Rahras (Part 2, Guru Granth Sahib)

0
593

ਰਹਰਾਸਿ (ਭਾਗ 2)

ਆਸਾ, ਮਹਲਾ ੧ ॥

ਆਖਾ ਜੀਵਾ; ਵਿਸਰੈ ਮਰਿ ਜਾਉ ॥ ਆਖਣਿ ਅਉਖਾ; ਸਾਚਾ ਨਾਉ ॥        ਉਚਾਰਨ : ਆਖਾਂ, ਜੀਵਾਂ, ਜਾਉਂ, ਔਖਾ, ਨਾਉਂ।

(‘ਅਕਾਲ ਪੁਰਖ’ ਦੀ ਸਿਫ਼ਤ ਜਦ) ਮੈਂ ਆਖਦਾ ਹਾਂ ਤਾਂ ਆਤਮਕ ਜੀਵਨ (ਮਾਇਆ ਦੀ ਪਕੜ ਵੱਲੋਂ ਅਛੋਹ ਤੇ ਪ੍ਰਫੁਲਿਤ) ਮਹਿਸੂਸ ਕਰਦਾ ਹਾਂ (ਅਤੇ ਜਦ ‘ਅਕਾਲ ਪੁਰਖ’ ਦੀ ਯਾਦ) ਭੁੱਲ ਜਾਂਦੀ ਹੈ ਤਾਂ ਮੈਂ ਵਿਕਾਰਾਂ ਅਧੀਨ ਹੋ ਜਾਂਦਾ ਹਾਂ (ਇਸ ਸਚਾਈ ਦੇ ਬਾਵਜੂਦ ‘ਅਕਾਲ ਪੁਰਖ’ ਦੀ) ਸਦੀਵੀ ਸਥਿਰ ਤੇ ਨਿਰਮਲ ਉਸਤਤ ਨੂੰ (ਮਾਯਾ ਮੋਹ ਤਿਆਗ ਕੇ) ਯਾਦ ਕਰਨਾ ਬੜਾ ਮੁਸ਼ਕਲ ਹੈ।

ਸਾਚੇ ਨਾਮ ਕੀ; ਲਾਗੈ ਭੂਖ ॥ ਉਤੁ ਭੂਖੈ; ਖਾਇ ਚਲੀਅਹਿ ਦੂਖ ॥੧॥         ਉਚਾਰਨ : ਚਲੀਅਹਿਂ (ਚਲੀਐਂ)।

(ਜਿਸ ਨੂੰ ‘ਅਕਾਲ ਪੁਰਖ’ ਦੇ) ਸਥਿਰ ਨਾਮ (ਜਪਣ) ਦੀ ਲਗਨ (ਰੁਚੀ) ਲੱਗ ਜਾਂਦੀ ਹੈ ਉਸ ਭੁੱਖ (ਸ਼ੌਕ) ਨਾਲ ਤਮਾਮ ਦੁੱਖ ਦੂਰ ਹੋ ਜਾਂਦੇ ਹਨ (ਭਾਵ ਅੰਦਰੂਨੀ ਤੇ ਬਾਹਰੀ ਦੁੱਖਾਂ ਦੀ ਕਸ਼ਿਸ਼ ਮਹਿਸੂਸ ਨਹੀਂ ਹੁੰਦੀ)।

ਸੋ ਕਿਉ ਵਿਸਰੈ ? ਮੇਰੀ ਮਾਇ ! ॥ ਸਾਚਾ ਸਾਹਿਬੁ; ਸਾਚੈ ਨਾਇ ॥੧॥ ਰਹਾਉ ॥       ਉਚਾਰਨ : ਕਿਉਂ, ਨਾਇਂ ।

ਹੇ ਮੇਰੀ ਮਾਂ ! ਉਹ (‘ਅਕਾਲ ਪੁਰਖ’ ਦਾ ਸੱਚਾ ਨਾਮ) ਕਿਉਂ ਭੁੱਲੇ ? (ਕਿਉਂਕਿ) ਸੱਚੇ ਨਾਮ ਵਿੱਚ ਸੱਚਾ ਮਾਲਕ ਵਸਦਾ ਹੈ (ਜਿਸ ਦਾ ਮਿਲਾਪ ਮਨੁੱਖ ਲਈ ਅਤਿ ਜ਼ਰੂਰੀ ਹੈ)। (ਰਹਾਉ)

(ਨੋਟ: ਕਈ ਸੱਜਣ ‘ਮਾਇ’ ਸ਼ਬਦ ਦਾ ਅਰਥ ‘ਮਾਂ’ ਦੀ ਬਜਾਏ ‘ਮਤ’ (ਬੁੱਧੀ) ਕਰਦੇ ਹਨ ਤੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਗੁਰਬਾਣੀ ’ਚ ਦਰਜ ਦੋ ਸ਼ਬਦ: ‘ਮਾਤਾ ਮਤਿ’, ਪਿਤਾ ਸੰਤੋਖੁ ॥’’ (ਮ: ੧/੧੫੧) ਜਾਂ ‘ਮਤਿ ਮਾਤਾ’, ਸੰਤੋਖੁ ਪਿਤਾ; ਸਰਿ ਸਹਜ ਸਮਾਯਉ ॥’’ (ਭਟ ਕਲੵ /੧੩੯੭) ਦੀ ਟੇਕ ਲੈਂਦੇ ਹਨ ਪਰ ਸੰਬੰਧਿਤ ਪੰਕਤੀ ’ਚ ਇਹ ਭਾਵਾਰਥ ਗੁਰਮਤਿ ਅਨੁਸਾਰੀ ਨਹੀਂ ਕਿਉਂਕਿ ਅਗਰ ‘ਮਾਇ’ ਦਾ ਅਰਥ ‘ਮਾਤਾ, ਮੱਤ ਜਾਂ ਬੁੱਧੀ’ ਮੰਨ ਕੇ ਉਸ ਨੂੰ ਸੰਬੋਧਨ ਕਰੀਏ ਤਾਂ ਸੰਬੋਧਨ ਕਰਤਾ ਕੌਣ ਹੋਵੇਗਾ ? ਭਾਵ ‘ਮਨ’ ?

ਗੁਰਮਤਿ ਅਨੁਸਾਰ ‘ਬੁੱਧੀ’ ਮਨ ਨੂੰ ਸੰਬੋਧਨ ਕਰੇਗੀ (ਨਸੀਹਤ ਦੇਵੇਗੀ), ਨਾ ਕਿ ‘ਮਨ’ ਬੁੱਧੀ ਨੂੰ; ਜਿਵੇਂ ਕਿ: ‘‘ਕਹੁ ਕਬੀਰ ! ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ; ਨਿਤ ਭੇਡ ॥’’ (ਭਗਤ ਕਬੀਰ/੩੨੬) ਭਾਵ ਹੇ ਕਬੀਰ ! (ਗੁਰਮਤਿ ਅਨੁਸਾਰੀ ਚੱਲ ਕੇ ਹੁਣ ਸਮਝ ਆ ਗਈ ਹੈ ਕਿ ਦੁਨਿਆਵੀ) ਲੋਕਾਂ ਦੀ ਬੁੱਧੀ (ਭੇਡ, ਮਾਂ, ਮਾਤਾ) ਆਪਣੇ ਲੇਲੇ (ਮਨ) ਨੂੰ ਚੁੰਘ ਰਹੀ ਹੈ (ਜੋ ਕਿ ਕੁਦਰਤੀ ਨਿਯਮਾਂ ਦੇ ਵਿਰੁਧ ਹੈ ਕਿਉਂਕਿ ਲੇਲੇ (ਮਨ, ਪੁੱਤਰ) ਨੂੰ ਆਪਣੀ ਮਾਂ (ਭੇਡ, ਬੁੱਧੀ) ਚੁੰਘਣੀ ਚਾਹੀਦੀ ਸੀ ਭਾਵ ‘ਬੁੱਧੀ’ ਦੇ ਕਹੇ ਅਨੁਸਾਰ ‘ਮਨ’ ਨੂੰ ਚੱਲਣਾ ਚਾਹੀਦਾ ਹੈ, ਨਾ ਕਿ ‘ਮਨ’ ਦੇ ਕਹੇ ਅਨੁਸਾਰ ‘ਬੁੱਧੀ’ (ਮਾਤਾ) ਚੱਲੇਗੀ, ਇਸ ਲਈ ਸੰਬੰਧਿਤ ਪੰਕਤੀ ’ਚ ‘ਮਾਇ’ ਦਾ ਅਰਥ ‘ਬੁੱਧੀ’ ਮੰਨ ਕੇ ‘ਮਨ’ ਨੂੰ ਸੰਬੋਧਨ ਕਰਤਾ ਨਹੀਂ ਬਣਾਇਆ ਜਾ ਸਕਦਾ। ਗੁਰਮਤਿ ਅਨੁਸਾਰੀ ਦਰੁਸਤ ਅਰਥ ਇਹੀ ਹੋ ਸਕਦੇ ਹਨ ਕਿ ਸੰਬੋਧਨ ਕਰਤਾ ‘ਬੁੱਧੀ’ ਰਹੇ, ਜੋ ਆਪਣੀ ਦੁਨਿਆਵੀ ਮਾਂ (ਮਾਇ) ਨੂੰ ਸੰਬੋਧਨ ਕਰੇ।)

ਸਾਚੇ ਨਾਮ ਕੀ; ਤਿਲੁ ਵਡਿਆਈ ॥ ਆਖਿ ਥਕੇ; ਕੀਮਤਿ ਨਹੀ ਪਾਈ ॥        ਉਚਾਰਨ : ਨਹੀਂ।

(‘ਅਕਾਲ ਪੁਰਖ’ ਦੇ) ਸੱਚੇ ਨਾਮ ਦੀ ਉਸਤਤ (ਅਣਗਿਣਤ ਮਨੁੱਖ) ਕਰ ਕਰ ਕੇ (ਦੁਨਿਆਵੀ ਜੀਵਨ) ਸਮਾਪਤ ਕਰ ਗਏ (ਪਰ ‘ਸਾਚਾ ਸਾਹਿਬੁ’ ਦੀ) ਤਿਲ ਮਾਤ੍ਰ ਕੀਮਤ ਨਹੀਂ ਪਾਈ ਗਈ (ਭਾਵ ਉਸ ਦੇ ਸੰਪੂਰਨ ਗੁਣਾਂ ਦਾ ਰੱਤਾ ਭਰ ਅੰਦਾਜ਼ਾ ਨਹੀਂ ਲੱਗ ਸਕਿਆ)।

ਜੇ ਸਭਿ ਮਿਲਿ ਕੈ; ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥੨॥        ਉਚਾਰਨ : ਪਾਹਿਂ।

(‘ਸਾਚਾ ਸਾਹਿਬੁ’ ਦੇ ਗੁਣ) ਅਗਰ ਤਮਾਮ ਮਨੁੱਖ ਮਿਲ ਕੇ ਗਾਉਣ ਦਾ ਯਤਨ ਕਰਨ (ਤਾਂ ‘ਅਕਾਲ ਪੁਰਖ’ ਆਪਣੀ ਤਾਰੀਫ਼ ਸੁਣ ਕੇ ਕੋਈ ਬਹੁਤਾ) ਵੱਡਾ ਨਹੀਂ ਹੁੰਦਾ (ਅਤੇ ਅਗਰ ਕੋਈ ਉਸ ਦੀ ਪ੍ਰਸ਼ੰਸਾ ਜਾਂ ਸ਼ਲਾਘਾ ਨਾ ਕਰੇ ਤਾਂ ਉਸ ਦਾ ਮਹੱਤਵ ਕਿਸੇ ਪੱਖੋਂ) ਘਟ ਨਹੀਂ ਜਾਂਦਾ (ਭਾਵ ਉਸ ਦੀ ਸਿਫ਼ਤ ਸਲਾਹ ਕਰਨ ਦਾ ਪੂਰਾ ਲਾਭ ਮਨੁੱਖ ਨੂੰ ਹੈ, ਨਾ ਕਿ ‘ਸਾਚਾ ਸਾਹਿਬੁ’ ਨੂੰ, ਕਿਉਂਕਿ)।

ਨਾ ਓਹੁ ਮਰੈ; ਨ ਹੋਵੈ ਸੋਗੁ ॥ ਦੇਦਾ ਰਹੈ; ਨ ਚੂਕੈ ਭੋਗੁ ॥          ਉਚਾਰਨ : ਓਹ, ਦੇਂਦਾ।

ਉਹ (‘ਸਾਚਾ ਸਾਹਿਬੁ’) ਨਾ (ਜੰਮਦਾ) ਮਰਦਾ ਹੈ (ਭਾਵ ਆਵਾਗਮਣ ਅਧੀਨ ਨਹੀਂ), ਨਾ (ਉਸ ਨੂੰ) ਕੋਈ ਗ਼ਮ (ਉਦਾਸੀ, ਮਾਤਮ) ਹੁੰਦਾ ਹੈ, (ਬਲਕਿ ਆਵਾਗਮਣ ’ਚ ਗ਼ਮ ਭਰਪੂਰ ਜ਼ਿੰਦਗੀ ਭੋਗਣ ਵਾਲ਼ਿਆਂ ਨੂੰ ਸਦਾ ਦਾਤਾਂ) ਦੇਂਦਾ ਰਹਿੰਦਾ ਹੈ (ਜਿਨ੍ਹਾਂ ਦਾ) ਭੋਗਣਾ ਮੁਕਦਾ ਨਹੀਂ।

ਗੁਣੁ ਏਹੋ; ਹੋਰੁ ਨਾਹੀ ਕੋਇ ॥ ਨਾ ਕੋ ਹੋਆ; ਨਾ ਕੋ ਹੋਇ ॥੩॥        ਉਚਾਰਨ : ਨਾਹੀਂ।

(ਸਰਬੋਤਮ) ਗੁਣ ਇਹੀ ਹੈ (ਕਿ ਉਸ ਵਰਗਾ ਵਰਤਮਾਨ ’ਚ) ਹੋਰ ਕੋਈ ਨਹੀਂ, (ਭੂਤਕਾਲ ’ਚ) ਨਾ ਕੋਈ ਹੋਇਆ ਹੈ (ਤੇ ਭਵਿੱਖਤ ਕਾਲ ’ਚ ਵੀ) ਨਾ ਕੋਈ ਹੋਵੇਗਾ।

ਜੇਵਡੁ ਆਪਿ; ਤੇਵਡ ਤੇਰੀ ਦਾਤਿ ॥ ਜਿਨਿ, ਦਿਨੁ ਕਰਿ ਕੈ; ਕੀਤੀ ਰਾਤਿ ॥

(ਹੇ ਸਾਚੇ ਸਾਹਿਬ !) ਜਿਤਨਾ (ਵਿਸ਼ਾਲ ਤੂੰ) ਆਪ ਹੈਂ, ਉਤਨੀ (ਵਿਆਪਕ) ਤੇਰੀ ਬਖ਼ਸ਼ਸ਼ ਹੈ (ਤੂੰ ਹੀ ਹੈਂ) ਜਿਸ ਨੇ ਦਿਨ (ਰੌਸ਼ਨੀ) ਬਣਾ ਕੇ ਰਾਤ ਬਣਾਈ (ਭਾਵ ਆਰਾਮ ਕਰਨ ਲਈ ਹਨ੍ਹੇਰਾ ਕੀਤਾ)।

ਖਸਮੁ ਵਿਸਾਰਹਿ; ਤੇ ਕਮਜਾਤਿ ॥ ਨਾਨਕ ! ਨਾਵੈ ਬਾਝੁ; ਸਨਾਤਿ ॥੪॥੩॥    ਉਚਾਰਨ : ਵਿਸਾਰਹਿਂ (ਵਿਸਾਰੈਂ), ਕਮਜ਼ਾਤ, ਨਾਵੈਂ।

ਹੇ ਨਾਨਕ ! (ਜੋ ਅਜਿਹੇ ਸਰਬ ਸ਼ਕਤੀਮਾਨ ਸੱਚੇ) ਸਾਹਿਬ ਨੂੰ ਭੁੱਲ ਜਾਂਦੇ ਹਨ ਉਹ (ਅਕਿਰਤਘਣ) ਭੈੜੀ ਜ਼ਾਤ (ਭਾਵ ਬਿਰਤੀ ਦੇ ਮਾਲਕ) ਹੁੰਦੇ ਹਨ (ਕਿਉਂਕਿ ‘ਸਾਚਾ ਸਾਹਿਬੁ’ ਦੀ) ਯਾਦ ਤੋਂ ਸੱਖਣਾ (ਹਰ ਕੋਈ) ਨੀਚ ਜਾਂ ਹੋਛੀ ਸੋਚ ਦਾ ਧਾਰਨੀ ਹੁੰਦਾ ਹੈ।

(ਨੋਟ: ‘ਸਾਚਾ ਸਾਹਿਬੁ’ ਦੇ ‘ਸਾਚੈ ਨਾਇ’ ’ਚ ਨਿਵਾਸ ਕਰਵਾਉਣ ਵਾਲ਼ਾ ‘ਗੁਰੂ’ ਹੁੰਦਾ ਹੈ ਇਸ ਲਈ ਅਗਲੇ ਸ਼ਬਦ ’ਚ ‘ਗੁਰੂ’ ਦੇ ਰੂ ਬਰੂ ਪੁਕਾਰ ਕੀਤੀ ਗਈ ਹੈ।)

ਰਾਗੁ ਗੂਜਰੀ, ਮਹਲਾ ੪ ॥

ਹਰਿ ਕੇ ਜਨ ! ਸਤਿਗੁਰ ਸਤ ਪੁਰਖਾ ! ਬਿਨਉ ਕਰਉ; ਗੁਰ ਪਾਸਿ ॥     ਉਚਾਰਨ : ਕਰਉਂ।

ਹੇ ਹਰੀ ਦੇ (ਸੱਚੇ) ਸੇਵਕ ! ਹੇ ਸਤ੍ਯ ਦੇ ਸ੍ਰੋਤ ਸਤਿਗੁਰ ਜੀਓ ! ਮੈਂ ਆਪ ਜੀ ਦੇ ਸਨਮੁਖ ਬੇਨਤੀ ਕਰਦਾ ਹਾਂ।

ਹਮ ਕੀਰੇ ਕਿਰਮ, ਸਤਿਗੁਰ ਸਰਣਾਈ; ਕਰਿ ਦਇਆ, ਨਾਮੁ ਪਰਗਾਸਿ ॥੧॥      ਉਚਾਰਨ : ਸ਼ਰਣਾਈ।

ਅਸੀਂ (ਆਪ ਜੀ ਦੀ ਵਿਸ਼ਾਲਤਾ ਦੇ ਮੁਕਾਬਲੇ) ਸੂਖਮ ਕੀੜੇ (ਸਮਰੱਥਾਹੀਣ ਜੀਵ ਹਾਂ, ਜੋ) ਤੇਰੀ ਸ਼ਰਨ ਆਏ ਹਾਂ ਮਿਹਰ ਕਰਕੇ (ਸੱਚੇ) ਨਾਮ ਵਾਲ਼ਾ ਪ੍ਰਕਾਸ਼ ਬਖ਼ਸ਼ੋ।

ਮੇਰੇ ਮੀਤ ਗੁਰਦੇਵ ! ਮੋ-ਕਉ, ਰਾਮ ਨਾਮੁ ਪਰਗਾਸਿ ॥      ਉਚਾਰਨ : ਮੋਕੌ।

ਹੇ ਮੇਰੇ ਸੱਚੇ ਸਨੇਹੀ ਗੁਰਦੇਵ ਪਿਤਾ ! ਮੈਨੂੰ ਰਾਮ ਦੇ ਨਾਮ ਵਾਲ਼ਾ ਉਜਾਲਾ (ਪ੍ਰਭਾਤ) ਦਿਖਾਵੋ।

ਗੁਰਮਤਿ ਨਾਮੁ, ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

(ਕਿਉਂਕਿ) ਗੁਰੂ ਦੀ ਮਤ ਰਾਹੀਂ ਪ੍ਰਾਪਤ ਹੋਇਆ ਨਾਮ (ਉਜਾਲਾ) ਹੀ ਮੇਰੇ ਜੀਵਨ ਦਾ ਸਹਾਰਾ ਹੈ; ਹਰੀ ਦੀ ਸਿਫ਼ਤ ਸਲਾਹ ਕਰਨੀ ਮੇਰੇ ਜੀਵਨ ਸਫ਼ਰ ਲਈ ਅਸਲ ਪੂੰਜੀ ਹੈ ਭਾਵ ਰਾਹਦਾਰੀ ਖ਼ਜ਼ਾਨਾ ਹੈ।

ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ ਹਰਿ ਹਰਿ ਸਰਧਾ, ਹਰਿ ਪਿਆਸ ॥       ਉਚਾਰਨ : ਸ਼ਰਧਾ।

ਜਿਨ੍ਹਾਂ ਹਰੀ ਦੇ ਸੇਵਕਾਂ ਅੰਦਰ ਹਰੀ ਦੀ ਹੋਂਦ ਪ੍ਰਤਿ ਵਿਸ਼ਵਾਸ (ਤੇ ਉਸ ਨੂੰ ਮਿਲਣ ਦੀ) ਤਾਂਘ ਹੋਵੇ (ਉਨ੍ਹਾਂ) ਰੱਬੀ ਆਸ਼ਕਾਂ ਦੇ ਬਹੁਤ ਹੀ ਵੱਡੇ (ਵਜ਼ਨਦਾਰ, ਮਹੱਤਵਪੂਰਨ) ਨਸੀਬ ਹੁੰਦੇ ਹਨ।

ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ; ਮਿਲਿ ਸੰਗਤਿ, ਗੁਣ ਪਰਗਾਸਿ ॥੨॥       ਉਚਾਰਨ : ਤ੍ਰਿਪਤਾਸਹਿਂ।

(ਜਦ) ਗੁਰੂ ਦੀ ਸੰਗਤ ਵਿੱਚ ਮਿਲ ਕੇ ਹਰੀ ਦੇ ਗੁਣਾਂ ਦਾ ਪ੍ਰਕਾਸ਼ਮਈ ਨਾਮ ਮਿਲਦਾ ਹੈ (ਤਾਂ ਮਨੁੱਖ ਦੁਨਿਆਵੀ ਇੱਛਾਵਾਂ ਵੱਲੋਂ) ਰੱਜ ਜਾਂਦੇ ਹਨ।

ਜਿਨ ਹਰਿ ਹਰਿ, ਹਰਿ ਰਸੁ ਨਾਮੁ ਨ ਪਾਇਆ; ਤੇ ਭਾਗਹੀਣ ਜਮ ਪਾਸਿ ॥

(ਪਰ) ਜਿਨ੍ਹਾਂ (ਮੰਦਭਾਗੀਆਂ) ਨੇ ਹਰੀ ਨਾਮ-ਰਸ (ਅਨੰਦ) ਨਹੀਂ ਮਾਣਿਆ ਉਹ ਬਦਕਿਸਮਤ ਆਤਮਕ ਮੌਤ ਸਹੇੜੀ ਰੱਖਦੇ ਹਨ (ਭਾਵ ਵਿਕਾਰਾਂ ’ਚ ਖਚਤ ਰਹਿੰਦੇ ਹਨ)।

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ; ਧ੍ਰਿਗੁ ਜੀਵੇ, ਧ੍ਰਿਗੁ ਜੀਵਾਸਿ ॥੩॥      ਉਚਾਰਨ : ਸ਼ਰਣ, ਨਹੀਂ।

(ਨੋਟ: ‘ਧ੍ਰਿਗੁ’ ’ਚ ਸਿਹਾਰੀ ਪੈਰ ਵਾਲ਼ੇ ਅੱਖਰ ‘ਰ’ ਨੂੰ ਹੈ, ਨਾ ਕਿ ‘ਧ’ ਨੂੰ।)

ਜਿਹੜੇ ਸਤ੍ਯ ਦੇ ਸ੍ਰੋਤ ਗੁਰੂ ਦੀ ਸੰਗਤ ਜਾਂ ਸ਼ਰਨ ਵਿੱਚ ਨਹੀਂ ਪਹੁੰਚੇ (ਉਨ੍ਹਾਂ ਦੇ ‘ਜੀਵ+ਆਸਿ’ ਭਾਵ) ਮਨੁੱਖ ਹੋਣ ਨੂੰ ਤੇ ‘ਜੀਵੇ’ (ਭਾਵ ਜੀਵਨ ਢੰਗ) ਨੂੰ ਲਾਹਨਤ ਹੈ, ਫਿਟਕਾਰ ਹੈ।

ਜਿਨ, ਹਰਿ ਜਨ ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

(ਪਰ) ਜਿਨ੍ਹਾਂ ਨੇ ਹਰੀ ਦੇ (ਸੱਚੇ) ਸੇਵਕ ਸਤਿਗੁਰੂ ਦੀ ਸ਼ਰਨ ਜਾਂ ਸੰਗਤ ਪ੍ਰਾਪਤ ਕੀਤੀ ਉਨ੍ਹਾਂ ਦੇ ਮੱਥੇ ਉੱਤੇ ‘ਲਿਖਾਸਿ’ (ਭਾਵ ਸਰਬੋਤਮ ਲੇਖ ਜਾਂ ਨਸੀਬ) ਧੁਰ ਤੋਂ ਲਿਖਿਆ ਹੁੰਦਾ ਹੈ।

(ਨੋਟ: ਉਕਤ ਗੁਰ ਵਾਕ ਰਾਹੀਂ ਗੁਰ ਸੰਗਤ ਤੋਂ ਸੱਖਣੇ ਅਤੇ ਹਰੀ ਦੀ ਹੋਂਦ ਪ੍ਰਤਿ ਸ਼ਰਧਾਹੀਣ ਬੰਦਿਆਂ ਨਾਲ਼ ਘਿਰਨਾ ਰਹਿਤ ਜੀਵਨ ਬਤੀਤ ਕਰਨ ’ਚ ਮਦਦ ਮਿਲਦੀ ਹੈ। ਅਗਰ ਕੋਈ ਗੁਰਸਿੱਖ ਫਿਰ ਵੀ ਅਸ਼ਰਧਕ (ਨਾਸਤਕ) ਮਨੁੱਖ ਪ੍ਰਤਿ ਘਿਰਨਾ ਰੱਖਦਾ ਹੈ ਤਾਂ ਇਹ ਉਸ ਦੀ ਨਿੱਜ ਕਮਜ਼ੋਰੀ ਹੋ ਸਕਦੀ ਹੈ।)

ਧਨੁ ਧੰਨੁ ਸਤ ਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ, ਨਾਨਕ ! ਨਾਮੁ ਪਰਗਾਸਿ ॥੪॥੪॥

ਹੇ ਨਾਨਕ ! (ਤਾਂ ਤੇ) ਸਤ੍ਯ (ਗੁਰੂ) ਦੀ ਸੰਗਤ ਬੜੀ ਧੰਨਤਾ ਯੋਗ ਹੈ, ਜਿਸ ਰਾਹੀਂ ਹਰੀ ਨਾਮ-ਰਸ (ਅਨੰਦ) ਪ੍ਰਾਪਤ ਹੁੰਦਾ ਹੈ ਤੇ (ਨਾਮ ਅਭਿਲਾਸ਼ੀ) ਸਤ ਸੰਗੀਆਂ ਨੂੰ ਮਿਲ ਕੇ (ਆਪਣੇ ਅੰਦਰ ਵੀ) ਨਾਮ ਰੂਪ ਪ੍ਰਕਾਸ਼ ਹੋ ਜਾਂਦਾ ਹੈ।

(ਨੋਟ: ‘ਸਾਚਾ ਸਾਹਿਬੁ’ ਦੇ ‘ਸਾਚੈ ਨਾਇ’ ’ਚ ਨਿਵਾਸ ਕਰਵਾਉਣ ਵਾਲ਼ੇ ‘ਸਤ੍ਯ ਗੁਰੂ’ ਦੀ ਸ਼ਰਨ ਦੇ ਨਾਲ਼-ਨਾਲ਼ ਮਨ ਦੀ ਇਕਾਗਰਤਾ ਬੜੀ ਲਾਜ਼ਮੀ ਹੈ ਇਸ ਲਈ ਅਗਲੇ ਸ਼ਬਦ ’ਚ ਬੰਦਗੀ ਸਮੇਂ ਮਨ ਤੋਂ ਇਕਾਗਰਤਾ ਲਈ ਸਹਿਯੋਗ ਦੀ ਉਮੀਦ ਕੀਤੀ ਗਈ ਹੈ ਅਤੇ ‘ਸੋ ਦਰੁ’ (ਸਿਰਲੇਖ) ਦੀ ਸਮਾਪਤੀ ’ਚ ਦਰਜ ਇਸ ਯੁਕਤੀ (ਵਿਧੀ) ਨੂੰ ‘ਸੋ ਪੁਰਖੁ’ (ਸਿਰਲੇਖ) ਵਾਲ਼ੇ ਚਾਰੋਂ ਸ਼ਬਦਾਂ ’ਚ ਅਖੀਰਲੇ ਸ਼ਬਦ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥’’ ’ਚ ਵੀ ਸ਼ਾਮਲ ਕੀਤਾ ਗਿਆ ਹੈ ਭਾਵ ਮਨ ਤੋਂ ਹੀ ਇਕਾਗਰਤਾ ਲਈ ਸਹਿਯੋਗ ਮੰਗਿਆ ਗਿਆ ਹੈ।)

ਰਾਗੁ ਗੂਜਰੀ, ਮਹਲਾ ੫ ॥

ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥      ਉਚਾਰਨ : ਚਿਤਵਹਿਂ।

ਹੇ ਮਨ ! (ਸਭ ਨੂੰ ਰਿਜ਼ਕ ਪਹੁੰਚਾਉਣ ਵਾਲ਼ੇ) ਜਿਸ ਉੱਦਮ (ਯਤਨ) ਵਿੱਚ ਦਾਤਾਰ ਹਰੀ ਆਪ ਲੱਗਾ ਹੋਇਆ ਹੈ, ਤੂੰ (ਕੇਵਲ ਉਸ ਲਈ ਹੀ ਸਦਾ) ਕੋਸ਼ਿਸ਼ ਤੇ ਚਿੰਤਾਵਾਂ ਕਿਉਂ ਕਰਦਾ ਰਹਿੰਦਾ ਹੈਂ ?

ਸੈਲ ਪਥਰ ਮਹਿ, ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥੧॥      ਉਚਾਰਨ : ਮਹਿਂ, ਰਿਜ਼ਕ।

(ਵੇਖ ! ) ਚਟਾਨਾਂ ਅਤੇ ਪੱਥਰਾਂ ਵਿੱਚ ਵੀ ਜੀਵ-ਜੰਤ ਪੈਦਾ ਕੀਤੇ ਗਏ ਹਨ ਉਨ੍ਹਾਂ ਦਾ ਰਿਜ਼ਕ (ਖ਼ੁਰਾਕ, ਉਨ੍ਹਾਂ ਦੇ ਪੈਦਾ ਹੋਣ ਤੋਂ) ਪਹਿਲਾਂ ਹੀ ਬਣਾ ਕੇ (ਉੱਥੇ) ਰੱਖਿਆ ਹੈ (‘‘ਜੀਅ ਜੰਤ ਸਭਿ, ਪਾਛੈ (ਬਾਅਦ ’ਚ) ਕਰਿਆ; ਪ੍ਰਥਮੇ (ਪਹਿਲਾਂ) ਰਿਜਕੁ ਸਮਾਹਾ (ਪਹੁੰਚਾਇਆ)॥’’ ਮ: ੫/੧੨੩੫)।

ਮੇਰੇ ਮਾਧਉ ਜੀ ! ਸਤ ਸੰਗਤਿ ਮਿਲੇ, ਸੁ ਤਰਿਆ ॥      ਉਚਾਰਨ : ਮਾਧੌ।

ਹੇ ਮਾਇਆ ਦੇ ਪਤੀ (ਹੇ ਮਾਯਾ ਨੂੰ ਕਾਬੂ ਰੱਖਣ ਵਾਲ਼ੇ) ! ਜੋ ਸਤ੍ਯ (ਗੁਰੂ) ਦੀ ਸੰਗਤ ਵਿੱਚ ਜੁੜ ਬੈਠਦਾ ਹੈ ਉਹ (ਮਾਇਆਵੀ ਪ੍ਰਭਾਵ ਤੋਂ) ਮੁਕਤ ਹੋ ਜਾਂਦਾ ਹੈ।

ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥

(ਕਿਉਂਕਿ) ਗੁਰੂ ਦੀ ਕਿਰਪਾ ਨਾਲ਼ ਸਰਬੋਤਮ ਦਰਜਾ (ਰੁਤਬਾ, ਮਿਆਰ) ਪ੍ਰਾਪਤ ਹੁੰਦਾ ਹੈ, ਜੋ ਸੁੱਕੀ-ਖੁਸ਼ਕ ਲੱਕੜ (ਬੁਝੀ ਹੋਈ ਜ਼ਿੰਦਗੀ) ਨੂੰ ਵੀ ਹਰਾ-ਭਰਾ (ਨਮੀ ਵਾਲ਼ਾ) ਕਰਨ ਦੀ ਸਮਰੱਥਾ ਰੱਖਦਾ ਹੈ।

ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਨ ਕਿਸ ਕੀ ਧਰਿਆ ॥

(ਗੁਰੂ ਤੋਂ ਇਲਾਵਾ) ਮਾਤਾ-ਪਿਤਾ, ਸਮਾਜ, ਪੁੱਤਰ, ਪਤਨੀ ਆਦਿ ਕੋਈ ਵੀ ਕਿਸੇ ਦਾ (ਸਦੀਵੀ) ਆਸਰਾ (ਮਦਦਗਾਰ) ਨਹੀਂ।

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ਭਉ ਕਰਿਆ ? ॥੨॥      ਉਚਾਰਨ : ਰਿਜ਼ਕ।

ਹੇ ਮਨ ! (ਜਦ) ਹਰ ਇੱਕ ਸਿਰ ਉੱਤੇ (ਹਰੇਕ ਜੀਵ ਲਈ, ਦਾਤਾਰ) ਮਾਲਕ ਰਿਜ਼ਕ ਪਹੁੰਚਾਉਂਦਾ ਹੈ ਤਾਂ ਤੂੰ ਕਿਉਂ ਡਰਦਾ ਹੈਂ ?

ਊਡੇ, ਊਡਿ ਆਵੈ, ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥     ਉਚਾਰਨ : ਕੋਸਾਂ।

(ਵੇਖ ! ਮੌਸਮੀ ਤਬਦੀਲੀ ’ਚ ਚੋਗੇ ਦੀ ਤਲਾਸ਼ ਲਈ ਕੂੰਜ) ਸੈਕੜੇ ਕੋਹਾਂ (ਦੂਰ, ਸਫ਼ਰ ਕਰਦੀ) ਉੱਡ ਉੱਡ ਕੇ ਆਉਂਦੀ ਹੈ, ਉਸ ਦੇ ਬੱਚੇ (ਉੱਡਣ ਤੋਂ ਅਸਮਰੱਥ) ਪਿੱਛੇ ਛੁੱਟ ਜਾਂਦੇ ਹਨ।

(ਨੋਟ: ‘ਗੁਰਬਾਣੀ’ ’ਚ ਕਈ ਸ਼ਬਦ ਅਜਿਹੇ ਦਰਜ ਹਨ ਜਿਨ੍ਹਾਂ ’ਚ ‘ਹ’ ਅੱਖਰ ‘ਸ’ ਵਿੱਚ ਤਬਦੀਲ ਹੋ ਜਾਂਦਾ ਹੈ; ਜਿਵੇਂ: ਕਪਾਸ-ਕਪਾਹ, ਰੋਸੁ- ਰੋਹੁ (ਕ੍ਰੋਧ), ਮਾਸ-ਮਾਹ (ਮਹੀਨਾ) ਦਿਹ-ਦਿਵਸ (ਦਿਨ, ਤਮਾਮ ਨਾਂਵ ਸ਼ਬਦ), ਉਹ- ਉਸ, ਇਹ-ਇਸ (ਪੜਨਾਂਵ), ਗਾਵਸਿ-ਗਾਵਹਿ (ਕਿਰਿਆ), ਪਾਸਿ-ਪਾਹਿ (ਕੋਲ਼, ਸੰਬੰਧਕੀ) ਸ਼ਬਦ ਆਦਿ; ਜਿਵੇਂ:

(ੳ). ‘‘ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ‘ਮਾਸ’ ॥ (ਮ: ੧/੪੬੭) ਤੇ

‘ਮਾਹ’ ਦਿਵਸ ਮੂਰਤ ਭਲੇ; ਜਿਸ ਕਉ ਨਦਰਿ ਕਰੇ ॥’’ (ਮ: ੫/੧੩੬) ਆਦਿ।

(ਅ). ‘‘..ਬਿਨਉ ਕਰਉ ਗੁਰ ‘ਪਾਸਿ’ (ਕੋਲ਼)॥ (ਮ: ੪/੧੦) ਤੇ

ਅੰਧੇ! ਤੂੰ ਬੈਠਾ ਕੰਧੀ ‘ਪਾਹਿ’ (ਕੋਲ਼) ॥’’ (ਮ: ੫/੪੩) ਆਦਿ।

(ੲ).‘‘ਲੋਹਾ ਮਾਰਣਿ (ਭੱਠੀ ’ਚ) ਪਾਈਐ; ਢਹੈ (ਢਲ਼ ਕੇ) ਨ ਹੋਇ ਕਪਾਸ ॥’’ (ਮ: ੧/੧੪੩)

‘‘ਦਇਆ ‘ਕਪਾਹ’, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ ॥’’ (ਮ: ੧/੪੭੧), ਆਦਿ।

(ਸ). ਸਦਣਹਾਰਾ ਸਿਮਰੀਐ; ਨਾਨਕ ! ਸੇ ‘ਦਿਹ’ (ਦਿਨ) ਆਵੰਨਿ ॥’’ (ਮ: ੧/੧੫੭)

‘ਦਿਵਸ’ ਰੈਨਿ (ਦਿਨ-ਰਾਤ) ਤੇਰੇ ਪਾਉ ਪਲੋਸਉ; ਕੇਸ ਚਵਰ ਕਰਿ (ਕੇ) ਫੇਰੀ (ਫੇਰਦਾ ਹਾਂ)॥’’ (ਭਗਤ ਕਬੀਰ/੯੬੯) ਆਦਿ, ਸ਼ਬਦਾਂ ਵਾਙ ਹੀ ਸੰਬੰਧਿਤ ਪੰਕਤੀ ’ਚ ਦਰਜ ‘ਸੈ ਕੋਸਾਂ’: ‘‘ਊਡੇ, ਊਡਿ ਆਵੈ, ‘ਸੈ ਕੋਸਾ’..॥’’ ਸ਼ਬਦ ਨੂੰ ਵੀ ‘ਸੈ ਕੋਹਾਂ’ ਕਰਕੇ ਲਿਖਿਆ ਮਿਲਦਾ ਹੈ; ਜਿਵੇਂ: ‘‘ਅਜੁ ਫਰੀਦੈ (ਨੂੰ) ਕੂਜੜਾ; ‘ਸੈ ਕੋਹਾਂ’ ਥੀਓਮਿ (ਹੋ ਗਿਆ)॥’’ (ਬਾਬਾ ਫਰੀਦ/੧੩੭੮), ਆਦਿ।)

ਤਿਨ ਕਵਣੁ ਖਲਾਵੈ ? ਕਵਣੁ ਚੁਗਾਵੈ ? ਮਨ ਮਹਿ ਸਿਮਰਨੁ ਕਰਿਆ ॥੩॥

ਉਨ੍ਹਾਂ (ਮਾਤਾ-ਪਿਤਾ ਵਿਹੂਣੇ ਬੱਚਿਆਂ) ਨੂੰ ਕੌਣ (ਭੋਜਨ ਦੀ ਗਰਾਹੀ) ਖਵਾਉਂਦਾ ਹੈ, ਕੌਣ (ਚੋਗਾ ਆਦਿ) ਚੁਗਾਉਂਦਾ ਹੈ (ਉਨ੍ਹਾਂ ਦੀ ਉਪਜੀਵਕਾ ਲਈ ਕੂੰਜ ਕੇਵਲ ਆਪਣੇ) ਮਨ ਵਿੱਚ (ਉਨ੍ਹਾਂ ਨੂੰ) ਯਾਦ ਕਰਦੀ ਹੈ (ਜਿਸ ਦੇ ਸਹਾਰੇ ਉਨ੍ਹਾਂ ਦਾ ਜੀਵਨ-ਵਿਕਾਸ, ‘ਅਕਾਲ ਪੁਰਖ’ ਨੇ ਸਾਧਨ ਬਣਾਇਆ ਹੈ ‘‘ਜੈਸੀ ਗਗਨਿ (ਵਿਚ) ਫਿਰੰਤੀ ਊਡਤੀ; ਕਪਰੇ ਬਾਗੇ ਵਾਲੀ (ਭਾਵ ਕੂੰਜ)॥ ਓਹ ਰਾਖੈ ਚੀਤੁ, ਪੀਛੈ ਬਿਚਿ ਬਚਰੇ; ਨਿਤ ਹਿਰਦੈ ਸਾਰਿ ਸਮਾਲੀ ॥’’ ਮ: ੪/੧੬੮)

ਸਭਿ ਨਿਧਾਨ, ਦਸ-ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥

(ਹੇ ਮਨ ! ) ਤਮਾਮ ਖਜ਼ਾਨੇ, ਅਠਾਰ੍ਹਾਂ ਯੋਗ-ਮਤ ਦੀਆਂ ਕਰਾਮਾਤੀ ਸ਼ਕਤੀਆਂ ਆਦਿ ‘ਅਕਾਲ ਪੁਰਖ’ ਮਾਲਕ ਦੇ ਹੱਥਾਂ ਦੀ ਹਥੇਲੀ ਉੱਤੇ ਰੱਖੀਆਂ ਹਨ (ਭਾਵ ਮਾਲਕ ਦੀ ਇੱਛਾ ਅਨੁਸਾਰ ਹੀ ਮਿਲਦੀਆਂ ਹਨ)।

(ਨੋਟ: ਯੋਗ ਮਤ ਦੀਆਂ 18 ਕਾਲਪਨਿਕ ਸ਼ਕਤੀਆਂ ਹਨ:

(1). ਅਣਿਮਾ- ਨਾ-ਮਾਤ੍ਰ (ਬਹੁਤ ਛੋਟਾ) ਸਰੀਰ ਬਣਾ ਲੈਣਾ।

(2). ਮਹਿਮਾ-ਬਹੁਤ ਵੱਡਾ ਸਰੀਰਕ ਆਕਾਰ ਬਣਾ ਲੈਣਾ।

(3). ਗਰਿਮਾ- ਬਹੁਤ ਭਾਰੀ ਹੋ ਜਾਣਾ।

(4). ਲਘਿਮਾ- ਬਹੁਤ ਹਲਕਾ ਹੋ ਜਾਣਾ।

(5). ਪ੍ਰਾਪਤਿ- ਮਨ-ਚਾਹਤ ਵਸਤੂ ਪ੍ਰਾਪਤ ਕਰ ਲੈਣੀ।

(6). ਪ੍ਰਾਕਾਮ੍ਯ- ਸਭ ਦੇ ਮਨ ਦੀ ਜਾਣ ਲੈਣਾ।

(7). ਈਸ਼ਿਤ-ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ।

(8). ਵਸ਼ਿਤਾ- ਸਭ ਨੂੰ ਕਾਬੂ ’ਚ ਕਰ ਲੈਣਾ।

(9). ਅਨੂਰਮਿ- ਭੁੱਖ-ਤ੍ਰੇਹ ਨਾ ਲੱਗਣਾ।

(10). ਦੂਰ ਸ਼੍ਰਵਣ- ਦੂਰ ਦੀਆਂ ਗੱਲਾਂ ਸੁਣ ਲੈਣੀਆਂ।

(11). ਦੂਰ ਦਰਸ਼ਨ – ਦੂਰ ਦੇ ਕੌਤਕ ਵੇਖ ਲੈਣੇ।

(12). ਮਨੋਵੇਗ- ਮਨ ਦੀ ਰਫ਼ਤਾਰ ਬਰਾਬਰ ਪਹੁੰਚ ਜਾਣਾ।

(13). ਕਾਮ ਰੂਪ- ਮਨ-ਮਰਜ਼ੀ ਅਨੁਸਾਰ ਸਰੀਰਕ ਰੂਪ ਬਣਾ ਲੈਣਾ।

(14). ਪਰ ਕਾਯ ਪ੍ਰਵੇਸ਼- ਦੂਸਰਿਆਂ ਦੇ ਸਰੀਰ ’ਚ ਚਲੇ ਜਾਣਾ।

(15). ਸ੍ਵਛੰਦ ਮ੍ਰਿਤਯੁ- ਮਨ ਮਰਜ਼ੀ ਸਮੇਂ ਮੌਤ ਲੈ ਲੈਣੀ।

(16). ਸੁਰ ਕ੍ਰੀੜਾ- ਦੇਵਤਿਆਂ ਨਾਲ਼ ਮਿਲ ਕੇ ਭੋਗ-ਬਿਲਾਸ ਕਰਨਾ (ਰੰਗ-ਰਲੀਆਂ ਮਨਾਉਣੀਆਂ)।

(17). ਸੰਕਲਪ ਸਿੱਧੀ- ਜੋ ਸੋਚਿਆ, ਉਹ ਪ੍ਰਾਪਤ ਕਰ ਲੈਣਾ।

(18). ਅਪ੍ਰਤਿਹਤ ਗਤਿ- ਕਿਸੇ ਜਗ੍ਹਾ ਵੀ ਪਹੁੰਚਣ ’ਚ ਵਿਘਨ ਨਾ ਪੈਣਾ।)

ਜਨ ਨਾਨਕ ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਨ ਪਾਰਾਵਰਿਆ ॥੪॥੫॥

ਹੇ ਨਾਨਕ ! (ਆਖ ਕਿ ਹੇ ਮਨ ! ਇਉਂ ਬੇਨਤੀ ਕਰ, ਕਿ ਹੇ ‘ਅਕਾਲ ਪੁਰਖ’ ਦਾਤਾਰ ਪਿਤਾ ! ) ਤੇਰੇ ਤਮਾਮ ਗੁਣਾਂ ਅਤੇ ਪਰਉਪਕਾਰਾਂ ਦਾ ਕੋਈ ਆਦਿ-ਅੰਤ ਨਹੀਂ, (ਮਿਹਰ ਕਰ) ਅਸੀਂ (ਜੀਵ) ਤੇਰੇ ਤੋਂ ਸਦਾ ਕੁਰਬਾਨ ਜਾਈਏ, ਵਾਰਨੇ ਜਾਈਏ।