ਸਵਾਲ ਜਵਾਬ (ਭਾਗ -2)

0
49

ਸਵਾਲ ਜਵਾਬ (ਭਾਗ -2)

ਸਵਾਲ : ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਨਾਲ ਸੰਬੰਧਿਤ ਕਿਹੜੇ ਕਿਹੜੇ ਗੁਰਦਆਰੇ ਹਨ ਅਤੇ ਉਨ੍ਹਾਂ ਦਾ ਕੀ ਇਤਿਹਾਸ ਹੈ ?

ਜਵਾਬ : ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਬਟਾਲਾ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਨਾਲ ਸੰਬੰਧਿਤ ਹੇਠ ਲਿਖੇ ਦੋ ਗੁਰਦੁਆਰੇ ਹਨ :

(1) ਗੁਰਦੁਆਰਾ ਡੇਰਾ ਸਾਹਿਬ : ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਸਹੁਰਾ ਭਾਈ ਮੂਲ ਚੰਦ ਜੀ ਰਹਿੰਦੇ ਸਨ, ਇਸ ਲਈ ਗੁਰੂ ਜੀ ਦੇ ਵਿਆਹ ਦੀ ਸਾਰੀ ਰਸਮ ਇਸ ਅਸਥਾਨ ’ਤੇ ਹੋਈ। ਇਹ ਗੁਰਦੁਆਰਾ ਕਾਫ਼ੀ ਸਮੇਂ ਤੱਕ ਉਦਾਸੀ ਸਾਧਾਂ ਕੋਲ ਸੀ, ਜੋ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਆ ਗਿਆ।

(2) ਗੁਰਦੁਆਰਾ ਕੰਧ ਸਾਹਿਬ : ਇਹ ਉਹ ਸਥਾਨ ਹੈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਆ ਕੇ ਠਹਿਰੀ ਹੋਈ ਸੀ। ਇਸ ਸਥਾਨ ’ਤੇ ਗੁਰੂ ਨਾਨਕ ਸਾਹਿਬ ਜੀ, ਜਿਸ ਕੰਧ ਪਾਸ ਬੈਠੇ ਸਨ ਉਸ ਦਾ ਕੁਝ ਬਚਿਆ ਹਿੱਸਾ ਸਿੱਖਾਂ ਨੇ ਸ਼ਰਧਾ ਵੱਸ ਗੁਰੂ ਜੀ ਦੇ ਵਿਆਹ ਦੀ ਨਿਸ਼ਾਨੀ ਵਜੋਂ ਗੁਰਦੁਆਰੇ ਅੰਦਰ ਸ਼ੀਸ਼ੇ ਦੇ ਇਕ ਬਕਸੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਅਸਥਾਨ ’ਤੇ ਉਸਾਰੇ ਗੁਰਦੁਆਰੇ ਨੂੰ ਗੁਰਦੁਆਰਾ ਕੰਧ ਸਾਹਿਬ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਪਹਿਲਾਂ ਇਹ ਗੁਰਦੁਆਰਾ ਨਿਜੀ ਹੱਥਾਂ ਵਿੱਚ ਸੀ, ਪਰ ਹੁਣ ਇਸ ਦੀ ਸੇਵਾ ਸੰਭਾਲ ਲਈ ਵੱਖਰੀ ਕਮੇਟੀ ਬਣੀ ਹੋਈ ਹੈ।

ਸਵਾਲ : ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਕਿਸ ਰੀਤੀ ਨਾਲ ਹੋਇਆ ਸੀ ?

ਜਵਾਬ : ਵਿਆਹ ਕਿਸ ਰੀਤੀ ਨਾਲ ਹੋਇਆ ਸੀ, ਇਸ ਦੇ ਇਤਿਹਸਾਕ ਤੌਰ ’ਤੇ ਸਾਡੇ ਪਾਸ ਕੋਈ ਸਬੂਤ ਨਹੀਂ ਹੈ, ਪਰ ਗੁਰਬਾਣੀ ਅਤੇ ਜਨੇਊ ਪਾਏ ਜਾਣ ਦੀ ਘਟਨਾ ਦਾ ਇਤਿਹਾਸ ’ਚ ਮਿਲਦੇ ਜ਼ਿਕਰ ਤੋਂ ਯਕੀਨ ਬਝਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਜਾਤੀ ਅਤੇ ਲਿੰਗ ਆਧਾਰਿਤ ਵੰਡੀਆਂ ਪਾਉਣ ਵਾਲੇ ਜਨੇਊ ਧਾਰਨ ਕਰਨ ਦੇ ਫੋਕਟ ਹਿੰਦੂ ਰੀਤੀ ਰਿਵਾਜ ਨਿਭਾਉਣ ਤੋਂ ਇਨਕਾਰ ਕਰ ਸਾਂਝੀਵਾਲਤਾ, ਸਮਾਜਿਕ ਬਰਾਬਰੀ ਅਤੇ ਸਦਾਚਾਰਕ ਗੁਣ ਧਾਰਨ ਕਰਨ ਦਾ ਸੰਦੇਸ਼ ਦਿੱਤਾ, ਉਸੇ ਤਰ੍ਹਾਂ ਵਿਆਹ ਸਮੇਂ ਵੀ ਵੇਦਾਂ ਦੇ ਮੰਤਰ ਪੜ੍ਹ ਕੇ ਅਗਨੀ ਦੇ ਫੇਰੇ ਲੈਣ ਦੀ ਰਸਮ ਦਾ ਤਿਆਗ ਕਰ ਗੁਰ ਸ਼ਬਦ ਦਾ ਕੀਰਤਨ ਗਾਇਨ ਕਰਕੇ ਸ਼ਬਦ ਦੇ ਦੁਆਲੇ ਫੇਰੇ ਲਏ ਹੋਣਗੇ; ਜਿਸ ਤੋਂ ਮੌਜੂਦਾ ਲਾਵਾਂ ਦੀ ਰੀਤ ਸ਼ੁਰੂ ਹੋਈ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਰਬਾਬੀ ਵਜੋਂ ਸਦਾ ਆਪਣੇ ਨਾਲ਼ ਰੱਖਿਆ ਹੈ, ਇਸ ਲਈ ਲਾਵਾਂ ਸਮੇਂ ਕੀਰਤਨ ਨਾ ਹੋਇਆ ਹੋਵੇ, ਐਸਾ ਨਹੀਂ ਕਿਹਾ ਜਾ ਸਕਦਾ।

ਕਈ ਇਤਿਹਾਸਕਾਰ ਲਿਖਦੇ ਹਨ ਕਿ ਭਾਵੇਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਤੇ ਸਹੁਰਾ ਜੀ; ਚੰਗੇ ਰਜਦੇ ਪੁਜਦੇ ਪਰਵਾਰ ਹੋਣ ਤੋਂ ਇਲਾਵਾ ਉਸ ਸਮੇਂ ਗੁਰੂ ਜੀ ਦਾ ਆਪਣਾ ਰੁਤਬਾ ਵੀ ਕਾਫ਼ੀ ਉੱਚਾ ਹੋ ਚੁੱਕਾ ਸੀ ਫਿਰ ਵੀ ਉੱਥੇ ਕੋਈ ਐਸਾ ਰੀਤੀ ਰਿਵਾਜ ਨਹੀਂ ਕੀਤਾ ਗਿਆ ਜਿਸ ਨਾਲ ਹਊਮੈ ਹੰਕਾਰ ਦਾ ਪ੍ਰਗਟਾਵਾ ਹੁੰਦਾ ਹੋਵੇ; ਜਿਵੇਂ ਕਿ ਅੱਜ ਕੱਲ੍ਹ ਸਿੱਖ ਕਰਦੇ ਵੇਖੇ ਜਾ ਸਕਦੇ ਹਨ। ਸਭ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਤੇ ਭੇਦ ਭਾਵ ਨੂੰ ਖ਼ਤਮ ਕਰਨ ਦਾ ਸੁਨੇਹਾ ਦਿੱਤਾ। ਸਿੱਖ ਨੇ ਗੁਰੂ ਸਾਹਿਬ ਜੀ ਵੱਲੋਂ ਦਿੱਤੀ ਵਿਚਾਰਧਾਰਾ ‘‘ਸਬਦੁ ਗੁਰ ਪੀਰਾ ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ ’’ (ਮਹਲਾ /੬੩੫) ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਅਤੇ ਸਮਾਜ ਵਿੱਚ ਬੇਲੋੜੇ ਰੀਤੀ ਰਿਵਾਜਾਂ ਤੋਂ ਸਦਾ ਪਰਹੇਜ਼ ਕਰਨਾ ਹੈ।

ਸਵਾਲ : ਗੁਰਬਾਣੀ ਦੀ ਤੁਕ ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ’’ ਤੋਂ ਮਨੁੱਖ ਨੂੰ ਕੀ ਸਿੱਖਿਆ ਮਿਲਦੀ ਹੈ ?

ਜਵਾਬ : ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੪੮੬ ’ਤੇ ਭਗਤ ਰਵਿਦਾਸ ਜੀ ਵੱਲੋਂ ਉਚਾਰਨ ਕੀਤੇ ਹੋਏ ਸ਼ਬਦ ਦੀ ਇਹ ਪਹਿਲੀ ਤੁਕ ਹੈ, ਜਿਸ ਵਿਚ ਬਹੁਤ ਹੀ ਸੰਕੇਤਿਕ ਭਾਸ਼ਾ ’ਚ ਹਿਰਨ, ਮੱਛੀ, ਭੌਰਾ, ਭਮੱਕੜ, ਹਾਥੀ; ਇਨ੍ਹਾਂ ਪੰਜਾਂ ਦੇ ਇਕ ਇਕ ਐਬ ਵੱਲ ਇਸ਼ਾਰਾ ਕਰ ਦੱਸਿਆ ਹੈ ਕਿ ਇੱਕ ਇੱਕ ਐਬ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ।

ਚੇਤੇ ਰਹੇ ਹਿਰਨ ’ਚ ਘੰਡਾਹੇੜਾ ਦੀ ਧੁਨੀ ਕੰਨ ਇੰਦ੍ਰੇ ਰਾਹੀਂ ਸੁਣਨ ਦੀ ਪ੍ਰਬਲ ਇੱਛਾ ਬਣੀ ਰਹਿੰਦੀ ਹੈ। ਸ਼ਿਕਾਰੀ ਲੁਕ ਕੇ ਘੰਡਾਹੇੜਾ ਬਜਾਉਂਦਾ ਹੈ, ਜਿਸ ਨੂੰ ਸੁਣ ਹਿਰਨ ਦੌੜਿਆ ਆਉਂਦਾ ਹੈ ਕਿਉਂਕਿ ਉਹ ਜਾਣਨਾ ਚਾਹੁੰਦਾ ਹੈ ਕਿ ਇਹ ਧੁਨੀ ਕਿੱਥੋਂ ਆ ਰਹੀ ਹੈ, ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਸ਼ਿਕਾਰੀ ਉਸ ਦਾ ਸ਼ਿਕਾਰ ਕਰਨ ਦੀ ਤਾਕ ਵਿੱਚ ਲੁਕ ਕੇ ਬੈਠਾ ਇਹ ਆਵਾਜ਼ ਕੱਢ ਰਿਹਾ ਹੈ। ਇਸ ਅਗਿਆਨਤਾ ਕਾਰਨ ਉਹ ਆਪਣੀ ਜਾਨ ਗੁਆ ਬੈਠਦਾ ਹੈ।

ਮੱਛੀ ਵਿੱਚ ਜੀਭ ਇੰਦ੍ਰੇ ਨਾਲ਼ ਮਾਸ ਖਾਣ ਦਾ ਚਸ਼ਕਾ ਹੈ। ਮਛੇਰਾ ਆਪਣੀ ਕੁੰਡੀ ਦੇ ਸਿਰੇ ’ਤੇ ਮਾਸ ਦਾ ਟੁਕੜਾ ਟੰਗ ਕੇ ਪਾਣੀ ਵਿੱਚ ਲਮਕਾਅ ਦਿੰਦਾ ਹੈ। ਜੀਭ ਦਾ ਚਸਕਾ ਪੂਰਾ ਕਰਨ ਲਈ ਮੱਛੀ ਉਸ ਕੁੰਡੀ ਨੂੰ ਆਪਣੇ ਮੂੰਹ ਵਿੱਚ ਲੈਂਦੀ ਹੈ ਤਾਂ ਉਹ ਕੁੰਡੀ ਮੱਛੀ ਦੇ ਗਲੇ ’ਚ ਫਸ ਜਾਂਦੀ ਹੈ ਤੇ ਮਛੇਰਾ ਉਸ ਨੂੰ ਧੂ ਕੇ ਪਾਣੀ ਤੋਂ ਬਾਹਰ ਕੱਢ ਲੈਂਦਾ ਹੈ; ਮੱਛੀ ਤੜਫ਼ ਤੜਫ਼ ਕੇ ਮਰ ਜਾਂਦੀ ਹੈ।

ਭੌਰੇ ਨੂੰ ਨੱਕ ਇੰਦ੍ਰੇ ਰਾਹੀਂ ਖੁਸ਼ਬੋ ਲੈਣ ਦਾ ਚਸਕਾ ਹੋਣ ਕਾਰਨ ਉਹ ਸਾਰਾ ਦਿਨ ਫੁੱਲਾਂ ’ਤੇ ਬੈਠਾ ਸੁਗੰਧੀ ਦਾ ਅਨੰਦ ਮਾਣਦਾ ਹੈ। ਕਈ ਫੁੱਲ ਇਸ ਤਰ੍ਹਾਂ ਦੇ ਹੁੰਦੇ ਹਨ, ਜੋ ਸੂਰਜ ਛਿਪਣ ਤੋਂ ਬਾਅਦ ਆਪਣੇ ਆਪ ਨੂੰ ਸਮੇਟ ਲੈਂਦੇ ਹਨ। ਬਿਲਕੁਲ ਬੰਦ ਮੁੱਠੀ ਵਰਗੇ ਹੋ ਜਾਂਦੇ ਹਨ। ਸਵੇਰੇ ਸੂਰਜ ਚੜ੍ਹਨ ਪਿੱਛੋਂ ਫੁੱਲ ਫਿਰ ਪੂਰੀ ਤਰ੍ਹਾਂ ਖੁੱਲ੍ਹ ਕੇ ਖਿੜ੍ਹ ਆਉਂਦੇ ਹਨ। ਸੁਗੰਧੀ ਲੈਣ ਦੀ ਭੁੱਖ ’ਚ ਭੌਰਾ ਬੇਖ਼ਬਰ ਰਹਿੰਦਾ ਹੈ ਤੇ ਸੁਗੰਧੀ ਦੀ ਮਸਤੀ ’ਚ ਫੁੱਲ ਉੱਤੇ ਬੈਠਾ ਹੀ ਅਨੰਦ ਮਾਣਦਾ ਰਹਿੰਦਾ ਹੈ ਤੇ ਰਾਤ ਨੂੰ ਫੁੱਲ ਦੀ ਜਕੜ ’ਚ ਆਉਣ ਨਾਲ਼ ਜਾਨ ਗੁਆ ਲੈਂਦਾ ਹੈ।

ਬਰਸਾਤਾਂ ’ਚ ਭਮੱਕੜ ਬਹੁਤ ਪੈਦਾ ਹੋ ਜਾਂਦੇ ਹਨ। ਇਨ੍ਹਾਂ ਨੂੰ ਅੱਖ ਇੰਦ੍ਰੇ ਰਾਹੀਂ ਅੱਗ ਜਾਂ ਦੀਵੇ ਦਾ ਚਾਨਣ ਬਹੁਤ ਸੁੰਦਰ ਲੱਗਦਾ ਹੈ, ਇਸ ਲਈ ਨੱਠ ਕੇ ਚਾਨਣ ਨਾਲ ਲਿਪਟਣ ਦੀ ਕੋਸ਼ਿਸ਼ ਕਰਦੇ ਹਨ, ਪਰ ਅੱਗ ਦੇ ਸੇਕ ਨਾਲ ਸੜ ਕੇ ਆਪਣੀ ਜਾਨ ਗੁਆ ਬੈਠਦੇ ਹਨ।

ਚਮੜੀ ਇੰਦ੍ਰੇ ਰਾਹੀਂ ਹਾਥੀ ’ਚ ਕਾਮ ਚੇਸ਼ਟਾ ਦੀ ਤੀਬਰ ਇੱਛਾ ਹੁੰਦੀ ਹੈ। ਇਸ ਨੂੰ ਫੜਨ ਲਈ ਇੱਕ ਡੂੰਘਾ ਟੋਆ ਪੁੱਟ ਕੇ ਉੱਪਰ ਕਮਜ਼ੋਰ ਜਿਹੀ ਛੱਤ ਪਾ ਦਿੱਤੀ ਜਾਂਦੀ ਹੈ। ਇਸ ਉੱਪਰ ਹਥਨੀ ਦਾ ਪੂਤਲਾ ਬਣਾ ਕੇ ਖੜ੍ਹਾ ਦਿੱਤਾ ਜਾਂਦਾ ਹੈ। ਕਾਮ ਵਾਸ਼ਨਾ ’ਚ ਅੰਨ੍ਹਾ ਹੋਇਆ ਹਾਥੀ ਆਪਣੀ ਕਾਮ ਇੱਛਾ ਪੂਰੀ ਕਰਨ ਲਈ ਉਸ ਪੂਤਲੇ ਕੋਲ ਆਉਂਦਾ ਹੈ ਤਾਂ ਭਾਰ ਨਾਲ ਕਾਗਜ਼ ਦੀ ਛੱਤ ਸਮੇਤ ਟੋਏ ਵਿੱਚ ਡਿੱਗ ਪੈਂਦਾ ਹੈ ਤੇ ਕਈ ਦਿਨ ਉਸ ਨੂੰ ਭੁੱਖਾ ਤਿਹਾਇਆ ਉਸ ਟੋਏ ’ਚ ਹੀ ਰਹਿਣ ਦਿੱਤਾ ਜਾਂਦਾ ਹੈ। ਜਦ ਭੁੱਖ ਨਾਲ ਹਾਥੀ ਬਹੁਤ ਕਮਜ਼ੋਰ ਹੋ ਜਾਂਦਾ ਹੈ ਤਾਂ ਉਸ ਨੂੰ ਖਿੱਚ ਕੇ ਬਾਹਰ ਕੱਢ ਲਿਆ ਜਾਂਦਾ ਹੈ ਤੇ ਮਹਾਬਤ ਹਾਥੀ ਨੂੰ ਕੁੰਡੇ ਦੇ ਡਰ ਨਾਲ ਸਦਾ ਲਈ ਆਪਣੇ ਅਧੀਨ ਰੱਖ ਕੇ ਕਈ ਤਰ੍ਹਾਂ ਦੇ ਕੰਮ ਲੈਂਦਾ ਹੈ। ਗੁਰਬਾਣੀ ਵਿੱਚ ਇਸ ਦ ਜ਼ਿਕਰ ਇਉਂ ਮਿਲਦਾ ਹੈ ‘‘ਕਾਲਬੂਤ ਕੀ ਹਸਤਨੀ, ਮਨ ਬਉਰਾ ਰੇ ! ਚਲਤੁ ਰਚਿਓ ਜਗਦੀਸ ਕਾਮ ਸੁਆਇ ਗਜ ਬਸਿ ਪਰੇ, ਮਨ ਬਉਰਾ ਰੇ ! ਅੰਕਸੁ ਸਹਿਓ ਸੀਸ ’’ (ਕਬੀਰ ਜੀਉ/੩੩੫)

ਹਿਰਨ, ਮੱਛੀ, ਭੌਰਾ, ਭਮੱਕੜ, ਹਾਥੀ ਦੇ ਇੱਕ ਇੱਕ ਰੋਗ ਦਾ ਇਸ਼ਾਰੇ ਮਾਤਰ ਸੰਕੇਤ ਦੇ ਕੇ ਮਨੁੱਖ ਨੂੰ ਇਸੇ ਪਦੇ ਦੀ ਦੂਸਰੀ ਤੁਕ ‘‘ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ’’ ਰਾਹੀਂ ਭਗਤ ਜੀ ਨੇ ਸੁਚੇਤ ਕੀਤਾ ਹੈ ਕਿ ਜਿਸ (ਮਨੁੱਖ) ’ਚ ਇਹੀ ਪੰਜੇ ਅਸਾਧ ਰੋਗ ਹਨ, ਉਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ ?

ਇਨ੍ਹਾਂ ਪੰਜ ਵਿਕਾਰਾਂ ਤੋਂ ਬਚਣ ਦਾ ਤਰੀਕਾ ਇਸੇ ਸ਼ਬਦ ਦੇ ਆਖਰੀ ਪਦੇ ’ਚ ਦੱਸਿਆ ਹੈ ਕਿ ਹੇ ਭਾਈ ! ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ ਪ੍ਰਭੂ ਦੇ ਦਰ ’ਤੇ ਇਉਂ ਅਰਦਾਸ ਕਰ ਕਿ ਹੇ ਸਭ ਦੇ ਡਰ ਦੂਰ ਕਰਨ ਵਾਲੇ ! ਸਭ ਤੋਂ ਉੱਚੇ ਅਨੰਦ ਦੇ ਮਾਲਕ ਪ੍ਰਭੂ ! (ਮੈਂ ਤੇਰੀ ਸ਼ਰਨ ਆਇਆ ਹਾਂ) ਮੈਨੂੰ (ਆਪਣੇ ਪਿਆਰ ਦਾ) ਪਰਮ ਅਨੰਦ ਬਖ਼ਸ਼, ਜੀ। ਇਹ ਅਰਦਾਸ ਕਰਕੇ ਤੂੰ ਵਿਕਾਰਾਂ ਦੇ ਮੋਹ ’ਚੋਂ ਨਿਕਲ; ਇਹ ਭਟਕਣਾ ਛੱਡ ਦੇਹ, ਸਤਿਗੁਰੂ ਦਾ ਗਿਆਨ ਕਮਾ, ਇਹੀ ਤਪਾਂ ਦਾ ਅਸਲ ਤਪ ਹੈ ‘‘ਰਵਿਦਾਸ ਦਾਸ ! ਉਦਾਸ ਤਜੁ ਭ੍ਰਮੁ; ਤਪਨ ਤਪੁ, ਗੁਰ ਗਿਆਨ ਭਗਤ ਜਨ ਭੈ ਹਰਨ; ਪਰਮਾਨੰਦ ! ਕਰਹੁ ਨਿਦਾਨ ’’

ਇਹੀ ਵਿਚਾਰ ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਨੇ ਇੰਝ ਰੱਖੇ ਹਨ ‘‘ਪਚੈ ਪਤੰਗੁ, ਮ੍ਰਿਗ, ਭ੍ਰਿੰਗ, ਕੁੰਚਰ, ਮੀਨ; ਇਕ ਇੰਦ੍ਰੀ ਪਕਰਿ ਸਘਾਰੇ ਪੰਚ ਭੂਤ ਸਬਲ ਹੈ ਦੇਹੀ; ਗੁਰੁ ਸਤਿਗੁਰੁ ਪਾਪ ਨਿਵਾਰੇ ’’ (ਮਹਲਾ /੯੮੩) ਅਰਥ : ਹੇ ਭਾਈ ! ਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਜਾਂਦਾ ਹੈ; ਹਰਨ, ਭੌਰਾ, ਹਾਥੀ, ਮੱਛੀ ਇਹਨਾਂ ਨੂੰ ਭੀ ਇਕ ਇਕ ਵਿਕਾਰ-ਵਾਸ਼ਨਾ ਆਪਣੇ ਵੱਸ ’ਚ ਕਰਾ ਮਾਰਦੀ ਹੈ, ਪਰ ਮਨੁੱਖਾ ਸਰੀਰ ’ਚ ਤਾਂ ਇਹ ਪੰਜੇ ਹੀ ਕਾਮਾਦਿਕ ਦੈਂਤ ਬਲਵਾਨ ਹਨ, (ਮਨੁੱਖ ਕਿਵੇਂ ਬਚੇ ?)। ਇਨ੍ਹਾਂ ਪੰਜੇ ਵਿਕਾਰਾਂ ਤੋਂ ਬਚਣ ਦਾ ਗੁਰੂ ਜੀ ਉਪਾਅ ਦੱਸਦੇ ਹਨ ਕਿ ਸਤਿਗੁਰੂ ਹੀ ਇਹਨਾਂ ਦੂਤਾਂ ਤੋਂ ਰੱਖਿਆ ਕਰਦਾ ਹੈ। ਸੋ ਇਨ੍ਹਾਂ ਸ਼ਬਦਾਂ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਗੁਰ ਸ਼ਬਦ ਤੋਂ ਸੇਧ ਲੈ ਕੇ ਆਪਣੇ ਵਿਕਾਰਾਂ ਨੂੰ ਆਪਣੇ ਕਾਬੂ ’ਚ ਰੱਖਣ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਤਿਗੁਰੂ ਦੀ ਮਿਹਰ ਦਾ ਪਾਤਰ ਬਣਨਾ ਹੈ।

ਸਵਾਲ : ਅੱਲਾ ਯਾਰ ਖ਼ਾਂ ਯੋਗੀ ਕੌਣ ਸੀ ਅਤੇ ਸਿੱਖ ਇਤਿਹਾਸ ’ਚ ਉਸ ਦਾ ਨਾਮ ਸਤਿਕਾਰ ਨਾਲ ਕਿਉਂ ਲਿਆ ਜਾਂਦਾ ਹੈ ?

ਜਵਾਬ : ਅੱਲਾ ਯਾਰ ਖ਼ਾਂ ਯੋਗੀ ਇਕ ਪ੍ਰਸਿੱਧ ਲੇਖਕ ਅਤੇ ਕਵੀ ਸੀ। ਉਨ੍ਹਾਂ ਦਾ ਪੂਰਾ ਨਾਮ ‘ਹਕੀਮ ਅੱਲਾ ਯਾਰ ਰਹਿਮਾਨ ਸੀ’। ਇਨ੍ਹਾਂ ਨੂੰ ਯੋਗੀ ਉਪਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਜੋਗੀ ਜੀ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਅੱਧ ਦੇ ਆਸ ਪਾਸ ਪੰਚ ਭੂਤਕ ਚੋਲ਼ੇ ’ਚ ਇਸ ਸੰਸਾਰ ਅੰਦਰ ਵਿਚਰੇ। ਬਹੁਤੇ ਲੇਖਕ ਉਨ੍ਹਾਂ ਦਾ ਜਨਮ 1870 ਅਤੇ ਮੌਤ 1956 ਈ: ਲਿਖਦੇ ਹਨ। ਆਪ ਕਿੱਤੇ ਵਜੋਂ ਈਰਾਨੀ/ਯੂਨਾਨੀ ਤਬੀਬ (ਹਕੀਮ) ਸਨ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਉਹ ਬਹੁਤ ਪ੍ਰਭਾਵਤ ਸਨ; ਇਸ ਲਈ ਉਨ੍ਹਾਂ ਦੀ ਸ਼ਹੀਦੀ ਬਾਰੇ ਮਰਸੀਏ ਲਿਖੇ ਜੋ ‘ਸ਼ਹੀਦਾਨਿ-ਵਫ਼ਾ’ ਅਤੇ ‘ਗੰਜਿ ਸ਼ਹੀਦਾਂ’ ਨਾਮ ਦੀਆਂ ਦੋ ਕਿਤਾਬਾਂ ਦੇ ਰੂਪ ’ਚ ਪ੍ਰਕਾਸ਼ਿਤ ਹੋਏ।

ਪੁਸਤਕ ‘ਸ਼ਹੀਦਾਨਿ-ਵਫ਼ਾ’ 1913 ਈ: ’ਚ ਤਿਆਰ ਹੋਈ। ਇਸ ਪੁਸਤਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਦੇ ਯੁੱਧਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਾਲ ਬੜੇ ਹੀ ਜੋਸ਼ੀਲੇ ਅਤੇ ਦਿਲ ਨੂੰ ਟੁੰਬਣ ਵਾਲੀ ਕਵਿਤਾ ਦੇ ਰੂਪ ’ਚ ਸਾਰਾ ਪ੍ਰਸੰਗ ਭਾਵਮਈ ਢੰਗ ’ਚ ਬਿਆਨ ਕੀਤਾ ਹੈ, ਇਸ ਦੇ 117 ਬੰਦ ਹਨ।

ਪੁਸਤਕ ‘ਗੰਜਿ ਸ਼ਹੀਦਾਂ’ ਯੋਗੀ ਜੀ ਨੇ ਚਮਕੌਰ ਸਾਹਿਬ ਦੀ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਬੜੇ ਹੀ ਭਾਵਮਈ ਢੰਗ ਨਾਲ ਲਿਖਿਆ ਹੈ। ਇਸ ਕਵਿਤਾ ਦੇ ਕੁਲ 110 ਬੰਦ ਹਨ, ਜੋ 1915 ਈ: ’ਚ ਪ੍ਰਕਾਸ਼ਿਤ ਹੋਈ।

ਸਵਾਲ: ਬਹੁਤੇ ਰਾਗੀ ਸਿੰਘ ਅਤੇ ਕਥਾਵਾਚਕ ‘‘ਨਾਨਕ ਓਟ, ਪਕਰੀ ਪ੍ਰਭ ਸੁਆਮੀ ’’ (ਮਹਲਾ /੨੦੧) ਤੁਕ ’ਚ ਓਟ ਤੋਂ ਬਾਅਦ ਵਿਸਰਾਮ ਲਾ ਕੇ ਪਾਠ ਕਰਦੇ ਹਨ ਅਤੇ ਕੁਝ ਨਾਨਕ ਤੋਂ ਬਾਅਦ ਵਿਸਰਾਮ ਲਾਉਂਦੇ ਹਨ। ਦੱਸਿਆ ਜਾਵੇ ਕਿ ਤੁਕ ਵਿੱਚ ਸਹੀ ਵਿਸਰਾਮ ਕਿਸ ਥਾਂ ਲੱਗਣਾ ਯੋਗ ਹੈ।

ਜਵਾਬ: ਗੁਰਬਾਣੀ ਦੇ ਕੁਝ ਨਿਯਮ ਹਨ ਜਿਹੜੇ ਯੋਗ ਥਾਵਾਂ ’ਤੇ ਵਿਸਰਾਮ ਲਾਉਣ ਸਮੇਂ ਧਿਆਨ ’ਚ ਰੱਖਣੇ ਅਤਿ ਜ਼ਰੂਰੀ ਹਨ। ਇੱਥੇ ਸਿਰਫ ਨਾਂਵ ਤੇ ਪੜਨਾਂਵ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਲੱਗੀ ਔਂਕੜ ਜਾਂ ਮੁਕਤਾ ਵਾਲੇ ਸ਼ਬਦਾਂ ਦੇ ਨਿਯਮਾਂ ਦੀ ਹੀ ਵੀਚਾਰ ਕੀਤੀ ਜਾਵੇਗੀ। ਜੇ ਨਾਂਵ ਸ਼ਬਦਾਂ ਦਾ ਅੰਤਲਾ ਅੱਖਰ ਔਂਕੜ ਸਹਿਤ ਹੋਵੇ ਤਾਂ ਇੱਕ ਵਚਨ, ਪੁਲਿੰਗ ਅਤੇ ਕਰਤਾ ਕਾਰਕ ਵਿੱਚ ਹੋਵੇਗਾ। ਚੇਤੇ ਰਹੇ ਕਿ ਔਂਕੜ ਅੰਤ ਨਾਂਵ ਨਾਲ ਸੰਬੰਧ ਰੱਖਣ ਵਾਲੇ ਪੜਨਾਂਵ ਅਤੇ ਵਿਸ਼ੇਸ਼ਣ ਸ਼ਬਦ ਵੀ ਆਮ ਤੌਰ ’ਤੇ ਔਂਕੜ ਅੰਤ ਹੋਣਗੇ, ਪਰ ਜੇ ਨਾਂਵ ਸ਼ਬਦ ਮੁਕਤਾ ਅੰਤ ਹੋਵੇ ਤਾਂ ਉਸ ਦੇ ਪੜਨਾਂਵ ਤੇ ਵਿਸ਼ੇਸ਼ਣ ਵੀ ਮੁਕਤਾ ਅੰਤ ਹੋਣਗੇ।

ਮੁਕਤਾ ਅੰਤ ਨਾਂਵ ਦੇ ਇਹ ਅਰਥ ਹੋ ਸਕਦੇ ਹਨ। (1) ਸੰਬੋਧਨ ਕਾਰਕ (2) ਸੰਬੰਧ ਕਾਰਕ (3) ਬਹੁ ਵਚਨ (4) ਇਸਤਰੀ ਲਿੰਗ। ਇਨ੍ਹਾਂ ਸਾਰੇ ਨਿਯਮਾਂ ਨੂੰ ਧਿਆਨ ’ਚ ਰੱਖਦੇ ਹੋਏ ਸਵਾਲ ਅਧੀਨ ਤੁਕ ’ਚ ਸਹੀ ਵਿਸਰਾਮ ‘‘ਨਾਨਕ ! ਓਟ ਪਕਰੀ ਪ੍ਰਭ ਸੁਆਮੀ ’’ ਹੋਣਗੇ ਕਿਉਂਕਿ ਇਥੇ ‘ਨਾਨਕ’ ਸ਼ਬਦ ਬਾਣੀ ਰਚਨਹਾਰੇ ਦੀ ਮੋਹਰਛਾਪ ਵਜੋਂ ਅਤੇ ਸੰਬੋਧਨ ਕਾਰਕ ਦੇ ਅਰਥਾਂ ਵਿਚ ਹੈ; ‘ਓਟ’ ਇਸਤਰੀ ਲਿੰਗ ਹੈ, ਇਸ ਲਈ ਮੁਕਤਾ ਅੰਤ ਹੈ ਅਤੇ ‘ਪ੍ਰਭ’ ਨਾਂਵ ਮੁਕਤਾ ਅੰਤ ਹੋਣ ਕਾਰਨ ਲੁਪਤ ਸੰਬੰਧਕੀ ਚਿੰਨ੍ਹ ‘ਦੀ’ ਦਿੰਦਾ ਹੈ। ਅਰਥ ਬਣ ਗਏ, ‘ਹੇ ਨਾਨਕ ! (ਸਭ ਦੇ ਮਾਲਕ ਸੁਆਮੀ ਅੱਗੇ) ਇਉਂ ਅਰਦਾਸ ਕਰ ਕਿ ਹੇ ਸੁਆਮੀ ! ਮੈਂ ਤੇਰੀ ਓਟ ਲਈ ਹੈ (ਮੈਨੂੰ ਆਪਣੇ ਨਾਮ ਦੀ ਦਾਤ ਬਖ਼ਸ਼)। ਇਸ ਲਈ ਜੇ ਪ੍ਰਚਲਿਤ ਪਾਠ ‘ਨਾਨਕ’ ਦੀ ਬਜਾਏ ‘ਓਟ’ ਸ਼ਬਦ ਤੋਂ ਬਾਅਦ ਵਿਸਰਾਮ ਲਾ ਕੇ ਕੀਤਾ ਜਾਵੇ, ਜਿਸ ਤਰ੍ਹਾਂ ਬਹੁਤੇ ਰਾਗੀ ਸਿੰਘ ਅਤੇ ਕਥਾਵਾਚਕਾਂ ਵੱਲੋਂ ਕੀਤਾ ਜਾਂਦਾ ਹੈ ਤਾਂ ‘ਨਾਨਕ’ ਸੰਬੰਧ ਕਾਰਕ ‘ਦੀ’ ਅਰਥ ਦੇਵੇਗਾ ਭਾਵ ਸੁਆਮੀ ਪ੍ਰਭੂ ਨੇ ਨਾਨਕ ਦੀ ਓਟ ਫੜ ਲਈ ਹੈ। ਇਹ ਅਰਥ ਗੁਰਮਤਿ ਫ਼ਲਸਫ਼ੇ ਵਿਰੁੱਧ ਹਨ ਕਿਉਂਕਿ ਭਾਵੇਂ ਸਾਡੇ ਲਈ ਗੁਰੂ ਨਾਨਕ ਸਾਹਿਬ ਅਤੇ ਪ੍ਰਭੂ ’ਚ ਕੋਈ ਅੰਤਰ ਨਹੀਂ, ਪਰ ਕਿਸੇ ਵੀ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਕਿਧਰੇ ਨਹੀਂ ਲਿਖਿਆ ਜਾਂ ਮੰਨਿਆ ਕਿ ਪ੍ਰਭੂ ਨੇ ਨਾਨਕ ਦੀ ਓਟ ਲਈ ਹੈ।

ਇਹ ਵੀ ਧਿਆਨ ’ਚ ਰੱਖਿਆ ਜਾ ਸਕਦਾ ਹੈ ਕਿ ‘ਓਟ’ ਇਸਤਰੀ ਲਿੰਗ ਨਾਂਵ ਹੈ, ਜੋ ਇਸਤਰੀ ਲਿੰਗ ਕਿਰਿਆ ‘ਪਕਰੀ’ ਨਾਲ਼ ਹੀ ਜੁੜੇਗਾ, ਨਾ ਕਿ ਇੱਕ ਵਚਨ ਪੁਲਿੰਗ ਨਾਂਵ (ਨਾਨਕ) ਨਾਲ਼। ਸੋ ਇਸ ਨਿਯਮ ਨੂੰ ਧਿਆਨ ’ਚ ਰੱਖਦੇ ਹੋਏ ਹੇਠ ਲਿਖੀਆਂ ਤੁਕਾਂ ’ਚ ‘ਨਾਨਕ’ ਸ਼ਬਦ ਤੋਂ ਤੁਰੰਤ ਬਾਅਦ ਵਿਸਰਾਮ ਲੱਗਣਾ ਸਹੀ ਹੈ : 

ਨਾਨਕ ! ਉਤਮੁ ਨੀਚੁ ਨ ਕੋਇ ॥ (ਜਪੁ ਮਹਲਾ ੧/੭) ਅਰਥ : ਹੇ ਨਾਨਕ ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਕੋਈ ਨੀਚ (ਭਾਵ ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਪ੍ਰਭੂ ਆਪ ਹੀ ਹੈ। ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ)।

ਨਾਨਕ ! ਦਾਸੁ ਇਹੈ ਸੁਖੁ ਮਾਗੈ; ਮੋ ਕਉ, ਕਰਿ ਸੰਤਨ ਕੀ ਧੂਰੇ ॥ (ਸੋਹਿਲਾ/ਮਹਲਾ ੫/੧੩) ਅਰਥ : ਹੇ ਨਾਨਕ ! (ਪ੍ਰਭੂ ਦਾ ਦਾਸ) ਤੈਥੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ।

ਨਾਨਕ ! ਨਾਮੁ ਨ ਵੀਸਰੈ, ਕਰਮਿ ਸਚੈ ਨੀਸਾਣੁ ॥ (ਮਹਲਾ ੧/੨੧) ਅਰਥ : ਹੇ ਨਾਨਕ ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱਘੜਦਾ ਹੈ, ਉਸ ਨੂੰ ਕਦੇ ਪ੍ਰਭੂ ਦਾ ਨਾਮ ਨਹੀਂ ਭੁੱਲਦਾ।

ਸੋ ਉਕਤ ਤਿੰਨਾਂ ਹੀ ਤੁਕਾਂ ’ਚ ‘ਨਾਨਕ’ ਸ਼ਬਦ ਮੁਕਤ ਅੰਤ ਹੈ, ਪਰ ਅਗਲੇ ਸ਼ਬਦ ਔਂਕੜ ਸਹਿਤ ਹਨ, ਇਸ ਲਈ ਇਨ੍ਹਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ ਤਾਹੀਓਂ ਚਲੰਤ ਭਾਵ ਇਕੱਠਾ ਪਾਠ ਕਰਨਾ ਗਲਤ ਹੋਵੇਗਾ। ‘ਨਾਨਕ’ ਸੰਬੋਧਨ ਕਾਰਕ ਹੈ, ਇਸ ਲਈ ਇੱਥੇ ਵਿਸਮਿਕ ਚਿੰਨ  ! (ਸੰਬੋਧਨੀ ਵਿਸਰਾਮ) ਲਾਇਆ ਹੈ, ਪਰ ਹੇਠਲੀ ਤੁਕ ’ਚ ‘ਨਾਨਕੁ’ ਅਤੇ ‘ਨੀਚੁ’ ਦੋਵੇਂ ਹੀ ਔਂਕੜ ਸਹਿਤ ਹੋਣ ਕਾਰਨ ‘ਨਾਨਕੁ’ ਇਕ ਵਚਨ ਨਾਂਵ ਤੇ ‘ਨੀਚੁ’ ਇੱਕ ਵਚਨ ਉਸ ਦਾ ਵਿਸ਼ੇਸ਼ਣ ਹੈ, ਇਸ ਲਈ ਦੋਵਾਂ ਸ਼ਬਦਾਂ ਨੂੰ ਅਲੱਗ-ਅਲੱਗ ਨਹੀਂ ਪੜ੍ਹਿਆ ਜਾ ਸਕਦਾ ਭਾਵ ‘ਨਾਨਕੁ’ ਤੋਂ ਬਾਅਦ ਵਿਸਰਾਮ ਨਹੀਂ ਲਾਉਣਾ। ਗੁਰੂ ਨਾਨਕ ਸਾਹਿਬ ਜੀ ਨੇ ਅਤਿ ਨਿਮ੍ਰਤਾ ਭਾਵ ’ਚ ਆ ਕੇ ਆਪਣੇ ਆਪ ਲਈ ‘ਨੀਚੁ’ (ਭਾਵ ਨਿਮਾਣਾ) ਸ਼ਬਦ ਵਰਤਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਹਮੇਸ਼ਾਂ ਹਉਮੈ ਹੰਕਾਰ ਤੋਂ ਬਚ ਕੇ ਨਿਮ੍ਰਤਾ ਭਾਵ ’ਚ ਰਹਿਣ ਦਾ ਗੁਰ ਸਿਖਾਇਆ ਹੈ; ਜਿਵੇਂ ਕਿ ‘‘ਨਾਨਕੁ ਨੀਚੁ ਕਹੈ ਵੀਚਾਰੁ ਵਾਰਿਆ ਜਾਵਾ ਏਕ ਵਾਰ ’’ (ਜਪੁ/ਮਹਲਾ /) ਅਰਥ: (ਹੇ ਨਿਰੰਕਾਰ !  ਤੇਰੀ ਵਿਸ਼ਾਲ ਕੁਦਰਤਿ ਨੂੰ ਮੈਂ ਨਿਮਾਣਾ ਜਿਹਾ ਨਾਨਕ ਕਿੰਨਾ ਕੁ ਬਿਆਨ ਕਰ ਸਕਦਾ ਹਾਂ। ਮੈਂ ਇੱਕ ਵਾਰ ਵੀ ਤੈਥੋਂ ਕੁਰਬਾਨ ਨਹੀਂ ਹੋ ਸਕਦਾ।

ਇਹ ਵੀ ਚੇਤੇ ਰਹੇ ਕਿ ਜਦੋਂ ‘ਨਾਨਕੁ’ ਤੋਂ ਬਾਅਦ ਕਾ, ਕੀ, ਕਉ ਆਦਿਕ ਸੰਬੰਧਕੀ ਚਿੰਨ ਹੋਣ ਤਾਂ ‘ਨਾਨਕ’ (ਮੁਕਤਾ ਅੰਤ) ਸੰਬੋਧਨ ਕਾਰਕ ਨਹੀਂ ਬਲਕਿ ਸੰਬੰਧ ਕਾਰਕ ਬਣ ਜਾਂਦਾ ਹੈ। ਸੰਬੰਧਕੀ ਚਿੰਨ੍ਹ ‘ਕਾ, ਕੀ’ ਆਦਿ ਨੇ ‘ਨਾਨਕ’ ਨੂੰ ਮੁਕਤਾ ਅੰਤ ਕਰ ਦਿੱਤਾ ਹੈ; ਜਿਵੇਂ ਕਿ

ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ; ਮਨਿ ਤਨਿ ਅੰਕਿ ਸਮਾਵਏ ॥ (ਮਹਲਾ ੫/੮੦)

ਨਾਨਕ ਕੀ ਬੇਨੰਤੀ ਪ੍ਰਭ ਪਹਿ; ਕ੍ਰਿਪਾ ਕਰਿ ਭਵਜਲੁ ਤਾਰੀਐ ॥ (ਮਹਲਾ ੫/੮੦)

ਹੇਠ ਲਿਖੀ ਤੁਕ ’ਚ ‘ਨਾਨਕਿ’ ਦੇ ਅੰਤਲੇ ‘ਕ’ ਨੂੰ ਲੱਗੀ ਸਿਹਾਰੀ ’ਚੋਂ ‘ਨੇ’ ਅਰਥ ਮਿਲਦੇ ਹਨ। ਇਥੇ ‘ਨਾਨਕਿ’ ਤੋਂ ਬਾਅਦ ਵਿਸਰਾਮ ਦੇਣਾ ਠੀਕ ਹੈ :

ਨਾਨਕਿ (ਨੇ), ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥ (ਬਲਵੰਡ ਸਤਾ/੯੬੬) ਅਰਥ : ਗੁਰੂ ਨਾਨਕ ਸਾਹਿਬ ਜੀ ਨੇ ਸੱਚ-ਰੂਪ ਕਿਲ੍ਹਾ ਬਣਾਨ ਲਈ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ। ਸੋ ਇਸੇ ਤਰ੍ਹਾਂ ਹਰ ਵਾਰ ‘ਨਾਨਕਿ’ ਤੋਂ ‘ਨਾਨਕ ਨੇ’ ਅਰਥ ਬਣਦੇ ਹਨ।