ਪੰਥ ਤੇਰੇ ਦੀਆਂ ਗੂੰਜਾਂ; ਜੁਗ ਜੁਗ ਪੈਂਦੀਆਂ ਰਹਿਣਗੀਆਂ, ਨਾਦ ਦੇ ਸਾਹਮਣੇ ਬੇਬੁਨਿਆਦ ਵਿਰੋਧ।
ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ)-095920-93472
ਪਿਛਲੇ ਕੁਝ ਅਰਸੇ ਤੋਂ ਸਿੱਖ ਕੌਮ ਅੰਦਰ ਇੱਕ ਬੜਾ ਹੀ ਦੁੱਖਦਾਈ ਰੂਪ ਜਨਮ ਲੈ ਕੇ ਵੱਧ ਤੇ ਫੁਲ ਰਿਹਾ ਹੈ। ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦਾ ਵਿਰੋਧ । ਖਾਸ ਕਰ ਕੇ ਉਹਨਾਂ ਦਾ ਜੋ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਹੋ ਕੇ ਬਹੁਤ ਲਗਨ ਅਤੇ ਦ੍ਰਿੜ੍ਹਤਾ ਨਾਲ ਪ੍ਰਚਾਰ ਕਰਦੇ ਹਨ। ਵਿਰੋਧ ਕਰਨ ਵਾਲੇ ਵੀ ਸ਼ਕਲ ਕਰ ਕੇ ਸਿੱਖ ਹਨ, ਗੈਰ ਨਹੀਂ। ਧਰਤੀ ਭਾਵੇਂ ਦੇਸ਼ ਦੀ ਹੈ ਜਾਂ ਵਿਦੇਸ਼ ਦੀ, ਜਿੱਥੇ ਵੀ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਘਟੇਗੀ ਉਸ ਦੀ ਪੀੜ ਨਾਲ ਸਾਰਾ ਸਿੱਖ ਸੰਸਾਰ ਪੀੜ੍ਹਤ ਹੋਵੇਗਾ। ਜਦੋਂ ਸਾਡੇ ਸਭ ਦੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਸਮੂਹ ਪੰਥ ਵੱਲੋਂ ਪ੍ਰਵਾਨ ਕੀਤੀ ਸਿੱਖ ਰਹਿਤ ਮਰਯਾਦਾ ਕੋਲ ਹੈ ਤਾਂ ਇਹ ਵਖਰੇਵੇਂ ਅਤੇ ਦੁਵੰਦ ਦੀ ਤਾਂ ਕੋਈ ਥਾਂ ਹੀ ਨਹੀਂ ਰਹਿ ਜਾਂਦੀ, ਪਰ ਕੌਮੀ ਬਦਕਿਸਮਤੀ ਹੈ ਕਿ ਸੰਪਰਦਾਵਾਂ ਅਤੇ ਡੇਰਿਆਂ ਦੇ ਸਖਸ਼ੀ ਪ੍ਰਭਾਵ ਹੇਠ ਆਇਆ ਸਿੱਖ ਕੌਮ ਦਾ ਖਾਸ ਹਿੱਸਾ, ਅਸੂਲ ਸਿਧਾਂਤ ਦੀ ਥਾਂ ਆਪਣੀ ਸੰਪਰਦਾ ਦੇ ਆਗੂ ਦੀ ਸੋਚ ਨੂੰ ਪਹਿਲ ਦੀ ਮਜ਼ਬੂਰੀ ਬਣਾ ਬੈਠਾ ਹੈ। ਜਦੋਂ ਕੋਈ ਸਿੱਖ ਪ੍ਰਚਾਰਕ ਸਿੱਖ ਸਿਧਾਂਤ ਦੀ ਗੱਲ ਬੇਬਾਕੀ ਨਾਲ ਕਰ ਕੇ ਪਸਰ ਰਹੇ ਅੰਧ ਵਿਸ਼ਵਾਸ ਅਤੇ ਭਰਮ ਭੁਲੇਖਿਆਂ ’ਚੋਂ ਸਿੱਖ ਸੰਗਤ ਨੂੰ ਮੁਕਤ ਕਰਨ ਲਈ ਗੁਰਬਾਣੀ ਗਿਆਨ ਦੀ ਰੌਸ਼ਨੀ ਵਿੱਚ ਸਮਝਾਉਂਦਾ ਹੈ ਤਾਂ ਸੌੜੀ ਸੋਚ ਵਾਲਾ ਹਿੱਸਾ ਇਸ ਸੱਚ ਪ੍ਰਚਾਰ ਦਾ ਵਿਰੋਧ ਕਰਨ ਲੱਗਦਾ ਹੈ, ਜੋ ਕਿ ਹਰ ਤਰ੍ਹਾਂ ਗਲਤ ਹੈ।
ਸਿੱਖ ਪ੍ਰਚਾਰਕ ਦੇ ਵੀਚਾਰਾਂ ਨਾਲ ਅਸਹਿਮਤੀ ਹੋਣਾ ਕੋਈ ਮਾੜੀ ਗੱਲ ਨਹੀਂ। ਜੋ ਗਲਤ ਲੱਗਦਾ ਹੈ ਉਸ ਦੀ ਬੈਠ ਕੇ ਵੀਚਾਰ ਕਰਨੀ ਬਣਦੀ ਹੈ। ਇਸ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ‘ਸਿੱਧ ਗੋਸਟਿ’ ਇਸੇ ਪ੍ਰਥਾਇ ਸਾਨੂੰ ਸੇਧ ਤੇ ਸਮਝ ਦੇਂਦੀ ਹੈ। ਵਿਰੋਧ ਦਾ ਵਰਤਾਰਾ 21ਵੀਂ ਸਦੀ ਦੇ ਇਸ ਦੂਜੇ ਦਹਾਕੇ ਅੰਦਰ ਬਹੁਤਾ ਮਾਰੂ ਤੇ ਭਾਰੂ ਹੋ ਰਿਹਾ ਹੈ। ਮਤਭੇਦ ਤਾਂ ਲੰਮੇ ਅਰਸੇ ਤੋਂ ਚੱਲੇ ਆ ਰਹੇ ਹਨ। ਇਹ ਵੀ ਦੂਰ ਹੋ ਸਕਦੇ ਹਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਅਤੇ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਸੁਹਿਰਦਤਾ ਸਹਿਤ ਸਵੀਕਾਰ ਕਰ ਕੇ।
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਪ੍ਰਚਾਰਕਾਂ ਦਾ ਆਪਸੀ ਤਾਲਮੇਲ ਬਣ ਸਕਦਾ ਹੈ। ਜਿਸ ਲਈਂ ਗੁਰੂ ਪੰਥ ਨੂੰ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੁਕਮ ਅਨੁਸਾਰ ਤੁਰਨਾ ਹੋਵੇਗਾ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇੱਕੋ ਇੱਕ ਗੁਰੂ ਹਨ।
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੀ ਪੰਥ ਗੁਰੂ ਜੁਗਤਿ ਵਰਤਣ ਦਾ ਅਧਿਕਾਰੀ ਹੈ, ਪੰਥਕ ਪੱਧਰ ’ਤੇ ਨਿਰਣੇ ਲੈਣ ਲਈ। ਇੱਥੇ ਨ ਕਿਸੇ ਸੰਪਰਦਾ, ਨ ਕਿਸੇ ਡੇਰੇ ਅਤੇ ਨ ਹੀ ਕਿਸੇ ਏਕਾ ਅਧਿਕਾਰ ਮੰਨਣ ਵਾਲੇ ਰਾਜਸੀ ਧੜੇ ਦੀ ਸਰਦਾਰੀ ਚੱਲ ਸਕਦੀ ਹੈ। ਵਿਰੋਧ ਕਰਨ ਵਾਲੀ ਧਿਰ ਨੂੰ ‘ਟਕਸਾਲੀ’ ਕਿਹਾ ਜਾ ਰਿਹਾ ਹੈ। ਵਿਰੋਧ ਸਹਿਣ ਵਾਲੀ ਧਿਰ ਨੂੰ ‘ਮਿਸ਼ਨਰੀ’ ਆਖਿਆ ਜਾ ਰਿਹਾ ਹੈ। ਟਕਸਾਲੀ ਅਤੇ ਮਿਸ਼ਨਰੀ ਆਖੇ ਜਾਣ ਵਾਲੇ ਸਿੱਖ ਹੀ ਹਨ ਦੁਸ਼ਮਣ ਨਹੀਂ। ਅਸੀਂ ਕਦੀ ਸ਼ਬਦਾਂ ਦੀ ਗਹਿਰਾਈ ਵਿੱਚ ਨਹੀਂ ਜਾਂਦੇ ਟਕਸਾਲੀ ਸ਼ਬਦ ਅਤੇ ਮਿਸ਼ਨਰੀ ਸ਼ਬਦ ਸਮਾਨਾਂਤਰ ਹਨ। ਟਕਸਾਲੀ ਉਹ ਸਿੱਖ ਹੈ ਜੋ ਗੁਰੂ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਵੀਚਾਰਧਾਰਾ ਨਾਲ ਅੰਦਰੋਂ ਬਾਹਰੋਂ ਸਚਿਆਰ ਹੋਇਆ ਹੈ। ਮਿਸ਼ਨਰੀ ਸ਼ਬਦ ਦੂਜੀ ਭਾਸ਼ਾ ਅੰਗਰੇਜ਼ੀ ਦਾ ਹੈ। ਜਿਸ ਦਾ ਅਰਥ ਆਪਣੇ ਗੁਰੂ ਜੀ ਦੀ ਵੀਚਾਰਧਾਰਾ ਨੂੰ ਮਨ-ਬਚਨ ਕਰਮ ਕਰ ਕੇ ਸਮਰਪਿਤ ਸਿੱਖ, ਜੋ ਉਸੇ ਨਿਸ਼ਾਨੇ ਲਈ ਜਥੇਬੰਦਕ ਕੰਮ ਕਰਦਾ ਹੈ, ਜਿਸ ਦੇ ਲਈ ਉਸ ਦੇ ਮੁਰਸ਼ਦ ਨੇ ਜੀਵਨ ਬਖਸ਼ਿਆ ਹੈ।
ਬੜਾ ਹੀ ਅਫਸੋਸ ਹੈ ਕਿ ਸਾਡੀ ਸਿੱਖ ਕੌਮ ਦਾ ਉਹ ਹਿੱਸਾ ਜੋ ਸੰਪਰਦਾਵਾਂ ਜਾਂ ਡੇਰਿਆਂ ਦੇ ਸਖਸ਼ੀ ਪ੍ਰਭਾਵ ਹੇਠ ਹੈ, ਉਹ ਮਿਸ਼ਨਰੀ ਸ਼ਬਦ ਦੇ ਅਰਥ ਲਈ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਨ ਦੀ ਥਾਂ ਆਪਣੀਆਂ ਮਨ-ਘੜ੍ਹਤ ਕਿਆਸ-ਅਰਾਈਆਂ ਨਾਲ, ਨਾਸਤਕ, ਕਾਮਰੇਡ, ਧਰਮ ਵਿਰੋਧੀ ਅਰਥ ਕਰਨ ਤੇ ਸਮਝਾਉਣ ਲਈ ਬਜਿੱਦ ਹੋਇਆ ਬੈਠਾ ਹੈ। ਅਜਿਹੇ ਸੱਜਣ ਜਿੱਥੇ ਖੁਦ ਨੂੰ ਅੰਧਕਾਰ ਦਾ ਸ਼ਿਕਾਰ ਬਣਾ ਰਹੇ ਹਨ ਉੱਥੇ ਸਿੱਖ ਕੌਮ ਦੇ ਵਾਰਸਾਂ ਨੂੰ ਗੁਰਬਾਣੀ (ਗੁਰੂ) ਦੇ ਸਹੀ ਗਿਆਨ ਤੋਂ ਵਾਂਝਾ ਰੱਖਣ ਦਾ ਪਾਪ ਕਰਮ ਜਾਂ ਅਪਰਾਧ ਕਰਮ ਵੀ ਕਮਾ ਰਹੇ ਹਨ।
ਇਹ ਸੱਜਣ ਜਾਣਦੇ ਹੀ ਨਹੀਂ, ਧੰਨ ਗੁਰੂ ਨਾਨਕ ਸਾਹਿਬ ਜੀ, ਪ੍ਰਭੂ ਜੀ ਵੱਲੋਂ ਖਾਸ ਉਪਰਾਲੇ ਲਈ ਸੰਸਾਰ ਵਿੱਚ ਆਉਣ ਕਰ ਕੇ ਵਿਸ਼ਵ ਪੱਧਰ ਦੇ ਸੱਚ ਹੱਕ ਦਾ ਪ੍ਰਚਾਰ ਕਰਨ ਵਾਲੇ ਰੱਬੀ ਪ੍ਰਚਾਰਕ (ਮਿਸ਼ਨਰੀ) ਹਨ। ਜਥੇਬੰਦਕ ਪ੍ਰਚਾਰ ਮੁਹਿੰਮ ਨੂੰ ਮਿਸ਼ਨਰੀ ਲਹਿਰ ਕਹਿੰਦੇ ਹਨ। ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਉਪਰੰਤ ਸਭ ਤੋਂ ਪਹਿਲਾਂ ਸਿੱਖ ਮਿਸ਼ਨਰੀ ਸੁਸਾਇਟੀ 1922 ਵਿੱਚ ਹੋਂਦ ਵਿੱਚ ਆਈ ਸੀ, ਸ਼੍ਰੋ: ਗੁ: ਪ੍ਰ: ਕਮੇਟੀ ਦੀ ਸਰਪ੍ਰਸਤੀ ਹੇਠ। ਜਿਸ ਦੇ ਪਹਿਲੇ ਮੁਖੀ ਪ੍ਰਿੰਸੀਪਲ ਗੰਗਾ ਸਿੰਘ ਜੀ ਬਣੇ ਸਨ। ਇੱਥੋਂ ਹੀ ਧਰਮ ਪ੍ਰਚਾਰ ਕਮੇਟੀ ਬਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਪ੍ਰਚਾਰ/ਪ੍ਰਸਾਰ ਲਈ ਆਰੰਭੇ ਉਪਰਾਲਿਆਂ ਨੂੰ ਸਿੱਖ ਮਿਸ਼ਨ ਹਾਪੜ, ਸਿੱਖ ਮਿਸ਼ਨ ਅਲੀਗੜ੍ਹ ਅਤੇ ਸਿੱਖ ਮਿਸ਼ਨ ਇੰਦੌਰ (ਮੱਧ ਪ੍ਰਦੇਸ਼) ਦੇ ਨਾਂ ਦਿੱਤੇ ਸਨ। ਸੰਨ 1927 ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ’ ਖੋਲਿਆ ਗਿਆ ਸੀ।
ਮਿਸ਼ਨਰੀ ਸਿੱਖ ਪ੍ਰਚਾਰਕ ਅਤੇ ਸੰਪਰਦਾਈ ਪ੍ਰਚਾਰਕ ਵਿੱਚ ਜੇਕਰ ਕੋਈ ਅਹਿਮ ਫਰਕ ਹੈ ਤਾਂ ਉਹ ਹੈ ਸੰਪਰਦਾਈ ਪ੍ਰਚਾਰਕ, ਪੁਰਾਣੇ ਬ੍ਰਾਹਮਣਵਾਦ ਦੇ ਪੁਜਾਰੀ ਦੀ ਭੂਮਿਕਾ ਤੱਕ ਸੀਮਤ ਹਨ। ਸਿੱਖ ਮਿਸ਼ਨਰੀ ਪ੍ਰਚਾਰਕ ਪੰਥਕ ਸੋਚ ਸਿਧਾਂਤ-ਸਰੂਪ ਤੇ ਮਰਯਾਦਾ ਨੂੰ ਸਮਰਪਿਤ ਹਨ। ਸੰਪਰਦਾਈ ਪ੍ਰਚਾਰਕ ਬ੍ਰਾਹਮਣ ਦੇ 6 ਕੰਮਾਂ ਵਿੱਚੋਂ ਜਿਵੇਂ ਬ੍ਰਾਹਮਣ ਤਿੰਨ ਹੀ ਕਰਦਾ ਸੀ, ਇਸ ਤਰ੍ਹਾਂ ਸੰਪਰਦਾਈ ਪ੍ਰਚਾਰਕ ਕਰਦਾ ਹੈ। ਛੇ ਕੰਮ ਬ੍ਰਾਹਮਣ ਦੇ ਵਿਦਿਆ ਪੜ੍ਹਨੀ- ਵਿਦਿਆ ਪੜ੍ਹਾਉਣੀ, ਜੱਗ ਕਰਨਾ-ਜੱਗ ਕਰਵਾਉਣਾ, ਦਾਨ ਦੇਣਾ ਤੇ ਦਾਨ ਲੈਣਾ। ਬ੍ਰਾਹਮਣ ਤਿੰਨ ਕੰਮ ਕਰਦਾ ਸੀ ‘ਵਿਦਿਆ ਪੜ੍ਹਦਾ ਸੀ ਪੜਾਉਂਦਾ ਨਹੀਂ, ਜੱਗ ਕਰਦਾ ਸੀ ਕਰਵਾਉਂਦਾ ਨਹੀਂ ਸੀ, ਦਾਨ ਲੈਂਦਾ ਸੀ, ਦਾਨ ਦੇਂਦਾ ਨਹੀਂ ਸੀ।’ ਲਗਭਗ ਇਸੇ ਹੀ ਤਰ੍ਹਾਂ ਸੰਪਰਦਾਈ ਪ੍ਰਚਾਰਕ ਹਨ।
ਜਦੋਂ ਅਸੀਂ ਸਿੱਖ ਕੌਮ ਦੇ ਜਥੇਬੰਦਕ ਸਰੂਪ, ਸਿਧਾਂਤ ਤੇ ਮਰਯਾਦਾ ਲਈ ਜੂਝਦੇ, ਸਿੱਖ ਭਾਈਚਾਰੇ ਦੀ ਗੱਲ ਕਰਾਂਗੇ ਤਾਂ ਉਸ ਲਈ ਵਰਤਮਾਨ ਦਿਖਾਈ ਦੇਂਦੀਆਂ ਸੰਪਰਦਾਵਾਂ ਤੇ ਡੇਰਿਆਂ ਦੀ ਭੂਮਿਕਾ ਨਹੀਂ ਮਿਲੇਗੀ। ਉਸ ਸੇਵਾ ਲਈ ਤੱਤਪਰਤਾ ਨਾਲ ਕੰਮ ਕਰਨ ਵਾਲੇ ਗੁਰਬਾਣੀ (ਗੁਰੂ) ਤੋਂ ਵਰੋਸਾਏ ਸਿੱਖ ਹੀ ਕੰਮ ਕਰਦੇ ਮਿਲਦੇ ਹਨ। ਭਾਵੇਂ 1873 ਨੂੰ ਸਿੰਘ ਸਭਾ ਲਹਿਰ ਦੀ ਸਥਾਪਨਾ ਦਾ ਵਾਕਿਆ ਹੈ, ਚਾਹੇ ਸਿੱਖ ਵਿਦਿਅਕ ਲਹਿਰ ਦੀ ਅਰੰਭਤਾ ਦਾ ਪੱਖ ਹੈ, ਚਾਹੇ ਉਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਘੋਲ ਹੈ। ਜਿਸ ਸਿੱਖ ਪ੍ਰਚਾਰਕਾਂ ਦੀ ਸ਼੍ਰੇਣੀ ਨੂੰ ਸੰਪਰਦਾਈ ਸੋਚ ਤੇ ਡੇਰਾਵਾਦ ਦੇ ਪੈਰੋਕਾਰ ਰੋਕਣਾ ਚਾਹੁੰਦੇ ਹਨ ਇਹ ਸਭ ਮਨਮਤ ਨਾਲ ਲੜ ਕੇ ਡੇਰਾਵਾਦ ਦੇ ਖਾਤਮੇ ਲਈ ਲੜਦੇ ਜੁਝਾਰੂ ਸੂਰਮੇ ਹਨ। ਅਸਲੀ ਸਿੱਖ ਪ੍ਰਚਾਰਕ ਆਪਣੇ ਆਲੇ ਦੁਆਲੇ ਆਪਣਿਆਂ ਨਾਲ ਕਦੀ ਨਹੀਂ ਉਲਝਦਾ। ਉਸ ਦਾ ਨਿਸ਼ਾਨਾ (ਮਿਸ਼ਨ) ਬੜਾ ਸਪੱਸ਼ਟ ਹੈ (ਘਰਿ ਘਰਿ ਅੰਦਰਿ ਧਰਮਸਾਲ)। ਸੰਪਰਦਾਈਆਂ ਨੂੰ ਇਹ ਦਿਖਾਈ ਨਹੀਂ ਦੇ ਰਿਹਾ ਕਿ ਪੰਜਾਬ ਅਤੇ ਪੰਜਾਬੋਂ ਬਾਹਰ ਇਸਾਈ ਮਿਸ਼ਨਰੀਆਂ ਨੇ ਸਦੀਆਂ ਤੋਂ ਹੁਣ ਤੱਕ, ਕਿੰਨੀ ਢਾਹ ਸਿੱਖ ਕੌਮ ਦੇ ਵੇਹੜੇ ਵਿੱਚ ਲਾਈ ਹੈ ਅਤੇ ਜਾਰੀ ਹੈ।
ਰਾਧਾ ਸੁਆਮੀ, ਸੌਦਾ ਸਾਧ, ਨਕਲੀ ਨਿਰੰਕਾਰੀ, ਭਨਿਆਰੇ ਵਾਲਾ, ਆਸ਼ੂਤੋਸ਼ ਤੇ ਨਾਮਧਾਰੀ ਕਿਵੇਂ ਅੱਜ ਵੀ ਸਿੱਖ ਘਰ ਵਿੱਚੋਂ ਵੱਖ ਵੱਖ ਢੰਗਾਂ ਤਰੀਕਿਆਂ ਨਾਲ ਖੋਰਾ ਲਾਉਣ ਵਿੱਚ ਕਾਮਯਾਬ ਹੋ ਰਹੇ ਹਨ।
ਸਿੱਖੀ ਵਿਚ ਕੁਝ ਸੰਪਰਦਾਈ ਵੀਰ, ਅੱਜ ਅਸਲੀ ਸਿੱਖ ਪ੍ਰਚਾਰਕਾਂ ਦਾ ਰਾਹ ਰੋਕ ਕੇ ਜਾਂ ਵਿਰੋਧ ਕਰ ਕੇ ਇਸ ਤਰ੍ਹਾਂ ਜਾਪਦਾ ਹੈ ਕਿ ਖੁਦ ਸਿੱਖੀ ਵਿਰੋਧੀ ਕਾਰਵਾਈ ਕਰ ਰਹੇ ਹਨ। ਇਨ੍ਹਾਂ ਦੀ ਇਸ ਕਾਰਵਾਈ ਨਾਲ ਸੋਚਵਾਨ ਭੋਲਾ ਸਿੱਖ, ਗੁਰੂ ਘਰ ਆਉਣ ਤੋਂ ਝਿਜਕੇਗਾ। ਕਿਸੇ ਹੋਰ ਸਖਸ਼ੀ ਬਾਬੇ ਜਾਂ ਗੁਰੂ ਦੰਭ ਵਾਲਿਆਂ ਦਾ ਪੱਲਾ ਫੜੇਗਾ। ਇਸ ਦੇ ਗੁਨਾਹਗਾਰ ਸਿੱਖ ਮਿਸ਼ਨਰੀ ਪ੍ਰਚਾਰਕ ਨਹੀਂ, ਇਹ ਸੰਪਰਦਾਈ ਹੀ ਹੋਣਗੇ। ਇਨ੍ਹਾਂ ਦੀ ਇਸ ਕਾਰਵਾਈ ਨਾਲ ਸਿੱਖ ਵਿਰੋਧੀ ਤਾਕਤਾਂ ਸਿੱਖੀ ਦੇ ਖਾਤਮੇ ਲਈ ਹੋਰ ਲਾਮਬੰਦ ਹੋ ਕੇ ਕੰਮ ਕਰਦੀਆਂ ਰਹਿਣਗੀਆਂ। ਸਾਡੀ ਇਨ੍ਹਾਂ ਸੰਪਰਦਾਈ ਵੀਰਾਂ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਸਿੱਖ ਪ੍ਰਚਾਰਕਾਂ ਦਾ ਰਾਹ ਰੋਕਣ ਦੀ ਥਾਂ ਖੁਦ ਗੁਰਬਾਣੀ ਸਿਧਾਂਤ ਨੂੰ ਸਮਝੋ ਤੇ ਸਾਥ ਦਿਓ। ਹਾਂ ਜੇਕਰ ਕੋਈ ਖਾਸ ਵਿਸ਼ੇ ’ਤੇ ਕੋਈ ਨੁਕਤਾ ਸਪੱਸ਼ਟ ਕਰਨ ਦੀ ਲੋੜ ਹੈ ਤਾਂ ਮਿਲ ਬੈਠੋ ! ਉਸਾਰੂ ਸੋਚ ਲੈ ਕੇ ਰੱਜ ਕੇ ਚਰਚਾ ਕਰੋ।
ਆਪ ਜੀ ਸਿੱਖ ਵਿਰੋਧੀਆਂ ਦੇ ਘਰੀਂ ਘਿਓ ਦੇ ਦੀਵੇ ਬਾਲਣ ਵਿੱਚ ਯੋਗਦਾਨ ਨ ਪਾਓ। ਸਿੱਖੀ ਅੰਦਰਲੇ ਡੇਰਾਵਾਦ ਨੂੰ ਮਾਨਤਾ ਨਾ ਦਿਓ। ਡੇਰਾਵਾਦ ਦਰੱਖਤ ਨੂੰ ਲੱਗੀ ਸਿਓਂਕ ਸਿੱਖੀ ਬਿ੍ਰਛ ਨੂੰ ਖੋਖਲਾ ਕਰੀ ਜਾ ਰਹੀ ਹੈ। ਇਹ ਸੰਪਰਦਾਵਾਂ ਦੇ ਡੇਰੇ ਸਭ ਖਤਮ ਕਰ ਕੇ ਗੁਰੂੁ ਬਖਸ਼ੇ ਪੰਥ ਦੀ ਹੋਂਦ ਸੰਭਾਲਣ ਲਈ ਹੱਲਾ ਮਾਰੀਏ। ਅਸੀਂ ਅੱਜ ਪੰਜਾਬ ਜਾਂ ਭਾਰਤ ਦੀ ਗੁਲਾਮੀ ਜਾਂ ਮਰੀ ਜ਼ਮੀਰ ਵਾਲੀ ਜਿੰਦਗੀ ਜੀਊਣ ਲਈ ਮਜ਼ਬੂਰ ਹਾਂ। ਜਦੋਂ ਕਿ ਖਾਲਸਾ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਦੇ ਅਸੂਲਾਂ ਦਾ ਧਾਰਨੀ ਹੁੰਦਾ ਹੋਇਆ ਆਪਣੀ ਕੌਮੀ ਇਕ-ਸੁਰਤਾ ਤੇ ਇਕ-ਸਾਰਤਾ ਵਾਲਾ ਜਲਵਾ ਉਜਾਗਰ ਕਰੇਗਾ। ਇਹ ਸਿੰਘ ਬਣ ਬੁੱਕੇਗਾ। ਇਸ ਦੇ ਅੱਗੇ ਦੰਭ-ਪਾਖੰਡ ਦੀਆਂ ਹਿਰਨੀ ਡਾਰਾਂ ਭੱਜ ਜਾਣਗੀਆਂ, ਧੀਰਜ ਛੱਡ ਕੇ। ਗੁਰਬਾਣੀ ਗਿਆਨ ਦਾ ਸੂਰਜ ਐਸਾ ਜਲਵਾਗਰ ਹੋਵੇਗਾ ਕਿ ਵਹਿਮਾਂ-ਭਰਮਾਂ, ਭੇਖਾਂ ਦੇ ਤਾਰੇ ਅਲੋਪ ਹੋ ਜਾਣਗੇ। ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਹੋਰ ਸਿੱਖ ਸੰਸਥਾਵਾਂ ਸਭ ਖੁੱਲ੍ਹ ਕੇ ਗੁਰਬਾਣੀ (ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਤੋਂ ਗਿਆਨ ਸੇਧ ਲੈਣ ਅਤੇ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ ਹੀ ਪ੍ਰਬੰਧ ਅਤੇ ਪ੍ਰਚਾਰ ਪ੍ਰਸਾਰ ਕਰਨ ਕਰਵਾਉਣ ਲਈ ਤੱਤਪਰ ਰਹਿਣ। ਸਾਰਾ ਸਿੱਖ ਸੰਸਾਰ, ਗੁਰਬਾਣੀ-ਗੁਰੂ ਗਿਆਨ ਨਾਲ ਵਰੋਸਾਇਆ ਹੋਵੇ ਅਤੇ ਇੱਕੋ ਇੱਕ ਸਿੱਖ ਰਹਿਤ ਮਰਯਾਦਾ ਦੇ ਅਮਲ ਦਾ ਧਾਰਨੀ ਹੋਵੇ।
ਫਿਰ ਵਿਸ਼ਵ ਦੀਆਂ ਦੂਜੀਆਂ ਕੌਮਾਂ ਅਤੇ ਭਾਈਚਾਰੇ, ਸਿੱਖ ਕੌਮ ਦੇ ਆਦਰਸ਼ਕ ਜੀਵਨ ਤੋਂ ਪ੍ਰਭਾਵਤ ਹੋ ਕੇ ਬੇਮੁਹਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਤੋਂ ਸੇਧ ਲੈਣ ਲਈ ਦੌੜ ਪੈਣਗੇ। ਫਿਰ ਧੁਨੀ ਉੱਠੇਗੀ।
ਪੰਥ ਤੇਰੇ ਦੀਆਂ ਗੂੰਜਾਂ; ਜੁਗ ਜੁਗ ਪੈਂਦੀਆਂ ਰਹਿਣਗੀਆਂ।
ਸਾਨੂੰ ਗੁਰੂ ਨਿਵਾਜਿਆ ਪੁਸ਼ਤਾਂ ਕਹਿੰਦੀਆਂ ਰਹਿਣਗੀਆਂ।
ਪੰਥ ਤੇਰੇ ਦੀਆਂ ਗੂੰਜਾਂ; ਜੁਗ ਜੁਗ ਪੈਂਦੀਆਂ ਰਹਿਣਗੀਆਂ।