ਪੂਜਾਰੀ-ਪੂਜਾਰੀ-ਪੂਜਾਰੀ…….
ਗਿਆਨੀ ਅਵਤਾਰ ਸਿੰਘ
ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ, ਸੋਸ਼ਲ ਮੀਡੀਆ (ਯਾਨੀ ਆਡੀਓ/ਵੀਡੀਓ) ਰਾਹੀਂ ਅਤੇ ਆਪਣੀ ਲਿਖਤ ਰਾਹੀਂ ਸ਼ਬਦ ਦੀ ਵਿਚਾਰ ਕਰਦਿਆਂ ਜਾਂ ਸਿੱਖ ਇਤਿਹਾਸ ਸੁਣਾਉਂਦਿਆਂ ਅੱਜ ਕੱਲ੍ਹ ਸਿੱਖਾਂ ਦੇ ਮੂੰਹੋਂ ਪੂਜਾਰੀ ਦੀ ਸੋਚ ਨੂੰ ਨਖਿੱਧ ਸਾਬਤ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ। ‘ਪੂਜਾਰੀ ਸੋਚ’ ’ਤੇ ਕੁੱਝ ਕਿਤਾਬਾਂ ਵੀ ਲਿਖ ਦਿੱਤੀਆਂ ਹਨ। ਅਜਿਹਾ ਜਾਪਦਾ ਹੈ ਕਿ ਸਿੱਖਾਂ ਨੇ ਗੁਰਮਤਿ ਮਾਰਗ ’ਚ ਸਭ ਤੋਂ ਵੱਡੀ ਰੁਕਾਵਟ; ਪੂਜਾਰੀ ਸੋਚ ਨੂੰ ਮੰਨ ਲਿਆ ਹੈ। ਐਸੇ ਸਿੱਖਾਂ ਮੁਤਾਬਕ ਇਹ ਸੋਚ; ਕਿਸੇ ਇੱਕ ਦੋ ਵਿਅਕਤੀਆਂ ਦੀ ਨਹੀਂ ਬਲਕਿ ਇੱਕ ਖ਼ਾਸ ਵਰਗ ਦੀ ਹੈ ਯਾਨੀ ਸਮਾਜ ’ਚ ਇੱਕ ਪੂਰੇ ਵਰਗ ਨੂੰ ਬਹੁਤਾਤ ਸਿੱਖ ਵਕਤਾ; ਨਖਿੱਧ ਸੋਚ ਵਾਲ਼ਾ ਮੰਨਦੇ ਹਨ ਭਾਵੇਂ ਕਿ ਗੁਰਬਾਣੀ ਐਸੇ ਕਿਸੇ ਇੱਕ ਪੂਰੇ ਵਰਗ ਨੂੰ ਨਖਿੱਧ ਸੋਚ ਵਾਲ਼ਾ ਨਹੀਂ ਮੰਨਦੀ। ਮਨ ’ਚ ਐਸੀ ਭਾਵਨਾ ਰੱਖਣ ਨਾਲ਼ ਉਸ ਪੂਰੇ ਵਰਗ ਪ੍ਰਤੀ ਨਫ਼ਰਤ ਉਪਜਦੀ ਹੈ, ਜਿਸ ਦੀ ਝਲਕ; ਪੂਜਾਰੀ-ਪੂਜਾਰੀ ਸ਼ਬਦ ਵਾਰ-ਵਾਰ ਬੋਲਣ/ਲਿਖਣ ਨਾਲ਼ ਪੈਂਦੀ ਹੈ। ਰੂਹਾਨੀਅਤ ਅਨੁਭਵ ਤੋਂ ਸੱਖਣੇ ਸਰੋਤੇ ਉਤੇਜਿਤ ਹੁੰਦੇ ਹਨ ਅਤੇ ਐਸੇ ਬੋਲਾਂ ਨੂੰ ਗੁਰਮਤਿ ਅਨੁਸਾਰੀ ਠਹਿਰਾਉਂਦੇ ਹਨ ਤਾਹੀਓਂ ਐਸੀ ਨਫ਼ਰੀ ਨਿਰੰਤਰ ਵਧ ਰਹੀ ਹੈ। ਐਸਾ ਕਿਉਂ ? ਇਸ ਦੀ ਵਿਚਾਰ; ਹਥਲਾ ਲੇਖ ਹੈ।
ਗੁਰਬਾਣੀ ’ਚ ‘ਪੂਜਾਰੀ’ ਸ਼ਬਦ 6 ਵਾਰ ਦਰਜ ਹੈ, ਜੋ ਕੇਵਲ ਗੁਰੂ ਅਰਜਨ ਸਾਹਿਬ ਜੀ ਦੁਆਰਾ ਵਰਤਿਆ ਗਿਆ ਹੈ ਯਾਨੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ 34 ਬਾਣੀਕਾਰਾਂ ਨੇ ਪੂਜਾਰੀ ਸ਼ਬਦ ਨੂੰ ਆਪਣੀ ਲਿਖਤ ’ਚ ਇੱਕ ਵਾਰ ਭੀ ਸ਼ਾਮਲ ਨਹੀਂ ਕੀਤਾ। ਆਖ਼ਿਰ ਕਿਉਂ ? ਇਸ ਦਾ ਜਵਾਬ ਜਾਣਨ ਤੋਂ ਪਹਿਲਾਂ ‘ਪੂਜਾਰੀ’ ਸ਼ਬਦ ਦੇ ਗੁਰੂ ਅਰਜਨ ਸਾਹਿਬ ਜੀ ਦੁਆਰਾ ਲਏ ਅਰਥ ਜਾਣਨੇ ਜ਼ਰੂਰੀ ਹਨ, ਜੋ ਕਿ ਤਿੰਨ ਤਰ੍ਹਾਂ ਦੇ ਹਨ (ੳ). ਮੰਦਿਰ ’ਚ ਪੂਜਾ ਕਰਨ ਵਾਲ਼ਾ/ਪੰਡਿਤ; ਜਿਵੇ ਕਿ ‘‘ਕੋਟਿ ਪੂਜਾਰੀ; ਕਰਤੇ ਪੂਜਾ ॥’’ (ਮਹਲਾ ੫/੧੧੫੬), (ਅ). ਪੂਜਣਯੋਗ ਬੰਦਾ; ਜਿਵੇਂ ਕਿ ‘‘ਠਾਕੁਰ ਕਾ ਸੇਵਕੁ; ਸਦਾ ਪੂਜਾਰੀ ॥’’ (ਸੁਖਮਨੀ/ਮਹਲਾ ੫/੨੮੫), (ੲ). ਰੱਬ/ਨਿਰਾਕਾਰ ਨੂੰ ਪਿਆਰ ਕਰਨ ਵਾਲ਼ਾ/ਭਗਤ; ਜਿਵੇਂ ਕਿ ‘‘ਸਹਜਿ (’ਚ) ਸਮਾਇਓ; ਦੇਵ ! ॥ ਮੋ ਕਉ ਸਤਿਗੁਰ ਭਏ ਦਇਆਲ, ਦੇਵ !॥੧॥ ਰਹਾਉ ॥ ਕਾਟਿ ਜੇਵਰੀ ਕੀਓ ਦਾਸਰੋ; ਸੰਤਨ ਟਹਲਾਇਓ ॥ ਏਕ ਨਾਮ ਕੋ ਥੀਓ ਪੂਜਾਰੀ; ਮੋ ਕਉ ਅਚਰਜੁ ਗੁਰਹਿ (ਨੇ) ਦਿਖਾਇਓ ॥’’ (ਮਹਲਾ ੫/੨੦੯) ਅਰਥ : ਹੇ ਪ੍ਰਕਾਸ਼ ਰੂਪ (ਨੂਰ ਹੀ ਨੂਰ) ਪ੍ਰਭੂ! (ਤੇਰੀ ਮਿਹਰ ਨਾਲ਼ ਜਦ ਤੋਂ) ਸਤਿਗੁਰੂ ਜੀ ਮੇਰੇ ਉੱਤੇ ਮਿਹਰਵਾਨ ਹੋਏ ਹਨ ਮੈ (ਭੀ ਮਲ਼ੀਨਤਾ/ਅੰਧਕਾਰ ਤੋਂ ਉੱਪਰ ਉੱਠ ਯਾਨੀ ਤੇਰੇ ਵਰਗਾ ਨੂਰ ਹੀ ਨੂਰ ਹੋ ਕੇ) ਅਡੋਲਤਾ ’ਚ ਲੀਨ ਰਹਿੰਦਾ ਹਾਂ। ਰਹਾਉ। ਜਦ ਤੋਂ ਤੈਂ ਮੈਨੂੰ ਸੰਤਨ-ਗੁਰੂ ਦੀ ਦੱਸੀ ਸੇਵਾ-ਭਗਤੀ ’ਚ ਲਾਇਆ ਹੈ ਤਦ ਤੋਂ ਮਾਇਆ ਦੀ ਫਾਹੀ ਕੱਟ ਕੇ ਤੇਰਾ ਨਿਮਾਣਾ ਜਿਹਾ ਦਾਸ ਬਣ ਗਿਆ ਹਾਂ। ਸਤਿਗੁਰੂ ਨੇ ਮੈਨੂੰ ਤੇਰਾ ਅਲੌਕਿਕ ਦਰਸ਼ਨ ਕਰਾ ਦਿੱਤਾ ਅਤੇ ਹੁਣ ਮੈ ਸਦਾ ਤੇਰੇ ਨਾਮ ਦਾ ਪੂਜਾਰੀ ਬਣ ਗਿਆ ਯਾਨੀ ਕਿ ਤੇਰੇ ਨਾਮ ਨੂੰ ਸਦਾ ਚੇਤੇ ਰੱਖਣ ਵਾਲ਼ਾ ਭਗਤ ਬਣ ਗਿਆ। ਸੋ ਇੱਥੇ ਪੁਜਾਰੀ ਦਾ ਅਰਥ ਹੈ ਰੱਬੀ ਭਗਤ, ਸੱਚਾ ਸੇਵਕ; ਨਾ ਕਿ ਪੱਥਰ-ਮੂਰਤੀ ਦੀ ਪੂਜਾ ਕਰਨ ਵਾਲ਼ਾ ਪੰਡਿਤ।
ਭਾਈ ਗੁਰਦਾਸ ਜੀ ਨੇ ਬਹੁਤਾਤ ਸਮਾਂ ਪ੍ਰਸਿੱਧ ਹਿੰਦੂ ਪੂਜਨੀਕ ਨਗਰੀਆਂ (ਬਨਾਰਸ ਆਦਿ) ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਵੀ ਆਪਣੀ ਰਚਨਾ ’ਚ 2 ਵਾਰ ‘ਪੁਜਾਰੀ’ ਸ਼ਬਦ ਦੀ ਵਰਤੋਂ ਕੀਤੀ ਹੈ; ਜਿਵੇਂ ਕਿ (ੳ). ‘‘ਦੇਵੀ ਦੇਵਲ ਦੇਹੁਰੇ; ਲਖ ਪੁਜਾਰੀ ਪੂਜ ਕਰੰਦੇ।’’ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੮), ਇਸ ਤੁਕ ’ਚ ‘ਪੁਜਾਰੀ’ ਦਾ ਅਰਥ ਵੀ ਉਕਤ ਪੰਕਤੀ ‘‘ਕੋਟਿ ਪੂਜਾਰੀ; ਕਰਤੇ ਪੂਜਾ ॥’’ (ਮਹਲਾ ੫/੧੧੫੬) ਵਾਲ਼ਾ ਹੀ ਹੈ। ਐਸੇ ਪੁਜਾਰੀ-ਕਰਮ ਨੂੰ ਅਰਥਹੀਣ ਸਾਬਤ ਕਰਨ ਲਈ ਆਪਣੀ ਪਉੜੀ ਦੇ ਅੰਤ ’ਚ ਭਾਈ ਸਾਹਿਬ ਜੀ ਨੇ ਇੱਕ ਗੁਰਸਿੱਖ ਦੇ ਅਨੰਦਮਈ ਜੀਵਨ ਦੀ ਤੁਲਨਾਤਮਿਕ ਮਿਸਾਲ ਦੇ ਕੇ ਸਮਝਾਇਆ ਹੈ‘‘ਗੁਰੁ ਸਿਖੀ ਸੁਖੁ; ਤਿਲੁ ਨ ਲਹੰਦੇ ॥੧੮॥’’ ਯਾਨੀ ਪੱਥਰ-ਦੇਵ ਮੂਰਤੀ ਦੀ ਪੂਜਾ ਕਰਨ ਵਾਲ਼ੇ ਪੁਜਾਰੀ (ਅਸ਼ਾਂਤ ਪੰਡਿਤ); ਨਿਰਾਕਾਰ ਰੱਬ ਦੀ ਭਗਤੀ ਕਰਨ ਵਾਲ਼ੇ ਸੱਚੇ ਸਿੱਖ (ਪੁਜਾਰੀ) ਦੇ ਅਨੰਦਮਈ ਜੀਵਨ ਦੀ ਤਿਲ ਮਾਤਰ ਭੀ ਬਰਾਬਰੀ ਨਹੀਂ ਕਰ ਸਕਦੇ। ਦੋਵੇਂ ਪੁਜਾਰੀਆਂ ਦੇ ਕਿਰਦਾਰਾਂ ’ਚ ਪਏ ਇਸ ਅੰਤਰ ਦਾ ਅਸਲ ਕਾਰਨ ਭੀ ਭਾਈ ਸਾਹਿਬ ਜੀ ਆਪਣੇ ਇੱਕ ਕਬਿੱਤ ਰਾਹੀਂ ਇਉਂ ਸਪਸ਼ਟ ਕਰਦੇ ਹਨ (ਅ). ‘‘ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੁਜਾਰੀ; ਅੰਤਰਿ ਅਗਿਆਨ ਮਤ, ਗਿਆਨ ਗੁਰ ਹੀਨੋ ਹੈ ॥੪੮੫॥’’ (ਭਾਈ ਗੁਰਦਾਸ ਜੀ/ਕਬਿੱਤ ੪੮੫) ਅਰਥ : ਪੱਥਰ-ਮੂਰਤੀ/ਕ੍ਰਿਸ਼ਨ (ਨੂੰ ਅਸਲ ਰੱਬ ਜਾਣ ਕੇ ਉਸ) ਨਾਲ਼ ਪਾਇਆ ਪਿਆਰ; ਪੁਜਾਰੀ ਦੇ ਅੰਦਰ ਕੰਧ ਵਾਙ ਪਰਦਾ (ਹਨ੍ਹੇਰਾ) ਕਰ ਦਿੰਦਾ ਹੈ। ਇਸ ਅੰਦਰਲੇ ਹਨ੍ਹੇਰੇ (ਅਗਿਆਨ) ਕਾਰਨ ਪੁਜਾਰੀ ਦੀ ਅਕਲ; ਗੁਰੂ ਗਿਆਨ ਤੋਂ ਸੱਖਣੀ ਰਹਿ ਜਾਂਦੀ ਹੈ (ਤਾਹਓਂ ਗੁਰਸਿੱਖ ਵਾਙ ਅਨੰਦਮਈ ਜੀਵਨ ਨਹੀਂ ਭੋਗ ਸਕਦੇ)।
ਗੁਰਬਾਣੀ ਵਿੱਚ ਸ਼ਬਦ ਬਣਤਰ ‘ਪੂਜਾਰੀ’ ਹੈ ਅਤੇ ਭਾਈ ਗੁਰਦਾਸ ਜੀ ਦੀ ਰਚਨਾ ’ਚ ‘ਪੁਜਾਰੀ’। ਦੋਵਾਂ ਦੇ ਅਰਥਾਂ ’ਚ ਕੋਈ ਅੰਤਰ ਨਹੀਂ। ਹੁਣ ਇਹ ਸਵਾਲ ਵੀ ਪੈਦਾ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲ਼ੀਆਂ ਇਨ੍ਹਾਂ ਦੋ ਮਹਾਨ ਸ਼ਖ਼ਸੀਅਤਾਂ (ਗੁਰੂ ਅਰਜਨ ਸਾਹਿਬ ਅਤੇ ਭਾਈ ਗੁਰਦਾਸ ਜੀ) ਨੇ ਇਸ ਸ਼ਬਦ ਨੂੰ ਕਿਸ ਸੰਦਰਭ (ਪ੍ਰਸੰਗ/ਪਰਿਪੇਖ) ’ਚ ਵਰਤਣਾ ਜ਼ਰੂਰੀ ਸਮਝਿਆ ਹੈ।
ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰ ਦੁਆਰਾ ਰਚੀ ਵਿਸ਼ਾਲ ਕੁਦਰਤ ’ਚ ਆਪਣੇ-ਆਪਣੇ ਮੱਤ/ਧਰਮ ਨਾਲ਼ ਭਗਤੀ ਕਰਨ ਵਾਲ਼ਿਆਂ ਦੀ ਗਿਣਤੀ ਨੂੰ ਉਜਾਗਰ ਕਰਦਿਆਂ ‘ਪੂਜਾਰੀ’ ਸ਼ਬਦ ਨੂੰ ਵਰਤਿਆ ਹੈ; ਜਿਵੇਂ ਕਿ ‘‘ਕਈ ਕੋਟਿ (ਕ੍ਰੋੜਾਂ); ਹੋਏ ਪੂਜਾਰੀ ॥ ਕਈ ਕੋਟਿ; ਆਚਾਰ ਬਿਉਹਾਰੀ ॥ ਕਈ ਕੋਟਿ; ਭਏ ਤੀਰਥ ਵਾਸੀ ॥ ਕਈ ਕੋਟਿ; ਬਨ (ਜੰਗਲ਼ ’ਚ) ਭ੍ਰਮਹਿ ਉਦਾਸੀ (ਬਣ ਕੇ) ॥ ਕਈ ਕੋਟਿ; ਬੇਦ ਕੇ ਸ੍ਰੋਤੇ (ਸੁਣਨ ਵਾਲ਼ੇ)॥ ਕਈ ਕੋਟਿ; ਤਪੀਸੁਰ ਹੋਤੇ ॥ ਕਈ ਕੋਟਿ; ਆਤਮ ਧਿਆਨੁ ਧਾਰਹਿ ॥ ਕਈ ਕੋਟਿ ਕਬਿ (ਕਵੀ); ਕਾਬਿ ਬੀਚਾਰਹਿ ॥ ਕਈ ਕੋਟਿ; ਨਵਤਨ (ਹਰ ਦਿਨ ਨਵਾਂ) ਨਾਮ ਧਿਆਵਹਿ ॥ (ਫਿਰ ਵੀ) ਨਾਨਕ ! ਕਰਤੇ ਕਾ ਅੰਤੁ ਨ ਪਾਵਹਿ ॥੧॥’’ (ਸੁਖਮਨੀ/ਮਹਲਾ ੫/੨੭੫)
ਭਾਈ ਗੁਰਦਾਸ ਜੀ ਉਕਤ ਸ਼੍ਰੇਣੀ ਭਗਤਾਂ ਦੀ ਗਿਣਤੀ ਨੂੰ ਸਿੱਖ-ਭਗਤ ਦੇ ਜੀਵਨ ਨਾਲ਼ ਤੁਲਨਾਤਿਕ ਪੱਖੋਂ ਉਜਾਗਰ ਕਰਦੇ ਹਨ ‘‘ਲਖ ਜਪ ਤਪ, ਲਖ ਸੰਜਮਾ; ਹੋਮ ਜਗ ਲਖ ਵਰਤ ਕਰੰਦੇ। ਲਖ ਤੀਰਥ ਲਖ ਊਲਖਾ (ਦਾਨੀ); ਲਖ ਪੁਰੀਆ, ਲਖ ਪੁਰਬ ਲਗੰਦੇ। ਦੇਵੀ ਦੇਵਲ ਦੇਹੁਰੇ (ਦੇਵ–ਮੰਦਿਰ); ਲਖ ਪੁਜਾਰੀ ਪੂਜ ਕਰੰਦੇ। ਜਲ ਥਲ ਮਹੀਅਲ (ਯਾਨੀ ਇੱਧਰ ਉੱਧਰ) ਭਰਮਦੇ; ਕਰਮ ਧਰਮ ਲਖ ਫੇਰਿ ਫਿਰੰਦੇ। ਲਖ ਪਰਬਤ, ਵਣਖੰਡ (ਜੰਗਲ਼) ਲਖ; ਲਖ ਉਦਾਸੀ ਹੋਇ ਭਵੰਦੇ। ਅਗਨੀ (ਅੱਗ ’ਚ) ਅੰਗੁ ਜਲਾਇਂਦੇ; ਲਖ ਹਿਮੰਚਲਿ (ਬਰਫ਼ ’ਚ) ਜਾਇ ਗਲੰਦੇ। (ਫਿਰ ਵੀ) ਗੁਰੁ ਸਿਖੀ ਸੁਖੁ (ਸਿੱਖ ਦੇ ਅਨੰਦ ਮੁਕਾਬਲੇ); ਤਿਲੁ ਨ ਲਹੰਦੇ (ਤਿਲ ਮਾਤਰ ਨਾ ਅਨੰਦ ਲੈ ਸਕਦੇ)॥੧੮॥’’ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੮)
ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਦੇ ਸਿੱਖ ਉੱਤੇ ਹੁੰਦੀ ਰੱਬ ਦੀ ਮਿਹਰ ਅਤੇ ਉਸ ਦਾ ਰੱਬ ਨਾਲ਼ ਜੁੜਨਾ, ਹੀ ਅਨੰਦਮਈ ਜੀਵਨ ਜਿਊਣ ਦਾ ਕਾਰਨ ਮੰਨਿਆ ਹੈ ‘‘ਠਾਕੁਰ ਕਾ ਸੇਵਕੁ; ਆਗਿਆਕਾਰੀ ॥ ਠਾਕੁਰ ਕਾ ਸੇਵਕੁ; ਸਦਾ ਪੂਜਾਰੀ ॥ ਠਾਕੁਰ ਕੇ ਸੇਵਕ ਕੈ ਮਨਿ (’ਚ) ਪਰਤੀਤਿ (ਭਰੋਸਾ) ॥ ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥ ਠਾਕੁਰ ਕਉ, ਸੇਵਕੁ ਜਾਨੈ ਸੰਗਿ (ਅੰਗ–ਸੰਗ) ॥ ਪ੍ਰਭ ਕਾ ਸੇਵਕੁ; ਨਾਮ ਕੈ ਰੰਗਿ (’ਚ)॥ ਸੇਵਕ ਕਉ ਪ੍ਰਭ ਪਾਲਨਹਾਰਾ ॥ ਸੇਵਕ ਕੀ ਰਾਖੈ ਨਿਰੰਕਾਰਾ ॥ (ਪਰ) ਸੋ ਸੇਵਕੁ; ਜਿਸੁ (’ਤੇ) ਦਇਆ ਪ੍ਰਭੁ ਧਾਰੈ ॥ ਨਾਨਕ! ਸੋ ਸੇਵਕੁ; ਸਾਸਿ ਸਾਸਿ (ਨਾਲ਼ ਕਰਤੇ ਨੂੰ) ਸਮਾਰੈ (ਯਾਦ ਰੱਖਦੈ) ॥੩॥’’ (ਸੁਖਮਨੀ/ਮਹਲਾ ੫/੨੮੫)
ਭਾਈ ਗੁਰਦਾਸ ਜੀ ਨੇ ਅੱਖੀਂ ਵੇਖਿਆ ਕਿ ਗੁਰੂ ਗਿਆਨ ਤੋਂ ਸੱਖਣੇ ਅਗਿਆਨੀ ਪੁਜਾਰੀ/ਪੰਡਿਤ; ਕਿਵੇਂ ਵਿਸ਼ਾਲ ਕਰਤਾਰ ਨੂੰ ਕ੍ਰਿਸ਼ਨ ਜੀ ਮੰਨੀ ਬੈਠੇ ਹਨ। ਭਾਈ ਸਾਹਿਬ ਨੇ ਗੁਰਮਤਿ ਦਾ ਪ੍ਰਚਾਰ ਕਰਦਿਆਂ ਉਨ੍ਹਾਂ ਨੂੰ ਸੱਚੇ ਮਾਲਕ ਦੀ ਵਿਸ਼ਾਲਤਾ ਤੋਂ ਇਉਂ ਜਾਣੂ ਕਰਵਾਇਆ ‘‘ਜਾ ਕੋ ਨਾਮੁ ਹੈ ਅਜੋਨੀ; ਕੈਸੇ ਕੈ ਜਨਮੁ ਲੈ ?; ਕਹਾ ਜਾਨ ਬ੍ਰਤ ਜਨਮਾਸਟਮੀ ਕੋ ਕੀਨੋ ਹੈ ?। ਜਾ ਕੋ ਜਗਜੀਵਨ ਅਕਾਲ ਅਬਿਨਾਸੀ ਨਾਮੁ; ਕੈਸੇ ਕੈ ਬਧਿਕ ਮਾਰਿਓ ਅਪਜਸੁ ਲੀਨੋ ਹੈ ?। ਨਿਰਮਲ ਨਿਰਦੋਖ ਮੋਖ ਪਦੁ ਜਾ ਕੇ ਨਾਮਿ (ਰਾਹੀਂ); ਗੋਪੀਨਾਥ ਕੈਸੇ ਹੁਇ ਬਿਰਹ ਦੁਖ ਦੀਨੋ ਹੈ ?। ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੁਜਾਰੀ; ਅੰਤਰਿ ਅਗਿਆਨ ਮਤ, ਗਿਆਨ ਗੁਰ ਹੀਨੋ ਹੈ ॥੪੮੫॥’’ (ਭਾਈ ਗੁਰਦਾਸ ਜੀ/ਕਬਿੱਤ ੪੮੫) ਅਰਥ : ਜਿਸ ਕਰਤਾਰ ਦਾ ਨਾਂ ਹੀ ਅਜੂਨੀ ਹੈ ਯਾਨੀ ਜੋ ਜੂਨਾਂ ’ਚ ਆਉਂਦਾ ਹੀ ਨਹੀਂ, ਉਸ ਨੇ ਕਿਵੇਂ ਜਨਮ ਲਿਆ ਤੇ ਕੀ ਸਮਝ ਕੇ ਜਨਮ-ਅਸ਼ਟਮੀ ਦਾ ਬ੍ਰਤ ਰੱਖਿਆ ਜਾਂਦਾ ਹੈ ? (ਜਾ ਕੋ ਨਾਮੁ ਹੈ ਅਜੋਨੀ; ਕੈਸੇ ਕੈ ਜਨਮੁ ਲੈ ?; ਕਹਾ ਜਾਨ ਬ੍ਰਤ ਜਨਮਾਸਟਮੀ ਕੋ ਕੀਨੋ ਹੈ ?।) ਜਿਸ ਕਰਤਾਰ ਦਾ ਨਾਂ ਹੀ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲ਼ਾ, ਮੌਤ ਰਹਿਤ ਤੇ ਸਦੀਵੀ ਸਥਿਰ ਹੈ, ਉਸ ਨੂੰ (ਕ੍ਰਿਸ਼ਨ ਰੂਪ ’ਚ) ਕਿਵੇਂ ਇੱਕ ਸ਼ਿਕਾਰੀ ਨੇ ਤੀਰ ਨਾਲ਼ ਮਾਰ ਕੇ ਬਦਨਾਮੀ ਖੱਟੀ (ਕਿ ਤੈਂ ਰੱਬ ਨੂੰ ਮਾਰ ਦਿੱਤਾ/ਜਾ ਕੋ ਜਗਜੀਵਨ ਅਕਾਲ ਅਬਿਨਾਸੀ ਨਾਮੁ; ਕੈਸੇ ਕੈ ਬਧਿਕ ਮਾਰਿਓ ਅਪਜਸੁ ਲੀਨੋ ਹੈ।) ? (ਚੇਤੇ ਰਹੇ ਕਿ ਕ੍ਰਿਸ਼ਨ ਜੀ ਦੇ ਪੈਰ ’ਚ ਪਦਮ ਚਿੰਨ੍ਹ ਸੀ, ਜਿਸ ਨੂੰ ਇੱਕ ਸ਼ਿਕਾਰੀ ਨੇ ਹਿਰਨ ਦੀ ਅੱਖ ਸਮਝ ਕੇ ਤੀਰ ਮਾਰਿਆ। ਉਸ ਨਾਲ਼ ਕ੍ਰਿਸ਼ਨ ਦੀ ਮੌਤ ਹੋਈ ਸੀ।) ਜਿਸ ਕਰਤਾਰ ਦੇ ਨਾਮ (ਜਪਣ) ਨਾਲ਼ ਅਨੇਕਾਂ ਵਿਕਾਰ ਰਹਿਤ ਹੋ ਕੇ ਮੁਕਤੀ ਪਾ ਗਏ। ਉਹ (ਖ਼ੁਦ) ਗੋਪੀਆਂ ਦਾ ਸੁਆਮੀ (ਰੰਗ-ਰਲ਼ੀਆਂ ਮਨਾਉਣ ਵਾਲ਼ਾ/ ਵਿਕਾਰੀ ਜੀਵਨ ਵਾਲ਼ਾ) ਕਿਵੇਂ ਹੋ ਸਕਦਾ ਹੈ। ਜਿਸ ਦੇ ਅੱਖੋਂ ਦੂਰ ਹੋਣ ਨਾਲ਼ ਗੋਪੀਆਂ ਦੁਖੀ ਹੁੰਦੀਆਂ ਹਨ (ਨਿਰਮਲ ਨਿਰਦੋਖ ਮੋਖ ਪਦੁ ਜਾ ਕੇ ਨਾਮਿ (ਰਾਹੀਂ); ਗੋਪੀਨਾਥ ਕੈਸੇ ਹੁਇ ਬਿਰਹ ਦੁਖ ਦੀਨੋ ਹੈ ?)। ਪੱਥਰ-ਮੂਰਤੀ/ਕ੍ਰਿਸ਼ਨ (ਨੂੰ ਅਸਲ ਰੱਬ ਜਾਣ ਕੇ ਉਸ) ਨਾਲ਼ ਪਾਇਆ ਪਿਆਰ; ਪੁਜਾਰੀ ਦੇ ਅੰਦਰ ਕੰਧ ਵਾਙ ਪਰਦਾ (ਹਨ੍ਹੇਰਾ) ਕਰ ਦਿੰਦਾ ਹੈ। ਇਸ ਅੰਦਰਲੇ ਹਨ੍ਹੇਰੇ ਕਾਰਨ ਪੁਜਾਰੀ ਦੀ ਅਕਲ; ਗੁਰੂ ਗਿਆਨ ਤੋਂ ਸੱਖਣੀ ਰਹਿ ਜਾਂਦੀ ਹੈ (ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੁਜਾਰੀ; ਅੰਤਰਿ ਅਗਿਆਨ ਮਤ, ਗਿਆਨ ਗੁਰ ਹੀਨੋ ਹੈ/ ਤਾਹਓਂ ਗੁਰਸਿੱਖ ਵਾਙ ਅਨੰਦਮਈ ਜੀਵਨ ਨਹੀਂ ਭੋਗ ਸਕਦੇ)।
ਭਾਈ ਗੁਰਦਾਸ ਜੀ ਦੇ ਉਕਤ ਕਬਿੱਤ ’ਚ ਗੁਰੂ ਗਿਆਨ ਤੋਂ ਸੱਖਣੇ, ਪਰ ਪੂਜਾ ਭਗਤੀ ਨਿਰੰਤਰ ਕਰਨ ਵਾਲ਼ੇ (ਪੁਜਾਰੀ) ਲੋਕ; ਵਿਸ਼ਾਲ ਕਰਤਾਰ ਨੂੰ ਮਨੁੱਖ ਰੂਪ ’ਚ ਕ੍ਰਿਸ਼ਨ ਜੀ ਸਮਝ ਬੈਠੇ ਹਨ ਜਦਕਿ ਉਸ ਦੀ ਵਿਸ਼ਾਲਤਾ ਨੂੰ ਗੁਰੂ ਅਰਜਨ ਸਾਹਿਬ ਜੀ ‘ਪੂਜਾਰੀ’ ਸ਼ਬਦ ਦੀ ਵਰਤੋਂ ਕਰਦਿਆਂ ਇਉਂ ਰੂਪਮਾਨ ਕਰਦੇ ਹਨ ‘‘ਕੋਟਿ ਤੀਰਥ; ਜਾ ਕੇ ਚਰਨ ਮਝਾਰ ॥ ਕੋਟਿ ਪਵਿਤ੍ਰ; ਜਪਤ ਨਾਮ ਚਾਰ ॥ ਕੋਟਿ ਪੂਜਾਰੀ; ਕਰਤੇ ਪੂਜਾ ॥ ਕੋਟਿ ਬਿਸਥਾਰਨੁ; ਅਵਰੁ ਨ ਦੂਜਾ ॥’’ (ਮਹਲਾ ੫/੧੧੫੬) ਅਰਥ : ਜਿਸ ਦੇ ਚਰਨਾਂ ’ਚ ਕ੍ਰੋੜਾਂ ਤੀਰਥ ਹਨ (ਯਾਨੀ ਕ੍ਰੋੜਾਂ ਤੀਰਥ-ਇਸ਼ਨਾਨ ਕਰਨ ਉਪਰੰਤ ਮੰਨੀ ਜਾਂਦੀ ਪਵਿੱਤਰਤਾ; ਕਰਤਾਰ ਦੇ ਗੁਣ ਗਾਉਣ ’ਚ ਹੀ ਆ ਜਾਂਦੀ ਹੈ, ਬਾਹਰ ਭਟਕਣ ਦੀ ਲੋੜ ਨਹੀਂ ਰਹਿੰਦੀ)। ਜਿਸ ਦਾ ਸੁੰਦਰ ਨਾਮ ਜਪਦਿਆਂ ਕੋ੍ਰੜਾਂ ਭਗਤ ਪਵਿੱਤਰ ਹੋ ਜਾਂਦੇ ਹਨ। ਜਿਸ ਦੀ ਪੂਜਾ ਕਿਸੇ ਨਾ ਕਿਸੇ ਰੂਪ ’ਚ ਕ੍ਰੋੜਾਂ ਸ਼ਰਧਾਲੂ ਕਰਦੇ ਹਨ। ਉਸ ਮਾਲਕ ਨੇ ਕ੍ਰੋੜਾਂ ਜੀਵਾਂ ਦਾ ਖਿਲਾਰਾ ਖਿਲਾਰਿਆ ਹੈ। ਇਸ ਖਿਲਾਰੇ ’ਚੋਂ ਉਸ ਵਿਸ਼ਾਲ ਵਰਗਾ ਕੋਈ ਹੋਰ ਨਹੀਂ ਹੈ।
ਉਕਤ ਕਬਿੱਤ ’ਚ ਕ੍ਰਿਸ਼ਨ ਜੀ ਦੇ ਵਿਛੋੜੇ ’ਚ ਗੋਪੀਆਂ ਦੁਖੀ ਹੋਈਆਂ ਹਨ ਜਦਕਿ ਅਸਲ ਕਰਤਾਰ ਦੀ ਮਿਹਰ ਨਾਲ਼ ਕੋਈ ਦੁਖੀ ਨਹੀਂ ਹੁੰਦਾ; ਜਿਵੇ ਕਿ ‘ਪੂਜਾਰੀ’ ਸ਼ਬਦ ਦੀ ਵਰਤੋਂ ਕਰ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਹਨ ‘‘ਜਾ ਕੀ ਦ੍ਰਿਸਟਿ; ਦੁਖ ਡੇਰਾ ਢਹੈ ॥ ਅੰਮ੍ਰਿਤ ਨਾਮੁ ਸੀਤਲੁ; ਮਨਿ (’ਚ) ਗਹੈ ॥ ਅਨਿਕ ਭਗਤ; ਜਾ ਕੇ ਚਰਨ ਪੂਜਾਰੀ ॥ ਸਗਲ ਮਨੋਰਥ ਪੂਰਨਹਾਰੀ ॥’’ (ਮਹਲਾ ੫/੧੧੪੨) ਅਰਥ : ਜਿਸ ਦੀ ਮਿਹਰ ਨਾਲ਼ ਦੁੱਖਾਂ ਦੀ ਗਠੜੀ ਲਹਿੰਦੀ ਹੈ ਕਿਉਂਕਿ ਸ਼ਾਂਤੀ ਦੇਣ ਵਾਲਾ ਅੰਮ੍ਰਿਤਮਈ ਨਾਮ ਹਿਰਦੇ ’ਚ ਵੱਸ ਜਾਂਦਾ ਹੈ। ਜਿਸ ਦੇ ਚਰਨਾਂ ’ਚ ਅਨੇਕਾਂ ਭਗਤ; ਪੂਜਾਰੀ ਬਣ ਕੇ ਰਹਿੰਦੇ ਹਨ ਕਿਉਂਕਿ ਸਭ ਦੀਆਂ ਮਨੋ ਕਾਮਨਾਵਾਂ ਉਹ ਪੂਰੀਆਂ ਕਰ ਦਿੰਦਾ ਹੈ।
ਗੁਰਬਾਣੀ ਦੀ ਇਹ ਖ਼ਾਸੀਅਤ ਹੈ ਕਿ ਇਸ ਨੇ ਕੋਈ ਵੀ ਸਮਾਜਿਕ ਪੱਖ; ਮਿਸਾਲ ਵਜੋਂ ਲਿਆ, ਉਸ ਨੂੰ ਕਰਤਾਰ ਦੀ ਖੇਡ ਦਰਸਾਉਣਾ ਹੀ ਹੁੰਦਾ ਹੈ ਤਾਂ ਜੋ ਮਨੁੱਖ ਕੁਦਰਤਿ ਨਾਲ਼ੋਂ ਸੰਬੰਧ ਤੋੜੇ ਅਤੇ ਸਮਾਜ ’ਚ ਆਪਸੀ ਦ੍ਵੈਤ-ਭਾਵਨਾ ਨਾ ਰਹੇ। ‘ਪੂਜਾਰੀ’ ਸ਼ਬਦ ਰਾਹੀਂ ਵੀ ਸਚਖੰਡ/ਬੇਗ਼ਮਪੁਰੇ ਨਜ਼ਰੀਏ ਤੋਂ ਇਹੀ ਸੰਦੇਸ਼ ਦਿੱਤਾ ਗਿਆ ਹੈ ‘‘ਆਪ ਹੀ ਮੰਦਰੁ; ਆਪਹਿ ਸੇਵਾ ॥ ਆਪ ਹੀ ਪੂਜਾਰੀ; ਆਪ ਹੀ ਦੇਵਾ ॥’’ (ਮਹਲਾ ੫/੮੦੩) ਅਰਥ : ਕਰਤਾਰ ਆਪ ਹੀ (ਆਪਣੇ ਦੁਆਰਾ ਰਚੀ ਕੁਦਰਤਿ ’ਚ) ਮੰਦਿਰ ਹੈ। ਆਪ ਹੀ (ਮੰਦਿਰ ’ਚ) ਦੇਵਤਾ ਬਣਿਆ ਬੈਠਾ ਹੈ। ਆਪ ਹੀ (ਗੁਰੂ ਤੋਂ ਸੱਖਣਾ ਓਥੇ) ਪੂਜਾਰੀ ਹੈ ਤੇ ਆਪ ਹੀ (ਪੱਥਰ ਰੂਪ ’ਚ ਦੇਵਤਿਆਂ ਦੀ) ਪੂਜਾ ਕਰਦਾ ਪਿਆ ਹੈ।
ਉਕਤ ਕੀਤੀ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰਬਾਣੀ; ਸਮਾਜ ’ਚ ਕਿਸੇ ਵਿਸ਼ੇਸ਼ ਵਰਗ ਪ੍ਰਤੀ ਨਫ਼ਰਤ ਨਹੀਂ ਰੱਖਣ ਦਿੰਦੀ, ਪਰ ਫਿਰ ਵੀ ਇੱਕ ਸਮੁੱਚੇ ਪੂਜਾਰੀ ਵਰਗ ਪ੍ਰਤੀ ਕਈ ਸਿੱਖ ਨਖਿੱਧ ਭਾਵਨਾ ਰੱਖਦੇ ਹਨ, ਜੋ ‘‘ਸਭੇ ਸਾਝੀਵਾਲ ਸਦਾਇਨਿ…॥’’ (ਮਹਲਾ ੫/੯੭) ਸਿਧਾਂਤ ਵਿਰੁੱਧ ਹੈ। ਆਪਹੁਂ ਬਣੇ ਜਾਗਰੂਕ ਸਿੱਖ; ‘ਪੂਜਾਰੀ’ ਦਾ ਅਰਥ ਕਰਦੇ ਹਨ ‘ਜੋ ਧਰਮ ਪ੍ਰਚਾਰ ਦੀ ਕਮਾਈ ਨਾਲ਼ ਆਪਣੀ ਉਪਜੀਵਕਾ (ਰੋਜ਼ੀ-ਰੋਟੀ) ਚਲਾਉਂਦਾ ਹੈ, ਉਹ ਪੁਜਾਰੀ ਹੈ’। ਇਹ ਅਰਥ ਬਿਲਕੁਲ ਨਾਸਤਿਕ ਸੋਚ ’ਚੋਂ ਉਪਜੇ ਹਨ ਤਾਂ ਜੋ ਸਿੱਖ ਆਪਣੇ ਧਰਮ ਦਾ ਪ੍ਰਚਾਰ ਨਾ ਕਰਨ। ਇਹ ਲੋਕ ਆਪਣੇ ਆਪ ਨੂੰ ਅਪੁਜਾਰੀ ਵਰਗ ਮੰਨਦੇ ਹਨ ਯਾਨੀ ਕਿਸੇ ਦੀ ਵੀ ਪੂਜਾ/ਭਗਤੀ ਨਾ ਕਰਨ ਵਾਲ਼ੇ ਮਨੁੱਖ। ਨਾਸਤਿਕਾਂ ਦੁਆਰਾ ‘ਪੁਜਾਰੀ’ ਸ਼ਬਦ ਦੇ ਕੀਤੇ ਗਏ ਐਸੇ ਗ਼ਲਤ ਅਰਥ ਨੂੰ ਜਾਣਦੇ-ਬੁੱਝਦੇ ਹੋਏ ਗੁਰਮਤਿ ਪ੍ਰਚਾਰਕ (ਜੋ ਸੰਗਤਾਂ ਦੀ ਮਾਇਆ ਨਾਲ਼ ਆਪਣੇ ਖ਼ਰਚ ਚਲਾਉਂਦੇ ਹਨ) ਭੀ ਦੇਖਾ ਦੇਖੀ ’ਚ ਆਪਣੇ ਆਪ ਨੂੰ ਅਪੁਜਾਰੀ ਸਾਬਤ ਕਰਨ ਲਈ ‘ਪੁਜਾਰੀ ਸੋਚ’ ਨੂੰ ਨਖਿੱਧ ਕਹਿਣ ਲੱਗ ਪਏ, ਜੋ ਹਾਸੋ-ਹੀਣੀ ਗੱਲ ਹੈ ਯਾਨੀ ਕਿ ਹੋ ਰਹੇ ਗ਼ਲਤ ਅਰਥ ਨੂੰ ਤੱਥਾਂ ਆਧਾਰਿਤ ਸਹੀ ਸਾਬਤ ਕਰਨ ਦਾ ਦਾਅਵਾ ਕਰਨ ਵਾਲ਼ੇ (ਪ੍ਰਚਾਰਕ) ਭੀ ‘‘ਫਰੀਦਾ ਦੁਨੀ ਵਜਾਈ ਵਜਦੀ; ਤੂੰ ਭੀ ਵਜਹਿ ਨਾਲਿ ॥’’ (ਮਹਲਾ ੫/੧੩੮੩) ਦੀ ਭੂਮਿਕਾ ’ਚ ਨਜ਼ਰ ਆਉਂਦੇ ਪਏ ਹਨ।
ਕੁੱਝ ਸਿੱਖਾਂ ਦਾ ਮੰਨਣਾ ਹੈ ਕਿ ਜਿਸ ਸਿੱਖ ਕੋਲ਼ ਆਪਣਾ ਕੋਈ ਰੁਜ਼ਗਾਰ/ਕਿੱਤਾ ਹੋਵੇ ਓਹੀ ਧਰਮ ਪ੍ਰਚਾਰ ਲਈ ਅੱਗੇ ਆਵੇ। ਸੁਝਾਅ ਚੰਗਾ ਹੈ ਪਰ ਇਸ ਤਰ੍ਹਾਂ ਸਿੱਖ ਕੌਮ; ਵਿਦਵਾਨ ਵਕਤਾ/ਬੁਲਾਰਾ, ਸੁਹਿਰਦ ਲਿਖਾਰੀ, ਖੋਜੀ ਇਤਿਹਾਸਕਾਰ, ਚੰਗੇ ਰਾਗੀ ਪੈਦਾ ਨਹੀਂ ਕਰ ਸਕਦੀ। ਗੁਰਬਾਣੀ ਇੱਕ ਸਰਬੋਤਮ ਸਿਲੇਬਸ ਹੀ ਹੈ। ਜਿਸ ਨੂੰ ਜਾਣਨ, ਅਪਣਾਉਣ, ਪ੍ਰਚਾਰਨ ਲਈ ਅਤੇ ਬਾਕੀ ਧਰਮਾਂ (ਮੱਤਾਂ) ਦੇ ਤੁਲਨਾਤਮਿਕ ਅਧਿਐਨ ਲਈ ਚੰਗੇ ਅਧਿਆਪਕ ਅਤੇ ਵਿਸ਼ੇਸ਼ ਤਿਆਰੀ ਦੀ ਬੜੀ ਜ਼ਰੂਰਤ ਹੁੰਦੀ ਹੈ। ਨਿਰਾ ਇਹ ਕਹਿਣਾ ਕਿ ਗੁਰਮਤਿ ਦਾ ਪ੍ਰਚਾਰ; ਸੰਗਤਾਂ ਤੋਂ ਮਾਇਆ ਲੈਣ ਤੋਂ ਬਿਨਾਂ ਕੀਤਾ ਜਾਵੇ ਜਾਂ ਅਗਿਆਨੀ ਹਿੰਦੂ ਪੂਜਾਰੀ/ਪੰਡਿਤ ਵਾਙ ਬੇਲੋੜਾ ਪੁਜਾਰੀ-ਪੁਜਾਰੀ (ਹਲਕਾ/ਅਰਥਹੀਣ) ਰਾਗ ਅਲਾਪਣਾ; ਆਪਣੇ ਗੁਰਮਤਿ ਫ਼ਲਸਫ਼ੇ ਦੀ ਵਿਸ਼ੇਸ਼ਤਾ ਅਤੇ ਵਿਸ਼ਾਲ ਸਿੱਖ ਇਤਿਹਾਸ ਦੀ ਗਹਿਰੀ ਖੋਜ ਨੂੰ ਹਲਕੇ ’ਚ ਲੈਣਾ ਹੈ।
ਸਚਾਈ ਇਹ ਵੀ ਹੈ ਕਿ ਇਹ ਇੱਕ ਅਹੰਕਾਰ ਬਿਰਤੀ ਹੈ, ਜੋ ‘‘ਇਕ ਦੂ ਇਕੁ ਸਿਆਣਾ ॥’’ (ਜਪੁ) ਬਿਮਾਰੀ ’ਚੋਂ ਉਪਜੀ ਹੈ। ਗੁਰਮਤਿ ਪ੍ਰਚਾਰਕਾਂ ਦਾ ਫ਼ਰਜ਼ ਗੁਰੂ ਉਪਦੇਸ਼ ਰਾਹੀਂ ਸਵੈ ਪੜਚੋਲ ਕਰਨਾ ਅਤੇ ਹੋਰਾਂ ਨੂੰ ਸਵੈ ਪੜਚੋਲ ਕਰਨ ਵੱਲ ਪ੍ਰੇਰਨਾ ਹੈ ਭਾਵੇਂ ਕੋਈ ਪੁਜਾਰੀ ਹੋਵੇ ਜਾਂ ਅਪੁਜਾਰੀ। ਐਸਾ ਕਰਦਿਆਂ ਕਿਸੇ ਫਲ਼ (ਬਦਲਾਅ) ਦੀ ਉਮੀਦ ਨਹੀਂ ਰੱਖਣੀ ਕਿਉਂਕਿ ਐਸੀ ਉਮੀਦ ਬੇਚੈਨ ਕਰਦੀ ਹੈ; ਜਿਵੇਂ ਪੂਜਾਰੀ ਵਰਗ ਪ੍ਰਤੀ ਆਪਣੇ ਮਨ ’ਚ ਨਖਿੱਧ ਭਾਵਨਾ ਬਣਾ ਬੈਠੇ, ਬੇਚੈਨ ਜਾਪਦੇ ਹਨ। ਧਰਮ ਦਾ ਮੁੱਢਲਾ ਫ਼ਰਜ਼; ਮਨੁੱਖ ਨੂੰ ਆਪਣੇ ਆਪ ਦਾ ਦਰਸ਼ਨ ਕਰਾਉਣਾ ਹੁੰਦਾ ਹੈ। ਜਿਸ ਨੇ ਇਹ ਪੜਾਅ ਪਾਰ ਨਾ ਕੀਤਾ ਉਹ ਸਰੋਤੇ ਦੀ ਬਿਰਤੀ ਨੂੰ ਭਾਂਪ ਕੇ ਉਸ ਨੂੰ ਯੋਗ ਸੇਧ ਵੀ ਨਹੀਂ ਦੇ ਸਕਦਾ। ਆਪਣੇ ਮਨ ਨੂੰ ਕਾਬੂ ਕਰਨ ’ਚ ਅਸਮਰੱਥ ਹਰ ਕੋਈ ਹੋਰਾਂ ਅੰਦਰ ਊਣਤਾਈਆਂ ਵੇਖ ਪ੍ਰਸੰਨ ਹੁੰਦਾ ਹੈ। ਮਨੁੱਖ ਦੀ ਇਸ ਕਮਜ਼ੋਰੀ ਨੂੰ ਧਿਆਨ ’ਚ ਰੱਖਦਿਆਂ ਸਵੈ ਪੜਚੋਲ ਤੋਂ ਸੱਖਣੇ ਵਕਤਾ ਵੀ ਬਾਹਰਮੁੱਖੀ ਨਖਿੱਧ ਬੋਲ ਬੋਲਣ ਨੂੰ ਤਰਜੀਹ ਦਿੰਦੇ ਹਨ।
ਭਾਈ ਗੁਰਦਾਸ ਜੀ ਦੁਆਰਾ ਲੰਬਾ ਸਮਾਂ ਉੱਤਰ ਭਾਰਤ ਅਤੇ ਮੱਧ ਭਾਰਤ ’ਚ ਕੀਤੇ ਗੁਰਮਤਿ ਪ੍ਰਚਾਰ ਕਾਰਨ ‘ਪੁਜਾਰੀ’ ਸ਼ਬਦ ਉਨ੍ਹਾਂ ਦੀ ਰਚਨਾ ’ਚ 2 ਕੁ ਵਾਰ ਦਰਜ ਹੋਇਆ, ਪ੍ਰਤੀਤ ਹੁੰਦਾ ਹੈ। ਭਾਈ ਗੁਰਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ; ਦੋਵੇਂ ਸਮਕਾਲੀ ਲਿਖਾਰੀ ਹੋਣ ਕਾਰਨ ਪੰਜਵੇਂ ਪਾਤਿਸ਼ਾਹ ਜੀ ਦੀ ਬਾਣੀ ’ਚ ਵੀ ‘ਪੂਜਾਰੀ’ ਸ਼ਬਦ ਨੂੰ ਤਿੰਨ ਅਰਥਾਂ ’ਚ ਵਿਚਾਰਿਆ ਗਿਆ ਹੈ। ਬਾਕੀ 34 ਬਾਣੀਕਾਰਾਂ ਦੁਆਰਾ ‘ਪੂਜਾਰੀ’ ਸ਼ਬਦ ਨੂੰ ਆਪਣੀ ਰਚਨਾ ’ਚ ਇੱਕ ਵਾਰ ਵੀ ਸ਼ਾਮਲ ਕਿਉਂ ਨਾ ਕੀਤਾ ਭਾਵੇਂ ਕਿ ਉਸ ਸਮੇਂ ਵੀ ਧਾਰਮਿਕ ਅਦਾਰਿਆਂ ’ਚ ਪੂਜਾਰੀ ਵਰਗ ਮੌਜੂਦ ਸੀ ? ਇਸ ਦੇ ਦੋ ਕਾਰਨ ਜਾਪਦੇ ਹਨ (1). ਗੁਰਬਾਣੀ ਕਿਸੇ ਵਰਗ ਵਿਸ਼ੇਸ਼ ਨੂੰ ਸੰਬੋਧਨ ਕਰਕੇ ਨਹੀਂ ਰਚੀ, ਵਿਅਕਤੀ ਵਿਸ਼ੇਸ਼ ਨੂੰ ਸੰਬੋਧਨ ਕਰਕੇ ਰਚੀ ਹੈ; ਜਿਵੇਂ ‘ਪੰਡਿਤ, ਮੂਰਖ, ਕੁਲਖਣੀ, ਸੁਲਖਣੀ, ਇਆਨੜੀਏ, ਮਨ, ਭਾਈ, ਬਾਬਾ’ ਆਦਿ। (2). ਪੂਜਾਰੀ ਇੱਕ ਸਨਮਾਨਯੋਗ ਸ਼ਬਦ ਹੈ। ਸਨਮਾਨਯੋਗ ਸ਼ਬਦ ਨੂੰ ਆਧਾਰ ਬਣਾ ਕੇ ਮਨੁੱਖ ਨੂੰ ਵਿਕਾਰੀ ਜੀਵਨ ਦਾ ਦਰਸ਼ਨ ਨਹੀਂ ਕਰਾਇਆ ਜਾ ਸਕਦਾ।
ਹੁਣ ਸਵਾਲ ਇਹ ਵੀ ਪੈਦਾ ਹੋਏਗਾ ਕਿ ਫਿਰ ਸਨਮਾਨਯੋਗ ਪੂਜਾਰੀ ਸ਼ਬਦ ਪ੍ਰਤੀ ਸਿੱਖਾਂ ਨੇ ਕਿਉਂ ਨਖਿੱਧ ਭਾਵਨਾ ਬਣਾ ਰੱਖੀ ਹੈ। ਇਸ ਨੂੰ ਸਮਝਣਾ ਬੜਾ ਜ਼ਰੂਰੀ ਹੈ। ਸਦੀਆਂ ਤੋਂ ਮਨੁੱਖ ਨੇ ਆਪਣੇ ਆਪ ਨੂੰ ਚੰਗਾ ਦਰਸਾਉਣ ਲਈ ਸਨਮਾਨਯੋਗ ਸ਼ਬਦਾਂ ਨੂੰ ਆਪਣੇ ਨਾਂ ਦੇ ਨਾਲ਼ ਰੁਤਬੇ ਵਜੋਂ ਵਰਤਿਆ ਹੈ, ਪਰ ਮਨੁੱਖ ਦੀਆਂ ਨਾਕਾਮੀਆਂ ਕਾਰਨ ਬਦਨਾਮ ਸਨਮਾਨਯੋਗ ਸ਼ਬਦ ਹੀ ਹੁੰਦੇ ਰਹੇ। ਚਾਲਾਕ ਮਨੁੱਖ ਨੇ ਤਾਂ ਆਪਣੇ ਆਪ ਨੂੰ ਨਿਵੇਕਲਾ ਸਾਬਤ ਕਰਨ ਲਈ ਮੁੜ ਕਿਸੇ ਹੋਰ ਸਨਮਾਨਯੋਗ ਸ਼ਬਦ ਨੂੰ ਵਰਤ ਲਿਆ। ਇਸ ਤਰ੍ਹਾਂ ਮਨੁੱਖ ਆਪਣੇ ਐਬ ਛੁਪਾਉਂਦਾ ਰਿਹਾ ਅਤੇ ਮੂਰਖ ਸਮਾਜ; ਸਨਮਾਨਯੋਗ ਸ਼ਬਦਾਂ ਪ੍ਰਤੀ ਈਰਖਾ ਕਰਦਾ ਰਹਿ ਗਿਆ। ਵਿਗਿਆਨਿਕ ਯੁੱਗ ਵਿੱਚ ‘ਪੂਜਾਰੀ’ ਸ਼ਬਦ ਪ੍ਰਤੀ ਬਣੀ ਨਖਿੱਧ ਭਾਵਨਾ ਵੀ ਇਸੇ ਕੜੀ ਦਾ ਹਿੱਸਾ ਹੈ, ਜਿਸ ਦਾ ਫ਼ਾਇਦਾ ਕਈ ਸਿੱਖ ਪ੍ਰਚਾਰਕ ਉੱਠਾ ਰਹੇ ਹਨ। ਵੈਸੇ ਹਰ ਸਿੱਖ ਨੂੰ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਸਿੱਖ ਪ੍ਰਚਾਰਕ/ਇਤਿਹਾਸਕਾਰ; ਇਸ ਸ਼ਬਦ ਨੂੰ ਕਿਸ ਸੰਦਰਭ ਵਿੱਚ, ਕਿਸ ਵਰਗ ਲਈ ਅਤੇ ਕਿਉਂ ਵਰਤਦੇ ਪਏ ਹਨ ਕਿਉਂਕਿ ਜੇ ਬੁਲਾਰਿਆਂ ਦਾ ਇੱਕ ਇੱਕ ਸ਼ਬਦ ਹੀ ਸਪਸ਼ਟ ਸੰਕੇਤ ਨਾ ਦੇਵੇ ਤਾਂ ਸੰਗਤਾਂ ਦਾ ਕੀਮਤੀ ਸਮਾਂ ਕਿਉਂ ਬਰਬਾਦ ਕੀਤਾ ਜਾਵੇ ?
ਇਹ ਵੀ ਸੱਚ ਹੈ ਕਿ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤ ਨੂੰ ਜਿੰਨਾ ਨੁਕਸਾਨ ਬ੍ਰਾਹਮਣ ਸਿਧਾਂਤ ਨਾਲ਼ ਨੇੜਤਾ ਰੱਖਣ ਵਾਲ਼ੇ ਅਖੌਤੀ ਸਾਧ ਅਤੇ ਨਿਰਾਕਾਰ ਦੀ ਹੋਂਦ ਤੋਂ ਇਨਕਾਰੀ ਸਿੱਖ ਪਹੁੰਚਾ ਰਹੇ ਹਨ ਓਨਾ ਗੁਰੂ ਘਰ ਦੇ ਦੋਖੀ ਵੀ ਨਹੀਂ ਪਹੁੰਚਾ ਸਕੇ। ਇਨ੍ਹਾਂ ਅਕ੍ਰਿਤਘਣਾਂ ਲਈ ਸਨਮਾਨਯੋਗ ਸ਼ਬਦ ਪੁਜਾਰੀ ਵਰਤ ਕੇ ਇਸ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰਬਾਣੀ ’ਚ ਇਸ ਦਾ ਅਰਥ ‘ਰੱਬ ਦਾ ਸੱਚਾ ਸੇਵਕ’ ਅਤੇ ‘ਪੂਜਣਯੋਗ ਵਿਅਕਤੀ’ ਵੀ ਹੈ।