ਨਾਸਤਿਕ ਅਤੇ ਸੰਤ ਸਮਾਜ ਦਾ ਗੁਰਮਤਿ ਤੋਂ ਦੂਰ ਜਾਣ ਦਾ ਮੂਲ ਕਾਰਨ ਗੁਰਬਾਣੀ ਦੀ ਲਿਖਤ ਨੂੰ ਨਾ ਸਮਝ ਸਕਣਾ ਹੀ ਹੈ।
ਨਾਸਤਿਕ ਅਤੇ ਸੰਤ ਸਮਾਜ ਦਾ ਗੁਰਮਤਿ ਤੋਂ ਦੂਰ ਜਾਣ ਦਾ ਮੂਲ ਕਾਰਨ ਗੁਰਬਾਣੀ ਦੀ ਲਿਖਤ ਨੂੰ ਨਾ ਸਮਝ ਸਕਣਾ ਹੀ ਹੈ।
ਗਿਆਨੀ ਅਵਤਾਰ ਸਿੰਘ
ਸਾਧਸੰਗਿ, ਮਿਟੇ ਭਰਮ ਅੰਧਾਰੇ ॥ ਨਾਨਕ ! ਮੇਲੀ ਸਿਰਜਣਹਾਰੇ (ਨੇ) ॥ (ਮਹਲਾ ੫/੩੮੯)
ਭਾਵ ਜਿਸ ਜੀਵ-ਇਸਤਰੀ ਅੰਦਰੋਂ ਗੁਰੂ ਦੀ ਸੰਗਤ ਕਰਕੇ ਭਰਮ-ਭੁਲੇਖੇ ਮਿਟ ਗਏ ਭਾਵ (ਸਿਰਜਣਹਾਰ ਦੀ ਹੋਂਦ ਬਾਰੇ) ਦੁਚਿੱਤੀ ਨਾ ਰਹੀ (ਉਸ ਦਾ ਇਕ ’ਤੇ ਵਿਸ਼ਵਾਸ ਬਣਨ ਕਾਰਨ) ਸਿਰਜਣਹਾਰ ਨੇ (ਆਪਣੇ ਨਾਲ) ਮੇਲ ਲਈ।
ਵਿਚਾਰ – ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉਕਤ ਕਥਨ ਮੁਤਾਬਕ “ਮੇਲੀ” (ਇਸਤਰੀ ਲਿੰਗ ਕਿਰਿਆ) ਦਾ ਅਰਥ ਹੈ: “ਮੇਲ ਹੋ ਗਿਆ” (ਪੁਲਿੰਗ ਕਿਰਿਆ) ਭਾਵ ਚਲਦੇ ਪ੍ਰਸੰਗ ਮੁਤਾਬਕ “ਸਿਰਜਣਹਾਰ ਨੇ ਮੇਲ ਲਈ” ਦੀ ਥਾਂ (ਪ੍ਰਸੰਗ ਬਣਾ ਲਿਆ ਗਿਆ) ਬੰਦੇ ਨੇ ਉਸ ਨਾਲ ਮੇਲ ਕਰ ਲਿਆ।
ਵਾਕ ਦੇ ਸਾਰੰਸ਼ ਮੁਤਾਬਕ ਜਿੱਥੇ ਬੰਦੇ ਨੇ ਆਪਣੇ ਦਿਮਾਗੀ ਸੰਘਰਸ਼ ਨੂੰ ਛੱਡ, ਬੇਵੱਸ ਹੋ ਕੇ ਸਿਰਜਣਹਾਰ ਦੀ ਰਹਿਮਤ ’ਤੇ ਨਿਰਭਰ ਹੋਣਾ ਸੀ, ਉਸ ਦੀ ਥਾਂ ਬੰਦੇ ਦੇ ਦਿਮਾਗ਼ ਦਾ ਹੀ ਜੋਰ ਚੱਲਿਆ, ਜੋ ਗੁਰਮਤਿ ਦੀ ਥਾਂ ਮਨਮਤੀ ਅਰਥ ਹਨ।
ਸ਼ਬਦ ਮੁਤਾਬਕ ਜੋ ਦੁਬਿਧਾ ਸੀ ਕਿ ਸਿਰਜਣਹਾਰ ਹੈ ਜਾਂ ਨਹੀਂ, ਇਹ ਸਾਧ ਸੰਗਤ ਕਰਕੇ ਦੂਰ ਹੋਣੀ ਸੀ, ਪਰ ਮਨਮਤੀ ਅਰਥਾਂ ਨੇ (ਸਿਰਜਣਹਾਰ ’ਤੇ ਭਰੋਸਾ ਕਾਇਮ ਕਰਨ ਦੀ ਥਾਂ) ਦੁਬਿਧਾ ਹੀ ਕਾਇਮ ਰੱਖੀ।
ਸਵਾਲ- ਗੁਰਬਾਣੀ ਦੀ ਟੇਕ ਲੈ ਕੇ ਮਨਮਤੀ ਅਰਥ ਕਰਨ ਨਾਲ ਜਦ ਦੁਬਿਧਾ ਹੀ ਬਣੀ ਰਹੀ ਫਿਰ ਸਿਰਜਣਹਾਰ ਨੇ (ਕਿਵੇਂ) ਮੇਲੀ ? ਜਾਂ ਸਿਰਜਣਹਾਰ ਨਾਲ ਮੇਲ ਕਿਵੇਂ ਹੋ ਗਿਆ ?
ਆਪਣੇ ਸਰੋਤਿਆਂ ’ਚ ਆਪਣੀ ਵਿਦਵਤਾ ਬਣਾਏ ਰੱਖਣ ਲਈ ਇਹ ਕਹਿਣਾ ਕਿ ਸਭ ਆਪਣੀ-ਆਪਣੀ ਮੱਤ ਨੂੰ ਹੀ ਗੁਰੂ ਦੀ ਮੱਤ ਕਹਿੰਦੇ ਪਏ ਹਨ। ਸਵਾਲ ਤਾਂ ਠੀਕ ਹੈ, ਪਰ ਵਿਚਾਰਨਾ ਬਣਦਾ ਹੈ ਕਿ ਸਭ ਤੋਂ ਵੱਧ ਗੁਰਮਤਿ ਨੂੰ ਮਨਮਤ ਵਿਚ ਤਬਦੀਲ ਕਰ ਆਪਣੀ ਤੁਛ ਬੁਧੀ ਨੂੰ ਸਰਵੋਤਮ ਕੌਣ ਉਛਾਲ ਰਿਹੈ ?
ਸਭ ਤੋਂ ਵਧੇਰੇ ਮਨਮਤੀ ਅਰਥ ਕਰਨ ਵਾਲੇ ਨੂੰ ਹੀ ਅਜਿਹੇ ਸਪਸ਼ਟੀਕਰਨ ਵੱਧ ਦੇਣੇ ਪੈਂਦੇ ਹਨ ਜਦਕਿ ਨਾਸਤਿਕ ਅਤੇ ਸੰਤ ਸਮਾਜ ਦਾ ਗੁਰਮਤਿ ਤੋਂ ਦੂਰ ਜਾਣ ਦਾ ਮੂਲ ਕਾਰਨ ਗੁਰਬਾਣੀ ਦੀ ਲਿਖਤ ਨੂੰ ਨਾ ਸਮਝ ਸਕਣਾ ਹੀ ਹੈ।
ਦਰਅਸਲ ਮਨ ਦੀ ਕਠੋਰਤਾ ਹੱਦੋਂ ਵੱਧ ਮੂੰਹੋਂ ਬੁਲਵਾ ਦਿੰਦੀ ਹੈ, ਫਿਰ ਸਾਰੀ ਉਮਰ ਉਸ ਨੂੰ ਸਹੀ ਸਿੱਧ ਕਰਦਿਆਂ ਬਤੀਤ ਹੁੰਦੀ ਹੈ।
ਜਦ ਇਨਾਂ ਮੁਤਾਬਕ ਰੱਬ, ਕੇਵਲ ਮਨੁੱਖ ਦੇ ਅੰਦਰ ਹੀ ਹੈ ਤਾਂ ਵਾਰ ਵਾਰ ਮੂੰਹ ਉਪਰ ਵੱਲ ਕਿਉਂ ?
ਕਿਸਾਨ ਮੋਰਚੇ ਦੀ ਸ਼ੁਰੂਆਤ ਅਤੇ ਭਵਿੱਖ
ਕਿਸਾਨ ਮੋਰਚੇ ਦੀ ਸ਼ੁਰੂਆਤ ਅਤੇ ਭਵਿੱਖ
ਕਿਰਪਾਲ ਸਿੰਘ ਬਠਿੰਡਾ 88378-13661
ਜਿਉਂ ਹੀ ਭਾਜਪਾ ਨੇ ਤਿੰਨ ਕਿਸਾਨ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤੇ, ਦੇਸ਼ ਭਰ ਦੀਆਂ ਵੱਖ ਵੱਖ ਟੁਕੜੀਆਂ ਵਿੱਚ ਵੰਡੀਆਂ 31 ਕਿਸਾਨ ਜਥੇਬੰਦੀਆਂ ਨੇ ਇੱਕ ਪਲੇਟਫਾਰਮ ’ਤੇ ਇਕੱਠੀਆਂ ਹੋ ਕੇ ਸਰਬ ਸੰਮਤੀ ਨਾਲ ਫੈਸਲਾ ਕਰ ਲਿਆ ਕਿ ਹੁਣ ਤੱਕ ਸਾਡਾ ਵੱਖ ਵੱਖ ਜਥੇਬੰਦੀਆਂ ’ਚ ਵੰਡੇ ਹੋਣ ਦਾ ਲਾਭ ਉਠਾ ਕੇ ਸਿਆਸੀ ਪਾਰਟੀਆਂ ਗਰੀਬ ਕਿਸਾਨਾਂ ਦਾ ਸੋਸ਼ਨ ਕਰਦੀਆਂ ਆ ਰਹੀਆਂ ਹਨ ਇਸ ਲਈ ਹੁਣ ਮੌਕਾ ਹੈ ਕਿ ਆਪਣੇ ਆਪ ਅਤੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਉਸ ਸਮੇਂ ਤੱਕ ਮੋਰਚਾ ਜਾਰੀ ਰੱਖਿਆ ਜਾਵੇ ਜਦ ਤੱਕ ਕਿ ਮੋਦੀ ਸਰਕਾਰ ਇਹ ਬਿੱਲ ਵਾਪਸ ਨਹੀਂ ਲੈ ਲੈਂਦੀ। ਕ੍ਰਾਂਤੀਕਾਰੀ ਸੂਬਾ ਹੋਣ ਦੇ ਨਾਤੇ ਪਹਿਲ ਪੰਜਾਬ ਤੋਂ ਹੋਈ ਜਿਸ ਵਿੱਚ ਐਲਾਨ ਕੀਤਾ ਗਿਆ ਕਿ ਅਕਾਲੀ-ਭਾਜਪਾ ਦੇ ਪੰਜਾਬ ਵਿੱਚ ਜਿੰਨੇ ਵੀ ਮੈਂਬਰ ਪਾਰਲੀਮੈਂਟ, ਵਿਧਾਇਕ ਤੇ ਹਲਕਾ ਇਨਚਾਰਜ ਹਨ, ਉਨ੍ਹਾਂ ਦੇ ਘਰਾਂ ਦਾ ਘਿਰਾਉ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਸ ਵੀ ਪਾਰਟੀ ਨੇ ਕਿਸਾਨ ਬਿੱਲਾਂ ਦਾ ਸਮਰਥਨ ਕੀਤਾ ਉਸ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਘਿਰਾਉ ਏਨਾਂ ਸਫਲ ਰਿਹਾ ਕਿ ਅਕਾਲੀ ਦਲ ਜਿਸ ਦਾ ਆਧਾਰ ਹੀ ਪਿੰਡਾਂ ਵਿੱਚ ਹੈ ਅਤੇ ਜਿਹੜੀ ਆਪਣੇ ਆਪ ਨੂੰ ਕਿਸਾਨਾਂ ਅਤੇ ਪੰਥ ਦੀ ਨੁੰਮਾਇੰਦਾ ਜਥੇਬੰਦੀ ਹੋਣ ਦਾ ਦਾਅਵਾ ਕਰਦਾ ਹੈ ਉਸ ਦੇ ਪੈਰ ਖਿਸਕ ਗਏ ਕਿਉਂਕਿ ਪੰਥਕ ਮੁੱਦੇ ’ਤੇ ਤਾਂ ਪਹਿਲਾਂ ਹੀ 2015 ਵਿੱਚ ਬਰਗਾੜੀ ਦੇ ਘਿਨਾਉਣੇ ਕਾਂਡ ਵਿੱਚ ਆਪਣੀ ਨੇਤਾਗਿਰੀ ਗੁਆ ਬੈਠਾ ਸੀ ਅਤੇ ਰਹਿੰਦੀ ਕਸਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਸ਼੍ਰੋਮਣੀ ਕਮੇਟੀ ਦੇ ਸਟਾਕ ਵਿੱਚੋਂ ਗਾਇਬ ਹੋਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪੜਤਾਲੀਆ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਵਿਅਕਤੀਆਂ ਨੂੰ ਬਚਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨੇ ਪੂਰੀ ਕਰ ਦਿੱਤੀ ਹੈ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਤਿੱਖੇ ਸੰਘਰਸ਼ ਅਤੇ ਸਖ਼ਤ ਐਲਾਨਾਂ ਨੇ ਅਕਾਲੀ ਦਲ ਦੇ ਪੈਰਾਂ ਹੇਠੋਂ ਜਮੀਨ ਖਿਸਕਾ ਦਿੱਤੀ। ਜਿਹੜਾ ਪੂਰਾ ਬਾਦਲ ਪਰਿਵਾਰ ਆਰਡੀਨੈਂਸ ਜਾਰੀ ਹੋਣ ਦੀ ਮਿਤੀ 5 ਜੂਨ ਤੋਂ ਲੈ ਕੇ ਹੁਣ ਤੱਕ ਇਨਾਂ ਤਿੰਨੇ ਬਿੱਲਾਂ ਦੀ ਡਟਵੀਂ ਹਿਮਾਇਤ ’ਚ ਕਹਿੰਦਾ ਸੀ ਕਿ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਹਨ ਜਿਨ੍ਹਾਂ ਦੇ ਲਾਗੂ ਹੋਣ ’ਤੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ ਪਰ ਵਿਰੋਧੀ ਪਾਰਟੀਆਂ ਆਪਣੇ ਸਿਆਸੀ ਹਿੱਤਾਂ ਕਾਰਨ ਕਿਸਾਨਾਂ ਨੂੰ ਭੜਕਾ ਰਹੀਆਂ ਹਨ। ਉਸੇ ਅਕਾਲੀ ਦਲ ਨੂੰ ਕਿਸਾਨਾਂ ਦੇ ਸੰਘਰਸ਼ ਦੇ ਤਿੱਖੇ ਤੇਵਰ ਵੇਖ ਕੇ ਇੱਕ ਦਮ ਯੂ-ਟਰਨ ਲੈਂਦਿਆਂ ਹਰਸਿਮਰਤ ਕੌਰ ਵੱਲੋਂ ਕੇਂਦਰੀ ਮੰਤਰੀ ਪਦ ਤੋਂ ਅਸਤੀਫ਼ਾ ਦੇਣ, ਪਾਰਲੀਮੈਂਟ ਵਿੱਚ ਜ਼ਬਰਦਸਤ ਵਿਰੋਧ ਕਰਨ ਅਤੇ ਐਨ.ਡੀ.ਏ ਨਾਲੋਂ 23 ਸਾਲਾਂ ਤੋਂ ਚੱਲ ਰਹੇ ਗੱਠਜੋੜ ਨੂੰ ਖਤਮ ਕਰਨ ਲਈ ਮਜ਼ਬੂਰ ਹੋਣਾ ਪਿਆ।
ਇਸ ਸਮੇਂ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਸਮੇਤ ਤਿੰਨ ਮੁੱਖ ਵਿਰੋਧੀ ਪਾਰਟੀਆਂ (ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ) ਆਪਣੇ ਆਪਣੇ ਪਾਰਟੀ ਝੰਡੇ ਫੜ ਕੇ ਕਿਸਾਨਾਂ ਦੇ ਹੱਕ ਵਿੱਚ ਸੜਕਾਂ ’ਤੇ ਉੱਤਰੇ ਹੋਏ ਹਨ, ਪਰ ਕਿਸਾਨ ਇਨ੍ਹਾਂ ਪਾਰਟੀਆਂ ਵਿੱਚੋਂ ਹਾਲੀ ਤੀਕ ਕਿਸੇ ਨੂੰ ਵੀ ਮੂੰਹ ਲਾਉਣ ਲਈ ਤਿਆਰ ਨਹੀਂ ਹਨ। ਅਕਾਲੀ ਦਲ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਕੀਤੇ ਗਏ ਟ੍ਰੈਕਟਰ ਮਾਰਚ ਦੌਰਾਨ ਕਿਸਾਨਾਂ ਨੇ ਇਨ੍ਹਾਂ ਦੋਵਾਂ ਹੀ ਮਾਰਚਾਂ ਨੂੰ ਕਾਲ਼ੇ ਝੰਡੇ ਵਿਖਾਏ ਅਤੇ ਜ਼ਬਰਦਸਤ ਨਾਹਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮਾਰਚ ਸਾਡੀ ਹਿਮਾਇਤ ਵਿੱਚ ਨਹੀਂ ਬਲਕਿ ਤੁਸੀਂ ਵੋਟਾਂ ਪੱਕੀਆਂ ਕਰਨ ਲਈ ਆਪਣੀਆਂ ਪਾਰਟੀਆਂ ਦਾ ਪ੍ਰਚਾਰ ਕਰ ਰਹੇ ਹੋ ਜੋ ਕਿ ਇੱਕ ਤਰ੍ਹਾਂ ਸਾਡੇ ਮੋਰਚੇ ਨੂੰ ਖ਼ਤਮ ਕਰਨ ਦੇ ਤੁਲ ਹੈ। ਜੇ ਤੁਸੀਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਦਿੱਲੀ ਵੱਲ ਮਾਰਚ ਕਰੋ ਤੇ ਪ੍ਰਧਾਨ ਮੰਤਰੀ ਨਿਵਾਸ ਦਾ ਘਿਰਾਉ ਕਰੋ ਜਾਂ ਆਪਣੀਆਂ ਪਾਰਟੀਆਂ ਦੇ ਝੰਡੇ ਘਰੇ ਰੱਖ ਕੇ ਕਿਸਾਨ ਆਗੂਆਂ ਵੱਲੋਂ ਦਿੱਤੇ ਪ੍ਰਗਰਾਮ ਅਨੁਸਰ ਕਿਸਾਨ ਜਥੇਬੰਦੀਆਂ ਦੇ ਝੰਡੇ ਫੜ ਕੇ ਸਾਡੇ ਨਾਲ ਧਰਨਿਆਂ ਵਿੱਚ ਬੈਠੋ ਤੇ ਦਿੱਲੀ ਵੱਲ ਕੂਚ ਕਰਨ ਸਮੇਂ ਨਾਲ ਤੁਰੋ। ਜਿਨ੍ਹਾਂ ਆਗੂਆਂ ਨੂੰ ਅਗਵਾਈ ਕਰਨ ਅਤੇ ਆਪਣੇ ਪਾਰਟੀ ਮੁਖੀਆਂ ਦੇ ਹੱਕ ਵਿੱਚ ਨਾਹਰੇ ਮਾਰਨ ਦਾ ਨਸ਼ਾ ਹੋਵੇ ਉਹ ਭਲਾਂ ਕਿਸ ਤਰ੍ਹਾਂ ਕਿਸਾਨਾਂ ਨਾਲ ਨੰਗੇ ਧੜ ਧਰਨਿਆਂ ਵਿੱਚ ਬੈਠ ਸਕਦੇ ਹਨ ? ਇਸ ਕਾਰਨ ਸੱਤਾਧਾਰੀ ਪਾਰਟੀਆਂ ਸਮੇਤ ਸਾਰੀਆਂ ਹੀ ਵਿਰੋਧੀ ਪਾਰਟੀਆਂ ਦੀ ਹਾਲਤ ਪਾਣੀਓਂ ਪਤਲੀ ਕਰ ਦਿੱਤੀ ਗਈ ਹੈ। ਮੈਂ ਇਸ ਵੇਲੇ ਆਪਣੀ ਉਮਰ ਦੇ 73ਵੇਂ ਸਾਲ ਨੂੰ ਪਾਰ ਕਰ ਕੇ 74ਵੇਂ ਸਾਲ ਦੇ ਅੱਧ ਤੱਕ ਪਹੁੰਚ ਚੁੱਕਾਂ ਹਾਂ; ਇਨ੍ਹਾਂ ਸਮਿਆਂ ਦੌਰਾਨ ਅਕਾਲੀ ਦਲ ਦੇ ਪੰਜਾਬੀ ਸੂਬੇ ਅਤੇ ਧਰਮ ਯੁੱਧ ਮੋਰਚਿਆਂ ਸਮੇਤ ਹੁਣ ਤੱਕ ਜਿੰਨੇ ਵੀ ਹੋਰ ਸਾਰੇ ਮੋਰਚੇ ਲੱਗੇ ਹਨ ਉਹ ਸਾਰੇ ਦੇ ਸਾਰੇ ਇਸ ਮੋਰਚੇ ਦੇ ਸਾਹਮਣੇ ਫਿੱਕੇ ਪੈ ਜਾਂਦੇ ਹਨ ਕਿਉਂਕਿ 31 ਵੱਖ ਵੱਖ ਕਿਸਾਨ ਜਥੇਬੰਦੀਆਂ; ਖੇਤ ਮਜ਼ਦੂਰ, ਆੜਤੀਏ, ਜਿਨ੍ਹਾਂ ਦਾ ਬੀਤੇ ਸਮੇਂ ਵਿੱਚ ਕੁਝ ਆਪਸੀ ਟਕਰਾਅ ਵੀ ਹੁੰਦਾ ਰਿਹਾ, ਪਰ ਹੁਣ ਉਹ ਸਾਰੇ ਇੱਕਮੁੱਠ ਅਤੇ ਇੱਕ ਅਵਾਜ਼ ਹੋ ਕੇ ਇਸ ਧਰਨੇ ਦੇ ਸਮਰਥਨ ਵਿੱਚ ਡਟੇ ਹੋਏ ਹਨ। ਹਜਾਰਾਂ/ਲੱਖਾਂ ਰੁਪਏ ਲੈ ਕੇ ਆਪਣੇ ਪ੍ਰੋਗਰਾਮ ਦੇਣ ਵਾਲੇ ਪੰਜਾਬ ਨਾਲ ਸੰਬੰਧਿਤ ਸਾਰੇ ਗਾਇਕ ਤੇ ਕਲਾਕਾਰ ਤੱਪੜਾਂ ’ਤੇ ਬੈਠ ਕੇ ਕਿਸਨਾਂ ਦੇ ਮੋਰਚਿਆਂ ਵਿੱਚ ਡਟੇ ਹੋਏ ਹਨ। ਮੁਲਾਜ਼ਮ, ਬੇਰੁਜ਼ਗਾਰ, ਪੈਨਸ਼ਨਰਜ਼ ਆਦਿਕ ਦੀਆਂ ਸਾਰੀਆਂ ਖੱਬੀਆਂ ਸੱਜੀਆਂ ਐਸੋਸੀਏਸ਼ਨਾਂ ਇਸ ਮੋਰਚੇ ਦੀ ਹਿਮਾਇਤ ਕਰ ਰਹੀਆਂ ਹਨ। ਕੋਈ ਜਾਤੀ ਜਾਂ ਧਰਮ ਵਿਰੋਧ ਨਹੀਂ ਸਾਰੇ ਹੀ ਇੱਕ ਮੁੱਠ ਹੋ ਕੇ ਹਿਮਾਇਤ ਕਰ ਰਹੇ ਹਨ ਕਿਉਂਕਿ ਸਾਰਿਆਂ ਨੂੰ ਸਮਝ ਆ ਗਈ ਹੈ ਕਿ ਇਹ ਕਾਨੂੰਨ ਕੇਵਲ ਕਿਸਾਨਾਂ ਦੇ ਵਿਰੋਧ ਵਿੱਚ ਹੀ ਨਹੀਂ ਬਲਕਿ ਸਮੁੱਚੇ ਵਰਗ ਇਸ ਨਾਲ ਪ੍ਰਭਾਵਤ ਹੋਣਗੇ। ਇਸ ਤਰ੍ਹਾਂ ਪੰਜਾਬ ਵਿੱਚ ਹੁਣ ਕਿਸਾਨ ਮੋਰਚੇ ਦੀ ਸ਼ੁਰੂਆਤ ਅਤੇ ਹੁਣ ਤੱਕ ਦਾ ਸਫਰ ਸ਼ੁਭ ਕਿਹਾ ਜਾ ਸਕਦਾ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਸ ਦਾ ਭਵਿੱਖ ਵੀ ਜਿੱਤ ਪ੍ਰਾਪਤ ਕਰਨ ਵਾਲਾ ਹੀ ਹੋਵੇਗਾ।
ਪੰਜਾਬ ਤੋਂ ਬਾਅਦ ਦੂਸਰੇ ਨੰਬਰ ’ਤੇ ਹਰਿਆਣੇ ਵਿੱਚ ਕਿਸਾਨ ਮੋਰਚਾ ਸਫਲਤਾ ਨਾਲ ਅੱਗੇ ਵਧ ਰਿਹਾ ਹੈ। ਹਰਿਆਣਾ ਵਿੱਚ ਦੇਵੀ ਲਾਲ ਦੇ ਪੋਤਰੇ ਦੁਸ਼ਯੰਤ ਚੁਟਾਲੇ ਦੀ ਪਾਰਟੀ ਦੇ ਸਮਰਥਨ ਨਾਲ ਭਾਜਪਾ ਗਠਜੋੜ ਸਰਕਾਰ ਚੱਲ ਰਹੀ ਹੈ। ਅਕਾਲੀ ਦਲ ਦੀ ਤਰ੍ਹਾਂ ਅਨੈਲੋ ਨਾਲੋਂ ਵੱਖ ਹੋ ਕੇ ਨਵੀਂ ਬਣਾਈ ਜੇ.ਜੇ.ਪੀ. ਵੀ ਆਪਣੇ ਆਪ ਨੂੰ ਕਿਸਾਨਾਂ ਦੀ ਪ੍ਰਤੀਨਿਧ ਪਾਰਟੀ ਅਖਵਾਉਂਦੀ ਹੋਣ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਉਪ ਮੁੱਖ ਮੰਤਰੀ ਦੁਸ਼ਯੰਤ ਚੁਟਾਲਾ ਦੇ ਘਰ ਦਾ ਘਿਰਾਉ ਕਰਨ ਦੀ ਕੋਸ਼ਿਸ਼ ਭਾਵੇਂ ਪੁਲਿਸ ਦੇ ਭਾਰੀ ਬਲ ਨੇ ਅਸਫਲ ਬਣਾ ਦਿੱਤੀ ਪਰ ਹੋ ਸਕਦਾ ਹੈ ਕਿ ਪੁਲਿਸ ਵੱਲੋਂ ਵਰਤੀ ਗਈ ਤਾਕਤ ਦੁਸ਼ਯੰਤ ਨੂੰ ਉਲਟੀ ਪੈ ਜਾਵੇ । ਜੇ ਹਰਸਿਮਰਤ ਕੌਰ ਦੀ ਤਰ੍ਹਾਂ ਦੁਸ਼ਯੰਤ ਚੁਟਾਲਾ ਨੇ ਵੀ ਅਸਤੀਫ਼ਾ ਦੇ ਦਿੱਤਾ ਅਤੇ ਗਠਜੋੜ ਖਤਮ ਕਰ ਦਿੱਤਾ ਤਾਂ ਹਰਿਆਣੇ ਵਿਚ ਭਾਜਪਾ ਸਰਕਾਰ ਡਿੱਗ ਜਾਵੇਗੀ।
ਪੰਜਾਬ, ਹਰਿਆਣਾ ਤੋਂ ਬਾਅਦ ਹੁਣ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਕਰਨਾਟਿਕਾ, ਗੁਜਰਾਤ, ਮਹਾਂਰਾਸ਼ਟਰ, ਬੰਗਾਲ, ਉੱਤਰਾਖੰਡ ਵਿੱਚ ਵੀ ਕਿਸਾਨ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ ਤੇ ਬਾਕੀ ਦੇ ਰਾਜਾਂ ਵਿੱਚ ਫੈਲ ਰਿਹਾ ਹੈ ਜਿਨ੍ਹਾਂ ਦਾ ਅਸਰ ਆਉਂਦੀਆਂ ਚੋਣਾਂ ਵਿੱਚ ਪੈਣਾ ਲਾਜ਼ਮੀ ਹੈ। ਇਸੇ ਮਹੀਨੇ ਬਿਹਾਰ ’ਚ ਅਸੈਂਬਲੀ ਦੀਆਂ ਨਵੀਆਂ ਚੋਣਾਂ; ਕਰਨਾਟਕਾ ਦੀਆਂ 22 ਸੀਟਾਂ ਅਤੇ ਹਰਿਆਣਾ ਦੀ ਇੱਕ ਸੀਟ ’ਤੇ ਮੱਧਕਾਲੀ ਚੋਣਾਂ ਹੋ ਰਹੀਆਂ ਹਨ। ਜੇ ਬਿਹਾਰ, ਕਾਰਨਾਟਿਕਾ ਵਿੱਚ ਵੱਡੀ ਗਿਣਤੀ ਸੀਟਾਂ ’ਤੇ ਭਾਜਪਾ ਚੋਣਾਂ ਹਾਰ ਜਾਂਦੀ ਹੈ ਤਾਂ ਕਰਨਾਟਿਕਾ ਵਿਚ ਵੀ ਪਿੱਛੇ ਜਿਹੇ ਵੱਡੀ ਗਿਣਤੀ ਵਿੱਚ ਦਲਬਦਲੀਆਂ ਕਰਵਾ ਕੇ ਬਣਾਈ ਭਾਜਪਾ ਸਰਕਾਰ ਡਿੱਗ ਸਕਦੀ ਹੈ ਤੇ ਬਿਹਾਰ ਵਿੱਚ ਚੱਲ ਰਹੀ ਜਦਯੂ-ਭਾਜਪਾ ਗੱਠਜੋੜ ਸਰਕਾਰ ਨੂੰ ਸੱਤਾ ਤੋਂ ਹੱਥ ਧੋਣੇ ਪੈ ਸਕਦੇ ਹਨ। 2022 ਦੇ ਸ਼ੁਰੂ ਵਿੱਚ ਹੀ ਪੰਜਾਬ, ਬਿਹਾਰ ਅਤੇ ਕਰਨਾਟਿਕਾ ਵਿੱਚ ਵਿਧਾਨ ਸਭਾ ਅਤੇ 2024 ਦੇ ਸ਼ੁਰੂ ਵਿੱਚ ਪੂਰੇ ਦੇਸ਼ ਵਿੱਚ ਲੋਕ ਸਭਾ ਦੀਆਂ ਨਵੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਕਾਰਨ ਆਪਣੇ ਆਪ ਨੂੰ ਚਟਾਨ ਵਾਙ ਮਜ਼ਬੂਤ ਅਤੇ ਇੱਕ ਵੀ ਕਦਮ ਪਿੱਛੇ ਨਾ ਹਟਣ ਦੇ ਦਗ਼ਮਜ਼ੇ ਮਾਰਨ ਵਾਲੀ ਭਾਜਪਾ ਦੇ ਖੇਮਿਆਂ ਵਿੱਚ ਘਬਰਾਹਟ ਹੈ।
ਕਰਾਂਤੀ ਪੰਜਾਬ ਵਿੱਚੋਂ ਖੜ੍ਹੀ ਹੋਈ ਹੋਣ ਕਾਰਨ ਭਾਜਪਾ ਵੱਲੋਂ ਕਿਸਾਨਾਂ ਨੂੰ ਪਲੋਸਣ ਲਈ ਤਿੰਨ ਧਾਰੀ ਨੀਤੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲੀ ਨੀਤੀ ਅਧੀਨ ਪੰਜਾਬ ਦੇ ਸਾਰੇ ਭਾਜਪਾ ਅਹੁਦੇਦਾਰਾਂ ਦੀ ਡਿਊਟੀ ਲਗਾਈ ਗਈ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਮਿਲ ਕੇ ਨਵੇਂ ਕਾਨੂੰਨਾਂ ਸੰਬੰਧੀ ਵਿਰੋਧੀ ਧਿਰਾਂ ਵੱਲੋਂ ਖੜ੍ਹੇ ਕੀਤੇ ਜਾਂਦੇ ਨਿਰਮੂਲ ਸ਼ੰਕਿਆਂ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਸਮਝਾਉਣ ਕਿ ਨਵੇਂ ਕਾਨੂੰਨ ਉਨ੍ਹਾਂ ਲਈ ਬਹੁਤ ਹੀ ਲਾਹੇਵੰਦ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਦੂਸਰੀ ਨੀਤੀ ਅਧੀਨ ਅੰਮ੍ਰਿਤਸਰ ਤੋਂ ਹਾਰਨ ਦੇ ਬਾਵਜੂਦ ਕੇਂਦਰ ਵਿੱਚ ਬਣਾਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਚੰਡੀਗੜ੍ਹ ਵਿੱਚ ਡੇਰਾ ਲਾ ਕੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਨਵੇਂ ਬਣੇ ਕਾਨੂੰਨਾਂ ਸੰਬੰਧੀ ਜੇ ਉਨ੍ਹਾਂ ਨੂੰ ਕੋਈ ਗਲਤ ਫ਼ਹਿਮੀ ਹੈ ਤਾਂ ਉਹ ਉਨ੍ਹਾਂ ਨੂੰ ਮਿਲ ਕੇ ਦੂਰ ਕੀਤੀ ਜਾ ਸਕਦੀ ਹੈ। ਤੀਜੀ ਨੀਤੀ ਅਧੀਨ ਭਾਜਪਾ ਮੈਂਬਰ ਪਾਰਲੀਮੈਂਟ ਹੰਸਰਾਜ ਅਤੇ ਕਾਰਕੁੰਨ ਦਲੇਰ ਮਹਿੰਦੀ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜੇ ਉਨ੍ਹਾਂ ਨੂੰ ਕਾਨੂੰਨਾਂ ਸੰਬੰਧੀ ਕੁਝ ਸ਼ੰਕੇ ਹਨ ਤਾਂ ਉਨ੍ਹਾਂ ਦੇ ਹੱਲ ਲਈ ਕਿਸਾਨ ਉਨ੍ਹਾਂ ਦੇ ਨਾਲ ਦਿੱਲੀ ਚੱਲਣ ਤਾਂ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਮਿਲ ਕੇ ਸ਼ੰਕੇ ਦੂਰ ਕਰਵਾਉਣ ਲਈ ਤਿਆਰ ਹਨ।
ਭਾਜਪਾ ਸਮਝਦੀ ਹੈ ਕਿ ਨਵੇਂ ਕਾਨੂੰਨਾਂ ਵਿੱਚ ਜੇ ਮਾਮੂਲੀ ਸੋਧ ਕਰਨੀ ਵੀ ਪਵੇ ਜਾਂ ਘੱਟੋ ਘੱਟ ਹਾਲ ਦੀ ਘੜੀ ਪੰਜਾਬ, ਹਰਿਆਣਾ ਨੂੰ ਇਨ੍ਹਾਂ ਕਾਨੂੰਨਾਂ ’ਤੋਂ ਬਾਹਰ ਰੱਖ ਲਵਾਂਗੇ ਉਸ ਲਈ ਵੀ ਪੰਜਾਬ ਵਿੱਚੋਂ ਅਸਰ ਰਸੂਖ਼ ਰੱਖਣ ਵਾਲੇ ਕਿਸੇ ਸਿੱਖ ਚਿਹਰੇ ਨੂੰ ਅੱਗੇ ਕੀਤਾ ਜਾਵੇ ਤਾਂ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਖੱਟ ਸਕੀਏ, ਪਰ ਅਜੋਕੇ ਕਿਸਾਨ, ਪਹਿਲਾਂ ਵਾਲੇ ਕਿਸਾਨ ਨਹੀਂ ਰਹੇ ਅਤੇ ਭਲੀਭਾਂਤ ਸਮਝ ਚੁੱਕੇ ਹਨ ਕਿ ਇਹ ਸਭ ਸਿਆਸੀ ਚਾਲਾਂ ਹਨ। ਉਹ ਇਹ ਵੀ ਸਮਝਦੇ ਹਨ ਕਿ ਜਿਸ ਹੰਸ ਰਾਜ ਹੰਸ ਨੂੰ ਇਹ ਨਹੀਂ ਪਤਾ ਕਿ 1971 ਵਿੱਚ ਭਾਰਤ-ਪਾਕਿਸਤਾਨ ਦੀ ਕੋਈ ਜੰਗ ਵੀ ਹੋਈ ਸੀ, ਜਿਸ ਦੇ ਸਿੱਟੇ ਵਜੋਂ ਪਾਕਿਸਤਾਨ ਦੇ ਦੋ ਟੋਟੇ ਹੋ ਕੇ ਬੰਗਲਾ ਦੇਸ਼ ਹੋਂਦ ਵਿੱਚ ਆਇਆ ਹੈ; ਉਹ ਕਿਸ ਤਰ੍ਹਾਂ ਸਮਝ ਸਕਦਾ ਹੈ ਕਿ ਜਿਸ ਸਮੇਂ ਇੱਕ ਪਾਸੇ 1964 ’ਚ ਚੀਨ ਦੇ ਹਮਲੇ ਕਾਰਨ ਦੇਸ਼ ਦੀਆਂ ਸਰਹੱਦਾਂ ਖ਼ਤਰੇ ਵਿੱਚ ਸਨ ਅਤੇ ਦੂਸਰੇ ਪਾਸੇ ਸਰਕਾਰੀ ਨੀਤੀਆਂ ਕਾਰਨ 1950; 60 ਦੇ ਦਹਾਕਿਆਂ ਦੌਰਾਨ ਕਿਸਾਨਾਂ ਦੀ ਹਾਲਤ ਅਸਲੋਂ ਮਾੜੀ ਹੋ ਜਾਣ ਅਤੇ ਭਾਰਤ ਫੂਡ ਸੰਕਟ ਵਿੱਚ ਬੁਰੀ ਤਰ੍ਹਾਂ ਘਿਰਿਆ ਹੋਣ ਕਾਰਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਨੇ ਦੇਸ਼ ਨੂੰ ‘ਜੈ ਜਵਾਨ-ਜੈ ਕਿਸਾਨ’ ਦਾ ਨਵਾਂ ਨਾਹਰਾ ਦਿੱਤਾ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਅਨਾਜ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ 1965 ਦੇ ਸ਼ੁਰੂ ਵਿੱਚ ਹੀ ਐਗਰੀਕਲਚਰ ਪਰਾਈਸ ਕਮਿਸ਼ਨ (APC) ਦੀ ਨਿਯੁਕਤੀ ਕਰ ਕੇ 23 ਜਿਨਸਾਂ ’ਤੇ ਐੱਮ.ਐੱਸ.ਪੀ. ਦੀ ਸਕੀਮ ਲਾਗੂ ਕੀਤੀ ਗਈ ਸੀ, ਜਿਸ ਵਿੱਚ 1985 ’ਚ ਵਾਧਾ ਕਾਰਕੇ ਲਾਗਤ ਕੀਮਤ ਨੂੰ ਜੋੜ ਦਿੱਤਾ ਅਤੇ APC ਦਾ ਨਾਂ ਬਦਲ ਕੇ ਕਮਿਸ਼ਨ ਫ਼ਾਰ ਐਗਰੀਕਲਚਰ ਕਾਸਟ ਐਂਡ ਪ੍ਰਾਇਸਜ਼ (CACP) ਰੱਖਿਆ ਗਿਆ, ਜੋ ਹਰ ਸਾਲ ਦੋ ਵਾਰ ਹਾੜੀ ਤੇ ਸਾਉਣੀ ਦੀਆਂ ਫ਼ਸਲਾਂ ਲਈ ਐੱਮ.ਐੱਸ.ਪੀ. ਦੀਆਂ ਕੀਮਤਾਂ ਤੈਅ ਕਰਦਾ ਹੈ। ਐੱਮ.ਐੱਸ.ਪੀ. ਨੇ ਪੰਜਾਬ ਅਤੇ ਹਰਿਆਣਾ ਵਿੱਚ ਹਰੀ ਕ੍ਰਾਂਤੀ ਲਿਆਂਦੀ ਜੋ ਇਕੱਲੇ ਤੌਰ ’ਤੇ ਦੇਸ਼ ਦੇ ਅੰਨ ਭੰਡਾਰ ਵਿੱਚ ਤਕਰੀਬਨ 50% ਹਿੱਸਾ ਪਾਉਂਦੇ ਹਨ। ਭਾਵੇਂ ਐੱਮ.ਐੱਸ.ਪੀ. 23 ਜਿਨਸਾਂ ਲਈ ਹੈ ਪਰ ਐੱਫ਼.ਸੀ.ਆਈ. ਖਰੀਦ ਕੇਵਲ ਦੋ ਫ਼ਸਲਾਂ (ਕਣਕ ਤੇ ਝੋਨਾ) ਦੀ ਹੀ ਕਰਦੀ ਹੋਣ ਕਰਕੇ ਪੰਜਾਬ ਦੇ ਕਿਸਾਨਾਂ ਨੇ ਫ਼ਸਲੀ ਵਿਭਿੰਨਤਾ ਨੂੰ ਛੱਡ ਕੇ ਕਣਕ-ਝੋਨਾ ਫ਼ਸਲੀ ਚੱਕਰ ਅਪਣਾਅ ਲਿਆ। ਝੋਨੇ ਦੀ ਫ਼ਸਲ ਲਈ ਪਾਣੀ, ਖਾਦਾਂ ਅਤੇ ਸਪਰੇਅ ਦੀ ਵਰਤੋਂ ਵੱਧ ਹੋਣ ਕਰਕੇ ਵਾਤਾਵਰਨ ਵਿਗਾੜ, ਜ਼ਮੀਨ ਹੇਠਲਾ ਪਾਣੀ ਮੁੱਕ ਜਾਣ ਕਾਰਨ ਜ਼ਮੀਨਾਂ ਬੰਜਰ ਕਰ ਲਈਆਂ ਗਈਆਂ। ਲਾਗਤ ਕੀਮਤਾਂ ਦਿਨੋ ਦਿਨ ਵਧਦੀਆਂ ਜਾ ਰਹੀ ਹਨ ਜਦੋਂ ਕਿ ਐੱਮ.ਐੱਸ.ਪੀ. ਨਾਂ ਮਾਤਰ ਵਧਾਈ ਜਾਣ ਕਾਰਨ ਕਿਸਾਨ ਕਰਜ਼ੇ ਹੇਠ ਦਬ ਗਏ ਤੇ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ ।
ਵਿਚਾਰਕ ਟਕਰਾਅ ਵਾਲੀ ਕ੍ਰਾਂਤੀ ਦੇ ਰਾਹ ਆਮ ਤੌਰ ’ਤੇ ਉਹੀ ਮਨੁੱਖ ਪੈਂਦਾ ਹੈ ਜਿਸ ਦੇ ਅੰਦਰ ਅਣਖ ਹੋਵੇ ਅਤੇ ਮੰਗਾਂ ਕਰਦੇ ਕਰਦੇ ਉਹ ਥੱਕ ਜਾਣ ਤੇ ਕਿਸੇ ਪਾਸਿਓਂ ਵੀ ਕੋਈ ਸੁਣਵਾਈ ਨਾ ਹੋਵੇ ਤਾਂ ਉਹ ਸਮਝਦਾ ਹੈ ਕਿ ਹਰ ਰੋਜ਼ ਤਿਲ ਤਿਲ ਕਰ ਮਰਨ ਨਾਲੋਂ ਚੰਗਾ ਹੈ ਜੇ ਆਪਣੇ ਹੱਕਾਂ ਲਈ ਉਦੋਂ ਤੱਕ ਲੰਬਾ ਸੰਘਰਸ਼ ਕੀਤਾ ਜਾਵੇ ਜਦ ਤੱਕ ਕਿ ਮੌਤ ਜਾਂ ਹੱਕ ਵਿੱਚੋਂ ਕੋਈ ਇੱਕ ਪ੍ਰਾਪਤ ਨਾ ਹੋ ਜਾਵੇ। ਦੇਸ਼ ਦੇ ਕਿਸਾਨ, ਖ਼ਾਸ ਕਰਕੇ ਪੰਜਾਬ ਦੇ ਕਿਸਾਨ ਇਸ ਹਾਲਾਤ ’ਤੇ ਪਹੁੰਚ ਚੁੱਕੇ ਹਨ ਜਿਸ ਨਾਲ ਉਹ ਹਾਲੀ ਤੱਕ ਕਿਸੇ ਵੀ ਚਾਲ ਵਿੱਚ ਫਸਦੇ ਨਜ਼ਰ ਨਹੀਂ ਆ ਰਹੇ ਤਾਂ ਆਖਰ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਮੰਤਰਾਲੇ ਦੇ ਸਕੱਤਰ ਵੱਲੋਂ 8 ਅਕਤੂਬਰ ਦੀ ਮੀਟਿੰਗ ਲਈ ਸੱਦਾ ਦਿੱਤਾ ਹੈ, ਪਰ ਕਿਸਾਨਾਂ ਨੇ ਇਸ ਆਧਾਰ ’ਤੇ ਉਸ ਮੀਟਿੰਗ ਵਿਚ ਸ਼ਾਮਲ ਹੋਣੋ ਉਕਾ ਹੀ ਮਨਾ ਕਰ ਦਿੱਤਾ ਹੈ ਕਿ ਜਿਸ ਅਧਿਕਾਰੀ ਨੇ ਸੱਦਾ ਦਿੱਤਾ ਹੈ ਇਸ ਕੋਲ ਕਾਨੂੰਨਾਂ ਵਿੱਚ ਸੋਧ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਉਹ ਤਾਂ ਸਾਨੂੰ ਸਮਝਾਉਣ ਵਾਸਤੇ ਸੱਦ ਰਿਹਾ ਹੈ। ਇਸ ਦਾ ਭਾਵ ਹੈ ਕਿ ਕਿ ਅਸੀਂ ਬੇਸਮਝੀ ਵਿੱਚ ਹੀ ਮੋਰਚਾ ਲਾਈ ਬੈਠੇ ਹਨ। ਜਿਹੜਾ ਅਧਿਕਾਰੀ ਸਾਨੂੰ ਬੇਸਮਝ ਸਮਝ ਰਿਹਾ ਉਸ ਦੇ ਕਿਸੇ ਸੱਦੇ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ। ਉਨ੍ਹਾਂ ਕਿਹਾ ਅਸੀਂ ਕੇਵਲ ਪ੍ਰਧਾਨ ਮੰਤਰੀ ਜਾਂ ਖੇਤੀਬਾੜੀ ਮੰਤਰੀ ਦੇ ਅਧਿਕਾਰਤ ਸੱਦੇ ’ਤੇ ਗੱਲਬਾਤ ਕਰਨ ਜਾਂਵਾਂਗੇ। ਦੂਸਰੀ ਗੱਲ ਹੈ ਕਿ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦੇਣਾ ਤੇ ਬਾਕੀਆਂ, ਖਾਸਕਰ ਹਰਿਆਣਾ ਦੇ ਕਿਸਾਨ, ਜਿਹੜੇ ਪੰਜਾਬ ਤੋਂ ਬਾਅਦ ਦੂਸਰੇ ਨੰਬਰ ’ਤੇ ਪ੍ਰਭਾਵਤ ਹੋ ਰਹੇ ਹਨ, ਉਨ੍ਹਾਂ ਨੂੰ ਸੱਦਾ ਨਾ ਦੇਣਾ ਸਾਨੂੰ ਪਾੜਨ ਦੀ ਨੀਤੀ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਕੁਝ ਸਮੇਂ ਲਈ ਸ਼ਾਂਤ ਕਰ ਲਿਆ ਜਾਵੇ ਤੇ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੋਣ ਕਾਰਨ ਉਨ੍ਹਾਂ ਨੂੰ ਪੁਲਿਸ ਦੀ ਮੱਦਦ ਨਾਲ ਦਬਾ ਦਿੱਤਾ ਜਾਵੇ, ਜਿਸ ਦਾ ਮੁਜ਼ਾਹਰਾ ਉਨ੍ਹਾਂ ਨੇ ਬੀਤੇ ਦਿਨ ਸਿਰਸਾ ਵਿਖੇ ਦੁਸ਼ਯੰਤ ਚੁਟਾਲੇ ਦੇ ਘਰ ਦਾ ਘਿਰਾਉ ਕਰਨ ਗਏ ਕਿਸਾਨਾਂ ’ਤੇ ਜਲ ਤੋਪਾਂ ਅਤੇ ਅਥਰੂ ਗੈਸ ਦੇ ਗੋਲ਼ੇ ਵਰ੍ਹਾ ਕੇ ਕਰ ਵੀ ਦਿੱਤਾ ਸੀ। ਕਿਸਾਨਾਂ ਦੇ ਅਜਿਹੇ ਸੁਲਝੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਉਹ ਹੁਣ ਕਾਫੀ ਸੁਚੇਤ ਹੋ ਗਏ ਹਨ ਤੇ ਛੇਤੀ ਕੀਤੇ ਭਾਜਪਾ ਦੀਆਂ ਚਾਲਾਂ ਵਿੱਚ ਫਸਣ ਵਾਲੇ ਨਹੀਂ ।
ਜੇ ਕਿਸਾਨ ਆਪਣੀ ਇਸ ਮੰਗ ’ਤੇ ਅੜੇ ਰਹੇ ਕਿ ਜਦੋਂ ਤੱਕ ਮੌਜੂਦਾ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਅਤੇ ਨਵੇਂ ਬਣਨ ਵਾਲੇ ਕਾਨੂੰਨਾਂ ਵਿੱਚ ਹੇਠ ਲਿਖੀਆਂ ਮਦਾਂ ਸ਼ਾਮਲ ਨਹੀਂ ਕੀਤੀਆ ਜਾਂਦੀਆਂ; ਉਸ ਸਮੇਂ ਤੱਕ ਮੋਰਚਾ ਜਾਰੀ ਰਹੇਗਾ। ਜੇ ਸਭ ਦੇ ਸਹਿਯੋਗ ਨਾਲ ਇਹ ਮੰਗਾਂ ਮਨਵਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਸਮੁੱਚੇ ਦੇਸ਼ ਵਾਸੀਆਂ, ਜਿਨ੍ਹਾਂ ਵਿੱਚ ਸਮੁੱਚੀਆਂ ਪਾਰਟੀਆਂ ਦੇ ਵਰਕਾਰ ਵੀ ਸ਼ਾਮਲ ਹਨ; ਨੂੰ ਲਾਭ ਹੀ ਮਿਲੇਗਾ। ਇਸ ਲਈ ਆਓ ਸਾਰੇ ਮਿਲ ਕੇ ਕਿਸਾਨਾਂ ਦਾ ਸਾਥ ਦੇਈਏ :
(1) 23 ਦੀਆਂ 23 ਫ਼ਸਲਾਂ, ਜਿਨ੍ਹਾਂ ’ਤੇ ਐੱਮ.ਐੱਸ.ਪੀ. ਐਲਾਨੀ ਜਾਂਦੀ ਹੈ; ਉਹ ਸਾਰੀਆਂ ਵਸਤਾਂ ਦੀ ਸਰਕਾਰੀ ਖ਼ਰੀਦ ਐੱਮ.ਐੱਸ.ਪੀ. ਰੇਟਾਂ ’ਤੇ ਖ਼ਰੀਦੇ ਜਾਣ ਦੀ ਗਰੰਟੀ।
(2) ਪ੍ਰਾਈਵੇਟ ਖ਼ਰੀਦਦਾਰ ਐੱਮ.ਐੱਸ.ਪੀ. ਜਾਂ ਇਸ ਤੋਂ ਵੱਧ ਰੇਟਾਂ ’ਤੇ ਹੀ ਖਰੀਦ ਕਰ ਸਕਣਗੇ।
(3) ਖਰੀਦਦਾਰ ਉੱਪਰ ਸਾਰੇ ਖਰਚੇ ਜੋੜ ਕੇ ਮੁਨਾਫ਼ਾ ਕਮਾਉਣ ਦੀ ਹੱਦ ਨਿਸ਼ਚਿਤ ਕੀਤੀ ਜਾਵੇ ਭਾਵ ਐਸਾ ਨਾ ਹੋਵੇ ਕਿ ਕਿਸਾਨ ਤੋਂ 8/- ਰੁਪਏ ਪ੍ਰਤੀ ਕਿਲੋ ਮੱਕੀ ਖ਼ਰੀਦ ਕੇ ਬਜਾਰ ਵਿੱਚ ਆਟਾ 60/- ਰੁਪਏ ਕਿੱਲੋ ਵੇਚ ਕੇ ਕਿਸਾਨ ਅਤੇ ਖਪਤਕਾਰ ਦੋਵਾਂ ਦਾ ਹੀ ਰੱਜ ਕੇ ਸੋਸ਼ਨ ਕਰਨ ਦੀ ਉਨਾਂ ਨੂੰ ਖੁਲ ਹੋਵੇ ਆਦਿ।
ਅੱਜ ਬਲਾਤਕਾਰ ਕਿਸ ਦਾ ਹੋਇਆ ਹੈ ?
ਅੱਜ ਬਲਾਤਕਾਰ ਕਿਸ ਦਾ ਹੋਇਆ ਹੈ ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28
ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
ਭਾਰਤ ਵਿੱਚ ਦਰਿੰਦਗੀ ਦਾ ਨੰਗਾ ਨਾਚ ਚੱਲ ਰਿਹਾ ਹੈ ! ਕੋਰੋਨਾ ਨੇ ਵਹਿਸ਼ੀਆਨਾ ਰੂਪ ਅਖ਼ਤਿਆਰ ਕਰ ਲਿਆ ਹੈ। ਨਾਬਾਲਗ ਬੱਚੀਆਂ ਨੂੰ ਨੋਚਣ ਦੇ ਨਵੇਂ ਢੰਗ ਈਜਾਦ ਕਰਨ ਵਿੱਚ ਭਾਰਤ ਪਹਿਲੇ ਨੰਬਰ ਉੱਤੇ ਪਹੁੰਚ ਗਿਆ ਹੈ। ਕਮਾਲ ਹੈ ਨਾ, ਇੱਕ ਵੀ ਬਲਾਤਕਾਰੀ ਨੂੰ ਕਦੇ ਕੋਰੋਨਾ ਨਹੀਂ ਚੰਬੜਿਆ ! ਹੈ ਕੋਈ ਭਾਰਤ ਦਾ ਸੂਬਾ ਜੋ ਛਾਤੀ ਠੋਕ ਕੇ ਇਹ ਕਹਿ ਸਕੇ ਕਿ ਇੱਥੋਂ ਦੀ ਹਰ ਨਾਬਾਲਗ ਧੀ ਸੁਰੱਖਿਅਤ ਹੈ ? ਜੇ ਕਿਸੇ ਸੂਬੇ ਵਿੱਚ ਕਿਸੇ ਕਿਸਮ ਦਾ ‘ਬੰਦ’; ਨਾਬਾਲਗ ਧੀਆਂ ਦਾ ਬਲਾਤਕਾਰ ਨਹੀਂ ਰੋਕ ਸਕਿਆ ਅਤੇ ਨਾ ਹੀ ਸਖ਼ਤ ਤੋਂ ਸਖ਼ਤ ਕਾਨੂੰਨ ਇਸ ਵਿੱਚ ਕਮੀ ਲਿਆ ਸਕੇ ਹਨ ਤਾਂ ਇਸ ਦਾ ਮਤਲਬ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ; ਧੀਆਂ ਦੀ ਕਤਲਗਾਹ ਵਿੱਚ ਤਬਦੀਲ ਹੋ ਚੁੱਕਿਆ ਹੈ।
ਗੱਲ 14 ਸਤੰਬਰ 2020 ਦੀ ਹੈ। ਉੱਤਰ ਪ੍ਰਦੇਸ ਦੇ ਹਾਥਰਸ ਵਿੱਚ 19 ਸਾਲਾਂ ਦੀ ਧੀ ਆਪਣੇ ਭਰਾ ਅਤੇ ਮਾਂ ਨਾਲ ਖੇਤਾਂ ਵਿੱਚ ਚਾਰਾ ਵੱਢਣ ਗਈ। ਗ਼ਰੀਬੀ ਹੀ ਦਲਿਤ ਟੱਬਰ ਦੀ ਮਜਬੂਰੀ ਸੀ ਕਿ ਧੀ ਉੱਕਾ ਹੀ ਅਨਪੜ੍ਹ ਰੱਖੀ ਗਈ ਸੀ। ਦੀਨ ਦੁਨੀਆ ਦੇ ਰੰਗਾਂ ਤੋਂ ਬੇਖ਼ਬਰ ! ਉਸ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਪੂਰੇ ਮੁਲਕ ਵਿੱਚ ਕੁੱਝ ਰੱਜੇ ਪੁੱਜੇ ਬੰਦੇ ਆਪਣੀਆਂ ਪੁਸ਼ਤਾਂ ‘ਰਿਜ਼ਰਵੇਸ਼ਨ’ ਦੇ ਆਧਾਰ ਉੱਤੇ ਸੁਰੱਖਿਅਤ ਕਰ ਚੁੱਕੇ ਹੋਏ ਹਨ ਜਿਸ ਦੇ ਫ਼ਾਇਦਿਆਂ ਦੀ ਕਨਸੋਅ ਵੀ ਇਨ੍ਹਾਂ ਤੱਕ ਨਹੀਂ ਪਹੁੰਚਦੀ। ਇਹ ਆਪਣੇ ਹੀ ਜਾਤ ਵਾਲੇ ਰੱਜੇ ਪੁੱਜਿਆਂ ਦੇ ਘਰ ਪੁਸ਼ਤ-ਦਰ-ਪੁਸ਼ਤ ਆਪਣੀ ਕਿਸਮਤ ਨੂੰ ਕੋਸਦੇ, ਭਾਣਾ ਮੰਨਦੇ ਕੋਹਲੂ ਦੇ ਬੈਲ ਵਾਂਗ ਜੁਟੇ ਜਨਮ ਤੋਂ ਮੌਤ ਤੱਕ ਦਾ ਸਫ਼ਰ ਪੂਰਾ ਕਰ ਜਾਂਦੇ ਹਨ ਅਤੇ ਕਹੇ ਜਾਂਦੇ ਹਨ ਨੀਵਿਆਂ ਤੋਂ ਅਤਿ ਨੀਵੇਂ !
ਸਿਆਸਤਦਾਨਾਂ ਵੱਲੋਂ ਮੰਨਿਆ ਜਾ ਚੁੱਕਿਆ ਹੈ ਕਿ ਉਸ ਦਾ ਜੁਰਮ ਸੰਗੀਨ ਸੀ। ਦਿਨ ਦਹਾੜੇ ਮਾਂ ਅਤੇ ਭਰਾ ਨਾਲ ਖੇਤਾਂ ਵਿੱਚ ਕੰਮ ਕਰਨ ਦਾ ਮਤਲਬ ਹੈ ਉਸ ਦਾ ‘ਪਬਲਿਕ ਪ੍ਰਾਪਰਟੀ’ ਬਣ ਜਾਣਾ।
ਭਰਾ ਰੱਤਾ ਕੁ ਚਾਰਾ ਵੱਢ ਕੇ ਵਾਪਸ ਘਰ ਵੱਲ ਮੁੜ ਪਿਆ। ਬਾਕੀ ਕੰਮ ਮਾਂ ਧੀ ਨੇ ਸਾਂਭ ਲਿਆ। ਚਾਰਾ ਵੱਢਦਿਆਂ ਮਾਂ ਤੇ ਧੀ ਉਸ ਖੇਤ ਦੇ ਵੱਖੋ-ਵੱਖ ਪਾਸੇ ਹੋ ਤੁਰੀਆਂ। ਮਨੀਸ਼ਾ ਨੂੰ ਇਸ ਮੁਲਕ ਦੇ ਚਾਰ ਬਹੁਤ ਹੀ ‘ਇੱਜ਼ਤਦਾਰ’ ਬਾਸ਼ਿੰਦਿਆਂ ਨੇ ਦਬੋਚਿਆ ਤੇ ਪਰ੍ਹਾਂ ਘੜੀਸ ਲਿਆ।
ਮਨੀਸ਼ਾ ਦੀ ਭਾਰੀ ਗ਼ਲਤੀ ਸੀ। ਪੁਲਿਸ ਵਾਲਿਆਂ ਦਾ ਟੀ.ਵੀ. ਉੱਤੇ ਬਿਆਨ ਸੀ ਕਿ ਪੂਰੀ ਗ਼ਲਤੀ ਮਨੀਸ਼ਾ ਤੇ ਉਸ ਦੇ ਮਾਪਿਆਂ ਦੀ ਸੀ ਜੋ ਖੇਤਾਂ ਵਿੱਚ ਕੰਮ ਕਰਨ ਖੁੱਲ੍ਹੀ ਛੱਡਿਆ ਹੋਇਆ ਸੀ। ਭਲਾ ਹੱਥ ਜੋੜ ਸਿਰ ਨੀਵਾਂ ਕਰ ਕੇ ਆਪੇ ਨਿਰਵਸਤਰ ਕਿਉਂ ਨਹੀਂ ਹੋਈ ? ਵਿਚਾਰੇ ਚਾਰਾਂ ਨੂੰ ਕਿੰਨਾ ਧੱਕਾ ਕਰਨਾ ਪਿਆ। ਦੋ ਨੇ ਲੀੜੇ ਪਾੜੇ !
ਤਿੰਨਾਂ ਨੇ ਸੰਘ ਪੂਰੀ ਤਰ੍ਹਾਂ ਘੁੱਟਿਆ ਸੀ ਪਰ ਮਨੀਸ਼ਾ ਮਾਂ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਨੋਂ ਹਟੀ ਹੀ ਨਹੀਂ। ਚੌਥੇ ਵਿਚਾਰੇ ਨੂੰ ਮਜਬੂਰੀ ਵਿੱਚ ਜੀਭ ਕੱਟਣੀ ਪਈ। ਜਦ ਫਿਰ ਵੀ ਪੂਰਾ ਜ਼ੋਰ ਲਾ ਕੇ ਛੁਡਾਉਣ ਦੀ ਕੋਸ਼ਿਸ਼ ਵਿੱਚ ਜੁਟੀ ਰਹੀ ਤਾਂ ਚਾਰਾਂ ਨੇ
ਰਲ਼ ਕੇ ਉਸ ਦੀ ਰੀੜ੍ਹ ਦੀ ਹੱਡੀ ਤਿੰਨ ਥਾਵਾਂ ਤੋਂ ਤੋੜ ਕੇ, ਫਿਰ ਹਵਸ ਪੂਰੀ ਕਰਨ ਲਈ ਸਮੂਹਕ ਬਲਾਤਕਾਰ ਕੀਤਾ।
ਜਦ ਮਾਂ ਘੰਟੇ ਬਾਅਦ ਮਨੀਸ਼ਾ ਨੂੰ ਲੱਭਦੀ ਲਭਾਉਂਦੀ ਖੇਤ ਦੇ ਇੱਕ ਪਾਸੇ ਆਈ ਤਾਂ ਉਸ ਦੀ ਇੱਕ ਚੱਪਲ ਵੇਖ ਘਬਰਾ ਗਈ ਤਾਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗੀ। ਆਵਾਜ਼ ਸੁਣਦੇ ਸਾਰ ਉਹ ਚਾਰੋਂ ਭੱਜ ਗਏ। ਦੂਜੀ ਚੱਪਲ ਕੁੱਝ ਦੂਰ ਪਈ ਵੇਖ ਮਾਂ ਉਸ ਪਾਸੇ ਧੀ ਨੂੰ ਲੱਭਣ ਤੁਰ ਗਈ। ਅੱਗੇ ਪਹੁੰਚੀ ਤਾਂ ਧੀ ਦਾ ਹਾਲ ਵੇਖ ਕੇ ਉਸ ਦਾ ਕਲੇਜਾ ਮੂੰਹ ਨੂੰ ਆ ਗਿਆ।
ਨਿਰਵਸਤਰ ਪਈ ਧੀ ਦੇ ਮੂੰਹ ਵਿੱਚੋਂ ਲਹੂ ਦੀਆਂ ਤਤ੍ਹੀਰੀਆਂ ਵੱਗ ਰਹੀਆਂ ਸਨ। ਗਰਦਨ ਪਿਛਾਂਹ ਡਿੱਗੀ ਪਈ ਸੀ। ਸਰੀਰ ਝਰੀਟਿਆ ਪਿਆ ਸੀ। ਬੱਚੇਦਾਨੀ ਦੇ ਮੂੰਹ ਰਾਹੀਂ ਦੂਰ ਤੱਕ ਖਿਲਰਿਆ ਲਹੂ ਦਿਸ ਰਿਹਾ ਸੀ। ਅੱਖਾਂ ਬਾਹਰ ਨੂੰ ਨਿਕਲੀਆਂ ਪਈਆਂ ਸਨ। ਲੱਤਾਂ ਚੌੜੀਆਂ ਜਿਵੇਂ ਹੱਡੀਆਂ ਤੋੜ ਦਿੱਤੀਆਂ ਹੋਣ। ਬੇਹੋਸ਼ ਪਈ ਧੀ ਦਾ ਹਾਲ ਵੇਖ ਮਾਂ ਥਾਏਂ ਹੀ ਡਿੱਗ ਪਈ। ਮਸਾਂ ਹਿੰਮਤ ਕਰ ਧੀ ਦੇ ਸਰੀਰ ਦੁਆਲੇ ਆਪਣੀ ਚੁੰਨੀ ਲਪੇਟ ਕੇ ਧੀ ਦਾ ਟੁੱਟਿਆ ਫੁੱਟਿਆ ਸਰੀਰ ਚੁੱਕਿਆ ਤੇ ਘਰ ਆ ਗਈ।
ਉਸ ਤੋਂ ਬਾਅਦ ਸੋਲ੍ਹਾਂ ਦਿਨ ਤੱਕ ਮਾਂ, ਪਿਓ ਤੇ ਭਰਾ ਸਿਰਫ਼ ਤਰਲੇ ਤੇ ਹਾੜੇ ਕੱਢਦੇ ਇੱਧਰੋਂ ਉੱਧਰ ਧੱਕੇ ਖਾਂਦੇ ਰਹੇ। ਹਸਪਤਾਲੋਂ ਸਿਰਫ਼ ਏਨਾ ਪਤਾ ਲੱਗਿਆ ਕਿ ਸਮੂਹਕ ਬਲਾਤਕਾਰ ਹੋਇਆ ਸੀ, ਤਿੰਨ ਥਾਵਾਂ ਤੋਂ ਰੀੜ੍ਹ ਦੀ ਹੱਡੀ ਤੋੜੀ ਗਈ ਸੀ, ਗਰਦਨ ਤੋਂ ਹੇਠਾਂ ਸਰੀਰ ਨੂੰ ਲਕਵਾ ਮਾਰ ਗਿਆ ਸੀ, ਜੀਭ ਅੱਧੀ ਕੱਟੀ ਹੋਈ ਸੀ ਤੇ ਧੀ ਸਿਰਫ਼ ਏਨਾ ਹੀ ਕਹੀ ਜਾ ਰਹੀ ਸੀ ਕਿ ਉਸ ਨਾਲ ਬਹੁਤ ਗ਼ਲਤ ਹੋਇਆ। ਬੱਚੇਦਾਨੀ ਦਾ ਰਾਹ ਪੂਰਾ ਜ਼ਖ਼ਮੀ ਸੀ। ਗਲਾ ਦਬਾਉਣ ਸਦਕਾ ਉਸ ਦੀ ਆਵਾਜ਼ ਬਹੁਤ ਹੌਲ਼ੀ ਨਿਕਲ ਰਹੀ ਸੀ। ਕਮਾਲ ਇਹ ਕਿ ਹਾਲੇ ਵੀ ਬਲਾਤਕਾਰ ਸਾਬਤ ਕਰਨ ਲਈ ਉੱਥੋਂ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਹੋਰ ਤੱਥਾਂ ਦੀ ਲੋੜ ਸੀ।
ਜਦੋਂ ਮੀਡੀਆ ਤੱਕ ਇਸ ਦੀ ਖ਼ਬਰ ਪਹੁੰਚੀ ਤਾਂ 22 ਸਤੰਬਰ ਨੂੰ ਬਿਆਨ ਦਰਜ ਕੀਤੇ ਗਏ। ਉਦੋਂ ਤੱਕ ਉਸ ਧੀ ਦੀ ਹਾਲਤ ਬਹੁਤ ਨਾਜ਼ਕ ਬਣ ਚੁੱਕੀ ਸੀ। ਬਿਆਨ ਦਰਜ ਕਰਦਿਆਂ ਮੈਡੀਕਲ ਦੀ ਰਿਪੋਰਟ ਦੇ ਬਾਵਜੂਦ ਪੁਲਿਸ ਨੇ ਸਿਰਫ਼ ਛੇੜਖ਼ਾਨੀ ਦਾ ਕੇਸ ਦਰਜ ਕੀਤਾ।
ਆਖ਼ਰ ਇੱਕ ਦਲਿਤ ਨੂੰ ਇਨਸਾਨ ਮੰਨਿਆ ਹੀ ਕਦੋਂ ਜਾਂਦਾ ਹੈ ਅਤੇ ਉਹ ਵੀ ਜੇ ਧੀ ਹੋਵੇ ਤਾਂ ਪੱਤ ਲੁੱਟਣ ਦਾ ਉੱਚੀ ਜਾਤ ਵਾਲਿਆਂ ਨੂੰ ਜੱਦੀ ਹੱਕ ਮਿਲਿਆ ਹੋਇਆ ਹੈ। ਇਸੇ ਲਈ ਸਹੀ ਮੰਨਿਆ ਗਿਆ ਕਿ ਉਸ ਨਾਲ ਜੋ ਹੋਇਆ ਰੱਬ ਦਾ ਭਾਣਾ ਮੰਨ ਕੇ ਸਹਿ ਜਾਵੇ। ਮੀਡੀਆ ਵਾਲੇ ਫਿਰ ਵੀ ਨਾ ਮੰਨੇ ਤਾਂ ਬਿਆਨਾਂ ਤੋਂ 5 ਦਿਨ ਬਾਅਦ ਬਲਾਤਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਦੋਂ ਹਸਪਤਾਲ ਦੇ ਡਾਕਟਰਾਂ ਨੇ ਹਾਲਤ ਵਿਗੜਦੀ ਵੇਖ ਕੇ ਪੁਲਿਸ ਕਰਮੀਆਂ ਨੂੰ ਦੱਸਿਆ ਕਿ ਹੁਣ ਮੌਤ ਨਿਸ਼ਚਿਤ ਹੈ ਤਾਂ ਧੱਕੋ ਜ਼ੋਰੀ ਪੁਲਿਸ ਅਧਮਰੀ ਮਨੀਸ਼ਾ ਨੂੰ ਚੁੱਕ ਕੇ ਵੱਡੇ ਹਸਪਤਾਲ ਲੈ ਗਏ ਤੇ ਉਨ੍ਹਾਂ ਨੇ ਮਾਪਿਆਂ ਨਾਲ ਗੁੰਡਿਆਂ ਦੀ ਦਰਿੰਦਗੀ ਨਾਲੋਂ ਵੀ ਭੈੜਾ ਹਾਲ ਕੀਤਾ। ਡਰਾ-ਧਮਕਾ ਕੇ ਬੇਰਹਿਮੀ ਨਾਲ ਮਾਪਿਆਂ ਨੂੰ ਪਰ੍ਹਾਂ ਧੱਕ ਕੇ ਧੀ ਨੂੰ ਅੰਦਰ ਮਰਨ ਤੱਕ ਪਾਈ ਰੱਖਿਆ। ਮਾਪਿਆਂ ਨੂੰ ਧਮਕੀਆਂ ਸਿਰਫ਼ ਪੁਲਿਸ ਵੱਲੋਂ ਹੀ ਨਹੀਂ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਦਿੱਤੀਆਂ ਗਈਆਂ।
ਮਾਪੇ ਤੇ ਭਰਾ ਦੜ੍ਹ ਵੱਟ ਕੇ ਬਹਿ ਗਏ ਕਿ ਚਲੋ ਆਪਣੇ ਕਲੇਜੇ ਦੇ ਟੁਕੜੇ ਨੂੰ ਕਿਸੇ ਤਰ੍ਹਾਂ ਇਨਸਾਫ਼ ਮਿਲ ਜਾਏ। ਰੱਬ ਵੀ ਗ਼ਰੀਬਾਂ ਦੀ ਕਿੱਥੇ ਸੁਣਦਾ ਹੈ ! ਉਸ ਨੇ ਤਾਂ ਗ਼ਰੀਬ ਦਲਿਤਾਂ ਲਈ ਏਸੇ ਧਰਤੀ ਉੱਤੇ ਨਰਕ ਬਣਾ ਕੇ ਭੇਜਿਆ ਹੈ। ਇਹੀ ਕਾਰਨ ਹੈ ਕਿ ਰੈਜ਼ਰਵੇਸ਼ਨ ਲਈ ਗਲ਼ਾ ਫਾੜ ਕੇ ਚੀਕਣ ਵਾਲੇ ਰੱਜੇ ਪੁੱਜਿਆਂ ਵਿੱਚੋਂ ਕੋਈ ਨਹੀਂ ਬਹੁੜਿਆ ਕਿਉਂਕਿ ਉਹ ਆਪਣੇ ਏ. ਸੀ. ਕਮਰਿਆਂ ਵਿੱਚ ਆਪਣੀ ਪੁਸ਼ਤ ਦਾ ਭਵਿੱਖ ਸੁਰੱਖਿਅਤ ਕਰਨ ਵਿੱਚ ਰੁੱਝੇ ਸਨ। ਉਨ੍ਹਾਂ ਨੇ ਇਨ੍ਹਾਂ ਤੋਂ ਕੀ ਲੈਣਾ ਹੈ ! ਫਿਰ ਉਹੀ ਹੋਇਆ ਜੋ ਹੋਣਾ ਸੀ। ਧੀ ਪੀੜ ਨਾ ਸਹਿੰਦੀ ਆਖ਼ਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਮਾਪੇ ਵਿਚਾਰੇ ਕਿਸਮਤ ਨੂੰ ਕੋਸਦੇ ਧੀ ਦੀ ਲਾਸ਼ ਲੈਣ ਲਈ ਹੱਥ ਅੱਡ ਕੇ ਖਲ੍ਹੋ ਗਏ, ਪਰ ਹਾਲੇ ਬਸ ਕਿੱਥੇ ਹੋਈ ਸੀ। ਪੁਲਿਸ ਕਰਮੀਆਂ ਅਤੇ ਪ੍ਰਸ਼ਾਸਨ ਨੇ ਭਰਾ ਤੇ ਪਿਓ ਨੂੰ ਠੁੱਡੇ ਮਾਰੇ, ਮਾਂ ਨੂੰ ਘੜੀਸਿਆ ਤੇ ਮਨੀਸ਼ਾ ਦੀ ਲਾਸ਼ ਨੂੰ ਲਪੇਟ ਕੇ ਗੱਡੀ ਵਿੱਚ ਸੁੱਟ ਲਿਆ। ਮਾਂ ਨੇ ਜ਼ਮੀਨ ਉੱਤੇ ਬਹਿ ਕੇ ਵੈਣ ਪਾਏ, ਝੋਲ਼ੀ ਅੱਡੀ, ਤਰਲੇ ਲਏ ਪਰ ਮਿਲੀਆਂ ਠੋਕਰਾਂ ਤੇ ਦੁਲੱਤੀਆਂ।
ਪੂਰਾ ਘੇਰਾ ਬਣਾ ਕੇ ਪੁਲਿਸ ਕਰਮੀਆਂ ਨੇ ਸਭ ਨੂੰ ਪਰ੍ਹਾਂ ਧੱਕ ਕੇ ਆਪੇ ਹੀ ਕੱਟੀ ਵੱਢੀ ਲਾਸ਼ ਦੇ ਟੋਟਿਆਂ ਨੂੰ ਲਪੇਟ ਕੇ ਲੱਕੜਾਂ ਉੱਤੇ ਸੁੱਟ ਕੇ ਅੱਗ ਲਾ ਦਿੱਤੀ। ਸਾਰੇ ਦੇ ਸਾਰੇ ਬਿਆਨ ਕੋਰੇ ਝੂਠੇ ਦੇ ਕੇ ਪ੍ਰਸ਼ਾਸਨ ਤੇ ਪੁਲਿਸ ਆਪੋ ਆਪਣੇ ਘਰਾਂ ਵਿੱਚ ਜਾ ਕੇ ਚੈਨ ਨਾਲ ਸੌਂ ਗਏ।
ਹਦ ਤਾਂ ਇਹ ਹੋ ਗਈ ਕਿ ਮੁੱਖ ਮੰਤਰੀ ਦੇ ਦਫ਼ਤਰੋਂ ਪਹੁੰਚਿਆ ਬਿਆਨ ਅਖ਼ਬਾਰਾਂ ਵਿੱਚ ਛਪਿਆ-‘‘ਸਾਡਾ ਕੰਮ ਗਾਵਾਂ ਨੂੰ ਬਚਾਉਣਾ ਹੈ, ਲੜਕੀਆਂ ਨੂੰ ਨਹੀਂ।’’ ਖ਼ਬਰ ਦੇ ਅਖ਼ੀਰ ਵਿੱਚ ਲਿਖਿਆ ਸੀ- ‘‘ਜਿੱਧਰ ਵੇਖੋ ਹਵਸ ਦੇ ਜੱਲਾਦ ਬੈਠੇ ਨੇ। ਸੰਭਾਲੋ ਧੀਆਂ ਨੂੰ, ਮੁਲਕ ਚਲਾਉਣ ਵਾਲੇ ਬੇਔਲਾਦ ਬੈਠੇ ਨੇ।’’
ਸਵਾਲ ਇਹ ਹੈ ਕਿ ਰਾਤ 2.45 ਵਜੇ ਜਿਨ੍ਹਾਂ ਟੋਟਿਆਂ ਨੂੰ ਲਪੇਟ ਕੇ ਪੁਲਿਸ ਕਰਮੀਆਂ ਵੱਲੋਂ ਅੱਗ ਲਾਈ ਗਈ, ਉਸ ਵਿੱਚ ਸੜ੍ਹਿਆ ਕੀ ਸੀ- ‘ਬੇਟੀ, ਜ਼ਮੀਰ, ਕਾਨੂੰਨ, ਸੰਵਿਧਾਨ, ਸੰਵੇਦਨਸ਼ੀਲਤਾ ਜਾਂ ਇਨਸਾਨੀਅਤ’ ?
ਹੁਣ ਤੱਕ ਵੀ ਮਾਪਿਆਂ ਤੇ ਭਰਾ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਖ਼ਬਰਾਂ ਤੇ ਚੈਨਲ ਤਾਂ ਚਾਰ ਦਿਨ ਰੌਲਾ ਪਾ ਕੇ ਚੁੱਪ ਹੋ ਜਾਣਗੇ। ਲੋਕ ਵੀ ਹਫ਼ਤੇ ਭਰ ’ਚ ਸਭ ਭੁੱਲ ਜਾਣਗੇ। ਫਿਰ ਵੇਖਣਾ ਅਸੀਂ ਕਿਵੇਂ ਤੁਹਾਨੂੰ ਵੀ ਦਫ਼ਨ ਕਰ ਦਿਆਂਗੇ।
ਗੱਲ ਬਿਲਕੁਲ ਸਾਫ਼ ਹੈ। ਖ਼ੌਫ਼ਨਾਕ ਹੈਵਾਨੀਅਤ ਜਾਰੀ ਹੈ। ਹਾਥਰਸ ਵਿਚਲਾ ਸਿਵਾ ਹਾਲੇ ਠੰਡਾ ਵੀ ਨਹੀਂ ਹੋਇਆ ਕਿ ਬਲਰਾਮਪੁਰ ਜ਼ਿਲ੍ਹੇ ਵਿੱਚ ਇੱਕ 22 ਸਾਲਾ ਦਲਿਤ ਵਿਦਿਆਰਥਣ ਨੂੰ ਨਸ਼ੇ ਦਾ ਟੀਕਾ ਲਾ ਕੇ ਦੋ ਮੁਲਜ਼ਮਾਂ ਸਾਹਿਲ ਅਤੇ ਸ਼ਾਹਿਦ ਨੇ ਏਨੇ ਭਿਆਨਕ ਤਰੀਕੇ ਨਾਲ ਸਮੂਹਕ ਬਲਾਤਕਾਰ ਕੀਤਾ ਕਿ ਉਸ ਦੀ ਉਸੇ ਦਿਨ ਲਹੂ ਵਹਿ ਜਾਣ ਕਾਰਨ ਮੌਤ ਹੋ ਗਈ। ਹੁਣ ਦੱਸੋ ਭਲਾ ਧੀ ਦਾ ਕਸੂਰ ਕਿੰਨਾ ਕੁ ਮੰਨਿਆ ਜਾਣਾ ਚਾਹੀਦਾ ਹੈ ? ਮੰਗਲਵਾਰ ਸਵੇਰੇ 10 ਵਜੇ ਘਰੋਂ ਸਾਈਕਲ ਉੱਤੇ ਕਾਲਜ ਵਿੱਚ ਸਿਰਫ਼ ਫੀਸ ਜਮ੍ਹਾਂ ਕਰਵਾਉਣ ਗਈ ਸੀ।
ਉੱਤਰ ਪ੍ਰਦੇਸ ਦੇ ਪੁੱਤਰਾਂ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਕਿਉਂਕਿ ਉਨ੍ਹਾਂ ਨੇ ਨਵੇਂ ਦਿਸਹੱਦੇ ਤੈਅ ਕਰ ਦਿੱਤੇ ਹਨ। ਉਸੇ ਦਿਨ ਭਦੋਹੀ ਵਿੱਚ ਨਾਬਾਲਗ 14 ਸਾਲਾ ਦਲਿਤ ਬੱਚੀ ਦੁਪਿਹਰੇ 11 ਵਜੇ ਖੇਤ ਵਿੱਚ ਮਲ ਮੂਤਰ ਕਰਨ ਗਈ। ਉੱਥੇ ਹੀ ਉਸ ਦਾ ਸਿਰ ਫੇਹ ਕੇ, ਮਾਰਨ ਬਾਅਦ ਲਾਸ਼ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ।
ਹੁਣ ਦੱਸੋ ਹੈ ਕਿਸੇ ਮੁਲਕ ’ਚ ਹਿੰਮਤ ਜੋ ਭਾਰਤੀ ਬਲਾਤਕਾਰੀਆਂ ਦਾ ਰਿਕਾਰਡ ਤੋੜ ਸਕੇ ? ਮੁੱਢ ਕਦੀਮ ਤੋਂ ਔਰਤਾਂ ਦ੍ਰੋਪਤੀ ਵਾਂਗ ਨਿਰਵਸਤਰ ਕੀਤੀਆਂ ਜਾਂਦੀਆਂ ਰਹੀਆਂ ਤੇ ਬੇਪੱਤ ਵੀ ਹੁੰਦੀਆਂ ਰਹੀਆਂ ਪਰ ਭਗਵਾਨ ਕ੍ਰਿਸ਼ਨ ਕਦੇ ਕਿਸੇ ਰੂਪ ਵਿੱਚ ਬਹੁੜਿਆ ਨਹੀਂ ਦਿਸਿਆ !
ਇਸ ਗੱਲ ਵਿੱਚ ਪਕਿਆਈ ਇਸ ਤੱਥ ਤੋਂ ਵੀ ਹੋ ਜਾਂਦੀ ਹੈ ਕਿ ਹੁਣ ਧਾਰਮਿਕ ਥਾਵਾਂ ਦੇ ਅੰਦਰ ਵੀ ਨਾਬਾਲਗਾਂ ਦਾ ਸਮੂਹਕ ਬਲਾਤਕਾਰ ਕਰਨ ਬਾਅਦ ਮਾਰਿਆ ਜਾਣ ਲੱਗ ਪਿਆ ਹੈ। ਨਾ ਕਦੇ ਨਿਆਂ ਦਵਾਉਣ ਤੇ ਨਾ ਹੀ ਕਦੇ ਕੋਈ ਜ਼ਮੀਰ ਜਗਾਉਣ ਬਹੁੜਿਆ ਹੈ !
ਭਾਰਤ ਵਿੱਚ ਹੁਣ ਕਾਤਲਾਂ ਤੇ ਬਲਾਤਕਾਰੀਆਂ ਨੂੰ ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੋਈ ਹੈ। ਉੱਚ ਅਦਾਲਤ ਦੇ ਇੱਕ ਜੱਜ ਵਿਰੁੱਧ ਉਸੇ ਅਧੀਨ ਕੰਮ ਕਰਦੀ ਬੱਚੀ ਜਦੋਂ ਭੱਦੀ ਛੇੜਛਾੜ ਦਾ ਇਲਜ਼ਾਮ ਲਾਉਂਦੀ ਹੈ ਤਾਂ ਇਸ ਮੁਲਕ ਦਾ ਨਿਆਂ ਉਸੇ ਜੱਜ ਅੱਗੇ ਕੇਸ ਦੀ ਸੁਣਵਾਈ ਕਰਵਾਉਂਦਾ ਹੈ ਤੇ ਉਸੇ ਬੇਟੀ ਨੂੰ ਗੁਣਾਹਗਾਰ ਮੰਨ ਲੈਂਦਾ ਹੈ ਕਿਉਂਕਿ ਜੱਜ ਕੇਸ ਨੂੰ ਸਿਰੇ ਤੋਂ ਖ਼ਾਰਜ ਕਰ ਦਿੰਦਾ ਹੈ।
ਖ਼ਬਰਾਂ ਅਨੁਸਾਰ ਦੇਹ ਵਪਾਰ ਦੇ ਅੱਡੇ ਹੀ ਪੰਜਾਬ ਅੰਦਰ ਮੰਤਰੀਆਂ ਦੇ ਪੁੱਤਰ ਚਲਾਉਂਦੇ ਹਨ ਤੇ ਅਸੈਂਬਲੀਆਂ ਅੰਦਰ ਬੈਠੇ ਸਾਡੇ ਚੁਣੇ ਨੁਮਾਇੰਦੇ ਪੌਰਨ ਫਿਲਮਾਂ ਵੇਖ ਕੇ ਸਮਾਂ ਬਿਤਾਉਂਦੇ ਹਨ। ਆਖ਼ਰ ਕਿਸ ਕੋਲ਼ੋਂ ਨਿਆਂ ਦੀ ਉਮੀਦ ਰੱਖੀਏ ? ਉਸ ਸਮਾਜ ਤੋਂ, ਜੋ ਹਾਲੇ ਤੱਕ ਔਰਤ ਨੂੰ ਪੈਰ ਦੀ ਜੁੱਤੀ ਮੰਨਦਾ ਆ ਰਿਹਾ ਹੈ ? ਜਿੱਥੇ ਮੌਤ ਤੋਂ ਬਾਅਦ ਵੀ ਕੂੜੇ ਦੇ ਢੇਰ ਵਾਂਗ
ਗ਼ਰੀਬ ਦਲਿਤ ਬੱਚੀ ਦਾ ਟੋਟੇ-ਟੋਟੇ ਹੋਇਆ ਜਿਸਮ ਫੂਕ ਦਿੱਤਾ ਜਾਂਦਾ ਹੈ ? ਜਿੱਥੇ ਮੋਇਆਂ ਬਾਅਦ ਵੀ ਮਾਂ ਦੀ ਹਿੱਕ ਨਾਲ ਲੱਗ ਕੇ ਦਿਲ ਅੰਦਰਲੀ ਦੱਬੀ ਅੱਗ ਨੂੰ ਠੰਡੀ ਕਰਨ ਦਾ ਹੱਕ ਬਾਲੜੀ ਨੂੰ ਨਹੀਂ ਦਿੱਤਾ ਜਾਂਦਾ ?
ਭਾਰਤ ਵਿਚਲੇ ਨਰਕ ਨੂੰ ਬਣਾਉਣ ਵਾਲੇ ‘ਉੱਚ ਜਾਤੀਏ’ ਕੀ ਇਹ ਦੱਸਣਗੇ ਕਿ ਦਲਿਤ ਨਾਬਾਲਗ ਬੱਚੀਆਂ ਨਾਲ ਇਹ ਘਿਨਾਉਣੇ ਜੁਰਮ ਕਰਨ ਵਾਲਿਆਂ ਦੇ ਸਿਰ ਉੱਤੇ ਕਿਹੜੇ ਤਾਜ ਸਜਾਉਣਗੇ ? ਇਹ ‘ਉੱਚ-ਜਾਤੀਏ’ ਬਘਿਆੜ ਕਦੋਂ ਤੱਕ ਆਪਣੀ ਪਿਆਸ ਇਸ ਤਰ੍ਹਾਂ ਦੀ ਲਹੂ ਦੀ ਹੋਲੀ ਨਾਲ ਮਿਟਾਉਂਦੇ ਰਹਿਣਗੇ ?
ਕਾਨੂੰਨ ਹੀ ਕਮਾਲ ਦਾ ਹੈ ਕਿ ਹਾਲੇ ਵੀ ਬਾਲੜੀਆਂ ਨੂੰ ਹੀ ਕਸੂਰਵਾਰ ਠਹਿਰਾ ਰਿਹਾ ਹੈ-ਹਵਸ ਮਿਟਾਉਣ ਵਿੱਚ ਬਾਲੜੀਆਂ ਵੱਲੋਂ ਰੁਕਾਵਟ ਪਾਉਣ ਲਈ ! ਕਿਉਂ ਚੁੱਪ ਚੁਪੀਤੇ ਪੱਤ ਨਹੀਂ ਲੁਹਾਈ ? ਆਖ਼ਰ ਕਿਵੇਂ ਸਿਰ ਫੇਹ ਕੇ, ਲੱਤਾਂ ਪਾੜ ਕੇ, ਰੀੜ੍ਹ ਦੀ ਹੱਡੀ ਤੋੜ ਕੇ, ਜੀਭ ਕੱਟ ਕੇ, ਚਾਕੂ ਨਾਲ ਚੀਰ ਕੇ, ਸੋਟੀਆਂ ਤੁੰਨ ਕੇ, ਸਮੂਹਕ ਬਲਾਤਕਾਰ ਕਰ ਕੇ, ਲਹੂ ਵਹਿੰਦੀ ਦੇ ਮੂੰਹ ਅੰਦਰ ਤੇਜ਼ਾਬ ਪਾ ਕੇ ਤੇ ਅਧਸੜੀ ਲਾਸ਼ ਕੁੱਤਿਆਂ ਲਈ ਚੂੰਡਣ ਨੂੰ ਛੱਡ ਕੇ ਜਾਣ ਨੂੰ ਭਾਰਤ ਦਾ ਸੰਵਿਧਾਨ ਚੁੱਪ ਚੁਪੀਤੇ ਸਹਿਣ ਕਰਦਾ ਹੈ ਤੇ ਹੈਵਾਨਾਂ ਨੂੰ ਫੜੇ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ? ਇਨ੍ਹਾਂ ਹੈਵਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕਣ ਵਾਲੇ ਬਘਿਆੜਾਂ ਨਾਲ ਅਜਿਹਾ ਹਸ਼ਰ ਕਿਉਂ ਨਹੀਂ ਕੀਤਾ ਜਾਂਦਾ ?
ਲੋਕਤੰਤਰ ਦਾ ਚੌਥਾ ਥੰਮ ਕਹਾਉਣ ਵਾਲਾ ਮੀਡੀਆ ਕਿਹੜੇ ਰੰਗ ਵਿੱਚ ਰੰਗ ਗਿਆ ? ਕਿਉਂ ਸਿੱਕਿਆਂ ਦੇ ਛਣਕਾਟੇ ਵਿੱਚ ਕੰਨ ਬੰਦ
ਕਰ ਗਿਆ ? ਕਿੰਜ ਚੀਕਾਂ ਸੁਣੀਆਂ ਉਸ ਨੂੰ ਕੇਰਲ ਦੀ ਹਥਨੀ ਦੀਆਂ ? ਸੁਸ਼ਾਂਤ ਦੀ ਮੌਤ ਦੀ ਚੁੱਪ ਦਾ ਸ਼ੋਰ ਕਿੰਝ ਗਗਨ ਚੁੰਬੀ ਬਣ ਗਿਆ ? ਕਿਉਂ ਕੰਗਨਾ ਦੇ ਦਫ਼ਤਰ ਪਿੱਛੇ ਤੇ ਦੀਪਿਕਾ ਦੇ ਸੂਟੇ ਹੇਠ ਨਾਬਾਲਗਾਂ ਦੀਆਂ ਚੀਕਾਂ ਦਫ਼ਨ ਹੋ ਗਈਆਂ ? ਸਿਆਸਤਦਾਨਾਂ ਦੇ ਕਿਸਾਨਾਂ ਲਈ ਵਹਾਏ ਮਗਰਮੱਛ ਦੇ ਹੰਝੂ ਅਤੇ ਦੋ ਕਰੋੜ ਦੀਆਂ ਕਾਰਾਂ ਵਿੱਚੋਂ ਮੀਡੀਆ ਨੂੰ ਹੱਥ ਹਿਲਾਉਣਾ ਹੀ ‘ਨੈਸ਼ਨਲ ਮੁੱਦਾ’ ਕਿਉਂ ਬਣ ਗਿਆ ? ਨਿਰਭਯਾ ਦੀ ਹੂਕ, ਮਨੀਸ਼ਾ ਦੀ ਕੂਕ ਤੇ ਅਣਗਿਣਤ ਹੋਰ ਬਾਲੜੀਆਂ ਦੇ ਸਿਵਿਆਂ ਵਿੱਚੋਂ ਨਿਕਲ ਰਹੀਆਂ ਚੁੱਪ ਦੀਆਂ ਚੀਕਾਂ ਵੇਲੇ ਚੌਥਾ ਥੰਮ ਮੂੰਹ ਉੱਤੇ ਪੱਟੀ ਕਿਉਂ ਬੰਨ੍ਹ ਕੇ ਬਹਿ ਗਿਆ ?
ਕਿਉਂ ਗਾਵਾਂ ਦੇ ਰਾਖੇ ਅਖਵਾਉਣ ਵਾਲਿਆਂ ਅੱਗੇ ਧਰਮ ਗੋਡੇ ਟੇਕ ਬਹਿ ਗਿਆ ? ਕਿਉਂ ਧੀਆਂ ਲਈ ਨਰਕ ਭੋਗਣ ਦਾ
ਹੁਕਮ ਜਾਰੀ ਹੋ ਗਿਆ ? ਕੀ ਇਹ ਮਾਂ ਦੇ ਢਿੱਡੋਂ ਜੰਮੇ ਹਨ ? ਮਾਂ ਦੇ ਦੁੱਧ ਦਾ ਕਰਜ਼ ਲਾਹ ਰਹੇ ਹਨ ? ਹਰਾਮ ਦੇ ਅਖਵਾਏ ਗਏ ਤਾਂ ਵੀ ਗਾਲ੍ਹ ਮਾਂ ਨੂੰ ਹੀ ਕੱਢੀ ਜਾਵੇਗੀ ! ਰਾਖ਼ਸ਼ ਪਿਓ ਵੱਲੋਂ ਆਏ ਜੀਨ ਦੀ ਧੂਅ ਵੀ ਨਹੀਂ ਕੱਢੀ ਜਾਵੇਗੀ ! ਵੱਢੀ ਜੀਭ, ਤੋੜੀ ਧੌਣ ਭੰਨ ਦਿੱਤੀ ਰੀੜ੍ਹ ਦੀ ਹੱਡੀ ! ਕਿਸ ਦੀ ? ਮਨੀਸ਼ਾ ਦੀ ? ਨਹੀਂ ! ਲੋਕਤੰਤਰ ਦੀ, ਕਾਨੂੰਨ ਦੀ, ਨਿਆਂ ਦੀ, ਸੰਵਿਧਾਨ ਦੀ ਤੇ ਇਨਸਾਨੀਅਤ ਦੀ !, ਇਨ੍ਹਾਂ ਸਭ ਦਾ ਅੱਜ ਸਮੂਹਕ ਬਲਾਤਕਾਰ ਹੋਇਆ ਹੈ।
ਰਾਹਤ ਇੰਦੌਰੀ ਵੀ ਕਹਿੰਦਾ ਹੈ :-
ਲਸ਼ਕਰ ਭੀ ਤੁਮ੍ਹਾਰਾ ਹੈ, ਸਰਦਾਰ ਤੁਮ੍ਹਾਰਾ ਹੈ। ਤੁਮ ਝੂਠ ਕੋ ਸੱਚ ਲਿਖ ਦੋ, ਅਖ਼ਬਾਰ ਤੁਮ੍ਹਾਰਾ ਹੈ।
ਇਸ ਦੌਰ ਕੇ ਫ਼ਰਿਆਦੀ, ਜਾਏਂ ਤੋਂ ਜਾਏਂ ਕਹਾਂ। ਸਰਕਾਰ ਭੀ ਤੁਮ੍ਹਾਰੀ, ਦਰਬਾਰ ਭੀ ਤੁਮ੍ਹਾਰਾ ਹੈ।







