ਗੁਰ ਪੂਰਾ ਭੇਟਿਓ ਵਡਭਾਗੀ

0
431

ਗੁਰ ਪੂਰਾ ਭੇਟਿਓ ਵਡਭਾਗੀ

ਪ੍ਰਿੰਸੀਪਲ ਹਰਭਜਨ ਸਿੰਘ ਜੀ

ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ ॥  ਕੋਇ ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥੧॥  ਅਪੁਨੇ ਸਤਿਗੁਰ ਕੈ ਬਲਿਹਾਰੈ ॥  ਆਗੈ ਸੁਖੁ, ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ॥ ਰਹਾਉ ॥  ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ ॥  ਨਿਰਭਉ ਭਏ, ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ ॥੨॥  ਸਫਲ ਦਰਸਨੁ ਅਕਾਲ ਮੂਰਤਿ; ਪ੍ਰਭੁ ਹੈ ਭੀ, ਹੋਵਨਹਾਰਾ ॥  ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ॥੩॥  ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ ॥  ਨਾਨਕ ਕਉ ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥ (ਮਹਲਾ ੫/੬੧੦)

ਵਿਚਾਰ ਅਧੀਨ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ‘ਸੋਰਠਿ ਰਾਗ’ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 609-610 ’ਤੇ ਦਰਜ ਹੈ। ਇਹ ਸ਼ਬਦ ਆਮ ਕਰਕੇ ਕਈ ਵਾਰ ਹੁਕਮਨਾਮੇ ਦੇ ਰੂਪ ਵਿੱਚ ਵੀ ਸੁਣਨ ਨੂੰ ਮਿਲਦਾ ਹੈ। ਇਸ ਸ਼ਬਦ ਵਿੱਚ ਗੁਰਦੇਵ ਪਿਤਾ ਜੀ ਸੱਚੇ ਗੁਰੂ ਤੋਂ ਬਲਿਹਾਰ ਜਾਣ ਦੀ ਗੱਲ ਸਮਝਾਉਂਦੇ ਹਨ ਕਿਉਂਕਿ ਗੁਰੂ ਜੀ ਦੀ ਕਿਰਪਾ ਸਦਕਾ ਹੀ ਸਦੀਵੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿੱਚ ਗੁਰਦੇਵ ਜੀ ਕਥਨ ਕਰਦੇ ਹਨ ‘‘ਅਪੁਨੇ ਸਤਿਗੁਰ ਕੈ ਬਲਿਹਾਰੈ   ਆਗੈ ਸੁਖੁ, ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ਰਹਾਉ ’’  ਅਰਥ : ਹੇ ਭਾਈ!  ਮੈਂ ਆਪਣੇ ਸਤਿਗੁਰ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੀ ਕਿਰਪਾ ਨਾਲ ਅੱਗੇ (ਯਾਨੀ ਪ੍ਰਲੋਕ ਵਿੱਚ) ਸੁੱਖ ਪਿਛੇ (ਯਾਨੀ ਇਸ ਸੰਸਾਰ ’ਚ) ਸੁੱਖ ਭਾਵ ਹਰ ਥਾਂ ਅਡੋਲਤਾ ਵਾਲਾ ਵਾਤਾਵਰਨ ਅਤੇ ਸਾਡੇ ਹਿਰਦੇ ਰੂਪੀ ਘਰ ਵਿੱਚ ਅਨੰਦ ਬਣਿਆ ਰਹਿੰਦਾ ਹੈ।

ਕਹਿਣ ਨੂੰ ਤਾਂ ਹਰ ਕੋਈ ਇਹ ਕਹਿੰਦਾ ਹੈ ਕਿ ਮੈਨੂੰ ਅਨੰਦ ਪ੍ਰਾਪਤ ਹੋ ਗਿਆ ਹੈ ਪਰ ਅਸਲ ਅਨੰਦ ਕਿਸ ਨੂੰ ਕਹਿੰਦੇ ਹਨ, ਇਸ ਦੀ ਸੋਝੀ ਗੁਰੂ ਦੁਆਰਾ ਹੁੰਦੀ ਹੈ। ਹੇ ਪਿਆਰੇ ਸੱਜਣ! ਅਸਲ ਅਨੰਦ ਦੀ ਸੋਝੀ ਗੁਰੂ ਰਾਹੀਂ ਹੀ ਹੁੰਦੀ ਹੈ ਅਤੇ ਇਹ ਸੂਝ ਵੀ ਉਸ ਪੁਰਸ਼ ਨੂੰ ਹੀ ਹੁੰਦੀ ਹੈ ਜਿਸ ’ਤੇ ਗੁਰੂ ਦੀ ਕਿਰਪਾ ਹੋ ਜਾਵੇ। ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜਿਸ ਦਾ ਸਿਰਲੇਖ ਹੀ ‘ਅਨੰਦ’ ਹੈ, ਇਸ ਬਾਣੀ ਦੀ 7ਵੀਂ ਪਉੜੀ ਵਿੱਚ ਸਤਿਗੁਰੂ ਜੀ ਸਮਝਾ ਰਹੇ ਹਨ ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ   ਜਾਣਿਆ ਆਨੰਦੁ ਸਦਾ ਗੁਰ ਤੇ; ਿਪਾ ਕਰੇ ਪਿਆਰਿਆ ’’ (ਮਹਲਾ /੯੧੭) ਇਸੇ ਬਾਣੀ ਦੀ ਆਰੰਭਤਾ ਵਿੱਚ ਵੀ ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ ‘‘ਅਨੰਦੁ ਭਇਆ ਮੇਰੀ ਮਾਏ! ਸਤਿਗੁਰੂ ਮੈ ਪਾਇਆ ’’ (ਮਹਲਾ /੯੧੭) ਇਨ੍ਹਾਂ ਗੁਰ ਬਚਨਾਂ ਤੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਅਨੰਦ ਦੇ ਸੋਮੇਂ ਸਤਿਗੁਰੂ ਜੀ ਹੀ ਹਨ। ਅਨੰਦ ਉਸ ਆਤਮਕ ਅਵਸਥਾ ਦਾ ਨਾਂ ਹੈ, ਜਿੱਥੇ ਦੁਨਿਆਵੀ ਸੱੁਖਾਂ ਜਾਂ ਦੁੱਖਾਂ ਲਈ ਕੋਈ ਥਾਂ ਨਹੀਂ। ਇਸ ਅਵਸਥਾ ਵਿੱਚ ਮਨੁੱਖ ਸਦਾ ਲਈ ਅਡੋਲ ਰਹਿੰਦਾ ਹੈ। ਜੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ’ਤੇ ਬੈਠ ਕੇ ਇਹ ਬਚਨ ਉਚਾਰਨ ਕਰਦੇ ਹਨ ‘‘ਅਉਖੀ ਘੜੀ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ’’ (ਮਹਲਾ /੬੮੨) ਤਾਂ ਭਾਈ ਮਤੀ ਦਾਸ ਜੀ ਵੀ ਆਪਣੇ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਮ੍ਹਣੇ ਆਰੇ ਨਾਲ ਚੀਰੇ ਜਾਣ ਤੋਂ ਪਹਿਲਾਂ ਭਗਤ ਕਬੀਰ ਜੀ ਦੀਆਂ ਇਹ ਪਾਵਨ ਪੰਕਤੀਆਂ ਚੇਤੇ ਕਰਦੇ ਹੋਏ ਆਖਦੇ ਹਨ ‘‘ਜਉ ਤਨੁ ਚੀਰਹਿ; ਅੰਗੁ ਮੋਰਉ   ਪਿੰਡੁ ਪਰੈ; ਤਉ ਪ੍ਰੀਤਿ ਤੋਰਉ ’’ (ਭਗਤ ਕਬੀਰ/੪੮੪) ਐਸਾ ਇਸ ਲਈ ਹੈ ਕਿਉਂਕਿ ਸਿੱਖ ਆਪਣੇ ਸੋਮੇ ਨਾਲ ਜੁੜਿਆ ਹੋਇਆ ਹੈ। ਸਿੱਖ ਨੂੰ ਇਹ ਭਰੋਸਾ ਹੁੰਦਾ ਹੈ ਕਿ ਮੇਰਾ ਮੁਰਸ਼ਦ ਕਲੀਮ (ਗੁਰੂ ਉਪਦੇਸ਼ਕ) ਹੈ। ਦੁੱਖ-ਸੁੱਖ ਵਿੱਚ ਅਤੇ ਹਰ ਥਾਂ ’ਤੇ ਮੇਰੀ ਸਾਰ ਲੈਂਦਾ ਹੈ। ਉਸ ਦੇ ਬਰਾਬਰ ਦਾ ਕੋਈ ਹੋਰ ਨਹੀਂ। ਵਿਚਾਰ ਅਧੀਨ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਰਾਹੀਂ ਪੂਰੇ ਗੁਰੂ ਦੀ ਵਡਿਆਈ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਫ਼ੁਰਮਾਨ ਕਰਦੇ ਹਨ ‘‘ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ   ਕੋਇ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ਅਰਥ : ਹੇ ਭਾਈ ਪੂਰਾ ਗੁਰੂ ਵੱਡੇ ਭਾਗਾਂ ਨਾਲ ਮਿਲਿਆ ਹੈ ਅਤੇ ਮੇਰੇ ਮਨ ਵਿੱਚ ਗੁਰੂ ਦੇ ਗਿਆਨ ਦਾ ਚਾਨਣ ਹੋ ਗਿਆ ਹੈ। ਮੈਨੂੰ ਆਪਣੇ ਮਾਲਕ ਉੱਤੇ ਭਰੋਸਾ ਹੋ ਗਿਆ ਹੈ ਕਿ ਕੋਈ ਦੂਜਾ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਗਿਆਨ ਨੂੰ ਦੀਪਕ ਨਾਲ ਤੁਲਨਾ ਦਿੱਤੀ ਗਈ ਹੈ; ਜਿਵੇਂ ‘‘ਦੀਵਾ ਬਲੈ ਅੰਧੇਰਾ ਜਾਇ ’’ (ਮਹਲਾ /੭੯੧) ਦੇ ਗੁਰਵਾਕ ਅਨੁਸਾਰ ਦੀਵਾ ਜਗਣ ਨਾਲ ਅੰਧੇਰਾ ਦੂਰ ਹੋ ਜਾਂਦਾ ਹੈ ਅਤੇ ਕਿਸੇ ਪਦਾਰਥ ਨੂੰ ਲੱਭਣ ਵਿੱਚ ਸਹਾਈ ਹੁੰਦਾ ਹੈ; ਤਿਵੇਂ ਗੁਰੂ ਦੇ ਗਿਆਨ ਰੂਪੀ ਦੀਪਕ ਨਾਲ ਜੀਵ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਨਾਸ਼ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਕਾਸ਼ ਹੋ ਜਾਣ ਨਾਲ ਜੀਵ ਨੂੰ ਆਪਣੇ ਅੰਦਰੋਂ ਹੀ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਉਹ ਪ੍ਰੇਮ ਨਾਲ ਇਸ ਤਰ੍ਹਾਂ ਗਾਉਂਦਾ ਹੈ; ਜਿਵੇਂ ਕਿ ਵਿਚਾਰ ਅਧੀਨ ਸ਼ਬਦ ਦੇ ਦੂਸਰੇ ਅਤੇ ਤੀਸਰੇ ਪਦੇ ਵਿੱਚ ਸਤਿਗੁਰੂ ਜੀ ਫ਼ੁਰਮਾ ਰਹੇ ਹਨ ‘‘ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ   ਨਿਰਭਉ ਭਏ, ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ   ਸਫਲ ਦਰਸਨੁ ਅਕਾਲ ਮੂਰਤਿ; ਪ੍ਰਭੁ ਹੈ ਭੀ, ਹੋਵਨਹਾਰਾ   ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ’’  ਅਰਥ : ਹੇ ਭਾਈ! ਜਿਹੜਾ ਅੰਤਰਜਾਮੀ ਸਭ ਕੁਝ ਕਰਨਵਾਲਾ ਹੈ, ਉਹੀ ਸਾਡਾ ਮਾਲਕ ਹੈ। ਅਸੀਂ ਗੁਰੂ ਦੀ ਚਰਨੀ ਲੱਗ ਕੇ ਨਿਰਭਉ ਹੋ ਗਏ ਹਾਂ ਅਤੇ ਸਾਨੂੰ ਕੇਵਲ ਰਾਮ ਦੇ ਨਾਮ ਦਾ ਆਸਰਾ ਬਣ ਗਿਆ ਹੈ। ਹੇ ਭਾਈ! ਜਿਸ ਪ੍ਰਭੂ ਦਾ ਦਰਸ਼ਨ ਫਲ਼ ਦੇਣ ਵਾਲਾ ਹੈ, ਜਿਸ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਹੁਣ ਵੀ ਹੈ ਅਤੇ ਆਉਣ ਵਾਲੇ ਸਮੇਂ ਭਾਵ ਸਦੀਵ ਕਾਲ ਤੱਕ ਹੋਂਦ ਵਾਲਾ ਹੈ। ਉਹ ਆਪਣੇ ਸੇਵਕਾਂ ਨੂੰ ਆਪਣੇ ਗਲ਼ ਨਾਲ ਲਗਾ ਕੇ ਰੱਖਦਾ ਹੈ ਅਤੇ ਆਪਣੀ ਪ੍ਰੀਤ ਦਾ ਪਿਆਰਾ ਹੈ ਭਾਵ ਪ੍ਰੀਤ ਕਰਨ ਵਾਲਿਆਂ ਦੀ ਸਦਾ ਰੱਖਿਆ ਕਰਦਾ ਹੈ; ਜਿਵੇਂ ਮਾਂ ਦੀ ਗੋਦ ਵਿੱਚ ਬੈਠੇ ਬੱਚੇ ਨੂੰ ਕਿਸੇ ਪ੍ਰਕਾਰ ਦਾ ਖ਼ਤਰਾ ਨਹੀਂ ਸਗੋਂ ਉਹ ਆਪਣੀ ਮਾਂ ਦਾ ਲਾਡ ਪ੍ਰਾਪਤ ਕਰਦਾ ਹੈ। ਮਾਂ ਉਸ ਨੂੰ ਆਪਣੇ ਗਲ਼ ਨਾਲ ਲਾਉਂਦੀ ਹੋਈ ਕਈ ਤਰ੍ਹਾਂ ਦੇ ਲਾਡ ਲਡਾਉਂਦੀ ਹੈ; ਤਿਵੇਂ ਹੀ ਸਿੱਖ ਰੂਪੀ ਬੱਚਾ ਆਪਣੀ ਮਾਂ ਰੂਪੀ ਗੁਰੂ ਦੀ ਹੁਕਮ ਰੂਪੀ ਗੋਦ ਵਿੱਚ ਬੈਠ ਕੇ ਗੁਰੂ ਪ੍ਰੀਤ ਦਾ ਹੱਕਦਾਰ ਬਣ ਜਾਂਦਾ ਹੈ ਅਤੇ ਆਪਣੇ ਜੀਵਨ ਵਿੱਚ ਹੋਈ ਤਬਦੀਲੀ ਨੂੰ ਵੇਖ ਕੇ ਇਸ ਤਰ੍ਹਾਂ ਪੁਕਾਰ ਉੱਠਦਾ ਹੈ; ਜਿਵੇਂ ਕਿ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਨ ਕਰ ਰਹੇ ਹਨ ‘‘ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ   ਨਾਨਕ ਕਉ ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ’’ ਅਰਥ : ਹੇ ਭਾਈ! ਉਸ ਗੁਰੂ ਦੀ ਵੱਡੀ ਵਡਿਆਈ ਅਚਰਜ ਸ਼ੋਭਾ ਹੈ, ਜਿਸ ਦੀ ਕਿਰਪਾ ਨਾਲ ਜੀਵਨ ਮਨੋਰਥ ਦਾ ਕੰਮ ਸਿਰੇ ਚੜਿਆ ਹੈ। ਨਾਨਕ ਨੂੰ ਪੂਰਾ ਗੁਰੂ ਮਿਲਿਆ ਹੈ, ਜਿਸ ਦੀ ਕਿਰਪਾ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸਤਿਗੁਰੂ ਜੀ ਦੇ ਹੀ ਬਚਨ ਹਨ ‘‘ਹਰਖ ਅਨੰਤ; ਸੋਗ ਨਹੀ ਬੀਆ (ਭਾਵ ਦੂਜਾ)   ਸੋ ਘਰੁ; ਗੁਰਿ (ਨੇ) ਨਾਨਕ ਕਉ ਦੀਆ ’’ (ਮਹਲਾ /੧੮੬)