ਗੁਰੂ ਨਾਨਕ ਸਾਹਿਬ ਜੀ ਨੂੰ ਕਿੰਨੀਆਂ ਭਾਸ਼ਾਵਾਂ ਦਾ ਬੋਧ ਸੀ ਤੇ ਸਾਨੂੰ ਕਿੰਨੀਆਂ ਭਾਸ਼ਾਵਾਂ ਦਾ …..  ?

0
180

ਗੁਰੂ ਨਾਨਕ ਸਾਹਿਬ ਜੀ ਨੂੰ ਕਿੰਨੀਆਂ ਭਾਸ਼ਾਵਾਂ ਦਾ ਬੋਧ ਸੀ ਤੇ ਸਾਨੂੰ ਕਿੰਨੀਆਂ ਭਾਸ਼ਾਵਾਂ ਦਾ …..  ?

ਡਾ: ਸਰਬਜੀਤ ਸਿੰਘ

ਗੁਰੂ ਨਾਨਕ ਸਾਹਿਬ; ਮਨੁੱਖਤਾ ਨੂੰ ਸਹੀ ਰਸਤੇ ’ਤੇ ਪਾਉਣ ਲਈ ਆਪਣੀਆਂ ਉਦਾਸੀਆਂ ਵਿੱਚ ਬਹੁਤ ਸਾਰੀਆਂ ਥਾਂਵਾਂ ’ਤੇ ਗਏ ਅਤੇ ਲੋਕਾਂ ਨੂੰ ਅਕਾਲ ਪੁਰਖ ਦੇ ਗੁਣ ਅਪਣਾਅ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਨ ਲਈ ਮਾਰਗ ਦਰਸ਼ਨ ਕੀਤਾ। ਗੁਰੂ ਨਾਨਕ ਸਾਹਿਬ ਆਮ ਲੋਕਾਂ ਤੇ ਵੱਖ ਵੱਖ ਫਿਰਕਿਆਂ ਜਾਂ ਮਜ਼੍ਹਬਾਂ ਦੇ ਆਗੂਆਂ ਨੂੰ ਮਿਲਦੇ ਤੇ ਅਕਾਲ ਪੁਰਖ ਨੂੰ ਪਾਉਣ ਦਾ ਸਰਲ ਤੇ ਸਪਸ਼ਟ ਤਰੀਕਾ ਸਮਝਾਉਂਦੇ। ਜੇਕਰ ਕਿਸੇ ਵੀ ਦੂਸਰੇ ਮਨੁੱਖ ਨਾਲ ਕੋਈ ਗੱਲ-ਬਾਤ ਕਰਨੀ ਹੋਵੇ ਤਾਂ ਉਸ ਦੀ ਵਿਚਾਰਧਾਰਾ ਤੇ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਹੋਣਗੇ, ਪਹਿਲਾਂ ਉੱਥੋਂ ਦੇ ਲੋਕਾਂ ਤੇ ਹੋਰ ਹੋਰ ਤਰ੍ਹਾਂ ਦੇ ਫਿਰਕਿਆਂ ਦੀਆਂ ਭਾਸ਼ਾਵਾਂ ਤੇ ਉਨ੍ਹਾਂ ਦੀਆਂ ਰਵਾਇਤਾਂ ਬਾਰੇ ਗਿਆਨ, ਪੂਰੀ ਜਾਣਕਾਰੀ ਹਾਸਲ ਕਰਦੇ ਹੋਣਗੇ, ਜਿਸ ਸਦਕਾ ਉਹ ਮਨੁੱਖਤਾ ਨੂੰ ਜੀਵਨ ਦਾ ਸਹੀ ਮਾਰਗ ਸਮਝਾਉਣ ਵਿਚ ਸਫਲ ਹੋਏ। ਗੁਰੂ ਨਾਨਕ ਸਾਹਿਬ ਨੇ ਆਪਣੀਆਂ ਸਾਰੀਆਂ ਉਦਾਸੀਆਂ ਦੌਰਾਨ ਜ਼ਿਆਦਾਤਰ ਪੈਦਲ ਸਫ਼ਰ ਕੀਤਾ ਜਾਂ ਕਿਤੇ ਕਿਤੇ ਬੇੜੀਆਂ ਜਾਂ ਬੇੜਿਆਂ ਰਾਹੀਂ ਗਏ। ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਉਨ੍ਹਾਂ ਨੇ ਚਾਰੇ ਦਿਸ਼ਾਵਾਂ (ਉੱਤਰ, ਪੂਰਬ, ਪੱਛਮ ਤੇ ਦੱਖਣ) ਵਿਚ ਸਫ਼ਰ ਕੀਤਾ, ਜੋ ਕਿ 40-50 ਹਜ਼ਾਰ ਕਿਲੋਮੀਟਰ ਦੇ ਕਰੀਬ ਬਣਦਾ ਹੈ। ਅੰਦਾਜ਼ਨ ਉਨ੍ਹਾਂ ਨੇ ਇਹ ਸਫਰ 1500 ਤੋਂ 1524 ਦੇ ਦੌਰਾਨ ਕੀਤਾ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਬੋਲੀ 12 ਕੋਹਾਂ ਤੇ ਬਦਲ ਜਾਂਦੀ ਹੈ। ਜੇ ਕਰ 12 ਕੋਹਾਂ ਦੀ ਬਜਾਏ 100 ਕਿਲੋਮੀਟਰ ਵੀ ਲਿਆ ਜਾਵੇ ਤਾਂ ਇਸ ਹਿਸਾਬ ਮੁਤਾਬਕ ਗੁਰੂ ਨਾਨਕ ਸਾਹਿਬ ਨੂੰ 280 ਤੋਂ ਵੱਧ ਭਾਸ਼ਾਵਾਂ ਦਾ ਗਿਆਨ ਸੀ।

ਗੁਰੂ ਨਾਨਕ ਸਾਹਿਬ ਨੇ ਆਪਣੀ ਪਹਿਲੀ ਉਦਾਸੀ ਵਿਚ ਸੁਲਤਾਨਪੁਰ, ਤੁਲੰਬਾ (ਮਖਦੂਮਪੁਰ), ਹਰਦੁਆਰ, ਪਾਨੀਪਤ, ਦਿੱਲੀ, ਅਯੁਧਿਆ, ਬਨਾਰਸ, ਨਾਨਕਮੱਤਾ (ਨੈਨੀਤਾਲ), ਟਾਂਡਾ ਵਣਜਾਰਾ (ਰਾਮਪੁਰ), ਗਇਆ (ਪਟਨਾ), ਹਾਜੀਪੁਰ, ਕੰਤ ਨਗਰ, ਮਾਲਦਾ, ਦੁਬਰੀ (ਆਸਾਮ), ਕਾਮਰੂਪ (ਆਸਾਮ), ਆਸਾਦੇਸ (ਆਸਾਮ), ਗੁਹਾਟੀ, ਸ਼ਿਲਾਂਗ, ਸਿਲਹਟ, ਕੋਲਕੱਤਾ, ਕੱਟਕ, ਪੁਰੀ, ਸੈਦਪੁਰ (ਐਮਨਾਬਾਦ), ਪਸਰੂਰ (ਪਾਕਿਸਤਾਨ), ਸਿਆਲਕੋਟ (ਪਾਕਿਸਤਾਨ), ਆਦਿ ਥਾਂਵਾਂ ’ਤੇ ਗਏ।

ਗੁਰੂ ਨਾਨਕ ਸਾਹਿਬ ਆਪਣੀ ਦੂਸਰੀ ਉਦਾਸੀ ਵਿਚ ਦੱਖਣ ਵੱਲ ਵਿਜੇਵਾੜਾ, ਗੁੰਟੂਰ (ਆਂਧਰਾ ਪ੍ਰਦੇਸ਼), ਨਾਗਾਪਟਨਮ, ਕਾਂਚੀਪੁਰਮ, ਤੀਰੂਵਨਮਾਲਾ, ਤ੍ਰਿਚਨਾਪਲੀ, ਤਰਾਈਵਨਮਾਲੇ, ਰਾਮੇਸ਼ਵਰਮ (ਤਾਮਿਲਨਾਡੂ), ਮੱਟੀਆਕਲਮ, ਕਾਤਾਰਗਾਮਾ, ਬੱਟੀਕੋਲਾ, ਸੀਤਾਇਲਿਆ (ਸ੍ਰੀ ਲੰਕਾ), ਕੋਚੀਨ, ਪਲਘਾਟ, ਨੀਲ ਗਿਰੀ ਪਹਾੜੀਆਂ, ਰੰਗਾਪਤਨ, ਬਿਦਰ (ਕਰਨਾਟਕਾ), ਨੰਦੇੜ, ਨਰਸੀ ਬਾਮਨੀ, ਬਰਸੀ (ਸ਼ੋਲਾਪੁਰ), ਨਾਸਿਕ, ਪੂੰਨਾ, ਅਮਰਨਾਥ, ਨਾਸਿਕ, ਆਰੰਗਾਬਾਦ (ਮਹਾਂਰਾਸ਼ਟਰਾ), ਓਮਕਾਰੇਸ਼ਵਰ, ਬੇਟਮਾਂ (ਇੰਦੌਰ), ਬੁਰਹਾਨਪੁਰ (ਖੰਡਵਾ), ਗਵਾਰੀਘਾਟ, ਇੰਦੌਰ, ਊਜੈਨ (ਮੱਧ ਪ੍ਰਦੇਸ਼), ਪਲੀਟਾਨਾ, ਦਵਾਰਕਾ, ਬੇਟ ਦਵਾਰਕਾ, ਕੱਛ, ਭੜੂਚ, ਜੂਨਾਂਗੜ੍ਹ, ਬੜੋਦਾ (ਗੁਜਰਾਤ), ਜਬਲਪੁਰ, ਚਿਤਰਾਕੂਟ, ਰਿਖਾਨਪੁਰ, ਪੁਸ਼ਕਰ, ਅਜਮੇਰ, ਸੋਮਨਾਥ ਮੰਦਿਰ, ਦਵਾਰਕਾ, ਆਦਿ ਥਾਂਵਾਂ ’ਤੇ ਗਏ।

ਗੁਰੂ ਨਾਨਕ ਸਾਹਿਬ ਆਪਣੀ ਤੀਸਰੀ ਉਦਾਸੀ ਵਿਚ ਊਨਾ, ਮੰਡੀ, ਰਾਵਾਲਸਰ, ਕੁੱਲੂ, ਮਨੀਕਰਨ, ਮਾਂਊਟ ਕਾਗ ਬਾਸੁੰਦ, ਗੜਵਾਲ, ਹਰਦਵਾਰ, ਨਾਨਕ ਮੱਤਾ, ਟਾਂਡਾ, ਸ੍ਰੀ ਨਗਰ, ਕੱਠਮੰਡੂ (ਨੇਪਾਲ), ਚੁੰਗਤੰਗ (ਸਿਕਮ), ਲਹਾਸ਼ਾ (ਤਿੱਬਤ), ਸੁਮੇਰ ਪਰਬਤ, ਲੇਹ, ਅਨੰਤਨਾਗ, ਮੱਟਨ, ਬਾਰਾਮੁਲਾ, ਬੇਰਵਾਹ (ਬੁੰਡਗਮ), ਮਾਨ ਸਰੋਵਰ, ਤਿੱਬਤ, ਚੀਨ, ਲਦਾਖ, ਜੰਮੂ ਕਸ਼ਮੀਰ, ਸ੍ਰੀਨਗਰ, ਅਨੰਤਨਾਗ, ਮਟਨ (ਮਾਰਤੰਡ), ਆਦਿ ਥਾਂਵਾਂ ’ਤੇ ਗਏ।

ਗੁਰੂ ਨਾਨਕ ਸਾਹਿਬ ਆਪਣੀ ਚੌਥੀ ਉਦਾਸੀ ਵਿਚ ਮੁਲਤਾਨ, ਲਖਪੱਤ, ਕਰਾਚੀ, ਅਦਨ, ਜੇਦਾ, ਅਲ ਮੱਕਾ, ਮਦੀਨਾ, ਬਗਦਾਦ, ਬਸਰਾ, ਕਰਬਲਾ, ਬੁਸ਼ੇਹਰ, ਖੋਰਮ ਸ਼ਹਰ, ਤੈਹਰਾਨ, ਅਸ਼ਗਾਬਾਦ, ਉਰਗੈਚ, ਬੁਖਾਰਾ, ਸਮਰਕੰਦ, ਕੰਧਾਰ, ਕਾਬਲ, ਹਸਨ ਅਬਦਲ, ਜਲਾਲਾਬਾਦ, ਪਾਕਪਟਨ (ਸੋਮਾਈਨੀ), ਜੇਦਾਹ, ਮੱਕਾ, ਮਦੀਨਾ, ਕੁਵੈਤ, ਬਸਰਾ, ਬਗਦਾਦ, ਈਰਾਨ, ਕਾਬਲ, ਪੇਸ਼ਾਵਰ, ਪੰਜਾਬ, ਪਾਕਪਟਨ, ਸਾਉਦੀ ਅਰੇਬੀਆ, ਟਰਕੀ, ਗਰੀਸ, ਆਦਿ ਥਾਂਵਾਂ  ’ਤੇ ਗਏ।

ਗੁਰੂ ਨਾਨਕ ਸਾਹਿਬ ਨੇ ਆਪਣੀ ਪੰਜਵੀਂ ਉਦਾਸੀ ਵਿਚ ਕਰਤਾਰਪੁਰ ਦੇ ਆਸ ਪਾਸ ਪੰਜਾਬ ਦਾ ਦੌਰਾ ਕੀਤਾ। ਗੁਰੂ ਨਾਨਕ ਸਾਹਿਬ ਜੀ ਆਪਣੀ ਸਾਰੀਆਂ ਉਦਾਸੀਆਂ ਦੇ ਦੌਰਾਨ ਅਜੋਕੇ ਭਾਰਤ ਦੇ ਲਗਭਗ ਸਾਰਿਆਂ ਸੂਬਿਆਂ ਵਿਚ ਗਏ। ਜਿਸ ਤਰ੍ਹਾਂ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ, ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ, ਬਿਹਾਰ, ਬੰਗਾਲ, ਆਸਾਮ, ਰਾਜਿਸਥਾਨ, ਮੱਧ ਪ੍ਰਦੇਸ਼, ਛਤੀਸਗੜ੍ਹ, ਗੁਜਰਾਤ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼, ਉੜੀਸਾ, ਕਰਨਾਟਕਾ, ਕੇਰਲਾ, ਤਾਮਿਲਨਾਡੂ, ਆਦਿ। ਪੰਜਾਬ ਨੂੰ ਆਮ ਤੌਰ ’ਤੇ ਚਾਰ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ ‘ਮਾਝਾ, ਦੁਆਬਾ, ਮਾਲਵਾ ਤੇ ਝਨਾਬ’। ਜੇ ਕਰ ਪੰਜਾਬ ਦੀਆਂ 4 ਭਾਸ਼ਾਵਾਂ ਗਿਣ ਲਈਆਂ ਜਾਣ ਤਾਂ ਇਉਂ ਭਾਰਤ ਦੇ 19 ਸੂਬਿਆਂ ਦੀਆਂ ਲਗਭਗ 76 ਭਾਸ਼ਾਵਾਂ ਦੀ ਗਿਣਤੀ ਬਣਦੀ ਹੈ। ਉਨ੍ਹਾਂ ਨੇ ਆਪਣੀ ਸਾਰੀਆਂ ਉਦਾਸੀਆਂ ਦੇ ਦੌਰਾਨ ਅਜੋਕੀ ਦੁਨੀਆਂ ਦੇ ਤਕਰੀਬਨ ਇਨ੍ਹਾਂ ਦੇਸ਼ਾਂ ਵਿਚ ਗਏ ‘ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਸਿੱਕਮ, ਤਿੱਬਤ, ਬੰਗਲਾਦੇਸ, ਚੀਨ, ਅਫਗਾਨਿਸਤਾਨ, ਈਰਾਨ, ਈਰਾਕ, ਕੁਵੈਤ, ਟਰਕੀ, ਸਾਊਦੀ ਅਰੇਬੀਆਂ, ਆਦਿ’। ਇਨ੍ਹਾਂ ਵੱਖ ਵੱਖ ਦੇਸ਼ਾਂ ਵਿਚ ਅਜੋਕੇ ਸਮੇਂ ਦੀਆਂ ਤਕਰੀਬਨ 91 ਪ੍ਰਸਿੱਧ ਭਾਸ਼ਾਵਾ ਹਨ,ਜਿਨ੍ਹਾਂ ਵਿੱਚ ਪਾਕਿਸਤਾਨ ਦੀਆਂ ਲਗਭਗ 12 ਭਾਸ਼ਾਵਾਂ ਹਨ ‘ਪੰਜਾਬੀ (ਮਾਝੀ, ਪੋਠੋਹਾਰੀ, ਹਿੰਡਕੋ, ਧਾਨੀ), ਪਸ਼ਤੋ, ਸਿੰਧੀ (ਸਿੰਧੀ ਸਰਾਇਕੀ, ਵਿਚੋਲੀ, ਲਾਰੀ, ਲਾਸੀ, ਥਾਰੀ, ਕੱਛੀ), ਬਲੋਚੀ, ਆਦਿ’। ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਘੱਟ ਬੋਲਣ ਵਾਲੀਆਂ ਭਾਸ਼ਾਵਾਂ ਵੀ ਹਨ, ਜਿਨ੍ਹਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ ਸੈਕੜਿਆਂ ਜਾਂ ਹਜ਼ਾਰਾਂ ਵਿਚ ਹੈ।

ਸ੍ਰੀ ਲੰਕਾ ਦੀਆਂ ਤਕਰੀਬਨ 5 ਭਾਸ਼ਾਵਾਂ ਹਨ ‘ਸਿਨਾਲੀਜ਼, ਰੋਡੀਆ, ਤਾਮਿਲ, ਅਰਬੀ, ਕਰੀਓਲੇ ਮਾਲੇ, ਆਦਿ’। ਨੇਪਾਲ ਦੀਆਂ ਜ਼ਿਆਦਾ ਬੋਲੇ ਜਾਣ ਵਾਲੀਆਂ 4 ਭਾਸ਼ਾਵਾ ਹਨ ‘ਨੇਵਾਰ, ਤਾਮੰਗ, ਮਗਰ, ਰਾਏ ਲਿੰਬੂ’। ਸਿੱਕਮ ਦੀਆਂ ਵੱਧ ਬੋਲੇ ਜਾਣ ਵਾਲੀਆਂ 9 ਭਾਸ਼ਾਵਾਂ ਹਨ ‘ਬੁਟੀਆਂ, ਲੈਪਚਾ, ਲਿੰਬੂ, ਨੀਵਾਰੀ, ਰਾਏ, ਗੁਰੁੰਗ, ਮੰਤਰ ਸੈਰਪਾ, ਤਾਮੰਗ, ਸੁਨਵਾਰ’। ਤਿੱਬਤ ਦੀਆਂ ਪ੍ਰਸਿੱਧ 25 ਭਾਸ਼ਾਵਾ ਹਨ ‘ਯੂਸੰਗ, ਖੰਮਹੋਰ, ਐਮਡੋ, ਥੇਵੋ ਛੋਨ, ਲਦਾਖੀ, ਪੁਰਖੀ, ਸਪਿਤੀ, ਦਜ਼ੋਗਖਾ, ਧਰੈਜ਼ੌਗ, ਸ਼ੈਰਪਾ, ਕਾਈਰੌਗ, ਜਾਈਰੈਲ, ਸਾਂਮੰਗ, ਲਾਖਾ, ਧੁਰ, ਮੇਰਾ ਸਾਟੈਂਗ, ਧਰੋਮੋ, ਜ਼ੌਨਗੂੰ, ਗਸੈਰਪਾ, ਖ਼ਾਲੌਗ, ਡੌਗਵੰਗ, ਜ਼ਿਤਸਾਡੇਗੂ, ਦਰੁਗਚੂ, ਆਦਿ।’

ਬੰਗਲਾ ਦੇਸ ਦੀਆਂ 4 ਪ੍ਰਸਿੱਧ ਭਾਸ਼ਾਵਾਂ ਹਨ ‘ਚਿਟਾਗੋਨੀਅਨ, ਰੰਗਪੁਰੀ, ਨੋਖਾਇਲਾ, ਸਿਲਥੀ, ਆਦਿ’। ਇਨ੍ਹਾਂ ਤੋਂ ਇਲਾਵਾ 32 ਦੇ ਕਰੀਬ ਹੋਰ ਭਾਸ਼ਾਵਾਂ ਹਨ। ਚੀਨ ਦੀਆਂ ਪ੍ਰਸਿੱਧ ਭਾਸ਼ਾਵਾਂ 8 ਹਨ। ਇਨ੍ਹਾਂ ਤੋਂ ਇਲਾਵਾ 292 ਹੋਰ ਭਾਸ਼ਾਵਾਂ ਹਨ, ਜੋ ਇੱਕ ਦੂਜੇ ਨਾਲੋਂ ਬਹੁਤ ਵੱਖਰੀਆਂ ਹਨ।

ਅਫਗਾਨਿਸਤਾਨ ਦੀਆਂ ਪ੍ਰਸਿੱਧ ਭਾਸ਼ਾਵਾਂ ਵੀ 8 ਹਨ ‘ਪਸ਼ਤੋ, ਧਾਰੀ, ਯੂਬੇਕੀ, ਤੁਰਕਮੈਨ, ਬਲੋਚੀ, ਪਸ਼ਾਏਈ, ਨੂਰਿਸਤਾਨੀ, ਪਾਮੀਰੀ’, ਆਦਿ। ਇਸ ਤੋਂ ਇਲਾਵਾ ਘੱਟ ਬੋਲੀਆਂ ਜਾਣ ਵਾਲੀਆਂ 14 ਭਾਸ਼ਾਵਾਂ ਵੀ ਹਨ। ਈਰਾਨ ਦੀਆਂ ਵੱਧ ਬੋਲੇ ਜਾਣ ਵਾਲੀਆਂ 7 ਭਾਸ਼ਾਵਾਂ ਹਨ ‘ਪਰਸ਼ੀਅਨ, ਗਿਲਾਕੀ, ਮਜ਼ਨਦਰਾਨੀ, ਅਜ਼ੇਰੀ ਤੁਰਿਕਸ਼, ਖ਼ੁਰਦਿਸ਼, ਬਲੋਚੀ, ਅਰਬੀ’, ਆਦਿ। ਇਨ੍ਹਾਂ ਤੋਂ ਇਲਾਵਾ ਘੱਟ ਬੋਲੇ ਜਾਣ ਵਾਲੀਆਂ ਵੀ ਕਈ ਭਾਸ਼ਾਵਾਂ ਹਨ; ਜਿਵੇਂ ਕਿ ‘ਤੁਰਕਮੈਨ, ਪਸ਼ਤੋ, ਆਰਮੀਨੀਅਨ, ਅਸੀਰੀਅਨ, ਬਰਹੂਈ’, ਆਦਿ।

ਈਰਾਕ ਦੀਆਂ ਵੱਧ ਬੋਲੇ ਜਾਣ ਵਾਲੀਆਂ 7 ਭਾਸ਼ਾਵਾਂ ਹਨ ‘ਅਰਬੀ, ਖ਼ੁਰਦਿਸ਼, ਤੁਰਕਮੈਨ, ਨਿਓਅਰਾਮਿਕ, ਮਨਡਾਇਕ ਸ਼ਬਕੀ, ਆਰਮੀਨੀਅਨ, ਪਸ਼ਤੋ’, ਆਦਿ। ਕੁਵੈਤ ਵਿਚ ਜ਼ਿਆਦਾਤਰ ਅਰਬੀ ਬੋਲੀ ਜਾਂਦੀ ਹੈ। ਟਰਕੀ ਵਿਚ ਆਮ ਭਾਸ਼ਾ ‘ਇਸਤਾਬਲ ਟਰਕੀ’ ਹੈ। ਸਾਊਦੀ ਅਰੇਬੀਆ ਦੀਆਂ ਜ਼ਿਆਦਾ ਬੋਲੇ ਜਾਣ ਵਾਲੀਆਂ 9 ਭਾਸ਼ਾਵਾਂ ਹਨ ‘ਅਰੇਬੀਅਨ ਅਰਬੀ, ਬਹਿਰੀਨ ਅਰਬੀ, ਬਾਰੇਕੀ ਅਰਬੀ, ਗਲਫ ਅਰਬੀ, ਹੇਜ਼ਾਦੀ ਅਰਬੀ, ਨਾਜਦੀ ਅਰਬੀ, ਪੈਂਸੁਲਾਰ, ਅਰਬੀ, ਬਾਰੇ’, ਆਦਿ

ਉਕਤ ਦੇਸ਼ਾਂ ਤੋਂ ਇਲਾਵਾ ਹੋਰ ਵੀ ਜਗ੍ਹਾ ਵਿੱਚ ਗੁਰੂ ਜੀ ਗਏ ਹੋਣਗੇ ਜਾਂ ਓਥੇ ਹੋਰ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹੋਣਗੀਆਂ। ਇਹ ਵੀ ਹੋ ਸਕਦਾ ਹੈ ਕਿ ਗੁਰੂ ਸਾਹਿਬ ਉਕਤ ਸਾਰੇ ਦੇਸ਼ਾਂ ਦੇ ਸਾਰੇ ਇਲਾਕਿਆਂ ਵਿਚ ਨਾ ਗਏ ਹੋਣ। ਕੇਵਲ ਖ਼ਾਸ ਖ਼ਾਸ ਇਲਾਕਿਆਂ ਵਿੱਚੋਂ ਲੰਘ ਗਏ ਹੋਣ। ਉਨ੍ਹਾਂ ਸਮਿਆਂ ਵਿੱਚ ਸੰਚਾਰ ਤੇ ਅਵਾਜਾਈ ਦੇ ਸਾਧਨ ਬਹੁਤ ਘੱਟ ਸਨ, ਇਸ ਲਈ ਜ਼ਿਆਦਾਤਰ ਇਲਾਕਿਆਂ ਵਿਚ ਭਾਸ਼ਾਵਾਂ ਦੀ ਆਪਸੀ ਸਾਂਝ ਬਹੁਤ ਘੱਟ ਹੋਵੇਗੀ। ਜੇਕਰ ਇਨ੍ਹਾਂ ਦੇਸ਼ਾਂ ਦੀਆਂ ਪ੍ਰਸਿੱਧ ਭਾਸ਼ਾਵਾਂ ਦੀ ਗਿਣਤੀ ਹੀ ਕਰ ਲਈ ਜਾਵੇ ਤਾਂ 13 ਦੇਸ਼ਾਂ ਦੀਆਂ ਤਕਰੀਬਨ 91 ਭਾਸ਼ਾਵਾਂ ਬਣਦੀਆਂ ਹਨ। ਸਾਰੇ ਭਾਰਤ ਦੀਆਂ ਭਾਸ਼ਾਵਾਂ ਨੂੰ ਮਿਲਾ ਕੇ ਗਿਣਤੀ ਲਗਭਗ (76+91) 167 ਬਣ ਜਾਂਦੀ ਹੈ। ਇਨ੍ਹਾਂ ਸਾਰੇ ਇਲਾਕਿਆਂ ਦੀਆਂ ਭਾਸ਼ਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਵਰਤੀਆਂ ਭਾਸ਼ਾਵਾਂ ਨੂੰ ਵੇਖਦਿਆਂ ਜਾਪਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ 100 ਤੋਂ ਵੱਧ ਭਾਸ਼ਾਵਾਂ ਬਾਰੇ ਜਾਣਕਾਰੀ ਸੀ।

ਅੱਜ ਕੱਲ੍ਹ ਦੇ ਸਿੱਖਾਂ ਦਾ ਸਮੇਂ ਦੇ ਹਾਣੀ ਨਾ ਬਣਨਾ ਤੇ ਸਿੱਖੀ ਤੋਂ ਦੂਰ ਜਾਣ ਦਾ ਕਾਰਨ ਇਹੀ ਹੈ ਕਿ ਇਨ੍ਹਾਂ ਵਿਚ ਗਿਆਨ ਦੀ ਬਹੁਤ ਕਮੀ ਹੈ। ਸਾਡੇ ਗ੍ਰੰਥੀ ਤੇ ਰਾਗੀ ਜ਼ਿਆਦਾਤਰ ਘੱਟ ਪੜੇ੍ਹ ਜਾਂ ਮੁਸ਼ਕਲ ਨਾਲ 10/12 ਜਮਾਤਾਂ ਪਾਸ ਹੁੰਦੇ ਹਨ। ਕੋਈ ਵਿਰਲਾ ਹੀ ਪ੍ਰਚਾਰਕ ਗਰੈਜੂਏਟ ਜਾਂ ਉਸ ਤੋਂ ਵੱਧ ਪੜ੍ਹਿਆ ਹੋਵੇਗਾ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਗਿਆਨ ਦੇਣ ਲਈ ਵਿੱਦਿਅਕ ਮਿਆਰ ਕਾਫ਼ੀ ਉੱਚਾ ਹੋਣਾ ਹੀ ਚਾਹੀਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਸਮਾਜਿਕ, ਰਾਜਨੀਤਿਕ, ਗ੍ਰਿਹ ਵਿਗਿਆਨ, ਇਤਿਹਾਸ, ਭੂਗੋਲ, ਅਰਥ ਸ਼ਾਸਤਰ, ਕਮਿਸਟਰੀ, ਫਿਜ਼ਿਕਸ, ਭੂਮੰਡਲ, ਅਕਾਸ਼ ਮੰਡਲ, ਮਨੋਵਿਗਿਆਨ, ਆਦਿ ਸਭ ਤਰ੍ਹਾਂ ਦੇ ਵਿਸ਼ਿਆ ਸੰਬੰਧੀ ਡੂੰਘੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਮੁੱਚੀ ਮਨੁੱਖਤਾ ਨੂੰ ਜੀਵਨ ਦੀ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ। ਦੁਨੀਆਂ ਦੇ ਬਹੁਤ ਸਾਰੇ ਧਰਮਾਂ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਆਪਣੀ ਕਲਪਨਾਂ ਦੇ ਆਧਾਰ ’ਤੇ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਮੂਲ ਮੰਤਰ; ਅਕਾਲ ਪੁਰਖ ਨੂੰ ਵਿਗਿਆਨਕ ਤਰੀਕੇ ਨਾਲ ਬਿਆਨ ਕਰਨ ’ਚ  ਪਹਿਲ ਕਰਦਾ ਹੈ। ਇਸ ਨੂੰ ਅਕਾਲ ਪੁਰਖ ਸੰਬੰਧੀ ਸਾਇੰਸ ਦਾ ਮੁੱਢ ਕਹਿ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਕਲਪਨਾ ਦੇ ਆਧਾਰ ’ਤੇ ਨਹੀਂ ਬਲਕਿ ਤੱਥਾਂ ਆਧਾਰਿਤ ਸਾਇੰਸ ਕਾਢ ਦੇ ਆਧਾਰ ’ਤੇ ਦਿੱਤੀ ਹੈ ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’’

ਸੰਸਾਰ ਨੂੰ ਚਲਾਉਣ ਵਾਲਾ ਨਾ ਤਾਂ ਕੋਈ ਮਨੁੱਖ ਹੋ ਸਕਦਾ ਹੈ ਅਤੇ ਨਾ ਹੀ ਕੋਈ ਜੀਵ ਜੰਤੂ ਜਾਂ ਵਸਤੂ ਕਿਉਂਕਿ ਇਹ ਸਾਰੇ ਨਾਸ਼ਵਾਨ ਹਨ, ਸਦੀਵੀ ਕਾਲ ਲਈ ਨਹੀਂ ਰਹਿ ਸਕਦੇ। ਅਕਾਲ ਪੁਰਖ ਦਾ ਕੋਈ ਨਿਯਮ, ਅਸੂਲ ਜਾਂ ਸਿਸਟਮ ਹੀ ਹੋ ਸਕਦਾ ਹੈ, ਜਿਸ ਦੀ ਸੀਮਾ ਬੇਅੰਤ ਹੈ, ਇਸ ਲਈ ਦੁਨਿਆਵੀ ਲਫ਼ਜ਼ਾਂ ਵਿਚ ਕਿਸੇ ਖ਼ਾਸ ਨਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਨਿਊਟਨ ਨੇ ਗੁਰਤਾ ਖਿੱਚ (Gravitational force) ਦੀ ਕਾਢ 1686 ਦੇ ਕਰੀਬ ਕੀਤੀ ਸੀ ਪਰੰਤੂ ਗੁਰੂ ਨਾਨਕ ਸਾਹਿਬ ਨੇ ਇਸ ਬਾਰੇ ਜਪੁ ਜੀ ਸਾਹਿਬ ਵਿਚ 500 ਸਾਲ ਪਹਿਲਾਂ ਕਹਿ ਦਿਤਾ ਸੀ। ਗੈਲੀਲੀਓ ਨੇ ਪਹਿਲੀ ਟੈਲੀਸਕੋਪ 1609 ਵਿਚ ਬਣਾਈ। ਗੁਰੂ ਸਾਹਿਬ ਨੇ ਬਿਨਾਂ ਟੈਲੀਸਕੋਪ ਦੇ ਕਈ ਸਾਲ ਪਹਿਲਾਂ ਲਿਖ ਦਿੱਤਾ ਸੀ ਕਿ ਧਰਤੀਆਂ ਅਣਗਿਣਤ ਹਨ। ਅੱਜ ਦੀ ਸਾਇੰਸ ਕੁਝ ਦਹਾਕੇ ਪਹਿਲਾਂ ਤੋਂ ਹੀ ਅਨੇਕ ਗੈਲੈਕਸੀਆਂ ਬਾਰੇ ਗੱਲ ਕਰ ਰਹੀ ਹੈ ‘‘ਕੇਤੀਆ ਕਰਮ ਭੂਮੀ; ਮੇਰ ਕੇਤੇ, ਕੇਤੇ ਧੂ ਉਪਦੇਸ   ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ .. ੩੫’’ (ਜਪੁ ਜੀ ਸਾਹਿਬ)   

ਗੁਰੂ ਨਾਨਕ ਸਾਹਿਬ ਦੀ ਬਾਣੀ ਦਰਸਾਉਂਦੀ ਹੈ ਕਿ ਗੁਰੂ ਸਾਹਿਬ ਨੂੰ ਭੌਤਿਕ ਗਿਆਨ (Physics) ਤੇ ਆਕਾਸ਼ ਮੰਡਲ (Astronomy) ਬਾਰੇ ਡੂੰਘੀ ਜਾਣਕਾਰੀ ਸੀ। ਧਰਤੀ ਨੂੰ ਆਸਰਾ ਦੇਣ ਵਾਲਾ ਕੋਈ ਬਲਦ ਨਹੀਂ ਬਲਕਿ ਰੱਬੀ ਧਰਮ ਹੈ, ਨਿਯਮ ਹੈ, ਅਸੂਲ ਹੈ। ਜਿਸ ਨੇ ਸਾਰੇ ਬ੍ਰਹਿਮੰਡ ਵਿਚ ਸਥਿਰਤਾ (ਸੰਤੋਖੁ) ਕਾਇਮ ਰੱਖਿਆ ਹੈ ‘‘ਜੇ ਕੋ ਕਹੈ ਕਰੈ ਵੀਚਾਰੁ   ਕਰਤੇ ਕੈ ਕਰਣੈ ਨਾਹੀ ਸੁਮਾਰੁ   ਧੌਲੁ ਧਰਮੁ ਦਇਆ ਕਾ ਪੂਤੁ   ਸੰਤੋਖੁ ਥਾਪਿ ਰਖਿਆ ਜਿਨਿ ਸੂਤਿ .. ੧੬’’ (ਜਪੁ ਜੀ ਸਾਹਿਬ) ਅੱਜ ਅਸੀਂ ਇਸ ਅਸੂਲ ਨੂੰ ਗਰੂਤਾਂ ਸ਼ਕਤੀ ਨਾਲ ਜਾਣਦੇ ਹਾਂ (ਨਿਊਟਨ ਲਾ ਆਫ ਗਰੈਵੀਟੇਸ਼ਨ/Gravitational force)। ਗੁਰੂ ਸਾਹਿਬ ਨੇ ਕੁਦਰਤ ਦੀ ਸਚਾਈ ਨੂੰ ਬਿਲਕੁਲ ਸਰਲ ਤੇ ਸਪਸ਼ਟ ਤਰੀਕੇ ਨਾਲ ਸਮਝਾਇਆ ਹੈ।

ਅਕਾਲ ਪੁਰਖ ਦੇ ਦਰ ’ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ। ਉਸ ਦੇ ਦਰ ’ਤੇ ਕ੍ਰੋੜਾਂ ਸ਼ਿਵ ਤੇ ਕੈਲਾਸ਼ ਪਰਬਤ ਆਦਿ ਹਨ। ਕ੍ਰੋੜਾਂ ਹੀ ਬ੍ਰਹਮਾ ਉਸ ਦੇ ਦਰ ’ਤੇ ਵੇਦ ਉਚਾਰ ਰਹੇ ਹਨ। ਅਕਾਲ ਪੁਰਖ ਦੇ ਦਰ ’ਤੇ ਕ੍ਰੋੜਾਂ ਚੰਦ੍ਰਮੇ ਰੌਸ਼ਨੀ ਕਰਦੇ ਹਨ। ਉਸ ਦੇ ਦਰ ਤੋਂ ਅਨੇਕਾਂ ਦੇਵਤੇ ਭੋਜਨ ਛਕਦੇ ਹਨ। ਕ੍ਰੋੜਾਂ ਹੀ ਗ੍ਰਿਹ ਹਨ ਅਤੇ ਕ੍ਰੋੜਾਂ ਹੀ ਧਰਮ ਰਾਜ ਦੇ ਦਰਬਾਨ ਹਨ। ਕ੍ਰੋੜਾਂ ਹਵਾਵਾਂ ਚੱਲਦੀਆਂ ਹਨ, ਕ੍ਰੋੜਾਂ ਸ਼ੇਸ਼ਨਾਗ ਉਸ ਦੀ ਸੇਜ ਵਿਛਾਉਂਦੇ ਹਨ। ਕ੍ਰੋੜਾਂ ਸਮੁੰਦਰ ਉਸ ਦੇ ਪਾਣੀ ਭਰਨ ਵਾਲੇ ਹਨ ਅਤੇ ਕ੍ਰੋੜਾਂ ਹੀ ਬਨਸਪਤੀ ਹੈ, ਜੋ ਕਿ ਮਾਨੋ ਉਸ ਦੇ ਜਿਸਮ ਦੇ ਰੋਮ ਹਨ। ਕ੍ਰੋੜਾਂ ਕੁਬੇਰ ਦੇਵਤੇ, ਉਸ ਦੇ ਖ਼ਜਾਨੇ ਭਰਦੇ ਹਨ। ਕ੍ਰੋੜਾਂ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ। ਕ੍ਰੋੜਾਂ ਹੀ ਪਾਪ ਤੇ ਪੁੰਨ ਆਦਿ ਕਰਮ ਹੋ ਰਹੇ ਹਨ। ਕ੍ਰੋੜਾਂ ਇੰਦਰ ਦੇਵਤੇ ਹਨ, ਜੋ ਦੇ ਦਰ ’ਤੇ ਸੇਵਾ ਕਰ ਰਹੇ ਹਨ। ਛਪੰਜਾ ਕ੍ਰੋੜ ਭਾਵ ਅਨੇਕਾਂ ਬੱਦਲ ਉਸ ਦੇ ਦਰਬਾਨ ਹਨ, ਜੋ ਥਾਂ ਥਾਂ ਵਰਖਾ ਕਰਦੇ ਹਨ। ਕ੍ਰੋੜਾਂ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਉਸ ਦੇ ਦਰ ’ਤੇ ਮੌਜੂਦ ਹਨ। ਕ੍ਰੋੜਾਂ ਜੱਗ ਹੋ ਰਹੇ ਹਨ ਤੇ ਕ੍ਰੋੜਾਂ ਗੰਧਰਬ ਜੈ ਜੈਕਾਰ ਗਾ ਰਹੇ ਹਨ। ਕ੍ਰੋੜਾਂ ਲੋਕ ਆਪਣੀ ਵਿੱਦਿਆ ਦੁਆਰਾ, ਉਸ ਦੇ ਬੇਅੰਤ ਗੁਣ ਗਾ ਰਹੇ ਹਨ, ਪਰ ਫਿਰ ਵੀ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ ‘‘ਕਈ ਕੋਟਿ ਖਾਣੀ ਅਰੁ ਖੰਡ   ਕਈ ਕੋਟਿ ਅਕਾਸ ਬ੍ਰਹਮੰਡ   ਕਈ ਕੋਟਿ ਹੋਏ ਅਵਤਾਰ   ਕਈ ਜੁਗਤਿ ਕੀਨੋ ਬਿਸਥਾਰ   ਕਈ ਬਾਰ ਪਸਰਿਓ ਪਾਸਾਰ   ਸਦਾ ਸਦਾ ਇਕੁ ਏਕੰਕਾਰ   ਕਈ ਕੋਟਿ ਕੀਨੇ ਬਹੁ ਭਾਤਿ   ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ   ਤਾ ਕਾ ਅੰਤੁ ਜਾਨੈ ਕੋਇ   ਆਪੇ ਆਪਿ ਨਾਨਕ ਪ੍ਰਭੁ ਸੋਇ ’’ (ਸੁਖਮਨੀ/ਮਹਲਾ /੨੭੬)

ਗੁਰਬਾਣੀ ਦਾ ਉਕਤ ਸਬਦ ਇਹੀ ਦਰਸਾਉਂਦਾ ਹੈ ਕਿ ਸਤਿਗੁਰੂ ਸਾਹਿਬ ਨੂੰ ਭੌਤਿਕ ਗਿਆਨ (Physics), ਜੀਵ ਵਿਗਿਆਨ, ਬਨਸਪਤੀ ਵਿਗਿਆਨ ਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਗਿਆਨ ਸੀ। ਗੁਰੂ ਸਾਹਿਬ ਦਾ ਗਿਆਨ ਇੱਥੋਂ ਤੱਕ ਹੀ ਸੀਮਿਤ ਨਹੀਂ, ਉਨ੍ਹਾਂ ਨੇ ਇਹ ਵੀ ਸਮਝਾਇਆ ਕਿ ਹਰੇਕ ਵਸਤੂ ਵਿਚ ਜੀਵਨ ਹਨ ਤੇ ਸਾਰੇ ਜੀਵਨਾਂ ਦਾ ਆਧਾਰ ਪਾਣੀ ਹੈ। ਇਸ ਲਈ ਜਿਨ੍ਹਾਂ ਨੂੰ ਜੀਵ ਹੱਤਿਆ ਦਾ ਬਹੁਤ ਫਿਕਰ ਹੈ, ਉਨ੍ਹਾਂ ਨੂੰ ਅੰਨ ਖਾਣਾ ਤੇ ਪਾਣੀ ਪੀਣਾ ਬੰਦ ਕਰ ਦੇਣਾ ਚਾਹੀਦਾ ਹੈ ‘‘ਜੇ ਕਰਿ ਸੂਤਕੁ ਮੰਨੀਐ; ਸਭ ਤੈ ਸੂਤਕੁ ਹੋਇ   ਗੋਹੇ ਅਤੈ ਲਕੜੀ; ਅੰਦਰਿ ਕੀੜਾ ਹੋਇ   ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਕੋਇ   ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ   ਸੂਤਕੁ ਕਿਉ ਕਰਿ ਰਖੀਐ; ਸੂਤਕੁ ਪਵੈ ਰਸੋਇ   ਨਾਨਕ  ! ਸੂਤਕੁ ਏਵ ਉਤਰੈ; ਗਿਆਨੁ ਉਤਾਰੇ ਧੋਇ ’’ (ਆਸਾ ਕੀ ਵਾਰ/ਮਹਲਾ /੪੭੨)

ਅਕਾਲ ਪੁਰਖ ਤੋਂ ਸੂਖਮ ਤੱਤ ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿਚ ਆਇਆ। ਜਲ ਤੋਂ ਸਾਰਾ ਜਗਤ ਰਚਿਆ ਗਿਆ ਤੇ ਇਸ ਰਚੇ ਹੋਏ ਜੀਵਾਂ ਦੇ ਹਿਰਦੇ ਵਿਚ ਅਕਾਲ ਪੁਰਖ ਦੀ ਜੋਤਿ ਸਮਾਈ ਹੋਈ ਹੈ ਪਰੰਤੂ ਇਸ ਦੀ ਸੋਝੀ ਸਬਦੁ ਗੁਰੂ ਤੋਂ ਹੀ ਮਿਲ ਸਕਦੀ ਹੈ। ਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰ ਲੋਕ ਪਰਲੋਕ ਵਿਚ ਆਦਰ ਮਿਲਦਾ ਹੈ। ਉਹ ਹਿਰਦਾ ਸਦਾ ਪਵਿੱਤਰ ਰਹਿੰਦਾ ਹੈ। ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ   ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ   ਨਿਰਮਲੁ, ਮੈਲਾ ਨਾ ਥੀਐ; ਸਬਦਿ ਰਤੇ ਪਤਿ ਹੋਇ ’’ (ਮਹਲਾ /੧੯)

ਉਕਤ ਸਬਦ ਇਹੀ ਦਰਸਾਉਂਦਾ ਹੈ ਕਿ ਗੁਰੂ ਸਾਹਿਬ ਨੂੰ ਰਸਾਨਿਕ ਵਿਗਿਆਨ (Chemistry), ਜੀਵ ਵਿਗਿਆਨ ਤੇ ਭੂਗੋਲ ਬਾਰੇ ਵੀ ਚੰਗੀ ਜਾਣਕਾਰੀ ਸੀ। ਜੀਵ ਦੀ ਪੈਦਾਇਸ਼ ਮਨੁੱਖ ਜਾਂ ਸਾਡੀ ਸਾਇੰਸ ਨਹੀਂ ਕਰ ਸਕਦੀ। ਜੀਵ ਆਤਮਾ ਅਤੇ ਮਨ ਦੇ ਤਲ ’ਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ, ਇਹ ਵਰਤਮਾਨ ਸਾਇੰਸ ਦੀ ਸਮਰੱਥਾ ਤੋਂ ਬਾਹਰ ਹਨ। ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਇਹੀ ਸਪਸ਼ਟ ਕੀਤਾ ਹੈ ਕਿ ਜੀਵਨ ਲਈ ਜਲ ਜ਼ਰੂਰੀ ਹੈ। ਨਾਲ ਹੀ ਕੁਝ ਬੁੱਝਣ ਦੀ ਗੱਲ ਸਮਝਾਈ ਹੈ ਭਾਵ ਗੁਰੂ ਦੀ ਮੱਤ ਰਾਹੀਂ ਜੀਵਨ ਦੀ ਅਸਲੀਅਤ ਨੂੰ ਸਮਝਣਾ ਹੈ। ਅਸਲ ਵਿਚ ਇਹ ਜਗਤ ਅਕਾਲ ਪੁਰਖ ਦਾ ਰੂਪ ਹੈ ਕਿਉਂਕਿ ਹਰੇਕ ਜੀਵ ਅਕਾਲ ਪੁਰਖ ਤੋਂ ਹੀ ਪੈਦਾ ਹੁੰਦਾ ਹੈ, ਪਰ ਕੋਈ ਵਿਰਲਾ ਬੰਦਾ ਇਹ ਗੱਲ ਗੁਰੂ ਦੀ ਮਿਹਰ ਨਾਲ ਸਮਝਦਾ ਹੈ। ਜੋ ਸਮਝ ਲੈਂਦਾ ਹੈ ਉਸ ਮਨੁੱਖ ਦੇ ਅੰਦਰੋਂ ਹਉਮੈਂ ਦੂਰ ਹੋ ਜਾਂਦੀ ਹੈ ਤੇ ਉਸ ਦਾ ਜੀਵਨ ਵਿਕਾਰ ਰਹਿਤ ਹੋ ਜਾਂਦਾ ਹੈ ‘‘ਨਾਨਕ  ! ਇਹੁ ਜਗਤੁ ਸਭੁ ਜਲੁ ਹੈ; ਜਲ ਹੀ ਤੇ ਸਭ ਕੋਇ   ਗੁਰ ਪਰਸਾਦੀ ਕੋ ਵਿਰਲਾ ਬੂਝੈ; ਸੋ ਜਨੁ ਮੁਕਤੁ ਸਦਾ ਹੋਇ (ਮਹਲਾ /੧੨੮੩), ਜਲ ਹੀ ਤੇ ਸਭ ਊਪਜੈ; ਬਿਨੁ ਜਲ, ਪਿਆਸ ਜਾਇ   ਨਾਨਕ  ! ਹਰਿ ਜਲੁ ਜਿਨਿ ਪੀਆ; ਤਿਸੁ ਭੂਖ ਲਾਗੈ ਆਇ ’’ (ਮਹਲਾ /੧੪੨੦)

ਉਕਤ ਸਬਦ ਵਿਚ ਗੁਰੂ ਸਾਹਿਬ ਉਦਾਹਰਨ ਤਾਂ ਪਪੀਹੇ ਅਤੇ ਪਾਣੀ ਦੀ ਆਮ ਜੀਵਨ ਬਾਰੇ ਦੇ ਰਹੇ ਹਨ, ਪਰ ਸਮਝਾ ਮਨ ਨੂੰ ਰਹੇ ਹਨ। ਆਮ ਪਾਣੀ ਨਾਲ ਸਾਰੀ ਸ੍ਰਿਸ਼ਟੀ ਵਿਚ ਉਤਪਤੀ ਹੋ ਰਹੀ ਹੈ ਤੇ ਪਾਣੀ ਤੋਂ ਬਿਨਾਂ ਪਿਆਸ ਨਹੀਂ ਬੁਝਦੀ, ਜਦੋਂ ਤੱਕ ਪਾਣੀ ਦੀ ਬੂੰਦ ਮਨੁੱਖ ਦੇ ਮੂੰਹ ਵਿਚ ਨਹੀਂ ਪੈਂਦੀ। ਇਸੇ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ਜਦੋਂ ਤੱਕ ਗੁਰੂ ਦੇ ਸ਼ਬਦ ਦੁਆਰਾ ਅੰਮ੍ਰਿਤ ਨਾਮੁ ਦੀ ਬੂੰਦ ਮਨੁੱਖ ਦੇ ਹਿਰਦੇ ਵਿਚ ਨਹੀਂ ਵਸਦੀ। ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦਾ ਨਾਮੁ ਚੇਤੇ ਕਰਨ ਲਈ ਕਿਹਾ ਹੈ। ਅਕਾਲ ਪੁਰਖ ਦੇ ਹੁਕਮੁ ਨੂੰ ਭਲਾ ਜਾਣ ਕੇ ਮੰਨਣਾ ਹੈ।

ਗੁਰਬਾਣੀ ਦਾ ਇਹ ਸਬਦ ਜਿੱਥੇ ਰਸਾਨਿਕ ਵਿਗਿਆਨ ਬਾਰੇ ਦਰਸਾਉਂਦਾ ਹੈ, ਉਸ ਦੇ ਨਾਲ-ਨਾਲ ਮਨੋ ਵਿਗਿਆਨ ਬਾਰੇ ਵੀ ਚੰਗੀ ਜਾਣਕਾਰੀ ਦਿੰਦਾ ਹੈ। ਅਕਾਲ ਪੁਰਖ ਨੇ ਇਹ ਕੁਦਰਤ ਸੁੰਨ ਤੋਂ ਪੈਦਾ ਕੀਤੀ। ਅੱਜ ਕੱਲ੍ਹ ਦੀ ਸਾਇੰਸ ਵੀ ਵੈਕੀਉਂਮ ਜਾਂ ਬਲੈਕ ਹੋਲ ਦੀ ਗੱਲ ਕਰਦੀ ਹੈ ‘‘ਸੁੰਨ ਕਲਾ ਅਪਰੰਪਰਿ (ਨੇ) ਧਾਰੀ   ਆਪਿ ਨਿਰਾਲਮੁ ਅਪਰ ਅਪਾਰੀ   ਆਪੇ ਕੁਦਰਤਿ ਕਰਿ ਕਰਿ ਦੇਖੈ; ਸੁੰਨਹੁ ਸੁੰਨੁ ਉਪਾਇਦਾ   ਪਉਣੁ ਪਾਣੀ ਸੁੰਨੈ ਤੇ ਸਾਜੇ   ਸ੍ਰਿਸਟਿ ਉਪਾਇ ਕਾਇਆ ਗੜ ਰਾਜੇ   ਅਗਨਿ ਪਾਣੀ ਜੀਉ ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ (ਮਹਲਾ /੧੦੩੮), ਕੇਤੜਿਆ ਦਿਨ; ਗੁਪਤੁ ਕਹਾਇਆ   ਕੇਤੜਿਆ ਦਿਨ; ਸੁੰਨਿ ਸਮਾਇਆ   ਕੇਤੜਿਆ ਦਿਨ ਧੁੰਧੂਕਾਰਾ; ਆਪੇ ਕਰਤਾ ਪਰਗਟੜਾ ’’ (ਮਹਲਾ /੧੦੮੧)

ਉਕਤ ਸਬਦ ਇਹੀ ਦਰਸਾਉਂਦਾ ਹੈ ਕਿ ਗੁਰੂ ਸਾਹਿਬ ਨੂੰ ਭੌਤਿਕ ਗਿਆਨ, ਜੀਵ ਵਿਗਿਆਨ ਤੇ ਬਨਸਪਤੀ ਵਿਗਿਆਨ ਬਾਰੇ ਬਹੁਤ ਕੁਝ ਪਤਾ ਸੀ। ਇਹ ਉਦਾਹਰਨਾਂ ਸਾਬਤ ਕਰਦੀਆਂ ਹਨ ਕਿ ਗੁਰੂ ਨਾਨਕ ਸਾਹਿਬ ਨੂੰ ਜਿੱਥੇ 100 ਤੋਂ ਵੱਧ ਭਾਸ਼ਾਵਾਂ ਦਾ ਗਿਆਨ ਸੀ, ਉੱਥੇ ਰੋਜ਼ਾਨਾ ਜੀਵਨ ਦੀ ਸਿੱਖਿਆ ਤੋਂ ਇਲਾਵਾ, ਹੋਰ ਬਹੁਤ ਸਾਰੇ ਵਿਸ਼ਿਆਂ ਸੰਬੰਧੀ ਵੀ ਡੂੰਘੀ ਜਾਣਕਾਰੀ ਸੀ। ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਤਾਂ ਆਪਣੇ ਆਪ ਵਿਚ ਇਕ ਪ੍ਰਮਾਣ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਗੁਰਮੁਖੀ ਲਿਪੀ ਤੇ ਉਸ ਦੇ ਲਿਖਣ ਢੰਗ ਬਾਰੇ ਨਿੰਪੁਨਤਾ ਹਾਸਲ ਸੀ। ਗੁਰਬਾਣੀ ਦੁਆਰਾ ਸਮਾਜਿਕ, ਰਾਜਨੀਤਕ, ਪਰਿਵਾਰਿਕ, ਇਤਿਹਾਸਕ, ਭੂਗੋਲ, ਅਰਥ ਸ਼ਾਸਤਰ, ਕਮਿਸਟਰੀ, ਫਿਜ਼ਿਕਸ, ਭੂਮੰਡਲ, ਅਕਾਸ਼ ਮੰਡਲ, ਮਨੋਵਿਗਿਆਨ, ਆਦਿ ਵਿਸ਼ਿਆ ਸੰਬੰਧੀ ਡੂੰਘੀ ਜਾਣਕਾਰੀ ਦਿੱਤੀ ਹੈ ਤਾਂ ਕਿ ਸਮੁੱਚੀ ਮਨੁੱਖਤਾ ਨੂੰ ਜੀਵਨ ਦੇ ਸਹੀ ਰਾਗ ਪਾਇਆ ਜਾ ਸਕੇ। ਕਿਸੇ ਵੀ ਕੌਮ ਦੀ ਤਰੱਕੀ ਇਸ ਉੱਪਰ ਨਿਰਭਰ ਕਰਦੀ ਹੈ ਕਿ ਉਨ੍ਹਾਂ ਦਾ ਵਿਦਿਅਕ ਪੱਧਰ ਕਿੰਨਾ ਕੁ ਉੱਚਾ ਹੈ।

ਸੰਨ 1911 ਵਿਚ ਪੰਜਾਬ ਵਿਚ ਪੜ੍ਹਿਆਂ ਲਿਖਿਆਂ ਦਾ ਦਰਜਾ; ਭਾਰਤ ਵਿੱਚੋਂ ਚੌਥੇ ਸਥਾਨ (4/18) ’ਤੇ ਸੀ, ਜੋ 2001 ਤੱਕ ਘਟ ਕੇ 24ਵੇਂ ਸਥਾਨ ’ਤੇ ਚਲਾ ਗਿਆ ਹੈ। ਕਰਮਵਾਰ ਸਥਿਤੀ ਇਉਂ ਘਟੀ ਸੰਨ 1951 ’ਚ 7ਵਾਂ, 1961 ’ਚ 13ਵਾਂ, 1971 ’ਚ 11ਵਾਂ, 2001 ’ਚ 24ਵਾਂ ਆਦਿ, ਇਹੀ ਕਾਰਨ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੋ ਗਈ ਹੈ। ਪਿੰਡਾਂ ਵਿਚ ਸਰਕਾਰੀ ਸਕੂਲਾਂ ਦਾ ਪੱਧਰ ਬਹੁਤ ਨੀਵਾਂ ਹੈ ਤੇ ਪ੍ਰਾਈਵੇਟ ਸਕੂਲ ਜਾਂ ਕਾਲਜਾਂ ਦਾ ਮੰਤਵ ਸਿਰਫ ਪੈਸਾ ਇਕੱਠਾ ਕਰਨਾ ਹੈ। ਬਹੁ ਗਿਣਤੀ ਬੱਚਿਆਂ ਦੀ ਹਾਲਤ ਇਹ ਹੈ ਕਿ ਨਾ ਤਾਂ ਉਹ ਪੜ੍ਹਨਾ ਚਾਹੁੰਦੇ ਹਨ ਤੇ ਨਾ ਹੀ ਅਧਿਆਪਕ ਪੜ੍ਹਾਉਣਾ ਚਾਹੁੰਦੇ ਹਨ। ਮਾਤਾ ਪਿਤਾ ਨੂੰ ਸਿਰਫ਼ ਪਾਸ ਹੋਣ ਤੱਕ ਮਤਲਬ ਹੈ। ਵਿੱਦਿਅਕ ਯੋਗਤਾ ਵਧਾਉਣ ਨਾਲ ਕੋਈ ਵਾਸਤਾ ਨਹੀਂ। ਵਿੱਦਿਅਕ ਯੋਗਤਾ ਘਟਣ ਕਰਕੇ ਮਾਇਕ ਹਾਲਤ ਮਾੜੀ ਹੁੰਦੀ ਜਾ ਰਹੀ ਹੈ। ਕੌਮ ਦੀ ਤਰੱਕੀ ਸਾਇੰਸ, ਕਾਮਰਸ, ਖੇਤੀ ਬਾੜੀ ਜਾਂ ਹੋਰ ਤਕਨੀਕੀ ਵਿਸ਼ੇ ਪੜ੍ਹਨ ਨਾਲ ਹੋਣੀ ਹੈ, ਪਰ ਇਨ੍ਹਾਂ ਨੂੰ ਬਹੁਤ ਘੱਟ ਲੋਕ ਤਵੱਜੋ ਦਿੰਦੇ ਹਨ। ਭਾਵੇਂ ਲੁਧਿਆਣੇ ਵਿਚ ਖੇਤੀ ਬਾੜੀ ਯੂਨੀਵਰਸਟੀ ਬਣੀ ਹੈ, ਪਰ ਕਿੰਨੇ ਕੁ ਪਿੰਡਾਂ ਦੇ ਖੇਤੀ ਕਰਨ ਵਾਲੇ ਬੱਚੇ ਉੱਥੇ ਪੜ੍ਹਦੇ ਹਨ। ਖੇਤੀਬਾੜੀ ਯੂਨੀਵਰਸਟੀ ਵਿਚ ਪੜ੍ਹਨ ਵਾਲੇ ਬੱਚੇ ਜ਼ਿਆਦਾਤਰ ਸ਼ਹਿਰਾਂ ਦੇ ਹਨ ਜਾਂ ਉਹ ਹਨ, ਜਿਹੜੇ ਖੇਤੀ ਬਾੜੀ ਨਹੀਂ ਕਰਦੇ ਹਨ।

ਗੁਰੂ ਰਾਮਦਾਸ ਜੀ ਨੇ ਸਿੱਖ ਦੇ ਨਿਤਨੇਮ ਵਿਚ ਅੰਮ੍ਰਿਤ ਵੇਲੇ ਨੂੰ ਖ਼ਾਸ ਮਹੱਤਵ ਦਿੱਤਾ ਹੈ। ਸਤਿਗੁਰੂ ਦਾ ਸੱਚਾ ਸਿੱਖ ਉਸ ਨੂੰ ਆਖਦੇ ਹਨ, ਜਿਹੜਾ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਹਰੀ ਦਾ ਨਾਮ ਚੇਤੇ ਕਰਦਾ ਹੈ। ਹਰ ਰੋਜ਼ ਸਵੇਰੇ ਉੱਦਮ ਕਰ ਇਸ਼ਨਾਨ ਕਰਨ ਤੋਂ ਬਾਅਦ ਨਾਮ ਰੂਪੀ ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ। ਸਤਿਗੁਰੂ ਦੇ ਉਪਦੇਸ਼ ਭਾਵ ਗੁਰਬਾਣੀ ਦੁਆਰਾ ਅਕਾਲ ਪੁਰਖ ਦਾ ਨਾਮ ਜਪਦਾ ਹੈ ਕਿਉਂਕਿ ਗੁਰਬਾਣੀ ਧਿਆਨ ਨਾਲ ਪੜ੍ਹਨ, ਸੁਣਨ, ਸਮਝਣ ਤੇ ਅਮਲੀ ਰੂਪ ਦੇਣ ਨਾਲ ਸਾਰੇ ਪਾਪ, ਵਿਕਾਰ ਲਹਿ ਜਾਂਦੇ ਹਨ। ਸਤਿਗੁਰੂ ਦੀ ਅੰਮ੍ਰਿਤ ਰੂਪੀ ਬਾਣੀ ਦੁਆਰਾ ਅਕਾਲ ਪੁਰਖ ਦਾ ਜਸ ਗਾਇਨ ਕਰਦਾ ਹੈ। ਗੁਰਸਿੱਖ ਸਾਰਾ ਦਿਨ ਆਪਣੀ ਕਿਰਤ ਕਰਦੇ ਹੋਇਆਂ ਹਮੇਸ਼ਾਂ, ਅਕਾਲ ਪੁਰਖ ਦਾ ਨਾਮ ਧਿਆਨ ਵਿਚ ਰੱਖਦਾ ਹੈ। ਅਕਾਲ ਪੁਰਖ ਨੂੰ ਹਰ ਸਮੇਂ ਚੇਤੇ ਕਰਨ ਵਾਲਾ ਸਿੱਖ, ਸਤਿਗੁਰੂ ਨੂੰ ਚੰਗਾ ਲੱਗਦਾ ਹੈ। ਸਤਿਗੁਰੂ; ਐਸੇ ਗੁਰਸਿੱਖ ਨੂੰ ਪਿਆਰ ਕਰਦੇ ਹਨ, ਜਿਸ ’ਤੇ ਅਕਾਲ ਪੁਰਖ ਦਿਆਲ ਹੁੰਦਾ ਹੈ। ਗੁਰੂ ਦਾ ਸਿੱਖ ਸਿਰਫ਼ ਆਪਣਾ ਭਲਾ ਨਹੀਂ ਬਲਕਿ ਸਰਬੱਤ ਦਾ ਭਲਾ ਮੰਗਦਾ ਹੈ। ਇਸ ਲਈ ਸਿੱਖ ਆਪਣੇ ਨਾਮ ਜਪਣ ਦੇ ਨਾਲ-ਨਾਲ, ਹੋਰਨਾਂ ਨੂੰ ਵੀ ਨਾਮ ਜਪਾਉਂਦਾ ਹੈ ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ   ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ   ਉਪਦੇਸਿ ਗੁਰੂ, ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ   ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ   ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ ਗੁਰੂ ਮਨਿ ਭਾਵੈ   ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ   ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ’’ (ਮਹਲਾ /੩੦੬)

ਉਕਤ ਸਬਦ ਵਿਚ ਸਪਸ਼ਟ ਹੈ ਕਿ ਗੁਰੂ ਦਾ ਸਿੱਖ ਆਪ ਨਾਮ ਜਪਣ ਦੇ ਨਾਲ-ਨਾਲ, ਹੋਰਨਾਂ ਨੂੰ ਵੀ ਨਾਮ ਜਪਾਉਂਦਾ ਹੈ। ਗੁਰੂ ਦੇ ਸਿੱਖ ਦਾ ਫਰਜ਼ ਬਣਦਾ ਹੈ ਕਿ ਸਾਝੇ ਤੌਰ ’ਤੇ ਸੰਗਤੀ ਰੂਪ ਵਿਚ ਗੁਰਬਾਣੀ ਗਾਇਨ ਕਰਿਆ ਕਰੇ। ਆਪ ਗੁਰਬਾਣੀ ਨੂੰ ਪੜ੍ਹੇ ਤੇ ਦੂਸਰਿਆਂ ਨੂੰ ਗੁਰਬਾਣੀ ਪੜ੍ਹਨ ਲਈ ਪ੍ਰੇਰੇ। ਗੁਰੂ ਨਾਨਕ ਸਾਹਿਬ ਜੀ ਦਾ 100 ਤੋਂ ਵੱਧ ਭਾਸ਼ਾਂਵਾਂ ਬਾਰੇ ਗਿਆਨ ਅਤੇ ਅਨੇਕਾਂ ਹੋਰ ਵਿਸ਼ਿਆਂ, ਜਿਨ੍ਹਾਂ ਨੂੰ ਹੁਣ ਸਕੂਲਾਂ ਤੇ ਯੂਨੀਵਰਸਟੀਆਂ ਵਿਚ ਪੜ੍ਹਾਇਆ ਜਾਂਦਾ ਹੈ, ਉਨ੍ਹਾਂ ਵਿੱਚੋਂ ਬਹੁਤੇ ਵਿਸ਼ਿਆਂ ਸੰਬੰਧੀ ਗੁਰੂ ਨਾਨਕ ਸਾਹਿਬ ਨੂੰ ਗਹਿਰੀ ਜਾਣਕਾਰੀ ਸੀ। ਉਸ ਨੂੰ ਸਮਝ ਕੇ ਅਸੀਂ ਕਹਿ ਸਕਦੇ ਹਾਂ ਕਿ ਇਕ ਅਨਪੜ੍ਹ ਵਿਅਕਤੀ ਸਿੱਖ ਕਹਿਲਾਉਣ ਦੇ ਲਾਇਕ ਨਹੀਂ। ਜੇਕਰ ਆਪਣੇ ਆਪ ਨੂੰ ਸਿੱਖ ਕਹਿਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਦੁਨਿਆਵੀ ਤੇ ਅਧਿਆਤਮਿਕ ਸਿੱਖਿਆਵਾਂ ਦੋਵੇ ਹਾਸਲ ਕਰਨੀਆਂ ਪੈਣਗੀਆਂ। ਅਨਪੜ੍ਹ ਪ੍ਰਚਾਰਕਾਂ ਕੋਲ਼ੋਂ ਗੁੰਮਰਾਹ ਹੋਣ ਦੀ ਬਜਾਇ ਪੜ੍ਹੇ ਲਿਖੇ, ਲਾਇਕ ਤੇ ਜੀਵਨ ਵਾਲ਼ੇ ਗ੍ਰੰਥੀ ਤੇ ਪ੍ਰਚਾਰਕ ਨਿਯੁਕਤ ਕਰਨੇ ਚਾਹੀਦੇ ਹਨ। ਘਰੇਲੂ ਝਗੜੇ, ਸ਼ਰਾਬ ਤੇ ਨਸ਼ੇ, ਬਜ਼ੁਰਗਾਂ ਦੀਆਂ ਮੁਸ਼ਕਲਾਂ, ਔਰਤਾਂ ’ਤੇ ਜੁਲਮ, ਬੱਚਿਆਂ ਨਾਲ ਝਗੜੇ, ਨਸਲ ਭੇਦ-ਭਾਵ ਤੇ ਜ਼ੁਲਮ, ਦਾਜ ਪ੍ਰਥਾ ਆਦਿ ਕੁਕਰਮ; ਸਿੱਖਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਕਰ ਰਹੇ ਹਨ, ਜਿਸ ਕਰਕੇ ਸਿੱਖਾਂ ਨੂੰ ਵਿਦੇਸ਼ਾਂ ਵਿਚ ਅਨਪੜ੍ਹ, ਗੰਦੇ ਤੇ ਮੁਜ਼ਰਮ ਸਮਝਿਆ ਜਾਂਦਾ ਹੈ। ਭਾਵੇਂ ਦੂਸਰੀਆਂ ਕੌਮਾਂ (ਯਹੂਦੀਆਂ) ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਨ੍ਹਾਂ ਨੇ ਆਪਸੀ ਸਹਾਇਤਾ ਲਈ ਸੰਸਥਾਵਾਂ ਕਾਇਮ ਕੀਤੀਆਂ ਹਨ। ਸਿੱਖਾਂ ਵਿਚ ਇਕ ਦੂਜੇ ਦੀ ਸਹਾਇਤਾ ਕਰਨ ਲਈ ਕੋਈ ਸੰਸਥਾ ਨਹੀਂ ਹੈ। ਅਮੀਰ ਸਿੱਖ ਦੂਜੇ ਸਿੱਖਾਂ ਦੀ ਸਹਾਇਤਾ ਨਹੀਂ ਕਰਦਾ ਬਲਕਿ ਉਲਟਾ ਹੰਕਾਰ ਵਿਚ ਆ ਕੇ ਸਿੱਖੀ ਤੋਂ ਦੂਰ ਹੋ ਜਾਂਦਾ ਹੈ। ਬੱਚਿਆਂ ਨੂੰ ਨਕਲ ਮਾਰ ਕੇ ਪਾਸ ਕਰਵਾਉਣ ਦੀ ਬਜਾਏ ਮਾਤਾ ਪਿਤਾ ਨੂੰ ਬੱਚਿਆਂ ਦੀ ਪੜ੍ਹਾਈ ਤੇ ਧਾਰਮਿਕ ਗਿਆਨ ਵਲ ਧਿਆਨ ਦੇਣਾ ਪਵੇਗਾ। ਵਿਆਹਾਂ ਅਤੇ ਨਾਚ ਗਾਣਿਆਂ ਤੇ ਫਜੂਲ ਪੈਸੇ ਤੇ ਸਮਾਂ ਬਰਬਾਦ ਕਰਨ ਦੀ ਬਜਾਏ ਬੱਚਿਆਂ ਲਈ ਪਿੰਡਾਂ, ਸਕੂਲਾਂ, ਕਾਲਜਾਂ ਵਿਚ ਅਧੁਨਿਕ ਤਕਨੀਕਾਂ ਦੇ ਸਿਖਲਾਈ ਪ੍ਰਬੰਧ ਕਰਨੇ ਚਾਹੀਦੇ ਹਨ। ਥਾਂ ਥਾਂ ’ਤੇ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਕਰਵਾਉਣੀਆਂ ਚਾਹੀਦੀਆਂ ਹਨ, Personality development ਦੇ ਕੋਰਸ ਕਰਵਾਉਣੇ ਚਾਹੀਦੇ ਹਨ। ਨੌਕਰੀਆਂ ਦੀ ਭਾਲ ਸੰਬੰਧੀ ਜਾਣਕਾਰੀ ਦੇਣ (vocational guidance) ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਜਿਨ੍ਹਾਂ ਸਿੰਘਾਂ ਨੇ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਨੂੰ ਪਿੰਡਾਂ, ਸਕੂਲਾਂ, ਕਾਲਜਾਂ ਵਿਚ ਬੁਲਾ ਕੇ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਸੰਬੰਧੀ ਜਾਣਕਾਰੀ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਆਪਸੀ ਸਾਂਝ ਤੇ ਸਹਾਇਤਾ, ਦੋਵੇਂ ਹੋਣਗੇ। ਕਈ ਵਾਰੀ ਵੇਖਣ ਵਿਚ ਆਉਂਦਾ ਹੈ ਕਿ ਜੇਕਰ ਕੋਈ ਵਿਦਵਾਨ ਨੇਕ ਸਲਾਹ ਦੇਣੀ ਚਾਹੁੰਦਾ ਹੈ ਜਾਂ ਲੋਕਾਂ ਦੀ ਸਹਾਇਤਾ ਲਈ ਕੁਝ ਕਰਨਾ ਚਾਹੁੰਦਾ ਹੈ ਤਾਂ ਕਈ ਲੋਕ ਅਤੇ ਪ੍ਰਬੰਧਕ ਉਸ ਦਾ ਸਾਥ ਦੇਣ ਲਈ ਤਿਆਰ ਨਹੀਂ ਹੁੰਦੇ। ਇਸ ਦਾ ਕਾਰਨ ਵੀ ਲੋਕਾਂ ਤੇ ਪ੍ਰਬੰਧਕਾਂ ਵਿੱਚ ਹਉਮੈਂ ਤੇ ਅਗਿਆਨਤਾ ਹੀ ਹੈ, ਜਿਸ ਕਾਰਨ ਨੇਕ ਸਲਾਹ ਨੂੰ ਪਰਖ ਵੀ ਨਹੀਂ ਸਕਦੇ। ਆਪਣੇ ਕਿੱਤਿਆਂ ਵਿਚ ਨਿਪੁੰਨਤਾ ਹਾਸਲ ਕਰਨ ਲਈ ਸਿੱਖਾਂ ਨੂੰ ਆਪਣਾ ਅਧਿਆਤਮਿਕ ਤੇ ਵਿੱਦਿਅਕ ਪੱਧਰ ਉੱਚਾ ਕਰਨਾ ਪਵੇਗਾ।

ਪੰਜਾਬੀ ਦੀ ਕਹਾਵਤ ਹੈ ਕਿ ‘ਕੱਲ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ, ਉਮਰ ਹੱਡਾਂ ਨੂੰ ਖਾ ਰਹੀ, ਜਿਉਂ ਲੱਕੜੀ ਨੂੰ ਘੁਣ’। ਗੁਰੂ ਸਾਹਿਬ ਨੇ ਵੀ ਗੁਰਬਾਣੀ ਵਿਚ ਕਿਹਾ ਕਿ ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ, ਜੀਵਨ ਨੂੰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ। ਇਸੇ ਜਨਮ ਵਿਚ ਕਾਮਯਾਬ ਹੋ, ਜੀਵਨ ਦੀ ਖੇਡ ਜਿੱਤ ਤਾਂ ਕਿ ਮੁੜ ਜਨਮ ਨਾ ਲੈਣਾ ਪਵੇ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ   ਨਾਨਕ ! ਸਿਝਿ ਇਵੇਹਾ ਵਾਰ; ਬਹੁੜਿ ਹੋਵੀ ਜਨਮੜਾ ’’ (ਮਹਲਾ /੧੦੯੬), ਇਸ ਲਈ ਆਓ ਪ੍ਰਣ ਕਰੀਏ ਕਿ ਆਪਣੇ ਗੁਰੂ ਸਾਹਿਬਾਨ ਦੀ ਤਰ੍ਹਾਂ, ਚੰਗੀ ਸਿੱਖਿਆ ਹਾਸਲ ਕਰੀਏ, ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਈਏ, ਚੰਗੇ ਗੁਰਮਤਿ ਪ੍ਰਚਾਰਕ ਰੱਖੀਏ ਅਤੇ ਉੱਦਮ ਕਰ ਮਨੁੱਖਤਾ ਨੂੰ ਖ਼ੁਸ਼ਹਾਲੀ ਤੇ ਆਨੰਦ ਵੱਲ ਲੈ ਜਾਈਏ।