ਗੁਰੂ ਨਾਨਕ ਜੀ ਦਾ ਸਰਬ ਸਾਂਝਾ ‘ਸਾਚੁ ਧਰਮੁ’
ਜਗਤਾਰ ਸਿੰਘ ਜਾਚਕ, ਨਿਊਯਾਰਕ ਵਟਸਅੱਪ ਸੰਪਰਕ +91-98995 63906, ਮੋ. 001 631 455 5164
ਸੰਸਾਰ ਭਰ ਵਿਚ ਬਹੁਤ ਸਾਰੇ ਪਰਉਪਕਾਰੀ ਧਾਰਮਿਕ ਰਹਬਰ (ਆਗੂ) ਹੋਏ ਹਨ, ਜਿਨ੍ਹਾਂ ਨੇ ਆਪਣੀ-ਆਪਣੀ ਸੂਝ ਤੇ ਸਮਰਥਾ ਅਨੁਸਾਰ ਮਨੁੱਖੀ ਭਾਈਚਾਰੇ ਨੂੰ ਜ਼ਿੰਦਗੀ ਦਾ ਮਨੋਰਥ ਸਮਝਾਉਣ ਅਤੇ ਜੀਵਨ ਜਾਚ ਦਰਸਾਉਣ ਹਿਤ ਨਿਰੰਤਰ ਯਤਨ ਕੀਤੇ । ਸਾਡੇ ਲਈ ਉਹ ਸਾਰੇ ਸਤਿਕਾਰ ਦੇ ਪਾਤਰ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ‘‘ਕਬੀਰੁ ਪੂੰਗਰਾ ਰਾਮ ਅਲਹ ਕਾ; ਸਭ ਗੁਰ ਪੀਰ ਹਮਾਰੇ ॥’’ (ਭਗਤ ਕਬੀਰ/੧੩੪੯) ਦਾ ਹੋਕਾ ਦੇ ਰਹੇ ਹਨ, ਪ੍ਰੰਤੂ ਫਿਰ ਵੀ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਰੱਬ ਇੱਕ ਹੈ ਅਤੇ ਉਸ ਦੇ ਬਣਾਏ ਹੋਏ ਕੁਦਰਤੀ ਨਿਯਮ ਸਾਰਿਆਂ ਲਈ ਇੱਕ ਸਮਾਨ ਹਨ ਤਾਂ ਫਿਰ ਤਿੰਨ ਸੌ ਦੇ ਲਗਭਗ ਮਜ਼ਹਬ (ਧਰਮ) ਅਤੇ ਹਜ਼ਾਰਾਂ ਹੀ ਸੰਪਰਦਾਵਾਂ ਕਿੱਥੋਂ ਅਤੇ ਕਿਵੇਂ ਪੈਦਾ ਹੋ ਗਈਆਂ ? ਜਿਨ੍ਹਾਂ ਵਿਚਲੀ ਆਪਸੀ ਖਿਚੋਤਾਣ ਅੱਜ ਸਮੁੱਚੇ ਸੰਸਾਰ ਲਈ ਇੱਕ ਖ਼ਤਰਾ ਬਣ ਕੇ ਉਭਰ ਰਹੀ ਹੈ। ਜਿਸ ਤਰ੍ਹਾਂ ਮਜ਼ਹਬੀ ਕੱਟੜਤਾ ਦਾ ਪ੍ਰਭਾਵ ਵਧ ਰਿਹਾ ਹੈ, ਉਹ ਇਸ ਐਟਮੀ ਯੁਗ ਵਿੱਚ ਕਿਸੇ ਵੇਲੇ ਵੀ ਮਨੁੱਖਤਾ ਦੇ ਸਰਬਨਾਸ਼ ਦਾ ਕਾਰਨ ਬਣ ਸਕਦਾ ਹੈ । ਇਤਿਹਾਸ ਇਸ ਹਕੀਕਤ ਦਾ ਗਵਾਹ ਹੈ ਕਿ ਓਨਾ ਖ਼ੂਨ-ਖ਼ਰਾਬਾ ਰਾਜਨੀਤਕ ਜੰਗਾਂ ਕਾਰਨ ਨਹੀਂ ਹੋਇਆ, ਜਿੰਨਾ ਕਿ ਆਪਣੀ ਸੰਪਰਦਾ ਜਾਂ ਮੱਤ ਨੂੰ ਸ੍ਰੇਸ਼ਟ ਦਰਸਾਉਣ, ਦੂਜਿਆਂ ਨੂੰ ਨੀਵੇਂ ਜਨਾਉਣ ਅਤੇ ਹਰ ਹਰਬਾ ਵਰਤ ਕੇ ਉਨ੍ਹਾਂ ਸਾਰਿਆਂ ਨੂੰ ਆਪਣੇ ਸੰਪ੍ਰਦਾਈ ਸੰਕੀਰਨ ਦਾਇਰੇ ਵਿੱਚ ਲਿਆਉਣ ਲਈ ਹੋਇਆ ਹੈ।
ਭਾਵੇਂ ਹੁਣ ਸੰਸਾਰ ਦੇ ਕੁਝ ਮਾਨਵ-ਹਿਤਕਾਰੀ ਧਾਰਮਿਕ ਤੇ ਰਾਜਨੀਤਕ ਆਗੂ ‘ਲੀਗ ਆਫ਼ ਨੇਸ਼ਨਜ’ ਅਤੇ ‘ਯੂਨਾਈਟਡ ਨੇਸ਼ਨਜ’ ਵਾਂਗ ਸਾਰੇ ਮਜ਼ਹਬਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਤਰ ਕਰਕੇ ਮਜ਼ਹਬੀ ਨੇੜਤਾ ਪੈਦਾ ਕਰਨ ਦੇ ਯਤਨ ਕਰ ਰਹੇ ਹਨ; ਪਰੰਤੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਲੰਮੀ ਨਦਰ ਨੇ 550 ਸਾਲ ਪਹਿਲਾਂ ਹੀ ਇਸ ਖ਼ਤਰੇ ਨੂੰ ਭਾਂਪ ਲਿਆ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸੰਸਾਰ ਦੇ ਸਾਹਮਣੇ ਇੱਕ ਸਰਬ-ਸਾਂਝੇ ‘ਸਾਚੁ-ਧਰਮੁ’ ਦਾ ਆਸ਼ਾ ਰਖਿਆ ਭਾਵ ਉਨ੍ਹਾਂ ਨੇ ਸਮਝਾਇਆ ਕਿ ਮਨੁੱਖਾ ਜ਼ਿਦਗੀ ਦੇ ਹਰ ਖੇਤਰ ਵਿੱਚ ਸੱਚ ਨੂੰ ਦ੍ਰਿੜ੍ਹ ਕਰਕੇ ਜੀਊਣਾ ਹੀ ਸਰਬੋਤਮ ਧਰਮ ਹੈ। ‘ਬੁੱਧ ਮੱਤ’ ਨਾਲ ਮਹਾਤਮਾ ਬੁੱਧ ਜੀ ਦਾ ਨਾਂ, ‘ਈਸਾਈ ਮੱਤ’ ਨਾਲ ਹਜ਼ਰਤ ਈਸਾ ਜੀ ਦਾ ਨਾਂ ਅਤੇ ‘ਮੁਹੰਮਡਨ’ ਨਾਲ ਹਜ਼ਰਤ ਮੁਹੰਮਦ ਜੀ ਦਾ ਨਾਂ, ਜੁੜਿਆ ਹੋਇਆ ਹੈ ਕਿਉਂਕਿ ਇਹ ਸਾਰੇ ਮਹਾਂਪੁਰਖ ਆਪੋ-ਆਪਣੇ ਮੱਤਾਂ ਦੇ ਚਾਲਕ ਸਨ, ਪਰ ਗੁਰਬਾਣੀ ਅਤੇ ਗੁਰ ਇਤਿਹਾਸ ਇਸ ਹਕੀਕਤ ਦੇ ਗਵਾਹ ਹਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਰੱਬੀ ਹੁਕਮ ਅਧੀਨ ਚਲਾਏ ਧਰਮ-ਪੰਥ ਨੂੰ ਕੋਈ ਵਿਅਕਤੀਗਤ ਜਾਂ ਕੌਮੀ ਨਾਂ ਨਹੀਂ ਦਿੱਤਾ ਕਿਉਂਕਿ ਉਹ ਸਮਝਦੇ ਸਨ ਕਿ ਧਾਰਮਿਕ ਜਗਤ ਦੇ ਐਸੇ ਵਰਤਾਰੇ ਕਾਰਨ ਹੀ ਮਜ਼ਹਬੀ ਕੱਟੜਤਾ ਜਨਮ ਲੈਂਦੀ ਹੈ ਅਤੇ ਮਾਨਵਤਾ ਵਿੱਚ ਸੰਪਰਦਾਈ ਦੀਵਾਰਾਂ ਖੜ੍ਹੀਆਂ ਹੁੰਦੀਆਂ ਹਨ।
ਗੁਰਬਾਣੀ ਟੀਕਾਕਾਰਾਂ ਅਨੁਸਾਰ ‘ਸਾਚੁ ਧਰਮੁ’ ਦਾ ਅਰਥ ਹੈ : ‘ਸਦਾ ਥਿਰ (ਸੱਚੇ) ਪ੍ਰਭੂ ਦੇ ਨਾਮ ਸਿਮਰਨ ਵਾਲਾ ਤੇ ਸਦਾ ਸਾਥ ਨਿਭਣ ਵਾਲਾ ਧਰਮ’। ਅਕਾਲ ਪੁਰਖ ਵਾਹਗੁਰੂ ਜੀ ਦੀ ਹੋਂਦ ਦੇ ਵਿਸ਼ਵਾਸ ਵਿੱਚ ਭਰ ਕੇ ਉਸ ਦੀ ਨਿਕਟਤਾ ਭਰਪੂਰ ਹਜ਼ੂਰੀ ਅਤੇੇ ਰਜ਼ਾ ਵਿੱਚ ਜੀਊਣ ਦੀ ਸਰਬਸਾਂਝੀ ਜੀਵਨ-ਜੁਗਤ । ਰੱਬ ਨੂੰ ਯਾਦ ਰੱਖਦਿਆਂ ਸੱਚ ’ਤੇ ਪਹਿਰਾ ਤਾਂ ਹਰੇਕ ਥਾਂ ਅਤੇ ਹਰ ਵੇਲੇ ਦਿੱਤਾ ਜਾ ਸਕਦਾ ਹੈ, ਪਰ ਮਜ਼ਹਬੀ ਤੇ ਜਥੇਬੰਦਕ ਪਹਿਚਾਣ ਦੇ ਚਿੰਨਾਂ ਤੇ ਹੋਰ ਗਿਣੇ-ਮਿੱਥੇ ਕਰਮਕਾਂਡਾਂ ਵਾਲਾ ਧਰਮ; ਸਦਾ ਨਹੀਂ ਨਿਭਾਇਆ ਜਾ ਸਕਦਾ । ਗੁਰੂ ਨਾਨਕ ਸਾਹਿਬ ਜੀ ਨੇ ਸਪੱਸ਼ਟ ਲਿਖਿਆ ਹੈ ਕਿ ਜੋ ਕੋਈ ਮਨੁੱਖ ਆਪਣੇ ਹਿਰਦੇ ਵਿੱਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਸੱਚ ਸਰੂਪ ਪ੍ਰਭੂ ਦੇ ਨਾਮ ਸਿਮਰਨ ਵਜੋਂ ਸੱਚ ਨੂੰ ਦ੍ਰਿੜ੍ਹ ਕਰਕੇ ਜੀਊਣਾ ਹੀ ਇੱਕੋ ਇੱਕ ਠੀਕ ਧਰਮ ਹੈ, ਉਹ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਸਦਾ ਲਈ ਵਿਕਾਰਾਂ ਦੇ ਟਾਕਰੇ ’ਤੇ ਅਡੋਲ ਹੋ ਜਾਂਦਾ ਹੈ। ਉਹ ਮਨੁੱਖ ਇਕਤਾਰ ਸੁਰਤਿ ਜੋੜ ਕੇ ਅਬਿਨਾਸ਼ੀ ਪ੍ਰਭੂ ਵਿੱਚ ਮਸਤ ਰਹਿੰਦਾ ਹੈ । ਗੁਰੂ ਦੀ ਸ਼ਰਨ ਪੈ ਕੇ ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸ਼ਨ ਕਰ ਲੈਂਦਾ ਹੈ ਭਾਵ ਉਹ ਸ੍ਰਿਸ਼ਟੀ ਦੇ ਜੀਅ-ਜੰਤਾਂ ਤੇ ਹੋਰ ਕੁਦਰਤੀ ਅੰਗਾਂ ਅੰਦਰਲੀ ਰੱਬੀ ਜੋਤਿ ਨੂੰ ਪਹਿਚਾਣ ਲੈਂਦਾ ਹੈ । ਗੁਰ ਵਾਕ ਹੈ : ‘‘ਏਕੋ ਧਰਮੁ; ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ; ਜੁਗਿ ਜੁਗਿ ਸੋਈ ॥ ਅਨਹਦਿ ਰਾਤਾ; ਏਕ ਲਿਵ ਤਾਰ ॥ ਓਹੁ ਗੁਰਮੁਖਿ; ਪਾਵੈ ਅਲਖ ਅਪਾਰ ॥’’ (ਮ: ੧/ ੧੧੮੮)
ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਸਮਝਾਇਆ ਕਿ ਜਦੋਂ ਕਿਸੇ ਮਨੁੱਖ ਦਾ ਮਨ, ਪਰਮੇਸ਼ਰ ਦੇ ਨਾਮ ਵਿੱਚ ਪਤੀਜ ਜਾਂਦਾ ਹੈ ਭਾਵ ਰੱਬੀ ਹੋਂਦ ਦੀ ਪ੍ਰਤੀਤ ਵਿੱਚ ਭਿੱਜ ਜਾਂਦਾ ਹੈ ਤਾਂ ਉਸ ਮਨੁੱਖ ਦਾ ਧਰਮ ਨਾਲ ਸਿੱਧਾ ਸੰਬੰਧ ਜੁੜ ਜਾਂਦਾ ਹੈ। ਐਸਾ ਵਿਅਕਤੀ ਫਿਰ ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਅਤੇ ਫਿਰਕਾ-ਪ੍ਰਸਤੀ ਦੇ ਵਖਰੇਵਿਆਂ ਵਿੱਚ ਨਹੀਂ ਪੈਂਦਾ ਕਿ ਇਹ ਰਸਤਾ ਚੰਗਾ ਹੈ ਅਤੇ ਇਹ ਮਾੜਾ । ਜਪੁ ਜੀ ਸਾਹਿਬ ਵਿੱਚ ਉਨ੍ਹਾਂ ਦਾ ਗੁਰਮਤੀ ਫ਼ੈਸਲਾ ਹੈ ‘‘ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥’’ ਪਰ ਇਸ ਦਾ ਇਹ ਅਰਥ ਨਹੀਂ ਕਿ ਉਹ ਵਖਾਵੇ ਦੇ ਕਰਮਕਾਂਡਾਂ ਅਤੇ ਹੋਰ ਵਹਿਮਾਂ ’ਤੇ ਆਧਾਰਿਤ ਫੋਕੀਆਂ ਰਸਮਾਂ ਨੂੰ ਰੱਦ ਨਹੀਂ ਕਰਦਾ। ਉਨ੍ਹਾਂ ਦੇ ਜੋਤਿ ਸਰੂਪ ਪੰਚਮ ਗੁਰਦੇਵ ਬੜੀ ਬੇਬਾਕੀ ਨਾਲ ਆਖਦੇ ਹਨ : ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥’’ (ਮ: ੫/੭੪੭)
ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ‘ਸਾਚੁ ਧਰਮੁ’ ਦਾ ਅਧਿਆਤਮਿਕ ਰਹੱਸ ਵੀ ਪ੍ਰਗਟ ਕੀਤਾ ਹੈ । ਉਹ ਦੱਸਦੇ ਹਨ ਕਿ ਜਿਵੇਂ ਕੋਈ ਕਿਰਸਾਨ; ਆਪਣੀ ਖੇਤੀ ਨੂੰ ਅਵਾਰਾ ਡੰਗਰਾਂ ਤੇ ਹੋਰ ਜਾਨਵਰਾਂ ਤੋਂ ਬਚਾਉਣ ਲਈ ਵਾੜ ਅਤੇ ਮਜ਼ਬੂਤ ਫਾਟਕ ਲਗਾਉਂਦਾ ਹੈ; ਤਿਵੇਂ ਹੀ ਗੁਰੂ-ਬਾਬੇ ਨੇ ਮਨੁੱਖ ਦੀ ਜੀਵਨ ਰੂਪ ਖੇਤੀ ਨੂੰ ਵਿਕਾਰਾਂ ਤੋਂ ਬਚਾਉਣ ਲਈ ‘ਸਾਚੁ ਧਰਮੁ’ ਦੀ ਵਾੜ ਕੀਤੀ ਹੈ ਅਤੇ ਗੁਰੂ ਗਿਆਨ ਦੇ ਪੱਕੇ ਫਲ੍ਹੇ (ਸਟਰੌਂਗ ਗੇਟ) ਲਗਾਏ ਹਨ। ਗੁਰਦੇਵ ਜੀ ਦਾ ਵਿਖਿਆਤਮਿਕ ਗੁਰਵਾਕ ਹੈ ‘‘ਸਾਚ ਧਰਮ ਕੀ ਕਰਿ ਦੀਨੀ ਵਾਰਿ ॥ ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥’’ (ਮ: ੫/੪੩੦), ਹਜ਼ੂਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਿਹਰਵਾਨ ਅਕਾਲ ਪੁਰਖ ਜਿਸ ਮਨੁੱਖ ਨੂੰ ਸੱਚਾ ਧਰਮ ਦ੍ਰਿੜ੍ਹ ਕਰਕੇ ਜੀਵਣ ਦਾ ਬਲ ਬਖ਼ਸ਼ਦਾ ਹੈ, ਉਸ ਪਾਸੋਂ ਉਹ ਸਰਬੱਤ ਦੇ ਭਲੇ ਵਾਲੇ ਕੰਮ ਕਰਾਂਦਾ ਹੈ । ਗੁਰੂ ਗਿਆਨ ਤੇ ਦੈਵੀ ਗੁਣਾਂ ਦੇ ਨਾਮ-ਧਨ ਨੂੰ ਇਕੱਠਾ ਕਰਦਿਆਂ ਉਸ ਦੀ ਦੁਨੀਆਂ ਵੀ ਨਹੀਂ ਵਿਗੜਦੀ ਭਾਵ ਨਾਮ-ਧਨ ਕਮਾਉਣ ਦੇ ਨਾਲ-ਨਾਲ ਉਹ ਉਪਕਾਰੀ ਜੀਵਨ ਨਿਰਬਾਹ ਲਈ ਮਾਲ-ਧਨ ਵੀ ਕਮਾਉਂਦਾ ਹੈ। ਇਸ ਪ੍ਰਕਾਰ ਉਸ ਦਾ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਹੋ ਜਾਂਦਾ ਹੈ । ਫ਼ੈਸਲਾਕੁਨ ਗੁਰਵਾਕ ਹੈ : ‘‘ਸਚਾ ਧਰਮੁ; ਪੁੰਨੁ ਭਲਾ ਕਰਾਏ ॥ ਦੀਨ ਕੈ ਤੋਸੈ; ਦੁਨੀ ਨ ਜਾਏ ॥’’ (ਮ: ੫/੭੪੩)
ਗੁਰਬਾਣੀ ਵਿੱਚ ‘ਸਤਿ’ (ਸੱਚ) ਤੇ ‘ਨਾਮੁ’ ਲਫ਼ਜ਼ਾਂ ਨੂੰ ਜਗਤ ਕਰਤੇ ਪ੍ਰਭੂ ਵਜੋਂ ਸਮਾਨਾਰਥਕ ਰੂਪ ਵਿੱਚ ਵਰਤਿਆ ਗਿਆ ਹੈ; ਜਿਵੇਂ ‘‘ਸਾਚੇ ਤੇ ਪਵਨਾ ਭਇਆ..॥’’ (ਮ: ੧/ ੧੯) ਅਤੇ ‘‘ਨਾਮੈ ਹੀ ਤੇ ਸਭੁ ਕਿਛੁ ਹੋਆ..॥’’ (ਮ: ੩/ ੭੫੩), ਇਸ ਲਈ ਗੁਰੂ ਪੰਚਮ ਪਾਤਸ਼ਾਹ ਨੇ ‘ਸਾਚੁ ਧਰਮੁ’ ਨੂੰ ‘ਨਾਮ ਧਰਮ’ ਦਸਦਿਆਂ ਇਉਂ ਵੀ ਲਿਖਿਆ ਕਿ ਗੁਰੂ ਨਾਨਕ ਸਾਹਿਬ ਜਗਤ ਦੀ ਅਗਿਆਨਤਾ ਨੂੰ ਦੂਰ ਕਰਨ ਲਈ ਇੱਕ ਚਰਾਗ (ਚਹੁੰ-ਮੁਖੀ ਦੀਵੇ) ਵਾਂਗ ਜਗੇ ਅਤੇ ਉਨ੍ਹਾਂ ਦੇ ਦਰਸਾਏ ‘ਨਾਮ-ਧਰਮ’ ਦੁਆਰਾ ਸਾਰੀ ਸ੍ਰਿਸ਼ਟੀ ਪਾਰ ਉਤਰ ਗਈ ਭਾਵ ਵਿਕਾਰਾਂ ਤੋਂ ਮੁਕਤ ਹੁੰਦਿਆਂ ਰੱਬੀ ਮਿਲਾਪ ਦੇ ਰੂਪ ਵਿੱਚ ਗੁਣਵੰਤ, ਧਨਵੰਤ, ਪਤਿਵੰਤ ਤੇ ਕੁਲਵੰਤ ਬਣਨ ਦਾ ਹਰੇਕ ਮਨੱਖ ਨੂੰ ਬਰਾਬਰ ਮੌਕਾ ਮਿਲਿਆ ਕਿਉਂਕਿ ਗੁਰੂ-ਬਾਬੇ ਦੀ ਮਾਨਵਵਾਦੀ ਜੀਵਨ-ਜੁਗਤਿ ਵਿੱਚ ਊਚ ਨੀਚ, ਸ੍ਰੇਸ਼ਟ ਜਾਂ ਸ਼ੂਦਰ ਅਤੇ ਮੋਮਨ ਜਾਂ ਕਾਫ਼ਰ ਆਦਿਕ ਵਰਗੇ ਸਮਾਜਕ ਤੇ ਧਾਰਮਕ ਵਿਤਕਰੇ ਨਹੀਂ ਸਨ। ਗੁਰ ਵਾਕ ਹੈ : ‘‘ਬਲਿਓ ਚਰਾਗੁ ਅੰਧੵਾਰ ਮਹਿ; ਸਭ ਕਲਿ ਉਧਰੀ ਇਕ ਨਾਮ ਧਰਮ ॥ ਪ੍ਰਗਟੁ ਸਗਲ ਹਰਿ ਭਵਨ ਮਹਿ; ਜਨੁ ਨਾਨਕੁ ਗੁਰੁ ਪਾਰਬ੍ਰਹਮ ॥’’ (ਮ: ੫/ ੧੩੮੭)
ਹਜ਼ੂਰ ਨੂੰ ਜਦੋਂ ਕਿਸੇ ਸੂਝਵਾਨ ਜਗਿਆਸੂ ਨੇ ਪੁੱਛਿਆ ਕਿ ਮਹਾਰਾਜ ! ਸੰਸਾਰ ਦਾ ਸਭ ਤੋਂ ਸ੍ਰੇਸ਼ਟ ਧਰਮ ਕਿਹੜਾ ਹੈ ? ਤਾਂ ਹਜ਼ੂਰ ਨੇ ਫ਼ੁਰਮਾਇਆ ਕਿ ਮਨੁੱਖੀ ਜ਼ਿੰਦਗੀ ਦਾ ਹਰੇਕ ਕੰਮ ਕਾਰ ਅਤੇ ਅਮਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਲਿਵ ’ਤੇ ਆਧਾਰਿਤ ਹੋਵੇ। ਮਨੁੱਖ ਵਾਹਿਗੁਰੂ ਦੀ ਯਾਦ ਵਿੱਚ ਜੀਵੇ ਅਤੇ ਨਿਰਮਲ ਕਰਮ ਕਰੇ ਕਿਉਂਕਿ ਰੱਬੀ-ਯਾਦ; ਮਨੁੱਖ ਨੂੰ ਸੰਨਿਆਸੀ ਤੇ ਵੈਰਾਗੀ ਬਣਾ ਕੇ ਜ਼ਿੰਦਗੀ ਤੋਂ ਦੂਰ ਨਹੀਂ ਲਿਜਾਂਦੀ, ਸਗੋਂ ਸਿਮਰਨ ਰੂਪ ਰੱਬੀ ਹਜ਼ੂਰੀ ਦੇ ਨਿਰਮਲ-ਭਉ (ਅਦਬ) ਅਧੀਨ ਕਰਮ ਜੋਗੀ ਬਣਾਉਂਦੀ ਹੈ। ਅਮ੍ਰਿਤ ਬਚਨ ਹਨ : ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’’ (ਗਉੜੀ ਸੁਖਮਨੀ/ ਮ: ੫/ ੨੬੬)
ਗੁਰੂ ਨਾਨਕ ਸਾਹਿਬ ਜੀ ਉਨ੍ਹਾਂ ਦੇ ਜੋਤਿ ਸਰੂਪ ਬਾਕੀ ਗੁਰੂ ਸਾਹਿਬਾਨ ਨੇ ਪੂਰਬੀ ਤੇ ਪੱਛਮੀ ਮਤ-ਮਤਾਂਤਰਾਂ ਵਿੱਚ ਰੱਬੀ ਹੋਂਦ ਨੂੰ ਪ੍ਰਗਟਾਉਂਦੇ ਹੋਏ ਸਾਰੇ ਦੈਵੀ ਨਾਵਾਂ ਦੀ ਵਰਤੋਂ ਕੀਤੀ, ਪਰ ਕਿਸੇ ਇੱਕ ਨੂੰ ਵਿਸ਼ੇਸ਼ਤਾ ਵੀ ਨਾ ਦਿਤੀ ਕਿਉਂਕਿ ਉਹ ਦੇਖ ਰਹੇ ਸਨ ਕਿ ਲੋਕ ਰੱਬੀ ਨਾਵਾਂ ’ਤੇ ਵੀ ਝਗੜਦੇ ਪਏ ਹਨ ਜਦੋਂ ਕਿ ਸਾਰੀ ਸ੍ਰਿਸ਼ਟੀ ਦਾ ਮੂਲ ਪਰਮਾਤਮਾ ਇੱਕ ਹੀ ਹੈ। ਉਸ ਨੂੰ ਯਾਦ ਕਰਨ ਲਈ ਕਿਸੇ ਖ਼ਾਸ ਨਾਮ, ਕਿਸੇ ਖ਼ਾਸ ਦਿਸ਼ਾ ਜਾਂ ਕਿਸੇ ਖ਼ਾਸ ਸਥਾਨ ਅਤੇ ਸਰੀਰਕ ਮੁਦਰਾ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਸਰਬ ਵਿਆਪਕ ਤੇ ਸਾਰਿਆਂ ਦਾ ਜੀਵਨ ਹੈ। ਉਸ ਨੂੰ ਧਾਰਮਕ ਮੰਦਰਾਂ ਦੀਆਂ ਦੀਵਾਰਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਵਿਸ਼ੇਸ਼ ਕਰਮ ਧਰਮ ਨਾਲ ਉਸ ਨੂੰ ਰੀਝਾਇਆ ਜਾ ਸਕਦਾ ਹੈ। ਉਹ ਵੱਖ-ਵੱਖ ਮਜ਼ਹਬੀ ਜਪ-ਤਪ ਅਤੇ ਸਰੀਰਕ ਜੁਗਤੀਆਂ ਦੀ ਪਕੜ ਤੋਂ ਉਚੇਰਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਐਸਾ ਮਨੋਰਥ ਨਹੀਂ ਸੀ ਕਿ ਲੋਕਾਂ ਨੂੰ ਇੱਕ ਧਰਮ ਤੋਂ ਦੂਜੇ ਧਰਮ ਵੱਲ ਪ੍ਰੇਰਿਆ ਜਾਵੇ, ਸਗੋਂ ਉਹ ਤਾਂ ਸਾਰਿਆਂ ਨੂੰ ਆਪਣੇ ਸੱਚੇ ਈਮਾਨ ਵਿੱਚ ਪੱਕੇ ਰਹਿੰਦਿਆਂ ਮਨੁੱਖ ਮਾਤਰ ਦੀ ਸੇਵਾ ਲਈ ਇੱਕ ਸਾਂਝਾ ਤੇ ਨਿਰਭਉ ਨਿਰਵੈਰ ਮਨੁੱਖੀ ਭਾਈਚਾਰਾ ਕਾਇਮ ਕਰਨਾ ਚਾਹੁੰਦੇ ਸਨ, ਜੋ ਇੱਕ ਅਕਾਲ ਪੁਰਖ ਦੇ ਦੈਵੀ-ਗੁਣਾਂ ਦਾ ਪੁਜਾਰੀ, ਕਿਰਤੀ ਤੇ ਸ਼ੁਭ ਅਮਲਾਂ ਵਾਲੇ ਹੋਣ। ਸਾਰੇ ਜਾਣਦੇ ਹਨ ਕਿ ਪਰਮਾਤਮਾ ਦੀ ਸਰਬ ਵਿਆਪਕਤਾ ਦਰਸਾਉਣ ਲਈ ਜਦੋਂ ਉਹ ਇਸਲਾਮ ਦੇ ਕੇਂਦਰੀ ਧਰਮ ਅਸਥਾਨ ਮੱਕੇ ਦੀ ਜ਼ਯਾਰਤ (ਯਾਤਰਾ) ਲਈ ਗਏ ਅਤੇ ਉੱਥੇ ਹਾਜੀਆਂ ਨੇ ਪੁੱਛਿਆ ਕਿ ਤੁਹਾਡੀ ਦ੍ਰਿਸ਼ਟੀ ਵਿੱਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ ? ਤਾਂ ਉਨ੍ਹਾਂ ਸਪਸ਼ਟ ਕਿਹਾ ਕਿ ਸ਼ੁਭ ਅਮਲਾਂ ਬਾਝੋਂ ਕਿਸੇ ਨੂੰ ਵੀ ਰੱਬੀ ਦਰਗਾਹ ਵਿੱਚ ਆਦਰ ਨਹੀਂ ਮਿਲ ਸਕਦਾ । ਭਾਈ ਗੁਰਦਾਸ ਜੀ ਲਿਖਦੇ ਹਨ : ‘‘ਬਾਬਾ ਆਖੇ ਹਾਜੀਆ! ਸੁਭਿ ਅਮਲਾ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦੁਇ, ਦਰਗਹ ਅੰਦਰਿ ਲਹਨਿ ਨ ਢੋਈ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੩)
ਗੁਰਦੇਵ ਜੀ ਲਈ ਇਹ ਪੱਖ ਵੀ ਕੋਈ ਮਹੱਤਵ ਨਹੀਂ ਸੀ ਰੱਖਦਾ ਕਿ ਕੋਈ ਮਨੁੱਖ ਕਿਸ ਮਜ਼ਹਬ ਨਾਲ ਸਬੰਧਿਤ ਹੈ। ਉਹ ਤਾਂ ਸਦਾ ਇਹੀ ਦੇਖਦੇ ਸਨ ਕਿ ਉਸ ਮਨੁੱਖ ਦਾ ਦੂਸਰਿਆਂ ਨਾਲ ਵਰਤੋਂ ਵਿਹਾਰ ਕੈਸਾ ਹੈ। ਉਹ ਸੁਕ੍ਰਿਤ ਕਰਦਾ ਹੈ ਜਾਂ ਦੁਕ੍ਰਿਤ । ਸਤਿਗੁਰੂ ਜੀ ਨੇ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਬਹਿਸ਼ਤ (ਸਵਰਗ) ਦੇ ਲਾਰੇ ਨਹੀਂ ਲਾਏ ਅਤੇ ਨਾ ਹੀ ਦੋਜ਼ਕ (ਨਰਕ) ਦੇ ਡਰਾਵੇ ਦਿਤੇ ਕਿਉਂਕਿ ਉਹ ਭਲੀਭਾਂਤ ਸਮਝਦੇ ਸਨ ਕਿ ਇਹ ਸਭ ਮਨੁੱਖੀ ਈਮਾਨ ਨੂੰ ਕਮਜ਼ੋਰ ਕਰਦੇ ਹਨ। ਇਸੇ ਲਈ ਉਨ੍ਹਾਂ ਆਖਿਆ : ‘‘ਸਭਨਾ ਕਾ; ਦਰਿ ਲੇਖਾ ਹੋਇ ॥ ਕਰਣੀ ਬਾਝਹੁ; ਤਰੈ ਨ ਕੋਇ ॥’’ (ਮ: ੧/ ੯੫੨), ਗੁਰੂ ਨਾਨਕ ਸਾਹਿਬ ਮਜ਼੍ਹਬੀ ਬੰਧਨਾਂ ਤੋਂ ਉਚੇਰੇ ਸਨ। ਉਨ੍ਹਾਂ ਨੂੰ ਕਿਸੇ ਇੱਕ ਸੰਪਰਦਾਇਕ ਦਾਇਰੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਜਦੋਂ ਕਿਸੇ ਸਿਆਣੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਅਤੇ ਤੁਹਾਡਾ ਰੱਬ ਕਿਹੜਾ ਹੈ ? ਤਾਂ ਹਜ਼ੂਰ ਦਾ ਜਵਾਬ ਸੀ ਕਿ ਆਤਮਕ ਜੀਵਨ ਦੀ ਅਗਵਾਈ ਵਾਸਤੇ ਨਾ ਅਸੀਂ ਹਿੰਦੂ ਦੇ ਮੁਥਾਜ ਹਾਂ ਅਤੇ ਨਾ ਹੀ ਮੁਸਲਮਾਨ ਦੇ; ਕਿਉਂਕਿ ਸਾਡੇ ਇਹ ਸਰੀਰ, ਸਾਡੀ ਇਹ ਜਿੰਦ ਉਸ ਪਰਮਾਤਮਾ ਦੇ ਦਿੱਤੇ ਹੋਏ ਹਨ, ਜਿਸ ਨੂੰ ਮੁਸਲਮਾਨ ‘ਅੱਲਾ’ ਆਖਦਾ ਹੈ ਅਤੇ ਹਿੰਦੂ ‘ਰਾਮ’ ਭਾਵ ਇਹ ਕਿ ਰੱਬ ਸਾਰੇ ਸੰਸਾਰ ਦਾ ਇੱਕ ਸਰਬਸਾਂਝਾ ਮਾਂ ਬਾਪ ਹੈ ਅਤੇ ਉਸ ਦੇ ਪੈਦਾ ਕੀਤੇ ਅਸੀਂ ਸਾਰੇ ਜੀਵ-ਜੰਤ ਇੱਕ ਪਰਿਵਾਰ ਵਾਂਗ ਹਾਂ। ਵੇਲੇ ਸਿਰ ਸੱਚ ਬੋਲਣ ਦਾ ਮਾਦਾ ਰੱਖਣ ਵਾਲੇ (ਸਚ ਕੀ ਵੇਲਾ) ਗੁਰੂ ਬਾਬੇ ਦਾ ਐਲਾਨ ਹੈ : ‘‘ਨਾ ਹਮ ਹਿੰਦੂ, ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥’’ (੧੧੩੬), ਇਹੀ ਕਾਰਨ ਸੀ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਸਮੇਂ ਹਿੰਦੂ ਤੇ ਸਿੱਖ ਆਪਣੀ ਪ੍ਰਚਲਿਤ ਸਮਾਜਕ ਰੀਤ ਅਨੁਸਾਰ ਉਨ੍ਹਾਂ ਦੀ ਦੇਹ ਨੂੰ ਜਲਾਉਣਾ ਚਾਹੁੰਦੇ ਸਨ ਅਤੇ ਮੁਸਲਮਾਨ ਆਪਣੀ ਸ਼ਰਾ ਅਨੁਸਾਰ ਦਫ਼ਨਾਉਣਾ ਕਿਉਂਕਿ ਰਾਜ-ਜੋਗੀ ਬਾਬਾ ਸਾਰਿਆਂ ਨੂੰ ਪ੍ਰਵਾਨ ਸੀ, ਇਸੇ ਲਈ ਲਕੋਕਤੀ ਵੀ ਬਣੀ ‘ਬਾਬਾ ਨਾਨਕ, ਸ਼ਾਹ ਫ਼ਕੀਰ। ਸਿੱਖ ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ’। ਹਜ਼ੂਰ ਦੇ ਸਮਦ੍ਰਿਸ਼ਟ ਵਰਤਾਰੇ ਕਾਰਨ ਕੋਈ ਅਜਿਹਾ ਨਿਰਣੈ ਨਹੀਂ ਸੀ ਕਰ ਸਕਦਾ ਕਿ ਉਨ੍ਹਾਂ ਦਾ ਮਜ਼੍ਹਬ ਕਿਹੜਾ ਹੈ ? ਅਸਲੀਅਤ ਤਾਂ ਇਹ ਹੈ ਕਿ ਉਨ੍ਹਾਂ ਦਾ ਧਰਮ ਇਨਸਾਨੀਅਤ ਸੀ, ਜਿਸ ਨੂੰ ਉਹ ‘ਨਾਮ ਧਰਮ’ ਆਖਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰੂ-ਸਾਹਿਬਾਨ ਤੇ ਭਗਤ-ਜਨਾਂ ਦੀ ਅਟੁੱਟ ਸਾਂਝ ਇਸ ਸੱਚ ਦਾ ਪਰਤੱਖ ਪ੍ਰਮਾਣ ਹੈ। ਗੁਰੂ ਜੀ ਇਸ ਅਸੂਲ ’ਤੇ ਆਧਾਰਿਤ ਸਾਰੀ ਮਾਨਵਤਾ ਨੂੰ ਇੱਕ ਪਲੇਟਫਾਰਮ ’ਤੇ ਇਕੱਤਰ ਕਰਨਾ ਚਾਹੁੰਦੇ ਸਨ ਕਿ ਅਸੀਂ ਸਾਰੇ ਇੱਕ ਪ੍ਰਮਾਤਮਾ ਦੀ ਸੰਤਾਨ ਹੋਣ ਕਰਕੇ ਭੈਣ ਭਰਾ ਹਾਂ । ਸਾਰਾ ਜਗਤ ਇੱਕ ਨਿਰੰਕਾਰੀ ਰੱਬ ਦੇ ਨੂਰ ਤੋਂ ਪੈਦਾ ਹੋਣ ਕਰਕੇ ਨਾ ਕੋਈ ਵਿਸ਼ੇਸ਼ ਚੰਗਾ ਹੈ ਅਤੇ ਨਾ ਕੋਈ ਵਿਸ਼ੇਸ਼ ਮੰਦਾ। ਨਾ ਕੋਈ ਊਚ ਤੇ ਨਾ ਕੋਈ ਨੀਚ। ਸਾਰੇ ਇੱਕ ਸਮਾਨ ਹਨ। ਸੋ ਗੁਰਦੇਵ ਜੀ ਦੀ ਅਜਿਹੀ ਸਰਬ-ਸਾਂਝੀਵਾਲਤਾ ਵਾਲੀ ਸਿੱਖਿਆ ਸਿੱਖਣ ਵਾਲਿਆਂ ਨੂੰ ‘ਸਿੱਖ’ ਕਿਹਾ ਜਾਣ ਲੱਗਾ, ਜਿਸ ਕਰਕੇ ਹਜ਼ੂਰ ਦੇ ਦਰਸਾਏ ‘ਨਾਮ-ਧਰਮ’ ਨੂੰ ਸਿਖ ਧਰਮ ਦੇ ਨਾਂ ਤੋਂ ਵੀ ਜਾਣਿਆ ਜਾਣ ਲਗਾ । ਗੁਰਬਾਣੀ ਦੀ ਰੌਸ਼ਨੀ ਵਿੱਚ ਇੱਕ ਨੇਕ ਅਤੇ ਆਦਰਸ਼ਕ ਇਨਸਾਨ ਬਣਨਾ, ਗੁਰੂ ਨਾਨਕ ਸਾਹਿਬ ਦੇ ਸਿੱਖ ਬਣਨਾ ਹੈ, ਭਾਵੇਂ ਉਹਦੀਆਂ ਪਿਤਾ ਪੁਰਖੀ ਸਮਾਜਕ ਰੀਤਾਂ ਅਤੇ ਮਜ਼੍ਹਬ ਕੋਈ ਵੀ-ਹੋਵੇ।
ਸ੍ਰੀ ਗੁਰ ਗ੍ਰੰਥ ਸਾਹਿਬ ਜੀ ਵਿਖੇ ਗੁਰੂ ਉਸਤਤੀ ਦੇ ਗੀਤ ਗਾਉਣ ਵਾਲੇ ਗਿਆਰਾਂ ਭੱਟ ਬ੍ਰਹਮਣਾਂ ਵਿੱਚੋਂ ਅਤੇ ਭਾਈ ਮਰਦਾਨਾ ਜੀ ਅਤੇ ਪੀਰ ਬੁਧੂ ਸ਼ਾਹ ਵਰਗੇ ਮੁਸਲਮਾਨ ਘਰਾਣਿਆਂ ਵਿੱਚੋਂ ਹੁੰਦੇ ਹੋਏ ਵੀ ਗੁਰੂ ਸਹਿਬਾਨ ਦੇ ਪਿਆਰੇ ਸੇਵਕ ਸਿੱਖ ਸਨ । ਗੁਰੂ ਹਰਿਸਹਾਏ ਵਾਲੀ ਇੱਕ ਪੋਥੀ ਵਿੱਚ ਭੈਰੋ (ਭੈਰਉ) ਰਾਗ ਦੇ ਇੱਕ ਸਿਰਲੇਖ ਵਜੋਂ ਲਿਖਿਆ ਹੋਇਆ ਹੈ ‘ਕਬੀਰ ਨਾਮਾ ਭਗਤ ਬਾਬੇ ਦੇ’; ਕਿਉਂਕਿ ਉਨ੍ਹਾਂ ਨੇ ਗੁਰੂ ਨਾਨਕ ਫ਼ਲਸਫ਼ੇ ਨੂੰ ਪ੍ਰਵਾਨ ਕਰ ਲਿਆ ਸੀ। ਗੁਰਦੇਵ ਜੀ ਅਤੇ ਉਨ੍ਹਾਂ ਦੇ ਸੇਵਕ ਸਿੱਖ ਹੁਕਮ ਰਜਾਈ ਚੱਲਣ ਕਰਕੇ ਸਾਬਤ ਸੂਰਤਿ ਰਹੇ, ਜਿਸ ਕਰਕੇ ‘ਸਾਬਤ ਸੂਰਤਿ’ ਹੋਣਾ ਉਨ੍ਹਾਂ ਦੀ ਬਾਹਰੀ ਦਿਖ ਅਤੇ ਇੱਕ ਪਹਿਚਾਣ ਬਣ ਗਈ ਜੋ ਕਿ ਕੁਦਰਤੀ ਹੈ। ਇਹ ਕੋਈ ਭੇਖ ਨਹੀਂ ਕਿਉਂਕਿ ਭੇਖ ਉਹ ਹੁੰਦਾ ਹੈ, ਜੋ ਉਚੇਚ ਕਰਕੇ ਬਣਾਇਆ ਜਾਵੇ; ਜਿਵੇਂ ਮੁੰਡਨ ਕਰਨਾ, ਸੁੰਨਤ ਕਰਨੀ ਅਤੇ ਕੰਨ ਆਦਿਕ ਪਾੜਣੇ । ਧਾਰਮਕ ਖੇਤਰ ਦੇ ਐਸੇ ਵਰਤਾਰੇ ਕਾਰਨ ਹੀ ਮਨੁੱਖੀ ਭਾਈਚਾਰੇ ਅੰਦਰ ਭਿੰਨ ਭੇਦ ਪੈਦਾ ਹੁੰਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਨਾਮੁ ਧਰਮੁ’ ਨੂੰ ਹਰ ਪ੍ਰਕਾਰ ਦੀ ਸੰਪ੍ਰਦਾਇਕ ਮੈਲ ਤੋਂ ਰਹਿਤ ਸਮਝ ਕੇ ਹੀ ਭਾਈ ਗੁਰਦਾਸ ਜੀ ਨੇ ਬੁਲੰਦ ਅਵਾਜ਼ ਵਿੱਚ ਗਾਇਆ ਸੀ ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕ ਨਿਰਮਲ ਪੰਥ ਚਲਾਇਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੫) ਇਸ ਨਿਰਮਲ-ਪੰਥ ਦਾ ਹੀ ਸਮਾਨਾਰਥਕ ਸ਼ਬਦ ਹੈ ‘ਖਾਲਸਾ ਪੰਥ’; ਭਾਵੇਂ ਕਿ ਸੁਆਰਥੀ ਧਾਰਮਕ ਤੇ ਰਾਜਨੀਤਕ ਆਗੂਆਂ ਕਾਰਨ ਹੁਣ ਉਸ ਵਿੱਚ ਵੀ ਸੰਪ੍ਰਦਾਇਕ ਸੰਕੀਰਨਤਾ ਦਾ ਬੋਲ-ਬਾਲਾ ਹੋ ਰਿਹਾ ਹੈ, ਜੋ ਸਿੱਖੀ ਲਈ ਘਾਤਕ ਹੈ। ਸੋ ਹੁਣ ਜਦੋਂ ਅਸੀਂ ਜਗਤ-ਗੁਰ ਬਾਬੇ ਨਾਨਕ ਸਾਹਿਬ ਜੀ ਦਾ 550ਵਾਂ ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਉਨ੍ਹਾਂ ਲਈ ਸਾਡੀ ਸੱਚੀ ਸਰਧਾਂਜਲੀ ਇਹੀ ਹੋਏਗੀ ਕਿ ਗੋਬਿੰਦ ਰੂਪ ਬਾਬੇ ਦੇ ਚਲਾਏ ‘ਨਾਮ-ਧਰਮ’ ਦੀ ਅਸਲੀਅਤ ਨੂੰ ਸਮਝੀਏ, ਸਮਝਾਈਏ। ਸੰਪਰਦਾਇਕ ਸੰਕੀਰਨਤਾ ਤੋਂ ਮੁਕਤ ਹੋ ਕੇ ਵੱਖ ਵੱਖ ਭਾਸ਼ਾਵਾਂ ਵਿੱਚ ਉਸ ਦੇ ਸਰਬ-ਦੇਸ਼ੀ, ਸਰਬ-ਕਾਲੀ ਤੇ ਸਰਬ-ਸਾਂਝੇ ਫ਼ਲਸਫੇ ਨੂੰ ਪ੍ਰਚਾਰੀਏ ਅਤੇ ‘ਸਚ ਕੀ ਬਾਣੀ’ ਦੇ ਸਾਖੀ ਬਣ ਕੇ ਧਰਮ ਦੀ ਕਿਰਤ ਕਰੀਏ, ਨਾਮ ਜਪੀਏ ਤੇ ਲੋੜਵੰਦਾਂ ਨਾਲ ਵੰਡ ਕੇ ਛਕੀਏ। ਇਸ ਵਿੱਚ ਹੀ ਛੁਪਿਆ ਹੋਇਆ ਹੈ ‘ਗੁਰੂ ਨਾਨਕ ਦੇ ਨਿਰਮਲ ਪੰਥ ਦੀ ਵ੍ਰਿਧੀ ਅਤੇ ਵਿਸ਼ਵ ਕਲਿਆਣ ਦਾ ਰਾਜ਼’। ਨਾਮ-ਧਰਮ ਨੂੰ ਨਿਰਮਲ ਤੇ ਨਿਆਰਾ ਰੱਖਣ ਦੀ ਤੜਪ ਰੱਖਣ ਵਾਲੇ ਸੁਪ੍ਰਸਿੱਧ ਵਿਦਵਾਨ ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ ਵਾਲੇ ਬੜੇ ਸਰੂਰ ਵਿੱਚ ਗਾਇਆ ਕਰਦੇ ਸਨ : ‘ਉਠੋ ਗੁਰੂ ਕੇ ਸਿਖੋ, ਉਠੋ ਜਾਂ ਨਿਸਾਰੋ । ਗੁਰੂ ਕੇ ਫ਼ਲਕ ਪਰ ਚਮਕਦੇ ਸਿਤਾਰੋ। ਹੈ ਜੋ ਨਗ਼ਮਾਇ ਤੌਹੀਦ ਨਾਨਕ ਗੁਰੂ ਕਾ, ਵੁਹ ਘਰ ਘਰ ਮੇਂ ਪਹੁੰਚਾ ਦੋ, ਗੁਰੂ ਕੇ ਦੁਲਾਰੋ।’