਰਾਂ ਨਾਲ ਜੂਝਦੇ ਹਨ ਤੇ ਮਾਨਸਿਕ ਜਾਂ ਆਤਮਕ ਸੁੱਖ ਪ੍ਰਾਪਤ ਕਰ ਲੈਂਦੇ ਹਨ। ਉਹ ਸੁੱਖ, ਜੋ ਸਾਰੀ ਸ੍ਰਿਸ਼ਟੀ ਦੇ ਰਾਜੇ ਨੂੰ ਵੀ ਪ੍ਰਾਪਤ ਨਹੀਂ ਹੁੰਦਾ ਤੇ ਉਹ ਸੁੱਖ ਕੇਵਲ ਪ੍ਰਭੂ ਦੀ ਬਖ਼ਸ਼ਸ਼ ਨਾਲ ਨਾਮ ਜਪਣ ਨਾਲ ਹੀ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ : ‘‘ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ, ਹੋਇ ਸੁਖੀਆ ॥’’ (ਗੁਰੂ ਅਰਜਨ ਸਾਹਿਬ/੨੬੪) ਪ੍ਰੰਤੂ ਜਿਹੜੇ ਜਗਿਆਸੂ ਇਸ ਕਰਮਖੰਡ ਦੀ ਅਵਸਥਾ ਤੱਕ ਪਹੁੰਚ ਜਾਂਦੇ ਹਨ ਉਹ ਆਪਣੇ ਮਨ ਨੂੰ ਜਿੱਤ ਲੈਂਦੇ ਹਨ। ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਮਾਨੋ ਸਾਰੇ ਸੰਸਾਰ ’ਤੇ ਜਿੱਤ ਪ੍ਰਾਪਤ ਕਰ ਲਈ ਭਾਵ ਸਾਰੀਆਂ ਖਾਹਿਸ਼ਾਂ ਨੂੰ ਆਪਣੇ ਵੱਸ ਵਿੱਚ ਕਰ ਲਿਆ, ‘‘ਮਨਿ ਜੀਤੈ ਜਗੁ ਜੀਤੁ ॥ (ਜਪੁ/ਗੁਰੂ ਨਾਨਕ ਸਾਹਿਬ/੬)

ਇਸ ਕਰਮਖੰਡ ਦੀ ਅਵਸਥਾ ਵਿੱਚ ਪਹੁੰਚਣ ਵਾਲੇ ਜੋਧੇ, ਮਹਾਂਬਲੀ ਤੇ ਸੂਰਮੇ ਬਣ ਜਾਂਦੇ ਹਨ। ਅਜਿਹੇ ਮਨੁੱਖ ਇੱਕ ਪਹਿਰ ਨਾਮ ਅਭਿਆਸ ਰਾਹੀਂ ਪ੍ਰਮਾਤਮਾ ਵਿੱਚ ਲਿਵ ਜੋੜਦੇ ਹਨ ਬਾਕੀ ਦੇ ਸੱਤ ਪਹਿਰ ਕਿਰਤ ਕਾਰ ਕਰਦਿਆਂ ਉਸ ਦੀ ਯਾਦ ਵਿੱਚ ਜੀਵਨ ਸਫਲ ਕਰਦੇ ਹਨ। ਉੱਚੇ ਜੀਵਨ ਵਾਲੇ ਪੁਰਖਾਂ ਦੀ ਸੰਗਤ ਕਰਦੇ ਹਨ, ‘‘ਸਤੀ ਪਹਰੀ ਸਤੁ ਭਲਾ; ਬਹੀਐ ਪੜਿਆ ਪਾਸਿ ॥ ਓਥੈ ਪਾਪੁ ਪੁੰਨੁ ਬੀਚਾਰੀਐ; ਕੂੜੈ ਘਟੈ ਰਾਸਿ ॥’’ (ਮਾਝ ਕੀ ਵਾਰ/ਗੁਰੂ ਅੰਗਦ ਸਾਹਿਬ/੧੪੬) ਇਸ ਕਰਮਖੰਡ ਦੀ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਦਾ ਜੀਵਨ ਬ੍ਰਿਤਾਂਤ ਵਰਣਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ : ‘‘ਕਰਮਖੰਡ ਕੀ ਬਾਣੀ ਜੋਰੁ ॥ ਤਿਥੈ, ਹੋਰੁ ਨ ਕੋਈ ਹੋਰੁ ॥ ਤਿਥੈ, ਜੋਧ ਮਹਾਬਲ ਸੂਰ ॥ ਤਿਨ ਮਹਿ, ਰਾਮੁ ਰਹਿਆ ਭਰਪੂਰ ॥੩੭॥’’ (ਜਪੁ/ਗੁਰੂ ਨਾਨਕ ਸਾਹਿਬ/੮)

ਸੋ ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ ਭਾਵ ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜਰ ਪੈਂਦੀ ਹੈ ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਕੋਈ ਵੀ ਵਿਸ਼ੇ ਵਿਕਾਰ ਉਸ ਉੱਤੇ ਅਸਰ ਨਹੀਂ ਪਾ ਸਕਦਾ ਕਿਉਂਕਿ ਇਸ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਦੂਜਾ ਫੁਰਨਾ ਉੱਕਾ ਹੀ ਨਹੀਂ ਉੱਠ ਸਕਦਾ। ਇਸ ਅਵਸਥਾ ਵਿੱਚ ਉਹ ਮਨੁੱਖ ਜੋਧੇ ਮਹਾਂਬਲੀ ਤੇ ਸੂਰਮੇ ਹੁੰਦੇ ਹਨ। ਉਹਨਾਂ ਦੇ ਰੋਮ ਰੋਮ ਵਿੱਚ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ।

ਇਸ ਬਖ਼ਸ਼ਸ਼ ਵਾਲੀ ਕਰਮਖੰਡ ਅਵਸਥਾ ਵਿੱਚ ਪੁੱਜੇ ਹੋਏ ਮਨੁੱਖ ਦਾ ਮਨ ਪੂਰਨ ਤੌਰ ’ਤੇ ਅਕਾਲ ਪੁਰਖ ਨਾਲ ਇਕਮਿਕ ਹੋ ਜਾਂਦਾ ਹੈ। ਉਸ ਦੀ ਆਤਮਾ ਤੇ ਪਰਮ ਆਤਮਾ ਇੱਕ ਦੂਜੇ ਨਾਲ ਪ੍ਰੋਈ ਹੁੰਦੀ ਹੈ। ਉਸ ਦੇ ਮਨ, ਬੁੱਧ ਤੇ ਚਿਹਰੇ ’ਤੇ ਜੋ ਰੂਪ ਚੜ੍ਹਦਾ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹੇ ਮਨੁੱਖ, ਕਦੀ ਵੀ ਆਤਮਕ ਮੌਤ ਨਹੀਂ ਮਰਦੇ ਤੇ ਨਾ ਹੀ ਮਾਇਆ ਦੇ ਪ੍ਰਭਾਵ ਹੇਠ ਠੱਗੇ ਜਾਂਦੇ ਹਨ। ਇਹ ਉਹਨਾਂ ਜਗਿਆਸੂਆਂ ਦੀ ਅਵਸਥਾ ਹੈ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪ੍ਰਮਾਤਮਾ ਦਾ ਨਾਮ ਸਦੀਵੀ ਤੌਰ ’ਤੇ ਟਿਕ ਜਾਂਦਾ ਹੈ। ਇਸ ਅਵਸਥਾ ਦਾ ਵਰਣਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ : ‘‘ਤਿਥੈ; ਸੀਤੋ ਸੀਤਾ, ਮਹਿਮਾ ਮਾਹਿ ॥ ਤਾ ਕੇ ਰੂਪ; ਨ ਕਥਨੇ ਜਾਹਿ ॥ ਨਾ ਓਹਿ ਮਰਹਿ; ਨ ਠਾਗੇ ਜਾਹਿ ॥ ਜਿਨ ਕੈ; ਰਾਮੁ ਵਸੈ, ਮਨ ਮਾਹਿ ॥੩੭॥’’ (ਜਪੁ/ਗੁਰੂ ਨਾਨਕ ਸਾਹਿਬ/੮) ਇਸ ਕਰਮਖੰਡ ਦੀ ਅਵਸਥਾ ਵਿੱਚ ਅਪੜੇ ਹੋਏ ਮਨੁੱਖ ਸਦੀਵੀ ਅਨੰਦ ਦੀ ਅਵਸਥਾ ਵਿੱਚ ਰਹਿੰਦੇ ਹਨ। ਉਸ ਅਵਸਥਾ ਵਿੱਚ ਕਈ ਭਵਨਾਂ ਦੇ ਭਗਤ ਜਨ ਵਸਦੇ ਮਹਿਸੂਸ ਹੁੰਦੇ ਹਨ, ਜੋ ਸਦਾ ਖੇੜੇ ਵਿੱਚ ਰਹਿੰਦੇ ਹਨ ਕਿਉਂਕਿ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ ਸਦਾ ਪ੍ਰਭਾਵ ਪਾਈ ਰੱਖਦਾ ਹੈ।

ਆਤਮਕ ਮਾਰਗ ਦੇ ਚਾਰ ਪੜਾਅ ‘ਧਰਮਖੰਡ, ਗਿਆਨਖੰਡ, ਸਰਮਖੰਡ ਤੇ ਕਰਮਖੰਡ’ ਪਾਰ ਕਰਨ ਤੋਂ ਬਾਅਦ ਮਨੁੱਖ ਅਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਤੇ ਉਹ ਸਚਖੰਡਿ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਇਸ ਅਵਸਥਾ ਵਿੱਚ ਮਨੁੱਖ ਸਦੀਵੀ ਤੌਰ ’ਤੇ ਅਨੰਦ ਪ੍ਰਾਪਤ ਕਰਦਾ ਹੈ ਉਸ ਨੂੰ ਜੀਵਨ ਤੇ ਮੌਤ ਵਿੱਚ ਕੋਈ ਫਰਕ ਨਹੀਂ ਦਿਸਦਾ। ਹਰ ਪਾਸੇ ਪ੍ਰਭੂ ਦੀ ਖੇਡ ਵਰਤਦੀ ਪ੍ਰਤੀਤ ਹੁੰਦੀ ਹੈ।

ਸਚਖੰਡਿ; ਅਜਿਹੀ ਅਵਸਥਾ ਦਾ ਜ਼ਿਕਰ ਗੁਰੂ ਰਾਮ ਦਾਸ ਜੀ ਨੇ ਸੂਹੀ ਰਾਗ ਦੇ ਇੱਕ ਛੰਤ ਵਿੱਚ ਕੀਤਾ ਹੈ ਜਿਸ ਨੂੰ ਲਾਵਾਂ ਦੀ ਬਾਣੀ ਵੀ ਕਿਹਾ ਜਾਂਦਾ ਹੈ। ਇਸ ਅਵਸਥਾ ਨੂੰ ਉਹਨਾਂ ਨੇ ਸਹਿਜ ਅਵਸਥਾ ਦਾ ਨਾਂ ਦਿੱਤਾ ਹੈ, ਜੋ ਆਤਮਕ ਜੀਵਨ ਦਾ ਚੌਥਾ ਤੇ ਆਖਰੀ ਪੜਾਅ ਹੈ। ਆਪ ਜੀ ਫ਼ੁਰਮਾਉਂਦੇ ਹਨ : ‘‘ਹਰਿ ਚਉਥੜੀ ਲਾਵ; ਮਨਿ ਸਹਜੁ ਭਇਆ, ਹਰਿ ਪਾਇਆ, ਬਲਿ ਰਾਮ ਜੀਉ ॥’’ (ਗੁਰੂ ਰਾਮਦਾਸ ਜੀ/੭੭੪)

ਇਸ ਅਵਸਥਾ ’ਤੇ ਪਹੁੰਚਣ ਲਈ ਪਹਿਲਾਂ ਤਿੰਨ ਰੂਹਾਨੀਅਤ ਅਵਸਥਾਵਾਂ ਵਿੱਚੋਂ ਜਗਿਆਸੂ ਨਿਕਲ ਕੇ ਆਉਂਦਾ ਹੈ ਤੇ ਪਹਿਲੀ ਅਵਸਥਾ ਹੈ ਪਰਵਿਰਤੀ ਕਰਮ, ‘‘ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ ॥’’ (ਗੁਰੂ ਰਾਮਦਾਸ ਜੀ/੭੭੩)

ਦੂਜੀ ਅਵਸਥਾ ਵਿੱਚ ਗੁਰੂ ਨੇ ਹਰੀ ਮਿਲਾਪ ਕਰਵਾਇਆ ਹੁੰਦਾ ਹੈ : ‘‘ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥’’ (ਗੁਰੂ ਰਾਮਦਾਸ ਜੀ/੭੭੪)

ਇਸ ਅਵਸਥਾ ਤੋਂ ਬਾਅਦ ਤੀਜੇ ਪੜਾਅ ਵਿੱਚ ਚਾਅ ਪੈਦਾ ਹੁੰਦਾ ਹੈ ਤੇ ਵੈਰਾਗਮਈ ਅਵਸਥਾ ਵਿੱਚ ਜੀਵ ਪਹੁੰਚ ਜਾਂਦਾ ਹੈ, ‘‘ਹਰਿ ਤੀਜੜੀ ਲਾਵ; ਮਨਿ ਚਾਉ ਭਇਆ ਬੈਰਾਗੀਆ, ਬਲਿ ਰਾਮ ਜੀਉ ॥’’ (ਗੁਰੂ ਰਾਮਦਾਸ ਜੀ/੭੭੪)

ਇਹਨਾਂ ਤਿੰਨੇ ਆਤਮਕ ਅਵਸਥਾਵਾਂ ਵਿੱਚੋਂ ਨਿੱਕਲ ਕੇ ਜੀਵ ਚਉਥੇ ਪਦ ਨੂੰ ਭਾਵ ਸਹਿਜ ਅਵਸਥਾ ਜਾਂ ਸਚਖੰਡਿ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹ ਕੁਦਰਤ ਤੇ ਇਸ ਦੀ ਕਾਦਰ ਵਿੱਚ ਅਭੇਦ ਹੋ ਜਾਂਦਾ ਹੈ। ਅਜਿਹੇ ਜੀਵਾਂ ਦੀ ਪ੍ਰਥਾਇ ਗੁਰੂ ਅੰਗਦ ਦੇਵ ਜੀ ਫ਼ੁਰਮਾਉਂਦੇ ਹਨ : ‘‘ਸੇਈ ਪੂਰੇ ਸਾਹ; ਜਿਨੀ ਪੂਰਾ ਪਾਇਆ ॥ ਅਠੀ ਵੇਪਰਵਾਹ ਰਹਨਿ; ਇਕਤੈ ਰੰਗਿ ॥’’ (ਮਾਝ ਕੀ ਵਾਰ/ਗੁਰੂ ਅੰਗਦ ਸਾਹਿਬ/੧੪੬)