ਪਰਉਪਕਾਰੁ ਨਿਤ ਚਿਤਵਦੇ

0
367

ਪਰਉਪਕਾਰੁ ਨਿਤ ਚਿਤਵਦੇ

ਗੁਰਦੀਪ ਸਿੰਘ ਗਨੀਵ – 9478106249

ਦੁਨੀਆਂ ਵਿੱਚ ਅਜਿਹੇ ਬਹੁਤ ਇਨਸਾਨ ਹਨ ਜੋ ਅਪਣੇ ਲਈ ਜਿਊਂਦੇ ਹਨ ਪਰ ਅਜਿਹੇ ਇਨਸਾਨ ਬਹੁਤ ਘੱਟ ਹਨ, ਜੋ ਦੂਜੇ ਲਈ ਜਿਊਂਦੇ ਹਨ। ਗੁਰਮਤ ਜਿੱਥੇ ਅਪਣੇ ਲਈ ਜਿਊਣਾ ਸਿਖਾਉਂਦੀ ਹੈ ਉੱਥੇ ਦੂਜੇ ਲਈ ਵੀ ਜਿਊਣਾ ਸਿਖਾਉਂਦੀ ਹੈ। ਜਿਸ ਬੰਦੇ ਕੋਲ ਸੇਵਾ, ਸਰਬੱਤ ਦੇ ਭਲੇ ਦੀ ਲੋਚਨਾ ਅਤੇ ਪਰਉਪਕਾਰ ਦੀ ਦਾਤ ਹੋਵੇਗੀ, ਉਹੀ ਬੰਦਾ ਦੂਜਿਆਂ ਲਈ ਜੀ ਸਕਦਾ ਹੈ। ਗੁਰਬਾਣੀ ਦੇ ਬਚਨ ਪੜ੍ਹਦੇ ਹਾਂ ‘‘ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ।।’’

ਰੱਬ ਦੇ ਪਿਆਰੇ ਪਰਉਪਕਾਰ ਕਰਨ ਲਈ ਦੁਨੀਆਂ ’ਤੇ ਆਉਂਦੇ ਹਨ। ਚਾਰ ਸ਼ਬਦ ਹਨ -ਕਾਰ, ਬੇਕਾਰ, ਉਪਕਾਰ ਤੇ ਪਰਉਪਕਾਰ। ਚਾਰ ਕਿਸਮਾਂ ਦੇ ਲੋਕ ਹੁੰਦੇ ਹਨ। ਪਹਿਲੀ ਕਿਸਮ ਦੇ ਉਹ ਲੋਕ ਹੁੰਦੇ ਹਨ, ਜਿਨ੍ਹਾਂ ਦਾ ਜੀਵਨ ਕਾਰ ਕਰਦਿਆਂ ਭਾਵ ਕੰਮ ਕਾਰ ’ਚ ਬਤੀਤ ਹੋ ਜਾਂਦਾ ਹੈ। ਦੂਜੀ ਕਿਸਮ ਦੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਦਾ ਜੀਵਨ ਬੇਕਾਰ ਹੀ ਬਤੀਤ ਹੋ ਜਾਂਦਾ ਹੈ, ਉਹ ਜੀਵਨ ਨੂੰ ਵਿਅਰਥ ਹੀ ਗਵਾ ਦਿੰਦੇ ਹਨ। ਤੀਜੀ ਕਿਸਮ ਦੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਦਾ ਜੀਵਨ ਉਪਕਾਰ ’ਚ ਬਤੀਤ ਵਿੱਚ ਹੁੰਦਾ ਹੈ ਪਰ ਉਪਕਾਰ ਕਰਦੇ ਹਨ ਅਪਣਿਆਂ ’ਤੇ ਪਰਵਾਰ ’ਤੇ, ਧੀਆਂ ਪੁੱਤਰਾਂ ’ਤੇ, ਰਿਸ਼ਤੇਦਾਰਾਂ ’ਤੇ, ਭੈਣ ਭਰਾਵਾਂ ’ਤੇ। ਚੌਥੀ ਸ਼੍ਰੇਣੀ ਉਹਨਾਂ ਲੋਕਾਂ ਦੀ ਹੈ ਜੋ ਪਰਉਪਕਾਰੀ ਹੁੰਦੇ ਹਨ। ਜੋ ਦੂਜਿਆਂ ਦਾ ਭਲਾ ਕਰਦੇ ਹਨ, ਜਿਨ੍ਹਾਂ ਬਾਰੇ ਬਾਣੀ ਦਾ ਬਚਨ ਹੈ ‘‘ਪਰਉਪਕਾਰੁ ਨਿਤ ਚਿਤਵਤੇ, ਨਾਹੀ ਕਛੁ ਪੋਚ ॥’’ (ਮ: ੫/੮੧੫) ਭਾਵ ਰੱਬ ਦੇ ਪਿਆਰੇ ਹਮੇਸ਼ਾਂ ਦੂਜਿਆਂ ਦੇ ਭਲੇ ਦਾ ਕੰਮ ਹੀ ਸੋਚਦੇ ਹਨ। ਕੋਈ ਪਾਪ ਵਿਕਾਰ ਉਹਨਾਂ ’ਤੇ ਅਪਣਾ ਅਸਰ ਨਹੀਂ ਪਾ ਸਕਦਾ। ਪਰਉਪਕਾਰ ਉਹੀ ਬੰਦਾ ਕਰ ਸਕਦਾ ਹੈ ਜਿਸ ਦੇ ਅੰਦਰ ਦੂਜਿਆਂ ਦੇ ਪ੍ਰਤੀ ਦਰਦ ਦਾ ਅਹਿਸਾਸ ਹੋਵੇ। ਜੋ ਦੂਜਿਆਂ ਦੇ ਦੁਖ ਨੂੰ ਅਪਣਾ ਦੁਖ ਸਮਝੇ ਪਰ ਜੋ ਦੂਜਿਆਂ ਦੇ ਦੁਖ ਵਿੱਚ ਇਕੱਲਾ ਅਫਸੋਸ ਜ਼ਾਹਰ ਕਰੇ, ਉਹ ਬੰਦਾ ਕਦੇ ਪਰਉਪਕਾਰੀ ਨਹੀਂ ਹੋ ਸਕਦਾ। ਪਰਉਪਕਾਰੀ ਉਹ ਹੈ ਜੋ ਦੂਜਿਆਂ ਦੇ ਦੁਖ ਨੂੰ ਆਪਣਾ ਦੁਖ ਸਮਝ ਕੇ ਉਸ ਨੂੰ ਦੂਰ ਕਰਨ ਵਿੱਚ ਯਤਨਸ਼ੀਲ ਰਹੇ। ਭਾਈ ਵੀਰ ਸਿੰਘ ਜੀ ਅਜਿਹੇ ਬੰਦਿਆਂ ਦੀ ਅਪਣੀ ਕਲਮ ਦੇ ਰਾਹੀਂ ਇੱਕ ਨਿੱਕੀ ਜਿਹੀ ਤਸਵੀਰ ਖਿੱਚਦੇ ਹੋਏ ਲਿਖਦੇ ਹਨ-‘ਦੁਨੀਆਂ ਦਾ ਦੁਖ ਦੇਖ ਦੇਖ, ਦਿਲ ਦਬਦਾ ਦਬਦਾ ਜਾਂਦਾ, ਅੰਦਰਲਾ ਪੰਘਰ ਵਗ ਤੁਰਦਾ, ਨੈਣੋਂ ਨੀਰ ਵਸਾਂਦਾ। ਫਿਰ ਵੀ ਦਰਦ ਨਾ ਘਟੇ ਜਗਤ ਦਾ, ਚਾਹੇ ਆਪਾ ਵਾਰੋ, ਪਰ ਪੱਥਰ ਨਹੀਂ ਬਣਿਆ ਜਾਂਦਾ, ਦਰਦ ਦੇਖ ਦੁਖ ਆਉਂਦਾ।’

ਪਰਉਪਕਾਰੀ ਬੰਦਾ ਕਿਸੇ ਦਾ ਦੁਖ ਨਹੀਂ ਦੇਖ ਸਕਦਾ, ਉਹ ਯਤਨ ਕਰਦਾ ਹੈ ਕਿ ਮੈਂ ਕਿਸੇ ਤਰੀਕੇ ਨਾਲ ਦੂਜੇ ਦਾ ਦੁਖ ਦੂਰ ਕਰ ਸਕਾਂ ਸਿੱਖ ਨੂੰ ਪਰਉਪਕਾਰ ਕਰਨ ਦੀ ਦਾਤ ਗੁਰੂ ਸਾਹਿਬਾਨ ਤੋਂ ਪ੍ਰਾਪਤ ਹੋਈ ਹੈ, ਜਦੋਂ ਸਿੱਖ ਅਰਦਾਸ ਵਿੱਚ ਇਹ ਬੋਲ ਕਰਦਾ ਹੈ ‘ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।’ ਇਹਨਾਂ ਬੋਲਾਂ ਤੋ ਹੀ ਸਿੱਖ ਦੇ ਅੰਦਰ ਪਰਉਪਕਾਰ ਕਰਨ ਦੀ ਸੋਚ ਪੈਦਾ ਹੋ ਜਾਂਦੀ ਹੈ

ਜਦੋਂ ਆਪਾਂ ਗੁਰੂ ਸਾਹਿਬਾਨ ਦਾ ਜੀਵਨ ਪੜ੍ਹੀਏ ਤਾਂ ਉਹਨਾਂ ਨੇ ਆਪਣਾ ਸਾਰਾ ਜੀਵਨ ਹੀ ਮਨੁੱਖਤਾ ਦੀ ਸੇਵਾ ਵਿੱਚ ਅਰਪਣ ਕੀਤਾ। ਗੁਰੁ ਨਾਨਕ ਸਾਹਿਬ ਜੀ ਨੇ ਸਾਰਾ ਸੰਸਾਰ ਦਾ ਚੱਕਰ ਲਾ ਕੇ ਲੋਕਾਂ ਦਾ ਭਲਾ ਕੀਤਾ, ਲੋਕਾਂ ਨੂੰ ਸੱਚ ਨਾਲ ਜੋੜਿਆ, ਗੁਰੂ ਅੰਗਦ ਸਾਹਿਬ ਜੀ ਨੇ ਗੁਰਮੁਖੀ ਲਿੱਪੀ ਲਿੱਖ ਕੇ ਕੌਮ ਉੱਤੇ ਮਹਾਨ ਪਰਉਪਕਾਰ ਕੀਤਾ, ਗੁਰੁ ਅਮਰਦਾਸ ਜੀ ਨੇ ਬਾਉਲੀ ਬਣਾ ਕੇ ‘ਪਹਿਲਾਂ ਪੰਗਤ ਪਾਛੈ ਸੰਗਤ’ ਦੀ ਪ੍ਰਥਾ ਤੋਰ ਕੇ, ਪਹਿਲਾਂ ਲੋਕਾਂ ਦਾ ਪਾਣੀ ਇੱਕ ਕਰਕੇ, ਫਿਰ ਲੰਗਰ ਇੱਕ ਕਰਕੇ, ਸਤੀ ਪ੍ਰਥਾ ਖਤਮ ਕਰਕੇ, ਘੁੰਢ ਦੀ ਰੀਤ ਤੋਂ ਵਰਜ ਕੇ, ਲੋਕਾਈ ਦੇ ਉੱਤੇ ਮਹਾਨ ਪਰਉਪਕਾਰ ਕੀਤੇ, ਗੁਰੁ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਨਗਰ ਵਸਾ ਕੇ, 52 ਕਿੱਤਿਆਂ ਦੇ ਲੋਕ ਵਸਾ ਕੇ, ਲੋਕਾਈ ’ਤੇ ਪਰਉਪਕਾਰ ਕੀਤਾ, ਗੁਰੂ ਅਰਜੁਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਾਨਾ ਕੀਤੀ, ਦਰਬਾਰ ਸਾਹਿਬ ਜੀ ਦੀ ਉਸਾਰੀ ਕਰਵਾਈ, ਤਰਨਤਾਰਨ ਵਿਚ ਕੋਹੜੀਖਾਨਾ ਖੋਲਿਆ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੱਲ ਆਉਂਦੀ ਹੈ, ਤਾਂ ਉਹਨਾਂ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ ‘ਦਲ ਭੰਜਨ ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ।’ ਉਹ ਬਹੁਤ ਮਹਾਨ ਪਰਉਪਕਾਰੀ ਹਨ ਜਿਨ੍ਹਾਂ ਨੇ ਬੰਦੀ ਰਾਜਿਆਂ ਨੂੰ ਕੈਦ ਤੋਂ ਮੁਕਤ ਕਰਵਾਇਆ, ਗੁਰੂ ਹਰਿਰਾਇ ਸਾਹਿਬ ਜੀ ਕੀਰਤਪੁਰ ਸਾਹਿਬ ਵਿਚ ਦਵਾਖਾਨਾ ਖੋਲਦੇ ਹਨ ਜਦੋਂ ਸ਼ਾਹ ਜਹਾਨ ਦਾ ਪੁੱਤਰ ਠੀਕ ਨਹੀਂ ਹੋਇਆ ਤਾਂ ਜਿਸ ਦੀ ਲੋੜ ਸੀ ਉਹ ਦਵਾ ਗੁਰੂ ਜੀ ਦੇ ਦਵਾਖਾਨੇ ’ਚੋਂ ਮਿਲੀ ਤੇ ਗੁਰੂ ਸਾਹਿਬ ਨੇ ਦਿੱਤੀ ਹਾਲਾਂ ਕਿ ਗੁਰੂ ਸਾਹਿਬ ਜੀ ਨੂੰ ਪਤਾ ਸੀ ਇਸ ਸ਼ਾਹ ਜਹਾਨ ਦੇ ਪਿਉ ਜਹਾਂਗੀਰ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਸਹੀਦ ਕਰਵਾਇਆ ਸੀ ਪਰ ਗੁਰੂ ਪਰਉਪਕਾਰੀ ਹੈ, ਗੁਰੂ ਜੀ ਨੇ ਇਸ ਗੱਲ ਨੂੰ ਚਿਤਾਰਿਆ ਨਹੀਂ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਜਾ ਕੇ ਚੇਚਕ ਦੇ ਰੋਗੀਆਂ ਦੀ ਸੇਵਾ ਕਰਦੇ ਹਨ, ਉਹਨਾਂ ਨੇ ਆਪਣੇ ਤਨ ਦੀ ਕੋਈ ਪਰਵਾਹ ਨਹੀਂ ਕੀਤੀ ਭਾਵੇਂ ਉਹਨਾਂ ਦੇ ਤਨ ਨੂੰ ਚੇਚਕ ਦਾ ਰੋਗ ਲੱਗ ਗਿਆ, ਮੰਨਿਆ ਜਾਂਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂ ਧਰਮ ਦੇ ਡੁੱਬਦੇ ਬੇੜੇ ਨੂੰ ਬਚਾਉਣ ਲਈ ਆਪਣੇ ਤਨ ਦੀ ਕੁਰਬਾਨੀ ਦੇਂਦੇ ਹਨ ਜਦੋਂ ਗੁਰੂ ਕਲਗੀਧਰ ਸਾਹਿਬ ਜੀ ਦੀ ਗੱਲ ਕਰੀਏ ਤਾ ਇੱਕ ਅਦੀਬ ਉਹਨਾ ਬਾਰੇ ਲਿਖਦਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਰਉਪਕਰਾਂ ਦਾ ਕੋਈ ਅੰਤ ਹੀ ਨਹੀਂ: ‘ਕ੍ਯਾ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, ਜੋ ਤੂੰਨੇ ਪਰਉਪਕਾਰ ਕੀਏ। ਇੱਕ ਖਾਲਸਾ ਪੰਥ ਸਜਾ ਕਰ, ਜਾਤੋਂ ਕੇ ਭੇਦ ਨਿਕਾਲ ਦੀਏ। ਉਸ ਤੇਗ ਕੇ ਬੇਟੇ ਤੇਗ ਪਕੜ, ਦੁਖੀਉਂ ਕੇ ਕਾਟ ਜੰਜਾਲ ਦੀਏ। ਉਸ ਮੁਲਖ ਵਤਨ ਕੀ ਖਿਦਮਤ ਮੇਂ, ਕਹੀ ਬਾਪ ਦੀਆ ਕਹੀਂ ਲਾਲ ਦੀਏ।’

ਗੁਰੂ ਸਾਹਿਬਾਨਾਂ ਦੇ ਪਰਉਪਕਾਰਾਂ ਨੂੰ ਸ਼ਬਦਾਂ ਵਿੱਚ ਲਿਖਣਾ ਅਸੰਭਵ ਹੈ ਇਹ ਤਾਂ ਸੰਖੇਪ ਵਿਚ ਇੱਕ ਪੰਛੀ ਝਾਤ ਪਾਈ ਗਈ ਹੈ ਗੁਰੂ ਸਾਹਿਬਾਨਾਂ ਦਾ ਸਮੁੱਚਾ ਜੀਵਨ ਪਰਉਪਕਾਰਾਂ ਨਾਲ, ਕੁਰਬਾਨੀਆਂ ਨਾਲ ਭਰਿਆ ਹੋਇਆ ਹੈ, ਪਰਉਪਕਾਰ ਲਈ ਆਪਣੇ ’ਤੇ ਦੁਖ ਵੀ ਸਹਿਣਾ ਪੈਂਦਾ ਹੈ, ਆਪਣਾ ਸਮਾਂ ਵੀ ਖਰਚਣਾ ਪੈਂਦਾ ਹੈ, ਭਾਈ ਗੁਰਦਾਸ ਜੀ ਨੇ ਆਪਣੇ ਇਕ ਕਬਿਤ ਅੰਦਰ ਬੜਾ ਸੋਹਣਾ ਜ਼ਿਕਰ ਕੀਤਾ ਹੈ ਕਿ ਜਿਵੇਂ ਇੱਕ ਰੁਖ ਨੂੰ ਵੱਟੇ ਮਾਰੇ ਜਾਂਦੇ ਹਨ ਪਰ ਉਹ ਵੱਟੇ ਖਾ ਕੇ ਵੀ ਮਿੱਠੇ ਫਲ ਦਿੰਦਾ ਹੈ ਤੇ ਜੋ ਲੋਹੇ ਦਾ ਆਰਾ ਲੱਕੜ ਨੂੰ ਕੱਟਦਾ ਹੈ, ਉਸ ਨੂੰ ਵੀ ਨਦੀ ਤੋਂ ਪਾਰ ਲੰਘਾ ਦਿੰਦਾ ਹੈ, ਉਸ ਲੋਹੇ ਦਾ ਕੱਟਣ ਵਾਲਾ ਅਉਗਣ ਨਹੀਂ ਚਿਤਾਰਦਾ ਹੈ, ਦੂਜੀ ਉਦਾਰਹਨ ਭਾਈ ਸਾਹਿਬ ਜੀ ਦਿੰਦੇ ਹਨ ਜਿਵੇਂ ਮੋਤੀ ਦੀ ਪ੍ਰਾਪਤੀ ਲਈ ਸਿੱਪੀ ਦਾ ਮੂੰਹ ਫੋੜਿਆ ਜਾਂਦਾ ਹੈ ਪਰ ਸਿੱਪੀ ਤਾਂ ਵੀ ਮੂੰਹ ਫੋੜਨ ਵਾਲੇ ਨੂੰ ਮੋਤੀ ਪ੍ਰਦਾਨ ਕਰਦੀ ਹੈ, ਉਸ ਦੇ ਅਨਾਦਰ ਨੂੰ ਨਹੀਂ ਜਾਣਦੀ ਹੈ, ਅਗਲੀ ਉਦਾਰਹਨ ਭਾਈ ਸਾਹਿਬ ਹੀ ਦਿੰਦੇ ਹਨ ਕਿ ਜਿਵੇਂ ਖਾਣ ਨੂੰ ਪੁੱਟਣ ਵਾਲਾ ਖਾਣ ਦੇ ਉੱਤੇ ਹਥੋੜਾ ਮਾਰਦਾ ਹੈ ਪਰ ਖਾਣ ਉਸ ਦੇ ਔਗੁਣ ਨੂੰ ਵਿਸਾਰਦਿਆਂ ਉਸ ਨੂੰ ਕੀਮਤੀ ਮੋਤੀ ਪ੍ਰਦਾਨ ਕਰਦੀ ਹੈ ਜਿਵੇਂ ਗੰਨੇ ਨੂੰ ਕੋਹਲੂ ਵਿੱਚ ਪੀੜਿਆ ਜਾਂਦਾ ਹੈ ਪਰ ਗੰਨਾ ਮਿੱਠਾ ਰਸ ਪ੍ਰਦਾਨ ਕਰਦਾ ਹੈ ਇਸੇ ਤਰ੍ਹਾਂ ਹੀ ਸਤਿਪੁਰਸ਼ਾਂ ਦੇ ਦੁਆਰ ਅਉਗਣ ਕਰਨ ਵਾਲਿਆਂ ਨਾਲ ਵੀ ਪਰਉਪਕਾਰ ਵਾਲਾ ਵਰਤਾਉ ਕੀਤਾ ਜਾਂਦਾ ਹੈ ਭਾਈ ਸਾਹਿਬ ਜੀ ਦੇ ਬਚਨ ਹਨ: ‘‘ਸਫਲ ਬਿਰਖ ਫਲ ਦੇਤਿ ਜਿਉ ਪਾਖਾਨ ਮਾਰੇ, ਸਿਰਿ ਕਰਵਤ ਸਹਿ ਗਹਿ ਪਾਰਿ ਪਾਰਿ ਹੈ। ਸਾਗਰ ਮਹਿ ਕਾਢਿ ਮੁਖ ਫੋਰੀਅਤ ਸੀਪ ਕੋ ਜਿਉ, ਦੇਤਿ ਮੁਕਤਾਹਲ ਅਵਿਗਆ ਨਾ ਬੀਚਾਰ ਹੈ। ਜੇਸੈ ਖਨਵਾਰ ਖਾਨਿ ਖਨਤ ਹਨਤ ਘਨ, ਮਾਨਕ ਹੀਰਾ ਅਮੋਲ ਪਰਉਪਕਾਰ ਹੈ। ਊਖ ਮੈ ਪਿਊਖ ਜਿਉ ਪਰਗਾਸ ਹੋਤ ਕੋਲੂ ਪਚੈ, ਓਵਗੁਨ ਕੀਏ ਗੁਨ ਸਾਧੁਨ ਕੈ ਦੁਆਰ ਹੈ।’’ (326)

ਪਰਉਪਕਾਰੀ ਬੰਦਾ ਬੁਰੇ ਨਾਲ ਵੀ ਭਲਾ ਵਰਤਾਉ ਕਰਦਾ ਹੈ ਤੇ ਉਹ ਭਲਾ ਕਰਕੇ ਜਤਾਉਦਾ ਵੀ ਨਹੀਂ ਪਰ ਜੋ ਕਿਸੇ ਦਾ ਭਲਾ ਕਰਕੇ ਜਤਾਵੇ ਆਪਣਾ ਨਾਮ ਕਰੇ ਲੋਕਾਂ ਨੂੰ ਦਿਖਾਵੇ ਉਹ ਪਰਉਪਕਾਰੀ ਨਹੀਂ ਹੋ ਸਕਦਾ। ਨਿਕੀ ਜਿਹੀ ਗਾਥਾ ਹੈ ਕਿਸੇ ਨੇ ਰੱਬ ਦੀ ਬੰਦਗੀ ਬਹੁਤ ਕੀਤੀ ਰੱਬ ਉਸ ’ਤੇ ਬੜਾ ਖੁਸ਼ ਹੋਇਆ ਰੱਬ ਕਹਿੰਦਾ ਮੰਗ, ਜੋ ਕੁਝ ਤੈਨੂੰ ਚਾਹੀਦਾ ਹੈ, ਉਹ ਕਹਿੰਦਾ ਰੱਬ ਜੀ ! ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ ਹੈ, ਮੈਂ ਬੱਸ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਹਾਂ। ਰੱਬ ਕਹਿੰਦਾ ਜਿਸ ਦਾ ਵੀ ਤੂੰ ਭਲਾ ਕਰਨਾ ਚਾਹੇਂਗਾ ਤੂੰ ਬੋਲ ਕੇ ਉਸ ਦਾ ਭਲਾ ਕਰ ਸਕੇਂਗਾ। ਬੰਦਾ ਕਹਿੰਦਾ ਕਿ ਨਹੀਂ ਇਸ ਤਰੀਕੇ ਨਾਲ ਨਹੀਂ, ਮੈਂ ਚਾਹੁੰਦਾ ਹਾਂ ਕਿ ਮੈਂ ਇੰਝ ਭਲਾ ਕਰਾਂ ਕਿ ਦੂਜੇ ਨੂੰ ਪਤਾ ਨਾ ਲੱਗੇ ਕਿ ਭਲਾ ਮੈਂ ਕੀਤਾ ਹੈ, ਫਿਰ ਰੱਬ ਕਹਿੰਦਾ ਜਿਸ ਵੱਲ ਵੀ ਤੂੰ ਵੇਖੇਂਗਾ ਉਸ ਦਾ ਭਲਾ ਹੋਵੇਗਾ। ਬੰਦਾ ਕਹਿੰਦਾ ਕਿ ਇੰਝ ਨਹੀ ਇਸ ਨਾਲ ਮੇਰੇ ਮਨ ਵਿੱਚ ਹੰਕਾਰ ਪੈਦਾ ਹੋ ਜਾਵੇਗਾ। ਮੈ ਸਮਝਾਂਗਾ ਕਿ ਮੇਰੇ ਕਰਕੇ ਇਸ ਬੰਦੇ ਦਾ ਭਲਾ ਹੋਇਆ ਹੈ। ਫਿਰ ਰੱਬ ਨੇ ਕਿਹਾ ਜਿਸ ਥਾਂ ਤੋਂ ਤੂੰ ਲੰਘੇਂਗਾ ਜਿਸ ’ਤੇ ਤੇਰਾ ਪਰਛਾਵਾ ਪੈ ਜਾਵੇਗਾ ਉਸ ਦਾ ਭਲਾ ਹੋਵੇਗਾ, ਨਾ ਤੈਨੂੰ ਪਤਾ ਲਗੇਗਾ, ਨਾ ਉਸ ਨੂੰ ਪਤਾ ਲਗੇਗਾ, ਉਹ ਬੰਦਾ ਰਾਜੀ ਹੋ ਗਿਆ। ਇਸ ਨਿੱਕੀ ਜਿਹੀ ਗਾਥਾ ਦਾ ਭਾਵ ਇਹ ਹੈ ਕਿ ਪਰਉਪਕਾਰੀ ਬੰਦਾ ਪਰਉਪਕਾਰ ਕਰਕੇ ਜਤਾਉਂਦਾ ਨਹੀਂ ਹੈ ਕਿ ਇਹ ਕੰਮ ਮੈਂ ਕੀਤਾ ਜਿਸ ਤਰ੍ਹਾਂ ਸਿਅਣਿਆਂ ਦੀ ਕਹਾਵਤ ਵੀ ਹੈ: ‘ਨੇਕੀ ਕਰ, ਕੂਏਂ ਮੇਂ ਡਾਲ।’