ਰਹਿਣੀ ਰਹੈ ਸੋਈ ਸਿੱਖ ਮੇਰਾ

0
411

ਰਹਿਣੀ ਰਹੈ ਸੋਈ ਸਿੱਖ ਮੇਰਾ

ਗਿਆਨੀ ਬਲਜੀਤ ਸਿੰਘ ਜੀ

ਗੁਰਬਾਣੀ ਨੇ ਸਿੱਖ ਦੀ ਪਰਿਭਾਸ਼ਾ ਦਿੰਦਿਆਂ ਫ਼ੁਰਮਾਨ ਕੀਤਾ ਹੈ ਕਿ ‘‘ਸਿਖੀ ਸਿਖਿਆ ਗੁਰ ਵੀਚਾਰਿ (ਮਹਲਾ /੪੬੫), ਸੋ ਸਿਖੁ ਸਖਾ ਬੰਧਪੁ ਹੈ ਭਾਈ! ਜਿ ਗੁਰ ਕੇ ਭਾਣੇ ਵਿਚਿ ਆਵੈ   ਆਪਣੈ ਭਾਣੈ ਜੋ ਚਲੈ ਭਾਈ! ਵਿਛੁੜਿ ਚੋਟਾ ਖਾਵੈ (ਮਹਲਾ /੬੦੧), ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ’’ (ਮਹਲਾ /੩੦੫) ਇਸ ਤਰ੍ਹਾਂ ਗੁਰਬਾਣੀ ਤੇ ਪੁਰਾਤਨ ਰਹਿਤਨਾਮਿਆਂ ਦੀ ਰੌਸ਼ਨੀ ਵਿੱਚ ਹੀ ਸਿਖ ਰਹਿਤ ਮਰਿਆਦਾ ਨੇ ਸਿੱਖ ਦੀ ਤਾਰੀਫ਼ ਦਰਸਾਈ ਹੈ। ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।

ਉਪਰੋਕਤ ਦਰਸਾਏ ਗਏ ਸਿੱਖ ਦੀ ਜੀਵਨ ਜਾਂਚ ਦਾ ਕੇਂਦਰ ਹੈ ‘ਗੁਰਦੁਆਰਾ’। ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਅਰੰਭਿਆ, ਸਿੱਖ ਬਣਾਏ, ਸਿੱਖ ਪ੍ਰਚਾਰਕ ਥਾਪੇ, ਸੰਗਤਾਂ ਬਣਾਈਆਂ, ਸਿੱਖ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਰਾਹੀਂ ਮਨੁੱਖਤਾ ਨੂੰ ਸੇਵਾ ਸਿਮਰਨ ਰਾਹੀਂ ਮਨੁੱਖਾ ਜੀਵਨ ਨੂੰ ਸਫਲ ਕਰਨ ਦੀ ਸੋਝੀ ਪ੍ਰਾਪਤ ਹੋਈ। ਪੰਜਵੇਂ ਪਾਤਿਸ਼ਾਹ ਜੀ ਇਸ ਗੁਰਦੁਆਰੇ ਤੇ ਸੰਗਤ ਨੂੰ ਧਰਮਸ਼ਾਲ ਕਰਕੇ ਸੰਬੋਧਨ ਕਰਦੇ ਹੋਏ ਇਨ੍ਹਾਂ ਦੇ ਸਥਾਪਿਤ ਕਰਨ ਦਾ ਰਾਜ਼ ਵੀ ਖੋਲਦੇ ਹਨ ‘‘ਮੈ ਬਧੀ ਸਚੁ ਧਰਮਸਾਲ ਹੈ   ਗੁਰਸਿਖਾ ਲਹਦਾ ਭਾਲਿ ਕੈ   ਪੈਰ ਧੋਵਾ ਪਖਾ ਫੇਰਦਾ; ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ’’ (ਮਹਲਾ /੭੩) ਇਸੇ ਤਰ੍ਹਾਂ ਪੰਥਕ ਵਿਦਵਾਨਾਂ ਨੇ ਗੁਰਦੁਆਰੇ ਦੇ ਮਨੋਰਥ ਨੂੰ ਪ੍ਰਗਟ ਕੀਤਾ ਹੈ ਕਿ ‘ਜਿਸ ਥਾਂ ਸਤਿਗੁਰਾਂ ਦੇ ਦਸ ਸਰੂਪਾਂ ਵਿੱਚੋਂ ਕਿਸੇ ਦੇ ਚਰਨ ਪਏ ਅਤੇ ਇਤਿਹਾਸਿਕ ਘਟਨਾ ਹੋਈ ਹੈ ਅਥਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸਰਾਮ, ਲੰਗਰ, ਵਿਦਿਆ, ਕੀਰਤਨ ਆਦਿ ਦਾ ਗੁਰ ਮਰਿਆਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਗੁਰਦੁਆਰਾ ਸੰਗਯਾ ਹੈ।’

ਗੁਰਦੁਆਰੇ ਦਾ ਨਮੂਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਬਣਾ ਕੇ ਦੱਸ ਦਿੱਤਾ ਹੈ ਅਤੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪ ਕੇ ਪ੍ਰਬੰਧਕਾਂ ਲਈ ਪੂਰਨੇ ਪਾ ਦਿੱਤੇ ਹਨ। (ਗੁਰਮਤਿ ਮਾਰਤੰਡ ਪੰਨਾ 380), ਪਰ ਸਿੱਖਾਂ ’ਤੇ ਅਜਿਹੇ ਭਿਆਨਕ ਦੌਰ ਆਏ ਕਿ ‘ਘਰ ਤੇ ਕਢੇ ਸੋ ਵਣ ਲੁਕਹਿ, ਵਣ ਤਜਿ ਨੀਰ ਲੁਕਾਹਿ; ਨੀਰ ਲੁਕੈਂ ਸੋ ਨਹਿ ਬਚੈਂ, ਕਹਹੁ ਸਿੰਘ ਕਤ ਜਾਹਿ।’ (ਪੰਥ ਪ੍ਰਕਾਸ਼) ਅਜਿਹੀਆਂ ਜੁਲਮੀ ਹਨ੍ਹੇਰੀਆਂ ਵਿੱਚ ਫਿਰ ਇੱਕ ਹੀ ਚਾਰਾ ਸੀ ਕਿ ‘ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ’ ਕਰਨ ਸਮੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਦਾਸੀਆਂ ਨਿਰਮਲਿਆਂ ਰਾਹੀਂ ਹੀ ਹੁੰਦੀ ਰਹੀ। ਫਿਰ ਮਹੰਤਾਂ ਦੇ ਚੁੰਗਲ ਵਿੱਚ ਆਣ ਕਾਰਨ ਗੁਰਦੁਆਰਿਆਂ ਨੂੰ ਉਨ੍ਹਾਂ ਦੀ ਨਿੱਜੀ ਜਾਇਦਾਦ ਦਾ ਹੀ ਰੂਪ ਦੇ ਦਿੱਤਾ ਗਿਆ। ਫਿਰ ਇਨ੍ਹਾਂ ਧਾਰਮਿਕ ਸਥਾਨਾਂ ਤੋਂ ‘‘ਜਿਥੈ ਏਕੋ ਨਾਮੁ ਵਖਾਣੀਐ ’’ (ਮਹਲਾ /੭੨) ਦੀ ਪਰੰਪਰਾ ਸਮਾਪਤ ਹੋ ਕੇ ਮਾਇਆ ਦਾ ਪਸਾਰਾ ਪਸਰ ਗਿਆ। ਜੋ ਇਨ੍ਹਾਂ ਸਿੱਖੀ ਕੇਂਦਰਾਂ ਦਾ ਪ੍ਰਭਾਵ ਬਣਿਆ ਉਸ ਦੀ ਵਿਆਖਿਆ ਭਾਈ ਗੁਰਦਾਸ ਜੀ ਦੇ ਇਨ੍ਹਾਂ ਬਚਨਾਂ ਨਾਲ ਕੀਤੀ ‘‘ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ; ਨਾਉ ਮੈ ਜਉ ਅਗਨਿ ਲਾਗੈ, ਕੈਸੇ ਕੈ ਬੁਝਾਈਐ ? ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ; ਗੜ ਮੈ ਜਉ ਲੂਟਿ ਲੀਜੈ, ਕਹੋ ਕਤ ਜਾਈਐ ? ਚੋਰਨ ਕੈ ਤ੍ਰਾਸ, ਜਾਇ ਸਰਨਿ ਗਹੈ ਨਰਿੰਦ; ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ ? ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ; ਤਹਾ ਜਉ ਮਾਇਆ ਬਿਆਪੈ, ਕਹਾ ਠਹਰਾਈਐ  ?੫੪੪ (ਭਾਈ ਗੁਰਦਾਸ ਜੀ/ਕਬਿੱਤ ੫੪੪) ਅਜਿਹੀ ਭਿਆਨਕ ਸਥਿਤੀ ਦਾ ਸਮਾਂ ਇੱਕ ਦੋ ਦਿਨ ਦਾ ਨਹੀਂ ਸਗੋਂ ਲਗਭਗ 200 ਸਾਲ ਤੱਕ ਜਾਰੀ ਰਿਹਾ। ਇਸ ਸਮੇਂ ਨੂੰ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ।

ਪਹਿਲਾ ਸਮਾਂ 50-55 ਸਾਲ ਦਾ ਉਹ ਸਮਾਂ ਸੀ ਜਦੋਂ ਮੁਗਲ ਹਕੂਮਤ ਸਿੱਖਾਂ ਦਾ ਖੁਰਾ ਖੋਜ ਮਿਟਾ ਰਹੀ ਸੀ ਅਤੇ ਅਹਿਮਦ ਸ਼ਾਹ ਅਬਦਾਲੀ ਜੋ ਭਾਵੇਂ ਮੁਗਲਾਂ ਦਾ ਸਫਾਇਆ ਵੀ ਕਰ ਰਿਹਾ ਸੀ, ਨੂੰ ਸਿੱਖਾਂ ਨੂੰ ਸਮਾਪਤ ਕਰਨ ਲਈ ਸਿੱਖਾਂ ਬਾਰੇ ਹਕੂਮਤ ਤਤਪਰ ਕਰ ਰਹੀ ਸੀ ਕਿ ਸਿੱਖਾਂ ਦੀ ਜ਼ਿੰਦਗੀ ਅਤੇ ਇਹਨਾਂ ਦੀ ਬਹਾਦਰੀ ਦਾ ਭੇਦ ਗੁਰਦੁਆਰਾ ਹਰਿਮੰਦਰ ਸਾਹਿਬ ਹੈ, ਅੰਮ੍ਰਿਤ ਸਰੋਵਰ ਅਤੇ ਅਕਾਲ ਤਖ਼ਤ ਹਨ, ਜੋ ਸਿੱਖਾਂ ਲਈ ਆਬਿ ਹਯਾਤ ਹੈ। ਅਤਿ ਜ਼ਖਮੀ ਹੋਇਆ ਤੇ ਮਰ ਰਿਹਾ ਸਿੱਖ ਵੀ ਇਸ ਦੇ ਦਰਸ਼ਨ ਇਸ਼ਨਾਨ ਕਰ ਵੱਡੇ-ਵੱਡੇ ਖਬੀ ਖਾਨਾ ਨਾਲ ਲੋਹਾ ਲੈਣ ਲਈ ਤਿਆਰ ਹੋ ਜਾਂਦਾ ਹੈ, ਇਸ ਕਰਕੇ ਅਬਦਾਲੀ ਨੇ ਹਰਿਮੰਦਰ ਸਾਹਿਬ ਢਹਿ ਢੇਰੀ ਕਰ ਦਿੱਤਾ। ਇਸ ਸਮੇਂ ਗੁਰਦੁਆਰਿਆਂ ਨਾਲ ਸਿੱਖਾਂ ਦਾ ਸੰਬੰਧ ਕੇਵਲ ਇਨ੍ਹਾਂ ਕੁ ਰਹਿ ਗਿਆ ਕਿ ਚੋਰੀ ਛਿਪੇ ਆਣ ਕੇ ਦਰਸ਼ਨ ਕਰ ਜਾਣ। ਪੂਜਾ ਪਾਠ ਬਾਰੇ ਨਾ ਉਨ੍ਹਾਂ ਨੂੰ ਕੁਝ ਪਤਾ ਸੀ ਅਤੇ ਨਾ ਹੀ ਉਹ ਅਜਿਹਾ ਕੁਝ ਕਰ ਸਕਦੇ ਸਨ। ਪੂਜਾ ਪਾਠ ਦੀ ਜ਼ਿੰਮੇਵਾਰੀ ਕੇਵਲ ਸੰਪਰਦਾਈ ਨਿਰਮਲੇ ਸਾਧੂਆਂ ਵਸ ਪੈ ਗਈ।

ਗੁਰਦੁਆਰਿਆਂ ਦੀ ਸੰਭਾਲ ਦਾ ਦੂਜਾ ਸਮਾਂ 80-85 ਸਾਲ ਦਾ ਉਹ ਸਮਾਂ ਹੈ ਜਦੋਂ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੇ ਉਸ ਤੋਂ ਪਿੱਛੋਂ ਸਿੱਖ ਰਾਜ ਦਾ ਸਮਾਂ ਕਿਹਾ ਜਾ ਸਕਦਾ ਹੈ। ਸਿੱਖ ਰਾਜ ਨੇ ਭਾਵੇਂ ਲੰਗਰਾਂ ਤੇ ਗੁਰਦੁਆਰਿਆਂ ਦੀ ਆਰਥਿਕ ਸਹਾਇਤਾ ਲਈ ਜਗੀਰਾਂ ਲਗਾ ਮਾਲੀ ਦਸ਼ਾ ਬਹੁਤ ਚੰਗੀ ਬਣਾ ਦਿੱਤੀ, ਪਰ ਇਹਨਾਂ ਦਾ ਅੰਦਰੂਨੀ ਪ੍ਰਬੰਧ ਤੇ ਪੂਜਾ ਪਾਠ ਪਹਿਲਾਂ ਵਾਂਗ ਹੀ ਸੰਪਰਦਾਈ ਪ੍ਰਭਾਵ ਥੱਲੇ ਚੱਲਦਾ ਰਿਹਾ।

ਗੁਰਦੁਆਰਿਆਂ ਦਾ ਤੀਜਾ ਕਾਂਡ ਸੰਨ 1849 ਈ: ਤੋਂ ਪੰਜਾਬ ਅੰਦਰ ਅੰਗਰੇਜ਼ ਹਕੂਮਤ ਆ ਜਾਣ ਨਾਲ ਆਰੰਭ ਹੁੰਦਾ ਹੈ। ਇਸ ਦਾ ਸਮਾਂ 70 ਸਾਲ ਦਾ ਮਿਥਿਆ ਜਾ ਸਕਦਾ ਹੈ। ਅੰਗਰੇਜ਼ਾਂ ਨੇ ਪੰਜਾਬ ਦਾ ਰਾਜ ਸੰਭਾਲਣ ਦੇ ਨਾਲ ਹੀ ਸਮਝ ਲਿਆ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਮੁਖੀ ਗੁਰਦੁਆਰਿਆਂ ਦੀ ਹੋਂਦ ਅਤੇ ਸਿੱਖਾਂ ਦਾ ਸਮੁੱਚੇ ਤੌਰ ’ਤੇ ਇਨ੍ਹਾਂ ਡੂੰਗੇ ਸਤਿਕਾਰ ਨਾਲ ਜੁੜੇ ਰਹਿਣਾ ਸਿੱਖਾਂ ਦੀ ਚੜ੍ਹਦੀ ਕਲਾ ਦਾ ਕਾਰਨ ਹਨ। ਬ੍ਰਿਟਿਸ਼ ਪਾਰਲੀਮੈਂਟ ਲੰਦਨ ਵਿੱਚ ਇਕ ਸਵਾਲ ਦੇ ਉੱਤਰ ਵਿੱਚ Secret of state for India ਵੱਲੋਂ ਦੱਸਿਆ ਗਿਆ ਕਿ ਹਕੂਮਤ ਨੂੰ ਜੋ ਖ਼ਤਰਾ ਹੋ ਸਕਦਾ ਹੈ ਤਾਂ ਉਹ ਕੇਵਲ ਸਿੱਖਾਂ ਪਾਸੋਂ ਹੈ ਕਿਉਂਕਿ ਉਹਨਾਂ ਨੂੰ ਆਪਸ ਵਿੱਚ ਸੰਗਠਿਤ ਕਰੀ ਰੱਖਣ ਵਿੱਚ, ਉਹਨਾਂ ਦੀ ਜ਼ਿੰਦਾ ਦਿਲੀ ਅਤੇ ਚੜ੍ਹਦੀ ਕਲਾ ਦੇ ਕੁਝ ਅਜਿਹੇ ਸਾਧਨ ਉਹਨਾਂ ਪਾਸ ਹਨ, ਜਿਨ੍ਹਾਂ ਨੂੰ ਖ਼ਤਮ ਕਰਨ ਲਈ ਸਮਾਂ ਚਾਹੀਦਾ ਹੈ। ਇਹ ਵੀ ਕਿਹਾ ਗਿਆ ਕਿ ਸਿੱਖਾਂ ਦੇ ਗੁਰਦੁਆਰੇ ਇਕ ਤਰ੍ਹਾਂ ਦੀ State with in state ਹਨ। ਗੁਰਦੁਆਰੇ ’ਤੇ ਭਰੋਸਾ ਸਿੱਖਾਂ ਅੰਦਰ ਕਦੇ ਵੀ ਜਾਗ੍ਰਤੀ ਪੈਦਾ ਕਰ ਸਕਦਾ ਹੈ। ਉਨ੍ਹਾਂ ਨੂੰ ਜਥੇਬੰਦ ਕਰਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਅੰਗਰੇਜ਼ੀ ਹਕੂਮਤ ਵੱਲੋਂ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਕਰੜੀ ਨਿਗਾਹ ਰੱਖੀ ਜਾਣ ਲੱਗੀ। ਪੁਜਾਰੀਆਂ ਅਤੇ ਮਹੰਤਾਂ ਨੂੰ ਸਰਕਾਰ ਦੇ ਹੱਥ ਠੋਕੇ ਬਣਾਉਣ ਦਾ ਉਪਰਾਲਾ ਕੀਤਾ ਗਿਆ, ਜਿਸ ਵਿੱਚ ਅੰਗਰੇਜ਼ੀ ਹਕੂਮਤ ਕਾਮਯਾਬ ਹੋਈ। ਇਸ ਤਰ੍ਹਾਂ ਗੁਰਦੁਆਰੇ ਜਿੱਥੋਂ ‘‘ਗੁਰੂ ਦੁਆਰੈ ਹੋਇ ਸੋਝੀ ਪਾਇਸੀ   ਏਤੁ ਦੁਆਰੈ ਧੋਇ ਹਛਾ ਹੋਇਸੀ   ਮੈਲੇ ਹਛੇ ਕਾ ਵੀਚਾਰੁ; ਆਪਿ ਵਰਤਾਇਸੀ   ਮਤੁ ਕੋ ਜਾਣੈ ਜਾਇ; ਅਗੈ ਪਾਇਸੀ   ਜੇਹੇ ਕਰਮ ਕਮਾਇ; ਤੇਹਾ ਹੋਇਸੀ ’’ (ਮਹਲਾ /੭੩੦) ਦੀ ਥਾਂ ਬ੍ਰਾਹਮਣੀ ਕਰਮਕਾਂਡਾਂ ਦਾ ਬੋਲਬਾਲਾ ਹੋ ਗਿਆ, ਜਿਸ ਕਾਰਨ ਗੁਰਦੁਆਰਾ ਤਰਨਤਾਰਨ, ਗੁਰੂ ਕੇ ਬਾਗ, ਜੈਤੋਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ ਅਤੇ ਪੰਜਾ ਸਾਹਿਬ ਦਾ ਸਾਕਾ ਆਦਿ ਖ਼ੂਨੀ ਪਤਰਿਆਂ ’ਤੇ ਲਿਖਿਆ ਜਾਣ ਵਾਲਾ ਇਤਿਹਾਸਕ ਕਾਂਡ ਵਾਪਰਿਆ। ਇਨ੍ਹਾਂ ਸਾਰੇ ਕਾਂਡਾਂ ਦਾ ਮੁੱਖ ਉਦੇਸ਼ ਗੁਰਦੁਆਰਿਆਂ ਦੀ ਅਜ਼ਾਦੀ ਤੇ ਗੁਰਮਤਿ ਸਿਧਾਂਤ ਦੀ ਨਿਰੋਲਤਾ ਤੇ ਨਿਰਮਲਤਾ ਨੂੰ ਬਣਾਈ ਰੱਖਣ ਵਾਲੀ ਸਿੱਖ ਰਹਿਤ ਮਰਯਾਦਾ ਪਰਗਟ ਕਰਨਾ ਸੀ। ਇਸ ਨੂੰ ਅਸੀਂ ਗੁਰਦੁਆਰਾ ਸੁਧਾਰ ਲਹਿਰ ਕਹਿੰਦੇ ਹਾਂ। ਇਸ ਸੁਧਾਰ ਲਹਿਰ ਵਿੱਚ ਸਬਰ, ਸੰਤੋਖ ਨਾਲ ਸਿੰਘਾਂ ਨੇ ਜੋ ਸ਼ਹੀਦੀਆਂ ਦਿੱਤੀਆਂ ਤੇ ਕਰ ਵਿਖਾਇਆ ਇਸ ਤੋਂ ਪ੍ਰਭਾਵਤ ਹੋ ਕੇ ਉਸ ਸਮੇਂ ਦੇ ਮੁਸਲਮ ਅਖਬਾਰ ‘ਸਿਆਸਤ’ ਦੇ ਅਡੀਟਰ ਸੱਯਦ ਹਬੀਬ ਨੇ ਆਪਣੇ ਇੱਕ ਪਰਚੇ ਵਿੱਚ ਪ੍ਰਕਾਸ਼ਤ ਕੀਤਾ ਕਿ ‘ਬਹਾਦਰੀ ਮੇਂ ਵਹੁ ਯਕਤਾ ਹੈਂ ਲੇਕਿਨ, ਨਹੀਂ ਹੈਂ ਕੁਵੱਤੇ ਬਰਦਾਸ਼ਤ ਮੇ ਭੀ ਖਾਲੀ ਸਿੱਖ।’

ਇਸ ਤਰ੍ਹਾਂ ਪੰਥ ਦਰਦੀ ਸੁਧਾਰਕਾਂ ਨੇ ਸਲਾਹ ਕੀਤੀ ਕਿ ਪੰਥ ਦੇ ਚੋਣਵੇਂ ਸੱਜਣਾਂ ਦਾ ਇਕੱਠ ਬੁਲਾ ਕੇ ਸਾਰੇ ਪੰਥ ਦੀ ਪ੍ਰਤੀਨਿਧ ਤੇ ਸਾਂਝੀ ਕਮੇਟੀ ਬਣਾਈ ਜਾਵੇ, ਜੋ ਗੁਰਦੁਆਰਿਆਂ ਦਾ ਪ੍ਰਬੰਧ ਤੇ ਸੁਧਾਰ ਕਰੇ।  ਇਸ ਤਰ੍ਹਾਂ ਫ਼ੈਸਲਾ ਹੋਇਆ ਕਿ ਸਾਰੇ ਗੁਰਦੁਆਰਿਆਂ ਦੇ ਪ੍ਰਬੰਧ ਲਈ 175 ਸਿੰਘਾਂ ਦੀ ਕਮੇਟੀ ਬਣਾਈ ਜਾਵੇ, ਜਿਸ ਦਾ ਨਾਮ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਹੋਵੇ। ਸਰਕਾਰ ਵੱਲੋਂ ਨਿਯਤ ਕੀਤੇ 36 ਮੈਂਬਰ ਵੀ ਇਸ ਵਿੱਚ ਸ਼ਾਮਲ ਕਰ ਲਏ ਗਏ। ਨਿਯਮਾਵਲੀ ਦਾ ਖਰੜਾ ਤਿਆਰ ਕਰਨ ਲਈ ਇੱਕ ਸਬ ਕਮੇਟੀ ਬਣਾਈ ਗਈ ਤੇ 30 ਅਪ੍ਰੈਲ 1921 ਨੂੰ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰਜਿਸਟਰਡ ਕਰਵਾਈ ਗਈ।

ਗੁਰਦੁਆਰਿਆਂ ਵਿੱਚ ਰਹਿਤ ਮਰਯਾਦਾ ਨਿਯਤ ਕਰਨ ਲਈ ਕਮੇਟੀ ਰਾਹੀਂ ਸਰਬ ਸੰਮਤੀ ਨਾਲ ਮਤਾ ਪਾਸ ਹੋਇਆ ਕਿ ਕਈਆਂ ਕਾਰਨਾਂ ਕਰਕੇ ਸਿੱਖ ਰਹਿਤ ਮਰਯਾਦਾ ਸੰਬੰਧੀ ਮਤ ਭੇਦ ਪੈਦਾ ਹੋ ਗਏ ਹਨ ਤੇ ਹੋ ਰਹੇ ਹਨ ਇਹ ਲਈ ਵਿਦਵਾਨਾਂ ਦੀ ਇੱਕ ਸਬ ਕਮੇਟੀ ਬਣਾਈ ਗਈ, ਜੋ ਰਹਿਤ ਨਾਮਿਆਂ ਤੋਂ ਤੇ ਹੋਰ ਗੁਰਮਤਿ ਗ੍ਰੰਥਾਂ ਤੇ ਮੁਖੀਆਂ ਦੀ ਰਾਇ ਨਾਲ ਗੁਰਮਤਿ ਦੀ ਰਹੁ ਰੀਤ ਦਾ ਖਰੜਾ ਤਿਆਰ ਕਰਕੇ ਛੇਤੀ ਹੀ ਸ਼੍ਰੋਮਣੀ ਕਮੇਟੀ ਵਿੱਚ ਵਿਚਾਰ ਕਰਨ ਲਈ ਪੇਸ਼ ਕਰੇ।  (ਮਿਤੀ 15/03/1927)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਰਨਲ ਸਮਾਗਮ ਰਾਹੀਂ ਅੰਤ੍ਰਿਵ ਕਮੇਟੀ ਨੂੰ ਆਗਿਆ ਕਰਦੀ ਹੈ ਕਿ ਹੋਰ ਜਨਰਲ ਮੈਂਬਰਾਂ ਤੇ ਪੰਥਕ ਮੁਖੀਆਂ ਦੀ ਯੋਗ ਸਲਾਹ ਲੈ ਕੇ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਇੱਕ ਤਕੜੀ ਧਰਮ ਪ੍ਰਚਾਰ ਕਮੇਟੀ ਬਣਾਏ, ਜੋ ਕਿ ਪੂਰੇ ਜ਼ੋਰ ਨਾਲ ਸਿੱਖ ਧਰਮ ਦਾ ਪ੍ਰਚਾਰ ਕਰੇ।  (ਮਿਤੀ 28/02/1931)

ਇਸ ਤਰ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹੁ ਰੀਤ ਸਬ ਕਮੇਟੀ ਖਰੜੇ ਦੀ ਪ੍ਰਵਾਨਗੀ; ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਮਤਾ ਨੰਬਰ 1/1-8-1936 ਰਾਹੀਂ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਨੰਬਰ 14/12-10-1936 ਦੁਆਰਾ ਦਿੱਤੀ ਅਤੇ ਮੁੜ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹਕਾਰ ਕਮੇਟੀ ਨੇ ਆਪਣੀ ਇਕੱਤਰਤਾ 7-01-1945 ਵਿਖੇ ਇਸ ਨੂੰ ਵਿਚਾਰ ਕੇ ਕੁਝ ਵਾਧੇ ਘਾਟੇ ਕਰਨ ਲਈ ਸਿਫ਼ਾਰਸ਼ ਕੀਤੀ। ਇਸ ਤਰ੍ਹਾਂ ਲਗਾਤਾਰ 19 ਸਾਲ ਲਗਾ ਕੇ ਮੁੜ ਮੁੜ ਵਿਚਾਰ ਕੇ ਸਿੱਖ ਰਹਿਤ ਮਰਯਾਦਾ ਦਾ ਇਹ ਸਰੂਪ ਹੋਂਦ ਵਿੱਚ ਆਇਆ, ਜੋ ਸਕੱਤਰ ਧਰਮ ਪ੍ਰਚਾਰ ਕਮੇਟੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਪ੍ਰਕਾਸ਼ਤ ਕੀਤਾ ਗਿਆ ਹੈ।

ਸਿੱਖ ਰਹਿਤ ਮਰਯਾਦਾ ਦੀ ਮਹੱਤਤਾ :- ਕਰਤਾ ਪੁਰਖ ਨੇ ਸਾਰਾ ਬ੍ਰਹਮੰਡ ਹੀ ਮਿਤ ਤੇ ਮਰਯਾਦਾ ਵਿੱਚ ਬੰਨ੍ਹਿਆ ਹੈ। ਇਹ ਧਰਮ ਖੰਡ ਹੈ ਹੀ ਸਾਰਾ ਨਿਯਮਾਂ ਵਿੱਚ, ਇੱਥੋਂ ਦੀਆਂ ਰਾਤਾਂ, ਰੁਤਾਂ, ਥਿਤਾਂ, ਵਾਰ ਸਭ ਨਿਯਮ ਅਧੀਨ ਹੀ ਚੱਲ ਰਹੇ ਹਨ ‘‘ਸਗਲਿਆ ਭਉ ਲਿਖਿਆ ਸਿਰਿ ਲੇਖੁ   ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ’’ (ਆਸਾ ਕੀ ਵਾਰ/ਮਹਲਾ /੪੬੪)

ਉਸ ਕਰਤੇ ਨੇ ਕਿਵੇਂ ‘‘ਪਉਣੁ ਉਪਾਇ ਧਰੀ ਸਭ ਧਰਤੀ; ਜਲ ਅਗਨੀ ਕਾ ਬੰਧੁ ਕੀਆ ’’ (ਮਹਲਾ /੩੫੦) ਅਨੁਸਾਰ ਵਿਰੋਧੀ ਤੱਤਾਂ ਨੂੰ ਸੰਜਮ ਵਿੱਚ ਕੀਤਾ ਹੋਇਆ ਹੈ। ਨਿਯਮੋਂ ਉਖੜਨਾ ਚਾਲੋਂ ਬੇਚਾਲ ਹੋਣਾ ਹੈ। ਮਰਯਾਦਾ ਵਿੱਚ ਰਹਿਣਾ ਹੀ ਕਲਾ ਦੀ ਦੁਨੀਆ ਦਾ ਭੇਦ ਹੈ। ਘੜੀ ਤੋਂ ਲੈ ਕੇ ਵੱਡੇ-ਵੱਡੇ ਸਟੀਮ ਇੰਜਨਾਂ ਤੱਕ, ਸਾਈਕਲ ਤੋਂ ਹਵਾਈ ਜਹਾਜ਼ ਤੱਕ, ਇਲੈਕਟਰੋਨਿਕ ਸਾਧਨ ਸਭ ਮਰਯਾਦਾ ਅਧੀਨ ਹੀ ਕੰਮ ਕਰਦੇ ਹਨ। ਇਹ ਬੇ ਮਰਯਾਦਾ ਹੋਏ ਨਹੀਂ ਕਿ ਕਬਾੜੀਏ ਦੀ ਦੁਕਾਨ ’ਤੇ ਪੁੱਜੇ ਨਹੀਂ। ਇਸ ਲਈ ਭਾਈ ਗੁਰਦਾਸ ਜੀ ਨੇ ਮਰਯਾਦਾ ਵਿੱਚ ਹੋਇਆ ਜੀਵਨ ਹੀ ਸੁਰੱਖਿਅਤ ਸਮਝਿਆ ਹੈ ਤੇ ਸੰਸਾਰ ਸਾਮ੍ਹਣੇ ਇਸ ਸਿਧਾਂਤ ਨੂੰ ਇੰਜ ਪ੍ਰਗਟਾਇਆ ਹੈ:- ‘‘ਖੁਲੇ ਸੇ ਬੰਧਨ ਬਿਖੈ ਭਲੋ ਹੀ ਸੀਚਾਨੋ ਜਾਤੇ; ਜੀਵ ਘਾਤ ਕਰੈ ਬਿਕਾਰੁ ਹੋਇ ਆਵਈ ਖੁਲੇ ਸੇ ਬੰਧਨ ਬਿਖੈ ਚਕਈ ਭਲੀ ਜਾਤੇ; ਰਾਮ ਰੇਖ ਮੇਟਿ ਨਿਸਿ ਪ੍ਰਿਅ ਸੰਗੁ ਪਾਵਈ ਖੁਲੇ ਸੇ ਬੰਧਨ ਬਿਖੈ ਭਲੋ ਹੈ ਸੂਆ ਪ੍ਰਸਿਧ; ਸੁਨਿ ਉਪਦੇਸੁ ਰਾਮ ਨਾਮ ਲਿਵ ਲਾਵਈ ਮੋਖ ਪਦਵੀ ਸੈ ਤੈਸੇ ਮਾਨਸ ਜਨਮ ਭਲੋ; ਗੁਰਮੁਖਿ ਹੋਇ ਸਾਧਸੰਗਿ ਪ੍ਰਭ ਧਿਆਵਈ ੧੫੪ (ਭਾਈ ਗੁਰਦਾਸ ਜੀ/ਕਬਿੱਤ ੧੫੪)

ਗੁਰੂ ਸਾਹਿਬਾਨ ਨੇ ਖਾਲਸੇ ਨੂੰ ਬਹੁਤ ਉਚੇਰਾ ਜੀਵਨ ਦਿੱਤਾ ਹੈ। ਉਚੇਰਾ ਹੀ ਨਹੀਂ ਸਗੋਂ ਮੁਕੰਮਲ ਜੀਵਨ ਦੀ ਬਖਸ਼ਿਸ਼ ਕੀਤੀ ਹੈ। ਹੁਣ ਜੀਵਨ ਦੀ ਉਚਤਾ ਨੂੰ ਬਰਕਰਾਰ ਰੱਖਣ ਲਈ ਮਰਯਾਦਾ ਦਾ ਧਾਰਨੀ ਹੋਣਾ ਜਰੂਰੀ ਹੋ ਜਾਂਦਾ ਹੈ ਕਿਉਂਕਿ ਪੰਜ ਮਹਾਂਬਲੀ ਵਿਕਾਰਾਂ ਨੇ ਚੌਹਾਂ ਵਰਨਾਂ, ਛੇ ਦਰਸ਼ਨਾਂ ਦੇ ਸਾਧੂਆਂ ਤੱਕ ਨੂੰ ਦਲ ਸੁੱਟਿਆ ਹੈ। ਫ਼ੁਰਮਾਨ ਹੈ ‘‘ਚਾਰਿ ਬਰਨ ਚਉਹਾ ਕੇ ਮਰਦਨ; ਖਟੁ ਦਰਸਨ ਕਰ ਤਲੀ ਰੇ   ਸੁੰਦਰ ਸੁਘਰ ਸਰੂਪ ਸਿਆਨੇ; ਪੰਚਹੁ ਹੀ ਮੋਹਿ ਛਲੀ ਰੇ ’’ (ਮਹਲਾ /੪੦੪), ਪਰ ਖਾਲਸੇ ਨੂੰ ਤਾਂ ਅਮਰ ਜੀਵਨ ਬਖਸ਼ਿਸ਼ ਕੀਤਾ ਗਿਆ ਹੈ ਉਸ ਦਾ ਕਰਤੱਵ ਹੈ ਕਿ ਉਹ ਅਮਰ ਜੀਵਨ ਨੂੰ ਕਾਇਮ ਰੱਖੇ। ਰਹਿਤ ਦੇ ਅੱਖਰੀ ਅਰਥ ਹਨ ‘ਰਹਿਣ ਦਾ ਤਰੀਕਾ’। ਹਰ ਜੀਵਨ; ਰਹਿਤ ਦੇ ਸਹਾਰੇ ਹੀ ਕਾਇਮ ਰਹਿ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਅਹਿਮ ਨੁਕਤੇ ਤੇ ਆਟਾ ਪੀਸਣ ਵਾਲੀ ਚੱਕੀ ਦੀ ਸੌਖੀ ਉਦਾਹਰਣ ਦੇ ਕੇ ਸਮਝਾਉਣ ਦਾ ਉਪਕਾਰ ਕੀਤਾ ਹੈ ਕਿ ਸਾਰੇ ਦਾਣੇ ਪਿਸ ਕੇ ਆਟਾ ਬਣ ਜਾਂਦੇ ਹਨ, ਪਰ ਜੋ ਦਾਣੇ ਕਿੱਲੀ ਦੇ ਆਸ ਪਾਸ ਲੱਗ ਜਾਂਦੇ ਹਨ ਉਨ੍ਹਾਂ ਨੂੰ ਆਂਚ ਨਹੀਂ ਆਉਂਦੀ।  ਫ਼ੁਰਮਾਨ ਹੈ ‘‘ਦੁਇ ਪੁੜ ਚਕੀ ਜੋੜਿ ਕੈ; ਪੀਸਣ ਆਇ ਬਹਿਠੁ   ਜੋ ਦਰਿ ਰਹੇ ਸੁ ਉਬਰੇ; ਨਾਨਕ ! ਅਜਬੁ ਡਿਠੁ ’’ (ਮਹਲਾ /੧੪੨)

ਇਤਿਹਾਸ ਗਵਾਹ ਹੈ ਕਿ ਅਰਬੀ ਲੋਕਾਂ ਦੀ ਹਾਲਤ ਕਿੰਨੀ ਨਿਘਰ ਚੁੱਕੀ ਸੀ, ਪਰ ਜਦੋਂ ਮੁਹੰਮਦ ਸਾਹਿਬ ਨੇ ਇੱਕ ਅੱਲਾ ਤੇ ਇੱਕ ਸ਼ਰਾ ’ਤੇ ਕੇਂਦਰਿਤ ਕੀਤਾ ਤਾਂ ਉਹ ਸੰਸਾਰ ਪੱਧਰ ’ਤੇ ਛਾ ਗਏ। ਸਾਨੂੰ ਵੀ ਇਹ ਸਿਧਾਂਤ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਖਾਲਸੇ ਦੀ ਅਦੁੱਤੀ ਸ਼ਕਤੀ ਪਿੱਛੇ ਰਹਿਤ ਦੀ ਕਮਾਈ ਹੀ ਕੰਮ ਕਰਦੀ ਰਹੀ ਹੈ ਤੇ ਕਰ ਰਹੀ ਹੈ। ਸਿੱਖ ਰਹਿਤ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ ਜੀ ਜਾਂ ਪੁਰਾਤਨ ਰਹਿਤ ਨਾਮਿਆਂ ਵਿੱਚ ਬੜੇ ਵਿਸਥਾਰ ਨਾਲ ਅੰਕਿਤ ਹੈ। ਹੁਣ ਜੋ ਪੰਥ ਪਰਵਾਨਿਤ ਰਹਿਤ ਮਰਯਾਦਾ ਹੈ ਇਹ ਉਪਰੋਕਤ ਦਰਸਾਏ ਗ੍ਰੰਥਾਂ ’ਤੇ ਹੀ ਅਧਾਰਿਤ ਹੈ। ਸਿੱਖਾਂ ਨੂੰ ਬਿਨਾਂ ਕਿਸੇ ਹੀਲ ਹੁੱਜਤ ਦੇ ਇਸ ਅਨੁਸਾਰ ਜੀਵਨ ਜੀਉਣਾ ਚਾਹੀਦਾ ਹੈ। ਰਹਿਤ ਮਰਯਾਦਾ ਕੀ ਹੈ  ? ਇਸ ਦਾ ਉੱਤਰ ਹੈ ਮਨਮਤਿ ਦਾ ਤਿਆਗ ਤੇ ਗੁਰਮਤਿ ਦਾ ਧਾਰਨੀ ਹੋਣਾ। ਫ਼ੁਰਮਾਨ ਹੈ ‘‘ਮਨ ਕੀ ਮਤਿ ਤਿਆਗਹੁ ਹਰਿ ਜਨਹੁਕਮੁ ਬੂਝਿ ਸੁਖੁ ਪਾਈਐ ਰੇ (ਮਹਲਾ /੨੦੯), ਇਤੁ ਮਾਰਗਿ ਚਲੇ ਭਾਈਅੜੇ; ਗੁਰੁ ਕਹੈ ਸੁ ਕਾਰ ਕਮਾਇ ਜੀਉ ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ       ਇਉ ਪਾਵਹਿ ਹਰਿ ਦਰਸਾਵੜਾ; ਨਹ ਲਗੈ ਤਤੀ ਵਾਉ ਜੀਉ ’’ (ਸੁਚਜੀ/ਮਹਲਾ /੭੬੩)

ਗੁਰਮੁਖ ਜੀਵਨ ਇੱਕ ਖ਼ਾਸ ਢਾਂਚੇ ਵਿੱਚ ਢਾਲਿਆ ਗਿਆ ਹੈ। ਸਿਖ ਕੀ ਹੈ, ਉਸ ਨੇ ਕਿਵੇਂ ਜੀਵਨ ਹੈ, ਸਫਲ ਕਰਨਾ ਹੈ। ਬੜੇ ਸਪੱਸ਼ਟ ਸ਼ਬਦਾਂ ਵਿੱਚ ਸਮਝਾਇਆ ਗਿਆ ਹੈ ‘‘ਰਹਤ ਰਹਤ ਰਹਿ ਜਾਹਿ ਬਿਕਾਰਾ   ਗੁਰ ਪੂਰੇ ਕੈ ਸਬਦਿ ਅਪਾਰਾ ’’ (ਮਹਲਾ /੨੫੯)

ਸਿੱਖ ਵਿਦਵਾਨਾਂ ਦੀ ਗੱਲ ਹੀ ਨਹੀਂ ਬਲਕਿ ਪੱਛਮ ਦੇ ਵਿਦਵਾਨ ਵੀ ਕਿਸੇ ਮਰਯਾਦਾ ਵਿੱਚ ਰਹਿ ਕੇ ਹੀ ਜੀਵਨ ਬਤੀਤ ਕਰਨ ਦੀ ਸਲਾਹ ਦਿੰਦੇ ਹਨ। ਮਿਸਟਰ ਅਰਨਾਲਡ ਬੈਨੇਟ ਦੇ ਮੁਤਾਬਕ ਮਨ ਦੀ ਸ਼ਾਂਤੀ ਤੇ ਖ਼ੁਸ਼ੀ ਸੰਸਾਰਕ ਪ੍ਰਾਪਤੀਆਂ ਨਾਲ ਨਹੀਂ ਸਗੋਂ ਕਿਸੇ ਸੰਜਮ ਵਿੱਚ ਰਹਿ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ:- “Happiness does not spring from physical or mental pleasures. Bur from development of reason and adjustment of conduct to the principals.” (How to live on 24 hour a day)” ਭਾਵ ਖ਼ੁਸ਼ੀ ਤੇ ਅਨੰਦ; ਸਰੀਰਕ ਜਾਂ ਮਾਨਸਿਕ ਖ਼ਵਾਇਸ਼ ਦੀ ਪੂਰਤੀ ਨਾਲ ਨਹੀਂ ਹੁੰਦਾ ਸਗੋਂ ਬਿਬੇਕ ਬੁੱਧ ਅਤੇ ਚੰਗੇ ਆਚਰਣ (ਕਿਰਦਾਰ) ਨੂੰ ਸਿਧਾਂਤਾਂ ਅਨੁਸਾਰ ਢਾਲਣ ਨਾਲ ਪ੍ਰਾਪਤ ਹੁੰਦਾ ਹੈ।

ਕਿਸੇ ਸ਼ਾਇਰ ਨੇ ਬਹੁਤ ਸੁੰਦਰ ਕਿਹਾ ਹੈ ਕਿ ‘ਸ਼ਰਤਿ ਅਜ਼ਾਦੀ ਕੀ ਹੈ ? ਅਜ਼ਾਦੀ ਕੀ ਕੁਛ ਪਾਬੰਦੀਆਂ। ਇਨ ਕਾ ਜੋ ਪਾਬੰਦ ਹੈ ਵਹੁ ਅਸਲ ਮੇਂ ਆਜ਼ਾਦ ਹੈ।’ ਇਸ ਤਰ੍ਹਾਂ ਰਹਿਤ ਦੇ ਸੰਬੰਧ ਵਿੱਚ ਬਹੁਤ ਕੁਝ ਕਿਹਾ ਜਾ ਸਕਦਾ ਹੈ, ਪਰ ਸਭ ਤੋਂ ਵੱਧ ਮਹੱਤਤਾ ਗੁਰੂ ਬਚਨਾਂ ਦੀ ਹੈ, ਜੋ ਪੁਰਾਣੇ ਰਹਿਤ ਨਾਮਿਆਂ ਵਿੱਚ ਮਿਲਦੇ ਹਨ ‘ਰਹਿਣੀ ਰਹੈ ਸੋਈ ਸਿਖ ਮੇਰਾ, ਉਹ ਠਾਕੁਰ ਮੈਂ ਉਸ ਕਾ ਚੇਰਾ’।

ਬ੍ਰਾਹਮਣੀ ਵਿਚਾਰਧਾਰਾ ਦਾ ਇਹ ਵੱਡਾ ਗੁਣ ਹੈ ਕਿ ਉਹ ਆਪਣੀ ਵਿਰੋਧੀ ਵੀਚਾਰਧਾਰਾ ਨੂੰ ਮਿਲਗੋਭਾ ਕਰਕੇ ਆਪਣੇ ਵਿੱਚ ਸਮੋ ਲੈਂਦੀ ਹੈ; ਜਿਵੇਂ ਭਾਰਤ ਵਰਸ਼ ਵਿੱਚ ਫੈਲੇ ਬੁੱਧ ਧਰਮ ਨੂੰ ਨਿਗਲਿਆ ਤੇ ਅਲੋਪ ਕਰ ਦਿੱਤਾ। ਇਸਲਾਮ ਵਰਗੇ ਕੱਟੜ ਧਰਮ ਦੇ ਅਨੁਯਾਈਆਂ ’ਤੇ ਵੀ ਇਸ ਦਾ ਅਸਰ ਪਾਇਆ ਤੇ ਇਸਲਾਮੀ ਵਿਦਵਾਨਾਂ ਨੂੰ ਚਿੰਚਤ ਕੀਤਾ। ਇਸ ਕਰਕੇ ਪਾਨੀਪਤ ਦੇ ਮੌਲਾਨਾ ਅਲਤਾਫ਼ ਹੁਸੈਨ ਹਾਲੀ ਨੂੰ ਲਿਖਣ ਲਈ ਮਜਬੂਰ ਹੋਣਾ ਪਿਆ ਵੋ ਦੀਨੇ ਹਜਾਜੀ ਕਾ ਬੇਬਾਕ ਬੇੜਾ, ਜੋ ਜੀਹੂੰ ਪੇ ਅਟਕਾ ਸੀਹੂੰ ਪੇ ਠਹਰਾ ਕੀਏ ਪਾਰ ਥੇ ਜਿਸ ਨੇ ਸਾਤੋਂ ਸਮੁੰਦਰ, ਵੋ ਡੂਬਾ ਦਹਾਨੇ ਮੇਂ ਗੰਗਾ ਕੇ ਆਕਰ

ਅੱਜ ਸਿੱਖ ਸਮਾਜ ਜਾਤਾਂ, ਪਾਤਾਂ ਤੇ ਹੋਰ ਅਨਮਤੀ ਪ੍ਰਭਾਵਾਂ ਕਾਰਨ ਪਾਟੋ ਧਾੜ ਹੋ ਰਿਹਾ ਹੈ। ਅੱਜ ਅਸੀਂ ਏਕਤਾ ਦੀ ਪਕੜ ਛੱਡਦੇ ਜਾ ਰਹੇ ਹਾਂ, ਜਿਸ ਕਾਰਨ ਸਾਡੇ ਅੰਮ੍ਰਿਤ ਛਕਾਣ ਦੀਆਂ ਵੱਖ-ਵੱਖ ਵਿਧੀਆਂ ਗੁਰ ਅਸਥਾਨਾਂ ’ਤੇ, ਕਿਤੇ ਭੰਗ ਦੇ ਭੋਗ, ਕਿਤੇ ਕਿਰਪਾਨ ਦਾ ਅੰਮ੍ਰਿਤ, ਕੁੰਭ ਸਰੋਵਰਾਂ ਦਾ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਕਿਤੇ ਨਿਤਨੇਮ ਦੀਆਂ ਬਾਣੀਆਂ ਦਾ ਵਖਰੇਵਾਂ, ਪੰਜ ਕਕਾਰਾਂ ਦਾ ਝਗੜਾ, ਕਿਤੇ ‘‘ਮਾਸੁ ਮਾਸੁ ਕਰਿ ਮੂਰਖੁ ਝਗੜੇ .. ’’ (ਮਹਲਾ /੧੨੮੯) ਦਾ ਫ਼ਸਾਦ। ਫਿਰ ਰਾਗ ਮਾਲਾ ਪੜ੍ਹੀਏ ਕਿ ਨਾ ਪੜ੍ਹੀਏ ਬਾਰੇ ਡੂੰਘੇ ਭੇਦ ਪੈ ਗਏ ਹਨ। ਪੰਥ ਵਿੱਚ ਅਜੀਬ ਆਪਾ ਧਾਪੀ ਛਾਈ ਹੋਈ ਹੈ। ਸਾਡੇ ਸਿੱਖੀ ਵਿਸ਼ਵਾਸ ਦੇ ਖਜ਼ਾਨੇ ਨੂੰ ਅਨੇਕਾਂ ਠੱਗ ਲੁੱਟਣ ਦੇ ਆਹਾਰ ਵਿੱਚ ਭੋਲ਼ੀ ਭਾਲ਼ੀ ਜਨਤਾ ਨੂੰ ਚੁੰਗਲ ਵਿੱਚ ਲਿਆਉਣ ਦਾ ਸਭ ਤੋਂ ਸੌਖਾ ਤੇ ਨਫੇ ਵਾਲਾ ਧੰਧਾ ‘ਨ ਹਿੰਗ ਲਗੇ ਨ ਫਟਕੜੀ, ਰੰਗ ਆਵੇ ਰੱਜ ਕੇ ਗੂੜ੍ਹਾ’ ਕਰਨ ਵਿੱਚ ਲੱਗੇ ਹੋਏ ਹਨ। ਹੁਣ ਅਜਿਹੀ ਹਾਲਤ ਵਿੱਚ ਕੋਈ ਵੀ ਨਾਨਕ ਨਿਰੰਕਾਰੀ, ਕਲਗੀਆਂ ਵਾਲੇ ਦਾ ਅਵਤਾਰ ਜਾਂ ਅਨੇਕਾਂ ਤਰ੍ਹਾਂ ਦੇ ਪਾਠਾਂ ਦੇ ਪਰਦੇ ਹੇਠਾਂ ਕੱਚੀ ਲੱਸੀ ਨੂੰ ਅੰਮ੍ਰਿਤ ਬਣਾ ਕੇ ਭੂਤ ਪ੍ਰੇਤ ਕੱਢਣ ਲਈ ਵਰਤ ਸਕਦੇ ਹਨ, ਕੋਈ ਰੋਕ ਨਹੀਂ ਸਕਦਾ। ਅੱਜ ਸਾਡੀ ਸਥਿਤੀ ਇੰਨੀ ਭਿਆਨਕ ਹੋ ਚੁੱਕੀ ਹੈ ਕਿ ‘ਅਗਰ ਕਿਸ਼ਤੀ ਤੁਫਾਂ ਮੇਂ ਹੋ, ਤੋ ਕਾਮ ਆਤੀ ਹੈਂ ਤਦਬੀਰੇਂ। ਮਗਰ ਕਿਸ਼ਤੀ ਮੇਂ ਤੁਫਾਂ ਹੋ, ਮਿਟ ਜਾਤੀ ਹੈਂ ਤਕਦੀਰੇਂ।’ ਫਿਰ ਵੀ ਜੇ ਅਜਿਹੀ ਤਰਾਸਦੀ ਵਿੱਚ ਸਿੱਖੀ ਦੇ ਸਰੂਪ ਨੂੰ ਬਚਾਈ ਰੱਖਣਾ ਲੋਚਦੇ ਹਾਂ ਤਾਂ ਇੱਕੋ ਇੱਕ ਸਿੱਖ ਰਹਿਤ ਮਰਿਆਦਾ ਰਾਹੀਂ ਹੀ ਬਚਾਇਆ ਜਾ ਸਕਦਾ ਹੈ। ਸਿੱਖੀ ਬ੍ਰਿਛ ਸਮਾਨ ਹੈ ਤੇ ਸਿੱਖ ਉਸ ਨੂੰ ਲੱਗੇ ਫੁੱਲਾਂ ਤੇ ਟਹਿਣੀਆਂ ਸਮਾਨ ਹਨ। ਸਿਖੀ ਦੇ ਵਾਧੇ ਵਿੱਚ ਹੀ ਮਾਨ ਵਡਿਆਈ ਹੈ, ਪਰਫੁਲਤਾ ਤੇ ਜੀਵਨ ਹੈ। ਹਰੇਕ ਸਿੱਖ ਮਿਸ਼ਨਰੀ ਹੈ, ਪ੍ਰਚਾਰਕ ਹੈ, ਉਹ ‘‘ਆਪਿ ਮੁਕਤੁ, ਮੁਕਤੁ ਕਰੈ ਸੰਸਾਰੁ ’’ (ਸੁਖਮਨੀ/ਮਹਲਾ /੨੯੫) ਦੇ ਗੁਰਵਾਕ ਅਨੁਸਾਰ ਦੇਸ਼ ਪਰਦੇਸ਼ ਜਿੱਥੇ ਵੀ ਵਿਚਰੇ ਆਪਣੀ ਬੋਲ ਬਾਣੀ ਵਿਵਹਾਰ ਤੇ ਆਚਾਰ ਨਾਲ ਸੁਗੰਧੀ ਖਿਲਾਰੇ ਤੇ ਭਰਮ ਭੇਖ ਦੇ ਗੜ੍ਹ ਤੋੜੇ। ਫਿਰ ਸੰਸਾਰ ਆਪੇ ਹੀ ਸਿੱਖੀ ਦਾ ਆਸ਼ਕ ਹੋ ਉਠੇਗਾ। ਉਸ ਨੂੰ ਕੋਈ ਸਿੱਖੀ ਦੇ ਪਰਮ ਚਸ਼ਮੇ ਦੀ ਦੱਸ ਪਾਵੇ, ਜਿੱਥੇ ਉੱਚੇ ਸੁੱਚੇ ਤੇ ਸੱਚੇ ਆਚਾਰ ਦਾ ਜਾਮ ਮਿਲਦਾ ਹੈ। ਜਿੱਥੋਂ ਸੇਵਾ ਸਿਮਰਨ ਤੇ ਸਰਬੱਤ ਦੇ ਭਲੇ ਦੀ ਜਾਗ ਲੱਗਦੀ ਹੈ, ਪਰ ਅਜੋਕੇ ਸਮੇਂ ਵਿੱਚ ਸਿੱਖ ਰਹਿਤ ਮਰਯਾਦਾ ਦੇ ਭਿੰਨ ਭਿੰਨ ਹੋਣ ਦੇ ਕਾਰਨ ਹਨ; ਜਿਵੇਂ ਕਿ

(1). ਅਣਸਿਖਿਅਤ ਪ੍ਰਚਾਰਕਾਂ ਦੀ ਸ਼੍ਰੇਣੀ, ਜੋ ਕਿ ਅਨਮਤ ਨੂੰ ਹੀ ਗੁਰਮਤਿ ਦਾ ਨਾਂ ਦੇ ਕੇ ਅਣਜਾਣਤਾ ਦੇ ਕਾਰਨ ਪ੍ਰਚਾਰ ਰਹੀ ਹੈ।

(2). ਦੂਜਾ ਪ੍ਰਚਾਰਕ ਵਰਗ ਹੈ, ਜਿਨ੍ਹਾਂ ਦੀ ਅਵਸਥਾ ਹੈ ‘ਜੇਤੇ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ’ ਭਾਵ ਜਾਣਦਿਆਂ ਹੋਇਆਂ ਵੀ ਨਿਜੀ ਸਵਾਰਥਾਂ ਕਾਰਨ ਗੁਰਮਤਿ ਸਿਧਾਂਤਾਂ ਨੂੰ ਅਲੋਪ ਕਰਨਾ।

(3). ਸੰਗਤਾਂ ਵਿੱਚ ਗੁਰਮਤਿ ਦੀ ਜਾਗ੍ਰਤੀ ਨਾ ਹੋਣੀ ‘ਕੁਝ ਅੰਨ ਦੇ, ਕੁਝ ਧੰਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ। ਕੁਝ ਹਿੜਬਸ ਬਾਬੇ ਨਾਨਕ ਦੀ ! ਵਾਲੀ ਹਾਸੋ ਹੀਣੀ ਹਾਲਤ ਹੈ।’

(4). ਪ੍ਰਬੰਧਕੀ ਢਾਂਚੇ ਦਾ ਸਿੱਖੀ ਰਹਿਤ ਤੋਂ ਅਣਜਾਣ ਹੋਣਾ ਜਾਂ ਕਈ ਵਾਰੀ ਵੋਟਾਂ ਲੈਣ ਕਾਰਨ ਸਿੱਖ ਰਹਿਤ ਮਰਯਾਦਾ ਨੂੰ ਪ੍ਰਚਾਰਨ ਵਿੱਚ ਸਹਿਯੋਗ ਨਾ ਦੇਣਾ।

(5). ਡੇਰੇਦਾਰੀ ਕਾਰਨ ਉਨ੍ਹਾਂ ਵੱਲੋਂ ਆਪਣੀ ਵੱਖਰੀ ਹੋਂਦ ਪ੍ਰਗਟ ਕਰਨ ਲਈ ਕੋਈ ਨਾ ਕੋਈ ਨਵੀਂ ਵਿਚਾਰਧਾਰਾ, ਜੋ ਗੁਰਮਤਿ ਸਿਧਾਂਤਾਂ ਵਾਲੀ ਨਾ ਹੋ ਕੇ ਅਨਮਤੀ ਲੋਕਾਂ ਦੀ ਖੁਸ਼ੀ ਲੈਣ ਲਈ ਪ੍ਰਚਾਰੀ ਜਾ ਰਹੀ ਹੈ, ਵੀ ਸੰਗਤਾਂ ਨੂੰ ਕੁਰਾਹੇ ਪਾਣ ਦਾ ਕਾਰਨ ਬਣਦੀ ਹੈ।

(6). ਸ਼੍ਰੋਮਣੀ ਕਮੇਟੀ ਵਿਚਿ ਝੂਠੀ ਰਾਜਨੀਤੀ ਦਾ ਹਾਵੀ ਹੋਣਾ ਅਤੇ ਉਸ ਦੇ ਪ੍ਰਬੰਧ ਹੇਠ ਆ ਰਹੇ ਗੁਰਧਾਮਾਂ ਵਿਚਿ ਵੀ ਸਿਖਿ ਰਹਿਤ ਮਰਯਾਦਾ, ਜਿਸ ਨੂੰ ਉਸ ਨੇ ਆਪ ਪ੍ਰਕਾਸ਼ਤ ਕੀਤਾ; ਲਾਗੂ ਨਾ ਹੋਣਾ ਬਾਕੀ ਥਾਵਾਂ ’ਤੇ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਵਿੱਚ ਤੇ ਪ੍ਰਚਾਰਨ ਵਿੱਚ ਬਹੁਤ ਵੱਡੀ ਰੁਕਾਵਟ ਬਣਦੀ ਹੈ।

ਹੁਣ ਪੰਥ ਨੂੰ ਅਧੋਗਤੀ ਜਾਂ ਖੇਰੂੰ ਖੇਰੂੰ ਹੋਣ ਤੋਂ ਜੇ ਬਚਾਇਆ ਜਾ ਸਕਦਾ ਹੈ ਤਾਂ ਇਸ ਦਾ ਇੱਕੋ ਇੱਕ ਉਪਰਾਲਾ ਹੈ ਅਸੀਂ ਗੁਰੂ ਸਪੁੱਤਰ ਬਣੀਏ ਤੇ ਆਪ ੴ, ਏਕੇ ਦੀ ਫ਼ਿਲਾਸਫ਼ੀ ਅਤੇ ਸਿੱਖ ਰਹਿਤ ਮਰਯਾਦਾ ਨੂੰ ਸਮਝੀਏ ਤੇ ਚੜ੍ਹਦੀ ਕਲਾ ਲਈ ਸਾਨੂੰ ਤੀਜੇ ਗੁਰਦੇਵ ਦਾ ਇਹ ਪਵਿੱਤਰ ਵਾਕ ਹਰ ਵੇਲੇ ਟੁੰਬਦਾ ਰਹੇ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ’’ (ਮਹਲਾ /੬੪੬) ਤਾਂ ਕਿ ਇਹ ਗੁਰਮਤਿ ਸਿਧਾਂਤ ‘ਜਹਾਂ ਸੰਜੋਗ ਅਕੱਠੇ ਹੋਣ ਦਾ ਹੋਵੇ, ਉਥੇ ਆਪਸ ਮਹਿਂ ਅਦਬ ਭਾਉ ਪਿਆਰ ਕਰਿ ਬੰਧਨ ਨਾਲ ਪ੍ਰਸ਼ਾਦ ਖਾਣਾ, ਐਸਾ ਅਦਬ ਭਾਉ ਕਰਨਾ ਆਪਸ ਵਿਚ ਜੈਸਾ ਸਿਖ ਗੁਰੁ ਦਾ ਕਰਦਾ ਹੈ’ ਨੂੰ ਅਪਣਾ ਸਕੀਏ ਇਹ ਤਦ ਹੀ ਸੰਭਵ ਹੈ ਜੇ ਸਾਹਿਬ ਜੀ ਦੁਆਰਾ ਬਖ਼ਸ਼ੀ ਇਸ ਸੁਮੱਤ ਨੂੰ ਸਮਝਿਆ ਤੇ ਕਮਾਇਆ ਜਾਏ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ, ਲਿਵ ਲਾਇ   ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ’’ (ਮਹਲਾ /੧੧੮੫)