ਪਾਰੁ ਕੈਸੇ ਪਾਇਬੋ ਰੇ

0
233

ਪਾਰੁ ਕੈਸੇ ਪਾਇਬੋ ਰੇ

ਗਿ. ਅਮਰੀਕ ਸਿੰਘ ਜੀ

ਗਉੜੀ ਬੈਰਾਗਣਿ  ੴ ਸਤਿਗੁਰ ਪ੍ਰਸਾਦਿ ॥ 

ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ ॥  ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ॥੧॥  ਪਾਰੁ ਕੈਸੇ ਪਾਇਬੋ ? ਰੇ  !॥  ਮੋ ਸਉ ਕੋਊ ਨ ਕਹੈ ਸਮਝਾਇ ॥  ਜਾ ਤੇ; ਆਵਾ ਗਵਨੁ ਬਿਲਾਇ ॥੧॥ ਰਹਾਉ ॥  ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ, ਸਭ ਲੋਇ ॥  ਕਵਨ ਕਰਮ ਤੇ ਛੂਟੀਐ; ਜਿਹ ਸਾਧੇ ਸਭ ਸਿਧਿ ਹੋਇ ॥੨॥  ਕਰਮ ਅਕਰਮ ਬੀਚਾਰੀਐ; ਸੰਕਾ ਸੁਨਿ ਬੇਦ ਪੁਰਾਨ ॥  ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ ॥੩॥  ਬਾਹਰੁ ਉਦਕਿ ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ ॥  ਸੁਧ ਕਵਨ ਪਰ ਹੋਇਬੋ ? ਸੁਚ ਕੁੰਚਰ ਬਿਧਿ ਬਿਉਹਾਰ ॥੪॥  ਰਵਿ ਪ੍ਰਗਾਸ ਰਜਨੀ ਜਥਾ; ਗਤਿ ਜਾਨਤ ਸਭ ਸੰਸਾਰ ॥  ਪਾਰਸ ਮਾਨੋ ਤਾਬੋ ਛੁਏ; ਕਨਕ ਹੋਤ ਨਹੀ ਬਾਰ ॥੫॥  ਪਰਮ ਪਰਸ ਗੁਰੁ ਭੇਟੀਐ; ਪੂਰਬ ਲਿਖਤ ਲਿਲਾਟ ॥  ਉਨਮਨ ਮਨ, ਮਨ ਹੀ ਮਿਲੇ; ਛੁਟਕਤ ਬਜਰ ਕਪਾਟ ॥੬॥  ਭਗਤਿ ਜੁਗਤਿ ਮਤਿ ਸਤਿ ਕਰੀ; ਭ੍ਰਮ ਬੰਧਨ ਕਾਟਿ ਬਿਕਾਰ ॥  ਸੋਈ ਬਸਿ ਰਸਿ ਮਨ ਮਿਲੇ; ਗੁਨ ਨਿਰਗੁਨ ਏਕ ਬਿਚਾਰ ॥੭॥  ਅਨਿਕ ਜਤਨ ਨਿਗ੍ਰਹ ਕੀਏ; ਟਾਰੀ ਨ ਟਰੈ, ਭ੍ਰਮ ਫਾਸ ॥  ਪ੍ਰੇਮ ਭਗਤਿ ਨਹੀ ਊਪਜੈ; ਤਾ ਤੇ ਰਵਿਦਾਸ ਉਦਾਸ ॥੮॥ (ਭਗਤ ਰਵਿਦਾਸ/੩੪੬)

ਜਗੀ-ਯੁੱਗ। ਪੂਜਾ ਚਾਰ-ਪੂਜਾ ਆਚਾਰ, ਪੂਜਾ ਆਦਿ ਕਰਮ । ਕਰਤਾ ਦੀਸੈ-ਕਰਦਾ ਦਿਸਦਾ ਹੈ। ਸਭ ਲੋਇ-ਸਾਰਾ ਜਗਤ। ਬਿਲਾਇ-ਦੂਰ ਹੋ ਜਾਏ। ਪਖਾਰੀਐ-ਧੋਈਐ। ਲੋਇ-ਲੋਕ, ਸੰਸਾਰ। ਕੁੰਚਰ ਬਿਧਿ-ਹਾਥੀ ਦੇ ਇਸ਼ਨਾਨ ਵਾਂਗ (ਹਾਥੀ ਨਹਾ ਕੇ ਮੁੜ ਪਿੰਡੇ ਉੱਪਰ ਧੁੜ ਪਾ ਲੈਂਦਾ ਹੈ; ਇਉਂ ਹੀ ਜੋ ਅੰਦਰੋਂ ਮੈਲੇ ਤੇ ਬਾਹਰੋਂ ਇਸ਼ਨਾਨ ਕਰਦੇ ਹਨ, ਉਹਨਾਂ ਦਾ ਵਿਵਹਾਰ ਹੁੰਦਾ ਹੈ)। ਰਵਿ-ਸੁਰਜ। ਰਜਨੀ-ਰਾਤ। ਲਿਲਾਟ-ਮੱਥਾ। ਉਨਮਨ-ਤੁਰੀਆ ਯਾਨੀ ਚੌਥੀ ਅਵਸਥਾ। ਬਜਰ ਕਪਾਟ-ਸਖ਼ਤ ਦਰਵਾਜ਼ਾ। ਨਿਗ੍ਰਹ-ਰੋਕਣ ਦੇ, ਇਕਾਗਰ ਕਰਨ ਦੇ।

ਜਿਸ ਰਾਹੀ ਨੂੰ ਆਪਣੀ ਯਾਤਰਾ ਦੀ ਦੁੱਖਾਂ ਭਰੀ ਕਹਾਣੀ ਦਾ ਪੂਰਨ ਅਹਿਸਾਸ ਹੈ, ਉਹ ਫਿਰ ਕਦੇ ਆਪਣੀ ਯਾਤਰਾ ਦਾ ਮਕਸਦ ਨਹੀਂ ਭੁੱਲਦਾ। ਉਸ ਅੰਦਰ ਤਾਂ ਬਲਕਿ ਜਲਦੀ ਤੋਂ ਜਲਦੀ ਆਪਣੇ ਮਕਸਦ ਦੀ ਪੂਰਤੀ ਕਰ ਲੈਣ ਦਾ ਚਾਅ ਉਪਜਦਾ ਹੁੰਦਾ ਹੈ। ਇਸ ਕਰਕੇ ਹੀ ਹਰ ਇੱਕ ਨੂੰ ਆਪਣੀ ਮਨਸ਼ਾ ਤੋਂ ਜਾਣੂ ਵੀ ਕਰਵਾਉਂਦਾ ਹੈ ਕਿ ਮੈਂ ਇਸ ਦੀ ਪੂਰਤੀ ਕਿਸ ਢੰਗ ਨਾਲ ਕਰ ਸਕਦਾ ਹਾਂ। ਬਸ, ਇਸ ਤਰ੍ਹਾਂ ਹੀ ਜਿਸ ਨੇ ਪ੍ਰਭੂ ਵਿਛੋੜੇ ਤੋਂ ਪੈਦਾ ਹੋਏ ਦੁੱਖਾਂ ਦੀ ਸਾਰੀ ਵੀਚਾਰ ਦਾ ਅਹਿਸਾਸ ਆਪਣੇ ਅੰਦਰ ਮਹਿਸੂਸ ਕਰ ਲਿਆ, ਉਹ ਇਸ ਜਨਮ ਨੂੰ ਮਿਲਾਪ ਲਈ ਵਰਤ ਕੇ ਸਾਰੇ ਦੁੱਖਾਂ ਦਾ ਅੰਤ ਕਰਨਾ ਚਾਹੁੰਦਾ ਹੈ। ਹਰ ਇਕ ਦੇ ਸਾਹਮਣੇ ਇੱਕੋ ਸਵਾਲ ਹੈ ਕਿ ‘‘ਪਾਰੁ ਕੈਸੇ ਪਾਇਬੋ ? ਰੇ  !’’

ਆਮ ਜਿਹੀ ਗੱਲ ਹੈ ਕਿ ਜਿਸ ਤਰ੍ਹਾਂ ਪਹਿਲਾਂ ਲੋਕ ਕਰ ਰਹੇ ਹੋਣ, ਉਸੇ ਤਰ੍ਹਾਂ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ, ਪਰ ਅੱਗੇ ਜਾ ਕੇ ਕੁਝ ਲੋਕ ਦੇਖਾ ਦੇਖੀ ਕਰੀ ਜਾਂਦੇ ਹੁੰਦੇ ਹਨ। ਜਿਹਨਾਂ ਨੇ ਨਾਲ ਹੀ ਆਪਣਾ ਮਕਸਦ ਪੂਰਾ ਨਾ ਹੁੰਦਾ ਵੇਖਿਆ ਤਾਂ ਉਹਨਾਂ ਨੇ ਉਹ ਸਾਰੇ ਕਰਮ ਧਰਮ ਤਿਆਗ ਕੇ ਫਿਰ ਉਸ ਸੱਚ ਦਾ ਰਾਹ ਲੱਭਿਆ, ਜਿਹੜਾ ਪ੍ਰਭੁ ਪਿਤਾ ਜੀ ਨਾਲ ਮਿਲਾ ਦਿੰਦਾ ਹੈ।

ਇੱਕ ਕਰਮ ਧਰਮ ਉਹ ਹਨ ਜਿਹੜੇ ਲੋਕਾਂ ਨੂੰ ਖ਼ੁਸ਼ ਕਰਨ ਲਈ ਹਨ। ਦੂਜੇ ਉਹ ਹਨ, ਜਿਹੜੇ ਪ੍ਰਮੇਸ਼ਰ ਦੀ ਖ਼ੁਸ਼ੀ ਲੈਣ ਲਈ ਹਨ। ਲੋਕਾਂ ਲਈ ਕੀਤੇ ਕਰਮ ਧਰਮ ਕੇਵਲ ਰੀਤ ਤੱਕ ਹੀ ਰੁੱਕ ਜਾਂਦੇ ਹਨ, ਪਰ ਵਾਹਿਗੁਰੂ ਜੀ ਲਈ ਕੀਤੇ ਕਰਮ ਧਰਮ ਪ੍ਰੀਤ ਬਣ ਜਾਂਦੇ ਹਨ। ਇਸ ਲਈ ਹੀ ਤਾਂ ਜ਼ਬਾਨ ’ਤੇ ਬੇਨਤੀ ਆ ਜਾਂਦੀ ਹੈ ਕਿ ‘‘ਸਾਚੀ ਪ੍ਰੀਤਿ ਹਮ; ਤੁਮ ਸਿਉ ਜੋਰੀ   ਤੁਮ ਸਿਉ ਜੋਰਿ; ਅਵਰ ਸੰਗਿ ਤੋਰੀ ’’ (ਭਗਤ ਰਵਿਦਾਸ/੬੫੯) ਇਸ ਅੰਮ੍ਰਿਤ ਬਚਨ ਵਿੱਚ ਸਤਿਗੁਰੂ ਜੀ ਜੀਵ ਨੂੰ ਜੁਗਾਂ ਦੇ ਧਰਮ ਕਰਮਾਂ ਦੀ ਸੋਝੀ ਦੇ ਕੇ, ਧਾਰਮਿਕ ਗ੍ਰੰਥਾਂ ਦਾ ਨਿਚੋੜ ਦੱਸ ਕੇ ਅਤੇ ਦੇਖਾ-ਦੇਖੀ ਦੇ ਸਾਰੇ ਕਰਮਾਂ ਧਰਮਾਂ ਵਿੱਚੋਂ ਕੱਢ ਕੇ ਅਸਲ ਵਿੱਚ ਆਤਮਾ ਅਤੇ ਪਰਮਾਤਮਾ ਦੇ ਮੇਲ ਦੀ ਜੁਗਤ ਦਾ ਬਿਆਨ ਕਰਦੇ ਹਨ। ‘ਰਹਾਉ’ ਵਾਲੇ ਬੰਦ ਅੰਦਰ ਆਪਣੀ ਜਗਿਆਸਾ ਨੂੰ ਪ੍ਰਗਟ ਕੀਤਾ ਹੋਇਆ ਹੈ ਕਿ ਜੀਵ ਭਵਸਾਗਰ ਤੋਂ ਪਾਰ ਕਿਵੇਂ ਹੋ ਸਕਦਾ ਹੈ ?

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਕਸਦ ਦੀ ਪੂਰਤੀ ਲਈ ਇਸੇ ਰਾਹ ਦੇ ਅਨੇਕਾਂ ਰਾਹੀਆਂ ਨੂੰ ਪੁੱਛਿਆ ਹੈ, ਪਰ ਮੈਨੂੰ ਕੋਈ ਵੀ ਅਜਿਹਾ ਨਹੀਂ ਮਿਲਿਆ, ਜਿਹੜਾ ਮੇਰੀ ਤਸੱਲੀ ਕਰਾ ਸਕੇ, ਜਿਸ ਨਾਲ ਆਵਾਗਵਨ ਦਾ ਚੱਕਰ ਖ਼ਤਮ ਹੋ ਕੇ ਜੀਵ ਬੇਗਮਪੂਰੇ ਸ਼ਹਿਰ ਦਾ ਵਾਸੀ ਹੋ ਸਕੇ ਅਤੇ ਆਪਣੇ ਹਰ ਤਰ੍ਹਾਂ ਦੇ ਦੁੱਖਾਂ ਗ਼ਮਾਂ ਤੋਂ ਮੁਕਤੀ ਪਾ ਸਾਈਂ ਦਾ ਰੂਪ ਹੋ ਸਕੇ । ਪਾਵਨ ਬਚਨ ਹਨ ਕਿ ‘‘ਪਾਰੁ ਕੈਸੇ ਪਾਇਬੋ ? ਰੇ  !  ਮੋ ਸਉ, ਕੋਊ ਕਹੈ ਸਮਝਾਇ   ਜਾ ਤੇ, ਆਵਾ ਗਵਨੁ ਬਿਲਾਇ ਰਹਾਉ ’’

ਧਾਰਮਿਕ ਗ੍ਰੰਥਾਂ ਦੀ ਖੋਜ ਇੱਥੇ ਲਿਆ ਕੇ ਛੱਡ ਦਿੰਦੀ ਹੈ ਕਿ ਪ੍ਰਭੂ ਮਿਲਾਪ ਲਈ ਲੋਕਾਂ ਨੇ ਸਤਿਜੁਗ ਵਿੱਚ ਸੱਚ ਕਮਾਇਆ। ਤ੍ਰੇਤੇੇ ਜੁੱਗ ਵਿੱਚ ਯੱਗ ਆਦਿ ਕਰਮ ਕਰਕੇ। ਦੁਆਪਰ ਵਿੱਚ ਪੂਜਾ ਦੀ ਪ੍ਰਧਾਨਗੀ ਰਹੀ। ਕਲਿਯੁਗ ਵਿੱਚ ਬਦਲ ਕੇ ਨਾਮ ਆਧਾਰ ਬਣ ਗਿਆ। ਜਦੋਂ ਪ੍ਰਮੇਸ਼ਰ ਸਦੀਵ ਸੱਚ ਹੈ, ਉਹ ਬਦਲਦਾ ਨਹੀਂ, ਆਤਮਾ ਹੀ ਚੋਲਾ ਬਦਲਦੀ ਹੈ, ਪਰਮਾਤਮਾ ਨਹੀਂ, ਫਿਰ ਉਹ ਧਰਮ ਕਰਮ ਕਿਉਂ ਬਦਲਦੇ ਰਹੇ, ਮੇਰੀ ਤਸੱਲੀ ਨਾ ਹੋਈ ਕਿ ਇਹ ਮੈਨੂੰ ਪ੍ਰਮੇਸ਼ਰ ਨਾਲ ਮਿਲਾ ਦੇਣਗੇ ‘‘ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ   ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ’’

ਲੋਕ ਧਰਮ ਦੀਆਂ ਗੱਲਾਂ ਕਰਦੇ ਹਨ। ਇਹਨਾਂ ਗੱਲਾਂ ਵਾਲਾ ਧਰਮ; ਜਗਤ ਕਮਾਉਂਦਾ ਵੀ ਦਿਸ ਰਿਹਾ ਹੈ, ਪਰ ਗੱਲ ਜਿਹੜੀ ਮਿਲਾਪ ਦੀ ਹੈ ਉਹ ਫਿਰ ਵੀ ਸਪੱਸ਼ਟ ਨਹੀਂ ਹੋ ਪਾ ਰਹੀ, ਪਾਵਨ ਬਚਨ ਹੈ ਕਿ ‘‘ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ ਸਭ ਲੋਇ   ਕਵਨ ਕਰਮ ਤੇ ਛੂਟੀਐ ? ਜਿਹ ਸਾਧੇ ਸਭ ਸਿਧਿ ਹੋਇ ’’

ਜੀਵ ਦੇ ਅੰਦਰ ਸ਼ੰਕਿਆਂ ਦਾ ਹਨ੍ਹੇਰਾ ਅਤੇ ਹਉਮੈ ਦੀ ਰੁਕਾਵਟ ਹੈ। ਇਹਨਾਂ ਦੇ ਮਿਟਾਉਣ ਲਈ ਅਸਲ ਵਿੱਚ ਧਰਮ ਦੀ ਕਮਾਈ ਕਰਨੀ ਹੈ, ਪਰ ਜੇਕਰ ਇਹ ਆਪਣੀ ਥਾਂ ’ਤੇ ਹੀ ਖਲੋਤੇ ਹਨ, ਫਿਰ ਮਿਲਾਪ ਕਿਵੇਂ ਹੋ ਸਕਦਾ ਹੈ। ਜੇਕਰ ਧਰਮ ਹੀ ਇਹਨਾਂ ਨੂੰ ਨੇੜੇ ਨਹੀਂ ਕਰ ਸਕਿਆ ਸਗੋਂ ਹੋਰ ਕਰਮਾਂ ਧਰਮਾਂ ਦਾ ਹੰਕਾਰ ਪੈਦਾ ਹੋ ਗਿਆ, ਫਿਰ ਇਸ ਨੂੰ ਕਮਾਉਣ ਦਾ ਕੀ ਲਾਭ ? ‘‘ਕਰਮ ਅਕਰਮ ਬੀਚਾਰੀਐ; ਸੰਕਾ ਸੁਨਿ ਬੇਦ ਪੁਰਾਨ   ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ ?’’

ਹਾਥੀ ਦੇ ਇਸ਼ਨਾਨ ਕਰਨ ਮਗਰੋਂ ਫਿਰ ਦੁਬਾਰਾ ਮਿੱਟੀ ਪੁੱਟ ਕੇ ਆਪਣੇ ਉੱਪਰ ਪਾ ਲੈਣੀ; ਜਗਤ ਪ੍ਰਸਿੱਧ ਸਚਾਈ ਹੈ, ਇਸੇ ਤਰ੍ਹਾਂ ਦੇ ਇਹ ਦਿਖਾਵੇ ਦੇ ਕਰਮ ਧਰਮ ਹਨ, ਜਿਹੜੇ ਬਾਹਰੀ ਤੌਰ ’ਤੇ ਤਾਂ ਬੰਦੇ ਨੂੰ ਧਰਮੀ ਪ੍ਰਗਟ ਕਰਦੇ ਹਨ, ਪਰ ਅੰਦਰ ਉਹ ਧਰਮ ਪੈਦਾ ਨਹੀਂ ਕਰਦੇ, ਜਿਸ ਨਾਲ ਸਾਈਂ ਜੀ ਦੇ ਨਾਲ ਗੂੜੀਆਂ ਪੀਘਾਂ ਪੈ ਜਾਣ ਤੇ ਆਵਾਗਵਨ ਮਿੱਟ ਜਾਵੇ ‘‘ਬਾਹਰੁ ਉਦਕਿ ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ   ਸੁਧ ਕਵਨ ਪਰ ਹੋਇਬੋ ? ਸੁਚ ਕੁੰਚਰ ਬਿਧਿ ਬਿਉਹਾਰ ’’

ਸਤਿਗੁਰੂ ਜੀ ਬੜੇ ਹੀ ਪਿਆਰ ਭਿੱਜੀ ਰਸਨਾ ਨਾਲ ਹੋਕਾ ਦਿੰਦੇ ਹਨ ਕਿ ਹੇ ਭੁੱਲੜੇ ਲੋਕੋ  ! ਧਰਮ ਸੰਸਾਰ ਦੀਆਂ ਖੁਸ਼ੀਆਂ ਲਈ ਨਹੀਂ ਬਲਕਿ ਧਰਮ ਤਾਂ ਨਿਰੰਕਾਰ ਦੀਆਂ ਖ਼ੁਸ਼ੀਆਂ ਲੈਣ ਲਈ ਕਮਾਇਆ ਜਾਂਦਾ ਹੈ। ਜਿਹੜਾ ਧਰਮ ਰੱਬੀ ਖ਼ੁਸ਼ੀਆਂ ਬਖ਼ਸ਼ ਦੇਵੇ ਅਤੇ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਕਰਵਾ ਦੇਵੇ, ਹੁਣ ਮੈਂ ਉਹ ਧਰਮ ਤੁਹਾਨੂੰ ਦੱਸਦਾ ਹਾਂ। ਜਿਵੇਂ ਸੂਰਜ ਦਾ ਪ੍ਰਕਾਸ਼ ਹੋਣ ਨਾਲ ਹਨ੍ਹੇਰੇ ਦਾ ਆਪਣੇ ਆਪ ਖ਼ਾਤਮਾ ਹੋ ਜਾਂਦਾ ਹੈ। ਤਾਂਬਾ ਕਿਧਰੇ ਪਾਰਸ ਦੀ ਛੋਹ ਪ੍ਰਾਪਤ ਕਰ ਲਵੇ ਤਾਂ ਸੋਨੇ ਵਿੱਚ ਬਦਲ ਜਾਂਦਾ ਹੈ, ਬਸ ਇਸ ਤਰ੍ਹਾਂ ਹੀ ਜੇਕਰ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ ਤਾਂ ਸਾਰੇ ਸ਼ੰਕਿਆਂ ਦਾ ਹਨ੍ਹੇਰਾ ਅਤੇ ਤਾਂਬੇ ਵਰਗੇ ਗੁਣ ਬਦਲ ਕੇ ਸੋਨੇ ਵਰਗੇ ਸ਼ੁਭ ਤੇ ਕੀਮਤੀ ਗੁਣ ਪ੍ਰਗਟ ਹੋ ਜਾਂਦੇ ਹਨ। ਪੂਰਬਲੇ ਕਰਮ ਜਾਗ ਕੇ ਮਨ ਨੂੰ ਹਰ ਤਰ੍ਹਾਂ ਦੀ ਰੁਕਾਵਟ ਦੇ ਬਜਰ ਕਪਾਟ ਖੋਲ੍ਹ ਕੇ ਸੱਚਾ ਮਿਲਾਪ ਕਰਵਾ ਦਿੰਦਾ ਹੈ ‘‘ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ   ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ   ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ   ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ’’

ਸਤਿਗੁਰੂ ਅਤੇ ਪ੍ਰਮੇਸ਼ਰ ਵਿੱਚ ਅੰਤਰ ਨਹੀਂ। ਦੋਵੇਂ ਇੱਕੋ ਨਿਰਗੁਣ ਤੇ ਸਰਗੁਣ ਰੂਪ ਵਿੱਚ ਹਨ, ਇਸ ਲਈ ਗੁਰੂ ਜੀ ਨੂੰ ਹਰ ਰੱਬੀ ਭੇਤ ਦਾ ਗਿਆਨ ਹੈ, ਫਿਰ ਅਜਿਹਾ ਸਤਿਗੁਰੁ ਹੀ ਅਜਿਹੀ ਮਤਿ ਦੇ ਸਕਦਾ ਹੈ, ਜਿਸ ਨਾਲ ਭਰਮਾਂ ਦੇ ਬੰਧਨ ਟੁੱਟ ਕੇ ਸੱਚੀ ਭਗਤੀ ਪੈਦਾ ਹੋ ਜਾਵੇ, ਤਦ ਫਿਰ ਸੁਤੇ ਸਿਧ ਹੀ ਉਹ ਵੀਚਾਰ ਪੈਦਾ ਹੋ ਜਾਂਦੀ ਹੈ, ਜਿਸ ਨਾਲ ਵਾਹਿਗੁਰੂ ਜੀ ਦਾ ਮਿਲਾਪ ਹੋ ਜਾਂਦਾ ਹੈ ‘‘ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ   ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ

ਜਦੋਂ ਜਿਹੜੇ ਕਰਮ ਧਰਮ ਕੀਤਿਆਂ ਮਕਸਦ ਦੀ ਪੂਰਤੀ ਹੀ ਨਹੀਂ ਹੋਣੀ, ਫਿਰ ਉਹਨਾਂ ਨੂੰ ਕਮਾਉਣ ਦਾ ਵੀ ਕੀ ਲਾਭ, ਇਸ ਲਈ ਮੈਂ ਤਾਂ ਇਹਨਾਂ ਸਾਰਿਆਂ ਦਾ ਤਿਆਗ ਕਰਕੇ ਸੱਚੀ ਪ੍ਰਭੂ-ਭਗਤੀ ਵਾਲਾ ਧਰਮ ਧਾਰਨ ਕੀਤਾ ਹੈ, ਜਿਸ ਨਾਲ ਮੇਰੇ ਅੰਦਰੋਂ ਭਰਮਾਂ ਦਾ ਨਾਸ਼ ਹੋ ਗਿਆ ਅਤੇ ਪ੍ਰੇਮਾ-ਭਗਤੀ ਉਪਜ ਪਈ, ਹੁਣ ‘‘ਤੋਹੀ ਮੋਹੀ, ਮੋਹੀ ਤੋਹੀ; ਅੰਤਰੁ ਕੈਸਾ ?’’ (ਭਗਤ ਰਵਿਦਾਸ/੯੩) ਵਾਲੀ ਅਵਸਥਾ ਬਣ ਗਈ, ਜਿਸ ਨਾਲ ਆਤਮਾ; ਪ੍ਰਮਾਤਮਾ ਦਾ ਰੂਪ ਹੋ ਗਿਆ।

ਤੱਤਸਾਰ

ਪਹਿਲਾਂ ਧਰਮ ਕਮਾਉਣ ਵਾਲਿਆਂ ਤੋਂ ਧਰਮ ਬਾਰੇ ਪੁੱਛਿਆ, ਜਦੋਂ ਕੋਈ ਵੀ ਮੈਨੂੰ ਆਤਮਾ; ਪ੍ਰਮਾਤਮਾ ਨਾਲ ਮਿਲਾਉਣ ਦੀ ਜੁਗਤਿ ਨਾ ਦੱਸ ਸਕਿਆ ਤਾਂ ਮੈਂ ਇਹ ਸਾਰੇ ਦਿਖਾਵੇ ਦੇ ਕਰਮ ਧਰਮ ਤਿਆਗ ਕੇ ਸੱਚੀ ਪ੍ਰੀਤ ਰੂਪ ਭਗਤੀ ਵਾਲਾ ਧਰਮ ਧਾਰਨ ਕੀਤਾ, ਜਿਸ ਨਾਲ ਮੈਂ ਆਪ ਹੀ ਆਪਣੇ ਮਕਸਦ ਦੀ ਪੂਰਤੀ ਨਹੀਂ ਕੀਤੀ ਬਲਕਿ ਭੁੱਲੜ ਲੋਕਾਂ ਨੂੰ ਵੀ ਹੋਕਾ ਦੇ ਕੇ ਸਮਝਾ ਰਿਹਾ ਹਾਂ ਕਿ ਪ੍ਰਭੁ ਪ੍ਰਾਪਤੀ ਦਾ ਕੇਵਲ ਤੇ ਕੇਵਲ ਇੱਕੋ ਹੀ ਸਾਚੀ ਪ੍ਰੀਤ ਵਾਲਾ ਰਾਹ ਅਪਣਾਅ ਕੇ ਹੀ ਪਾਰ ਪਾਇਆ ਜਾ ਸਕਦਾ ਹੈ।