ਰਾਮ ਨਾਮ ਬਿਨੁ ਘਰੀਅ ਨ ਜੀਵਉ॥
ਮਨੁ ਮੇਰੋ ਗਜੁ; ਜਿਹਬਾ ਮੇਰੀ ਕਾਤੀ ॥ ਮਪਿ ਮਪਿ ਕਾਟਉ; ਜਮ ਕੀ ਫਾਸੀ ॥੧॥
ਕਹਾ ਕਰਉ ਜਾਤੀ; ਕਹ ਕਰਉ ਪਾਤੀ ॥ ਰਾਮ ਕੋ ਨਾਮੁ; ਜਪਉ ਦਿਨ ਰਾਤੀ ॥੧॥ ਰਹਾਉ ॥
ਰਾਂਗਨਿ ਰਾਂਗਉ; ਸੀਵਨਿ ਸੀਵਉ ॥ ਰਾਮ ਨਾਮ ਬਿਨੁ; ਘਰੀਅ ਨ ਜੀਵਉ ॥੨॥
ਭਗਤਿ ਕਰਉ; ਹਰਿ ਕੇ ਗੁਨ ਗਾਵਉ ॥ ਆਠ ਪਹਰ; ਅਪਨਾ ਖਸਮੁ ਧਿਆਵਉ ॥੩॥
ਸੁਇਨੇ ਕੀ ਸੂਈ; ਰੁਪੇ ਕਾ ਧਾਗਾ ॥ ਨਾਮੇ ਕਾ ਚਿਤੁ; ਹਰਿ ਸਉ ਲਾਗਾ ॥੪॥ (ਭਗਤ ਨਾਮਦੇਵ/੪੮੫)
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਮੁੱਚੀ ਲੋਕਾਈ ਲਈ ਇਕ ਅਦੁੱਤੀ ਚਾਨਣ ਮੁਨਾਰੇ ਦੀ ਨਿਆਈਂ ਹੈ; ਜਿਵੇਂ ਚਾਨਣ ਸਾਰਿਆਂ ਲਈ ਸੁਖਦਾਈ ਹੁੰਦਾ ਹੈ ਅਤੇ ਬਿਨਾਂ ਕਿਸੇ ਵਿਤਕਰੇ ਤੋਂ ਇਕੋ ਜਿਹਾ ਵਰਤਾਰਾ ਸਭ ਨਾਲ ਕਰਦਾ ਹੈ; ਤਿਵੇਂ ਹੀ ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ .. ॥’’ (ਮਹਲਾ ੩/੬੭) ਦੇ ਮਹਾਂ ਵਾਕ ਅਨੁਸਾਰ ਬਿਨਾਂ ਕਿਸੇ ਜਾਤ-ਪਾਤ, ਭੇਦ ਭਾਵ ਤੋਂ ਹਰੇਕ ਪ੍ਰਾਣੀ ਮਾਤਰ (ਭਾਵੇਂ ਉਹ ਪੁਰਸ਼ ਹੋਵੇ ਜਾਂ ਇਸਤਰੀ) ਨੂੰ ਬਰਾਬਰਤਾ ਦਾ ਗਿਆਨ ਰੂਪੀ ਚਾਨਣ ਦੇ ਕੇ ਉਸ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਤੇਰਾ ਸੰਸਾਰ ਵਿੱਚ ਆਉਣ ਦਾ ਮਨੋਰਥ ਕੀ ਹੈ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥ ਅਵਰਿ ਕਾਜ; ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥’’ (ਸੋ ਪੁਰਖੁ/ਮਹਲਾ ੫/੧੨) ਜਾਂ ‘‘ਭਾਈ ਰੇ ! ਰਾਮੁ ਕਹਹੁ ਚਿਤੁ ਲਾਇ ॥ ਹਰਿ ਜਸੁ ਵਖਰੁ ਲੈ ਚਲਹੁ; ਸਹੁ ਦੇਖੈ ਪਤੀਆਇ ॥੧॥ ਰਹਾਉ ॥’’ (ਮਹਲਾ ੧/੨੨) ਦੇ ਮਹਾਂ ਵਾਕਾਂ ਅਨੁਸਾਰ ਬਾਣੀ ਦੇ ਰਚਨਹਾਰ ਗੁਰੂ ਸਹਿਬਾਨ ਅਤੇ ਭਗਤ ਸਹਿਬਾਨ ਨੇ ਦੂਜਿਆਂ ਨੂੰ ਨਾਮ ਜਪਣ ਵਾਲਾ ਉਪਦੇਸ਼ ਦ੍ਰਿੜ੍ਹ ਕਰਵਉਣ ਤੋਂ ਪਹਿਲਾਂ ਆਪ ਵੀ ਦ੍ਰਿੜ੍ਹਤਾ ਨਾਲ ਨਾਮ ਜਪਿਆ। ਗੁਰਬਾਣੀ ਦੀਆਂ ਅਨੇਕਾਂ ਪੰਕਤੀਆਂ ਇਸ ਗੱਲ ਦੀ ਪ੍ਰੋੜ੍ਹਤਾ ਕਰਦੀਆਂ ਹਨ।
ਵੀਚਾਰ ਅਧੀਨ ਪਾਵਨ ਗੁਰਬਾਣੀ ਦੀ ਪੰਕਤੀ ‘‘ਰਾਮ ਨਾਮ ਬਿਨੁ ਘਰੀਅ ਨ ਜੀਵਉ॥’’ ਰਾਹੀਂ ਭਗਤ ਨਾਮਦੇਵ ਜੀ ਇਹੋ ਗੱਲ ਸਮਝਾ ਰਹੇ ਹਨ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਇਕ ਘੜੀ ਵੀ ਨਹੀਂ ਜੀਅ ਸਕਦਾ। ਵਿਸ਼ੇਸ਼ ਤੌਰ ’ਤੇ ਅਸੀਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਗਹੁ ਨਾਲ ਵੀਚਾਰ ਸਹਿਤ ਪੜ੍ਹਦੇ ਹਾਂ ਤਾਂ ਸਾਨੂੰ ਚੰਗੀ ਤਰਾਂ ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਅਖੌਤੀ ਉੱਚੀ ਜਾਤ ਵਾਲਿਆਂ ਨੇ ਭਗਤਾਂ ਨੂੰ ਨੀਵੀਂ ਜਾਤ ਵਾਲੇ ਕਹਿ ਕੇ ਇਹਨਾਂ ਦਾ ਕੇਵਲ ਨਿਰਾਦਰ ਹੀ ਨਹੀਂ ਕੀਤਾ ਸਗੋਂ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਹੱਕ ਵੀ ਖੋਹਣ ਦਾ ਯਤਨ ਕੀਤਾ, ਪਰ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਆਤਮਾ ਭਗਤ ਰਵਿਦਾਸ ਜੀ ਨੇ ਇਹੋ ਜਿਹੇ ਲੋਕਾਂ ਨੂੰ ਬਾਣੀ ਰਾਹੀਂ ਇਸ ਤਰ੍ਹਾਂ ਢੁਕਵਾਂ ਜਵਾਬ ਦਿੱਤਾ ਕਿ ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ ਜੱਦੀ ਮਲਕੀਅਤ ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। ਇਸ ਪ੍ਰੇਮ ਤੋਂ ਬਾਂਝਿਆ ਹੋਇਆ ਸਾਰਾ ਸੰਸਾਰ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ। ਆਪ ਜੀ ਦੇ ‘‘ਰਾਮ ਨਾਮ ਬਿਨੁ ਘਰੀਅ ਨ ਜੀਵਉ॥’’ ਵਾਲੇ ਸ਼ਬਦ ਦੀਆਂ ‘ਰਹਾਉ’ ਵਾਲੀਆਂ ਪੰਕਤੀਆਂ ਦੁਆਰਾ ਭਗਤ ਨਾਮਦੇਵ ਜੀ ਸਮਝਾ ਰਹੇ ਹਨ ‘‘ਕਹਾ ਕਰਉ ਜਾਤੀ; ਕਹ ਕਰਉ ਪਾਤੀ ॥ ਰਾਮ ਕੋ ਨਾਮੁ; ਜਪਉ ਦਿਨ ਰਾਤੀ ॥੧॥ ਰਹਾਉ ॥’’ ਭਾਵ ਹੁਣ ਕਿਸੇ ਉੱਚੀ-ਨੀਵੀਂ ਜਾਤ ਗੋਤ ਦੀ ਪਰਵਾਹ ਨਹੀਂ ਰਹੀ ਕਿਉਂਕਿ ਮੈਂ ਦਿਨ ਰਾਤ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ।
ਜਿਸ ਵਸਤੂ ਨਾਲ ਕਿਸੇ ਦਾ ਜਿੰਨਾ ਪਿਆਰ ਹੈ ਉਹ ਓਨਾ ਹੀ ਉਸ ਨੂੰ ਯਾਦ ਕਰੇਗਾ। ਕਿਸੇ ਦਾ ਪਿਆਰ ਆਪਣੀ ਜਾਤ ਪਾਤ ਨਾਲ ਹੈ, ਕਿਸੇ ਦਾ ਪਿਆਰ ਆਪਣੇ ਪਰਵਾਰ ਨਾਲ ਹੈ, ਕਿਸੇ ਦਾ ਪਿਆਰ ਧਨ ਨਾਲ, ਮਹਿਲ ਮਾੜੀਆਂ ਆਦਿਕ ਦੁਨਿਆਵੀ ਪਦਾਰਥਾਂ ਨਾਲ ਹੈ, ਪਰ ਭਗਤਾਂ ਦਾ ਪਿਆਰ ਆਪਣੇ ਪਿਆਰੇ ਨਾਲ ਹੈ। ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਭਗਤਾਂ ਦੀ ਚਾਲ ਨੂੰ ਨਿਰਾਲੀ ਕਿਹਾ ਹੈ। ਜਿਹੜੇ ਸੁਭਾਗੇ ਮਨੁੱਖ ਆਤਮਕ ਆਨੰਦ ਮਾਣਦੇ ਹਨ, ਉਹੀ ਭਗਤ ਹਨ ਤੇ ਉਹਨਾਂ ਭਗਤਾਂ ਦੀ ਜੀਵਨ-ਜੁਗਤੀ ਦੁਨੀਆਂ ਦੇ ਲੋਕਾਂ ਨਾਲੋਂ ਸਦਾ ਵੱਖਰੀ ਹੁੰਦੀ ਹੈ, ਇਹ ਪੱਕੀ ਗੱਲ ਹੈ ਕਿ ਉਹਨਾਂ ਭਗਤਾਂ ਦੀ ਜੀਵਨ-ਜੁਗਤੀ ਹੋਰਨਾਂ ਨਾਲੋਂ ਵੱਖਰੀ ਹੁੰਦੀ ਹੈ। ਉਹ, ਬੜਾ ਔਖਾ ਸਮਝੇ ਜਾਣ ਵਾਲ਼ੇ ਰਸਤੇ ਉੱਤੇ ਤੁਰਦੇ ਹਨ, ਉਹ ਲੱਬ ਲੋਭ ਅਹੰਕਾਰ ਤੇ ਮਾਇਆ ਦੀ ਤ੍ਰਿਸ਼ਨਾ ਤਿਆਗਦੇ ਹਨ ਤੇ ਬਹੁਤਾ ਨਹੀਂ ਬੋਲਦੇ ਭਾਵ ਆਪਣੀ ਸ਼ੋਭਾ ਨਹੀਂ ਕਰਦੇ ਫਿਰਦੇ। ਇਸ ਰਸਤੇ ਉੱਤੇ ਤੁਰਨਾ ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ ਖੰਡੇ ਦੀ ਧਾਰ ਨਾਲੋਂ ਤਿੱਖਾ ਹੈ ਤੇ ਵਾਲ ਨਾਲੋਂ ਪਤਲਾ ਹੈ। ਇਸ ਉੱਤੋਂ ਡਿੱਗਣ ਦੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆਵੀ ਵਾਸ਼ਨਾ; ਮਨ ਦੀ ਅਡੋਲਤਾ ਨੂੰ ਧੱਕਾ ਦੇਂਦੀ ਹੈ ਪਰ ਜਿਨਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ, ਉਹਨਾਂ ਦੀ ਮਾਇਕ ਵਾਸ਼ਨਾ ਹਰੀ-ਪ੍ਰਭੂ ਦੀ ਯਾਦ ਵਿੱਚ ਅਲੋਪ ਜਾਂਦੀ ਹੈ। ਗੁਰ ਵਾਕ ਹੈ ‘‘ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ; ਬਿਖਮ ਮਾਰਗਿ ਚਲਣਾ ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ; ਬਹੁਤੁ ਨਾਹੀ ਬੋਲਣਾ ॥ ਖੰਨਿਅਹੁ ਤਿਖੀ ਵਾਲਹੁ ਨਿਕੀ; ਏਤੁ ਮਾਰਗਿ ਜਾਣਾ ॥ ਗੁਰ ਪਰਸਾਦੀ ਜਿਨੀ ਆਪੁ ਤਜਿਆ; ਹਰਿ ਵਾਸਨਾ ਸਮਾਣੀ ॥ ਕਹੈ ਨਾਨਕੁ ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ ॥੧੪॥’’ (ਅਨੰਦ/ਮਹਲਾ ੩/੯੧੯)
ਜਿਤਨੀ ਦੇਰ ਤੱਕ ਕੋਈ ਵੀ ਮਨੁੱਖ ਆਪਣੇ ਮਨ ਦੀਆਂ ਵਾਸ਼ਨਾਵਾਂ ਅਤੇ ਲੱਬ-ਲੋਭ, ਅਹੰਕਾਰ, ਤ੍ਰਿਸ਼ਨਾ ਆਦਿ ਵਿਕਾਰਾਂ ਉੱਤੇ ਕਾਬੂ ਨਹੀਂ ਪਾਉਂਦਾ, ਉਤਨੀ ਦੇਰ ਤੱਕ ਰਾਮ ਦੇ ਨਾਮ ਨਾਲ ਪ੍ਰੀਤ ਨਹੀਂ ਬਣ ਸਕਦੀ ਕਿਉਂਕਿ ਇਹ ਵਾਸ਼ਨਾਵਾਂ ਆਤਮਕ ਮੌਤ ਦਾ ਕਾਰਨ ਬਣਦੀਆਂ ਹਨ। ਮਨੁੱਖ ਇਹਨਾਂ ਦੇ ਹੱਥੋਂ ਆਤਮਕ ਮੌਤ ਉਸ ਵੇਲੇ ਮਰਦਾ ਹੈ ਜਦੋਂ ਇਸ ਦਾ ਇਹਨਾਂ ’ਤੇ ਕਾਬੂ ਨਹੀਂ ਰਹਿੰਦਾ। ਇਸੇ ਲਈ ਗੁਰਬਾਣੀ ਨੇ ਇਹੋ ਜਿਹੇ ਮਨੁੱਖਾਂ ਨੂੰ ਸਾਕਤ ਕਹਿ ਕੇ ਉਹਨਾਂ ਦਾ ਜੀਵਨ ਸਾਡੇ ਸਾਹਮਣੇ ਪੇਸ਼ ਕੀਤਾ ਹੈ ‘‘ਸਾਕਤ ਮਰਹਿ; ਸੰਤ ਸਭਿ ਜੀਵਹਿ ॥ ਰਾਮ ਰਸਾਇਨੁ; ਰਸਨਾ ਪੀਵਹਿ ॥’’ (ਭਗਤ ਕਬੀਰ/੩੨੬) ਜਾਂ ‘‘ਸੋ ਜੀਵਿਆ; ਜਿਸੁ ਮਨਿ ਵਸਿਆ ਸੋਇ ॥ ਨਾਨਕ ! ਅਵਰੁ ਨ ਜੀਵੈ ਕੋਇ ॥ ਜੇ ਜੀਵੈ; ਪਤਿ ਲਥੀ ਜਾਇ ॥ ਸਭੁ ਹਰਾਮੁ; ਜੇਤਾ ਕਿਛੁ ਖਾਇ ॥’’ (ਮਹਲਾ ੧/੧੪੨)
ਭਗਤ ਨਾਮਦੇਵ ਜੀ ਆਪਣੇ ਸ਼ਬਦ ਦੇ ਤੀਸਰੇ ਬੰਦ ਵਿੱਚ ਫ਼ੁਰਮਾਉਂਦੇ ਹਨ ਕਿ ‘‘ਭਗਤਿ ਕਰਉ; ਹਰਿ ਕੇ ਗੁਨ ਗਾਵਉ ॥ ਆਠ ਪਹਰ; ਅਪਨਾ ਖਸਮੁ ਧਿਆਵਉ ॥੩॥’’ ਭਾਵ ਰੱਬ ਦੀ ਭਗਤੀ ਕਰਦਾ ਹਾਂ। ਅੱਠੇ ਪਹਿਰ ਹਰੀ ਦੇ ਗੁਣ ਗਾਉਂਦਾ ਹਾਂ, ਆਪਣੇ ਮਾਲਕ ਨੂੰ ਹਰ ਦਮ ਯਾਦ ਕਰਦਾ ਹਾਂ। ਅੱਠੇ ਪਹਿਰ ਓਹੀ ਮਾਲਕ ਨੂੰ ਯਾਦ ਰੱਖੇਗਾ ਜਿਸ ਦੇ ਧਿਆਨ ਵਿੱਚ ਬਹਿੰਦਿਆਂ ਉਠਦਿਆਂ ਆਪਣੇ ਪ੍ਰਭੂ-ਪਤੀ ਦੀ ਯਾਦ ਵਸੀ ਹੋਵੇਗੀ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ‘‘ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ (’ਚ) ਚਲਤ; ਹਰੇ ਹਰਿ ਗਾਈਐ ॥’’ (ਮਹਲਾ ੫/੩੮੬)
ਜੀਵਨ ਦੇ ਦੋ ਪੱਖ ਹਨ, ਇਕ ਸੰਸਾਰਕ ਅਤੇ ਦੂਜਾ ਧਾਰਮਿਕ। ਪ੍ਰਭੂ ਦੇ ਪਿਆਰੇ ਇਹਨਾਂ ਦੋਨਾਂ ਪੱਖਾਂ ਨੂੰ ਬਰਾਬਰ ਲੈ ਕੇ ਚੱਲਦੇ ਹਨ। ਸੰਸਾਰ ਵਿੱਚ ਰਹਿਣਾ ਹੈ ਤਾਂ ਸੰਸਾਰ ਵਾਲੀ ਕਿਰਤ ਵੀ ਕਰਨੀ ਪਵੇਗੀ, ਪਰ ਕਿਰਤ ਦੇ ਨਾਲ ਸੰਸਾਰ ਦੇ ਕਰਤੇ ਦੀ ਕੀਰਤੀ ਵੀ ਕਰਨੀ ਪਵੇਗੀ। ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਸੰਸਾਰ ਅਤੇ ਨਿਰੰਕਾਰ ਨੂੰ ਵੱਖ-ਵੱਖ ਕਰਕੇ ਜਾਣਿਆ ਜਾਂਦਾ ਰਿਹਾ, ਇਸ ਕਰਕੇ ਸੰਸਾਰੀ; ਨਿਰੰਕਾਰ ਨਾਲ ਨਾ ਜੁੜ ਸਕਿਆ ਅਤੇ ਨਿਰੰਕਾਰੀ; ਸੰਸਾਰ ਨਾਲੋਂ ਆਪਣਾ ਨਾਤਾ ਤੋੜ ਬੈਠਾ। ਗੁਰਮਤਿ ਦਾ ਇਹ ਸਿਧਾਂਤ ‘‘ਏਹੁ ਵਿਸੁ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ ॥’’ (ਅਨੰਦ/ਮਹਲਾ ੩/੯੨੨) ਸਾਨੂੰ ਇਹ ਸੋਝੀ ਬਖ਼ਸ਼ਦਾ ਹੈ ਕਿ ਸੰਸਾਰ ਵਿੱਚ ਰਹਿ ਕੇ ਧਰਮ ਦੀ ਕਿਰਤ ਅਤੇ ਕੀਰਤੀ ਕਰਦਿਆਂ ਹੋਇਆਂ ਆਪਣਾ ਜੀਵਣ ਬਤੀਤ ਕਰਨਾ ਹੈ। ਭਗਤ ਨਾਮਦੇਵ ਜੀ ਦੀ ਵੀਚਾਰ ਅਧੀਨ ਪੰਕਤੀ ਤੋਂ ਇਹ ਕਹਿਣਾ ‘‘ਰਾਂਗਨਿ ਰਾਂਗਉ ਸੀਵਨਿ ਸੀਵਉ ॥’’ (ਭਾਵ ਇਸ ਸਰੀਰ ਮਿੱਟੀ ਵਿੱਚ ਮੈਂ ਆਪਣੇ ਆਪ ਨੂੰ ਨਾਮ ਨਾਲ ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ) ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਨੁੱਖ, ਜੋ ਵੀ ਕਿਰਤ ਕਰਦਾ ਹੈ; ਓਸੇ ਕਿਰਤ ਵਿੱਚੋਂ ਹੀ ਸਿੱਖਿਆ ਲੈ ਕੇ ਕਰਤੇ ਨਾਲ ਜੁੜ ਸਕਦਾ ਹੈ। ਭਗਤ ਨਾਮਦੇਵ ਜੀ ਦਾ ਰਾਮ ਦੇ ਨਾਮ ਤੋਂ ਬਿਨਾਂ ਇੱਕ ਘੜੀ ਵੀ ਨਾ ਜਿਊਣ ਦਾ ਮਤਲਬ ਇਹ ਨਹੀਂ ਕਿ ਮਨੁੱਖ ਆਪਣੀ ਕਿਰਤ ਛੱਡ ਕੇ ਵਿਹਲੜ ਰਹਿ ਕੇ ਹੱਥ ਵਿੱਚ ਮਾਲਾ ਫੜ ਕੇ ਕਿਸੇ ਇਕਾਂਤ ਥਾਂ ਬੈਠ ਕੇ ਹੀ ਪ੍ਰਮਾਤਮਾ ਦੀ ਭਗਤੀ ਕਰੇ। ਐਸਾ ਕਰਨਾ, ਗਿਆਨ ਵਿਹੂਣਿਆ ਦਾ ਕੰਮ ਹੈ। ਭਗਤ ਕਬੀਰ ਜੀ ਨੇ ਆਪਣੇ ਸਲੋਕਾਂ ਰਾਹੀਂ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੇ ਆਪਸੀ ਸੰਵਾਦ ਨੂੰ ਸਾਡੇ ਤੱਕ ਇਸੇ ਲਈ ਪਹੁੰਚਾਇਆ ਤਾਂ ਕਿ ਅਸੀਂ ਕਿਸੇ ਪਾਖੰਡ ਦੇ ਸ਼ਿਕਾਰ ਨਾ ਬਣ ਸਕੀਏ। ਸਲੋਕ ਨੰਬਰ 212 ਅਤੇ 213 ਰਾਹੀਂ ਭਗਤ ਜੀ ਫ਼ੁਰਮਾ ਰਹੇ ਹਨ ‘‘ਨਾਮਾ ਮਾਇਆ ਮੋਹਿਆ; ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ? ਰਾਮ ਨ ਲਾਵਹੁ ਚੀਤੁ ॥੨੧੨॥, ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ/੧੩੭੬) ਭਗਤ ਤ੍ਰਿਲੋਚਨ ਜੀ ਆਖਦੇ ਹਨ ਹੇ ਮਿਤ੍ਰ ! ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈ। ਇਹ ਰਜ਼ਾਈਆਂ ਦੇ ਅੰਬਰ ਕਿਉਂ ਠੇਕ (ਛਾਪ) ਰਿਹਾ ਹੈ ? ਪਰਮਾਤਮਾ ਦੇ ਚਰਨਾ ਨਾਲ ਕਿਉਂ ਚਿੱਤ ਨਹੀਂ ਜੋੜਦਾ ?
ਭਗਤ ਨਾਮਦੇਵ ਜੀ ਅਗੋਂ ਜਵਾਬ ਦੇਂਦੇ ਹਨ ‘ਹੇ ਤ੍ਰਿਲੋਚਨ ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ। ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ ਅਤੇ ਆਪਣਾ ਚਿੱਤ ਪਰਮਾਤਮਾ ਨਾਲ ਜੋੜ।’
ਜਿਸ ਰਾਮ ਨਾਮ ਤੋਂ ਬਿਨਾਂ ਇੱਕ ਘੜੀ ਨ ਜੀਊਣਾ ਭਗਤ ਜੀ ਲਈ ਅੱਤ ਕਠਿਨ ਹੈ, ਉਹ ਰਾਮ ਕੇਵਲ ਕਿਸੇ ਇਕ ਮਜ਼੍ਹਬ ਨੂੰ ਮੰਨਣ ਵਾਲੇ ਦੇ ਧਾਰਮਿਕ ਸਥਾਨ ਵਿੱਚ ਕੈਦ ਨਹੀਂ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦਾ ਨਾਮ ਨਹੀਂ ਸਗੋਂ ਉਸ ਰਾਮ ਸੰਬੰਧੀ ਭਗਤ ਜੀ ਦੇ ਆਪਣੇ ਹੀ ਬਚਨ ਹਨ ‘‘ਸਭੈ ਘਟ; ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ; ਕੋ ਬੋਲੈ ਰੇ ! ॥੧॥ ਰਹਾਉ ॥’’ (ਭਗਤ ਨਾਮਦੇਵ/੯੮੮)
ਭਗਤ ਨਾਮਦੇਵ ਜੀ ਆਪਣੀ ਪ੍ਰੀਤ ਦਾ ਪ੍ਰਗਟਾਵਾ ਵੀਚਾਰ ਅਧੀਨ ਪੰਕਤੀ ਵਾਲੇ ਸ਼ਬਦ ਦੇ ਅਖੀਰਲੇ ਪਦੇ ਦੁਆਰਾ ਇਸ ਤਰ੍ਹਾਂ ਵੀ ਕੀਤਾ ਹੈ ‘‘ਸੁਇਨੇ ਕੀ ਸੂਈ; ਰੁਪੇ ਕਾ ਧਾਗਾ ॥ ਨਾਮੇ ਕਾ ਚਿਤੁ; ਹਰਿ ਸਉ ਲਾਗਾ ॥੪॥’’ ਮੈਨੂੰ ਗੁਰੂ ਦਾ ਸ਼ਬਦ ਰੂਪ ਸੋਨੇ ਦੀ ਸੂਈ ਮਿਲ ਗਈ ਹੈ, ਉਸ ਦੀ ਬਰਕਤ ਨਾਲ ਮੇਰੀ ਸੁਰਤ ਨਿਰਮਲ ਹੋ ਗਈ ਹੈ, ਇਹ ਮਾਨੋ ਮੇਰੇ ਪਾਸ ਚਾਂਦੀ ਦਾ ਧਾਗਾ ਹੈ। ਇਹ ਸੂਈ ਅਤੇ ਧਾਗੇ ਨਾਲ ਮੇਰਾ ਮਨ ਪ੍ਰਭੂ ਨਾਲ ਸੀਤਾ ਗਿਆ ਹੈ। ਭਗਤ ਨਾਮਦੇਵ ਜੀ ਵਰਗੀ ਪਰਮਾਤਮਾ ਨਾਲ ਪ੍ਰੀਤ ਕੇਵਲ ਗੱਲੀਂ ਬਾਤੀਂ ਨਹੀਂ ਹੋ ਸਕਦੀ, ਇਸ ਲਈ ਤਾਂ ਗੁਰਮਤਿ ਅਨੁਸਾਰ ਗੁਰਬਾਣੀ-ਨਾਮ ਅਭਿਆਸ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਭਗਤ ਨਾਮਦੇਵ ਜੀ ਵਾਂਗ ਪ੍ਰਭੂ ਦੇ ਪਿਆਰ ਵਿੱਚ ਭਿੱਜ ਕੇ ਸੱਚੇ ਦਿਲੋਂ ਇਸ ਤਰ੍ਹਾਂ ਕਹਿ ਸਕਦੇ ਹਾਂ ‘‘ਰਾਂਗਨਿ ਰਾਂਗਉ; ਸੀਵਨਿ ਸੀਵਉ ॥ ਰਾਮ ਨਾਮ ਬਿਨੁ; ਘਰੀਅ ਨ ਜੀਵਉ ॥੨॥’’