ਪਰ ਵੇਲ ਨ ਜੋਹਿ ਕੰਤ ਤੂ (ਪਤੀ ਦਾ ਕਿਰਦਾਰ)

0
123

ਪਰ ਵੇਲ ਨ ਜੋਹਿ ਕੰਤ ਤੂ (ਪਤੀ ਦਾ ਕਿਰਦਾਰ)

ਗਿਆਨੀ ਅਮਰੀਕ ਸਿੰਘ ਜੀ

ਹਰ ਇਕ ਚੀਜ਼ ਦੇ ਕੁਝ ਅੰਦਰੂਨੀ ਲੱਛਣ ਹੁੰਦੇ ਹਨ, ਜੋ ਉਸ ਦੀ ਪਹਿਚਾਣ ਬਣਦੇ ਹਨ; ਜਿਵੇਂ ਕਿਸੇ ਬਿਮਾਰ ਪੁਰਖ ਦੇ ਕੁਝ ਲੱਛਣ ਡਾਕਟਰ ਨੂੰ ਬਿਮਾਰੀ ਦੀ ਪਹਿਚਾਣ ਕਰਵਾ ਦਿੰਦੇ ਹਨ। ਇਸ ਤਰ੍ਹਾਂ ਹੀ ਕੁਝ ਕੁ ਲੱਛਣ ਪਤੀ ਦੇ ਵੀ ਹਨ, ਜਿਨ੍ਹਾਂ ਸਦਕਾ ਉਹ ਪਤੀ ਕਹਾਉਣ ਦਾ ਹੱਕ ਰੱਖਦਾ ਹੈ।

ਅੱਜ ਦੀ ਦੁਨੀਆਂ ਵਿਚ ਦੋ ਸ਼ਬਦਾਂ ਦੀ ਜੰਗ ਬਹੁਤ ਜ਼ੋਰਾਂ ਸ਼ੋਰਾਂ ਨਾਲ ਚਲ ਰਹੀ ਹੈ। ਇਕ ਸ਼ਬਦ ਹੈ ‘ਹੱਕ’ ਅਤੇ ਦੂਸਰਾ ਸ਼ਬਦ ਹੈ ‘ਫ਼ਰਜ਼’। ਪਰ ਮਨੁੱਖ ਇੰਨਾ ਸੁਆਰਥੀ ਹੈ ਕਿ ਇਹ ਹਮੇਸ਼ਾ ਹੀ ਕੋਸ਼ਸ਼ ਕਰਦਾ ਆਇਆ ਹੈ ਕਿ ਮੈਂ ਆਪਣੇ ਹੱਕਾਂ ਪ੍ਰਤੀ ਤਾਂ ਸੁਚੇਤ ਹੋਵਾਂ, ਪਰ ਮੇਰੇ ਫਰਜ਼ ਕੀ ਹਨ, ਇਸ ਪੱਖੋਂ ਸਦਾ ਹੀ ਅਵੇਸਲਾ ਰਿਹਾ ਹੈ। ਅੱਜ ਵੀ ਮਨੁੱਖ ਇਹ ਕੋਸ਼ਸ਼ ਵਿਚ ਹੈ ਕਿ ਪਤੀ ਦਾ ਹੱਕ ਕੀ ਹੈ ? ਪਰ ਗੁਰਮਤਿ ਸੁਚੇਤ ਕਰਦੀ ਹੈ ਕਿ ਭਾਈ ਜਿਵੇਂ ਬੀਜ ਤੋਂ ਬਗੈਰ ਫਲ ਦੀ ਪ੍ਰਾਪਤੀ ਨਹੀਂ ਹੁੰਦੀ, ਇਸ ਤਰ੍ਹਾਂ ਹੀ ਫਰਜ਼ ਤੋਂ ਬਗੈਰ ਮਨੁੱਖ ਹੱਕ ਤੱਕ ਪਹੁੰਚ ਨਹੀਂ ਸਕਦਾ। ਅੱਜ ਜੇਕਰ ਇਕ ਚੰਗਾ ਪਤੀ ਹੋਣ ਦਾ ਹੱਕ ਪ੍ਰਾਪਤ ਕਰਨਾ ਹੈ ਤਾਂ ਪਹਿਲਾਂ ਕੁਝ ਫਰਜ਼ਾਂ ਦੀ ਪਹਿਚਾਣ ਤੇ ਉਨ੍ਹਾਂ ਦੀ ਪਾਲਣਾ ਦਾ ਪ੍ਰਣ ਕਰਨਾ ਪਵੇਗਾ। ਨਿਰਬਾਹ ਕਰਨ ਲਈ ਜਿੱਥੇ ਹੱਕ ਜ਼ਰੂਰੀ ਹੈ ਉੱਥੇ ਫਰਜ਼ਾਂ ਦੀ ਪਾਲਣਾ ਵੀ ਅਤਿਅੰਤ ਜ਼ਰੂਰੀ ਹੈ, ਜਿਸ ਨਾਲ ਵਿਆਹ ਹੀ ਇੰਨਾ ਖ਼ੁਸ਼ੀਆਂ ਭਰਿਆ ਦਿਨ ਨਹੀਂ ਹੋਵੇਗਾ ਬਲਕਿ ਹਰ ਰੋਜ਼ ਹੀ ਨਿਰਬਾਹ ਕਰਦਿਆਂ ਅੱਜ ਵਾਂਗੂੰ ਖ਼ੁਸ਼ੀਆਂ ਲੈ ਕੇ ਆਏਗਾ ।

ਅੱਜ ਤੋਂ ਅਰੰਭੇ ਜ਼ਿੰਦਗੀ ਦੇ ਇਸ ਨਵੇਂ ਸਫ਼ਰ ਲਈ ਸਭ ਤੋਂ ਜ਼ਰੂਰੀ ਹੈ ਕਿ ਪਤੀ; ਪਤਨੀ ਪ੍ਰਤੀ ਵਫਾਦਾਰ ਹੋਵੇ ਕਿਉਂਕਿ ਪਤਨੀ ਨੇ ਜਦੋਂ ਸਾਹਿਬ ਸਤਿਗੁਰੂ ਜੀ ਦੇ ਹਜ਼ੂਰ ਵਿਚ ਬੈਠ ਕੇ ਸਮੂਹ ਸੰਗਤ ਤੇ ਰਿਸ਼ਤੇਦਾਰਾਂ ਦੇ ਇਕੱਠ ਵਿਚ ਬੈਠ ਕੇ ਪਤੀ ਦਾ ਲੜ ਫੜਿਆ ਸੀ, ਉਦੋਂ ਆਪਣੀ ਅੰਦਰਲੀ ਵੇਦਨਾਂ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਵੀ ਕੀਤਾ ਸੀ ਕਿ ਹੇ ਪਤੀ ਦੇਵ  ! ਮੈਂ ਆਪਣੇ ਮਾਪਿਆਂ ਦੇ ਘਰ ਬਹੁਤ ਹੀ ਲਾਡਾਂ ਪਿਆਰਾਂ ਨਾਲ ਪਲੀ ਅਤੇ ਵੱਡੀ ਹੋਈ ਹਾਂ। ਮੇਰੀ ਨਸ ਨਸ ਵਿਚ ਆਪਣੇ ਭੈਣ ਭਰਾਵਾਂ ਦਾ ਪਿਆਰ ਭਰਿਆ ਪਿਆ ਹੈ, ਪਰ ਅੱਜ ਤੋਂ ਬਾਅਦ ਤੁਹਾਡੇ ਪ੍ਰੇਮ ਸਤਿਕਾਰ ਲਈ ਮੈਂ ਸਭ ਕੁਝ ਕੁਰਬਾਨ ਕਰਕੇ ਤੁਹਾਡੇ ਸੱਚੇ ਸੁਚੇ ਪਿਆਰ ਨੂੰ ਅਪਣਾਉਂਦੀ ਹਾਂ, ਭਾਵ ਕਦੇ ਤੁਹਾਡੇ ਪ੍ਰੇਮ ਸਤਿਕਾਰ ਬਦਲੇ ਮੈਨੂੰ ਇਨ੍ਹਾਂ ਦਾ ਪਿਆਰ ਕੁਰਬਾਨ ਕਰਨਾ ਪਵੇ, ਮੈਂ ਕਦੇ ਗੁਰੇਜ਼ ਨਹੀਂ ਕਰਾਂਗੀ। ਮੈਨੂੰ ਮਾਣ ਭਰੋਸਾ ਆਪਣੇ ਭਰਾਵਾਂ, ਆਪਣੇ ਮਾਤਾ ਪਿਤਾ ਦਾ ਨਹੀਂ ਬਲਕਿ ਆਪ ਜੀ ’ਤੇ ਹੋਵੇਗਾ। ਜੇਕਰ ਪਤਨੀ ਨੇ ਇਕ ਹੀ ਰਿਸ਼ਤਾ ਉੱਤਮ ਜਾਣ ਕੇ ਚੁਣ ਲਿਆ ਤਦ ਪਤੀ ਵੀ ਇਕ ਹੀ ਰਿਸ਼ਤੇ ਵਿਚ ਪਰੋਇਆ ਜਾਂਦਾ ਹੈ। ਇਸ ਰਿਸ਼ਤੇ ਨੂੰ ਦੂਜੇ ਸ਼ਬਦਾਂ ਵਿਚ ਪਤਨੀ ਬ੍ਰਤਾ ਵੀ ਕਿਹਾ ਜਾਂਦਾ ਹੈ। ਗ੍ਰਿਹਸਤੀ ਜੀਵਨ ਅੰਦਰ ਇਸ ਰਿਸ਼ਤੇ ਦੀ ਘਾਟ ਪ੍ਰੇਮ-ਮਹਲ ਨੂੰ ਖੇਰੂੰ ਖੇਰੂੰ ਕਰ ਦਿੰਦੀ ਹੈ। ਇਸ ਲਈ ਹੀ ਸਾਹਿਬ ਜੀ ਨੇ ਹੁਣ ਤੱਕ ਦੇ ਸੰਸਾਰਕ ਇਤਿਹਾਸ ’ਤੇ ਪਹਿਲਾਂ ਝਾਤ ਮਾਰੀ ਕਿ ਵਿਕਾਰਾਂ ਦੀ ਭੁਖ ਨੇ ਮਨੁੱਖ ਦੀ ਜ਼ਿੰਦਗੀ ਨੂੰ ਕਿਵੇਂ ਤਬਾਹ ਕੀਤਾ ਹੈ । ਕੁਝ ਕੁ ਵੀਚਾਰ ਕਰ ਲੈਣੀ ਯੋਗ ਹੋਵੇਗੀ। ਭਾਈ ਗੁਰਦਾਸ ਜੀ ਦੇ ਬਹੁਤ ਸੁੰਦਰ ਬਚਨ ਹਨ ਕਿ ਵਿਕਾਰੀ ਭੁਖ ਨੇ ਬ੍ਰਹਮਾ ਜੀ ਵਰਗੇ ਦੇਵਤਾ ਕਹਾਉਣ ਵਾਲੇ ਦਾ ਕੀ ਹਾਲ ਕੀਤਾ ਸੀ ‘‘ਚਾਰੇ ਬੇਦ ਵਖਾਣਦਾ; ਚਤੁਰਮੁਖੀ ਹੋਇ ਖਰਾ ਸਿਆਣਾ ਲੋਕਾਂ ਨੋ ਸਮਝਾਇਦਾ; ਦੇਖਿ ਸੁਰਸਤੀ ਰੂਪ ਲੋਭਾਣਾ’’ (ਭਾਈ ਗੁਰਦਾਸ ਜੀ/ਵਾਰ ੧੨ ਪਉੜੀ ਯਾਨੀ ਚਾਰੇ ਬੇਦਾਂ ਦਾ ਗਿਆਤਾ, ਸਿਆਣਾ ਅਤੇ ਹੋਰ ਲੋਕਾਂ ਨੂੰ ਮਤਿ ਦੇਣ ਵਾਲਾ ਬ੍ਰਹਮਾ ਵੀ ਖ਼ੁਦ ਆਪਣੀ ਹੀ ਲੜਕੀ ਸਰਸਵਤੀ ਨੂੰ ਦੇਖ ਕੇ ਮੋਹਿਤ ਹੋ ਗਿਆ ਤੇ ਵਿਕਾਰੀ ਭਾਵਨਾ ਕਾਰਨ ਭਟਕ ਗਿਆ ਸੀ । ਫਿਰ ਇਸ ਦੇ ਨਾਲ ਹੀ ਇੰਦਰ ਵਰਗੇ ਦੇਵਤੇ ਨੇ ਵੀ ਵਿਕਾਰਾਂ ਵਸ ਹੋ ਕੇ ਕੀ ਕੀਤਾ ਕਿ ਗੋਤਮ ਰਿਖੀ ਦੀ ਇਸਤ੍ਰੀ ਅਹਲਿਆ ਦੀ ਸੁੰਦਰਤਾ ’ਤੇ ਮੋਹਿਤ ਹੋ ਕੇ ਉਸ ਨੇ ਵਸਦੇ ਰਸਦੇ ਪਰਵਾਰ ਨੂੰ ਹੀ ਨਹੀਂ ਉਜਾੜਿਆ ਬਲਕਿ ਆਪਣੇ ਸਰੀਰ ’ਤੇ ਚਿਹਨ ਭਗ ਹੋਣ ਕਰਕੇ ਜ਼ਿੰਦਗੀ ਦਾ ਦਾਮਨ ਹੀ ਦਾਗੀ ਕਰ ਲਿਆ ‘‘ਗੋਤਮੁ ਤਪਾ ਅਹਿਲਿਆ ਇਸਤ੍ਰੀ; ਤਿਸੁ ਦੇਖਿ ਇੰਦ੍ਰੁ ਲੁਭਾਇਆ   ਸਹਸ ਸਰੀਰ ਚਿਹਨ ਭਗ ਹੂਏ; ਤਾ ਮਨਿ ਪਛੋਤਾਇਆ ’’ (ਮਹਲਾ /੧੩੪੪)

ਕ੍ਰਿਸ਼ਨ ਜੀ ਦੇ ਜੀਵਨ ਦਾ ਤਾਂ ਨਾਂ ਹੀ ਕ੍ਰਿਸ਼ਨ ਲੀਲਾ ਰੱਖ ਦਿੱਤਾ ਪਰ ਸੱਚ ਹਕੀਕਤ ਇਹੋ ਹੀ ਹੈ ਕਿ ਗੋਪੀਆਂ ਰੱਖ ਕੇ ਵੀ ਕਿਸੇ ਚੰਦਰਾਵਲ ਵਰਗੀ ਸੁਘੜ ਸਿਆਣੀ ਇਸਤ੍ਰੀ ਦਾ ਸਤ ਭੰਗ ਕਰਨ ਲਈ ਆਪਣੇ ਮਨ ਦੀ ਭਾਵਨਾ ਦੀ ਪੂਰਤੀ ਲਈ ਕਿਸੇ ਇਕ ਲੜਕੀ ਦਾ ਵੇਸ ਬਣਾ ਕੇ ਉਸ ਦੀ ਸੁੱਖਾਂ ਭਰੀ ਗ੍ਰਿਹਸਤੀ ਜ਼ਿੰਦਗੀ ਨੂੰ ਲੁਟਿਆ। ਇਹ ਗੱਲ ਹਰ ਰੋਜ਼ ਆਸਾ ਕੀ ਵਾਰ ’ਚ ਸੁਣਦਿਆਂ ਸੁਭਾਵਕ ਹੀ ਮਨ ਨੂੰ ਹਲੂਣਾ ਦੇ ਜਾਂਦੀ ਹੈ ‘‘ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ; ਕਾਨ੍ ਕ੍ਰਿਸਨੁ ਜਾਦਮੁ ਭਇਆ   ਪਾਰਜਾਤੁ ਗੋਪੀ ਲੈ ਆਇਆ; ਬਿੰਦ੍ਰਾਬਨ ਮਹਿ ਰੰਗੁ ਕੀਆ ’’ (ਮਹਲਾ /੪੭੦)

ਇਕ ਗੱਲ ਇੱਥੇ ਹੋਰ ਕਰਨਯੋਗ ਸਮਝਦਾ ਹਾਂ ਕਿ ਜਿੱਥੇ ਗੁਰੂ ਪਾਤਿਸ਼ਾਹ ਨੇ ਸਿੱਖ ਦੇ ਜੀਵਨ ਨੂੰ ਇਸ ਤਰ੍ਹਾਂ ਤਬਾਹੀ ਤੋਂ ਬਚਾ ਕੇ ਸੱਚੇ ਮਾਰਗ ਦਾ ਪਾਂਧੀ ਬਣਾਇਆ, ਉੱਥੇ ਆਪ ਦਾ ਆਪਣਾ ਜੀਵਨ ਵੀ ਇੰਨਾ ਉੱਚਾ ਹੈ ਕਿ ਸਤਿਗੁਰੂ ਜੀ ਦਾ ਇਤਿਹਾਸ ਪੜ੍ਹਦਿਆਂ ਪ੍ਰਤੀਤ ਹੁੰਦਾ ਹੈ, ਜਿਵੇਂ ਪੁਰਾਣੇ ਦੇਵੀ ਦੇਵਤਿਆਂ ਦਾ ਇਤਿਹਾਸ ਸ਼ਰਮਿੰਦਾ ਹੋ ਜਾਂਦਾ ਹੋਵੇ ਕਿਉਂਕਿ ਜਿੱਥੇ ਇਹ ਲੋਕ, ਬ੍ਰਹਮਾ ਜੀ ਦਾ ਆਪਣੀ ਹੀ ਧੀ ’ਤੇ ਮੋਹਿਤ ਹੋਣਾ, ਇੰਦਰ ਦੇਵਤੇ ਦਾ ਗੋਤਮ ਰਿਸ਼ੀ ਦੀ ਘਰਵਾਲੀ ਦਾ ਜੀਵਨ ਲੁਟਣ ਦੀ ਕੋਸ਼ਸ਼ ਕਰਨਾ, ਕ੍ਰਿਸ਼ਨ ਜੀ ਦਾ ਚੰਦਰਾਵਲ ਲਈ ਅਨੇਕਾਂ ਪਾਪੜ ਵੇਲਣਾ ਜਦਕਿ ਕ੍ਰਿਸ਼ਨ ਜੀ ਦੀਆਂ 360 ਗੋਪੀਆਂ ਸਨ, ਉੱਥੇ ਸ਼ਰਧਾ ਨਾਲ ਦੀਦਾਰ ਕਰੀਏ ਕਿ ਕਲਗੀਧਰ ਦਸਮੇਸ਼ ਪਿਤਾ ਜੀ ਕੋਲ ਮਾਤਾ ਪਿਤਾ ਜੀ ਆਪ ਆਪਣੀ ਬੇਟੀ ਦੀ ਭਾਵਨਾ ਦੀ ਜ਼ਬਾਨ ਬਣ ਕੇ ਆਏ ਤੇ ਆ ਕੇ ਬੇਨਤੀ ਕਰਨ ਲੱਗੇ ਕਿ ਸਾਡੀ ਬਚੀ ਜਿਸ ਨੂੰ ਅੱਜ ਸਿੱਖ ਜਗਤ ਪੰਥ ਦੀ ਮਾਤਾ ਕਹਿ ਕੇ ਸਤਿਕਾਰਦਾ ਹੈ। ਮਾਤਾ ਸਾਹਿਬ ਕੌਰ ਜੀ ਨੇ ਮਾਨਸਿਕ ਸੰਕਲਪ ਲਿਆ ਹੈ, ਆਪ ਜੀ ਦੇ ਗ੍ਰਿਹ ਵਿਖੇ ਪਤਨੀ ਹੋ ਕੇ ਜ਼ਿੰਦਗੀ ਗੁਜ਼ਾਰਨ ਦਾ, ਸੋ ਸਾਹਿਬ ਜੀਉ ! ਆਪ ਜੀ ਕ੍ਰਿਪਾ ਕਰਕੇ ਇਸ ਨੂੰ ਆਪਣੇ ਗ੍ਰਿਹ ਵਿਖੇ ਰਹਿਣ ਦੀ ਆਗਿਆ ਦਿਓ । ਪਹਿਲਾਂ ਸਾਹਿਬ ਜੀ ਨੇ ਸਪਸ਼ਟ ਕੀਤਾ ਕਿ ਸਾਡੇ ਘਰ ਭਾਵ ਗੁਰਮਤਿ ਦਾ ਐਸਾ ਕੋਈ ਅਸੂਲ ਨਹੀਂ, ਪਰ ਨਾਲ ਹੀ ਇਕ ਸ਼ਰਤ ਗੁਰਦੇਵ ਜੀ ਨੇ ਰੱਖ ਦਿੱਤੀ ਕਿ ਸਮਾਜਿਕ ਤੌਰ ’ਤੇ ਅਤੇ ਧਾਰਮਿਕ ਤੌਰ ’ਤੇ ਹਰ ਤਰੀਕੇ ਇਨ੍ਹਾਂ ਨੂੰ ਪਤਨੀ ਹੋਣ ਦਾ ਹੱਕ ਤਾਂ ਹੋਵੇਗਾ, ਪਰ ਇਨ੍ਹਾਂ ਦਾ ਡੋਲਾ ਜੀਵਨ ਭਰ ਕੁਵਾਰਾ ਰਹੇਗਾ। ਜੇਕਰ ਮਨਜ਼ੂਰ ਹੈ ਤਾਂ ਹੀ ਇਸ ਘਰ ਵਿਚ ਪ੍ਰਵੇਸ਼ ਮਿਲ ਸਕਦਾ ਹੈ । ਸਾਰਿਆਂ ਇਹ ਸ਼ਰਤ ਕਬੂਲ ਕਰ ਲਈ। ਹੈਰਾਨ ਹੋ ਜਾਈਦਾ ਹੈ ਕਿ ਧਾਰਮਿਕ ਤੌਰ ’ਤੇ ਵੀ, ਸਮਾਜਿਕ ਤੌਰ ’ਤੇ ਵੀ, ਪਤਨੀ ਦਾ ਹੱਕ ਹੋਣ ਦੇ ਨਾਤੇ ਵੀ, ਮਾਤਾ ਜੀ, ਨਾਲ ਵੀ ਰਹੇ, ਪਰ ਡੋਲਾ ਜੀਵਨ ਭਰ ਕੁਵਾਰਾ ਹੀ ਰਿਹਾ। ਕਈ ਵਾਰੀ ਅਫ਼ਸੋਸ ਹੁੰਦਾ ਹੈ ਅਜਿਹੇ ਪ੍ਰਚਾਰਕਾਂ ਜਾਂ ਲੋਕਾਂ ’ਤੇ, ਜਿਹੜੇ ਗੁਰੂ ਜੀ ਨੂੰ ਵੀ ਉਹਨਾਂ ਦੇਵਤਿਆਂ ਦਾ ਅਵਤਾਰ ਕਹਿ ਦਿੰਦੇ ਹਨ । ਚਲੋ ਇਕ ਵੱਖਰੀ ਗੱਲ ਹੈ, ਜਿਹੜੀ ਵੀਚਾਰ ਦੀ ਸਾਂਝ ਪਾ ਰਹੇ ਸਾਂ ਉਹ ਹੈ ਕਿ ਸਾਹਿਬ ਜੀ ਨੇ ਕਿਰਪਾ ਕਰਕੇ ਇੰਨੀ ਕੀਮਤੀ ਸਿੱਖਿਆ ਜਗਿਆਸੂ ਸਿੱਖ ਦੇ ਦਾਮਨ ਬੰਨ੍ਹ ਕੇ, ਫਿਰ ਇਸ ਨੂੰ ਇਸ ਮਾਰਗ ’ਤੇ ਤੋਰਿਆ। ਅੱਜ ਵੀ ਅਨੇਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਇਸ ਪਾਸੇ ਅਗਵਾਈ ਬਖਸ਼ਸ਼ ਕਰਦੇ ਹਨ। ਪੁਰਾਤਨ ਗੁਰਸਿੱਖਾਂ ਦੇ ਰਹਿਤਨਾਮੇ ਡੋਲਦੇ ਕਦਮਾਂ ਨੂੰ ਸਾਬਤ ਕਰ ਦਿੰਦੇ ਹਨ। ਕੁਝ ਕੁ ਇਸ਼ਾਰੇ ਅਸੀਂ ਵੀਚਾਰੀਏ ‘‘ਲੈ ਫਾਹੇ ਰਾਤੀ ਤੁਰਹਿ; ਪ੍ਰਭੁ ਜਾਣੈ ਪ੍ਰਾਣੀ  !  ਤਕਹਿ ਨਾਰਿ ਪਰਾਈਆ; ਲੁਕਿ ਅੰਦਰਿ ਠਾਣੀ …. ਅਜਰਾਈਲੁ ਫਰੇਸਤਾ; ਤਿਲ ਪੀੜੇ ਘਾਣੀ ’’ (ਮਹਲਾ /੩੧੫) ਜਿਵੇਂ ਕੋਈ ਬੰਦਾ ਜ਼ਹਿਰੀਲੇ ਸੱਪ ਨਾਲ ਰਹਿੰਦਾ ਹੋਵੇ । ਫਿਰ ਕਦੋਂ ਕੁ ਤੱਕ ਜ਼ਿੰਦਗੀ ਦੀ ਆਸ ਕਰ ਸਕਦਾ ਹੈ  ? ਭਾਵ ਜ਼ਹਿਰੀਲੇ ਸੱਪ ਨੇ ਜਦੋਂ ਵੀ ਦਾਅ ਲੱਗਿਆ ਡੰਗ ਕੇ ਜੀਵਨ ਲੀਲਾ ਸਮਾਪਤ ਕਰ ਦੇਣੀ ਹੈ, ਇਸੇ ਤਰ੍ਹਾਂ ਹੀ ਵਿਕਾਰੀ ਪੁਰਖ ਦਾ ਹਾਲ ਹੈ ‘‘ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ! ਤੈਸੋ ਹੀ ਇਹੁ ਪਰ ਗ੍ਰਿਹੁ ’’ (ਮਹਲਾ /੪੦੩)

ਜੀਵ ਨੂੰ ਸਮਝਾਉਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ ਕਿ ਹੇ ਮਨ ! ਤੂੰ ਕਿਹੋ ਜਿਹੀ ਮੱਤ ਧਾਰਨ ਕਰ ਲਈ ਹੈ, ਜਿਹੜੀ ਜ਼ਰੂਰੀ ਕਾਰ ਭਾਵ ਰੱਬੀ ਬੰਦਗੀ ਕਰਨ ਆਇਆ ਸੀ; ਉਹ ਤਾਂ ਨਹੀਂ ਕੀਤੀ ਬਲਕਿ ਵਿਕਾਰਾਂ ਨਾਲ ਆਪਣੇ ਜੀਵਨ ਦੀ ਪੂੰਜੀ ਗਵਾ ਲਈ ‘‘ਮਨ ਰੇ ! ਕਉਨੁ ਕੁਮਤਿ ਤੈ ਲੀਨੀ   ਪਰ ਦਾਰਾ ਨਿੰਦਿਆ ਰਸ ਰਚਿਓ; ਰਾਮ ਭਗਤਿ ਨਹਿ ਕੀਨੀ ਰਹਾਉ ’’ (ਮਹਲਾ /੬੩੧)

ਭਾਈ ਗੁਰਦਾਸ ਜੀ ਆਖਦੇ ਹਨ ਕਿ ਜਿਵੇਂ ਜਿੰਨਾ ਮਰਜ਼ੀ ਸੂਰਜ ਚਾਨਣ ਵੰਡਦਾ ਹੋਵੇ, ਪਰ ਉਲੂ ਇਸ ਤੋਂ ਲਾਭ ਨਹੀਂ ਉਠਾਉਂਦਾ । ਕਾਂਗ ਨੂੰ ਜਿੰਨੇ ਮਰਜ਼ੀ ਸੁੰਦਰ ਭੋਜਨ ਦਿਉ, ਪਰ ਉਹ ਗੰਦਗੀ ਦਾ ਹੀ ਆਸ਼ਕ ਹੈ । ਨਾਗ ਨਾਲ ਜਿੰਨਾ ਮਰਜ਼ੀ ਪਰਉਪਕਾਰ ਕਰੋ, ਪਰ ਉਹ ਡੰਗ ਮਾਰਨੋ ਭਾਵ ਭਲਿਆਂ ਨਾਲ ਵੀ ਬੁਰਾ ਕਰਨੋਂ ਕਦੇ ਸੰਕੋਚ ਨਹੀਂ ਕਰਦਾ। ਇਸ ਤਰ੍ਹਾਂ ਹੀ ਵਿਕਾਰੀ ਪੁਰਖ ਨੂੰ ਜਿੰਨਾ ਮਰਜ਼ੀ ਪਿਆਰ ਸਤਿਕਾਰ ਵਾਲਾ ਉਚਾ ਦਰਜਾ ਦੇ ਦੇਵੋ, ਉਹ ਨੀਵੀਂ ਸੋਚ ਦਾ ਧਾਰਨੀ ਹੁੰਦਾ ਹੈ। ਵਿਕਾਰੀ ਪੁਰਖ ਦੀ ਬਿਰਤੀ ਐਸੀ ਹੈ ‘‘ਜੈਸੇ ਪਰ ਦਾਰਾ ਕੋ ਦਰਸੁ ਦ੍ਰਿਗ ਦੇਖਿਓ ਚਾਹੈ; ਤੈਸੇ ਗੁਰ ਦਰਸਨੁ ਦੇਖਤ ਹੈ ਚਾਹ ਕੈ ਜੈਸੇ ਪਰ ਨਿੰਦਾ ਸੁਨੈ ਸਾਵਧਾਨ ਸੁਰਤਿ ਕੈ; ਤੈਸੇ ਗੁਰ ਸਬਦੁ ਸੁਨੈ ਉਤਸਾਹ ਕੈ ਜੈਸੇ ਪਰ ਦਰਬ ਹਰਨ ਕਉ ਚਰਨ ਧਾਵੈ; ਤੈਸੇ ਕੀਰਤਨ ਸਾਧ ਸੰਗਤਿ ਉਮਾਹ ਕੈ ਉਲੂ ਕਾਗ ਨਾਗਿ ਧਿਆਨ ਖਾਨ ਪਾਨ ਕਉ; ਜਾਨੈ ਊਚ ਪਦੁ ਪਾਵੈ ਨਹੀ ਨੀਚ ਪਦੁ ਗਾਹ ਕੈ ੫੦੮’’ (ਭਾਈ ਗੁਰਦਾਸ ਜੀ /ਕਬਿੱਤ ੫੦੮)

ਭਾਈ ਨੰਦ ਲਾਲ ਜੀ ਦੇ ਬਚਨ ਹਨ ਪਰ ਇਸਤ੍ਰੀ ਸਿਉ ਨੇਹੁ ਲਗਾਵਹਿ ਗੋਬਿੰਦ ਸਿੰਘ ਵਹੁ ਸਿਖ ਭਾਵਹਿ

ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ ਵੀ ਸੁਚੇਤ ਕਰਦਾ ਹੈ ਪਰ ਬੇਟੀ ਕੋ ਬੇਟੀ ਜਾਨੈ ਪਰ ਇਸਤਰੀ ਕੋ ਮਾਤ ਬਖਾਨੈ ਆਪਨਿ ਇਸਤ੍ਰੀ ਸੋ ਰਤਿ ਹੋਈ ਰਹਿਤਵੰਤ ਸਿੰਘ ਹੈ ਸੋਈ

ਇਸ ਆਸੇ ਦੀ ਦ੍ਰਿੜ੍ਹਤਾ ਲਈ ਭਾਈ ਗੁਰਦਾਸ ਜੀ ਦੇ ਬਚਨ ਹਨ ਕਿ ‘‘ਹਉ ਤਿਸੁ ਘੋਲਿ ਘੁਮਾਇਆ; ਪਰ ਨਾਰੀ ਦੇ ਨੇੜਿ ਜਾਵੈ’’ (ਭਾਈ ਗੁਰਦਾਸ ਜੀ/ਵਾਰ ੧੨ ਪਉੜੀ )

ਸਤਿਗੁਰੂ ਜੀ ਦੇ ਪਾਵਨ ਬਚਨ ਹਨ ਕਿ ‘‘ਪਰ ਤ੍ਰਿਅ ਰੂਪੁ ਪੇਖੈ ਨੇਤ੍ਰ ’’ (ਮਹਲਾ /੨੭੪)

ਸੋ ਸਾਰੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ‘‘ਕਿਆ ਗਾਲਾਇਓ ਭੂਛ, ਪਰ ਵੇਲਿ ਜੋਹੇ ਕੰਤ ਤੂ   ਨਾਨਕ  ! ਫੁਲਾ ਸੰਦੀ ਵਾੜਿ; ਖਿੜਿਆ ਹਭੁ ਸੰਸਾਰੁ ਜਿਉ ’’ (ਮਹਲਾ /੧੦੯੫) ਭਾਵ ਅਰਥ ਹਨ ਕਿ ਹੇ ਮੂਰਖ  ! ਕੇਵਲ ਸ਼ੁਭ ਆਚਰਨ ਦੀਆਂ ਗੱਲਾਂ ਕਰ ਲੈਣਾ ਪਤੀ ਕਹਾਉਣ ਦਾ ਹੱਕ ਨਹੀਂ ਹੁੰਦਾ। ਅਸਲ ’ਚ ਪਤੀ ਕਹਾਉਣ ਦਾ ਹੱਕ ਹੀ ਉਸ ਨੂੰ ਹੈ, ਜਿਹੜਾ ਪਰਾਈ ਔਰਤ ਨੂੰ ਮੰਦੀ ਭਾਵਨਾ ਨਾਲ ਤੱਕਦਾ ਵੀ ਨਹੀਂ ਹੈ। ਇਹ ਸਾਰਾ ਸੰਸਾਰ ਨਿਰੰਕਾਰ ਦੀ ਫੁਲਵਾੜੀ ਹੈ, ਜਿਸ ਵਿੱਚੋਂ ਤੇਰੀ ਚੁਣੀ ਹੋਈ ਵੇਲ ਅਤੇ ਉਸ ਦੇ ਫੁਲ ਫਲ ਹੀ ਤੇਰੇ ਹਨ ।

ਇਕ ਨੌਜੁਆਨ ਇਕ ਬਗੀਚੀ ਵਿਚ ਆਇਆ। ਉਸ ਵੱਲ ਵੇਖ ਕੇ ਬਗੀਚੀ ਦਾ ਮਾਲੀ ਕੋਲ ਆ ਗਿਆ ਅਤੇ ਪਿਆਰ ਨਾਲ ਸਮਝਾਉਣ ਲੱਗਾ ਕਿ ਹੇ ਨੌਜੁਆਨਾਂ ! ਇਸ ਬਗੀਚੀ ਵਿਚ ਆਉਣ ਦਾ ਰਸਤਾ ਤਾਂ ਇਕ ਹੀ ਹੈ, ਪਰ ਜਾਣ ਦੇ ਰਸਤੇ ਦੋ ਹਨ। ਇਕ ਰਸਤਾ ਅਛੇ ਲੋਕਾਂ ਦਾ ਹੈ ਅਤੇ ਦੂਜਾ ਰਸਤਾ ਦੋਸ਼ੀ ਲੋਕਾਂ ਦਾ ਹੈ । ਅਛੇ ਜਾਂ ਚੰਗੇ ਲੋਕ ਉਹ ਹਨ, ਜਿਹੜੇ ਬਗੀਚੀ ਵਿਚ ਆਏ, ਸਾਰੀ ਬਗੀਚੀ ਘੁੰਮ ਫਿਰ ਕੇ ਦੇਖੀ ਅਤੇ ਇੱਥੋਂ ਇਕ ਵੇਲ (ਭਾਵ ਫੁਲ) ਚੁਣ ਕੇ ਆਪਣਾਅ ਲਿਆ। ਪਰ ਦੂਜੇ ਲੋਕ ਉਹ ਹਨ, ਜਿਹੜੇ ਬਗੀਚੀ ਵਿਚ ਆਏ, ਹਰੇਕ ਫੁਲ ਨੂੰ ਤੋੜਨਾ ਚਾਹਿਆ ਤਾਂ ਉਨਾਂ ਨੂੰ ਬਗੀਚੀ ਵਿਚ ਉਜਾੜਾ ਪਾਉਣ ਵਾਲੇ ਜਾਣ ਕੇ ਦੋਸ਼ੀ ਬਣਾ ਕੇ ਬਾਹਰ ਕੱਢ ਦਿੱਤਾ । ਉਹ ਬਗੀਚੀ ਵਿੱਚੋਂ ਵੀ ਕੁਝ ਨਾ ਲਿਜਾ ਸਕੇ ਅਤੇ ਦੋਸ਼ੀ ਵੀ ਬਣ ਗਏ । ਇੱਥੋਂ ਦਾ ਮਾਲੀ ਹੋਣ ਕਰਕੇ ਮੈਂ ਤੈਨੂੰ ਇਹੋ ਹੀ ਸਮਝਾਵਾਂਗਾ ਕਿ ਇਸ ਬਗੀਚੀ ਵਿੱਚੋਂ ਇਕ ਨੂੰ ਚੁਣ ਲੈ ਅਤੇ ਫਿਰ ਬਾਕੀਆਂ ਨੂੰ ਦੇਖ ਪਰ ਚੰਗੀ ਦ੍ਰਿਸ਼ਟੀ ਨਾਲ ਦੇਖ, ਜਿਸ ਨਾਲ ਇਸ ਬਗੀਚੀ ਵਿੱਚੋਂ ਉਹ ਚੰਗੇ ਲੋਕਾਂ ਵਾਲਾ ਰਸਤਾ ਮਿਲ ਸਕੇ।

ਦਾਨੀ ਅੱਖ ਨਾਲ ਵੇਖਿਆਂ ਸਪਸ਼ਟ ਹੋ ਜਾਵੇਗਾ ਕਿ ਗੁਰੂ ਸੰਸਾਰੀ ਬਗੀਚੀ ਦਾ ਮਾਲੀ ਹੈ ਅਤੇ ਪਰਮੇਸ਼ਰ ਇਸ ਬਗੀਚੀ ਦਾ ਮਾਲਕ ਹੈ। ਗੁਰੂ ਹਰ ਆਏ ਹੋਏ ਰਾਹੀ ਨੂੰ ਚੰਗੀ ਇਨਸਾਨੀਅਤ ਵਰਗੀ ਜ਼ਿੰਦਗੀ ਦੇ ਗੁਣ ਸਮਝਾਉਂਦਿਆਂ ਕ੍ਰਿਪਾ ਕਰਦੇ ਹਨ ਕਿ ਹੇ ਭਾਈ ! ਸੰਸਾਰ ਦੀ ਸੁਹਪਣ ਦਾ ਅੰਤ ਨਹੀਂ । ਜੇਕਰ ਤਨ ਦੀ ਹੀ ਸੁੰਦਰਤਾ ਵਿਚ ਭਟਕ ਗਿਆ ਫਿਰ ਜ਼ਿੰਦਗੀ ਦੀ ਬਾਜ਼ੀ ਹਾਰ ਜਾਏਂਗਾ, ਪਰ ਜੇਕਰ ਕਿਸੇ ਇਕ ਨੂੰ ਚੁਣ ਕੇ ਜੀਵਨ ਸਾਥੀ ਬਣਾ ਲਿਆ, ਫਿਰ ਉਹ ਬਾਜ਼ੀ ਜਿੱਤ ਜਾਏਂਗਾ ।

ਸ਼ੇਖ ਸ਼ਾਅਦੀ ਜੀ ਨੇ ਇਕ ਬਚਨ ਲਿਖਿਆ ਹੈ ਕਿ ਤੂੰ ਖ਼ੁਦ ਵੀ ਕਿਸੇ ਦਾ ਬਣੇ ਅਤੇ ਆਪਣਾ ਵੀ ਕੋਈ ਬਣਾ । ਸਚੇ ਪਿਆਰ ਵਾਲੇ ਲਈ ਤਕੀਦ ਹੈ ਕਿ ਹਜ਼ਾਰਾਂ ਦੋਸਤ ਮਿਤਰ ਰੱਖਣ ਵਾਲੇ ਨੂੰ ਦਿਲ ਨਾ ਦੇਵੀਂ, ਉਹ ਪਿਆਰ ਨਹੀਂ ਬਲਕਿ ਖ਼ੁਆਰ ਕਰੇਗਾ ।

ਮਸ਼ੂਕਿ ਹਜ਼ਾਰ ਦੋਸਤ, ਦਿਲ ਨ ਦਹੀਂ ।

ਥਾਂ-ਥਾਂ ’ਤੇ ਭਟਕਣ ਵਾਲਾ ਨਿਰਬਾਹ ਨਹੀਂ ਕਰਦਾ ਬਲਕਿ ਜ਼ਿੰਦਗੀ ਨੂੰ ਹੀ ਸੁਆਹ ਕਰ ਲੈਂਦਾ ਹੈ । ਇਹੋ ਜਿਹੀ ਸ਼ਾਦੀ ਵੀ ਬਰਬਾਦੀ ਬਣ ਜਾਂਦੀ ਹੈ। ਇਸੇ ਲਈ ਵਿਕਾਰਾਂ ਵਿਚ ਫਸ ਕੇ ਖ਼ੁਆਰ ਹੁੰਦੇ ਮਨੁੱਖ ਨੂੰ ਸਾਹਿਬ ਜੀ ਨੇ ਸਮਝਾ ਕੇ ਇਕ ਚੰਗੇ ਗ੍ਰਿਹਸਥੀ ਵਾਲੇ ਅਮੋਲਕ ਗੁਣਾਂ ਵਿੱਚੋਂ ਇਹ ਕੀਮਤੀ ਗੁਣ ਵੀ ਭਰ ਦਿੱਤਾ ਸੀ। ਜਿਸ ਨਾਲ ਕੇਵਲ ਸਿਹਤ ਹੀ ਨਰੋਈ ਨਹੀਂ ਬਲਕਿ ਸਮਾਜ ਵੀ ਨਰੋਆ ਹੋ ਜਾਂਦਾ ਹੈ। ਹਰ ਇਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਮੰਨਣ ਵਾਲੇ ਨਾਲ ਭਲਾ ਕਿਸ ਦਾ ਨਿਰਬਾਹ ਨਹੀਂ ਹੋਵੇਗਾ।

ਇਕ ਸਾਲ ਪਹਿਲਾਂ ਦਾ ਜ਼ਿਕਰ ਹੈ ਕਿ ਲੰਡਨ ਦੇ ਅਖਬਾਰਾਂ ਵਿਚ ਇਕ ਖਬਰ ਨਸ਼ਰ (ਪ੍ਰਗਟ) ਹੋਈ ਕਿ ਇਕ ਅਤਿ ਚੰਗਾ ਅਤੇ ਖੁਸ਼ਹਾਲ ਪਤੀ ਚੁਣਿਆ ਜਾਵੇ, ਤਾਂ ਉਸ ਲਈ ਕੁਝ ਸਨਮਾਨ ਵੀ ਨਿਯਤ ਕੀਤਾ ਗਿਆ। ਖੋਜ ਕਰਤਾ ਟੀਮ ਨੇ ਆਖਿਰ ਇਕ ਪਤੀ ਚੁਣ ਲਿਆ, ਜਿਹੜਾ ਆਪਣੀ ਪਤਨੀ ਨਾਲ ਕੇਵਲ ਮਿਲ ਗਿਲ ਕੇ ਹੀ ਨਹੀਂ ਬਲਕਿ ਅਤਿ ਖੁਸ਼ ਰਹਿ ਕੇ ਜ਼ਿੰਦਗੀ ਬਸਰ ਕਰ ਰਿਹਾ ਸੀ। ਜਦੋਂ ਸਨਮਾਨ ਚਿੰਨ੍ਹ ਦੇਣਾ ਸੀ ਤਾਂ ਉਹ ਪਤੀ ਆਇਆ ਪਰ ਉਸ ਦੀ ਪਤਨੀ ਨਾ ਆ ਸਕੀ । ਸੁਭਾਵਕ ਸੀ ਕਿ ਲੋਕਾਂ ਨੇ ਸਵਾਲ ਕੀਤੇ ਕਿ ਇਕ ਪਾਸੇ ਚੰਗੇ ਪਤੀ ਨੂੰ ਸਨਮਾਨਿਤ ਕੀਤਾ ਜਾ ਰਿਹਾ, ਪਰ ਦੂਜੇ ਪਾਸੇ ਅੱਜ ਇੰਨੇ ਖ਼ੁਸ਼ੀਆਂ ਭਰੇ ਸਮੇਂ ਵੀ ਇਨ੍ਹਾਂ ਦੀ ਪਤਨੀ ਨਾਲ ਨਹੀਂ। ਪਤੀ ਦੇ ਜਵਾਬ ਦੇਣ ਦੀ ਬਜਾਇ ਖੋਜ ਕਰਤਾ ਟੀਮ ਦੇ ਮੁਖੀ ਨੇ ਦੱਸਿਆ ਕਿ ਇਹੋ ਹੀ ਗੱਲ ਨੇ ਤਾਂ ਇਸ ਨੂੰ ਸਾਡੀ ਚੋਣ ਬਣਾ ਦਿਤਾ ਕਿਉਂਕਿ ਇਸ ਦੀ ਪਤਨੀ ਪਿਛਲੇ ਵੀਹ ਸਾਲ ਤੋਂ ਬਿਸਤਰ ’ਤੇ ਬਿਮਾਰ ਪਈ ਹੈ ਪਰ ਉਹ ਪਤੀ ਹਰ ਰੋਜ਼ ਬਹੁਤ ਖ਼ੁਸ਼ੀ ਨਾਲ ਉੱਠ ਕੇ ਸਾਰਾ ਘਰ ਦਾ ਕੰਮ ਕਾਰ ਆਪ ਕਰਦਾ ਹੈ, ਫਿਰ ਕੰਮ ’ਤੇ ਜਾਣ ਤੋਂ ਪਹਿਲਾਂ ਆਪਣੀ ਪਤਨੀ ਦੀ ਹਰ ਤਰ੍ਹਾਂ ਸੇਵਾ ਕਰਦਾ ਹੈ। ਉਸ ਕੋਲ ਹਰ ਲੋੜੀਦਾਂ ਸਮਾਨ ਰੱਖਦਾ ਹੈ ਜਿਵੇਂ ਕਿਤਾਬਾਂ, ਰਸਾਲੇ, ਪਾਣੀ ਅਤੇ ਕੁਝ ਫਰੂਟ ਆਦਿਕ ਫਿਰ ਪਿਆਰ ਨਾਲ ਆਗਿਆ ਲੈ ਕੇ ਕੰਮ ’ਤੇ ਜਾਂਦਾ ਹੈ। ਘਰ ਪਰਤਦਿਆਂ ਹੀ ਸਭ ਤੋਂ ਪਹਿਲਾਂ ਪਤਨੀ ਕੋਲ ਪਹੁੰਚਦਾ ਹੈ। ਪਿਆਰ ਕਰਕੇ ਚਾਹ ਬਣਾ ਕੇ ਲਿਆਉਂਦਾ ਹੈ ਦੋਵੇਂ ਚਾਹ ਪੀਂਦੇ ਹਨ। ਸਾਰੇ ਦਿਨ ਦਾ ਹਾਲ ਪਤੀ ਬੜੇ ਪ੍ਰੇਮ ਨਾਲ ਸੁਣਾਉਂਦਾ ਹੈ। ਪਤਨੀ ਘਰ ਲੇਟੀ ਹੋਈ ਆਪਣੇ ਪਤੀ ਦੇ ਸੰਸਾਰ ਦੇ ਰੋਜ਼ ਦਰਸ਼ਨ ਕਰ ਲੈਂਦੀ ਹੈ । ਫਿਰ ਨਹਾ ਧੋ ਕੇ ਖਾਣਾ ਬਣਾ ਕੇ ਦੋਵੇਂ ਇਕੱਠੇ ਖਾਂਦੇ ਹਨ। ਹੈਰਾਨੀ ਦੀ ਗੱਲ ਇਸ ਪਤੀ ਨੇ ਆਪਣੀ ਔਲਾਦ ਪ੍ਰਾਪਤੀ ਦੀ ਇਛਾ ਵੀ ਨਹੀਂ ਰੱਖੀ। ਅਜਿਹੇ ਪਿਆਰ ਉਤਸ਼ਾਹ ਨਾਲ ਹਰ ਰੋਜ਼ ਕਰ ਕਰ ਵੀਹ ਸਾਲਾਂ ਤੋਂ ਜਿੰਦਗੀ ਗੁਜ਼ਾਰ ਰਹੇ ਪੁਰਖ ਨੂੰ ਅਸੀਂ ਚੰਗਾ ਤੇ ਖ਼ੁਸ਼ਹਾਲ ਪਤੀ ਚੁਣਿਆ ਹੈ। ਵਿਆਹ ਨਾਲ ਨਿਰਬਾਹ ਹੀ ਜ਼ਿੰਦਗੀ ਨੂੰ ਸਵਰਗ ਬਣਾ ਸਕਦਾ ਹੈ।