ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ

0
562

ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ

ਬਠਿੰਡਾ, 5 ਜਨਵਰੀ (ਕਿਰਪਾਲ ਸਿੰਘ) : ਗੁਰਦੁਆਰਾ ਸਾਹਿਬ ਕੋਠੇ ਕੰਮੇ ਕੇ ਵਿਖੇ ਅੱਜ ਕੋਠਿਆਂ ਦੇ ਵਸਨੀਕਾਂ ਅਤੇ ਕੋਠਿਆਂ ਦੇ ਨਜ਼ਦੀਕ ਬਣੀ ਕਲੋਨੀ ’ਚ ਰਹਿ ਰਹੇ ਐੱਨ.ਐੱਫ.ਐੱਲ. ਬਠਿੰਡਾ ਦੇ ਸਕਿਉਰਟੀ ਸਟਾਫ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ੨੩ ਪੋਹ/ 5 ਜਨਵਰੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ । ਨਾਨਕਸ਼ਾਹੀ ੨੧ ਪੋਹ/ 3 ਜਨਵਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠ ਅਰੰਭ ਕੀਤਾ ਗਿਆ ਸੀ ਜਿਸ ਦਾ ਅੱਜ ਭੋਗ ਪਾਇਆ ਗਿਆ ਉਪਰੰਤ ਭਾਈ ਗੁਰਸੇਵਕ ਸਿੰਘ ਅਤੇ ਸਾਥੀ ਹਜੂਰੀ ਰਾਗੀ ਜਥਾ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਹਜੂਰਾ ਕਪੂਰਾ ਕਲੋਨੀ ਬਠਿੰਡਾ ਅਤੇ ਗੁਰਮਤਿ ਵਿਦਿਆਲਾ ਗਿੱਲ ਪੱਤੀ ਦੇ ਰਾਗੀ ਜਥੇ ਭਾਈ ਫ਼ਤੇਵੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਰਸ ਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਦੌਰਾਨ ਭਾਈ ਕਿਰਪਾਲ ਸਿੰਘ ਬਠਿੰਡਾ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਇਸ ਸਮੇਂ ਤਿੰਨ ਵੱਖ ਵੱਖ ਕੈਲੰਡਰਾਂ ਅਨੁਸਾਰ ਨਿਸ਼ਚਿਤ ਕਰਦੀ ਹੈ ਭਾਵ ਗੁਰੂ ਸਾਹਿਬਾਨ ਨਾਲ ਸੰਬੰਧਿਤ ਸਾਰੇ ਦਿਨ ਜਿਨ੍ਹਾਂ ਨੂੰ ਗੁਰ ਪੁਰਬ ਕਿਹਾ ਜਾਂਦਾ ਹੈ, ਬਿਕਰਮੀ ਕੈਲੰਡਰ ਦੀਆਂ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ, ਪੁਰਾਤਨ ਸਿੱਖ ਇਤਿਹਾਸ ਤੇ ਬਾਕੀ ਦੇ ਸਾਰੇ ਦਿਨ ਜਿਵੇਂ ਕਿ ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਆਦਿਕ ਦੇ ਦਿਨ ਬਿਕਰਮੀ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਭਾਵ ਸੰਗਰਾਂਦਾਂ ਦੇ ਹਿਸਾਬ ਪ੍ਰਵਿਸ਼ਟਿਆਂ ਮੁਤਾਬਕ ਅਤੇ ਪੰਜਾਬ ’ਤੇ ਅੰਗਰੇਜ਼ਾਂ ਵੱਲੋਂ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਦੇ ਇਤਿਹਾਸ ਦੀਆਂ ਸਾਰੀਆਂ ਤਾਰੀਖ਼ਾਂ ਜਿਵੇਂ ਕਿ ਸਾਕਾ ਨਨਕਾਣਾ ਸਾਹਿਬ ਮੋਰਚਾ ਗੰਗਸਰ ਜੈਤੋ, ਮੋਰਚਾ ਗੁਰੂ ਕਾ ਬਾਗ, ਸਾਕਾ ਪੰਜਾ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਰਤੀ ਫੌਜਾਂ ਵੱਲੋਂ ਹਮਲੇ ਆਦਿਕ ਦੇ ਦਿਨ ਗਰੈਗੋਰੀਅਨ ਕੈਲੰਡਰ ਮੁਤਾਬਕ, ਜਿਸ ਨੂੰ ਈਸਵੀ ਕੈਲੰਡਰ,ਅੰਗਰੇਜ਼ੀ ਕੈਲੰਡਰ ਜਾਂ ਸਾਂਝਾ ਕੈਲੰਡਰ ਆਖਿਆ ਜਾਂਦਾ ਹੈ, ਅਨੁਸਾਰ ਨਿਸ਼ਚਿਤ ਕੀਤੇ ਜਾਂਦੇ ਹਨ। ਤਿੰਨਾਂ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ’ਚ ਵੱਡਾ ਅੰਤਰ ਹੋਣ ਕਾਰਨ ਨੇੜੇ ਤੇੜੇ ਆਉਣ ਵਾਲੇ ਦਿਹਾੜਿਆਂ ਦੇ ਦਿਨ ਕਾਫੀ ਅੱਗੇ ਪਿੱਛੇ ਆ ਜਾਣ ਕਾਰਨ ਹਰ ਸਾਲ ਬਹੁਤ ਹੀ ਭੰਬਲਭੂਸਾ ਬਣਿਆ ਰਹਿੰਦਾ ਹੈ ਜਿਵੇਂ ਕਿ ਪਿਛਲੇ ਸਾਲ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੧੩ ਪੋਹ/ 27 ਦਸੰਬਰ 2020 ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੭ ਮਾਘ / 20 ਜਨਵਰੀ 2021;

ਇਸ ਸਾਲ ਦੋਵੇਂ ਦਿਨ ਕਰਮਵਾਰ ੧੩ ਪੋਹ/ 27 ਦਸੰਬਰ 2021 ਅਤੇ ੨੬ ਪੋਹ / 9 ਜਨਵਰੀ 2022 ਅਤੇ

ਅਗਲੇ ਸਾਲ ੧੩ ਪੋਹ/ 28 ਦਸੰਬਰ 2022 ਤੇ ੧੪ ਪੋਹ /29 ਦਸੰਬਰ 2022 ਨੂੰ ਆਵੇਗਾ ਭਾਵ ਜਿਨ੍ਹਾਂ ਦੋ ਦਿਹਾੜਿਆਂ ’ਚ ਪਿਛਲੇ ਸਾਲ 24 ਦਿਨਾਂ ਦਾ ਅੰਤਰ ਸੀ ਉਨ੍ਹਾਂ ਹੀ ਦੋ ਦਿਹਾੜਿਆਂ ’ਚ ਇਸ ਸਾਲ 13 ਦਿਨਾਂ ਦਾ ਅਤੇ ਅਗਲੇ ਸਾਲ ਕੇਵਲ ਇੱਕ ਦਿਨ ਦਾ ਫਰਕ ਹੀ ਹੋਵੇਗਾ। ਪਿਛਲੇ ਕੈਲੰਡਰ ਫਰੋਲ਼ ਕੇ ਵੇਖੋ ਤਾਂ ਕਈ ਵਾਰ ਇਹ ਦੋਵੇਂ ਦਿਹਾੜੇ ਇਕੱਠੇ ਅਤੇ ਕਾਈ ਵਾਰ ਸ਼ਹੀਦੀ ਦਿਹਾੜੇ ਤੋਂ ਪ੍ਰਕਾਸ਼ ਗੁਰ ਪੁਰਬ ਕੁਝ ਦਿਨ ਪਹਿਲਾਂ ਵੀ ਆਇਆ ਸੀ ਅਤੇ ਅੱਗੇ ਤੋਂ ਇਸੇ ਤਰ੍ਹਾਂ ਅੱਗੇ ਪਿੱਛੇ ਹੁੰਦੇ ਰਹਿਣਗੇ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਬਿਕਰਮੀ ਸੰਮਤ ੧੭੨੩, ੨੩ ਪੋਹ, ਪੋਹ ਸੁਦੀ ੭/ 22 ਦਸੰਬਰ 1666 ਈਸਵੀ ਨੂੰ ਹੋਇਆ ਸੀ। ਜੇ ਸਾਰੇ ਹੀ ਦਿਹਾੜੇ 2003 ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਣ ਤਾਂ ਹਰ ਸਾਲ ਕਰਮਵਾਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੮ ਪੋਹ / 21 ਦਸੰਬਰ; ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੧੩ ਪੋਹ / 26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ / 5 ਜਨਵਰੀ ਨੂੰ ਆਇਆ ਕਰੇਗਾ, ਜੋ ਯਾਦ ਰੱਖਣਾ ਅਤਿ ਸੁਖਾਲਾ ਹੋ ਜਾਵੇਗਾ, ਨਹੀਂ ਤਾਂ ਇੱਕ ਦਿਨ ਐਸਾ ਆਵੇਗਾ ਕਿ ਜਿਹੜਾ ੨੩ ਪੋਹ ਸੰਨ 1666 ਈ: ’ਚ 22 ਦਸੰਬਰ ਨੂੰ ਆਇਆ ਸੀ ਅੱਜ ਕੱਲ੍ਹ 6 ਜਾਂ 7 ਜਨਵਰੀ ਨੂੰ ਆ ਰਿਹਾ ਹੈ ਉਹ ਇਸੇ ਤਰ੍ਹਾਂ ਖਿਸਕਦਾ ਹੋਇਆ ਇੱਕ ਦਿਨ ਮਈ, ਜੂਨ ’ਚ ਚਲਾ ਜਾਵੇਗਾ ਜੋ ਇਤਿਹਾਸਕ ਤੱਥਾਂ ਦੇ ਬਿਲਕੁਲ ਉਲਟ ਹੋਵੇਗਾ ਕਿਉਂਕਿ ਤੁਸੀਂ ਕਿਸ ਤਰ੍ਹਾਂ ਕਹਿ ਸਕੋਗੇ ਕਿ ਸੂਬਾ ਸਰਹਿੰਦ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ਤਸੀਹੇ ਦੇਣ ਲਈ ਕੜਕਦੀ ਠੰਡ ਵਿੱਚ ਠੰਡੇ ਬੁਰਜ ’ਚ ਬਿਨਾਂ ਕੱਪੜਿਆਂ ਤੋਂ ਰੱਖਿਆ ਸੀ।

ਅਖੀਰ ’ਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ  ਨੇ ਅਰਦਾਸ ਕੀਤੀ ਤੇ ਹੁਕਨਾਮਾ ਲਿਆ। ਉਪਰੰਤ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਤੇ ਕੀਰਤਨੀ ਜੱਥਿਆਂ ਤੋਂ ਇਲਾਵਾ ਸ਼੍ਰੀ ਵਿਜੇ ਕਾਂਤ ਗੋਇਲ ਚੀਫ਼ ਜਨਰਲ ਮੈਨੇਜਰ, ਐੱਨ.ਐੱਫ.ਐੱਲ., ਡਿਪਟੀ ਕਮਾਂਡੈਂਟ ਸੀ.ਆਈ.ਐਸ.ਐੱਫ. ਅਤੇ ਸ਼੍ਰੀ ਪੰਕਜ਼ ਬਲਿਆਨ ਸਮੇਤ ਹੋਰਨਾਂ ਪਤਵੰਤੇ ਸੱਜਣਾਂ ਨੂੰ ਸਿਰੋਪਿਆਂ ਦੀ ਬਖ਼ਸਿਸ਼ ਨਾਲ ਸਨਮਾਨਿਤ ਕੀਤਾ।