ਪਾਲ ਸਿੰਘ ਪੁਰੇਵਾਲ ਨੂੰ ਯਾਦ ਕਰਦੇ ਹੋਏ

0
294

ਪਾਲ ਸਿੰਘ ਪੁਰੇਵਾਲ ਨੂੰ ਯਾਦ ਕਰਦੇ ਹੋਏ

ਕਿਰਪਾਲ ਸਿੰਘ ਬਠਿੰਡਾ

ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਦਾ ਪਿੰਡ ਸ਼ੰਕਰ ਪੰਜਾਬ ਦਾ ਬਹੁਤ ਵੱਡਾ ਅਤੇ ਪ੍ਰਸਿੱਧ ਨਗਰ ਹੈ, ਜਿਸ ਨੂੰ ਗੁਰੂ ਅਰਜਨ ਦੇਵ ਜੀ ਦੀ ਚਰਨਛੋਹ ਪ੍ਰਾਪਤ ਹੈ। ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਪਾਰਟੀ (ਬਰਾਤ) ਨੇ ਮਲਹੜੀ (ਨੇੜੇ ਨਕੋਦਰ), ਸ਼ੰਕਰ (ਨਕੋਦਰ ਤੋਂ ਸਿਰਫ 2-3 ਮੀਲ) ਅਤੇ ਸ: ਪਾਲ ਸਿੰਘ ਪੁਰੇਵਾਲ ਦੇ ਨਾਨਕੇ ਪਿੰਡ ਬਿਲਗਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਕਈ ਠਹਿਰਾਅ ਕੀਤੇ। ਲਾੜੇ ਗੁਰੂ ਅਰਜਨ ਦੇਵ ਜੀ ਤੋਂ ਇਲਾਵਾ, ਵਿਆਹ ਦੀ ਪਾਰਟੀ ਵਿੱਚ ਪ੍ਰਸਿੱਧ ਗੁਰਸਿੱਖ ਜਿਵੇਂ ਬਾਬਾ ਬੁੱਢਾ ਜੀ, ਭਾਈ ਮੰਝ ਜੀ, ਭਾਈ ਸ਼ਾਲੋ ਜੀ, ਮੀਆਂ ਮੀਰ ਜੀ, ਭਾਈ ਗੁਰਦਾਸ ਜੀ, ਭਾਈ ਸੰਗ ਜੀ ਅਤੇ ਹੋਰ ਸਿੱਖ ਸ਼ਾਮਲ ਸਨ। ਉਹ ਪਿੰਡ ਬਿਲਗਾ (ਸ: ਪਾਲ ਸਿੰਘ ਪੁਰੇਵਾਲ ਦਾ ਨਾਨਕਾ ਪਿੰਡ ਅਤੇ ਜਨਮ ਸਥਾਨ) ਜਾਣ ਤੋਂ ਪਹਿਲਾਂ ਪਿੰਡ ਸ਼ੰਕਰ ਵਿਖੇ ਕੁਝ ਸਮਾਂ ਰੁਕੇ। ਉਸ ਸਮੇਂ ਬਿਲਗਾ ਬਹੁਤ ਛੋਟਾ ਸੀ, ਜਿਸ ਵਿੱਚ ਸਿਰਫ਼ ਸੱਤ ਮਿੱਟੀ ਦੀਆਂ ਝੌਂਪੜੀਆਂ ਸਨ, ਪਰ ਇਸ ਸਮੇਂ ਬਿਲਗਾ ਪੰਜਾਬ ਦੇ ਸਭ ਤੋਂ ਵੱਡੇ ਪਿੰਡਾਂ ਵਿੱਚੋਂ ਇੱਕ ਹੈ। ਸ: ਪਾਲ ਸਿੰਘ ਪੁਰੇਵਾਲ ਜੀ ਦੇ ਆਪਣੇ ਦੱਸਣ ਮੁਤਾਬਕ ਉਨ੍ਹਾਂ ਦਾ ਜਨਮ ਉਨ੍ਹਾਂ ਦੇ ਨਾਨਕਾ ਪਿੰਡ ਬਿਲਗਾ ਵਿਖੇ 23 ਨਵੰਬਰ 1932 ਨੂੰ ਹੋਇਆ ਸੀ। ਸ: ਪਾਲ ਸਿੰਘ ਪੁਰੇਵਾਲ ਨੂੰ ਦੋਹਰੀ ਬਖ਼ਸ਼ਸ਼ ਹੋਈ ਕਿਉਂਕਿ ਉਸ ਦਾ ਜਨਮ ਬਿਲਗਾ ਵਿੱਚ ਹੋਇਆ ਸੀ ਅਤੇ ਉਹ ਪਿੰਡ ਸ਼ੰਕਰ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਆਪਣੇ ਹੀ ਪਿੰਡ ਦੇ ਖਾਲਸਾ ਹਾਈ ਸਕੂਲ ਸ਼ੰਕਰ ਵਿੱਚੋਂ 1948 ਈਸਵੀ ’ਚ ਦਸਵੀਂ ਪਾਸ ਕੀਤੀ ਅਤੇ ਪੰਜਾਬ ਸਟੇਟ ਮੈਰਿਟ ਸਕਾਲਰਸ਼ਿੱਪ ਦੇ ਵਿਜੇਤਾ ਸਨ। ਸਕੂਲ ਦੇ ਇਤਿਹਾਸ ਵਿੱਚ ਮੈਰਿਟ ਸੂਚੀ ਬੋਰਡ ਵਿੱਚ ਉਸ ਦਾ ਨਾਮ ਅੱਜ ਵੀ ਸਭ ਤੋਂ ਉੱਪਰ ਹੈ। ਉਸ ਤੋਂ ਬਾਅਦ ਦੁਆਬਾ ਕਾਲਜ ਨਕੋਦਰ ਤੋਂ F.Sc. ਅਤੇ ਡੀ.ਏ.ਵੀ. ਕਾਲਜ ਜਲੰਧਰ ਤੋਂ B.Sc. ਕੀਤੀ। ਇਸ ਤੋਂ ਬਾਅਦ B.T. ਕੀਤੀ। ਉਹ ਕੇਵਲ ਪੜ੍ਹਾਈ ’ਚ ਹੀ ਹੁਸ਼ਿਆਰ ਵਿਦਿਆਰਥੀ ਨਹੀਂ ਸਨ ਬਲਕਿ ਚੰਗੇ ਖਿਡਾਰੀ ਵੀ ਸਨ। ਕਾਲਜ ਦੌਰਾਨ ਬਾਸਕਟ ਬਾਲ ਦੇ ਚੰਗੇ ਖਿਡਾਰੀ ਰਹੇ ਸਨ। ਟੀਮ ਦੇ ਕੈਪਟਨ ਵਜੋਂ ਪੰਜਾਬ ਦੀ ਨੁਮਾਇੰਦਗੀ ਕੀਤੀ। ਉਹ ਸ਼ਤਰੰਜ ਚੈਂਪੀਅਨ ਵੀ ਸੀ। ਇੰਡੀਅਨ ਚੈੱਸ ਹਿਸਟਰੀ ਪੁਸਤਕ ’ਚ ਪੰਜਾਬ ਚੈੱਸ ਸੰਬੰਧੀ ਉਨ੍ਹਾਂ ਦਾ ਇੱਕ ਲੇਖ ਛਪਿਆ ਹੈ। ਸ: ਪੁਰੇਵਾਲ ਨੇ ਆਪਣੇ ਹੀ ਪਿੰਡ ਦੇ ਖ਼ਾਲਸਾ ਹਾਈ ਸਕੂਲ ਸ਼ੰਕਰ (ਬਾਅਦ ਵਿੱਚ ਸਰਕਾਰੀ ਹਾਈ ਸਕੂਲ ਸ਼ੰਕਰ) ਵਿੱਚ ਕਈ ਸਾਲ ਬਤੌਰ ਸਫਲ B.Sc., B.T. ਸਾਇੰਸ ਮਾਸਟਰ ਦੇ ਤੌਰ ’ਤੇ ਪੜ੍ਹਾਇਆ। ਸੰਨ 1965 ’ਚ ਇੰਗਲੈਂਡ ਚਲੇ ਗਏ ਅਤੇ ਭਾਰਤ-ਪਾਕਿਸਤਾਨ ਜੰਗ ਲੱਗਣ ਕਾਰਨ ਛੁੱਟੀ ਰੱਦ ਹੋ ਜਾਣ ’ਤੇ ਤਿੰਨ ਕੁ ਮਹੀਨੇ ਬਾਅਦ ਵਾਪਸ ਆਉਣਾ ਪਿਆ। ਸੰਨ 1966 ’ਚ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਪੱਕੇ ਤੌਰ ’ਤੇ ਵਾਪਸ ਇੰਗਲੈਂਡ ਚਲੇ ਗਏ ਅਤੇ ਉੱਥੇ ਨਿਯੁਕਤੀ ਪ੍ਰਾਪਤ ਕਰ ਲਈ ਸੀ। ਸੰਨ 1967 ’ਚ ਆਪਣੇ ਪਰਵਾਰ ਨੂੰ ਵੀ ਇੰਗਲੈਂਡ ਬੁਲਾ ਲਿਆ। ਟੈਕਸਾਸ ਇੰਸਟਰੂਮੈਂਟਸ (Texas Instruments) ਵਿੱਚ ਨੌਕਰੀ ਕਰ ਲਈ ਅਤੇ ਬਹੁਤ ਹੀ ਥੋੜ੍ਹੇ ਸਮੇਂ ’ਚ ਸੀਨੀਅਰ ਟੈਕਨੀਸ਼ਨ ਤੋਂ ਤਰੱਕੀਆਂ ਪਾ ਕੇ ਸੀਨੀਅਰ ਇੰਜੀਨੀਅਰ ਬਣ ਗਏ। ਸੰਨ 1974 ’ਚ ਉਹ ਕੈਨੇਡਾ ਚਲੇ ਗਏ ਅਤੇ ਬਹੁਤ ਹੀ ਘੱਟ ਸਮੇਂ ’ਚ ਤਰੱਕੀਆਂ ਪਾ ਕੇ ਆਈ.ਟੀ. ਵਿਚ ਕੰਪਿਊਟ ਪ੍ਰੋਗਰਾਮਿੰਗ ਵਿਭਾਗ ਦੇ ਇੰਚਾਰਜ ਅਤੇ ਮੈਨੇਜਰ ਬਣ ਗਏ। ਉਨ੍ਹਾਂ ਦਾ ਵੱਡਾ ਪੁੱਤਰ ਡਾ: ਸਤਿੰਦਰ ਸਿੰਘ (ਲੰਡਨ ਰਹਿੰਦਾ) ਹੈ, ਜੋ ਦੁਨੀਆਂ ਦੇ ਪ੍ਰਮੁੱਖ ਪੈਟਰੋਲੀਅਮ ਇੰਜੀਨੀਅਰਾਂ ਅਤੇ ਵਿਗਿਆਨੀਆਂ ਵਿੱਚੋਂ ਇੱਕ ਹੈ, ਜਿਸ ਦਾ ਸਨਮਾਨਯੋਗ ਅਹੁਦਾ ਹੈ। ਉਹ ਇੰਪੀਰੀਅਲ ਕਾਲਜ, ਲੰਡਨ ਦੇ ਪ੍ਰੋਫ਼ੈਸਰ ਅਤੇ ਉਸ ਖੇਤਰ ਵਿੱਚ ਸਭ ਤੋਂ ਵੱਧ ਮੰਗੇ ਜਾਣ ਵਾਲੇ ਤਕਨੀਕੀ ਸਲਾਹਕਾਰਾਂ ਵਿੱਚੋਂ ਇੱਕ ਹਨ। ਸ: ਪੁਰੇਵਾਲ ਦਾ ਇੱਕ ਛੋਟਾ ਪੁੱਤਰ ਹਰਿੰਦਰ ਸਿੰਘ ਪੁਰੇਵਾਲ ਹੈ, ਜੋ ਉਨ੍ਹਾਂ ਦੇ ਨਾਲ ਕੈਨੇਡਾ ਰਹਿੰਦਾ ਹੈ।  22 ਸਤੰਬਰ 2022 ਨੂੰ 89 ਸਾਲ 10 ਮਹੀਨੇ ਦੀ ਉਮਰ ਭੋਗ ਕੇ ਸ: ਪਾਲ ਸਿੰਘ ਜੀ ਪੁਰੇਵਾਲ ਆਪਣੇ ਪਿੱਛੇ ਪਤਨੀ ਗੁਰਜੀਤ ਕੌਰ, ਦੋ ਪੁੱਤਰ ਅਤੇ ਦੋ ਪੋਤੇ-ਪੋਤੀਆਂ ਦੇ ਖ਼ੁਸ਼ਹਾਲ ਪਰਵਾਰ ਸਮੇਤ ਇਸ ਫ਼ਾਨ੍ਹੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ।

ਸ: ਪਾਲ ਸਿੰਘ ਜੀ ਪੁਰੇਵਾਲ ਨੂੰ ਵਿਦਿਆਰਥੀ ਜੀਵਨ ਤੋਂ ਹੀ ਕੈਲੰਡਰ ਵਿਸ਼ੇ ’ਚ ਬਹੁਤ ਦਿਲਚਸਪੀ ਸੀ। ਉਹ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਦੀ ਮਾਤਾ ਜੀ ਉਨ੍ਹਾਂ ਤੋਂ ਗੁਰ ਪੁਰਬਾਂ, ਮੱਸਿਆ, ਸੰਗਰਾਂਦਾਂ ਅਤੇ ਪੂਰਨਮਾਸ਼ੀਆਂ ਦੀਆਂ ਤਾਰੀਖ਼ਾਂ ਪੁੱਛਦੀ ਰਹਿੰਦੀ ਸੀ, ਇਸ ਲਈ ਉਹ ਹਰ ਸਾਲ ਜੰਤਰੀ ਖਰੀਦ ਕੇ ਲਿਆਉਂਦੇ ਸਨ। ਜਦ ਉਹ ਜੰਤਰੀ ਪੜ੍ਹਦੇ ਤਾਂ ਵੇਖਦੇ ਕਿ ਉਸ ਵਿੱਚ ਤਿਥਾਂ, ਘੜੀ, ਪਲ, ਨਛੱਤਰ, ਯੋਗ ਆਦਿਕ ਲਿਖੇ ਹੁੰਦੇ ਸਨ ਤਾਂ ਉਨ੍ਹਾਂ ਦੀ ਦਿਲਚਸਪੀ ਇਹ ਜਾਣਨ ’ਚ ਵਧਦੀ ਗਈ ਕਿ ਇਹ ਕੀ ਹਨ ਅਤੇ ਕਿਵੇਂ ਬਦਲਦੀਆਂ ਹਨ ? ਇਹ ਜਾਣਨ ਲਈ ਉਨ੍ਹਾਂ ਨੇ ‘ਸੂਰਜ ਸਿਧਾਂਤ’ ਪੁਸਤਕ ਖਰੀਦੀ, ਜੋ 1000 ਸਾਲ ਪੁਰਾਣਾ ਸਿਧਾਂਤ ਹੈ। ਉਸ ਦੇ ਆਧਾਰ ’ਤੇ ਹੀ ਬਿਕ੍ਰਮੀ ਕੈਲੰਡਰ ਬਣਦੇ ਹਨ। ਇਸ ਸਿਧਾਂਤ ਨਾਲ ਤਾਰੀਖ਼ਾਂ ਦੀ ਗਣਿਤ ਬਹੁਤ ਲੰਬੀ ਹੈ। ਇਸ ਲੰਬੀ ਗਣਿਤ ਨੂੰ ਛੋਟੇ ਤਰੀਕੇ ਨਾਲ ਹੱਲ ਕਰਨ ਲਈ ਇੱਕ ਪੁਸਤਕ ਹੈ ‘ਗ੍ਰਹ ਲਘਮ’ (ਭਾਵ ਗ੍ਰਹਿਆਂ ਦੀ ਗਣਿਤ ਛੋਟੇ ਤਰੀਕੇ ਨਾਲ)। ਤੀਸਰੀ ਪੁਸਤਕ ਹੈ ‘ਮਕਰੰਦ ਸਾਰਣੀ’ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਮਕਾਲੀ ਪੰਡਿਤ ਦੀ ਲਿਖੀ ਹੈ।

ਸ: ਪਾਲ ਸਿੰਘ ਜੀ ਪੁਰੇਵਾਲ ਨੇ ਇਨ੍ਹਾਂ ਤਿੰਨੇ ਪੁਸਤਕਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ, ਘੋਖਿਆ ਅਤੇ ਇਨ੍ਹਾਂ ’ਚ ਮਾਸਟਰੀ ਹਾਸਲ ਕੀਤੀ। ਹੁਣ ਉਹ ਸਭ ਕੁਝ ਸਿੱਖ ਚੁੱਕੇ ਸਨ, ਜੋ ਬਿਕ੍ਰਮੀ ਕੈਲੰਡਰ ਤਿਆਰ ਕਰਨ ਲਈ ਲੋੜੀਂਦਾ ਹੈ। ਉਨ੍ਹਾਂ ਨੇ ਟੇਵੇ/ ਜਨਮ ਪੱਤਰੀਆਂ ਬਣਾਉਣੀਆਂ ਅਤੇ ਉਨ੍ਹਾਂ ਦੀ ਸ਼ੁੱਧਤਾ ਚੈੱਕ ਕਰਨ ’ਚ ਵੀ ਯੋਗਤਾ ਹਾਸਲ ਕਰ ਲਈ, ਜਿਸ ਦੀ ਮਦਦ ਨਾਲ ਟੇਵਿਆਂ/ ਜਨਮ ਪੱਤਰੀਆਂ ਦੀ ਪ੍ਰਮਾਣਿਕਤਾ ਚੈੱਕ ਕੀਤੀ ਜਾਣ ਲੱਗੀ ਕਿਉਂਕਿ ਉਨ੍ਹਾਂ ਦੀ ਸਹਾਇਤਾ ਨਾਲ ਹੀ ਗੁਰ ਪੁਰਬਾਂ ਦੀਆਂ ਗਲਤ ਤਾਰੀਖ਼ਾਂ ਪ੍ਰਚਲਿਤ ਕਰ ਦਿੱਤੀਆਂ ਗਈਆਂ ਸਨ। ਫਿਰ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਪੁਸਤਕਾਂ ਦਾ ਕੰਪਿਊਟਰ ਪ੍ਰੋਗਰਾਮ ਤਿਆਰ ਕੀਤਾ, ਜਿਸ ਦੀ ਮਦਦ ਨਾਲ ਕੋਈ ਵੀ ਤਾਰੀਖ਼ ਇੱਕ ਤੋਂ ਦੂਸਰੀ ਪੱਧਤੀ ’ਚ ਆਸਾਨੀ ਨਾਲ ਬਦਲੀ ਜਾ ਸਕਦੀ ਹੈ। ਸਿੱਖ ਇਤਿਹਾਸ ਪੜ੍ਹਦਿਆਂ ਉਨ੍ਹਾਂ ਨੋਟ ਕੀਤਾ ਕਿ ਇੱਕੋ ਇਤਿਹਾਸਕਾਰ ਆਪਣੀ ਇੱਕੋ ਪੁਸਤਕ ’ਚ ਜਾਂ ਦੂਸਰੀ ਤੇ ਤੀਸਰੀ ਪੁਸਤਕ ’ਚ ਇੱਕੋ ਘਟਨਾ ਨੂੰ ਵੱਖ ਵੱਖ ਤਾਰੀਖਾਂ ’ਚ ਲਿਖਦਾ ਪਿਆ ਹੈ। ਮਿਸਾਲ ਵਜੋਂ ਗਿਆਨੀ ਗਿਆਨ ਸਿੰਘ ਨੇ ਤਵਾਰੀਖ਼ ਗੁਰੂ ਖ਼ਾਲਸਾ ਪੁਸਤਕ ’ਚ ਇਕੋ ਘਟਨਾਂ ਦੀਆਂ ਤਿੰਨ ਤਿੰਨ ਤਾਰੀਖ਼ਾਂ ਲਿਖੀਆਂ ਹਨ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਕਈ ਇਤਿਹਾਸਕਾਰਾਂ ਨੇ ਜੇਠ ਸੁਦੀ 4, ਬਿਕ੍ਰਮੀ ਸੰਮਤ 1663 / 30 ਮਈ 1606 ਨੂੰ 1 ਹਾੜ ਲਿਖਿਆ ਹੈ ਅਤੇ ਕਈਆਂ ਨੇ 2 ਹਾੜ।  ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਵਿੱਚ ਅੰਤਰ ਹੈ। ਇਸ ਵਖਰੇਵੇਂ ਦੀ ਪੜਤਾਲ ਕੀਤੀ ਤਾਂ ਇਸ ਸਿੱਟੇ ’ਤੇ ਪਹੁੰਚੇ ਕਿ ਸਿੱਖ ਇਤਿਹਾਸ ਬਿਕ੍ਰਮੀ ਕੈਲੰਡਰ ਅਤੇ ਹਿਜ਼ਰੀ ਕੈਲੰਡਰ ਦੀਆਂ ਤਾਰੀਖ਼ਾਂ ’ਚ ਲਿਖਿਆ ਮਿਲਦਾ ਹੈ, ਪਰ ਅੰਗਰੇਜਾਂ ਦਾ ਰਾਜ ਆਉਣ ਕਰਕੇ ਇੱਥੇ ਜੂਲੀਅਨ ਕੈਲੰਡਰ ਅਤੇ ਗ੍ਰੈਗੋਰੀਅਨ ਕੈਲੰਡਰ ਲਾਗੂ ਹੋਣ ਉਪਰੰਤ ਮੌਜੂਦਾ ਇਤਿਹਾਸਕਾਰਾਂ ਨੇ ਇਨ੍ਹਾਂ ਅੰਗਰੇਜ਼ੀ ਕੈਲੰਡਰ ਦੀਆਂ ਤਾਰੀਖ਼ਾਂ ’ਚ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ। ਤਾਰੀਖਾਂ ਦੀ ਤਬਦੀਲੀ (Date Convertion)  ਦੀ ਸਮੱਸਿਆ ਹੋਣ ਕਰਕੇ ਗ਼ਲਤੀਆਂ ਦਰ ਗ਼ਲਤੀਆਂ ਹੁੰਦੀਆਂ ਚਲੀਆਂ ਆ ਰਹੀਆਂ ਹਨ। ਇਸ ਦੇ ਹੱਲ ਲਈ ਉਨ੍ਹਾਂ ਨੇ 500 ਸਾਲਾ ਜੰਤਰੀ ਤਿਆਰ ਕੀਤੀ।  ਫ਼ਰਵਰੀ 1992 ’ਚ ਲਾਇਲਪੁਰ ਖ਼ਾਲਸਾ ਕਾਲਜ ਨਕੋਦਰ ਵਿਖੇ ਉਨ੍ਹਾਂ ਨੂੰ ਲੈਕਚਰ ਲਈ ਬੁਲਾਇਆ ਗਿਆ ਤਾਂ ਉੱਥੇ ਕੈਲੰਡਰ ਦੀ ਜਾਣਕਾਰੀ ਦਿੰਦਿਆਂ ਇਤਿਹਾਸਕ ਤਾਰੀਖ਼ਾਂ ’ਚ ਸੁਭਾਵਕ ਹੀ ਹੋ ਰਹੀਆਂ ਗ਼ਲਤੀਆਂ ਵੱਲ ਧਿਆਨ ਦਿਵਾਇਆ; ਆਪਣੇ ਵੱਲੋਂ ਤਿਆਰ ਕੀਤੀ 500 ਸਾਲਾ ਜੰਤਰੀ ਦਾ ਖਰੜਾ ਵਿਖਾਇਆ ਅਤੇ ਦੱਸਿਆ ਕਿ ਇਸ ਦੀ ਮਦਦ ਨਾਲ 1469 ਤੋਂ 2000 ਤੱਕ ਦੀ ਕੋਈ ਵੀ ਤਾਰੀਖ਼ ਇੱਕ ਪੱਧਤੀ ਤੋਂ ਦੂਸਰੀ ਪੱਧਤੀ ਵਿੱਚ ਰੈਡੀ ਰੈਕਨਰ ਦੀ ਤਰ੍ਹਾਂ ਤਬਦੀਲ ਕੀਤੀ ਜਾ ਸਕਦੀ ਹੈ। ਸ: ਪੁਰੇਵਾਲ ਸਿੰਘ ਜੀ ਦੇ ਇਸ ਕੰਮ ਤੋਂ ਕਾਲਜ ਦੇ ਤਤਕਾਲੀ ਪ੍ਰਿੰਸੀਪਲ ਰਾਜਾ ਹਰਿਨਰਿੰਦਰ ਸਿੰਘ ਅਤੇ ਸਾਰੇ ਪ੍ਰੋਫੈਸਰਜ਼ ਬਹੁਤ ਪ੍ਰਭਾਵਤ ਹੋਏ। ਉਸੇ ਸਾਲ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਪਹੁੰਚੇ ਭਾਰਤੀ ਜਥੇ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੇ ਇੰਚਾਰਜ ਸ: ਮੱਲ ਸਿੰਘ ਨੂੰ ਉਹ ਖਰੜਾ ਸੌਂਪਿਆ। ਕੁਝ ਸਮੇਂ ਬਾਅਦ ਪ੍ਰਿੰ: ਰਾਜਾ ਹਰਿਨਰਿੰਦਰ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਣ ਗਏ। ਸੰਨ 1994 ’ਚ ਪੰਜਾਬ ਸਰਕਾਰ ਨੇ ਪੰਜਾਬ ਸਿੱਖਿਆ ਬੋਰਡ ਦੀ 25 ਸਾਲਾ ਵਰ੍ਹੇ ਗੰਢ ਮਨਾਉਣ ਲਈ ਖੋਜ ਪੁਸਤਕਾਂ ਛਾਪਣ ਲਈ ਫੰਡ ਜਾਰੀ ਕੀਤਾ। ਬੋਰਡ ਦੇ ਚੇਅਰਮੈਨ ਨੇ ਸ: ਪਾਲ ਸਿੰਘ ਪੁਰੇਵਾਲ ਤੋਂ ਮੰਗ ਕੀਤੀ ਕਿ ਜੇ ਉਹ 500 ਸਾਲਾ ਜੰਤਰੀ ਦਾ ਖਰੜਾ ਉਨ੍ਹਾਂ ਨੂੰ ਦੇ ਦੇਣ ਤਾਂ ਉਹ ਇਸ ਨੂੰ ਛਪਵਾ ਦੇਣਗੇ। ਇਸ ਤਰ੍ਹਾਂ ਨਵੰਬਰ 1994 ’ਚ ਇਹ ਖਰੜਾ ਪੁਸਤਕ ਰੂਪ ’ਚ ਛਪ ਕੇ ਲੋਕਾਂ ਦੇ ਹੱਥਾਂ ’ਚ ਆ ਗਿਆ।

ਜਦੋਂ ਵੇਖਿਆ ਗਿਆ ਕਿ ਜੋ ਵੈਸਾਖੀ 1699 ’ਚ 29 ਮਾਰਚ ਨੂੰ ਆ ਰਹੀ ਸੀ ਉਹ ਹੁਣ 13 ਅਪ੍ਰੈਲ ਨੂੰ ਕਿਵੇਂ ਆ ਗਈ ਤਾਂ ਸਮਝ ਵੱਗੀ ਕਿ ਗ੍ਰੈਗੋਰੀਅਨ ਕੈਲੰਡਰ ਟਰੋਪੀਕਲ ਕੈਲੰਡਰ ਹੈ, ਜਿਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਤਕਰੀਬਨ ਬਰਾਬਰ ਹੈ ਤੇ ਬਿਕ੍ਰਮੀ ਕੈਲੰਡਰ ਸਾਈਡਰਲ ਕੈਲੰਡਰ ਹੈ, ਜਿਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਗੁਰੂ ਸਾਹਿਬ ਦੇ ਸਮੇਂ ਤਕਰੀਬਨ 24 ਮਿੰਟ ਵੱਧ ਸੀ, ਜਿਸ ਕਾਰਨ 60 ਸਾਲਾਂ ਵਿੱਚ ਰੁੱਤਾਂ ਨਾਲੋਂ ਇੱਕ ਦਿਨ ਦਾ ਫ਼ਰਕ ਪੈ ਜਾਂਦਾ ਸੀ ਅਤੇ ਫਿਰ ਸੰਨ 1964 ’ਚ ਸੂਰਜ ਸਿਧਾਂਤ ਦੀ ਬਜਾਏ ਦ੍ਰਿਕ ਗਣਿਤ ਅਪਣਾਉਣ ਨਾਲ ਵੀ ਇਸ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ ਸਾਢੇ 20 ਮਿੰਟ ਵੱਧ ਸੀ, ਜਿਸ ਕਾਰਨ 71-72 ਸਾਲਾਂ ’ਚ ਇੱਕ ਦਿਨ ਦਾ ਫ਼ਰਕ ਪੈ ਜਾਂਦਾ ਹੈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਦ੍ਰਿਕ ਗਣਿਤ ਵਾਲੇ ਮੌਜੂਦਾ ਬਿਕ੍ਰਮੀ ਕੈਲੰਡਰ ਮੁਤਾਬਕ ਸੰਨ 2999 ’ਚ ਵੈਸਾਖੀ 27 ਅਪ੍ਰੈਲ ਨੂੰ ਹੋਵੇਗੀ ਅਤੇ ਜਿਹੜਾ ਕੈਲੰਡਰ ਗੁਰੂ ਸਾਹਿਬਾਨ ਦੇ ਸਮੇਂ ਲਾਗੂ ਸੀ, ਉਸ ਮੁਤਾਬਕ ਵੈਸਾਖੀ 30 ਅਪ੍ਰੈਲ ਨੂੰ ਹੋਵੇਗੀ।

ਇਤਿਹਾਸਕ ਤਾਰੀਖ਼ਾਂ ’ਚ ਐਨਾ ਫ਼ਰਕ ਵੇਖ ਕੇ ਉਨ੍ਹਾਂ ਦੇ ਧਿਆਨ ’ਚ ਆਇਆ ਕਿ ਕਿਉਂ ਨਾ ਸਿੱਖ ਕੈਲੰਡਰ ਤਿਆਰ ਕੀਤਾ ਜਾਵੇ ਜਿਸ ਵਿੱਚ ਹਮੇਸ਼ਾਂ ਇਕਸਾਰ ਪੱਕੀਆਂ ਤਾਰੀਖ਼ਾਂ ਆਉਣ। ਇਸ ਲਈ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਨਾਲ ਸੰਪਰਕ ਕੀਤਾ ਅਤੇ ਇੰਸਟੀਚੂਟ ਆਫ਼ ਸਿੱਖ ਸਟੱਡੀਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ਵੱਖ ਵੱਖ ਸ਼ਹਿਰਾਂ ’ਚ ਕਈ ਸੈਮੀਨਾਰ ਕੀਤੇ ਗਏ। ਸੰਨ 1996 ’ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੈਲੰਡਰ ਬਣਾਉਣ ਲਈ ਸਹਿਮਤੀ ਦੇ ਦਿੱਤੀ, ਜਿਸ ਤੋਂ ਬਾਅਦ ਮੀਟਿੰਗਾਂ ਦੇ ਕਈ ਦੌਰ ਚੱਲੇ ਤੇ ਅੰਤ 1998 ’ਚ ਨਾਨਕਸ਼ਾਹੀ ਕੈਲੰਡਰ ਬਣ ਕੇ ਤਿਆਰ ਹੋ ਗਿਆ, ਜਿਸ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਅਤੇ ਜਨਰਲ ਇਜਲਾਸ ਵਿੱਚ ਪਾਸ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਗੂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਅਤੇ ਜਥੇਦਾਰ ਟੌਹੜਾ ਨੇ ਨਵਾਂ ਕੈਲੰਡਰ 1 ਜਨਵਰੀ 1999 ਤੋਂ ਲਾਗੂ ਹੋਣ ਲਈ ਰੀਲੀਜ਼ ਕਰ ਦਿੱਤਾ। ਨਾਨਕਸ਼ਾਹੀ ਕੈਲੰਡਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਗੁਰ ਪੁਰਬਾਂ ਸਮੇਤ ਸਾਰੇ ਇਤਿਹਾਸਕ ਦਿਹਾੜੇ ਉਨ੍ਹਾਂ ਪ੍ਰਵਿਸ਼ਟਿਆਂ (ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼ਾਂ) ਮੁਤਾਬਕ ਨਿਸ਼ਚਿਤ ਕੀਤੇ ਗਏ, ਜੋ ਘਟਨਾ ਵਾਪਰਨ ਸਮੇਂ ਮੂਲ ਰੂਪ ’ਚ ਸਨ। ਸਾਰੇ ਗੁਰਪੁਰਬਾਂ/ ਇਤਿਹਾਸਕ ਦਿਹਾੜਿਆਂ ਦੇ ਦਿਨ ਨਿਸ਼ਚਿਤ ਕਰਨ ਲਈ ਪ੍ਰਮੁਖਤਾ ਪ੍ਰਵਿਸ਼ਟਿਆਂ ਨੂੰ ਦਿੱਤੀ ਗਈ, ਪਰ ਟਰੋਪੀਕਲ ਕੈਲੰਡਰ ਹੋਣ ਕਰਕੇ ਇਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਲਗਭਗ ਨੇੜੇ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਰਾਬਰ 365.2425 ਦਿਨ ਸੀ, ਜਿਸ ਸਦਕਾ ਇੱਕ ਵਾਰ ਨਿਸ਼ਚਿਤ ਕੀਤੀਆਂ ਤਾਰੀਖਾਂ ਹਮੇਸ਼ਾਂ ਹਮੇਸ਼ਾਂ ਲਈ ਉਨ੍ਹਾਂ ਹੀ ਤਾਰੀਖ਼ਾਂ ਨੂੰ ਆਉਣਗੀਆਂ, ਜਿਹੜੀਆਂ ਸੰਨ 1999 ’ਚ ਆਈਆਂ ਸਨ; ਜਿਵੇਂ ਕਿ ਹੋਲਾ ਮਹੱਲਾ ਤੇ ਸਿੱਖਾਂ ਦਾ ਨਵਾਂ ਸਾਲ; ਹਰ ਸਾਲ 1 ਚੇਤ/ 14 ਮਾਰਚ, ਵੈਸਾਖੀ ਹਰ ਸਾਲ 1 ਵੈਸਾਖ/ 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਰ ਸਾਲ 2 ਹਾੜ/ 16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਰ ਸਾਲ 11 ਮੱਘਰ/ 24 ਨਵੰਬਰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ; ਹਰ ਸਾਲ 8 ਪੋਹ/ 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ; ਹਰ ਸਾਲ 13 ਪੋਹ/ 26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹਰ ਸਾਲ 23 ਪੋਹ/ 5 ਜਨਵਰੀ ਨੂੰ ਹੀ ਆਉਣਗੇ। ਇਸੇ ਤਰ੍ਹਾਂ ਕੋਈ ਵੀ ਦਿਹਾੜਾ ਨਾ ਕਦੀ ਅੱਗੇ ਪਿੱਛੇ ਹੋਵੇਗਾ ਅਤੇ ਨਾ ਹੀ ਕਦੀ ਸਾਲ ਵਿੱਚ ਦੋ ਵਾਰ ਅਤੇ ਕਿਸੇ ਸਾਲ ਇੱਕ ਵੀ ਵਾਰ ਨਾ ਆਉਣ ਦੀ ਸਮੱਸਿਆ ਖੜ੍ਹੀ ਹੋਵੇਗੀ ਜਦੋਂ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਮੌਜੂਦਾ ਕੈਲੰਡਰ ’ਚ ਕੁਝ ਦਿਹਾੜੇ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ, ਕੁਝ ਪ੍ਰਵਿਸ਼ਟਿਆਂ ਮੁਤਾਬਕ ਅਤੇ ਕੁਝ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਅਨੁਸਾਰ ਰੱਖੇ ਜਾਂਦੇ ਹਨ, ਜਿਸ ਕਾਰਨ ਹਰ ਸਾਲ ਦੁਬਿਧਾ ਬਣੀ ਰਹਿੰਦੀ ਹੈ। ਪਤਾ ਹੀ ਨਹੀਂ ਚਲਦਾ ਕਿ ਕਿਹੜਾ ਦਿਹਾੜਾ ਪਹਿਲਾਂ ਆਵੇਗਾ ਤੇ ਕਿਹੜਾ ਪਿੱਛੋਂ ? ਇਸ ਤੋਂ ਇਲਾਵਾ ਨਾਨਕਸ਼ਾਹੀ ਕੈਲੰਡਰ ਗੁਰਬਾਣੀ ਦੇ ਬਿਲਕੁਲ ਅਨੁਕੂਲ ਸੀ ਕਿਉਂਕਿ ਗੁਰਬਾਣੀ ਵਿੱਚ ਮਾਝ ਰਾਗੁ ਅਤੇ ਤੁਖਾਰੀ ਰਾਗੁ ’ਚ ਦਰਜ ਦੋ ਬਾਰ੍ਹਾਂ ਮਾਹਾਂ ’ਚ ਮਹੀਨਿਆਂ ਦੀਆਂ ਰੁੱਤਾਂ ਦਾ ਵਰਣਨ ਕਰਕੇ ਉਨ੍ਹਾਂ ਰਾਹੀਂ ਰੂਹਾਨੀਅਤ ਦਾ ਉਪਦੇਸ਼ ਦਿੱਤਾ ਹੈ। ਗੁਰੂ ਅਰਜਨ ਸਾਹਿਬ ਜੀ ਦੀ ਰਾਮਕਲੀ ਰਾਗੁ ’ਚ ਉਚਾਰਨ ਕੀਤੀ ਬਾਣੀ ਰੁਤੀ ਸਲੋਕੁ ’ਚ ਦੋ-ਦੋ ਮਹੀਨਿਆਂ ਦੀਆਂ ਛੇ ਰੁੱਤਾਂ ਦਾ ਵਰਣਨ ਹੈ। ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਹਮੇਸ਼ਾਂ ਲਈ ਉਹੀ ਰਹਿਣੀਆਂ ਸਨ, ਜਿਹੜੀਆਂ ਅੱਜ ਕੱਲ੍ਹ ਦੇ ਮਹੀਨਿਆਂ ’ਚ ਚੱਲ ਰਹੀਆਂ ਹਨ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਨਿਰੰਤਰ ਟੁੱਟ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਦੀ ਐਨੀ ਸਪਸ਼ਟਤਾ, ਸਰਲਤਾ ਅਤੇ ਸਮਝਣ ’ਚ ਆਸਾਨ ਹੋਣ ਦੇ ਬਾਵਜੂਦ ਕੁਝ ਲੋਕਾਂ ਦੀ ਬੇਸਮਝੀ ਕਾਰਨ ਵਾਦ-ਵਿਵਾਦ ਦਾ ਵਿਸ਼ਾ ਬਣਾ ਲਿਆ ਤੇ ਇੱਕ ਵਾਰ ਇਸ ’ਤੇ ਅਮਲ ਰੋਕ ਦਿੱਤਾ ਗਿਆ। ਸੰਨ 2003 ’ਚ ਪੰਥਕ ਵਿਦਵਾਨਾਂ ਤੇ ਜਥੇਬੰਦੀਆਂ ਦੀਆਂ ਕਈ ਮੀਟਿੰਗਾਂ ਹੋਣ ਉਪਰੰਤ ਲਏ ਫ਼ੈਸਲੇ ਤੋਂ ਬਾਅਦ ਮੁੜ ਲਾਗੂ ਕੀਤਾ ਗਿਆ।

ਕੁਝ ਤਾਕਤਾਂ ਨਹੀਂ ਚਾਹੁੰਦੀਆਂ ਹਨ ਕਿ ਸਿੱਖਾਂ ਦਾ ਆਪਣਾ ਕੋਈ ਵੱਖਰਾ ਕੈਲੰਡਰ ਹੋਵੇ ਜਿਹੜਾ ਕੈਲੰਡਰ ਵਿਗਿਆਨ, ਗੁਰਬਾਣੀ ਅਤੇ ਇਤਿਹਾਸਕ ਤੱਥਾਂ ’ਤੇ ਪੂਰਾ ਉੱਤਰਦਾ ਹੋਵੇ। ਉਨ੍ਹਾਂ ਨੇ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਤੇ ਅੰਤ 2009 ਦੇ ਅਖੀਰ ’ਤੇ ਸੋਧਾਂ ਦੇ ਨਾਂ ’ਤੇ ਫਿਰ ਮਿਲਗੋਭਾ ਬਿਕ੍ਰਮੀ ਕੈਲੰਡਰ ਕੌਮ ਦੇ ਸਿਰ ਮੜ੍ਹ ਦਿੱਤਾ। ਇਨ੍ਹਾਂ ਲੋਕਾਂ ਨੂੰ ਕੈਲੰਡਰਾਂ ਸੰਬੰਧੀ ਤਾਂ ਕੋਈ ਗਿਆਨ ਨਹੀਂ, ਪਰ ਇੱਕੋ ਰੱਟ ਲਾ ਰੱਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਤਾਂ 22 ਦਸੰਬਰ ਨੂੰ ਹੋਇਆ ਸੀ ਫਿਰ ਪੁਰਬ ਲਈ ਜ਼ਾਲ੍ਹੀ ਤਾਰੀਖ਼ 5 ਜਨਵਰੀ ਕਿਉਂ ਨਿਸ਼ਚਿਤ ਕੀਤੀ  ? ਅਜਿਹੇ ਲੋਕਾਂ ਨੂੰ ਵਾਰ ਵਾਰ ਦੱਸਿਆ ਵੀ ਗਿਆ ਕਿ ਗੁਰ ਪੁਰਬ ਲਈ 5 ਜਨਵਰੀ ਨਹੀਂ, 23 ਪੋਹ ਨਿਸ਼ਚਿਤ ਕੀਤੀ ਹੈ ਅਤੇ 23 ਪੋਹ; ਨਾਨਕਸ਼ਾਹੀ ਕੈਲੰਡਰ ’ਚ ਓਵੇਂ ਹੀ 5 ਜਨਵਰੀ ਨੂੰ ਆ ਜਾਂਦੀ ਹੈ; ਜਿਵੇਂ ਬਿਕ੍ਰਮੀ ਕੈਲੰਡਰ ਦੀ ਜੋ ਵੈਸਾਖੀ 1699 ’ਚ 29 ਮਾਰਚ ਨੂੰ ਸੀ, ਜੋ 1999 ’ਚ 14 ਅਪਰੈਲ ਨੂੰ ਆਈ; ਉਸੇ ਤਰ੍ਹਾਂ 23 ਪੋਹ, ਜੋ ਸੰਨ 1666 ’ਚ 22 ਦਸੰਬਰ ਨੂੰ ਸੀ; ਉਹ ਸੰਨ 1999 ’ਚ, ਜਦ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਸੀ ਤਦ ਉਸ ਅਨੁਸਾਰ 5 ਜਨਵਰੀ ਨੂੰ ਹੀ ਸੀ, ਪਰ ਇਨ੍ਹਾਂ ਦਾ ਇਤਰਾਜ਼ ਕੁਝ ਸਮਝਣ ਲਈ ਨਹੀਂ, ਵਿਰੋਧ ਕਰਨ ਲਈ ਹੈ; ਜਿਵੇਂ ਕਿ ਸੁਖਮਨੀ ਸਾਹਿਬ ’ਚ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਹੈ ‘‘ਕਹਾ ਬੁਝਾਰਤਿ ਬੂਝੈ ਡੋਰਾ ਨਿਸਿ ਕਹੀਐ ਤਉ ਸਮਝੈ ਭੋਰਾ ’’ (ਮਹਲਾ /੨੬੭) ਭਾਵ ਕੰਨਾਂ ਤੋਂ ਬੋਲ਼ਾ/ਬਹਿਰਾ ਬੰਦਾ ਨਿਰੀ ਸੈਨਤ (ਇਸ਼ਾਰੇ) ਤੋਂ ਕਿਵੇਂ ਅੰਦਾਜ਼ਾ ਲਗਾ ਸਕਦਾ ਹੈ ? ਉਸ ਨੂੰ ਰਾਤ ਕਹੀਏ ਤਾਂ ਉਹ ਦਿਨ ਸਮਝ ਲੈਂਦਾ ਹੈ ਯਾਨੀ ਸੈਨਤ ਤੋਂ ਬਿਲਕੁਲ ਉਲ਼ਟ। ਇਸ ਲਈ ਜਿਨ੍ਹਾਂ ਨੇ ਸਮਝਣਾ ਨਹੀਂ ਜਾਂ ਸਮਝਣਯੋਗ ਨਹੀਂ, ਉਨ੍ਹਾਂ ਨੂੰ ਹਜ਼ਾਰ ਵਾਰ ਕਹੀਏ ਕਿ ਗੁਰ ਪੁਰਬ 23 ਪੋਹ ਦਾ ਹੀ ਨਿਸ਼ਚਿਤ ਕੀਤਾ ਹੈ, ਫਿਰ ਵੀ ਉਨ੍ਹਾਂ ਨੇ ਕਹੀ ਜਾਣੈ ਕਿ ਤੁਸੀਂ 5 ਜਨਵਰੀ ਨਿਰਧਾਰਿਤ ਕੀਤੀ ਪਈ ਹੈ।

ਸ: ਪਾਲ ਸਿੰਘ ਜੀ ਪੁਰੇਵਾਲ ਵਰਗਾ ਖੋਜੀ ਤੇ ਪੰਥ ਦਰਦੀ ਮਨੁੱਖ ਪੈਦਾ ਕਰਨ ’ਚ ਸਦੀਆਂ ਲੱਗ ਗਈਆਂ ਤਾਂ ਕਿਤੇ ਜਾ ਕੇ ਨਾਨਕਸ਼ਾਹੀ ਕੈਲੰਡਰ ਬਣਾਇਆ ਜਾ ਸਕਿਆ। ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿੱਚ ਸ਼ਾਮਲ ਹਨ : Jantri 500 YEARS – An Almanac (ਜੰਤਰੀ 500 ਸਾਲ-ਇੱਕ ਅਲਮੈਨਕ), ਜੋ ਨਵੰਬਰ 1994 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ, Hizri Calendars For Macca, Bagdad, Cairo & Delhi from 1 AH to 1500 AH (ਹਿਜਰੀ ਕੈਲੰਡਰ-ਇੱਕ ਕਿਤਾਬ), ਜਿਸ ਲਈ ਉਨ੍ਹਾਂ ਨੂੰ ‘ਜੀਵਨ ਭਰ ਦੀ ਪ੍ਰਾਪਤੀ’ ਪੁਰਸਕਾਰ ਮਿਲਿਆ। ਹੁਣੇ ਹੁਣੇ ਸਿੰਘ ਬ੍ਰਾਦਰਜ਼ ਅੰਮ੍ਰਿਤਸਰ ਵੱਲੋਂ ਛਾਪੀ ਪੁਸਤਕ Nanakshahi Calendar with Calendar Convertion Tables for 632 Years (ਨਾਨਕਸ਼ਾਹੀ ਕੈਲੰਡਰ 632 ਸਾਲਾਂ ਲਈ ਕੈਲੰਡਰ ਪਰਿਵਰਤਨ ਸਾਰਣੀ ਨਾਲ) ਅਗਸਤ 2022 ’ਚ ਛਪੀ  ਜਿਸ ਨੂੰ ਜਿਉਂਦੇ ਜੀ ਉਹ ਆਪਣੇ ਅੱਖੀਂ ਵੇਖ ਤਾਂ ਗਏ, ਪਰ ਰਸਮੀ ਤੌਰ ’ਤੇ ਰੀਲੀਜ਼ ਉਨ੍ਹਾਂ ਦੀ ਮੌਤ ਤੋਂ ਬਾਅਦ ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ ਵੱਲੋਂ ਸਰੀ ਵਿਖੇ ਰੱਖੇ ਇੱਕ ਪ੍ਰਭਾਵਸ਼ਾਲੀ ਸਮਾਗਮ ’ਚ ਦੇਸ਼ ਵਿਦੇਸ਼ ਦੇ ਵਿਦਵਾਨਾਂ ਤੇ ਸੰਗਤ ਦੀ ਹਾਜ਼ਰੀ ’ਚ 23 ਸਤੰਬਰ ਨੂੰ ਕੀਤੀ ਗਈ ਜਦੋਂ ਕਿ ਉਹ 22 ਸਤੰਬਰ 2022 ਦਿਨ ਵੀਰਵਾਰ ਨੂੰ ਕੈਨੇਡੀਅਨ ਸਮੇਂ ਅਨੁਸਾਰ ਸਵੇਰੇ ਲੱਗਭਗ 1:30 ਵਜੇ ਇਸ ਫ਼ਾਨ੍ਹੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਸਨ। ਇਨ੍ਹਾਂ ਤਿੰਨਾਂ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਦੇ ਬਹੁਤ ਸਾਰੇ ਖੋਜ ਪੱਤਰ ਯੂਨੀਵਰਸਿਟੀਆਂ ਦੇ ਸੈਮੀਨਾਰਾਂ ’ਚ ਪੜ੍ਹੇ ਅਤੇ Journals ’ਚ ਛਾਪੇ ਗਏ। ਇਹ ਸ: ਪੁਰੇਵਾਲ ਲਈ ਮਾਨ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 1995 ਦੇ ਇੱਕ ਹੀ Journals ’ਚ ਹੇਠ ਲਿਖੇ ਚਾਰ ਪੱਤਰ ਇਕੱਠੇ ਹੀ ਛਾਪੇ ਗਏ ਜਦੋਂ ਕਿ ਬਹੁਤ ਲੇਖਕ ਆਪਣਾ ਇੱਕ ਪੱਤਰ ਛਪਵਾਉਣ ਲਈ ਤਰਲੇ ਕਰਦੇ ਵੇਖੀਦੇ ਹਨ।

  1. Problem of Date Conversion in Sikh History (pp.261-269);
  2. The Date of Founding of Akal Takhat Sahib (pp.283-284);
  3. The Changing Vaisakhi Date in Common Era and Proposed New Calendar for Khalsa Samvat (pp.285-289);
  4. Birth Date of Guru Nanak Dev Ji (pp.306-311).

ਇਸਲਾਮੀ ਕੈਲੰਡਰ ਦੀ ਵੀ ਸਮੱਸਿਆ ਹੈ ਕਿ ਉਨ੍ਹਾਂ ਦਾ ਮਹੀਨਾ ਉਸ ਸਮੇਂ ਸ਼ੁਰੂ ਹੁੰਦਾ ਹੈ ਜਦੋਂ ਮੱਸਿਆ ਤੋਂ ਬਾਅਦ ਸ਼ਾਮ ਦੇ ਸਮੇਂ ਚੰਦ ਵਿਖਾਈ ਦੇਵੇ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਆਪਣੇ ਤਿਉਹਾਰਾਂ ਦੀ ਤਾਰੀਖ਼ ਐਨ ਮੌਕੇ ’ਤੇ ਐਲਾਨਣੀ ਪੈਂਦੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸ: ਪਾਲ ਸਿੰਘ ਪੁਰੇਵਾਲ ਨੇ ਚਾਰ ਸ਼ਹਿਰਾਂ ਮੱਕਾ, ਬਗਦਾਦ, ਕੈਰੋ ਅਤੇ ਦਿੱਲੀ ਸ਼ਹਿਰਾਂ ਲਈ ਹਿਜ਼ਰੀ ਸੰਮਤ 1 ਤੋਂ ਸੰਮਤ 1500 ਤੱਕ (622 ਤੋਂ 2077 ਸੀਈ ਤੱਕ) 1500 ਸਾਲਾਂ ਦੇ ਮੱਸਿਆ ਤੋਂ ਬਾਅਦ ਚੰਦਰਮਾਂ ਵਿਖਾਈ ਦੇਣ ਦੇ ਸਮੇਂ ਦੀ ਸਾਰਨੀ ਵਾਲੀ ਪੁਸਤਕ ‘ਹਿਜ਼ਰੀ ਕੈਲੰਡਰ – ਇੱਕ ਕਿਤਾਬ’ ਲਿਖੀ, ਜੋ ਪਾਕਿਸਤਾਨ ’ਚ 2007 ਸੀਈ ’ਚ ਛਪੀ, ਜਿਸ ਨੂੰ ਬਹੁਤ ਹੀ ਸਲਾਹਿਆ ਗਿਆ। ਇਸ ਖੋਜ ਭਰਪੂਰ ਪੁਸਤਕ ਲਈ ਸ: ਪਾਲ ਸਿੰਘ ਪੁਰੇਵਾਲ ਨੂੰ ‘ਜੀਵਨ ਭਰ ਦੀ ਪ੍ਰਾਪਤੀ’ ਪੁਰਸਕਾਰ ਮਿਲਿਆ ਅਤੇ ਦਿਆਲ ਸਿੰਘ ਕਾਲਜ ਲਾਹੌਰ ਦੀ ਲਾਇਬਰੇਰੀ ’ਚ ਵਿਸ਼ੇਸ਼ ਤੌਰ ’ਤੇ ਪੁਰੇਵਾਲ ਕਾਰਨਰ ਬਣਾਇਆ ਗਿਆ, ਜਿਸ ਵਿੱਚ ਇੱਕ ਮੇਜ਼ ਕੁਰਸੀ ਰੱਖ ਕੇ ਉਸ ਦੇ ਪਿੱਛੇ ਉਨ੍ਹਾਂ ਦੀ ਵੱਡੇ ਸਾਈਜ਼ ਦੀ ਫੋਟੋ ਲੱਗੀ ਹੈ। ਇੱਕ ਪਾਸੇ ਇਸਲਾਮ ਜਗਤ ਹੈ, ਜਿਨ੍ਹਾਂ ਨੇ ਸ. ਪਾਲ ਸਿੰਘ ਜੀ ਪੁਰੇਵਾਲ ਦੀ ਖੋਜ ਦੀ ਕਦਰ ਕੀਤੀ, ਦੂਜੇ ਪਾਸੇ ਅਸੀਂ ਹਾਂ, ਜੋ ਸਿੱਖ ਕੌਮ ਦੇ ਅਖੌਤੀ ਆਗੂ ਅਤੇ ਡੇਰਾਵਾਦ, ਜਿਨ੍ਹਾਂ ਨੇ ਉਨ੍ਹਾਂ ਦੀ 60 ਸਾਲਾਂ ਦੀ ਅਣਥੱਕ ਮਿਹਨਤ, ਲਗਨ ਤੇ ਖੋਜ ਦਾ ਮੁੱਲ ਨਹੀਂ ਪਾਇਆ; ਦੇ ਸਿਆਸੀ ਗਠਬੰਧਨ ਕਾਰਨ ਆਪਣੀ ਕੌਮ ਦਾ ਨੁਕਸਾਨ ਹੁੰਦਾ ਵੇਖ ਰਹੇ ਹਾਂ। ਵੋਟ ਰਾਜਨੀਤੀ ਕਾਰਨ ਨਾਨਕਸ਼ਾਹੀ ਕੈਲੰਡਰ ’ਚ ਸੋਧਾਂ ਦੇ ਨਾਂ ’ਤੇ ਹਿੰਦੂ ਬਿਕਰਮੀ ਕੈਲੰਡਰ ਲਾਗੂ ਕਰ ਹਿੰਦੂਆਂ ਦੀ ਵੋਟ ਲਈਦੀ ਹੈ ਅਤੇ ਸਿੱਖ ਕੌਮ ਦੇ ਵਿਦਵਾਨਾਂ ਨੂੰ ਪੰਥ ਦੋਖੀ ਸਾਬਤ ਕੀਤਾ ਜਾਂਦਾ ਹੈ ਅਤੇ ਅੰਧ ਭਗਤਾਂ ਪਾਸੋਂ ਕਰਾਇਆ ਜਾਂਦਾ ਹੈ। ਸੰਗਤਾਂ ਨੂੰ ਗੁੰਮਰਾਹ ਕਰਨ ਲਈ ਹਰ ਸਾਲ ਕੈਲੰਡਰ ਦਾ ਨਾਂ ‘ਨਾਨਕਸ਼ਾਹੀ ਕੈਲੰਡਰ’ ਹੀ ਰੱਖਿਆ ਜਾਂਦਾ ਹੈ ਜਦਕਿ ਹੁੰਦਾ ਹੈ ਇਹ ਪੰਡਿਤਾਂ ਦੁਆਰਾ 1964 ਵਿੱਚ ਸੋਧਿਆ ਹੋਇਆ ਬਿਕਰਮੀ ਕੈਲੰਡਰ।