ਗੁਰ ਰਾਮਦਾਸ ਰਾਖਹੁ ਸਰਣਾਈ॥

0
1496

ਗੁਰ ਰਾਮਦਾਸ ਰਾਖਹੁ ਸਰਣਾਈ॥

ਗਿਆਨੀ ਅਮਰੀਕ ਸਿੰਘ ਚੰਡੀਗੜ੍ਹ

ਜਿਨ੍ਹਾਂ ਨੂੰ ਕੋਈ ਸਰਣਿ ਵਿਚ ਨਾ ਰੱਖੇ ਉਨ੍ਹਾਂ ਨੂੰ ਟਿਕਾਣਾ ਦੇਣ ਵਾਲੇ ਮਹਾਨ ਸਤਿਗੁਰੂ ਜੀ ਦਾ ਜਨਮ 24 ਸਤੰਬਰ, ਸੰਨ 1534 ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਭਾਈ ਹਰਿਦਾਸ ਜੀ ਸਨ ਤੇ ਉਸ ਮਹਾਨ ਭਾਗਾਂ ਵਾਲੀ ਮਾਤਾ ਦਾ ਨਾਮ ਜਿਸਨੇ ਸਾਰੇ ਜਗਤ ਵਿਚ ਹੀ ਮਾਂ ਦੀ ਕੁੱਖ ਨੂੰ ਸਲਾਮ ਕਰਵਾ ਦਿੱਤੀ ਮਾਤਾ ਦਇਆ ਕੌਰ ਜੀ ਸੀ। ਘਰ ਪਰਿਵਾਰ ਦੇ ਲੋਕਾਂ ਨੇ ਸਨੇਹੀਆਂ ਨੇ ਇਸ ਬੱਚੇ ਦਾ ਨਾਮ ਜੇਠਾ ਰੱਖ ਕੇ ਪ੍ਰਗਟ ਕੀਤਾ। ਜੇਠਾ ਤੋਂ ਭਾਵ ਵੱਡਾ ਹੁੰਦਾ ਹੈ। ਮਾਤਾ ਦਇਆ ਕੌਰ ਨੇ ਹਾਲੇ ਬਾਬਾ ਜੇਠਾ ਜੀ ਵਿਚ ਦਇਆ ਭਰਨੀ ਸ਼ੁਰੂ ਹੀ ਕੀਤੀ ਸੀ ਕਿ ਅਕਾਲ ਪੁਰਖ ਦਾ ਸੱਦਾ ਆ ਗਿਆ ਤੇ ਕੁਝ ਫ਼ਰਜ਼ ਨਿਭਾ ਕੇ ਹੀ ਸੰਸਾਰ ਤੋਂ ਨਿਰੰਕਾਰ ਦੇ ਦੇਸ਼ ਨੂੰ ਚਲੇ ਗਏ। ਕੁਝ ਚਿਰ ਬਾਅਦ ਹਰਿਦਾਸ ਜੀ ਵੀ ਭਾਣੇ ਅਨੁਸਾਰ ਚਲਾਣਾ ਕਰ ਗਏ। ਅਸਲ ਵਿਚ ਦਰਦ ਦੀ ਕੋਈ ਪਰਿਭਾਸ਼ਾ ਨਹੀਂ ਇਹ ਤਾਂ ਜਿਸਨੂੰ ਹੁੰਦਾ ਹੈ ਉਹੀ ਜਾਣਦਾ ਹੈ ਬਾਣੀ ਦੀ ਕਸੌਟੀ ਹੈ।

‘‘ਸੋ ਕਤ ਜਾਨੈ ਪੀਰ ਪਰਾਈ॥ ਜਾ ਕੈ ਅੰਤਰਿ ਦਰਦੁ ਨ ਪਾਈ॥’’

ਬਾਬਾ ਜੇਠਾ ਜੀ ਨੂੰ ਉਨ੍ਹਾਂ ਦੀ ਨਾਨੀ ਨੇ ਆਪਣੇ ਨਾਲ ਲੈ ਆਂਦਾ। ਬਾਸਰਕੇ ਦੀ ਧਰਤੀ ਤੇ ਹੀ ਦੋ ਨਿਰੰਕਾਰੀ ਲੋਕਾਂ (ਬਾਬਾ ਜੇਠਾ ਜੀ ਤੇ ਬਾਬਾ ਅਮਰਦਾਸ ਜੀ) ਦਾ ਮਿਲਾਪ ਹੋਇਆ ਪਹਿਲਾਂ ਇਹ ਮਿਲਾਪ ਸਰੀਰਕ ਹੀ ਸੀ ਪਰ ਬਾਅਦ ਵਿਚ ਇਹ ਆਤਮਿਕ ਬਣ ਗਿਆ। ਧਿਆਨ ਦੇਣ ਯੋਗ ਗੱਲ ਹੈ_ਦੋ ਉਮਰਾਂ ਅਜਿਹੀਆਂ ਹਨ ਜਿਨ੍ਹਾਂ ਵਿਚ ਕਿਸੇ ਦੇ ਸਹਾਰੇ ਦੀ ਲੋੜ ਪੈਂਦੀ ਹੈ। ਇਕ ਤਾਂ ਬਚਪਨ ਤੇ ਇਕ ਬਿਰਧ ਅਵਸਥਾ। ਪਰ ਵੇਖੋ ਸਾਈਂ ਦੀ ਖੇਡ ਇਥੇ ਤਾਂ ਦੋਵੇਂ ਉਮਰਾਂ ਕਿਸੇ ਦਾ ਸਹਾਰਾ ਲੈਣ ਦੀ ਬਜਾਏ ਇਕ ਦੂਸਰੇ ਨੂੰ ਸਹਾਰਾ ਦੇ ਰਹੀਆਂ ਹਨ। ਬੱਚੇ ਤਾਂ ਬਚਪਨ ਵਿਚ ਮਾਂ ਬਾਪ ਦੀ ਗੋਦ ਦਾ ਆਨੰਦ ਮਾਣਦੇ ਹਨ ਪਰ ਇਹ ਜੋਤਿ ਤਾਂ ਦਿਨ ਭਰ ਘੁੰਘਣੀਆਂ ਨੂੰ ਨਮਕ ਲਗਾ ਕੇ ਗਲੀ-ਗਲੀ ਵਿਚ ਹੋਕਾ ਦਿੰਦੀ ਫਿਰਦੀ ਹੈ। ਇਕਾ ਦਿਨ ਦੀ ਘਟਨਾ ਨੇ ਤਾਂ ਪ੍ਰਤੱਖ ਹੀ ਕਰ ਦਿੱਤਾ ਕਿ ਲੋਕੀ ਕਹਿੰਦੇ ਸਨ ਕਿਬਾਬਾ ਜੇਠਾ ਬੇਸਹਾਰਾ ਹੈ ਪਰ ਇਹ ਤਾਂ ਬੇਸਹਾਰਿਆਂ ਦਾ ਸਹਾਰਾ ਬਣੇ ਨੇ। ਇਤਿਹਾਸ ਦੇ ਪੰਨੇ ਬੋਲਦੇ ਨੇ ਕਿ ਇਕ ਦਿਨ ਇਕ ਫ਼ਕੀਰ ਨੇ ਬਾਬਾ ਜੀ ਕੋਲ ਆ ਕੇ ਆਪਣੀ ਭੁੱਖ ਦਾ ਇਜ਼ਹਾਰ ਕੀਤਾ, ਜਿਸਦੀ ਮਾਂ ਨੇ ਬੱਚੇ ਦੀ ਝੋਲੀ ਵਿਚ ਦਇਆ ਪਾਈ ਹੈ ਫਿਰ ਉਹ ਕਿਵੇਂ ਫਕੀਰ ਨੂੰ ਘੁੰਘਣੀਆਂ ਨਾ ਦਿੰਦੇ। ਬਾਬਾ ਜੀ ਨੇ ਬਿਨਾਂ ਪੈਸਿਆਂ ਤੋਂ ਹੀ ਘੁੰਘਣੀਆਂ ਫਕੀਰ ਜੀ ਨੂੰ ਦਿੱਤੀਆਂ। ਆਪ ਜੀ ਘਰ ਖਾਲੀ ਹੱਥ ਪਰਤ ਆਏ ਤੇ ਨਾਨੀ ਨੂੰ ਸਾਰੀ ਗੱਲ ਦੱਸੀ, ਨਾਨੀ ਨੇ ਅੱਗੋਂ ਕੁਝ ਆਖਿਆ ਨਹੀਂ ਸਗੋਂ ਪ੍ਰਭੂ ਅੱਗੇ ਅਰਦਾਸ ਕੀਤੀ, ਜਿਸ ਨੂੰ ਦਿਲ ਰਾਜਿਆਂ ਵਰਗਾ ਦਿੱਤਾ ਹੈ ਪਰ ਦਾਤ ਕੋਈ ਉਸਦੇ ਕੋਲ ਨਹੀਂ। ਸਤਿਗੁਰੂ ਜੀ ਅਜਿਹਾ ਭੰਡਾਰ ਬਖ਼ਸ਼ੋ ਜੋ ਏਹ ਆਪ ਵੀ ਖਾ ਸਕੇ ਤੇ ਜਿਨ੍ਹਾਂ ਦੀ ਬਾਂਹ ਕੋਈ ਨਾ ਫੜੇ ਉਹ ਇਸਦੇ ਭੰਡਾਰੇ ਵਿਚ ਆ ਕੇ ਪ੍ਰਸ਼ਾਦਾ ਛਕਣ। ਏਹ ਬੇਆਸਰਿਆਂ ਦਾ ਸਹਾਰਾ ਬਣੇ। ਨਾਨੀ ਦੇ ਬੋਲ ਸੱਚੇ ਨੇ ਸੁਣ ਲਏ ਤਾਂ ਹੀ ਭੱਟ ਕੀਰਤ ਜੀ ਨੂੰ ਕਹਿਣਾ ਪਿਆ : ‘‘ਇਕ ਅਰਦਾਸਿ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖਹੁ ਸਰਣਾਈ॥’’

ਕੁਝ ਚਿਰ ਉਪਰੰਤ ਆਪ ਜੀ ਗੋਇੰਦਵਾਲ ਵਿਖੇ ਅਥਾਹ ਸੇਵਾ ਕਰਨ ਲੱਗ ਪਏ ਇਕ ਦਿਨ-ਰਾਤ ਦੀ ਸੇਵਾ, ਦੂਜਾ ਪ੍ਰਮੇਸ਼ਰ ਦੀ ਬਖ਼ਸ਼ਿਸ਼, ਤੀਜੀ ਗੁਰੂ ਦੀ ਨਿਹਾਲ ਕਰਨ ਦੇਣ ਵਾਲੀ ਨਦਰ ਨੇ ਅਜਿਹਾ ਰੰਗ ਲਾਇਆ। ਇਕ ਦਿਨ ਮਾਤਾ ਜੀ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਨ ਲੱਗੇ ਕਿ ਕਿਰਪਾ ਕਰੋ ਸਾਈਂ ਜੀ ਆਪਣੀ ਬੱਚੀ ਭਾਨੀ ਦਾ ਰਿਸ਼ਤਾ ਕਰ ਦੇਈਏ। ਅਮਰਦਾਸ ਜੀ ਨੇ ਆਖਿਆ ਕਿ ਅਜਿਹੀ ਬੰਦਗੀ ਦੀ ਤਸਵੀਰ, ਸੇਵਾ ਦੀ ਪੁੰਜ, ਪ੍ਰੇਮ ਤੇ ਸ਼ਰਧਾ ਵਿਚ ਭਿੱਜੀ ਬੱਚੀ ਲਈ ਕੋਈ ਅਜਿਹਾ ਹੀ ਲੜਕਾ ਚਾਹੀਦਾ ਹੈ। ਤਦੋਂ ਬਾਬੇ ਜੇਠੇ ਦੀ ਕਿਸਮਤ ਦਾ ਬੂਹਾ ਹੋਰ ਖੁਲ੍ਹ ਗਿਆ, ਉਹ ਮਸਤ ਸੇਵਾ ਕਰ ਰਹੇ ਸਨ। ਮਿੱਟੀ ਦੀ ਭਰੀ ਹੋਈ ਟੋਕਰੀ ਲੈ ਕੇ ਲੰਘੇ ਤਾਂ ਮਾਤਾ ਨੇ ਆਖਿਆ ਕਿ ਅਜਿਹਾ ਬੱਚਾ ਹੋਵੇ ਤਾਂ ਸਤਿਗੁਰੂ ਜੀ ਨੇ ਆਖਿਆ ਕਿ ਏਹੋ ਜਿਹਾ ਕਿਉਂ ਏਹੀ ਕਿਉਂ ਨਾ ਹੋਵੇ। ਤਾਂ ਮਾਤਾ ਜੀ ਨੇ ਆਖਿਆ ਕਿ ਇਸ ਬਾਰੇ ਤਾਂ ਕੁਝ ਪਤਾ ਨਹੀਂ ਕਿ ਇਸਦਾ ਕੋਈ ਟੁੱਕੜ ਦਾ ਵਸੀਲਾ ਹੈ ਜਾਂ ਨਹੀਂ। ਤਾਂ ਸਤਿਗੁਰੂ ਜੀ ਨੇ ਆਖਿਆ ਕਿ ਐਨਾ ਬਾਰੇ ਕੀ ਜਾਣਨਾ ਹੈ। ਨਿਆਰੇ ਦੀਆਂ ਨਿਆਰੀਆਂ ਖੇਡਾਂ ਹਨ। ਪਤਾ ਨਹੀਂ ਕੱਲ੍ਹ ਨੂੰ ਅਜਿਹਾ ਸਮਾਂ ਆ ਜਾਵੇ ਕਿ ਜਿਸਨੂੰ ਕਿਤੇ ਵੀ ਟੁੱਕੜ ਨਾ ਲੱਭੇ ਉਸ ਨੂੰ ਜੇਠੇ ਦੇ ਘਰੋਂ ਟੁੱਕੜ ਲੱਭ ਪਵੇ ਤੇ ਅੱਜ ਦੀਆਂ ਜੋ ਕਹਾਵਤਾਂ ਹਨ ਉਹਨਾਂ ਦੀ ਕਸੌਟੀ ਤੇ ਇਤਿਹਾਸ ਸੱਚਾ ਉਤਰਦਾ ਹੈ। ਕਹਿੰਦੇ ਨੇ ਅੰਮ੍ਰਿਤਸਰ ਵਿਚ ਕੋਈ ਭੁੱਖਾ ਨਹੀਂ ਸੌਂਦਾ, ਰਾਮਦਾਸ ਜੀ ਦਾ ਲੰਗਰ ਹਰਵੇਲੇ ਖੁਲ੍ਹਾ ਰਹਿੰਦਾ ਹੈ, ਜਿਥੇ ਖਾਣ-ਪੀਣ ਵਾਲੇ ਦੀ ਜਾਤ ਨਹੀਂ ਪੁੱਛੀ ਜਾਂਦੀ, ਏਹ ਹੀ ਤਾਂ ਨਾਨਕ ਦੇ ਘਰ ਦੀ ਮਹਾਨਤਾ ਹੈ। ਸਤਿਗੁਰੂ ਜੀ ਬਾਬਾ ਜੇਠਾ ਜੀ ਨੂੰ ਕੋਲ ਸੱਦ ਕੇ ਕਹਿਣ ਲੱਗੇ ਜੇਠਿਆ! ਤੂੰ ਐਥੇਂ ਕਿਉਂ ਆਇਆ ਸੀ? ਤਾਂ ਆਪ ਜੀ ਨੇ ਬੜੀ ਨਿੰਮ੍ਰਤਾ ਨਾਲ ਬੇਨਤੀ ਕੀਤੀ ਮਾਲਕ ਜੀ! ਮੈਂ ਤਾਂ ਨਿਆਸਰਾ, ਨਿਮਾਣਾ, ਯਤੀਮ ਇਹ ਜਾਣ ਕੇ ਆਇਆ ਸੀ ਕਿ ਨਾਨਕ ਦਾ ਦਰ ਬੇਆਸਰਿਆਂ ਦਾ ਸਹਾਰਾ ਹੈ। ਸੋ ਮੇਰੇ ਪਿਤਾ ਜੀ ਮਾਤਾ ਜੀ ਨਿੱਕੜੀ ਜਿਹੀ ਉਮਰ ਵਿਚ ਮੈਨੂੰ ਸੰਸਾਰ ਵਿਚ ਛੱਡ ਕੇ ਚਲੇ ਗਏ ਸਨ। ਮੈਂ ਤਾਂ ਨਾਨਕ ਦੇ ਦਰ ਤੇ ਮਾਤਾ ਦੀ ਲੋਰੀ ਤੇ ਪਿਤਾ ਦਾ ਪਿਆਰ ਲੱਭਣ ਆਇਆ ਸੀ ਤੇ ਜਿੰਨੀ ਆਸ ਮੈਂ ਲਾਈ ਸੀ ਉਸ ਤੋਂ ਕਈ ਗੁਣਾਂ ਵੱਧ ਪਿਆਰ ਐਥੋਂ ਪ੍ਰਾਪਤ ਹੋਇਆ। ਸਤਿਗੁਰੂ ਜੀ ਨੇ ਆਖਿਆ ਕਿ ਜੇਠਿਆ ਏਹ ਗੱਲ ਤੂੰ ਤੇ ਮੈਂ ਹੀ ਜਾਣਦੇ ਹਾਂ ਅੱਜ ਸਾਰੇ ਸੰਸਾਰ ਨੂੰ ਪਤਾ ਲੱਗ ਜਾਵੇ ਕਿ ਨਾਨਕ ਦੇ ਦਰ ਤੋਂ ਜੋ ਕੁਝ ਮੰਗੋ ਉਹੀ ਮਿਲ ਜਾਂਦਾ ਹੈ। ਮੈਂ ਆਪਣੀ ਬੱਚੀ ਭਾਨੀ ਦਾ ਰਿਸ਼ਤਾ ਤੁਹਾਡੇ ਨਾਲ ਕਰਨ ਦੀ ਸਲਾਹ ਕਰ ਲਈ ਹੈ। ਲਾਹੌਰ ਦੀਆਂ ਗਲੀਆਂ ਤੋਂ ਨਿਆਸਰੇ ਹੋ ਨਿਕਲੇ ਬਾਬਾ ਜੇਠਾ ਜੀ ਗੁਰੂ ਅਮਦਾਸ ਜੀ ਦੇ ਘਰ ਦੇ ਜਵਾਈ ਬਣੇ। ਜੇਠੇ ਦਾ ਅਰਥ ਹੁੰਦਾ ਹੈ– ਵੱਡਾ, ਪਰ ਜਿੰਨਾ ਚਿਰ ਜੇਠਾ ਰਹੇਸੰਸਾਰ ਛੋਟਾ ਹੀ ਸਮਝਦਾ ਰਿਹਾ ਜਦੋਂ ਜੇਠੇ ਤੋਂ ਘਾਲ ਕਮਾਈ ਕਰਕੇ ਰਾਮਦਾਸ ਜੀ ਬਣ ਗਏ ਤਾਂ ਹਰ ਕੋਈ ਕਹਿ ਉਠਿਆ: ‘‘ਗੁਰ ਰਾਮਦਾਸ ਰਾਖਹੁ ਸਰਣਾਈ’’

ਅਸਲ ਵਿਚ ਕੋਈ ਨਾਮ ਕਰਕੇ ਛੋਟਾ ਜਾਂ ਵੱਡਾ ਨਹੀਂ ਹੁੰਦਾ ਬਲਕਿ ਕਰਮਾਂ ਕਰਕੇ ਛੋਟਾ-ਵੱਡਾ ਹੁੰਦਾ ਹੈ। ਜੇਠਾ ਜੀ ਦੀ ਦਿਨ-ਰਾਤ ਦੀ ਘਾਲ ਕਮਾਈ ਨੇ ਰਾਮ ਦਾ ਸੱਚਾ ਦਾਸ (ਰਾਮਦਾਸ) ਬਣਾ ਦਿੱਤਾ। ਜਦੋਂ ਅਕਬਰ ਨੂੰ ਗੁਰੂ ਘਰ ਦੇ ਦੋਖੀਆਂ ਨੇ ਚੁਗਲੀ ਕੀਤੀ ਤਾਂ ਸਿੱਖ ਦਾ ਧਰਮ ਤਾਂ ਧਰਮ ਦੇ ਨਾਂ ਤੇ ਪਾਖੰਡ ਹੈ ਤੇ ਹੋਰ ਬੜੀਆਂ ਨਿੰਦਾ ਭਰੀਆਂ ਗੱਲਾਂ ਕੀਤੀਆਂ। ਅਕਬਰ ਗੁਰੂ ਘਰ ਦਾ ਸ਼ਰਧਾਲੂ ਸੀ ਪਰ ਫ਼ਰਜ਼ ਦੀ ਪੂਰਤੀ ਵਾਸਤੇ ਇਕ ਅਹਲਕਾਰ ਗੁਰੂ ਜੀ ਪਾਸ ਭੇਜਿਆ ਤੇ ਸ਼ੰਕਾ ਨਵਿਰਤ ਕਰਨ ਵਾਸਤੇ ਕਿਹਾ ਤਾਂ ਉਥੇ ਸੇਵਾ ਭਾਈ ਜੇਠਾ ਜੀ ਦੀ ਲੱਗੀ ਤੇ ਆਪ ਜੀ ਨੇ ਬੜੀ ਸਫਾਈ ਨਾਲ ਸ਼ੰਕੇ ਦੂਰ ਕੀਤੇ। ਬਾਬਾ ਜੀ ਨੇ ਆਪਣੇ ਮਨ ਵਿਚ ਵੀਚਾਰ ਬਣਾਈ ਕਿ ਜਿਹੜਾ ਗਲੀਆਂ ਵਿਚ ਰੁਲਦਾ ਫਿਰਦਾ ਸੀ ਅੱਜ ਉਸਨੂੰ ਗੁਰੂ ਘਰ ਵਲੋਂ ਮਾਣ ਪ੍ਰਾਪਤ ਹੋ ਰਿਹਾ ਹੈ। ਮੈਂ ਐਥੋਂ ਕੋਈ ਚੀਜ਼ ਆਪਣੇ ਸਤਿਗੁਰੂ ਜੀ ਵਾਸਤੇ ਲੈ ਕੇ ਜਾਵਾਂ। ਜਦੋਂ ਬਾਜ਼ਾਰ ਵਿਚ ਘੁੰਮੇ ਫਿਰੇ ਕਈ ਵਸਤੂਆਂ ਦਿਖੀਆਂ ਭੀ ਪਰ ਆਪ ਜੀ ਦੀ ਜੇਬ ਵਿਚ ਇਤਨੀ ਸਮਰੱਥਾ ਨਹੀਂ ਸੀ ਪਰ ਅਖੀਰ ਵਿਚ ਬੇਮੌਸਮੇ ਅੰਬ ਲੈਣ ਦਾ ਮਨ ਬਣਾਇਆ ਤੇ ਖਰੀਦ ਲਏ ਤੇ ਲਾਹੌਰ ਤੋਂ ਚੂਨਾ ਮੰਡੀ ਨੂੰ ਤੁਰ ਪਏ। ਰਸਤੇ ਵਿਚ ਕਈ ਦਿਨ ਲੱਗ ਗਏ ਹੁਣ ਅੰਬ ਜ਼ਿਆਦਾ ਪੱਕ ਗਏ ਸਨ ਤਾਂ ਆਪ ਜੀ ਨੇ ਇਕ ਦਰਖ਼ਤ ਦੀ ਛਾਂ ਥੱਲੇ ਕੱਪੜਾ ਵਿਛਾਇਆ ਤੇ ਉਹ ਅੰਬ ਖਾਉਣ ਤੋਂ ਪਹਿਲਾਂ ਅਰਦਾਸ ਕਰਨ ਲੱਗੇ ਨੇ। ਨੇਤਰਾਂ ਵਿਚ ਅੱਥਰੂ ਆ ਗਏ ਨੇ, ਤੇ ਆਖਿਆ ਸਤਿਗੁਰੂ ਜੀਉ ! ਗਰੀਬ ਦੀ ਭੇਟਾ ਭੀ ਕਬੂਲ ਕਰਿਓ, ਮੁੱਖ ਤਾਂ ਮੇਰਾ ਹੀ ਹੈ ਪਰ ਸਤਿਗੁਰੂ ਜੀ ਛਕਾਣ ਆਪ ਜੀ ਨੂੰ ਹੀ ਲੱਗਾ ਹਾਂ। ਆਪ ਜੀ ਨੇ ਅੰਬ ਛੱਕ ਲਏ ਤੇ ਗੁਰੂ ਜੀ ਦੇ ਦਰਬਾਰ ਵਿਚ ਆ ਗਏ, ਨਮਸਕਾਰ ਕੀਤੀ ਤੇ ਆਖਿਆ, ਸਤਿਗੁਰੂ ਜੀ ਤੁਸੀਂ ਆਪਣੇ ਦਾਸ ਦੀ ਅਕਬਰ ਦੇ ਦਰਬਾਰ ਵਿਚ ਰੱਖ ਲਈ, ਗੁਰੂ ਘਰ ਦੀ ਫਤਹਿ ਹੋਈ। ਸਤਿਗੁਰੂ ਜੀ ਆਪਣੇ ਆਸਨ ਤੋਂ ਉਠੇ ਨੇ ਤੇ ਆ ਕੇ ਜੇਠੇ ਜੀ ਕੋਲ ਬੈਠ ਗਏ ਨੇ, ਬੜੇ ਪਿਆਰ ਨਾਲ ਆਖਣ ਲੱਗੇ, ਜੇਠਿਆ ! ਬੜੀ ਦੂਰ ਗਿਆ ਸੀ। ਮੇਰੇ ਵਾਸਤੇ ਕੋਈ ਚੀਜ਼ ਲੈ ਆਉਣੀ ਸੀ ਪਰ ਆਪਣੀਆਂ ਅੱਖਾਂ ਦੇ ਅੱਥਰੂਆਂ ਨੂੰ ਸਮਝਦਿਆਂ ਹੋਇਆਂ ਬਚਨ ਕੀਤਾ, ਪਾਤਸ਼ਾਹ ਜੀ! ਤਦਹੀ ਤਾਂ ਮੇਰੀ ਨਜ਼ਰ ਆਪ ਜੀ ਨਾਲ ਨਹੀਂ ਮਿਲਦੀ। ਜਿਹੜਾ ਚੋਲਾ ਮੈਂ ਪਸੰਦ ਕੀਤਾ ਸੀ ਉਹ ਜਿਹਾ ਤੁਸੀਂ ਪਾਈ ਬੈਠੇ ਹੋ। ਮੈਂ ਨੇਤਰ ਕਿਵੇਂ ਮਿਲਾਵਾਂ। ਸਤਿਗੁਰੂ ਜੀ ਨੇ ਸਿੱਖ ਭਾਈ ਬੱਲੂ ਜੀ ਨੂੰ ਆਖਿਆ, ਬੱਲੂ ਅਸੀਂ ਤਾਂ ਇਸਦੇ ਲਿਆਂਦੇ ਅੰਬ ਵੀ ਛੱਕ ਲਏ ਹਨ। ਸੱਚਮੁੱਚ ਬੜੇ ਮਿੱਠੇ ਸਨ। ਗੁਰੂ ਨਾਨਕ ਦੇਵ ਜੀ ਦੀ ਜੁਗਤੀ ਸਦਕਾ ਸਤਿਗੁਰੂ ਜੀ ਨੇ ਭੀ ਪਰਖ ਸ਼ੁਰੂ ਕੀਤੀ ਹੈ। ਆਪਣੇ ਦੋਵੇਂ ਜਵਾਈਆਂ ਤੋਂ ਥੜੇ ਬਣਵਾਏ, ਜਦੋਂ ਤਿੰਨ ਦਿਨ ਤੱਕ ਭੀ ਥੜੇ ਪਾਤਸ਼ਾਹ ਜੀ ਨੇ ਪਸੰਦ ਨਾ ਕੀਤੇ ਤਾਂਅਮਰਦਾਸ ਜੀ ਦੀ ਪੁੱਤਰੀ ਦਾਨੀ ਜੀ ਦੇ ਪਤੀ ਭਾਈ ‘‘ਰਾਮਾ ਜੀ’’ ਨੇ ਆਖਿਆ ਸਤਿਗੁਰੂ ਜੀ ਤੁਸੀਂ ਬਿਰਧ ਹੋ ਗਏ ਹੋ, ਤੁਸੀਂ ਆਪ ਹੀ ਕਹਿ ਕੇ ਭੁੱਲ ਜਾਂਦੇ ਹੋ ਪਰ ਜਦੋਂ ਸੱਚ ਦੀ ਮੂਰਤ ਵੱਲ ਥੜਾ ਢਾਹੁਣ ਦਾ ਇਸ਼ਾਰਾ ਕੀਤਾ ਤੇ ਕਹਿਆ ਕਿ ਹੋਰ ਬਣਾਉ ਤਾਂ ਜੇਠਾ ਜੀ ਨੇ ਨਿੰਮ੍ਰਤਾ ਵਿਚ ਆਖਿਆ ਥੜੇ ਉੱਨੇ ਚਿਰ ਤੱਕ ਨਹੀਂ ਬਣ ਸਕਦੇ ਜਿੰਨਾ ਚਿਰ ਆਪ ਜੀ ਦੀ ਰਹਿਮਤ ਭਰੀ ਨਦਰਿ ਨਾ ਹੋਵੇ। ਮੈਂ ਤਾਂ ਤਿੰਨ ਦਿਨਾਂ ਤੋਂ ਆਪ ਜੀ ਨੂੰ ਤਕਲੀਫ਼ ਦੇ ਰਿਹਾ ਹਾਂ ਪਰ ਆਪ ਜੀ ਕਹਿ ਕੇ ਜਾਂਦੇ ਹੋ ਮੈਨੂੰ ਫਿਰ ਚੇਤਾ ਭੁੱਲ ਜਾਂਦਾ ਹੈ। ਅਸਲ ਵਿਚ ਇਹੋ ਹੀ ਅਸਲੀ ਪਰਖ ਸੀ।

ਇਕ ਦੀ ਨਿਗਾਂਹ ਵਿਚ ਗੁਰੂ ਭੁੱਲਦਾ ਜਾਂਦਾ ਹੈ। ਇਕ ਦੀ ਨਿਗਾਂਹ ਵਿਚ ਖੁਦ ਆਪ ਹੀ ਭੁਲਣਹਾਰ ਲੱਗਦਾ ਹੈ। ਕਵੀ ਸੰਤੋਖ ਸਿੰਘ ਜੀ ਇਸ ਗੱਲ ਨੂੰ ਇਉਂ ਬਿਆਨ ਕਰਦੇ ਹਨ :

‘‘ਹੋਂ ਅਜਾਨ ਨਿਤ ਭੁਲਨ ਹਾਰੋ॥ ਤੁਮ ਕ੍ਰਿਪਾਲ ਨਿਜ ਰਿਦ ਸੰਭਾਰੋ॥’’

ਗੁਰੂ ਜੀ ਨੇ ਅਸਲੀ ਥੜਾ ਅੰਦਰ ਬਣਿਆ ਦੇਖਣਾ ਸੀ। ਏਹ ਭਰੋਸੇ ਦਾ ਥੜਾ ਬਾਬਾ ਜੇਠਾ ਜੀ ਦੇ ਅੰਦਰ ਸੀ। ਜਿਸ ਕਰਕੇ ਅਜਿਹੇ ਥੜੇ ’ਤੇ ਸਤਿਗੁਰੂ ਜੀ ਨੇ ਉਸ ਜੋਤਿ ’ਤੇ ਜੁਗਤ ਟਿਕਾਣ ਦਾ ਫੈਸਲਾ ਕਰ ਲਿਆ ਤੇ ਬਾਬਾ ਬੁੱਢਾ ਜੀ ਦੁਆਰਾ ਗੁਰਿਆਈ ਦੀ ਰਸਮ ਨਿਭਾ ਕੇ ਨਿਥਾਵੇ ਜੇਠੇ ਨੂੰ ਸਤਿਗੁਰੂ ਰਾਮਦਾਸ ਜੀ ਬਣਾ ਦਿੱਤਾ। ਅਮਰਦਾਸ ਜੀ ਦਾ ਪੁੱਤਰ ਮੋਹਰੀ ਤਾਂ ਸਨਮੁੱਖ ਹੋਇਆ ਪਰ ਮੋਹਨ ਜੀ ਨੇ ਮੱਥਾ ਨਹੀਂ ਟੇਕਿਆ। ਇਸ ਦਾ ਜ਼ਿਕਰ ਬਾਬਾ ਸੁੰਦਰ ਜੀ ਨੇ ‘‘ਰਾਮਕਲੀ ਸਦ’’ ਵਿਚ ਬੜੇ ਖੁਲਾਸੇ ਢੰਗ ਨਾਲ ਕੀਤਾ ਹੈ :

‘‘ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ, ਪੈਰੀ ਪਾਇ ਜੀਉ॥’’

ਤਖ਼ਤ ਤੇ ਬਿਰਾਜਮਾਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਮਾਨੋਂ ਸਾਰੀ ਲੋਕਾਈ ਨੇ ਨਮਸਕਾਰ ਕੀਤੀ ਹੈ। ਆਪ ਜੀ ਪੁਰਾਣੀਆਂ ਯਾਦਾਂ ਵਿਚ ਡੁੱਬ ਗਏ। ਸੋਚਣ ਲੱਗੇ ਕੋਈ ਸਮਾਂ ਸੀ ਜਦੋਂ ਲੋਕ ਕਿਹਾ ਕਰਦੇ ਸਨ ਕਿ ਬੇਟੇ, ਜੇਠੇ ਨਾਲ ਨਹੀਂ ਖੇਡਣਾ ਇਸਨੇ ਤਾਂ ਜੰਮਦਿਆਂ ਹੀ ਘਰ ਉਜਾੜ ਦਿੱਤਾ, ਮਾਪੇ ਖਾ ਲਏ। ਮਨ ਵਿਚ ਸੋਚ ਰਹੇ ਹਨ ਕਿ ਵਕਤ ਨੇ ਸੁਖਾਂ ਅਤੇ ਖੇਡਾਂ ਨਾਲ ਝੋਲੀ ਭਰਨ ਦੀ ਥਾਂ ਮੇਰੇ ਸਿਰ ਤੇ ਛਾਬੜੀ ਰੱਖ ਦਿੱਤੀ। ਜਦੋਂ ਕੋਈ ਵੀ ਅਜਿਹਾ ਨਹੀਂ ਸੀ ਕਿ ਜਿਹੜਾ ਪਿਆਰ ਨਾਲ ਪੁੱਛੇ, ਜੇਠਿਆ ! ਰੋਟੀ ਖਾਧੀ ਹੈ ਜਾਂ ਨਹੀਂ, ਕੱਪੜੇ ਧੋਤੇ ਹਨ ਜਾਂ ਨਹੀਂ, ਪਰ ਅੱਜ ਦਾ ਹਾਲ ਵੇਖ ਕੇ ਪ੍ਰਭੂ ਦੇ ਸ਼ੁਕਾਰਨੇ ਵਿਚ ਗੁਆਚੇ ਪਏ ਹਨ। ਅੱਖਾਂ ਭੀ ਨਮ ਹੋ ਗਈਆਂ ਹਨ ਪੁਰਾਣੀਆਂ ਯਾਦਾਂ ਨੂੰ ਚੇਤੇ ਕਰਕੇ ਤਾਂ ਗੁਰੂ ਅਮਰਦਾਸ ਜੀ ਨੇ ਆਖਿਆ ਰਾਮਦਾਸ ਜੀਉ! ਸੰਗਤ ਆਪ ਜੀ ਦੇ ਮੁਖੋਂ ਅਗੰਮੀ ਸੁਨੇਹਾ ਸੁਣਨ ਨੂੰ ਉਤਾਵਲੀ ਹੈ। ਕ੍ਰਿਪਾ ਦੇ ਘਰ ਵਿਚ ਆਵੋ ਤੇ ਆਪਣਾ ਹੁਕਮ ਬਖ਼ਸ਼ੋ ਤਾਂ ਆਪ ਜੀ ਨੇ ਆਪਣਾ ਪਿਛੋਕੜ ਹੀ ਖੋਲ੍ਹ ਦਿੱਤਾ।

‘‘ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ, ਸਾ ਬਿਧਿ ਤੁਮ ਹਰਿ ਜਾਣਹੁ ਆਪੇ॥

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥

ਧੰਨ ਧੰਨ ਗੁਰ ਨਾਨਕ ਜਨ ਕੇਰਾ, ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥

ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ਤੇ ਚੱਲਦੇ ਹੋਏ ਦੁਨਿਆਵੀ ਧਨ ਪੁੱਤਰਾਂ ਨੂੰ ਦੇ ਦਿੱਤਾ ਤੇ ਗੁਰਗੱਦੀ ਦੇ ਪਾਤਰ ਰਾਮਦਾਸ ਜੀ ਬਣੇ। ਗੁਰੂ ਅਮਰਦਾਸ ਜੀ ਅੰਮ੍ਰਿਤਸਰ ਨੂੰ ਨਵਾਂ ਕੇਂਦਰ ਥਾਪਣ ਦਾ ਹੁਕਮ ਕਰ ਗਏ ਸਨ ਜੋ ਰਾਮਦਾਸ ਜੀ ਬਾਬੇ ਨਾਨਕ ਦੀ ਖਿੜੀ ਫੁਲਵਾੜੀ (ਸੰਗਤ) ਨੂੰ ਬਖ਼ਸ਼ਿਸ਼ਾਂ ਦਾ ਪਾਣੀ ਦੇ ਕੇ ਅੰਮ੍ਰਿਤਸਰ ਸਾਹਿਬ ਆ ਬਿਰਾਜੇ।

ਜੂਨ ਦੇ ਮਹੀਨੇ ਵਿਚ 1577 ਈਸਵੀ ਨੂੰ ਇਕ ਅਜਿਹੇ ਅਸਥਾਨ ਤੇ ਡੇਰਾ ਲਾਇਆ ਹੈ ‘‘ਜਿਥੇ ਹਰਿਮੰਦਰ ਸਾਹਿਬ ਹਨ।’’ ਜਿਥੇ ਹਰ ਕੋਈ ਆਪਣਾ ਘਰ ਹੀ ਸਮਝੇ ਕਿਉਂਕਿ ਪਹਿਲਾਂ ਦੇ ਇਤਿਹਾਸ ਵਿਚ ਜ਼ਿਕਰ ਮਿਲਦਾ ਹੈ ਕਿ ਭਗਤਾਂ ਨੂੰ ਰੱਬ ਦੇ ਦਰੋਂ (ਮੰਦਰਾਂ ਵਿਚੋਂ) ਕਢਿਆ ਗਿਆ ਹੈ, ਨਾਮਦੇਵ ਜੀ ਨੇ ਬਾਣੀ ਵਿਚ ਵੀ ਆਖਿਆ ਹੈ :

ਸੂਦ ਸੂਦ ਕਰਿ ਮਾਰਿ ਉਠਾਇਓ, ਕਹਾ ਕਰਉ ਬਾਪ ਬੀਠੁਲਾ॥

ਤਾਂ ਰੱਬ ਦੇ ਦਰੋਂ ਆਵਾਜ਼ ਆਈ ਨਾਮਦੇਉ ! ਮੈਂ ਕਦੋਂ ਦਾ ਸੋਚ ਰਿਹਾ ਸੀ ਕਿ ਕਦੋਂ ਇਹ ਪਾਖੰਡੀ ਤੈਨੂੰ ਮੰਦਰ ਤੋਂ ਬਾਹਰ ਕੱਢਣ ਅਤੇ ਮੈਂ ਚੁੱਕ ਕੇ ਸ੍ਰੀ ਗੁਰੂ ਗ੍ਰੰਥਸਾਹਿਬ ਵਿਚ ਬਿਠਾ ਦਿਆਂ ਜਿਥੋਂ ਤੈਨੂੰ ਮੁੜ ਕੇ ਕੋਈ ਕੱਢ ਨਾ ਸਕੇ, ਮੈਂ ਤੈਨੂੰ ਹਰਿ ਦੇ ਮੰਦਰ ਵਿਚ ਬਿਠਾ ਦਿਆਂਗਾ। ਅਜਿਹੇ ਅਸਥਾਨ ਦਾ ਮੁੱਢ ਸੋਢੀ ਪਾਤਸ਼ਾਹ ਜੀ ਨੇ ਰਖਿਆ ਜਿਨ੍ਹਾਂ ਨੂੰ ਵੇਖ ਕੇ ਭੱਟ ਕੀਰਤ ਜੀ ਦੀ ਰਸਨਾ ਕਹਿ ਉਠੀ :

‘‘ਗੁਰ ਰਾਮਦਾਸ ਰਾਖਹੁ ਸਰਣਾਈ’’

ਆਪ ਜੀ ਤੋਂ ਹਰ ਬੇਆਸੇ ਨੂੰ ਵੀ ਆਸ ਬੱਝ ਗਈ। ਗੁਰੂ ਜੀ ਦੇ ਚਰਨਾਂ ਦਾ ਸੇਵਕ ਜੋੜਾ ਜਿਸਦਾ ਨਾਮ ਭਾਈ ਆਦਮ ਕਰਕੇ ਪ੍ਰਗਟ ਹੈ, ਇਕ ਦਿਨ ਆਪਣੇ ਘਰ ਬੈਠੇ ਬੈਠੇ ਵੀਚਾਰ ਕਰਨ ਲੱਗ ਪਏ ਕਿ ਸਾਡੇ ਘਰ ਕੋਈ ਔਲਾਦ ਨਹੀਂ ਤਾਂ ਵੀਚਾਰ ਹੋਈ ਕਿ ਆਪਾਂ ਗੁਰੂ ਚਰਨਾਂ ਵਿਚ ਜਾ ਕੇ ਅਰਦਾਸ ਕਰੀਏ ਸਾਡੀ ਮੁਰਾਦ ਪੂਰੀ ਹੋ ਜਾਵੇਗੀ। ਅਗਲੇ ਦਿਨ ਦਰਬਾਰ ਸਾਹਿਬ ਗਏ ਪਰ ਗੱਲ ਜ਼ੁਬਾਨ ਤੇ ਨਾ ਆਈ। ਅਗਲੇ ਦਿਨ ਫਿਰ ਗਏ ਤਾਂ ਫਿਰ ਦੋਵੇਂ ਪਤੀ-ਪਤਨੀ ਸੰਗ ਗਏ, ਸਾਰਾ ਦਿਨ ਸੇਵਾ ਕੀਤੀ ਤੇ ਘਰ ਆ ਗਏ। ਸਤਿਗੁਰੂ ਜੀ ਤਾਂ ਪਸ਼ੂਆਂ ਪ੍ਰੇਤਾਂ ਦੀਆਂ ਭਾਵਨਾਵਾਂ ਵੀ ਸਮਝ ਲੈਂਦੇ ਹਨ। ਅਗਲੇ ਦਿਨ ਫਿਰ ਮੱਥਾ ਟੇਕਣ ਆਏ ਕੁਝ ਕਹਿਣਾ ਚਾਹੁੰਦੇ ਸਨ ਪਰ ਲੋਕ ਲਾਜ ਕਰਕੇ ਕਹਿ ਨਾ ਸਕੇ ਘਰ ਨੂੰ ਪਰਤ ਗਏ ਤਾਂ ਕੁਝ ਸਮਾਂ ਮਗਰੋਂ ਸਾਹਿਬ ਜੀ ਉਨ੍ਹਾਂ ਦੇ ਬੂਹੇ ਮੂਹਰੇ ਜਾ ਖਲੋਤੇ ਬੂਹਾ ਖਟਖਟਾਇਆ, ਸਿੱਖ ਨੇ ਬੂਹਾ ਖੋਲ੍ਹਿਆ ਹੈ, ਨਮਸਕਾਰ ਕੀਤੀ ਹੈ ਤੇ ਆਖਿਆ ਗਰੀਬ ਨਿਵਾਜ! ਤੁਸੀਂ ਅੱਜ ਘਰ ਪਵਿੱਤਰ ਕਰ ਦਿੱਤਾ ਹੈ। ਹੁਕਮ ਫੁਰਮਾਉ ਤਾਂ ਸਾਹਿਬ ਜੀ ਹੱਸ ਕੇ ਕਹਿਣ ਲੱਗੇ ਭਾਈ ਸਿੱਖਾਂ ! ਅੱਜ ਮੈਂ ਹੁਕਮ ਕਰਨ ਲਈ ਨਹੀਂ ਹੁਕਮ ਮੰਨਣ ਲਈ ਆਇਆ ਹਾਂ। ਜਦੋਂ ਕਹਿਣ ਵਾਲੇ ਭੀ ਨਾ ਕਹਿਣ ਤਾਂ ਸੁਣਨ ਵਾਲੇ ਨੂੰ ਨਾ ਕਹਿਣ ਤੇ ਭੀ ਸੁਣਨਾ ਪੈਂਦਾ ਹੈ। ਮੰਗਣ ਵਾਲਾ ਨਾ ਮੰਗੇ ਪਰ ਇਸ ਘਰ ਦੀ ਰੀਤ ਚੱਲੀ ਆ ਰਹੀ ਹੈ ਕਿ ਦੇਣ ਵਾਲਾ ਆਪ ਚੱਲ ਕੇ ਆਉਂਦਾ ਹੈ ਤੁਹਾਡੀ ਮੁਰਾਦ ਪੂਰੀ ਹੋਵੇਗੀ ਪਰ ਇਕ ਬੇਨਤੀ ਹੈ ਆਪਣੇ ਬੱਚੇ ਦਾ ਨਾਮ ‘ਭਗਤਾ’ ਰੱਖ ਦੇਣਾ। ਵੈਸੇ ਤਾਂ ਤੁਹਾਡੇ ਜਿਹੇ ਭਗਤ ਦੇ ਘਰ ਤਾਂ ਭਗਤ ਹੀ ਪੈਦਾ ਹੋਵੇਗਾ। ਦੋਨਾਂ ਨੇ ਆਪ ਜੀ ਦੇ ਚਰਨ ਆਪਣੇ ਨੇਤਰਾਂ ਦੇ ਪਾਣੀ ਨਾਲ ਧੋ ਦਿੱਤੇ। ਆਪ ਜੀ ਦਾਤਾਂ ਵੰਡ ਕੇ ਫਿਰ ਆਪਣੇ ਟਿਕਾਣੇ ਆ ਗਏ। ਜੋ ਪਾਪੀ ਕਿਤੇ ਭੀ ਬਖ਼ਸ਼ਣ ਯੋਗ ਨਹੀਂ ਸਨ ਆਪ ਜੀ ਨੇ ਆਪਣੀ ਨਦਰਿ ਸਦਕਾ ਉਨ੍ਹਾਂ ਨੂੰ ਭੀ ਤਾਰ ਦਿੱਤਾ।

‘‘ਗੁਰੁ ਚਉਥੀ ਪੀੜੀ ਟਿਕਿਆ, ਤਿਨਿ ਨਿੰਦਕ ਦੁਸਟ ਸਭਿ ਤਾਰੇ॥’’

ਜੋ ਸਰਣ ਵਿਚ ਰਹਿਆ, ਗੁਰੂ ਘਰ ਲਈ ਵਫਾਦਾਰੀ ਦਿਖਾਈ ਤਾਂ ਉਹ ਆਪ ਤਾਂ ਤਰ ਗਿਆ ਅਤੇ ਕਲਜੁਗ ਜਹਾਜ ਗੁਰੂ ਅਰਜਨ ਬਣ ਗਿਆ। ਰਾਮਦਾਸ ਜੀ ਦੇ ਸ਼ਬਦ-246, ਅਸ਼ਟਪਦੀਆਂ-31, ਛੰਤ-32, ਸਲੋਕ-138 ਅਤੇ ਅੱਠ ਵਾਰਾਂ ਉਚਾਰ ਕੇ ਭੁਲੜ ਸੰਸਾਰ ਨੂੰ ਗੁਰਮਤਿ ਦਾ ਪਾਂਧੀ ਬਣਾਇਆ। ਇਹੋ ਜਿਹੇ ਪੁਰਸ਼ ਨੂੰ ਹੀ ਤਾਂ ਲੱਭ ਰਹੇ ਸੀ 1 ਸਾਲ ਤੋਂ ਪਰ ਹੁਣ ਭਟਕਣਾ ਭੱਟਾਂ ਦੀ ਵੀ ਮੁਕ ਗਈ

‘‘ਬਰਸੁ ਏਕੁ ਹਉ ਫਿਰਿਓ, ਕਿਨੈ ਨਹੁ ਪਰਚਉ ਲਾਯਉ॥

ਕਹਤਿਅਹ ਕਹਤੀ ਸੁਣੀ, ਰਹਤ ਕੋ ਖੁਸੀ ਨ ਆਯਉ॥’’

ਅਤੇ ਰਸਨਾ ਧੰਨ ਧੰਨ ਹੋ ਕੇ ਕਹਿ ਉਠੀ : ਗੁਰ ਰਾਮਦਾਸ ਰਾਖਹੁ ਸਰਣਾਈ॥ ਤੇ ਸੱਚ ਦੀ ਮੂਰਤ ਨੇ : ‘‘ਜੋਤਿ ਅਰਜਨ ਮਾਹਿ ਧਰੀ’’ ਤੇ ਆਪ ਜੀ 1581 ਨੂੰ ਜੋਤੀ ਜੋਤਿ ਸਮਾ ਗਏ।